ਸਮੱਗਰੀ 'ਤੇ ਜਾਓ

ਮਹਿਕ ਪੰਜਾਬ ਦੀ/ਲੋਕ ਨਾਇਕ

ਵਿਕੀਸਰੋਤ ਤੋਂ

ਲੋਕ ਨਾਇਕ

ਪੁਰਾਣੇ ਸਮੇਂ ਤੋਂ ਹੀ ਪੰਜਾਬ ਬਦੇਸ਼ੀ ਹਮਲਾਵਰਾਂ ਦਾ ਮੁੱਖ-ਦੁਆਰ ਹੋਣ ਕਰਕੇ ਪੰਜਾਬੀਆਂ ਨੂੰ ਬਦੇਸ਼ੀ ਹਮਲਾਵਰਾਂ ਨਾਲ਼ ਜੂਝਣਾ ਪਿਆ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖ਼ੂਨ ਵਿੱਚ ਸੂਰਮਗਤੀ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ। ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲ਼ੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਉਥੇ ਉਹ ਉਹਨਾਂ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੇ ਜੀਵਨ ਵੇਰਵਿਆਂ ਨੂੰ ਆਪਣੇ ਕਿੱਸਿਆਂ ਰਾਹੀਂ ਬਿਆਨ ਕਰਦੇ ਰਹੇ ਹਨ। ਕਾਫ਼ੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫ਼ਲਾਂ ਦਾ ਸ਼ਿੰਗਾਰ ਰਹੇ ਹਨ। ਦੁੱਲਾ ਭੱਟੀ, ਰਾਜਾ ਰਸਾਲੂ, ਸੁੱਚਾ ਸਿੰਘ ਸੂਰਮਾ, ਜਿਉਣਆ ਮੋੜ, ਗੁੱਗਾ ਅਤੇ ਪੂਰਨ ਭਗਤ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।

ਦੁੱਲਾ ਭੱਟੀ

ਵਿਰਲਾ ਹੀ ਕੋਈ ਪੰਜਾਬੀ ਹੋਵੇਗਾ ਜਿਸ ਨੇ ਸੁੰਦਰ ਮੁੰਦਰੀਏ ਦਾ ਗੀਤ ਨਾ ਸੁਣਿਆ ਹੋਵੇ। ਬੱਚੇ ਲੋਹੜੀ ਮੰਗਦੇ ਹੋਏ ਅਕਸਰ ਇਹ ਗੀਤ ਗਾਉਂਦੇ ਹਨ। ਇਸ ਗੀਤ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ।

ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲ਼ਾ-ਹੋ
ਦੁੱਲੇ ਧੀ ਵਿਆਹੀ-ਹੋ
ਸ਼ੇਰ ਸ਼ੱਕਰ ਪਾਈ-ਹੋ
ਕੁੜੀ ਦੇ ਬੋਝੇ ਪਾਈ-ਹੋ
ਕੁੜੀ ਦਾ ਲਾਲ ਪਟਾਕਾ-ਹੋ
ਕੁੜੀ ਦਾ ਸਾਲੂ ਪਾਟਾ-ਹੋ
ਸਾਲੂ ਕੌਣ ਸਮੇਟੇ-ਹੋ
ਚਾਚਾ ਗਾਲੀ ਦੇਸੇ-ਹੋ
ਚਾਚੇ ਚੂਰੀ ਕੁੱਟੀ-ਹੋ
ਜ਼ੀਮੀਂਦਾਰ ਲੁੱਟੀ-ਹੋ
ਜ਼ੀਮੀਂਦਾਰ ਸਦਾਓ-ਹੋ
ਗਿਣ-ਗਿਣ ਪੋਲੇ ਲਾਓ-ਹੋ

ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ।

ਗੱਲ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫ਼ਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਤੇ ਅੜਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ-ਮਾਰ ਧਾੜ ਕਰਨੀ ਉਹਨਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਹਨਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ-ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿਚ ਸਮਝਦੇ ਤੇ ਲੁੱਟ ਮਾਰ ਕਰਕੇ ਭਜਾ ਦੇਂਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਹਨਾਂ ਦੀਆਂ ਮਾਰ ਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਹਨਾਂ ਦੋਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫ਼ਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ..... ਫ਼ਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।

ਫ਼ਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫ਼ਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੁਹਰਾਂ ਵਾਰ-ਵਾਰ ਵੰਡ ਰਹੀ ਸੀ। ਖ਼ੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਹਨਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।

ਕੁਦਰਤ ਦੀ ਹੋਣੀ ਵੇਖੋ ਐਨ ਓਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆਂ। ਅਕਬਰ ਨੇ ਨਜੂਮੀਆਂ ਨੂੰ ਆਖਿਆ, "ਕੋਈ ਐਸਾ ਉਪਾਓ ਦੱਸੋ ਜਿਸ ਨਾਲ਼ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫ਼ਪਸੰਦ ਵਿਅਕਤੀ ਬਣੇ।"

ਇਕ ਨਜੂਮੀ ਨੇ ਆਖਿਆ, "ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਪੁੱਤਰ ਨੂੰ ਜਨਮ ਦਿੱਤਾ ਹੋਵੇ।"

ਅਜਿਹੀ ਸੂਰਬੀਰ ਮਾਂ ਦੀ ਭਾਲ਼ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ।

ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲ਼ਦੀ..... ਸ਼ੇਖੂ ਨੂੰ ਪਾਲਣ ਦੀ ਜ਼ੁੰਮੇਂਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵੱਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਦੋਨੇਂ ਕੱਠੇ ਪਲਣ ਲੱਗੇ-ਦੋਨੋਂ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਬਾਰਾਂ ਵਰ੍ਹੇ ਇੰਜ ਹੀ ਬੀਤ ਗਏ.......ਸ਼ੇਖੂ ਨੇ ਆਪਣੇ ਬਾਪ ਕੋਲ ਆਖ਼ਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ..... ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ ਮਾਤ ਦੇ ਗਿਆ .....

ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ ’ਚ ਵਿਤਕਰਾ ਨਾ ਕੀਤਾ ਹੋਵੇ.....

ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ ਭਾਵ ਵੇਖ ਕੇ ਆਖਿਆ, "ਹਜ਼ੂਰ ਮੈਂ ਤਾਂ ਦੋਹਾਂ ਨੂੰ ਇਕੋ ਜਿੰਨਾ ਦੁੱਧ ਚੁੰਘਾਇਐ .....ਸੱਜਾ ਮੰਮਾ ਦੁੱਲਾ ਚੁੰਘਦਾ ਸੀ ਤੇ ਖੱਬਾ ਸ਼ੇਖੂ?"

ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸੀਰ ਚੁੰਘਾ ਕੇ ਪਾਲਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ, "ਮੈਂ ਤੇਰਾ ਦੇਣ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦੁਆਈਂ। ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਬਾਰ 'ਚ ਵੱਡਾ ਰੁਤਬਾ ਦਿਆਂਗਾ।"

ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਪਰਤ ਆਈ।

ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ.....ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਾ ਆਈਂ। ਉਹ ਇਕ ਦਿਨ ਕਾਜ਼ੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ਼ ਜਾ ਕੇ ਖੇਡਣ ਲੱਗ ਪਿਆ।

ਦੁੱਲਾ ਅਲਬੇਲੇ ਸੁਭਾਅ ਦਾ ਮਾਲਕ ਸੀ..... ਖੁੱਲ੍ਹੀ ਹਵਾ ਵਿੱਚ ਚੁੰਘੀਆਂ ਭਰਨ ਵਾਲਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿੱਚ ਘੁੰਮਦੇ, ਖਰਮਸਤੀਆਂ ਕਰਦੇ। ਸੋਲ੍ਹਾਂ ਵਰ੍ਹਿਆਂ ਦੀ ਉਮਰ ਵਿੱਚ ਉਹ ਬਾਂਕਾ ਜਵਾਨ ਨਿਕਲਿਆ.... ਸ਼ਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ ..... ਦਗ ਦਗ਼ ਕਰਦਾ ਚਿਹਰਾ .....ਉਹਦਾ ਅਮੋੜ ਸੁਭਾਅ ਲੱਧੀ ਨੂੰ ਸੋਚਾਂ 'ਚ ਪਾ ਦੇਂਦਾ....ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫ਼ਰੀਦ ਦਾ ਵਿਦਰੋਹੀ ਖੂਨ ਉਹਦੀਆਂ ਰਗਾਂ ’ਚ ਦੌੜ ਰਿਹਾ ਹੈ.....ਇਹ ਖ਼ੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ। ਉਹਦੀਆਂ ਖਰਮਸਤੀਆਂ ਤੇ ਉਲਾਂਭੇ ਲੱਧੀ ਲਈ ਸੈਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਕ ਦਿਨੋਂ ਦਿਨ ਵੱਧ ਰਿਹਾ ਸੀ... ਨਿੱਤ ਉਲਾਂਭੇ ਮਿਲਦੇ ..... ਲੱਧੀ ਨੇ ਜ਼ਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੇ ਬਦਲੇ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪਰੰਤੂ ਦੁੱਲਾ ਲੋਹੇ ਦੀਆਂ ਸਾਗਾਂ ਨਾਲ਼ ਆਪਣਾ ਸ਼ੌਕ ਪੂਰਾ ਕਰਦਾ ਰਿਹਾ। ਆਖ਼ਰ ਇਕ ਦਿਨ ਨੰਦੀ ਮਰਾਸਣ ਨੇ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ:——

ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।
ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ

ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ
ਖੱਲ ਭੋਹ ਦੇ ਨਾਲ਼ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ
ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ। (ਕਿਸ਼ਨ ਸਿੰਘ ਆਰਫ਼)

ਨੰਦੀ ਮਿਰਾਸਣ ਦੇ ਮਿਹਣੇ ਨਾਲ਼ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ 'ਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ਼ ਜਾ ਕੇ ਗਰਜਿਆ, "ਮਾਂ ਮੇਰੀਏ ਸੱਚੋ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ.....?"

ਦੁੱਲੇ ਦੀਆਂ ਅੱਖਾਂ ਅੰਗਿਆਰ ਵਰ੍ਹਾ ਰਹੀਆਂ ਸਨ। ਉਹਦੇ ਪੈਰਾਂ ਥੱਲੇ ਅੱਗ ਮਚ ਰਹੀ ਸੀ।

ਲੱਧੀ ਨੇ ਸਾਰੀ ਹੋਈ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਕੇ ਦੁੱਲੇ ਨੂੰ ਕਿਹਾ, "ਸੂਰਮਿਆਂ ਪੁੱਤਾ ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ-ਕਦੋਂ ਮੇਰਾ ਪੁੱਤ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ.... ਅਣਖ ਨੂੰ ਪਾਲੀਂ ਤੇ ਆਪਣੇ ਬਾਪ ਦੇ ਖ਼ੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖਾਨ ਦੀ ਟੈਂ ਨਹੀਂ ਸੀ ਮੰਨੀ! ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।"

ਲਿਸ਼-ਲਿਸ਼ ਕਰਦੇ ਹਥਿਆਰ-ਛਭੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਣ ਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ......ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫ਼ਾਂ ਛੱਡਣ ਲੱਗਾ.....ਨਗਾਰੇ ਤੇ ਡੱਗਾ ਮਾਰਿਆ.....ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ਼ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।

ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ਼ ਮੁਗਲਾਂ ਵਿਰੁੱਧ ਬਗ਼ਾਵਤ ਕਰਨ ਦਾ ਫ਼ੈਸਲਾ ਕਰ ਲਿਆ। ਹੌਲੇ-ਹੌਲੇ ਪੰਜ ਸੌ ਜਵਾਨ ਉਹਦੇ ਨਾਲ਼ ਆ ਜੁੜੇ। ਸਾਂਦਲ ਬਾਰ ਦੇ ਇਲਾਕੇ ਵਿੱਚ ਉਹਨਾਂ ਥਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਵਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦੇਂਦੇ.... ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ ਪਰਵਰੀ ਦੀ ਖ਼ੁਸ਼ਬੋ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ਼ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ.... ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਨਣ ਨੂੰ ਮਿਲਦੇ .... ਸਾਰਾ ਇਲਾਕਾ ਉਸ 'ਤੇ ਮਾਣ ਕਰ ਰਿਹਾ ਸੀ। ਦੁੱਲੇ ਦੇ ਬਾਪ ਦੀ ਮੌਤ ਦੇ ਅਵਸਰ ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਹਨੂੰ ਆਪਣੇ ਨਾਨਕਿਆਂ ਤੇ ਰੋਸ ਸੀ। ਇਸੇ ਰੋਹ ਕਾਰਨ ਉਹਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੜਾਂ ਤੇ ਬੋਲਿਆ.... ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਬੰਦਾਂ ’ਚ ਵੰਡ ਦਿੱਤੀਆਂ।

ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖ਼ਰੀਦ ਕੇ ਲਈ ਜਾ ਰਿਹਾ ਸੀ.....ਉਹਨੂੰ ਰਾਤ ਪਿੰਡੀ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਬਾ ਵੀ ਦਿੱਤਾ.... ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ਼ ਭਰੀਆਂ ਖੱਚਰਾਂ ਖੋਹ ਲਈਆਂ।

ਇਹਨਾਂ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ ਪੁੱਜਦੀਆਂ ਰਹੀਆਂ। ਲੋਕਾਂ 'ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ———ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੁਹ ਸੂਹਈਏ ਪੁਚਾਂਦੇ ਰਹੇ। ਉਸ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ਤੇ ਸਾਂਦਲ ਬਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਾਸੂਸ ਦੀਆਂ ਦਾਹੜੀ ਮੁੱਛਾਂ ਮੁੰਨ ਦਿੱਤੀਆਂ।

ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉੱਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗ਼ਲ ਫ਼ੌਜਾਂ ਸਾਂਦਲ ਬਾਰ ਵੱਲ ਵਧੀਆਂ:

ਚੜ੍ਹਿਆ ਸੀ ਮਿਰਜ਼ਾ ਨਿਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ
ਹੌਲੀ-ਹੌਲੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ
ਸਾਰੇ ਬੈਠਕਾਂ ਦਵਾਨਖ਼ਾਨੇ ਢਾਹ ਦਿੱਤੇ
ਇੱਟਾਂ ਬਣਾਂ ਦੇ ਵਿੱਚ ਖਿੰਡਾਈਆਂ
ਟਕੇ-ਟਕੇ ਦੇ ਸਪਾਹੀ ਅੰਦਰ ਜਾ ਵੜੇ।
ਮਾਰਨ ਛਮਕਾਂ ਤੇ ਕਰਨ ਕਰੜਾਈਆਂ.... (ਪਾਲੀ ਸਿੰਘ)

ਮੁਗ਼ਲ ਫ਼ੌਜਾਂ ਨੇ ਪਿੰਡੀ ਨੂੰ ਘੇਰ ਲਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ਼ ਜਾ ਲੜਾਈ ਕੀਤੀ ਤੇ ਉਹਨਾਂ 'ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਦੁੱਲੇ ਦਾ ਪੁੱਤਰ ਨੂਰ ਖ਼ਾਂ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਮੁਗ਼ਲ ਫ਼ੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ਼ ਜਾ ਪਿਆ।

ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ 'ਕ ਦਿਨ ਕੱਟ ਸਕਦੀ ਸੀ। ਆਖ਼ਰ ਦੁੱਲਾ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।

ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਿਜ਼ਾਮੁਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ। ਪਰੰਤੂ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰਕੇ ਆਪਣੀ ਜਾਨ ਬਖ਼ਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ਼ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ਼ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਲਾ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ ਤੇ ਦੁੱਲੇ ਨੇ ਕੈਦਖ਼ਾਨੇ ਵਿੱਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗ਼ਲਾਂ ਅੱਗੇ ਸਿਰ ਨਾ ਝੁਕਾਇਆ।

ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ....ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ਼ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ‘ਅੰਦਾਜ਼ ਵਿੱਚ ਗਾਂਵਿਆ ਹੈ। ਕਿਸ਼ਨ ਸਿੰਘ ਆਰਫ ਰਚਿਤ ‘ਕਿੱਸਾ ਦੁੱਲਾ ਭੱਟੀ' ਅਤੇ "ਆਵਾਜ਼ਾਂ ਦੁੱਲਾ ਭੱਟੀ" ਰਚਿਤ ਪਾਲੀ ਸਿੰਘ ਕਵੀਸ਼ਰ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮ ਬਾਰ ਸਿਜਦਾ ਕਰਦੇ ਹਨ।

ਸੁੱਚਾ ਸਿੰਘ ਸੂਰਮਾ

ਪੁਰਾਤਨ ਸਮੇਂ ਤੋਂ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਯੋਧਿਆਂ ਤੇ ਸੂਰਬੀਰਾਂ ਨੂੰ ਆਪਣੀ ਦਿਲ ਤਖ਼ਤੀ 'ਤੇ ਬਿਠਾਉਂਦਾ ਆਇਆ ਹੈ ਜੋ ਆਪਣੇ ਸਮਾਜ, ਭਾਈਚਾਰੇ, ਸਵੈ-ਅਣਖ ਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲ਼ੇ ਕਾਰਨਾਮੇਂ ਕਰ ਵਿਖਾਉਂਦੇ ਰਹੇ ਹਨ। ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਨ੍ਹਾਂ ਲੋਕ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜਿਆਂ ਲਟਕਾਂ ਨਾਲ਼ ਬਿਆਨ ਕਰਦੇ ਰਹੇ ਹਨ। ਦੁੱਲਾ ਭੱਟੀ, ਜਿਊਣਾ ਮੌੜ, ਰਾਜਾ ਰਸਾਲੂ, ਮਿਰਜ਼ਾ ਅਤੇ ਸੁੱਚਾ ਸਿੰਘ ਸੂਰਮਾ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।

ਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਪ੍ਰਸਿੱਧ ਸੂਰਮਾ ਹੋਇਆ ਹੈ ਜਿਸ ਨੂੰ ਹਾਲਾਤ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਬੜਾ ਬਹਾਦਰ, ਨਿਰਭੈਅ, ਗਊ, ਗ਼ਰੀਬ ਦੀ ਰੱਖਿਆ ਕਰਨ ਵਾਲਾ ਅਤੇ ਅਣਖ-ਸਵੈਮਾਨ ਲਈ ਜਾਨ ਹੂਲਣ ਵਾਲਾ ਗੱਭਰੂ ਸੀ ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ਼ ਗਾਉਂਦੇ ਹਨ:

ਵਿੱਚ ਸਮਾਹਾਂ ਦੇ ਜਨਮਿਆ ਸੁੱਚਾ ਸਿੰਘ ਜੁਆਨ
ਕੱਟ ਗਿਆ ਦਿਨ ਚਾਰ ਜੋ ਜਾਣੇ ਕੁੱਲ ਜਹਾਨ।

ਗੱਲ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਹੈ। ਰਿਆਸਤ ਪਟਿਆਲਾ ਦੇ ਪਿੰਡ ਸਮਾਂਹ (ਸਮਾਓਂ, ਜ਼ਿਲਾ ਮਾਨਸਾ) ਵਿੱਚ ਅਤਰ ਸਿੰਘ ਦੇ ਘਰ ਸੁੱਚੇ ਦਾ ਜਨਮ ਹੋਇਆ। ਬਚਪਨ ਵਿੱਚ ਹੀ ਉਹਦੇ ਮਾਂ-ਬਾਪ ਮਰ ਗਏ। ਉਹਦੇ ਵੱਡੇ ਭਰਾ ਨਰੈਣੇ ਨੇ ਉਹਦੀ ਪਾਲਣਾ ਪੋਸਣਾ ਕੀਤੀ। ਉਹ ਬਹੁਤ ਥੋੜ੍ਹੀ ਜ਼ਮੀਨ ਦੇ ਮਾਲਕ ਸਨ। ਗੁਜ਼ਾਰਾ ਬੜੀ ਮੁਸ਼ਕਲ ਨਾਲ਼ ਹੋ ਰਿਹਾ ਸੀ। ਰੁਲ ਖੁਲ ਕੇ ਪਲਦਾ ਸੁੱਚਾ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਿਆ....ਗੁੰਦਵਾਂ ਤੇ ਛਾਂਟਵਾਂ ਸਰੀਰ, ਚੋ-ਚੋ ਪੈਂਦਾ ਗੁਲਾਬੀ ਭਾਅ ਮਾਰਦਾ ਰੰਗ ਰਾਹ ਜਾਂਦਿਆਂ ਦੇ ਦਿਲ ਧੂਹ ਕੇ ਲੈ ਜਾਂਦਾ।

ਛੈਲ ਛਬੀਲਾ ਨਿਕਲਿਆ ਸੁੱਚਾ, ਭਰਿਆ ਨਾਲ਼ ਜਵਾਨੀ,
ਸੋਹਣਾ ਰੂਪ ਸੁੰਦਰ ਸੀ ਵਸਦਾ, ਨੈਣ ਭਰੇ ਮਸਤਾਨੀ,
ਨਿਕਲਿਆ ਬਾਂਕਾ ਸੂਰਮਾ ਸੁੱਚਾ,
ਪਿੰਡ ਵਿੱਚ ਨਹੀਂ ਕੋਈ ਸਾਨੀਂ,
ਹੱਥ ਵਿੱਚ ਖੂੰਡਾ ਮਾਝੇ ਵਾਲਾ,
ਦਿੱਸੇ ਬੜਾ ਸੁਹਾਨੀ,
ਸੁੱਚੇ ਸੂਰਮੇ ਦੀ,

ਕਰਾਂ ਕੀ ਸਿਫ਼ਤ ਜ਼ਬਾਨੀ। (ਗੁਰਮੁਖ ਸਿੰਘ ਬੇਦੀ)

ਸਮਾਂਹ ਵਿੱਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ਼ ਦੋਸਤੀ ਹੋ ਗਈ। ਦੋਨੋਂ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪੱਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ ਲਟ-ਲਟ ਬਲਦੀ ਅੱਖ ਜਦੋਂ ਘੁੱਕਰ ਨਾਲ਼ ਲੜੀ ਤਾਂ ਉਹ ਵਿਨ੍ਹਿਆਂ ਗਿਆ। ਬੀਰੋ ਨੂੰ ਪਾਉਣ ਲਈ ਉਹ ਬਿਉਂਤਾਂ ਬਨਾਉਣ ਲੱਗਾ। ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦੇ ਲਈ ਸੁੱਚਾ ਰਾਹ ਦਾ ਰੋੜਾ ਬਣਿਆ ਖਲੋਤਾ ਸੀ। ਰੋੜਾ ਕਿਵੇਂ ਦੂਰ ਹੋਵੇ..... ਮੰਦਵਾੜੇ ਦੇ ਦਿਨ ਸਨ, ਘੁੱਕਰ ਬੱਚੇ ਨੂੰ ਵਰਗਲਾ ਕੇ ਫ਼ੌਜ ਵਿੱਚ ਭਰਤੀ ਹੋਣ ਲਈ ਫਿਰੋਜ਼ਪੁਰ ਛਾਉਣੀ ਲੈ ਵੜਿਆ। ਸੁੱਚਾ ਤਾਂ ਭਰਤੀ ਹੋ ਗਿਆ ਪਰੰਤੂ ਘੁੱਕਰ ਬਹਾਨਾ ਘੜ ਕੇ ਵਾਪਸ ਪਿੰਡ ਆ ਗਿਆ।

ਧੋਖਾ ਕਰਿਆ ਮੱਲ ਨੇ ਸੁੱਚੇ ਦੇ ਨਾਲ਼ ਜੀ
ਦੇ ਕੇ ਦੁਲਾਸਾ ਪਹਿਲਾਂ ਲੈ ਗਿਆ ਨਾਲ਼ ਜੀ
ਕਿੱਡਾ ਦਗਾ ਕੀਤਾ ਨਾਲ਼ ਪਾਜੀ ਯਾਰ ਦੇ
ਨੌਕਰ ਕਰਾਤਾ ਪਿੱਛੇ ਬੀਰੋ ਨਾਰ ਦੇ (ਰੀਠਾ ਦੀਨ)

ਓਧਰ ਸੁੱਚਾ ਫ਼ੌਜ ਵਿੱਚ ਭਰਤੀ ਹੋ ਕੇ ਦੂਰ ਚਲਿਆ ਗਿਆ। ਏਧਰ ਘੁੱਕਰ ਨੇ ਅਤਿ ਚੁੱਕ ਲਈ। ਉਸ ਦੇ ਵੈਲਪੁਣੇ ਕਾਰਨ ਪਿੰਡ ਵਿੱਚ ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਉਹਨੇ ਨਰੈਣੇ ਦੀ ਪ੍ਰਵਾਹ ਨਾ ਕਰਦਿਆਂ ਬੀਰੋ ਨੂੰ ਅਜਿਹਾ ਫੁਸਲਾਇਆ ਕਿ ਉਹ ਸ਼ਰੇਆਮ ਘੁੱਕਰ ਦੇ ਘਰ ਆਉਣ ਜਾਣ ਲੱਗੀ। ਸਾਰੇ ਪਿੰਡ ਵਿੱਚ ਤੋਏ-ਤੋਏ ਹੋ ਰਹੀ ਸੀ। ਨਰੈਣੇ ਨੇ ਘੁੱਕਰ ਦੇ ਲੱਖ ਵਾਸਤੇ ਪਾਏ, ਸੁੱਚੇ ਦੀ ਵਟਾਈ ਪੱਗ ਦੀ ਲਾਜ ਪਾਲਣ ਲਈ ਆਖਿਆ। ਉਹਨੇ ਬੀਰੋ ਨੂੰ ਵੀ ਵੱਖ ਸਮਝਾਇਆ, ਘੁਰਿਆ-ਘਪਿਆ ਪਰ ਹੰਕਾਰਿਆ ਘੁੱਕਰ ਸਗੋਂ ਹੋਰ ਮਸਤ ਗਿਆ:

ਆਖਦਾ ਘੁੱਕਰ ਮੇਰੀ ਸੁਣੋ ਗੱਲ ਜੋ
ਬੋਲਿਆ ਜਾਂ ਇਹਨੂੰ ਤੇਰੀ ਲਾਹਦੂੰ ਖੱਲ ਜੋ
ਤੂੰ ਕੀ ਦੱਸ ਲਗਦਾ ਹੈਂ ਬੀਰੋ ਨਾਰ ਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ
ਦੋਹਾਂ ਦਾ ਮੈਂ ਕੁੱਟ ਕੇ ਬਣਾ ਦੂੰ ਚੂਰਮਾ
ਉਹਨੂੰ ਵੀ ਸਦਾ ਲੈ ਜੋ ਕਹਾਵੇ ਸੂਰਮਾ
ਪੀਊਂ ਥੋਡੀ ਰੱਤ ਖੜ੍ਹਾ ਲਲਕਾਰਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ (ਰੀਠਾ ਦੀਨ)

ਘੁੱਕਰ ਨੇ ਵਟਾਈ ਪੱਗ ਦੀ ਲਾਜ ਨਾ ਰੱਖੀ। ਨਰੈਣੇ ਦਾ ਜੀਣਾ ਹਰਾਮ ਹੋ ਗਿਆ। ਸ਼ਰੇਆਮ ਉਹਦੀ ਵਹੁਟੀ ਘੁੱਕਰ ਦੇ ਵਸਦੀ ਪਈ ਸੀ। ਸੱਥ ਵਿੱਚ ਰੁਲ੍ਹਦੀ ਪੱਗ ਉਸ ਤੋਂ ਸਹਾਰੀ ਨਾ ਗਈ। ਉਸ ਨੇ ਆਪਣੇ ਛੋਟੇ ਵੀਰ ਸੁੱਚੇ ਨੂੰ ਖ਼ਤ ਲਿਖ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ। ਸੁੱਚਾ ਨਰੈਣੇ ਦੀ ਚਿੱਠੀ ਪੜ੍ਹਦੇ ਸਾਰ ਹੀ ਤੜਫ਼ ਉੱਠਿਆ। ਉਹਦੀ ਅਣਖ ਜਾਗ ਪਈ ਤੇ ਖ਼ੂਨ ਉਬਾਲੇ ਖਾਣ ਲੱਗਾ। ਉਹਨੇ ਆਪਣੇ ਅੰਗਰੇਜ਼ ਅਫ਼ਸਰ ਕੋਲ਼ ਜਾ ਅਰਜ਼ ਗੁਜ਼ਾਰੀ। ਅਜੇ ਕੁਝ ਦਿਨ ਪਹਿਲਾਂ ਹੀ ਸੁੱਚੇ ਨੇ ਸਾਹਿਬ ਦੇ ਬੰਗਲੇ ਨੂੰ ਜਦੋਂ ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੋ ਬੱਚਿਆਂ ਨੂੰ ਬਲਦੀਆਂ ਲਾਟਾਂ ਵਿੱਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ.....। ਸਾਹਿਬ ਉਹਦੀ ਬਹਾਦਰੀ ’ਤੇ ਅਸ਼-ਅਸ਼ ਕਰ ਉਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫ਼ਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।

ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਉਹਨੇ ਰਾਈਫ਼ਲ ਤੇ ਕਾਰਤੂਸ ਆਪਣੇ ਬਿਸਤਰੇ 'ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ 'ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।

ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ:

ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖੁਸ਼ਕੀ ਸੇ ਹੋ ਗਈ ਐ ਪਿੰਡੇ 'ਤੇ ਧਫੜੀ
ਮਰ ਗਿਆ ਸੁੱਚਾ ਸਿੰਘਾ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀਂ ਦੁੱਖ ਵੰਡ ਵੀਰਨਾ (ਰਜਬ ਅਲੀ)

ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉੱਪਰੋ-ਉੱਪਰੋਂ ਸੁੱਚੇ ਦੁਆਲੇ ਅਸ਼ਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ ਵਿਸ ਘੋਲ ਰਿਹਾ ਸੀ। ਘੁੱਕਰ ਤੇ ਭਾਗ ਉਹਦੀਆਂ ਅੱਖੀਆਂ ’ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।

ਆਖ਼ਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿੱਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿੱਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿੱਚ ਖੇਸ ਦੀ ਬੁੱਕਲ ਮਾਰ ਰਾਈਫ਼ਲ ਲਕੋਈ ਬੈਠਾ ਸੀ। ਬੱਕਰੇ ਬੁਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰੇ ਵਗਾਹ ਮਾਰੀ ਤੇ ਰਾਈਫ਼ਲ ਨਾਲ਼ ਫ਼ਾਇਰ ਕਰ ਦਿੱਤਾ। ਅਖਾੜੇ ਵਿੱਚ ਹਫੜਾ ਦਫੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:

ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ
ਮੋਢੇ ਨਾਲ਼ ਲਾਵੇ ਚੁੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ ਭਰੇ ਮੈਗਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ-ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ

ਰਜਬ ਅਲੀ ਘੜੀ ਵਿੱਚ ਉੜਾਤੀ ਗਰਦ ਐ
ਆਖਰ ਸ਼ਰਮ ਜੀਹਦੇ ਜਾਣੋਂ ਮਰਦ ਐ

ਘੁੱਕਰ ਮੱਲ ਨੂੰ ਗੋਲੀਆਂ ਨਾਲ਼ ਭੁੰਨ ਕੇ ਸੁੱਚੇ ਨੇ ਭਾਗ ਨੂੰ ਆ ਘੇਰਿਆ ਤੇ ਉਸ ਦੇ ਗੋਲੀ ਮਾਰ ਦਿੱਤੀ। ਇਸ ਮਗਰੋਂ ਉਹਨੇ ਘਰੋਂ ਜਾ ਕੇ ਬੀਰੋ ਨੂੰ ਧੂਹ ਲਿਆਂਦਾ ਤੇ ਦੋਹਾਂ ਲੋਥਾਂ ਕੋਲ ਲਿਆ ਕੇ ਉਹਨੂੰ ਵੀ ਪਾਰ ਬੁਲਾ ਦਿੱਤਾ। ਤਿੰਨਾਂ ਨੂੰ ਮਾਰਨ ਮਗਰੋਂ ਸੁੱਚਾ ਬੱਕਰੇ ਬੁਲਾਉਂਦਾ ਹੋਇਆ ਬੋਤੇ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਸਾਰੇ ਇਲਾਕੇ ਵਿੱਚ ‘ਸੁੱਚਾ' 'ਸੁੱਚਾ' ਹੋਣ ਲੱਗੀ। ਇਕ ਪਠਾਣ ਉਹਦਾ ਪਿੱਛਾ ਕਰਦਾ ਹੋਇਆ ਆਪਣੀ ਜਾਨ ਗੰਵਾ ਬੈਠਾ। ਪੁਲੀਸ ਦੇ ਉਹ ਹੱਥ ਨਾ ਲੱਗਾ ਤੇ ਬੀਕਾਨੇਰ ਦੇ ਇਲਾਕੇ ਵਿੱਚ ਡਾਕੂਆਂ ਨਾਲ਼ ਜਾ ਰਲ਼ਿਆ। ਡਾਕੂ ਦੇ ਰੂਪ ਵਿੱਚ ਉਹਦੀ ਧਾਂਕ ਪੈ ਗਈ। ਕਈ ਰੱਜੇ ਪੁੱਜੇ ਸੂਦਖੋਰ ਸ਼ਾਹੂਕਾਰ ਉਹਨੇ ਲੁੱਟੇ। ਉਹ ਗ਼ਰੀਬ ਦਾ ਦਰਦੀ ਸੀ, ਲੁੱਟ ਦਾ ਮਾਲ ਉਹ ਗ਼ਰੀਬਾਂ ਵਿੱਚ ਵੰਡ ਦਿੰਦਾ। ਉਹਦੀ ਬਹਾਦਰੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਜਿਸ ਕਰਕੇ ਪੁਲੀਸ ਉਹਦੇ ਨਾਲ਼ ਟਾਕਰਾ ਕਰਨੋਂ ਕੰਨੀ ਕਤਰਾਉਂਦੀ ਸੀ। ਉਹ ਆਮ ਲੋਕਾਂ ਦੇ ਘਰੀਂ ਜਾ ਲੁਕਦਾ। ਇਕ ਦਿਨ ਉਹਨੇ ਇਕ ਮਾਈ ਦੇ ਆਖਣ 'ਤੇ ਪੰਜ ਬੁੱਚੜਾਂ ਨੂੰ ਮਾਰ ਕੇ ਕਈ ਗਊਆਂ ਦੀ ਜਾਨ ਬਚਾਈ। ਸਾਰੇ ਇਲਾਕੇ ਵਿੱਚ ਸੁੱਚੇ ਦੀ ਬੱਲੇ ਬੱਲੇ ਸੀ। ਉਹ ਲੁਕਵੇਂ ਰੂਪ ਵਿੱਚ ਆਪਣੇ ਇਲਾਕੇ ਵਿੱਚ ਗੇੜਾ ਮਾਰਦਾ। ਇਕ ਦਿਨ ਉਹਦੇ ਚਾਚੇ ਦੇ ਪੁੱਤ ਬਸੰਤ ਨੇ ਜੋ ਗਹਿਰੀ ਦਾ ਰਹਿਣ ਵਾਲ਼ਾ ਸੀ, ਸੁੱਚੇ ਅੱਗੇ ਆ ਦੁੱਖ ਰੋਇਆ ਕਿ ਉਹਦੀ ਚਾਚੀ ਰਾਜੋ ਉਸੇ ਪਿੰਡ ਦੇ ਇਕ ਵੈਲੀ ਜੱਟ ਗੱਜਣ ਨੇ ਧੱਕੇ ਨਾਲ਼ ਸਾਂਭੀ ਹੋਈ ਹੈ। ਗਹਿਰੀ ਜਾ ਕੇ ਸੁੱਚੇ ਨੇ ਖੇਤਾਂ ਵਿੱਚ ਹਾੜ੍ਹੀ ਵੱਢਦੇ ਗੱਜਣ ਨੂੰ ਜਾ ਗੋਲੀ ਮਾਰੀ ਤੇ ਮਗਰੋਂ ਰਾਜੋ ਨੂੰ ਵੀ ਗੋਲੀਆਂ ਨਾਲ਼ ਭੁੰਨ ਦਿੱਤਾ।

ਅਣਖੀਲੇ ਸੂਰਮੇ ਸੁੱਚਾ ਸਿੰਘ ਦੀ ਬਹਾਦਰੀ ਦੇ ਚਰਚੇ ਸਾਰੇ ਇਲਾਕੇ ਵਿੱਚ ਹੋ ਰਹੇ ਸਨ। ਨਮੋਸ਼ੀ ਦੀ ਮਾਰੀ ਪੁਲੀਸ ਉਸ ਨੂੰ ਫੜਨੋਂ ਅਸਮਰਥ ਸੀ। ਸਰਕਾਰ ਨੇ ਸੁੱਚੇ ਨੂੰ ਫੜਾਉਣ ਲਈ ਇਨਾਮ ਵੀ ਐਲਾਨਿਆ ਹੋਇਆ ਸੀ।

ਲਾਲਚ ਮਿੱਤਰਾਂ ਨੂੰ ਡੁਲ੍ਹਾ ਦਿੰਦਾ ਹੈ। ਆਖ਼ਰ ਇਕ ਦਿਨ ਲਾਲਚ-ਵਸ ਸੁੱਚੇ ਦੇ ਮਿੱਤਰ ਮਹਾਂ ਸਿੰਘ ਨੇ, ਜਦੋਂ ਉਹ ਸੰਗਤਪੁਰੇ ਉਹਦੇ ਘਰ ਸੁੱਤਾ ਹੋਇਆ ਸੀ, ਪੁਲੀਸ ਨੂੰ ਬੁਲਾ ਕੇ ਉਹਨੂੰ ਫੜਾ ਦਿੱਤਾ। ਨਿਹੱਥਾ ਸੂਰਮਾ ਕਚੀਚੀਆਂ ਵੱਟਦਾ ਰਹਿ ਗਿਆ।

ਮੁਕੱਦਮਾ ਚੱਲਿਆ। ਪਟਿਆਲੇ ਦੇ ਰਾਜੇ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਅਣਖੀਲਾ ਗੱਭਰੂ ਹੱਸਦਾ-ਹੱਸਦਾ ਫਾਂਸੀ 'ਤੇ ਲਟਕ ਗਿਆ ਤੇ ਲੋਕ-ਕਵੀਆਂ ਨੇ ਇਸ ਸੂਰਮੇ ਦੀ ਜੀਵਨ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿੱਚ ਸਾਂਭ ਲਿਆ। ਰੀਠਾ ਦੀਨ, ਰਜਬ ਅਲੀ, ਗੁਰਮੁਖ ਸਿੰਘ ਬੇਦੀ, ਸ਼ਿਆਮ ਸਿੰਘ ਤੇ ਛੱਜੂ ਸਿੰਘ ਨੇ ਸੁੱਚਾ ਸਿੰਘ ਸੂਰਮੇ ਬਾਰੇ ਕਿੱਸੇ ਰਚੇ ਹਨ ਜਿੰਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਬੜੇ ਚਾਵਾਂ ਨਾਲ ਪੜ੍ਹ ਕੇ ਆਨੰਦ ਮਾਣਦੇ ਹਨ ਅਤੇ ਅਣਖੀ ਸੂਰਮੇ ਨੂੰ ਸੈਆਂ ਸਲਾਮਾਂ ਕਰਦੇ ਹਨ।

ਜੀਊਣਾ ਮੌੜ

ਪੰਜਾਬ ਦੀ ਧਰਤੀ ਸੂਰਬੀਰਾਂ, ਯੋਧਿਆਂ, ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ, ਇਹ ਯੋਧੇ ਤੇ ਗੁਰੂ-ਪੀਰ ਪੰਜਾਬ ਦੇ ਲੋਕ ਮਾਨਸ ਨੂੰ ਸਦਾ ਟੁੰਭਦੇ ਰਹੇ ਹਨ। ਇਹ ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਨ ਦੇ ਪ੍ਰਤੀਕ ਹਨ, ਜਿਨ੍ਹਾਂ ਤੋਂ ਪੰਜਾਬੀ ਸਦਾ ਪ੍ਰੇਰਨਾ ਲੈਂਦੇ ਰਹੇ ਹਨ।

ਮਾਲਵੇ ਦਾ ਇਲਾਕਾ ਜਿਸ ਨੂੰ ਜੰਗਲ ਦਾ ਇਲਾਕਾ ਵੀ ਆਖਦੇ ਹਨ ਇਕ ਅਜਿਹਾ ਖਿੱਤਾ ਹੈ ਜਿਸ ਨੇ ਅਣਖ ਅਤੇ ਸਵੈਮਾਨ ਦੀ ਰਾਖੀ ਕਰਨ ਵਾਲੇ ਅਜਿਹੇ ਸੂਰਮੇ ਪੈਦਾ ਕੀਤੇ ਹਨ ਜੋ ਡਾਕੂਆਂ ਦੇ ਰੂਪ ਵਿੱਚ ਵਿਚਰਦੇ ਹੋਏ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਰਹੇ ਹਨ ਅਤੇ ਅੱਜ ਵੀ ਪੰਜਾਬੀ ਉਨ੍ਹਾਂ ਦੀਆਂ ਵਾਰਾਂ ਗਾ ਕੇ ਅਥਾਹ ਖ਼ੁਸ਼ੀ ਪ੍ਰਾਪਤ ਕਰਦੇ ਹਨ। ਸੁੱਚਾ ਸਿੰਘ ਸੂਰਮਾ ਅਤੇ ਜੀਊਣਾ ਮੌੜ ਅਜਿਹੇ ਦੇ ਮਲਵਈ ਲੋਕ ਨਾਇਕ ਹਨ, ਜਿਨ੍ਹਾਂ ਦਾ ਨਾਂ ਸੁਣਕੇ ਪੰਜਾਬੀ ਗੱਭਰੂਆਂ ਦੇ ਡੌਲ਼ੇ ਫਰਕਣ ਲੱਗ ਜਾਂਦੇ ਹਨ ਅਤੇ ਅੱਖਾਂ ਵਿੱਚ ਅਨੂਠੀ ਚਮਕ ਡਲ੍ਹਕਾਂ ਮਾਰਨ ਲੱਗਦੀ ਹੈ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜਮਪਲ ਸਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।

ਗੱਲ ਇਸ ਤਰ੍ਹਾਂ ਹੋਈ ਇਕ ਦਿਨ ਆਥਣ ਵੇਲੇ ਜੀਊਣ ਸਿੰਘ, ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿੱਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ, ਪੁਛਾਉਂਦਾ ਉਹਦੇ ਕੋਲ਼ ਆਇਆ! ਉਸ ਓਪਰੇ ਪੁਰਸ਼ ਦਾ ਆਦਰਮਾਣ, ਕਰਦਿਆਂ ਜੀਉਣੇ ਨੇ ਉਸ ਨੂੰ ਆਪਣੇ ਮੰਜੇ 'ਤੇ ਬਿਠਾ ਲਿਆ। ਓਪਰਾ ਬੰਦਾ ਆਖਣ ਲੱਗਾ, "ਭਤੀਜ ਮੈਂ ਕਾਲ਼ੇ ਪਾਣੀ ਤੋਂ ਆਇਆਂ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ। ਉਹਦਾ ਸੁਨੇਹਾ ਲੈ ਕੇ, ਸਿੱਧਾ ਥੋਡੇ ਕੋਲ਼ ਆਇਆਂ। ਫੇਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹੈ ਬਈ ਜੇ ਤੂੰ ਉਹਦਾ ਭਾਈ ਐਂ ਤੇ ਮਾਂ ਦਾ ਸੀਰ ਚੰਘਿਐ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ-ਲੈ ਉਹਨੂੰ ਮਾਰਕੇ, ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ਼ ਪੁਲਿਸ ਨੂੰ ਫੜਾ ਕੇ, ਕਾਲੇ ਪਾਣੀ ਦੀ ਸਜ਼ਾ ਦੁਆਈ ਐ ... .ਭਤੀਜ ਬੰਦਾ ਕਾਹਦੈ ਜੀਹਨੇ ਭਾਈ ਦਾ ਬਦਲਾ ਨੀ ਲਿਆ.... ਡੋਗਰ ਮੌਜਾਂ ਕਰਦੈ ਤੇ ਭਾਈ ਕਾਲ਼ੇ ਪਾਣੀ ਨਰਕ ਭੋਗਦੈ ....."

ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ। ਛੈਲ ਛਬੀਲਾ ਗੱਭਰੂ ਮੌਜ ਮਸਤੀ ਕਰਨ ਵਾਲ਼ਾ। ਨਵਾਂ-ਨਵਾਂ ਵੈਲੀ ਬਣਿਆਂ। ਕਿਸ਼ਨੇ ਕੋਲ਼ ਓਪਰੇ ਬੰਦੇ ਆਉਣ ਲੱਗੇ। ਘਰ ਦੀ ਕੱਢੀ ਰੂੜ੍ਹੀ ਮਾਰਕਾ ਸ਼ਰਾਬ ਤੇ ਮੁਰਗੇ ਛੱਕ ਕੇ ਓਪਰੇ ਬੰਦੇ ਉਨ੍ਹਾਂ ਦੇ ਖੂਹ ’ਤੇ ਖੜਦੰਮ ਮਚਾਉਂਦੇ। ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਇਸ ਲਈ ਉਸ ਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਨਿਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡੱਸਕੇ ਦੇ ਡੋਗਰ ਅਤੇ ਖਡਿਆਲ ਦੇ ਜੈਮਲ ਨਾਲ਼ ਰਲਕੇ ਲੁੱਟਾਂ-ਖੋਹਾਂ ਕਰਨ ਲੱਗਾ। ਤਿੰਨੋਂ ਗੂੜ੍ਹੇ ਮਿੱਤਰ ਬਣ ਗਏ।

ਉਨ੍ਹਾਂ ਵੇਲਿਆਂ ਵਿੱਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ, ਘੋੜੀਆਂ, ਊਠ ਆਦਿ ਸਨ। ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ 'ਤੇ ਜੰਗਲਾਂ, ਬੇਲਿਆਂ ਵਿੱਚੋਂ ਹੋ ਕੇ ਜਾਂਦੇ ਸਨ। ਆਮ ਆਦਮੀ ਲਈ ਸਫ਼ਰ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਡਾਕੂ ਆਮ ਸਨ ਜੋ ਜੰਗਲਾਂ 'ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਸਨ। ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ। ਕਿਸ਼ਨੇ ਹੋਰਾਂ ਨੇ ਵੀ ਲੁੱਟਾਂ, ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਤੇ ਭਰਾ ਜੀਊਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪ੍ਰੰਤੂ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲ਼ਾ ਸੀ। ਉਸ ਦੇ ਮੂੰਹ ਨੂੰ ਤਾਂ ਖ਼ੂਨ ਲੱਗ ਚੁੱਕਾ ਸੀ।

ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣਾਂ ਦੀ ਬਰਾਤ ਲੁੱਟ ਲਈ। ਬਰਾਤੀਆਂ 'ਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ ’ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫ਼ਿਟਲਾਅਣਤਾਂ ਪਾਈਆਂ। ਉਹਦਾ ਬਾਪ ਪਰ੍ਹੇ 'ਚ ਬੈਠਾ ਸ਼ਰਮਸਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ 'ਤੇ ਪੁਲਿਸ ਥਾਣੇ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਉਹ ਕੁਝ ਦਿਨਾਂ ਮਗਰੋਂ ਮੌੜੀਂ ਆ ਕੇ ਵਾਸਦੇਵ ਨੂੰ ਗੋਲ਼ੀਆਂ ਨਾਲ਼ ਭੁੰਨ ਗਿਆ।

ਪੁਲਿਸ ਆਈ, ਕਿਸ਼ਨੇ ਦੇ ਬਾਪ ਅਤੇ ਭਰਾ ਜੀਊਣੇ ਨੂੰ ਫੜ ਲਿਆ ਗਿਆ। ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ .. ਘਰ-ਬਾਰ ਉਜਾੜ ਦਿੱਤਾ। ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ।

ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ਼ ਬਣਦੀ ਸੀ, ਉਹ ਲੁੱਟਾਂ-ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ। ਕਿਸ਼ਨੇ ਦੇ ਗਲ਼ ਖ਼ੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ। ਕਿਸ਼ਨਾ ਉਹਦੇ ਕੋਲ ਚਲਿਆ ਗਿਆ। ਉਹਨੇ ਜੈਮਲ ਨੂੰ ਆਖਿਆ, "ਯਾਰਾ ਤੂੰ ਈ ਕੋਈ ਓਹੜ ਪੋਹੜ ਕਰ। ਪੁਲਿਸ ਨੂੰ ਕੁਛ ਦੇ ਦਵਾ ਕੇ ਮੇਰਾ ਨਾਂ ਖ਼ੂਨ 'ਚੋਂ ਕਢਵਾ।"

ਜੈਮਲ ਝਟ ਪੈਂਤਰਾ ਬਦਲ ਗਿਆ। ਉਹਦਾ ਮਨ ਬੇਈਮਾਨ ਹੋ ਗਿਆ। "ਖ਼ੂਨ 'ਚ ਫਸਿਆ ਕਿਸ਼ਨਾ ਉਹਦਾ ਕੀ ਵਿਗਾੜ ਲੂਗਾ?" ਉਹਨੇ ਸੋਚਿਆ ਤੇ ਕਿਹਾ, "ਕਿਸ਼ਨਿਆਂ ਤੇਰਾ ਤਾਂ ਮੇਰੇ ਕੋਲ਼ ਹੁਣ ਕੁਛ ਨੀ। ਤੂੰ ਸਾਰਾ ਮਾਲ ਵੰਡਾ ਕੇ ਲੈ ਗਿਆ ਸੀ।"

ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ਼ ਈ ਮਿੱਤਰ ਮਾਰ ਕਰੇਗਾ। ਉਹ ਸਬਰ ਦਾ ਘੁੱਟ ਭਰਕੇ ਬਹਿ ਗਿਆ। ਉਹ ਉੱਥੋਂ ਚੁਪ ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ।

ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ਼ ਆਇਆ ਤੇ ਇਕ ਬਰਾਤ ਲੁੱਟਣ ਲਈ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਕਿਸ਼ਨੇ ਨਾਲ਼ ਜੰਗਲ ਵਿੱਚ ਚਲਿਆ ਗਿਆ। ਲੱਗੇ ਬਰਾਤ ਉਡੀਕਣ। ਬਰਾਤ ਕਿੱਥੋਂ ਆਉਣੀ ਸੀ। ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ, "ਬੇਈਮਾਨਾ ਭੱਜ ਲੈ ਜਿੱਥੇ ਭੱਜਣੈ। ਤੈਂ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰਮਾਰ ਕੀਤੀ ਐ।"

ਤੜਾਕ-ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤ ਤੇ ਚੁਫਾਲ ਢੇਰੀ ਹੋ ਗਿਆ। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਲਜਾਵੇ।

ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਯਾਰ ਸੀ। ਕੱਠਿਆਂ ਡਾਕੇ ਮਾਰੇ ਸਨ, ਜੰਞਾਂ ਲੁੱਟਿਆਂ ਸਨ। ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ.....ਕਿਸ਼ਨੇ ਨੇ ਯਾਰਮਾਰ ਕਰਕੇ ਚੰਗਾ ਨਹੀਂ ਕੀਤਾ ......ਪਾਪ ਕਮਾਇਐ ... ਹੁਣ ਉਸ ਤੇ ਵਿਸਾਹ ਕਰਨਾ ਠੀਕ ਨੀ।

ਡੋਗਰ ਨੇ ਕਿਸ਼ਨੇ ਦਾ ਬਚਾਓ ਕਰਨ ਦੇ ਪੱਜ ਉਹਨੂੰ ਸੁਨੇਹਾ ਭੇਜ ਕੇ ਡਸਕੇ ਸੱਦ ਲਿਆ। ਰਾਤ ਨੂੰ ਖ਼ੂਬ ਸੇਵਾ ਕੀਤੀ। ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ 'ਤੇ ਸੌਂ ਗਿਆ। ਓਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾਂ ਮਾਰ ਕੇ ਬੁਡਲਾਢੇ ਦੇ ਥਾਣੇ ਜਾ ਖ਼ਬਰ ਦਿੱਤੀ.... ਅਣਗਿਣਤ ਪੁਲਿਸ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ!

ਓਦੋਂ ਅੰਗਰੇਜ਼ਾਂ ਦਾ ਰਾਜ ਸੀ।
ਮੁਕੱਦਮਾ ਚੱਲਿਆ। ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲ਼ੇ ਪਾਣੀ ਦੀ ਜੇਲ੍ਹ ਵਿੱਚ ਭੇਜ ਦਿੱਤਾ।

ਡੋਗਰ ਨੇ ਧੋਖੇ ਨਾਲ਼ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲ਼ੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ। ਕਿਸ਼ਨਾ ਕਾਲ਼ੇ ਪਾਣੀ ਸਜ਼ਾ ਭੁਗਤ ਰਿਹਾ ਡੋਗਰ ਦੇ ਸੀਰਮੇ ਪੀਣ ਲਈ ਕਚੀਚੀਆਂ ਵੱਟ ਰਿਹਾ ਸੀ ਤੇ ਬਦਲਾ ਲੈਣ ਲਈ ਉਹਨੇ ਜੀਊਣੇ ਨੂੰ ਸੁਨੇਹਾ ਭੇਜਿਆ ਸੀ।

ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜੀਊਣਾ ਝੰਜੋੜਿਆ ਗਿਆ। ਇਕ ਆਹ ਸੀਨਿਓਂ ਪਾਰ ਹੋ ਗਈ....ਓਪਰਾ ਬੰਦਾ ਜਲ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜੀਊਣੇ ਦੇ ਚਿੱਤ ਨੂੰ ਚਿਤਮਣੀ ਲਗ ਗਈ। ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ।

ਜੀਊਣੇ ਮੌੜ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ,
ਅੱਜ ਕੱਲ੍ਹ ਲਵਾਂ ਵੈਰ ਐਨ ਫੇਰ ਖਾਵਾਂ ਰੱਜ ਕੇ।
ਏਹੋ ਆਉਂਦੀ ਦਲੇਰੀ ਜਗ ਜਮਣਾ ਨਾ ਦੂਜੀ ਵੇਰੀ,
ਮੇਰੀ ਹੈ ਸਲਾਹ ਮਾਰਾਂ ਅਹਿਮਦ ਨੂੰ ਭੱਜ ਕੇ। (ਭਗਵਾਨ ਸਿੰਘ)

ਇਕ ਜਵਾਲਾ ਜੀਊਣੇ ਦੇ ਸੀਨੇ 'ਚ ਮਘ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪ-ਚਾਪ, ਆਪਣੇ ਖੇੜੇ ਨੂੰ ਸਿਰ ਨਿਵਾ ਕੇ, ਜੰਗਲ ਵੱਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਾ ਇਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਹਨੇ ਝਪਟਾ ਮਾਰ ਕੇ ਉਹਦੀ ਰਫ਼ਲ ਖੋਹ ਲਈ ਤੇ ਅੰਗਰੇਜ਼ ਨੂੰ ਭਜਾ ਦਿੱਤਾ।

ਅਗਾਂਹ ਡਾਕੂਆਂ ਦੀ ਇਕ ਟੋਲੀ ਟੱਕਰ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਬਈ ਜੀਊਣਾ ਕਿਸ਼ਨੇ ਦਾ ਭਰਾ ਐ ਤਾਂ ਖ਼ੁਸ਼ੀ-ਖੁਸ਼ੀ ਉਹਨੂੰ ਆਪਣਾ ਭਾਈਵਾਲ ਬਣਾ ਲਿਆ।

ਜੀਊਣਾ ਡਾਕੇ ਮਾਰਨ ਲੱਗਾ। ਇਕ ਸ਼ਰਤ ਇਹ ਲਾਈ-ਕਿਸੇ ਦੀ ਨੂੰਹ-ਧੀ ਨੂੰ ਮੈਲ਼ੀ ਅੱਖ ਨਾਲ਼ ਨਹੀਂ ਵੇਖਣਾ, ਨਾ ਹੀ ਮੌੜੀਂ ਜਾ ਕੇ ਡਾਕਾ ਮਾਰਨਾ ਹੈ। ਗਰੀਬ ਗੁਰਬੇ ਦੀ ਮਦਦ ਕਰਨੀ ਐ ........।

ਆਏ ਦਿਨ ਜੀਊਣੇ ਮੌੜ ਦੀਆਂ ਲੁੱਟਾਂ-ਖੋਹਾਂ, ਮਾਰ-ਧਾੜ, ਬਰਾਤਾਂ ਡੱਕਣ, ਸੂਦਖੋਰਾਂ ਤੇ ਸੁਨਿਆਰਾਂ ਨੂੰ ਲੁੱਟਣ ਦੀਆਂ ਖ਼ਬਰਾਂ ਆਉਣ ਲੱਗੀਆਂ। ਪੁਲਿਸ ਉਹਦਾ ਪਿੱਛਾ ਕਰਦੀ। ਜੀਉਣਾ ਡਾਹ ਨਾ ਦੇਂਦਾ। ਪੁਲਿਸ ਨਮੋਸ਼ੀ ਦੀ ਮਾਰੀ ਪਈ ਸੀ। ਸਾਰੇ ਇਲਾਕੇ ਵਿੱਚ ਜੀਊਣੇ ਦੀ ਬੱਲੇ-ਬੱਲੇ ਸੀ। ਪੁਲਿਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ-ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਾਰਨ ਤੇ ਗਊ ਗਰੀਬ ਦਾ ਰੱਖਿਅਕ ਹੋਣ ਕਰਕੇ ਪਿੰਡ ਦੇ ਲੋਕ ਉਸ ਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁੱਕ ਸਕਦਾ ਸੀ।

ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਹਦੇ ਨਾਂ ਨਾਲ ਜੁੜੀਆਂ ਹੋਈਆਂ ਹਨ।

ਉਹ ਆਪਣੀ ਮਾਰ-ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਬਾਣੀਏਂ ਕੋਲ ਰੱਖਿਆ ਕਰਦਾ ਸੀ। ਇਕ ਦਿਨ ਬਾਣੀਏਂ ਦਾ ਦਿਲ ਬੇਈਮਾਨ ਹੋ ਗਿਆ, ਉਸ ਨੇ ਜੀਊਣੇ ਨੂੰ ਫੜਾ ਕੇ ਉਹਦਾ ਮਾਲ ਹੜੱਪ ਕਰਨ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖ਼ਬਰ ਦੇ ਦਿੱਤੀ ਬਈ ਭਲਕੇ ਜੀਊਣੇ ਨੇ ਆਉਣੈ। ਪੁਲਿਸ ਆ ਗਈ! ਜੀਉਣਾ ਅਜੇ ਆਇਆ ਨਹੀਂ ਸੀ ਇਕ ਬੁੱਢੀ ਨੱਸੀ-ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜੀਉਣੇ ਨੂੰ ਬਾਣੀਏ ਦੀ ਕਰਤੁਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂਹ ਮੁੜ ਗਿਆ। ਜਦੋਂ ਪੁਲਿਸ ਚਲੀ ਗਈ, ਜੀਊਣੇ ਨੇ ਆਕੇ ਕਾਂਸ਼ੀ ਰਾਮ ਦਾ ਖ਼ੂਬ ਬੜ੍ਹਾਂਗਾ ਕੀਤਾ। ਬਾਣੀਏਂ ਨੇ ਮਸੀਂ ਮਿੰਨਤਾਂ, ਤਰਲੇ ਕਰਕੇ ਆਪਣੀ ਜਾਨ ਬਖ਼ਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੋਬਾ ਕੀਤੀ।

ਸਾਉਣ ਦਾ ਮਹੀਨਾ ਸੀ। ਲੌਂਗੋਵਾਲ ਦੇ ਗੋਰੇ ਤੀਆਂ ਪੈ ਰਹੀਆਂ ਸਨ.... ਜੀਊਣੇ ਮੌੜ ਦੀ ਟੋਲੀ ਓਥੇ ਆ ਪੁੱਜੀ। ਜੀਊਣੇ ਨੇ ਜ਼ਮੀਨ ਤੇ ਚਾਦਰਾ ਵਛਾ ਕੇ ਆਖਿਆ, "ਕੁੜੀਓ ਆਪਣੀਆਂ ਟੂੰਮਾਂ ਲਾਹ ਦੋ।" ਡਰਦੀਆਂ ਮਾਰੀਆਂ ਕੁੜੀਆਂ-ਬਹੂਆਂ ਆਪਣੀਆਂ ਟੂੰਮਾਂ ਲਾਹ-ਲਾਹ ਚਾਦਰੇ 'ਤੇ ਸੁੱਟੀ ਜਾਣ। ਉਹ ਚਾਦਰਾ ਵਲ੍ਹੇਟਣ ਹੀ ਲੱਗਾ ਸੀ ਕਿ ਇਕ ਕੁੜੀ ਹੌਂਸਲਾ ਕਰਕੇ ਬੋਲੀ, "ਵੇ ਵੀਰਿਆ ਮੇਰੇ ਤਾਂ ਸਹੁਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ 'ਚੋਂ ਟੂੰਮਾਂ ਕਢ ਲੈਣਗੇ। ਮੇਰੇ ਪਿਉਕੇ ਬੜੇ ਗਰੀਬ ਐ। ਉਨ੍ਹਾਂ ਮਸੀਂ ਮੇਰਾ ਵਿਆਹ ਕੀਤੈ ਜ਼ਮੀਨ ਧਰਕੇ। ਉਨ੍ਹਾਂ ’ਚ ਦੁਬਾਰਾ ਟੂੰਮਾਂ ਘੜਾਉਣ ਦੀ ਪਰੋਖੋਂ ਨੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀ ਆਂ!"

ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜੀਊਣੇ ਦਾ ਦਿਲ ਪਸੀਜ ਗਿਆ-ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, "ਕੁੜੀਓ ਲੈ ਜੋ ਆਪੋ ਆਪਣੀਆਂ ਟੂੰਮਾਂ।"

ਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ।

ਇਕ ਦਿਨ ਰਾਹ ਜਾਂਦਿਆਂ ਜੀਊਣੇ ਨੂੰ ਭੁੱਖ ਲੱਗ ਗਈ। ਉਸ ਵੇਖਿਆ ਇਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਹੈ। ਉਹਨੇ ਕੁੜੀ ਨੂੰ ਰੋਕ ਕੇ ਆਖਿਆ, "ਭੈਣੇ ਰੋਟੀ ਖੁਆਏਂਗੀ?"

"ਆਹੋ ਵੀਰ" ਆਖ ਕੁੜੀ ਨੇ ਸਿਰ ਤੋਂ ਛਿੱਕੂ ਲਾਹ ਕੇ, ਲੱਸੀ ਦੀ ਝੱਕਰੀ ਧਰਤੀ ਤੇ ਰੱਖੀ ਤੇ ਪੋਣੇ 'ਚੋਂ ਦੋ ਮਿੱਸੀਆਂ ਰੋਟੀਆਂ ਕੱਢਕੇ, ਉੱਤੇ ਅੰਬ ਦੇ ਆਚਾਰ ਦੀ ਫਾੜੀ ਤੇ ਗੰਢਾ ਧਰਕੇ ਉਹਦੇ ਹੱਥ ਫੜਾ ਦਿੱਤੀਆਂ।

ਜੀਊਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ।

ਕੁਝ ਦਿਨਾਂ ਮਗਰੋਂ ਜੀਊਣੇ ਮੌੜ ਨੇ ਦੌਲੇਆਲ ਪਿੰਡ ਵਿੱਚੋਂ ਇਕ ਵਧੀਆ ਨਸਲ ਦਾ ਘੋੜਾ ਜਾ ਖੋਲ੍ਹਿਆ। ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜਕੇ ਉਹਦੇ ਨੱਕ ਤੇ ਜਾ ਵੱਜਾ ਤੇ ਜ਼ਖ਼ਮ ਦਾ ਨਿਸ਼ਾਨ ਪੈ ਗਿਆ।

ਜੀਊਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ।

ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿੱਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖ਼ਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਊਣਾ ਮੌੜ ਐ। ਉਹਨੇ ਜੀਊਣੇ ਅੱਗੇ ਹੱਥ ਜੋੜ ਕੇ ਆਖਿਆ-

"ਭੋਇੰ ਧਰਕੇ ਇਕ ਮੁੰਡਾ ਵਿਆਹਿਆ
ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ
ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।" (ਭਗਵਾਨ ਸਿੰਘ)

ਜੀਊਣੇ ਨੇ ਝੱਟ ਜੱਟ ਦੀ ਬੇਨਤੀ ਮੰਨ ਸਾਰਾ ਟੂਮ ਟੱਲਾ ਮੋੜ ਕੇ, ਪਲਿਓਂ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ।

ਜੀਊਣੇ ਮੌੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਊਣਾ ਮੌੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ। ਇਕ ਵਾਰੀ ਇਕ ਬ੍ਰਾਹਮਣ ਆਪਣੀ ਧੀ ਨੂੰ ਸਹੁਰਿਆਂ ਤੋਂ ਲਈਂ ਆ ਰਿਹਾ ਸੀ। ਰਾਹ ਜੰਗਲ 'ਚੋਂ ਹੋ ਕੇ ਜਾਂਦਾ ਸੀ। ਜਦੋਂ ਉਹ ਜੰਗਲ ’ਚ ਵੜੇ ਅੱਗੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਬ੍ਰਾਹਮਣ ਥਰ-ਥਰ ਕੰਬ ਰਿਹਾ ਸੀ ਅਤੇ ਕੁੜੀ ਦੀਆਂ ਲੇਰਾਂ ਨਿਕਲ਼ ਰਹੀਆਂ ਸਨ। ਅਚਾਨਕ ਜੀਊਣਾ ਮੌੜ ਉੱਧਰੋਂ ਆ ਨਿਕਲਿਆ। ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ।

"ਤੂੰ ਕੌਣ ਹੁਨੈ ਸਾਨੂੰ ਰੋਕਣ ਵਾਲ਼ਾ?" ਇਕ ਮਾੜਕੂ ਜਿਹਾ ਬਦਮਾਸ਼ ਬੋਲਿਆ।

"ਮੈਂ ਆਂ ਥੋਡੀ ਧੀ ਦਾ ਖਸਮ, ਥੋਡਾ ਜਮਾਈ ਜੀਊਣਾ ਮੌੜ।"

ਜੀਊਣਾ ਮੌੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉੱਡ ਗਏ। ਜੀਊਣੇ ਨੇ ਜੁੱਤੀਆਂ ਮਾਰ-ਮਾਰ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ।

ਬ੍ਰਾਹਮਣ ਡੀਊਣੇ ਮੌੜ ਨੂੰ ਅਸੀਸਾਂ ਦੇਂਦਾ ਨਹੀਂ ਸੀ ਥੱਕਦਾ!

ਕਹਿੰਦੇ ਨੇ ਸੰਗਰੂਰ ਕੋਲ ਇਕ ਪਿੰਡ ਗੋਡੀ ਕਰਦੇ ਇਕ ਗ਼ਰੀਬ ਜੱਟ ਕੋਲ਼ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਵਨੇਤ ਨਾਲ਼ ਘੁੰਮਦਾ ਘੁਮਾਉਂਦਾ ਜੀਊਣਾ ਮੌੜ ਵੀ ਉੱਥੇ ਆ ਗਿਆ। ਵਿਆਹੁਣ ਯੋਗ ਕੁੜੀ ਵੱਲ ਵੇਖ ਕੇ ਜੀਊਣੇ ਨੇ ਜੱਟ ਨੂੰ ਪੁੱਛਿਆ, "ਬਈ ਸਰਦਾਰਾ ਧੀ ਕਿਤੇ ਮੰਗੀ ਵਿਆਹੀ ਬੀ ਹੋਈ ਐ।"

ਜੱਟ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, "ਜੀਊਣ ਸਿਆਂ ਅਸੀਂ ਧੀ ਵਿਆਹੁਣ ਜੋਗੇ ਕਿੱਥੇ ਆਂ, ਮਸੀਂ ਗੁਜ਼ਾਰਾ ਤੁਰਦੈ-ਸਾਰੀ ਪੈਲੀ ਮਾਰੂ ਆ।"

ਜੀਊਣੇ ਮੌੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ ਸੌ-ਸੌ ਦੀਆਂ ਪੰਜ ਵਾਸਣੀਆਂ ਜੱਟ ਦੇ ਹਵਾਲੇ ਕਰਕੇ ਆਖਿਆ, "ਕਰ ਧੀ ਦਾ ਨਾਤਾ ਗੱਜ ਵੱਜ ਕੇ.....ਦੇਖੀਂ ਕਿਤੇ ਕਿਸੇ ਹੋਰ ਪਾਸੇ ਵਰਤ ਲਏਂ।"

ਅੱਜ ਦੇ ਸਮੇਂ ਇਹ ਹਜ਼ਾਰਾਂ ਦੀ ਰਾਸ਼ੀ ਸੀ। ਜੱਟ ਜੀਊਣੇ ਮੌੜ ਦੀ ਸਖਾਵਤ ਦੇ ਬਾਰੇ ਬਾਰੇ ਜਾ ਰਿਹਾ ਸੀ।

ਹੋਰ ਵੀ ਅਨੇਕਾਂ ਕਿੱਸੇ ਜੀਊਣੇ ਮੌੜ ਦੇ ਨਾਂ ਨਾਲ ਜੁੜੇ ਹੋਏ ਹਨ. ਉਸ ਦੀ ਬਹਾਦਰੀ, ਸੂਰਮਗਤੀ, ਦਰਿਆ ਦਿੱਲੀ ਅਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕੀਤਾ ਹੈ-

ਜੀਊਣਾ ਮੌੜ ਸਾਧ ਗਊ ਗ਼ਰੀਬ ਦੀ ਕਰੋ ਸੇਵਾ,
ਖੱਬੀ ਖਾਨਾਂ ਦੀ ਅਲਖ ਮੁਕਾਉਂਦਾ ਜੀ।
ਜੇਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ,
ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ।
ਸ਼ੀਹਣੀ ਮਾਂ ਨੇ ਜੰਮਿਆ ਸ਼ੇਰ ਜੀਊਣਾ,
ਨਹੀਂ ਲੁੱਕ ਕੇ ਵਕਤ ਲੰਘਾਉਂਦਾ ਜੀ। (ਭਗਵਾਨ ਸਿੰਘ)

ਜਿਸ ਮਕਸਦ ਲਈ ਜੀਊਣਾ ਡਾਕੂ ਬਣਿਆ ਸੀ ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ 'ਤੇ ਹੀ ਉਹਦੇ ਕਲੇਜੇ ਠੰਢ ਪੈਣੀ ਸੀ।

ਇਕ ਦਿਨ ਘੋੜੇ 'ਤੇ ਸਵਾਰ ਹੋ ਕੇ ਜੀਊਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਪਾਲ਼ੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, "ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਐ .... ਤੈਂ ਮੇਰੇ ਭਾਈ ਨੂੰ ਧੋਖੇ ਨਾਲ਼ ਫੜਾਇਆ ਸੀ.... ਜੇ ਤੂੰ ਅਸਲੀ ਬਾਪ ਦਾ ਤੁਖਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀ।"

ਜੀਊਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੂਹੇ ਡੋਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ਼ ਲਮਕਾਈ ਤੇ ਹੱਥ ’ਚ ਰਫ਼ਲ ਫੜ ਕੇ ਘੋੜੇ 'ਤੇ ਸਵਾਰ ਹੁੰਦਾ ਬੋਲਿਆ, "ਜਦੋਂ ਗਿੱਦੜ ਦੀ ਮੌਤ ਆਉਂਦੀ ਐ ਉਹ ਨਿਆਈਆਂ ਵੱਲ ਨੂੰ ਭਜਦੈ। ਅੱਜ ਵੱਡਾ ਸੂਰਮਾ ਜੀਊਣਾ ਮੇਰੇ ਕੋਲ਼ੋਂ ਬਚ ਕੇ ਨੀ ਜਾ ਸਕਦਾ।"

ਡੋਗਰ ਦੀ ਘਰ ਵਾਲ਼ੀ ਨੇ ਉਸ ਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖ਼ੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਖੜਾ ਜੀਉਣਾ ਮੌੜ ਖੌਰੂ ਪਾ ਰਿਹਾ ਸੀ।

ਜੀਊਣੇ ਨੇ ਡੋਗਰ ਨੂੰ ਲਲਕਾਰਿਆ, "ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ਼ ਨੀ ਮਾਰਦਾ। ਪਹਿਲਾ ਵਾਰ ਤੇਰੈ।"

ਡੋਗਰ ਨੇ ਪਹਿਲਾ ਫ਼ਾਇਰ ਕੀਤਾ। ਜੀਊਣੇ ਦੀ ਘੋੜੀ ਧਰਤੀ 'ਤੇ ਬਹਿ ਗਈ। ਗੋਲੀ ਉੱਪਰੋਂ ਲੰਘ ਗਈ। ਦੂਜਾ ਫ਼ਾਇਰ ਵੀ ਫੋਕਾ ਹੀ ਗਿਆ। ਜੀਊਣੇ ਮੌੜ ਨੇ ਅਜਿਹੀ ਸਿਸਤ ਬੰਨ੍ਹੀਂ ਕਿ ਪਹਿਲੇ ਫ਼ਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ।

ਡੋਗਰ ਦੀ ਲਾਸ਼ ਧਰਤੀ 'ਤੇ ਪਈ ਤੜਪ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ।

ਕਿਸੇ ਮੌੜੀਂ ਜਾ ਦੱਸਿਆ "ਜੀਊਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਐ।" ਸਾਰਾ ਪਿੰਡ ਉਸ ਦੇ ਬਲਿਹਾਰੇ ਜਾ ਰਿਹਾ ਸੀ।

ਡੋਗਰ ਦੇ ਮਰਨ ਦੀ ਖ਼ਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫ਼ੈਲ ਗਈ... ਘਰ-ਘਰ ਜੀਊਣੇ ਮੌੜ ਦੀਆਂ ਗੱਲਾਂ ਹੋ ਰਹੀਆਂ ਸਨ.....ਹਰ ਕੋਈ ਉਸ ਅਣਖੀ ਸੂਰਮੇ ਦੀਆਂ ਗੱਲਾਂ ਕਰ ਰਿਹਾ ਸੀ।

ਘਰ ਘਰ ਪੁੱਤ ਜੰਮਦੇ
ਜੀਊਣਾ ਮੌੜ ਨੀ ਕਿਸੇ ਬਣ ਜਾਣਾ

ਬੁਡਲਾਢੇ ਦੀ ਪੁਲਿਸ ਨੇ ਜੀਊਣੇ ਮੌੜ ਨੂੰ ਫੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਪ੍ਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲ਼ਾ ਕਿੱਥੇ ਸੀ। ਪੁਲਿਸ ਤਾਂ ਉਸ ਪਾਸੋਂ ਥਰ-ਥਰ ਕਬੰਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਂਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ਼ ਜੀਊਣਾ ਮੌੜ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ। ਜੀਊਣਾ ਅਲਬੇਲੇ ਸੁਭਾਅ ਦਾ ਮਾਲਕ ਸੀ, ਅੱਲੋਕਾਰ ਗੱਲਾਂ ਕਰਨ ਵਾਲ਼ਾ। ਇਕ ਵਾਰ ਉਸ ਨੂੰ ਕੀ ਸੁੱਝੀ-ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਮਹਿਲਾਂ ਵਿੱਚ ਜਾ ਕੇ ਘੋੜੀ ਖੋਲ੍ਹ ਲਈ। ਗੋਲੀ ਸਿੰਨ੍ਹ ਕੇ ਸੰਤਰੀ ਨੂੰ ਆਖਿਆ, "ਕਹਿੰਦੀਂ ਆਪਣੇ ਰਾਜੇ ਨੂੰ ਜੀਊਣਾ ਮੌੜ ਲੈ ਗਿਆ ਤੇਰੀ ਘੋੜੀ।"

ਲੋਕੀਂ ਵਾਰੇ-ਵਾਰੇ ਜਾ ਰਹੇ ਸਨ ਜੀਊਣੇ ਮੌੜ ਦੇ, ਜਿਸ ਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲਿਸ ਉਹਦੇ ਮਗਰ ਲਾ ਦਿੱਤੀ। ਆਖ਼ਰ ਸੁੱਤਾ ਪਿਆ ਜੀਊਣਾ ਮੌੜ ਫੜਿਆ ਗਿਆ ਕਹਿੰਦਾ "ਮੈਂ ਤਾਂ ਚਾਲ ਵੇਖਣ ਲਈ ਹੀ ਚੁਰਾਈ ਸੀ।"

ਉਸ ਨੂੰ ਨਾਭਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪ੍ਰੰਤੂ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਨਸ ਆਇਆ......

ਜੀਊਣਾ ਮੌੜ ਨੈਣਾਂ ਦੇਵੀ ਦਾ ਸ਼ਰਧਾਲੂ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ। ਉਹਨੇ ਨੈਣਾਂ ਦੇਵੀ ਦੇ ਮੰਦਿਰ ਤੇ ਜਾ ਕੇ ਸੋਨੇ ਦਾ ਛਤਰ ਚੜ੍ਹਾਉਣ ਦਾ ਐਲਾਨ ਕਰ ਦਿੱਤਾ-

ਉਸ ਨੇ ਖ਼ਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ,
ਨੈਣਾਂ ਦੇਵੀ ਦੇ ਮੰਦਰ ਤੇ ਜਾਊਂਗਾ ਮੈਂ।
ਜੀਹਦੇ ਆਸਰੇ ਫ਼ੌਜਾਂ ਦੇ ਨੱਕ ਮੋੜੇ,
ਛਤਰ ਸੋਨੇ ਦਾ ਚਾੜ੍ਹ ਕੇ ਆਊਂਗਾ ਮੈਂ।
ਜ਼ੋਰ ਲਾ ਕੇ ਆਜਿਓ ਫੜਨ ਮੈਨੂੰ,
ਨਹੀਂ ਮਰਨ ਤੋਂ ਮੁੱਖ ਭਵਾਉਂਗਾ ਮੈਂ।

ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜੀਉਣੇ ਮੌੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦਾ ਭੇਸ ਧਾਰ ਕੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਕਾਗਜ਼ ਲਾ ਦਿੱਤਾ, "ਜੀਊਣਾ ਮੌੜ ਅਦਾਲਤ ਬਾਜ਼ਾਰ 'ਚ ਫਿਰਦੈ, ਫੜ ਲਓ, ਆਥਣੇ ਸੱਤ ਵਜੇ ਉਹ ਨੈਣਾਂ ਦੇਵੀ ਨੂੰ ਜਾਣ ਖ਼ਾਤਰ ਗੱਡੀ ਚੜੂਗਾ।"

ਥਾਂ-ਥਾਂ ਪੁਲਿਸ ਟੱਕਰਾਂ ਮਾਰਦੀ ਰਹੀ ਪ੍ਰੰਤੂ ਜੀਊਣਾ ਮੌੜ ਸਾਧੂ ਦਾ ਭੇਸ ਧਾਰ ਕੇ ਨੈਣਾਂ ਦੇਵੀ ਲਈ ਗੱਡੀ 'ਤੇ ਸਵਾਰ ਹੋ ਗਿਆ। ਰੇਲ ਦੇ ਕੱਲੇ-ਕੱਲੇ ਡੁੱਬੇ 'ਚ ਭਾਲ਼ ਕੀਤੀ ਗਈ ਪ੍ਰੰਤੂ ਸਾਧ ਬਣਿਆਂ ਜੀਊਣਾ ਮੌੜ ਕਿਸੇ ਤੋਂ ਪਛਾਣ ਨਾ ਹੋਇਆ।

ਜੀਊਣਾ ਮੌੜ ਸਾਧ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਨੈਣਾਂ ਦੇਵੀ ਦੇ ਮੰਦਿਰ ਪੁੱਜ ਗਿਆ। ਪੁਲਿਸ ਭੇਸ ਬਦਲ ਕੇ ਮੰਦਿਰ ਦੇ ਅੰਦਰ-ਬਾਹਰ ਸਤੱਰਕ ਖੜੋਤੀ ਹੋਈ ਸੀ। ਜੀਊਣੇ ਮੌੜ ਨੇ ਸਾਧੂ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਤੇ ਸ਼ਰਧਾ ਨਾਲ਼ ਸੋਨੇ ਦਾ ਛਤਰ ਦੇਵੀ ਦੀ ਮੂਰਤੀ ਤੇ ਚੜ੍ਹਾ ਆਂਦਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਸ ਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ। ਨਿਹੱਥਾ ਹਥਿਆਰ ਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਆਖ਼ਰ ਜੀਊਣਾ ਮੌੜ ਪੁਲਿਸ ਦੇ ਕਾਬੂ ਆ ਗਿਆ। ਬੇਵੱਸ ਸ਼ੇਰ ਚੰਘਾੜਦਾ ਰਿਹਾ।

ਨੈਣਾਂ ਦੇਵੀ ਦੇ ਸ਼ਰਧਾਲੂਆਂ ਦਾ ਮੱਤ ਹੈ ਕਿ ਜੀਊਣਾ ਮੌੜ ਪੁਲਿਸ ਦੇ ਹੱਥ ਨਹੀਂ ਸੀ ਲੱਗਾ। ਉਸ ਨੇ ਪਹਾੜੀ ਤੋਂ ਛਲਾਂਗ ਲਗਾ ਕੇ ਜਾਨ ਦੇ ਦਿੱਤੀ ਸੀ। ਉਨ੍ਹਾਂ ਨੇ ਉਥੇ ਉਹਦੀ ਸਮਾਧ ਵੀ ਬਣਾਈ ਹੋਈ ਹੈ ਪਰੰਤੂ ਅਸਲੀਅਤ ਤਾਂ ਇਹ ਹੈ ਕਿ ....

ਜੀਊਣੇ ਮੌੜ ਨੂੰ ਫ਼ਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਮੁਕੱਦਮਾ ਚੱਲਿਆ। ਵਲਾਇਤ ਦੀ ਮਲਕਾ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਹ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗ਼ੈਰਤ ਲਈ ਆਪਣੀ ਜਿੰਦੜੀ ਘੋਲ ਘੁਮਾ ਗਿਆ। ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਤਖ਼ਤੇ 'ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ ’ਚ ਪਰੋਇਆ ਹੈ ਤੇ ਪੰਜਾਬ ਦਾ ਲੋਕ ਮਾਣਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰ-ਬਾਰ ਪ੍ਰਣਾਮ ਕਰਦਾ ਹੈ.....

ਗੁੱਗਾ ਜ਼ਾਹਰ ਪੀਰ

ਭਾਦੋਂ ਦੀ ਰੁੱਤੇ ਗੁੱਗਾ ਭਗਤ ਡੋਰੂ ਖੜਕਾਉਂਦੇ, ਸਾਰੰਗੀਆਂ ਵਜਾਉਂਦੇ ਪੰਜਾਬ ਦੇ ਹਰ ਪਿੰਡ ਵਿੱਚ ਫਿਰਦੇ ਨਜ਼ਰੀਂ ਆਉਂਦੇ ਹਨ। ਇਹ ਗੁੱਗਾ ਪੀਰ ਦੀ ਕਥਾ ਨੂੰ ਗਾ ਗਾ ਖ਼ੈਰ ਮੰਗਦੇ ਹਨ। ਔਰਤਾਂ ਖੁੱਲ੍ਹੇ ਦਿਲ ਨਾਲ਼ ਗੁੱਗੇ ਪੀਰ ਦੇ ਨਾਂ ਤੇ ਖ਼ੈਰਾਤ ਪਾਉਂਦੀਆਂ ਹਨ।

ਪੰਜਾਬ ਦੇ ਹਰ ਪੰਜਾਂ-ਸੱਤਾਂ ਪਿੰਡਾਂ ਵਿੱਚ ਗੁੱਗੇ ਦਾ ਇਕ ਅੱਧ ਮੰਦਰ, ਜਿਸ ਨੂੰ ਗੁੱਗੇ ਦੀ ਮਾੜੀ ਆਖਿਆ ਜਾਂਦਾ ਹੈ, ਜ਼ਰੂਰ ਮਿਲ਼ ਜਾਵੇਗਾ। ਹਰ ਮਾੜੀ ਦਾ ਇਕ ਭਗਤ ਹੋਇਆ ਕਰਦਾ ਹੈ। ਇਹ ਭਗਤ ਸੱਪ ਦੇ ਡੱਸੇ ਹੋਏ ਪੁਰਸ਼ਾਂ ਦਾ ਇਲਾਜ ਗੁੱਗੇ ਦੇ ਮੰਤਰਾਂ ਨਾਲ਼ ਕਰਦਾ ਹੈ। ਕਈ ਭਗਤ ਤਾਂ ਸੱਪਾਂ ਦੀਆਂ ਜ਼ਹਿਰਾਂ ਵੀ ਚੂਸ ਲੈਂਦੇ ਹਨ। ਇਹ ਭਗਤੀ ਪੀੜ੍ਹੀਓ-ਪੀੜ੍ਹੀ ਚਲੀ ਆਉਂਦੀ ਹੈ।

ਜਨਮ-ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਮਾੜੀਆਂ ਉੱਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰਿੰਨ੍ਹਦੀਆਂ ਹਨ ਤੇ ਦੁੱਧ ਸੱਪਾਂ ਦੀਆਂ ਬਿਰਮੀਆਂ ਵਿੱਚ ਪਾਉਂਦੀਆਂ ਹਨ। ਜਦੋਂ ਸੁਆਣੀਆਂ ਇਕੱਠੀਆਂ ਹੋ ਕੇ ਗੁੱਗੇ ਦੀ ਮਾੜੀ ਤੇ ਮੱਥਾ ਟੇਕਣ ਲਈ ਜਾਂਦੀਆਂ ਹਨ ਤਦੋਂ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਹੱਥਾਂ ਵਿੱਚ ਸੇਵੀਆਂ ਦੀਆਂ ਥਾਲੀਆਂ, ਜਿਨ੍ਹਾਂ ਉੱਤੇ ਆਟੇ ਦੇ ਗੰਡ-ਗੰਡੋਏ ਤੇ ਦੀਵੇ ਆਦਿ ਰੱਖੇ ਹੁੰਦੇ ਹਨ, ਫੜੀ ਗੁੱਗੇ ਦੀ ਉਸਤਤੀ ਦੇ ਗੀਤ ਗਾਂਦੀਆਂ, ਵਰ ਮੰਗਦੀਆਂ, ਮੇਲੇ ਵਿੱਚ ਪੁੱਜ ਜਾਂਦੀਆਂ ਹਨ।

ਜਨਮ-ਅਸ਼ਟਮੀ ਦੀ ਸ਼ਾਮ ਨੂੰ ਗੁੱਗੇ ਦੀ ਚੌਂਕੀ ਭਰਨ ਦਾ ਰਿਵਾਜ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪਸ਼ੂਆਂ ਸਮੇਤ ਮਾੜੀ ਤੋਂ ਪੁੱਜ ਜਾਂਦੇ ਹਨ। ਜਦ ਮਾੜੀ ਦੇ ਦਲਾਨ ਵਿੱਚ ਸਾਰੇ ਬੈਠ ਜਾਂਦੇ ਹਨ ਤਦ ਸਵੱਯੇ ਪੀਰ ਗੁੱਗੇ ਦੀ ਉਸਤਤੀ ਵਿੱਚ ਗਾਣਾ ਆਰੰਭ ਦਿੰਦੇ ਹਨ। ਗਾਣਾ ਸੁਣ ਮਾੜੀ ਦੇ ਭਗਤ ਨੂੰ ਜੋਸ਼ ਆ ਜਾਂਦਾ ਹੈ, ਇਸ ਉੱਤੇ ਲੋਕੀਂ ਉਹਦੇ ਕੱਪੜੇ ਉਤਾਰ ਦਿੰਦੇ ਹਨ ਤੇ ਉਹ ਲੋਹੇ ਦੀਆਂ ਛੜੀਆਂ ਨਾਲ਼ ਆਪਣੇ ਜਿਸਮ ਨੂੰ ਮਾਰਨਾ ਸ਼ੁਰੂ ਕਰ ਦੇਂਦਾ ਹੈ। ਛੜੀਆਂ ਕਈ ਵਾਰ ਉਸ ਦੀ ਪਿਠ 'ਚੋਂ ਲਹੂ ਸਮਾ ਦੇਂਦੀਆਂ ਹਨ ਤੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਦੋ-ਤਿੰਨ ਪੁਰਸ਼ ਉਹਦੀ ਤੇਲ ਨਾਲ਼ ਮਾਲਸ਼ ਕਰਦੇ ਹਨ। ਇਸ ਸਮੇਂ ਸਵੱਯੇ ਆਪਣਾ ਗਾਉਣਾ ਬੰਦ ਕਰ ਦੇਂਦੇ ਹਨ, ਕੁਝ ਸਮੇਂ ਮਗਰੋਂ ਉਹਨੂੰ ਮੁੜ ਸੁਰਤ ਆ ਜਾਂਦੀ ਹੈ। ਏਸ ਤੇ ਸਾਰੇ ਦਰਸ਼ਕ ਉਹਨੂੰ ਮੱਥਾ ਟੇਕਦੇ ਹਨ ਤੇ ਭਗਤ ਸਾਰਿਆਂ, ਖ਼ਾਸ ਕਰਕੇ ਔਰਤਾਂ ਉੱਤੇ, ਪਾਣੀ ਦੇ ਛਿੱਟੇ ਮਾਰਦਾ ਹੈ। ਏਸ ਮਗਰੋਂ ਪਤਾਸ਼ਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਬਹੁਤ ਸਾਰੇ ਘਰਾਂ ਨੂੰ ਪਰਤ ਆਉਂਦੇ ਹਨ, ਬਹੁਤੇ ਉੱਥੇ ਹੀ ਸਾਰੀ ਰਾਤ ਜਗਰਾਤਾ ਕਰਦੇ ਹਨ। ਵਿੱਦਿਆ ਦੇ ਕਾਰਨ ਇਹ ਚੌਂਕੀ ਭਰਨ ਦਾ ਰਿਵਾਜ ਅੱਜ-ਕਲ੍ਹ ਕਾਫ਼ੀ ਘੱਟ ਰਿਹਾ ਹੈ।

ਗੁੱਗੇ ਦੀ ਸੰਖੇਪ ਜਹੀ ਕਥਾ ਇਸ ਪ੍ਰਕਾਰ ਹੈ:———
ਬੀਕਾਨੇਰ ਦੇ ਇਕ ਨਗਰ ਵਿੱਚ ਰਾਜਾ ਜੈਮਲ ਦੇ ਘਰ ਗੋਰਖ ਨਾਥ ਦੇ ਵਰ ਨਾਲ਼ ਰਾਣੀ ਬਾਛਲ ਦੀ ਕੁਖੋਂ ਗੁੱਗੇ ਦਾ ਜਨਮ ਹੋਇਆ। ਉਹ ਚੌਹਾਨ ਰਾਜਪੂਤ ਸੀ। ਵੱਡਿਆਂ ਹੋ ਕੇ ਉਹਦੀ ਲੜਾਈ ਆਪਣੀ ਮਾਸੀ ਕਾਸ਼ਲ ਦੇ ਪੁੱਤਾਂ ਸੁਰਜਨ ਅਤੇ ਅਰਜਨ ਨਾਲ਼ ਹੋ ਪਈ। ਝਗੜਾ ਵਿਆਹ ਦਾ ਸੀ। ਗੁੱਗਾ ਸਲੀਅਰ ਨੂੰ ਵਿਆਹੁਣਾ ਚਾਹੁੰਦਾ ਸੀ ਪਰ ਉਹ ਆਪ ਇਸੇ ਨਾਲ਼ ਸ਼ਾਦੀ ਕਰਨਾ ਲੋਚਦੇ ਸਨ। ਝਗੜੇ ਵਿੱਚ ਗੁੱਗੇ ਨੇ ਆਪਣੇ ਦੋਹਾਂ ਮਾਸੀ ਦੇ ਪੁੱਤਰਾਂ ਨੂੰ ਮਾਰ ਦਿੱਤਾ। ਏਸ ਗੱਲ ਦਾ ਪਤਾ ਉਹਦੀ ਮਾਤਾ ਬਾਛਲ ਨੂੰ ਲੱਗਿਆ। ਉਹਨੇ ਆਖਿਆ ਕਿ ਉਹ ਉਹਦੇ ਮੱਥੇ ਨਾ ਲੱਗੇ। ਇਸ ਗੱਲ ਦਾ ਗੁੱਗੇ ਤੇ ਕਾਫ਼ੀ ਅਸਰ ਹੋਇਆ। ਉਹਨੇ ਧਰਤੀ ਮਾਤਾ ਨੂੰ ਆਖਿਆ ਕਿ ਉਹਨੂੰ ਧਰਤ ਵਿੱਚ ਸਮਾ ਲਵੇ। ਉਹ ਹਿੰਦੂ ਸੀ। ਧਰਤੀ ਮਾਤਾ ਨੇ ਆਖਿਆ ਕਿ ਉਹ ਤਾਂ ਮੁਸਲਮਾਨਾਂ ਨੂੰ ਹੀ ਥਾਂ ਦੇ ਸਕਦੀ ਹੈ। ਏਸ ਤੇ ਗੁੱਗਾ ਇਕ ਹਾਜੀ ਪਾਸੋਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ ਤੇ ਧਰਤੀ ਮਾਤਾ ਨੇ ਉਹਨੂੰ ਘੋੜੇ ਸਮੇਤ ਆਪਣੀ ਗੋਦੀ ਵਿੱਚ ਸਮਾ ਲਿਆ।

ਪੰਜਾਬ ਦਾ ਇਕ ਲੰਬਾ ਲੋਕ-ਗੀਤ ਗੁੱਗੇ ਦੀ ਕਥਾ ਇਸ ਤਰ੍ਹਾਂ ਬਿਆਨ ਕਰਦਾ ਹੈ:———

ਸਲਾਮਾਂ ਮੇਰੀਆਂ ਸਲਾਮਾਂ ਮੇਰੀਆਂ,
ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ
ਗੁਰੂ ਗੋਰਖਾ ਪੈਦਾ ਓ ਕਰਦਿਆ
ਸਾਨੂੰ ਵੀ ਦਿਓ ਔਲਾਦ।

ਐਸ ਵੇਲੇ ਤਾਂ ਵਰ ਨਹੀਂ ਬੀਬੀ ਬਾਛਲੇ
ਕਲ੍ਹ ਤਾਂ ਲੈ ਜਾਈਂ ਔਲਾਦ।

ਦੌੜੀ-ਦੌੜੀ ਬਾਛਲ ਕਾਸ਼ਲ ਕੋਲ਼ ਆਈ,
ਭੈਣੇ ਨੀ ਕਾਸ਼ਲੇ ਭਲ਼ਕ ਤਾਂ ਮਿਲ਼ ਜਾਊ ਔਲਾਦ।

ਦੌੜੀ-ਦੌੜੀ ਕਾਸ਼ਲ ਬਾਛਲ ਕੋਲ਼ ਆਈ
ਭੈਣੇ ਨੀ ਬਾਛਲੇ ਮੈਨੂੰ ਜੋੜਾ ਤਾਂ ਦਈਂ ਹੁਦਾਰ,
ਮੈਂ ਜਾਣਾ ਬਾਬਲ ਵਾਲ਼ੇ ਦੇਸ਼ ਨੀ
ਮੈਨੂੰ ਆਈ ਏ ਮੰਦੜੀ ਵਾਜ਼।

ਦੌੜੀ-ਦੌੜੀ ਕਾਸ਼ਲ ਗੋਰਖ ਕੋਲ਼ ਆਈ
ਗੁਰੂ ਗੋਰਖਾ, ਸਾਨੂੰ ਤਾਂ ਦਿਓ ਔਲਾਦ
ਜਟਾਂ 'ਚੋਂ ਕੱਢ ਕੇ ਔਲਾਦ ਜੁ ਦਿੱਤੀ,

ਗੁਰੂ ਆਖੇ: ਅਰਜਨ ਤੇ ਸੁਰਜਣ ਰੱਖੀਂ ਨਾਉਂ

ਦੌੜੀ-ਦੌੜੀ ਕਾਸ਼ਲ ਬਾਛਲ ਕੋਲ ਆਈ
ਭੈਣੇ ਨੀ ਬਾਛਲੇ
ਮੈਂ ਆਈ ਬਾਬਲ ਵਾਲ਼ੇ ਦੇਸ਼ ਤੋਂ
ਸਾਡੇ ਬਾਬਲ ਦੀ ਚੰਗੀ ਵਾਜ਼।
ਦੌੜੀ-ਦੌੜੀ ਬਾਛਲ ਗੋਰਖ ਦੇ ਆਈ
ਗੁਰੂ ਗੋਰਖਾ, ਪਰਮੇਸ਼ਵਰ ਜਾਣੇ,
ਸਾਨੂੰ ਤਾਂ ਦਿਓ ਔਲਾਦ।

ਮੋੜੋ ਵੇ ਮੋੜੋ ਇਹਨੂੰ ਚੇਲਿਓ ਮੇਰਿਓ
ਘੜੀ-ਘੜੀ ਮੰਗਦੀ ਔਲਾਦ।

ਪਰ ਬਾਛਲ ਪਿੱਛੇ ਨਾ ਮੁੜੀ, ਉੱਥੇ ਹੀ ਖੜੀ ਰਹੀ। ਬਾਰਾਂ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਗੀਤ ਅੱਗੇ ਟੁਰਦਾ ਹੈ:

ਸੱਤਾਂ ਸਮੁੰਦਰਾਂ ਦੀ ਪੌਣ ਜੁ ਝੁੱਲੀ
ਗੁਰੂ ਗੋਰਖ ਗਿਆ
ਗਿਆ ਚੰਜੀ ਵਾਲ਼ੇ ਬਾਗ
ਦੌੜੀ-ਦੌੜੀ ਗੋਪੀ ਗੋਰਖ ਦੇ ਆਈ
ਗੁਰੂ ਗੋਰਖਾ
ਪਰਮੇਸ਼ਰ ਜਾਣੇ
ਸਾਨੂੰ ਤਾਂ ਦਿਓ ਔਲਾਦ
ਜੜੀ ਤਾਂ ਬੂਟੀ ਗੁਰੂ ਗੋਰਖ ਨੇ ਦਿੱਤੀ
ਲੈ ਰਾਣੀ ਗੋਪੀ
ਸਿਲੀਅਰ ਤਾਂ ਰਖੀਂ ਇਹਦਾ ਨਾਂ
ਇਹਦਾ ਸੰਜੋਗ ਦੂਲੋ ਨਾਲ਼

ਸੱਤਾਂ ਸਮੁੰਦਰਾਂ ਦੀ ਪੌਣ ਜੁ ਝੁੱਲੀ
ਗੁਰੂ ਗੋਰਖ ਆਇਆ
ਆਇਆ ਜੋ ਆਪਣੇ ਬਾਗ
ਗੁਰੂ ਦੇ ਚੇਲੇ ਘਾਹ ਜੋ ਖੋਦਣ
ਪਰਮੇਸ਼ਰ ਜਾਣੇ
ਵਿੱਚੋਂ ਤਾਂ ਨਿਕਲ਼ੀ ਬਾਛਲ ਆਪ
ਗੋਰਖ ਤੁੱਠਾ ਨਾਥ ਜੁ ਤੁੱਠਾ
ਦਿੱਤੀ ਗੁੱਗਲ ਦੀ ਦਾਤ

ਪਰਮੇਸ਼ਰ ਜਾਣੇ
ਰਾਣੀ ਬਾਛਲੇ, ਦੁਲੋ ਤਾਂ ਰਖੀਂ ਇਹਦਾ ਨਾਂ।

ਰਾਣੀ ਵਰ ਲੈ ਬਾਰ੍ਹਾਂ ਵਰ੍ਹੇ ਪਿੱਛੋਂ ਘਰ ਪੁੱਜੀ, ਪਰ ਅੱਗੋਂ ਸੱਸ ਦੇ ਤਾਹਨੇ———

ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ
ਓ ਜੈਮਲ ਰਾਜਿਆ
ਓ ਕੰਤਾ ਰਾਜਿਆ
ਮੈਂ ਤੇਰੀ ਬਾਛਲ ਨਾਰ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਬਾਛਲ ਰਾਣੀਏ, ਓ ਨਾਰੇ ਮੇਰੀਏ
ਬਾਰ੍ਹੀਂ ਤਾਂ ਵਰ੍ਹੀਂ ਸੰਜੋਗ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਸੱਸੇ ਮੇਰੀਏ, ਮਾਤਾ ਮੇਰੀਏ
ਬਾਰ੍ਹੀਂ ਤਾਂ ਵਰ੍ਹੀਂ ਤੇਰੇ ਕੋਲ।
ਮੇਰੀਂ ਨਾ ਨੂੰਹ, ਮੇਰੇ ਪੁੱਤ ਦੀ ਨਾ ਵਹੁਟੀ
ਆਈ ਏ ਜੋਗੀਆਂ ਦੀ ਨਾਰ
ਪਰਮੇਸ਼ਰ ਜਾਣੇ
ਮੰਦੜੇ ਬੋਲ ਨਾ ਬੋਲ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਨੀ ਮਾਏ ਮੇਰੀਏ
ਆਖੇ ਜੈਮਲ ਰਾਜਾ
ਮਹਿਲੀਂ ਤੇ ਲੈ ਇਹਨੂੰ ਬਾੜ।

ਟੁੱਟੀ ਤੇ ਫੁੱਟੀ ਇਹਨੂੰ ਗੱਡੀ ਮੰਗਾ ਦੇ
ਜੈਮਲ ਰਾਜਿਆ ਪੁੱਤਰਾ ਮੇਰਿਆ
ਕੋਹੜਾ ਮੰਗਵਾ ਦੇ ਗੱਡਵਾਲ
ਪਰਮੇਸ਼ਰ ਜਾਣੇ
ਪੇਕੇ ਤਾਂ ਆਵੇ ਇਹਨੂੰ ਵਾੜ।
ਬਾਰ੍ਹਾਂ ਵਰ੍ਹਿਆਂ ਦਾ ਗੋਰਖ ਬਣਿਆ
ਬਣਿਆ ਉਹਦਾ ਗੱਡਵਾਲ
ਰੰਗਲੇ ਤਾਂ ਪਾਵੇ ਗੱਡੀ ਨਾਲ਼।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਧੀਏ ਮੇਰੀਏ

ਕਿਸ ਬਿਧ ਹੋਇਆ ਤੇਰਾ ਆਉਣ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਦੁਰਗਾ ਰਾਜਿਆ, ਬਾਬਲ ਮੇਰਿਆ
ਮੈਨੂੰ ਆਈ ਸੀ ਮੰਦੀ ਤੇਰੀ ਵਾਜ਼।

ਨਾਨਕੜੇ ਨਾ ਜਨਮਾਂ ਮਾਤਾ, ਮਾਤਾ ਬਾਛਲੇ
ਜਨਮਾਂ ਤਾਂ ਬਾਬਲ ਦੇ ਦੇਸ਼
ਗੁਤ ਦਾ ਪਰਾਂਦਾ ਖੋਲ੍ਹ ਮੇਰੀ ਮਾਤਾ
ਸੱਜਾ ਅੰਗੂਠਾ ਬੰਨ੍ਹ ਲੈ
ਟੂਰ ਬਾਬਲ ਦੇ ਦੇਸ਼।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਬਾਬਲ ਮੇਰਿਆ, ਦੁਰਗਾ ਰਾਜਿਆ
ਮੈਂ ਚੱਲੀ ਸਹੁਰਿਆਂ ਦੇ ਦੇਸ਼
ਖੂਹਾਂ ਦੇ ਖੂਹ ਉਹਨੇ ਦੁੱਧ ਦੇ ਭਰਾਏ
ਦੁਰਗਾ ਰਾਜੇ ਭਰਵਾਏ
ਸੁੰਢਾਂ ਦੇ ਲਵਾਏ ਖੇਤ
ਬਾਛਲ ਚੱਲੀ ਸਹੁਰੇ ਦੇਸ਼।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਜੈਮਲ ਰਾਜਿਆ, ਕੰਤਾ ਮੇਰਿਆ
ਰੱਖ ਲੈ ਜਾਏ ਦੀ ਲਾਜ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਨੀ ਸੱਸੇ ਮੇਰੀਏ ਨੀ ਮਾਏ ਮੇਰੀਏ
ਰੱਖ ਲੈ ਪੁੱਤ ਦੀ ਲਾਜ

ਮੇਰੀ ਨਾ ਨੂੰਹ ਮੇਰੇ ਪੁੱਤ ਦੀ ਨਾ ਵਹੁਟੀ
ਗਾਡੀਵਾਨਾਂ ਦੀ ਇਹ ਨਾਰ
ਜੈਮਲ ਰਾਜਿਆ ਪੁੱਤਰਾ ਮੇਰਿਆ
ਰੱਖ ਮਹਿਲਾਂ ਦੀ ਲਾਜ
ਟੁੱਟੀ ਹੋਈ ਕੋਠੜੀ ਪਲੰਘ ਪੁਰਾਣਾ
ਲੈ ਰਾਣੀ ਬਾਛਲੇ ਨਾਰੇ ਮੇਰੀਏ
ਰੱਖ ਮਹਿਲਾਂ ਦੀ ਲਾਜ।
ਗੁੱਗਾ ਜੁ ਜਰਮਿਆ, ਚੌਰਿਆਂ ਵਾਲ਼ਾ
ਚਾਨਣ ਹੋਇਆ ਘਰ ਬਾਹਰ

ਜੈਮਲ ਰਾਜਿਆ ਕੰਤਾ ਮੇਰਿਆ
ਦੂਲੋ ਤਾਂ ਰੱਖੀਂ ਇਹਦਾ ਨਾਂ
ਤਿੰਨ ਚਰਾਗ਼ ਉਹਦੇ ਮੱਥੇ ਤੇ ਜਗਦੇ
ਚੌਰਿਆਂ ਵਾਲ਼ੇ ਦੇ ਜਗਦੇ
ਚਾਨਣ ਹੋਇਆ ਅੰਦਰ ਬਾਹਰ।
ਇਕ ਸਲਾਮਾ, ਮੇਰੀਆਂ ਦੋਏ ਸਲਾਮਾਂ
ਜੈਮਲ ਰਾਜਿਆ, ਕੰਤਾ ਮੇਰਿਆ
ਪੁੱਤਰ ਨੂੰ ਮਹਿਲੀਂ ਵਾੜ।
ਇਕ ਸਲਾਮਾ ਮੇਰੀਆਂ ਦੋਏ ਸਲਾਮਾਂ
ਮਾਏ ਮੇਰੀਏ
ਪੋਤਰੇ ਨੂੰ ਮਹਿਲੀਂ ਵਾੜ
ਮੇਰੀ ਨਾ ਨੂੰਹ ਮੇਰੇ ਪੁੱਤ ਦੀ ਨਾ ਵਹੁਟੀ
ਬੱਚਾ ਮੇਰਿਆ,
ਬਾਰ੍ਹੀ, ਵਰ੍ਹੀਂ ਕਿੱਥੋਂ ਨਾਰ?

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਗੁਰੂ ਗੋਰਖਾ
ਪੁੱਠੀਆਂ ਨੂੰ ਸਿੱਧੀਆਂ ਪਾ
ਕਪਲਾ ਤੇ ਗਊ ਦਾ ਗੋਹਾ ਮੰਗਾਇਆ।
ਨੀ ਰਾਜੇ ਦੀਏ ਮਾਏ ਤੇਰੀ ਨਹੀਂ ਰਹਿਣੀ ਔਲਾਦ
ਸੁੱਤਾ ਤੇ ਜੈਮਲ ਰਾਜਾ ਸੌਂ ਗਿਆ
ਰਹੀ ਨਾ ਮਾਂ ਦੀ ਔਲਾਦ

ਗੁੱਗਾ ਮਹਿਲੀਂ ਆ ਵੜਿਆ

ਫਟ ਜੁ ਚੁੱਕ ਕੇ ਗੋਪੀ ਨੇ ਤੱਕਿਆ
ਸਿਲੀਅਰ ਖੇਲੇ ਦੂਲੋ ਨਾਲ਼
ਸਿਲੀਅਰ ਮੰਗੀ ਦੂਲੋ ਨਾਲ਼
ਅਰਜਨ ਵੀ ਜਾਏ ਉੱਥੇ ਸੁਰਜਨ ਵੀ ਜਾਏ
ਚੰਜੀ ਰਾਜੇ ਨੂੰ ਕਹੇ, ਗੋਪੀ ਰਾਣੀ ਨੂੰ ਕਹੇ
ਜੋੜੀਂ ਨਾ ਰਾਜਾ ਇਹ ਜੋੜ
ਜੋੜੀਂ ਨਾ ਰਾਣੀ ਇਹ ਜੋੜ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ

ਕੁੜਮਾਈ ਤਾਂ ਮੰਗੇ ਸੁਰਜਨ ਆਪ
ਕੁੜਮਾਈ ਤਾਂ ਮੰਗੇ ਅਰਜਨ ਆਪ
ਏਸ ਤਾਂ ਸ਼ਹਿਰ ਦੀ ਕੁੜਮਾਈ ਨਾ ਲੈਣੀ
ਦੂਲੋ ਜ਼ਾਦਿਆ, ਗੁੱਗੇ ਬੇਟਿਆ
ਕੁੜਮਾਈ ਤਾਂ ਛੱਡ ਦੇ ਆਪ।

ਇਹ ਤਾਂ ਮੰਗ ਮੈਂ ਕਦੇ ਨਾ ਛੱਡਾਂ
ਮਾਤਾ ਮੇਰੀਏ, ਰਾਣੀਏ ਬਾਛਲੇ
ਸਿਲੀਅਰ ਨਾ ਛੋਡੀ ਜਾ,
ਟੀਕੂ ਉਏ ਚਾਚਾ, ਬਹੁੜੀਂ ਓ ਚਾਚਾ
ਕੁੜਮਾਈ ਤਾਂ ਮੰਗੇ ਅਰਜਨ ਆਪ
ਕੁੜਮਾਈ ਤਾਂ ਮੰਗੇ ਸੁਰਜਨ ਆਪ

ਕੁੜਮਾਈ ਦੇ ਵੇਲੇ ਸਾਨੂੰ ਖ਼ਬਰ ਨਾ ਕੀਤੀ
ਦੂਲੋ ਜ਼ਾਦਿਆ, ਗੁਗਿਆ ਰਾਜਿਆ
ਛੁੱਟਣ ਦੇ ਵੇਲੇ ਕੀਤਾ ਯਾਦ
ਇਕ ਜੁ ਨਾਗ ਇਉਂ ਉੱਠ ਕੇ ਬੋਲੇ
ਹੂੰ ......ਜਿਨੂੰ ਮੈਂ ਲੜ ਜਾਂ
ਟੀਕੂ ਨਾਗਾ
ਉਹਨੂੰ ਰਹਿਣ ਨਾ ਦੇਵਾਂ ਪਹਿਰ।

ਕਹਾਣੀ ਅੱਗੇ ਤੁਰਦੀ ਹੈ———

ਦੌੜੀਆਂ ਕੁੜੀਆਂ ਸਿਲੀਅਰ ਕੋਲ਼ ਆਈਆਂ
ਸਿਲੀਅਰ ਭੈਣੇ
ਬਾਗੀਂ ਤਾਂ ਪਾਈਏ ਪੀਂਘ
ਇਕ ਜੁ ਝੂਟਾ ਸਿਲੀਅਰ ਨੇ ਲੀਤਾ
ਬੀਬੀ ਸਿਲੀਅਰ ਨੇ ਲੀਤਾ
ਡੰਗ ਜੁ ਮਾਰਿਆ ਟੀਕੂ ਆਪ
ਦੌੜੀਆਂ ਕੁੜੀਆਂ ਗੋਪੀ ਕੋਲ਼ ਆਈਆਂ
ਗੋਪੀ ਰਾਣੀਏ
ਸਿਲੀਅਰ ਤਾਂ ਪਈ ਬੇਹੋਸ਼।
ਦੌੜੀ-ਦੌੜੀ ਗੋਪੀ ਸਿਲੀਅਰ ਕੋਲ ਆਈ
ਬੀਬੀ ਸਿਲੀਅਰ ਕੋਲ਼ ਆਈ
ਕੌਣ ਬਲਾ ਪਈ ਆਣ

ਮੈਂ ਟੀਕੂ ਨਾਗਾਂ ਦਾ ਰਾਜਾ
ਬੀਬੀ ਗੋਪੀਏ
ਸਿਲੀਅਰ ਜਵਾਵਾਂ ਜਾਦੂ ਨਾਲ਼।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਰਾਣੀਏ ਗੋਪੀਏ
ਇਹਦਾ ਸੰਜੋਗ ਦੂਲੋ ਨਾਲ਼।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਟੀਕੂ ਨਾਗਾ
ਧੀ ਵਿਆਹਾਂ ਦੁਲੋਂ ਨਾਲ਼
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਸਿਲੀਅਰ ਤਾਂ ਮੇਰੀ ਨਾਰ

ਹੁਣ ਮੈਂ ਰੋਨੀ ਆਂ ਦੂਲਿਆ
ਕੌਣ ਚੜ੍ਹੇਗਾ ਬਰਾਤ?
ਮੇਰੇ ਕੰਤ ਦੀਓ ਮੜ੍ਹੀਓ
ਹੁਣ ਕੌਣ ਚੜ੍ਹੇਗਾ ਬਰਾਤ?

ਜੈਮਲ ਦੀਆਂ ਮੜ੍ਹੀਆਂ ਬੋਲੀਆਂ
ਰਾਣੀਏ ਬਾਛਲੇ, ਨਾਰੇ ਮੇਰੀਏ
ਗੁਰੂ ਗੋਰਖ ਤੇਰੇ ਸਾਥ।

ਅੱਗੇ ਤਾਂ ਬੈਠੇ ਅਰਜਨ ਤੇ ਸੁਰਜਨ
ਯੁੱਧ ਜੋ ਕਰਦੇ
ਦੂਲੋ ਰਾਜਿਆ
ਦੇਣੀ ਨਹੀਂ ਸਿਲੀਅਰ ਨਾਰ
ਦੂਲੋ ਰਾਜਾ ਯੁਧ ਜੋ ਕਰਦਾ
ਚੌਰਿਆਂ ਵਾਲਾ ਜੋ ਕਰਦਾ
ਅਰਜਨ ਤੇ ਸੁਰਜਨ ਦਿੱਤੇ ਮਾਰ।

ਬੀਕਾਨੇਰ ਦੇ ਇਲਾਕੇ ਵਿੱਚ ਇਹ ਕਥਾ ਉਪਰੋਕਤ ਕਥਾ ਨਾਲੋਂ ਭਿੰਨ ਹੈ, ਜੋ ਇਸ ਤਰ੍ਹਾਂ ਹੈ:———

ਬੀਕਾਨੇਰ ਵਿੱਚ ਦਦਰੇੜਾ ਨਾਮੀ ਇਕ ਨਗਰ ਵਿੱਚ ਜ਼ਵਰ ਸਿੰਘ ਨਾਮ ਦਾ ਚੁਹਾਨ ਰਾਜਪੁਤ ਰਾਜ ਕਰਦਾ ਸੀ। ਉਸ ਦੀ ਰਾਣੀ ਦਾ ਨਾਂ ਬਾਛਲ ਸੀ, ਜੋ ਸੱਤਾਂ ਜਨਮਾਂ ਦੀ ਬਾਂਝ ਸੀ। ਇਕ ਵਾਰੀ ਗੁਰੂ ਗੋਰਖ ਨਾਥ ਕਜਲੀ ਬਣ ਤੋਂ ਚਲ ਕੇ ਦਦਰੇੜਾ ਆਏ ਤੇ ਇਕ ਸੁੱਕੇ ਬਾਗ ਵਿੱਚ ਆ ਡੇਰਾ ਕੀਤਾ। ਬਾਗ ਗੁਰੁ ਗੋਰਖ ਦੇ ਤਪ ਨਾਲ ਹਰਾ ਹੋ ਗਿਆ। ਰਾਣੀ ਬਾਛਲ ਨੇ ਬਾਰ੍ਹਾਂ ਸਾਲ ਗੁਰੂ ਗੋਰਖ ਨਾਥ ਦੀ ਸੇਵਾ ਕੀਤੀ। ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਗੋਰਖ ਨਾਥ ਨੇ ਰਾਣੀ ਨੂੰ ਗੁੱਗਲ ਦਿੱਤਾ। ਉਸ ਦੇ ਗਰਹਿ ਗੁੱਗਾ ਨਾਮ ਦਾ ਇਕ ਬਾਲਕ ਜਨਮਿਆ। ਗੁੱਗੇ ਦੀ ਮਾਸੀ ਦੇ ਦੋ ਪੁੱਤਰ ਅਰਜਨ ਤੇ ਸੁਰਜਨ ਗੁੱਗੇ ਨਾਲ ਈਰਖਾ ਕਰਦੇ ਸਨ, ਤੇ ਸਮੇਂ ਦੇ ਮੁਸਲਮਾਨ ਹਾਕਮ ਫੀਰੋਜ਼ ਸ਼ਾਹ ਨਾਲ ਮਿਲ ਕੇ ਉਸ ਦਾ ਰਾਜ ਖੋਹ ਲੈਣਾ ਚਾਹੁੰਦੇ ਸਨ। ਗੁੱਗੇ ਨੇ ਤੰਗ ਆ ਕੇ ਅਰਜਨ ਸਰਜਨ ਨਾਲ ਲੜਾਈ ਕੀਤੀ, ਜਿਸ ਵਿੱਚ ਗੱਗਾ ਜਿੱਤ ਗਿਆ ਤੇ ਅਰਜਨ ਸਰਜਨ ਦੋਵੇਂ ਮਾਰੇ ਗਏ।ਇਸ ਪਰ ਗੁੱਗੇ ਦੀ ਮਾਂ ਰਾਣੀ ਬਾਛਲ ਨੂੰ ਦੁੱਖ ਹੋਇਆ, ਕਿਉਂਕਿ ਉਹ ਉਸ ਦੀ ਭੈਣ ਦੇ ਪੁੱਤਰ ਸਨ। ਉਸ ਨੇ ਗੁੱਗੇ ਨੂੰ ਕਿਹਾ ਕਿ ਉਹ ਉਸ ਨੂੰ ਮੂੰਹ ਨਾ ਵਿਖਾਏ। ਗੁੱਗੇ ਦੇ ਇਹ ਗੱਲ ਸੀਨੇ ਵਿੱਚ ਖੁੱਭ ਗਈ ਤੇ ਉਸ ਨੇ ਧਰਤੀ ਮਾਤਾ ਪਾਸ ਲੁੱਕਣ ਲਈ ਥਾਂ ਮੰਗੀ। ਧਰਤੀ ਮਾਤਾ ਨੇ ਕਿਹਾ ਕਿ ਧਰਤੀ ਵਿੱਚ ਥਾਂ ਕੇਵਲ ਮੁਸਲਮਾਨਾਂ ਨੂੰ ਹੀ ਮਿਲਦੀ ਹੈ। ਸੋ ਗੁੱਗੇ ਨੇ ਹਾਜੀ ਰਤਨ ਪਾਸੋਂ ਕਲਮਾ ਪੜਿਆ ਤਾਂ ਧਰਤੀ ਨੇ ਉਸ ਨੂੰ ਆਪਣੇ ਵਿੱਚ ਸਮਾਂ ਲਿਆ। ਇਸ ਕੌਤਕ ਨੇ ਗੁੱਗੇ ਦੀ ਸਿੱਧੀ ਸਾਰੇ ਦੇਸ਼ ਵਿੱਚ ਕਰ ਦਿੱਤੀ। ਓਦੋਂ ਤੋਂ ਗੁੱਗੇ ਪੀਰ ਦੀ ਪੂਜਾ ਸ਼ੁਰੂ ਹੋ ਗਈ।* | ਹਿਮਾਚਲ ਵਿੱਚ ਵੀ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ। ਕੁਲੁ ਵਿੱਚ ਨਾਗਰ ਨਾਮੀ ਸਥਾਨ ਤੇ ਗੁੱਗੇ ਦਾ ਇਕ ਪੁਰਾਣਾ ਖੰਡਰ ਬਣਿਆ ਹੋਇਆ ਮੰਦਰ ਹੈ। ਇੱਥੇ ਘੋੜਿਆਂ ਦੀ ਪਿੱਠ ਤੇ ਸਵਾਰ ਗੁੱਗੇ ਦੀਆਂ ਮੂਰਤੀਆਂ ਹਨ। ਸੱਪ ਲੜੇ ਲੋਕਾਂ ਨੂੰ ਗੁੱਗੇ ਦੇ ਮੰਦਰ ਵਿੱਚ ਲਿਜਾਇਆ ਜਾਂਦਾ ਹੈ। ਕੁਲੂ ਵਿੱਚ ਜੋ ਕਥਾ ਪ੍ਰਚਲਤ ਹੈ ਉਹ ਇਸ ਤਰ੍ਹਾਂ ਹੈ: ਦੱਖਣ ਵਿੱਚ ਕਿਤੇ ਬਚਲਾ ਤੇ ਕਚਲਾ ਦੋ ਭੈਣਾਂ ਰਹਿੰਦੀਆਂ ਸਨ। ਉਹ ਦੇਵਰਾਜ ਚੌਹਾਨ ਰਾਜਪੁਤ ਦੀਆਂ ਪਤਨੀਆਂ ਸਨ। ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਬਾਲ ਦੀ ਆਸ ਨਾਲ ਬਚਲਾ ਇਕ ਦਿਨ ਸ਼ਰੁਖ ਨਾਥ ਦੇ ਮੰਦਰ ਵਿੱਚ ਗਈ। ਉਸ ਨੂੰ ਬਚਨ ਦਿੱਤਾ ਗਿਆ ਕਿ ਜੇ ਉਹ ਫਿਰ ਆਵੇਗੀ ਤਾਂ ਉਹਨੂੰ ਇਕ ਫਲ ਦਿੱਤਾ ਜਾਵੇਗਾ ਤੇ ਉਸ ਦੇ ਬੱਚਾ ਅਵੱਸ਼ ਹੋਵੇਗਾ। ਕਚਲਾ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਅਗਲੇ ਦਿਨ ਆਪਣੀ ਭੈਣ ਦਾ ਭੇਸ ਧਾਰ ਕੇ ਮੰਦਰ ਵਿੱਚ ਗਈ, ਫਲ ਲੀਤਾ ਤੇ ਖਾ ਲਿਆ। ਅਗਲੇ ਦਿਨ ਬਚ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਉਸ ਦੀ ਅਸ਼ੀਰਵਾਦ ਚੁਰਾ ਲਈ ਹੈ, ਫਿਰ ਵੀ ਉਸ ਨੂੰ ਦੂਜਾ ਫਲ ਦਿੱਤਾ ਗਿਆ ਜਿਸ ਦਾ ਅੱਧਾ ਉਹਨੇ ਆਪ ਖਾ ਲਿਆ ਤੇ ਬਾਕੀ ਅੱਧਾ ਉਸ ਨੇ ਆਪਣੀ ਘੋੜੀ ਨੂੰ ਖੁਆ ਦਿੱਤਾ। ਕਚਲਾ ਦੇ ਇਕ ਧੀ ਗੁੱਗਰੀ ਜੰਮੀ ਤੇ ਬਚਲਾ ਦੇ ਪੁੱਤਰ ਗੱਗਾ ਜੰਮਿਆ। ਦੋਹਾਂ ਦੀ ਪਾਲਣਾ-ਪੋਸਣਾ ਇਕੱਠੀ ਹੀ ਹੋਈ। ਜਦੋਂ ਗੁੱਗਾ ਮਨੁੱਖੀ ਅਵਸਥਾ ਵਿਚ ਪੁੱਜਾ ਤਾਂ ਉਸ ਇਕ ਸੁੰਦਰੀ ਦੀ ਸਿੱਧੀ ਸੁਣੀ। *ਹਰਿਆਣੇ ਦੇ ਲੋਕ ਗੀਤ, ਪੰਨਾ 114. 151/ ਮਹਿਕ ਪੰਜਾਬ ਦੀ ਉਸ ਘੋੜੇ (ਆਪਣੇ ਕੋਕੇ ਭਰਾ) ਨੂੰ ਨਾਲ ਲਿਆ ਤੇ ਉਸ ਸੁੰਦਰੀ ਨੂੰ ਜਿੱਤਣ ਲਈ ਉਸ ਕੋਲ ਪੁੱਜਾ। ਕਈ ਵਰ੍ਹੇ ਉਹ ਉਸ ਨਾਲ ਰਿਹਾ। ਦਿਨ ਵੇਲੇ ਜਾਦੂ ਦੁਆਰਾ ਉਹਨੂੰ ਭੇਡ ਬਣਾ ਦਿੱਤਾ ਜਾਂਦਾ ਸੀ ਤੇ ਰਾਤੀਂ ਉਹਨੂੰ ਮੁੜ ਰਾਜੇ ਦਾ ਰੂਪ ਮਿਲ ਜਾਂਦਾ ਸੀ। ਉਸ ਦੀ ਗੈਰ-ਹਾਜ਼ਰੀ ਵਿੱਚ ਰਾਜ ਦਾ ਇਕ ਹੋਰ ਦਾਅਵੇਦਾਰ ਪ੍ਰਗਟ ਹੋਇਆ। ਉਹਨੇ ਮਹਿਲ ਵਿੱਚ ਜ਼ੋਰੀਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦਰਬਾਨ ਨੇ ਜਿਹੜਾ ਗੁੱਗੇ ਦੀ ਗੈਰ-ਹਾਜ਼ਰੀ ਵਿੱਚ ਅੰਨ੍ਹਾ ਹੋ ਗਿਆ ਸੀ, ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ। ਦਰਬਾਨ ਨੇ ਉਸ ਦੇ ਗੁੱਗਾ ਹੋਣ ਦੇ ਦਾਅਵੇ ਤੇ ਵਿਸ਼ਵਾਸ ਨਾ ਕੀਤਾ ਤੇ ਦੱਸਿਆ ਕਿ ਗੁੱਗੇ ਦੀ ਘਰ ਵਾਪਸੀ ਤੇ ਉਸ ਦੀਆਂ ਅੱਖਾਂ ਨੂੰ ਮੁੜ ਚਾਨਣ ਮਿਲ ਜਾਵੇਗਾ। ਅੰਤ ਭੀੜ ਬਣੀ ਵੇਖ ਕੇ ਗੁਰੀ ਨੇ ਇਕ ਬਾਹਮਣ ਹੱਥ ਚਿੱਠੀ ਲਿਖ ਕੇ ਗੁੱਗੇ ਨੂੰ ਬੰਗਾਲ ਵਿੱਚ ਭੇਜੀ। ਗੁੱਗੇ ਨੂੰ ਸਾਰੀ ਹਾਲਤ ਦੀ ਸਮਝ ਪਈ ਤਾਂ ਉਹਨੇ ਇਸ ਆਨੰਦਮਈ ਜੀਵਨ ਨੂੰ ਤਿਆਗ ਦਿੱਤਾ ਅਤੇ ਬਾਹਮਣ ਦੀ ਸਹਾਇਤਾ ਨਾਲ ਉਸ ਨੇ ਜਾਦੂ ਦੇ ਅਸਰ ਤੋਂ ਵੀ ਛੁਟਕਾਰਾ ਪਾਇਆ। ਏਸੇ ਸਹਾਇਤਾ ਨਾਲ ਉਹਦਾ ਕਮਜ਼ੋਰ ਤੇ ਦੁਬਲਾ-ਪਤਲਾ ਘੋੜਾ ਵੀ ਮੁੜ ਬਲਵਾਨ ਬਣ ਗਿਆ। ਗੁੱਗਾ ਘੋੜੇ ਤੇ ਚੜ੍ਹ ਕੇ ਦੇਸ਼ ਨੂੰ ਚਲਾ ਗਿਆ। ਦੇਸ਼ ਵਾਪਸੀ ਤੇ ਦਰਬਾਨ ਦੀਆਂ ਅੱਖਾਂ ਠੀਕ ਹੋ ਗਈਆਂ। ਹੁਣ ਗੁੱਗੇ ਤੇ ਗੁਰੀ ਨੇ ਲੜਾਈ ਵਿੱਚ ਬੜੇ ਜੌਹਰ ਵਿਖਾਏ। ਗੁੱਗਾ ਤਾਂ ਆਪਣਾ ਸਿਰ ਵਢਿਆ ਜਾਣ ਪਿੱਛੋਂ ਵੀ ਕੁਝ ਚਿਰ ਲੜਦਾ ਰਿਹਾ। ਮੌਤ ਪਿੱਛੋਂ ਉਹਨੂੰ ਦੇਵਤੇ ਦੀ ਪਦਵੀ ਦਿੱਤੀ ਗਈ। ਉਸ ਨੂੰ ਹਰ ਵੇਲੇ ਘੋੜ-ਸਵਾਰ ਹੀ ਵਿਖਾਇਆ ਗਿਆ ਹੈ।* ਇਸ ਤਰ੍ਹਾਂ ਵੱਖੋ-ਵੱਖ ਪ੍ਰਾਂਤਾਂ ਵਿੱਚ ਗੁੱਗੇ ਦੀ ਕਹਾਣੀ ਬਦਲਦੀ ਰਹਿੰਦੀ ਹੈ। ਉੱਜ ਏਸ ਕਥਾ ਦੇ ਅੰਤ ਅਤੇ ਖ਼ਾਸ-ਖ਼ਾਸ ਘਟਨਾਵਾਂ ਵਿੱਚ ਸਮਾਨਤਾ ਹੈ। ਹੁਣ ਮੈਂ ਗੁੱਗੇ ਦੀ ਉਸਤਤੀ ਵਿੱਚ ਗਾਏ ਜਾਂਦੇ ਕੁਝ ਕੁ ਗੀਤ ਜਿਹੜੇ ਕਿ ਔਰਤਾਂ ਗੁੱਗੇ ਦੀ ਪੂਜਾ ਸਮੇਂ ਰਲ ਕੇ ਗਾਂਦੀਆਂ ਹਨ, ਪੇਸ਼ ਕਰਦਾ ਹਾਂ। ਗੀਤ ਹੈ: ਪੱਲੇ ਮੇਰੇ ਛੱਲੀਆਂ। ਮੈਂ ਗੁੱਗਾ ਮਨਾਵਨ ਚੱਲੀ ਆਂ ਜੀ ਮੈਂ ਬਾਰੀ ਗੁੱਗਾ ਜੀ ਪੱਲੇ ਮੇਰੇ ਮੱਠੀਆਂ ਮੈਂ ਗੁੱਗਾ ਮਨਾਵਣ ਨੱਠੀਆਂ ਜੀ ਮੈਂ ਬਾਰੀ ਗੁੱਗਾ ਜੀ ਰੋਹੀ ਵਾਲਿਆ ਗੁੱਗਿਆ ਵੇ ਭਰਿਆ ਕਟੋਰਾ ਦੁੱਧ ਦਾ ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ

  • ‘ਕੁੱਲੂ ਦੇ ਲੋਕ-ਗੀਤ’, ਪੰਨਾ 36-37
152/ ਮਹਿਕ ਪੰਜਾਬ ਦੀ

ਜੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਮਾਹਾਂ ਦਾ
ਗੁੱਗਾ ਮਹਿਰਮ ਸਭਨਾਂ ਥਾਵਾਂ ਦਾ
ਜੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਤੇਲ ਦਾ
ਮੇਰਾ ਗੁੱਗਾ ਮਾੜੀ ਵਿੱਚ ਮੇਹਲਦਾ
ਜੀ ਮੈਂ ਬਾਰੀ ਗੁੱਗਾ ਜੀ
ਜੀ ਹੋ

ਜਿਨ੍ਹਾਂ ਦੀ ਕੁਖ਼ ਹਰੀ ਨਾ ਹੋਵੇ, ਉਹ ਗੁੱਗੇ ਪਾਸੋਂ ਵਰ ਮੰਗਦੀਆਂ ਹਨ———

ਧੌਲੀਏ ਦਾਹੜੀਏ
ਚਿੱਟੀਏ ਪੱਗੇ ਨੀ
ਅਰਜ਼ ਕਰੇਨੀਆਂ ਗੁੱਗੇ ਦੇ ਅੱਗੇ ਨੀ
ਸੁੱਕੀਆਂ ਬੇਲਾਂ ਨੂੰ
ਜੇ ਫਲ ਲੱਗੇ ਨੀ

ਗੁੱਗੇ ਦੀ ਪੂਜਾ ਸਾਰਾ ਜਗ ਕਰਦਾ ਹੈ, ਇਕ ਤਿਉਹਾਰ ਵਾਂਗ ਇਹ ਦਿਨ ਮਨਾਉਂਦਾ ਹੈ:———

ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਕੂਟਾਂ ਚੱਲੀਆਂ ਚਾਰੇ
ਜੀ ਜਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਜਗ ਚਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂਟਾਂ ਝੁਕੀਆਂ ਚਾਰੇ

ਇਹ ਧਰਤੀ ਹੀ ਗੁੱਗੇ ਦੀ ਹੈ, ਚਾਰੇ ਪਾਸੇ ਏਸੇ ਦਾ ਰਾਜ ਹੈ। ਗੀਤ ਦੇ ਬੋਲ ਹਨ:———

ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀਂ ਤੇਰਾ ਰਾਜ
ਪਰਜਾ ਵਸੇ ਸੁਖਾਲੀ ਹੋ
ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ

ਚੌਹੀਂ ਕੂਟੀਂ ਤੇਰਾ ਰਾਜ
ਜੀ ਕੂੱਟਾਂ ਝੁਕੀਆਂ ਚਾਰੇ

ਇਹ ਤਾਂ ਸਿਰਫ਼ ਔਰਤਾਂ ਦੇ ਹੀ ਕੁਝ ਕੁ ਗੀਤ ਹਨ। ਇਸ ਤੋਂ ਬਿਨਾਂ ਗੁੱਗੇ ਪੀਰ ਦੇ ਅਨੇਕਾਂ ਗੀਤ ਹਨ, ਜਿੰਨ੍ਹਾਂ ਨੂੰ ਗੁੱਗੇ ਦੇ ਭਗਤ ਮੰਗਣ ਸਮੇਂ ਗਾਉਂਦੇ ਹਨ। ਉਨ੍ਹਾਂ ਦੇ ਗੀਤਾਂ ਬਾਰੇ ਵਿਚਾਰਨਾ ਇਕ ਵੱਖਰੇ ਲੇਖ ਦਾ ਵਿਸ਼ਾ ਹੈ।

ਗੁੱਗਾ ਭਗਤਾਂ ਵੱਲੋਂ ਗਾਏ ਜਾਂਦੇ ਗੁੱਗੇ ਦੇ ਗੀਤਾਂ ਨੂੰ ਸਾਂਭਣ ਦੀ ਅਤੀ ਲੋੜ ਹੈ। ਡਰ ਹੈ ਕਿਤੇ ਅਸੀਂ ਵਾਰ-ਸਾਹਿਤ ਦੇ ਵੱਡਮੁਲੇ ਹੀਰਿਆਂ ਨੂੰ ਐਵੇਂ ਨਾ ਗੰਵਾ ਦੇਈਏ।}}</poem>

ਪੂਰਨ ਭਗਤ

ਪੂਰਨ ਭਗਤ ਦੀ ਜੀਵਨ ਕਥਾ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮੀ ਹੋਈ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਪੂਰਨ ਭਗਤ ਦੇ ਜੀਵਨ ਤੋਂ ਪ੍ਰੇਰਨਾ ਨਾ ਪ੍ਰਾਪਤ ਨਾ ਕੀਤੀ ਹੋਵੇ।

ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਦਾ ਰਾਜ ਸੀ। ਉਸ ਦੀ ਰਾਣੀ ਇਛਰਾਂ ਦੀ ਕੁੱਖੋਂ ਪੂਰਨ ਦਾ ਜਨਮ ਹੋਇਆ। ਜੋਗੀਆਂ ਤੇ ਨਜੂਮੀਆਂ ਨੇ ਸਲਵਾਨ ਨੂੰ ਸਲਾਹ ਦਿੱਤੀ-ਇਹ ਨਵ ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ ਬਾਪ ਦੇ ਮੱਥੇ ਨਾ ਲੱਗੇ। ਨਹੀਂ ਰਾਜੇ ਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।

ਪੂਰਨ ਨੂੰ ਜੰਮਦੇ ਨੂੰ ਹੀ ਭੋਰੇ ਵਿੱਚ ਪਾ ਦਿੱਤਾ ਗਿਆ.....ਉਸ ਦੀ ਮਾਂ ਇਛਰਾਂ ਤੜਪਦੀ ਸੀ, ਕੁਰਲਾਉਂਦੀ ਰਹੀ-ਉਹਦੀਆਂ ਰੋ ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ...

ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਐਸ਼ ਪ੍ਰਸੱਤੀ ਲਈ ਨਵ ਜੋਵਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ...ਇਛਰਾਂ ਆਪਣੇ ਪੁੱਤ ਦੇ ਵਿਯੋਗ ਵਿੱਚ ਤੜਪਦੀ ਰਹੀ, ਪੂਰਨ ਆਪਣੇ ਮਾਂ ਬਾਪ ਦੇ ਪਿਆਰ ਤੋਂ ਸੱਖਣਾ ਜ਼ਿੰਦਗੀ ਦੀ ਪਾਉੜੀ ਤੇ ਚੜ੍ਹਦਾ ਰਿਹਾ।

ਸਮਾਂ ਆਪਣੀ ਤੋਰੇ ਤੁਰ ਰਿਹਾ ਸੀ.....ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ...... ਰੂਪ ਦੀ ਸਾਕਾਰ ਮੂਰਤ..... ਇਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾਂ ਮਾਰ ਰਹੀ ਸੀ..... ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ..... ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ।

ਸ਼ਾਹੀ ਮਹਿਲਾਂ 'ਚ ਪਹਿਲਾ ਮਹਿਲ ਮਤ੍ਰੇਈ ਮਾਂ ਲੂਣਾਂ ਦਾ ਸੀ। ਲੂਣਾਂ ਨੂੰ ਢਲਦੀ ਉਮਰ ਦੇ ਸਲਵਾਨ ਪਾਸੋਂ ਕਦੀ ਵੀ ਕਾਮ ਸੰਤੁਸ਼ਟੀ ਪ੍ਰਾਪਤ ਨਹੀਂ ਸੀ ਹੋਈ। ਉਹ ਇਕ ਅਤ੍ਰਿਪਤ ਔਰਤ ਸੀ। ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁਧ ਬਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਉਹਨੇ ਪੂਰਨ ਨਾਲ਼ ਆਪਣੀ ਸੇਜ ਸਾਂਝੀ ਕਰਨ ਦੇ ਅਨੇਕਾਂ ਯਤਨ ਕੀਤੇ। ਪੂਰਨ ਡੋਲਿਆ ਨਾ.... ਲੂਣਾ ਤਾਂ ਉਹਦੀ ਮਾਂ ਦਾ ਸਾਕਾਰ ਰੂਪ ਸੀ.... ਇਸ ਤੋਂ ਚਿੜ ਕੇ ਲੂਣਾ ਨੇ ਉਲਟਾ ਪੂਰਨ ਤੇ ਤੋਹਮਤ ਲਾ ਦਿੱਤੀ ਕਿ ਉਹ ਉਹਦੇ ਵੱਲ ਮੈਲ਼ੀਆਂ ਨਜ਼ਰਾਂ ਨਾਲ਼ ਵੇਖਦਾ ਸੀ। ਉਹਨੇ ਸਲਵਾਨ ਨੂੰ ਪੂਰਨ ਵਿਰੁੱਧ ਭੜਕਾ ਦਿੱਤਾ... ਸਲਵਾਨ ਨੇ ਅੱਗੋਂ ਪੂਰਨ ਨੂੰ ਇਸ ਦੋਸ਼ ਬਦਲੇ ਕਤਲ ਕਰਨ ਦਾ ਹੁਕਮ ਦੇ ਦਿੱਤਾ।

ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ... ਰਾਣੀ ਇਛਰਾਂ ਦਾ ਰੋਣ ਝਲਿਆ ਨਹੀਂ ਸੀ ਜਾਂਦਾ। ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂੰ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ... ਜੰਗਲ 'ਚ ਜਾ ਕੇ ਉਹ ਉਹਨੂੰ ਇਕ ਵੈਰਾਨ ਖੂਹ ’ਚ ਧੱਕਾ ਦੇ ਆਏ... ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਸ ਨੂੰ ਮਾਰ ਆਏ ਹਨ ...

ਐਨ ਉਸੇ ਵੇਲੇ ਨਾਥ ਜੋਗੀਆਂ ਦਾ ਇਕ ਟੋਲਾ ਉਸ ਖੂਹ ਤੇ ਆ ਉਤਰਿਆ... ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੋਲ ਫਰ੍ਹਾਇਆ.... ਕਿਸੇ ਪੁਰਸ਼ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ... ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ।

ਪੂਰਨ ਤਿਆਗ ਦੀ ਮੂਰਤ ਬਣਿਆ ਖੜੋਤਾ ਸੀ... ਉਹਨੇ ਗੋਰਖ ਨਾਥ ਦੇ ਚਰਨਾਂ 'ਚ ਆਪਣੇ ਆਪ ਨੂੰ ਅਰਪਣ ਕਰ ਦਿੱਤਾ... ਗੋਰਖ ਨੇ ਪੂਰਨ ਦੇ ਕੰਨਾਂ 'ਚ ਮੁੰਦਰਾਂ ਪੁਆ ਕੇ ਜੋਗੀ ਬਣਾ ਦਿੱਤਾ...

ਜੋਗੀ ਬਣਿਆਂ ਪੂਰਨ ਪਹਿਲੇ ਦਿਨ ਗਲ ’ਚ ਬਗਲੀ ਪਾ ਕੇ ਭਿੱਛਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝਲਿਆ ਨਾ ਗਿਆ... ਉਹਨਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖ਼ੈਰ ਪਾਉਣ ਲਈ ਆਖਿਆ ... ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ `ਚ ਉਲੱਦ ਦਿੱਤਾ।

ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ-ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ-"ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ... ਹੀਰੇ ਮੋਤੀ ਨਹੀਂ।"

ਰਾਣੀ ਸੁੰਦਰਾਂ ਪੂਰਨ ਨੂੰ ਵੇਖ ਕੇ ਪ੍ਰੇਮ ਦੀਵਾਨੀ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ.... ਗੋਰਖ ਦੇ ਟਿਲੇ 'ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ।

ਪਿਆਰ ਤੇ ਸ਼ਰਧਾ ’ਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ।
"ਰਾਣੀ ਮੰਗ ਜੋ ਮੰਗਣੇਂ ... ਤੇਰੀ ਹਰ ਮੁਰਾਦ ਪੂਰੀ ਹੋਵੇਗੀ।"
"ਕਿਸੇ ਚੀਜ਼ ਦੀ ਲੋੜ ਨਹੀਂ ਨਾਥ ਜੀ।"
ਗੋਰਖ ਮੁੜ ਬੋਲਿਆ, "ਅਜੇ ਵੀ ਮੰਗ ਲੈ।"
"ਨਾਥ ਜੀ ਥੋਡੀ ਅਸ਼ੀਰਵਾਦ ਹੀ ਬਹੁਤ ਐ"
ਸੁੰਦਰਾਂ ਭਾਵਕ ਹੋਈ ਆਖ ਰਹੀ ਸੀ।
"ਤੀਜਾ ਬਚਨ ਐ .... ਮੰਗ ਲੈ ਰਾਣੀਏ।"

ਸੁੰਦਰਾਂ ਲਈ ਇਹੀ ਯੋਗ ਅਵਸਰ ਸੀ। ਉਸ ਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ,

"ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵੋ।"

ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ਼ ਜਾਣ ਦਾ ਇਸ਼ਾਰਾ ਕਰ ਦਿੱਤਾ। ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ਼ ਉਹਦੇ ਮਹਿਲਾਂ ਨੂੰ ਤੁਰ ਪਿਆ... ਰਾਣੀ ਨੇ ਉਹਦੀਆਂ ਸੈਆਂ ਖ਼ਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖ਼ਰੇ ਭਰਮਾ ਨਾ ਸਕੇ-ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ।

ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ 'ਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ਼ ਤੋਰ ਦਿੱਤੀਆਂ ਤੇ ਆਪ ਮਹਿਲਾਂ ਤੇ ਖੜੋ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰੱਖ਼ਤਾਂ ਦੇ ਝੁੰਡ ਉਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਸੁੰਦਰਾਂ ਪੂਰਨ ਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ.... ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ... ਸੁੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।

ਪੂਰਨ ਜੋਗੀ ਬਣਿਆਂ ਜੋਗ ਦਾ ਚਾਨਣ ਵੰਡਦਾ-ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ... ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ... ਰਾਣੀ ਇਛਰਾਂ ਆਪਣੇ ਪੁੱਤ ਦੇ ਵਯੋਗ ਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਕ ਹਰੀ ਨਾ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।

ਪੂਰੇ ਬਾਰਾਂ ਵਰ੍ਹੇ ਮਗਰੋਂ ਪੂਰਨ ਜੋਗੀ ਦੇ ਰੂਪ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ... ਸ਼ਹਿਰੋਂ ਬਾਹਰ ਉਸਦੀ ਯਾਦ 'ਚ ਬਣੇ, ਉਜੜੇ ਹੋਏ ਬਾਗ਼ `ਚ ਉਹਨੇ ਧੂਣਾ ਤਾਪ ਦਿੱਤਾ... ਬਾਗ਼ ਹਰਾ-ਭਰਾ ਹੋ ਗਿਆ-ਸਾਰੇ ਸ਼ਹਿਰ ਵਿੱਚ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀਂ ਵੀ ਕਰਾਮਾਤੀ ਜੋਗੀ ਦੀ ਕਨਸੋ ਪਈ... ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫ਼ੈਸਲਾ ਕਰ ਲਿਆ।

ਸਲਵਾਨ ਰਾਣੀਆਂ ਸਮੇਤ ਧੂਣਾ ਤਾਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ... ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖੜੋਤੇ ਸਨ... ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਜਾ ਛੂਹੇ।

ਉਹਦੀ ਛੂਹ ਪ੍ਰਾਪਤ ਕਰਕੇ ਇਛਰਾਂ ਬੋਲੀ, "ਵੇ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈ..."

ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛਹੁ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖੀਆਂ ਵਿੱਚ ਮੁੜ ਜੋਤ ਆ ਗਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ।

ਪੂਰਨ ਦੇ ਮੁਖੜੇ ਤੇ ਅਨੂਠਾ ਜਮਾਲ ਸੀ।
ਸਲਵਾਨ ਸੁੰਨ ਹੋਇਆ ਖੜੋਤਾ ਸੀ... ਉਸ ਦੇ ਬੁੱਲ੍ਹ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, "ਜੋਗੀ ਜੀ, ਸਾਡੇ ਤੇ ਦਿਆ ਕਰੋ ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖ਼ਸ਼ੋ। "ਪੁੱਤ ਤਾਂ ਰਾਜੇ ਦਾ ਹੈਗਾ-ਹੋਰ ਪੁੱਤ ਦੀ ਕੀ ਲੋੜ ਐ", ਜੋਗੀ ਬੁਲ੍ਹਿਆਂ 'ਚ ਮੁਸਕਰਾਇਆ।

"ਜੋਗੀ ਜੀ ਪੁੱਤ ਮੇਰਾ ਹੈ ਨਹੀਂ, ਸੀਗਾ ਪਰ ਕੁਕਰਮ ਕਰਕੇ ਇਸ ਦੁਨੀਆਂ 'ਚ ਨਹੀਂ ਰਿਹਾ।" ਰਾਜੇ ਦਾ ਗਲ਼ਾ ਭਰ ਆਇਆ। ਲੂਣਾ ਦੇ ਸਬਰ ਦਾ ਪਿਆਲਾ ਛਲਕ ਪਿਆ... ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਹੰਝੂ ਵਹਿ ਟੁਰੇ। ਜੋਗੀ ਦੇ ਮਸਤਕ ਦਾ ਤੇਜ਼ ਹੀ ਐਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ, "ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ-ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਹਮਤ ਲਾਈ ਸੀ....।"

ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿੱਚੋਂ ਤਲਵਾਰ ਧੂਹ ਲਈ ਤੇ ਲੂਣਾ ਦਾ ਗਲ ਵੱਢਣ ਲਈ ਬਾਂਹ ਉਲਾਰੀ।

ਪੂਰਨ ਨੇ ਫੁਰਤੀ ਨਾਲ਼ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, "ਇਹਨੂੰ ਖਿਮਾ ਕਰ ਦੇਵੋ ... ਤੁਹਾਡਾ ਪੁੱਤ ਜਿਊਂਦਾ ਹੈ... ਮੈਂ ਹੀ ਆਂ ਤੁਹਾਡਾ ਪੁੱਤ ਪੂਰਨ।"

ਵੈਰਾਗ ਦੇ ਹੰਝੂ ਵਹਿ ਟੁਰੇ ... ਇਛਰਾਂ, ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ-ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀਂ ਚੱਲਣ ਲਈ ਆਖਿਆ ... ਪਰੰਤੂ ਪੂਰਨ ਨੇ ਉਹਨਾਂ ਨਾਲ਼ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ... ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ।

ਉਹਨੇ ਭਿਖਿਆ ਦੇ ਖੱਪਰ ਵਿੱਚੋਂ ਚੌਲ ਦਾ ਇਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ, "ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ਼ ਵਾਂਗ ਹਰੀ ਹੋਵੇਗੀ... ਤੁਹਾਡੀ ਝੋਲੀ ਵਿੱਚ ਪੁੱਤਰ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ।"

ਪੁੱਤ ਦੀ ਦਾਤ ਦੀ ਬਖ਼ਸ਼ਸ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਟੂਰ ਗਿਆ... ਰਾਜਾ ਤੇ ਰਾਣੀਆਂ ਭਰੇ ਨੇਤਰਾਂ ਨਾਲ਼ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ...

ਸਮਾਂ ਪਾ ਕੇ ਲੂਣਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਤ ਹਨ।

ਪੰਜਾਬੀ ਲੋਕ ਕਾਵਿ ਵਿੱਚ ਪੂਰਨ ਭਗਤ ਬਾਰੇ ਅਨੇਕਾਂ ਲੋਕ-ਗੀਤ ਮਿਲਦੇ ਹਨ। ਉਸ ਦੀ ਭਗਤੀ ਨੂੰ ਲੋਕ ਮਾਣਸ ਨੇ ਸਤਿਕਾਰ ਭਰੀ ਥਾਂ ਦਿੱਤੀ ਹੋਈ ਹੈ:

ਭਗਤੀ ਤੇਰੀ ਪੂਰਨਾ
ਕੱਚੇ ਧਾਗੇ ਦਾ ਸੰਗਲ ਬਣ ਜਾਵੇ

ਪੂਰਨ ਤੇ ਲੂਣਾ ਦਾ ਵਾਰਤਾਲਾਪ ਸੁਆਣੀਆਂ ਬੜੀਆਂ ਲਟਕਾਂ ਨਾਲ਼ ਗਾਉਂਦੀਆਂ ਹਨ।

ਵੇ ਮੈਂ ਬਾਗ਼ ਲਵਾਵਾਂ ਪੂਰਨਾ

ਤੂੰ ਕਲੀਆਂ ਦੇ ਪੱਜ ਆ

ਕਲੀਆਂ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ

ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ

ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਮੈਂ ਖੂਹਾ ਲਵਾਵਾਂ ਪੂਰਨਾ
ਵੇ ਤੂੰ ਨ੍ਹਾਵਣ ਦੇ ਪੱਜ ਆ
ਵੇ ਸੋਹਣਿਆਂ ਪੂਰਨਾ ਵੇ

ਨ੍ਹਾਵਣ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੁਰਨਾ ਵੇ

ਜਦੋਂ ਗਿੱਧੇ ਦਾ ਪਿੜ ਮਘਦਾ ਹੈ ਪੂਰਨ ਭਗਤ ਨੂੰ ਯਾਦ ਕਰਦਿਆਂ ਅਨੇਕਾਂ ਬੋਲੀਆਂ ਪਾਈਆਂ ਜਾਂਦੀਆਂ ਹਨ:———

ਅੱਡੀ ਮੇਰੀ ਕੌਲ ਕੰਚ ਦੀ
ਗੂਠੇ ਤੇ ਬਰਨਾਮਾਂ
ਚਿੱਠੀਆਂ ਮੈਂ ਲਿਖਦੀ
ਪੜ੍ਹ ਮੁੰਡਿਆ ਅਣਜਾਣਾ
ਪੂਰਨ ਭਗਤ ਦੀਆਂ-
ਜੋੜ ਬੋਲੀਆਂ ਪਾਵਾਂ

ਪੂਰਨ ਤੇ ਰਾਣੀ ਲੂਣਾਂ ਦੀ ਆਪਸੀ ਗੱਲਬਾਤ ਬਾਰੇ ਕਈ ਬੋਲੀਆਂ ਪ੍ਰਾਪਤ ਹਨ:-

ਲੂਣਾਂ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾ ਕੇ
ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹ ਜਾ ਸੇਜ ਤੇ ਆ ਕੇ

ਮਾਈ ਮਾਈ ਪਿਆ ਭੌਕਦੈ
ਕਿੱਥੋਂ ਲਗਦੀ ਮਾਈ
ਤੇਰੀ ਖ਼ਾਤਰ ਨਾਲ ਸੌਂਕ ਦੇ
ਸੁੰਦਰ ਸੇਜ ਬਛਾਈ
ਹਾਣ ਪਰਮਾਣ ਦੋਹਾਂ ਦਾ ਇੱਕੋ
ਝੜੀ ਰੂਪ ਨੇ ਲਾਈ
ਗਲ ਦੇ ਨਾਲ਼ ਲਗਾ ਲੈ ਮੈਨੂੰ
ਕਰ ਸੀਨੇ ਸਰਦਾਈ
ਮੇਵੇ ਰੁੱਤ-ਰੁੱਤ ਦੇ-
ਮਸਾਂ ਜੁਆਨੀ ਆਈ

ਮਾਈ ਮਾਈ ਪਿਆ ਭੌਂਕਦੈ
ਕਿੱਥੋਂ ਸਾਕ ਬਣਾਇਆ
ਕਿੱਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁੰਗਾਇਆ
ਉਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟੋਂ ਜਾਇਆ
ਚਲ ਸ਼ਤਾਬੀ ਬੈਠ ਪਲੰਘ ਤੇ
ਕਿਉਂ ਨਖ਼ਰੇ ਵਿੱਚ ਆਇਆ
ਲੂਣਾਂ ਰਾਣੀ ਨੇ———
ਹੱਥ ਬੀਣੀ ਨੂੰ ਪਾਇਆ

ਮਨ ਨੂੰ ਮੋੜ ਕੇ ਬੈਠ ਪਾਪਣੇ

ਤੈਂ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲਗਦਾ
ਜੀਹਨੇ ਤੂੰ ਪਰਨਾਈ
ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਚਲਾਈ
ਪੂਰਨ ਹੱਥ ਬੰਨ੍ਹਦਾ———
ਤੂੰ ਹੈਂ ਧਰਮ ਦੀ ਮਾਈ

ਭਾਗ ਦੂਜਾ

ਕਿਸਾਨੀ ਲੋਕ ਸਾਹਿਤ