ਮੁਕੱਦਮਾ/ਨੌਵਾਂ ਭਾਗ

ਵਿਕੀਸਰੋਤ ਤੋਂ

ਨੌਵਾਂ ਭਾਗ

ਵੱਡੇ ਗਿਰਜਾਘਰ ਵਿੱਚ

ਕੇ. ਨੂੰ ਬੈਂਕ ਦੁਆਰਾ ਇੱਕ ਖ਼ਾਸ ਕੰਮ ਦਿੱਤਾ ਗਿਆ ਸੀ। ਇਟਲੀ ਦਾ ਇੱਕ ਵਪਾਰੀ ਜਿਹੜਾ ਸ਼ਹਿਰ ਵਿੱਚ ਪਹਿਲੀ ਵਾਰ ਆ ਕੇ ਠਹਿਰਿਆ ਸੀ, ਉਸਨੂੰ ਇੱਥੋਂ ਦੀਆਂ ਕੁੱਝ ਖ਼ਾਸ ਸੱਭਿਆਚਾਰਕ ਥਾਵਾਂ ਵਿਖਾਉਣੀਆਂ ਸਨ। ਉਹ ਵਪਾਰੀ ਬੈਂਕ ਦਾ ਇੱਕ ਮਹੱਤਵਪੂਰਨ ਗਾਹਕ ਸੀ। ਇਸ ਕੰਮ ਨੂੰ ਕਿਸੇ ਹੋਰ ਵਕਤ ਵਿੱਚ ਕਰਨਾ ਉਸਨੂੰ ਬੜੀ ਖੁਸ਼ੀ ਦਿੰਦਾ ਪਰ ਇਸ ਸਮੇਂ ਉਸਦਾ ਇਹ ਕਰਨ ਦਾ ਬਿਲਕੁਲ ਮਨ ਨਹੀਂ ਸੀ। ਫ਼ਿਰ ਵੀ ਉਹ ਇਹ ਕੰਮ ਕਰਨ ਦੇ ਲਈ ਮੰਨ ਗਿਆ ਕਿਉਂਕਿ ਇਸ ਸਮੇਂ ਬੈਂਕ ਵਿੱਚ ਆਪਣੀ ਸਥਿਤੀ ਸਨਮਾਨਯੋਗ ਬਣਾਈ ਰੱਖਣ ਲਈ ਉਸਨੂੰ ਬਹੁਤ ਵਧੇਰੇ ਕੰਮ ਕਰਨਾ ਪੈ ਰਿਹਾ ਸੀ। ਹਰੇਕ ਘੰਟਾ ਜਿਸਦੇ ਲਈ ਉਹ ਬੈਂਕ ਤੋਂ ਬਾਹਰ ਰਹਿੰਦਾ ਸੀ, ਉਸਦੇ ਲਈ ਪਰੇਸ਼ਾਨੀ ਬਣਿਆ ਹੋਇਆ ਸੀ। ਇਹ ਸੱਚ ਹੈ ਕਿ ਆਪਣੇ ਕੰਮ ਦਾ ਹੁਣ ਉਹ ਪਹਿਲਾਂ ਵਰਗਾ ਇਸਤੇਮਾਲ ਕਰਨ ਦੇ ਵਿੱਚ ਅਸਮਰੱਥ ਹੋ ਗਿਆ ਸੀ। ਹੁਣ ਉਹ ਕਈ ਘੰਟਿਆਂ ਤੱਕ ਔਖੇ ਹੋ ਕੇ ਕੰਮ ਕਰਨ ਦਾ ਵਿਖਾਵਾ ਕਰਦਾ ਸੀ। ਪਰ ਇਸ ਨਾਲ ਉਸਦੀ ਚਿੰਤਾ ਵਿੱਚ ਵਾਧਾ ਹੀ ਹੁੰਦਾ ਸੀ, ਖਾਸ ਕਰਕੇ ਉਦੋਂ ਜਦੋਂ ਉਹ ਦਫ਼ਤਰ ਵਿੱਚ ਨਹੀਂ ਹੁੰਦਾ ਸੀ। ਫ਼ਿਰ ਉਹ ਕਦੇ-ਕਦੇ ਸੋਚਦਾ ਕਿ ਉਸਨੇ ਡਿਪਟੀ ਮੈਨੇਜਰ ਨੂੰ ਉਸਨੂੰ ਤਾੜਦੇ ਹੋਏ ਵੇਖਿਆ ਹੈ ਜਿਹੜਾ ਕਿ ਹਮੇਸ਼ਾ ਉਸਨੂੰ ਜਕੜਨ ਦੀ ਤਾੜ ਵਿੱਚ ਰਹਿੰਦਾ ਹੈ। ਉਹ ਅਕਸਰ ਕਾਗ਼ਜ਼ਾਂ ਦੀ ਪੜਤਾਲ ਕਰਦਾ ਰਹਿੰਦਾ, ਖ਼ਾਸ ਕਰਕੇ ਉਨ੍ਹਾਂ ਗਾਹਕਾਂ ਦੇ ਕਾਗ਼ਜ਼ਾਂ ਦੀ, ਜਿਹੜੇ ਕੇ. ਦੇ ਬਹੁਤ ਗੂੜ੍ਹੇ ਦੋਸਤ ਬਣ ਚੁੱਕੇ ਹਨ। ਉਹ ਉਨ੍ਹਾਂ ਨੂੰ ਉਸਤੋਂ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਅਤੇ ਸ਼ਾਇਦ ਉਸਦੀਆਂ ਗ਼ਲਤੀਆਂ ਤਲਾਸ਼ ਕਰਨ ਦੀ ਵੀ ਕੋਸ਼ਿਸ਼ ਰਹਿੰਦਾ। ਇਨ੍ਹਾਂ ਕਾਰਨਾਂ ਕਰਕੇ ਕੇ. ਨੂੰ ਲੱਗਦਾ ਸੀ ਕਿ ਉਸਦੇ ਕੰਮ ਉੱਪਰ ਹਰ ਪਾਸੇ ਤੋਂ ਖ਼ਤਰਾ ਮੰਡਰਾ ਰਿਹਾ ਹੈ ਅਤੇ ਜਿਸ ਤੋਂ ਬਚਣ ਤੋਂ ਆਪਣੇ ਆਪ ਨੂੰ

ਅਸਮਰੱਥ ਮਹਿਸੂਸ ਕਰਦਾ ਸੀ। ਇਸ ਲਈ ਜੇਕਰ ਉਸਨੂੰ ਕਿਸੇ ਵਪਾਰਕ ਯਾਤਰਾ ਜਾਂ ਕਿਸੇ ਹੋਰ ਕਾਰੋਬਾਰ ਲਈ ਬਾਹਰ ਭੇਜਿਆ ਜਾਂਦਾ ਤਾਂ ਉਸਨੂੰ ਲੱਗਦਾ ਕਿ ਉਸਨੂੰ ਉਹ ਲੋਕ ਧੱਕੇ ਨਾਲ ਬਾਹਰ ਕੱਢ ਕਰ ਰਹੇ ਹਨ ਜਿਸ ਨਾਲ ਉਹ ਮਗਰੋਂ ਉਸਦੇ ਕੰਮ ਦੀ ਪੜਤਾਲ ਕਰ ਸਕਣ ਅਤੇ ਘੱਟੋ-ਘੱਟ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਕੰਮ ਦਾ ਨਹੀਂ ਰਿਹਾ। ਇਨ੍ਹਾਂ ਕੰਮਾਂ ਵਿੱਚੋਂ ਬਹੁਤਿਆਂ ਨੂੰ ਕੇ. ਆਸਾਨੀ ਨਾਲ ਮਨ੍ਹਾਂ ਕਰ ਸਕਦਾ ਸੀ ਪਰ ਉਹ ਆਪਣੇ ਡਰ ਦੇ ਕਾਰਨ ਮਨ੍ਹਾਂ ਨਹੀਂ ਕਰਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਰਤਾ ਵੀ ਸ਼ੱਕ ਨਹੀਂ ਹੋਣ ਦੇਣਾ ਚਾਹੁੰਦਾ ਸੀ। ਇਸੇ ਕਾਰਨ ਉਹ ਹਰੇਕ ਕੰਮ ਕਰਨ ਲਈ ਠਰੰਮੇ ਨਾਲ ਮੰਨ ਜਾਂਦਾ ਸੀ ਅਤੇ ਇੱਕ ਜਦੋਂ ਦੋ ਦਿਨ ਦੀ ਕਿਸੇ ਥਕਾਉਣ ਵਾਲੀ ਯਾਤਰਾ ਤੇ ਉਸਨੂੰ ਭੇਜਿਆ ਜਾਣ ਲੱਗਾ ਤਾਂ ਉਸਨੇ ਆਪਣੇ ਗੰਭੀਰ ਜੁਕਾਮ ਬਾਰੇ ਇਕ ਸ਼ਬਦ ਤੱਕ ਵੀ ਕਿਸੇ ਨੂੰ ਦੱਸਣਾ ਠੀਕ ਨਾ ਸਮਝਿਆ ਤਾਂ ਕਿ ਕੋਈ ਵੀ ਉਸਨੂੰ ਇਸ ਯਾਤਰਾ 'ਤੇ ਜਾਣ ਤੋਂ ਨਾ ਰੋਕ ਸਕੇ। ਜਦੋਂ ਉਹ ਉੱਧਰੋਂ ਵਾਪਿਸ ਆਇਆ ਤਾਂ ਉਸਦਾ ਸਿਰ ਬਹੁਤ ਤੇਜ਼ ਦਰਦ ਕਰ ਰਿਹਾ ਸੀ, ਅਤੇ ਉਦੋਂ ਹੀ ਉਸਨੂੰ ਪਤਾ ਲੱਗਾ ਕਿ ਉਸਨੂੰ ਇਸ ਇਟਲੀ ਦੇ ਵਪਾਰੀ ਦੇ ਨਾਲ ਅਗ਼ਲੀ ਸਵੇਰ ਹੀ ਮੜ ਯਾਤਰਾ 'ਤੇ ਜਾਣਾ ਪਵੇਗਾ। ਇਸ ਕੰਮ ਤੋਂ ਇਨਕਾਰ ਕਰਨ ਦਾ ਲਾਲਚ ਵਿਚਾਰਯੋਗ ਸੀ, ਖ਼ਾਸ ਤੌਰ 'ਤੇ ਇਸ ਕਰਕੇ ਕਿ ਇਸਦਾ ਬੈਂਕ ਦੇ ਕੰਮ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਹਾਲਾਂਕਿ ਇਸ ਤਰ੍ਹਾਂ ਦੇ ਗਾਹਕ ਦੇ ਲਈ ਬਿਨ੍ਹਾਂ ਸ਼ੱਕ ਤੋਂ ਇਹ ਜ਼ਿੰਮਵਾਰੀ ਨਿਭਾਉਣੀ ਸੀ, ਹਾਲਾਂਕਿ ਇਹ ਕੇ. ਦੇ ਲਈ ਇੰਨਾ ਜ਼ਰੂਰੀ ਵੀ ਨਹੀਂ ਸੀ, ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਦਾ ਬਚਾਅ ਤਾਂ ਸਿਰਫ਼ ਉਸਦੇ ਕੰਮ ਦੀ ਸਫ਼ਲਤਾ ਵਿੱਚ ਹੀ ਹੈ ਅਤੇ ਇਹ ਵੀ ਕਿ ਇਸਦੇ ਬਿਨ੍ਹਾਂ ਜੇਕਰ ਉਹ ਇਸ ਵਿੱਚ ਸਫਲ ਨਹੀਂ ਹੁੰਦਾ ਤਾਂ ਇਸ ਇਟਲੀਵਾਸੀ ਨੂੰ ਪੂਰਨ ਤੌਰ 'ਤੇ ਪ੍ਰਭਾਵਿਤ ਕਰਕੇ ਵੀ ਕੋਈ ਫਰਕ ਨਹੀਂ ਪੈਣ ਲੱਗਾ। ਉਹ ਇੱਕ ਦਿਨ ਦੇ ਲਈ ਵੀ ਆਪਣੇ ਕੰਮ ਵਾਲੀ ਜਗ੍ਹਾ ਤੋਂ ਬਾਹਰ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਡਰ ਸੀ ਕਿ ਕਿਤੇ ਦੋਬਾਰਾ ਉਸਨੂੰ ਇਹ ਕੰਮ ਮਿਲੇ ਹੀ ਨਾ। ਇਹ ਇੱਕ ਅਜਿਹਾ ਡਰ ਸੀ ਜਿਸਦੇ ਬਾਰੇ ਉਸਨੂੰ ਪਤਾ ਸੀ ਕਿ ਇਸਨੂੰ ਉਸ ਦੁਆਰਾ ਐਂਵੇ ਹੀ ਵਧਾ ਲਿਆ ਗਿਆ ਹੈ ਪਰ ਫ਼ਿਰ ਵੀ ਇਹ ਉਸਨੂੰ ਪਰੇਸ਼ਾਨ ਰੱਖਦਾ ਸੀ। ਇਸ ਮੌਕੇ 'ਤੇ ਕੋਈ ਢੁੱਕਵਾਂ ਬਹਾਨਾ ਵੀ ਤਲਾਸ਼ ਕਰਨਾ ਔਖਾ ਸੀ ਕਿਉਂਕਿ ਉਸਨੂੰ ਇਤਾਲਵੀ ਭਾਸ਼ਾ ਦਾ ਜੇਕਰ ਬਹੁਤਾ ਨਹੀਂ ਤਾਂ ਠੀਕ-ਠੀਕ ਗਿਆਨ ਤਾਂ ਸੀ ਹੀ। ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਕੇ. ਨੂੰ ਇਤਿਹਾਸ ਦੀ ਜਾਣਕਾਰੀ ਸੀ ਅਤੇ ਇਸਦਾ ਪਤਾ ਲੋਕਾਂ ਨੂੰ ਲੱਗ ਗਿਆ ਸੀ ਅਤੇ ਇਸਤੋਂ ਵਧਕੇ ਇਸਦਾ ਲੋੜੋਂ ਵੱਧ ਪ੍ਰਚਾਰ ਵੀ ਹੋ ਗਿਆ ਸੀ। ਬੈਂਕ ਵਿੱਚ ਇਸਦੇ ਫੈਲਣ ਦਾ ਇਕ ਹੋਰ ਵੀ ਕਾਰਨ ਸੀ ਕਿ ਇਕ ਵੇਲੇ ਸੰਯੋਗ ਨਾਲ ਕਿਸੇ ਵਪਾਰਕ ਕਾਰਨਾਂ ਕਰਕੇ ਉਹ ਇਕ ਕਲਾ ਸੁਰੱਖਿਅਣ ਸੋਸਾਇਟੀ ਦਾ ਮੈਂਬਰ ਰਹਿ ਚੁੱਕਾ ਸੀ। ਉਸ ਇਤਾਲਵੀ ਦੇ ਬਾਰੇ ਵਿੱਚ ਇਹ ਚਰਚਾ ਸੀ ਕਿ ਉਹ ਕਲਾ ਦਾ ਦੀਵਾਨਾ ਹੈ ਅਤੇ ਇਸ ਲਈ ਉਸਦਾ ਸਾਥ ਦੇਣ ਲਈ ਕੇ. ਨੂੰ ਹੀ ਉਸ ਇਤਾਲਵੀ ਦੇ ਨਾਲ ਸੁਭਾਵਿਕ ਤੌਰ 'ਤੇ ਜਾਣਾ ਪੈਣਾ ਸੀ।

ਉਹ ਇੱਕ ਬਹੁਤ ਹੀ ਬਰਸਾਤੀ ਅਤੇ ਤੂਫ਼ਾਨੀ ਸਵੇਰ ਸੀ, ਜਦੋਂ ਕੇ, ਸਵੇਰੇ ਸੱਤ ਵਜੇ ਦਫ਼ਤਰ ਆ ਗਿਆ। ਉਹ ਆਉਣ ਵਾਲੇ ਦਿਨ ਦੇ ਵਿਚਾਰ ਤੋਂ ਹੀ ਪਰੇਸ਼ਾਨ ਸੀ ਅਤੇ ਇਸਤੋਂ ਪਹਿਲਾਂ ਕਿ ਕੋਈ ਮਹਿਮਾਨ ਉਸਤੋਂ ਉਸਦਾ ਕੰਮ ਖੋਹ ਲੈਂਦਾ, ਉਹ ਕੁੱਝ ਕੰਮ ਨਬੇੜ ਲੈਣ ਦਾ ਚਾਹਵਾਨ ਸੀ। ਉਹ ਕਾਫ਼ੀ ਥੱਕਿਆ ਹੋਇਆ ਸੀ, ਕਿਉਂਕਿ ਅੱਧੀ ਰਾਤ ਤੱਕ ਇਤਾਲਵੀ ਵਿਆਕਰਨ ਵਿੱਚ ਉਲਝਿਆ ਰਿਹਾ ਸੀ, ਤਾਂ ਕਿ ਉਹ ਥੋੜ੍ਹਾ ਤਾਂ ਆਪਣੇ ਆਪ ਨੂੰ ਤਿਆਰ ਕਰ ਸਕੇ। ਉਹ ਖਿੜਕੀ ਜਿਸਦੇ ਕੋਲ ਉਹ ਇਨ੍ਹਾਂ ਦਿਨਾਂ ਵਿੱਚ ਕੁੱਝ ਵਧੇਰੇ ਹੀ ਬੈਠਣ ਲੱਗਾ ਸੀ, ਉਸਨੂੰ ਆਪਣੇ ਮੇਜ਼ ਤੋਂ ਵਧੇਰੇ ਸੋਹਣੀ ਲੱਗਣ ਲੱਗੀ, ਪਰ ਇਸ ਲਾਲਚ ਦਾ ਉਸਨੇ ਪੁਰਾ ਵਿਰੋਧ ਕੀਤਾ ਅਤੇ ਕੰਮ ਕਰਨ ਦੇ ਲਈ ਬੈਠ ਗਿਆ। ਮਾੜੀ ਕਿਸਮਤ ਕਿ ਕਲਰਕ ਛੇਤੀ ਹੀ ਆ ਗਿਆ ਅਤੇ ਬੋਲਿਆ ਕਿ ਉਸਨੂੰ ਮੈਨੇਜਰ ਨੇ ਇਹ ਵੇਖਣ ਲਈ ਭੇਜਿਆ ਹੈ ਕਿ ਜੇ ਮੁੱਖ ਕਲਰਕ ਆ ਜਾਣ ਤਾਂ ਨੂੰ ਕਿਹਾ ਜਾਵੇ ਕਿ ਉਹ ਫ਼ੌਰਨ ਸੁਆਗਤ ਕਮਰੇ ਵਿੱਚ ਆ ਜਾਣ, ਕਿਉਂਕਿ ਇਟਲੀ ਤੋਂ ਆਏ ਸੱਜਣ ਉੱਥੇ ਪਹੁੰਚ ਚੁੱਕੇ ਹਨ।

"ਮੈਂ ਆ ਹੀ ਰਿਹਾ ਹਾਂ," 'ਕੇ. ਨੇ ਕਿਹਾ। ਉਸਨੇ ਇੱਕ ਛੋਟਾ ਜਿਹਾ ਸ਼ਬਦਕੋਸ਼ ਜੇਬ ਵਿੱਚ ਪਾ ਲਿਆ। ਇਤਾਲਵੀ ਦੇ ਲਈ ਉਸਨੇ ਸ਼ਹਿਰ ਦੀਆਂ ਜ਼ਰੂਰੀ ਥਾਵਾਂ ਦੀ ਜਿਹੜੀ ਐਲਬਮ ਤਿਆਰ ਕੀਤੀ ਸੀ, ਉਹ ਚੁੱਕੀ ਅਤੇ ਡਿਪਟੀ ਮੈਨੇਜਰ ਦੇ ਕਮਰੇ ਵਿੱਚ ਦੀ ਹੁੰਦਾ ਹੋਇਆ ਮੈਨੇਜਰ ਦੇ ਕਮਰੇ ਚਲਾ ਗਿਆ। ਦਫ਼ਤਰ ਵਿੱਚ ਇੰਨੀ ਛੇਤੀ ਆਉਣ ਤੇ ਉਹ ਆਪਣੇ ਆਪ 'ਤੇ ਖੁਸ਼ ਹੋਇਆ ਕਿਉਂਕਿ ਉਹ ਫ਼ੌਰਨ ਮੈਨੇਜਰ ਦੇ ਸੱਦੇ 'ਤੇ ਮੌਜੂਦ ਸੀ, ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਡਿਪਟੀ ਮੈਨੇਜਰ ਦਾ ਕਮਰਾ ਅਜੇ ਤੱਕ ਉਸੇ ਤਰ੍ਹਾਂ ਹੀ ਖਾਲੀ ਪਿਆ ਸੀ, ਜਿਵੇਂ ਇਹ ਅੱਧੀ ਰਾਤ ਦਾ ਸਮਾਂ ਹੋਵੇ, ਕਲਰਕ ਨੂੰ ਸ਼ਾਇਦ ਉਸਨੂੰ ਵੀ ਸੁਆਗਤ ਕਮਰੇ ਵਿੱਚ ਬੁਲਾਉਣ ਲਈ ਕਿਹਾ ਗਿਆ ਸੀ, ਪਰ ਅਜੇ ਤੱਕ ਉਸਨੇ ਉਹ ਸੁਨੇਹਾ ਦਿੱਤਾ ਨਹੀਂ ਲੱਗਦਾ ਸੀ। ਜਦੋਂ ਕੇ. ਸੁਆਗਤ ਕਮਰੇ ਵਿੱਚ ਪੁੱਜਾ ਤਾਂ ਕੁਰਸੀਆਂ ਵਿੱਚ ਧਸੇ ਹੋਏ ਦੋਵੇਂ ਆਦਮੀ ਉੱਠ ਖੜ੍ਹੇ ਹੋਏ। ਮੈਨੇਜਰ ਦੋਸਤਾਨਾ ਢੰਗ ਨਾਲ ਮੁਸਕੁਰਾਇਆ, ਜਾਹਰ ਤੌਰ 'ਤੇ ਕੇ. ਨੂੰ ਸਾਹਮਣੇ ਵੇਖ ਕੇ ਖੁਸ਼ ਸੀ, ਅਤੇ ਛੇਤੀ ਹੀ ਉਸਨੇ ਉਨ੍ਹਾਂ ਦੋਵਾਂ ਦੀ ਜਾਣ-ਪਛਾਣ ਕਰਾ ਦਿੱਤੀ। ਇਤਾਲਵੀ ਨੇ ਕੇ. ਦਾ ਗਰਮਜੋਸ਼ੀ ਨਾਲ ਫੜ੍ਹਿਆ ਅਤੇ ਮੁਸਕੁਰਾਉਂਦਾ ਹੋਇਆ ਬੋਲਿਆ ਕਿ ਕੋਈ ਤਾਂ ਸਵੇਰੇ ਛੇਤੀ ਉੱਠਣ ਦਾ ਆਦੀ ਹੈ। ਕੇ. ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਇਹ ਕਿਸਦੇ ਲਈ ਕਿਹਾ ਗਿਆ ਹੈ, ਕਿਉਂਕਿ ਇਹ ਇੱਕ ਪੁਰਾਣੀ ਕਹਾਵਤ ਸੀ, ਜਿਸਦੇ ਅਰਥ ’ਤੇ ਕੇ. ਨੂੰ ਰਤਾ ਵਧੇਰੇ ਗ਼ੌਰ ਕਰਨਾ ਪਿਆ ਸੀ। ਉਸਨੇ ਕੁੱਝ ਸੁਆਗਤੀ ਵਾਕਾਂ ਨਾਲ ਜਵਾਬ ਦਿੱਤਾ, ਇਨ੍ਹਾਂ ਨੂੰ ਇਤਾਲਵੀ ਨੇ ਇੱਕ ਹੋਰ ਹਾਸੇ ਨਾਲ ਗ੍ਰਹਿਣ ਕੀਤਾ। ਉਹ ਆਪਣੀਆਂ ਝਾੜੀਦਾਰ ਭੂਰੀਆਂ-ਨੀਲੀਆਂ ਮੁੱਛਾਂ ਨੂੰ ਵਾਰ-ਵਾਰ ਮਰੋੜ ਰਿਹਾ ਸੀ। ਇਸ ਮੁੱਛ ’ਤੇ ਸ਼ਾਇਦ ਖੁਸ਼ਬੂ ਲੱਗੀ ਸੀ, ਅਤੇ ਕੇ. ਉਸਦੇ ਕੋਲ ਜਾ ਕੇ ਉਸਨੂੰ ਸੁੰਘਣਾ ਚਾਹੁੰਦਾ ਸੀ। ਜਦੋਂ ਉਹ ਮੁੜ ਬੈਠ ਗਏ ਤਾਂ ਅਤੇ ਜਾਣ-ਪਛਾਣ ਵਾਲੀ ਗੱਲਬਾਤ ਰਤਾ ਤੁਰ ਪਈ ਤਾਂ ਕੇ. ਨੂੰ ਰਤਾ ਬੇਚੈਨੀ ਮਹਿਸੂਸ ਹੋਈ ਕਿ ਜਿਹੜੀ ਇਤਾਲਵੀ ਉਹ ਸੱਜਣ ਬੋਲ ਰਿਹਾ ਸੀ, ਉਹ ਉਸਦੇ ਕੁੱਝ ਟੁਕੜੇ ਹੀ ਸਮਝ ਪਾ ਰਿਹਾ ਸੀ। ਜਦੋਂ ਉਹ ਸ਼ਾਂਤੀ ਨਾਲ ਬੋਲਦਾ ਸੀ ਤਾਂ ਕੇ. ਲਗਭਗ ਪੂਰੀ ਗੱਲ ਸਮਝ ਪਾ ਰਿਹਾ ਸੀ, ਪਰ ਅਜਿਹੇ ਮੌਕੇ ਤਾਂ ਬਹੁਤ ਘੱਟ ਸਨ, ਜ਼ਿਆਦਾਤਰ ਤਾਂ ਇਤਾਲਵੀ ਦੇ ਮੂੰਹੋਂ ਸ਼ਬਦ ਫੁਹਾਰਿਆਂ ਦੇ ਵਾਂਗ ਫੁੱਟ ਰਹੇ ਸਨ ਅਤੇ ਕੇ, ਆਪਣਾ ਸਿਰ ਇਸ ਤਰ੍ਹਾਂ ਹਿਲਾ ਦਿੰਦਾ ਸੀ ਜਿਵੇਂ ਉਸਨੂੰ ਸਭ ਸਮਝ ਆ ਰਿਹਾ ਹੋਵੇ। ਜਦੋਂ ਉਹ ਇਸ ਤਰ੍ਹਾਂ ਬੋਲ ਰਿਹਾ ਸੀ ਤਾਂ ਉਹ ਅਕਸਰ ਇੱਕ ਉਪਭਾਸ਼ਾ ਵਰਤਣ ਲੱਗਦਾ ਸੀ, ਜਿਸਦਾ ਕਿ ਇਤਾਲਵੀ (ਜਿਹੜੀ ਕਿ ਕੇ., ਜਾਣਦਾ ਸੀ) ਨਾਲ ਕੋਈ ਸਬੰਧ ਨਾ ਹੋਵੇ। ਪਰ ਇਹ ਭਾਸ਼ਾ ਮੈਨੇਜਰ ਸਮਝ ਵੀ ਰਿਹਾ ਸੀ ਅਤੇ ਬੋਲ ਵੀ ਰਿਹਾ ਸੀ, ਅਤੇ ਅਜਿਹਾ ਕੁੱਝ ਤਾਂ ਸੀ ਜਿਸਦਾ ਕੇ. ਅੰਦਾਜ਼ਾ ਲਾ ਸਕਦਾ ਸੀ, ਕਿਉਂਕਿ ਉਹ ਇਤਾਲਵੀ ਸੱਜਣ ਦੱਖਣੀ ਇਟਲੀ ਦਾ ਰਹਿਣ ਵਾਲਾ ਸੀ, ਜਿੱਥੇ ਮੈਨੇਜਰ ਇੱਕ ਸਾਲ ਰਹਿ ਚੁੱਕਾ ਹੈ। ਕੇ. ਨੂੰ ਲੱਗਿਆ ਕਿ ਇਸ ਵਿਅਕਤੀ ਨਾਲ ਸੰਵਾਦ ਦੀਆਂ ਸੰਭਾਵਨਾਵਾਂ ਘੱਟ ਹਨ ਕਿਉਂਕਿ ਉਸਦੀ ਫ਼ਰਾਂਸੀਸੀ ਸਮਝ ਸਕਣਾ ਤਾਂ ਹੋਰ ਵੀ ਮੁਸ਼ਕਿਲ ਸੀ ਅਤੇ ਜੇਕਰ ਉਸਦੇ ਬੁੱਲ੍ਹਾਂ ਦੀ ਹਿੱਲਜੁਲ ਤੋਂ ਕੁੱਝ ਸਮਝ ਸਕਣ ਦੀ ਕੁੱਝ ਸੰਭਾਵਨਾ ਹੈ ਵੀ ਸੀ ਤਾਂ ਉਹ ਵੀ ਉਸਦੀਆਂ ਝਾੜੀਦਾਰ ਮੁੱਛਾਂ ਨੇ ਖ਼ਤਮ ਕਰ ਦਿੱਤੀ ਸੀ। ਕੇ. ਨੇ ਆਉਣ ਵਾਲੀ ਮੁਸ਼ਕਿਲ ਦਾ ਅੰਦਾਜ਼ਾ ਲਾ ਲਿਆ ਸੀ, ਅਤੇ ਕੁੱਝ ਪਲਾਂ ਲਈ ਤਾਂ ਉਸਨੇ ਇਤਾਲਵੀ ਦੀਆਂ ਗੱਲਾਂ ਸਮਝਣਾ ਵੀ ਛੱਡ ਦਿੱਤਾ ਸੀ। ਜਦੋਂਕਿ ਮੈਨੇਜਰ ਜਿਹੜਾ ਉਸਨੂੰ ਇੰਨੇ ਸੌਖੇ ਢੰਗ ਨਾਲ ਸਮਝਾ ਰਿਹਾ ਸੀ, ਦਾ ਉੱਥੇ ਹੋਣਾ ਉਸਦੀ ਮਿਹਨਤ ਦਾ ਵਿਅਰਥ ਚਲੇ ਜਾਣ ਵਰਗਾ ਸੀ। ਉਸਨੇ ਆਪਣੇ ਆਪ ਨੂੰ ਸਿਰਫ਼ ਉੱਥੇ ਤੱਕ ਹੀ ਰੋਕੀ ਰੱਖਿਆ ਜਿੱਥੇ ਕਿ ਸਿਰਫ਼ ਇਹ ਵਿਖਾਈ ਦਿੰਦਾ ਸੀ ਕਿ ਉਹ ਇਤਾਲਵੀ ਆਪਣੀ ਡੂੰਘੀ ਕੁਰਸੀ ਵਿੱਚ ਆਰਾਮ ਨਾਲ ਧਸਿਆ ਹੋਇਆ ਸੀ ਅਤੇ ਵਾਰ ਵਾਰ ਆਪਣੀ ਛੋਟੀ ਤੰਗ ਜੈਕੇਟ ਨੂੰ ਅੱਗੇ ਪਿੱਛੇ ਖਿੱਚ ਦਿੰਦਾ ਸੀ ਅਤੇ ਕੇ. ਨੂੰ ਕੁੱਝ ਸਮਝਾਉਣ ਦੇ ਇਰਾਦੇ ਨਾਲ ਹੱਥ ਉੱਪਰ-ਹੇਠਾਂ ਕਰਦਾ ਹੋਇਆ ਬੋਲ ਦਿੰਦਾ ਸੀ। ਕੇ. ਕੁੱਝ ਵੀ ਸਮਝ ਨਹੀਂ ਪਾ ਰਿਹਾ ਸੀ ਹਾਲਾਂਕਿ ਕਾਫ਼ੀ ਅੱਗੇ ਤੱਕ ਝੁਕ ਕੇ ਉਹ ਉਸਦੇ ਹੱਥਾਂ ਦਾ ਅਧਿਐਨ ਕਰ ਰਿਹਾ ਸੀ। ਜਦੋਂ ਕੇ. ਯੰਤਰਿਕ ਤੌਰ 'ਤੇ ਉਸਦੇ ਹੱਥਾਂ ਨੂੰ ਇੱਧਰ-ਉੱਧਰ ਜਾਂਦਾ ਵੇਖ ਰਿਹਾ ਸੀ ਤਾਂ ਉਸਦੀ ਪਹਿਲਾਂ ਵਾਲੀ ਥਕਾਵਟ ਮੁੜ ਆਈ ਅਤੇ ਖੌਫ਼ਨਾਕ ਢੰਗ ਨਾਲ, ਪਰ ਚੰਗੀ ਕਿਸਮਤ ਕਿ ਸਹੀ ਸਮੇਂ 'ਤੇ, ਉਹ ਬਿਨ੍ਹਾਂ ਕੁੱਝ ਸੋਚੇ-ਸਮਝੇ ਉੱਠਣ ਲੱਗਾ ਸੀ, ਅਤੇ ਉੱਥੋਂ ਚਲਾ ਜਾਣ ਵਾਲਾ ਸੀ। ਉਸੇ ਸਮੇਂ ਇਤਾਲਵੀ ਨੇ ਆਪਣੀ ਘੜੀ ਵੇਖੀ ਅਤੇ ਉੱਛਲ ਪਿਆ। ਮੈਨੇਜਰ ਨੂੰ ਅਲਵਿਦਾ ਕਹਿਣ ਤੋਂ ਪਿੱਛੋਂ ਉਹ ਕੇ. ਦੇ ਕੋਲ ਆ ਗਿਆ। ਇੰਨਾ ਕੋਲ ਕਿ ਕੇ. ਨੂੰ ਹਿੱਲਣ ਲਈ ਵੀ ਕੁਰਸੀ ਪਿੱਛੇ ਧੱਕ ਕੇ ਜਗ੍ਹਾ ਬਣਾਉਣੀ ਪਈ। ਮੈਨੇਜਰ ਨੇ ਕੇ. ਦੀਆਂ ਅੱਖਾਂ ਵਿੱਚ ਉੱਭਰ ਆਏ ਵਿਚਾਰਾਂ ਤੋਂ ਸਪੱਸ਼ਣ ਜਾਣ ਲਿਆ ਸੀ ਕਿ ਇਤਾਲਵੀ ਭਾਸ਼ਾ ਤੋਂ ਉਹ ਖ਼ਾਸ ਉਚਾਰਨ ਕੇ. ਨੂੰ ਪਰੇਸ਼ਾਨ ਕਰ ਰਿਹਾ ਸੀ, ਹੁਣ ਉਹ ਵੀ ਗੱਲਬਾਤ ਵਿੱਚ ਸ਼ਾਮਿਲ ਹੋ ਗਿਆ ਸੀ, ਪਰ ਉਹ ਇੰਨੀ ਚਾਲਾਕੀ ਅਤੇ ਸੱਜਣਤਾ ਨਾਲ ਇਹ ਸਭ ਕਰ ਰਿਹਾ ਸੀ ਕਿ ਜਿਵੇਂ ਉਹ ਇਤਾਲਵੀ ਨੂੰ ਸਲਾਹ ਦੇ ਰਿਹਾ ਹੋਵੇ, ਜਦੋਂ ਕਿ ਉਹ ਇਨ੍ਹਾਂ ਗੱਲਾਂ ਦਾ ਸਾਫ਼ਸਾਫ਼ ਮਤਲਬ ਕੇ. ਨੂੰ ਸਮਝਾ ਰਿਹਾ ਸੀ ਜੋ ਕਿ ਇਤਾਲਵੀ ਅਣਥੱਕ ਤਰੀਕੇ ਨਾਲ ਬੋਲ ਰਿਹਾ ਸੀ। ਕੇ. ਨੂੰ ਮਹਿਸੂਸ ਹੋਇਆ ਕਿ ਨੇੜਲੇ ਭਵਿੱਖ ਦੇ ਲਈ ਇਤਾਲਵੀ ਦੇ ਕੋਲ ਉਸਦੇ ਕਾਰੋਬਾਰ ਬਾਰੇ ਧਿਆਨ ਦੇਣ ਯੋਗ ਕੁੱਝ ਮਸਲੇ ਹਨ ਅਤੇ ਉਸਨੂੰ ਡਰ ਸੀ ਕਿ ਉਸਦੇ ਕੋਲ ਕਿਸੇ ਤਰ੍ਹਾਂ ਵੀ ਵਧੇਰੇ ਸਮਾਂ ਉਪਲਬਧ ਨਹੀਂ ਹੈ, ਅਤੇ ਨਾ ਹੀ ਉਸਦੀ ਸ਼ਹਿਰ ਦੀਆਂ ਸਾਰੀਆਂ ਥਾਵਾਂ ਵਿੱਚੋਂ ਅਫ਼ਰਾ-ਤਫ਼ਰੀ ਨਾਲ ਲੰਘਣ ਦੀ ਹੀ ਸੀ, ਅਤੇ ਉਸਨੇ ਸਿਰਫ਼ ਇਹ ਤੈਅ ਕਰ ਲਿਆ ਸੀ, ਜੇ ਕੇ. ਸਹਿਮਤ ਹੋ ਗਿਆ ਤਾਂ, ਉਹ ਵੱਡਾ ਗਿਰਜਾਘਰ ਵੇਖਣਾ ਚਾਹੁੰਦਾ ਹੈ, ਅਤੇ ਇਹ ਉਹ ਪੂਰਾ ਸਮਾਂ ਲੈ ਕੇ ਵੇਖੇਗਾ। ਉਹ ਅਜਿਹੇ ਪੜ੍ਹੇ-ਲਿਖੇ ਅਤੇ ਸੋਹਣੇ ਵਿਅਕਤੀ ਦੀ ਸੰਗਤ ਵਿੱਚ ਅਜਿਹਾ ਕਰਨ ਦੇ ਇਰਾਦੇ ਤੋਂ ਬਹੁਤ ਖੁਸ਼ ਹੋਇਆ। ਉਸਦਾ ਮਤਲਬ ਕੇ. ਤੋਂ ਸੀ, ਜਿਹੜਾ ਉਸ ਇਤਾਲਵੀ ਤੋਂ ਅਜੇ ਤੱਕ ਬਚਣ ਦੀ ਕੋਸ਼ਿਸ਼ ਵਿੱਚ ਸੀ ਅਤੇ ਮੈਨੇਜਰ ਜੋ ਕਹਿ ਰਿਹਾ ਸੀ ਉਸਨੂੰ ਛੇਤੀ ਨਾਲ ਸਮਝ ਰਿਹਾ ਸੀ। ਜੇ ਇਹ ਸੁਵਿਧਾਜਨਕ ਹੋਵੇ ਤਾਂ ਹੋਵੇ ਤਾਂ, ਉਸਨੇ ਕੇ. ਨੂੰ ਪੁੱਛਿਆ, ਤਾਂ ਕੀ ਉਹ ਕਰੀਬ 2 ਘੰਟਿਆਂ ਵਿੱਚ ਵੱਡੇ ਗਿਰਜਾਘਰ ਵਿੱਚ ਆ ਜਾਵੇਗਾ, ਮਤਲਬ ਲਗਭਗ 10 ਵਜੇ ਤੱਕ। ਜਵਾਬ ਵਿੱਚ ਕੇ. ਨੇ ਇੱਕ ਢੁੱਕਵਾਂ ਜਵਾਬ ਦਿੱਤਾ ਪਰ ਇਤਾਲਵੀ ਨੇ ਪਹਿਲਾਂ ਤਾਂ ਮੈਨੇਜਰ ਦਾ ਹੱਥ ਫੜ੍ਹ ਲਿਆ, ਫ਼ਿਰ ਕੇ. ਦਾ, ਅਤੇ ਇਸ ਪਿੱਛੋਂ ਫ਼ਿਰ ਮੈਨੇਜਰ ਦਾ ਅਤੇ ਫ਼ਿਰ ਦਰਵਾਜ਼ੇ ਦੇ ਕੋਲ ਚਲਾ ਗਿਆ। ਉਹ ਦੋਵੇਂ ਉਸਦੇ ਪਿੱਛੇ ਆ ਗਏ, ਅਤੇ ਉਹ ਉਨ੍ਹਾਂ ਵੱਲ ਅੱਧਾ ਹੀ ਮੁੜਿਆ ਹੋਇਆ ਸੀ ਅਤੇ ਲਗਾਤਾਰ ਬੋਲ ਰਿਹਾ ਸੀ। ਕੇ. ਥੋੜ੍ਹੀ ਦੇਰ ਤਾਂ ਮੈਨੇਜਰ ਦੇ ਕੋਲ ਰੁਕਿਆ ਰਿਹਾ, ਜਿਹੜਾ ਕਿ ਉਸ ਦਿਨ ਕਾਫ਼ੀ ਬਿਮਾਰ ਲੱਗ ਰਿਹਾ ਸੀ। ਲੱਗ ਰਿਹਾ ਸੀ ਕਿ ਕਿਸੇ ਤਰ੍ਹਾਂ ਉਹ ਕੇ. ਤੋਂ ਮਾਫ਼ੀ ਮੰਗਣਾ ਚਾਹੁੰਦਾ ਸੀ ਅਤੇ ਬੋਲਿਆ ਕਿ ਪਹਿਲਾਂ ਤਾਂ ਉਹ ਉਸਦੇ ਨਾਲ ਆਪ ਜਾਣਾ ਚਾਹੁੰਦਾ ਸੀ, ਪਰ ਪਿੱਛੋਂ ਉਸਨੇ ਫ਼ੈਸਲਾ ਕੀਤਾ ਕਿ ਕੇ. ਨੂੰ ਹੀ ਭੇਜਣਾ ਠੀਕ ਰਹੇਗਾ ਪਰ ਇਸਦਾ ਉਸਨੇ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ। ਉਸਨੇ ਯਾਦ ਕਰਾਇਆ ਕਿ ਜੇਕਰ ਸ਼ੁਰੂਆਤ ਵਿੱਚ ਕੇ. ਇਤਾਲਵੀ ਭਾਸ਼ਾ ਨਹੀਂ ਵੀ ਸਮਝ ਰਿਹਾ ਸੀ ਤਾਂ ਵੀ ਉਸਨੂੰ ਹਤਾਸ਼ ਹੋਣ ਦੀ ਲੋੜ ਨਹੀਂ ਹੈ, ਉਹ ਬਹੁਤ ਛੇਤੀ ਹੀ ਇਸਨੂੰ ਸਮਝ ਸਕੇਗਾ, ਅਤੇ ਜੇਕਰ ਉਹ ਫ਼ਿਰ ਵੀ ਉਸਨੂੰ ਨਾ ਸਮਝ ਸਕੇ ਤਾਂ ਇਸ ਨਾਲ ਵੀ ਕੋਈ ਬਹੁਤਾ ਫ਼ਰਕ ਨਹੀਂ ਪੈਣ ਲੱਗਾ। ਇਸਦੇ ਇਲਾਵਾ ਕੇ. ਦੀ ਇਤਾਲਵੀ ਬਹੁਤ ਹੀ ਚੰਗੀ ਸੀ ਅਤੇ ਉਸਨੂੰ ਯਕੀਨ ਸੀ ਕਿ ਉਹ ਇਹ ਕੰਮ ਬਿਲਕੁਲ ਠੀਕ ਢੰਗ ਨਾਲ ਕਰ ਸਕੇਗਾ। ਹੁਣ ਉਸਦੇ ਕੋਲ ਜਿੰਨਾ ਵੀ ਸਮਾਂ ਬਚਿਆ ਸੀ, ਉਹ ਉਸਨੇ ਸ਼ਬਦਕੋਸ਼ ਵਿੱਚੋਂ ਕੁੱਝ ਅਸਾਧਾਰਣ ਸ਼ਬਦ ਲੱਭ ਕੇ ਦਿਮਾਗ ਵਿੱਚ ਬਿਠਾਉਣ ਵਿੱਚ ਲਾ ਦਿੱਤਾ, ਜਿਨ੍ਹਾਂ ਦੀ ਵੱਡੇ ਗਿਰਜਾਘਰ ਵਿੱਚ ਉਸਨੂੰ ਲੋੜ ਪੈ ਸਕਦੀ ਸੀ।

ਇਹ ਬਹੁਤ ਥਕਾਉਣ ਵਾਲਾ ਕੰਮ ਸੀ, ਕਲਰਕ ਰਜਿਸਟਰ ਚੁੱਕੀ ਆਉਂਦੇ ਸਨ, ਕਰਮਚਾਰੀ ਕਈ ਤਰ੍ਹਾਂ ਦੇ ਸਵਾਲ ਲੈ ਕੇ ਆ ਰਹੇ ਸਨ। ਉਹ ਦਰਵਾਜ਼ੇ ਦੇ ਕੋਲ ਰੁਕ ਜਾਂਦੇ ਜਦੋਂ ਵੇਖਦੇ ਕਿ ਕੇ. ਰੁੱਝਿਆ ਹੋਇਆ ਹੈ ਪਰ ਉਹ ਕੇ. ਨੂੰ ਆਪਣੀ ਗੱਲ ਦੱਸੇ ਬਿਨ੍ਹਾਂ ਮੁੜਨ ਵਾਲੇ ਵੀ ਨਹੀਂ ਸਨ। ਅਤੇ ਡਿਪਟੀ ਮੈਨੇਜਰ ਨੇ ਕੇ. ਨੂੰ ਬੇਚੈਨ ਕਰ ਸਕਣ ਦਾ ਮੌਕਾ ਨਹੀਂ ਖੁੰਝਣ ਦਿੱਤਾ। ਉਹ ਕਈ ਵਾਰ ਇੱਧਰ ਆਇਆ ਸੀ, ਕੇ. ਦੇ ਹੱਥ 'ਚੋਂ ਸ਼ਬਦਕੋਸ਼ ਖੋਹਿਆ ਅਤੇ ਕਾਹਲ ਨਾਲ ਇਸਦੇ ਪੰਨਿਆਂ ਨੂੰ ਫਰੋਲਣ ਲੱਗਾ। ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਤਾਂ ਬਾਹਰ ਗੈਲਰੀ ਵਿੱਚ ਅੱਧੀ ਰੌਸ਼ਨੀ ਵਿੱਚ ਆਗਿਆਕਾਰੀ ਭਾਵ ਨਾਲ ਝੁਕੇ ਹੋਏ ਗਾਹਕ ਵਿਖਾਈ ਦਿੰਦੇ-ਉਹ ਆਪਣੇ ਵੱਲ ਧਿਆਨ ਖਿੱਚਣ ਵਿੱਚ ਲੱਗੇ ਹੋਏ ਹੁੰਦੇ ਸਨ ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲ ਵਿੱਚ ਉਹਨਾਂ ਨੂੰ ਵੇਖਿਆ ਗਿਆ ਹੈ ਕਿ ਨਹੀਂ। ਇਹ ਸਾਰੀਆਂ ਗਤੀਵਿਧੀਆਂ ਕੇ. ਦੇ ਦੁਆਲੇ ਹੋ ਰਹੀਆਂ ਸਨ ਜਿਵੇਂ ਉਹੀ ਇਸਦਾ ਕੇਂਦਰਬਿੰਦੂ ਹੋਵੇ, ਜਦਕਿ ਉਹ ਉਨ੍ਹਾਂ ਸ਼ਬਦਾਂ ਸੂਚੀ ਬਣਾ ਰਿਹਾ ਸੀ, ਜਿਸਦੀ ਉਸਨੂੰ ਲੋੜ ਸੀ, ਫ਼ਿਰ ਉਹ ਉਨ੍ਹਾਂ ਨੂੰ ਸ਼ਬਦਕੋਸ਼ ਵਿੱਚ ਤਲਾਸ਼ ਕਰਦਾ ਅਤੇ ਕਾਗ਼ਜ਼ ਉੱਪਰ ਲਿਖ ਲੈਂਦਾ, ਉਨ੍ਹਾਂ ਨੂੰ ਸਹੀ ਬੋਲ ਸਕਣ ਦਾ ਅਭਿਆਸ ਕਰਦਾ ਅਤੇ ਅੰਤ ਉਨ੍ਹਾਂ ਨੂੰ ਜ਼ੁਬਾਨੀ ਯਾਦ ਕਰਨ ਦੀ ਕੋਸ਼ਿਸ਼ ਕਰਦਾ। ਪਰ ਇੱਕ ਸਮੇਂ ਉਸਦੀ ਯਾਦਾਸ਼ਤ ਜਿਹੜੀ ਬਹੁਤ ਪੱਕੀ ਸੀ, ਅੱਜ ਉਸਨੂੰ ਧੋਖਾ ਦੇ ਰਹੀ ਸੀ। ਕਦੇ-ਕਦੇ ਉਸਨੂੰ ਉਸ ਇਤਾਲਵੀ ਉੱਪਰ ਵੀ ਗੁੱਸਾ ਆ ਜਾਂਦਾ ਜਿਸਦੇ ਕਾਰਨ ਉਸਨੂੰ ਇਹ ਮੁਸੀਬਤ ਝੱਲਣੀ ਪੈ ਰਹੀ ਸੀ ਅਤੇ ਉਹ ਸ਼ਬਦਕੋਸ਼ ਨੂੰ ਚੁੱਕ ਕੇ ਕਾਗ਼ਜ਼ਾਂ ਦੇ ਹੇਠਾਂ ਨੱਪ ਦਿੰਦਾ ਅਤੇ ਪ੍ਰਣ ਕਰ ਲੈਂਦਾ ਕਿ ਹੁਣ ਉਹ ਇਹ ਤਿਆਰੀ ਬੰਦ ਕਰ ਦੇਵੇਗਾ ਪਰ ਫ਼ਿਰ ਉਸਨੂੰ ਮਹਿਸੂਸ ਹੁੰਦਾ ਕਿ ਵੱਡੇ ਗਿਰਜਾਘਰ ਦੇ ਕਲਾਤਮਕ ਖ਼ਜ਼ਾਨੇ ਵਿੱਚ ਚੁੱਪ ਕਰਕੇ ਉਹ ਉਸ ਇਤਾਲਵੀ ਨੂੰ ਇੱਧਰ-ਉੱਧਰ ਘੁਮਾ ਕੇ ਹੀ ਆਪਣਾ ਕੰਮ ਨਹੀਂ ਚਲਾ ਸਕੇਗਾ, ਅਤੇ ਫ਼ਿਰ ਉਹ ਹੋਰ ਵਧੇਰੇ ਰੋਹ ਨਾਲ ਸ਼ਬਦਕੋਸ਼ ਦੋਬਾਰਾ ਚੁੱਕ ਲੈਂਦਾ।

ਠੀਕ ਸਾਢੇ ਨੌਂ ਵਜੇ, ਜਦੋਂ ਉਹ ਨਿਕਲਣ ਹੀ ਵਾਲਾ ਸੀ, ਉਸਨੂੰ ਟੈਲੀਫ਼ੋਨ ਆ ਗਿਆ। ਲੇਨੀ ਨੇ ਸ਼ੱਭ ਸਵੇਰ ਕਿਹਾ ਅਤੇ ਪੁੱਛਿਆ ਕਿ ਉਸਦਾ ਮਿਜਾਜ਼ ਕਿਸ ਤਰ੍ਹਾਂ ਹੈ। ਕੇ. ਨੇ ਛੇਤੀ ਨਾਲ ਉਸਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਸਮੇਂ ਕੋਈ ਗੱਲ ਨਹੀਂ ਕਰ ਸਕਦਾ, ਕਿਉਂਕਿ ਉਹ ਵੱਡੇ ਗਿਰਜਾਘਰ ਦੇ ਵੱਲ ਜਾਣ ਲੱਗਾ ਹੈ।

"ਵੱਡੇ ਗਿਰਜਾਘਰ ਵਿੱਚ?" ਲੇਨੀ ਨੇ ਪੁੱਛਿਆ।

"ਹਾਂ, ਵੱਡੇ ਗਿਰਜਾਘਰ।" ਉਸਨੇ ਜਵਾਬ ਦਿੱਤਾ।

"ਪਰ ਵੱਡੇ ਗਿਰਜਾਘਰ ਹੀ ਕਿਉਂ?" ਲੇਨੀ ਨੇ ਪੁੱਛਿਆ। ਕੇ. ਨੇ ਸੰਖੇਪ ਢੰਗ ਨਾਲ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਉਹ ਸ਼ੁਰੂ ਹੀ ਕਰਨ ਲੱਗਾ ਸੀ ਕਿ ਅਚਾਨਕ ਲੇਨੀ ਬੋਲ ਪਈ-

"ਉਹ ਤੈਨੂੰ ਤੰਗ ਕਰ ਰਹੇ ਹਨ।" ਕੇ. ਇੱਕ ਹੀ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਸੀ, ਉਹ ਸੀ ਤਰਸ, ਜਿਹੜਾ ਕਿ ਨਾ ਤਾਂ ਉਸਨੇ ਮੰਗਿਆ ਸੀ ਅਤੇ ਨਾ ਹੀ ਉਸਨੂੰ ਇਸਦੀ ਉਮੀਦ ਸੀ। ਉਸਨੇ ਦੋ ਸ਼ਬਦਾਂ ਨਾਲ ਅਲਵਿਦਾ ਕਹੀ, ਪਰ ਜਦੋਂ ਉਹ ਰਿਸੀਵਰ ਰੱਖ ਰਿਹਾ ਸੀ ਤਾਂ ਬੋਲਿਆ, ਅੱਧਾ ਆਪਣੇ ਲਈ ਅਤੇ ਅੱਧਾ ਉਸ ਕੁੜੀ ਦੇ ਲਈ ਜਿਹੜੀ ਟੈਲੀਫ਼ੋਨ ਦੇ ਦੂਜੇ ਪਾਸੇ ਸੀ ਪਰ ਹੁਣ ਉਸਨੂੰ ਸੁਣ ਨਹੀਂ ਸਕਦੀ ਸੀ-

"ਹਾਂ ਉਹ ਮੈਨੂੰ ਤੰਗ ਕਰ ਰਹੇ ਹਨ।"

ਪਹਿਲਾਂ ਹੀ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਸਮੇਂ 'ਤੇ ਵਾਪਸ ਨਾ ਆਉਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਸੀ। ਉਹ ਟੈਕਸੀ ਵਿੱਚ ਗਿਆ, ਸਮੇਂ ਵਿੱਚ ਹੀ ਐਲਬਮ ਦੀ ਯਾਦ ਆਈ, ਜਿਸਨੂੰ ਵਾਪਸ ਦਿੱਤੇ ਜਾਣ ਦਾ ਮੌਕਾ ਉਸਨੂੰ ਨਹੀਂ ਮਿਲ ਸਕਿਆ ਸੀ, ਇਸ ਲਈ ਉਹ ਉਸਨੂੰ ਨਾਲ ਲੈ ਆਇਆ ਸੀ। ਇਹ ਉਸਦੇ ਗੋਡਿਆਂ 'ਤੇ ਟਿਕੀ ਹੋਈ ਸੀ, ਅਤੇ ਪੂਰੇ ਸਫ਼ਰ ਦੇ ਦੌਰਾਨ ਉਹ ਉਸਨੂੰ ਆਪਣੀਆਂ ਉਂਗਲਾਂ ਦੇ ਨਾਲ ਬੇਚੈਨੀ ਨਾਲ ਥਾਪੜਦਾ ਰਿਹਾ ਸੀ। ਮੀਂਹ ਰੁਕ ਗਿਆ ਸੀ, ਪਰ ਨਮੀ, ਠੰਡ ਤੇ ਹਨੇਰਾ ਸੀ, ਉਹ ਵੱਡੇ ਗਿਰਜਾਘਰ ਵਿੱਚ ਕੁੱਝ ਵਧੇਰੇ ਨਹੀਂ ਵੇਖ ਸਕਣਗੇ, ਅਤੇ ਠੰਡੇ ਪੱਥਰਾਂ 'ਤੇ ਬਹੁਤੀ ਦੇਰ ਖੜ੍ਹੇ ਰਹਿਣਾ ਕੇ. ਦੇ ਜ਼ੁਕਾਮ ਦੇ ਲਈ ਘਾਤਕ ਸੀ। ਗਿਰਜਾਘਰ ਦਾ ਹਾਲ ਬਿਲਕੁਲ ਖ਼ਾਲੀ ਸੀ, ਅਤੇ ਕੇ. ਨੂੰ ਯਾਦ ਸੀ, ਕਿ ਬਚਪਨ ਵਿੱਚ ਵੀ ਉਸਨੂੰ ਇਸਨੇ ਕਿਸ ਤਰ੍ਹਾਂ ਖਿੱਚਿਆ ਸੀ। ਗ਼ਲੀ ਦੇ ਆਸ-ਪਾਸ ਦੇ ਘਰਾਂ ਦੇ ਪਰਦੇ ਹਮੇਸ਼ਾ ਡਿੱਗੇ ਰਹਿੰਦੇ ਸਨ ਅਤੇ ਅੱਜ ਜੋ ਵੀ ਮੌਸਮ ਸੀ, ਇਸਦੇ ਅਨੁਸਾਰ ਅੱਜ ਵੀ ਉਸੇ ਤਰ੍ਹਾਂ ਹੀ ਸਨ। ਗਿਰਜਾਘਰ ਖਾਲੀ ਸੀ ਕਿਉਂਕਿ ਅੱਜ ਇੱਥੇ ਆਉਣ ਬਾਰੇ ਕਿਸੇ ਨੇ ਨਹੀਂ ਸੋਚਿਆ ਸੀ। ਕੇ. ਕਿਨਾਰਿਆਂ ਵਿੱਚ ਤੇਜ਼ੀ ਨਾਲ ਤੁਰਦਾ ਗਿਆ। ਉਸਦਾ ਇੱਕ ਬੁੱਝੀ ਔਰਤ ਤੋਂ ਬਿਨ੍ਹਾਂ ਕਿਸੇ ਨਾਲ ਸਾਹਮਣਾ ਨਹੀਂ ਹੋਇਆ। ਉਹ ਔਰਤ ਗਰਮ ਸ਼ਾਲ ਵਿੱਚ ਲਿਪਟੀ ਸੀ। ਉਹ 'ਵਰਜਨ’ ਦੀ ਇੱਕ ਮੂਰਤੀ ਦੇ ਕੋਲ ਝੁਕੀ ਉਸਨੂੰ ਗਹੁ ਨਾਲ ਵੇਖ ਰਹੀ ਸੀ। ਇਸਦੇ ਅੱਗੇ ਉਸਨੂੰ ਲਗੜਾਉਂਦਾ ਹੋਇਆ ਗਿਰਜੇ ਦਾ ਇੱਕ ਸੇਵਾਦਾਰ ਵਿਖਾਈ ਦਿੱਤਾ ਜੋ ਕਿ ਸਾਹਮਣੇ ਦੀ ਕੰਧ ਵਿੱਚ ਬੂਹੇ ਵਿੱਚ ਗਾਇਬ ਹੋ ਗਿਆ।

ਕੇ. ਤਾਂ ਉੱਥੇ ਸਹੀ ਵਕਤ 'ਤੇ ਪਹੁੰਚ ਗਿਆ ਸੀ। ਅਜੇ ਤੱਕ ਦਸ ਹੀ ਵੱਜੇ ਸਨ, ਪਰ ਇਤਾਲਵੀ ਅਜੇ ਤੱਕ ਨਹੀਂ ਆਇਆ ਸੀ। ਕੇ. ਮੁੜਕੇ ਅੰਦਰ ਦਾਖਲ ਹੋਣ ਵਾਲੇ ਬੂਹੇ ਦੇ ਕੋਲ ਆ ਗਿਆ ਸੀ, ਜਿੱਥੇ ਉਹ ਕੁੱਝ ਦੇਰ ਖੜ੍ਹਾ ਰਿਹਾ। ਫ਼ਿਰ ਉਸਨੇ ਗਿਰਜਾਘਰ ਦੇ ਦੁਆਲੇ ਇੱਕ ਚੱਕਰ ਲਾਇਆ ਤਾਂਕਿ ਉਹ ਪੱਕਾ ਕਰ ਸਕੇ ਕਿ ਉਹ ਕਿਸੇ ਦੂਜੇ ਦਰਵਾਜ਼ੇ 'ਤੇ ਤਾਂ ਨਹੀਂ ਖੜ੍ਹਾ ਹੈ। ਪਰ ਉੱਥੇ ਵੀ ਕੋਈ ਨਹੀਂ ਸੀ। ਸ਼ਾਇਦ ਸਮੇਂ ਦੇ ਬਾਰੇ ਵਿੱਚ ਮੈਨੇਜਰ ਦਾ ਅੰਦਾਜ਼ਾ ਗ਼ਲਤ ਸੀ। ਕੋਈ ਇਸ ਆਦਮੀ ਨੂੰ ਚੰਗੀ ਤਰ੍ਹਾਂ ਕਿਵੇਂ ਸਮਝੇ? ਜਿਵੇਂ ਕਿ ਲੱਗ ਰਿਹਾ ਹੈ ਕੇ. ਨੂੰ ਘੱਟ ਤੋਂ ਘੱਟ ਉਸਦੇ ਲਈ ਅੱਧੇ ਘੰਟੇ ਦੀ ਉਡੀਕ ਕਰਨੀ ਪੈਣੀ ਹੈ। ਥਕਾਵਟ ਮਹਿਸੂਸ ਕਰਦੇ ਹੋਏ ਨੂੰ ਕੇ. ਨੂੰ ਲੱਗਿਆ ਕਿ ਉਸਨੂੰ ਬੈਠ ਜਾਣਾ ਚਾਹੀਦਾ ਹੈ। ਉੱਥੇ ਇੱਕ ਪੌੜੀ ਤੇ ਉਸਨੇ ਦਰੀ ਦਾ ਇੱਕ ਟੁਕੜਾ ਵੇਖਿਆ, ਜਿਸਨੂੰ ਉਹ ਆਪਣੇ ਪੈਰ ਨਾਲ ਧੱਕ ਕੇ ਕੰਧ ਦੇ ਕੋਲ ਤੱਕ ਲੈ ਗਿਆ, ਆਪਣਾ ਕੋਟ ਸਰੀਰ ਦੇ ਦੁਆਲੇ ਵਲੇਟਿਆ, ਕਾੱਲਰ ਉੱਪਰ ਚੁੱਕੇ ਅਤੇ ਬੈਠ ਗਿਆ। ਸਮਾਂ ਗੁਜ਼ਾਰਨ ਦੇ ਲਈ ਉਸਨੇ ਐਲਬਮ ਖੋਲ੍ਹੀ ਅਤੇ ਕੁੱਝ ਪੰਨੇ ਪਲਟੇ, ਪਰ ਉਸਨੂੰ ਛੇਤੀ ਹੀ ਰੁਕ ਜਾਣਾ ਪਿਆ, ਕਿਉਂਕਿ ਅਚਾਨਕ ਇੰਨਾ ਹਨੇਰਾ ਹੋ ਗਿਆ ਸੀ ਕਿ ਜਦੋਂ ਉਸਨੇ ਸਿਰ ਚੁੱਕ ਕੇ ਗਿਰਜਾਘਰ ਦੇ ਪਿਛਵਾੜੇ ਵੇਖਿਆ ਤਾਂ ਉਸਨੂੰ ਕੁੱਝ ਵੀ ਸਾਫ਼-ਸਾਫ਼ ਵਿਖਾਈ ਨਾ ਦਿੱਤਾ।

ਕੁੱਝ ਦੂਰੀ ਤੇ ਇੱਕ ਉੱਚੀ ਥਾਂ 'ਤੇ ਮੋਮਬੱਤੀਆਂ ਦੇ ਇੱਕ ਤਿਕੋਣ ਦੀ ਲੋਅ ਟਿਮਟਿਮਾ ਰਹੀ ਸੀ। ਕੇ. ਪੱਕੇ ਤੌਰ 'ਤੇ ਨਹੀਂ ਕਹਿ ਸਕਦਾ ਸੀ ਕਿ ਉਸਨੇ ਇਨ੍ਹਾਂ ਨੂੰ ਪਹਿਲਾਂ ਵੀ ਵੇਖਿਆ ਹੈ। ਸ਼ਾਇਦ ਉਹ ਹੁਣੇ ਹੀ ਜਗਾਈਆਂ ਗਈਆਂ ਸਨ। ਪਾਦਰੀ ਦੇ ਅੱਗੇ ਝੰਡਾ ਲੈ ਕੇ ਚੱਲਣ ਵਾਲੇ ਆਪਣੇ ਪੇਸ਼ੇ ਤੋਂ ਹੀ ਚੋਰੀ ਕਰਨ ਵਾਲੇ ਲੋਕ ਹਨ ਅਤੇ ਉਨ੍ਹਾਂ ਨੂੰ ਮੁਸ਼ਕਲ ਨਾਲ ਹੀ ਵੇਖਿਆ ਜਾ ਸਕਦਾ ਹੈ। ਕੇ. ਨੇ ਘੁੰਮ ਕੇ ਵੇਖਿਆ ਕਿ ਉਸਦੇ ਪਿੱਛੇ ਵੀ ਇੱਕ ਮੋਮਬੱਤੀ ਜਲ ਰਹੀ ਹੈ। ਇਹ ਇੱਕ ਲੰਮੀ ਮੋਟੀ ਮੋਮਬੱਤੀ ਸੀ, ਜਿਹੜੀ ਇੱਕ ਖੰਭੇ ਨਾਲ ਬੰਨ੍ਹੀ ਹੋਈ ਸੀ। ਹਾਲਾਂਕਿ ਇਹ ਖੂਬਸੂਰਤ ਸੀ ਪਰ ਹਨੇਰੇ ਕੋਨਿਆਂ ਵਿੱਚ ਛਾਏ ਹੋਏ ਦੂਜੇ ਟੁਕੜਿਆਂ ਨੂੰ ਰੌਸ਼ਨੀ ਕਰਨ ਦੇ ਇਹ ਨਾਕਾਫ਼ੀ ਸੀ। ਅਸਲ ਵਿੱਚ ਇਸ ਨਾਲ ਹਨੇਰੇ ਵੱਧ ਗਿਆ ਸੀ। ਉਸ ਇਤਾਲਵੀ ਦੇ ਲਿਹਾਜ ਨਾਲ ਇਹ ਅਸੱਭਿਅਕ ਸੀ ਕਿ ਉਹ ਅਜੇ ਤੱਕ ਨਹੀਂ ਪੁੱਜਾ ਸੀ, ਕਿਉਂਕਿ ਹੁਣ ਕੁੱਝ ਵੀ ਵੇਖ ਸਕਣਾ ਨਾਮੁਮਕਿਨ ਸੀ। ਹੁਣ ਤਾਂ ਹਾਲਤ ਇਹ ਸੀ ਕਿ ਕਿਸੇ ਵੀ ਚੀਜ਼ ਨੂੰ ਹੁਣ ਕੇ. ਦੀ ਟਾਰਚ ਦਾ ਸਹਾਰਾ ਲੈ ਕੇ ਟੁਕੜਾ-ਟੁਕੜਾ ਹੀ ਵੇਖਿਆ ਜਾ ਸਕਦਾ ਸੀ। ਇਸ ਤਰੀਕੇ ਦਾ ਨਤੀਜਾ ਕੀ ਹੋ ਸਕਦਾ ਸੀ, ਇਹ ਵੇਖਣ ਲਈ ਕੇ. ਇੱਕ ਕਿਨਾਰੇ ਤੱਕ ਗਿਆ ਅਤੇ ਪੌੜੀ 'ਤੇ ਕੁੱਝ ਕਦਮ ਉੱਪਰ ਚੜ੍ਹ ਕੇ ਉਸਨੇ ਟਾਰਚ ਦੀ ਰੌਸ਼ਨੀ ਨਾਲ ਕੁੱਝ ਟੁਕੜੇ ਵੇਖਣੇ ਚਾਹੇ। ਪਰ ਜਮ੍ਹਾਂਖਾਨੇ ਵਿੱਚ ਟੰਗੇ ਹੋਏ ਲੈਂਪ ਦੀ ਰੌਸ਼ਨੀ ਨੇ ਅੜਿੱਕਾ ਪਾ ਦਿੱਤਾ। ਕੁੱਝ ਅੰਦਾਜ਼ੇ ਨਾਲ ਉਸਨੇ ਜਿਹੜੀ ਪਹਿਲੀ ਚੀਜ਼ ਵੇਖੀ, ਉਹ ਤਸਵੀਰ ਦੇ ਇੱਕ ਕੋਨੇ ਵਿੱਚ ਲੰਮਾ ਸਜਿਆ-ਧਜਿਆ ਹਥਿਆਰਬੰਦ ਸਰਦਾਰ ਸੀ। ਉਹ ਆਪਣੀ ਤਲਵਾਰ ਤੇ ਝੁਕਿਆ ਹੋਇਆ ਸੀ, ਜਿਸਨੂੰ ਉਸਨੇ ਆਪਣੇ ਸਾਹਮਣੇ ਵਾਲੇ ਖਾਲੀ ਮੈਦਾਨ ਵਿੱਚ ਰੱਖਿਆ ਹੋਇਆ ਸੀ। ਇੱਧਰ-ਉੱਧਰ ਘਾਹ ਦੇ ਕੁੱਝ ਤਿਨਕੇ ਖਿੱਲਰੇ ਹੋਏ ਸਨ। ਲੱਗਦਾ ਸੀ ਜਿਵੇਂ ਉਸਦੇ ਸਾਹਮਣੇ ਕੋਈ ਡਰਾਮਾ ਚੱਲ ਰਿਹਾ ਹੋਵੇ ਅਤੇ ਉਹ ਉਸਨੂੰ ਵੇਖੀ ਜਾ ਰਿਹਾ ਸੀ। ਇਹ ਹੈਰਾਨੀ ਭਰਿਆ ਸੀ ਕਿ ਉਹ ਅੱਗੇ ਵਧਣ ਦੀ ਬਜਾਏ ਉੱਥੇ ਹੀ ਖੜ੍ਹਾ ਰਿਹਾ। ਸ਼ਾਇਦ ਉਸਦੇ ਉੱਥੇ ਖੜ੍ਹੇ ਹੋਣ ਵਿੱਚ ਸੁਰੱਖਿਆ ਦਾ ਕੋਈ ਵਿਚਾਰ ਸੀ। ਕੇ. ਜਿਸਨੇ ਲੰਮੇ ਸਮੇਂ ਤੋਂ ਤਸਵੀਰਾਂ ਨਹੀਂ ਵੇਖੀਆਂ ਸਨ, ਨੇ ਉਸ ਸੂਰਮੇ ਦਾ ਕੁੱਝ ਦੇਰ ਲਈ ਅਧਿਐਨ ਕੀਤਾ, ਹਾਲਾਂਕਿ ਉਹ ਹਰੀ ਰੌਸ਼ਨੀ ਵਾਲੇ ਲੈਂਪ ਦੇ ਸਾਹਮਣੇ ਸਹਿਜ ਨਹੀਂ ਸੀ ਅਤੇ ਲਗਾਤਾਰ ਅੱਖਾਂ ਝਪਕਾਈ ਜਾ ਰਿਹਾ ਸੀ। ਇਸ ਪਿੱਛੋਂ ਜਦੋਂ ਉਸਨੇ ਤਸਵੀਰ ਦੇ ਬਾਕੀ ਹਿੱਸਿਆਂ 'ਤੇ ਰੌਸ਼ਨੀ ਸੁੱਟੀ ਤਾਂ ਪਤਾ ਲੱਗਾ ਕਿ ਇਹ ਤਾਂ ਈਸਾ ਨੂੰ ਮਕਬਰੇ ਵਿੱਚ ਰੱਖੇ ਜਾਣ ਸਮੇਂ ਦੀ ਪਰੰਪਰਾਗਤ ਵਿਆਖਿਆ ਹੈ। ਸੰਜੋਗ ਨਾਲ ਇਹ ਇਕ ਆਧੁਨਿਕ ਚਿੱਤਰਕਾਰੀ ਸੀ। ਉਸਨੇ ਟਾਰਚ ਨੂੰ ਜੇਬ ਵਿੱਚ ਰੱਖਿਆ ਅਤੇ ਵਾਪਸ ਆਪਣੀ ਜਗ੍ਹਾ 'ਤੇ ਆ ਗਿਆ।

ਉਹ ਸ਼ਾਇਦ ਉਸ ਇਤਾਲਵੀ ਦੀ ਉਡੀਕ ਕਰਨਾ ਜ਼ਰੂਰੀ ਨਹੀਂ ਸੀ, ਪਰ ਬਿਨ੍ਹਾਂ ਸ਼ੱਕ ਬਾਹਰ ਮੀਂਹ ਪੈ ਰਿਹਾ ਸੀ ਅਤੇ ਅੰਦਰ ਜਿੰਨੀ ਕੁ ਉਸਨੇ ਪਹਿਲਾਂ ਸੋਚਿਆ ਸੀ, ਉਨੀ ਠੰਡ ਨਹੀਂ ਸੀ। ਕੇ. ਨੇ ਕੁੱਝ ਸਮੇਂ ਦੇ ਲਈ ਉੱਥੇ ਰੁਕੇ ਰਹਿਣ ਦਾ ਫ਼ੈਸਲਾ ਕੀਤਾ। ਧਰਮਉਪਦੇਸ਼ ਆਸਣ ਵਧੇਰੇ ਦੂਰ ਨਹੀਂ ਸੀ ਅਤੇ ਉਸ ਉੱਤੇ ਚੜ੍ਹੀ ਛਤਰੀ ਤੇ ਸੋਨੇ ਦੇ ਦੋ ਕ੍ਰਾਸ ਜੁੜੇ ਹੋਏ ਸਨ, ਜਿਨ੍ਹਾਂ ਦੇ ਕਿਨਾਰੇ ਇਕ ਦੂਜੇ ਨੂੰ ਛੋਹ ਰਹੇ ਸਨ। ਕਟਘਰੇ ਦੇ ਬਾਹਰ ਅਤੇ ਸਹਾਰਾ ਦਿੱਤੇ ਹੋਏ ਖੰਭੇ ਦੇ ਨਾਲ ਹਰੇ ਵੇਲ-ਬੂਟੇ ਜੁੜੇ ਹੋਏ ਸਨ, ਜਿਨ੍ਹਾਂ ਵਿੱਚ ਛੋਟੇ ਆਕਾਰ ਹੱਥ ਮਿਲਾਉਂਦੇ ਹੋਏ ਮਿਲਾਉਂਦੇ ਸਨ। ਕੇ. ਆਸਣ ਦੇ ਕੋਲ ਪਹੁੰਚ ਗਿਆ ਅਤੇ ਸਭ ਪਾਸਿਓਂ ਉਸਦਾ ਪਰੀਖਣ ਕੀਤਾ। ਪੱਥਰ 'ਤੇ ਇਹ ਨੱਕਾਸ਼ੀ ਬਹੁਤ ਸਾਵਧਾਨੀ ਨਾਲ ਕੀਤੀ ਗਈ ਸੀ। ਹਰੇ ਵੇਲ-ਬੂਟਿਆਂ ਦੇ ਹੇਠਾਂ ਗਹਿਰੇ ਧੱਸਬੇ ਧਿਆਨ ਨਾਲ ਬਣਾਏ ਗਏ ਜਾਪਦੇ ਸਨ। ਕੇ. ਨੇ ਅਜਿਹੇ ਇੱਕ ਖੰਭੇ 'ਤੇ ਆਪਣਾ ਹੱਥ ਫੇਰਿਆ ਅਤੇ ਪੱਥਰ ਨੂੰ ਮਹਿਸੂਸ ਕੀਤਾ। ਉਸਨੂੰ ਅੱਜ ਤੱਕ ਇਸ ਆਸਣ ਦੀ ਹੋਂਦ ਦਾ ਪਤਾ ਹੀ ਨਹੀਂ ਸੀ। ਫ਼ਿਰ ਸੰਗਤ ਦੀ ਇੱਕ ਪੰਗਤ ਵਿੱਚ ਉਸਨੇ ਇੱਕ ਸੇਵਾਦਾਰ ਨੂੰ ਵੇਖਿਆ, ਜਿਹੜਾ ਉੱਥੇ ਇੱਕ ਢਿੱਲਾ ਜਿਹਾ ਕੋਟ ਪਾਈ ਖੜ੍ਹਾ ਸੀ ਅਤੇ ਆਪਣੇ ਖੱਬੇ ਹੱਥ ਵਿੱਚ ਡੱਬਾ ਫੜ੍ਹੀ ਉਸਨੂੰ ਵੇਖ ਰਿਹਾ ਸੀ। ਉਹ ਆਦਮੀ ਕੀ ਚਾਹੁੰਦਾ ਹੈ? ਕੇ. ਨੇ ਸੋਚਿਆ। ਕੀ ਮੈਂ ਉਸਨੂੰ ਰਹੱਸਮਈ ਵਿਖਾਈ ਦੇ ਰਿਹਾ ਹਾਂ? ਕੀ ਉਹ ਬਖਸ਼ੀਸ਼ ਚਾਹੁੰਦਾ ਹੈ? ਪਰ ਜਦੋਂ ਉਸ ਆਦਮੀ ਨੇ ਇਹ ਮਹਿਸੂਸ ਕੀਤਾ ਕਿ ਕੇ. ਨੇ ਉਸਨੂੰ ਵੇਖ ਲਿਆ ਹੈ ਤਾਂ ਉਸਨੇ ਆਪਣੇ ਸੱਜੇ ਹੱਥ ਨਾਲ ਕਿਸੇ ਅਣਜਾਣ ਜਿਹੀ ਦਿਸ਼ਾ ਵਿੱਚ ਇਸ਼ਾਰਾ ਕੀਤਾ, ਜਦੋਂ ਕਿ ਅਜੇ ਤੱਕ ਉਹ ਉਸੇ ਡੱਬੇ ਨੂੰ ਉਂਗਲਾਂ ਵਿੱਚ ਨੱਪ ਕੇ ਖੜ੍ਹਾ ਸੀ। ਇਹ ਪਤਾ ਲਾਉਣਾ ਕਾਫ਼ੀ ਮੁਸ਼ਕਿਲ ਸੀ ਕਿ ਆਖਰ ਉਸਦੇ ਇਸ਼ਾਰਿਆਂ ਦਾ ਕੀ ਮਤਲਬ ਸੀ, ਇਸ ਲਈ ਕੇ. ਨੇ ਕੁੱਝ ਦੇਰ ਤੱਕ ਉਡੀਕ ਕੀਤੀ, ਪਰ ਸੇਵਾਦਾਰ ਇਸ਼ਾਰੇ ਕਰਦਾ ਰਿਹਾ ਅਤੇ ਇਨ੍ਹਾਂ ਨੂੰ ਪੱਕਾ ਕਰਨ ਦੇ ਇਰਾਦੇ ਨਾਲ ਆਪਣਾ ਸਿਰ ਹਿਲਾਉਂਦਾ ਰਿਹਾ।

"ਆਖਰ ਇਹ ਆਦਮੀ ਚਾਹੁੰਦਾ ਕੀ ਹੈ?" ਕੇ, ਬਹੁਤ ਹੌਲ਼ੀ ਜਿਹੀ ਬੋਲਿਆ। ਵੱਡੇ ਗਿਰਜਾਘਰ ਦੇ ਅੰਦਰ ਉੱਚੀ ਬੋਲਣ ਦੀ ਉਸਦੀ ਹਿੰਮਤ ਨਹੀਂ ਹੋ ਰਹੀ ਸੀ। ਫ਼ਿਰ ਉਸਨੇ ਆਪਣਾ ਬਟੂਆ ਕੱਢਿਆ ਅਤੇ ਕੁੱਝ ਸਤਰਾਂ ਲੰਘ ਕੇ ਉਸ ਆਦਮੀ ਦੇ ਕੋਲ ਪਹੁੰਚ ਗਿਆ। ਪਰ ਸੇਵਾਦਾਰ ਨੇ ਕੇ. ਦੇ ਵੱਲ ਹੱਥ ਹਿਲਾਇਆ, ਆਪਣੇ ਮੋਢੇ ਉਤਾਂਹ ਕੀਤੇ ਅਤੇ ਉੱਥੋਂ ਖਿਸਕ ਗਿਆ। ਛੋਟੇ ਹੁੰਦਿਆਂ ਕੇ. ਇੱਕ ਘੋੜਸਵਾਰ ਦੀ ਨਕਲ ਕਰਦਾ ਰਿਹਾ ਸੀ ਅਤੇ ਇਸ ਵਿੱਚ ਉਹ ਉਸਦੇ ਲੰਗੜਾਅ ਵਰਗੀ ਤੋਰ ਤੁਰਦਾ ਸੀ। "ਇਹ ਬੁੱਢਾ ਆਦਮੀ ਬੱਚਿਆਂ ਵਰਗਾ ਹੈ," ਕੇ. ਨੇ ਸੋਚਿਆ, ਜਿਸਦੇ ਕੋਲ ਗਿਰਜੇ ਵਿੱਚ ਸੇਵਾ ਕਰਨ ਤੋਂ ਬਿਨ੍ਹਾਂ ਹੋਰ ਅਕਲ ਹੀ ਨਹੀਂ ਹੈ। ਜ਼ਰਾ ਵੇਖੋ ਕਿ ਮੇਰੇ ਰੁਕ ਜਾਣ 'ਤੇ ਉਹ ਕਿਵੇਂ ਰੁਕ ਜਾਂਦਾ ਹੈ, ਅਤੇ ਉਹ ਖੜ੍ਹਾ ਰਹਿ ਕੇ ਇਹ ਵੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਤੁਰ ਰਿਹਾ ਹਾਂ ਜਾਂ ਨਹੀਂ। ਮਨ ਹੀ ਮਨ ਹੱਸਦੇ ਹੋਏ ਕੇ. ਉਸਦਾ ਪਿੱਛਾ ਕਰਦਾ ਰਿਹਾ। ਉਹ ਬੁੱਢਾ ਕੁੱਝ ਇਸ਼ਾਰੇ ਕਰਦਾ ਹੋਇਆ ਹੁਣ ਰੁਕਿਆ ਨਹੀਂ, ਪਰ ਕੇ. ਵੀ ਜਾਣ ਬੁੱਝ ਕੇ ਪਿੱਛੇ ਨਹੀਂ ਮੁੜਿਆ। ਪਰ ਸੇਵਾਦਾਰ ਤੁਰਦਾ ਗਿਆ ਅਤੇ ਕੇ. ਦਾ ਉਸਦਾ ਪਿੱਛਾ ਕਰਦੇ ਰਹਿਣਾ ਮੁਸ਼ਕਿਲ ਹੋ ਗਿਆ। ਕੇ. ਰੁਕ ਗਿਆ ਕਿਉਂਕਿ ਉਹ ਇਸ ਬੁੱਢੇ ਸੇਵਾਦਾਰ ਨੂੰ ਵਧੇਰੇ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਅਤੇ ਇਸਤੋਂ ਇਲਾਵਾ ਉਹ ਉਸਨੂੰ ਪੂਰੀ ਤਰ੍ਹਾਂ ਡਰਾ ਕੇ ਭਜਾਉਣਾ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਅਜੇ ਵੀ ਉਸ ਇਤਾਲਵੀ ਦੀ ਇੱਥੇ ਆਉਣ ਦੀ ਸੰਭਾਵਨਾ ਸੀ।

ਜਦੋਂ ਉਹ ਗਿਰਜੇ ਦੇ ਮੱਧ ਭਾਗ ਵਿੱਚ ਵਾਪਸ ਆਇਆ, ਜਿੱਥੇ ਇਕ ਸੀਟ 'ਤੇ ਉਸਨੇ ਐਲਬਮ ਰੱਖੀ ਸੀ, ਤਾਂ ਉਸਨੇ ਖੰਭੇ ਦੇ ਕੋਲ ਧਰਮ-ਉਪਦੇਸ਼ਕ ਦਾ ਇੱਕ ਛੋਟਾ ਜਿਹਾ ਉਪਦੇਸ਼-ਮੰਚ ਇੱਕ ਕਿਨਾਰੇ ਵਿੱਚ ਵੇਖਿਆ, ਜਿਹੜਾ ਗਿਰਜੇ ਦੇ ਪੂਰਬੀ ਭਾਗ ਨਾਲ ਲੱਗਿਆ ਹੋਇਆ ਸੀ। ਇਹ ਉਪਦੇਸ਼-ਮੰਚ ਬਿਲਕੁਲ ਸਾਧਾਰਨ ਸੀ ਅਤੇ ਇਕ ਸਪਾਟ ਪੀਲੇ ਪੱਥਰ ਦਾ ਬਣਿਆ ਹੋਇਆ ਸੀ। ਇਹ ਇੰਨਾ ਛੋਟਾ ਸੀ ਕਿ ਕੁੱਝ ਦੂਰੀ ਤੋਂ ਵੇਖਣ 'ਤੇ ਇਹ ਖਾਲੀ ਪੂਜਾ ਵਾਲੀ ਜਗ੍ਹਾ ਦੀ ਤਰ੍ਹਾਂ ਲੱਗਦਾ ਸੀ, ਜੋ ਕਿਸੇ ਸੰਤ ਦੀ ਮੂਰਤੀ ਰੱਖਣ ਦੇ ਲਈ ਬਣਾਇਆ ਗਿਆ ਲੱਗਦਾ ਸੀ। ਪੱਕੇ ਤੌਰ 'ਤੇ ਪ੍ਰਚਾਰਕ ਜੰਗਲੇ ਵਿੱਚੋਂ ਇਕ ਕਦਮ ਪੁੱਟ ਕੇ ਵਾਪਿਸ ਨਹੀਂ ਆ ਸਕਦਾ ਸੀ ਅਤੇ ਇਸ 'ਤੇ ਲੱਗਿਆ ਪੱਥਰ ਇੱਕ ਦਮ ਨੀਵਾਂ ਅਤੇ ਅੱਗੇ ਵੱਲ ਨੂੰ ਮੁੜਿਆ ਹੋਇਆ ਸੀ, ਕੁੱਝ ਇਸ ਤਰ੍ਹਾਂ ਕਿ ਇਕ ਔਸਤ ਕੱਦ ਦਾ ਆਦਮੀ ਇਸ 'ਤੇ ਸਿੱਧਾ ਖੜ੍ਹਾ ਨਹੀਂ ਹੋ ਸਕਦਾ ਸੀ ਅਤੇ ਉਸਨੂੰ ਹਮੇਸ਼ਾ ਝੁਕੇ ਰਹਿਣਾ ਪੈ ਸਕਦਾ ਸੀ। ਇਹ ਸਭ ਇਸ ਤਰ੍ਹਾਂ ਬਣਾਇਆ ਗਿਆ ਜਾਪਦਾ ਸੀ ਕਿ ਜਿਵੇਂ ਪ੍ਰਚਾਰਕ ਨੂੰ ਤੰਗ ਕਰਨ ਲਈ ਬਣਾਇਆ ਗਿਆ ਹੋਵੇ। ਇਹ ਤੈਅ ਕਰ ਸਕਣਾ ਅਸੰਭਵ ਸੀ ਕਿ ਜਦੋਂ ਉੱਥੇ ਵੱਡਾ ਅਤੇ ਸੋਹਣਾ ਉਪਦੇਸ਼ਕ-ਮੰਚ ਮੌਜੂਦ ਸੀ, ਤਾਂ ਇਸਦੀ ਕੀ ਲੋੜ ਸੀ।

ਦਰਅਸਲ ਕੇ. ਦਾ ਧਿਆਨ ਇਸ ਛੋਟੇ ਆਸਣ ਦੇ ਵੱਲ ਬਿਲਕੁਲ ਹੀ ਨਾ ਗਿਆ ਹੁੰਦਾ, ਜੇਕਰ ਉਸਦੇ ਉੱਪਰ ਇੱਕ ਲੈਂਪ ਨਾ ਲੱਗਾ ਹੁੰਦਾ। ਇੱਕ ਅਜਿਹਾ ਲੈਂਪ ਜਿਸਦਾ ਆਮ ਤੌਰ 'ਤੇ ਮਤਲਬ ਹੁੰਦਾ ਹੈ ਕਿ ਹੁਣੇ ਕੋਈ ਉਪਦੇਸ਼ ਦਿੱਤਾ ਜਾਵੇਗਾ। ਪਰ ਹੁਣ ਤਾਂ ਉਸ ਖਾਲੀ ਚਰਚ ਕੋਈ ਉਪਦੇਸ਼ ਦੇਣ ਵਾਲਾ ਨਹੀਂ ਸੀ। ਕੇ. ਨੇ ਪੌੜ੍ਹੀਆਂ ਤੋਂ ਹੇਠਾਂ ਵੇਖਿਆ, ਜਿਹੜੀਆਂ ਕਿ ਧਾਰਮਿਕ ਮੰਚ ਤੱਕ ਘੁਮਾਅਦਾਰ ਬਣੀਆਂ ਹੋਈਆਂ ਸਨ ਅਤੇ ਇੰਨੀਆਂ ਤੰਗ ਸਨ ਜਿਵੇਂ ਕਿ ਆਦਮੀਆਂ ਦੇ ਚੜ੍ਹਨ ਲਈ ਨਾ ਹੋ ਕੇ ਖੰਬੇ ਦੀ ਸਜਾਵਟ ਲਈ ਬਣਾਈਆਂ ਗਈਆਂ ਹੋਣ। ਪਰ ਕੇ. ਹੈਰਾਨੀ ਨਾਲ ਇਹ ਵੇਖ ਕੇ ਮੁਸਕੁਰਾ ਪਿਆ ਕਿ ਪਾਦਰੀ ਸਚਮੁੱਚ ਹੀ ਉਪਦੇਸ਼-ਮੰਚ ਦੇ ਕੋਲ ਖੜ੍ਹਾ ਸੀ। ਉਸਨੇ ਆਪਣਾ ਪੌੜੀਆਂ ਦੀ ਰੇਲਿਗ ਦੇ ਉੱਪਰ ਰੱਖਿਆ ਹੋਇਆ ਸੀ ਅਤੇ ਕੇ. ਨੂੰ ਵੇਖਦਾ ਹੋਇਆ ਚੜ੍ਹਨ ਦੀ ਤਿਆਰੀ ਵਿੱਚ ਸੀ। ਉਸਨੇ ਆਪਣੇ ਸਿਰ ਨੂੰ ਰਤਾ ਹਿਲਾਇਆ, ਕੇ. ਨੇ ਆਪਣੇ ਉੱਪਰ ਇੱਕ ਕ੍ਰਾਸ ਬਣਾਇਆ ਅਤੇ ਝੁਕ ਗਿਆ, ਜਿਵੇਂ ਕਿ ਉਸਨੂੰ ਪਹਿਲਾਂ ਹੀ ਕਰਨਾ ਚਾਹੀਦਾ ਸੀ। ਪਾਦਰੀ ਹੌਲ਼ੀ-ਹੌਲ਼ੀ ਹੇਠਾਂ ਵਾਲੀ ਪੌੜੀ 'ਤੇ ਆ ਗਿਆ ਅਤੇ ਹਲਕੇ ਕਦਮਾਂ ਨਾਲ ਉਪਦੇਸ਼-ਮੰਚ 'ਤੇ ਚੜ੍ਹ ਗਿਆ। ਕੀ ਠੀਕ ਇਸੇ ਵੇਲੇ ਕੋਈ ਉਪਦੇਸ਼ ਸ਼ੁਰੂ ਹੋਣ ਵਾਲਾ ਹੈ? ਸ਼ਾਇਦ ਅਜੇ ਤੱਕ ਸੇਵਾਦਾਰ ਇੰਨਾ ਪਾਗਲ ਨਹੀਂ ਹੋਇਆ ਸੀ ਅਤੇ ਉਹ ਕੇ. ਨੂੰ ਪਾਦਰੀ ਦੇ ਵੱਲ ਲਿਜਾਣਾ ਚਾਹੁੰਦਾ ਸੀ ਅਤੇ ਇਸ ਖਾਲੀ ਗਿਰਜਾਘਰ ਵਿੱਚ ਇਸ ਤਰ੍ਹਾਂ ਕਰਨਾ ਜ਼ਰੂਰੀ ਵੀ ਸੀ। ਵਰਜਿਨ ਮੇਰੀ ਦੀ ਤਸਵੀਰ ਦੇ ਸਾਹਮਣੇ ਕਿਤੇ, ਇਕ ਬੁੱਢੀ ਔਰਤ ਵੀ ਸੀ ਜੋ ਕਿ ਉਪਦੇਸ਼ ਸੁਣਨ ਹੀ ਆਈ ਲੱਗਦੀ ਸੀ। ਅਤੇ ਜੇਕਰ ਉਪਦੇਸ਼ ਸ਼ੁਰੂ ਹੋਣ ਵਾਲਾ ਸੀ ਤਾਂ ਇਸਦੀ ਔਰਗਨ (ਇੱਕ ਸੰਗੀਤਕ ਯੰਤਰ) ਨਾਲ ਸ਼ੁਰੂਆਤ ਕਿਉਂ ਨਹੀਂ ਕੀਤੀ ਗਈ ਸੀ? ਪਰ ਉਹ ਯੰਤਰ ਤਾਂ ਬਿਲਕੁਲ ਚੁੱਪ ਸੀ ਅਤੇ ਬਹੁਤ ਉਚਾਈ ਤੋਂ ਬਹੁਤ ਹਲਕਾ ਜਿਹਾ ਵਿਖਾਈ ਦਿੰਦਾ ਸੀ।

ਕੇ. ਗੰਭੀਰਤਾ ਨਾਲ ਸੋਚਣ ਲੱਗਾ ਕਿ ਜੋ ਉਹ ਇੱਥੋਂ ਛੇਤੀ ਹੀ ਨਹੀਂ ਨਿਕਲਿਆ ਤਾਂ ਉਪਦੇਸ਼ ਸ਼ੁਰੂ ਹੋਣ ਪਿੱਛੋਂ ਉਸਦਾ ਨਿਕਲਣਾ ਮੁਸ਼ਕਿਲ ਹੋ ਜਾਵੇਗਾ ਅਤੇ ਫ਼ਿਰ ਉਸਨੂੰ ਅੰਤ ਤੱਕ ਇੱਥੇ ਰਹਿਣਾ ਪਵੇਗਾ। ਦਫ਼ਤਰ ਤੋਂ ਬਾਹਰ ਉਸਨੇ ਬਹੁਤ ਸਮਾਂ ਗੁਆ ਦਿੱਤਾ ਹੈ ਅਤੇ ਹੁਣ ਉਸ ਇਤਾਲਵੀ ਦੀ ਉਡੀਕ ਕਰਦੇ ਰਹਿਣਾ ਉਸਦੀ ਕੋਈ ਮਜਬੂਰੀ ਵੀ ਨਹੀਂ ਹੈ। ਉਸਨੇ ਆਪਣੀ ਘੜੀ ਵੇਖੀ, ਗਿਆਰਾਂ ਵੱਜ ਚੁੱਕੇ ਸਨ। ਪਰ ਕੀ ਇਹ ਸਚਮੁੱਚ ਸੰਭਵ ਸੀ ਕਿ ਉੱਥੇ ਉਪਦੇਸ਼ ਸ਼ੁਰੂ ਹੋਣ ਵਾਲਾ ਸੀ? ਕੀ ਕੇ. ਆਪਣੇ ਤੌਰ 'ਤੇ ਪੂਰੇ ਸਮੂਹ ਦਾ ਗਠਨ ਕਰ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ ਜਦੋਂ ਕਿ ਉਹ ਤਾਂ ਇੱਕ ਅਜਨਬੀ ਸੀ ਜੋ ਕਿ ਗਿਰਜੇ ਨੂੰ ਵੇਖਣਾ ਚਾਹੁੰਦਾ ਸੀ? ਅਤੇ ਉਹ ਕੁੱਲ ਮਿਲਾ ਕੇ ਇਹੀ ਸੀ। ਇੱਕ ਕੰਮ ਵਾਲੇ ਦਿਨ ਗਿਆਰਾਂ ਵਜੇ ਇਹ ਉਪਦੇਸ਼ ਦੇਣਾ ਅਤੇ ਉਹ ਵੀ ਇਸ ਭਿਆਨਕ ਮੌਸਮ ਵਿੱਚ ਕਿੰਨਾ ਬੇਹੂਦਾ ਸੀ। ਜਾਹਰ ਤੌਰ 'ਤੇ ਪਾਦਰੀ-ਕਿਉਂਕਿ ਬੇਸ਼ੱਕ ਉਹ ਪਾਦਰੀ ਹੀ ਸੀ, ਇੱਕ ਜਵਾਨ ਵਿਅਕਤੀ ਜਿਸਦਾ ਚਿਹਰਾ ਸਪੱਸ਼ਟ ਅਤੇ ਕਾਲਾ ਸੀ-ਸਿਰਫ਼ ਲੈਂਪ ਬੁਝਾਉਣ ਲਈ ਉੱਪਰ ਚੜ੍ਹ ਰਿਹਾ ਸੀ, ਜਿਸਨੂੰ ਕਿ ਕਿਸੇ ਨੇ ਗ਼ਲਤੀ ਨਾਲ ਜਲਾ ਦਿੱਤਾ ਸੀ।

ਪਰ ਕਿਸੇ ਨੇ ਕੋਈ ਗਲਤੀ ਨਹੀਂ ਸੀ ਕੀਤੀ, ਇਸਦੇ ਉਲਟ ਪਾਦਰੀ ਨੇ ਲੈਂਪ ਦਾ ਪਰੀਖਣ ਕੀਤਾ ਅਤੇ ਇਸਨੂੰ ਹੋਰ ਰੌਸ਼ਨ ਕਰ ਦਿੱਤਾ ਅਤੇ ਫ਼ਿਰ ਉਹ ਕਟਿਹਰੇ ਵੱਲ ਵਧਿਆ ਅਤੇ ਇਸਦਾ ਅਗਲਾ ਕੋਣੀ ਕਿਨਾਰਾ ਦੋਵਾਂ ਹੱਥਾਂ ਨਾਲ ਫੜ੍ਹ ਲਿਆ। ਇਸ ਸਥਿਤੀ ਵਿੱਚ ਉਹ ਕੁੱਝ ਦੇਰ ਖੜ੍ਹਾ ਰਿਹਾ ਅਤੇ ਬਿਨ੍ਹਾਂ ਸਿਰ ਹਿਲਾਏ ਵੇਖਦਾ ਰਿਹਾ। ਕੇ. ਹੁਣ ਕਾਫ਼ੀ ਦੂਰੀ 'ਤੇ ਚਲਾ ਗਿਆ ਸੀ ਅਤੇ ਪਹਿਲੀ ਸਤਰ ਤੇ ਆਪਣੀਆਂ ਕੂਹਣੀਆਂ ਟਿਕਾਈ ਖੜ੍ਹਾ ਸੀ। ਠੀਕ ਤਰ੍ਹਾਂ ਤਾਂ ਉਹ ਨਹੀਂ ਵੇਖ ਸਕਦਾ ਸੀ, ਪਰ ਉਸਨੂੰ ਪਤਾ ਸੀ ਕਿ ਉਹ ਸੇਵਾਦਾਰ ਉੱਥੇ ਮੌਜੂਦ ਹੈ। ਉਹ ਚੁੱਪਚਾਪ ਅਤੇ ਆਰਾਮਦੇਹ ਹਾਲਤ ਵਿੱਚ ਸੀ ਜਿਵੇਂ ਕਿ ਉਸਦਾ ਕੰਮ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ ਹੋਵੇ। ਵੱਡੇ ਗਿਰਜਾਘਰ ਵਿੱਚ ਹੁਣ ਕਿੰਨੀ ਸ਼ਾਂਤੀ ਸੀ। ਫ਼ਿਰ ਵੀ ਕੇ. ਨੂੰ ਆਪਣੀ ਖ਼ਾਮੋਸ਼ੀ ਭੰਗ ਕਰਨੀ ਪੈਣੀ ਸੀ। ਉੱਥੇ ਰੁਕਣ ਦੀ ਹੁਣ ਉਸਦੀ ਕੋਈ ਇੱਛਾ ਨਹੀਂ ਸੀ। ਜੇ ਪਾਦਰੀ ਕਿਸੇ ਖ਼ਾਸ ਸਮੇਂ ਉਪਦੇਸ਼ ਦਿੱਤੇ ਜਾਣ ਦੇ ਪ੍ਰਤੀ ਜ਼ਿੰਮਵਾਰ ਸੀ ਤਾਂ ਅਜਿਹਾ ਉਹ ਕੇ. ਦੀ ਮੌਜੂਦਗੀ ਤੋਂ ਬਿਨ੍ਹਾਂ ਵੀ ਇਹ ਕਰ ਸਕਦਾ ਸੀ, ਅਤੇ ਕੇ. ਦੀ ਮੌਜੂਦਗੀ ਨਾਲ ਉਸਦਾ ਪ੍ਰਭਾਵ ਕੋਈ ਵੱਧ ਜਾਣ ਵਾਲਾ ਨਹੀਂ ਸੀ। ਇਸ ਲਈ ਕੇ. ਹੌਲ਼ੀ-ਹੌਲ਼ੀ ਤੁਰ ਪਿਆ, ਉਹ ਸਾਵਧਾਨੀ ਨਾਲ ਸਤਰਾਂ ਦੇ ਵਿੱਚੋਂ ਆਪਣੇ ਰਸਤਾ ਬਣਾ ਰਿਹਾ ਸੀ। ਉਹ ਖੁੱਲ੍ਹੇ ਗਲਿਆਰੇ ਤੱਕ ਚਲਾ ਆਇਆ, ਅਤੇ ਉੱਥੇ ਬੇਫ਼ਿਕਰ ਹੋ ਕੇ ਤੁਰਨ ਲੱਗਾ। ਉਸਦੇ ਹੌਲ਼ੀ ਤੋਂ ਹੌਲ਼ੀ ਕਦਮ ਦੀ ਆਹਟ ਫ਼ਰਸ਼ ਉੱਪਰ ਬੋਲ ਰਹੀ ਸੀ ਅਤੇ ਛੱਤ ਨਾਲ ਵੱਜ ਕੇ ਇਸਦੀ ਗੂੰਜ ਵੀ ਪੈਦਾ ਹੋ ਰਹੀ ਸੀ। ਉਹ ਕਮਜ਼ੋਰ ਗੂੰਜ ਲਗਾਤਾਰ ਅਤੇ ਇੱਕੋ ਅੰਤਰਾਲ 'ਤੇ ਵਾਰ-ਵਾਰ ਪੈਦਾ ਹੋ ਰਹੀ ਸੀ। ਖਾਲੀ ਗੈਲਰੀ ਵਿੱਚ ਤੁਰਦੇ ਹੋਏ ਕੇ. ਆਪਣੇ ਆਪ ਨੂੰ ਕੱਢਿਆ ਹੋਇਆ ਮਹਿਸੂਸ ਕਰ ਰਿਹਾ ਸੀ, ਸ਼ਾਇਦ ਇਸ ਲਈ ਕਿ ਪਾਦਰੀ ਉਸਨੂੰ ਵੇਖੀ ਜਾ ਰਿਹਾ ਸੀ ਅਤੇ ਗਿਰਜਾਘਰ ਦਾ ਫੈਲਾਅ ਉਸ ਹੱਦ ਤੱਕ ਸੀ, ਜਿੰਨਾ ਕਿ ਵੱਧ ਤੋਂ ਵੱਧ ਕੋਈ ਆਦਮੀ ਸਹਿ ਸਕਦਾ ਹੈ। ਜਦੋਂ ਉਹ ਆਪਣੀ ਪੁਰਾਣੀ ਸੀਟ ਕੋਲ ਪਹੁੰਚਿਆ ਤਾਂ ਉਹ ਰੁਕਿਆ ਨਹੀਂ, ਪਰ ਉੱਥੋਂ ਉਸਨੇ ਐਲਬਮ ਇੱਕ ਝਟਕੇ ਨਾਲ ਚੁੱਕ ਲਈ, ਜਿਸਨੂੰ ਉਹ ਉੱਥੇ ਹੀ ਛੱਡ ਗਿਆ ਸੀ। ਇਸਨੂੰ ਲੈ ਕੇ ਉਹ ਅੱਗੇ ਵੱਧ ਗਿਆ। ਹੁਣ ਉਹ ਗੈਲਰੀ ਅਤੇ ਦਰਵਾਜ਼ੇ ਦੇ ਵਿਚਕਾਰ ਦੀ ਖਾਲੀ ਜਗ੍ਹਾ ਵਿੱਚ ਪਹੁੰਚ ਗਿਆ ਸੀ, ਜਦੋਂ ਉਸਨੂੰ ਪਾਦਰੀ ਦੀ ਆਵਾਜ਼ ਪਹਿਲੀ ਵਾਰ ਸੁਣੀ। ਇਹ ਇੱਕ ਤਾਕਤਵਰ ਅਤੇ ਤਜਰਬੇ ਭਰੀ ਆਵਾਜ਼ ਸੀ। ਇਹ ਆਵਾਜ਼ ਪੂਰੇ ਗਿਰਜੇ ਵਿੱਚ ਫੈਲੀ ਵਿੰਨ੍ਹੀ ਜਾਣ ਵਾਲੀ ਖ਼ਾਮੋਸ਼ੀ ਦੇ ਆਰ-ਪਾਰ ਨਿਕਲ ਗਈ ਸੀ। ਪਰ ਪਾਦਰੀ ਕਿਸੇ ਸਮੂਹ ਨੂੰ ਸੰਬੋਧਿਤ ਨਹੀਂ ਕਰ ਰਿਹਾ ਸੀ। ਉਸਦੀ ਹਾਕ ਕਾਫ਼ੀ ਸਪੱਸ਼ਟ ਸੀ ਅਤੇ ਇਸ ਤੋਂ ਬਚ ਸਕਣਾ ਅਸੰਭਵ ਸੀ। ਉਸਨੇ ਕਿਹਾ-

"ਜੋਸਫ਼ ਕੇ.!"

ਕੇ. ਰੁਕ ਗਿਆ ਅਤੇ ਆਪਣੇ ਸਾਹਮਣੇ ਵਾਲੀ ਖਾਲੀ ਫ਼ਰਸ਼ ਨੂੰ ਤੱਕਣ ਲੱਗਾ। ਇਸ ਪਲ ਉਹ ਆਜ਼ਾਦ ਸੀ, ਉਹ ਸਿੱਧੇ ਤੁਰਦਾ ਰਹਿ ਸਕਦਾ ਸੀ ਅਤੇ ਆਪਣੇ ਸਾਹਮਣੇ ਵਾਲੇ ਲੱਕੜ ਦੇ ਤਿੰਨ ਹਨੇਰੇ ਦਰਵਾਜ਼ਿਆਂ ਵਿੱਚੋਂ ਇੱਕ ’ਚੋਂ ਬਾਹਰ ਨਿਕਲ ਸਕਦਾ ਸੀ। ਇਸਦਾ ਸਿੱਧਾ ਮਤਲਬ ਇਹ ਹੋ ਸਕਦਾ ਸੀ ਕਿ ਉਸਨੂੰ ਪਤਾ ਨਹੀਂ ਲੱਗਾ ਅਤੇ ਜੇ ਲੱਗ ਵੀ ਗਿਆ ਹੈ ਤਾਂ ਉਸਨੇ ਇਸਦੀ ਪਰਵਾਹ ਨਹੀਂ ਕੀਤੀ। ਪਰ ਜੇਕਰ ਉਹ ਇੱਕ ਵਾਰ ਪਿੱਛੇ ਘੁੰਮ ਗਿਆ ਤਾਂ ਉਹ ਫਸਾ ਲਿਆ ਜਾਵੇਗਾ ਕਿਉਂਕਿ ਇਸਦਾ ਮਤਲਬ ਇਹ ਹੋਵੇਗਾ ਕਿ ਉਹ ਚੰਗੀ ਤਰ੍ਹਾਂ ਸਮਝ ਗਿਆ ਹੈ ਕਿ ਉਹ ਉਹੀ ਆਦਮੀ ਹੈ ਜਿਸਦਾ ਨਾਮ ਲਿਆ ਗਿਆ ਹੈ, ਅਤੇ ਉਸਨੇ ਉਸ ਹੁਕਮ ਦੀ ਤਾਮੀਲ ਕਰ ਲਈ ਹੈ। ਜੇਕਰ ਪਾਦਰੀ ਨੇ ਉਸਨੂੰ ਇਕ ਦਮ ਫ਼ਿਰ ਬੁਲਾ ਲਿਆ ਹੁੰਦਾ ਤਾਂ ਕੇ. ਪੱਕਾ ਹੀ ਚਲਾ ਗਿਆ ਹੁੰਦਾ, ਪਰ ਕਾਫ਼ੀ ਉਡੀਕ ਕਰਨ ਪਿੱਛੋਂ ਵੀ ਜਦੋਂ ਸਭ ਕੁੱਝ ਸ਼ਾਂਤ ਰਿਹਾ ਤਾਂ ਆਪਣਾ ਸਿਰ ਰਤਾ ਘੁਮਾਇਆ ਅਤੇ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਹੁਣ ਪਾਦਰੀ ਕੀ ਕਰ ਰਿਹਾ ਹੈ। ਉਹ ਤਾਂ ਉਪਦੇਸ਼-ਮੰਚ ਦੇ ਕੋਲ ਹੀ ਪਹਿਲਾਂ ਵਾਂਗ ਚੁੱਪਚਾਪ ਖੜ੍ਹਾ ਸੀ ਅਤੇ ਇਹ ਸਪੱਸ਼ਟ ਸੀ ਕਿ ਉਸਨੇ ਕੇ. ਨੂੰ ਆਪਣਾ ਸਿਰ ਘੁਮਾਉਂਦੇ ਹੋਏ ਵੇਖ ਲਿਆ ਸੀ। ਜੇਕਰ ਕੇ. ਹੁਣ ਪੂਰੀ ਤਰ੍ਹਾਂ ਨਾ ਘੁੰਮ ਜਾਂਦਾ ਤਾਂ ਇਹ ਲੁਕਣ-ਮੀਚੀ ਦੀ ਬਚਕਾਨਾ ਜਿਹੀ ਖੇਡ ਹੁੰਦੀ। ਜਦੋਂ ਉਹ ਪੂਰੀ ਤਰ੍ਹਾਂ ਘੁੰਮ ਗਿਆ ਤਾਂ ਪਾਦਰੀ ਨੇ ਉਸਨੂੰ ਆਪਣੀ ਉਂਗਲ ਦੇ ਇਸ਼ਾਰੇ ਨਾਲ ਬੁਲਾਇਆ। ਹੁਣ ਕਿਉਂਕਿ ਟਾਲਮਟੋਲ ਕਰਨ ਦੀ ਲੋੜ ਨਹੀਂ ਸੀ, ਇਸ ਲਈ ਉਹ ਜਗਿਆਸਾ ਨਾਲ ਲੰਮੇ ਕਦਮਾਂ ਉਪਦੇਸ਼-ਮੰਚ ਦੇ ਵੱਲ ਤੁਰ ਪਿਆ। ਉਹ ਪਹਿਲੀ ਸਤਰ ਦੇ ਕੋਲ ਰੁਕਿਆ ਪਰ ਪਾਦਰੀ ਨੂੰ ਲੱਗਿਆ ਕਿ ਉਹ ਅਜੇ ਦੂਰ ਹੈ ਅਤੇ ਆਪਣੀ ਬਾਂਹ ਕੱਢ ਕੇ ਉਂਗਲ ਨਾਲ ਉਪਦੇਸ਼-ਮੰਚ ਦੇ ਠੀਕ ਸਾਹਮਣੇ ਵਾਲੇ ਜਗ੍ਹਾ 'ਤੇ ਆਉਣ ਦਾ ਇਸ਼ਾਰਾ ਕੀਤਾ। ਕੇ. ਉੱਥੇ ਪਹੁੰਚ ਗਿਆ, ਪਰ ਇੱਕ ਵਾਰ ਫ਼ਿਰ ਉਸਨੂੰ ਉੱਥੇ ਪਹੁੰਚ ਕੇ ਆਪਣਾ ਸਿਰ ਪਿੱਛੇ ਝੁਕਾ ਕੇ ਵੇਖਣਾ ਪਿਆ ਕਿ ਕੀ ਪਾਦਰੀ ਹੁਣ ਵੀ ਉੱਥੇ ਹੀ ਹੈ।

"ਤੂੰ ਜੋਸਫ਼ ਕੇ. ਏਂ?" ਕਟਿਹਰੇ ਦੇ ਕੋਲੋਂ ਪਾਦਰੀ ਨੇ ਇੱਕ ਇਸ਼ਾਰਾ ਬਣਾਉਣ ਲਈ ਆਪਣਾ ਹੱਥ ਉਤਾਂਹ ਚੁੱਕਿਆ, ਜਿਸਦਾ ਮਤਲਬ ਸਾਫ਼ ਨਹੀਂ ਸੀ।

"ਹਾਂ," ਕੇ. ਨੇ ਜਵਾਬ ਦਿੱਤਾ, ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣਾ ਨਾਮ ਕਿਵੇਂ ਸੁਣਨ ਲਈ ਤਿਆਰ ਰਹਿੰਦਾ ਹੈ ਅਤੇ ਕਿਵੇਂ ਇਹ ਪਿਛਲੇ ਕੁੱਝ ਸਮੇਂ ਤੋਂ ਉਸਦੇ ਉੱਪਰ ਬੋਝ ਬਣਿਆ ਹੋਇਆ ਹੈ। ਹੁਣ ਤਾਂ ਇਹ ਉਨ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ, ਜਿਨ੍ਹਾਂ ਉਹ ਕਦੇ ਮਿਲਿਆ ਹੀ ਨਹੀਂ ਸੀ। ਇਹ ਕਿੰਨਾ ਚੰਗਾ ਹੁੰਦਾ ਹੈ ਕਿ ਜਦੋਂ ਤੱਕ ਆਪਣੀ ਜਾਣ-ਪਛਾਣ ਨਾ ਦੱਸੀ ਜਾਵੇ ਉਦੋਂ ਤੱਕ ਆਦਮੀ ਅਜਨਬੀ ਹੀ ਰਹੇ।

"ਤੇਰੇ 'ਤੇ ਦੋਸ਼ ਲੱਗਿਆ ਹੋਇਆ ਹੈ," ਪਾਦਰੀ ਨੇ ਬਹੁਤ ਹੌਲ਼ੀ ਜਿਹੇ ਕਿਹਾ।

"ਹਾਂ," ਕੇ. ਨੇ ਜਵਾਬ ਦਿੱਤਾ- "ਮੈਨੂੰ ਇਸਦਾ ਪਤਾ ਹੈ।" "ਫ਼ਿਰ ਤਾਂ ਮੈਨੂੰ ਤੇਰੀ ਹੀ ਭਾਲ ਸੀ," ਪਾਦਰੀ ਬੋਲਿਆ- "ਮੈਂ ਜੇਲ੍ਹ ਦਾ ਪਾਦਰੀ ਹਾਂ।"

"ਓਹ, ਕੀ ਸੱਚਮੁੱਚ?" ਕੇ. ਨੇ ਪੁੱਛਿਆ।

"ਮੈਂ ਤੈਨੂੰ ਇੱਧਰ ਆਉਣ ਦੇ ਲਈ ਸੁਨੇਹਾ ਭੇਜਿਆ ਸੀ," ਪਾਦਰੀ ਨੇ ਕਿਹਾ, "ਤਾਂਕਿ ਤੇਰੇ ਨਾਲ ਗੱਲਬਾਤ ਕੀਤੀ ਜਾ ਸਕੇ।"

"ਮੈਨੂੰ ਇਹ ਪਤਾ ਨਹੀਂ ਹੈ," ਕੇ. ਬੋਲਿਆ, "ਮੈਂ ਤਾਂ ਇੱਕ ਇਤਾਲਵੀ ਸੱਜਣ ਨੂੰ ਗਿਰਜਾ ਘਮਾਉਣ ਲਈ ਲਿਆਇਆ ਸੀ।"

"ਮੁੱਦੇ ਦੀ ਹੀ ਗੱਲ ਕਰ," ਪਾਦਰੀ ਨੇ ਕਿਹਾ, "ਤੇਰੇ ਹੱਥ ਵਿੱਚ ਇਹ ਕੀ ਹੈ? ਕੀ ਇਹ ਕੋਈ ਪ੍ਰਾਥਨਾ ਦੀ ਕਿਤਾਬ ਹੈ?"

"ਨਹੀਂ," ਕੇ. ਨੇ ਜਵਾਬ ਦਿੱਤਾ, "ਇਹ ਸ਼ਹਿਰ ਵਿੱਚ ਵੇਖੀਆਂ ਜਾ ਸਕਣ ਵਾਲੀਆਂ ਥਾਵਾਂ ਦੀ ਇੱਕ ਐਲਬਮ ਹੈ।"

"ਇਸਨੂੰ ਹੇਠਾਂ ਰੱਖ ਦੇ," ਪਾਦਰੀ ਨੇ ਕਿਹਾ। ਕੇ. ਨੇ ਉਸਨੂੰ ਏਨੇ ਜ਼ੋਰ ਨਾਲ ਸੁੱਟਿਆ ਕਿ ਉਹ ਖੁੱਲ੍ਹ ਗਈ ਅਤੇ ਫ਼ਰਸ਼ 'ਤੇ ਕੁੱਝ ਦੂਰ ਘਿਸੜਦੀ ਹੋਈ ਚਲੀ ਗਈ, ਜਿਸ ਨਾਲ ਉਸਦੇ ਕੁੱਝ ਪੰਨੇ ਉੱਡ ਗਏ।

"ਕੀ ਤੈਨੂੰ ਪਤਾ ਹੈ ਕਿ ਤੇਰਾ ਮੁਕੱਦਮਾ ਗ਼ਲਤ ਦਿਸ਼ਾ ਵਿੱਚ ਜਾ ਰਿਹਾ ਹੈ?" ਪਾਦਰੀ ਨੇ ਪੁੱਛਿਆ।

"ਮੈਨੂੰ ਵੀ ਅਜਿਹਾ ਹੀ ਲੱਗਦਾ ਹੈ," ਕੇ. ਨੇ ਕਿਹਾ, "ਮੈਂ ਜਿੰਨਾ ਕੁੱਝ ਵੀ ਕਰ ਸਕਦਾ ਸੀ ਕੀਤਾ, ਪਰ ਅਜੇ ਤੱਕ ਕੋਈ ਸਫ਼ਲਤਾ ਨਹੀ ਮਿਲੀ, ਹਾਲਾਂਕਿ ਮੇਰੀ ਪਟੀਸ਼ਨ ਅਜੇ ਤੱਕ ਤਿਆਰ ਨਹੀਂ ਹੈ।"

"ਕੀ ਤੂੰ ਸਮਝਦਾ ਏਂ ਕਿ ਉਸਦਾ ਕੀ ਹਸ਼ਰ ਹੋਣ ਵਾਲਾ ਹੈ?" ਪਾਦਰੀ ਬੋਲਿਆ।

"ਮੈਂ ਤਾਂ ਇਹੀ ਸੋਚਦਾ ਹਾਂ ਕਿ ਇਸਦਾ ਨਤੀਜਾ ਮੇਰੇ ਲਈ ਚੰਗਾ ਹੋਵੇਗਾ," ਕੇ. ਨੇ ਕਿਹਾ, "ਪਰ ਹੁਣ ਤਾਂ ਮੈਨੂੰ ਆਪਣੇ ਉੱਪਰ ਹੀ ਸ਼ੱਕ ਹੋਣ ਲੱਗਾ ਹੈ। ਮੈਨੂੰ ਨਹੀਂ ਪਤਾ ਇਸਦਾ ਕੀ ਹਸ਼ਰ ਹੋਵੇਗਾ। ਕੀ ਤੁਹਾਨੂੰ ਪਤਾ ਹੈ।"

"ਨਹੀਂ," ਪਾਦਰੀ ਨੇ ਜਵਾਬ ਦਿੱਤਾ, "ਪਰ ਮੈਨੂੰ ਡਰ ਹੈ ਕਿ ਇਸਦਾ ਹਸ਼ਰ ਬੁਰਾ ਹੋਵੇਗਾ। ਤੈਨੂੰ ਅਪਰਾਧੀ ਮੰਨਿਆ ਜਾ ਰਿਹਾ ਹੈ। ਲੱਗਦਾ ਨਹੀਂ ਹੈ ਕਿ ਤੇਰੀ ਮੁਕੱਦਮਾ ਹੇਠਲੀ ਅਦਾਲਤ ਤੋਂ ਉੱਪਰ ਜਾਵੇਗਾ। ਕੁੱਝ ਦੇਰ ਦੇ ਲਈ ਹੀ, ਤੇਰੇ ਅਪਰਾਧ ਪ੍ਰਮਾਣਿਤ ਮੰਨਿਆ ਗਿਆ ਹੈ।" "ਪਰ ਮੈਂ ਕਸੂਰਵਾਰ ਨਹੀਂ ਹਾ," ਕੇ. ਬੋਲਿਆ, "ਇਹ ਸਰਾਸਰ ਗ਼ਲਤੀ ਹੈ। ਕੋਈ ਆਦਮੀ ਅਪਰਾਧੀ ਹੋ ਹੀ ਕਿਵੇਂ ਸਕਦਾ ਹੈ? ਅਸੀਂ ਸਾਰੇ ਇੱਥੇ ਮਨੁੱਖ ਹਾਂ, ਇੱਕ -ਦੂਜੇ ਦੇ ਵਰਗੇ।"

"ਇਹ ਠੀਕ ਹੈ," ਪਾਦਰੀ ਨੇ ਕਿਹਾ, "ਪਰ ਕਸੂਰਵਾਰ ਲੋਕ ਇਸੇ ਤਰ੍ਹਾਂ ਗੱਲ ਕਰਦੇ ਹਨ।"

"ਕੀ ਤੁਸੀਂ ਵੀ ਮੈਨੂੰ ਕਸੂਰਵਾਰ ਮੰਨਦੇ ਹੋਂ?" ਕੇ. ਨੇ ਪੁੱਛਿਆ।

"ਨਹੀਂ, ਮੈਂ ਤੇਰੇ ਬਾਰੇ ਕੋਈ ਅਜਿਹਾ ਅੰਦਾਜ਼ਾ ਨਹੀਂ ਲਾਇਆ ਹੈ।" ਪਾਦਰੀ ਨੇ ਜਵਾਬ ਦਿੱਤਾ।

"ਮੈਂ ਇਸ ਲਈ ਤੁਹਾਡਾ ਧੰਨਵਾਦੀ ਹਾਂ," ਕੇ. ਬੋਲਿਆ, "ਪਰ ਬਾਕੀ ਹਰ ਕੋਈ, ਜਿਸ ਕਿਸੇ ਦਾ ਵੀ ਇਸ ਕੇਸ ਨਾਲ ਸਬੰਧ ਹੈ, ਮੇਰੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦਾ ਹੈ। ਉਹ ਉਨ੍ਹਾਂ ਲੋਕਾਂ ਨੂੰ ਵੀ ਮੇਰੇ ਵਿਰੁੱਧ ਕਰ ਦਿੰਦੇ ਹਨ ਜਿਨ੍ਹਾਂ ਦਾ ਇਸ ਮੁਕੱਦਮੇ ਨਾਲ ਕੋਈ ਸਬੰਧ ਨਹੀਂ ਹੈ। ਮੇਰੀ ਸਥਿਤੀ ਲਗਾਤਾਰ ਮੁਸ਼ਕਿਲ ਹੁੰਦੀ ਜਾ ਰਹੀ ਹੈ।"

"ਤੂੰ ਇਸ ਮੁਕੱਦਮੇ ਦੇ ਤੱਥ ਸਮਝਣ ਵਿੱਚ ਅਸਮਰੱਥ ਰਿਹਾ ਏਂ," ਪਾਦਰੀ ਬੋਲਿਆ, "ਫ਼ੈਸਲਾ ਅਚਾਨਕ ਹੀ ਤਾਂ ਨਹੀਂ ਹੋ ਜਾਂਦਾ, ਪੂਰੀ ਕਾਰਵਾਈ ਹੀ ਆਖਿਰਕਾਰ ਫ਼ੈਸਲੇ ਵਿੱਚ ਤਬਦੀਲ ਹੁੰਦੀ ਹੈ।"

"ਇਸ ਲਈ ਇਹ ਸਭ ਇਸ ਤਰ੍ਹਾਂ ਹੈ, ਕੇ. ਨੇ ਕਿਹਾ ਅਤੇ ਆਪਣਾ ਸਿਰ ਝੁਕਾ ਲਿਆ।

"ਹੁਣ ਅੱਗੇ ਆਪਣੇ ਮੁਕੱਦਮੇ ਦੇ ਬਾਰੇ 'ਚ ਤੇਰੀ ਕੀ ਯੋਜਨਾ ਹੈ?" ਪਾਦਰੀ ਨੇ ਪੁੱਛਿਆ।

"ਮੈਂ ਕੁੱਝ ਵਧੇਰੇ ਮਦਦ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ," ਕੇ. ਨੇ ਆਪਣਾ ਸਿਰ ਉੱਪਰ ਚੁੱਕ ਕੇ ਇਹ ਵੇਖਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਇਸ ਬਾਰੇ 'ਚ ਪਾਦਰੀ ਕੀ ਸੋਚ ਰਿਹਾ ਹੋਵੇਗਾ, "ਅਜੇ ਵੀ ਕੁੱਝ ਅਜਿਹੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਦਾ ਮੈਂ ਇਸਤੇਮਾਲ ਕਰਨਾ ਹੈ।"

"ਤੂੰ ਦੂਜੇ ਲੋਕਾਂ ਤੋਂ ਬਹੁਤ ਜ਼ਿਆਦਾ ਮਦਦ ਮੰਗਦਾ ਏਂ," ਪਾਦਰੀ ਨੇ ਉਸ ਅਸਹਿਮਤੀ ਜਤਾਉਂਦੇ ਹੋਏ ਕਿਹਾ, "ਖ਼ਾਸ ਕਰਕੇ ਔਰਤਾਂ ਤੋਂ। ਕੀ ਤੂੰ ਇਹ ਵੀ ਵੇਖ ਨਹੀਂ ਸਕਦਾ ਕਿ ਤੈਨੂੰ ਇਸ ਤਰ੍ਹਾਂ ਦੀ ਮਦਦ ਦੀ ਲੋੜ ਨਹੀ ਹੈ।"

"ਕਈ ਵਾਰ, ਇੱਕ-ਅੱਧ ਵਾਰ, ਮੈਂ ਇਹ ਮੰਨ ਸਕਦਾ ਹਾਂ ਕਿ ਤੁਸੀਂ ਠੀਕ ਕਹਿ ਰਹੇ ਹੋਂ," ਕੇ. ਬੋਲਿਆ, "ਪਰ ਹਮੇਸ਼ਾ ਨਹੀਂ। ਔਰਤਾਂ ਦੇ ਕੋਲ ਅਸੀਮ ਸ਼ਕਤੀ ਹੈ। ਜੇਕਰ ਕੁੱਝ ਇੱਕ ਔਰਤਾਂ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਨੂੰ ਵੀ ਆਪਣੇ ਕੰਮ ਲਈ ਰਾਜ਼ੀ ਕਰ ਲਵਾਂ ਤਾਂ ਹਰ ਹਾਲਤ ਵਿੱਚ ਮੇਰੀ ਜਿੱਤ ਪੱਕੀ ਹੈ। ਖ਼ਾਸ ਕਰਕੇ ਇਸ ਅਦਾਲਤ ਵਿੱਚ, ਜਿੱਥੇ ਲਗਭਗ ਸਾਰੇ ਲੋਕ ਔਰਤਾਂ ਦੇ ਪਿੱਛੇ ਭੱਜਣ ਵਾਲੇ ਹਨ। ਜਾਂਚ ਮੈਜਿਸਟ੍ਰੇਟ ਨੂੰ ਕੁੱਝ ਦੂਰੀ 'ਤੇ ਕਿਸੇ ਔਰਤ ਦੀ ਝਲਕ ਵਿਖਾ ਦੇਣਾ ਹੀ ਕਾਫ਼ੀ ਹੈ ਅਤੇ ਉਹ ਮੇਜ਼ ਉੱਪਰੋਂ ਛਾਲ ਮਾਰੇਗਾ ਅਤੇ ਆਰੋਪੀ ਨੂੰ ਕਹੇਗਾ ਕਿ ਉਸਦੇ ਗਾਇਬ ਹੋਣ ਤੋਂ ਪਹਿਲਾਂ ਉਸ ਔਰਤ ਨੂੰ ਉਸ ਤੱਕ ਪੁਚਾ ਦਿੱਤਾ ਜਾਵੇ," ਪਾਦਰੀ ਨੇ ਆਪਣਾ ਸਿਰ ਜੰਗਲੇ 'ਤੇ ਝੁਕਾ ਦਿੱਤਾ ਜਿਵੇਂ ਕਿ ਉਸ ਉੱਪਰ ਕਟਹਿਰੇ ਦੀ ਛੱਤ ਡਿੱਗ ਪਈ ਹੋਵੇ। ਬਾਹਰ ਮੌਸਮ ਕਿੰਨਾ ਖ਼ਰਾਬ ਹੋਵੇਗਾ? ਇੱਕ ਦਮ ਹਨੇਰਾ ਹੋ ਗਿਆ ਸੀ ਅਤੇ ਦਿਨ ਦੀ ਰੌਸ਼ਨੀ ਖ਼ਤਮ ਹੋ ਗਈ ਸੀ। ਵੱਡੀਆਂ ਖਿੜਕੀਆਂ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਰੌਸ਼ਨੀ ਦਾ ਕੋਈ ਕਤਰਾ ਵੀ ਹਨੇਰੀ ਕੰਧ ਨੂੰ ਛੋਹ ਨਹੀਂ ਰਿਹਾ ਸੀ ਅਤੇ ਇਸ ਵੇਲੇ ਸੇਵਾਦਾਰ ਨੇ ਮੰਚ 'ਤੇ ਇਕ -ਇਕ ਕਰਕੇ ਮੋਮਬੱਤੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ।

"ਕੀ ਤੁਸੀਂ ਮੇਰੇ ਨਾਲ ਨਰਾਜ਼ ਹੋਂ?" ਕੇ. ਨੇ ਪਾਦਰੀ ਤੋਂ ਪੁੱਛਿਆ, "ਸ਼ਾਇਦ ਤੁਹਾਨੂੰ ਇਹ ਅਹਿਸਾਸ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਅਦਾਲਤ ਦੀ ਸੇਵਾ ਕਰਦੇ ਹੋਂ?" ਉਸਨੂੰ ਕੋਈ ਜਵਾਬ ਨਾ ਮਿਲਿਆ, "ਮੈਂ ਤਾਂ ਤੁਹਾਨੂੰ ਸਿਰਫ਼ ਉਹ ਦੱਸ ਰਿਹਾ ਹਾਂ ਜਿਸਦਾ ਮੈਂ ਅਨੁਭਵ ਕੀਤਾ ਹੈ।" ਕੇ. ਨੇ ਕਿਹਾ। ਫ਼ਿਰ ਵੀ ਅੱਗੋਂ ਕੋਈ ਜਵਾਬ ਨਾ ਆਇਆ। ਹੁਣ ਪਾਦਰੀ ਕੇ. ਦੇ ਉੱਪਰ ਚੀਕ ਪਿਆ-

"ਤੂੰ ਆਪਣੀ ਨੱਕ ਦੇ ਦੋ ਇੰਚ ਦੂਰ ਵੀ ਨਹੀਂ ਵੇਖ ਸਕਦਾ।" ਇਹ ਬਹੁਤ ਗੁੱਸੇ ਨਾਲ ਕਿਹਾ ਗਿਆ ਸੀ, ਪਰ ਨਾਲ ਹੀ ਇਹ ਇਕ ਅਜਿਹੇ ਆਦਮੀ ਦੀ ਆਵਾਜ਼ ਦੀ ਤਰ੍ਹਾਂ ਲੱਗ ਰਿਹਾ ਸੀ ਜੋ ਆਪਣੇ ਸਾਹਮਣੇ ਡਿੱਗਦੇ ਕਿਸੇ ਆਦਮੀ ਨੂੰ ਵੇਖ ਰਿਹਾ ਹੋਵੇ, ਅਤੇ ਕਿਉਂਕਿ ਉਹ ਆਪ ਵੀ ਡਰਿਆ ਹੋਵੇ ਇਸ ਲਈ ਬਿਨ੍ਹਾਂ ਗੱਲ ਤੋਂ ਹੀ ਚੀਕੀ ਜਾ ਰਿਹਾ ਹੋਵੇ।

ਦੋਵੇਂ ਕਾਫ਼ੀ ਦੇਰ ਤੱਕ ਕੁੱਝ ਨਹੀਂ ਬੋਲੇ। ਮੰਚ ਦੇ ਹੇਠਾਂ ਇੰਨਾ ਹਨੇਰਾ ਸੀ ਕਿ ਸ਼ਾਇਦ ਪਾਦਰੀ ਚੰਗੀ ਤਰ੍ਹਾਂ ਕੇ. ਨੂੰ ਨਹੀਂ ਵੇਖ ਸਕਦਾ ਸੀ, ਜਦਕਿ ਛੋਟੇ ਲੈਂਪ ਦੇ ਥੋੜ੍ਹੀ ਜਿਹੀ ਰੌਸ਼ਨੀ ਵਿੱਚ ਕੇ. ਉਸਨੂੰ ਵੇਖ ਸਕਦਾ ਸੀ। ਪਾਦਰੀ ਹੇਠਾਂ ਕਿਉਂ ਨਹੀਂ ਆ ਰਿਹਾ? ਬੇਸ਼ੱਕ ਉਸਨੇ ਕੋਈ ਉਪਦੇਸ਼ ਨਹੀ ਦਿੱਤਾ ਸੀ, ਪਰ ਜੋ ਕੁੱਝ ਵੀ ਉਸਨੇ ਕੇ. ਨੂੰ ਕਿਹਾ ਉਸ ਨਾਲ ਉਸਦਾ ਭਲਾ ਹੋਣ ਦੀ ਬਜਾਏ ਬੁਰਾ ਹੋਣ ਦੀ ਵਧੀਕ ਸੰਭਾਵਨਾ ਸੀ, ਜੇਕਰ ਉਹ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਤਾਂ। ਫ਼ਿਰ ਵੀ ਕੇ. ਨੂੰ ਲੱਗ ਰਿਹਾ ਸੀ ਕਿ ਪਾਦਰੀ ਉਸਦੀ ਭਲਾਈ ਕਰਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਉਹ ਸੰਭਾਵਨਾਵਾਂ ਤੋਂ ਪਰੇ ਦੀ ਗੱਲ ਨਹੀਂ ਸੀ, ਕਿ ਜੇਕਰ ਪਾਦਰੀ ਉੱਤਰ ਕੇ ਹੇਠਾਂ ਆ ਗਿਆ ਤਾਂ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਸਹਿਮਤੀ ਹੋ ਸਕਦੀ ਸੀ। ਫ਼ਿਰ ਵੀ ਇਹ ਅਸੰਭਵ ਨਹੀਂ ਸੀ ਕੇ. ਉਸਤੋਂ ਅਤਿ-ਜ਼ਰੂਰੀ ਅਤੇ ਮੰਨੀ ਜਾ ਸਕਣ ਵਾਲੀ ਸਲਾਹ ਹਾਸਿਲ ਕਰ ਲੈਂਦਾ, ਜਿਸ ਨਾਲ ਉਦਾਹਰਨ ਲਈ ਇਹ ਸੰਭਾਵਨਾ ਬਣ ਸਕਦੀ ਸੀ ਕਿ ਮੁਕੱਦਮੇ ਰਾਹ ਵਿੱਚ ਕੋਈ ਬਿਹਤਰ ਬਦਲਾਅ ਹੋ ਜਾਂਦਾ ਜਾਂ ਇਸ ਤੋਂ ਛੁੱਟ ਕੇ, ਬਚ ਕੇ ਅਤੇ ਅਦਾਲਤ ਤੋਂ ਦੂਰ ਹੋਣ ਦੀ ਹੀ ਕੋਈ ਕਾਢ ਨਿਕਲ ਆਉਂਦੀ। ਇਹ ਸੰਭਵ ਸੀ, ਅੱਜ ਕੱਲ੍ਹ ਕੇ. ਇਸ ਬਾਰੇ ਵਿੱਚ ਅਕਸਰ ਸੋਚਦਾ ਸੀ। ਅਤੇ ਜੇਕਰ ਪਾਦਰੀ ਨੂੰ ਅਜਿਹੀ ਸੰਭਾਵਨਾ ਦਾ ਪਤਾ ਸੀ ਤਾਂ ਸ਼ਾਇਦ ਉਸਨੂੰ ਬੇਨਤੀ ਕਰਨ 'ਤੇ ਉਹ ਦੱਸ ਸਕਦਾ ਹੈ, ਜਦਕਿ ਉਸਦਾ ਆਪਣਾ ਸਬੰਧ ਅਦਾਲਤ ਨਾਲ ਹੈ ਅਤੇ ਹਾਲਾਂਕਿ ਉਸਨੇ ਸ਼ਰਾਫ਼ਤ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਪਰ ਜਿਵੇਂ ਹੀ ਕੇ. ਨੇ ਅਦਾਲਤ 'ਤੇ ਹੱਲਾ ਬੋਲਿਆ ਤਾਂ ਉਹ ਵੀ ਚੀਕ ਪਿਆ ਸੀ-

"ਕੀ ਤੁਸੀਂ ਹੇਠਾਂ ਨਹੀਂ ਆਓਂਗੇ?" ਕੇ. ਨੇ ਪੁੱਛਿਆ, "ਅੱਜ ਤੁਸੀਂ ਕੋਈ ਉਪਦੇਸ਼ ਤਾਂ ਨਹੀਂ ਦੇਣਾ ਹੈ, ਇਸ ਲਈ ਹੇਠਾਂ ਆ ਜਾਓ।"

"ਹੁਣ ਮੈਂ ਹੇਠਾਂ ਉੱਤਰ ਸਕਦਾ ਹਾਂ, ਪਾਦਰੀ ਬੋਲਿਆ। ਸ਼ਾਇਦ ਉਸਨੂੰ ਅਫ਼ਸੋਸ ਹੋ ਰਿਹਾ ਸੀ ਕਿ ਉਹ ਉਸ 'ਤੇ ਚੀਕ ਪਿਆ ਸੀ। ਲੈਂਪ ਨੂੰ ਕਿੱਲੀ ਤੋਂ ਹਟਾਉਂਦੇ ਹੋਏ ਉਸਨੇ ਕਿਹਾ-

"ਪਹਿਲਾਂ ਤਾਂ ਮੈਨੂੰ ਤੇਰੇ ਨਾਲ ਦੂਰੋਂ ਹੀ ਗੱਲ ਕਰਨੀ ਪੈਣੀ ਸੀ, ਨਹੀਂ ਤਾਂ ਮੈਂ ਛੇਤੀ ਹੀ ਦੂਜੇ ਤੋਂ ਪ੍ਰਭਾਵਿਤ ਹੋ ਜਾਂਦਾ ਹਾਂ ਅਤੇ ਆਪਣੇ ਫ਼ਰਜ਼ ਨੂੰ ਭੁੱਲ ਜਾਂਦਾ ਹਾਂ।"

ਪੌੜੀਆਂ ਦੇ ਤਲੇ ਵਿੱਚ ਕੇ. ਨੇ ਉਸਦੀ ਉਡੀਕ ਕੀਤੀ। ਜਦੋਂ ਉਹ ਉੱਤਰ ਹੀ ਰਿਹਾ ਸੀ ਤਾਂ ਪਾਦਰੀ ਨੇ ਉੱਤਰਦੇ ਹੋਏ ਹੀ ਆਪਣਾ ਹੱਥ ਕੇ. ਦੇ ਵੱਲ ਵਧਾਇਆ।

"ਕੀ ਤੁਸੀਂ ਕੁੱਝ ਵਕਤ ਮੇਰੇ ਲਈ ਕੱਢ ਸਕਦੇ ਹੋਂ?" ਕੇ. ਨੇ ਪੁੱਛਿਆ।

"ਜਿੰਨਾ ਤੂੰ ਚਾਹੇਂ," ਪਾਦਰੀ ਬੋਲਿਆ ਅਤੇ ਉਹ ਛੋਟਾ ਜਿਹਾ ਲੈਂਪ ਉਸਨੂੰ ਫੜ੍ਹਾ ਦਿੱਤਾ। ਹੁਣ ਹਾਲਾਂਕਿ ਉਹ ਉਸਦੇ ਕਾਫ਼ੀ ਕੋਲ ਸੀ, ਪਰ ਉਸਨੇ ਆਪਣੀ ਪਵਿੱਤਰਤਾ ਦੀ ਕੁੱਝ ਸੀਮਾ ਬਣਾਈ ਰੱਖੀ।

"ਤੁਸੀਂ ਮੇਰੇ ਪ੍ਰਤੀ ਕਾਫ਼ੀ ਦਿਆਲੂ ਹੋਂ," ਜਦੋਂ ਉਹ ਚਰਚ ਦੇ ਹਨੇਰੇ ਭਾਗ ਵਿੱਚ ਨਾਲ-ਨਾਲ ਤੁਰ ਰਹੇ ਸਨ ਤਾਂ ਕੇ. ਨੇ ਕਿਹਾ, "ਅਦਾਲਤ ਨਾਲ ਸਬੰਧ ਰੱਖਣ ਵਾਲੇ ਲੋਕਾਂ ਤੋਂ ਬਿਲਕੁਲ ਵੱਖਰਾ ਏਂ। ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵਧੇਰੇ ਭਰੋਸਾ ਮੈਨੂੰ ਤੇਰੇ 'ਤੇ ਹੈ, ਜਦਕਿ ਉਨ੍ਹਾਂ ਵਿੱਚੋਂ ਮੈਂ ਕਈਆਂ ਨੂੰ ਜਾਣਦਾ ਹਾਂ। ਮੈਂ ਆਜ਼ਾਦੀ ਨਾਲ ਆਪਣੀ ਗੱਲ ਕਹਿ ਸਕਦਾ ਹਾਂ।"

"ਆਪਣੇ ਆਪ ਨੂੰ ਭੁਲੇਖੇ ਵਿੱਚ ਨਾ ਰੱਖ," ਪਾਦਰੀ ਬੋਲਿਆ।

"ਮੈਂ ਖ਼ੁਦ ਨੂੰ ਭੁਲੇਖੇ ਵਿੱਚ ਕਿਵੇਂ ਰੱਖ ਸਕਦਾ ਹਾਂ? " ਕੇ. ਨੇ ਪੁੱਛਿਆ।

"ਤੂੰ ਅਦਾਲਤ ਨੂੰ ਲੈ ਕੇ ਭੁਲੇਖੇ ਵਿੱਚ ਏਂ, ਪਾਦਰੀ ਨੇ ਜਵਾਬ ਦਿੱਤਾ, "ਕਾਨੂੰਨ ਦੀਆਂ ਆਰੰਭਿਕ ਲਿਖਤਾਂ ਵਿੱਚ ਇਸੇ ਭੁਲੇਖੇ ਬਾਰੇ ਕਿਹਾ ਗਿਆ ਹੈ ਕਿ ਕਾਨੂੰਨ ਤੋਂ ਪਹਿਲਾਂ ਇੱਕ ਦਰਬਾਨ ਖੜ੍ਹਾ ਹੁੰਦਾ ਹੈ। ਪਿੰਡ ਦਾ ਇੱਕ ਆਦਮੀ ਇਸ ਦਰਬਾਨ ਤੋਂ ਅੰਦਰ ਜਾਣ ਦੀ ਇਜਾਜ਼ਤ ਮੰਗਦਾ ਹੈ ਪਰ ਦਰਬਾਨ ਕਹਿੰਦਾ ਹੈ ਕਿ ਉਹ ਇਸ ਸਮੇਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦਾ। ਉਹ ਵਿਅਕਤੀ ਇਸ 'ਤੇ ਵਿਚਾਰ ਕਰਦਾ ਹੈ ਅਤੇ ਫ਼ਿਰ ਪੁੱਛਦਾ ਹੈ ਕਿ ਕੀ ਉਸਨੂੰ ਮਗਰੋਂ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। "ਹੋ ਸਕਦਾ ਹੈ," ਦਰਬਾਨ ਜਵਾਬ ਦਿੰਦਾ ਹੈ, "ਪਰ ਇਸ ਸਮੇਂ ਬਿਲਕੁਲ ਨਹੀਂ।" ਕਿਉਂਕਿ ਕਾਨੂੰਨ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ ਅਤੇ ਦਰਬਾਨ ਅੰਦਰ ਚਲਿਆ ਜਾਂਦਾ ਹੈ। ਇਸ ਲਈ ਉਹ ਆਦਮੀ ਝੁਕ ਕੇ ਦਰਵਾਜ਼ੇ ਦੇ ਅੰਦਰ ਵੇਖਦਾ ਹੈ। ਉਸਨੂੰ ਅਜਿਹਾ ਕਰਦੇ ਹੋਏ ਵੇਖ ਕੇ ਦਰਬਾਨ ਹੱਸ ਕੇ ਕਹਿੰਦਾ ਹੈ, "ਜੇਕਰ ਤੈਨੂੰ ਇਹ ਐਨਾ ਖਿੱਚ ਰਿਹਾ ਹੈ ਤਾਂ ਜਾ ਅਤੇ ਮੇਰੀ ਆਗਿਆ ਦੇ ਬਿਨ੍ਹਾਂ ਅੰਦਰ ਵੜਨ ਦੀ ਕੋਸ਼ਿਸ਼ ਕਰ। ਪਰ ਇਹ ਹਮੇਸ਼ਾ ਧਿਆਨ ਰੱਖੀਂ ਕਿ ਮੈਂ ਤਾਕਤਵਰ ਹਾਂ ਅਤੇ ਇਹ ਵੀ ਕਿ ਮੈਂ ਸਭ ਤੋਂ ਛੋਟਾ ਦਰਬਾਨ ਹਾਂ। ਹਾਲ ਦੇ ਹਰ ਬੂਹੇ ਉੱਤੇ ਤੈਨੂੰ ਦਰਬਾਨ ਮਿਲੇਗਾ ਜਿਹੜਾ ਪਿਛਲੇ ਦਰਬਾਨ ਤੋਂ ਹੋਰ ਵਧੇਰੇ ਤਾਕਤਵਰ ਹੋਵੇਗਾ। ਇੱਥੋਂ ਤੱਕ ਕਿ ਆਪਣੇ ਆਪ ਤੋਂ ਤੀਜੀ ਥਾਂ 'ਤੇ ਬੈਠੇ ਦਰਬਾਨ ਨੂੰ ਵੇਖ ਸਕਣ ਦੀ ਹਿੰਮਤ ਮੇਰੇ ਵਿੱਚ ਵੀ ਨਹੀਂ ਹੈ। ਪਿੰਡ ਤੋਂ ਆਏ ਉਸ ਆਦਮੀ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਪਤਾ ਨਹੀਂ ਸੀ, ਕਿਉਂਕਿ ਉਹ ਤਾਂ ਸੋਚਦਾ ਸੀ ਕਿ ਕਾਨੂੰਨ ਹਰ ਆਦਮੀ ਨੂੰ ਹਰ ਵੇਲੇ ਉਪਲਬਧ ਹੁੰਦਾ ਹੈ, ਪਰ ਜਦੋਂ ਉਸਨੇ ਗੌਰ ਨਾਲ ਫ਼ਰ ਵਾਲੇ ਕੋਟ ਵਿੱਚ ਲਿਪਟੇ ਹੋਏ ਉਸ ਚੌਂਕੀਦਾਰ ਨੂੰ ਵੇਖਿਆ, ਉਸਦੀ ਵੱਡੇ ਨੱਕ ਅਤੇ ਪਤਲੀ ਕਾਲੀ ਦਾੜ੍ਹੀ 'ਤੇ ਨਿਗ੍ਹਾ ਮਾਰੀ ਤਾਂ ਉਸਨੇ ਫ਼ੈਸਲਾ ਕੀਤਾ ਕਿ ਉਸਦੀ ਇਜਾਜ਼ਤ ਬਿਨ੍ਹਾਂ ਉਹ ਅੰਦਰ ਨਹੀਂ ਜਾਵੇਗਾ। ਦਰਬਾਨ ਨੇ ਉਸਨੂੰ ਇੱਕ ਸਟੂਲ ਦੇ ਦਿੱਤਾ ਅਤੇ ਦਰਵਾਜ਼ੇ ਦੇ ਇੱਕ ਪਾਸੇ ਬੈਠਣ ਲਈ ਕਿਹਾ। ਉਹ ਉੱਥੇ ਕਈ ਦਿਨਾਂ, ਕਈ ਸਾਲਾਂ ਤੋਂ ਲਗਾਤਾਰ ਬੈਠ ਰਿਹਾ ਹੈ। ਕਈ ਵਾਰ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦਰਬਾਨ ਦੇ ਅੱਗੇ ਇਜਾਜ਼ਤ ਦੀ ਭੀਖ ਮੰਗਦਾ ਹੈ। ਕਈ ਵਾਰ ਦਰਬਾਨ ਉਸਦੀ ਗੱਲਾਂ-ਗੱਲਾਂ ਵਿੱਚ ਜਾਂਚ-ਪੜਤਾਲ ਕਰ ਲੈਂਦਾ ਹੈ। ਉਹ ਉਸਦੇ ਘਰ ਅਤੇ ਹੋਰ ਦੂਜੀਆਂ ਚੀਜ਼ਾਂ ਬਾਰੇ ਪੁੱਛਦਾ ਹੈ, ਪਰ ਇਹ ਤਾਂ ਉਨ੍ਹਾਂ ਉਦਾਸੀਨ ਸਵਾਲਾਂ ਜਿਹੇ ਹਨ, ਜਿਹੜੇ ਕਿ ਅਕਸਰ ਵੱਡੇ ਮਹਾਨ ਲੋਕ ਪੁੱਛਦੇ ਹਨ, ਪਰ ਸਭ ਗੱਲਾਂ ਦਾ ਇਹੀ ਨਤੀਜਾ ਨਿਕਲਦਾ ਹੈ ਕਿ ਦਰਬਾਨ ਉਸਨੂੰ ਫ਼ਿਲਹਾਲ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਹ ਪੇਂਡੂ ਆਦਮੀ, ਜਿਹੜਾ ਆਪਣੇ ਨਾਲ ਕਈ ਵਸਤਾਂ ਬੰਨ੍ਹ ਕੇ ਸਫ਼ਰ ਤੇ ਨਿਕਲਿਆ ਸੀ, ਹਰ ਕੀਮਤੀ ਤੋਂ ਕੀਮਤੀ ਚੀਜ਼ ਦਾ ਇਸਤੇਮਾਲ ਦਰਬਾਨ ਨੂੰ ਰਿਸ਼ਵਤ ਦੇਣ ਲਈ ਕਰਦਾ ਹੈ, ਜਿਹੜੀ ਉਸਦੇ ਦੁਆਰਾ ਲੈ ਵੀ ਲਈ ਜਾਂਦੀ ਹੈ। ਉਨ੍ਹਾਂ ਨੂੰ ਲੈਂਦਿਆਂ ਵੇਲੇ ਉਹ ਕਹਿੰਦਾ ਹੈ-"ਮੈਂ ਇਹ ਸਭ ਇਸ ਲਈ ਲੈ ਰਿਹਾ ਹਾਂ ਤਾਂ ਕਿ ਤੈਨੂੰ ਇਹ ਨਾ ਲੱਗੇ ਕਿ ਤੂੰ ਕਿਸੇ ਤਰ੍ਹਾਂ ਦੀ ਕੋਸ਼ਿਸ਼ ਤੋਂ ਵਾਂਝਾ ਰਹਿ ਗਿਆ ਏਂ।"

ਇਨ੍ਹਾਂ ਸਾਰੇ ਵਰ੍ਹਿਆਂ ਵਿੱਚ ਉਹ ਆਦਮੀ ਸਾਵਧਾਨੀ ਨਾਲ ਇਸ ਚੌਕੀਦਾਰ ਨੂੰ ਵੇਖਦਾ ਰਿਹਾ ਹੈ। ਉਹ ਦੂਜੇ ਦਰਬਾਨਾਂ ਦੇ ਬਾਰੇ ਭੁੱਲ ਚੁੱਕਾ ਹੈ। ਉਸਨੂੰ ਲੱਗਦਾ ਹੈ ਕਿ ਉਸਦੇ ਅਤੇ ਕਾਨੂੰਨ ਦੇ ਵਿਚਾਲੇ ਸਿਰਫ਼ ਇਹੀ ਦਰਬਾਨ ਅੜਿੱਕਾ ਬਣ ਕੇ ਖੜ੍ਹਾ ਹੈ। ਸ਼ੁਰੂਆਤੀ ਵਰਿਆਂ ਵਿੱਚ ਤਾਂ ਉਹ ਇਸ ਦੁਰਭਾਗ ਨੂੰ ਪੁਰਜ਼ੋਰ ਤਰੀਕੇ ਨਾਲ ਕੋਸਦਾ ਹੈ ਅਤੇ ਪਿੱਛੋਂ ਜਦੋਂ ਉਹ ਬੁੱਢਾ ਹੋ ਗਿਆ ਤਾਂ ਆਪਣੇ ਆਪ ਨਾਲ ਹੀ ਉਹ ਇਸ ਬਾਰੇ ਫੁਸਫੁਸਾਉਂਦਾ ਰਹਿੰਦਾ ਹੈ। ਉਹ ਬਚਕਾਨਾ ਹਰਕਤਾਂ ਕਰਨ ਲੱਗਦਾ ਹੈ, ਅਤੇ ਕਿਉਂਕਿ ਉਹ ਇਸ ਦਰਬਾਨ ਨੂੰ ਵਰ੍ਹਿਆਂ ਤੋਂ ਵੇਖਦਾ ਚਲਿਆ ਆ ਰਿਹਾ ਹੈ ਕਿ ਉਸਦੇ ਫ਼ਰ ਦੇ ਕੋਟ ਵਿੱਚ ਵੜੀਆਂ ਹੋਈਆਂ ਮੱਖੀਆਂ ਤੱਕ ਨੂੰ ਪਛਾਣ ਲੈਂਦਾ ਹੈ। ਉਹ ਵਿਚਾਰ ਇਨ੍ਹਾਂ ਮੱਖੀਆਂ ਨੂੰ ਗੁਜ਼ਾਰਿਸ਼ ਕਰਨ ਲੱਗਦਾ ਹੈ ਕਿ ਉਸਦੇ ਦੁਆਲੇ ਹਨੇਰਾ ਫੈਲ ਰਿਹਾ ਹੈ ਜਾਂ ਉਸਦੀਆਂ ਅੱਖਾਂ ਉਸਨੂੰ ਧੋਖਾ ਦੇ ਰਹੀਆਂ ਹਨ। ਪਰ ਹੁਣ ਕਾਨੂੰਨ ਦਰਵਾਜ਼ੇ ਦੇ ਅੱਗੇ ਫੈਲੇ ਹਨੇਰੇ ਵਿੱਚ ਰੌਸ਼ਨੀ ਫੈਲਣ ਜਿਹਾ ਕੁੱਝ ਮਹਿਸੂਸ ਹੁੰਦਾ ਹੈ। ਉਹ ਜ਼ਿਆਦਾ ਦੇਰ ਤੱਕ ਜਿਉਂਦਾ ਰਹਿਣ ਵਾਲਾ ਨਹੀਂ ਹੈ। ਮਰਨ ਤੋਂ ਪਹਿਲਾਂ ਉਸਦੇ ਤਜਰਬੇ ਜੋ ਉਸਨੇ ਇਸ ਲੰਮੇ ਇੰਤਜ਼ਾਰ ਵਿੱਚੋਂ ਹਾਸਿਲ ਕੀਤੇ ਹਨ, ਉਸਦੇ ਦਿਮਾਗ ਵਿੱਚ ਇੱਕਠੇ ਹੋ ਜਾਂਦੇ ਹਨ ਅਤੇ ਇੱਕ ਸਵਾਲ ਬਣ ਕੇ ਗਰਜਦੇ ਹਨ। ਹੁਣ ਕਿਉਂਕਿ ਉਹ ਆਪਣੇ ਕਮਜ਼ੋਰ ਸਰੀਰ ਨੂੰ ਝੁਕਾ ਨਹੀਂ ਸਕਦਾ, ਤਾਂ ਉਹ ਇਸ਼ਾਰਿਆਂ ਨਾਲ ਉਸਨੂੰ ਆਪਣੇ ਕੋਲ ਬੁਲਾਉਂਦਾ ਹੈ। ਹੁਣ ਦਰਬਾਨ ਨੂੰ ਉਸਦੇ ਕੋਲ ਕਾਫ਼ੀ ਝੁਕਣਾ ਪੈਂਦਾ ਹੈ, ਕਿਉਂਕਿ ਉਨ੍ਹਾਂ ਦੋਵਾਂ ਵਿੱਚੋਂ ਉਸ ਪੇਂਡੂ ਦਾ ਕੱਦ ਉਸਦੇ ਦੁਰਭਾਗ ਕਾਰਨ ਕਾਫ਼ੀ ਨੀਵਾਂ ਰਹਿ ਗਿਆ ਹੈ।

"ਤਾਂ ਹੁਣ ਤੇਰੇ ਜਾਣਨ ਲਈ ਕੀ ਬਾਕੀ ਰਹਿ ਗਿਆ ਹੈ?" ਦਰਬਾਨ ਉਸਤੋਂ ਪੁੱਛਦਾ ਹੈ। "ਤੂੰ ਕਦੇ ਸੰਤੁਸ਼ਟ ਨਹੀ ਹੋ ਸਕਦਾ।" "ਹਰ ਕੋਈ ਕਾਨੂੰਨ ਦੇ ਪ੍ਰਤੀ ਸੰਘਰਸ਼ ਕਰ ਰਿਹਾ ਹੈ", ਉਹ ਆਦਮੀ ਕਹਿੰਦਾ ਹੈ, "ਪਰ ਇੰਨੇ ਸਾਲਾਂ ਵਿੱਚ ਮੇਰੇ ਬਿਨ੍ਹਾਂ ਕਿਸੇ ਵੀ ਆਦਮੀ ਨੇ ਅੰਦਰ ਜਾਣ ਲਈ ਨਹੀਂ ਕਿਹਾ?" ਹੁਣ ਦਰਬਾਨ ਨੂੰ ਅਹਿਸਾਸ ਹੋ ਗਿਆ ਸੀ ਕਿ ਇਸ ਆਦਮੀ ਦਾ ਅੰਤ ਨੇੜੇ ਹੈ ਅਤੇ ਉਸਦੀ ਸੁਣਨ ਸ਼ਕਤੀ ਘੱਟਦੀ ਜਾ ਰਹੀ ਹੈ, ਅਤੇ ਆਪਣੇ ਆਪ ਨੂੰ ਸੁਣਾਉਣ ਦੇ ਲਈ ਉਹ ਉਸ 'ਤੇ ਗਰਜ ਪੈਂਦਾ ਹੈ- "ਕੋਈ ਦੂਜਾ ਆਦਮੀ ਇੱਥੋਂ ਅੰਦਰ ਦਾਖਲ ਨਹੀ ਹੋ ਸਕਦਾ, ਕਿਉਂਕਿ ਇਹ ਦਰਵਾਜ਼ਾ ਸਿਰਫ਼ ਤੇਰੇ ਲਈ ਹੀ ਬਣਾਇਆ ਗਿਆ ਸੀ। ਹੁਣ ਮੈਂ ਇਸਨੂੰ ਜਾ ਕੇ ਬੰਦ ਕਰ ਦਿੰਦਾ ਹਾਂ।"

"ਫ਼ਿਰ ਤਾਂ ਦਰਬਾਨ ਨੇ ਉਸ ਵਿਚਾਰੇ ਨੂੰ ਧੋਖਾ ਦਿੱਤਾ," ਇਸ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋ ਕੇ ਕੇ. ਨੇ ਕਾਹਲ ਨਾਲ ਪੁੱਛਿਆ।

"ਜ਼ਿਆਦਾ ਜਲਦਬਾਜ਼ੀ ਨਾ ਕਰ", ਪਾਦਰੀ ਬੋਲਿਆ, "ਬਿਨ੍ਹਾਂ ਪਰੀਖਣ ਕੀਤੇ ਕਿਸੇ ਦੂਜੇ ਦੇ ਵਿਚਾਰ ਨੂੰ ਨਾ ਮੰਨ। ਮੈਂ ਤਾਂ ਤੈਨੂੰ ਇਹ ਕਹਾਣੀ ਬਿਲਕੁਲ ਉਸ ਤਰ੍ਹਾਂ ਹੀ ਸੁਣਾ ਦਿੱਤੀ ਜਿਵੇਂ ਕਿ ਇਹ ਦਰਜ ਹੈ। ਇਹ ਧੋਖੇ ਦੇ ਬਾਰੇ ਵਿੱਚ ਕੁੱਝ ਨਹੀਂ ਕਹਿੰਦੀ।"

"ਪਰ ਇਹ ਤਾਂ ਸਾਫ਼ ਵਿਖਾਈ ਦੇ ਰਿਹਾ ਹੈ," ਕੇ. ਨੇ ਕਿਹਾ, "ਅਤੇ ਤੁਹਾਡੀ ਪਹਿਲੀ ਵਿਆਖਿਆ ਬਿਲਕੁਲ ਸਹੀ ਸੀ। ਦਰਬਾਨ ਦੇ ਉਦੋਂ ਤੱਕ ਮੁਕਤੀ ਦਾ ਸੰਦੇਸ਼ ਨਹੀਂ ਦਿੱਤਾ ਸੀ ਜਦੋਂ ਤੱਕ ਇਹ ਉਸ ਆਦਮੀ ਦੀ ਮਦਦ ਨਾ ਕਰ ਸਕਦਾ।"

"ਪਰ ਉਦੋਂ ਤੱਕ ਉਸਨੂੰ ਪੁੱਛਿਆ ਵੀ ਨਹੀਂ ਗਿਆ ਸੀ, ਪਾਦਰੀ ਨੇ ਕਿਹਾ, "ਅਤੇ ਇਹ ਨਾ ਭੁੱਲ ਕਿ ਉਹ ਤਾਂ ਵਿਚਾਰਾ ਦਰਬਾਨ ਹੀ ਸੀ ਅਤੇ ਇੱਕ ਲਿਹਾਜ ਨਾਲ ਤਾਂ ਉਹ ਆਪਣਾ ਕਰਤੱਵ ਹੀ ਨਿਭਾ ਰਿਹਾ ਸੀ।"

ਤੁਸੀਂ ਅਜਿਹਾ ਕਿਉਂ ਸੋਚ ਰਹੇ ਹੋਂ ਕਿ ਉਸਨੇ ਆਪਣਾ ਕਰਤੱਵ ਨਿਭਾਇਆ?" ਕੇ. ਨੇ ਪੁੱਛਿਆ, "ਉਸ ਨੇ ਇਸ ਨੂੰ ਨਿਭਾਇਆ ਕਿੱਥੇ ਸੀ? ਉੱਥੇ ਆਉਣ ਵਾਲੇ ਅਣਜਾਣਾਂ ਨੂੰ ਹਟਾਉਣਾ ਤਾਂ ਉਸਦਾ ਕਰਤੱਵ ਜ਼ਰੂਰ ਸੀ, ਪਰ ਇਹ ਦਾਖਲਾ ਤਾਂ ਉਸ ਆਦਮੀ ਲਈ ਬਣਿਆ ਸੀ ਅਤੇ ਉਸਨੂੰ ਜਾਣ ਦੇਣਾ ਚਾਹੀਦਾ ਸੀ।"

"ਜੋ ਕੁੱਝ ਲਿਖਿਆ ਹੈ ਤੂੰ ਉਸਦੇ ਪ੍ਰਤੀ ਪੂਰਾ ਸਤਿਕਾਰ ਨਹੀਂ ਵਿਖਾ ਰਿਹਾ ਅਤੇ ਪੂਰੀ ਕਹਾਣੀ ਨੂੰ ਹੀ ਬਦਲ ਰਿਹਾ ਏ," ਪਾਦਰੀ ਨੇ ਕਿਹਾ, "ਇਸ ਕਹਾਣੀ ਵਿੱਚ ਕਾਨੂੰਨ ਦਾ ਦਾਖਲੇ ਦੇ ਪ੍ਰਤੀ ਦਰਬਾਨ ਦੇ ਦੋ ਪ੍ਰਮੁੱਖ ਬਿਆਨ ਹਨ-ਇੱਕ ਸ਼ੁਰੂਆਤ ਵਿੱਚ ਦੂਜੀ ਅੰਤ ਵਿੱਚ। ਇੱਕ ਜਗ੍ਹਾ ਤਾਂ ਉਹ ਕਹਿੰਦਾ ਹੈ ਕਿ ਉਹ ਦਾਖਲਾ ਠੀਕ ਇਸ ਸਮੇਂ ਨਹੀਂ ਦੇ ਸਕਦਾ, ਅਤੇ ਦੂਜਾ ਉਹ ਇਹ ਕਹਿੰਦਾ ਹੈ ਕਿ ਇਹ ਦਰਵਾਜ਼ਾ ਸਿਰਫ਼ ਉਸੇ ਲਈ ਹੀ ਸੀ। ਹੁਣ ਜੇਕਰ ਇਨ੍ਹਾਂ ਦੋ ਬਿਆਨਾਂ ਵਿੱਚ ਕੋਈ ਵਿਰੋਧਤਾ ਹੁੰਦੀ ਤਾਂ ਤੇਰੀ ਗੱਲ ਸਹੀ ਹੋ ਸਕਦੀ ਸੀ ਅਤੇ ਫ਼ਿਰ ਕਿਹਾ ਜਾ ਸਕਦਾ ਸੀ ਕਿ ਦਰਬਾਨ ਨੇ ਉਸ ਪੇਂਡੂ ਨੂੰ ਧੋਖਾ ਦਿੱਤਾ ਸੀ। ਪਰ ਕਿਤੇ ਵੀ ਅਜਿਹੀ ਵਿਰੋਧਤਾ ਨਹੀਂ ਹੈ, ਜਦਕਿ ਇਸਦੇ ਬਿਲਕੁਲ ਠੀਕ ਉਲਟ ਪਹਿਲੇ ਬਿਆਨ ਵਿੱਚ ਦੂਜੇ ਦੇ ਵੱਲ ਲੈ ਕੇ ਜਾ ਰਿਹਾ ਹੈ। ਬੇਸ਼ੱਕ ਇਹ ਕਿਹਾ ਜਾ ਸਕਦਾ ਹੈ ਕਿ ਦਰਬਾਨ ਨੇ ਆਪਣੇ ਕਰਤੱਵ ਦੀ ਉਲੰਘਣਾ ਕੀਤੀ ਹੈ ਕਿ ਉਸ ਨੇ ਮੰਨਿਆ ਕਿ ਭਵਿੱਖ ਵਿੱਚ ਉਸਨੂੰ ਦਾਖਲ ਹੋਣ ਦੇ ਦਿੱਤਾ ਜਾਵੇਗਾ। ਉਸ ਸਮੇਂ ਤਾਂ ਦਰਬਾਨ ਦਾ ਸਿਰਫ਼ ਇਹੀ ਕਰਤੱਵ ਸੀ ਕਿ ਉਹ ਉਸਨੂੰ ਪਰ੍ਹਾਂ ਧੱਕ ਦਿੰਦਾ, ਅਤੇ ਅਸਲ ਵਿੱਚ ਕਈ ਆਲੋਚਕ ਹੈਰਾਨੀ ਨਾਲ ਭਰੇ ਹੋਏ ਹਨ ਕਿ ਅਜਿਹੀ ਸੰਭਾਵਨਾ ਦਾ ਇਸ਼ਾਰਾ ਦਰਬਾਨ ਨੇ ਦੇ ਦਿੱਤਾ, ਕਿਉਂਕਿ ਉਨ੍ਹਾਂ ਨੂੰ ਇਹ ਯਥਾਰਥ ਦੇ ਪ੍ਰਤੀ ਬਹੁਤ ਬਾਰੀਕੀਆਂ ’ਤੇ ਧਿਆਨ ਦੇਣ ਵਾਲਾ ਅਤੇ ਆਪਣੇ ਕਰਤੱਵ ਦੇ ਪ੍ਰਤੀ ਬਹੁਤ ਇਮਾਨਦਾਰ ਲੱਗਦਾ ਸੀ। ਉਨ੍ਹਾਂ ਸਾਰੇ ਸਾਲਾਂ ਵਿੱਚ ਉਸਨੇ ਆਪਣੀ ਨੌਕਰੀ ਛੱਡੀ ਨਹੀਂ ਸੀ ਅਤੇ ਅੰਤਿਮ ਛਿਣ ਤੱਕ ਉਸਨੇ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਵੀ ਨਹੀਂ ਕੀਤਾ। ਉਹ ਆਪਣੇ ਕੰਮ ਦੇ ਪ੍ਰਤੀ ਬਹੁਤ ਵਫ਼ਾਦਾਰ ਸੀ ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਤਾਕਤਵਰ ਹਾਂ ਅਤੇ ਆਪਣੇ ਤੋਂ ਉੱਪਰ ਵਾਲਿਆਂ ਪ੍ਰਤੀ ਉਸਦੇ ਦਿਲ ਵਿੱਚ ਸਤਿਕਾਰ ਹੈ, ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਸਭ ਤੋਂ ਛੋਟੇ ਦਰਜੇ ਦਾ ਚੌਕੀਦਾਰ ਹਾਂ। ਉਹ ਬਹੁਤਾ ਗਾਲੜ੍ਹੀ ਨਹੀਂ ਹੈ, ਕਿਉਂਕਿ ਕਹਾਣੀ ਕਹਿੰਦੀ ਹੈ ਕਿ ਇਨ੍ਹਾਂ ਸਾਰੇ ਸਾਲਾਂ ਵਿੱਚ ਉਸਨੇ ਸਿਰਫ਼ 'ਉਦਾਸੀਨ ਸਵਾਲ' ਹੀ ਕੀਤੇ। ਉਸਨੂੰ ਰਿਸ਼ਵਤ ਵੀ ਨਹੀਂ ਦਿੱਤੀ ਜਾ ਸਕੀ ਕਿਉਂਕਿ ਜਦੋਂ ਉਸਨੇ ਕੋਈ ਤੋਹਫ਼ਾ ਸਵੀਕਾਰ ਕੀਤਾ ਤਾਂ ਬੋਲਿਆ, "ਮੈਂ ਇਹ ਸਿਰਫ਼ ਇਸ ਲਈ ਲੈ ਰਿਹਾ ਹਾਂ ਤਾਂਕਿ ਤੈਨੂੰ ਇਹ ਨਾ ਲੱਗੇ ਕਿ ਤੇਰੇ ਤੋਂ ਮਿਹਨਤ ਵਿੱਚ ਕੋਈ ਘਾਟ ਰਹਿ ਹੈ।" ਜਿੱਥੋਂ ਤੱਕ ਆਪਣਾ ਕਰਤੱਵ ਨਿਭਾਉਣ ਦਾ ਸਵਾਲ ਹੈ, ਤਾਂ ਨਾ ਹੀ ਅਫ਼ਸੋਸ ਅਤੇ ਨਾ ਹੀ ਤਰਸ ਦੀ ਹਾਲਤ ਵਿੱਚ ਆਉਂਦਾ ਹੈ, ਜਦੋਂ ਕਹਾਣੀ ਵਿੱਚ ਆਦਮੀ "ਆਪਣੀਆਂ ਬੇਨਤੀਆਂ ਨਾਲ ਦਰਬਾਨ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ।" ਅਤੇ ਇਸ ਤੋਂ ਇਲਾਵਾ ਆਪਣੀ ਬਾਹਰੀ ਦਿੱਖ ਤੋਂ ਵੀ ਉਹ ਪੂਰੀ ਤਰ੍ਹਾਂ ਇਕ ਰੂੜ੍ਹੀਵਾਦੀ ਸ਼ਖ਼ਸ ਲੱਗਦਾ ਹੈ, ਉਸਦਾ ਲੰਮਾ ਤਿੱਖਾ ਨੱਕ ਅਤੇ ਪਤਲੀ ਕਾਲੀ ਦਾੜ੍ਹੀ ਏਸੇ ਨੂੰ ਦਰਸਾਉਂਦਾ ਹੈ। ਕੀ ਇਸ ਤੋਂ ਆਗਿਆਕਾਰ ਦਰਬਾਨ ਤੁਹਾਨੂੰ ਮਿਲ ਸਕਦਾ ਹੈ? ਪਰ ਦਰਬਾਨ ਦਾ ਚਰਿੱਤਰ ਤਾਂ ਅਨੇਕ ਤੱਤਾਂ ਮਿਲ ਕੇ ਤੋਂ ਬਣਿਆ ਹੋਇਆ ਹੈ ਜਿਹੜਾ ਅੰਦਰ ਦਾਖਲ ਹੋਣ ਦੀ ਕਾਮਨਾ ਰੱਖਣ ਵਾਲੇ ਲੋਕਾਂ ਦੇ ਲਈ ਸਹਾਇਕ ਵਿਖਾਈ ਦਿੰਦਾ ਹੈ ਅਤੇ ਜਿਸ ਤੋਂ ਹੀ ਅੰਦਾਜ਼ਾ ਵੀ ਮਿਲਦਾ ਹੈ ਕਿ ਉਹ ਭਵਿੱਖ ਵਿੱਚ ਅੰਦਰ ਜਾਣ ਦੇ ਲਈ ਕਿਸੇ ਦੀ ਮਦਦ ਕਰਦਾ ਆਪਣੇ ਕਰਤੱਵ ਤੋਂ ਵੀ ਅੱਗੇ ਨਿਕਲ ਸਕਦਾ ਹੈ। ਕਿਉਂਕਿ ਇਸਦਾ ਖੰਡਨ ਨਹੀਂ ਹੋ ਸਕਦਾ ਕਿ ਉਹ ਇੱਕ ਸਾਧਾਰਨ ਬੁੱਧੀ ਵਾਲਾ ਆਦਮੀ ਹੈ ਅਤੇ ਇਸ ਤਰ੍ਹਾਂ ਥੋੜ੍ਹਾ ਘਮੰਡੀ ਵੀ ਹੈ। ਇੱਥੋਂ ਤੱਕ ਕਿ ਆਪਣੀ ਤਾਕਤ ਅਤੇ ਦੂਜੇ ਦਰਬਾਨਾਂ ਦੀ ਤਾਕਤ ਦੇ ਸਬੰਧ ਵਿੱਚ ਉਸਦੀਆਂ ਟਿੱਪਣੀਆਂ ਅਤੇ ਉਨ੍ਹਾਂ ਨੂੰ ਨਿਭਾਉਣ ਦੀ ਉਸਦੀ ਸਮਰੱਥਾ, ਮੈਂ ਜਾਣਦਾ ਹਾਂ ਕਿ ਜੇ ਉਹ ਜ਼ਰੂਰੀ ਤੌਰ 'ਤੇ ਸਹੀ ਵੀ ਹੋਣ ਤਾਂ ਵੀ ਉਹ ਜਿਸ ਢੰਗ ਨਾਲ ਉਨ੍ਹਾਂ ਨੂੰ ਕਹਿੰਦਾ ਹੈ, ਤੋਂ ਇਹੀ ਜਾਪਦਾ ਹੈ ਕਿ ਉਸ ਵਿੱਚ ਸਾਧਾਰਨ ਬੁੱਧੀ ਹੋਣ ਦੇ ਨਾਲ-ਨਾਲ ਕਰੂਰਤਾ ਦਾ ਵੀ ਸ਼ਾਮਿਲ ਹੈ। ਟਿੱਪਣੀਕਾਰ ਕਹਿੰਦੇ ਹਨ-ਕਿਸੇ ਵੀ ਵਿਸ਼ੇ ਦੀ ਸਹੀ ਵਿਆਖਿਆ ਅਤੇ ਉਸਨੂੰ ਗ਼ਲਤ ਸਮਝਣ ਦੀ ਉਸਦੀ ਸਮਰੱਥਾ ਨੂੰ ਇੱਕ -ਦੂਜੇ ਤੋਂ ਖਾਰਿਜ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਕੀਮਤ ਇਹ ਮੰਨਿਆ ਜਾ ਸਕਦਾ ਹੈ ਕਿ ਸਾਧਾਰਨ ਬੁੱਧੀ ਅਤੇ ਕਰੂਰਤਾ, ਉਹ ਚਾਹੇ ਆਪਸ ਵਿੱਚ ਕਿੰਨੇ ਹੀ ਸੂਖਮ ਢੰਗ ਨਾਲ ਕਿਉਂ ਨਾ ਜੁੜੇ ਹੋਣ, ਅਸਲ ਵਿੱਚ ਦਰਬਾਨ ਦੇ ਚਰਿੱਤਰ ਦੀਆਂ ਕਮੀਆਂ ਹਨ ਅਤੇ ਉਸਦੇ ਕਰਤੱਵ ਨੂੰ ਕਮਜ਼ੋਰ ਕਰਦੇ ਹਨ। ਇਹ ਵੀ ਜੋੜਿਆ ਜਾ ਸਕਦਾ ਹੈ ਕਿ ਉਹ ਦੋਸਤਾਨਾ ਰਵੱਈਆ ਰੱਖਦਾ ਜਾਪਦਾ ਹੈ, ਅਤੇ ਕਿਸੇ ਨਜ਼ਰੀਏ ਤੋਂ ਹਮੇਸ਼ਾ ਆਪਣੇ ਤੈਅ ਕਰੱਤਵ ਨੂੰ ਕਰਦਾ ਨਹੀਂ ਲੱਗਦਾ। ਸ਼ੁਰੂਆਤੀ ਪਲਾਂ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਉਹ ਮਜ਼ਾਕੀਆ ਢੰਗ ਨਾਲ ਉਸਨੂੰ ਅੰਦਰ ਦਾਖਲ ਹੋਣ ਦਾ ਸੱਦਾ ਦਿੰਦਾ ਹੈ, ਜਦਕਿ ਹਰੇਕ ਦਾਖਲੇ 'ਤੇ ਪੂਰੀ ਮਨਾਹੀ ਹੈ। ਇਸ ਪਿੱਛੋਂ ਵੀ ਉਹ ਉਸਨੂੰ ਵਾਪਸ ਨਹੀਂ ਭੇਜਦਾ ਜਦਕਿ ਉਸਨੂੰ ਉੱਥੇ ਬੈਠ ਜਾਣ ਲਈ ਸਟੂਲ ਅਤੇ ਦਰਵਾਜ਼ੇ ਦੇ ਕੋਲ ਜਗ੍ਹਾ ਦਿੰਦਾ ਹੈ। ਉਸ ਆਦਮੀ ਦੀਆਂ ਅਪੀਲਾਂ ਦੇ ਪ੍ਰਤੀ ਇੰਨੇ ਸਾਲਾਂ ਤੱਕ ਵਿਖਾਇਆ ਗਿਆ ਉਸਦਾ ਸੰਜਮ, ਉਸਦੇ ਨਾਲ ਉਸਦੀ ਥੋੜ੍ਹੀ-ਬਹੁਤ ਗੱਲਬਾਤ, ਤੋਹਫ਼ਿਆਂ ਨੂੰ ਸਵੀਕਾਰ ਕੀਤਾ ਜਾਣਾ, ਸਨਮਾਨਜਨਕ ਵਿਹਾਰ ਜੋ ਉਹ ਉਸ ਆਦਮੀ ਨੂੰ ਉਸੇ ਦਰਵਾਜ਼ੇ ਦੀ ਆਲੋਚਨਾ ਕਰਦੇ ਰਹਿਣ ਤੋਂ ਰੋਕਦਾ ਨਹੀਂ ਹੈ-ਇਸ ਸਭਤੋਂ ਤਾਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਉਹ ਹਮਦਰਦੀ ਰੱਖਦਾ ਹੈ। ਹਰ ਦਰਬਾਨ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰ ਸਕਦਾ ਅਤੇ ਅੰਤ ਵਿੱਚ, ਜਦੋਂ ਉਹ ਆਦਮੀ ਉਸਦੇ ਵੱਲ ਇਸ਼ਾਰੇ ਕਰਦਾ ਹੈ, ਤਾਂ ਉਸਨੂੰ ਆਪਣਾ ਆਖਰੀ ਸਵਾਲ ਪੁੱਛ ਲੈਣ ਦਾ ਸਮਾਂ ਦੇਣ ਦੇ ਲਈ ਉਹ ਹੇਠਾਂ ਝੁਕ ਜਾਂਦਾ ਹੈ। ਅਤੇ ਉਸਦੇ ਇਨ੍ਹਾਂ ਸ਼ਬਦਾਂ ਵਿੱਚ ਕਿ 'ਤੂੰ ਕਦੇ ਸਤੁੰਸ਼ਟ ਨਹੀਂ ਹੋ ਸਕਦਾ' ਉਸਦੇ ਸੰਜਮ ਡੋਲਣ ਦਾ ਰਤਾ ਕੁ ਸੰਕੇਤ ਹੈ, ਕਿਉਂਕਿ ਦਰਬਾਨ ਨੂੰ ਪਤਾ ਹੈ ਕਿ ਅੰਤ ਆ ਰਿਹਾ ਹੈ। ਕੁੱਝ ਲੋਕ ਤਾਂ ਇਸ ਤਰ੍ਹਾਂ ਦੇ ਅਰਥਾਂ ਤੋਂ ਵੀ ਬਹੁਤ ਅੱਗੇ ਨਿਕਲ ਜਾਂਦੇ ਹਨ ਤੇ ਇਹ ਸਥਾਪਿਤ ਕਰਦੇ ਹਨ ਕਿ 'ਤੂੰ ਕਦੇ ਸੰਤੁਸ਼ਟ ਨਹੀਂ ਹੋ ਸਕਦਾ' ਵਿੱਚ ਵੀ ਦੋਸਤਾਨਾ ਸਬੰਧਾਂ ਦੀ ਝਲਕ ਹੈ ਅਤੇ ਉਸ ਵਿੱਚ ਹੰਕਾਰ ਬਾਹਰ ਕੱਢ ਦਿੱਤਾ ਗਿਆ ਹੈ। ਕਿਸੇ ਵੀ ਪੱਧਰ ਤੇ ਦਰਬਾਨ ਦਾ ਚਰਿੱਤਰ ਹਰ ਵਾਰ ਨਵੇਂ ਢੰਗ ਨਾਲ ਸਾਹਮਣੇ ਆਉਂਦਾ ਹੈ ਅਤੇ ਵੇਖਣ ਵਾਲੇ ਦੀ ਨਿਗ੍ਹਾ ਨਾਲ ਸਿੱਧਾ ਸਬੰਧ ਰੱਖਦਾ ਹੈ।

"ਮੇਰੇ ਤੋਂ ਵਧੇਰੇ ਚੰਗੀ ਤਰ੍ਹਾਂ ਤੁਸੀਂ ਇਸ ਕਹਾਣੀ ਨੂੰ ਸਮਝਦੇ ਹੋਂ, ਕਿਉਂਕਿ ਤੁਸੀਂ ਇਸਨੂੰ ਲੰਮੇ ਅਰਸੇ ਤੋਂ ਜਾਣਦੇ ਹੋਂ," ਕੇ. ਨੇ ਕਿਹਾ। ਕੁੱਝ ਪਲਾਂ ਦੇ ਲਈ ਉਹ ਦੋਵੇਂ ਚੁੱਪ ਹੋ ਗਏ। ਫ਼ਿਰ ਕੇ. ਬੋਲਿਆ- "ਇਸ ਲਈ ਤੁਸੀਂ ਇਹ ਨਹੀਂ ਮੰਨਦੇ ਹੋਂ ਕਿ ਉਸ ਵਿੱਚ ਆਦਮੀ ਦੇ ਨਾਲ ਧੋਖਾ ਹੋਇਆ ਸੀ?"

"ਮੇਰੀ ਗੱਲ ਦਾ ਗ਼ਲਤ ਅਰਥ ਨਾ ਕੱਢ," ਪਾਦਰੀ ਨੇ ਕਿਹਾ, "ਮੈਂ ਤਾਂ ਇਸ ਬਾਰੇ ਵਿੱਚ ਤੈਨੂੰ ਵੱਖ-ਵੱਖ ਖਿਆਲ ਹੀ ਦੱਸ ਰਿਹਾ ਸੀ। ਤੈਨੂੰ ਇਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਨਹੀਂ ਹੈ। ਲਿਖਿਆ ਹੋਇਆ ਤਾਂ ਬਦਲਿਆ ਨਹੀਂ ਜਾ ਸਕਦਾ ਅਤੇ ਜਿਹੜਾ ਵੀ ਨਜ਼ਰੀਆ ਦਿੱਤਾ ਗਿਆ ਹੈ ਉਹ ਅਕਸਰ ਟਿੱਪਣੀਕਾਰ ਦੀ ਆਪਣੀ ਨਿਰਾਸ਼ਾ ਹੁੰਦੀ ਹੈ। ਇਸ ਬਾਰੇ ਵਿੱਚ ਇੱਥੇ ਇੱਕ ਵਿਚਾਰ ਤਾਂ ਇਹ ਵੀ ਹੈ ਕਿ ਦਰਅਸਲ ਧੋਖਾ ਤਾਂ ਖ਼ੁਦ ਦਰਬਾਨ ਦੇ ਨਾਲ ਹੋਇਆ ਹੈ।"

"ਇਹ ਤਾਂ ਦੂਰ ਦੀ ਗੱਲ ਲੱਗਦੀ ਹੈ, ਕਿ ਨਹੀਂ?" ਕੇ. ਬੋਲਿਆ- "ਇਸਦੇ ਲਈ ਕੀ ਤਰਕ ਹੈ?"

"ਇਸਦਾ ਤਰਕ," ਪਾਦਰੀ ਨੇ ਜਵਾਬ ਦਿੱਤਾ, "ਤਾਂ ਦਰਬਾਨ ਦੀ ਸਾਧਾਰਨ ਬੁੱਧੀ ਵਿੱਚ ਹੀ ਪਿਆ ਹੈ। ਇਸ 'ਤੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਉਹ ਕਾਨੂੰਨ ਦੀ ਅੰਦਰੂਨੀ ਦੁਨੀਆਂ ਦੇ ਬਾਰੇ ਵਿੱਚ ਕੁੱਝ ਨਹੀਂ ਜਾਣਦਾ। ਉਹ ਤਾਂ ਸਿਰਫ਼ ਉਸ ਤੱਕ ਪਹੁੰਚਣ ਦਾ ਰਸਤਾ ਹੀ ਜਾਣਦਾ ਹੈ ਅਤੇ ਅੰਦਰ ਦਾਖਲ ਹੋਣ ਵਾਲੇ ਦਰਵਾਜ਼ੇ ਦੇ ਬਾਰੇ ਜਾਣਦਾ ਹੈ ਜਿਸਦੀ ਸੁਰੱਖਿਆ ਦੇ ਲਈ ਉਹ ਦਿਨ-ਰਾਤ ਤੈਨਾਤ ਹੈ। ਉਸ ਅੰਦਰੂਨੀ ਦੁਨੀਆਂ ਦੇ ਬਾਰੇ ਉਸਦਾ ਵਿਚਾਰ ਬੱਚਿਆਂ ਵਰਗੇ ਲੱਗਦੇ ਹਨ ਅਤੇ ਇਹ ਸਮਝਿਆ ਜਾਂਦਾ ਹੈ ਕਿ ਉਹ ਜਿਸ ਵੀ ਚੀਜ਼ ਨਾਲ ਉਸ ਆਦਮੀ ਨੂੰ ਡਰਾ ਰਿਹਾ ਹੈ, ਆਪ ਵੀ ਉਸੇ ਤੋਂ ਡਰਦਾ ਹੈ, ਕਿਉਂਕਿ ਆਦਮੀ ਦਾ ਵਿਚਾਰਾ ਅੰਦਰ ਜਾਣ ਤੋਂ ਬਗੈਰ ਕੁੱਝ ਨਹੀਂ ਚਾਹੁੰਦਾ, ਚਾਹੇ ਉਹ ਅੰਦਰ ਵਾਲੇ ਦਰਬਾਨਾਂ ਤੋਂ ਵਧੇਰੇ ਡਰਿਆ ਹੋਇਆ ਵੀ ਕਿਉਂ ਨਾ ਹੋਵੇ, ਜਦਕਿ ਇਹ ਦਰਬਾਨ ਤਾਂ ਅੰਦਰ ਦਾਖਲੇ ਦਾ ਵੀ ਚਾਹਵਾਨ ਨਹੀਂ ਹੈ। ਘੱਟ ਤੋਂ ਘੱਟ ਅਜਿਹਾ ਕਹਿੰਦੇ ਹੋਏ ਤਾਂ ਉਸਨੂੰ ਅਸੀਂ ਨਹੀਂ ਸੁਣਿਆ। ਦੂਜੇ ਲੋਕ, ਸੱਚ ਹੀ ਕਹਿੰਦੇ ਹਨ, ਕਿ ਉਹ ਪੱਕਾ ਪਹਿਲਾਂ ਹੀ ਅੰਦਰ ਜਾ ਚੁੱਕਾ ਹੋਵੇਗਾ, ਕਿਉਂਕਿ ਉਹ ਇਸ ਕਾਨੂੰਨ ਦੀ ਰੱਖਿਆ ਦੇ ਲਈ ਹੀ ਤਾਂ ਚੁਣਿਆ ਗਿਆ ਸੀ ਅਤੇ ਇਹ ਚੋਣ ਦਾ ਸਿਰਫ਼ ਅੰਦਰ ਹੋਣੀ ਹੀ ਸੰਭਵ ਸੀ। ਇਸਦਾ ਜਵਾਬ ਇਹੀ ਹੈ ਕਿ ਉਸਨੂੰ ਇਸ ਦਰਬਾਨ ਦੇ ਅਹੁਦੇ 'ਤੇ ਤੈਨਾਤ ਕਰਨ ਲਈ ਕਿਸੇ ਨੇ ਅੰਦਰੋਂ ਬੁਲਾਇਆ ਹੀ ਹੋਵੇਗਾ, ਕਿਸੇ ਵੀ ਤਰ੍ਹਾਂ ਉਹ ਸਿੱਧਾ ਅੰਦਰ ਨਹੀਂ ਚਲਾ ਗਿਆ ਹੋਵੇਗਾ, ਕਿਉਂਕਿ ਉਹ ਤਾਂ ਤੀਜੇ ਦਰਬਾਨ ਨੂੰ ਵੇਖ ਸਕਣਾ ਵੀ ਸਹਿ ਨਹੀਂ ਸਕਦਾ ਸੀ। ਇਸ ਤੋਂ ਵੀ ਵਧਕੇ, ਅਜੇ ਤੱਕ ਕੋਈ ਅਜਿਹੀ ਜਾਣਕਾਰੀ ਨਹੀਂ ਹੈ ਕਿ ਉਸਨੇ ਅੰਦਰ ਕਿਸੇ ਨਾਲ ਤਾਅਲੁੱਕ ਰੱਖਿਆ ਹੋਵੇ। ਉਸਨੂੰ ਅਜਿਹਾ ਕਰਨ ਦੀ ਮਨਾਹੀ ਹੋ ਸਕਦੀ ਹੈ, ਪਰ ਇਸਦਾ ਵੀ ਜ਼ਿਕਰ ਨਹੀਂ ਮਿਲਦਾ। ਇਸ ਸਭ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਉਸਨੂੰ ਅੰਦਰ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਉਹ ਖ਼ੁਦ ਨੂੰ ਭੁਲੇਖੇ ਵਿੱਚ ਰੱਖ ਰਿਹਾ ਹੈ। ਉਹ ਤਾਂ ਜਿਵੇਂ ਭਟਕ ਗਿਆ ਹੈ। ਕੁੱਝ ਲੋਕ ਇਹ ਤਰਕ ਦਿੰਦੇ ਹਨ ਕਿ ਉਹ ਪੇਂਡੂ ਜਿਹੜਾ ਉਸਦਾ ਮਾਤਹਿਤ ਸੀ, ਇਹ ਨਹੀਂ ਜਾਣਦਾ ਸੀ। ਤੂੰ ਅਜੇ ਤੱਕ ਕਈ ਅਜਿਹੀਆਂ ਗੱਲਾਂ ਯਾਦ ਕਰ ਸਕਦਾ ਏਂ ਜਿਸਤੋਂ ਇਹ ਅਹਿਸਾਸ ਹੁੰਦਾ ਹੈ ਕਿ ਉਸ ਪੇਂਡੂ ਨੂੰ ਉਹ ਆਪਣਾ ਮਾਤਹਿਤ ਮੰਨਦਾ ਸੀ। ਪਰ ਕਹਾਣੀ ਦੇ ਇਸ ਰੂਪ ਤੋਂ, ਇਹ ਬਿਲਕੁਲ ਸਾਫ਼ ਹੈ ਕਿ ਉਹ ਆਪ ਮਾਤਹਿਤ ਸੀ। ਸਭ ਤੋਂ ਪਹਿਲੀ ਜ਼ਰੂਰੀ ਇਹ ਕਿ ਉਹ ਪੇਂਡੂ ਅਸਲ 'ਚ ਸੁਤੰਤਰ ਹੈ, ਜਿੱਥੇ ਚਾਹੇ ਆ ਜਾ ਸਕਦਾ ਹੈ, ਇਹ ਤਾਂ ਸਿਰਫ਼ ਕਾਨੂੰਨ ਦਾ ਅੰਦਰੂਨੀ ਖੇਤਰ ਹੀ ਹੈ, ਜਿੱਥੇ ਉਸਨੂੰ ਜਾਣ ਦੀ ਮਨਾਹੀ ਹੈ, ਅਤੇ ਉਹ ਵੀ ਸਿਰਫ਼ ਇੱਕ ਵਿਅਕਤੀ ਦੇ ਜ਼ਰੀਏ-ਯਾਨੀ ਕਿ ਦਰਬਾਨ। ਜੇਕਰ ਉਹ ਉੱਥੇ ਹੀ ਪੂਰੀ ਜ਼ਿੰਦਗੀ ਸਟੂਲ 'ਤੇ ਬੈਠਾ ਰਹਿੰਦਾ ਹੈ, ਤਾਂ ਇਹ ਉਸਦੀ ਆਪਣੀ ਮਰਜ਼ੀ ਹੈ। ਇਸ ਕਹਾਣੀ ਵਿੱਚ ਉਸਦੀ ਮਜਬੂਰੀ ਦਾ ਤਾਂ ਕੋਈ ਜ਼ਿਕਰ ਨਹੀਂ ਹੈ। ਦੂਜੇ ਪਾਸੇ ਦਰਬਾਨ ਤਾਂ ਆਪਣੇ ਕਰਤੱਵ ਨਾਲ ਉੱਥੇ ਮੌਜੂਦ ਰਹਿਣ ਕਰਕੇ ਬੰਨ੍ਹਿਆ ਹੋਇਆ ਹੈ, ਉਹ ਬਾਹਰ ਨਿਕਲਕੇ ਪਿੰਡ ਨਹੀਂ ਜਾ ਸਕਦਾ, ਅਤੇ ਨਾ ਹੀ ਕਾਨੂੰਨ ਦੇ ਅੰਦਰ ਦਾਖਲ ਹੋ ਸਕਦਾ ਹੈ, ਚਾਹੇ ਉਹ ਇਹ ਸਭ ਕਰਨ ਦਾ ਚਾਹਵਾਨ ਵੀ ਹੋਵੇ। ਇਸ ਤੋਂ ਵੀ ਉੱਤੇ, ਇਹ ਸੱਚ ਹੈ ਕਿ ਉਹ ਕਾਨੂੰਨ ਦੀ ਸੇਵਾ ਵਿੱਚ ਹੈ, ਫ਼ਿਰ ਵੀ ਉਹ ਇਸ ਦਰਵਾਜ਼ੇ ਦੀ ਰੱਖਿਆ ਕਰ ਰਿਹਾ ਹੈ, ਅਤੇ ਸਿਰਫ਼ ਇੱਕ ਆਦਮੀ ਲਈ ਜਿਸਨੂੰ ਇਸ ਦਰਵਾਜ਼ੇ ਦੇ ਅੰਦਰ ਜਾਣ ਦੀ ਮਨਾਹੀ ਹੈ। ਇਸੇ ਲਈ ਉਹ ਉਸ ਆਦਮੀ ਦਾ ਮਾਤਹਿਤ ਹੈ। ਹੁਣ ਇੱਥੇ ਇਹ ਮੰਨਿਆ ਜਾ ਸਕਦਾ ਹੈ ਕਿ ਕਈ ਵਰ੍ਹਿਆਂ ਤੱਕ ਜਦੋਂ ਤੱਕ ਉਹ ਆਦਮੀ ਬੁੱਢਾ ਨਹੀਂ ਹੋ ਜਾਂਦਾ, ਉਸਨੂੰ ਉੱਥੇ ਹੀ ਰਹਿਣਾ ਪੈਣਾ ਹੈ। ਅਤੇ ਉਸਦਾ ਸੇਵਾ ਕਾਲ ਵੀ ਉਸ ਆਦਮੀ ਦੇ ਜੀਵਨ ਕਾਲ 'ਤੇ ਨਿਰਭਰ ਹੈ। ਇਸ ਲਈ ਦਰਬਾਨ ਤਾਂ ਜੀਵਨ ਭਰ ਉਸਦਾ ਮਾਤਹਿਤ ਹੋ ਕੇ ਰਹਿ ਗਿਆ ਹੈ। ਅਤੇ ਪੂਰੇ ਸਮੇਂ ਇਹ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ ਕਿ ਦਰਬਾਨ ਇਨ੍ਹਾਂ ਸਾਰੇ ਤੱਥਾਂ ਤੋਂ ਅਣਭਿੱਜ ਰਹੇ। ਪਰ ਇਸ ਬਾਰੇ ਕੁੱਝ ਵੀ ਵਿਚਾਰਯੋਗ ਜਾਂ ਮਹੱਤਵਪੂਰਨ ਨਹੀਂ ਹੈ, ਕਿਉਂਕਿ ਇਸ ਸਪੱਸ਼ਟੀਕਰਨ ਦੇ ਅਨੁਸਾਰ ਤਾਂ ਦਰਬਾਨ ਬਹੁਤ ਗੰਭੀਰ ਭੁਲੇਖੇ ਵਿੱਚ ਜਿਉਂ ਰਿਹਾ ਹੈ ਅਤੇ ਜਿਸਦਾ ਸਬੰਧ ਉਸਦੇ ਕੰਮ ਨਾਲ ਹੈ।"

'ਅੰਤ ਵਿੱਚ,' ਦਰਵਾਜ਼ੇ ਦੇ ਬਾਰੇ ਗੱਲ ਕਰਦਾ ਹੋਇਆ ਉਹ ਕਹਿੰਦਾ ਹੈ ਕਿ, "ਹੁਣ ਮੈਂ ਜਾ ਕੇ ਇਸਨੂੰ ਬੰਦ ਕਰ ਦੇਵਾਂਗਾ," ਪਰ ਸ਼ੁਰੂ ਵਿੱਚ ਤਾਂ ਦੱਸਿਆ ਗਿਆ ਸੀ ਕਿ ਕਾਨੂੰਨ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ, ਜਿਵੇਂ ਕਿ ਇਹ ਹੈ, ਪਰ ਜੇਕਰ ਇਹ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ- ਅਤੇ ਉਸ ਆਦਮੀ ਦੇ ਜੀਵਨ ਕਾਲ ਨਾਲ ਇਸਦਾ ਕੋਈ ਸਬੰਧ ਨਹੀਂ ਹੈ ਜਿਸ ਲਈ ਇਹ ਬਣਾਇਆ ਗਿਆ ਸੀ-ਤਾਂ ਦਰਬਾਨ ਦੇ ਲਈ ਵੀ ਇਹ ਸੰਭਵ ਨਹੀਂ ਹੈ ਕਿ ਉਹ ਇਸਨੂੰ ਬੰਦ ਕਰ ਦੇਵੇ। ਇਸ ਬਾਰੇ ਵੀ ਵਿਚਾਰਾਂ ਵਿੱਚ ਟਕਰਾਅ ਹੈ ਕਿ ਦਰਬਾਨ ਨੇ ਜਦੋਂ ਇਹ ਕਿਹਾ ਸੀ ਕਿ ਉਹ ਦਰਵਾਜ਼ਾ ਬੰਦ ਕਰ ਰਿਹਾ ਹੈ, ਤਾਂ ਉਹ ਸਿਰਫ਼ ਇੱਕ ਉੱਤਰ ਹੀ ਦੇ ਰਿਹਾ ਸੀ ਜਾਂ ਆਪਣਾ ਅਧਿਕਾਰਿਕ ਫ਼ਰਜ਼ ਨਿਭਾ ਰਿਹਾ ਸੀ ਜਾਂ ਉਸ ਆਦਮੀ ਨੂੰ ਉਸਦੇ ਅੰਤ ਸਮੇਂ ਵਿੱਚ ਪਛਤਾਵੇ ਅਤੇ ਉਦਾਸੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਸੀ। ਪਰ ਬਹੁਤ ਸਾਰੇ ਸਹਿਮਤ ਹਨ ਕਿ ਉਸਦੇ ਲਈ ਦਰਵਾਜ਼ਾ ਬੰਦ ਕਰਨਾ ਸੰਭਵ ਨਹੀਂ ਸੀ। ਉਹ ਦਾ ਇਹ ਵੀ ਮੰਨਣਾ ਹੈ ਕਿ, ਘੱਟੋ-ਘੱਟ ਵੱਲ ਵਧਦਿਆਂ ਹੋਇਆਂ, ਕਿ ਉਹ ਉਸ ਆਦਮੀ ਤੋਂ ਗਿਆਨ ਵਿੱਚ ਵੀ ਘੱਟ ਸੀ, ਕਿਉਂਕਿ ਉਸ ਪੇਂਡੂ ਨੇ ਤਾਂ ਦਰਵਾਜ਼ੇ ਦੇ ਅੰਦਰੋ ਆ ਰਹੇ ਪ੍ਰਕਾਸ਼ ਨੂੰ ਵੇਖ ਸਕਦਾ ਸੀ, ਪਰ ਦਰਬਾਨ ਆਪਣੀ ਅਧਿਕਾਰਿਕ ਸਥਿਤੀ ਦੇ ਕਾਰਨ ਸ਼ਾਇਦ ਦਰਵਾਜ਼ੇ ਵੱਲ ਪਿੱਠ ਕਰਕੇ ਹੀ ਖੜ੍ਹਾ ਰਹਿੰਦਾ ਹੋਵੇਗਾ, ਇਸ ਲਈ ਅੰਦਰ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਉਸ ਨੂੰ ਵਿਖਾਈ ਨਹੀਂ ਦਿੱਤਾ।"

"ਇਹ ਚੰਗਾ ਤਰਕ ਹੈ," ਕੇ. ਨੇ ਹੌਲ਼ੀ ਆਵਾਜ਼ ਵਿੱਚ ਪਾਦਰੀ ਦੇ ਸਪੱਸ਼ਟੀਕਰਨ ਦੇ ਕੁੱਝ ਹਿੱਸੇ ਦੁਹਰਾਉਂਦੇ ਹੋਏ ਕਿਹਾ, "ਚੰਗਾ ਤਰਕ ਅਤੇ ਹੁਣ ਮੈਨੂੰ ਵੀ ਯਕੀਨ ਹੋ ਗਿਆ ਹੈ ਕਿ ਦਰਬਾਨ ਭੁਲੇਖੇ ਵਿੱਚ ਸੀ, ਕਿਉਂਕਿ ਕਿਸੇ ਹੱਦ ਤੱਕ ਇਹ ਦੋਵੇਂ ਵਿਚਾਰ ਇੱਕ ਦੂਜੇ ਵਿੱਚ ਉਲਝੇ ਹੋਏ ਹਨ। ਪਰ ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਦਰਬਾਨ ਸਾਫ਼-ਸਪੱਸ਼ਟ ਸਕਦਾ ਸੀ ਜਾਂ ਮ੍ਰਿਗਤ੍ਰਿਸ਼ਨਾ ਵਿੱਚ ਉਲਝਿਆ ਹੋਇਆ ਸੀ। ਮੈਂ ਕਿਹਾ ਸੀ ਕਿ ਉਸ ਆਦਮੀ ਦੇ ਨਾਲ ਧੋਖਾ ਹੋਇਆ ਹੈ। ਜੇਕਰ ਦਰਬਾਨ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਵੇਖ ਰਿਹਾ ਸੀ ਤਾਂ ਇਸ ਵਿਚਾਰ 'ਤੇ ਸ਼ੱਕ ਹੋ ਸਕਦਾ ਹੈ, ਪਰ ਜੇਕਰ ਦਰਬਾਨ ਕਿਸੇ ਮ੍ਰਿਗਤ੍ਰਿਸ਼ਨਾ ਵਿੱਚ ਭਟਕ ਰਿਹਾ ਹੈ, ਤਾਂ ਇਸ ਭੁਲੇਖੇ ਨੂੰ ਉਸ ਵਿਅਕਤੀ ਨੂੰ ਦੱਸਿਆ ਜਾਣਾ ਚਾਹੀਦਾ ਸੀ। ਉਸ ਹਾਲਤ ਵਿੱਚ, ਇਹ ਸਹੀ ਹੈ ਕਿ ਦਰਬਾਨ ਧੋਖੇਬਾਜ਼ ਨਹੀਂ ਹੈ, ਪਰ ਉਹ ਇੰਨਾ ਬੇਵਕੂਫ਼ ਹੈ ਕਿ ਉਸਨੂੰ ਫ਼ੌਰਨ ਉਸਦੇ ਅਧਿਕਾਰਿਕ ਅਹੁਦੇ ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ। ਕਿਉਂਕਿ ਜੇਕਰ ਉਸਨੂੰ ਆਪਣੀ ਮੂਰਖਤਾ ਕਰਕੇ ਕੋਈ ਨੁਕਸਾਨ ਨਹੀਂ ਵੀ ਹੋ ਰਿਹਾ ਪਰ ਉਸ ਆਦਮੀ ਨੂੰ ਇਸ ਨਾਲ ਅਥਾਹ ਨੁਕਸਾਨ ਹੋਵੇਗਾ।"

"ਇੱਥੇ ਤੈਨੂੰ ਇੱਕ ਹੋਰ ਨਜ਼ਰੀਆਂ ਮਿਲੇਗਾ," ਪਾਦਰੀ ਨੇ ਕਿਹਾ, "ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਇਸ ਕਹਾਣੀ ਦੁਆਰਾ ਕਿਸੇ ਨੂੰ ਵੀ ਦਰਬਾਨ ਉੱਪਰ ਅਧਿਕਾਰ ਨਹੀਂ ਦਿੱਤਾ ਗਿਆ ਹੈ। ਅਸੀਂ ਇਸ ਬਾਰੇ ਚਾਹੇ ਜੋ ਵੀ ਸੋਚੀਏ, ਆਖਿਰ ਉਹ ਕਾਨੂੰਨ ਦਾ ਸੇਵਕ ਹੈ, ਇਸ ਲਈ ਉਸਦਾ ਸਿੱਧਾ ਸਬੰਧ ਕਾਨੂੰਨ ਨਾਲ ਹੈ। ਇਸ ਲਈ ਉਹ ਮਨੁੱਖੀ ਫ਼ੈਸਲਿਆਂ ਤੋਂ ਉੱਪਰ ਹੈ। ਅਤੇ ਨਾ ਹੀ ਕਿਸੇ ਨੂੰ ਇਹ ਸੋਚਣ ਦਾ ਅਧਿਕਾਰ ਹੈ ਕਿ ਉਹ ਇਸ ਆਦਮੀ ਦਾ ਮਾਤਹਿਤ ਹੈ। ਆਪਣੇ ਦਫ਼ਤਰ ਨਾਲ ਬੱਝ ਕੇ ਜਿਊਣਾ, ਚਾਹੇ ਉਹ ਕਾਨੂੰਨ ਦਾ ਦਰਬਾਨ ਹੀ ਕਿਉਂ ਨਾ ਹੋਵੇ, ਤੁਲਨਾਤਮਕ ਢੰਗ ਨਾਲ ਦੁਨੀਆਂ ਵਿੱਚ ਆਜ਼ਾਦੀ ਨਾਲ ਜਿਉਂਦੇ ਰਹਿਣ ਤੋਂ ਮਹੱਤਵਪੂਰਨ ਹੈ। ਇਹ ਤਾਂ ਉਹ ਵਿਅਕਤੀ ਹੈ ਜਿਹੜਾ ਕਾਨੂੰਨ ਦੇ ਕੋਲ ਚਲਿਆ ਆ ਰਿਹਾ ਹੈ, ਜਦਕਿ ਦਰਬਾਨ ਤਾਂ ਉੱਥੇ ਪਹਿਲਾਂ ਹੀ ਮੌਜੂਦ ਹੈ। ਉਸਨੂੰ ਕਾਨੂੰਨ ਨੇ ਤੈਨਾਤ ਕੀਤਾ ਹੈ ਅਤੇ ਉਸਦੀ ਮਹੱਤਤਾ 'ਤੇ ਸ਼ੱਕ ਕਰਨਾ ਤਾਂ ਖ਼ੁਦ ਕਾਨੂੰਨ 'ਤੇ ਸ਼ੱਕ ਕਰਨ ਵਰਗਾ ਹੈ।"

"ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ," ਕੇ. ਬੋਲਿਆ ਅਤੇ ਆਪਣਾ ਸਿਰ ਹਿਲਾ ਦਿੱਤਾ, "ਜੇਕਰ ਇਸ ਵਿਚਾਰ ਨੂੰ ਮੰਨ ਲਿਆ ਜਾਵੇ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਦਰਬਾਨ ਨੇ ਜੋ ਵੀ ਕਿਹਾ ਉਸਨੂੰ ਸਹੀ ਮੰਨ ਲਓ, ਫ਼ਿਰ ਇਹ ਸੰਭਵ ਨਹੀਂ ਹੈ, ਅਤੇ ਤੁਸੀਂ ਆਪ ਹੀ ਤਫ਼ਸੀਲ ਵਿੱਚ ਇਸ ਬਾਰੇ ਕਿਹਾ ਹੈ।"

"ਨਹੀਂ," ਪਾਦਰੀ ਨੇ ਜਵਾਬ ਦਿੱਤਾ, "ਹਰ ਚੀਜ਼ ਨੂੰ ਸਹੀ ਮੰਨ ਲੈਣ ਦੀ ਲੋੜ ਨਹੀਂ, ਕੇਵਲ ਜ਼ਰੂਰੀ ਗੱਲਾਂ ਮੰਨਣੀਆਂ ਹੋਣਗੀਆਂ।"

"ਇਹ ਕਿੰਨਾ ਨਿਰਾਸ਼ ਜਨਕ ਦ੍ਰਿਸ਼ਟੀਕੋਣ ਹੈ," ਕੇ. ਨੇ ਕਿਹਾ, "ਝੂਠ ਨੂੰ ਦੁਨੀਆਂ ਦਾ ਨਿਯਮ ਬਣਾ ਦਿੱਤਾ ਗਿਆ ਹੈ।"

ਕੇ. ਨੇ ਫ਼ੈਸਲਾਕੁੰਨ ਤਰੀਕੇ ਨਾਲ ਇਹ ਕਿਹਾ, ਪਰ ਇਹ ਉਸਦਾ ਆਖਰੀ ਨਤੀਜਾ ਨਹੀਂ ਸੀ। ਉਹ ਇਸ ਕਹਾਣੀ ਦੇ ਸਾਰੇ ਖੋਜ-ਨਤੀਜਿਆਂ ਨੂੰ ਠੀਕ ਤਰ੍ਹਾਂ ਸਮਝਦਾ ਹੋਇਆ ਬਹੁਤ ਥੱਕ ਗਿਆ ਸੀ ਅਤੇ ਇਸਨੇ ਉਸਨੂੰ ਵਿਚਾਰਾਂ ਦੀ ਉਸ ਭੀੜ ਵਿੱਚ ਧੱਕ ਦਿੱਤਾ ਸੀ, ਜਿਹੜੀ ਕਿ ਯਥਾਰਥ ਤੋਂ ਪਰੇ ਸੀ ਅਤੇ ਜੋ ਕਿ ਅਦਾਲਤ ਦੇ ਕਰਮਚਾਰੀਆਂ ਵਿੱਚ ਬਹਿਸ ਦੇ ਲਈ ਵਧੇਰੇ ਢੁੱਕਵੀ ਸੀ। ਇੱਕ ਸਾਧਾਰਨ ਕਹਾਣੀ ਬੜੀ ਉਲਝਾਊ ਹੋ ਗਈ ਸੀ ਅਤੇ ਉਹ ਇਸਨੂੰ ਆਪਣੇ ਦਿਮਾਗ ਵਿੱਚ ਬਾਹਰ ਕੱਢ ਦੇਣਾ ਚਾਹੁੰਦਾ ਸੀ। ਅਤੇ ਪਾਦਰੀ, ਜਿਸਨੇ ਹੁਣ ਤੱਕ ਬਹੁਤ ਸਮਝਦਾਰੀ ਵਿਖਾਈ ਸੀ, ਨੇ ਹੁਣ ਉਸਨੂੰ ਇਹ ਕਾਰਨ ਦਿੱਤਾ ਅਤੇ ਕੇ. ਦੀ ਇਸ ਟਿੱਪਣੀ ਨੂੰ ਚੁੱਪਚਾਪ ਸੁਣ ਲਿਆ ਭਾਵੇਂ ਕਿ ਕੇ. ਦਾ ਵਿਚਾਰ ਉਸਦੇ ਵਿਚਾਰ ਤੋਂ ਉਲਟ ਸੀ।

ਉਹ ਕੁੱਝ ਦੇਰ ਚੁੱਪਚਾਪ ਤੁਰਦੇ ਰਹੇ। ਕੇ. ਪਾਦਰੀ ਦੇ ਨਾਲ ਜੁੜਿਆ ਰਿਹਾ ਅਤੇ ਉਸਨੂੰ ਕੁੱਝ ਪਤਾ ਨਹੀਂ ਸੀ ਉਹ ਕਿੱਥੇ ਹੈ। ਲੰਮੇ ਸਮੇਂ ਤੋਂ ਜਿਸ ਟਾਰਚ ਨੂੰ ਉਸਨੇ ਹੱਥ ਵਿੱਚ ਫੜ੍ਹਿਆ ਹੋਇਆ ਸੀ, ਉਹ ਬੁਝ ਚੁੱਕੀ ਸੀ। ਜਦੋਂ ਸਾਹਮਣੇ ਕਿਸੇ ਸੰਤ ਦੀ ਚਾਂਦੀ ਮੂਰਤੀ ਉਸ ਸਾਂਵੇ ਚਮਕੀ, ਸਿਰਫ਼ ਆਪਣੀ ਚਮਕ ਦੇ ਕਾਰਨ, ਅਤੇ ਨਾਲ ਦੀ ਨਾਲ ਹਨੇਰੇ ਵਿੱਚ ਗੁਆਚ ਗਈ, ਤਾਂ ਇਸ ਇਰਾਦੇ ਨਾਲ ਕਿ ਪਾਦਰੀ ਉੱਪਰ ਪੂਰੀ ਤਰ੍ਹਾਂ ਨਿਰਭਰ ਨਾ ਹੋਇਆ ਜਾਵੇ, ਕੇ. ਨੇ ਉਸਤੋਂ ਪੁੱਛਿਆ, "ਕੀ ਅਸੀਂ ਮੁੱਖ ਦਰਵਾਜ਼ੇ ਦੇ ਕੋਲ ਨਹੀਂ ਹਾਂ?"

"ਨਹੀਂ," ਪਾਦਰੀ ਨੇ ਜਵਾਬ ਦਿੱਤਾ, "ਅਜੇ ਤਾਂ ਅਸੀ ਉਸਤੋਂ ਕਾਫ਼ੀ ਦੂਰ ਹਾਂ। ਕੀ ਤੂੰ ਵਾਪਿਸ ਜਾਣਾ ਚਾਹੁੰਦਾ ਏਂ?" ਭਾਵੇਂ ਵਕਤ ਦੇ ਉਸ ਖ਼ਾਸ ਪਲ ਵਿੱਚ ਉਹ ਵਾਪਿਸ ਜਾਣ ਬਾਰੇ ਨਹੀਂ ਸੋਚ ਰਿਹਾ ਸੀ, ਪਰ ਉਸਨੇ ਫ਼ੌਰਨ ਪੁੱਛਿਆ-

"ਹਾਂ, ਹੁਣ ਤਾਂ ਮੈਂ ਜਾਣਾ ਹੈ। ਮੈਂ ਬੈਂਕ ਵਿੱਚ ਸੀਨੀਅਰ ਕਲਰਕ ਹਾਂ ਅਤੇ ਉਹ ਉੱਥੇ ਮੇਰੀ ਉਡੀਕ ਕਰ ਰਹੇ ਹੋਣਗੇ। ਮੈਂ ਤਾਂ ਇੱਕ ਵਿਦੇਸ਼ੀ ਦੋਸਤ ਨੂੰ ਇੱਥੇ ਵੱਡੇ ਗਿਰਜਾਘਰ ਵਿੱਚ ਘੁਮਾਉਣ ਲਈ ਆਇਆ ਸੀ।"

"ਠੀਕ ਹੈ," ਪਾਦਰੀ ਬੋਲਿਆ, ਅਤੇ ਆਪਣਾ ਹੱਥ ਉਸ ਵੱਲ ਵਧਾ ਦਿੱਤਾ, "ਤਾਂ ਜਾ।"

"ਮੈਨੂੰ ਨਹੀਂ ਲੱਗਦਾ ਕਿ ਇਸ ਹਨੇਰੇ ਵਿੱਚ ਮੈਂ ਇਕੱਲਾ ਹੀ ਆਪਣਾ ਰਸਤਾ ਲੱਭ ਸਕਾਂਗਾ," ਕੇ. ਨੇ ਕਿਹਾ।

"ਆਪਣੇ ਖੱਬੇ ਹੱਥ ਦੀ ਕੰਧ ਨਾਲ ਲੱਗ ਜਾਓ," ਪਾਦਰੀ ਨੇ ਜਵਾਬ ਦਿੱਤਾ, "ਅਤੇ ਫ਼ਿਰ ਉਸ ਕੰਧ ਨਾਲ ਲੱਗਦਾ ਤੁਰਿਆ ਜਾ। ਇਸਨੂੰ ਛੱਡੀ ਨਾ। ਤੈਨੂੰ ਦਰਵਾਜ਼ਾ ਮਿਲ ਜਾਵੇਗਾ।" ਅਜੇ ਤੱਕ ਪਾਦਰੀ ਉਸਤੋਂ ਕੁੱਝ ਕੁ ਕਦਮ ਹੀ ਪਰੇ ਹਟਿਆ ਸੀ, ਪਰ ਕੇ. ਬਹੁਤ ਜ਼ੋਰ ਨਾਲ ਚੀਕਿਆ-

"ਰਕੋ! ਕਿਰਪਾ ਕਰਕੇ ਇੱਕ ਪਲ ਦੇ ਲਈ ਰੁਕੋ!"

"ਮੈਂ ਖੜ੍ਹਾ ਹਾਂ," ਪਾਦਰੀ ਬੋਲਿਆ।

"ਕੀ ਤੁਸੀਂ ਮੇਰੇ ਤੋਂ ਇਸਤੋਂ ਵੱਧ ਕੁੱਝ ਨਹੀਂ ਚਾਹੁੰਦੇ?" ਕੇ. ਨੇ ਪੁੱਛਿਆ।

"ਨਹੀਂ," ਪਾਦਰੀ ਨੇ ਜਵਾਬ ਦਿੱਤਾ।

"ਤੁਸੀਂ ਪਹਿਲਾਂ ਮੇਰੇ ਨਾਲ ਕਿੰਨਾ ਵਧੀਆ ਵਿਹਾਰ ਕੀਤਾ ਹੈ," ਕੇ. ਨੇ ਕਿਹਾ, "ਅਤੇ ਤੁਸੀਂ ਮੈਨੂੰ ਹਰੇਕ ਚੀਜ਼ ਸਪੱਸ਼ਟ ਸਮਝਾ ਰਹੇ ਸੀ, ਪਰ ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਭੇਜ ਰਹੇ ਹੋਂ ਜਿਵੇਂ ਤੁਹਾਡੀ ਮੇਰੇ ਵਿੱਚ ਕੋਈ ਦਿਲਚਸਪੀ ਹੀ ਨਾ ਹੋਵੇ।"

"ਪਰ ਤੂੰ ਤਾਂ ਜਾਣਾ ਹੈ," " ਪਾਦਰੀ ਨੇ ਕਿਹਾ।

"ਹਾਂ," ਕੇ. ਬੋਲਿਆ, "ਪਰ ਇਸਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ।"

"ਪਹਿਲਾਂ ਤਾਂ ਤੂੰ ਆਪ ਸਮਝ ਕਿ ਮੈਂ ਕੌਣ ਹਾਂ," ਪਾਦਰੀ ਨੇ ਕਿਹਾ।

"ਤੁਸੀਂ ਜੇਲ੍ਹ ਦੇ ਪਾਦਰੀ ਹੋਂ," ਕੇ. ਪਾਦਰੀ ਦੇ ਕੋਲ ਸਰਕਦਾ ਹੋਇਆ ਬੋਲਿਆ। ਬੈਂਕ ਵਿੱਚ ਉਸਦਾ ਵਾਪਸ ਜਾਣਾ ਉਨਾ ਜ਼ਰੂਰੀ ਨਹੀਂ ਸੀ ਜਿੰਨਾ ਕਿ ਉਸਨੇ ਵਿਖਾਇਆ ਸੀ ਅਤੇ ਉਹ ਇੱਥੇ ਰੁਕ ਸਕਦਾ ਸੀ।

"ਇਸ ਲਈ ਮੈਂ ਅਦਾਲਤ ਨਾਲ ਸਬੰਧ ਰੱਖਦਾ ਹਾਂ," ਪਾਦਰੀ ਬੋਲਿਆ, "ਤਾਂ ਮੈਂ ਤੇਰੇ ਤੋਂ ਕੁੱਝ ਕਿਉਂ ਚਾਹਾਂਗਾ? ਅਦਾਲਤ ਤੇਰੇ ਤੋਂ ਕੁੱਝ ਨਹੀਂ ਚਾਹੁੰਦੀ। ਜਦੋਂ ਤੂੰ ਆਉਂਦਾ ਏਂ ਤਾਂ ਉਹ ਤੇਰਾ ਸਵਾਗਤ ਕਰਦੀ ਹੈ ਅਤੇ ਜਾਣ ਵੇਲੇ ਤੈਨੂੰ ਜਾਣ ਦਿੰਦੀ ਹੈ।"