ਸਮੱਗਰੀ 'ਤੇ ਜਾਓ

ਮੈਕਬੈਥ/ਐਕਟ-3

ਵਿਕੀਸਰੋਤ ਤੋਂ
ਮੈਕਬੈਥ  (1606) 
ਸ਼ੇਕਸਪੀਅਰ


ਐਕਟ-੩



ਸੀਨ-੧


ਫੌਰੈਸ। ਮਹਿਲ ਦਾ ਇੱਕ ਕਮਰਾ
{ਪ੍ਰਵੇਸ਼ ਬੈਂਕੋ}

ਬੈਂਕੋ:ਹੁਣ ਤਾਂ ਸਭ ਕੁੱਝ ਮਿਲ ਗਿਐ ਤੈਨੂੰ, ਗਲਾਮਿਜ਼ ਕਾਡਰ ਦੀ ਸਰਦਾਰੀ
ਸ਼ਾਹੀ ਤਖਤ-ਹਜ਼ਾਰੀ : ਡਾਕਣੀਆਂ ਜਿਵੇਂ ਵਚਨ ਸੀ ਕੀਤਾ
ਸ਼ੰਕਾ ਪਰ ਹੈ, ਡਰ ਵੀ ਮੈਨੂੰ, ਅਤਿ ਮੰਦਾ ਤੂੰ ਖੇਡ ਖੇਡਿਆ;
ਨਾਲੇ ਇਹ ਵੀ ਵਚਨ ਸੀ ਹੋਇਆ, ਵਾਰਸ ਤੇਰੀ ਔਲਾਦ ਨਹੀਂ ਹੋਣੀ;
ਐਪਰ ਮੈਥੋਂ ਜੜ੍ਹ ਲੱਗਣੀ ਏ, ਪੁੱਤਰ ਮੇਰੇ ਕਈ ਸ਼ਾਹਾਂ ਦੀ ।
ਜੇ ਇਹਦੇ ਵਿੱਚ ਸੱਚ ਹੈ ਕਾਈ -ਜਿਵੇਂ ਮੈਕਬੈਥ ਤੇਰੀ ਹੋਈ-
 ਵਚਨ ਉਨ੍ਹਾਂ ਦੇ ਰੰਗ ਲਾਉਂਦੇ ਨੇ-ਤੈਨੂੰ ਕੀਤੇ ਸੱਚ ਵੀ ਹੋਏ-
ਕਿਉਂ ਫਿਰ ਮੈਨੂੰ ਕਹੀ ਗੱਲ ਇਲਹਾਮੀ ਸੱਚ ਨਹੀਂ ਹੋਣੀ,
ਨਾਲੇ ਆਸ, ਉਮੀਦ ਮੇਰੀ ਨੂੰ ਨਹੀਂ ਬੜ੍ਹਾਵਾ ਮਿਲਣਾ-?
ਪਰ ਖਾਮੋਸ਼; ਹੋਰ ਨਹੀਂ ਹੁਣ।

{ਵਾਜਿਆਂ ਦੀ ਆਵਾਜ਼। ਪ੍ਰਵੇਸ਼ ਬਾਦਸ਼ਾਹ ਮੈਕਬੈਥ, ਮਲਿਕਾ ਮੈਕਬੈਥ,
ਲੈਨੌਕਸ, ਰੌਸ, ਲਾਟ ਸਾਹਿਬਾਨ, ਲਾਟਣੀਆਂ ਅਤੇ ਸਹਾਇਕ}
ਮੈਕਬੈਥ:ਇਹ ਨੇ ਸਾਡੇ ਮੁਖ ਮਹਿਮਾਨ।
ਲੇਡੀ ਮੈਕਬੈਥ:ਇਹਨਾਂ ਨੂੰ ਜੇ ਭੁੱਲ ਜਾਂਦੇ ਸੱਦਣਾ, ਮਹਾਂ ਭੋਜ 'ਚ ਅੱਜ ਅਸਾਡੇ,
ਪੈ ਜਾਣਾਂ ਸੀ ਐਸਾ ਪਾੜਾ, ਸਭ ਕੁੱਝ ਗੜਬੜ ਹੋ ਜਾਣਾ ਸੀ।
ਮੈਕਬੈਥ:ਅੱਜ ਰਾਤ੍ਰੀ-ਭੋਜ ਅਸਾਡੇ, ਬੜਾ ਹੈ ਰਸਮੀ , ਬੜਾ ਰਵਾਇਤੀ,
ਹਾਜ਼ਰ ਹੋਕੇ ਆਪ ਜੁਨਾਬ,-ਕਰਾਂ ਗੁਜ਼ਾਰਿਸ਼,-ਸ਼ਾਨ ਵਧਾਓ।
ਬੈਂਕੋ:ਸ਼ਾਹ ਦਾ ਹੁਕਮ ਸਦਾ ਸਿਰ-ਮੱਥੇ, ਤਾਅਬੇਦਾਰ ਖੜਾ ਮੈਂ ਹਾਜ਼ਰ,
ਫਰਜ਼ ਮੇਰਾ ਤੇ ਹੁਕਮ ਆਪਦਾ, ਦੋਵੇਂ ਅਟੁੱਟ ਗੰਢ 'ਚ ਬੱਝੇ ।
ਮੈਕਬੈਥ:ਅੱਜ ਵੀ ਸ਼ਾਮ ਸਵਾਰੀ ਕਰਨੀ?
ਬੈਂਕੋ:ਜੀ, ਮਾਲਿਕ ਮਿਹਰਬਾਨ।
ਮੈਕਬੈਥ:ਨਹੀਂ ਤਾਂ ਅੱਜ ਦੀ ਬੈਠਕ ਅੰਦਰ, ਨਾਲ ਤੁਹਾਡੇ ਮਸ਼ਵਰਾ ਕਰਦੇ,


ਗੰਭੀਰ ਸਲਾਹ ਹੁੰਦੀ ਏ ਤੁਹਾਡੀ, ਨਾਲੇ ਲਾਹੇਵੰਦ ਵੀ ;
ਪਰ ਫਿਰ ਹੁਣ ਤਾਂ ਕੱਲ੍ਹ ਸਹੀ । ਕਿੰਨੀ ਲੰਮੀ ਦੌੜ ਤੇ ਜਾਣੈ?
ਬੈਂਕੋ:ਰਾਤ੍ਰੀ-ਭੋਜ ਤੇ ਇਸ ਘੜੀ ਵਿਚਾਲੇ, ਵਕਤ ਹੈ ਜਿੰਨਾ, ਓਨਾ ਲਾਣੈ:
ਜੋ ਘੋੜੇ ਨਾਂ ਚਾਲ ਵਖਾਈ, ਰਾਤ ਕਾਲੀ ਤੋਂ ਲਵਾਂ ਉਧਾਰ ਨ੍ਹੇਰ ਦੀਆਂ ਦੀ ਘੜੀਆਂ।
ਮੈਕਬੈਥ:ਦਾਅਵਤ ਸਾਡੀ ਅਸਫਲ ਨਾਂ ਕਰਿਓ।
ਬੈਂਕੋ:ਮਾਲਿਕ, ਐਸਾ ਮੈਂ ਨਹੀਂ ਕਰਦਾ।
ਮੈਕਬੈਥ:ਸੁਣਿਐ ਖੂਨੀ ਚਚੇਰ ਭਰਾਵਾਂ, ਇੰਗਲੈਂਡ, ਆਇਰਲੈਂਡ 'ਚ ਲਈ ਪਨਾਹ।
ਜ਼ੁਲਮੀ ਪਿਤਰ-ਘਾਤ ਕਬੂਲ ਨਹੀਂ ਕੀਤਾ, ਵਚਿੱਤਰ ਬੜੀਆਂ ਘੜ ਕਹਾਣੀਆਂ,
ਲੋਕਾਂ ਵਿੱਚ ਅਫਵਾਹ ਫੈਲਾਈ: ਬਾਕੀ ਕਰਾਂਗੇ ਗੱਲ ਸਵੇਰੇ;
ਨਾਲੇ ਹੋਰ ਬੜੇ ਨੇ ਰਿਆਸਤ ਵਾਲੇ ਮਸਲੇ, ਗ਼ੌਰ-ਤਲਬ ਜੋ ਸਾਡੇ ਸਭ ਦੇ।
ਚਲੋ ਫੇਰ ਕਰੋ ਅਸਵਾਰੀ:ਅਲਵਿਦਾਅ, ਰਾਤੀਂ ਵਾਪਸੀ ਤੱਕ ਤੁਹਾਡੀ ।
ਫਲੀਐਂਸ ਵੀ ਚੱਲਿਐ ਨਾਲ ਤੁਹਾਡੇ?
ਬੈਂਕੋ:ਜੀ ਸਰਕਾਰ! ਵੇਲ਼ਾ ਹੋ ਗਿਐ ਸਾਡਾ।
ਮੈਕਬੈਥ:ਰੱਬ ਕਰੇ ਅਸ਼ਵ ਤੁਹਾਡੇ, ਤੇਜ਼ ਵੀ ਹੋਵਣ ਪੈਰੀਂ ਪੱਕੇ;
ਤੇ ਫਿਰ ਜਾਓ, ਕਾਠੀ ਪਾਓ, ਮਾਰ ਪਲਾਕੀ ਚੜ੍ਹ ਜੋ ਉੱਤੇ। ਅਲਵਿਦਾਅ !
{ਪ੍ਰਸਥਾਨ ਬੈਂਕੋ}

ਰਾਤੀਂ ਸੱਤ ਦੀ ਘੰਟੀ ਤੀਕਰ, ਹਰ ਕੋਈ ਮਾਲਿਕ ਸਮੇਂ ਦਾ ਅਪਣੇ;
ਸੁਹਬਤ ਵਾਲੀ 'ਜੀ ਆਇਆਂ ਨੂੰ', ਹੋਰ ਵੀ ਮਿੱਠਾ ਕਰਨ ਦੀ ਖਾਤਰ,
ਰਾਤ੍ਰੀ-ਭੋਜ ਥੀਂ ਅਸੀਂ ਵੀ ਰਹਿਣਾ, ਕੇਵਲ ਆਪਣੀ ਸੁਹਬਤ ਅੰਦਰ:
ਉਦੋਂ ਤੀਕਰ ਰੱਬ ਮੁਹਾਫਿਜ਼ ! ਰਹੇ ਤਖਲੀਆ।
{ਪ੍ਰਸਥਾਨ ਲੇਡੀ ਮੈਕਬੈਥ, ਲਾਟ ਸਾਹਿਬਾਨ,ਅਤੇ ਬੇਗਮਾਤ ਵਗੈਰਾ}

ਸੁਣ ਓ ਵੱਡਿਆ! ਬੰਦੇ ਹੁਕਮ ਉਡੀਕਣ ਸਾਡਾ?
ਨਫਰ: ਜੀ , ਸਰਕਾਰ! ਹਾਜ਼ਰ ਖੜੇ ਦਰਵਾਜ਼ੇ ਉੱਤੇ।
ਮੈਕਬੈਥ:ਪੇਸ਼ ਕਰੋ।
{ਨਫਰ ਜਾਂਦਾ ਹੈ}

'ਇੰਜ ਹੋਣਾ' ਮਾਅਨੇ 'ਕੁੱਝ ਨਹੀਂ ਹੋਣਾ';
'ਇੰਜ ਹੋਣਾ' ਮਾਅਨੇ 'ਮਹਿਫੂਜ਼ ਵੀ ਹੋਣਾ':
ਡਰ ਬੈਂਕੋ ਦਾ ਖਾਈਂ ਜਾਂਦੈ, ਧੁਰ ਦਿਲੇ ਵਿੱਚ ਵੱਸਦੈ;
ਸ਼ਾਹੀ ਜੋ ਸੁਭਾਓ ਓਸਦਾ, ਹੁਕਮ ਚਲਾਵਣ ਵਾਲਾ, ਡਰ ਦਾ ਕਾਰਨ ਬਣਦੈ:
ਹੌਸਲੇ ਬੜੇ ਬੁਲੰਦ ਓਸਦੇ; ਨਿੱਡਰਤਾ ਦੀ ਸ਼ਕਤੀ ਹੈ ਸਿਆਣਪ ਉਹਦੀ-



ਰਹਿਬਰੀ ਕਰੇ ਵੀਰਤਾ ਵਾਲੀ, ਤਾਂ ਜੋ ਰਹੇ ਸੁਰੱਖਿਆ ਪੂਰੀ।
ਉਹਦੇ ਬਿਨਾਂ ਨਹੀਂ ਕੋਈ ਐਸਾ, ਜੀਹਦੀ ਹੋਂਦ ਦਾ ਡਰ ਹੈ ਮੈਨੂੰ,
ਪ੍ਰਤਿਭਾ ਮੇਰੀ ਮਾਂਦ ਪੈ ਜਾਵੇ, ਜਿੱਥੇ ਉਹ ਆ ਜਾਵੇ; ਜਿਵੇਂ ਆਖਦੇ :
ਮਾਰਕ ਅੰਤਨੀ ਸੀਜ਼ਰ ਸਾਹਵੇਂ।(ਅੱਖ ਨਾਂ ਚੁੱਕੇ)।
ਚੁੜੇਲਾਂ ਨੇ ਸੀ ਜਦ ਆਖਿਆ, ਪਹਿਲਾਂ ਮੈਨੂੰ ਭਵਿੱਖ ਦਾ ਰਾਜਾ,
ਝਿੜਕ ਏਸ ਨੇ ਮਾਰੀ ਐਸੀ, ਖੁਦ ਬਾਰੇ ਬੁਲਵਾਇਆ;-
ਪੈਗ਼ੰਬਰਾਂ ਵਾਂਗ ਉਨ ਜੈ ਜੈ ਕੀਤੀ,
ਲੰਬੇ ਸ਼ਾਹੀ ਵੰਸ਼ ਦਾ ਇਹਨੂੰ ਪਿਤਾ ਦਰਸਾਇਆ:
ਨਿਹਫਲ਼ ਤਾਜ ਮੇਰੇ ਸਿਰ ਧਰ ਕੇ, ਰਾਜਡੰਡ ਆਹ ਬਾਂਝ ਫੜਾਇਆ,
ਅਣਵੰਸ਼ਤਾ ਵਾਲੇ ਮਾਰੂ ਹੱਥ ਨੇ, ਜਦ ਚਾਹੇ ਖੋਹ ਲੈਣਾ;
ਕਦੇ ਵੀ ਮੇਰੇ ਪੁੱਤਰ, ਨਾਤੀ, ਵਾਰਸ ਨਹੀਂਓਂ ਮੇਰੇ ਹੋਣਾ:
ਜੇ 'ਹੋਣੀ' ਸੀ ਏਦਾਂ ਹੋਣੀ :
ਬੈਂਕੋ ਦੀ ਔਲਾਦ ਲਈ ਕਾਹਨੂੰ ਮਨ ਮੈਂ ਦੂਸ਼ਿਤ ਕੀਤਾ ?
ਕਿਉਂ ਉਹਨਾਂ ਦੀ ਖਾਤਰ ਫਿਰ ਮੈਂ, ਕਤਲ ਕਿਰਪਾਲੂ ਡੰਕਨ ਕੀਤਾ?
ਜਾਮ-ਏ-ਅਮਨ 'ਚ ਫਿਰ ਮੈਂ ਆਪਣੇ, ਸਿਰਫ ਉਨ੍ਹਾਂ ਦੀ ਖਾਤਰ,
ਵੈਰ, ਵਖਾਧ ਦੀ ਵਿਸ਼ ਕਿਉਂ ਘੋਲ਼ੀ?
ਨਾਲੇ ਆਪਣਾ 'ਰਤਨ ਸਦੀਵੀ ', ਸ਼ੈਤਾਨ ਹਵਾਲੇ ਇਸ ਲਈ ਕੀਤਾ,
ਤਾਂ ਜੋ ਬੈਂਕੋ-ਬੀਜ ਤੋਂ ਉਪਜਣ, ਆਉਂਦੀ ਕੱਲ੍ਹ ਦੇ ਰਾਜੇ-!
ਇਹਦੇ ਨਾਲੋਂ ਚੰਗਾ 'ਹੋਣੀ', ਤੂੰ ਵੀ ਆ ਡਟ 'ਪਾੜੇ' ਉੱਤੇ,
ਸੂਰਿਆਂ ਵਾਂਗੂ ਪੁੱਛਾਂ ਤੈਨੂੰ, ਮੈਂ ਤੇਰਾ ਸਿਰਨਾਮਾਂ।-
{ਦੋ ਕਾਤਲਾਂ ਨਾਲ ਸਹਾਇਕ ਦਾ ਪ੍ਰਵੇਸ਼}

ਜਾਹ ਹੁਣ ਤੂੰ ਦਰਵਾਜ਼ੇ ਉੱਤੇ, ਜਿੰਨਾ ਚਿਰ ਆਵਾਜ਼ ਨਾਂ ਦੇਵਾਂ।
{ਪ੍ਰਸਥਾਨ ਸਹਾਇਕ}

ਕੱਲ ਕੀ ਗੱਲ੍ਹ ਨਹੀਂ ਕੀਤੀ ਆਪਾਂ?
ਕਾਤਲ-1:ਕੀਤੀ ਸੀ , ਜਿਉਂ ਮਹਾਰਾਜ ਨੂੰ ਭਾਵੇ।
ਮੈਕਬੈਥ:ਵਿਚਾਰ ਲਈਆਂ ਫਿਰ ਮੇਰੀਆਂ ਬਾਤਾਂ? ਜਾਣ ਲਿਆ ਤੁਸੀਂ, ਇਹ ਓਹੀ ਬੰਦਾ,
ਜੀਹਨੇ ਪਿਛਲੇ ਸਮੀਂ ਤੁਹਾਨੂੰ, ਮੰਦਭਾਗਾ ਏਨਾ ਕਰੀਂ ਰੱਖਿਆ;
ਐਪਰ ਸਾਨੂੰ ਨਿਰਦੋਸ਼ਾਂ ਨੂੰ, ਤੁਸੀਂ ਸਮਝਿਆ ਆਪਣਾ ਦੋਸ਼ੀ?
ਏਨਾਂ ਤਾਂ ਸਮਝਾ ਦਿੱਤਾ ਸੀ, ਤੁਹਾਨੂੰ ਪਿਛਲੀ ਮਿਲਣੀ ਅੰਦਰ,
ਸਬੂਤ ਵੀ ਸਾਰੇ ਦੇ ਦਿੱਤੇ ਸੀ, ਜੋ ਤੁਸਾਂ ਨੇ ਆਪੂੰ ਮੰਨੇ,-
-ਕਿਵੇਂ ਤੁਹਾਨੂੰ ਹੱਥ 'ਚ ਰੱਖਿਆ, ਕਿਵੇਂ ਰਾਹ ਅੜਿੱਕੇ ਡਾਹ ਕੇ,


ਕੀਹਨੇ, ਕਿਹੜਾ ਲਾਭ ਉਠਾਇਆ,- ਤੇ ਹੋਰ ਵੀ ਸਾਰੀਆਂ ਐਸੀਆਂ ਗੱਲਾਂ,
ਸੁਣੇ ਕੋਈ ਵਿਚਾਰ-ਹੀਣ, ਨੀਮ-ਨਫਸ ਜੇ, ਜਾਂ ਫਿਰ ਕੋਈ ਦੀਵਾਨਾ,
ਅਕਸਮਾਤ ਹੀ ਉੱਠ ਪੁਕਾਰੇ:'ਇੰਜ ਹੀ ਬੈਂਕੋ ਕੀਤਾ' ।
ਕਾਤਲ-1:ਇਹ ਸਭ ਸੀ ਸਮਝਾਇਆ ਸਾਨੂੰ।
ਮੈਕਬੈਥ:ਹਾਂ, ਮੈਂ ਸੀ ਸਮਝਾਇਆ: ਨਾਲੇ ਹੋਰ ਕੁੱਝ ਵੀ ਦੱਸਿਆ ਤੁਹਾਨੂੰ,
ਜੋ ਅੱਜ ਦੂਜੀ ਮੁਲਾਕਾਤ ਦਾ ਖਾਸ ਹੈ ਨੁਕਤਾ।
ਕੀ ਤੁਹਾਡੀ ਫਿਤ੍ਰਤ ਉੱਤੇ, ਸਬਰ-ਸਬੂਰੀ ਏਨੀ ਭਾਰੂ,
ਅੱਖੋਂ ਪ੍ਰੋਖੇ ਕਰ ਦੇਣਾ ਹੈ, ਅਨਿਆਂ ਜੋ ਉਹਨੇ ਕੀਤਾ?
ਜਾਂ ਫਿਰ ਧਰਮ ਸ਼ਾਸਤਰ ਏਨਾਂ ਪੜ੍ਹਿਐ,
ਕਿ ਇਸ ਨੇਕ ਬੰਦੇ ਦੀ ਖੈਰ ਸਦਾ ਹੀ ਮੰਗਦੇ ਰਹਿਣਾ,
ਨਾਲੇ ਭਲਾ ਲੋੜਦੇ ਰਹਿਣਾ ਉਹਦੀਆਂ ਸੰਤਾਨਾਂ ਦਾ,
ਜੀਹਦੇ ਭਾਰੀ, ਜ਼ੁਲਮੀ, ਹੱਥ ਨੇ, ਕਬਰਾਂ ਵਿੱਚ ਘਸੋਇਆ ਤੁਹਾਨੂੰ,
ਨਾਲੇ ਤੁਹਾਡੇ ਬੱਚਿਆਂ ਤਾਈਂ, ਸਦਾ ਲਈ ਫਕੀਰ ਬਣਾਇਆ-?
ਕਾਤਲ-1:ਬੰਦਿਆਂ ਵਰਗੇ ਬੰਦੇ ਅਸੀਂ ਵੀ , ਮਾਲਿਕ।
ਮੈਕਬੈਥ:ਠੀਕ, ਬੰਦਿਆਂ ਵਾਲੀ ਸੂਚੀ ਅੰਦਰ, ਤੁਸੀਂ ਵੀ ਬੰਦੇ;
ਜਿਵੇਂ ਸ਼ਿਕਾਰੀ, ਗਰੇ-ਹੌਂਡਜ਼, ਦੋਗਲੇ, ਸਪੇਨੀਅਲ, ਬੁੱਕਲ-ਕੁੱਤੇ,
ਅਰਧ-ਬਘਿਆੜ, ਜਲ ਦੇ ਕੁੱਤੇ, ਤੇ ਗਲੀਆਂ ਦੇ ਕੂਕਰ ਕੁੱਤੇ,
ਇੱਕੋ ਸੂਚੀ ਸਭ ਲਿਖੀਂਦੇ, ਸਭ ਕੁੱਤੇ, ਕੁੱਤੇ ਕਹਿਲਾਂਦੇ :
ਐਪਰ ਗੁਣ-ਵਾਚੀ ਸੂਚੀ ਅੰਦਰ, ਪਰਖ ਉਨ੍ਹਾਂ ਦੀ ਕੀਤੀ ਹੁੰਦੀ :
ਤੇਜ਼-ਤਰਾਰ, ਸੁਸਤ ਰਫਤਾਰ, ਸੁਬਕ ਚਲਾਕ, ਘਰ ਦਾ ਰਾਖਾ,
ਜਾਂ ਫਿਰ ਲਿਖਣ ਸ਼ਿਕਾਰੀ ਕੁੱਤਾ:
ਆਪਣੀ ਆਪਣੀ ਦਾਤ ਮੁਤਾਬਕ, ਜੋ ਕੁਦਰਤ ਨੇ ਬਖਸ਼ੀ ਹੁੰਦੀ,
ਨਾਂਅ ਦੇ ਨਾਲ ਸੂਚੀ ਅੰਦਰ, ਗੁਣ ਵੀ ਲਿਖਿਆ ਜਾਂਦਾ:
ਏਹੋ ਸੱਚ ਹੈ ਬੰਦਿਆਂ ਬਾਰੇ।
ਜੇ ਹੁਣ ਬੰਦਿਆਂ ਵਾਲੀ ਸੂਚੀ ਅੰਦਰ, ਹੈ ਕੋਈ ਸਥਾਨ ਤੁਹਾਡਾ,
ਨਾਮਰਦਾਂ ਦੀ ਸੂਚੀ ਅੰਦਰ ਜੋ ਨਹੀਂ ਪੈਂਦਾ, ਬੋਲੋ, ਦੱਸੋ ਮੈਨੂੰ;
ਕਾਰਜ ਐਸਾ ਦਿਆਂ ਤੁਹਾਨੂੰ, ਕਰਨੀ ਜੀਹਦੀ ਮਾਰ ਮੁਕਾਏ ਦੁਸ਼ਮਣ ਤੁਹਾਡਾ;
ਫੇਰ ਮੋਹ ਅਸਾਡੇ ਤੁਹਾਨੂੰ, ਘੁੱਟ ਕੇ ਸੀਨੇ ਲਾਉਣੈ;
ਕਿਉਂਕਿ ਜੇ ਉਹ ਜੀਂਦੈ, ਅਸੀਂ ਹਾਂ ਡਿੱਗੜ, ਜੇ ਮਰਦੈ ਤਾਂ ਨੌਂ ਬਰ ਨੌਂ ਹਾਂ-।
ਕਾਤਲ-2:ਮੈਂ ਤਾਂ ਮਾਲਿਕ, ਐਸਾ ਬੰਦਾ, ਖਾ ਥਪੇੜੇ ਏਸ ਦੁਨੀ ਦੇ,
ਘਿਰਣਤ ਘੋਰ ਨਹੱਕੀਆਂ ਸੱਟਾਂ, ਏਨੀ ਚੀਹ ਚੜ੍ਹਾਈਂ ਬੈਠਾਂ,
ਕਿ ਪਰਵਾਹ ਨਹੀਂ ਮੈਨੂੰ, ਕਿੰਜ ਦੁਨੀ ਦੀ ਖੁੰਭ ਠੱਪਣੀ।
ਕਾਤਲ-1:ਮੈਂ ਇੱਕ ਹੋਰ ਹਾਂ ਐਸਾ ਬੰਦਾ, ਸਾਜ਼ਸ਼ਾਂ ਨਾਲ ਜੋ ਤੋੜਿਆ ਭੰਨਿਆ,


ਕਰੂਰ ਹੋਣੀ ਦੇ ਪੱਹੀਏ ਬੱਝਾ, ਜੀਵਨ ਦੀ ਮੈਂ ਲਾ ਦੂੰ ਬਾਜ਼ੀ ਪਹਿਲੀ ਸੱਟੇ,
ਪਾਣ ਨੂੰ ਇਹਨੂੰ ਸਿੱਧੀ ਰਾਹ; ਜਾਂ ਫਿਰ ਕਰ ਦੂੰ ਛੁੱਟੀ ਇਹਦੀ।
ਮੈਕਬੈਥ:ਚੰਗੀ ਤਰਾਂ ਜਾਣਦੇ ਦੋਵੇਂ, ਬੈਂਕੋ ਤੁਹਾਡਾ ਦੁਸ਼ਮਣ ਹੈਸੀ।
ਦੋਵੇਂ ਕਾਤਲ:ਠੀਕ, ਸਰਕਾਰ।
ਮੈਕਬੈਥ:ਮੇਰਾ ਵੀ ਹੈ ਦੁਸ਼ਮਣ ਓਹੋ;
ਤੇ ਖੂਨੀ ਫਾਸਲਾ ਵਿੱਚ ਵਿਚਾਲੇ ਬੱਸ ਕੁੱਝ ਏਨਾ,
ਕਿ ਹਰ ਪਲ ਉਹਦੇ ਜੀਵਨ ਵਾਲਾ, ਸੱਲ ਸੀਨੇ ਜਿਉਂ ਵੱਜਦੈ ਮੇਰੇ:
ਭਾਵੇਂ ਜੱਗ ਜਹਾਨੇ, ਸਭ ਦੇ ਸਾਹਵੇਂ, ਵਰਤ ਕੇ ਆਪਣੀ ਸ਼ਾਹੀ ਸ਼ਕਤੀ,
ਹਰਫ-ਏ-ਗ਼ਲਤ ਵਾਂਗ ਮੈਂ ਉਹਦੀ, ਫੱਟੀ ਪੋਚ ਕੇ ਰੱਖ ਸਕਦਾ ਹਾਂ,
ਸੀਨਾ ਤਾਣ ਕੇ ਕਹਿ ਵੀ ਸਕਨਾਂ, 'ਮਰਜ਼ੀ ਮੇਰੀ',
ਪਰ ਐਸਾ ਮੈਂ ਕਰਨਾ ਨਾਂਹੀਂ, ਖਾਸ ਅਸਾਡੇ ਮਿੱਤਰਾਂ ਕਾਰਨ, ਜੋ ਸਾਂਝੇ ਨੇ,
- ਮੋਹ ਜੀਹਨਾਂ ਦਾ ਤਿਆਗ ਨਹੀਂ ਹੁੰਦਾ,
ਇਹਦੀ ਜਾਨ ਨੂੰ ਉਹਨਾਂ ਰੋਣੈ, ਜੀਹਨੂੰ ਹੱਥੀ ਮਾਰ ਮੈਂ ਸੁੱਟਣੈ:
ਇਸੇ ਲਈ ਹੁਣ ਮੋਹ-ਸਹਾਇਤਾ ਤੁਹਾਡੀ ਚਾਹਾਂ;
ਅਜਿਹੇ ਵਜ਼ਨੀ ਕਾਰਨਾਂ ਕਾਰਨ,
ਪਰਦਾ ਪਾਕੇ ਕਾਰਜ ਉੱਤੇ, ਲੋਕ-ਨਜ਼ਰ ਨੂੰ ਫਰੇਬ ਹੈ ਦੇਣਾ।
ਕਾਤਲ-2:ਮਾਲਿਕ, ਅਸੀਂ ਤਾਅਮੀਲ ਕਰਾਂਗੇ, ਜੋ ਵੀ ਹੁਕਮ ਦਿਓਂ ਅਸਾਨੂੰ।
ਕਾਤਲ-1:ਭਾਵੇਂ ਸਾਡੀ ਜਾਨ ਹੀ----
ਮੈਕਬੈਥ:ਹੌਸਲੇ ਬੁਲੰਦ ਝਲਕ ਰਹੇ ਨੇ, ਤੁਹਾਡੇ ਚਿਹਰਿਆਂ ਉੱਤੋਂ।
ਇੱਕ ਘੰਟੇ ਦੇ ਅੰਦਰ ਅੰਦਰ, ਮੈਂ ਦੱਸਾਂਗਾ ਤੁਹਾਨੂੰ,
ਕਿੱਥੇ ਘਾਤ ਤੁਸਾਂ ਲਗਾਉਣੀ, ਕੀਹਨੇ ਪਲ ਪਲ ਪੱਕੀ ਦੇਣੀ,
ਖਬਰ ਸਮੇਂ ਦੀ ਤੁਹਾਨੂੰ ;
ਕਾਰਾ ਇਹ ਅੱਜ ਰਾਤ ਹੀ ਕਰਨੈ, ਮਹਿਲਾਂ ਤੋਂ ਜ਼ਰਾ ਹਟ ਕੇ ਕਰਨੈ;
ਮੇਰੇ ਮਨ ਵਿੱਚ ਸਦਾ ਰਹੀ ਹੈ, ਲੋੜ ਸਫਾਈ ਵਾਲੀ :
ਤਾਂ ਤੇ ਕੋਈ ਕਸਰ ਮਸਰ, ਰੋਕ, ਰੇੜ੍ਹਕਾ ਛੱਡਣਾ ਨਾਂਹੀਂ,
ਅੱਧ-ਪਚੱਧਾ ਕੰਮ ਨਹੀਂ ਛੱਡਣਾ, ਗੱਲ ਸਿਰੇ ਹੀ ਲਾ ਦੇਣੀ ;
ਨਾਲ ਫਲੀਐਂਸ ਪੁੱਤਰ ਹੋਣੈ, ਸੁਹਬਤ ਸਦਾ ਜੋ ਕਰਦਾ,
ਪਿਓ ਤੋਂ ਵੱਧ ਜ਼ਰੂਰੀ ਮੈਨੂੰ, ਪੁੱਤਰ ਦਾ ਮਿਟ ਜਾਣਾ,
ਤਾਂ ਤੇ ਉਹ ਵੀ ਬਣੇ ਨਿਵਾਲਾ ਨ੍ਹੇਰੇ ਓਸ ਪਹਿਰ ਦਾ।
ਜਾਓ, ਕਰੋ ਮਨ ਪੱਕੇ ਆਪਣੇ ਆਪਣੇ, ਮੈਂ ਪਰਤ ਕੇ ਛੇਤੀ ਆਉਨਾ।
ਦੋਵੇਂ ਕਾਤਲ:ਮਨ ਪੱਕੇ ਨੇ ਸਾਡੇ, ਮਾਲਿਕ।
ਮੈਕਬੈਥ:ਮੈਂ ਹੁਣੇ ਬੁਲਵਾਊਂ ਤੁਹਾਨੂੰ, ਅੰਦਰ ਹੀ ਉਡੀਕੋ ਮੈਨੂੰ।
{ਕਾਤਲ ਜਾਂਦੇ ਹਨ}


ਇਹ ਗੱਲ ਤਾਂ ਚੜ੍ਹੀ ਨੇਪਰੇ:-
ਜੇ ਬੈਂਕੋ ਤੇਰੀ ਜਿੰਦ ਪੰਖੇਰੂ, ਸੁਰਗੀਂ ਜਾਣੈ ਮਾਰ ਉਡਾਰੀ,
ਅੱਜ ਹੀ ਰਾਤੀਂ ਫੇਰ ਸੱਜਣਾ, ਕਰ ਲੈ ਖੂਬ ਤਿਆਰੀ ।
{ਪ੍ਰਸਥਾਨ}

ਸੀਨ-2


ਓਹੀ- ਮਹਿਲ ਦਾ ਹੋਰ ਕਮਰਾ।
{ਪ੍ਰਵੇਸ਼ ਲੇਡੀ ਮੈਕਬੈਥ, ਅਤੇ ਇੱਕ ਗ਼ੁਲਾਮ।}

ਲੇਡੀ ਮੈਕਬੈਥ:ਬੈਂਕੋ ਗਿਐ ਮਹਿਲੋਂ ਬਾਹਰ?
ਗ਼ੁਲਾਮ:ਜੀ ਮਾਦਾਮ, ਪਰ ਉਸ ਰਾਤੀਂ ਹੀ ਮੁੜ ਆਉਣੈ।
ਲੇਡੀ ਮੈਕਬੈਥ:ਜਾਹ ਸ਼ਾਹ ਨੂੰ ਕਰ ਅਰਜ਼ੋਈ, ਫੁਰਸਤ ਹੋਏ ਤਾਂ ਹਾਜ਼ਰ ਹੋਵਾਂ,
ਇੱਕ ਦੋ ਗੱਲਾਂ ਕਰਨ ਜ਼ਰੂਰੀ।

ਗ਼ੁਲਾਮ:ਹੁਕਮ, ਮਾਦਾਮ।

{ਜਾਂਦਾ ਹੈ}


ਲੇਡੀ ਮੈਕਬੈਥ:ਪੂਰਨ ਹੋ ਗਈ ਇੱਛਾ ਭਾਵੇਂ, ਪਰ ਸੰਤੁਸ਼ਟੀ ਮਿਲੀ ਨਹੀਂ ਹੈ,
ਜੋ ਪੱਲੇ ਸੀ ਸੋ ਗੁਆਇਆ, ਕੁੱਝ ਵੀ ਹੱਥ ਪਿਆ ਨਹੀਂ ਹੈ:
ਚੰਗਾ ਰਹਿੰਦਾ ਉੱਥੇ ਰਹਿੰਦੇ, ਜਿਹੜੀ ਥਾਂ ਨੂੰ ਹੱਥੀਂ ਢਾਇਐ
ਢੇਰੀ ਕੀਤੀ ਥਾਵੇਂ ਬਹਿ ਕੇ, ਦੁਹਰੀ ਖੁਸ਼ੀ ਮਨਾਵਣ ਨਾਲੋਂ ।
{ਪ੍ਰਵੇਸ਼ ਮੈਕਬੈਥ}

ਕਿੱਦਾਂ ਹੈ ਹੁਣ, ਸੁਆਮੀ ਮੇਰੇ! ਕੱਲਮ ਕੱਲੇ ਕਿਉਂ ਹੋਂ ਫਿਰਦੇ,
ਮਾੜੀ ਸੁਹਬਤ ਚਿੰਤਾ ਚੰਦਰੀ, ਕਿਉਂ ਗਲ਼ ਆਪਣੇ ਪਾਈ ;
ਬਦ ਖਿਆਲ ਜੋ ਮਾਰ ਦੇਣੇ ਸੀ ਨਾਲ ਉਨ੍ਹਾਂ ਦੇ,
ਉਹਨਾਂ ਵਾਲੀ ਫਿਕਰ ਭਲਾ ਕਿਉਂ ਪੱਲੇ ਪਾਈ?
ਲਾ-ਇਲਾਜ ਮਰਜ਼ ਜੇ ਹੋਵੇ, ਫਿਕਰ ਕਰਨ ਦੀ ਲੋੜ ਨਹੀਂ:
ਜੋ ਹੋਈ, ਸੋ ਹੋਈ ਬੀਤੀ , ਮੁੱਕੀ ਗੱਲ ਹਵਾਏ ਖੋਈ-।
ਮੈਕਬੈਥ:ਚਿੱਥਿਐ ਭਾਵੇਂ ਸਰਪ ਨੂੰ ਆਪਾਂ, ਪਰ ਉਹ ਮਰਿਆ ਨਾਂਹੀਂ,
ਖੁਦ ਨੂੰ ਮੁੜ ਸਾਂਭਣੈਂ ਉਹਨੇ, ਨੇੜੇ ਆਉਣੈਂ, ਡੰਗ ਚਲਾਉਣੈਂ:
ਅਸੀਂ ਬਿਚਾਰੇ ਜੋ ਬਾਕੀ ਹਾਂ, ਡੰਗ ਦੇ ਖਤਰੇ ਸਦਾ ਹੀ ਰਹਿਣੈ।
ਡਰ 'ਚ ਖਾਈਏ, ਡਰ ਹੀ ਪੀਏ, ਡਰ 'ਚ ਸੰਵੀਏ ਤੇ ਬਰੜਾਈਏ,
ਘੋਰ ਡਰਾਉਣੇ ਸਪਨ ਹੰਢਾਈਏ, ਡਰ ਨਾਲ ਕੰਬੀਂ ਜਾਈਏ;


ਇਸ ਤੋਂ ਪਹਿਲਾਂ ਜੋੜਜੁਗਾੜ ਇਹ, ਕਿਉਂ ਨਾਂ ਭੰਨ ਮੁਕਾਈਏ,
ਦੋਵੇਂ ਜੱਗੀਂ ਜੋ ਦੁੱਖਾਂ ਦਾ ਕਾਰਨ ਬਣਦੈ:-
ਮੋਇਆਂ ਸੰਗ ਹੀ ਆਪਾਂ ਚੰਗੇ, ਮੌਤ ਦੀ ਨੀਂਦ ਸੁਲਾ ਜਿਨ੍ਹਾਂ ਨੂੰ ,
ਇਹ ਸਥਾਨ ਪ੍ਰਾਪਤ ਕੀਤੈ, ਸੱਲ, ਤਸੀਹੇ, ਮਨ ਦੀ ਪੀੜਾ,
ਆਨੰਦ ਅਸ਼ਾਂਤ ਨੀਂਦਰ ਵਾਲਾ ਸਹਿਣ ਦੇ ਨਾਲੋਂ।
ਸ਼ਹਿਰ-ਖਮੋਸ਼ਾਂ ਡੰਕਨ ਸੁੱਤਾ;-
ਵਿਆਕੁਲ ਜੀਵਨ ਦੀ ਭਖ ਮੁੱਕੀ, ਨਿੱਘੀ ਨੀਂਦ ਆਰਾਮ ਦੀ ਸੁੱਤਾ;-
ਧਰੋਹ, ਬਗ਼ਾਵਤ, ਗੱਦਾਰੀ ਨੇ, ਪੂਰੀ ਟਿੱਲ ਲਗਾ ਲੀ ਆਪਣੀ,
ਜਿੰਨਾ ਹੋ ਸਕਦਾ ਸੀ ਮਾੜਾ ਕੀਤਾ:
ਨਾਂ ਖੰਜਰ ਨਾਂ ਵਿਸ਼ ਕੋਈ ਮਾਰੂ, ਨਾ ਦੋਖ-ਦੁਵੈਖ ਘਰੇਲੂ ਕੋਈ ,
ਨਾਂ ਵਿਦੇਸ਼ੀ ਫੌਜਾਂ,- ਕੁੱਝ ਵੀ ਉਹਨੂੰ ਛੁਹ ਨਹੀਂ ਸਕਦਾ :
ਏਨਾਂ ਉੱਚਾ, ਏਨਾਂ ਦੂਰ, ਪਰੇ ਹੈ ਸਭ ਤੋਂ।
ਲੇਡੀ ਮੈਕਬੈਥ:ਛੱਡੋ; ਸੁਆਮੀ ਮੇਰੇ! ਅਸੀਲ ਬਣੋ;
ਘਬਰਾਹਟ ਨੂੰ ਲਾਹ ਕੇ ਮੂੰਹੋਂ, ਚਿਹਰਾ ਨਰਮ ਕਰੋ,
ਮਹਿਮਾਨਾਂ ਨੂੰ ਅੱਜ ਦੀ ਰਾਤੀਂ, ਹਸਮੁਖ ਲੱਗੋ, ਖੁਸ਼ੀ ਵਖਾਓ।
ਮੈਕਬੈਥ:ਏਹੋ ਮੈਂ ਕਰੂੰਗਾ ਪਿਆਰੀ , ਗੁਜ਼ਾਰਿਸ਼ ਮੇਰੀ, ਤੂੰ ਵੀ ਏਵੇਂ ਕਰਨਾ;
ਖੁਦ ਤੇ ਖੁਦ ਦਾ ਕਾਬੂ ਰੱਖੀਂ, ਬੱਸ ਬੈਂਕੋ ਨੂੰ ਚੇਤੇ ਰੱਖੀਂ;
ਨਜ਼ਰ, ਜ਼ੁਬਾਂ, ਦੋਵਾਂ ਨਾਲ ਹੀ, ਬਖਸ਼ੀਂ ਪੂਰੀ ਇੱਜ਼ਤ ਉਹਨੂੰ-
ਜਿੰਨਾ ਚਿਰ ਮਹਿਫੂਜ਼ ਨਹੀਂ ਹਾਂ-
ਚਾਪਲੂਸੀ ਦੀ ਗੰਗ 'ਚ ਰੱਖੀਏ, ਧੋ ਕੇ ਆਪਣੀ ਮਹਿਮਾ,
ਮੂੰਹ ਮੁਖੌਟੇ ਐਸੇ ਪਾਈਏੇ, ਕੱਜ ਦਿਲਾਂ ਦੀਆਂ ਰੱਖਣ ਅੰਦਰ,
ਤਾਂ ਜੋ ਭੇਖ ਲਕੋਈਂ ਰੱਖੇ, ਅਸਲ ਇਰਾਦੇ ਆਪਣੇ।
ਲੇਡੀ ਮੈਕਬੈਥ:ਛੱਡੋ ਤੁਸੀਂ, ਇਸ ਗੱਲ ਨੂੰ ਛੱਡੋ।
ਮੈਕਬੈਥ:ਓ ਪਿਆਰੀ ਪਤਨੀ ਮੇਰੀ ! ਮੇਰੇ ਮਨ ਭਰੇ ਨੇ ਠੂੰਹੇ,
ਬੈਂਕੋ ਅਤੇ ਫਲੀਐਂਸ ਪੁੱਤਰ, ਤੂੰ ਜਾਣਦੀ, ਜ਼ਿੰਦਾ ਦੋਵੇਂ।
ਲੇਡੀ ਮੈਕਬੈਥ:ਪਰ ਪ੍ਰਕ੍ਰਿਤੀ ਕਿਹੜਾ ਜ਼ਾਮਨ ਹੋ ਗਈ , ਉਹਨਾਂ ਦੀ ਮੌਰੂਸੀ ਵਾਲੀ ।
ਮੈਕਬੈਥ:ਤਸੱਲੀਬਖਸ਼ ਬੜੀ ਹਕੀਕਤ, ਹੱਤਣ-ਜੋਗ ਨੇ ਹਾਲੀਂ ਦੋਵੇਂ;
ਏਸ ਲਈ ਤੂੰ ਖੁਸ਼ੀ ਮਨਾ :
ਇਸ ਤੋਂ ਪਹਿਲਾਂ ਚਾਮਚਿੜੱਕਾਂ, ਸਿਆਹ ਸਮਾਧੀਂ ਭਰਨ ਉਡਾਰੀ,
ਕਾਲੀ ਦੇਵੀ ਤਿੰਨ ਸਿਰੀ ਦਾ ਆਏ ਬੁਲਾਵਾ;
ਗੋਬਰ ਗੋਹਾ ਭੂੰਡ ਕਲੂਟਾ, ਗਾ ਗਾ ਗੀਤ ਊਂਘਦੇ ਰੈਣ ਜਗਾਵੇ,
ਨ੍ਹੇਰ ਉਬਾਸੀ ਐਸੀ ਮਾਰੇ, ਰਾਤ ਭਰੇ ਅੰਗੜਾਈ ਐਸੀ ,
ਰਤਛੈਣੇ, ਸ਼ਹਿਨਾਈਆਂ ਵੱਜਣ, ਮਾਲਕੌਂਸ ਦੀ ਤਾਨ ਛਿੜੇ :


'ਹੋਣੀ' ਐਸੀ ਵਾਪਰ ਜਾਣੀ:-
ਘੋਰ ਭਿਆਨਕ ਖੂਨੀ ਕਾਰਾ ਹੋ ਕੇ ਰਹਿਣੈ।
ਲੇਡੀ ਮੈਕਬੈਥ:ਕਰਨਾ ਕੀ ਏ?
ਮੈਕਬੈਥ:ਰਹਿ ਅਣਜਾਣ ਮੌਜ ਕਰ ਏਵੇਂ, ਪਰਮ ਪਿਆਰੀ ਘੁੱਗੀਏ!
ਸ਼ਾਵਾ ਕਹਿ ਲੀਂ ਜਿੰਨੀ ਮਰਜ਼ੀ, ਸਿਰੇ ਚੜ੍ਹਨ ਦੇ ਕਾਰਾ।
ਅਣਡਿੱਠ-ਕਰਨੀ ਰਾਤੇ! ਆਜਾ, ਬੰਨ੍ਹ ਦੇ ਪੱਟੀ ਰਵੀਰਾਜ ਦੇ ਕੋਮਲ ਨੈਣੀਂ,
ਰੌਸ਼ਨ ਦਿਨ ਦੇ ਤਰਸ, ਰਹਿਮ ਦਾ, ਰਸਤਾ ਹੀ ਬੰਦ ਕਰ ਦੇ;
ਇਨ ਅਦ੍ਰਿਸ਼ ਖੂਨੀ ਹੱਥੀਂ, ਟੁਕੜੇ ਕਰ 'ਇਕਰਾਰ-ਨਾਮੇ' ਦੇ,
ਮੁਕਾ ਕਹਾਣੀ ਮਹਾਂ ਰਿਸ਼ਤੇ ਵਾਲੀ:
ਮੂੰਹ ਮੇਰੇ ਦਾ ਰੰਗ ਸਦਾ ਜੋ, ਪੀਲ਼ਾ ਪਾਈਂ ਰੱਖਦੈ!-
ਦਿਨ ਢਲਦੇ ਹੀ ਕਾਂ ਕਲੂਟੇ ਭਰ ਉਡਾਰੀ, ਢੋਡਰ-ਝਿੜ ਵੱਲ ਚੱਲੇ:
ਰੌਸ਼ਨ ਚੀਜ਼ਾਂ ਦਿਹੁੰ ਵਾਲੀਆਂ, ਸਿਰ ਸੁੱਟ ਊਂਘਣ ਲੱਗੀਆਂ;
ਕਾਲੇ-ਕਰਮੀ, ਰਾਤ-ਕਰਿੰਦੇ, ਆਖੇਟ ਜਾਣ ਦੀ ਕਰਨ ਤਿਆਰੀ ।
ਹੈਰਾਨ ਕਰਨ ਨਾਂ ਸ਼ਬਦ ਇਹ ਮੇਰੇ: ਠਹਿਰ ਜ਼ਰਾ ਤੂੰ, ਰੱਖ ਠ੍ਰੰਮਾ;
ਮਾੜੀ ਹੋਏ ਆਰੰਭ ਜੇ ਸ਼ੈਆਂ ਦੀ, 'ਬਦੀ ' ਤੋਂ ਆਪੂੰ ਹੋਣ ਤੱਗੜੀਆਂ :
ਏਸ ਲਈ ਮੈਂ ਕਰਾਂ ਗੁਜ਼ਾਰਿਸ਼: ਚੱਲ ਹੁਣ ਮੇਰੇ ਨਾਲ।
{ਪ੍ਰਸਥਾਨ}

ਸੀਨ-3


ਓਹੀ।
{ਸ਼ਿਕਾਰਗਾਹ ਜਾਂ ਫਿਰ ਹਰਿਆਲੇ ਮੈਦਾਨੋਂ ਮਹਿਲ ਵੱਲ ਜਾਂਦਾ ਰਾਹ}
{ਪ੍ਰਵੇਸ਼ ਤਿੰਨ ਕਾਤਲਾਂ ਦਾ}
ਕਾਤਲ-1:ਕੀਹਦਾ ਹੁਕਮ ਸੀ , ਆ ਰਲਿਐਂ ਤੂੰ ਨਾਲ ਅਸਾਡੇ?
ਕਾਤਲ-2:ਮੈਕਬੈਥ ਦਾ।
ਕਾਤਲ-3:ਅਵਿਸ਼ਵਾਸ ਕਰਨ ਦੀ ਲੋੜ ਨਹੀਂ ਸਾਨੂੰ:
ਸਾਡਾ ਹੀ ਇਹ ਹੱਥ ਵਟਾਉਂਦੈ, ਨਿਰਦੇਸ਼ਨ ਅਨਕੂਲ ਜਿਵੇਂ ਕਿ,
ਆਪਾਂ ਜੋ ਵੀ ਕਰਨੈਂ।
ਕਾਤਲ-1:ਆ ਫਿਰ ਨਾਲ ਖਲੋ ਅਸਾਡੇ।
ਇੱਕ ਦੋ ਕਿਰਨਾਂ ਬਚੀਆਂ-ਖੁਚੀਆਂ, ਅਸਤ ਹੋ ਰਹੇ ਰਵੀ ਵਾਲੀਆਂ,
ਪੱਛਮ ਨੂੰ ਲਿਸ਼ਕਾ ਰਹੀਆਂ ਨੇ,


ਰਾਹੀ ਜਿਵੇਂ ਪਛੇਤਾ ਕੋਈ ਅਸ਼ਵ ਨੂੰ ਅੱਡੀ ਮਾਰੇ,
ਵੇਲ਼ੇ ਨਾਲ ਤਾਂ ਜੋ ਅੱਪੜੇ, ਕਿਸੇ ਸਰਾਂ ਤੇ ਜਾਕੇ;
ਅਤੇ ਅਸਾਂ ਦੀ ਨਿਗਰਾਨੀ ਵਾਲਾ, ਵਿਸ਼ਾ ਵੀ ਨੇੜੇ ਲੱਗ ਰਿਹੈ।
ਕਾਤਲ-3:ਖਬਰਦਾਰ! ਪੌੜਾਂ ਦੀ ਆਵਾਜ਼ ਹੈ ਆਉਂਦੀ ।
ਬੈਂਕੋ(ਅੰਦਰੋਂ):ਮਸ਼ਾਲ, ਹੋ! ਮਸ਼ਾਲ ਲਿਆਓ।
ਕਾਤਲ-2:ਇਹ ਫਿਰ ਓਹੀ ਆਇਐ;
ਬਾਕੀ ਸੀ ਉਮੀਦ ਜਿਨ੍ਹਾਂ ਦੀ , ਪਹਿਲੋਂ ਈ ਪੁੱਜ ਚੁੱਕੇ ਦਰਬਾਰੇ।
ਕਾਤਲ-1:ਘੁੜਸਵਾਰੀ ਕਰਦੈ।
ਕਾਤਲ-3:ਬੱਸ ਮੀਲ ਕੁ ਹੀ ; ਬਾਕੀਆਂ ਵਾਂਗ ਹੀ ਆਮ ਤੌਰ ਤੇ,
ਏਥੋਂ ਮਹਿਲਾਂ ਦੇ ਦਰਵਾਜ਼ੇ ਤੀਕਰ, ਪੈਦਲ ਹੀ ਟੁਰ ਜਾਂਦੈ।
ਕਾਤਲ-2:ਮਸ਼ਾਲ ਆ ਰਹੀ ਰੌਸ਼ਨ ਰੌਸ਼ਨ!
ਕਾਤਲ-3:ਓਹੀ ਆਉਂਦੈ।
ਕਾਤਲ-1:ਸਾਵਿਧਾਨ!
{ਪ੍ਰਵੇਸ਼ ਬੈਂਕੋ, ਅਤੇ ਫਲੀਐਂਸ, ਮਸ਼ਾਲ ਨਾਲ}

ਬੈਂਕੋ:ਲਗਦੈ ਰਾਤੀਂ ਬਾਰਸ਼ ਆਉਣੀ।
ਕਾਤਲ-1:ਵਰ੍ਹਣ ਦੇ ਮੋਹਲੇਧਾਰ ਏਸ ਨੂੰ। {ਕਾਤਲਾਨਾ ਹਮਲਾ ਕਰਦਾ ਹੈ}
ਬੈਂਕੋ:ਹਾਏ ਧੋਖਾ! ਭੱਜ, ਫਲੀਐਂਸ ਭਲਿਆ, ਭੱਜ, ਉੱਡ ਜਾ ਏਥੋਂ।
ਲੈ ਲੀਂ ਬਦਲਾ।-ਓਏ ਕਮੀਨੇ ਨਫਰਾ, ਆਹ ਕੀ ਕੀਤਾ!
{ਮਰ ਜਾਂਦਾ ਹੈ। ਫਲੀਐਂਸ ਬਚਕੇ ਨਿੱਕਲ ਜਾਂਦਾ ਹੈ}

ਕਾਤਲ-3:ਵਾਰ ਮਸ਼ਾਲ ਤੇ ਕਿਸ ਕੀਤਾ?
ਕਾਤਲ-1:ਕੀ ਇਹ ਤੈਅ ਨਹੀਂ ਸੀ ਹੋਇਆ?
ਕਾਤਲ-3:ਇੱਕ ਹੀ ਸਿੱਟਿਐ: ਪੁੱਤਰ ਭੱਜ ਖਲੋਇਐ।
ਕਾਤਲ-2:ਅਪਣੇ ਕਾਰਜ ਦਾ ਆਪਾਂ ਵੱਡਾ ਅੱਧ ਗੁਆਇਐ।
ਕਾਤਲ-1:ਬੱਸ ਹੁਣ ਚੱਲੋ ਏਥੋਂ, ਜੋ ਹੋਇਆ ਸੋ ਹੋਇਆ,
ਦੱਸੀਏ ਚੱਲ ਕੇ ਕਿੰਨਾ ਹੋਇਆ।
{ਪ੍ਰਸਥਾਨ}


ਸੀਨ-4


ਓਹੀ-ਮਹਿਲ ਦਾ ਸਮਾਰੋਹੀ ਕਮਰਾ।
{ਦਾਅਵਤ ਸਜੀ ਹੋਈ ਹੈ}
{ਪ੍ਰਵੇਸ਼ ਮੈਕਬੈਥ, ਲੇਡੀ ਮੈਕਬੈਥ, ਰੌਸ, ਲੈਨੌਕਸ, ਲਾਟ ਸਾਹਿਬਾਨ ਅਤੇ
ਸਹਾਇਕ}

ਮੈਕਬੈਥ:ਦਰਜੇ, ਰੁਤਬੇ ਦਾ ਪਤੈ ਤੁਹਾਨੂੰ, ਆਪਣੇ ਆਪਣੇ ਆਸਨ ਮੱਲੋ:
ਅੱਵਲ ਤੋਂ ਆਖਰ ਤੀਕਰ, ਸਭ ਨੂੰ ਨਿੱਘੀ ਜੀ ਆਇਆਂ ਨੂੰ।
ਲਾਟ ਸਾਹਿਬਾਨ :ਧੰਨਵਾਦ ਮਹਾਰਾਜ ਅਧਿਰਾਜ!
ਮੈਕਬੈਥ:ਫਿਰ, ਤੁਰ ਅਸਾਂ ਨੇ ਸੰਗਤ ਕਰਨੀ, ਮੇਜ਼ਬਾਨ ਮਸਕੀਨਾਂ ਵਾਂਗੂੰ।
ਜਲਵਾ ਅਫਰੋਜ਼ ਸਿੰਘਾਸਨ ਉੱਤੇ, ਮਲਿਕਾ ਮੇਜ਼ਬਾਨ ਅਸਾਡੀ;
ਵੇਲੇ ਸਿਰ ਪਰ ਕਹਾਂਗੇ ਉਹਨੂੰ, ਜੀ ਅਇਆਂ ਨੂੰ ਕਹੇ ਤਹਾਨੂੰ।
ਲੇਡੀ ਮੈਕਬੈਥ:ਮੇਰੀ ਤਰਫੋਂ ਕਰੋ ਐਲਾਨ:-
ਦਿਲ ਦੀਆਂ ਗਹਿਰਾਈਆਂ ਤੋਂ ਆਖਾਂ, ਕੁੱਲ ਮਿੱਤਰਾਂ ਨੂੰ ਜੀ ਅਇਆਂ ਨੂੰ।
ਮੈਕਬੈਥ:ਵੇਖੋ, ਦਿਲ ਦੀਆਂ ਗਹਿਰਾਈਆਂ ਤੋਂ, ਧੰਨਵਾਦ ਉੁਹ ਕਰਨ ਤੁਹਾਡਾ।-
ਦੋਵੇਂ ਧਿਰਾਂ ਬਰਾਬਰ ਹੋਈਆਂ: ਫੜੀਂ ਤਰਾਜ਼ੂ ਮੈਂ ਬੈਠਾਂ ਵਿਚਕਾਰ।
{ਕਾਤਲ-1 ਦਰਵਾਜ਼ੇ ਤੇ ਆਉਂਦਾ ਹੈ}

ਰੱਜ ਕੇ ਖ਼ੁਸ਼ੀਆਂ ਮਾਣੋ ਮਿਤਰੋ! ਗਲਾਸੀ ਫੌਰਨ ਗਰਦਸ਼ ਕਰਨੀ ਮੇਜ਼ ਦੁਆਲੇ।-
(ਕਾਤਲ ਨੂੰ ਪਾਸੇ ਤੇ)-- ਰੱਤ ਲੱਗੀ ਆ ਮੂੰਹ ਤੇ ਤੇਰੇ।
ਕਾਤਲ:ਬੈਂਕੋ ਦਾ ਹੀ ਲਹੂ ਹੈ ਤਾਂ ਤੇ।
ਮੈਕਬੈਥ:ਤੂੰ ਹੀ ਚੰਗਾ ਅੰਦਰ ਆਇਆ ਉਹਦੇ ਨਾਲੋਂ। ਚਾੜ੍ਹ ਤਾ ਗੱਡੀ?
ਕਾਤਲ:ਜੀ ਸਰਕਾਰ! ਗਲ਼ ਓਸਦਾ ਧੌਣੋਂ ਲਾਹ ਤਾ। ਇਹ ਕੀਤਾ ਮੈਂ ਉਹਦੇ ਨਾਲ।
ਮੈਕਬੈਥ:ਗਲ਼-ਕਟੀਅਨ ਦਾ ਤੂੰ ਉਸਤਾਦ: ਐਪਰ ਉਹ ਵੀ ਘੱਟ ਨਹੀਂ,
ਜਿਨ ਫਲੀਐਂਸ ਦਾ ਗਲ਼ ਵੱਢਿਆ: ਇਹ ਵੀ ਜੇ ਤੂੰਹੀ ਹੈ ਕੀਤਾ,
ਤੇਰੀ ਕੋਈ ਮਿਸਾਲ ਨਹੀਂ।
ਕਾਤਲ:ਮਹਾਰਾਜ ਅਧਿਰਾਜ ! ਫਲੀਐਂਸ ਤਾਂ ਸੀ ਬਚ ਨਿੱਕਲਿਆ।
ਮੈਕਬੈਥ:ਫਿਰ ਤਾਂ ਮੁੜਕੇ ਦੌਰਾ ਪੈਣੈ : ਵਰਨਾ ਮੈਂ ਤਾਂ ਠੀਕ ਠਾਕ ਸੀ;
ਮਰਮਰ ਵਾਂਗ ਸੀ ਪੂਰਾ ਸਾਲਮ, ਪੱਕਾ, ਠੋਸ ਚੱਟਾਨ ਜਿਹਾ;
ਏਨਾ ਵਿਸ਼ਾਲ, ਵਿਆਪਕ ਏਨਾ, ਹਵਾਬੰਦ ਪ੍ਰਬੰਧ ਜਿਹਾ;
ਐਪਰ ਮੈਂ ਹੁਣ ਕੋਠੀ ਲੱਗਾ, ਡੱਕਿਆ ਜੇਲ੍ਹ ਦੀ ਚਾਰਦੀਵਾਰੀ,
ਡਰ ਖਾਂਦਾ ਹੈ, ਸ਼ੰਕੇ ਪੀਂਦੇ, ਸੰਸਿਆਂ ਦੀ ਹੋ ਗਿਆਂ ਨਿਹਾਰੀ।


ਪਰ ਕੀ ਬੈਂਕੋ ਮਹਿਫੂਜ਼ ਪਿਆ ਹੈ?
ਕਾਤਲ:ਜੀ ਸਰਕਾਰ! ਖਾਈ ਵਿੱਚ ਮਹਿਫੂਜ਼ ਪਿਆ ਹੈ,
ਸਿਰ ਤੇ ਲੱਗੇ ਵੀਹ ਫੱਟ ਗਹਿਰੇ ਖਾਈਆਂ ਵਰਗੇ;
ਮੌਤ ਲਈ ਤਾਂ ਕੁਦਰਤ ਅੰਦਰ, ਇੱਕੋ ਫੱਟ ਅਜਿਹਾ ਕਾਫੀ।
ਮੈਕਬੈਥ:ਸ਼ੁਕਰਗੁਜ਼ਾਰ ਬੜਾ ਹਾਂ ਤੇਰਾ:
ਨਾਗ ਨਰੋਆ ਪਿਆ ਹੈ ਚਿੱਥਿਆ, ਪਰ ਸਪੋਲ਼ਾ ਨੱਸ ਗਿਆ ਹੈ;
ਸਮੇਂ ਨਾਲ ਉਸ ਫਣ ਫੈਲਾਉਣੈ, ਪ੍ਰਕ੍ਰਿਤੀ ਵਿੱਚ ਵਿਸ਼ ਘੋਲਣੀ,
ਭਾਵੇਂ ਹਾਲੀਂ ਦੰਦ ਨਹੀਂ ਕੱਢੇ-
।ਚਲ ਤੂੰ ਏਥੋਂ; ਕੱਲ ਫਿਰ ਆਪਾਂ ਗੱਲ ਕਰਾਂਗੇ।
{ਕਾਤਲ ਜਾਂਦਾ ਹੈ}

ਲੇਡੀ ਮੈਕਬੈਥ:ਮਹਾਰਾਜ ਅਧਿਰਾਜ ਸੁਆਮੀ ਮੇਰੇ! ਤੁਸੀਂ ਤਾਂ ਜਾਮ ਟਕਰਾਇਆ ਨਾਂਹੀਂ:
ਮੇਜ਼ਬਾਨ ਦਾ ਟੋਸਟ ਹੁੰਦਾ, ਦਾਅਵਤ ਦੀ ਸਚਿਆਈ ਦਾ ਜ਼ਾਮਨ,
ਬਿਨਾਂ ਕਿਸੇ ਗਰੰਟੀ ਵਾਲੀ, ਨਹੀਂ ਤਾਂ ਇਹ ਬਿਕਵਾਲੀ ਹੁੰਦੀ ;
ਜਦ ਕਦੇ ਵੀ ਦਿੱਤੀ ਜਾਂਦੀ,ਖੁਸ਼-ਆਮਦੀਦ,ਖੁਸ਼ਬਾਸ਼ੀ ਨਾਲ ਹੀ ਦਿੱਤੀ ਜਾਂਦੀ;
ਖਾਣਾ ਤਾਂ ਘਰ ਰੋਜ਼ ਖਾਈਦਾ, ਘਰ ਖਾਣਾ ਹੀ ਫਿਰ ਤਾਂ ਚੰਗਾ:
ਬਾਹਰ ਖਾਣ 'ਚ ਰਸਮ, ਰਵਾਜ ਦਾ ਜੇ ਕੋਈ ਮਜ਼ਾ ਨਾਂ ਹੋਵੇ;
ਜਿਸ ਮਿਲ਼ਣੀ ਵਿੱਚ ਨਹੀਂ ਤਕੱਲੁਫ, ਉਹ ਮਿਲ਼ਣੀ ਬੱਸ ਫੋਕੀ ਮਿਲ਼ਣੀ।
ਮੈਕਬੈਥ:ਯਾਦ ਕਰਾਵਣ ਵਾਲੀ ਮਿੱਠੀਏ !
ਭੁੱਖ ਦਾ ਚਾਕਰ ਹਾਜ਼ਮਾ ਤਗੜਾ, ਦੋਵਾਂ ਤੇ ਤੰਦਰੁਸਤੀ ਨਿਰਭਰ!
ਲੈਨੌਕਸ:ਮਹਾਰਾਜ ਅਧਿਰਾਜ ਪਧਾਰੋ, ਰੱਖੋ ਤਸ਼ਰੀਫ।
{ਬੈਂਕੋ ਦਾ ਪ੍ਰੇਤ ਉਭਰਦਾ ਹੈ ਅਤੇ ਮੈਕਬੈਥ ਦੀ ਕੁਰਸੀ ਮੱਲ ਬੈਠਦਾ ਹੈ}

ਮੈਕਬੈਥ:ਸਾਡੇ ਦੇਸ਼ ਦੀ ਇੱਜ਼ਤ, ਕੋਠਿਓਂ ਬਾਲਾ ਹੋ ਜਾਣੀ ਸੀ,
ਮਹਿਮਾਵੰਤਾ ਬੈਂਕੋ ਸਾਡਾ ਜੇ ਅੱਜ ਏਥੇ ਹੁੰਦਾ ;
ਮੌਕਾ ਨਾਂ ਮਿਲਨ ਦੇ ਕਾਰਨ, ਤਰਸ ਕਰਨ ਤੋਂ ਬਿਹਤਰ ਸਮਝਾਂ,
ਨਾ-ਮਿਹਰਬਾਨੀ ਉਹਦੀ ਉੱਤੇ, ਬੜੇ ਜ਼ੋਰ ਦਾ ਸ਼ਿਕਵਾ ਕਰਨਾ !
ਰੌਸ:ਗ਼ੈਰਹਾਜ਼ਰੀ ਉਹਦੀ ਮਾਲਿਕ, ਦੋਸ਼ ਓਸਦੇ ਵਚਨ ਨੂੰ ਦੇਂਦੀ।
ਅਧਿਰਾਜ ਦੀ ਖੁਸ਼ੀ ਜੇ ਹੋਵੇ, ਤਸ਼ਰੀਫ ਰੱਖੋ ਵਿਚਕਾਰ ਅਸਾਡੇ,
ਸੁਹਬਤ ਸ਼ਾਹੀ ਬਖਸ਼ੋ ਸਾਨੂੰ।
ਮੈਕਬੈਥ:
ਖਾਲੀ ਕੁਰਸੀ ਨਹੀਂ ਹੈ ਕੋਈ।
ਲੈਨੌਕਸ:ਆਹ ਇੱਕ ਕੁਰਸੀ ਪਈ ਰਾਖਵੀਂ।
ਮੈਕਬੈਥ:ਕਿੱਥੇ?


ਲੈਨੌਕਸ:ਏਥੇ ਸਰਕਾਰ। ਕਿਉਂ ਏਨੇ ਹੋਂ ਭਾਵੁਕ ਹੋਏ?
ਮੈਕਬੈਥ:ਕਿਹੜਾ ਹੈ ਤੁਹਾਡੇ ਵਿੱਚੋਂ, ਜਿਸ ਇਹ ਕਾਰਾ ਕੀਤਾ?
ਲਾਟ ਸਾਹਿਬਾਨ:ਭਲੇ ਸਰਕਾਰ! ਕਿਹੜਾ ਕਾਰਾ?
ਮੈਕਬੈਥ:ਤੂੰ ਤਾਂ ਕਹਿ ਨਹੀਂ ਸਕਦਾ, ਕਿ ਇਹ ਮੈਂ ਕੀਤਾ:
ਛੱਟੀਂ ਕਦੇ ਨਾਂ ਏਦਾਂ ਮੇਰੇ ਉੱਤੇ, ਲਿਟਾਂ ਦੇ ਖੂਨੀ ਗੁੱਛੇ ਆਪਣੇ।
ਰੌਸ:ਪਤਵੰਤਿਓ ਹੁਣ ਉੱਠੋ ਏਥੋਂ, ਵੱਲ ਨਹੀਂ ਤਬੀਅਤ ਮਹਾਰਾਜ ਦੀ।
ਲੇਡੀ ਮੈਕਬੈਥ:ਬੈਠੋ, ਯੋਗ ਮਿੱਤਰੋ ਬੈਠੋ:-ਸੁਆਮੀ ਮੇਰੇ ਅਕਸਰ ਏਵੇਂ ਕਰਦੇ,
ਜਵਾਨੀ ਤੋਂ ਹੀ ਚਲੀ ਆ ਰਹੀ ਇਹ ਬੀਮਾਰੀ:
ਕਰਾਂ ਗੁਜ਼ਾਰਿਸ਼:
ਆਸਨ ਨਾਂ ਤੁਸੀਂ ਛੱਡੋ ਆਪਣੇ, ਇਹ ਦੌਰਾ ਬੱਸ ਪਲ ਦੋ ਪਲ ਦਾ:
ਪਲਕ ਝਪਕਦੇ ਹੀ ਇਹਨਾਂ ਨੇ ਠੀਕ ਹੋ ਜਾਣੈ:-
ਅੱਖਾਂ ਵਿੱਚ ਅੱਖਾਂ ਪਾ ਕੇ, ਜਿੰਨਾ ਚਿਰ ਤੁਸੀਂ ਤੱਕੀਂ ਜਾਣੈ,
ਓਨੀ ਇਹਨਾਂ ਚਿੜ ਚੜ੍ਹਨੀ ਐ, ਗ਼ੁੱਸਾ ਭੜਕੀਂ ਜਾਣੈ:
ਬੱਸ ਖਾਣਾ ਖਾਓ, ਉੱਕਾ ਧਿਆਨ ਦਿਓ ਨਾਂ ਇਹਨਾਂ ਵੱਲੇ।
(ਪਾਸੇ ਹੋ ਕੇ ਮੈਕਬੈਥ ਨੂੰ) ---ਬੰਦਾ ਹੈਂ ਤੂੰ-?
ਮੈਕਬੈਥ: ਹਾਂ, ਤੇ ਮਰਦ ਵੀ ਪੂਰਾ, ਜੋ ਇਹਨੂੰ ਵੀ ਤੱਕ ਸਕਦਾ ਹੈ,
ਜੀਹਨੂੰ ਵੇਖ ਸ਼ੈਤਾਨ ਵੀ ਡਰਦਾ।
ਲੇਡੀ ਮੈਕਬੈਥ:ਵਾਹ, ਕੀ ਗੱਲ ਕਹੀ !
ਅੰਦਰ ਦਾ ਪਾਲ਼ਾ ਮਾਰੀਂ ਜਾਂਦੈ, ਚਿਹਰੇ ਉੱਤੇ ਸਾਫ ਉਕਰਿਆ;
ਉਲੀਕਿਆ ਹਵਾ 'ਚ ਖੰਜਰ ਹੈ ਇਹ, ਜੋ ਤੂੰ ਆਖੇਂ
ਲੈ ਗਿਆ ਤੈਨੂੰ ਡੰਕਨ ਤਾਈਂ।
ਉਫ ਇਹ ਤੇਰੀ ਕਮੀ-ਬੇਸ਼ੀਆਂ, ਇਹ ਤ੍ਰਭਕਣ, ਇਹ ਡਰ ਦੇ ਦੌਰੇ,-
ਅਸਲੀ ਡਰ ਅੰਦਰੂਨੀ ਵਾਲੇ ਭੇਖ ਨੇ ਸਾਰੇ,-
ਆਤਸ਼ਦਾਨ ਦੁਆਲੇ ਬੈਠੀ,ਗੂੜ੍ਹ ਸਿਆਲੇ ਕੋਈ ਸੁਣਾਈ ਕਿੱਸਾ ਜਿਵੇਂ ਸੁਣਾਵੇਂ,
ਦਾਦੀ ਮਾਂ ਤੋਂ ਜੋ ਉਸ ਸੁਣਿਆ।
ਲਾਅਣਤ ਪਾ ਏਸ ਦੇ ਉੱਤੇ! ਏਦਾਂ ਭਲਾ ਕਿਉਂ ਮੂੰਹ ਬਣਾਇਐ?
ਕਿੱਸਾ ਜਦੋਂ ਤਮਾਮ ਹੋ ਗਿਆ, ਤਖਤ ਤੇ ਆਪਣੇ ਰੱਖ ਧਿਆਨ।
ਮੈਕਬੈਥ:ਕਰਾਂ ਗੁਜ਼ਾਰਿਸ਼, ਸਾਹਵੇਂ ਤੱਕੋ! ਵੇਖੋ! ਵੇਖੋ! ਆਹ ਲਓ, ਵੇਖੋ!
ਬੋਲੋ, ਹੁਣ ਕੀ ਕਹਿਣੈ?- ਕੀ ? ਮੈਨੂੰ ਪਰ ਪਰਵਾਹ ਏ ਕਾਹਦੀ?
ਹਾਂ 'ਚ ਸਿਰ ਹਲਾ ਨਹੀਂ ਸਕਦੇ, ਨਾਂ ਕੁੱਝ ਮੂੰਹੋਂ ਬੋਲ ਸੱਕੋਂ।-
ਜੇਕਰ ਇਹਨਾਂ ਅਸਥੀ-ਭੰਡਾਰਾਂ, ਕਬਰਿਸਤਾਨਾਂ,
ਦਫਨਾਏ ਮੁਰਦੇ ਵਾਪਸ ਕਰਨੇ ਏਦਾਂ,


ਸਮਾਧ, ਸਮਾਰਕ ਫਿਰ ਤਾਂ ਸਾਡੇ, ਗਿੱਧ/ਗਿਰਝਾਂ ਦੇ ਪੋਟੇ ਹੋਸਨ।
{ਪ੍ਰੇਤ ਅਲੋਪ ਹੋ ਜਾਂਦਾ ਹੈ}

ਲੇਡੀ ਮੈਕਬੈਥ:ਹੈਂ-? ਨਾਮਰਦ ਬਣਾ ਤਾ ਮੂਰਖਤਾ ਨੇ?
ਮੈਕਬੈਥ:ਜਿੱਦਾਂ ਸੱਚੀਂ ਮੈਂ ਖੜਾ ਹਾਂ, ਓਦਾਂ ਉਹਨੂੰ ਵੇਖਿਐ ਏਥੇ।
ਲੇਡੀ ਮੈਕਬੈਥ:ਦੁਰਫਿੱਟੇ ਮੂੰਹ, ਕੁੱਝ ਤੇ ਸ਼ਰਮ ਕਰੋ!
ਮੈਕਬੈਥ:ਹੁਣ ਤੋਂ ਪਹਿਲਾਂ ਗੁਜ਼ਰੇ ਵਕਤੀਂ, ਖੂਨ ਬਹਾਇਆ ਰਿਹਾ ਹੈ ਜਾਂਦਾ,
ਮਨੁੱਖੀ ਨਿਆਂ ਨੇ ਜਦ ਤੱਕ, ਰਾਜਕਲਾ ਚੋਂ, ਜ਼ੁਲਮ/ਜਬਰ ਨੂੰ ਕੱਢ ਨੀਂ ਦਿਤਾ,
ਲੋਕ-ਭਲਾਈ ਰਿਆਸਤ ਤਾਈਂ ਜਨਮ ਨਹੀਂ ਦਿੱਤਾ;
ਐਪਰ ਉਸ ਉਪ੍ਰੰਤ ਵੀ ਵੇਖੋ, ਘੋਰ ਭਿਆਨਕ ਕਤਲ ਰਹੇ ਨੇ ਹੁੰਦੇ:
ਖੌਫਨਾਕ ਖਬਰ ਜਿਨ੍ਹਾਂ ਦੀ ਸੁਣੀ ਨਹੀਂ ਜਾਂਦੀ:
ਐਸੇ ਵਕਤ ਸਦਾ ਰਹੇ ਨੇ, ਫਟਿਆ ਮਗ਼ਜ਼ ਤੇ ਬੰਦਾ ਹੈ ਨਹੀਂ- ਮੁੱਕੀ ਕਹਾਣੀ;
ਐਪਰ ਹੁਣ ਤਾਂ ਮੋਏ ਉੱਠ ਖਲੋਂਦੇ, ਘਾਤਕ ਕੋੜੀ ਜ਼ਖਮਾਂ ਵਾਲੀ ਲੈਕੇ ਸਿਰ ਤੇ,
ਧੱਕ ਉਠਾਂਦੇ ਸਾਨੂੰ ਆਸਨਾਂ ਉੱਤੋਂ: ਅਚੰਬਾ ਇਹ ਵਡੇਰਾ ਲਗਦੈ,ਕਤਲ ਦੇ ਨਾਲੋਂ।
ਲੇਡੀ ਮੈਕਬੈਥ:ਪਰਮ ਸਨਮਾਨਤ ਸੁਆਮੀ!
ਸਾਊ ਮਿੱਤਰ ਤੁਹਾਡੇ, ਕਮੀ ਤੁਹਾਡੀ ਮਹਿਸੂਸ ਕਰ ਰਹੇ।
ਮੈਕਬੈਥ:ਭੁੱਲ ਗਿਆ ਮੈਂ-ਮੇਰੀ ਫਿਕਰ ਕਰੋ ਨਾਂ, ਸਨਮਾਨਤ ਮਿੱਤ੍ਰੋ ;
ਅਜਬ ਬੜੀ ਕਮਜ਼ੋਰੀ ਮੇਰੀ,ਐਪਰ ਮੇਰੇ ਵਾਕਫਾਂ ਲਈ ਇਹ ਕੁਝ ਖਾਸ ਨਹੀਂ।
ਆਓ, ਜਾਮ-ਏ-ਸਿਹਤ/ਮੁਹੱਬਤ, ਪੇਸ਼ ਕਰਾਂ ਮੈਂ ਸਭ ਨੂੰ;
ਤੇ ਹੁਣ ਬਹਿਨਾਂ ਨਾਲ ਤੁਹਾਡੇ।-
ਪਿਆਲਾ ਦਿਓ ਸ਼ਰਾਬ ਦਾ ਮੈਨੂੰ, ਲਬਾ-ਲਬ ਭਰਿਆ।-
ਮੇਜ਼ ਦੁਆਲੇ ਮਹਿਮਾਨਾਂ ਦੀ ਤੇ ਬੈਂਕੋ ਦੀ ਵੀ ਜਾਮ ਖੁਸ਼ੀ ਦਾ ਪੀਨਾਂ,
ਘਾਟ ਬੜੀ ਹੈ ਉਹਦੀ ਲਗਦੀ, ਕਾਸ਼, ਅੱਜ ਉਹ ਏਥੇ ਹੁੰਦਾ !
ਆਹ ਜਾਮ ਸਭ ਦੇ ਨਾਮ, ਤੇ ਉਹਦੇ ਵੀ ;
ਅਸੀਂ ਪਿਆਸੇ ਹਰ ਜਾਮ ਦੇ, ਹਰ ਕਿਸੇ ਦੇ ਨਾਮ !
ਲਾਟ ਸਾਹਿਬਾਨ:ਤਾਅਬੇਦਾਰੀ ਫਰਜ਼ ਅਸਾਡਾ, ਕਸਮ ਇਸੇ ਦੀ।
{ਪ੍ਰੇਤ ਦਾ ਮੁੜ-ਪ੍ਰਵੇਸ਼}

ਮੈਕਬੈਥ:ਦਫਾਅ ਹੋ ਏਥੋਂ! ਦੂਰ ਹੋ ਨਜ਼ਰ ਤੋਂ ਮੇਰੀ! ਬੁੱਕਲ਼ ਧਰਤ ਲਕੋਵੇ ਤੈਨੂੰ!
ਹੱਡੀਆਂ ਵਿੱਚ ਮਿੱਝ ਨਹੀਂ ਹੈ, ਸੁੰਨ, ਸੀਤ, ਰੱਤ ਹੈ ਤੇਰੀ ;
ਨੈਣ ਵੀ ਤੇਰੇ ਬਾਝ ਦ੍ਰਿਸ਼ਟੀ, ਮੁਰਦਾ ਹੋਏ: ਐਵੇਂ ਟੱਡੀਂ ਜਾਨੈ!
ਲੇਡੀ ਮੈਕਬੈਥ:ਅਮੀਰ-ਵਜ਼ੀਰੋ ਏਸ ਗੱਲ ਨੂੰ, ਰੋਜ਼ ਦੀ ਗੱਲ ਹੀ ਸਮਝੋ,
ਏਦੂੰ ਵੱਧ ਕੁੱਝ ਨਹੀਂ ਹੈ, ਬੱਸ ਵੇਲ਼ੇ ਦੀਆਂ ਖੁਸ਼ੀਆਂ ਉੱਤੇ ਪਾਉਣਾ ਪਾਣੀ।


ਮੈਕਬੈਥ:ਬੁਲੰਦ-ਹੌਸਲਾ ਮਰਦਾਂ ਵਾਂਗੂ, ਮੈਂ ਵੀ ਜੁਰਅਤ ਕਰ ਸਕਦਾ ਹਾਂ:
ਆ ਜਾ, ਕਰ ਟਾਕਰਾ ਮੇਰਾ, ਰੂਸੀ ਅਣਘੜ ਰਿੱਛ ਵਾਂਗਰਾਂ,
ਤਿਖਸਿੰਗੇ ਕਿਸੇ ਗੈਂਡੇ ਵਾਂਗੂੰ,ਜਾਂ ਫਿਰ ਸ਼ੇਰ ਪਹਾੜੀ ਵਾਂਗੂੰ,ਚੜ੍ਹ ਆ ਮੇਰੇ ਉੱਤੇ;
ਏਨ੍ਹਾਂ ਨੂੰ ਛੱਡ ਹੋਰ ਕੋਈ ਵੀ, ਰੂਪ ਭਿਆਨਕ ਧਾਰ ਕੇ ਆ ਜਾ,
ਡਰ ਕੋਈ ਮੈਨੂੰ ਛੁਹ ਨੀਂ ਸਕਦਾ, ਪੈਰ ਨਹੀਂ ਕੰਬਣੇ ਮੇਰੇ:
ਜਾਂ ਫਿਰ ਪੁਨਰ ਜਨਮ ਲੈ ਆ ਜਾ, ਧੂਹ ਤਲਵਾਰ, ਮਾਰ ਲਲਕਾਰਾ,
ਖੌਫ ਦੀ ਕੰਪਨ ਨਜ਼ਰ ਜੇ ਆਵੇ, ਛਾਈ ਮੇਰੇ ਮੂੰਹ ਤੇ,
ਮਰਦ ਨਹੀਂ ਮੈਂ, ਨਿੱਕੀ ਕੁੜੀ ਦੀ ਗੁੱਡੀ ਆਖੀਂ।
ਤਾਂ ਤੇ ਓ, ਭਿਅੰਕਰ ਪ੍ਰਛਾਵੇਂ,-ਹਵਾ 'ਚ ਉੱਕਰੇ, ਮਖੌਲ ਅਸਲ ਦੇ,-
ਦਫਾਅ ਹੋ ਏਥੋਂ, ਉਡ ਪੁਡ ਜਾਹ!
{ਪ੍ਰੇਤ-ਪਰਛਾਈਂ ਅਲੋਪ ਹੋ ਜਾਂਦੀ ਹੈ}

ਇਹ ਕੀ ?- ਉਹ ਗਿਆ?-- ਮੈਂ ਮੁੜ ਬੰਦਾ ਬਣਿਆ !
ਗੁਜ਼ਾਰਿਸ਼ ਮੇਰੀ,-ਤਸ਼ਰੀਫ ਹੀ ਰੱਖੋ।

ਲੇਡੀ ਮੈਕਬੈਥ:ਖੁਸ਼ੀਆਂ ਦੇ ਸਿਰ ਸੁਆਹ ਪਾ ਛੱਡੀ, ਚੰਗੀ ਭਲੀ ਸਭਾ ਤੋੜ ਤੀ,
ਅਜਬ ਹੈ ਅਫਰਾਤਫਰੀ।
ਮੈਕਬੈਥ:ਸੱਚਮੁੱਚ ਸ਼ੈਆਂ ਹੈਨ ਐਸੀਆਂ, ਜੋ ਛਾ ਜਾਵਣ ਸਾਡੇ ਉੱਤੇ,
ਹਾੜ, ਸਾਉਣ ਦੇ ਬੱਦਲ ਵਾਂਗੂੰ, ਬੜੀ ਕਿਸੇ ਹੈਰਾਨੀ ਬਾਝੋਂ?
ਤੈਨੂੰ ਵੇਖ ਤਬੀਅਤ ਆਪਣੀ, ਮੈਨੂੰ ਬੜੀ ਬੇਗਾਨੀ ਲਗਦੀ,
ਜਦ ਮੈਂ ਸੋਚਾਂ: ਮੰਜ਼ਰ ਅਜਿਹੇ ਵੇਖ ਕੇ ਵੀ ਤੂੰ, ਅਹਿਲ ਹੀ ਰਹਿੰਦੀ,
ਟਹਿਕ ਗੱਲ੍ਹਾਂ ਦੀ ਘੱਟ ਨਹੀਂ ਹੁੰਦੀ, ਪਰ ਖੌਫ ਨਾਲ ਰੰਗ ਉਡਦੈ ਮੇਰਾ
ਰੌਸ:ਕਿਹੜੇ ਮੰਜ਼ਰ, ਮੇਰੇ ਸਾਈਂਆਂ?
ਲੇਡੀ ਮੈਕਬੈਥ:ਕਿਰਪਾ ਕਰੋ, ਰਹੋ ਖਾਮੋਸ਼; ਹਾਲਤ ਹੋਰ ਵਿਗੜਦੀ ਜਾਂਦੀ ;
ਸਵਾਲ ਪੁੱਛੋ ਤਾਂ ਗੁੱਸਾ ਹੋਰ ਵੀ ਚੜ੍ਹਦੈ: ਯਕਦਮ ਆਖੋ ਸ਼ੁਭ ਰਾਤ੍ਰੀ:-
ਮਰਾਤਬ ਅਨੁਸਾਰ ਥਾਂ ਛੱਡਣ ਦੀ ਲੋੜ ਨਹੀਂ ਕੋਈ,
ਬੱਸ ਹੁਣ ਫੌਰਨ ਜਾਓ।
ਲੈਨੌਕਸ:ਸ਼ੁਭ ਰਾਤ੍ਰੀ ; ਮਿਹਰ ਹੋਵੇ ਮਹਾਰਾਜ ਤੇ ਰੱਬੀ , ਛੇਤੀ ਹੋਵੇ ਸਿਹਤਯਾਬੀ।
ਲੇਡੀ ਮੈਕਬੈਥ:ਸਭ ਨੂੰ ਨਿੱਘੀ ਸ਼ੁਭ ਰਾਤ੍ਰੀ!
{ਲਾਟ ਸਾਹਿਬਾਨ ਅਤੇ ਸਹਾਇਕਾਂ ਦਾ ਪ੍ਰਸਥਾਨ}

ਮੈਕਬੈਥ:ਖੂਨ ਖੂਨ ਇਹ ਮੰਗੀਂ ਜਾਂਦੈ; ਲੋਕੀ ਆਖਣ, ਖੂਨ ਦਾ ਬਦਲਾ ਖੂਨ ਹੀ ਹੁੰਦੈ:
ਪੱਥਰ ਸੁਣਿਐ ਰੋ ਪੈਂਦੇ ਨੇ, ਦਰਖਤ ਵੀ ਗੱਲਾਂ ਕਰਦੇ;
ਸ਼ਗਨ-ਸ਼ਗੂਨ, ਚਿਹਨ-ਚੱਕਰ, ਭਵਿੱਖਬਾਣੀਆਂ,


ਆਮ-ਫਹਿਮ ਸੰਬੰਧ ਸ਼ੈਆਂ ਦੇ, ਭੂੰਡ, ਕੀੜੀਆਂ, ਲਾਲੜੀਆਂ,
ਰੱਤਟੰਗਿਆਂ, ਢੋਡਰ ਕਾਂਵਾ ਰਲ ਕੇ, ਕਰ ਦਿੱਤੇ ਨੇ ਕਾਤਲ ਨੰਗੇ,
ਬੜੇ ਪੋਸ਼ੀਦਾ ਕਤਲ ਵੀ ਨਾਲੇ।- ਕਿੰਨੀ ਬੀਤੀ ਰਾਤ ਭਲਾ ਹੁਣ?
ਲੇਡੀ ਮੈਕਬੈਥ:ਗਲ਼ ਆ ਪਈ ਸਵੇਰ ਦੇ ਲਗਦੀ; ਪਤਾ ਨਹੀਂ ਲਗਦਾ ਕੌਣ ਹੈ ਕਿਹੜੀ।
ਮੈਕਬੈਥ:ਕੀ ਕਹਿੰਦੇ ਹੋ, ਮੈਕਡਫ ਹਾਜ਼ਰ ਨਹੀਂ ਆਇਆ, ਸਾਡੇ ਮਹਾਂ ਬੁਲਾਵੇ ਉੱਤੇ?
ਲੇਡੀ ਮੈਕਬੈਥ:ਘੱਲਿਐ ਕੋਈ ਬੁਲਾਵਾ ਉਹਨੂੰ, ਤੁਸੀਂ ਜੁਨਾਬ?
ਮੈਕਬੈਥ:ਮੈਨੂੰ ਲੱਗਾ ਮੈਂ ਇਉਂ ਸੁਣਿਐਂ: ਪਰ ਮੈਂ ਬੁਲਾਵਾ ਭੇਜਣੈ ਉਹਨੂੰ:
ਕੋਈ ਨਹੀਂ ਦਰਬਾਰੀ ਐਸਾ, ਜੀਹਦੇ ਘਰ 'ਚ ਚਾਕਰ ਕੋਈ,
ਕੰਮ ਨਹੀਂ ਕਰਦਾ ਮੇਰੇ ਪੈਸਿਆਂ ਉੱਤੇ।
ਕੱਲ ਸਵੇਰੇ, ਵੇਲ਼ੇ ਨਾਲ ਹੀ , ਚੁੜੇਲ ਭੈਣਾਂ ਨੂੰ ਜਾ ਕੇ ਮਿਲਣੈ,
ਬੜਾ ਕੁੱਝ ਉਹਨਾਂ ਹੋਰ ਵੀ ਦੱਸਣੈ;
ਕਿਉਂਕਿ ਮੈਂ ਹੁਣ ਇਸ ਗੱਲ ਤੇ ਤੁਲਿਆਂ:-
ਮੰਦੇ ਕੰਮੀਂ ਜਾਨਣੈ ਸਭ ਕੁੱਝ, ਜੋ ਅਤਿ ਮੰਦਾ ਹੋਣੈ।
ਮੇਰੇ ਨਿੱਜ ਭਲੇ ਦੀ ਰਾਹ ਦੇ ਰੋੜੇ, ਸਭ ਖਤਾ ਹੋ ਜਾਣੇ:
ਹੁਣ ਮੈਂ ਏਨਾਂ ਅੱਗੇ ਆ ਗਿਆਂ, ਮਿੱਝ,ਰੱਤ ਦੀ ਧਾਰਾ ਵਿੱਚੀਂ,
ਜੇ ਕਿਧਰੇ ਹੁਣ ਰੁਕਣਾਂ ਚਾਹਾਂ, ਵਾਪਸੀ ਓਨੀ ਔਖੀ ਹੋਣੀ,
ਜਿੰਨਾ ਅੱਗੇ ਜਾਣਾ।
ਅਜੀਬ-ਓ-ਗ਼ਰੀਬ ਬੜੀਆਂ ਗੱਲਾਂ ਮਸਤਕ ਮੇਰੇ,
ਹੱਥ 'ਚ ਫੌਰਨ ਲੈਣ ਵਾਲੀਆਂ;
ਵਿਚਾਰ,ਵਿਸ਼ਲੇਸ਼ਨ, ਕਰਨੋਂ ਪਹਿਲਾਂ, ਅਮਲ ਇਨ੍ਹਾਂ ਤੇ ਕਰਨਾ ਪੈਣੈ।
ਲੇਡੀ ਮੈਕਬੈਥ:ਜੀਵ-ਸੁਭਾਅ ਦੀ ਬਹਾਰ ਕਹਾਵੇ, ਨੀਂਦ ਖੁਮਾਰੀ ਨਾਮ ਧਰਾਵੇ,
ਬੜੀ ਕਮੀ ਹੈ ਉਹਦੀ ਤੁਹਾਨੂੰ।
ਮੈਕਬੈਥ:ਆਓ ਤਾਂ ਸੌਂ ਜਾਈਏ ਆਪਾਂ; ਆਤਮ ਤ੍ਰਿਸਕਾਰ ਅਜੀਬ ਹਮਾਰਾ,
ਸ਼ੁਰੂਆਤੀ ਡਰ ਹੈ, ਜੀਹਨੂੰ ਦੱਬ ਕੇ ਰੱਖਣਾ ਪੈਂਦੈ :
ਕੱਚੇ ਹਾਂ ਖਡਾਰੀ ਹਾਲੀਂ, ਏਸ ਨਵੇਲੀ ਖੇਡ ਦੇ ਆਪਾਂ।
{ਪ੍ਰਸਥਾਨ}


ਸੀਨ-5


ਝਿੜੀ
{ਚੁੜੇਲਾਂ ਦੀ ਤਿੱਕੜੀ ਤਿੰਨ-ਸਿਰੀ ਮਹਾਂਦੇਵੀ ਦੇ ਪੇਸ਼ ਹੁੰਦੀ ਹੈ}

ਚੁੜੇਲ-1:ਤਿੰਨ-ਸਿਰੀ, ਤ੍ਰੈਕਾਲੀ, ਮਹਾਂ ਕਾਲੀ ਮਾਤਾ !
ਕਿਉਂ ਇੰਜ ਅੱਗ-ਬਗੋਲਾ ਵੇਖੇਂ ?
ਮਹਾਂ ਕਾਲੀ:ਕਿਉਂ! ਮੇਰੇ ਕੋਲ ਨਹੀਂ ਕੋਈ ਕਾਰਨ?
ਬੁੱਢੀਆਂ ਖੂਸਟ ਤੁਹਾਡੇ ਜਿਹੀਆਂ, ਢੀਠ ਏਨੀਆਂ, ਏਨੀਆਂ ਗੁਸਤਾਖ-!
ਜੁਰਅਤ ਕਿਵੇਂ ਤੁਸਾਂ ਨੇ ਕੀਤੀ :
ਮੌਤ-ਮਾਮਲੇ, ਬੁਝਾਰਤਾਂ ਵਾਲਾ, ਵਣਜ ਵਧਾਇਆ ਮੈਕਬੈਥ ਨਾਲ;
ਮੈਂ ਮਹਾਂ ਦੇਵੀ , ਟੂਣੇ ਟਾਮਣ ਦੀ ਉਸਤਾਦ,
ਕਾਲੇ ਇਲਮ ਦੀ ਮਹਾਂ ਜੁਗਾੜੂ, ਕਰੇ ਜੋ ਕੁੱਲ ਨੁਕਸਾਨ,
ਕੀਤੀ ਨਹੀਂ ਅਰਜ਼ੋਈ ਮੈਨੂੰ, ਆਪਣਾ ਰੋਲ ਪੁਗਾਵਾਂ,
ਕਾਲੇ ਇਲਮ ਦੀ ਕਲਾ ਆਪਣੀ ਦਾ ਸੋਨ ਸਿਖਰ ਵਖਾਵਾਂ
ਇਸ ਨਾਲੋਂ ਵੀ ਐਪਰ, ਗੱਲ ਬੜੀ ਇਹ ਮਾੜੀ :
ਗੁਸਤਾਖ, ਢੀਠ, ਪੁੱਤ ਅਨਾੜੀ, ਕਰੋਧੀ, ਦੋਖੀ, ਮਹਾਂ ਪੁਆੜੀ,
ਅਤਿ ਖੁਦਗ਼ਰਜ਼, ਸਦਾ ਹੀ ਜਿਹੜਾ ਆਪਣੇ ਬਾਰੇ ਸੋਚੇ,
ਆਪਣੀ ਖਿੱਦੋ ਆਪ ਹੀ ਖੇਡੇ, ਆਪ ਉਛਾਲੇ ਆਪ ਹੀ ਬੋਚੇ,
ਤੁਹਾਡੇ ਬਾਰੇ ਕਦੇ ਨਾਂ ਸੋਚੇ !
ਜਾਓ, ਹੁਣ ਸਥਿਤੀ ਸੰਭਾਲੋ : ਦਫਾਅ ਹੋ ਜਾਓ,
ਕੱਲ੍ਹ ਸਵੇਰੇ ਮੁੜ ਕੇ ਆਓ, ਵੈਤਰਨੀ ਦੇ ਖਾਤੇ ਟੱਕਰੋ:
ਕੱਲ ਓਥੇ ਮੈਕਬੈਥ ਨੇ ਆਉਣੈ, ਲੈਣ ਪੁੱਛਿਆ 'ਹੋਣੀ ' ਬਾਰੇ,
ਜਾਦੂ, ਮੰਤਰ, ਤੰਤਰ ਸਾਰੇ, ਨਾਲੇ ਭਾਂਡੇ ਟੂਣਿਆਂ-ਹਾਰੇ,
ਚੁੱਕ ਲਿਆਉਣੇ ਸਭ ਸਾਰੇ ਦੇ ਸਾਰੇ।
ਪੌਣ ਤੇ ਹੁਣ ਮੈਂ ਕਰਾਂ ਸਵਾਰੀ; ਕਾਲੀ ਰੈਣ ਲੰਘਾਉਣੀ ਭਾਰੀ ,
ਖੂਨੀ, ਮਨਹੂਸ ਕਾਰਿਆਂ ਵਾਲੀ, ਕਰਨੀ ਬੜੀ ਤਿਆਰੀ-।
ਦੁਪਹਿਰੋਂ ਪਹਿਲਾਂ ਕਰਨਾ ਪੈਣੈ, 'ਕਾਰਾ' ਇਹ ਮਹਾਨ;
ਚੰਦ੍ਰਮਾਂ ਦੀ ਅਬਰੂ ਲਟਕੇ, ਦੀਰਘ ਵਾਸ਼ਪੀ ਤਾਰ ਦਾ ਤੁਪਕਾ;
ਭੋਏਂ ਡਿੱਗਣੋਂ ਪਹਿਲਾਂ ਪਹਿਲਾਂ, ਮੈਂ ਓਸ ਨੂੰ ਫੜਨੈ:
ਭੱਠੀ ਚਾੜ੍ਹ ਕਸ਼ੀਦ ਵੀ ਕਰਨੈ, ਜਾਦੂ ਕਾਲਾ ਮਾਰ ਕੇ ਐਸਾ ਮੰਤਰ ਪੜ੍ਹਨੈ,
ਭਾਫ ਨਾਲ ਹੀ ਉੱਠਣ ਲੱਗਣੇ, ਪ੍ਰੇਤ-ਪ੍ਰਛਾਂਵੇਂ ਬੇਸ਼ੁਮਾਰ,
ਮਾਯਾ ਸ਼ਕਤੀ ਨਾਲ ਜਿਨ੍ਹਾਂ ਨੇ ਮਨ ਉਹਦਾ ਧੁੰਧਲਾਉਣੈ,


ਘੁੰਮਣਘੇਰੀ, ਚੱਕਰਾਂ ਅੰਦਰ, ਉਹਨੂੰ ਬੁਰਾ ਫਸਾਉਣੈ:
'ਹੋਣੀ' ਨੂੰ ਉਸ ਲੱਤ ਮਾਰਨੀ, ਮੌਤ ਨੂੰ ਦੰਦੀਆਂ ਕੱਢੂ,
ਰਹਿਮ, ਕਰਮ, ਡਰ, ਅਕਲ ਦੇ ਉੱਤੇ, ਆਸ, ਉਮੀਦ ਦਾ ਬੋਝਾ ਲੱਦੂ:
ਚੰਗੀ ਤਰਾਂ ਪਤਾ ਹੈ ਤੁਹਾਨੂੰ: ਚਿੰਤਾ ਆਪਣੀ ਸੁਰੱਖਿਆ ਵਾਲੀ,
ਸਭ ਤੋਂ ਵੱਡੀ ਦੁਸ਼ਮਣ ਹੁੰਦੀ, ਫਾਨੀ ਮਾਨਵ ਵਾਲੀ।
{ਅੰਦਰੋਂ ਗੀਤ-ਸੰਗੀਤ ਦੀ ਆਵਾਜ਼}
'ਆਓ, ਆਓ, ਆਓ ਨੀ ਹੁਣ ਆ ਵੀ ਜਾਓ---
ਸੁਣੋ! ਬੁਲਾਵਾ ਅਇਐ ਮੈਨੂੰ;
ਵੇਖੋ! ਨਿੱਕੀ, ਨੰਨ੍ਹੀ ਪ੍ਰੇਤ-ਪ੍ਰਛਾਂਈਂ,
ਧੁੰਧਾਲੇ ਬੱਦਲ ਕਰੇ ਸਵਾਰੀ,
ਕਰੇ ਉਡੀਕਾਂ, ਹਾਕਾਂ ਮਾਰੇ, ਮੈਨੂੰ ਪਈ ਪੁਕਾਰੇ-------।
{ਪ੍ਰਸਥਾਨ}

ਚੁੜੇਲ-1:ਆਓ, ਆਪਾਂ ਕਾਹਲੀ ਕਰੀਏ;
ਪਰਤ ਕੇ ਉਹਨੇ ਹੁਣੇ ਆ ਜਾਣੈ।
{ਪ੍ਰਸਥਾਨ}

ਸੀਨ-6


ਫੌਰੈਸ

{ਮਹਿਲ 'ਚ ਇੱਕ ਕਮਰਾ। ਲੈਨੌਕਸ ਅਤੇ ਇੱਕ ਲਾਟ ਦਾ ਪ੍ਰਵੇਸ਼}

ਲੈਨੌਕਸ:ਜੋ ਮੈਂ ਪਹਿਲਾਂ ਬੋਲਿਆ ਚਾਲਿਆ, ਸਮਝ ਤੁਹਾਡੀ ਆ ਹੀ ਗਿਆ ਹੈ,
ਗੱਲ ਅੱਗੇ ਹੁਣ ਤੁਰ ਸਕਦੀ ਹੈ:
ਮੈਂ ਤਾਂ ਕੇਵਲ ਏਨਾਂ ਕਹਿਣੈ, ਕਹਾਣੀ ਬੜੀ ਅਜੀਬ ਘਟੀ ਹੈ।
ਡੰਕਨ ਬੜਾ ਕਿਰਪਾਲੂ ਸ਼ਾਹ ਸੀ,
ਕਸਮ ਜਣਨੀ ਦੀ, ਗਿਆ ਮਾਰਿਆ- ਤਰਸ ਬੜਾ ਮੈਕਬੈਥ ਨੂੰ ਆਇਆ-
ਵੀਰ ਬਹਾਦੁਰ ਬੈਂਕੋ ਸੁੱਚਾ, ਕੁਵੇਲੇ ਸੈਰ ਨੂੰ ਨਿੱਕਲ ਤੁਰਿਆ;
ਜੀਹਨੂੰ,-ਜੇ ਚਾਹੋਂ ਤਾਂ ਕਹਿ ਸਕਦੇ ਹੋਂ,-ਫਲੀਐਂਸ ਨੇ ਹੀ ਮਾਰ ਮੁਕਾਇਆ,
ਕਿਉਂਕਿ ਫਲੀਐਂਸ ਭੱਜ ਖਲੋਇਆ।
ਉਹ ਤਾਂ ਕਦੇ ਕੁਵੇਲੇ ਸੈਰ ਕਰਨ ਨਾਂ, ਜਿਹੜੇ ਸੋਚ ਨਹੀਂ ਇਹ ਸਕਦੇ:


ਕਿ ਮੈਲਕੌਲਮ, ਡੋਨਲਬੇਨ ਨੇ, ਕਿਉਂ ਕਿਰਪਾਲੂ ਪਿਓ ਮਾਰਿਆ?
ਸਰਾਪਿਆ ਕਿੱਡਾ ਸੱਚ ਹੈ ਇਹੇ! ਕਿੱਡਾ ਗ਼ਮ ਮੈਕਬੈਥ ਨੂੰ ਲੱਗਾ!
ਆਓ ਵੇਖਿਆ ਨਾ ਤਾਓ ਉਹਨੇ, ਐਸਾ ਪਾਵਨ ਰੋਹ ਚੜ੍ਹਾਇਆ,
ਚੀਰ ਕੇ ਰੱਖ ਨਹੀਂ ਸੀ ਦਿੱਤੇ ਦੋਵੇਂ ਦੋਸ਼ੀ,
ਸ਼ਰਾਬ 'ਚ ਜਿਹੜੇ ਟੁੰਨ ਪਏ ਸੀ, ਨੀਂਦ ਨੂੰ ਜੱਫੀ ਪਾ ਕੇ-?
ਹੈ ਕਿ ਨਹੀਂ,ਕੰਮ ਮਰਦਾਂ ਵਾਲਾ?ਹਾਂ, ਬੜੀ ਸਿਆਣਪ ਨਾਲ ਵੀ ਕੀਤਾ;
ਕਿਉਂਕਿ ਗੱਲ ਬੜੀ ਮਸ਼ਕੂਕ ਹੋਣੀ ਸੀ, ਹਰ ਬੰਦੇ ਨੂੰ ਰੋਹ ਚੜ੍ਹਨਾ ਸੀ,
ਜੇ ਦੋਸ਼ੀ ਕਿਧਰੇ ਮੁਨਕਰ ਹੁੰਦੇ, ਗੁਨਾਹ ਕਬੂਲ ਨਾਂ ਕਰਦੇ ਆਪਣਾ।
ਇਸੇ ਲਈ ਯਕੀਨ ਹੈ ਮੈਨੂੰ, ਸਭ ਕੁੱਝ ਸੋਚ ਸਮਝ ਉਸ ਕੀਤੈ:
ਜੇ ਡੰਕਨ ਦੇ ਪੁਤ੍ਰ ਕਿੱਧਰੇ, ਉਹਦੇ ਕਾਬੂ ਆਉਂਦੇ,
ਅੰਬਰ ਹੋਣ ਦਿਆਲ ਐਸਾ ਕਦੇ ਨਾਂ ਹੋਵੇ, ਮਜ਼ਾ ਉਹਨਾਂ ਵੀ ਚਖ ਲੈਣਾ ਸੀ
ਪਿਓ ਮਾਰਨ ਦਾ! ਤੇ ਫਲੀਐਂਸ ਨਾਲ ਵੀ ਏਹੋ ਹੁੰਦਾ।
ਪਰ ਸ਼ਾਂਤ!-ਕਿਉਂਕਿ ਮੈਂ ਤਾਂ ਇਹ ਵੀ ਸੁਣਿਐ-ਲੋਕੀ ਗੱਲਾਂ ਕਰਦੇ-
ਜ਼ੁਲਮ,ਜਬਰ ਦੇ ਰਾਜ-ਭੋਜ ਤੇ, ਮੈਕਡਫ ਨਹੀਂ ਸੀ ਹਾਜ਼ਰ ਆਇਆ,
ਇਸੇ ਲਈ ਦੁਰਕਾਰਿਆਂ ਵਾਂਗੂੰ ਤ੍ਰਿਸਕਾਰਤ ਜੀਵਨ ਜੀਂਦੈ।
ਕੀ ਜਨਾਬ, ਪਤੈ ਤੁਹਾਨੂੰ, ਕਿੱਥੇ ਅੱਜ ਕੱਲ ਰਹਿੰਦੈ?
ਲਾਟ:ਡੰਕਨ ਦਾ 'ਮਹਾਰਾਜ ਕੁਮਾਰ' ਵੱਡਾ ਪੁੱਤਰ ਉਹਦਾ,
ਜਨਮ-ਸਿੱਢ ਅਧਿਕਾਰ ਜੀਹਦਾ ਇਸ ਜ਼ਾਲਮ ਨੇ ਖੋਹਿਐ:
ਦਰਬਾਰ ਅੰਗਰੇਜ਼ੀ ਦੇ ਵਿੱਚ ਰਹਿੰਦੈ, ਐਡਵਰਡ ਨੇਕ ਨੇ ਗਲ ਨੂੰ ਲਾਇਐ,
ਏਨੀ ਸ਼ੋਭਾ,ਮਹਿਮਾ ਏਨੀ ਹਿੱਸੇ ਉਹਦੇ ਆਈ,
ਬਦਬਖਤੀ ਵੀ ਖੋਹ ਨਹੀਂ ਸੱਕੀ, ਹੱਥ ਉਹਦੇ ਸਨਮਾਨ ਜੋ ਆਇਐ:
ਮੈਕਡਫ ਵੀ ਓਧਰ ਹੀ ਧਾਇਐ,ਕਰਨ ਬੇਨਤੀ ਸ਼ਾਹ ਪਾਕ ਨੂੰ,
ਨੌਰਖੰਬਰਾਂ ਨੂੰ ਜਗਾਵਣ ਖਾਤਰ, ਕਰੇ ਸਹਾਇਤਾ:
ਵੀਰ ਯੋਧੇ ਸੂਬੇਦਾਰ ਸੀਵਾਰਡ ਤਾਈਂ,ਆਖੇ ਹੱਲਾ ਬੋਲਣ,
ਤੇ ਆਪਣੀ ਮਨਜ਼ੂਰੀ ਵਾਲੀ,ਸ਼ਾਹ ਵੀ ਮੋਹਰ ਲਗਾਵੇ ਉੱਤੇ;
ਤਾਂ ਜੋ ਮੁੜ ਅਸੀਂ ਵੀ ਸਾਰੇ, ਆਪਣੇ ਚੁਲ੍ਹੀਂ ਅੱਗ ਬਾਲ਼ੀਏ,
ਸ਼ਰਧਾ ਭੇਂਟ ਵਫ਼ਾ ਦੀ ਕਰੀਏ,ਸਿਸ ਉਠਾ ਸਨਮਾਨ ਵੀ ਪਾਈਏ,
ਰੋਟੀ ਖਾਂਦੇ ਹੋਈਏ,ਆਪਣੀ ਮੰਜੀ,ਆਪਣਾ ਕੋਠਾ,ਆਪਣੀ ਨੀਂਦ ਹੰਢਾਈਏ,
ਰਾਜ-ਭੋਜਾਂ ਦੇ ਖੂਨੀ ਖੰਜਰ, ਤਣੇ ਰਹਿਣ ਨਾਂ ਸਿਰੀਂ ਅਸਾਡੇ;
ਜਿਸ ਲਈ ਹੁਣ ਤਾਂ ਤਰਸ ਰਹੇ ਹਾਂ:
ਐਪਰ ਇਸ ਖਬਰ ਨੇ ਹੁਣ ਤਾਂ, ਐਸਾ ਸ਼ਾਹ ਨੂੰ ਰੋਹ ਚੜ੍ਹਾਇਐ,
ਜ਼ੋਰ ਸ਼ੋਰ ਨਾਲ ਕਰਨ ਲੱਗ ਪਿਐ,ਖੁੱਲ੍ਹੀ ਜੰਗ ਦੀ ਕੁੱਲ ਤਿਆਰੀ।
ਲੈਨੌਕਸ:ਭੇਜਿਆ ਸੀ ਪਰਵਾਨਾ ਕੋਈ ਮੈਕਡਫ ਤਾਈਂ?


ਲਾਟ:ਜੀ, ਭੇਜਿਆ:ਐਪਰ ਤੋੜ ਜਵਾਬ ਜੋ ਦਿੱਤਾ ਨਹੀਂ ਜਨਾਬ, ਮੈਂ ਨਹੀਂ ਆਉਣਾ,
ਹਰਕਾਰੇ ਨੇ ਪਿੱਠ ਘੁਮਾਈ, ਗੁਣਗੁਣਾਵਣ ਲੱਗਾ, ਜਿਵੇਂ ਕਹਿਂਦੇ ਨੇ,
'ਵੇਲ਼ੇ ਨੂੰ ਪਛਤਾਏਂਗਾ ਮਿੱਤਰਾ, ਜਿਨ ਪੈਰ ਮੇਰੇ ਇੰਜ ਭਾਰੀ ਕੀਤੇ,
ਕਾਠ ਦਾ ਜੁੱਤ ਪੁਆਕੇ' ।
ਲੈਨੌਕਸ:ਫਿਰ ਤਾਂ ਇਹ ਨਸੀਹਤ ਉਹਨੂੰ, ਖਬਰਦਾਰ, ਮੁਹਤਾਤ ਰਹੇ,
ਕਰੇ ਸਿਆਣਪ, ਫਾਸਲਾ ਰੱਖੇ, ਦੂਰ ਰਹੇ, ਆਬਾਦ ਰਹੇ ।
ਰੱਬ ਕਰੇ ਕੋਈ ਪਾਕ ਫਰਿਸ਼ਤਾ, ਮਾਰ ਉਡਾਰੀ ਇੰਗਲੈਂਡ ਜਾਵੇ,
ਉਹਦੇ ਆਉਣ ਤੋਂ ਪਹਿਲਾ ਪਹਿਲਾਂ, ਰੱਬੀ ਹੁਕਮ ਪੁਜਾਵੇ:
ਪੌਣ ਦੇ ਪੰਖੀਂ ਤੀਰ ਵਾਂਗ, ਰੱਬੀ ਰਹਿਮਤ ਉੱਡਦੀ ਆਵੇ,
ਦੁਖੀ ਅਸਾਡੇ ਮੁਲਕ ਦੇ ਅੰਦਰ, ਜਬਰ ਦੇ ਹੱਥੇ ਜੋ ਫਸਿਆ ਹੈ,
ਖੁਸ਼ੀ ਦਾ ਹੜ੍ਹ ਲਿਆਵੇ !
ਲਾਟ:ਦੁਆ ਮੇਰੀ ਵੀ ਨਾਲ ਓਸਦੇ!
{ਪ੍ਰਸਥਾਨ}