ਮੁਕੱਦਮਾ/ਛੇਵਾਂ ਭਾਗ

ਵਿਕੀਸਰੋਤ ਤੋਂ

ਛੇਵਾਂ ਭਾਗ

ਕੇ. ਦਾ ਚਾਚਾ ਅਤੇ ਲੇਨੀ

ਇੱਕ ਦਿਨ ਕੇ. ਡਾਕ ਆਦਿ ਵੇਖਣ ਵਿੱਚ ਬਹੁਤ ਰੁੱਝਿਆ ਹੋਇਆ ਸੀ। ਉਸਦਾ ਚਾਚਾ ਜਿਸਦਾ ਨਾਂ ਕਾਰਲ ਸੀ ਅਤੇ ਜਿਹੜਾ ਆਪਣੇ ਪਿੰਡ ਵਿੱਚ ਥੋੜ੍ਹੀ ਬਹੁਤ ਜ਼ਮੀਨ ਦਾ ਮਾਲਿਕ ਸੀ, ਸਟਾਫ਼ ਦੇ ਦੋ ਮੈਂਬਰਾਂ ਨੂੰ ਚੀਰਦਾ ਹੋਇਆ ਅੰਦਰ ਆ ਵੜਿਆ। ਉਹ ਦੋਵੇਂ ਜ਼ਰੂਰੀ ਕਾਗਜ਼ਾਤ ਲੈ ਕੇ ਅੰਦਰ ਆ ਰਹੇ ਸਨ। ਕੁੱਝ ਸਮੇਂ ਤੱਕ ਉਹ ਇਹ ਸੋਚਦੇ ਰਹਿਣ ਤੱਕ ਕਿ ਚਾਚਾ ਤਾਂ ਆ ਨਹੀਂ ਸਕਦਾ, ਦੇ ਮੁਕਾਬਲੇ ਉਸਦਾ ਇਸੇ ਵੇਲੇ ਸਿੱਧਾ ਅੰਦਰ ਚਲੇ ਆਉਣ ਦੇ ਦ੍ਰਿਸ਼ ਤੋਂ ਭੈਅਭੀਤ ਹੋ ਗਿਆ। ਪਿਛਲੇ ਕਰੀਬ ਮਹੀਨੇ ਭਰ ਤੋਂ ਕੇ. ਜਾਣਦਾ ਸੀ ਕਿ ਉਸਦੇ ਚਾਚੇ ਨੇ ਤਾਂ ਆਉਣਾ ਹੀ ਹੈ ਅਤੇ ਉਸਦੇ ਦਿਮਾਗ ਵਿੱਚ ਕਾਫ਼ੀ ਲੰਮੇ ਸਮੇਂ ਤੋਂ ਚਾਚੇ ਦੀ ਉਹ ਤਸਵੀਰ ਸੀ, ਜਿਵੇਂ ਕਿ ਉਹ ਠੀਕ ਇਸੇ ਵੇਲੇ ਉਸਦੇ ਸਾਹਮਣੇ ਮੌਜੂਦ ਸੀ। ਰਤਾ ਕੁ ਅੱਗੇ ਨੂੰ ਝੁਕਿਆ ਹੋਇਆ ਅਤੇ ਫੈਲਿਆ ਹੋਇਆ ਆਪਣਾ ਹੈਟ ਆਪਣੇ ਖੱਬੇ ਹੱਥ ਵਿੱਚ ਫੜੀ, ਉਸਦਾ ਸੱਜਾ ਹੱਥ ਦੂਰੋਂ ਹੀ ਕੇ. ਦੇ ਵੱਲ ਵਧ ਗਿਆ ਸੀ ਅਤੇ ਗੈਰਜ਼ਰੂਰੀ ਤੇਜ਼ੀ ਨਾਲ ਆਰ-ਪਾਰ ਅਤੇ ਸਾਹਮਣੇ ਵਾਲੀ ਹਰੇਕ ਚੀਜ਼ ਨੂੰ ਛੇੜਦੇ ਹੋਏ ਉਹ ਮੇਜ਼ ’ਤੇ ਆ ਝੁਕਿਆ। ਉਸਦਾ ਇਹ ਚਾਚਾ ਹਮੇਸ਼ਾ ਛੇਤੀ ਵਿੱਚ ਰਹਿੰਦਾ ਸੀ, ਕਿਉਂਕਿ ਉਸਦੇ ਅੰਦਰ ਇਹ ਬਦਕਿਸਮਤ ਵਿਚਾਰ ਘਰ ਕਰ ਗਿਆ ਸੀ ਕਿ ਜਿੰਨੀ ਦੇਰ ਵੀ ਉਹ ਰਾਜਧਾਨੀ ਵਿੱਚ ਹੈ (ਜਿੱਥੇ ਇੱਕ ਦਿਨ ਤੋਂ ਜ਼ਿਆਦਾ ਉਹ ਟਿਕਿਆ ਵੀ ਨਹੀਂ ਸੀ) ਉਸਨੇ ਉਹ ਹਰ ਕੰਮ ਨਬੇੜਨਾ ਹੈ, ਜਿਸਦੇ ਵਿਚਾਰ ਨਾਲ ਉਹ ਇੱਧਰ ਆਇਆ ਹੈ ਅਤੇ ਇਹ ਵੀ ਕਿ ਉਸਤੋਂ ਪ੍ਰਾਪਤ ਹੋਣ ਵਾਲਾ ਹਰ ਸੰਭਵ ਸੰਵਾਦ ਅਤੇ ਹੋਰ ਗੱਲਾਂ ਉਸ ਤੋਂ ਛੁੱਟਣੀਆਂ ਨਹੀਂ ਚਾਹੀਦੀਆਂ। ਇਸ ਪ੍ਰਕਿਰਿਆ ਵਿੱਚ ਕੇ. ਜਿਹੜਾ ਆਪਣੇ ਇਸ ਚਾਚੇ ਦਾ ਰਿਣੀ ਸੀ ਕਿਉਂਕਿ ਉਸਨੇ ਉਸਨੂੰ ਪਾਲਿਆ ਸੀ। ਇਸ ਲਈ ਜਿੰਨੀ ਵੀ ਉਹ ਉਸਦੀ ਮਦਦ ਕਰ ਸਕਦਾ ਸੀ, ਉਸਨੇ ਕਰਨੀ ਸੀ ਅਤੇ ਇਸਦੇ ਬਿਨ੍ਹਾਂ ਉਸਨੂੰ ਇੱਕ ਰਾਤ ਲਈ ਆਪਣੇ ਕੋਲ ਵੀ ਰੱਖਣਾ ਸੀ। ਉਹ ਉਸਨੂੰ ਪਿੰਡ ਦਾ ਬੇਤਾਲ ਕਿਹਾ ਕਰਦਾ ਸੀ।

ਹੱਥ ਮਿਲਾਉਣ ਦੇ ਇੱਕ ਦਮ ਬਾਅਦ ਕੇ. ਨੇ ਉਸਦੇ ਬੈਠਣ ਲਈ ਕੁਰਸੀ ਮੰਗਵਾਈ ਸੀ, ਪਰ ਉਸ ਕੋਲ ਬੈਠਣ ਦਾ ਸਮਾਂ ਨਹੀਂ ਸੀ। ਉਸਨੇ ਕੇ. ਨੂੰ ਬੇਨਤੀ ਕੀਤੀ ਕਿ ਉਹ ਰਤਾ ਇੱਕ ਸ਼ਾਂਤੀ ਵਿੱਚ ਉਸ ਨਾਲ ਕੁੱਝ ਗੱਲਬਾਤ ਕਰਨਾ ਚਾਹੁੰਦਾ ਹੈ।

"ਇਹ ਬਹੁਤ ਜ਼ਰੂਰੀ ਹੈ," ਉਸਨੇ ਦਰਦਨਾਕ ਢੰਗ ਨਾਲ ਬੁੱਕ ਨਿਗਲਦੇ ਹੋਏ ਕਿਹਾ, "ਮੇਰੀ ਦਿਮਾਗੀ ਸ਼ਾਂਤੀ ਲਈ ਇਹ ਬਹੁਤ ਜ਼ਰੂਰੀ ਹੈ।"

ਕੇ. ਨੇ ਕਲਰਕਾਂ ਨੂੰ ਇੱਕ ਦਮ ਕਮਰੇ 'ਚੋਂ ਬਾਹਰ ਜਾਣ ਲਈ ਕਹਿ ਦਿੱਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਵੀ ਅੰਦਰ ਨਾ ਆਉਣ ਦਿੱਤਾ ਜਾਵੇ।

"ਜੋਸਫ਼, ਮੈਂ ਇਹ ਕੀ ਸੁਣ ਰਿਹਾ ਹਾਂ, ਜਦੋਂ ਉਹ ਇਕੱਲੇ ਹੋਏ ਤਾਂ ਉਸਦਾ ਚਾਚਾ ਚੀਕ ਪਿਆ। ਉਹ ਮੇਜ਼ 'ਤੇ ਬੈਠ ਗਿਆ ਅਤੇ ਉਹਨਾਂ 'ਤੇ ਨਜ਼ਰ ਸੁੱਟੇ ਬਿਨ੍ਹਾਂ ਆਪਣੇ ਹੇਠਾਂ ਬਹੁਤ ਸਾਰੇ ਕਾਗਜ਼ ਤੁੰਨ ਦਿੱਤੇ ਤਾਂਕਿ ਉਹ ਆਰਾਮਦੇਹ ਢੰਗ ਨਾਲ ਬੈਠ ਸਕੇ। ਕੇ. ਨੇ ਕੁੱਝ ਨਹੀਂ ਕਿਹਾ, ਉਹ ਜਾਣਦਾ ਸੀ ਕਿ ਇਸ ਪਿੱਛੋਂ ਕੀ ਹੋਣ ਵਾਲਾ ਹੈ, ਪਰ ਥਕਾ ਦੇਣ ਵਾਲੇ ਕੰਮ ਤੋਂ ਉਹ ਇੱਕ ਦਮ ਮੁਕਤ ਹੋ ਗਿਆ, ਉਸਨੇ ਖਿਣ ਭਰ ਲਈ ਉਸ ਅਨੰਦ ਭਰੀ ਥਕਾਵਟ ਦੇ ਪ੍ਰਤੀ ਖ਼ੁਦ ਨੂੰ ਸਮਰਪਿਤ ਕਰ ਦਿੱਤਾ ਅਤੇ ਖਿੜਕੀ ਦੇ ਬਾਹਰ ਗਲੀ ਦੇ ਪਾਰ ਵੇਖਣ ਲੱਗਾ, ਜਿੱਥੇ ਉਹ ਇੱਥੇ ਬੈਠੇ-ਬੈਠੇ ਇੱਕ ਨਿੱਕਾ ਜਿਹਾ ਤਿਕੋਣ ਵੇਖ ਸਕਦਾ ਸੀ। ਉਹ ਦੁਕਾਨ ਦੀਆਂ ਦੋ ਖਿੜਕੀਆਂ ਦੇ ਵਿੱਚ ਕਿਸੇ ਖ਼ਾਲੀ ਘਰ ਦੀ ਕੰਧ ਦਾ ਟੁਕੜਾ ਸੀ।

"ਤੂੰ ਖਿੜਕੀ ਦੇ ਬਾਹਰ ਵੇਖ ਰਿਹਾ ਏਂ," ਆਪਣੀਆਂ ਬਾਹਾਂ ਚੁੱਕ ਕੇ ਉਸਦੇ ਚਾਚੇ ਨੇ ਜ਼ੋਰ ਦੇ ਕੇ ਕਿਹਾ। "ਜੋਸਫ਼, ਮੇਰੀ ਗੱਲ ਦਾ ਜਵਾਬ ਦੇ, ਕੀ ਇਹ ਸੱਚ ਹੈ, ਕੀ ਇਹ ਸਚਮੁੱਚ ਸੱਚ ਹੋ ਸਕਦਾ ਹੈ?"

"ਮੇਰੇ ਪਿਆਰੇ ਚਾਚਾ, ਕੇ. ਨੇ ਆਪਣੇ ਆਪ ਨੂੰ ਖ਼ਾਲੀ ਮੂਡ ਤੋਂ ਮੁਕਤ ਕਰਦੇ ਹੋਏ ਜਵਾਬ ਦਿੱਤਾ, "ਮੈਂ ਤਾਂ ਅਜੇ ਤੱਕ ਇਹ ਵੀ ਸਮਝ ਸਕਿਆ ਕਿ ਤੁਸੀਂ ਕਹਿ ਕੀ ਰਹੇਂ ਹੋਂ।"

"ਜੋਸਫ਼," ਉਸਦੇ ਚਾਚੇ ਨੇ ਚੇਤਾਵਨੀ ਦੀ ਸੁਰ ਵਿੱਚ ਕਿਹਾ, "ਤੂੰ ਹਮੇਸ਼ਾ ਮੇਰੇ ਨਾਲ ਸੱਚ ਬੋਲਿਆ ਏ। ਜਿੱਥੋਂ ਤੱਕ ਮੈਨੂੰ ਪਤਾ ਹੈ। ਪਰ ਕੀ ਤੇਰੇ ਇਹਨਾਂ ਸ਼ਬਦਾਂ ਨੂੰ ਮੈਂ ਕਿਸੇ ਬੁਰੇ ਸ਼ਗਨ ਦੀ ਤਰ੍ਹਾਂ ਮੰਨ ਲਵਾਂ?"

"ਤੂੰ ਕਿਸ ਚੀਜ਼ ਦੇ ਪਿੱਛੇ ਏਂ, ਇਸਦਾ ਕੁੱਝ ਤਾਂ ਅੰਦਾਜ਼ਾ ਮੈਨੂੰ ਹੈ," ਕੇ. ਨੇ ਆਗਿਆਕਾਰੀ ਭਾਵ ਨਾਲ ਕਿਹਾ, "ਤੂੰ ਸ਼ਾਇਦ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਕੁੱਝ ਸੁਣਕੇ ਆਇਆ ਏਂ।"

"ਉਹੀ ਤਾਂ," ਉਸਦੇ ਚਾਚੇ ਨੇ ਹੌਲੀ ਜਿਹੇ ਸਿਰ ਹਿਲਾਉਂਦੇ ਹੋਏ ਜਵਾਬ ਦਿੱਤਾ, "ਮੈਂ ਤੇਰੇ ਮੁਕੱਦਮੇ ਦੇ ਬਾਰੇ ਵਿੱਚ ਹੀ ਸੁਣਕੇ ਆ ਰਿਹਾ ਹਾਂ।"

"ਤੂੰ ਇਹ ਸਭ ਕਿਸ ਤੋਂ ਸੁਣਿਆ ਹੈ?"

"ਇਰਨਾ ਨੇ ਮੈਨੂੰ ਇਸ ਬਾਰੇ 'ਚ ਦੱਸਿਆ ਸੀ। ਉਹ ਤੇਰੇ ਬਾਰੇ ਬਹੁਤਾ ਨਹੀਂ ਜਾਣਦੀ ਅਤੇ ਬਦਕਿਸਮਤੀ ਨਾਲ, ਮੈਂ ਜਾਣਦਾ ਹਾਂ ਕਿ ਤੂੰ ਉਹਨੂੰ ਘਾਹ ਨਹੀਂ ਪਾਉਂਦਾ, ਫ਼ਿਰ ਵੀ ਉਸਨੇ ਇਸ ਬਾਰੇ 'ਚ ਸੁਣ ਰੱਖਿਆ ਹੈ। ਅੱਜ ਹੀ ਉਸਦਾ ਖ਼ਤ ਮੈਨੂੰ ਮਿਲਿਆ ਅਤੇ ਕੁਦਰਤੀ ਤੌਰ 'ਤੇ ਮੈਂ ਸਿੱਧਾ ਇੱਥੇ ਚਲਿਆ ਆਇਆ। ਇਸਦੇ ਬਿਨ੍ਹਾਂ ਮੇਰਾ ਇੱਧਰ ਆਉਣ ਦਾ ਹੋਰ ਕੋਈ ਕਾਰਨ ਨਹੀਂ ਸੀ, ਪਰ ਇਹੀ ਆਪਣੇ ਆਪ ਵਿੱਚ ਕਾਫ਼ੀ ਹੈ। ਮੈਂ ਖ਼ਤ ਦੇ ਉਸ ਹਿੱਸੇ ਨੂੰ ਪੜ੍ਹਕੇ ਸੁਣਾਉਂਦਾ ਹਾਂ, ਜਿਸਦਾ ਸਬੰਧ ਤੇਰੇ ਨਾਲ ਹੈ।" ਆਪਣੇ ਬਟੂਏ ‘ਚੋਂ ਚਿੱਠੀ ਕੱਢ ਕੇ ਉਸਨੇ ਕਿਹਾ, "ਇਹ ਰਿਹਾ, ਉਹ ਲਿਖਦੀ ਹੈ-

ਮੈਂ ਲੰਮੇ ਅਰਸੇ ਤੋਂ ਜੋਸਫ਼ ਨੂੰ ਨਹੀਂ ਮਿਲ ਸਕੀ ਹਾਂ। ਪਿਛਲੇ ਹਫ਼ਤੇ ਮੈਂ ਬੈਂਕ ਵਿੱਚ ਗਈ ਸੀ ਪਰ ਜੋਸਫ਼ ਇੰਨਾ ਰੁੱਝਿਆ ਹੋਇਆ ਸੀ ਕਿ ਮੈਂ ਅੰਦਰ ਨਹੀਂ ਜਾ ਸਕੀ। ਮੈਂ ਲਗਭਗ ਇੱਕ ਘੰਟੇ ਤੱਕ ਉਸਦਾ ਇੰਤਜ਼ਾਰ ਕੀਤਾ, ਪਰ ਫ਼ਿਰ ਮੈਨੂੰ ਘਰ ਵਾਪਸ ਆਉਣਾ ਪਿਆ ਕਿਉਂਕਿ ਮੇਰੀ ਪਿਆਨੋ ਦੀ ਕਲਾਸ ਸੀ। ਮੈਂ ਉਸਦੇ ਨਾਲ ਇੱਕ ਵਾਰ ਗੱਲ ਕਰਨਾ ਚਾਹਾਂਗੀ, ਸ਼ਾਇਦ ਛੇਤੀ ਹੀ ਅਜਿਹਾ ਮੌਕਾ ਨਸੀਬ ਹੋਏ। ਮੇਰੇ ਜਨਮਦਿਨ ਤੇ ਉਸਨੇ ਚਾਕਲੇਟ ਦਾ ਵੱਡਾ ਸਾਰਾ ਡੱਬਾ ਭੇਜਿਆ ਸੀ, ਇਹ ਉਸਨੇ ਬਹੁਤ ਬਿਹਤਰ ਅਤੇ ਵਿਚਾਰ ਭਰਿਆ ਕੰਮ ਕੀਤਾ ਸੀ। ਉਸ ਸਮੇਂ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਗਈ ਸੀ, ਅਤੇ ਜਦੋਂ ਤੁਸੀਂ ਇਹ ਸਭ ਪੁੱਛਿਆ ਤਾਂ ਇੱਕ ਦਮ ਮੈਨੂੰ ਇਸਦਾ ਚੇਤਾ ਆਇਆ। ਮੇਰਾ ਯਕੀਨ ਮੰਨੋ ਸਕੂਲ ਹੋਸਟਲ ਵਿੱਚ ਚਾਕਲੇਟ ਖ਼ਤਮ ਹੋਣ ਵਿੱਚ ਬਹੁਤੀ ਦੇਰ ਨਹੀਂ ਲੱਗਦੀ, ਅਜੇ ਇਹ ਅਹਿਸਾਸ ਵੀ ਨਹੀਂ ਹੋ ਪਾਉਂਦਾ ਕਿ ਕਿਸੇ ਨੇ ਚਾਕਲੇਟ ਦੀ ਸੌਗਾਤ ਦਿੱਤੀ ਹੈ ਕਿ ਉਹ ਖ਼ਤਮ ਹੋ ਚੁੱਕੇ ਹੁੰਦੇ ਹਨ। ਪਰ ਜੋਸਫ਼ ਦੇ ਬਾਰੇ ਵਿੱਚ ਇੱਕ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਮੈਂ ਬੈਂਕ ਵਿੱਚ ਉਹਨਾਂ ਨਾਲ ਨਹੀਂ ਮਿਲ ਸਕੀ ਕਿਉਂਕਿ ਉਹ ਇੱਕ ਆਦਮੀ ਨਾਲ ਰੁੱਝਿਆ ਹੋਇਆ ਸੀ। ਜਦੋਂ ਕਾਫ਼ੀ ਦੇਰ ਤੱਕ ਮੈਂ ਉਡੀਕ ਕਰ ਚੁੱਕੀ ਸੀ ਤਾਂ ਮੈਂ ਕਲਰਕ ਤੋਂ ਪੁੱਛਿਆ ਕਿ ਹੋਰ ਕਿੰਨੀ ਉਡੀਕ ਕਰਨੀ ਪਵੇਗੀ। ਉਸਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਕਾਫੀ ਲੰਮਾ ਚੱਲੇ ਕਿਉਂਕਿ ਇਹ ਗੱਲਬਾਤ ਇੱਕ ਸੀਨੀਅਰ ਕਲਰਕ ਨਾਲ ਕਿਸੇ ਨੰਨੀ ਮੁਕੱਦਮੇ ਦੇ ਸਬੰਧ ਵਿੱਚ ਹੈ। ਇਸ ਲਈ ਮੈਂ ਪੁੱਛਿਆ ਕਿ ਇਹ ਕਿਹੜਾ ਮੁਕੱਦਮਾ ਹੈ, ਅਤੇ ਕੀ ਉਹ ਕੋਈ ਗ਼ਲਤੀ ਤਾਂ ਨਹੀਂ ਕਰ ਰਿਹਾ? ਪਰ ਉਸਨੇ ਸਾਫ਼ ਜਵਾਬ ਦਿੱਤਾ ਕਿ ਉਹ ਕੋਈ ਗ਼ਲਤੀ ਨਹੀਂ ਕਰ ਰਿਹਾ, ਅਤੇ ਇਸਦੇ ਬਿਨਾਂ ਉਹ ਕੁੱਝ ਨਹੀਂ ਜਾਣਦਾ। ਉਸਨੇ ਦੱਸਿਆ ਕਿ ਉਹ ਸੀਨੀਅਰ ਕਲਰਕ ਵੀ ਮਦਦ ਕਰਕੇ ਖੁਸ਼ ਹੈ ਕਿਉਂਕਿ ਸ਼੍ਰੀਮਾਨ ਕੇ. ਇੱਕ ਭਲੇ ਆਦਮੀ ਹਨ ਅਤੇ ਕਾਫ਼ੀ ਨਿਆਂਪਸੰਦ ਹਨ, ਪਰ ਉਹ ਸਮਝ ਨਹੀਂ ਪਾ ਰਿਹਾ ਹੈ ਕਿ ਉਹ ਉਸਦੀ ਕਿਵੇਂ ਮਦਦ ਕਰੇ, ਅਤੇ ਉਹ ਸਿਰਫ਼ ਉਮੀਦ ਕਰ ਰਿਹਾ ਸੀ ਕਿ ਕੁੱਝ ਪ੍ਰਭਾਵਸ਼ਾਲੀ ਲੋਕ ਸ਼੍ਰੀਮਾਨ ਕੇ. ਦੀ ਮਦਦ ਕਰਨਗੇ। ਉਸਨੇ ਕਿਹਾ ਕਿ ਅੰਤ ਇਹੀ ਹੋਣਾ ਹੈ ਅਤੇ ਪਿੱਛੋ ਸਭ ਕੁੱਝ ਠੀਕ ਹੋ ਜਾਵੇਗਾ, ਪਰ ਇਸ ਵੇਲੇ ਕੁੱਝ ਵੀ ਠੀਕ ਨਹੀਂ ਹੈ, ਸੀਨੀਅਰ ਅਧਿਕਾਰੀ ਦੇ ਮੂਡ ਦੇ ਸੰਕੇਤ ਨੂੰ ਜੇਕਰ ਮੰਨ ਲਿਆ ਜਾਵੇ। ਸੁਭਾਵਿਕ ਤੌਰ 'ਤੇ ਮੈਂ ਉਸ ਆਦਮੀ ਦੀ ਗੱਲਬਾਤ ਨੂੰ ਕੋਈ ਵਧੇਰੇ ਮਹੱਤਵ ਨਹੀਂ ਦਿੱਤਾ, ਪਰ ਉਸ ਬੇਵਕੂਫ਼ ਕਲਰਕ ਨੂੰ ਮੈਂ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ, ਅਤੇ ਉਸਨੇ ਕਿਹਾ ਕਿ ਉਹ ਦੂਜੇ ਲੋਕਾਂ ਨੂੰ ਇਸ ਬਾਰੇ ਵਿੱਚ ਕੁੱਝ ਵੀ ਨਾ ਦੱਸੇ। ਮੈਂ ਇਸ ਸਾਰੇ ਕਿੱਸੇ ਨੂੰ ਇੱਕ ਬੇਕਾਰ ਜਿਹੀ ਗੱਪ ਮੰਨਿਆ। ਪਰ ਫ਼ਿਰ ਵੀ ਇਹ ਬਿਹਤਰ ਹੋਵੇਗਾ, ਮੇਰੇ ਪਿਆਰੇ ਪਿਤਾ, ਕਿ ਜੇਕਰ ਅਗਲੀ ਵਾਰ ਜਦੋਂ ਤੁਸੀਂ ਉੱਧਰ ਜਾਓ ਤਾਂ ਉਸ ਸਭ ਦਾ ਪਤਾ ਕਰੋਂ, ਤੁਹਾਡੇ ਲਈ ਇਸ ਬਾਰੇ ਵਧੇਰੇ ਜਾਣਕਾਰੀ ਦਾ ਪਤਾ ਲਗਾਉਣਾ ਸੌਖਾ ਹੋਵੇਗਾ, ਅਤੇ ਜੇ ਜ਼ਰੂਰੀ ਹੋਇਆ ਤਾਂ ਤੁਸੀਂ ਆਪਣੇ ਵੱਡੇ ਪ੍ਰਭਾਵਸ਼ਾਲੀ ਲੋਕਾਂ ਨੂੰ ਦਖ਼ਲ ਦੇਣ ਲਈ ਕਹਿ ਸਕਦੇ ਹਾਂ। ਫ਼ਿਰ ਵੀ ਜੇ ਇਹ ਜ਼ਰੂਰੀ ਨਾ ਹੋਵੇ, ਜਿਹੜਾ ਹਰ ਹਾਲਤ ਵਿੱਚ ਹੋਵੇਗਾ, ਤਾਂ ਵੀ ਇਹ ਤੁਹਾਡੀ ਬੇਟੀ ਨੂੰ ਇੱਕ ਮੌਕਾ ਉਪਲਬਧ ਕਰਵਾਏਗਾ ਕਿ ਉਹ ਆਪਣੇ ਪਿਤਾ ਨਾਲ ਮਿਲਕੇ ਪਿਆਰ ਕਰੇ, ਜਿਸ ਨਾਲ ਉਸਨੂੰ ਬੇਹੱਦ ਖੁਸ਼ੀ ਹੋਵੇਗੀ।

"ਉਹ ਇੱਕ ਚੰਗੀ ਕੁੜੀ ਹੈ," ਪੜ੍ਹ ਚੁੱਕਣ ਪਿੱਛੋਂ ਅਤੇ ਆਪਣੀਆਂ ਅੱਖਾਂ ਵਿੱਚ ਉੱਤਰ ਆਏ ਹੰਝੂਆਂ ਨੂੰ ਪੂੰਝ ਕੇ ਉਸਦੇ ਚਾਚੇ ਨੇ ਕਿਹਾ।

ਕੇ. ਨੇ ਸਿਰ ਹਿਲਾ ਦਿੱਤਾ। ਪਿਛਲੇ ਦਿਨਾਂ 'ਚ ਉਹ ਰੁੱਝਿਆ ਹੋਣ ਕਰਕੇ ਇਰਨਾ ਨੂੰ ਤਾਂ ਇੱਕ ਦਮ ਭੁੱਲ ਹੀ ਗਿਆ ਸੀ ਅਤੇ ਇੱਥੋਂ ਤੱਕ ਕਿ ਉਸਦਾ ਜਨਮਦਿਨ ਵੀ - ਚਾਕਲੇਟ ਦੀ ਪੂਰੀ ਕਹਾਣੀ ਸਿਰਫ਼ ਇਸ ਲਈ ਘੜੀ ਗਈ ਸੀ, ਤਾਂ ਕਿ ਉਸਦੇ ਚਾਚੇ ਅਤੇ ਚਾਚੀ ਦੇ ਪ੍ਰਤੀ ਉਸਦਾ ਸਨਮਾਨ ਬਰਕਰਾਰ ਰੱਖਿਆ ਜਾ ਸਕੇ। ਇਹ ਬਹੁਤ ਦਿਲ ਟੁੰਬਵਾਂ ਸੀ, ਅਤੇ ਹੁਣ ਮਨ ਹੀ ਮਨ ਉਸਨੇ ਆਉਣ ਵਾਲੇ ਸਮੇਂ ਵਿੱਚ ਸਿਨੇਮਾ ਟਿਕਟਾਂ ਭੇਜਣ ਦੀ ਵੀ ਸੋਚੀ, ਇਹ ਇਸੇ ਵਿਹਾਰ ਦੀ ਭਰਪਾਈ ਕਰਨਾ ਸੀ, ਪਰ ਉਸ ਖਿਣ ਉਸਨੂੰ ਬੋਰਡਿੰਗ ਸਕੂਲ ਵਿੱਚ ਜਾਣ ਬਾਰੇ ਵੀ ਕੋਈ ਸੋਚ ਨਹੀਂ ਉੱਭਰੀ ਅਤੇ ਨਾ ਹੀ ਮਰ ਸਕੂਲ ਦੀ ਉਸ ਅਠਾਰਾਂ ਵਰਿਆਂ ਦੀ ਕੁੜੀ ਨਾਲ ਗੱਲਬਾਤ ਕਰਨ ਦੀ।

"ਤਾਂ ਨੂੰ ਇਸ ਬਾਰੇ ਵਿੱਚ ਕੀ ਕਹਿਨਾ ਏਂ?" ਉਸਦੇ ਚਾਚੇ ਨੇ ਪੁੱਛਿਆ, ਜਿਹੜਾ ਉਸ ਖ਼ਤ ਦੇ ਕਾਰਨ, ਜਿਸਨੂੰ ਉਹ ਦੋਬਾਰਾ ਪੜਦਾ ਪ੍ਰਤੀਤ ਹੋ ਰਿਹਾ ਸੀ, ਆਪਣੇ ਸਾਰੇ ਰੁਝੇਵੇਂ ਅਤੇ ਉਤੇਜਨਾ ਦੇ ਬਾਰੇ ਭੁੱਲ ਗਿਆ।

"ਹਾਂ ਚਾਚਾ," ਕੇ. ਨੇ ਕਿਹਾ, "ਉਹ ਸਹੀ ਹੈ।"

"ਸੱਚ ਹੈ?" ਉਸਦਾ ਚਾਚਾ ਚੀਕ ਪਿਆ, "ਸੱਚ ਕੀ ਹੈ? ਇਸ ਧਰਤੀ ਉੱਤੇ ਇਹ ਸੱਚ ਕਿਵੇਂ ਹੋ ਸਕਦਾ ਹੈ? ਇਹ ਕਿਹੋ ਜਿਹਾ ਕਾਨੂੰਨੀ ਕੇਸ ਹੈ? ਇਹ ਕੋਈ ਅਪਰਾਧਿਕ ਕੇਸ ਨਹੀਂ ਹੋਏਗਾ?"

"ਹਾਂ, ਇਹ ਅਪਰਾਧਿਕ ਕੇਸ ਹੀ ਹੈ।" ਕੇ. ਨੇ ਜਵਾਬ ਦਿੱਤਾ।

"ਤੇਰੇ ਸਿਰ ਉੱਪਰ ਅਪਰਾਧਿਕ ਕੇਸ ਦੀ ਤਲਵਾਰ ਲਟਕ ਰਹੀ ਹੈ ਅਤੇ ਤੂੰ ਇੱਥੇ ਚੈਨ ਨਾਲ ਬੈਠਾ ਏਂ। ਕੇ. ਦਾ ਚਾਚਾ ਲਗਾਤਾਰ ਉੱਚੀ ਹੁੰਦੀ ਹੋਈ ਅਵਾਜ਼ ਵਿੱਚ ਬੋਲ ਰਿਹਾ ਸੀ।

"ਮੈਂ ਜਿੰਨਾ ਵੀ ਸ਼ਾਂਤ ਰਹਾਂਗਾ, ਉਨਾ ਹੀ ਸਫ਼ਲ ਨਤੀਜਾ ਆਉਣ ਦੀ ਉਮੀਦ ਬਣੀ ਰਹੇਗੀ, "ਥਕਾਨ ਮਹਿਸੂਸ ਕਰਦੇ ਹੋਏ ਕੇ. ਨੇ ਕਿਹਾ, "ਡਰਨ ਦੀ ਲੋੜ ਨਹੀਂ ਹੈ।"

"ਮੈਨੂੰ ਇਸ ਨਾਲ ਤਸੱਲੀ ਨਹੀਂ ਹੋ ਰਹੀ, ਤਾਂ ਉਸਦੇ ਚਾਚੇ ਨੇ ਚੀਕ ਕੇ ਕਿਹਾ, "ਜੋਸਫ਼, ਮੇਰੇ ਪਿਆਰੇ ਜੋਸਫ਼, ਆਪਣੇ ਬਾਰੇ ਵਿੱਚ ਸੋਚ, ਆਪਣੇ ਰਿਸ਼ਤੇਦਾਰਾਂ ਦੇ ਬਾਰੇ ਵਿੱਚ ਸੋਚ, ਆਪਣੇ ਨਾਮ ਦੀ ਭਲਾਈ ਦੇ ਬਾਰੇ ਵਿੱਚ ਸੋਚ। ਹੁਣ ਤੱਕ ਤਾਂ ਤੂੰ ਸਾਡੇ ਲਈ ਸਨਮਾਨ ਦਾ ਸਰੋਤ ਰਿਹਾ ਏਂ, ਹੁਣ ਤੂੰ ਸਾਡੀ ਬੇਇੱਜ਼ਤੀ ਦਾ ਕਾਰਨ ਨਹੀਂ ਹੋ ਸਕਦਾ। ਮੈਨੂੰ ਤੇਰਾ ਇਹ ਰਵੱਈਆ ਬਿਲਕੁਲ ਪਸੰਦ ਨਹੀਂ ਹੈ। ਇੱਕ ਪਾਸੇ ਸਿਰ ਝੁਕਾਈ ਅਤੇ ਕੇ. ਉੱਪਰ ਨਜ਼ਰਾਂ ਗੱਡੀ ਉਸਨੇ ਕਿਹਾ, "ਇੱਕ ਬੇਕਸੂਰ ਵਿਅਕਤੀ, ਜੇ ਉਹ ਅਜੇ ਤੱਕ ਠੀਕ ਹੈ, ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰ ਸਕਦਾ, ਜ਼ਰਾ ਛੇਤੀ ਦੱਸ ਕਿ ਆਖ਼ਰ ਇਹ ਸਭ ਹੈ ਕੀ, ਤਾਂ ਕਿ ਮੈਂ ਤੇਰੀ ਮਦਦ ਕਰ ਸਕਾਂ। ਕੀ ਇਸਦਾ ਸਬੰਧ ਬੈਂਕ ਨਾਲ ਹੈ?

"ਨਹੀਂ ਬੈਂਕ ਨਾਲ ਨਹੀਂ," ਕੇ. ਨੇ ਖੜੇ ਹੁੰਦੇ ਹੋਏ ਕਿਹਾ, "ਪਰ ਪਿਆਰੇ ਚਾਚਾ, ਤੂੰ ਬਹੁਤ ਉੱਚਾ ਬੋਲ ਰਿਹਾ ਏਂ, ਸ਼ਾਇਦ ਕਲਰਕ ਬੂਹੇ ਦੇ ਕੋਲ ਖੜ੍ਹਾ ਸਭ ਕੁੱਝ ਸੁਣ ਰਿਹਾ ਹੈ। ਮੈਨੂੰ ਇਹ ਸਭ ਬਿਲਕੁਲ ਪਸੰਦ ਨਹੀਂ ਹੈ। ਬਿਹਤਰ ਹੈ ਅਸੀਂ ਕਿਤੇ ਬਾਹਰ ਚੱਲੀਏ। ਫ਼ਿਰ ਮੈਂ ਤੇਰੇ ਸਵਾਲਾਂ ਦੇ ਬਿਹਤਰ ਜਵਾਬ ਦੇ ਸਕਾਂਗਾ। ਮੈਂ ਜਾਣਦਾ ਹਾਂ ਕਿ ਆਪਣੇ ਪਰਿਵਾਰ ਦੇ ਪ੍ਰਤੀ ਸਫ਼ਾਈ ਦੇਣਾ ਮੇਰੀ ਜ਼ਿੰਮੇਵਾਰੀ ਹੈ।"

"ਤੂੰ ਠੀਕ ਕਹਿੰਦਾ ਏਂ, ਬਿਲਕੁਲ ਠੀਕ!" ਉਸਦੇ ਚਾਚਾ ਨੇ ਸਿਸਕੀ ਭਰੀ, "ਛੇਤੀ ਕਰ ਜੋਸਫ਼, ਛੇਤੀ!"

"ਪਹਿਲਾਂ ਮੈਂ ਨਿਰਦੇਸ਼ ਜਾਰੀ ਕਰ ਲਵਾਂ, ਕੇ. ਨੇ ਕਿਹਾ, ਅਤੇ ਆਪਣੇ ਸਹਾਇਕ ਨੂੰ ਬੁਲਾਇਆ, ਜਿਹੜਾ ਕੁੱਝ ਹੀ ਪਲਾਂ ਵਿੱਚ ਆ ਗਿਆ। ਕੇ. ਦਾ ਚਾਚਾ, ਜਿਹੜਾ ਬਹੁਤ ਉੱਤੇਜਿਤ ਸੀ, ਨੇ ਹੱਥ ਦੇ ਇਸ਼ਾਰੇ ਨਾਲ ਦੱਸਿਆ ਕਿ ਕੇ. ਨੇ ਉਸ ਆਦਮੀ ਨੂੰ ਬੁਲਾਇਆ ਹੈ ਜਿਹੜਾ ਪਹਿਲਾਂ ਤੋਂ ਹੀ ਜਾਣਕਾਰ ਸੀ। ਆਪਣੇ ਮੇਜ਼ ਦੇ ਸਾਹਮਣੇ ਖੜੇ ਕੇ. ਨੇ ਸਾਹਮਣੇ ਪਏ ਕਾਗਜ਼ਾਂ ਵੱਲ ਇਸ਼ਾਰਾ ਕਰਕੇ ਉਸ ਨੌਜਵਾਨ ਨੂੰ ਸਪੱਸ਼ਟ ਕੀਤਾ, ਜਿਹੜਾ ਸ਼ਾਂਤੀਪੂਰਵਕ ਅਤੇ ਬਹੁਤ ਹੀ ਧਿਆਨ ਨਾਲ ਉਸਦੇ ਨਿਰਦੇਸ਼ ਸੁਣ ਰਿਹਾ ਸੀ, ਕਿ ਉਸਦੀ ਗੈਰਹਾਜ਼ਰੀ ਵਿੱਚ ਉਸਨੂੰ ਅੱਜ ਕਿਹੜੇ ਕਿਹੜੇ ਕੰਮ ਨਬੇੜਨੇ ਹਨ। ਉਸਦਾ ਚਾਚਾ ਉਸਨੂੰ ਹਤਾਸ਼ ਕਰ ਰਿਹਾ ਸੀ। ਪਹਿਲਾਂ ਤਾਂ ਉਹ ਅੱਖਾਂ ਪਾੜੀ ਸਾਹਮਣੇ ਮੌਜੂਦ ਰਿਹਾ ਅਤੇ ਫ਼ਿਰ ਘਬਰਾਇਆ ਜਿਹਾ ਆਪਣੇ ਬੁੱਲ੍ਹ ਟੁੱਕਣ ਲੱਗਾ। ਉਹ ਦਰਅਸਲ ਸੁਣ ਨਹੀਂ ਰਿਹਾ ਸੀ, ਪਰ ਉਸਦੀ ਹਾਲਤ ਤੋਂ ਸਪੱਸ਼ਟ ਸੀ ਕਿ ਉਹ ਬਹੁਤ ਹੜਬੜਾਹਟ ਵਿੱਚ ਸੀ। ਫ਼ਿਰ ਉਹ ਕਮਰੇ ਵਿੱਚ ਇੱਧਰ-ਉੱਧਰ ਟਹਿਲਣ ਲੱਗਾ। ਕਦੇ ਖਿੜਕੀ ਦੇ ਕੋਲ ਜਾਂ ਫ਼ਿਰ ਤਸਵੀਰ ਦੇ ਸਾਹਮਣੇ ਰੁਕ ਜਾਂਦਾ, ਜਿੱਥੋਂ ਉਹ ਕਦੇ-ਕਦੇ ਅਜਿਹੀਆਂ ਗੱਲਾਂ ਕਹਿ ਦਿੰਦਾ, ਜਿਵੇਂ ਕਿ "ਮੇਰੀ ਸਮਝ ਵਿੱਚ ਤਾਂ ਇਹ ਕੁੱਝ ਨਹੀਂ ਆਉਂਦਾ!" ਜਾਂ "ਉਫ ਪਤਾ ਨਹੀਂ ਇਸ ਸਭ ਦਾ ਕੀ ਨਤੀਜਾ ਨਿਕਲੇਗਾ!"

ਨੌਜਵਾਨ ਅਜਿਹਾ ਕੁੱਝ ਵਿਖਾ ਰਿਹਾ ਸੀ ਕਿ ਜਿਵੇਂ ਉਸਨੇ ਇਹ ਸਭ ਵੇਖਿਆ ਹੀ ਨਾ ਹੋਵੇ, ਉਹ ਉਦੋਂ ਤੱਕ ਸ਼ਾਂਤੀ ਨਾਲ ਸੁਣਦਾ ਰਿਹਾ ਜਦੋਂ ਤੱਕ ਕੇ. ਨੇ ਆਪਣੇ ਨਿਰਦੇਸ਼ ਪੂਰੇ ਨਹੀਂ ਕਰ ਲਏ। ਇੱਕ ਦੋ ਗੱਲਾਂ ਨੋਟ ਵੀ ਕਰ ਲਈਆਂ ਅਤੇ ਸਿਰ ਝੁਕਾ ਕੇ ਚਲਾ ਗਿਆ। ਉਸਦੇ ਚਾਚੇ ਨੇ ਉਸਦੇ ਵੱਲ ਪਿੱਠ ਕਰ ਰੱਖੀ ਸੀ। ਉਹ ਉਦੋਂ ਖਿੜਕੀ ਤੋਂ ਬਾਹਰ ਵੇਖ ਰਿਹਾ ਸੀ ਅਤੇ ਪਰਦੇ ਸੁੱਟਣ ਲਈ ਹੱਥ ਉੱਪਰ ਚੁੱਕ ਰਿਹਾ ਸੀ।

ਜਿਵੇਂ ਹੀ ਬੂਹਾ ਬੰਦ ਹੋਇਆ ਕੇ. ਦਾ ਚਾਚਾ ਚੀਕ ਪਿਆ, "ਹਾਂ ਬੜੀ ਮੁਸ਼ਕਲ ਨਾਲ ਉਸ ਰੀੜ ਤੋਂ ਬਗੈਰ ਗਧੇ ਤੋਂ ਖਹਿੜਾ ਛੁੱਟਿਆ, ਹੁਣ ਅਸੀਂ ਵੀ ਜਾ ਸਕਦੇ ਹਾਂ! ਠੀਕ ਸਮੇਂ 'ਤੇ!"

ਬਦਕਿਸਮਤੀ ਨਾਲ ਜਦੋਂ ਉਹ ਮੁੱਖ ਹਾਲ ਵਿੱਚ ਪਹੁੰਚੇ, ਜਿਸ ਤੋਂ ਠੀਕ ਉਸੇ ਵੇਲੇ ਡਿਪਟੀ ਮੈਨੇਜਰ ਲੰਘ ਰਿਹਾ ਸੀ, ਅਤੇ ਜਿੱਥੇ ਕੁੱਝ ਕਲਰਕ ਅਤੇ ਦੂਜੇ ਮੁਲਾਜ਼ਮ ਖੜ੍ਹੇ ਸਨ। ਕੇ. ਨੂੰ ਇਹ ਸੁੱਝ ਨਹੀਂ ਰਿਹਾ ਸੀ ਕਿ ਆਪਣੇ ਚਾਚੇ ਨੂੰ ਕੇਸ ਨਾਲ ਜੁੜੇ ਹੋਏ ਸਵਾਲ ਪੁੱਛਣ ਤੋਂ ਕਿਵੇਂ ਰੋਕੇ।

"ਤਾਂ ਜੋਸਫ਼, ਆਰ-ਪਾਰ ਤੋਂ ਸਤਿਕਾਰ ਦਿੰਦੇ ਹੋਏ ਲੋਕਾਂ ਦੇ ਵੱਲ ਸਿਰ ਝੁਕਾਉਂਦੇ ਹੋਏ, ਉਸਦਾ ਚਾਚਾ ਸ਼ੁਰੂ ਹੋ ਗਿਆ, "ਹੁਣ ਮੈਨੂੰ ਚੰਗੀ ਤਰ੍ਹਾਂ ਦੱਸ ਕਿ ਇਹ ਕਿਹੋ ਜਿਹਾ ਮੁਕੱਦਮਾ ਹੈ?"

ਕੇ. ਨੇ ਕੁੱਝ ਬੇਮਤਲਬ ਜਿਹੀਆਂ ਟਿੱਪਣੀਆਂ ਕੀਤੀਆਂ ਅਤੇ ਰਤਾ ਹੱਸ ਪਿਆ, ਅਤੇ ਪੌੜੀਆਂ ਤੱਕ ਪਹੁੰਚਣ ਪਿੱਛੋਂ ਉਸਨੇ ਚਾਚੇ ਨੂੰ ਸਪੱਸ਼ਟ ਕੀਤਾ ਕਿ ਇਹਨਾਂ ਲੋਕਾਂ ਦੇ ਸਾਹਮਣੇ ਉਸਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ।

"ਠੀਕ ਹੈ, ਉਸਦਾ ਚਾਚਾ ਬੋਲਿਆ, "ਪਰ ਹੁਣ ਤਾਂ ਮੈਨੂੰ ਦੱਸ ਦੇ!" ਆਪਣਾ ਸਿਰ ਝੁਕਾਈ ਅਤੇ ਸਿਗਾਰ ਦੇ ਹਲਕੇ ਪਰ ਤੇਜ਼ ਕਸ਼ ਖਿੱਚਦੇ ਹੋਏ ਉਹ ਆਪਣੇ ਭਤੀਜੇ ਦੀ ਗੱਲ ਸੁਣਨ ਲੱਗਾ।

"ਸਭ ਤੋਂ ਪਹਿਲਾਂ ਤਾਂ, ਚਾਚਾ, ਕਿਸੇ ਆਮ ਅਦਾਲਤ ਦੇ ਸਾਹਮਣੇ ਤਾਂ ਇਹ ਮੁਕੱਦਮਾ ਹੋਣ ਦਾ ਸਵਾਲ ਹੀ ਨਹੀਂ ਹੈ।"

"ਇਹ ਤਾਂ ਬਹੁਤ ਮਾੜੀ ਗੱਲ ਹੋਈ।" ਚਾਚੇ ਨੇ ਕਿਹਾ।

"ਕੀ ਮਤਲਬ?" ਚਾਚੇ ਵੱਲ ਗਹੁ ਨਾਲ ਵੇਖਦੇ ਹੋਏ ਉਸਨੇ ਪੁੱਛਿਆ।

"ਕੀ ਇਹ ਮਾੜੀ ਗੱਲ ਹੈ," ਚਾਚੇ ਨੇ ਦੁਹਰਾਇਆ – ਉਹ ਪੌੜੀਆਂ ਦੇ ਹੇਠਲੇ ਹਿੱਸੇ 'ਤੇ ਖੜ੍ਹੇ ਸਨ, ਜਿਹੜੀਆਂ ਸਿੱਧੀਆਂ ਗ਼ਲੀ ਵਿੱਚ ਜਾਂਦੀਆਂ ਸਨ। ਕਿਉਂਕਿ ਦਰਬਾਨ ਸੁਣਦਾ ਹੋਇਆ ਪ੍ਰਤੀਤ ਹੋ ਰਿਹਾ ਸੀ, ਇਸ ਲਈ ਕੇ, ਆਪਣੇ ਚਾਚੇ ਨੂੰ ਖਿੱਚ ਕੇ ਹੇਠਾਂ ਲੈ ਗਿਆ। ਇੱਥੇ ਉਹ ਟ੍ਰੈਫਿਕ ਨਾਲ ਦੋ ਚਾਰ ਹੋਏ। ਕੇ. ਦੇ ਚਾਚੇ ਨੇ ਉਸਦੀ ਬਾਂਹ ਫੜੀ ਹੋਈ ਸੀ, ਜਿਹੜਾ ਹੁਣ ਤੱਕ ਮੁਕੱਦਮੇ ਦੇ ਬਾਰੇ ਵਿੱਚ ਹੋ ਰਹੀ ਸਵਾਲਾਂ ਦੀ ਝੜੀ ਤੋਂ ਬਚ ਰਿਹਾ ਸੀ ਅਤੇ ਉਹ ਕੁੱਝ ਦੇਰ ਚੁੱਪਚਾਪ ਤੁਰਦੇ ਰਹੇ।

"ਪਰ ਇਹ ਸਭ ਹੋਇਆ ਕਿਵੇਂ?” ਅੰਤ ਉਸਦੇ ਚਾਚੇ ਨੇ ਪੁੱਛਿਆ, ਉਹ ਇੱਕ ਦਮ ਇੰਨੀ ਤੇਜ਼ੀ ਨਾਲ ਰੁਕ ਗਿਆ ਕਿ ਉਹਨਾਂ ਦੇ ਪਿੱਛੇ ਤੁਰ ਰਹੇ ਲੋਕ ਡਰ ਜਿਹੇ ਗਏ। "ਅਜਿਹੀਆਂ ਘਟਨਾਵਾਂ ਅਚਾਨਕ ਨਹੀਂ ਹੋ ਜਾਂਦੀਆਂ, ਉਹਨਾਂ ਨੂੰ ਹੋਣ ਵਿੱਚ ਵਕਤ ਲੱਗਦਾ ਹੈ, ਤੈਨੂੰ ਇਸਦੀ ਕੋਈ ਨਾ ਕੋਈ ਚੇਤਾਵਨੀ ਜ਼ਰੂਰ ਮਿਲੀ ਹੋਵੇਗੀ। ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਤੈਨੂੰ ਪਤਾ ਹੈ ਮੈਂ ਤੇਰੇ ਲਈ ਕੁੱਝ ਵੀ ਕਰ ਸਕਦਾ ਹਾਂ ਅਤੇ ਇੱਕ ਤਰ੍ਹਾਂ ਨਾਲ ਮੈਂ ਹੁਣ ਵੀ ਤੇਰਾ ਰੱਖਿਅਕ ਹਾਂ ਅਤੇ ਅੱਜ ਤੱਕ ਤਾਂ ਮੈਨੂੰ ਇਸ ’ਤੇ ਮਾਣ ਰਿਹਾ ਹੈ। ਅੱਜ ਵੀ ਸੁਭਾਵਿਕ ਤੌਰ 'ਤੇ ਮੈਂ ਤੇਰੀ ਜਿਹੜੀ ਵੀ ਮਦਦ ਕਰ ਸਕਦਾ ਹਾਂ, ਜ਼ਰੂਰ ਕਰਾਂਗਾ। ਹਾਲਾਂਕਿ ਜੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਮੁਸ਼ਕਿਲ ਪੇਸ਼ ਆ ਸਕਦੀ ਹੈ। ਫਿਰ ਵੀ ਹਰ ਹਾਲਤ ਵਿੱਚ ਇਹ ਬਿਹਤਰ ਹੋਏਗਾ ਕਿ ਤੂੰ ਛੁੱਟੀ ਲੈ ਲਵੇਂ ਅਤੇ ਕੁੱਝ ਦਿਨ ਦੇ ਲਈ ਸਾਡੇ ਕੋਲ ਪਿੰਡ ਆ ਜਾਵੇਂ। ਇਸਦੇ ਇਲਾਵਾ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਤੂੰ ਕੁੱਝ ਪਤਲਾ ਵੀ ਹੋ ਗਿਆ ਏਂ। ਪਿੰਡ 'ਚ ਆ ਕੇ ਤੇਰੀ ਸਿਹਤ ਵੀ ਚੰਗੀ ਹੋ ਜਾਏਗੀ ਅਤੇ ਇਹ ਜ਼ਰੂਰੀ ਵੀ ਹੈ, ਕਿਉਂਕਿ ਇਹ ਤਾਂ ਪੱਕਾ ਹੈ ਕਿ ਆਉਣ ਵਾਲਾ ਵਕਤ ਤੇਰੇ ਲਈ ਔਖਾ ਹੋਏਗਾ। ਇਸਦੇ ਬਿਨਾਂ, ਕਿਸੇ ਹੱਦ ਤੱਕ ਤੈਨੂੰ ਕਚਹਿਰੀ ਦੀ ਪਹੁੰਚ ਤੋਂ ਨਿਜਾਤ ਮਿਲੇਗੀ। ਇੱਥੇ ਉਹਨਾਂ ਕੋਲ ਹਰ ਸੰਭਵ ਰਸਤਾ ਹੈ, ਜਿਸਦਾ ਜੇਕਰ ਜ਼ਰੂਰੀ ਹੋਵੇ ਤਾਂ ਤੇਰੇ ਖਿਲਾਫ਼ ਮਨਚਾਹਿਆ ਪ੍ਰਯੋਗ ਕਰ ਸਕਦੇ ਹਨ, ਪਰ ਪਿੰਡ ਦੇ ਲਈ ਤਾਂ ਉਹਨਾਂ ਨੂੰ ਆਪਣਾ ਕੋਈ ਏਜੰਟ ਤੈਨਾਤ ਕਰਨਾ ਪਵੇਗਾ ਜਾਂ ਉਹਨਾਂ ਕੋਲ ਤੇਰੇ ਤੱਕ ਪਹੁੰਚਣ ਲਈ ਖ਼ਤ, ਤਾਰ ਜਾਂ ਟੈਲੀਫ਼ੋਨ ਦੇ ਬਿਨ੍ਹਾਂ ਕੁੱਝ ਵੀ ਨਹੀਂ ਹੋਵੇਗਾ। ਇਸ ਨਾਲ ਕੁਦਰਤੀ ਤੌਰ 'ਤੇ ਉਹਨਾਂ ਦੇ ਪ੍ਰਭਾਵ ਵਿੱਚ ਕਮੀ ਆਵੇਗੀ। ਹਾਲਾਂਕਿ ਇਸ ਨਾਲ ਤੂੰ ਆਜ਼ਾਦ ਨਹੀਂ ਹੋ ਜਾਵੇਗਾ, ਪਰ ਇਸ ਨਾਲ ਤੈਨੂੰ ਕੁੱਝ ਸਾਹ ਲੈਣ ਜੋਗਾ ਸਮਾਂ ਤਾਂ ਜ਼ਰੂਰ ਮਿਲੇਗਾ।"

"ਪਰ ਉਹ ਮੇਰੇ ਸ਼ਹਿਰ ਛੱਡਣ 'ਤੇ ਮਨਾਹੀ ਲਾ ਦੇਣਗੇ," ਕੇ. ਨੇ ਕਿਹਾ, ਜਿਹੜਾ ਆਪਣੇ ਚਾਚੇ ਦੀਆਂ ਵਾਜਬ ਗੱਲਾਂ ਦੇ ਕਰਕੇ ਅਧਿਕਾਰੀਆਂ ਦੇ ਦਿਮਾਗ ਦੀ ਟੋਹ ਲੈਣ ਦੇ ਲਈ ਆਪਣੇ ਆਪ ਨੂੰ ਤਿਆਰ ਹੁੰਦਾ ਮਹਿਸੂਸ ਕਰ ਰਿਹਾ ਸੀ।

"ਮੈਂ ਨਹੀਂ ਸਮਝਦਾ ਕਿ ਉਹ ਉਸ ਉੱਤੇ ਯਕੀਨ ਕਰਨਗੇ," ਚਾਚੇ ਨੇ ਕੁੱਝ ਵਿਚਾਰਦਿਆਂ ਕਿਹਾ, "ਤੇਰੇ ਚਲੇ ਜਾਣ ਪਿੱਛੋਂ ਤੇਰੇ ਉੱਪਰ ਆਪਣਾ ਜਿਹੜਾ ਅਧਿਕਾਰ ਉਹ ਗੁਆ ਲੈਣਗੇ, ਉਹ ਕੋਈ ਵੱਡਾ ਨਹੀਂ ਹੋਵੇਗਾ।" "ਮੈਂ ਤਾਂ ਸੋਚਿਆ ਸੀ," ਤਾਂ ਆਪਣੇ ਚਾਚੇ ਦੀ ਬਾਂਹ ਫੜ੍ਹ ਕੇ ਉਸਨੂੰ ਖੜ੍ਹਾ ਰਹਿ ਸਕਣ ਤੋਂ ਰੋਕਦੇ ਹੋਏ ਕੇ. ਬੋਲਿਆ, "ਕਿ ਤੂੰ ਇਸ ਸਾਰੀ ਚੀਜ਼ ਨੂੰ ਮੇਰੇ ਤੋਂ ਵੀ ਘੱਟ ਮਹੱਤਵ ਦੇਵੇਂਗਾ? ਪਰ ਹੁਣ ਮੈਂ ਵੇਖ ਰਿਹਾ ਹਾਂ ਕਿ ਤੂੰ ਤਾਂ ਇਸਨੂੰ ਇੰਨੀ ਗੰਭੀਰਤਾ ਨਾਲ ਲੈ ਰਿਹਾ ਏਂ।"

"ਜੋਸਫ਼!" ਉਸਦਾ ਚਾਚਾ ਸਿੱਧਾ ਖੜ੍ਹਾ ਰਹਿਣ ਲਈ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਵਿੱਚ ਚੀਕ ਪਿਆ, "ਤੂੰ ਬਦਲ ਗਿਆ ਏਂ! ਤੈਨੂੰ ਚੀਜ਼ਾਂ ਨੂੰ ਸਮਝ ਸਕਣ ਦੀ ਚੰਗੀ ਸਮਝ ਸੀ। ਤੂੰ ਉਸਨੂੰ ਗਵਾ ਨਹੀਂ ਲਿਆ ਹੈ, ਕਿਉਂ? ਤਾਂ ਕੀ ਤੂੰ ਇਸ ਕੇਸ ਨੂੰ ਆਪਣੇ ਵਿਰੁੱਧ ਜਾਂਦੇ ਵੇਖ ਸਕਦਾ ਏਂ? ਕੀ ਤੈਨੂੰ ਪਤਾ ਹੈ ਕਿ ਇਸਦਾ ਮਤਲਬ ਕੀ ਹੋਵੇਗਾ? ਇਸਦਾ ਮਤਲਬ ਹੋਵੇਗਾ ਕਿ ਤੈਨੂੰ ਬੜੇ ਅਰਾਮ ਨਾਲ ਖ਼ਤਮ ਕਰ ਦਿੱਤਾ ਜਾਵੇਗਾ। ਅਤੇ ਤੇਰੇ ਸਾਰੇ ਸਕੇ-ਸਬੰਧੀਆਂ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ ਜਾਂ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ। ਜੋਸਫ਼, ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ। ਤੇਰੀ ਇਹ ਲਾਪਰਵਾਹੀ ਮੈਨੂੰ ਬਹੁਤ ਫ਼ਿਕਰ ਵਿੱਚ ਪਾ ਰਹੀ ਹੈ। ਤੈਨੂੰ ਵੇਖਕੇ ਇੱਕ ਮੁਹਾਵਰੇ ਦੀ ਯਾਦ ਆਉਂਦੀ ਹੈ - ਜੇ ਤੁਸੀਂ ਮੁਕੱਦਮੇ 'ਚ ਹਾਰਨ ਲਈ ਖੜ੍ਹੇ ਹੋਵੋਗੇ ਤਾਂ ਤੁਹਾਡੀ ਹਾਰ ਪੱਕੀ ਹੈ!"

"ਮੇਰੇ ਪਿਆਰੇ ਚਾਚਾ," ਕੇ. ਨੇ ਕਿਹਾ, "ਇਸ ਤਰ੍ਹਾਂ ਗੁੱਸੇ ਹੋਣ ਦਾ ਕੋਈ ਲਾਭ ਨਹੀਂ ਹੈ, ਅਤੇ ਨਾ ਹੀ ਇਸ ਤਰ੍ਹਾਂ ਦੀ ਜਲਦਬਾਜ਼ੀ ਦਾ ਕੋਈ ਮਤਲਬ ਹੈ, ਅਤੇ ਜੇ ਮੈਂ ਚਾਹਵਾਂ ਵੀ ਤਾਂ ਇਸਦਾ ਕੋਈ ਮਤਲਬ ਜਾਂ ਕੋਈ ਲਾਭ ਨਹੀਂ ਨਿਕਲ ਸਕਦਾ। ਜਲਦਬਾਜ਼ੀ ਜਾਂ ਕਾਹਲ ਨਾਲ ਹੀ ਕੋਈ ਮੁਕੱਦਮਾ ਨਹੀਂ ਜਿੱਤ ਸਕਦਾ, ਜੇ ਮੇਰੀ ਜ਼ਿੰਦਗੀ ਦਾ ਕੋਈ ਤਜਰਬਾ ਹੈ ਤਾਂ, ਉਸੇ ਤਰ੍ਹਾਂ ਜਿਵੇਂ ਮੈਂ ਤੇਰੇ ਤਜਰਬਿਆਂ ਦਾ ਸਤਿਕਾਰ ਕਰਦਾ ਰਿਹਾਂ, ਫ਼ਿਰ ਵੀ ਜਦੋਂ ਮੈਨੂੰ ਲੱਗਦਾ ਹੈ ਕਿ ਤੂੰ ਕੁੱਝ ਹੈਰਾਨ ਕਰਨ ਵਾਲੀਆਂ ਗੱਲਾਂ ਕਹਿ ਦਿੰਦਾ ਏਂ ਅਤੇ ਮੈਂ ਹੁਣ ਵੀ ਮੈਂ ਤੈਨੂੰ ਸਤਿਕਾਰ ਦਿੰਦਾ ਹਾਂ। ਤੂੰ ਕਹਿੰਦਾ ਏਂ ਕਿ ਇਹ ਕੇਸ ਪੂਰੇ ਪਰਿਵਾਰ ਨੂੰ ਜਕੜ ਲਵੇਗਾ, ਜਿਸਦਾ ਕੁੱਝ ਮਤਲਬ ਤਾਂ ਇਹ ਨਿਕਲਦਾ ਹੈ ਕਿ ਮੈਂ ਕੁੱਝ ਵੀ ਸਮਝਦਾ ਨਹੀਂ ਹਾਂ, ਪਰ ਇਹ ਤਾਂ ਮਤਲਬ ਤੋਂ ਪਰਾਂ ਦੀ ਗੱਲ ਹੈ। ਤੂੰ ਜੋ ਵੀ ਕਹਿੰਦਾ ਏਂ, ਮੈਂ ਉਹ ਖੁਸ਼ੀ-ਖੁਸ਼ੀ ਕਰਨ ਨੂੰ ਤਿਆਰ ਹਾਂ। ਪਰ ਮੈਂ ਤਾਂ ਸਿਰਫ਼ ਇਹ ਸੋਚ ਰਿਹਾ ਹਾਂ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ, ਇੱਥੋਂ ਤੱਕ ਕਿ ਤੇਰੇ ਨਜ਼ਰੀਏ ਤੋਂ ਵੀ, ਕਿ ਮੈਂ ਜਾਕੇ ਪਿੰਡ 'ਚ ਰਹਾਂ, ਜਿਹੜਾ ਇੱਥੋਂ ਡਰ ਕੇ ਭੱਜ ਜਾਣ ਜਿਹਾ ਕੁੱਝ ਲੱਗੇਗਾ। ਇਸਦੇ ਬਿਨ੍ਹਾਂ, ਇਹ ਸੱਚ ਹੈ ਕਿ ਉਹ ਮੈਨੂੰ ਜ਼ਿਆਦਾ ਤੰਗ ਕਰਨਗੇ, ਪਰ ਮੈਂ ਆਪਣਾ ਪੱਖ ਇੱਥੇ ਆਪ ਵਧੀਆ ਢੰਗ ਨਾਲ ਪੇਸ਼ ਕਰ ਸਕਦਾ ਹਾਂ।"

"ਬਿਲਕੁਲ ਠੀਕ ਹੈ," ਚਾਚੇ ਨੇ ਕੁੱਝ ਅਜਿਹੀ ਅਵਾਜ਼ ਵਿੱਚ ਕਿਹਾ, ਜਿਵੇਂ ਅੰਤ ਉਹ ਸਮਝੌਤੇ ਦੇ ਕੋਲ ਪਹੁੰਚ ਗਏ ਹੋਣ - “ਮੈਂ ਇਹ ਸੁਝਾਅ ਸਿਰਫ਼ ਇਸ ਲਈ ਦਿੱਤਾ ਸੀ ਕਿ ਤੂੰ ਇੱਥੇ ਰਿਹਾ ਤਾਂ ਤੇਰੀ ਇਸ ਨਿਰਪੱਖਤਾ ਨਾਲ ਤੇਰੇ ਉੱਪਰ ਕੇਸ ਹਾਵੀ ਹੋ ਜਾਵੇਗਾ, ਅਤੇ ਇਸ ਲਈ ਮੈਂ ਸੋਚਿਆ ਕਿ ਇਹ ਬਿਹਤਰ ਹੋਵੇਗਾ ਕਿ ਮੈਂ ਤੇਰੀ ਮਦਦ ਕਰਨ ਲਈ ਆ ਜਾਵਾਂ। ਪਰ ਜੇ ਤੈਨੂੰ ਇਹੀ ਠੀਕ ਲੱਗਦਾ ਹੈ ਤਾਂ ਠੀਕ ਹੈ।"

"ਤਾਂ ਫ਼ਿਰ ਅਸੀਂ ਇਸ ਮੁੱਦੇ 'ਤੇ ਸਹਿਮਤ ਹੋ ਚੁੱਕੇ ਆਂ, ਕੇ. ਨੇ ਕਿਹਾ - “ਅਤੇ ਕੀ ਹੁਣ ਤੇਰੇ ਕੋਲ ਹੋਰ ਕੋਈ ਸੁਝਾਅ ਹੈ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ?"

"ਇਸ 'ਤੇ ਅਜੇ ਮੈਂ ਕੁੱਝ ਗੌਰ ਕਰਨਾ ਹੈ, ਉਸਦੇ ਚਾਚੇ ਨੇ ਕਿਹਾ, “ਤੈਨੂੰ ਇਹ ਤਾਂ ਮਹਿਸੂਸ ਕਰਨਾ ਚਾਹੀਦਾ ਹੈ ਕਿ ਹੁਣ ਤੱਕ ਮੈਂ ਪਿਛਲੇ ਵੀਹ ਵਰ੍ਹਿਆਂ ਤੋਂ ਪਿੰਡ 'ਚ ਰਹਿ ਰਿਹਾ ਹਾਂ ਅਤੇ ਇਸ ਨਾਲ ਇਹ ਤਾਂ ਹੁੰਦਾ ਹੀ ਹੈ ਕਿ ਅਜਿਹੇ ਕੰਮਾਂ ਦੇ ਪ੍ਰਤੀ ਆਦਮੀ ਵਿੱਚ ਜੋ ਵੀ ਜਾਣਕਾਰੀ ਹੁੰਦੀ ਹੈ, ਉਹ ਘਟਦੀ ਚਲੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨਾਲ ਜ਼ਰੂਰੀ ਸੰਪਰਕ ਜਿਹੜੇ ਇੱਥੇ ਕੰਮ ਦੇ ਹੋ ਸਕਦੇ ਹਨ, ਆਪਣੇ ਆਪ ਹੀ ਟੁੱਟ ਜਾਂਦੇ ਹਨ। ਪਿੰਡ ਵਿੱਚ, ਤੂੰ ਤਾਂ ਜਾਣਦਾ ਹੀ ਏ ਕਿ ਮੈਂ ਇੱਕਲਾ ਰਹਿ ਗਿਆ ਹਾਂ। ਇਹ ਤਾਂ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਕੋਈ ਅਜਿਹੀ ਸਮੱਸਿਆ ਸਾਹਮਣੇ ਆ ਖੜੀ ਹੁੰਦੀ ਹੈ। ਕਿਸੇ ਹੱਦ ਤੱਕ ਤਾਂ ਤੇਰੇ ਇਸ ਕੇਸ ਤੋਂ ਮੈਂ ਹੈਰਾਨ ਰਹਿ ਗਿਆ ਹਾਂ, ਹਾਲਾਂਕਿ ਇਹਨਾਂ ਦੇ ਖ਼ਤ ਦੇ ਪਿੱਛੋਂ ਅਜਿਹਾ ਕੁਝ ਹੋਣ ਦਾ ਦੂਰਅੰਦੇਸ਼ੀ ਮੇਰੇ ਅੰਦਰ ਪੈਦਾ ਹੋ ਗਈ ਸੀ, ਅਤੇ ਅੱਜ ਮੈਂ ਤੇਰੇ ਬਾਰੇ ਪੱਕੇ ਤੌਰ 'ਤੇ ਜਾਣਦਾ ਹਾਂ। ਫ਼ਿਰ ਵੀ, ਇਸ ਨਾਲ ਫ਼ਰਕ ਨਹੀਂ ਪੈਂਦਾ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਇਹੀ ਹੈ ਕਿ ਹੁਣ ਸਾਨੂੰ ਵਕਤ ਬਰਬਾਦ ਨਹੀਂ ਕਰਨਾ ਚਾਹੀਦਾ।"

ਜਦੋਂ ਉਹ ਬੋਲ ਰਿਹਾ ਸੀ ਤਾਂ ਅੱਡੀਆਂ ਭਾਰ ਹੋ ਰਿਹਾ ਸੀ ਅਤੇ ਟੈਕਸੀ ਨੂੰ ਰੋਕਣ ਦਾ ਇਸ਼ਾਰਾ ਕਰ ਰਿਹਾ ਸੀ ਅਤੇ ਹੁਣ, ਡਰਾਇਵਰ ਨੂੰ ਉੱਚੀ ਅਵਾਜ਼ ਵਿੱਚ ਸੱਦਣ ਲੱਗਾ ਸੀ। ਕਾਰ ਦੇ ਸਾਹਮਣੇ ਰੁਕਦੇ ਹੀ ਉਸਨੇ ਕੇ. ਨੂੰ ਘਸੀਟਿਆ ਅਤੇ ਅੰਦਰ ਵੜ ਗਿਆ।

"ਹੁਣ ਅਸੀਂ ਹੁਲਡ ਕੋਲ ਚੱਲੇ ਆਂ। ਉਹ ਵਕੀਲ ਹੈ।" ਉਸਨੇ ਕਿਹਾ, "ਉਹ ਸਕੂਲ ਵਿੱਚ ਮੇਰੇ ਨਾਲ ਪੜ੍ਹਿਆ ਕਰਦਾ ਸੀ। ਕੀ ਤੂੰ ਉਸਦਾ ਨਾਂ ਸੁਣਿਆ ਹੈ?, ਨਹੀਂ? ਪਰ ਉਹ ਬਹੁਤ ਕਮਾਲ ਦਾ ਹੈ। ਬਚਾਅ ਪੱਖ ਦੇ ਵਕੀਲ ਦੇ ਰੂਪ ਵਿੱਚ ਉਸਦੀ ਬਹੁਤ ਮਾਨਤਾ ਹੈ ਅਤੇ ਬਤੌਰ ਵਕੀਲ ਉਹ ਕਾਨੂੰਨੀ ਮਦਦ ਮੰਗਣ ਵਾਲਿਆਂ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਉਸ ਬੰਦੇ ਉੱਪਰ ਮੈਨੂੰ ਪੂਰਾ ਯਕੀਨ ਹੈ।"

"ਤੂੰ ਜੋ ਵੀ ਕਰਨ ਦਾ ਫ਼ੈਸਲਾ ਕਰੇਂ, ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟੀ ਮਿਲੇਗੀ," ਕੇ. ਬੋਲਿਆ, ਹਾਲਾਂਕਿ ਜਿਸ ਜਲਦਬਾਜ਼ੀ ਦੇ ਭਾਵ ਨਾਲ ਉਸਦੇ ਚਾਚਾ ਇਸ ਮਸਲੇ ਤੇ ਜੁਟਿਆ ਹੋਇਆ ਸੀ, ਉਸਤੋਂ ਉਸਦੇ ਅੰਦਰ ਕੁੱਝ ਸ਼ੱਕ ਪੈਦਾ ਹੋ ਰਹੇ ਸਨ। ਕਿਸੇ ਵੀ ਆਰੋਪੀ ਲਈ ਕਿਸੇ ਗਰੀਬਾਂ ਦੇ ਵਕੀਲ ਤੋਂ ਸਲਾਹ ਲੈਣਾ ਬਹੁਤਾ ਉਤਸ਼ਾਹ ਵਧਾਉਣ ਵਾਲਾ ਨਹੀਂ ਸੀ। "ਮੈਂ ਨਹੀਂ ਜਾਣਦਾ," ਉਸਨੇ ਕਿਹਾ, "ਕਿ ਇਸ ਤਰ੍ਹਾਂ ਦੇ ਕੇਸ ਵਿੱਚ ਕੋਈ ਵਕੀਲ ਦੀ ਸਲਾਹ ਵੀ ਲੈ ਸਕਦਾ ਹੈ।"

"ਕਿਉਂ ਨਹੀਂ, ਚਾਚੇ ਨੇ ਜਵਾਬ ਦਿੱਤਾ, “ਇਹ ਕਹਿਣ ਦੀ ਲੋੜ ਨਹੀਂ ਹੈ। ਕਿਉਂ ਨਹੀਂ ਲੈ ਸਕਦਾ? ਅਤੇ ਹੁਣ ਮੈਨੂੰ ਦੱਸ, ਤਾਂ ਕਿ ਮੈਨੂੰ ਇਸ ਕੇਸ ਦੀ ਪੂਰੀ ਜਾਣਕਾਰੀ ਰਹੇ, ਜੋ ਵੀ ਹੁਣ ਤੱਕ ਹੋਇਆ ਹੈ, ਉਹ ਸਭ ਕੁੱਝ।"

ਕੇ. ਨੇ ਬਿਨ੍ਹਾਂ ਕੁੱਝ ਲਕੋਏ ਇੱਕ ਦਮ ਉਸਨੂੰ ਸਭ ਕੁੱਝ ਦੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸਦੀ ਸਾਰੀ ਸਫ਼ਾਈ ਹੀ ਸਿਰਫ਼ ਇੱਕ ਰਸਤਾ ਸੀ, ਜਿਸ ਨਾਲ ਉਹ ਆਪਣੇ-ਆਪ ਨੂੰ ਇਸ ਕਾਬਿਲ ਬਣਾ ਸਕਦਾ ਸੀ ਤਾਂ ਕਿ ਚਾਚੇ ਦੀ ਇਸ ਧਾਰਨਾ ਦਾ ਖੰਡਨ ਕਰ ਸਕੇ ਕਿ ਉਸਦਾ ਇਹ ਕੇਸ ਬਹੁਤ ਵੱਡੀ ਬੇਇੱਜ਼ਤੀ ਹੈ। ਫ਼ਰਾਉਲਨ ਬਸਤਰ ਦਾ ਨਾਂ ਉਸਨੇ ਸਿਰਫ਼ ਇੱਕ ਵਾਰ ਲਿਆ ਅਤੇ ਉਹ ਵੀ ਚਾਲੂ ਜਿਹੇ ਢੰਗ ਨਾਲ, ਪਰ ਇਸ ਨਾਲ ਉਸਦਾ ਪੂਰਾ ਬਿਓਰਾ ਕੋਈ ਘੱਟ ਸਾਫ਼ ਨਹੀਂ ਹੋ ਗਿਆ, ਕਿਉਂਕਿ ਫ਼ਰਾਉਨਲ ਬਸਤਰ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਸੀ। ਜਦੋਂ ਉਹ ਆਪਣੀ ਕਹਾਣੀ ਸੁਣਾ ਰਿਹਾ ਸੀ ਤਾਂ ਉਸਨੇ ਖਿੜਕੀ ਦੇ ਬਾਹਰ ਨਿਗ੍ਹਾ ਮਾਰੀ ਅਤੇ ਵੇਖਿਆ ਕਿ ਉਹ ਉਸੇ ਕਸਬੇ ਦੇ ਕੋਲ ਪਹੁੰਚਣ ਵਾਲੇ ਹਨ ਜਿੱਥੇ ਕਿ ਕਚਹਿਰੀਆਂ ਦੇ ਦਫ਼ਤਰ ਹਨ। ਉਸਨੇ ਆਪਣੇ ਚਾਚੇ ਨੂੰ ਇਹ ਦੱਸਿਆ, ਪਰ ਉਹ ਇਸ ਸੰਜੋਗ ਤੋਂ ਬਹੁਤਾ ਫ਼ਿਕਰਮੰਦ ਨਹੀਂ ਹੋਇਆ। ਕਾਰ ਇੱਕ ਹਨੇਰੇ ਘਰ ਦੇ ਸਾਹਮਣੇ ਜਾ ਖੜੀ ਹੋਈ। ਉਸਦੇ ਚਾਚੇ ਨੇ ਜ਼ਮੀਨੀ ਮੰਜ਼ਿਲ ਦੇ ਪਹਿਲੇ ਬੂਹੇ ਦੀ ਘੰਟੀ ਛੇਤੀ ਨਾਲ ਦੱਬ ਦਿੱਤੀ। ਜਦੋਂ ਉਹ ਉਡੀਕ ਕਰ ਰਹੇ ਸਨ ਤਾਂ ਉਸਦੇ ਚਾਚੇ ਨੇ ਮੁਸਕੁਰਾਉਂਦੇ ਹੋਏ ਆਪਣੇ ਵੱਡੇ-ਵੱਡੇ ਦੰਦ ਵਿਖਾਏ ਅਤੇ ਫੁਸਫਸਾਇਆ "ਅੱਠ ਵੱਜੇ ਹਨ। ਇਸ ਵੇਲੇ ਵੀ ਮੁਅੱਕਿਲਾਂ ਦਾ ਆਉਂਦੇ-ਜਾਂਦੇ ਰਹਿਣਾ ਅਜੀਬੋ-ਗਰੀਬ ਹੈ। ਫ਼ਿਰ ਵੀ ਹੁਲਡ ਮੇਰਾ ਤਹਿ ਦਿਲੋਂ ਸਵਾਗਤ ਕਰੇਗਾ।"

"ਬੂਹੇ ਦੀ ਮੋਰੀ ਵਿੱਚ ਦੋ ਵੱਡੀਆਂ-ਵੱਡੀਆਂ ਅੱਖਾਂ ਦਿਸਣ ਲੱਗ ਪਈਆਂ, ਜਿਨ੍ਹਾਂ ਨੇ ਬਾਹਰ ਖੜ੍ਹੇ ਮਹਿਮਾਨਾਂ ਦਾ ਕੁੱਝ ਦੇਰ ਮੁਆਇਨਾ ਕੀਤਾ ਅਤੇ ਫ਼ਿਰ ਗੁੰਮ ਹੋ ਗਈਆਂ। ਪਰ ਬੂਹਾ ਨਹੀਂ ਖੁੱਲ੍ਹਿਆ। ਕੇ. ਅਤੇ ਉਸਦਾ ਚਾਚਾ ਦੋਵਾਂ ਨੇ ਇੱਕ-ਦੂਜੇ ਦੇ ਵੱਲ ਵੇਖਿਆ ਅਤੇ ਤਸੱਲੀ ਦਿੱਤੀ ਕਿ ਉਹਨਾਂ ਨੇ ਸਚਮੱਚ ਦੋ ਅੱਖਾਂ ਵੇਖੀਆਂ ਹਨ।

"ਇਹ ਉਸਦੀ ਨਵੀਂ ਨੌਕਰਾਣੀ ਹੋਵੇਗੀ ਜਿਹੜੀ ਅਣਜਾਣ ਬੰਦਿਆਂ ਤੋਂ ਡਰਦੀ ਹੈ," ਕੇ. ਦੇ ਚਾਚੇ ਨੇ ਕਿਹਾ ਅਤੇ ਬੂਹਾ ਫੇਰ ਖੜਕਾ ਦਿੱਤਾ। ਇੱਕ ਵਾਰ ਫੇਰ ਉਹੀ ਅੱਖਾਂ ਵਿਖਾਈ ਦਿੱਤੀਆਂ ਅਤੇ ਉਹ ਥੋੜੀਆਂ ਉਦਾਸ ਲੱਗ ਰਹੀਆਂ ਸਨ, ਪਰ ਸ਼ਾਇਦ ਇਹ ਸਿਰਫ਼ ਇੱਕ ਵਹਿਮ ਸੀ, ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਬਲਦੇ ਹੋਏ ਇੱਕ ਖੁੱਲੇ ਗੈਸ-ਜੈਟ ਦੁਆਰਾ ਪੈਦਾ ਹੋ ਰਿਹਾ ਸੀ ਅਤੇ ਇੱਕ ਤਿੱਖੀ ਅਵਾਜ਼ ਕਰ ਰਿਹਾ ਸੀ, ਪਰ ਵਧੇਰੇ ਰੌਸ਼ਨੀ ਪੈਦਾ ਨਹੀਂ ਕਰ ਰਿਹਾ ਸੀ।

"ਖੋਲ੍ਹ!" ਕੇ. ਦੇ ਚਾਚੇ ਨੇ ਬੂਹੇ ਉੱਪਰ ਆਪਣਾ ਗੁੱਟ ਮਾਰ ਕੇ ਕਿਹਾ - "ਅਸੀਂ ਵਕੀਲ ਸਾਹਬ ਦੇ ਦੋਸਤ ਹਾਂ।"

"ਸ੍ਰੀਮਾਨ ਹੁਲਡ ਬਿਮਾਰ ਹਨ," ਉਹਨਾਂ ਦੇ ਪਿੱਛੇ ਇੱਕ ਫੁਸਫਸਾਹਟ ਉੱਭਰ ਆਈ। ਗੈਲਰੀ ਦੇ ਦੂਜੇ ਕਿਨਾਰੇ ਦੀ ਤੰਗ ਜਿਹੀ ਜਗ੍ਹਾ 'ਤੇ ਡੈਸਿੰਗ ਗਾਊਨ ਪਾਈ ਇੱਕ ਆਦਮੀ ਖੜ੍ਹਾ ਸੀ ਜਿਸਨੇ ਬਹੁਤ ਹੌਲੀ ਅਵਾਜ਼ ਵਿੱਚ ਇਹ ਸੂਚਨਾ ਦਿੱਤੀ ਸੀ। ਚਾਚਾ, ਜਿਹੜਾ ਹੁਣ ਤੱਕ ਇਸ ਲੰਮੀ ਉਡੀਕ ਤੋਂ ਵੈਸੇ ਹੀ ਕਾਫ਼ੀ ਤੰਗ ਹੋ ਗਿਆ ਸੀ, ਨੇ ਗੁੱਸੇ ਜਿਹੇ ਨਾਲ ਪੁੱਛਿਆ, "ਬਿਮਾਰ ਹੈ? ਤੂੰ ਕਹਿੰਦਾ ਏਂ ਕਿ ਉਹ ਬਿਮਾਰ ਹੈ?" ਇਹ ਕਹਿੰਦਾ ਹੋਇਆ ਉਹ ਲਗਭਗ ਧਮਕਾਉਂਦਾ ਜਿਹਾ ਹੋਇਆ ਉਸ ਆਦਮੀ ਦੇ ਕੋਲ ਪਹੁੰਚ ਗਿਆ, ਜਿਵੇਂ ਉਹ ਆਪ ਹੀ ਬਿਮਾਰ ਹੋਵੇ।

"ਬੂਹਾ ਤਾਂ ਖੁੱਲ੍ਹਾ ਹੀ ਹੈ, ਉਸ ਆਦਮੀ ਨੇ ਜਵਾਬ ਦਿੱਤਾ, ਅਤੇ ਵਕੀਲ ਦੇ ਬੂਹੇ ਦੇ ਵੱਲ ਉਂਗਲ ਚੁੱਕ ਕੇ ਅਤੇ ਆਪਣੇ ਫ਼ੈਸਿੰਗ ਗਾਉਨ ਨੂੰ ਸੰਭਾਲਦਾ ਹੋਇਆ ਉੱਥੋਂ ਚਲਾ ਗਿਆ।

ਬੂਹਾ ਵਾਕਈ ਹੀ ਖੁੱਲ ਚੁੱਕਾ ਸੀ। ਇੱਕ ਨੌਜਵਾਨ ਜਿਹੀ ਕੁੜੀ, ਕੇ. ਨੇ ਉਹ ਕਾਲੀਆਂ, ਰਤਾ ਕੁ ਉੱਭਰੀਆਂ ਹੋਈਆਂ ਅੱਖਾਂ ਪਛਾਣ ਲਈਆਂ ਸਨ, ਬਹੇ ਦੇ ਪਾਰ ਇੱਕ ਲੰਮਾ ਸਫ਼ੈਦ ਐਪਰਨ ਪਾਈ ਅਤੇ ਹੱਥ ਚ ਮੋਮਬੱਤੀ ਚੁੱਕੀ ਖੜੀ ਸੀ। "ਅਗਲੀ ਵਾਰ ਬੂਹਾ ਖੋਲ੍ਹਣ ਵਿੱਚ ਜ਼ਿਆਦਾ ਦੇਰ ਨਾ ਲਾਵੀਂ!", ਬਿਨ੍ਹਾਂ ਉਡੀਕ ਕੀਤੇ ਕੇ. ਦਾ ਚਾਚਾ ਹੜਬੜਾਇਆ ਜਿਹਾ ਬੂਹੇ ਵੱਲ ਵਧਿਆ। ਕੇ. ਅਜੇ ਤੱਕ ਕੁੜੀ ਨੂੰ ਟਿਕਟਿਕੀ ਬੰਨ੍ਹ ਕੇ ਵੇਖ ਰਿਹਾ ਸੀ, ਜਿਹੜੀ ਹੁਣ ਛੇਤੀ ਨਾਲ ਬੂਹਾ ਬੰਦ ਕਰਨ ਲਈ ਮੁੜ ਰਹੀ ਸੀ। ਉਸਦਾ ਚਿਹਰਾ ਗੋਲ ਗੁੱਡੀ ਵਰਗਾ ਸੀ। ਨਾ ਸਿਰਫ਼ ਉਸਦੀਆਂ ਪੀਲੀਆਂ ਗੱਲਾਂ ਅਤੇ ਠੋਡੀ ਹੀ ਗੋਲ ਸੀ, ਇੱਥੋਂ ਤੱਕ ਕਿ ਉਸਦੀ ਕਨਪਟੀਆਂ ਅਤੇ ਸ਼ੈਲੀਆਂ ਵੀ ਉਹੋ ਜਿਹੀਆਂ ਹੀ ਸਨ।

"ਜੋਸਫ਼!", ਉਸਦਾ ਚਾਚਾ ਇੱਕ ਵਾਰ ਫਿਰ ਚੀਕਿਆ, ਅਤੇ ਉਸਨੇ ਕੁੜੀ ਨੂੰ ਪੁੱਛਿਆ, "ਕੀ ਉਸਨੂੰ ਦਿਲ ਦੀ ਬਿਮਾਰੀ ਹੈ?"

"ਮੈਨੂੰ ਤਾਂ ਇਹੀ ਲੱਗਦਾ ਹੈ, ਕੁੜੀ ਨੇ ਜਵਾਬ ਦਿੱਤਾ। ਹੁਣ ਤੱਕ ਉਸਨੂੰ ਮੋਮਬੱਤੀ ਫੜ੍ਹਕੇ ਅੱਗੇ ਨਿਕਲਣ ਅਤੇ ਕਮਰੇ ਦਾ ਬੂਹਾ ਖੋਲ੍ਹਣ ਦਾ ਮੌਕਾ ਮਿਲ ਗਿਆ ਸੀ। ਕਮਰੇ ਦੇ ਉਸ ਕੋਨੇ ਵਿੱਚ, ਜਿੱਥੇ ਮੋਮਬੱਤੀ ਦੀ ਰੌਸ਼ਨੀ ਨਹੀਂ ਪਹੁੰਚ ਪਾ ਰਹੀ ਸੀ, ਬਿਸਤਰੇ ਵਿੱਚ ਇੱਕ ਦਾੜੀ ਵਾਲਾ ਚਿਹਰਾ ਉੱਪਰ ਉੱਠਿਆ।

"ਇਹ ਲੋਕ ਕੌਣ ਹਨ, ਲੇਨੀ?" ਵਕੀਲ, ਜਿਸਦੀਆਂ ਅੱਖਾਂ ਮੋਮਬੱਤੀ ਦੀ ਰੌਸ਼ਨੀ ਨਾਲ ਚੁੰਧਿਆ ਗਈਆਂ ਸਨ, ਆਪਣੇ ਮਹਿਮਾਨਾਂ ਨੂੰ ਨਾ ਪਛਾਣ ਸਕਣ ਦੀ ਅਸਮਰੱਥਾ ਕਰਕੇ ਬੋਲਿਆ।

"ਇਹ ਤੁਹਾਡਾ ਪੁਰਾਣਾ ਦੋਸਤ ਅਲਬਰਟ ਹੈ," ਕੇ. ਦੇ ਚਾਚੇ ਨੇ ਜਵਾਬ ਦਿੱਤਾ।

"ਓਹ, ਅਲਬਰਟ," ਸਿਰਹਾਣੇ 'ਤੇ ਟੇਢੇ ਹੁੰਦਿਆਂ ਵਕੀਲ ਨੇ ਕਿਹਾ, ਕਿਉਂਕਿ ਉਸਨੂੰ ਇਹਨਾਂ ਮਹਿਮਾਨਾਂ ਸਾਹਮਣੇ ਕੋਈ ਬਹਾਨਾ ਬਣਾਉਣ ਦੀ ਲੋੜ ਨਹੀਂ ਸੀ।

"ਇਹ ਤਾਂ ਓਨਾ ਹੀ ਬੁਰਾ ਹੈ," ਬਿਸਤਰੇ ਦੇ ਇੱਕ ਕਿਨਾਰੇ ਬੈਠਦੇ ਹੋਏ ਕੇ. ਦੇ ਚਾਚੇ ਨੇ ਪੁੱਛਿਆ, "ਮੈਨੂੰ ਤਾਂ ਇਸ 'ਤੇ ਵਿਸ਼ਵਾਸ਼ ਹੀ ਨਹੀਂ ਹੈ। ਇਹ ਤਾਂ ਤੇਰੀ ਉਹੀ ਪੁਰਾਣੀ ਦਿਲ ਦੀ ਬਿਮਾਰੀ ਹੈ। ਪਰ ਜਿਵੇਂ ਇਹ ਪਹਿਲਾਂ ਗਾਇਬ ਹੋ ਗਈ ਸੀ, ਉਵੇਂ ਹੀ ਹੁਣ ਵੀ ਹੋ ਜਾਵੇਗੀ।"

"ਸ਼ਾਇਦ," ਵਕੀਲ ਨੇ ਹੌਲੀ ਜਿਹੀ ਕਿਹਾ, "ਪਰ ਇਹ ਤਾਂ ਪਹਿਲਾਂ ਦੇ ਮੁਕਾਬਲੇ ਇਸ ਵਾਰ ਬਹੁਤ ਜ਼ਿਆਦਾ ਤਕਲੀਫ਼ਦੇਹ ਹੈ। ਮੈਂ ਤਾਂ ਸਾਹ ਤੱਕ ਨਹੀਂ ਲੈ ਸਕਦਾ। ਨੀਂਦ ਬਿਲਕੁਲ ਨਹੀਂ ਆਉਂਦੀ ਤੇ ਹਰ ਰੋਜ਼ ਮੈਂ ਕਮਜ਼ੋਰ ਹੁੰਦਾ ਜਾ ਹਾਂ।"

"ਓਹ," ਕੇ. ਦੇ ਚਾਚੇ ਨੇ ਆਪਣੇ ਭਾਰੀ ਪਨਾਮਾ ਟੋਪ ਨੂੰ ਆਪਣੇ ਭਾਰੀ ਹੱਥ ਨਾਲ ਗੋਡਿਆਂ 'ਤੇ ਜ਼ੋਰ ਨਾਲ ਦਬਾਉਂਦੇ ਹੋਏ ਕਿਹਾ, "ਇਹ ਬਹੁਤ ਬਰੀ ਖ਼ਬਰ ਹੈ। ਪਰ ਕੀ ਤੇਰੀ ਦੇਖਭਾਲ ਠੀਕ ਤਰ੍ਹਾਂ ਹੋ ਰਹੀ ਹੈ? ਅਤੇ ਇੱਥੋਂ ਦੀ ਸਥਿਤੀ ਤਾਂ ਮਾੜੀ ਲੱਗ ਰਹੀ ਹੈ। ਕਿੰਨਾ ਹਨੇਰਾ ਹੈ। ਮੈਨੂੰ ਇੱਥੇ ਆਏ ਕਾਫ਼ੀ ਦਿਨ ਹੋ ਗਏ ਪਰ ਪਿਛਲੀ ਵਾਰ ਇੱਥੇ ਆ ਕੇ ਚੰਗਾ ਲੱਗਿਆ ਸੀ। ਅਤੇ ਤੇਰੀ ਇਹ ਛੋਟੀ ਨੌਕਰਾਣੀ ਵੀ ਖੁਸ਼ ਨਹੀਂ ਵਿਖਾਈ ਦਿੰਦੀ ਜਾਂ ਸਿਰਫ਼ ਇਹ ਇਸ ਤਰ੍ਹਾਂ ਦੀ ਹੀ ਹੈ।

ਕੁੜੀ ਮੋਮਬੱਤੀ ਫੜ੍ਹਕੇ ਅਜੇ ਤੱਕ ਬੂਹੇ ਦੇ ਕੋਲ ਖੜੀ ਸੀ। ਉਸਦੀ ਲਾਪਰਵਾਹ ਜਿਹੀ ਤੱਕਣੀ ਤੋਂ ਇੱਦਾਂ ਲੱਗਦਾ ਸੀ ਕਿ ਉਹ ਕੇ. 'ਤੇ ਨਿਗ੍ਹਾ ਗੱਡੀ ਹੋਈ ਹੈ, ਨਾ ਕਿ ਉਸਦੇ ਚਾਚੇ ਤੇ, ਉਦੋਂ ਵੀ ਜਦੋਂ ਚਾਚਾ ਉਸੇ ਬਾਰੇ ਗੱਲ ਕਰ ਰਿਹਾ ਸੀ। ਕੇ. ਇੱਕ ਕੁਰਸੀ ਦੇ ਉੱਪਰ ਝੁਕ ਆਇਆ ਸੀ ਜਿਹੜੀ ਉਸਨੇ ਕੁੜੀ ਦੇ ਕੋਲ ਨੂੰ ਖਿਸਕਾ ਦਿੱਤੀ ਸੀ।

"ਜਦੋਂ ਵੀ ਕੋਈ ਮੇਰੇ ਵਾਂਗ ਬਿਮਾਰ ਹੋਵੇ," ਵਕੀਲ ਬੋਲਿਆ, "ਤਾਂ ਉਸਨੂੰ ਸ਼ਾਂਤੀ ਅਤੇ ਇਕਾਂਤ ਚਾਹੀਦਾ ਹੁੰਦਾ। ਇਹ ਮੈਨੂੰ ਬੁਰਾ ਨਹੀਂ ਲੱਗਦਾ। ਥੋੜ੍ਹਾ ਜਿਹਾ ਵਕਫ਼ਾ ਦੇਣ ਤੋਂ ਬਾਅਦ ਉਹ ਅੱਗੇ ਬੋਲਿਆ- "ਅਤੇ ਲੇਨੀ ਮੇਰ ਰੱਖਦੀ ਹੈ। ਇਹ ਇੱਕ ਚੰਗੀ ਕੁੜੀ ਹੈ।"

ਪਰ ਕੇ. ਦਾ ਚਾਚਾ ਇਸਤੋਂ ਸੰਤੁਸ਼ਟ ਨਹੀਂ ਹੋਇਆ, ਉਹ ਸਾਫ਼ ਤੌਰ 'ਤੇ ਨਰਸ ਨਾਲ ਖਫ਼ਾ ਸੀ, ਅਤੇ ਫ਼ਿਰ ਵੀ ਉਸਨੇ ਉਸ ਬਿਮਾਰ ਆਦਮੀ ਦੀ ਗੱਲ ਦਾ ਜਵਾਬ ਨਹੀਂ ਦਿੱਤਾ, ਪਰ ਆਪਣੀ ਤਿੱਖੀ ਨਜ਼ਰ ਨਾਲ ਉਸ ਕੁੜੀ ਨੂੰ ਉਸਦੇ ਬਿਸਤਰੇ ਵੱਲ ਜਾਂਦੇ ਵੇਖਦਾ ਰਿਹਾ, ਜਿਹੜੀ ਮੇਜ਼ ਤੇ ਮੋਮਬੱਤੀ ਰੱਖਣ ਤੋਂ ਬਾਅਦ ਵਕੀਲ ਦੇ ਉੱਪਰ ਸਿਰਹਾਣੇ ਠੀਕ ਕਰਦੀ ਹੋਈ ਉਸਦੇ ਕੰਨ ਵਿੱਚ ਕੁੱਝ ਕਹਿ ਗਈ ਸੀ। ਬਿਮਾਰ ਆਦਮੀ ਦੇ ਪ੍ਰਤੀ ਆਪਣੀਆਂ ਸਾਰੀਆਂ ਧਾਰਨਾਵਾਂ ਨੂੰ ਭੁੱਲ ਕੇ ਕੇ. ਦਾ ਚਾਚਾ ਉੱਠ ਖੜ੍ਹਾ ਹੋਇਆ ਅਤੇ ਨਰਸ ਦੇ ਪਿੱਛੇ ਬੇਚੈਨੀ ਨਾਲ ਟਹਿਲਣ ਲੱਗਾ, ਅਤੇ ਕੇ. ਨੂੰ ਹੈਰਾਨੀ ਨਹੀਂ ਹੁੰਦੀ ਜੇ ਉਹ ਪਿੱਛਿਓਂ ਉਸਦੀ ਸਕਰਟ ਫੜਕੇ ਉਸਨੂੰ ਬਿਸਤਰੇ ਤੋਂ ਪਰਾਂ ਖਿੱਚ ਕੇ ਧੱਕ ਦਿੰਦਾ। ਕੇ. ਹਰ ਚੀਜ਼ ਨੂੰ ਸੰਜਮ ਨਾਲ ਵੇਖਦਾ ਰਿਹਾ, ਅਸਲ 'ਚ ਵਕੀਲ ਦਾ ਬਿਮਾਰ ਹੋਣਾ ਪੂਰੀ ਤਰ੍ਹਾਂ ਅਣਚਾਹਿਆ ਨਹੀਂ ਸੀ, ਹੁਣ ਉਹ ਉਸ ਵਧੀਕ ਉਤਸ਼ਾਹ, ਜਿਹੜਾ ਉਸਦੇ ਚਾਚੇ ਨੇ ਉਸਦੇ ਪ੍ਰਤੀ ਦਰਸਾਇਆ ਸੀ, ਦਾ ਵਿਰੋਧ ਕਰ ਸਕਦਾ ਸੀ, ਅਤੇ ਉਹ ਵੇਖ ਕੇ ਖੁਸ਼ ਸੀ ਕਿ ਉਸਦਾ ਉਤਸ਼ਾਹ ਉਸਦੀ ਮਦਦ ਤੋਂ ਬਿਨ੍ਹਾਂ ਹੋਰ ਚੀਜ਼ਾਂ ਵਿੱਚ ਬਦਲਦਾ ਜਾ ਰਿਹਾ ਸੀ।

ਫ਼ਿਰ ਉਸਦੇ ਚਾਚੇ ਨੇ, ਜਿਵੇਂ ਸਿਰਫ਼ ਨਰਸ ਦੀ ਬੇਇੱਜ਼ਤੀ ਕਰਨ ਦੇ ਇਰਾਦੇ ਭਰ ਨਾਲ ਕਿਹਾ - "ਫ਼ਰਾਉਲਨ, ਮਿਹਰਬਾਨੀ ਕਰਕੇ ਸਾਨੂੰ ਕੁੱਝ ਦੇਰ ਲਈ ਇਕੱਲਾ ਛੱਡ ਦੇ, ਮੈਨੂੰ ਆਪਣੇ ਦੋਸਤ ਦੇ ਨਾਲ ਕੁੱਝ ਜ਼ਰੂਰੀ ਨਿੱਜੀ ਕੰਮ ਹੈ।"

ਨਰਸ, ਜਿਹੜੀ ਅਜੇ ਤੱਕ ਬਿਮਾਰ ਆਦਮੀ ਦੇ ਬਿਸਤਰੇ 'ਤੇ ਝੁਕੀ ਹੋਈ ਸੀ ਅਤੇ ਬਿਸਤਰੇ ਦੀ ਚਾਦਰ ਦੇ ਵਲ ਠੀਕ ਕਰ ਰਹੀ ਸੀ, ਨੇ ਆਪਣਾ ਸਿਰ ਹਲਕਾ ਜਿਹਾ ਉਸਦੇ ਵੱਲ ਘੁਮਾਇਆ ਅਤੇ ਬੜੇ ਸ਼ਾਂਤ ਭਾਵ ਨਾਲ, ਜਿਹੜਾ ਕੇ. ਦੇ ਚਾਚੇ ਦੇ ਗੁੱਸੇ ਦੇ ਐਨ ਉਲਟ ਸੀ, ਕਿਹਾ, "ਪਰ ਤੁਸੀਂ ਇਹ ਤਾਂ ਵੇਖੋ ਕਿ ਸ਼੍ਰੀਮਾਨ ਹੁਲਡ ਕਿੰਨੇ ਬਿਮਾਰ ਹਨ ਅਤੇ ਕੋਈ ਵੀ ਕੰਮ ਦੀ ਗੱਲ ਕਰ ਸਕਣ ਤੋਂ ਅਸਮਰੱਥ ਹਨ।"

ਸ਼ਾਇਦ ਇਹ ਕੁਦਰਤੀ ਤੌਰ 'ਤੇ ਰਿਹਾ ਹੋਵੇਗਾ ਕਿ ਉਸਨੇ ਕੇ. ਦੇ ਚਾਚੇ ਦੇ ਸ਼ਬਦਾਂ ਨੂੰ ਦੁਹਰਾ ਦਿੱਤਾ ਸੀ, ਫਿਰ ਵੀ ਕੋਈ ਅਜਿਹਾ ਆਦਮੀ ਜਿਸਦਾ ਇਸ ਨਾਲ ਕੋਈ ਸਬੰਧ ਨਾ ਰਿਹਾ ਹੋਵੇ, ਇਹਨਾਂ ਸ਼ਬਦਾਂ ਨੂੰ ਜ਼ਰੂਰ ਹੀ ਘਿਰਣਾ ਵਜੋਂ ਲੈ ਸਕਦਾ ਸੀ। ਹਾਲਾਂਕਿ ਕੇ. ਦਾ ਚਾਚਾ ਤੰਗ ਹੋਇਆ ਜਿਵੇਂ ਉਸਨੂੰ ਰੱਸੀ ਨਾਲ ਟੰਗ ਦਿੱਤਾ ਗਿਆ ਹੋਵੇ।

"ਤੇਰੀ ਐਸੀ ਦੀ ਤੈਸੀ!" ਉਸਨੇ ਕਿਹਾ, ਉਸਦੇ ਗੁੱਸੇ ਦਾ ਇਹ ਜਵਾਰਭਾਟਾ ਲਗਭਗ ਸਮਝ ਤੋਂ ਬਾਹਰ ਸੀ। ਕੇ. ਸੁਚੇਤ ਹੋ ਗਿਆ, ਹਾਲਾਂਕਿ ਉਸਨੂੰ ਅਜਿਹਾ ਹੀ ਕੁੱਝ ਹੋਣ ਦੀ ਉਮੀਦ ਸੀ, ਅਤੇ ਉਹ ਭੱਜ ਕੇ ਆਪਣੇ ਚਾਚੇ ਦੇ ਕੋਲ ਜਾ ਪਹੁੰਚਿਆ, ਤਾਂ ਕਿ ਦੋਵਾਂ ਹੱਥਾਂ ਨਾਲ ਉਸਦਾ ਮੂੰਹ ਬੰਦ ਕਰ ਸਕੇ। ਪਰ ਚੰਗੀ ਕਿਸਮਤ ਕਿ ਕੁੜੀ ਦੇ ਪਿੱਛੇ ਉਹ ਬਿਮਾਰ ਆਦਮੀ ਉੱਠ ਬੈਠਾ, ਅਤੇ ਕੇ. ਦਾ ਚਾਚਾ ਅਜਿਹੀ ਟੇਢੀ ਨਿਗ੍ਹਾ ਨਾਲ ਵੇਖਦਾ ਰਿਹਾ ਜਿਵੇਂ ਉਹ ਕੋਈ ਬਹੁਤ ਕੌੜੀ ਚੀਜ਼ ਨਿਗਲ ਰਿਹਾ ਹੋਵੇ। ਫ਼ਿਰ ਉਸਨੇ ਬਹੁਤ ਸ਼ਾਂਤ ਅਵਾਜ਼ ਵਿੱਚ ਕਿਹਾ, "ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਆਪਣੇ ਹੋਸ਼ ਇੱਕ ਦਮ ਗੁਆ ਨਹੀਂ ਲਏ ਹਨ। ਜੇ ਮੈਂ ਜੋ ਵੀ ਕੁੱਝ ਪੁੱਛ ਰਿਹਾ ਸੀ ਉਹ ਅਸੰਭਵ ਹੈ, ਤਾਂ ਮੈਂ ਉਹ ਨਹੀਂ ਪੁੱਛਾਂਗਾ। ਕਿਰਪਾ ਕਰਕੇ ਹੁਣ ਚਲੇ ਜਾਓ।"

ਨਰਸ ਬਿਸਤਰੇ ਦੇ ਕੋਲ ਸਿੱਧੀ ਖੜ੍ਹੀ ਹੋਈ ਸੀ, ਅਤੇ ਕੇ. ਦੇ ਵੱਲ ਉਸਦਾ ਚਿਹਰਾ ਸੀ ਅਤੇ ਆਪਣੇ ਇੱਕ ਹੱਥ ਨਾਲ (ਜਾਂ ਫ਼ਿਰ ਕੇ. ਨੂੰ ਇਸ ਤਰ੍ਹਾਂ ਲੱਗਾ) ਵਕੀਲ ਦੇ ਹੱਥ ਨੂੰ ਸਹਿਲਾ ਰਹੀ ਸੀ।

"ਤੁਸੀਂ ਲੋਕ ਲੇਨੀ ਦੇ ਸਾਹਮਣੇ ਕੋਈ ਵੀ ਗੱਲ ਕਰ ਸਕਦੇ ਹੋਂ," ਤਾਂ ਬਿਮਾਰ ਆਦਮੀ ਨੇ ਕਿਹਾ, ਜਿਵੇਂ ਉਹ ਕੋਈ ਬਹੁਤ ਜ਼ਰੂਰੀ ਬੇਨਤੀ ਕਰ ਰਿਹਾ ਹੋਵੇ। "ਇਸ ਗੱਲ ਦਾ ਮੇਰੇ ਨਾਲ ਕੋਈ ਸਬੰਧ ਨਹੀਂ ਹੈ," ਕੇ. ਦੇ ਚਾਚੇ ਨੇ ਕਿਹਾ, "ਇਹ ਮੇਰਾ ਕੋਈ ਰਾਜ਼ ਨਹੀਂ ਹੈ।" ਅਤੇ ਉਹ ਦੂਜੇ ਪਾਸੇ ਘੁੰਮ ਗਿਆ ਜਿਵੇਂ ਕਿ ਹੁਣ ਇਸ ਮਾਮਲੇ 'ਤੇ ਚਰਚਾ ਕਰਨ ਦੀ ਉਸਦੀ ਅੱਗੇ ਕੋਈ ਇੱਛਾ ਨਾ ਹੋਵੇ, ਪਰ ਉਸਨੇ ਉਹਨਾਂ ਨੂੰ ਇਸ 'ਤੇ ਵਿਚਾਰਨ ਲਈ ਇੱਕ-ਦੋ ਪਲ ਦੇਣਾ ਚਾਹੁੰਦਾ ਸੀ।

"ਤਾਂ ਫ਼ਿਰ ਇਸਦਾ ਸਬੰਧ ਕਿਸ ਨਾਲ ਹੈ?" ਨਿਰਾਸ਼ ਜਿਹੀ ਅਵਾਜ਼ ਵਿੱਚ ਵਕੀਲ ਨੇ ਪੁੱਛਿਆ ਅਤੇ ਵਾਪਸ ਸਿਰਹਾਣੇ 'ਤੇ ਜਾ ਟਿਕਿਆ।

"ਮੇਰੇ ਭਤੀਜੇ ਨਾਲ," ਕੇ. ਦੇ ਚਾਚੇ ਨੇ ਜਵਾਬ ਦਿੱਤਾ, "ਮੈਂ ਇਸਨੂੰ ਆਪਣੇ ਨਾਲ ਲਿਆਇਆ ਹਾਂ।" ਅਤੇ ਹੁਣ ਉਸਨੇ ਆਪਣੀ ਪਛਾਣ ਕਰਾਈ, "ਜੋਸਫ਼ ਕੇ. ... ਸੀਨੀਅਰ ਕਲਰਕ।"

"ਓਹ," ਬਿਮਾਰ ਆਦਮੀ ਨੇ ਵਧੇਰੇ ਹੌਸਲੇ ਨਾਲ ਕਿਹਾ ਅਤੇ ਕੇ. ਦੇ ਵੱਲ ਆਪਣਾ ਹੱਥ ਵਧਾ ਦਿੱਤਾ, "ਮਾਫ਼ ਕਰਨਾ ਮੈਂ ਤੇਰੀ ਹਾਜ਼ਰੀ ਨੂੰ ਮਹਿਸੂਸ ਨਹੀਂ ਕਰ ਸਕਿਆ। ਲੇਨੀ, ਹੁਣ ਤੂੰ ਜਾ," ਉਸਨੇ ਨਰਸ ਨੂੰ ਹੁਕਮ ਦਿੱਤਾ, ਜਿਸਨੇ ਇਹ ਸੁਣਕੇ ਕੋਈ ਵਿਰੋਧ ਨਹੀਂ ਕੀਤਾ, ਅਤੇ ਉਸਨੇ ਉਸਦੇ ਨਾਲ ਕੁੱਝ ਇਸ ਤਰ੍ਹਾਂ ਹੱਥ ਮਿਲਾਇਆ ਜਿਵੇਂ ਉਹ ਲੰਮੇ ਸਮੇਂ ਲਈ ਵਿੱਛੜ ਰਹੇ ਹਨ।

"ਤੂੰ ਇਸ ਲਈ ਨਹੀਂ ਆਇਆ ਏਂ," ਉਸਨੇ ਕੇ. ਦੇ ਚਾਚੇ ਨੂੰ ਕਿਹਾ, ਜਿਹੜਾ ਉਸਦੇ ਬਹੁਤ ਕੋਲ ਨੂੰ ਆ ਗਿਆ ਸੀ, "ਕਿ ਮੈਂ ਬਿਮਾਰ ਹਾਂ, ਜਦਕਿ ਆਪਣੇ ਕਿਸੇ ਕੰਮ ਨਾਲ ਆਇਆ ਏਂ।"

ਅਜੇ ਤੱਕ ਤਾਂ ਲੱਗ ਰਿਹਾ ਸੀ ਕਿ ਬਿਮਾਰ ਦੇ ਕੋਲ ਆਉਣ ਦਾ ਵਿਚਾਰ ਹੀ ਵਕੀਲ ਨੂੰ ਕਮਜ਼ੋਰ ਬਣਾ ਰਿਹਾ ਸੀ। ਪਰ ਠੀਕ ਇਸੇ ਪਲ ਉਹ ਕਾਫ਼ੀ ਠੀਕ ਲੱਗ ਰਿਹਾ ਸੀ ਅਤੇ ਆਪਣੇ ਆਪ ਨੂੰ ਇੱਕ ਕੂਹਣੀ ਦੇ ਸਹਾਰੇ ਟਿਕਾਈ ਬੈਠਾ ਸੀ, ਹਾਲਾਂਕਿ ਇਸ ਨਾਲ ਉਸਨੂੰ ਕਾਫ਼ੀ ਔਖ ਮਹਿਸੂਸ ਹੋ ਰਹੀ ਹੋਵੇਗੀ। ਉਹ ਆਪਣੀ ਦਾੜੀ ਦੇ ਵਾਲ ਲਗਾਤਾਰ ਮਰੋੜੀ ਜਾ ਰਿਹਾ ਸੀ।

"ਹੁਣ ਤਾਂ ਤੂੰ ਕਾਫ਼ੀ ਠੀਕ ਲੱਗ ਰਿਹਾ ਏਂ," ਕੇ. ਦਾ ਚਾਚਾ ਬੋਲਿਆ, "ਹੁਣ ਉਹ ਚੁੜੇਲ ਚਲੀ ਗਈ ਹੈ," ਕੇ. ਦਾ ਚਾਚਾ ਰਤਾ ਰੁਕ ਕੇ ਫੁਸਫੁਸਾਇਆ - "ਮੈਂ ਸ਼ਰਤੀਆ ਕਹਿ ਸਕਦਾ ਹਾਂ ਕਿ ਉਹ ਸੁਣ ਰਹੀ ਹੈ!" ਅਤੇ ਉਹ ਹੌਲੀ ਜਿਹੇ ਬੂਹੇ ਵੱਲ ਗਿਆ।

ਪਰ ਬੁਰੇ ਪਿੱਛੇ ਕੋਈ ਨਹੀਂ ਸੀ। ਕੇ. ਦਾ ਚਾਚਾ ਵਾਪਸ ਆ ਗਿਆ। ਉਹ ਨਿਰਾਸ਼ ਨਹੀਂ ਸੀ। ਕਿਉਂਕਿ ਇਹ ਤੱਥ ਕਿ ਉਹ ਸੁਣ ਰਹੀ ਹੈ, ਉਸਨੂੰ ਵਧੇਰੇ ਧੋਖੇ ਭਰਿਆ ਲੱਗ ਰਿਹਾ ਸੀ। ਪਰ ਉਸਦੇ ਅੰਦਰ ਕੜਵਾਹਟ ਭਰ ਆਈ ਸੀ।

"ਤੂੰ ਉਸਦੇ ਬਾਰੇ ਗਲਤ ਧਾਰਨਾ ਬਣਾ ਰਿਹਾ ਏਂ, ਉਸਦੀ ਸੁਰੱਖਿਆ ਵਿੱਚ ਬਹੁਤਾ ਕੁੱਝ ਨਾ ਜੋੜਦੇ ਹੋਏ ਵਕੀਲ ਨੇ ਕਿਹਾ। ਸ਼ਾਇਦ ਇਸ ਨਾਲ ਉਹ ਇਹ ਦਰਸਾਉਣਾ ਚਾਹੁੰਦਾ ਸੀ ਕਿ ਉਸਨੂੰ ਅਜਿਹੀ ਵਕਾਲਤ ਦੀ ਕੋਈ ਚਾਹਤ ਨਹੀਂ ਹੈ। ਪਰ ਪਹਿਲਾਂ ਤੋਂ ਵਧੇਰੇ ਹਮਦਰਦ ਅਵਾਜ਼ ਵਿੱਚ ਉਹ ਅੱਗੇ ਬੋਲਿਆ, "ਜਿੱਥੋਂ ਤੱਕ ਤੇਰੇ ਭਤੀਜੇ ਦਾ ਸਵਾਲ ਹੈ ਤਾਂ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਾਂਗਾ ਜੇਕਰ ਇਸ ਬਹੁਤ ਮੁਸ਼ਕਲ ਕੰਮ ਲਈ ਮੇਰੀ ਤਾਕਤ ਮੇਰੇ ਨਾਲ ਰਹੇ। ਮੈਨੂੰ ਡਰ ਹੈ ਕਿ ਇਹ ਕਾਫ਼ੀ ਨਹੀਂ ਹੋਵੇਗੀ, ਪਰ ਹਰ ਹਾਲਤ ਵਿੱਚ ਜੋ ਵੀ ਜ਼ਰੂਰੀ ਹੋਇਆ, ਮੈਂ ਕਰਾਂਗਾ। ਜੇਕਰ ਮੈਂ ਇਹ ਨਹੀਂ ਕਰ ਸਕਿਆ, ਤਾਂ ਤੂੰ ਕਿਸੇ ਹੋਰ ਨੂੰ ਬੁਲਾ ਸਕਦਾ ਏਂ। ਖ਼ਰੀ ਗੱਲ ਕਹਾਂ ਤਾਂ ਇਸ ਕੇਸ ਵਿੱਚ ਮੈਨੂੰ ਕਾਫ਼ੀ ਦਿਲਚਸਪੀ ਹੋ ਗਈ ਹੈ ਅਤੇ ਇਸ ਵਿੱਚ ਸ਼ਾਮਲ ਨਾ ਹੋਣ ਦਾ ਹੁਣ ਕੋਈ ਸਵਾਲ ਹੀ ਨਹੀਂ ਹੈ। ਜੇ ਮੇਰਾ ਦਿਲ ਮੇਰਾ ਸਾਥ ਨਹੀਂ ਵੀ ਦਿੰਦਾ, ਤਾਂ ਇਹ ਮੇਰੇ ਮਰਨ ਲਈ ਸ਼ੁਭ-ਘੜੀ ਹੋਵੇਗੀ।"

ਕੇ. ਨੂੰ ਨਹੀਂ ਲੱਗ ਰਿਹਾ ਸੀ ਕਿ ਇਸ ਪੂਰੀ ਗੱਲ ਦਾ ਉਸਨੂੰ ਕੋਈ ਸ਼ਬਦ ਸਮਝ ਆਇਆ ਹੋਵੇ। ਉਸਨੇ ਸਫ਼ਾਈ ਲਈ ਇੱਕ ਨਜ਼ਰ ਆਪਣੇ ਚਾਚੇ ਤੇ ਸੁੱਟੀ, ਪਰ ਚਾਚਾ ਹੱਥ ਵਿੱਚ ਮੋਮਬੱਤੀ ਫੜੀ, ਬਿਸਤਰੇ ਦੇ ਕੋਲ ਤਿਪਾਈ ਕੋਲ ਜਾ ਬੈਠਾ ਸੀ, ਜਿੱਥੋਂ ਦਵਾਈ ਦੀ ਇੱਕ ਸ਼ੀਸ਼ੀ ਰਿਦੀ ਹੋਈ ਦਰੀ ਤੱਕ ਜਾ ਪੁੱਜੀ ਸੀ, ਅਤੇ ਉਹ ਵਕੀਲ ਦੇ ਕਹੇ ਹਰ ਸ਼ਬਦ ਦੇ ਪ੍ਰਤੀ ਸਹਿਮਤੀ ਜਤਾਉਂਦਾ ਹੋਇਆ ਲਗਾਤਾਰ ਆਪਣਾ ਸਿਰ ਹਿਲਾ ਰਿਹਾ ਸੀ, ਅਤੇ ਕਦੇ-ਕਦੇ ਕੇ. 'ਤੇ ਕੋਈ ਨਿਗਾ ਸੁੱਟ ਦਿੰਦਾ ਜਿਵੇਂ ਉਹ ਉਸਤੋਂ ਵੀ ਓਨੀ ਹੀ ਸਹਿਮਤੀ ਦੀ ਉਮੀਦ ਰਖਦਾ ਹੋਵੇ। ਕੀ ਉਸਦੇ ਚਾਚੇ ਨੇ ਸ਼ਾਇਦ ਵਕੀਲ ਨੂੰ ਇਸ ਕੇਸ ਦੇ ਬਾਰੇ ਵਿੱਚ ਦੱਸ ਦਿੱਤਾ ਹੋਇਆ ਹੈ? ਪਰ ਇਹ ਨਾਮੁਮਕਿਨ ਸੀ, ਕਿਉਂਕਿ ਅਜੇ ਤੱਕ ਜੋ ਵੀ ਇੱਥੇ ਹੋਇਆ ਸੀ, ਉਸ ਤੋਂ ਅਜਿਹਾ ਕੁੱਝ ਬਿਲਕੁਲ ਨਹੀਂ ਲੱਗਦਾ ਸੀ।

ਇਸ ਲਈ ਉਸਨੇ ਕਿਹਾ, "ਮੈਨੂੰ ਕੁੱਝ ਸਮਝ ਨਹੀਂ ਆਇਆ..."

"ਮੈਂ ਤੈਨੂੰ ਗ਼ਲਤ ਸਮਝ ਗਿਆ ਹਾਂ, ਸ਼ਾਇਦ? ਵਕੀਲ ਨੇ ਓਨੀ ਹੀ ਹੈਰਾਨੀ ਅਤੇ ਸੰਕੋਚ ਨਾਲ ਪੁੱਛਿਆ ਜਿੰਨਾ ਆਪ ਕੇ. ਸੀ। "ਸ਼ਾਇਦ ਮੈਂ ਕੋਈ ਜ਼ਲਦਬਾਜ਼ੀ ਕਰ ਦਿੱਤੀ ਹੈ? ਤਾਂ ਤੂੰ ਮੇਰੇ ਨਾਲ ਕਿਸ ਬਾਰੇ 'ਚ ਗੱਲ ਕਰਨੀ ਚਾਹੁੰਦਾ ਸੀ? ਮੈਂ ਤਾਂ ਸੋਚਿਆ ਇਹ ਸਭ ਤੇਰੇ ਮੁਕੱਦਮੇ ਦੇ ਬਾਰੇ 'ਚ ਹੈ।" "ਹਾਂ, ਇਹੀ," ਕੇ. ਦੇ ਚਾਚੇ ਨੇ ਕਿਹਾ ਅਤੇ ਕੇ. ਨੂੰ ਕਿਹਾ, "ਆਖ਼ਰ ਗੱਲ ਕੀ ਹੈ?"

"ਹਾਂ, ਪਰ ਤੁਸੀਂ ਮੇਰੇ ਅਤੇ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਕਿਵੇਂ ਜਾਣਦੇ ਹੋਂ?" ਕੇ. ਨੇ ਪੁੱਛਿਆ।

"ਓਹ, ਤਾਂ ਇਹ ਗੱਲ ਹੈ," ਵਕੀਲ ਨੇ ਮੁਸਕੁਰਾਉਂਦੇ ਹੋਏ ਕਿਹਾ, "ਮੈਂ ਵਕੀਲ ਹਾਂ ਭਾਈ, ਅਤੇ ਕਾਨੂੰਨੀ ਕੇਂਦਰਾਂ 'ਤੇ ਮੇਰਾ ਆਉਣਾ-ਜਾਣਾ ਹੈ। ਉੱਥੇ ਲੋਕ ਵੱਖ-ਵੱਖ ਮੁਕੱਦਮਿਆਂ 'ਤੇ ਗੱਲ ਕਰਦੇ ਹਨ ਅਤੇ ਮੈਨੂੰ ਤਾਂ ਕੋਈ ਖ਼ਾਸ ਮੁਕੱਦਮਾ ਯਾਦ ਰਹਿ ਹੀ ਜਾਂਦਾ ਹੈ, ਖ਼ਾਸ ਕਰਕੇ ਜਦੋਂ ਕਿਸੇ ਦੋਸਤ ਦਾ ਭਤੀਜਾ ਉਸ ਵਿੱਚ ਜਾ ਫਸਿਆ ਹੋਵੇ। ਪਰ ਇਸ ਕੇਸ ਵਿੱਚ ਕੋਈ ਬਹੁਤੀ ਖ਼ਾਸ ਗੱਲ ਨਹੀਂ।"

"ਫ਼ਿਰ ਕੀ ਗੱਲ ਹੈ?" ਕੇ. ਦੇ ਚਾਚੇ ਨੇ ਉਸ ਤੋਂ ਇੱਕ ਵਾਰ ਫਿਰ ਪੁੱਛਿਆ, "ਤੂੰ ਇਸ ਤਰ੍ਹਾਂ ਕਿਉਂ ਸਹਿਮਿਆਂ ਏਂ?"

"ਕੀ ਤੁਸੀਂ ਉਹਨਾਂ ਕਾਨੂੰਨੀ ਦਾਇਰਿਆਂ ਵਿੱਚ ਵਿਚਰਦੇ ਹੋਂ?" ਕੇ. ਨੇ ਪੁੱਛਿਆ।

"ਹਾਂ," ਵਕੀਲ ਨੇ ਜਵਾਬ ਦਿੱਤਾ।

"ਤੂੰ ਤਾਂ ਇੱਕ ਬੱਚੇ ਦੀ ਤਰ੍ਹਾਂ ਸਵਾਲ ਕਰ ਰਿਹਾ ਏਂ," ਕੇ. ਦੇ ਚਾਚੇ ਨੇ ਕਿਹਾ।

"ਤਾਂ ਮੈਂ ਕਿਸਦੇ ਨਾਲ ਸਾਂਝੀਵਾਲਤਾ ਕਰਾਂ, ਜੇ ਮੈਂ ਆਪਣੇ ਪੇਸ਼ੇ ਦੇ ਲੋਕਾਂ ਨਾਲ ਅਜਿਹਾ ਨਾ ਕਰਾਂ ਤਾਂ?" ਵਕੀਲ ਬੋਲਿਆ।

ਇਹ ਅਜਿਹੀ ਲਾਜਵਾਬ ਗੱਲ ਸੀ ਕਿ ਕੇ. ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ। ਉਹ ਕਹਿਣਾ ਚਾਹੁੰਦਾ ਸੀ ਕਿ, "ਪਰ ਜ਼ਰੂਰ ਹੀ ਤੁਸੀਂ ਤਾਂ ਨਿਆਂ ਸੰਸਥਾ ਦੀ ਕਾਨੂੰਨੀ ਅਦਾਲਤ ਵਿੱਚ ਕੰਮ ਕਰਦੇ ਹੋ, ਨਾ ਕਿ ਉਸ ਭਵਨ ਦੀ ਉੱਪਰੀ ਮੰਜ਼ਿਲ 'ਤੇ?" ਪਰ ਇੰਨਾ ਕਹਿ ਸਕਣ ਲਈ ਉਹ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਿਆ।

"ਤੈਨੂੰ ਯਾਦ ਰੱਖਣਾ ਚਾਹੀਦਾ, ਵਕੀਲ ਇੱਕ ਅਜਿਹੀ ਅਵਾਜ਼ ਵਿੱਚ ਬੋਲਣ ਲੱਗਾ ਕਿ ਉਹ ਕਿਸੇ ਆਪ ਪਤਾ ਕੀਤੀ ਹੋਈ ਚੀਜ਼ ਨੂੰ ਗੈਰਜ਼ਰੂਰੀ ਤੌਰ 'ਤੇ ਅਤੇ ਗੈਰ-ਰਸਮੀ ਤਰੀਕੇ ਨਾਲ ਸਪੱਸ਼ਟ ਕਰ ਰਿਹਾ ਹੈ, "ਤੈਨੂੰ ਜ਼ਰੂਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਅਦਾਰਿਆਂ ਵਿੱਚ ਘੁੰਮਣਾ ਮੇਰੇ ਮੁਅੱਕਿਲਾਂ ਲਈ ਕਈ ਮਾਅਨਿਆਂ ਵਿੱਚ ਲਾਭਕਾਰੀ ਹੈ, ਹਾਲਾਂਕਿ ਇਸ ਬਾਰੇ ਵਿੱਚ ਚਰਚਾ ਕਰਨ ਦੀ ਹਮੇਸ਼ਾ ਛੋਟ ਨਹੀਂ ਹੁੰਦੀ। ਇਸ ਵੇਲੇ ਜਿਵੇਂ ਕਿ ਪਤਾ ਹੀ ਹੈ ਕਿ ਮੇਰੀ ਬਿਮਾਰੀ ਦੇ ਕਾਰਨ, ਮੇਰੀ ਸਿਹਤ ਨੂੰ ਰਤਾ ਨੁਕਸਾਨ ਪਹੁੰਚ ਸਕਦਾ ਹੈ, ਫਿਰ ਵੀ ਅਦਾਲਤਾਂ ਵਿਚਲੇ ਮੇਰੇ ਚੰਗੇ ਦੋਸਤ ਅਜੇ ਤੱਕ ਮੈਨੂੰ ਮਿਲਣ ਆਉਂਦੇ ਹਨ, ਇਸ ਲਈ ਮੈਨੂੰ ਚੀਜ਼ਾਂ ਦਾ ਪਤਾ ਰਹਿੰਦਾ ਹੈ। ਸ਼ਾਇਦ ਜਿਹੜੇ ਲੋਕ ਸਿਹਤ ਪੱਖੋਂ ਬਿਲਕੁਲ ਠੀਕ ਹਨ ਤੇ ਪੂਰਾ ਦਿਨ ਅਦਾਲਤ ਵਿੱਚ ਰਹਿੰਦੇ ਹਨ, ਮੈਂ ਉਹਨਾਂ ਤੋਂ ਵੀ ਜ਼ਿਆਦਾ ਸੁਣ ਲੈਂਦਾ ਹਾਂ। ਉਦਾਹਰਨ ਦੇ ਲਈ ਮੇਰਾ ਇੱਕ ਪਿਆਰਾ ਦੋਸਤ ਇਸ ਸਮੇਂ ਮੇਰੇ ਸਾਹਮਣੇ ਹੈ," ਅਤੇ ਉਸਨੇ ਕਮਰੇ ਦੇ ਨੇਰੇ ਖੂੰਜੇ ਵੱਲ ਇਸ਼ਾਰਾ ਕੀਤਾ।

"ਕੀ ਕਿੱਥੇ?" ਆਪਣੀ ਸ਼ੁਰੂਆਤੀ ਹੈਰਾਨੀ ਦੇ ਪਿੱਛੋਂ ਕੇ. ਨੇ ਰੁੱਖੇ ਜਿਹੇ ਢੰਗ ਨਾਲ ਕਿਹਾ। ਉਸਨੇ ਸ਼ੱਕ ਦੀਆਂ ਨਿਗਾਹਾਂ ਨਾਲ ਆਸ-ਪਾਸ ਵੇਖਿਆ; ਮੋਮਬੱਤੀ ਦੀ ਹਲਕੀ ਰੌਸ਼ਨੀ ਸਾਹਮਣੇ ਦੀ ਕੰਧ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਹੋ ਚੁੱਕਾ ਸੀ। ਪਰ ਅਸਲ 'ਚ ਉੱਥੇ ਹੀ ਇੱਕ ਕਿਨਾਰੇ ਵਿੱਚ ਕੁੱਝ ਹਿਲਜੁਲ ਹੋ ਰਹੀ ਸੀ। ਮੋਮਬੱਤੀ ਨੂੰ ਉਸਦੇ ਚਾਚੇ ਨੇ ਉੱਚਾ ਚੁੱਕ ਲਿਆ ਸੀ ਅਤੇ ਉਸਦੀ ਰੌਸ਼ਨੀ ਵਿੱਚ ਉੱਧਰ ਇੱਕ ਛੋਟੇ ਜਿਹੇ ਮੇਜ਼ ਦੇ ਕੋਲ ਇੱਕ ਬੁੱਢਾ ਜਿਹਾ ਆਦਮੀ ਬੈਠਾ ਵਿਖਾਈ ਦੇ ਰਿਹਾ ਸੀ। ਇੰਨੇ ਲੰਮੇ ਸਮੇਂ ਤੱਕ ਉਸਦਾ ਉੱਥੇ ਹੋਣ ਦਾ ਇੱਕ ਕਾਰਨ ਇਹ ਹੋ ਸਕਦਾ ਹੋਵੇਗਾ ਕਿ ਉਹ ਆਪਣੇ ਸਾਹ ਬਹੁਤ ਹੌਲੀ ਲੈ ਰਿਹਾ ਸੀ। ਹੁਣ ਉਹ ਗੈਰਰਸਮੀ ਢੰਗ ਨਾਲ ਪੈਰਾਂ ਦੇ ਭਾਰ ਖੜ੍ਹਾ ਹੋਇਆ, ਅਤੇ ਆਪਣੇ ਵੱਲ ਧਿਆਨ ਆ ਜਾਣ ਦੇ ਕਾਰਨ ਹੁਣ ਉਹ ਰਤਾ ਘਬਰਾਇਆ ਹੋਇਆ ਸੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਇਹ ਕੋਸ਼ਿਸ਼ ਕਰ ਰਿਹਾ ਹੋਵੇ, ਆਪਣੇ ਹੱਥਾਂ ਨੂੰ ਛੋਟੇ-ਛੋਟੇ ਖੰਭਾਂ ਦੀ ਤਰ੍ਹਾਂ ਹਿਲਾਉਂਦਾ ਹੋਇਆ, ਕਿ ਕੋਈ ਉਸਨੂੰ ਸਤਿਕਾਰ ਜਾਂ ਜਾਣ-ਪਛਾਣ ਨਾ ਦੇਵੇ, ਜਿਵੇਂ ਕਿ ਆਪਣੀ ਹਾਜ਼ਰੀ ਦੇ ਕਾਰਨ ਉਹ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਸੀ, ਅਤੇ ਜਿਵੇਂ ਇਹ ਅਰਦਾਸ ਕਰ ਰਿਹਾ ਹੋਵੇ ਕਿ ਉਸਨੂੰ ਫ਼ੌਰਨ ਉਸੇ ਹਨੇਰੇ ਵਿੱਚ ਹੀ ਗਵਾਚੇ ਰਹਿਣ ਦਿੱਤਾ ਜਾਵੇ ਅਤੇ ਉਸਦੇ ਉੱਥੇ ਹੋਣ ਦੇ ਤੱਥ ਨੂੰ ਭੁਲਾ ਦਿੱਤਾ ਜਾਵੇ। ਪਰ ਇਹ ਉਸਨੂੰ ਹੁਣ ਮਿਲ ਸਕਣਾ ਸੰਭਵ ਨਹੀਂ ਸੀ।

"ਤੂੰ ਤਾਂ ਸਾਨੂੰ ਹੈਰਾਨ ਹੀ ਕਰ ਦਿੱਤਾ," ਵਕੀਲ ਨੇ ਸਫ਼ਾਈ ਜਿਹੀ ਦਿੰਦੇ ਹੋਏ ਕਿਹਾ, ਅਤੇ ਆਪਣਾ ਹੌਸਲੇ ਭਰਿਆ ਹੱਥ ਹਿਲਾਇਆ ਅਤੇ ਉਸ ਆਦਮੀ ਨੂੰ ਕੋਲ ਬੁਲਾ ਲਿਆ, ਉਹ ਹੌਲੀ-ਹੌਲੀ ਸੰਕੋਚ ਨਾਲ ਆਸੇ-ਪਾਸੇ ਵੇਖਦਾ ਹੋਇਆ ਅਤੇ ਸਨਮਾਨ ਜਿਹਾ ਦਰਸਾਉਂਦਾ ਕੋਲ ਆ ਗਿਆ। "ਅਦਾਲਤ ਦੇ ਦਫ਼ਤਰਾਂ ਦਾ ਨਿਰਦੇਸ਼ਕ - ਓਹ, ਪਰ ਮਾਫ਼ ਕਰਨਾ ਅਜੇ ਤੱਕ ਮੈਂ ਤੈਨੂੰ ਇਸਦੀ ਪਛਾਣ ਨਹੀਂ ਦੱਸੀ - ਇਹ ਮੇਰਾ ਦੋਸਤ ਹੈ, ਅਲਬਰਟ ਕੇ. ਅਤੇ ਇਹ ਉਸਦਾ ਭਤੀਜਾ ਜੋਸਫ਼ ਕੇ.। ਇਹ ਸੀਨੀਅਰ ਕਲਰਕ ਹੈ, ਅਤੇ ਇਹ ਹਨ ਅਦਾਲਤ ਦੇ ਦਫ਼ਤਰਾਂ ਦੇ ਨਿਰਦੇਸ਼ਕ... ਨਿਰਦੇਸ਼ਕ ਸਾਹਬ ਨੇ ਇੱਥੇ ਆ ਕੇ ਮੈਨੂੰ ਮਾਣ ਬਖ਼ਸ਼ਿਆ ਹੈ। ਅਜਿਹੇ ਆਗਮਨ ਦਾ ਮਹੱਤਵ ਤਾਂ ਠੀਕ ਢੰਗ ਨਾਲ ਉਦੋਂ ਹੀ ਸਮਝਿਆ ਜਾ ਸਕਦਾ ਹੈ ਜੇਕਰ ਨਿਰਦੇਸ਼ਕ ਦੇ ਰੁਝੇਵਿਆਂ ਦਾ ਵੀ ਪਤਾ ਹੋਵੇ। ਪਰ, ਇਸ ਸਭ ਦੇ ਹੁੰਦੇ ਹੋਏ ਵੀ ਇਹ ਆਏ ਅਤੇ ਅਸੀਂ ਥੋੜੀ ਬਹੁਤ ਗੱਲਬਾਤ ਕੀਤੀ, ਜਿੰਨਾ ਕਿ ਮੇਰੀ ਸਿਹਤ ਮੈਨੂੰ ਇਜਾਜ਼ਤ ਦਿੰਦੀ ਸੀ। ਇਹ ਸਹੀ ਹੈ ਕਿ ਅਸੀਂ ਲੇਨੀ ਨੂੰ ਮਹਿਮਾਨਾਂ ਨੂੰ ਰੋਕਣ ਤੋਂ ਮਨਾਹੀ ਨਹੀਂ ਕੀਤੀ ਸੀ, ਪਰ ਸਾਨੂੰ ਯਕੀਨ ਸੀ ਕਿ ਕੋਈ ਇੱਧਰ ਆਏਗਾ ਹੀ ਨਹੀਂ, ਪਰ ਅਲਬਰਟ ਉਦੋਂ ਹੀ ਤੁਸੀਂ ਬੂਹੇ ਨੂੰ ਧੱਕਦੇ ਹੋਏ ਅੰਦਰ ਚਲੇ ਆਏ, ਅਤੇ ਇਸ ਲਈ ਨਿਰਦੇਸ਼ਕ ਸਾਹਬ ਉਸ ਕਿਨਾਰੇ ਦੀ ਮੇਜ਼ ਅਤੇ ਕੁਰਸੀ ਦੇ ਕੋਲ ਚਲੇ ਗਏ, ਅਤੇ ਹੁਣ ਅਜਿਹਾ ਲੱਗਦਾ ਹੈ ਕਿ ਸਾਡੇ ਕੋਲ ਇੱਕ ਮੌਕਾ ਹੈ, ਇਸਦਾ ਮਤਲਬ ਕਿ, ਜੇ ਅਸੀਂ ਸਭ ਚਾਹੀਏ ਤਾਂ, ਕਿਸੇ ਵੀ ਵਿਚਾਰ ਤੇ ਇੱਕਠੇ ਗੱਲਬਾਤ ਕੀਤੀ ਜਾਵੇ, ਅਤੇ ਇਹ ਇੱਕ ਚੰਗਾ ਵਿਚਾਰ ਹੈ ਕਿ ਅਸੀਂ ਆਪਣੀਆਂ ਕੁਰਸੀਆਂ ਵਾਪਸ ਖਿੱਚ ਲਈਏ। ਸ਼੍ਰੀਮਾਨ ਜੀ, ਜ਼ਰਾ ਤਕਲੀਫ਼ ਕਰਨਾ," ਉਸਨੇ ਸਿਰ ਝੁਕਾ ਕੇ ਅਤੇ ਪਿਆਰੀ ਮੁਸਕਾਨ ਨਾਲ, ਬਿਸਤਰੇ ਦੇ ਕੋਲ ਪਈ ਇੱਕ ਕਰਸੀ ਦੇ ਵੱਲ ਇਸ਼ਾਰਾ ਕਰਕੇ ਕਿਹਾ।

"ਮਾੜੀ ਕਿਸਮਤ ਕਿ ਹੁਣ ਮੈਂ ਕੁੱਝ ਹੀ ਮਿੰਟ ਇੱਥੇ ਠਹਿਰ ਸਕਦਾਂ," ਨਿਰਦੇਸ਼ਕ ਨੇ ਦੋਸਤੀ ਦੇ ਭਾਵ ਨਾਲ ਕਿਹਾ, ਅਤੇ ਆਪਣੀ ਘੜੀ ਨੂੰ ਵੇਖਦਾ ਹੋਇਆ ਕੁਰਸੀ 'ਤੇ ਆਰਾਮ ਨਾਲ ਬਹਿ ਗਿਆ। "ਕੰਮ ਦੇ ਰੁਝੇਵੇਂ"। ਪਰ ਫ਼ਿਰ ਵੀ ਮੈਂ ਆਪਣੇ ਦੋਸਤ ਦੇ ਇੱਕ ਦੋਸਤ ਨਾਲ ਮਿਲ ਸਕਣ ਦਾ ਸੁਭਾਗ ਗਵਾਉਣਾ ਨਹੀਂ ਚਾਹੁੰਦਾ।"

ਉਸਨੇ ਜੋਸਫ਼ ਦੇ ਚਾਚੇ ਦੇ ਵੱਲ ਆਪਣਾ ਸਿਰ ਰਤਾ ਝੁਕਾ ਲਿਆ, ਜਿਹੜਾ ਇਸ ਨਵੀਂ ਜਾਣ-ਪਛਾਣ ਨੂੰ ਲੈ ਕੇ ਕਾਫ਼ੀ ਸੰਤੁਸ਼ਟ ਵਿਖਾਈ ਦੇ ਰਿਹਾ ਸੀ, ਪਰ ਆਪਣੇ ਸੁਭਾਅ ਕਰਕੇ ਸਤਿਕਾਰ ਤੋਂ ਬਚ ਵੀ ਰਿਹਾ ਸੀ, ਅਤੇ ਨਿਰਦੇਸ਼ਕ ਦੇ ਸ਼ਬਦਾਂ ਨੂੰ ਉਸਨੇ ਉੱਚੇ, ਨਿਰਾਸ਼ ਜਿਹੇ ਹਾਸੇ ਨਾਲ ਸਵੀਕਾਰ ਕੀਤਾ। ਇੱਕ ਭੱਦਾ ਦ੍ਰਿਸ਼! ਕੇ. ਨੇ ਹਰੇਕ ਚੀਜ਼ ਨੂੰ ਸ਼ਾਂਤ ਭਾਵ ਨਾਲ ਵੇਖਦੇ ਹੋਏ ਪਾਇਆ, ਕਿਉਂਕਿ ਕੋਈ ਵੀ ਉਸਦੀ ਰਤਾ ਵੀ ਪਰਵਾਹ ਨਹੀਂ ਕਰ ਰਿਹਾ ਸੀ। ਕਚਹਿਰੀਆਂ ਦਾ ਉਹ ਨਿਰਦੇਸ਼ਕ, ਜਿਹੜਾ ਹੁਣ ਰੌਸ਼ਨੀ ਵਿੱਚ ਆ ਗਿਆ ਸੀ, ਗੱਲਬਾਤ ਕਰਨ ਦੇ ਲਈ ਅੱਗੇ ਵੱਧ ਕੇ ਪ੍ਰਧਾਨ ਹੋ ਗਿਆ, ਜਿਵੇਂ ਕਿ ਪਹਿਲੀ ਨਜ਼ਰ ਤੋਂ ਉਹ ਅਜਿਹਾ ਕਰਨ ਦਾ ਆਦੀ ਲੱਗ ਰਿਹਾ ਸੀ, ਵਕੀਲ, ਜਿਸਦੀ ਸ਼ੁਰੂਆਤੀ ਕਮਜ਼ੋਰੀ ਮਹਿਮਾਨਾਂ ਨੂੰ ਪਰੇ ਰੱਖਣ ਦੀ ਸੀ, ਆਪਣਾ ਹੱਥ ਕੰਨ ਦੇ ਉੱਪਰ ਧਰ ਕੇ ਧਿਆਨ ਨਾਲ ਸੁਣ ਰਿਹਾ ਸੀ, ਜੋਸਫ਼ ਦਾ ਚਾਚਾ, ਜਿਸਦੇ ਕੋਲ ਮੋਮਬੱਤੀ ਦੀ ਜ਼ਿੰਮੇਵਾਰੀ ਸੀ, ਉਸਨੇ ਮੋਮਬੱਤੀ ਨੂੰ ਆਪਣੇ ਪੱਟ 'ਤੇ ਟਿਕਾਇਆ ਹੋਇਆ ਸੀ ਅਤੇ ਵਕੀਲ ਨੂੰ ਇੱਕ - ਅੱਧ ਵਾਰ ਫ਼ਿਕਰਮੰਦ ਨਿਗ੍ਹਾ ਨਾਲ ਵੇਖ ਚੁੱਕਾ ਸੀ, ਹੁਣ ਆਪਣੀ ਪਰੇਸ਼ਾਨੀ ਤੋਂ ਮੁਕਤ ਹੋ ਚੁੱਕਾ ਸੀ ਅਤੇ ਨਿਰਦੇਸ਼ਕ ਦੇ ਬੋਲਣ ਦੇ ਢੰਗ ਅਤੇ ਉਸਦੇ ਹੱਥਾਂ ਦੀਆਂ ਲਹਿਰਾਂ, ਜਿਹੜੀਆਂ ਉਸਦੇ ਸ਼ਬਦਾਂ ਦਾ ਸਾਥ ਦੇ ਰਹੀਆਂ ਸਨ, ਤੋਂ ਪੂਰੀ ਤਰ੍ਹਾਂ ਮੋਹਿਤ ਹੋ ਚੁੱਕਾ ਸੀ। ਕੇ. ਬਿਸਤਰੇ ਦੀ ਪਿੱਠ 'ਤੇ ਟਿਕਿਆ ਹੋਇਆ ਸੀ ਅਤੇ ਨਿਰਦੇਸ਼ਕ ਨੇ ਪੂਰੀ ਤਰ੍ਹਾਂ ਉਸਦੇ ਹੋਣ ਨੂੰ ਨਕਾਰ ਦਿੱਤਾ ਸੀ (ਜਿਵੇਂ ਜਾਣ-ਬੁੱਝ ਕੇ) ਅਤੇ ਉਹ ਉਸ ਬੁੱਢੇ ਲਈ ਇੱਕ ਸਰੋਤਾ ਭਰ ਹੀ ਰਹਿ ਗਿਆ ਸੀ। ਅਤੇ ਉਹ ਬਮੁਸ਼ਕਿਲ ਹੀ ਸਮਝ ਪਾ ਰਿਹਾ ਸੀ ਕਿ ਉਹ ਬੋਲ ਕੀ ਰਹੇ ਹਨ ਅਤੇ ਛੇਤੀ ਹੀ ਉਹ ਉਸ ਨਰਸ ਦੇ ਬਾਰੇ ਸੋਚ ਰਿਹਾ ਸੀ ਅਤੇ ਉਸਦੇ ਨਾਲ ਚਾਚੇ ਦੁਆਰਾ ਕੀਤਾ ਗਏ ਵਿਹਾਰ ਦੇ ਬਾਰੇ 'ਚ। ਫ਼ਿਰ ਉਸਨੂੰ ਯਾਦ ਆਇਆ ਕਿ ਕਦੇ ਉਸਨੇ ਉਸ ਨਿਰਦੇਸ਼ਕ ਨੂੰ ਜ਼ਰੂਰ ਵੇਖਿਆ ਹੈ, ਸ਼ਾਇਦ ਆਪਣੇ ਪਰੀਖਣ ਦੇ ਸਮੇਂ ਉਸਨੂੰ ਗਲਤੀ ਵੀ ਲੱਗ ਸਕਦੀ ਹੈ, ਪਰ ਇਹ ਨਿਰਦੇਸ਼ਕ ਉਸ ਸਭਾ ਦੀ ਮੁਹਰਲੀ ਕਤਾਰ ਵਿੱਚ ਜ਼ਰੂਰ ਰਿਹਾ ਹੋਵੇਗਾ, ਜਿਸ ਵਿੱਚ ਕੁੱਝ ਬੁੱਢੇ ਆਪਣੀਆਂ ਵਿਰਲੀਆਂ ਦਾੜੀਆਂ ਸੰਭਾਲੀ ਬੈਠੇ ਸਨ।

ਫ਼ਿਰ ਗੈਲਰੀ 'ਚੋਂ ਰੌਲਾ ਅੰਦਰ ਆਉਣ ਲੱਗਾ, ਜਿਵੇਂ ਕਿ ਚੀਨੀ ਮਿੱਟੀ ਦੇ ਭਾਂਡੇ ਤੋੜੇ ਜਾ ਰਹੇ ਹੋਣ, ਅਤੇ ਹਰ ਕੋਈ ਚੁੱਪ ਹੋ ਕੇ ਸੁਣਨ ਲੱਗਾ।

"ਮੈਂ ਜਾ ਕੇ ਪਤਾ ਲਾਉਂਦਾ ਹਾਂ ਕਿ ਆਖਰ ਕੀ ਹੋਇਆ ਹੈ, ਕੇ. ਨੇ ਕਿਹਾ ਅਤੇ ਹੌਲੀ ਜਿਹੇ ਬਾਹਰ ਨਿਕਲ ਗਿਆ ਜਿਵੇਂ ਉਹ ਇਹ ਚਾਹੁੰਦਾ ਹੋਵੇ ਕਿ ਉਹ ਉਸਨੂੰ ਰੋਕਣ। ਅਜੇ ਤੱਕ ਉਸਨੇ ਗੈਲਰੀ ਵਿੱਚ ਕਦਮ ਰੱਖਿਆ ਹੀ ਸੀ ਅਤੇ ਆਪਣੇ ਹੱਥਾਂ ਨਾਲ ਟੋਹਲ ਕੇ ਉੱਥੇ ਮੌਜੂਦ ਹਨੇਰੇ ਤੋਂ ਜਾਣੂ ਹੋਣ ਦੀ ਕੋਸ਼ਿਸ਼ ਵਿੱਚ ਹੀ ਸੀ, ਅਤੇ ਅਜੇ ਤੱਕ ਬੂਹੇ ਦਾ ਹੈਂਡਲ ਵੀ ਨਹੀਂ ਛੱਡ ਸਕਿਆ ਸੀ ਕਿ ਕਿਸੇ ਦੂਜੇ ਹੱਥ ਨੇ ਅਚਾਨਕ ਉਸਨੂੰ ਦਬੋਚ ਲਿਆ, ਇਹ ਹੱਥ ਕੇ. ਦੇ ਹੱਥ ਤੋਂ ਕਾਫ਼ੀ ਛੋਟਾ ਸੀ ਅਤੇ ਇਸਨੇ ਚੁਪਕੇ ਜਿਹੇ ਬੂਹੇ ਬੰਦ ਕਰ ਦਿੱਤੇ। ਇਹ ਉਹੀ ਨਰਸ ਸੀ, ਜਿਹੜੀ ਉੱਥੇ ਉਸਦੀ ਉਡੀਕ ਕਰ ਰਹੀ ਸੀ। “ਕੁੱਝ ਨਹੀਂ ਹੋਇਆ ਹੈ, ਉਹ ਫੁਸਫੁਸਾਈ, “ਤੈਨੂੰ ਬਾਹਰ ਲਿਆਉਣ ਲਈ ਹੀ ਮੈਂ ਪਲੇਟ ਕੰਧ ਨਾਲ ਤੋੜ ਦਿੱਤੀ ਸੀ।"

ਘਬਰਾਹਟ ਨਾਲ ਕੇ. ਨੇ ਕਿਹਾ, “ਮੈਂ ਵੀ ਤੇਰੇ ਬਾਰੇ ਹੀ ਸੋਚ ਰਿਹਾ ਸੀ।"

ਕੁੱਝ ਕਦਮ ਤੁਰਨ ਦੇ ਬਾਅਦ ਉਹ ਧੁੰਦਲੇ ਸ਼ੀਸ਼ੇ ਦੇ ਇੱਕ ਬੂਹੇ ਦੇ ਕੋਲ ਆ ਗਏ, ਜਿਸਨੂੰ ਖੋਲ੍ਹ ਕੇ ਉਸਨੇ ਕੇ. ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ।"

“ਹੁਣ ਅੰਦਰ ਜਾਓ," ਉਸਨੇ ਕਿਹਾ।"

ਅੰਦਰ ਜਾ ਕੇ ਪਤਾ ਲੱਗਿਆ ਕਿ ਇਹ ਵਕੀਲ ਦਾ ਸਟੱਡੀ ਰੂਮ ਸੀ। ਜਿੱਥੋਂ ਤੱਕ ਚਾਨਣੀ ਵਿੱਚ ਵਿਖਾਈ ਦੇ ਸਕਦਾ ਸੀ, ਜਿਹੜੀ ਕਿ ਤਿੰਨ ਵੱਡੀਆਂ ਖਿੜਕੀਆਂ ਵਿੱਚੋਂ ਲੰਘ ਕੇ ਫ਼ਰਸ਼ ਦੇ ਇੱਕ ਚੌਕੋਰ ਹਿੱਸੇ ਨੂੰ ਹੀ ਰੌਸ਼ਨ ਕਰ ਰਹੀ ਸੀ, ਉਹ ਕਮਰਾ ਬਹੁਤ ਭਾਰੀ ਅਤੇ ਪੁਰਾਣੇ ਫ਼ਰਨੀਚਰ ਨਾਲ ਲੱਦਿਆ ਹੋਇਆ ਸੀ।

"ਉੱਧਰ," ਨਰਸ ਨੇ ਕਿਹਾ ਅਤੇ ਲੱਕੜ ਦੀ ਪਿੱਠ ਵਾਲੇ ਇੱਕ ਕਾਲੇ ਸੰਦੂਕ ਵੱਲ ਇਸ਼ਾਰਾ ਕੀਤਾ। ਜਦੋਂ ਉਹ ਬਹਿ ਵੀ ਗਿਆ ਸੀ, ਪਰ ਉਹ ਅਜੇ ਵੀ ਕਮਰੇ ਵਿੱਚ ਚਾਰੇ ਪਾਸੇ ਵੇਖ ਰਿਹਾ ਸੀ। ਇਹ ਕਾਫ਼ੀ ਵੱਡਾ ਅਤੇ ਉੱਚਾ ਸੀ ਅਤੇ ਵਕੀਲ ਦੇ ਗਰੀਬ ਮੁਅੱਕਿਲ ਇਸ ਵਿੱਚ ਗੁਆਚ ਜਾਣ ਦਾ ਅਹਿਸਾਸ ਕਰਦੇ ਹੋਣਗੇ। ਕੇ. ਨੇ ਉਹਨਾਂ ਛੋਟੇ ਕਦਮਾਂ ਦੀ ਕਲਪਨਾ ਕੀਤੀ, ਜਿਸਦੇ ਨਾਲ ਮਹਿਮਾਨ ਉਸ ਵਿਸ਼ਾਲ ਮੇਜ਼ ਦੇ ਵੱਲ ਵਧਦੇ ਹੋਣਗੇ। ਪਰ ਉਦੋਂ ਉਹ ਉਸ ਵਿਸ਼ੇ ਨੂੰ ਭੁੱਲ ਗਿਆ ਅਤੇ ਸਿਰਫ਼ ਨਰਸ ਉੱਤੇ ਨਜ਼ਰਾਂ ਟਿਕਾ ਲਈਆਂ, ਜਿਹੜੀ ਹੁਣ ਉਸਦੇ ਬਹੁਤ ਕੋਲ ਆ ਬੈਠੀ ਸੀ ਅਤੇ ਉਸਦੀ ਛਾਤੀ ਦੇ ਇੱਕ ਕਿਨਾਰੇ ਨਾਲ ਆ ਲੱਗੀ ਸੀ।

“ਮੈਂ ਸੋਚਿਆ,” ਉਹ ਬੋਲੀ, “ਕਿ ਤੂੰ ਆਪਣੇ ਆਪ ਮੇਰੇ ਕੋਲ ਆ ਜਾਵੇਗਾ ਅਤੇ ਮੈਨੂੰ ਤੈਨੂੰ ਬੁਲਾਉਣ ਦੀ ਲੋੜ ਨਹੀਂ ਹੋਵੇਗੀ। ਇਹ ਵਿਲੱਖਣ ਸੀ। ਸ਼ੁਰੂ ਵਿੱਚ, ਤੂੰ ਮੈਨੂੰ ਲਗਾਤਾਰ ਘੂਰੀ ਜਾ ਰਿਹਾ ਸੀ, ਠੀਕ ਉਸੇ ਵੇਲੇ ਤੋਂ ਜਦੋਂ ਤੂੰ ਅੰਦਰ ਵੜਿਆ ਸੀ, ਅਤੇ ਉਸ ਪਿੱਛੋਂ ਤੂੰ ਮੈਨੂੰ ਉਡੀਕ ਕਰਵਾਉਂਦਾ ਰਿਹਾ। ਫ਼ਿਰ ਵੀ ਤੂੰ ਹੁਣ ਮੈਨੂੰ ਲੇਨੀ ਕਹਿ ਬੁਲਾ।” ਉਸਨੇ ਛੇਤੀ ਨਾਲ ਅਤੇ ਅਜਿਹੀ ਕਿਸੇ ਸੰਭਾਵਨਾ ਦੇ ਬਿਨ੍ਹਾਂ ਕਹਿ ਦਿੱਤਾ, ਜਿਵੇਂ ਕਿ ਉਹ ਇਸ ਸੰਵਾਦ ਦੇ ਇੱਕ ਪਲ ਨੂੰ ਵੀ ਗਵਾਉਣਾ ਬਰਦਾਸ਼ਤ ਨਹੀਂ ਕਰ ਸਕਦੇ।

“ਮੈਨੂੰ ਵੀ ਇਹ ਚੰਗਾ ਲੱਗਿਆ। ਪਰ ਜਿੱਥੋਂ ਤੱਕ ਇਸਦੀ ਵਿਲੱਖਣਤਾ ਦਾ ਸਵਾਲ ਹੈ, ਲੇਨੀ, ਉਸਦੀ ਵਿਆਖਿਆ ਕਰਨਾ ਅਸਾਨ ਹੈ। ਪਹਿਲਾਂ ਤਾਂ, ਉਸ ਬੁੱਢੇ ਦੀ ਬਕਵਾਸ ਸੁਣਨ ਲਈ ਮੈਂ ਮਜਬੂਰ ਰਿਹਾ, ਅਤੇ ਬਿਨ੍ਹਾਂ ਕਿਸੇ ਬਹਾਨੇ ਦੇ ਮੈਂ ਉੱਥੋਂ ਭੱਜ ਨਹੀਂ ਸਕਦਾ ਸੀ, ਅਤੇ, ਦੂਜਾ ਮੈਂ ਬਹੁਤ ਜ਼ਿਆਦਾ ਦਲੇਰ ਨਹੀਂ ਹਾਂ, ਮੈਂ ਤਾਂ ਦਰਅਸਲ ਬਹੁਤ ਕਮਜ਼ੋਰ ਹਾਂ, ਅਤੇ ਤੂੰ ਵੀ, ਲੇਨੀ, ਅਸਲ 'ਚ ਇੱਦਾਂ ਤਾਂ ਲੱਗ ਹੀ ਨਹੀਂ ਰਿਹਾ ਸੀ ਕਿ ਤੂੰ ਇੱਕ ਦਮ ਮੇਰੀਆਂ ਬਾਹਾਂ ਵਿੱਚ ਆ ਜਾਵੇਗੀ।"

"ਅਜਿਹਾ ਨਹੀਂ ਹੈ," ਲੇਨੀ ਨੇ ਕਿਹਾ, ਅਤੇ ਕੇ. ਵੱਲ ਤੱਕਦੀ ਹੋਈ ਆਪਣੀ ਬਾਂਹ ਕੁਰਸੀ ਦੇ ਹੱਥੇ ਉੱਪਰ ਟਿਕਾ ਦਿੱਤੀ। “ਅਸਲੀਅਤ ਤਾਂ ਇਹ ਹੈ ਕਿ ਤੂੰ ਮੈਨੂੰ ਪਸੰਦ ਨਹੀਂ ਕੀਤਾ ਸੀ, ਅਤੇ ਸ਼ਾਇਦ ਤੂੰ ਅਜੇ ਤੱਕ ਮੈਨੂੰ ਪਸੰਦ ਨਹੀਂ ਕਰ ਰਿਹਾ ਏਂ।”

"ਕਿਸੇ ਨੂੰ ਪਸੰਦ ਕਰਨ ਦਾ ਕੋਈ ਬਹੁਤਾ ਅਰਥ ਨਹੀਂ ਹੈ।" ਕੇ. ਨੇ ਇਸ ਵਿਸ਼ੇ ਨੂੰ ਬੇਕਾਰ ਦੱਸਦੇ ਹੋਏ ਕਿਹਾ।

“ਓਹ! ਓਹ!” ਉਸਨੇ ਮੁਸਕਾਨ ਦੇ ਨਾਲ ਜਵਾਬ ਦਿੱਤਾ; ਅਤੇ ਕੇ. ਦੀ ਇਸ ਟਿੱਪਣੀ ਅਤੇ ਆਪ ਉਸਦੀ ਛੋਟੀ ਜਿਹੀ ਆਹ, ਦੋਵਾਂ ਨੇ ਉਸਦੇ ਲਈ ਕੋਈ ਮਹੱਤਤਾ ਪੈਦਾ ਕਰ ਦਿੱਤੀ ਸੀ। ਇਸ ਲਈ ਕੁੱਝ ਦੇਰ ਦੇ ਲਈ ਕੇ. ਚੁੱਪ ਰਿਹਾ। ਕਿਉਂਕਿ ਇਸ ਕਮਰੇ ਵਿੱਚ ਹਨੇਰੇ ਦਾ ਉਹ ਹੁਣ ਤੱਕ ਆਦੀ ਹੋ ਗਿਆ ਸੀ, ਇਸ ਲਈ ਉਹ ਫ਼ਰਨੀਚਰ ਦੀਆਂ ਵੱਖੋ-ਵੱਖ ਕਿਸਮਾਂ ਨੂੰ ਅਲੱਗ-ਅਲੱਗ ਪਛਾਣ ਸਕਦਾ ਸੀ। ਬੂਹੇ ਦੇ ਸੱਜੇ ਕਿਨਾਰੇ ਜੜੀ ਇੱਕ ਪੇਂਟਿੰਗ ਨੇ ਉਸਨੂੰ ਖ਼ਾਸ ਤੌਰ 'ਤੇ ਖਿੱਚਿਆ, ਅਤੇ ਉਹ ਉੱਠਕੇ ਉਸਦੇ ਕੋਲ ਚਲਾ ਗਿਆ ਤਾਂਕਿ ਉਸਨੂੰ ਚੰਗੀ ਤਰ੍ਹਾਂ ਵੇਖ-ਪਰਖ ਸਕੇ। ਉਸ ਵਿੱਚ ਇੱਕ ਆਦਮੀ ਜੱਜ ਦਾ ਲਿਬਾਸ ਪਾਈ ਵਿਖਾਇਆ ਗਿਆ ਸੀ, ਉਹ ਇੱਕ ਉੱਚੀ ਕੁਰਸੀ 'ਤੇ ਬਿਰਾਜਮਾਨ ਸੀ, ਉਸ ਵਿੱਚੋਂ ਫੁੱਟਦੀਆਂ ਕਿਰਨਾਂ ਕਈ ਥਾਵਾਂ ਉੱਤੇ ਜਾ ਰਹੀਆਂ ਸਨ।

ਇਸ ਵਿੱਚ ਅਸਾਧਾਰਨ ਤੱਥ ਇਹ ਸੀ ਕਿ ਜੱਜ ਉੱਥੇ ਸ਼ਾਂਤੀ ਅਤੇ ਸਨਮਾਨ ਦੇ ਨਾਲ ਨਹੀਂ ਬੈਠਾ ਸੀ, ਪਰ ਆਪਣੇ ਖੱਬੀ ਬਾਂਹ ਨੂੰ ਕੁਰਸੀ ਦੀ ਪਿੱਠ ਅਤੇ ਬਾਂਹ ਦੇ ਵਿੱਚ ਮੁਸ਼ਕਿਲ ਨਾਲ ਦੱਬੀ ਬੈਠਾ ਸੀ, ਜਦਕਿ ਉਸਦਾ ਸੱਜਾ ਪਾਸਾ ਇੱਕ ਦਮ ਆਜ਼ਾਦ ਸੀ ਅਤੇ ਉਹ ਹੱਥ ਕੁਰਸੀ ਉੱਤੇ ਟਿਕਾਇਆ ਹੋਇਆ ਸੀ, ਜਿਵੇਂ ਕਿ ਉਹ ਕੁੱਝ ਫ਼ੈਸਲਾਕੁੰਨ ਕਹਿ ਜਾਣ ਲਈ ਹਿੰਸਕ ਅਤੇ ਭਿਆਨਕ ਢੰਗ ਨਾਲ ਟੁੱਟ ਪੈਣਾ ਚਾਹੁੰਦਾ ਹੋਵੇ ਜਾਂ ਕੈਦ ਦੀ ਸਜ਼ਾ ਸੁਣਾਉਣ ਲਈ ਤਿਆਰ ਬੈਠਾ ਹੋਵੇ। ਆਰੋਪੀ ਦੀ ਕਲਪਨਾ ਉਸਦੇ ਪੈਰਾਂ ਦੇ ਕੋਲ ਹੀ ਕੀਤੀ ਜਾ ਸਕਦੀ ਸੀ, ਜਿਸਦੇ ਸਿਰ ਉੱਪਰ ਪੀਲਾ ਦਲੀਚਾ ਪਿਆ ਹੋਇਆ ਲੱਗਦਾ ਸੀ। ਅਤੇ ਕੇਵਲ ਵਿਖਾਉਣ ਭਰ ਲਈ ਹੀ ਉਹ ਪੇਂਟਿੰਗ ਵਿੱਚ ਮੌਜੂਦ ਸਨ।

“ਸ਼ਾਇਦ ਉਹ ਮੇਰਾ ਜੱਜ ਹੈ," ਕੇ. ਨੇ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

“ਮੈਂ ਉਸਨੂੰ ਜਾਣਦੀ ਹਾਂ," ਲੇਨੀ ਨੇ ਕਿਹਾ ਅਤੇ ਆਪ ਵੀ ਤਸਵੀਰ ਨੂੰ ਵੇਖਣ ਲੱਗੀ। “ਉਹ ਅਕਸਰ ਇੱਥੇ ਆਉਂਦਾ ਹੈ। ਇਹ ਤਸਵੀਰ ਇਸ ਸਮੇਂ ਬਣਾਈ ਗਈ ਸੀ ਜਦੋਂ ਉਹ ਜਵਾਨ ਸੀ, ਪਰ ਉਹ ਇਸ ਤਰ੍ਹਾਂ ਦੂਰ ਕਦੇ ਨਹੀਂ ਵਿਖਾਈ ਦੇ ਸਕਦਾ ਸੀ ਕਿਉਂਕਿ ਉਹ ਬਹੁਤ ਛੋਟਾ ਹੈ, ਲਗਭਗ ਬੌਣਾ। ਫ਼ਿਰ ਵੀ ਉਸਨੇ ਆਪਣੇ-ਆਪ ਨੂੰ ਇਸ ਲੰਬਾਈ ਤੱਕ ਖਿੱਚ ਰੱਖਿਆ ਹੈ, ਕਿਉਂਕਿ ਉਹ ਇੱਕ ਦਮ ਬੇਹੁਦਾ ਹੈ, ਜਿਵੇਂ ਕਿ ਉਹ ਸਭ ਲੋਕ ਇੱਥੇ ਹਨ। ਪਰ ਮੈਂ ਵੀ ਤਾਂ ਉਵੇਂ ਹੀ ਬੇਹੁਦਾ ਹਾਂ ਅਤੇ ਬੇਹੱਦ ਨਿਰਾਸ਼ਾ ਹੋਈ ਹੈ ਕਿ ਤੂੰ ਮੈਨੂੰ ਪਸੰਦ ਨਹੀਂ ਕਰਦਾ ਏਂ।”
ਇਸ ਟਿੱਪਣੀ ਦੇ ਪ੍ਰਤੀ ਕੇ. ਦਾ ਸਿਰਫ਼ ਇੰਨਾ ਜਵਾਬ ਸੀ ਕਿ ਉਸਨੇ ਲੇਨੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਕੇ ਆਪਣੇ ਨਾਲ ਲਾ ਲਿਆ, ਇੱਕਦਮ ਚੁੱਪ ਰਿਹਾ, ਅਤੇ ਉਸਨੇ ਆਪਣਾ ਸਿਰ ਉਸਦੇ ਮੋਢੇ 'ਤੇ ਟਿਕਾ ਦਿੱਤਾ। ਪਰ ਇਸਦੇ ਇਲਾਵਾ ਜੋ ਵੀ ਉਸਨੇ ਕਿਹਾ ਸੀ, ਉਹ ਸੀ, “ਉਸਦੀ ਪਦਵੀ ਕੀ ਹੈ?”

“ਉਹ ਜਾਂਚ ਮੈਜਿਸਟ੍ਰੇਟ ਹੈ, ਉਸਨੇ ਉਸ ਹੱਥ ਨੂੰ ਫੜ੍ਹਕੇ ਜਿਹੜਾ ਉਸਨੂੰ ਸਹਿਲਾ ਰਿਹਾ ਸੀ ਅਤੇ ਉਸਦੀਆਂ ਉਂਗਲਾਂ ਨਾਲ ਖੇਡਦੇ ਹੋਏ ਕਿਹਾ।

“ਸਿਰਫ਼ ਇੱਕ ਜਾਂਚ ਮੈਜਿਸਟ੍ਰੇਟ, ਕੇ. ਨਿਰਾਸ਼ਾ ਨਾਲ ਬੋਲਿਆ, “ਉੱਚ ਅਧਿਕਾਰੀਆਂ ਨੇ ਜ਼ਰੂਰ ਹੀ ਆਪਣੇ-ਆਪ ਨੂੰ ਲੁਕੋ ਕੇ ਰੱਖਿਆ ਹੋਇਆ ਹੈ, ਪਰ ਇਹ ਇੱਕ ਗੱਦੀ ਉੱਤੇ ਬਿਰਾਜਮਾਨ ਹੈ।"

“ਇਹ ਸਭ ਤਾਂ ਬਣਾਈ ਹੋਈ ਚੀਜ਼ ਹੈ,” ਆਪਣਾ ਚਿਹਰਾ ਕੇ. ਦੇ ਹੱਥ ’ਤੇ ਝੁਕਾ ਕੇ ਲੇਨੀ ਨੇ ਕਿਹਾ, “ਦਰਅਸਲ ਉਹ ਰਸੋਈ ਦੀ ਇੱਕ ਕੁਰਸੀ 'ਤੇ ਬੈਠਾ ਹੈ, ਜਿਸਦੇ ਉੱਪਰ ਘੋੜੇ 'ਤੇ ਰੱਖਣ ਵਾਲਾ ਇੱਕ ਪੁਰਾਣਾ ਕੰਬਲ ਦਿੱਤਾ ਹੋਇਆ ਹੈ। ਪਰ ਤੂੰ ਕੀ ਲਗਾਤਾਰ ਆਪਣੇ ਮੁਕੱਦਮੇ ਬਾਰੇ ਹੀ ਸੋਚਦਾ ਰਹੇਂਗਾ?” ਉਸਨੇ ਹੌਲੀ ਜਿਹੇ ਕਿਹਾ।

“ਨਹੀਂ, ਬਿਲਕੁਲ ਨਹੀਂ। ਸ਼ਾਇਦ ਮੈਂ ਇਸਦੇ ਬਾਰੇ ਕਾਫ਼ੀ ਨਹੀਂ ਸੋਚਦਾ।”

“ਇਹ ਇੱਕ ਅਸਲੀ ਗ਼ਲਤੀ ਨਹੀਂ ਹੈ, ਜਿਹੜੀ ਤੂੰ ਕਰਦਾ ਏਂ, ਲੇਨੀ ਨੇ ਕਿਹਾ, “ਤੂੰ ਜ਼ਿਆਦਾ ਹੀ ਕਠੋਰ ਏਂ ਜੇ ਇਹ ਸੱਚ ਹੈ ਜਿਹੜਾ ਕੁੱਝ ਮੈਂ ਤੇਰੇ ਬਾਰੇ ਸੁਣਿਆ ਹੈ।"

“ਇਹ ਤੈਨੂੰ ਕਿਸਨੇ ਕਿਹਾ? ਕੇ. ਨੇ ਪੁੱਛਿਆ। ਉਹ ਆਪਣੀ ਛਾਤੀ ਨਾਲ ਲੱਗੇ ਉਸਦੇ ਸਰੀਰ ਨੂੰ ਮਹਿਸੂਸ ਕਰ ਰਿਹਾ ਸੀ ਅਤੇ ਉਸਦੇ ਕਾਲੇ, ਸੰਘਣੇ ਸਜਾਏ ਹੋਏ ਵਾਲਾਂ ਨੂੰ ਵੇਖ ਰਿਹਾ ਸੀ।

“ਜੇ ਮੈਂ ਤੈਨੂੰ ਇਹ ਦੱਸ ਦਿੱਤਾ ਤਾਂ ਸਮਝ ਮੈਂ ਤੈਨੂੰ ਬਹੁਤ ਜ਼ਿਆਦਾ ਦੱਸ ਦੇਵਾਂਗੀ, ਲੇਨੀ ਨੇ ਜਵਾਬ ਦਿੱਤਾ। “ਕਿਰਪਾ ਕਰਕੇ ਮੇਰੇ ਤੋਂ ਨਾਮ ਤਾਂ ਨਾ ਪੁੱਛ, ਪਰ ਆਪਣੀ ਉਸ ਕਮਜ਼ੋਰੀ ਦਾ ਕੁੱਝ ਕਰ, ਅੱਗੇ ਤੋਂ ਇੰਨਾ ਕਠੋਰ ਨਾ ਬਣਿਆ ਰਹਿ। ਇਸ ਕੋਰਟ ਵਿੱਚ ਆਪਣੇ ਆਪ ਨੂੰ ਬਚਾ ਲੈ ਜਾਣ ਦਾ ਇਹ ਕੋਈ ਰਸਤਾ ਨਹੀਂ ਹੈ, ਤੈਨੂੰ ਆਪਣਾ ਜ਼ੁਰਮ ਕਬੂਲ ਕਰ ਲੈਣਾ ਹੋਵੇਗਾ। ਜਿੰਨਾ ਛੇਤੀ ਹੋ ਸਕੇ ਤੂੰ ਇਹ ਮੰਨ ਲੈ। ਸਿਰਫ਼ ਤਾਂ ਹੀ ਤੂੰ ਉਹਨਾਂ ਤੋਂ ਬਚ ਸਕੇਂਗਾ, ਉਸਤੋਂ ਪਹਿਲਾਂ ਨਹੀਂ। ਫ਼ਿਰ ਵੀ ਤੂੰ ਕਿਸੇ ਦੀ ਮਦਦ ਦੇ ਬਿਨ੍ਹਾਂ ਇਹ ਨਹੀਂ ਕਰ ਸਕੇਂਗਾ, ਪਰ ਤੈਨੂੰ ਇਸਦੀ ਵੀ ਫ਼ਿਕਰ ਨਹੀਂ ਕਰਨੀ ਚਾਹੀਦੀ, ਮੈਂ ਆਪ ਤੇਰੀ ਮਦਦ ਕਰਾਂਗੀ।"

"ਤੂੰ ਇਸ ਅਦਾਲਤ ਦੇ ਬਾਰੇ ਵਿੱਚ ਕਾਫ਼ੀ ਕੁੱਝ ਜਾਣਦੀ ਏਂ ਅਤੇ ਉਹ ਸਾਰੀ ਜਾਦੁਗਰੀ ਜਿਸਦੀ ਇੱਥੇ ਲੋੜ ਹੁੰਦੀ ਹੈ, ਉਸਦੇ ਬਾਰੇ ਵਿੱਚ ਵੀ," ਕੇ. ਨੇ ਕਿਹਾ ਅਤੇ, ਕਿਉਂਕਿ ਹੁਣ ਉਹ ਹੋਰ ਜਜ਼ਬਾਤੀ ਹੋ ਕੇ ਉਸਦੇ ਨਾਲ ਆ ਲੱਗੀ ਸੀ, ਉਸਨੇ ਉਸਨੂੰ ਆਪਣੀ ਛਾਤੀ ਵਿੱਚ ਘੁੱਟ ਲਿਆ।

“ਇਹ ਬਹੁਤ ਚੰਗਾ ਹੈ,” ਉਸਨੇ ਜਵਾਬ ਦਿੱਤਾ ਅਤੇ ਉੱਥੇ ਆਪਣੇ ਆਪ ਨੂੰ ਠੀਕ ਕੀਤਾ, ਆਪਣੇ ਕੱਪੜਿਆਂ ਦੇ ਵਲ ਠੀਕ ਕੀਤੇ ਅਤੇ ਆਪਣੇ ਬਲਾਊਜ਼ ਨੂੰ ਸਿੱਧਾ ਕਰ ਲਿਆ। ਫ਼ਿਰ ਉਸਨੇ ਆਪਣੇ ਹੱਥਾਂ ਨਾਲ ਉਸਦੀ ਗਰਦਨ ਵਿੱਚ ਹਾਰ ਬਣਾਇਆ, ਥੋੜ੍ਹਾ ਪਿੱਛੇ ਝੁਕ ਆਈ ਅਤੇ ਕਾਫ਼ੀ ਦੇਰ ਉਸਨੂੰ ਤੱਕਦੀ ਰਹੀ।

“ਅਤੇ ਜੇ ਮੈਂ ਆਪਣੇ ਜ਼ੁਰਮ ਨੂੰ ਨਾ ਮੰਨਾਂ ਤਾਂ ਤੂੰ ਮੇਰੀ ਮਦਦ ਨਹੀਂ ਕਰ ਸਕੇਂਗੀ?” ਕੇ. ਨੇ ਪ੍ਰਯੋਗ-ਜਨਕ ਲਹਿਜੇ ਵਿੱਚ ਪੁੱਛਿਆ। ਮੈਂ ਔਰਤਾਂ ਨੂੰ ਆਪਣੀ ਮਦਦ ਦੇ ਲਈ ਮਨਾਉਂਦਾ ਆਇਆ ਹਾਂ, ਉਸਨੇ ਸੋਚਿਆ, ਅਕਸਰ, ਹੈਰਾਨੀ ਦੇ ਭਾਵ ਨਾਲ, ਸਭ ਤੋਂ ਪਹਿਲਾਂ ਫ਼ਰਾਉਲਨ ਬਸਤਰ, ਫ਼ਿਰ ਅਰਦਲੀ ਦੀ ਪਤਨੀ ਅਤੇ ਹੁਣ ਇਹ ਛੋਟੀ ਜਿਹੀ ਨਰਸ, ਜਿਹੜੀ ਲੱਗਦਾ ਹੈ ਕਿ ਮੇਰੀ ਦੀਵਾਨੀ ਹੋਈ ਪਈ ਹੈ। ਵੇਖ ਤਾਂ ਮੇਰੀ ਗੋਦ ਵਿੱਚ ਇਹ ਕਿੱਦਾਂ ਬੈਠੀ ਹੋਈ ਹੈ ਜਿਵੇਂ ਉਸਦੇ ਬੈਠਣ ਲਈ ਇਹੀ ਬਿਲਕੁਲ ਸਹੀ ਜਗ੍ਹਾ ਹੋਵੇ।

“ਨਹੀਂ," ਲੇਨੀ ਨੇ ਜਵਾਬ ਦਿੱਤਾ ਅਤੇ ਆਪਣਾ ਸਿਰ ਹੌਲੀ ਜਿਹੇ ਹਿਲਾਇਆ, “ਫ਼ਿਰ ਮੈਂ ਤੇਰੀ ਮਦਦ ਨਹੀਂ ਕਰ ਸਕਾਂਗੀ। ਪਰ ਦਰਅਸਲ ਤੂੰ ਮੇਰੀ ਮਦਦ ਤਾਂ ਬਿਲਕੁਲ ਨਹੀਂ ਚਾਹੁੰਦਾ ਏਂ, ਤੇਰੇ ਲਈ ਇਹ ਜ਼ਰੂਰੀ ਨਹੀਂ ਹੈ। ਤੂੰ ਬਹੁਤ ਜ਼ਿੱਦੀ ਆਦਮੀ ਏਂ ਅਤੇ ਤਰਕ ਸੁਣਨਾ ਤੇਰੀ ਆਦਤ ਨਹੀਂ ਹੈ। ਕੀ ਤੇਰੀ ਕੋਈ ਗਰਲਫ਼ਰੈਂਡ ਹੈ?" ਉਸਨੇ ਕੁੱਝ ਪਲਾਂ ਬਾਅਦ ਪੁੱਛਿਆ।

"ਨਹੀਂ, ਕੇ. ਨੇ ਕਿਹਾ।

"ਓਹ, ਮੈਂ ਸ਼ਰਤ ਲਾਉਂਦੀ ਹਾਂ ਕਿ ਹੈ।" ਉਸਨੇ ਕਿਹਾ।

"ਹਾਂ, ਸੱਚਮੁਚ ਹੈ," ਕੇ. ਨੇ ਕਿਹਾ। "ਅਤੇ ਜ਼ਰਾ ਕਲਪਨਾ ਕਰ, ਮੈਂ ਉਸਨੂੰ ਇੱਥੇ ਅਪਨਾਉਣ ਤੋਂ ਇਨਕਾਰ ਕਰ ਰਿਹਾਂ, ਅਤੇ ਫ਼ਿਰ ਵੀ ਹਮੇਸ਼ਾ ਉਸਦੀ ਫ਼ੋਟੋ ਆਪਣੇ ਕੋਲ ਰੱਖਦਾ ਹਾਂ।"

ਜਦੋਂ ਉਸਨੇ ਇਸਦੇ ਲਈ ਬੇਨਤੀ ਕੀਤੀ, ਤਾਂ ਕੇ. ਨੇ ਏਲਸਾ ਦੀ ਫ਼ੋਟੋ ਕੱਢ ਕੇ ਵਿਖਾ ਦਿੱਤੀ, ਅਤੇ ਉਸਦੀ ਛਾਤੀ ਵਿੱਚ ਧਸੀ ਉਹ ਉਸਨੂੰ ਗੌਰ ਨਾਲ ਵੇਖਦੀ ਰਹੀ। ਇਹ ਕੇ. ਦੀ ਇੱਕ ਅਚਾਨਕ ਖਿੱਚੀ ਹੋਈ ਫ਼ੋਟੋ ਸੀ ਜਦੋਂ ਏਲਸਾ ਨੇ ਆਪਣਾ ਘੁਮਾਵਦਾਰ ਨਾਚ ਖ਼ਤਮ ਕੀਤਾ ਸੀ, ਉਸ ਤਰ੍ਹਾਂ ਦਾ ਨਾਚ ਜਿਹੜਾ ਉਹ ਸ਼ਰਾਬਖਾਨੇ ਵਿੱਚ ਕਰਨਾ ਪਸੰਦ ਕਰਦੀ ਸੀ। ਉਸਦੀ ਸਕਰਟ ਅਜੇ ਤੱਕ ਘੁਮਾਵਦਾਰ ਘੇਰੇ ਵਿੱਚ ਘੁੰਮ ਰਹੀ ਸੀ, ਅਤੇ ਉਸਦੇ ਹੱਥ ਆਪਣੇ ਸਖ਼ਤ ਮਿਜਾਜ਼ ਲੱਕ ਉੱਤੇ ਟਿਕੇ ਹੋਏ ਸਨ, ਅਤੇ ਆਪਣੀ ਠੋਡੀ ਨੂੰ ਇੱਕ ਕੋਣ 'ਤੇ ਘੁਮਾਈ ਉਹ ਹੱਸ ਰਹੀ ਸੀ। ਤਸਵੀਰ ਵੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਸੀ ਕਿ ਉਹ ਕਿਸ ਉੱਤੇ ਹੱਸ ਰਹੀ ਸੀ।

"ਉਹ ਫੀਤੇ ਵਿੱਚ ਕਿੰਨਾ ਤੰਗ ਕਸੀ ਹੋਈ ਹੈ," ਲੇਨੀ ਨੇ ਉੱਥੇ ਇਸ਼ਾਰਾ ਕਰਦੇ ਹੋਏ ਕਿਹਾ, ਜਿੱਥੇ ਉਸਨੂੰ ਲੱਗਿਆ ਕਿ ਇਹ ਕਸਾਅ ਜ਼ਿਆਦਾ ਹੈ। "ਮੈਨੂੰ ਇਹ ਪਸੰਦ ਨਹੀਂ ਹੈ। ਇਹ ਬੇਹੱਦ ਬਦਸੂਰਤ ਅਤੇ ਮੋਟੀ ਜਿਹੀ ਹੈ। ਪਰ ਸ਼ਾਇਦ ਤੇਰੇ ਨਾਲ ਇਹ ਨਰਮ ਅਤੇ ਦਿਆਲੂ ਹੈ, ਇਹ ਅੰਦਾਜ਼ਾ ਤਾਂ ਇਸ ਤਸਵੀਰ ਤੋਂ ਹੀ ਰੋ ਰਿਹਾ ਹੈ। ਇਸ ਤਰ੍ਹਾਂ ਦੀਆਂ ਮਜ਼ਬੂਤ ਕੁੜੀਆਂ ਅਕਸਰ ਆਪਣੇ ਆਪ ਨੂੰ ਨਰਮ ਅਤੇ ਦਿਆਲੂ ਹੋਣ ਤੋਂ ਨਹੀਂ ਬਚਾ ਪਾਉਂਦੀਆਂ। ਪਰ ਕੀ ਇਹ ਤੇਰੇ ਲਈ ਆਪਣੇਆਪ ਦੀ ਕੁਰਬਾਨੀ ਦੇ ਸਕੇਗੀ?"

"ਨਹੀਂ," ਕੇ. ਨੇ ਜਵਾਬ ਦਿੱਤਾ, "ਉਹ ਨਰਮ ਅਤੇ ਦਿਆਲੂ ਨਹੀਂ ਹੈ, ਅਤੇ ਮੇਰੇ ਲਈ ਉਹ ਆਪਣੀ ਕੁਰਬਾਨੀ ਵੀ ਨਹੀਂ ਦੇਵੇਗੀ ਅਤੇ ਅੱਜ ਤੱਕ ਮੈਂ ਉਸਨੂੰ ਨਰਮਾਈ ਜਾਂ ਕੁਰਬਾਨੀ ਦੀ ਦਰਕਾਰ ਵੀ ਨਹੀਂ ਕੀਤੀ ਹੈ। ਅਤੇ ਅਸਲ 'ਚ ਮੈਂ ਇਸ ਫ਼ੋਟੋ ਦਾ ਉਸ ਸਾਵਧਾਨੀ ਨਾਲ ਪ੍ਰੀਖਣ ਵੀ ਨਹੀਂ ਕੀਤਾ ਹੈ, ਜਿਵੇਂ ਕਿ ਤੂੰ ਕਰ ਰਹੀ ਏਂ।"

“ਤਾਂ ਤੂੰ ਸੱਚੀਂ ਉਸਦੀ ਬਿਲਕੁਲ ਚਿੰਤਾ ਨਹੀਂ ਕਰਦਾ,” ਲੇਨੀ ਨੇ ਕਿਹਾ, “ਫ਼ਿਰ ਤਾਂ ਉਹ ਦੋਸਤ ਬਿਲਕੁਲ ਨਹੀਂ ਹੈ।

“ਹਾਂ, ਉਹ ਹੈ," ਕੇ. ਨੇ ਕਿਹਾ, “ਮੈਂ ਆਪਣੇ ਕਹੇ ਸ਼ਬਦਾਂ ਤੋਂ ਨਹੀਂ ਮੁੜ ਰਿਹਾਂ।"

“ਇਸ ਪਲ ਉਹ ਤੇਰੀ ਦੋਸਤ ਹੋ ਸਕਦੀ ਹੈ," ਲੇਨੀ ਨੇ ਕਿਹਾ, “ਪਰ ਜੇਕਰ ਤੂੰ ਉਸਨੂੰ ਗਵਾ ਲਏ ਜਾਂ ਤੂੰ ਉਸਨੂੰ ਕਿਸੇ ਦੂਜੀ ਨਾਲ ਬਦਲ ਲਵੇਂ - ਜਿਵੇਂ ਕਿ ਮੈਂ - ਤਾਂ ਤੂੰ ਉਸਦੀ ਜ਼ਿਆਦਾ ਕਮੀ ਮਹਿਸੂਸ ਨਹੀਂ ਕਰੇਗਾ?"

“ਜ਼ਰੂਰ ਹੀ, ਕੇ. ਨੇ ਮੁਸਕੁਰਾ ਕੇ ਕਿਹਾ, “ਇਹ ਹੋ ਸਕਦਾ ਹੈ, ਪਰ ਤੇਰੀ ਤੁਲਨਾ ਵਿੱਚ ਉਸਦੇ ਨਾਲ ਮੈਨੂੰ ਇੱਕ ਬਹੁਤ ਵੱਡਾ ਲਾਭ ਹੈ ਕਿ ਉਹ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਕੁੱਝ ਨਹੀਂ ਜਾਣਦੀ, ਅਤੇ ਜੇਕਰ ਥੋੜਾ ਬਹੁਤ ਜਾਣਦੀ ਵੀ ਹੋਵੇਗੀ ਤਾਂ ਉਹ ਇਸ ਉੱਤੇ ਰੱਤੀ ਭਰ ਵੀ ਦਿਮਾਗ-ਖਪਾਈ ਨਹੀਂ ਕਰੇਗੀ। ਉਹ ਮੇਰੇ ਕਠੋਰ ਨਾ ਰਹਿਣ ਉੱਤੇ ਵੀ ਕੋਈ ਤਰਕ ਨਹੀਂ ਕਰੇਗੀ।”

“ਇਹ ਕੋਈ ਫ਼ਾਇਦਾ ਨਹੀਂ ਹੈ, ਲੇਨੀ ਨੇ ਕਿਹਾ, “ਜੇਕਰ ਮੇਰੀ ਤੁਲਨਾ ਵਿੱਚ ਉਸਦਾ ਇਹੀ ਫ਼ਾਇਦਾ ਹੈ, ਤਾਂ ਮੈਨੂੰ ਦਿਲ ਥੋੜ੍ਹਾ ਕਰਨ ਦੀ ਲੋੜ ਨਹੀਂ ਹੈ। ਕੀ ਉਸਦੇ ਨਾਲ ਕੋਈ ਖ਼ਾਸ ਸਰੀਰਕ ਕਮਜ਼ੋਰੀ ਹੈ?”

“ਸਰੀਰਕ ਕਮਜ਼ੋਰੀ ਮਤਲਬ?" ਕੇ. ਨੇ ਪੁੱਛਿਆ।

“ਹਾਂ," ਲੇਨੀ ਨੇ ਜਵਾਬ ਦਿੱਤਾ, “ਜਿਵੇਂ ਕਿ ਮੈਨੂੰ ਹੈ। ਵੇਖ।”

ਉਸਨੇ ਆਪਣੇ ਸੱਜੇ ਹੱਥ ਦੀ ਵੱਡੀ ਅਤੇ ਅੰਗੂਠੀ ਵਾਲੀ ਉਂਗਲ ਨੂੰ ਫੈਲਾ ਦਿੱਤਾ, ਅਤੇ ਇਹਨਾਂ ਦੇ ਵਿੱਚ ਦੀ ਚਮੜੀ ਦਾ ਜਾਲਾ ਛੋਟੀ ਉਂਗਲ ਦੇ ਉੱਪਰ ਵਾਲੇ ਸਿਰੇ ਤੱਕ ਜਾ ਪੁੱਜਾ। ਹਨੇਰੇ 'ਚ ਇੱਕ ਦਮ ਕੇ. ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਉਸਨੂੰ ਵਿਖਾਉਣਾ ਕੀ ਚਾਹੁੰਦੀ ਹੈ, ਇਸ ਲਈ ਕੇ. ਨੇ ਉਸਦਾ ਹੱਥ ਆਪਣੇ ਕੋਲ ਖਿੱਚ ਲਿਆ ਤਾਂ ਕਿ ਉਹ ਉਸਨੂੰ ਮਹਿਸੂਸ ਕਰ ਸਕੇ।

“ਕੀ ਪਾਗਲਪਨ ਹੈ, ਕੇ. ਨੇ ਕਿਹਾ ਅਤੇ ਫ਼ਿਰ ਹੱਥ ਦਾ ਮੁਆਇਨਾ ਕਰਨ ਤੋਂ ਬਾਅਦ ਅੱਗੇ ਬੋਲਿਆ, “ਕਿਹੋ ਜਿਹਾ ਛੋਟਾ ਜਿਹਾ ਸੁੰਦਰ ਪੰਜਾ ਹੈ!"

ਇੱਕ ਤਰ੍ਹਾਂ ਦੇ ਮਾਣ ਨਾਲ ਲੇਨੀ, ਕੇ. ਨੂੰ ਆਪਣੀ ਹੈਰਾਨੀ ਵਿੱਚ ਉੱਗਲਾਂ ਵੱਖ ਕਰਦੇ ਅਤੇ ਫ਼ਿਰ ਮੁੜ ਨਾਲ ਲਿਆਉਂਦੇ ਵੇਖਦੀ ਰਹੀ, ਜਦੋਂ ਅੰਤ ਉਸਨੇ ਉਹਨਾਂ ਨੂੰ ਇੱਕ ਝਟਕੇ ਨਾਲ ਚੁੰਮ ਲਿਆ ਅਤੇ ਫ਼ਿਰ ਛੱਡ ਦਿੱਤੀਆਂ।

"ਓਹ!" ਉਹ ਅਚਾਨਕ ਚੀਕ ਪਈ, "ਤੂੰ ਮੈਨੂੰ ਚੁੰਮ ਲਿਆ ਹੈ।"

ਛੇਤੀ ਨਾਲ, ਖੁੱਲ੍ਹੇ ਮੂੰਹ ਨਾਲ, ਉਹ ਆਪਣੇ ਗੋਡਿਆਂ ਦੇ ਭਾਰ ਉਸਦੀ ਗੋਦ ਵਿੱਚੋਂ ਉੱਠ ਬੈਠੀ। ਕੇ. ਨੇ ਉਸਨੂੰ ਲਗਭਗ ਹਤਾਸ਼ ਜਿਹੀ ਨਜ਼ਰ ਨਾਲ ਵੇਖਿਆ। ਹੁਣ ਉਹ ਉਸਦੇ ਇੰਨਾ ਕੋਲ ਸੀ ਕਿ ਉਸਦੇ ਸਰੀਰ 'ਚੋਂ ਇੱਕ ਤਿੱਖੀ, ਉਕਸਾਉਣ ਵਾਲੀ ਗੰਧ ਉਸਦੇ ਨੱਕ ਵਿੱਚ ਵੜ ਰਹੀ ਸੀ। ਉਸਨੇ ਕੇ. ਦਾ ਸਿਰ ਆਪਣੇ ਸਿਰ ਨਾਲ ਜੋੜ ਲਿਆ ਸੀ, ਉਹ ਝਕੀ ਅਤੇ ਉਸਦੀ ਗਰਦਨ ਚੰਮ ਦਿੱਤੀ, ਇੱਥੋਂ ਤੱਕ ਕਿ ਉਸਨੇ ਵਾਲਾਂ ਦੀ ਜੜ ਤੱਕ ਉਸਨੂੰ ਚੁੰਮਿਆ।

"ਉਸਦੇ ਇਵਜ਼ ਵਿੱਚ ਤੂੰ ਮੈਨੂੰ ਪਾ ਲਿਆ ਹੈ। ਉਹ ਵਾਰ-ਵਾਰ ਚੀਕ ਰਹੀ ਸੀ, "ਵੇਖ, ਹੁਣ ਬਦਲੇ ਵਿੱਚ ਤੂੰ ਮੈਨੂੰ ਪਾ ਲਿਆ ਹੈ। ਉਦੋਂ ਹੀ ਉਸਦਾ ਗੋਡਾ ਤਿਲਕ ਗਿਆ, ਅਤੇ ਇੱਕ ਹਲਕੀ ਜਿਹੀ ਚੀਕ ਨਾਲ ਉਹ ਗ਼ਲੀਚੇ ਉੱਤੇ ਆ ਡਿੱਗੀ। ਕੇ. ਨੇ ਉਸਨੂੰ ਡਿੱਗਣ ਤੋਂ ਬਚਾਉਣ ਲਈ ਉਸਦੇ ਦੁਆਲੇ ਬਾਂਹ ਫੈਲਾਈ ਅਤੇ ਉਸਦੇ ਨਾਲ ਘਿਸੜਦਾ ਹੋਇਆ ਹੇਠਾਂ ਆ ਪੁੱਜਾ। "ਹੁਣ ਤਾਂ ਤੂੰ ਮੇਰਾ ਹੋ ਚੁੱਕਾ ਏਂ," ਉਸਨੇ ਕਿਹਾ।

"ਹੁਣ ਤੇਰੇ ਕੋਲ ਇਸ ਘਰ ਦੀ ਚਾਬੀ ਮੌਜੂਦ ਹੈ, ਜਦੋਂ ਵੀ ਦਿਲ ਕਰੇ ਇੱਧਰ ਆ ਜਾਵੀਂ, ਇਹ ਉਸਦੇ ਆਖਰੀ ਸ਼ਬਦ ਸਨ, ਅਤੇ ਇਸਦੇ ਨਾਲ ਇੱਕ ਰੁੱਖਾ ਜਿਹਾ ਚੁੰਮਣ ਸੀ ਜਿਹੜਾ ਉਸਦੀ ਪਿੱਠ ਉੱਤੇ ਕੋੜੇ ਦੀ ਤਰ੍ਹਾਂ ਆ ਵੱਜਿਆ ਸੀ, ਉਸ ਸਮੇਂ ਜਦੋਂ ਉਹ ਵਾਪਸ ਜਾ ਰਿਹਾ ਸੀ। ਜਦੋਂ ਉਸਨੇ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਕਦਮ ਰੱਖਿਆ ਤਾਂ ਹਲਕੀ ਜਿਹੀ ਬੂੰਦਾਬਾਂਦੀ ਹੋ ਰਹੀ ਸੀ। ਉਹ ਗਲੀ ਦੇ ਐਨ ਵਿਚਕਾਰ ਚਲਿਆ ਆਉਣਾ ਚਾਹੁੰਦਾ ਸੀ ਤਾਂ ਕਿ ਸ਼ਾਇਦ ਉਹ ਅਜੇ ਤੱਕ ਬਾਰੀ ਦੇ ਕੋਲ ਖੜੀ ਲੇਨੀ ਦੀ ਇੱਕ ਝਲਕ ਪਾ ਸਕੇ, ਪਰ ਉਦੋਂ ਹੀ ਘਰ ਦੇ ਸਾਹਮਣੇ ਖੜੀ ਇੱਕ ਕਾਰ ਵਿੱਚੋਂ ਉਸਦਾ ਚਾਚਾ ਬਾਹਰ ਆਇਆ ਅਤੇ ਕੇ, ਆਪਣੇ ਰੁਝੇਵੇਂ ਦੀ ਵਜ੍ਹਾ ਨਾਲ ਉਸਨੂੰ ਵੇਖ ਹੀ ਨਹੀਂ ਸਕਿਆ। ਪਰ ਚਾਚੇ ਨੇ ਉਸਦੀ ਬਾਂਹ ਫੜ੍ਹ ਲਈ ਅਤੇ ਮਕਾਨ ਦੇ ਮੁੱਖ ਬੁਲ੍ਹੇ ਦੇ ਵੱਲ ਧੱਕ ਦਿੱਤਾ, ਜਿਵੇਂ ਉਹ ਉਸਨੂੰ ਕਿੱਲ ਵਾਂਗ ਠੋਕ ਦੇਣਾ ਚਾਹੁੰਦਾ ਹੋਵੇ।

"ਛੋਹਰਾ!" ਉਹ ਚੀਕਿਆ। "ਤੇਰੀ ਉੱਥੋਂ ਉੱਠਣ ਦੀ ਅਤੇ ਉਹ ਸਭ ਕਰਨ ਦੀ ਹਿੰਮਤ ਕਿਵੇਂ ਹੋਈ। ਤੂੰ ਆਪਣੇ ਕੇਸ ਨੂੰ ਬਹੁਤ ਜ਼ਿਆਦਾ ਨੁਕਸਾਨ ਪੁਚਾ ਦਿੱਤਾ ਹੈ, ਜਿਹੜਾ ਹੁਣ ਤੱਕ ਕਾਫ਼ੀ ਠੀਕਠਾਕ ਚੱਲ ਰਿਹਾ ਸੀ। ਤੂੰ ਉਸ ਬੌਣੀ ਕੁੱਤੀ ਨਾਲ ਚਪੜ-ਚੂੰ ਕਰਦਾ ਰਿਹਾ, ਜਿਹੜੀ ਉਸ ਵਕੀਲ ਦੀ ਸਾਫ਼ਤੌਰ 'ਤੇ ਰਖੇਲ ਹੈ, ਅਤੇ ਫ਼ਿਰ ਘੰਟਿਆਂ ਉੱਥੋਂ ਗਾਇਬ ਰਿਹਾ। ਹੋਰ ਤਾਂ ਹੋਰ, ਤੂੰ ਇਹਦੇ ਲਈ ਕੋਈ ਬਹਾਨਾ ਤੱਕ ਵੀ ਨਹੀਂ ਬਣਾਇਆ, ਇਸਨੂੰ ਲੁਕੋਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਨਹੀਂ, ਇਹ ਬਿਲਕੁਲ ਸਾਫ਼ ਹੈ, ਤੂੰ ਭੱਜ ਕੇ ਉਸ ਕੋਲ ਜਾ ਅਤੇ ਉਸਦਾ ਹੋ ਕੇ ਰਹਿ। ਅਤੇ ਇਸ ਸਮੇਂ 'ਚ ਅਸੀਂ ਸਾਰੇ ਇੱਕਠੇ ਬੈਠੇ ਰਹਾਂਗੇ - ਤੇਰਾ ਚਾਚਾ ਜਿਹੜਾ ਆਪਣੇ ਆਪ ਨੂੰ ਤੇਰੇ ਲਈ ਖਪਾ ਰਿਹਾ ਹੈ, ਉਹ ਵਕੀਲ ਜਿਸਨੂੰ ਤੇਰੇ ਪੱਖ ਵਿੱਚ ਕੀਤਾ ਜਾਣਾ ਜ਼ਰੂਰੀ ਹੈ, ਅਤੇ ਸਭ ਤੋਂ ਉੱਪਰ ਕਚਹਿਰੀ ਦਾ ਉਹ ਨਿਰਦੇਸ਼ਕ, ਉਹ ਮਹਾਨ ਬੰਦਾ ਜਿਸਦਾ ਤੇਰੇ ਕੇਸ ਵਿੱਚ ਅੱਜ ਦੀ ਤਰੀਕ ਵਿੱਚ ਪੂਰਾ ਅਧਿਕਾਰ ਹੈ - ਅਸੀਂ ਸਾਰੇ! ਅਸੀਂ ਸਾਰੇ ਤੇਰੀ ਮਦਦ ਲਈ ਕੋਈ ਚੰਗੀ ਤੋਂ ਚੰਗੀ ਤਰਕੀਬ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਮੈਨੂੰ ਵਕੀਲ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਪੈ ਰਿਹਾ ਹੈ, ਇਹੀ ਕੁੱਝ ਉਸਨੂੰ ਨਿਰਦੇਸ਼ਕ ਨਾਲ ਵੀ ਕਰਨਾ ਪਏਗਾ, ਅਤੇ ਹਰੇਕ ਤਰਕਸ਼ੀਲ ਕਾਰਨ ਰਹਿੰਦੇ ਤੇਰੇ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਤੂੰ ਮੇਰੀ ਹਰੇਕ ਸੰਭਵ ਢੰਗ ਨਾਲ ਮਦਦ ਕਰੇਂ, ਪਰ ਇਸਦੇ ਬਜਾਏ ਤੈਨੂੰ ਦੂਰ ਭੱਜਣ 'ਚ ਸੁਆਦ ਆਉਂਦਾ ਹੈ। ਪਰ ਇਸ ਤੋਂ ਬਹੁਤੀ ਦੇਰ ਤੱਕ ਭੱਜਿਆ ਨਹੀਂ ਜਾ ਸਕਦਾ। ਠੀਕ ਹੈ ਕਿ ਉਹ ਚੰਗੇ ਵਿਹਾਰ ਵਾਲੇ, ਠੰਡੇ ਅਤੇ ਕੂਟਨੀਤਿਕ ਕਿਸਮ ਦੇ ਆਦਮੀ ਹਨ, ਪਰ ਉਹ ਇਸ ਬਾਰੇ ਗੱਲ ਨਹੀਂ ਕਰਦੇ ਹਨ, ਉਹਨਾਂ ਨੂੰ ਮੇਰੀਆਂ ਭਾਵਨਾਵਾਂ ਦਾ ਖਿਆਲ ਹੈ, ਪਰ ਉਹ ਇਸ ਬਾਰੇ ’ਚ ਬਹੁਤਾ ਕੁੱਝ ਨਹੀਂ ਕਰ ਸਕਦੇ। ਉਹ ਤਾਂ ਇਸ ਉੱਤੇ ਗੱਲਬਾਤ ਵੀ ਨਹੀਂ ਕਰ ਸਕਦੇ, ਉਹ ਚੁੱਪ ਰਹਿੰਦੇ ਹਨ। ਅਸੀਂ ਚੁੱਪਚਾਪ ਬੈਠੇ ਤੇਰੇ ਉੱਥੇ ਆਉਣ ਦੀ ਉਡੀਕ ਕਰਦੇ ਰਹੇ - ਪਰ ਸਭ ਵਿਅਰਥ। ਨਿਰਦੇਸ਼ਕ ਉੱਠ ਖੜਾ ਹੋਇਆ। ਉਹ ਜਿੰਨੇ ਚਿਰ ਲਈ ਉੱਥੇ ਆਇਆ ਸੀ, ਉਸ ਤੋਂ ਜ਼ਿਆਦਾ ਦੇਰ ਰੁਕ ਚੁੱਕਾ ਸੀ। ਉਸਨੇ ਅਲਵਿਦਾ ਕਹਿ ਦਿੱਤੀ, ਅਤੇ ਸਾਫ਼ ਤੌਰ ਤੇ ਮੇਰੇ ਤੇ ਤਰਸ ਖਾਂਦਾ ਹੋਇਆ ਅਤੇ ਮੇਰੀ ਮਦਦ ਕਰਨ ਵਿੱਚ ਆਪਣੀ ਅਸਮਰੱਥਾ ਦਰਸਾਉਂਦਾ ਹੋਇਆ, ਥੋੜ੍ਹੀ ਦੇਰ ਲਈ ਸਿਰਫ਼ ਦਿਆਲਤਾ ਦੇ ਭਾਵ ਨਾਲ ਬੂਹੇ 'ਤੇ ਖੜ੍ਹ ਕੇ, ਜਿਹੜਾ ਅਦਭੁੱਤ ਅਤੇ ਹੈਰਾਨੀ ਭਰਿਆ ਸੀ, ਚਲਾ ਗਿਆ। ਕੁਦਰਤੀ ਤੌਰ 'ਤੇ ਮੈਂ ਉਸਦੇ ਚਲੇ ਜਾਣ ਨਾਲ ਖੁਸ਼ ਹੋਇਆ, ਕਿਉਂਕਿ ਉਸਦੇ ਉੱਥੇ ਰਹਿੰਦਿਆਂ ਤਾਂ ਮੈਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ। ਵਕੀਲ 'ਤੇ ਤਾਂ ਇਸਦਾ ਪ੍ਰਭਾਵ ਹੋਰ ਵੀ ਗੰਭੀਰ ਸੀ। ਜਦੋਂ ਮੈਂ ਉੱਥੋਂ ਬਾਹਰ ਨਿਕਲਿਆ ਤਾਂ ਉਸ ਵਿਚਾਰੇ ਦੇ ਮੂੰਹ 'ਚੋਂ ਇੱਕ ਸ਼ਬਦ ਵੀ ਨਹੀਂ ਨਿਕਲ ਸਕਿਆ। ਤੂੰ ਤਾਂ ਉਸਦੀ ਸੋਚਣ ਸਮਝਣ ਦੀ ਤਾਕਤ ਨੂੰ ਇੱਕ ਦਮ ਤੋੜ ਦਿੱਤਾ ਹੈ ਅਤੇ ਉਸ ਆਦਮੀ ਨੂੰ, ਜਿਸ ਉੱਤੇ ਤੂੰ ਪੂਰੀ ਤਰ੍ਹਾਂ ਨਿਰਭਰ ਏਂ, ਫ਼ੌਰਨ ਮੌਤ ਦੇ ਵੱਲ ਧੱਕ ਦਿੱਤਾ ਹੈ। ਅਤੇ ਜਿੱਥੋਂ ਤੱਕ ਮੇਰਾ ਸਵਾਲ ਹੈ, ਤੇਰੇ ਆਪਣੇ ਚਾਚੇ ਦਾ, ਤਾਂ ਤੂੰ ਮੈਨੂੰ ਇਸ ਮੀਂਹ ਵਿੱਚ ਘੰਟਿਆਂ ਉਡੀਕ ਕਰਨ ਖੜ੍ਹਾ ਕੀਤਾ। ਰਤਾ ਮਹਿਸੂਸ ਕਰ, ਪਾਣੀ ਮੇਰੀ ਪਿੱਠ ਵਿੱਚ ਵੜ ਗਿਆ ਹੈ। ਤੇਰੀ ਮੁਸੀਬਤਾਂ ਦੇ ਕਾਰਨ ਮੈਂ ਆਪ ਬਿਮਾਰੀ ਦੀ ਚਿੰਤਾ ਵਿੱਚ ਜਾ ਫਸਿਆ ਹਾਂ।"