ਮੈਕਬੈਥ/ਐਕਟ-4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਮੈਕਬੈਥ  (1606) 
ਸ਼ੇਕਸਪੀਅਰ


ਐਕਟ-4ਸੀਨ-1


ਇੱਕ ਨ੍ਹੇਰੀ ਗੁਫਾ। ਵਿਚਕਾਰ ਇਕ ਉਬਲਦਾ ਕੜਾਹਾ

{ਗਰਜਣ ਦੀ ਭਿਆਨਕ ਆਵਾਜ਼; ਪ੍ਰਵੇਸ਼ ਤਿੰਨਾਂ ਚੁੜੇਲਾਂ ਦਾ}

ਚੁੜੇਲ-1:ਚਿੱਤੀ ਬਿੱਲੀ ਤਿਹਰ ਮਿਆਊਂ
ਚੁੜੇਲ-2:ਚੀਕਿਆ ਸੂਕਰ ਤਿਹਰ ਟਿਆਂਊਂ
ਚੁੜੇਲ-3:ਵਾਦਕ ਚੀਕੇ : ਆ ਗਿਆ ਵੇਲ਼ਾ, ਆ ਗਿਆ ਵੇਲ਼ਾ
ਚੁੜੇਲ-1:ਪ੍ਰਕਰਮਾ ਕਰੋ ਕੜਾਹੀ ਵਾਲੀ ;
ਵਿਸ਼ ਭਰ ਅੰਤੜੀਆਂ ਵਿੱਚ ਪਾਓ।-
ਇੱਕ-ਸਿੰਗਾ ਡੱਡੂ, ਠੰਡੇ, ਯੱਖ ਪੱਥਰ ਦੇ ਥੱਲੇ,
ਨੀਂਦ 'ਚ ਗੁੰਮ, ਪਸੀਨੇ ਭਿੱਜਾ,
ਰਾਤ ਦਿਨੇ, ਮਹੀਨਾ ਪੂਰਾ, ਵਿਸ਼ ਜੋ ਘੋਲੇ,
ਦਿਨ ਇਕੱਤੀ ਜਦ ਨਿੱਕਲ ਚੱਲੇ,
ਸ਼ੀਸ਼ੀ ਭਰੋ ਤੇ ਪਾਓ ਪਤੀਲੇ, ਜਾਦੂ ਦੇ ਇਸ ਬਰਤਨ ਅੰਦਰ ਦਿਓ ਉਬਾਲ਼ੇ !
ਤਿੰਨੇ ਚੁੜੇਲਾਂ:ਦੋਹਰੀ, ਦੋਹਰੀ, ਕਰੋ ਮੁਸ਼ੱਕਤ ਤਿਹਰੀ; ਮਾਰੋ ਫੂਕਾਂ, ਭੱਠ ਭਖਾਓ ;
ਬਾਲ਼ੋ ਅੱਗ ਕੜਾਹੀ ਥੱਲੇ, ਨੱਚਣ ਬੁਲਬੁਲੇ, ਆਏ ਉਬਾਲ਼ੀ ;
ਚੁੜੇਲ-2:ਸੱਪ ਦਲਦਲੀ ਫਿਰ ਸੁੱਟੋ ਅੰਦਰ, ਤਲ਼ੋ ਖੂਬ ਬਣਾਓ ਪਕੌੜਾ;
ਡੇਲੇ ਕੱਢੋ ਕਿਰਲੀ ਵਾਲੇ, ਮਾਰ ਹਥੌੜਾ;
ਡੱਡੂ ਵਾਲਾ ਪੰਜਾ ਭੰਨੋ, ਚਮਗਿੱਦੜ ਦੀ ਉੱਨ ਲਿਆਓ,
ਦੁਸਾਂਗੀ ਜੀਭ 'ਜਲੇਬੀ ' ਵਾਲੀ,
ਹਲ਼ਕੇ ਹੋਏ ਕਤੂਰੇ ਵਾਲੀ, ਖੁਸ਼ਕ ਜ਼ੁਬਾਂ ਦਾ ਟੋਟਾ ਪਾਓ;
ਗੋਹ ਦੀ ਟੰਗ, ਦੰਦ ਗੰਡੋਆ, ਪੰਖ ਉੱਲੂ ਦਾ ਝੜਿਆ ਹੋਇਆ:
ਕੱਠੇ ਕਰ ਕੜਾਹੀ ਪਾਓ:
ਤਰੀ ਕਰਾਰੀ, ਨਰਕਾਂ ਵਾਲੀ, ਖੂਬ ਉਬਾਲ਼ੋ , ਪਿਆਲੇ ਪਾਓ,
ਜਾਦੂ ਨਵਾਂ ਇੱਕ ਘੋਰ ਸੰਕਟ ਦਾ, ਆਪਣੀ ਝੋਲੀ ਪਾਓ।


ਤਿੰਨੋ ਕੱਠੀਆਂ:ਦੋਹਰੀ, ਦੋਹਰੀ, ਕਰੋ ਮੁਸ਼ੱਕਤ ਤਿਹਰੀ, ਮਾਰੋ ਫੂਕਾਂ, ਭੱਠ ਭਖਾਓ;
ਬਾਲ਼ੋ ਅੱਗ ਕੜਾਹੀ ਥੱਲੇ, ਨੱਚਣ ਬੁਲਬੁਲੇ, ਆਏ ਉਬਾਲ਼ੀ।
ਚੁੜੇਲ-3:ਉਡਣੇ ਸਰਪ ਮਿਥਹਾਸਕ ਵਾਲੀ, ਅਧਕੱਚੀ ਜਿਹੀ ਕੰਜ ਲਿਆਓ,
ਦੰਦ-ਬਘਿਆੜੀ, ਲੋਥ-ਚੁੜੇਲੀ, ਖਾਰੇ ਸਾਗਰ ਭ੍ਰਮਣ ਕਰਦੀ
ਭੁੱਖੀ ਸ਼ਾਰਕ ਦੀ ਆਂਤ ਤੇ ਪੋਟਾ, ਨ੍ਹੇਰ 'ਚ ਪੁੱਟੀ ਜੜ੍ਹੀ ਧਤੂਰਾ,
ਕਾਫਰ ਕਿਸੇ ਯਹੂਦੀ ਵਾਲਾ, ਤਾਜ਼ਾ ਜਿਗਰ ਲਿਆਓ;
ਪਿੱਤ ਵਿਸ਼ੈਲੀ ਬੱਕਰੇ ਵਾਲੀ, ਚੰਦਰ ਗ੍ਰਹਿਣ 'ਚ ਕਾਂਟ ਛਾਂਟੀਆਂ,
ਸਦਾਬਹਾਰੀ ਬਿਰਖ ਵਾਲੀਆਂ, ਇੱਕੋ ਜਿਹੀਆਂ ਤਿੰਨ ਛਿਲਤਰਾਂ,
ਨੱਕ ਤੁਰਕ ਦਾ, ਬੁੱਲ ਰੰਗੀਲੇ ਤਾਰਤਾਰ ਦੇ;
ਨ੍ਹੇਰੇ ਖਾਤੇ ਰੰਨ ਫੁਹੜ ਦੇ ਜਾਏ, ਪ੍ਰਸੂਤੀਂ ਮੋਏ ਸ਼ਿਸ਼ੂ ਦੀ ਇੱਕੋ ਉਂਗਲ ਨਿੱਕੀ,
ਪਾ ਪਕਾਓ ਦਲੀਆ ਗਾੜ੍ਹਾ-ਮੋਟਾ; ਬਾਘ ਦੀਅ ਫਿਰ ਆਂਤਾਂ ਪਾਓ,
ਸਭੇ ਸ਼ੈਆਂ, ਕੁੱਲ ਮਸਾਲੇ, ਘੋਟੋ ਖੂਬ, ਮਕਸੂਦ ਚਲਾਓ:
ਕੜਾਹੀ ਹੋਈ ਤਿਆਰ ਅਸਾਡੀ।
ਸਾਰੀਆਂ:ਦੋਹਰੀ, ਦੋਹਰੀ, ਕਰੋ ਮੁਸ਼ੱਕਤ ਤਿਹਰੀ; ਮਾਰੋ ਫੂਕਾਂ, ਭੱਠ ਭਖਾਓ,
ਬਾਲ਼ੋ ਅੱਗ ਕੜਾਹੀ ਥੱਲੇ, ਨੱਚਣ ਬੁਲਬੁਲੇ, ਆਏ ਉਬਾਲ਼ੀ
ਚੁੜੇਲ-2:ਲਹੂ ਲੰਗੂਰ ਦਾ ਠੰਡੀ ਕਰ ਦੂ, ਜਾਦੂ, ਮੰਤਰ,ਜੰਤਰ ਵਾਲੀ ਸ਼ਕਤੀ ਪੂਰੀ ਭਰ ਦੂ।
{ਪ੍ਰਵੇਸ਼ ਤਿੰਨਸਿਰੀ ਮਹਾਂਕਾਲੀ ਦਾ}

ਮਹਾਂਕਾਲੀ:ਸ਼ਾਵਾ, ਕੰਮ ਖਰਾ ਹੈ ਕੀਤਾ, ਪ੍ਰਸੰਸਾ ਅਤਿ, ਮੁਸ਼ੱਕਤ ਵਾਲੀ!
ਹਿੱਸਾ ਸਭ ਦਾ ਇੱਕੋ ਜਿਹਾ।
ਭੱਠੀ ਦੁਆਲੇ ਘੁੰਮੋ, ਗਾਓ, ਘੇਰਾ ਪਾ ਗਿਠਮੁਠੀਆਂ ਵਾਲਾ,
ਸੰਗ ਪਰੀਆਂ ਦੇ ਨੱਚੀ ਜਾਓ, ਜਾਦੂ ਟੂਣੇ, ਮੰਤਰ ਜੰਤਰ, ਸਭ ਇਹਦੇ ਵਿੱਚ ਪਾਓ।
ਗੀਤ:ਸਫੇਦ, ਕਾਲੀਆਂ, ਸੁਰਖ, ਸਲੇਟੀ,
ਕੱਠੀਆਂ ਹੋ ਕੇ ਸੱਭੇ ਰੂਹਾਂ,
ਨੱਚੀ ਜਾਓ, ਮਿਲ਼ਕੇ ਮੌਜ ਮਨਾਓ।
{ਪ੍ਰਸਥਾਨ ਮਹਾਂਕਾਲੀ ਦਾ}

ਚੁੜੇਲ-2:ਚੁਟਕੀ ਮਾਰ ਬੁਲਾਵਾਂ ਜੇਕਰ,
ਬਦ ਰੂਹ ਕੋਈ ਆਵੇ ਚੱਲ ਘਰ: ਬੂਹਾ ਜੇ ਖੜਕਾਏ ਕੋਈ, ਕੁੰਡਾ ਖੋਹਲੋ!
{ਪ੍ਰਵੇਸ਼ ਮੈਕਬੈਥ ਦਾ}

ਮੈਕਬੈਥ:ਕਾਲੀ, ਬੋਲ਼ੀ ਅੱਧਰੈਣੀ ਬੁੱਢੀਓ! ਕੀ ਗਾਹ ਪਾਇਐ ਆਹ ਕੁਵੇਲੇ?
ਚੁੜੇਲਾਂ:ਏਸ ਕੰਮ ਦਾ ਨਾਂਅ ਨਹੀਂ ਕੋਈ ।


ਮੈਕਬੈਥ:ਤੁਹਾਡੇ ਕਿੱਤੇ ਦੇ ਨਾਂਅ ਸਦਕੇ ਅਰਜ਼ ਕਰਾਂ ਮੈਂ ਤੁਹਾਨੂੰ:
ਪਰਗਟ ਹੋਵੋ, ਸਭ ਕੁੱਝ ਦੱਸੋ, ਜੋ ਵੀ ਪਤਾ ਤੁਹਾਨੂੰ:
ਪੌਣ ਦੀਆਂ ਗੰਢਾਂ ਖੋਹਲੋਂ ਭਾਵੇਂ, ਗਿਰਜਿਆਂ ਸਿਰ ਤੂਫਾਨ ਝੁਲਾਵੋਂ,
ਝੱਘੋ ਝੱਘ ਕਰੋਂ ਸਾਗਰ ਨੂੰ, ਪੋਤ, ਬੇੜੀਏਂ ਵੱਟੇ ਪਾਵੋਂ;
ਮੱਲੀ ਭਾਵੇਂ ਮੱਕੀ ਢਾਹਵੋਂ, ਬਿਰਖਾਂ ਧਰਤ ਚਟਾਵੋਂ;
ਰਾਖਿਆਂ ਦੇ ਸਿਰ ਭਾਵੇਂ ਸੁੱਟੋ, ਢਾਹ ਕੇ ਕੋਟ ਫਸੀਲਾਂ,
ਭਾਵੇਂ ਮਹਿਲ, ਮਾੜੀਆਂ, ਮਿਸਰੀ ਕੋਣ-ਮਕਬਰੇ ਸਾਰੇ,
ਮੂਧੇ-ਮੂੰਹ ਨੀਹਾਂ ਵਿੱਚ ਲਾਹੋ;
ਭਾਵੇਂ ਭਰੂਣ-ਭੰਡਾਰ ਪ੍ਰਕ੍ਰਿਤੀ ਵਾਲਾ, ਮੂਧਾ ਹੋ ਜੇ;
ਤਹਿਸ ਨਹਿਸ ਸਭ ਅੰਕੁਰ ਹੋਵਣ, 'ਬਰਬਾਦੀ ' ਵੀ ਵੇਖ ਨਾਂ ਸੱਕੇ,
ਕਰੇ ਉਲਟੀਆਂ, ਹੋਏ ਬੀਮਾਰ: ਉੱਤਰ ਦਿਓ ਸਵਾਲ ਦਾ ਮੇਰੇ, ਜੋ ਵੀ ਪੁੱਛਾਂ।
ਚੁੜੇਲ-1:ਬੋਲ, ਕੀ ਏ ਪੁੱਛਣਾ?
ਚੁੜੇਲ-2:ਮੰਗ, ਕੀ ਮੰਗਣੈ?
ਚੁੜੇਲ-3:ਉੱਤਰ ਅਸੀਂ ਦਿਆਂਗੇ।
ਚੁੜੇਲ-1:ਸੁਣੇਂਗਾ ਸਾਡੇ ਮੂੰਹੋ ਜਾਂ ਫਿਰ ਗੁਰੂ ਜਨਾਂ ਤੋਂ?
ਮੈਕਬੈਥ:ਉਹਨਾਂ ਨੂੰ ਹੀ ਸੱਦ ਬੁਲਵਾਓ; ਮੈਂ ਵੀ ਦਰਸ ਕਰਾਂ।
ਚੁੜੇਲ-:ਫਿਰ ਤਾਂ ਉਸ ਸੂਰੀ ਦੀ ਰੱਤ ਵੀ ਪਾਓ, ਨਿਆਣੇ ਨੌਂ ਜਿਸ ਆਪਣੇ ਖਾਧੇ;
ਮਿੱਝ, ਮੁੜ੍ਹਕਾ ਉਸ ਕਾਤਲ ਵਾਲਾ, ਫਾਹੇ ਲੱਗਦਿਆਂ ਚੋਇਆ ਹੋਇਆ,
ਪਾਓ ਆਹੂਤੀ ਅਗਨ-ਕੁੰਡ 'ਚ, ਕਰੋ ਸੁਆਹ।
ਸਾਰੀਆਂ:ਉੱਚੇ, ਨੀਵੇਂ, ਸੱਭੇ ਆਓ, ਜਾਤ, ਕੁਜਾਤ, ਕਿੱਤਾ ਆਪਣਾ, ਆਪ ਜਣਾਓ!
{ਘੋਰ ਗਰਜ ਦਾ ਸ਼ੋਰ; ਨੇਜ਼ੇ ਉੱਤੇ ਟੰਗੇ ਸਿਰ ਦੀ ਪ੍ਰਛਾਂਈਂ ਉਭਰਦੀ ਹੈ}

ਮੈਕਬੈਥ:ਓ, ਅਣਜਾਣੀ ਸ਼ਕਤੀ ! ਦੱਸ ਖਾਂ ਮੈਨੂੰ---
ਚੁੜੇਲ-1:ਤੇਰੇ ਮਨ ਦਾ ਪਤਾ ਹੈ ਉਹਨੂੰ: ਬੱਸ ਗੱਲ ਸੁਣ ਉਹਦੀ ; ਬੋਲੀਂ ਕੁੱਝ ਨਾਂ।
ਪ੍ਰੇਤ ਪ੍ਰਛਾਈਂ:ਮੈਕਬੈਥ! ਮੈਕਬੈਥ! ਮੈਕਬੈਥ!
ਖਬਰਦਾਰ ਮੈਕਡਫ ਕੋਲੋਂ; ਸੂਬੇਦਾਰ ਫਾਈਫ ਦੇ ਕੋਲੋਂ;
ਏਨੀ ਗੱਲ ਬੱਸ ਹਾਲੇ ਕਾਫੀ , ਹੁਣ ਦੇਹ ਤੂੰ ਮੈਨੂੰ ਮਾਫੀ :
{ਪ੍ਰਛਾਂਈ ਥੱਲੇ ਲਹਿੰਦੀ ਹੈ}

ਮੈਕਬੈਥ:ਜੋ ਵੀ ਹੈਂ ਤੂੰ, ਖਬਰਦਾਰ ਹੈ ਕੀਤਾ ਮੈਨੂੰ, ਮੇਰੇ ਡਰ ਦੀ ਪੁਸ਼ਟੀ ਕੀਤੀ,
ਏਸ ਲਈ ਮੈਂ ਕਰਾਂ ਸ਼ੁਕਰੀਆ- ਐਪਰ ਅਰਜ਼ ਸੁਣੋ ਇੱਕ ਹੋਰ,--
ਚੁੜੇਲ-1:ਹੁਕਮ ਆਪਦਾ ਚੱਲਣਾ ਨਾਂਹੀ, ਇਸ ਦੇ ਉੱਤੇ;
ਲੈ,ਇੱਕ ਸ਼ਕਤੀ ਹੋਰ ਆ ਗਈ, ਪਹਿਲੀ ਨਾਲੋਂ ਤੱਗੜੀ ,


{ਗੜਗੜਾਹਟ- ਲਹੂ 'ਚ ਗੜੁੱਚ ਬੱਚੇ ਦੀ ਪਛਾਂਈਂ ਉਭਰਦੀ ਹੈ}

ਪ੍ਰਛਾਈਂ:ਮੈਕਬੈਥ! ਮੈਕਬੈਥ! ਮੈਕਬੈਥ!
ਮੈਕਬੈਥ:ਤਿੰਨ ਕੰਨ ਜੇ ਹੁੰਦੇ ਮੇਰੇ, ਏਹੋ ਸੁਣਦੇ।
ਪ੍ਰਛਾਈਂ:ਖੂਨੀ ਹੋ ਜਾ, ਕਾਤਲ ਹੋ ਜਾ, ਬੇਸ਼ਰਮ, ਬਹਾਦੁਰ, ਢੀਠ ਵੀ ਹੋ ਜਾ;
ਪੱਕਾ ਕਰ ਇਰਾਦਾ ਏਨਾਂ, ਕਰ ਅਟਹਾਸ ਮਨੁੱਖ ਸ਼ਕਤੀ ਦਾ;
ਐਸਾ ਮਾਂ ਦਾ ਲਾਲ ਨਹੀਂ ਹੈ, ਬਾਂਹ ਤੇਰੀ ਨੂੰ ਹੱਥ ਜੋ ਪਾਵੇ।
{ਪ੍ਰਛਾਂਈਂ ਥੱਲੇ ਲਹਿੰਦੀ ਹੈ}

ਮੈਕਬੈਥ:ਜਾਹ ਬਈ ਮੈਕਡਫ, ਜੀਂਦਾ ਰਹਿ ਤੂੰ, ਡਰ ਤੇਰਾ ਫਿਰ ਕਾਹਦਾ !
ਐਪਰ ਦੋਹਰੀ ਪੁਸ਼ਟੀ ਖਾਤਰ, ਵਚਨ ' ਹੋਣੀ ' ਤੋਂ ਲਿਖਤੀ ਲੈਣੈ,
ਉਸ ਵਿਸ਼ਵਾਸ ਦਾ ਜੋ ਮੈਨੂੰ ਉਸ ਦਿੱਤੈ : ਕਿ ਤੂੰ ਚਿਰਜੀਵੀ ਨਹੀਂਓਂ ਹੋਣਾ;
ਤਾਂ ਜੋ 'ਡਰ ਪੀਲੇ' ਨੂੰ ਮੂੰਹ ਤੇ ਆਖਾਂ:- "ਜਾਹ, ਝੂਠਿਆ"!
ਨਾਲੇ ਸੌਂਵਾਂ ਗੂੜ੍ਹੀ ਨੀਂਦੇ, ਬੇ-ਪਰਵਾਹਾ ਗਰਜ, ਘੋਰ ਤੋਂ।
ਪਰ ਹੁਣ ਆਹ ਕੀ ਆਉਂਦੈ,--?
{ਘੋਰ ਗਰਜਣਾ।ਤੀਜੀ ਪ੍ਰਛਾਂਈਂ ਉਭਰਦੀ ਹੈ:ਇੱਕ ਬੱਚਾ ਮੱਥੇ ਮੁਕਟ, ਹੱਥ 'ਚ ਰੁੱਖ}
ਸ਼ਾਹ ਕਿਸੇ ਦੇ ਜਾਏ ਵਾਂਗ ਜੋ ਉਭਰਿਆਂ ਆਉਂਦੈ,
ਬਾਲ-ਭਾਲ ਦੁਆਲੇ ਸੁਹੰਦੈ ਆਭਾ-ਮੰਡਲ, ਪ੍ਰਭੂਸੱਤਾ ਦੀ ਚੋਟੀ ਵਾਲਾ?

ਚੁੜੇਲਾਂ:ਸੁਣ ਏਸ ਦੀ ; ਬੋਲੀਂ ਨਾਂ।
ਪਰਛਾਈਂ:ਸ਼ੇਰ ਜਿਹਾ ਫੌਲਾਦੀ ਹੋ ਜਾ, ਪੂਰਨ ਅਭਿਮਾਨੀ ,
ਖਿਝੇ ਕੋਈ ਜਾਂ ਰੌਲਾ ਪਾਵੇ, ਲਾਲ ਪੀਲ਼ਾ ਜਾਂ ਹੋਵੇ ਕੋਈ,
ਜਾਂ ਫਿਰ ਕਰੇ ਕੋਈ ਗੱਦਾਰੀ, ਸਾਜ਼ਿਸ਼ ਕਰੇ, ਮਾਰਨ ਨੂੰ ਆਵੇ,
ਮੈਕਬੈਥ ਐਪਰ ਹਰੇ ਕਦੇ ਨਾਂ, ਕਦੇ ਨਾਂ ਹੋਵੇ ਉਹਦੀ ਹਾਨੀ ,
ਬਰਨਮ ਬਣੀ ਮਹਾਨ 'ਚ, ਡਨਸੀਨਾਨ ਦੀ ਚੋਟੀ ਉੱਤੋਂ,
ਜਿੰਨਾ ਚਿਰ ਨਾਂ ਕੋਈ ਸੂਰਾ, ਵਿਰੁੱਧ ਓਸਦੇ ਧਾ ਕੇ ਆਵੇ।
{ਥੱਲੇ ਲਹਿੰਦੀ ਹੈ}

ਮੈਕਬੈਥ:ਇੰਜ ਕਦੇ ਨਹੀਂ ਹੋਣਾ; ਕੌਣ 'ਬਣਾਂ' ਨੂੰ ਕਰ ਲੂ ਭਰਤੀ ,
ਕੌਣ ਰੁੱਖ ਤੇ ਹੁਕਮ ਚਲਾਵੇ :
'ਖਿੱਚ ਜੜ੍ਹਾਂ ਧਰਤੀ ਜੜੀਆਂ, ਤੁਰ ਪੈ ਸੈਨਿਕ ਬਣ ਕੇ'?
ਸ਼ਗਨ-ਸ਼ਗੂਨ ਇਹ ਬੜੇ ਨੇ ਮਿੱਠੇ, ਬੜੇ ਨੇ ਸੁਹਣੇ !


ਬਗ਼ਾਵਤ ਦਾ ਸਿਰ ਮੁੜ ਨਹੀਂ ਉੱਠਣਾ, ਬਣ ਬਿਰਨਮ ਦਾ ਉਠ ਨਹੀਂ ਤੁਰਨਾ,
ਭੋਗੂ ਮੈਕਬੈਥ ਸਿੰਘ ਆਸਨ ਨੂੰ, ਪ੍ਰਕ੍ਰਿਤੀ ਜੋ ਮੌਕਾ ਦਿੱਤਾ,
ਦਮ ਆਖਰੀ ਰਸਮ-ਏ-ਫਾਨੀ, ਕਾਲ ਨੇ ਜਦ ਥੀਂ ਲੇਖਾ ਮੰਗਣਾ।-
ਐਪਰ ਰਿਦਾ ਧੜਕਦੈ ਮੇਰਾ, ਇਹ ਜਾਨਣ ਲਈ -ਜੇ ਦੱਸ ਸਕਨੈ-
ਕਿ ਬੈਂਕੋ ਦੀ ਔਲਾਦ ਕਿਸੇ ਨੇ, ਕਦੇ ਦੇਸ਼ ਤੇ ਰਾਜ ਵੀ ਕਰਨੈ-?
ਚੁੜੇਲਾਂ:ਹੋਰ ਨਾਂ ਪੁੱਛ ਹੁਣ।
ਮੈਕਬੈਥ:ਪੱਕੀ ਕਰਾਓ ਤਸੱਲੀ ਮੇਰੀ , ਨਹੀਂ ਤਾਂ ਸ਼ਾਪ ਸਦੀਵੀ ਸਿਰੀਂ ਤੁਹਾਡੇ!
ਦੱਸੋ ਮੈਨੂੰ:ਹੁਣ ਭੱਠੀ ਕਿਉਂ ਇਹ ਬਹਿੰਦੀ ਜਾਂਦੀ?
ਤੇ ਕੇਹਾ ਇਹ ਸ਼ੋਰ ਸ਼ਰਾਬਾ?
{ਸ਼ਹਿਨਾਈ ਵਾਦਕਾਂ ਦਾ ਪ੍ਰਵੇਸ਼}

ਚੁੜੇਲ-1:ਵਖਾਓ ਇਹਨੂੰ!
ਚੁੜੇਲ-2:ਵਖਾਓ!
ਚੁੜੇਲ-3:ਵਖਾਓ!
ਸਾਰੀਆਂ:ਵਖਾਓ ਅੱਖਾਂ ਨੂੰ, ਰਿਦਾ ਰੁਲਾਓ; ਆਓ ਬਣੋ ਪਰਛਾਵੇਂ,ਤੇ ਫਿਰ ਕੂਚ ਕਰੋ!
{ਅੱਠ ਬਾਦਸ਼ਾਹਾਂ ਦਾ ਜਲੂਸ ਨਜ਼ਰ ਆਉਂਦਾ ਹੈ, ਆਖਰੀ ਦੇ ਹੱਥ ਦਰਪਨ ਹੈ,
ਪਿੱਛੇ ਬੈਂਕੋ ਚੱਲ ਰਿਹੈ}

ਮੈਕਬੈਥ:ਰੂਹ ਬੈਂਕੋ ਦੀ ਵਰਗਾ ਲਗਦੈਂ; ਜਾਹ ਕਿਧਰੇ ਮਰ ਖਪ ਜਾ ਜਾਕੇ!
ਮੁਕਟ ਤੇਰਾ ਇਹ ਨੈਣੀਂ ਮੇਰੇ, ਅਗਨ ਚੁਆਤੀ ਲਾਵੇ:
ਤੇ ਦੂਜੇ ਦੇ ਵਾਲ਼ ਸੁਨਹਿਰੀ, ਮਸਤਕ ਆਭਾ ਪਹਿਲੇ ਵਰਗੀ :
ਤੀਜਾ ਵੀ ਹੈ ਦੂਜੇ ਵਰਗਾ।
ਮਲੀਨ ਖੂਸਟੋ! ਕਿਉਂ ਇਹ ਤੁਸੀਂ ਵਖਾਇਐ ਮੈਨੂੰ?
ਚੌਥਾ ਵੀ ਏ ਓਹੀ !-ਅੱਖੀਓ ਪਾਟੋ ! ਕੀ ਇਹ ਪਾਲ਼ ਹਸ਼ਰ ਥੀਂ ਚੱਲੂ?
ਆਹ ਇੱਕ ਹੋਰ!-ਆਹ ਸੱਤਵਾਂ?-ਮੈਂ ਨਹੀਂ ਹੋਰ ਵੇਖਣਾ ਇਹਨੂੰ:
ਐਪਰ ਆਹ ਅੱਠਵਾਂ ਆਉਂਦੈ ! ਹੱਥ 'ਚ ਫੜਿਐ ਦਰਪਨ ਉਹਦੇ,
ਪਾਲ਼ ਜੋ ਹੋਰ ਵਖਾਏ ਲਮੇਰੀ ;
ਕਈਆਂ ਦੇ ਹੱਥ ਪ੍ਰਭੂਸੱਤਾ ਦੇ ਦੁਹਰੇ ਗੋਲ਼ੇ, ਰਾਜਡੰਡ ਤਿੰਨ ਫੜੇ ਨੇ;
ਘੋਰ ਭਿਆਨਕ ਦ੍ਰਿਸ਼ ਇਹ ਕਿੰਨਾ!
ਹੁਣ ਪਰ ਸਮਝ ਗਿਆਂ ਇਹ ਸੱਚ ਹੈ;
ਲਹੂ 'ਚ ਲਥਪਥ, ਲਟਾਂ ਉਲਝੀਆਂ ਗਲ਼ ਵਿੱਚ ਪਾਈਂ,
ਪ੍ਰੇਤ ਬੈਂਕੋ ਦਾ ਤਾਂਹੀ,ਵੇਖ ਮੈਨੂੰ ਮੁਸਕਾਈਂ ਜਾਂਦੈ,
ਨਾਲੇ ਕਰੇ ਇਸ਼ਾਰੇ ਇਨ ਸ਼ਾਹਾਂ ਵੱਲ, ਕਿ ਇਹ ਹਨ ਵਾਰਿਸ ਪੁੱਤਰ ਉਹਦੇ।


ਹੈਂ! ਕੀ ਇਹ ਸੱਚੀਂ ਸੱਚ ਹੈ?
ਚੁੜੇਲ-1:ਜੀ , ਜਨਾਬ, ਇਹ ਸਭ ਸੱਚ ਹੈ: ਐਪਰ ਕਿਉਂ ਖੜਾ ਹੈ ਮੈਕਬੈਥ,
ਹੈਰਾਨ ਅਤੇ ਘਬਰਾਇਆ ਹੋਇਆ?
ਆਓ ਭੈਣੋ ਰਲ਼ ਮਿਲ਼ ਆਪਾਂ, ਇਹਦੀ ਧੀਰ ਬੰਨ੍ਹਾਈਏ,
ਮੁੱਖ ਤੇ ਇਹਦੇ ਆਵੇ ਖੇੜਾ, ਇਹਨੂੰ ਜ਼ਰਾ ਹਸਾਈਏ,
ਸਭੇ ਖੁਸ਼ੀਆਂ ਕੋਲ ਜੋ ਸਾਡੇ, ਇਹਦੇ ਪੱਲੇ ਪਾਈਏ ;
ਮੰਤਰ ਮਾਰਾਂ ਪੌਣ ਤੇ ਐਸਾ, ਸਾਜ਼ ਸੰਗੀਤ ਦਾ ਰੁਮਕਾ ਆਵੇ,
ਪਾਓ ਧਮਾਲਾਂ ਤੁਸੀਂ ਦੁਆਲੇ, ਮਜ਼ਾ ਮਹਾਰਾਜ ਨੂੰ ਐਸਾ ਆਵੇ,
ਮਿਹਰਬਾਨ ਹੋ ਕਹਿ ਉੱਠਣ ਇਹ: ਖੂਬ 'ਜੀ ਆਇਆਂ' ਆਖੀ ਸਾਨੂੰ ।
{ਚੁੜੇਲਾਂ ਨੱਚਦੀਆਂ ਨੱਚਦੀਆਂ ਅਲੋਪ ਹੋ ਜਾਂਦੀਆਂ ਹਨ}

ਮੈਕਬੈਥ:ਕਿੱਧਰ ਗੱਈਆਂ? ਬੱਸ,- ਗਈਆਂ?
ਕਾਸ਼, ਇਹ ਘੜੀ ਵਿਨਾਸ਼ੀ, ਸਦਾ ਰਹੇ ਸਰਾਪੀ, ਦੁਨੀਆ ਦੇ ਪੰਚਾਂਗਾਂ ਅੰਦਰ!
ਕੌਣ ਐ ਬਾਹਰ? ਆ ਜਾਓ ਅੰਦਰ।
{ਪ੍ਰਵੇਸ਼ ਲੈਨੌਕਸ ਦਾ}

ਲੈਨੌਕਸ:ਹੁਕਮ, ਸਰਕਾਰ!
ਮੈਕਬੈਥ]:ਵੇਖੀਆਂ ਭਿਅੰਕਰ ਭੈਣ-ਚੁੜੇਲਾਂ?
ਲੈਨੌਕਸ:ਨਹੀਂ, ਮਾਲਿਕ।
ਮੈਕਬੈਥ:ਰਾਹੇ ਵੀ ਨਹੀਂ ਮਿਲੀਆਂ ਤੈਨੂੰ?
ਲੈਨੌਕਸ:ਸੱਚੀਂ ਨਹੀਂ, ਮਾਲਿਕ ਮੇਰੇ।
ਮੈਕਬੈਥ:ਦੂਸ਼ਤ ਹੋਣ ਉਹ ਵਾਅਵਆਂ, ਜੀਹਨਾਂ ਉੱਤੇ ਕਰਨ ਸਵਾਰੀ;
ਨਰਕੀਂ ਪੈਣ ਉਹ ਬੰਦੇ ਸਾਰੇ, ਉਹਨਾਂ ਦਾ ਜੋ ਕਰਨ ਭਰੋਸਾ!-
ਸਰਪਟ ਆਉਂਦੇ ਘੁੜ-ਪੌੜਾਂ ਦੀ ਆਵਾਜ਼ ਸੁਣੀ ਸੀ,
ਕੌਣ ਸੀ ਆਇਆ?
ਲੈਨੌਕਸ:ਦੋ ਤਿੰਨ ਕੱਠੇ ਆਏ ਹਰਕਾਰੇ, ਜੀ ਸਰਕਾਰ,
ਖਬਰ ਲਿਆਏ ਆਪਦੀ ਖਾਤਰ: ਮੈਕਡਫ ਭੱਜ ਗਿਆ ਇੰਗਲੈਂਡੇ।
ਮੈਕਬੈਥ:ਭੱਜ ਗਿਐ ਇੰਗਲਿਸਤਾਨੇ ?
ਲੈਨੌਕਸ:ਜੀ, ਭਲੇ ਸਰਕਾਰ।
ਮੈਕਬੈਥ:ਸਮੇਂ, ਤੂੰ ਬੜਾ ਬਲਵਾਨ!ਡਰ ਮੇਰੇ ਦੇ ਮਾਅਰਕੇ ਚਿਤਵੇ, ਮਨ ਵਿੱਚ ਹੀ ਅਟਕਾਵੇਂ;
ਕਰ ਗੱਦਾਰੀ ਭੱਜਣ ਵਾਲਾ ਮੰਤਵ, ਡਾਹ ਕਦੇ ਨਹੀਂ ਦਿੰਦਾ,
ਜਦ ਥੀਂ ਕਰਮ-ਅਮਲ ਨਾਂ ਇਹਨੂੰ, ਵੇਲ਼ੇ ਸਿਰ ਹੱਥ ਪਾਵੇ:


ਐਪਰ ਇਸ ਉਪ੍ਰੰਤ ਹੱਥ ਵੀ ਚੱਲੂ ਮਨ ਦੇ ਨਾਲੇ,
ਜੋ ਵੀ ਆਊ ਦਿਲ 'ਚ ਪਹਿਲਾਂ, ਓਹੀ ਹੱਥ ਕਰੂਗਾ ਪਹਿਲਾਂ।
ਤੇ ਹੁਣ 'ਸੋਚ' ਦੇ ਸਿਰ 'ਕਰਮ' ਦਾ ਸਿਹਰਾ ਬੰਨ੍ਹਣ ਖਾਤਰ,
ਜੋ ਸੋਚਣੈ, ਸੋਚਣ ਸਾਰ ਬੱਸ ਕਰ ਹੀ ਦੇਣੈ:
ਮੈਕਡਫ ਕਿਲੇ ਅਚਾਨਕ ਜਾ ਕੇ ਧਾਵਾ ਕਰਨੈ; ਫਿਰ ਫਾਈਫ ਤੇ ਕਬਜ਼ਾ ਕਰਨੈ;
ਤਲਵਾਰ ਦੀ ਧਾਰ ਉਤਾਰ ਦੇਣੇ ਨੇ, ਤੀਵੀਂ ਉਹਦੀ, ਬੱਚੇ ਉਹਦੇ,
ਨਾਲੇ ਬਦਬਖਤ ਸਾਰੀਆਂ ਜਿੰਦਾਂ, ਜੋ ਕਹਿਲਾਵਣ ਵਾਰਸ ਉਹਦੇ।
ਮੂਰਖ ਵਾਲੀ ਨਹੀਂ ਇਹ ਸ਼ੇਖੀ ;
ਠੰਡਾ ਮਕਸਦ ਹੋਣ ਤੋਂ ਪਹਿਲਾਂ, ਇਹ 'ਕਾਰਾ' ਮੈਂ ਕਰ ਹੀ ਦੇਣੈ:
ਐਪਰ ਹੋਰ ਨਹੀਂ ਹੁਣ ਮਨ ਦੇ ਮੰਜ਼ਰ! ਕਿੱਥੇ ਨੇ ਉਹ ਹਰਕਾਰੇ?
ਆਓ, ਲੈ ਕੇ ਚੱਲੋ ਮੈਨੂੰ ਉਹਨਾਂ ਕੋਲੇ।
{ਪ੍ਰਸਥਾਨ}

ਸੀਨ-2


ਫਾਈਫ-
{ਮੈਕਡਫ ਦੇ ਕਿਲੇ 'ਚ ਇਕ ਕਮਰਾ}

{ਪ੍ਰਵੇਸ਼ ਲੇਡੀ ਮੈਕਡਫ, ਉਹਦਾ ਪੁੱਤਰ, ਅਤੇ ਰੌਸ}

ਲੇਡੀ ਮੈਕਡਫ:ਕੀ ਕੀਤੈ ਉਸ, ਜੋ ਭੱਜਿਐ ਦੇਸੋਂ?
ਰੌਸ:ਸ਼ਾਂਤ ਰਹੋ ਮਾਦਾਮ, ਰੱਖੋ ਸਬਰ ਸਬੂਰੀ ।
ਲੇਡੀ ਮੈਕਡਫ:ਕੁੱਝ ਨਹੀਂ ਸੀ ਉਹਨੇ ਕੀਤਾ: ਪਾਗਲਪਣ ਸੀ ਪਲਾਇਨ ਉਹਦਾ:
ਕਰਮੀਂ ਅਸੀਂ ਗੱਦਾਰ ਨਹੀਂ ਹੁੰਦੇ, ਡਰ ਸਾਨੂੰ ਗੱਦਾਰ ਬਣਾਉਂਦਾ।
ਰੌਸ:ਕਹਿ ਨਹੀਂ ਸਕਦੇ ਤੁਸੀਂ ਡਰ ਸੀ ਜਾਂ ਸਿਆਣਪ ਉਹਦੀ।
ਲੇਡੀ ਮੈਕਡਫ:ਸਿਆਣਪ! ਆਪਣੇ ਬੀਵੀ ਬੱਚਿਆਂ ਤਾਂਈਂ ਮੰਝਧਾਰੇ ਛੱਡਣਾ,
ਆਪਣਾ ਘਰ-ਘਾਟ, ਜਗੀਰਾਂ, ਰੁਤਬੇ, ਪਿੱਛੇ ਛੱਡ ਕੇ ਆਪੂੰ ਭੱਜਣਾ!
ਸਾਡੇ ਨਾਲ ਪਿਆਰ ਨਹੀਂ ਉਹਨੂੰ;
ਪ੍ਰਕ੍ਰਿਤੀ ਵਾਲੀ ਫਿਤ੍ਰਤ ਦੀ ਘਾਟ ਹੈ ਉਸ ਵਿੱਚ;
ਸਾਰੇ ਪੰਛੀਆਂ ਨਾਲੋਂ ਨਿੱਕੀ, ਇੱਕ ਮਾਮੂਲੀ ਚਿੜੀਆ,
ਬੱਚਿਆਂ ਨੂੰ ਬਚਾਵਣ ਖਾਤਰ, ਉੱਲੂ ਨਾਲ ਵੀ ਲੜ ਜਾਂਦੀ ਹੈ,
ਜੋ ਆਲ੍ਹਣੇ ਉਸ ਦੇ ਹੱਲਾ ਕਰਦਾ।


੬੮


ਇਹ ਤਾਂ ਨਿਰੋਲ ਡਰ ਹੈ ਉਹਦਾ, ਪਿਆਰ ਤੋਂ ਬਿਲਕੁਲ ਕੋਰਾ;
ਸਿਆਣਪ-ਵਿਆਣਪ ਕੁੱਝ ਨਹੀਂ ਹੈ, ਪਲਾਇਨ ਉਲਟ ਹੈ ਹਰ ਤਰਕ ਦੇ।
ਰੌਸ:ਭੈਣ ਮੇਰੀਏ, ਚਾਚੇ ਜਾਈਏ, ਅਰਜ਼ ਕਰਾਂ: ਸਮਝਾ ਲੈ ਖੁਦ ਨੂੰ:
ਕੰਤ ਤੇਰਾ ਕੁਲੀਨ, ਸਿਆਣਾ, ਨਿਆਂ-ਪਸੰਦ ਤੇ ਦਾਨਾ-ਬੀਨਾ,
ਨਜ਼ਾਕਤ ਵਕਤ ਦੀ ਖੂਬ ਪਛਾਣੇ। ਹੋਰ ਕਹਿਣ ਦੀ ਨਹੀਂ ਹੈ ਹਿੰਮਤ:
ਸਮਾਂ ਬੜਾ ਕਰੂਰ ਹੋ ਗਿਐ, ਅਣਜਾਣੇ ਗੱਦਾਰ ਹੋ ਜਾਈਏ;
ਜਦ ਅਸੀਂ ਅਫਵਾਹ ਕੋਈ ਸੁਣਦੇ, ਜਿਸ ਦਾ ਸਾਨੂੰ ਡਰ ਹੁੰਦਾ ਹੈ;
ਫਿਰ ਵੀ ਸਾਨੂੰ ਪਤਾ ਨਹੀਂ ਹੁੰਦਾ, ਡਰ ਕਿਸ ਸ਼ੈਅ ਦਾ ਹੁੰਦੈ,
ਐਪਰ ਖਾਈਏ ਡੱਕੇ ਡੋਲੇ, ਜਿਉਂ ਤੂਫਾਨੀ ਸਾਗਰ ਅੰਦਰ ਪੈਣ ਥਪੇੜੇ।
ਮੈਨੂੰ ਹੁਣ ਇਜਾਜ਼ਤ ਦੇਵੋ: ਝਬਦੇ ਗੇੜਾ ਫੇਰ ਮੈਂ ਮਾਰੂੰ:
ਮੰਦੇ ਹਾਲ ਅੰਤ ਮੁੱਕ ਜਾਂਦੇ, ਜਾਂ ਫਿਰ ਬਦਤਰ ਹੁੰਦੇ ਪਹਿਲਾਂ ਨਾਲੋਂ।-
ਚੰਗਾ, ਮੇਰੀ ਭੈਣ ਪਿਆਰੀ , ਰੱਬ ਦੀ ਤੁਧ ਤੇ ਰਹਿਮਤ ਹੋਵੇ!
ਲੇਡੀ ਮੈਕਡਫ:ਭਾਵੇਂ ਬੀਜ ਹੈ ਆਪਣੇ ਪਿਓ ਦਾ, ਪਿਓ ਬਾਹਰਾ ਪਰ ਅੱਜ ਖੜਾ ਹੈ।
ਰੌਸ:ਮੇਰੇ ਜਿਹਾ ਨਹੀਂ ਮੂਰਖ ਹੋਣਾ, ਜੇ ਮੈਂ ਹੋਰ ਅਟਕਿਆ ਏਥੇ,
ਜ਼ਿੱਲਤ, ਘਿਰਣਾ ਮੇਰੇ ਪੱਲੇ, ਦੁੱਖ, ਤਕਲੀਫਾਂ, ਤਸੀਹੇ ਤੈਨੂੰ:
ਤਾਂ ਤੇ ਤੁਰੰਤ ਆਗਿਆ ਮੰਗਦਾਂ।
{ਪ੍ਰਸਥਾਨ}

ਲੇਡੀ ਮੈਕਡਫ:ਪਿਓ ਮੋਇਆ ਏ ਤੇਰਾ ਬੱਚੇ;
ਬਿਨਾਂ ਬਾਪ ਹੁਣ ਕੀ ਕਰੇਂਗਾ? ਕਿੱਦਾਂ ਉਮਰ ਲੰਘਾਉਣੀ?
ਬੇਟਾ:ਜਿੱਦਾਂ ਜੀਂਦੇ ਪੰਛੀ, ਮਾਮਾ।
ਲੇਡੀ ਮੈਕਡਫ:ਮੱਖੀਆਂ ਕੀੜੇ ਖਾ ਕੇ?
ਬੇਟਾ:ਮੇਰਾ ਮਤਲਬ ਜਿੱਦਾਂ ਕਿੱਦਾਂ ਕਰੂੰ ਗੁਜ਼ਾਰਾ, ਜਿਉਂ ਪੰਛੀ ਨੇ ਕਰਦੇ।
ਲੇਡੀ ਮੈਕਡਫ:ਨੰਨ੍ਹੇ ਪੰਛੀ! ਪਤਾ ਨਹੀਂ ਤੈਨੂੰ, ਚੂਨਾ-ਚੀੜ੍ਹ ਤੇ ਜਾਲ, ਕੜੱਕੀ,
ਖਾਤਾ, ਫੰਦਾ ਕੀ ਹੁੰਦੇ ਨੇ।
ਬੇਟਾ:ਮੈਨੂੰ ਲੋੜ ਭਲਾ ਕੀ ਮਾਮਾ, ਇਹ ਸਭ ਜਾਣਾਂ ?
ਮਾੜੇ ਮੋਟੇ ਪੰਛੀ ਬੇਚਾਰੇ, ਇਹਨਾਂ ਲਈ ਨਹੀਂ ਰਾਖਵੇਂ ਹੁੰਦੇ।
ਨਾਲੇ ਬਾਪ ਮੇਰਾ ਨਹੀਂ ਮੋਇਆ ਹਾਲੇ, ਤੂੰ ਭਾਵੇਂ ਜੋ ਵੀ ਆਖੇਂ।
ਲੇਡੀ ਮੈਕਡਫ:ਹਾਂ, ਉਹ ਤਾਂ ਸੱਚੀਂ ਮੋਇਐ: ਹੁਣ ਤੂੰ ਕੀ ਕਰੇਂਗਾ ਪਿਓ ਦੇ ਬਾਝੋਂ?
ਬੇਟਾ:ਨਹੀਂ, ਪਰ ਤੂੰ ਕੀ ਕਰੇਂਗਾ ਕੰਤ ਦੇ ਬਾਝੋਂ?
ਲੇਡੀ ਮੈਕਡਫ:ਕਿਉਂ! ਮੰਡੀਓਂ ਭਾਵੇਂ ਵੀਹ ਲੈ ਆਵਾਂ।
ਬੇਟਾ:ਫਿਰ ਤਾਂ ਤੂੰ ਵਣਜ ਕਰੇਂਗੀ।
ਲੇਡੀ ਮੈਕਡਫ:ਆਹ ਸਿਆਣੀ ਗੱਲ ਕੀਤੀ ਤੂੰ; ਇਸ ਉਮਰੇ ਬੱਸ ਏਨੀ ਕਾਫੀ।


ਬੇਟਾ:ਕੀ ਮੇਰਾ ਪਿਓ ਗੱਦਾਰ ਸੀ , ਮਾਮਾ?
ਲੇਡੀ ਮੈਕਡਫ:ਹਾਂ, ਗੱਦਾਰ ਸੀ ਉਹੋ।
ਬੇਟਾ:ਗੱਦਾਰ ਕੀ ਹੁੰਦੈ?
ਲੇਡੀ ਮੈਕਡਫ:ਜੋ ਸੌਂਹ ਖਾਵੇ ਝੂਠ ਵੀ ਬੋਲੇ।
ਬੇਟਾ:ਕੀ ਸਾਰੇ ਗੱਦਾਰ ਏਵੇਂ ਕਰਦੇ?
ਲੇਡੀ ਮੈਕਡਫ:ਜੋ ਵੀ ਕਰੇ ਅਜਿਹਾ, ਗੱਦਾਰ ਹੀ ਹੁੰਦੈ, ਫਾਂਸੀ ਦਾ ਹੱਕਦਾਰ ਵੀ ਹੁੰਦੈ।
ਬੇਟਾ:ਕੀ ਫਿਰ ਸਾਰਿਆਂ ਫਾਹੇ ਲੱਗਣਾ, ਜੋ ਸੌਂਹ ਝੂਠੀ ਖਾਂਦੇ?
ਲੇਡੀ ਮੈਕਡਫ:ਹਰ ਉਹ ਫਾਹੇ ਲੱਗਣੈ।
ਬੇਟਾ:ਕੌਣ ਉਨ੍ਹਾਂ ਨੂੰ ਲਾਊ ਫਾਹੇ?
ਲੇਡੀ ਮੈਕਡਫ:ਕਿਉਂ ਪੁੱਛਨੈਂ? ਸੱਚੇ ਬੰਦੇ ਲਾਉਣਗੇ ਫਾਹੇ।
ਬੇਟਾ:ਫਿਰ ਤਾਂ ਕਸਮਾਂ ਖਾ ਕੇ ਝੂਠ ਜੋ ਬੋਲਣ, ਮੂਰਖ ਨਹੀਂ ਹੋ ਸਕਦੇ;
ਗਿਣਤੀ ਉਨ੍ਹਾਂ ਦੀ ਏਨੀ ਜ਼ਿਆਦਾ, ਸੱਚਿਆਂ ਨੂੰ ਲਾ ਸਕਦੇ ਫਾਹੇ।
ਲੇਡੀ ਮੈਕਡਫ:ਰੱਬ ਹਿਫਾਜ਼ਤ ਕਰੇ ਤਿਹਾਰੀ, ਨਿੱਕੇ ਬੰਦਰ!
ਪਰ ਪਿਓ ਬਿਨਾਂ ਹੁਣ ਕੀ ਕਰੇਂਗਾ?
ਬੇਟਾ:ਜੇ ਉਹ ਮੋਇਆ ਹੁੰਦਾ, ਤੂੰ ਰੋਣਾ ਸੀ ਉਹਨੂੰ:
ਤੂੰ ਰੋਈ ਨੀ, ਸਾਫ ਜ਼ਾਹਰ ਹੈ, ਛੇਤੀ ਨਵਾਂ ਮਿਲੂਗਾ ਮੈਨੂੰ।
ਲੇਡੀ ਮੈਕਡਫ:ਬੇਚਾਰੇ ਬਕਵਾਸੀ ਬੱਚੇ! ਕਿੱਦਾਂ ਗੱਲਾਂ ਕਰਦੈਂ।
{ਇੱਕ ਹਰਕਾਰਾ ਹਾਜ਼ਰ ਹੁੰਦਾ ਹੈ}

ਹਰਕਾਰਾ:ਰੱਬ ਦੀ ਰਹਿਮਤ ਹੋਏ ਮਾਦਾਮ! ਤੁਸੀਂ ਨਹੀਂ ਹੋ ਵਾਕਫ ਮੇਰੇ,
ਭਾਵੇਂ ਚੰਗੀ ਤਰਾਂ ਜਾਣਦਾਂ, ਕੀ ਹੈਸੀਅਤ, ਰੁਤਬਾ ਤੁਹਾਡਾ।
ਮੈਨੂੰ ਡਰ ਹੈ ਘੋਰ ਕੋਈ ਖਤਰਾ ਢੁੱਕ ਰਿਹੈ ਆਪਦੇ ਨੇੜੇ;
ਸਾਦਾ ਬੰਦੇ ਦੀ ਸਪਸ਼ਟ ਨਸੀਹਤ, ਜੇਕਰ ਮੰਨੋ:
ਤੁਰਦੇ ਹੋਵੋ; ਬਾਲ-ਬੱਚੇ ਵੀ ਲੈ ਜੋ ਨਾਲੇ।
ਤੁਹਾਨੂੰ ਇਉਂ ਡਰਾਵਣ ਖਾਤਰ, ਮੈਂ ਸਮਝਦਾਂ ਵਹਿਸ਼ੀ ਹਾਂ ਮੈਂ;
ਏਦੂੰ ਬਦਤਰ ਸਿਤਮ ਹੈ ਐਪਰ, ਜੋ ਤੁਹਾਡੇ ਨਿੱਜ ਤੇ ਚੜ੍ਹਿਆ ਆਉਂਦੈ।
ਅੰਬਰ ਰਾਖਾ ਹੋਏ ਤੁਹਾਡਾ! ਹੋਰ ਰੁਕਣ ਦੀ ਜੁਰਅਤ ਨਹੀਂ ਹੈ।
{ਪ੍ਰਸਥਾਨ}
ਲੇਡੀ ਮੈਕਡਫ:ਹੁਣ ਦੱਸੋ, ਮੈਂ ਕਿੱਧਰ ਉਡ ਜਾਂ? ਮੈਂ ਤਾਂ ਕੁੱਝ ਨਹੀਂ ਮਾੜਾ ਕੀਤਾ।
ਐਪਰ ਹੁਣ ਮੈਂ ਸਮਝ ਗਈ ਹਾਂ, ਮੈਂ ਉਸ ਧਰਤੀ ਦੀ ਹਾਂ ਵਾਸੀ;
ਜਿੱਥੇ ਅਕਸਰ ਮਾੜਾ ਕਰਨ ਤੇ, ਵਾਹਵਾਹ ਹੁੰਦੀ;
ਚੰਗਾ ਕਰੋ ਤਾਂ ਅਕਸਰ ਮੂਰਖਾਂ ਅੰਦਰ ਗਿਣਤੀ ਹੁੰਦੀ:
ਫੇਰ ਭਲਾ ਕਿਉਂ ਮੈਂ ਆਪਣੀ ਰੱਖਿਆ ਖਾਤਰ,


ਤੀਵੀਂਆਂ ਵਾਲੀਆਂ ਦਿਆਂ ਦਲੀਲਾਂ: ਆਖਾਂ ਕੁੱਝ ਨਹੀਂ ਮੈਂ ਮਾੜਾ ਕੀਤਾ?-
ਆਹ ਕਿਹੜੇ ਨੇ ਆਉਂਦੇ ਸਾਹਵੇਂ?
{ਕਾਤਲ ਪ੍ਰਵੇਸ਼ ਕਰਦੇ ਹਨ}

ਕਾਤਲ-1:ਕਿੱਥੇ ਕੰਤ ਹੈ ਤੇਰਾ?
ਲੇਡੀ ਮੈਕਬੈਥ:ਨਾਪਾਕ ਅਜਿਹੀ ਥਾਂ ਨਹੀਂ ਹੋਣੀ, ਜਿੱਥੇ ਲੱਭੇ ਤੇਰੇ ਜਿਹਾਂ ਨੂੰ।
ਕਾਤਲ-1:ਦੇਸ਼ ਧਰੋਹੀ ਗੱਦਾਰ ਹੈ ਉਹੋ।
ਬੇਟਾ:ਬਕਦੈਂ ਜੱਤਲ ਬਦਮਾਸ਼ਾ!
ਕਾਤਲ-1:ਕੀ ਬੋਲੇਂ ਤੂੰ, ਸੜੀਅਲ ਆਂਡੇ, ਗੱਦਾਰੀ ਦੇ ਤੇਲ ਤਲ਼ਾਏ?(ਖੰਜਰ ਘੋਂਪਦਾ ਹੈ)
ਬੇਟਾ:ਮਾਰ ਦਿੱਤਾ ਨੀ ਹਾਏ, ਅਮੜੀਏ: ਨੱਸ ਜਾ ਏਥੋਂ, ਅਰਜ਼ ਕਰਾਂ ਮੈਂ!
{ਮਰ ਜਾਂਦਾ ਹੈ; ਲੇਡੀ ਮੈਕਡਫ "ਖੂਨ, ਖੂਨ" ਦਾ ਰੌਲ਼ਾ ਪਾਉਂਦੀ ਦੌੜਦੀ ਹੈ,
ਕਾਤਲ ਪਿੱਛਾ ਕਰਦੇ ਹਨ}

ਸੀਨ-3


ਇੰਗਲੈਂਡ। ਰਾਜ ਮਹਿਲ ਦੇ ਸਾਹਵੇਂ

{ਪ੍ਰਵੇਸ਼ ਮੈਲਕੌਲਮ ਅਤੇ ਮੈਕਡਫ ਦਾ}

ਮੈਲਕੌਲਮ:ਕੱਲੀ ਕਾਰੀ ਛਾਂ ਕੋਈ ਲੱਭੀਏ, ਦੁਖੜੇ ਰੋਈਏ ਸਾਰੇ,
ਹੌਲ਼ਾ ਕਰੀਏ ਭਾਰ ਦਿਲਾਂ ਦਾ।
ਮੈਕਡਫ:ਚੰਗਾ ਹੋ ਸੀ ਖੜਗਾਂ ਘਾਤਕ, ਘੁੱਟ ਕੇ ਫੜੀਏ ਮਰਦਾਂ ਵਾਂਗੂੰ,
ਖੁੱਸੀ, ਹਾਰੀ ਜਨਮ ਭੂਮੀ ਦੇ ਪੰਧ ਨਾਪੀਏ;
ਹਰ ਨਵੇਂ ਦਿਨ ਨਵੀਆਂ ਵਿਧਵਾਵਾਂ ਵੈਣ ਪਾਉਂਦੀਆਂ;
ਨਵੇਂ ਅਨਾਥ ਪਾਉਣ ਕੀਰਨੇ; ਨਵੇਂ ਸੋਗ, ਰੰਜ ਨਵੇਂ ਨਿੱਤ
ਅੰਬਰ ਦਾ ਮੂੰ੍ਹਹ ਇਉਂ ਥਪੜਾਉਂਦੇ,
ਸੱਟ ਜਿਉਂ ਲੱਗੇ ਸਕਾਟਲੈਂਡ ਨੂੰ, ਦੁੱਖ ਅੰਬਰਾਂ ਨੂੰ ਹੋਵੇ:
ਵਿਲਕੀਂ ਜਾਵੇ, ਧਾਹਾਂ ਮਾਰੇ, ਐਸਾ ਗ਼ਮ ਦਾ ਸ਼ਬਦ ਸੁਣਾਵੇ।
ਮੈਲਕੌਲਮ:ਜੋ ਵਾਪਰਿਐ, ਵਿਸ਼ਵਾਸ ਹੈ ਮੈਨੂੰ, ਉਸ ਦਾ ਮੈਂ ਵਿਰਲਾਪ ਹੈ ਕਰਨਾ;
ਜੋ ਵੀ ਹੋਰ ਖਬਰ ਮਿਲੂਗੀ, ਉਸ ਤੇ ਵੀ ਵਿਸ਼ਵਾਸ ਕਰੂੰਂਗਾ;
ਚਾਰਾ ਜੋ ਵੀ ਕਰ ਸਕਦਾ ਹਾਂ, ਵਕਤ ਦਾ ਲੈ ਸਹਾਰਾ, ਕਰੂੰਗਾ ਪੱਕਾ।
ਆਪ ਨੇ ਜੋ ਵੀ ਦੱਸਿਐ ਮੈਨੂੰ, ਹੋ ਸੱਕਦੈ ਸਭ ਠੀਕ ਹੀ ਹੋਵੇ,


ਇਸ ਜ਼ਾਲਮ ਨੂੰ, ਜੀਹਦਾ ਨਾਂਅ ਲੈਂਦਿਆਂ ਜੀਭ ਤੇ ਸਾਡੀ ਛਾਲੇ ਪੈਂਦੇ,
ਕਦੇ ਲੋਕ ਸੀ ਧਰਮੀ ਕਹਿੰਦੇ : ਤੁਸੀਂ ਵੀ ਉਹਨੂੰ ਮੋਹ ਬੜਾ ਸੀ ਕਰਦੇ;
ਉਹਨੇ ਤੁਹਾਨੂੰ ਹੱਥ ਨਹੀਂ ਪਾਇਆ।
ਮੈਂ ਹਾਂ ਉਮਰ, ਅਕਲ ਦਾ ਕੱਚਾ;
ਐਪਰ ਮੇਰੇ ਬਦਲੇ ਇਨਾਮ ਕਰਾਮ ਬੜਾ ਮਿਲੂ ਤੁਹਾਨੂੰ ਉਹਦੇ ਕੋਲੋਂ;
ਨਾਲੇ ਸਿਆਣਪ ਰਹੀ ਇਸੇ ਵਿੱਚ, ਮਾਸੂਮ ਲੇਲ਼ੇ ਦੀ ਦਿਓ ਕੁਰਬਾਨੀ :
ਕਰੋਧੀ ਦੇਵ ਮਨਾਵਣ ਖਾਤਰ।
ਮੈਕਡਫ:ਮੈਂ ਐਸਾ ਮੱਕਾਰ ਨਹੀਂ ਹਾਂ।
ਮੈਲਕੌਲਮ:ਐਪਰ ਮੈਕਬੈਥ ਮੱਕਾਰ ਹੈ ਪੂਰਾ।
ਫਿਤ੍ਰਤ ਨੇਕ, ਭਲੀ ਆਤਮਾ, ਸ਼ਾਹੀ ਹੁਕਮਾਂ ਥੱਲੇ,
ਅਕਸਰ ਰੂਪ ਬਦਲਦੇ ਆਪਣਾ;
ਐਪਰ ਮੈਂ ਖਿਮਾਂ ਦਾ ਜਾਚਕ : ਸੋਚ ਤਾਂ ਮੇਰੀ ਬਦਲ ਨਹੀਂ ਸਕਦੀ :
ਅਸਲ 'ਚ ਤੁਸੀਂ ਜੋ ਰਹੇ ਹੋ, ਉੱਜਲ-ਮੁਖ ਫਰਿਸ਼ਤੇ ਅੱਜ ਵੀ ਹੈਸਨ,
ਭਾਵੇਂ ਉੱਜਲਤਮ ਹੀ ਸੀ ਜੋ ਮੈਲਾ ਹੋਇਆ:
ਕੁੱਲ ਮੰਦੀਆਂ ਸ਼ੈਆਂ ਭਾਵੇਂ ਰਹਿਮਤ ਮੱਥੇ ਜਾਵਣ ਲਿਖੀਆਂ,
ਫਿਰ ਵੀ ਰਹਿਮਤ ਰਹਿਮਤ ਰਹਿਣੀ, ਕਾਲਖ ਕਦੇ ਨਹੀਂ ਚੰਨ ਲੁਕਾਣਾ।
ਮੈਕਡਫ:ਫਿਰ ਤਾਂ ਮੇਰੀਆਂ ਆਸਾਂ ਉੱਤੇ, ਫਿਰ ਗਿਐ ਪਾਣੀ।
ਮੈਲਕੌਲਮ:ਸ਼ਾਇਦ ਮੇਰੀਆਂ ਸ਼ੰਕਾਵਾਂ ਦਾ ਕਾਰਨ ਸੀ ਉਹ ਤੇਜ਼ੀ,
ਜਿਸ ਵਿੱਚ ਸੋਚ ਸਮਝ ਬਿਨਾਂ ਹੀ, ਬੀਵੀ ਬੱਚੇ ਤੁਸਾਂ ਨੇ ਛੱਡੇ,
ਜੀਵਨ ਦੇ ਵਡਮੁੱਲੇ ਮਕਸਦ, ਮੋਹ ਪਿਆਰ ਦੀਆਂ ਪੀਢੀਆਂ ਗੰਢਾਂ,
ਉਹ ਵੀ ਬਿਨਾਂ ਅਲਵਿਦਾਅ ਆਖੇ !
ਇਹ ਤਾਂ ਸਿਰਫ ਨੇ ਸ਼ੰਕੇ, ਸੰਸੇ, ਅਪਮਾਨ ਤੁਹਾਡਾ ਨਹੀਂ ਹੈ ਲਾਜ਼ਿਮ,
ਬੱਸ ਨਿੱਜ ਹਿਫਾਜ਼ਤ ਵਾਲੀ ਗੱਲ ਹੈ;
ਠੀਕ ਤੁਸੀਂ ਵੀ ਹੋ ਸਕਦੇ ਹੋ, ਮੈਂ ਤਾਂ ਭਾਵੇਂ ਕੁੱਝ ਵੀ ਸੋਚਾਂ।
ਮੈਕਡਫ:ਲਹੂ ਲੁਹਾਣ, ਲਥਪਥ ਰਹਿ ਤੂੰ ਦੇਸ ਬੇਚਾਰੇ!
ਮਹਾਂ ਜ਼ੁਲਮ, ਮਹਾਂ ਦਮਨ, ਓ ਤਾਨਾਸ਼ਾਹੀ , ਆਪਣੀ ਨੀਂਹ ਤੂੰ ਪੱਕੀ ਕਰ ਲੈ,
ਨੇਕੀ ਤੈਨੂੰ ਰੋਕ ਨਹੀਂ ਸਕਦੀ !
ਮੰਦ-ਕਰਮੀ ਦਾ ਪਹਿਨ ਲਿਬਾਸ, 'ਖੌਫਨਾਕ' ਨਾਂਅ ਧਰਵਾ ਲੈ।-
ਅਲਵਿਦਾਅ, ਫਿਰ ਲਾਟ ਸੁਆਮੀ :
ਉਹ ਬਦਮਾਸ਼ ਮੈਂ ਨਹੀਂ ਹਾਂ, ਜੋ ਤੂੰ ਸਮਝੇਂ ਮੈਨੂੰ,
ਭਾਵੇਂ ਸਭ ਕੁੱਝ ਮਿਲਦਾ ਹੋਵੇ, ਤਾਨਾ ਸ਼ਾਹ ਦੇ ਹੱਥ ਜੋ ਆਇਐ,
ਨਾਲੇ ਕੁੱਲ ਪੂਰਬ ਵੀ, ਹੱਥ ਝੂੰਗੇ ਵਿੱਚ ਆਵੇ।
ਮੈਲਕੌਲਮ:ਬੁਰਾ ਮਨਾ ਨਾਂ, ਕਰ ਨਾਂ ਗੁੱਸਾ: ਪੱਕਾ ਸ਼ੱਕ ਨਹੀਂ ਹੈ ਮੇਰਾ,


ਡਰ ਨਹੀਂ ਹੈ ਪੂਰਨ ਤੇਰਾ;
ਮੈਂ ਸਮਝਦਾਂ ਦੇਸ ਅਸਾਡਾ, ਗ਼ੁਲਾਮੀ ਅੰਦਰ ਧਸਦਾ ਜਾਂਦੈ;
ਲਹੂ 'ਚ ਲਥਪਥ ਰੋਈਂ ਜਾਂਦੈ; ਨਿੱਤ ਨਵੇਂ ਦਿਨ ਘਾਓ ਅਵੱਲੇ ਖਾਈਂ ਜਾਂਦੈ,
ਜ਼ਖਮਾਂ ਵਾਲੀ ਗਿਣਤੀ ਆਪਣੀ ਹੋਰ ਵਧਾਈਂ ਜਾਂਦੈ:
ਮੈਂ ਜਾਣਦਾਂ ਹੱਕ 'ਚ ਮੇਰੇ, ਹੱਥ ਉੱਠਣ ਗੇ ਹੋਰ ਵੀ ਓਥੇ;
ਨਾਲੇ ਮਿਹਰਬਾਨ ਬਰਤਾਨੀ ਸ਼ਾਹ ਨੇ, ਪੇਸ਼ ਕੀਤੇ ਨੇ ਹਜ਼ਾਰਾਂ ਸੈਨਿਕ:
ਐਪਰ ਇਹ ਸਭ ਹੁੰਦਿਆਂ ਸੁੰਦਿਆਂ,ਜਦ ਮੈਂ ਕੁਚਲੂੰ ਸਿਰ ਜ਼ੁਲਮੀ ਦਾ,
ਜਾਂ ਤਲਵਾਰ ਦੀ ਧਾਰ ਤੇ ਰੱਖੂੰ;
ਦੇਸ ਤਾਂ ਮੇਰਾ ਹੋਰ ਵਧੇਰੇ ਝੱਲੂ, ਪਹਿਲਾਂ ਨਾਲੋਂ ਵੱਡੀਆਂ ਬਦੀਆਂ;
ਬਰਦਾਸ਼ਤ ਹੋਰ ਵੀ ਕਰਨੇ ਪੈਣੇ ਉਹਨੂੰ, ਦੁੱਖ ਦਰਦ ਅਨੇਕ ਕਿਸਮ ਦੇ,
ਜੋ ਵੀ ਮੁਕਟ ਕੰਡਿਆਂ ਵਾਲਾ ਸੀਸ ਸਜਾਊ।
ਮੈਕਡਫ:ਕੌਣ ਹੋਊਗਾ ਐਸਾ ਕੋਈ?
ਮੈਲਕੌਲਮ:ਮੇਰਾ ਮਤਲਬ ਮੈਂ ਹੀ ਹੋਊਂ:
ਮੈਂ ਜਾਣਦਾਂ ਰਿਦੇ 'ਚ ਮੇਰੇ,'ਕਲਮਾਂ' ਕਿੰਨੀਆਂ ਬਦੀ ਦੀਆਂ ਲੱਗੀਆਂ,
ਜਦ ਉਹ ਫੁੱਟੀਆਂ ਮੈਕਬੈਥ ਕਾਲਾ, ਕੋਹਰੇ ਵਰਗਾ ਪਾਕ ਹੀ ਦਿਸਣੈ;
ਤੁਲਣਾ ਜਦ ਲਾਚਾਰ ਰਿਆਸਤ ਕੀਤੀ, ਲੇਲ਼ੇ ਜਿਹਾ ਮਾਸੂਮ ਲੱਗਣੈ,
ਬੇਸ਼ੁਮਾਰ ਮੇਰੇ ਨੁਕਸਾਂ ਨਾਲ।
ਮੈਕਡਫ:ਘੋਰ ਭਿਆਨਕ ਨਰਕ ਦੇ ਅੰਦਰ, ਬੇਸ਼ੁਮਾਰ ਸ਼ੈਤਾਨ ਜੋ ਰਹਿੰਦੇ,
ਉਹਨਾਂ ਦਾ ਸਿਰਤਾਜ ਵੀ ਕੋਈ, ਮੈਕਬੈਥ ਨਾਲੋਂ ਨਹੀਂ ਭਿਆਨਕ।
ਮੈਲਕੌਲਮ:ਮੈਂ ਮੰਨਦਾਂ ਉਹ ਖੂਨੀ , ਕਾਤਲ, ਅਯਾਸ਼, ਲਫੰਗਾ,
ਧੋਖੇਬਾਜ਼ ਬੜਾ ਹੀ ਝੂਠਾ, ਲਾਲਚੀ ਕੁੱਤਾ, ਮਹਾਂ ਕਮੀਨਾ,
ਮੌਤ ਭਿਅੰਕਰ, ਹੱਥ ਦਾ ਕਾਹਲਾ, ਦੋਸ਼ ਦੁਵੈਖ ਦਾ ਭਰਿਆ ਭਾਂਡਾ,
ਬੂ ਮਾਰਦਾ ਹਰ ਬਦੀ ਦੀ , ਜੋ ਵੀ ਦੁਨੀ 'ਚ ਨਾਂਅ ਧਰਾਵੇ:
ਐਪਰ ਮੇਰੇ ਹਵਸ, ਨਫਸ ਦਾ ਪੇਂਦਾ ਹੈ ਨਹੀਂ, ਥਾਹ ਨਹੀਂ ਕੋਈ:
ਰਈਅਤ ਦੀਆਂ ਸਭ ਬਹੂ ਬੇਟੀਆਂ, ਸੁਆਣੀਆਂ ਸੁੰਦਰ, ਅੱਲੜ ਮੁਟਿਆਰਾਂ,
ਖਾਤਾ ਮੇਰੀ ਸ਼ਹਿਵਤ ਵਾਲਾ, ਸਭ ਤੋਂ ਮਿਲ ਕੇ ਭਰ ਨਹੀਂ ਹੋਣਾ:
ਬੇਸ਼ੁਮਾਰ ਭੁੱਖਾਂ ਬਾਕੀ ਨੇ ਫਿਰ, ਰੋਕ ਰੁਕਾਵਟ, ਕੁੱਲ ਬੰਦਸ਼ਾਂ,
ਅੜਾਖੋਟ ਸਭ ਟੱਪ ਜਾਣੇ ਨੇ, ਜੋ ਨਫਸ ਮੇਰੇ ਦੇ ਰਾਹ ਵਿੱਚ ਆਏ:
ਕਿਤੇ ਜ਼ਿਆਦਾ ਚੰਗਾ ਮੈਕਬੈਥ, ਅਜਿਹੇ ਰਾਜੇ ਨਾਲੋਂ।
ਮੈਕਡਫ:ਅਸੀਮ, ਅਸੰਜਮ ਸੁਭਾਅ ਤਾਂ ਮੰਨੋ, ਜ਼ੁਲਮ ਹੀ ਹੁੰਦੈ;
ਹਸਦੇ ਵਸਦੇ ਤਖਤ ਬੜੇ ਇਸ, ਬੇਵਕਤੇ ਹੀ ਸੁੰਨੇ ਕੀਤੇ,
ਬੜੇ ਸ਼ਾਹਾਂ ਦਾ ਪਤਨ ਕਰਾਇਐ।
ਐਪਰ ਫਿਕਰ ਦੀ ਲੋੜ ਨਹੀਂ ਹੈ, ਆਪਣੀ ਸ਼ੈਅ ਤੇ ਕਾਬੂ ਕਰਨੈ:


ਪਰਦੇ ਪਿੱਛੇ ਕਰੋ ਅੱਯਾਸ਼ੀ, ਕਰੋ ਵਖਾਵਾ ਸੀਤ, ਸੰਜਮੀ ਵਾਲਾ,
--ਅੱਖੀਂ ਘੱਟਾ ਪਾਓ ਸਮੇਂ ਦੇ।
ਦਿਲ ਤਲ਼ੀ ਤੇ ਰੱਖੀਂ ਨੱਢੀਆਂ, ਕਈ ਫਰਦੀਆਂ
ਮੰਗੋ ਇੱਕ, ਹਜ਼ਾਰ ਮਿਲਦੀਆਂ; ਮੈਂ ਨਹੀੰ ਮੰਨਦਾ ਤੇਰੇ ਅੰਦਰ,
ਗਿੱਧ ਕੋਈ ਏਡਾ ਭੁੱਖੜ ਵੱਸਦੈ, ਖਾ ਜਾਵੇ ਜੋ ਸਭ ਐਸੀਆਂ,
ਮਨ ਦੀ ਮੌਜ 'ਚ ਆਕੇ ਜੀਹਨਾਂ, ਹਜ਼ੂਰ ਦੇ ਆ ਸਮਰਪਿਤ ਹੋਣੈ।
ਮੈਲਕੌਲਮ:ਇਹਦੇ ਨਾਲ ਹੀ ਅਤਿ ਮੰਦੇ ਸੁਭਾਅ 'ਚ ਮੇਰੇ,
ਅਤ੍ਰਿਪਤ ਲਾਲਸਾ ਕੁੱਝ ਐਸੀ ਉਪਜ ਰਹੀ ਹੈ:
ਕਿ ਜੇ ਕਿਧਰੇ ਮੈਂ ਬਣਾਂ ਬਾਦਸ਼ਾਹ, ਅਮੀਰ, ਵਜ਼ੀਰ ਕਤਲ ਕਰਾਵਾਂ,
ਉਹਨਾਂ ਦੀਆਂ ਜ਼ਮੀਨਾਂ ਖਾਤਰ;
ਹੀਰੇ ਕਿਸੇ ਦੇ, ਘਰ ਕਿਸੇ ਦਾ, ਜੰਗਲ ਅਤੇ ਜਾਇਦਾਦਾਂ ਖਾਤਰ;
ਲੁੱਟ-ਖਸੁੱਟ ਕਰੂੰ ਮੈਂ ਜਿੰਨੀ, ਮਜ਼ੇਦਾਰ ਉਹ ਚਟਣੀ ਵਾਂਗੂੰ,
ਲਾਲਸਾ ਹੋਰ ਵਧਾਊ ਮੇਰੀ;
ਅਨਿਆਈਂ ਝਗੜੇ, ਬੜੇ ਬਣਾਉਟੀ, ਸੱਜਣ ਪੁਰਸ਼, ਵਫਾਦਾਰਾਂ ਦੇ,
ਗਲ਼ ਮੈਂ ਪਾਊਂ, ਕਰੂੰ ਬਹਾਨੇ, ਮਿਲਖ, ਖਜ਼ਾਨੇ ਖੋਹਣ ਖਾਤਰ।
ਮੈਕਡਫ:ਇਹ ਲਾਲਸਾ ਡੂੰਘੀ ਜਾਂਦੀ;
ਵਾਂਗ ਹੁਨਾਲੇ ਅਸਥਿਰ, ਕਾਮ ਲਾਲਸਾ ਨਾਲੋਂ
ਕਿਤੇ ਵੱਧ ਵਿਨਾਸ਼ਕ ਜੜ੍ਹ ਹੈ ਇਹਦੀ;
ਕਈ ਮਕਤੂਲ ਸ਼ਾਹਾਂ ਦੀ ਆਪਣੇ, ਇਹੋ ਖੜਗ ਰਹੀ ਹੈ:
ਐਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ;
ਲਾਲਸਾ ਤ੍ਰਿਪਤ ਕਰਨ ਨੂੰ ਤੇਰੀ, ਸਕਾਟਲੈਂਡ'ਚ ਬਹੁਲ਼ ਬੜੀ ਹੈ,
ਜੋ ਕੱਲੇ ਦੀ ਤੇਰੀ ਹੋਣੀ :
ਇਹ ਸਭ ਕੁੱਝ ਤਾਂ ਬੱਸ ਚਲਦਾ ਰਹਿੰਦੈ,
ਸਦਗੁਣ ਵਾਲਾ ਜੇਕਰ ਹੋਵੇ ਪੱਲੜਾ ਭਾਰੀ।
ਮੈਲਕੌਲਮ:ਪਰ ਮੇਰੇ ਪੱਲੇ ਸਦਗੁਣ ਹੈ ਨਹੀਂ।
ਸ਼ਾਹਾਂ ਵਾਲੀਆਂ ਮਿਹਰਾਂ ਹੋਵਣ: ਨਿਆਂ, ਸੱਚ, ਸੰਜਮ, ਸਥਿਰਤਾ,
ਉਦਾਰਤਾ ਅਤੇ ਦ੍ਰਿੜ੍ਹਤਾ ਪੂਰੀ, ਸ਼ਰਧਾ, ਧੀਰਜ, ਜੇਰਾ ਪੂਰਾ,
ਦਯਾਵਾਨ ਮਸਕੀਨੀ, ਤੇ ਸਬਰ ਸਬੂਰੀ-ਰਸ ਇਨ੍ਹਾਂ ਦਾ ਮੈਂ ਨਹੀਂ ਮਾਣਿਆ;
ਮੰਦਕਰਮੀ ਦੀ ਹਰ ਭਾਅ ਮਾਣੀ , ਕਈ ਤਰੀਕੇ , ਸਾਧਨ ਵਰਤੇ,
ਅਕਸਰ ਜੁਰਮ ਫੋਲ ਕੇ ਵੇਖੇ, ਉਲਟੇ ਪੁਲਟੇ ਕਰ ਕੇ।
ਨਾਂ, ਨਾਂ! ਜੇ ਕਿੱਧਰੇ ਸੱਤਾ ਵੀ ਮਿਲਗੀ,
ਦੁੱਧ ਨੇਕੜੂ ਸਹਿਮਤੀ ਵਾਲਾ, ਨਰਕੀ ਖਾਤੇ ਜਾ ਮੈਂ ਪਾਉਣੈ,
ਵਿਸ਼ਵ ਸ਼ਾਂਤੀ ਭੰਗ ਕਰ ਦੇਣੀ , ਗੌਗਾ, ਸ਼ੋਰ, ਅਜਿਹਾ ਪਾਉਣੈ;


ਕੁੱਲ ਜਹਾਨ ਦੀ ਕੁੱਲ ਏਕਤਾ,ਭੰਗ ਕਰਨੀ,ਤਰਥੱਲ ਮਚਾਉਣੈ।
ਮੈਕਡਫ:ਓ ਸਕਾਟਲੈਂਡ! ਹਾਏ ਓ ਸਕਾਟਲੈਂਡ, ਫੁੱਟੀ ਕਿਸਮਤ ਤੇਰੀ!
ਮੈਕਲਕੌਲਮ:ਮੇਰੇ ਜਹੇ ਨੂੰ ਰਾਜ ਕਰਨ ਦੇ ਯੋਗ ਜੇ ਸਮਝੋਂ, ਤਾਂ ਫਿਰ ਬੋਲੋ:
ਪਰ ਮੈਂ ਉਹੀ ਹਾਂ ਜੋ ਮੈਂ ਦੱਸਿਐ।
ਮੈਕਡਫ:ਰਾਜ ਦੇ ਯੋਗ!- ਨਹੀਂ, ਬਿਲਕੁਲ ਨਹੀਂ: ਜੀਵਤ ਰਹਿਣ ਦੇ ਯੋਗ ਨਹੀਂ।-
ਹਾਏ ਨੀਂ ਦੁਖਿਆਰੀ ਕੌਮੇ!-
ਅਣਅਧਿਕਾਰਤ ਇੱਕ ਜ਼ਾਲਮ ਨੇ, ਖੂਨੀ ਰਾਜ-ਡੰਡ ਹੈ ਫੜਿਆ,
ਅਸਲੀ ਵਾਰਸ ਤਾਜ-ਤਖਤ ਦਾ, ਨਿੱਜ-ਰੋਕ-ਸਰਾਪ ਗ੍ਰੱਸਿਆ,
ਨਸਲ ਆਪਣੀ, ਖਾਨਦਾਨੀ ਨੂੰ, ਆਪਣੇ ਮੂੰਹ ਤ੍ਰਿਸਕਾਰਿਤ ਕਰਦੈ;
ਕਦ ਫਿਰ ਤੇਰੇ ਦਿਨ ਫਿਰਨਗੇ, ਕਦ ਫਿਰ ਪਰਤਣ ਖੁਸ਼ੀਆਂ?-
ਤੇਰਾ ਸ਼ਾਹ ਪਿਤਾ ਸੀ ਜਿਹੜਾ, ਸੱਚਾ ਸੰਤਸਿਪਾਹੀ ਸੀ ਉਹ ਰਾਜਾ,
ਜਿਸ ਮਲਿਕਾ ਨੇ ਜਾਇਆ ਤੈਨੂੰ, ਅਕਸਰ ਸਜਦੇ ਡਿੱਗੀ ਦਿਸਦੀ,
ਸਿੱਧੀ ਖੜੀ ਘੱਟ ਹੀ ਦਿਸਦੀ , ਜੀਵਨ ਪੂਰਾ ਲੰਘਿਆ ਏਦਾਂ।
ਅਲਵਿਦਾਅ!-ਜੋ ਬਦੀਆਂ ਤੂੰ ਸਿਰ ਲਾਈਐਂ ਆਪਣੇ,
ਸਕਾਟਲੈਂਡ ਤੋਂ ਦੇਸ ਨਿਕਾਲਾ, ਇਹ ਮੇਰਾ ਬਣ ਗਈਆਂ।-
ਹਾਏ ਦਿਲਾ! ਹੁਣ ਆਸ਼ਾ ਮੋਈ , ਖਤਮ ਕਹਾਣੀ ਪੂਰੀ ਹੋਈ!
ਮੈਲਕੌਲਮ:ਮੈਕਡਫ, ਅਤਿ ਸ੍ਰੇਸ਼ਟ ਇਸ ਜਜ਼ਬੇ ਤੇਰੇ, ਈਮਾਨ, ਧਰਮ, ਨੇਕੀ ਦੇ ਜਾਏ,
ਸ਼ੰਕਿਆਂ ਵਾਲੀ ਕਾਲਖ ਸਾਰੀ , ਰੂਹ ਮੇਰੀ ਤੋਂ ਧੋ ਛੱਡੀ ਹੈ;
ਆਤਮ-ਸਨਮਾਨ, ਸੱਚਾਈ ਤੇਰੀ , ਸੋਚ ਨੂੰ ਮੇਰੀ ਟੁੰਬ ਗਈ ਹੈ।
ਸ਼ੈਤਾਨ-ਦਿਮਾਗ਼ ਮੈਕਬੈਥ ਨੇ , ਚੱਲ ਕੇ ਬੜੀਆਂ ਦੀਰਘ ਚਾਲਾਂ,
ਕਈ ਵਾਰ ਫਸਾ ਕੇ ਮੈਨੂੰ, ਕਾਬੂ ਕਰਨ ਦੀ ਕੋਸ਼ਿਸ਼ ਕੀਤੀ ;
ਐਪਰ ਸਿੱਧੜ ਸਿਆਣਪ ਮੇਰੀ,
ਭੋਲੇਪਣ ਵਿਸ਼ਵਾਸ ਕਰਨ ਦੀ ਕਾਹਲ ਨੂੰ ਨੱਥ ਪਾਈਂ ਰੱਖੇ :
ਰਬ ਗਵਾਹ ਇਸ ਸਮਝੌਤੇ ਦਾ, ਜੋ ਆਪਣੇ ਵਿੱਚ ਹੋਇਐ !
ਹੁਣ ਮੈਂ ਏਸੇ ਪਲ ਤੋਂ ਕਰਦਾਂ, ਖੁਦ ਨੂੰ ਤੇਰੀ ਹਦਾਇਤ ਹਵਾਲੇ,
ਨਾਲੇ ਨਿੰਦ-ਨਿਰਾਦਰ ਸਾਰਾ ਵਾਪਸ ਲੈਨਾ, ਜੋ ਮੈਂ ਆਪੂੰ ਆਪਣਾ ਕੀਤਾ;
ਦਾਗ਼, ਧੱਬੇ, ਦੋਸ਼ ਜੋ ਸਾਰੇ, ਸਿਰ ਆਪਣੇ ਸੀ ਪਹਿਲਾਂ ਲਾਏ,
ਮੇਰੀ ਫਿਤ੍ਰਤ ਵਿੱਚ ਨਹੀਂ ਹਨ, ਇਸੇ ਲਈ ਇਨਕਾਰੀ ਹੁੰਨਾਂ।
ਔਰਤ ਹੁਣ ਥੀਂ ਕਦੇ ਨਹੀਂ ਮਾਣੀ; ਝੂਠੀ ਕਸਮ ਕਦੇ ਨਹੀਂ ਖਾਧੀ
ਆਪਣੀ ਕਿਸੇ ਵਸਤ ਲਈ ਵੀ, ਮਨ ਕਦੇ ਲਲਚਾਇਆ ਨਾਂਹੀਂ;
ਧਰਮ/ਈਮਾਨ ਦਾ ਕਦੇ ਵੀ ਪੱਲਾ, ਹਾਲੇ ਤੱਕ ਤਾਂ ਛੱਡਿਆ ਨਾਂਹੀਂ;
ਸ਼ੈਤਾਨ ਦੇ ਸਾਥੀ ਕੋਲ ਵੀ ਉਹਦੀ, ਚੁਗ਼ਲੀ ਕਦੇ ਕਰਾਂ ਨਾਂ;
ਆਪਣੀ ਮਿੱਠੀ ਜਿੰਦੜੀ ਨਾਲੋਂ, ਸੱਚ ਨੂੰ ਘੱਟ ਪਿਆਰ ਕਰਾਂ ਨਾਂ:


ਪਹਿਲਾ ਝੂਠ ਇਸ ਜੀਵਨ ਦਾ, ਨਿੰਦਿਆ ਖੁਦ ਨੂੰ ਤੇਰੇ ਸਾਹਵੇਂ:
ਜੋ ਮੈਂ ਹਾਂ ਸੋ ਹਾਂ, ਨਾਲੇ ਮੇਰਾ ਦੇਸ ਬੇਚਾਰਾ, ਬੱਸ ਤੇਰੇ ਹਾਂ ਦੋਵੇਂ,
ਜਿੱਧਰ ਤੋਰੇਂ ਤੁਰੀਏ ਓਧਰ, ਜੋ ਬੋਲੇਂ ਸੋ ਕਰੀਏ, ਹੁਕਮ ਬਜਾਈਏ ਤੇਰਾ;
ਬਜ਼ੁਰਗ ਸੀਵਰਡ ਲੈ ਗਿਐ ਨਾਲੇ, ਦਸ ਹਜ਼ਾਰ ਜੋਧੇ, ਜੰਗਜੂ ਭਾਰੇ,
ਜੰਗ ਦੀ ਬੜੀ ਤਿਆਰੀ ਉਹਦੀ, ਹਮਲੇ ਲਈ ਤਿਆਰ ਖੜਾ ਹੈ:
ਹੁਣ ਆਪਾਂ ਵੀ ਹੋਗੇ ਕੱਠੇ, ਤੇ ਭਲਿਆਈ ਦਾ ਅਵਸਰ ਫਲ਼ਣੈ,
ਜੀਹਦੇ ਲਈ ਸੰਘਰਸ਼ ਹਾਂ ਕਰਦੇ। ਐਪਰ ਚੁੱਪ ਹੈਂ ਕਾਹਦੀ ਖਾਤਰ?
ਮੈਕਡਫ:'ਦੁਰ, ਦੁਰ' ਨਾਲੇ 'ਜੀ ਆਇਆਂ ਨੂੰ' ਇੱਕੋ ਵੇਲ਼ੇ ਇੱਕ ਜ਼ੁਬਾਨੋਂ!
ਗੱਲ ਕੁੱਝ ਮੇਰੇ ਦਿਲ ਨਹੀਂ ਲੱਗਦੀ ।
{ਪ੍ਰਵੇਸ਼ ਇੱਕ ਵੈਦ ਦਾ}

ਮੈਲਕੌਲਮ:ਚੰਗਾ ਫੇਰ, ਬਾਕੀ ਗੱਲ ਕਰਾਂਗੇ ਫੌਰਨ ਇਸ ਤੋਂ ਪਿੱਛੋਂ।-
(ਵੈਦ ਨੂੰ):ਅਰਜ਼ ਗੁਜ਼ਾਰਾਂ ਦੱਸੋ ਮੈਨੂੰ, ਪਧਾਰ ਰਹੇ ਨੇ ਸ਼ਾਹ ਸਲਾਮਤ?
ਵੈਦ:ਜੀ ਸਰਕਾਰ: ਬਦਬਖਤ ਰੂਹਾਂ ਦਾ ਝੁੰਡ ਜੁੜ ਗਿਐ,
ਸ਼ਫਾਯਾਬੀ ਦੀਆਂ ਸ਼ਾਹ ਦੇ ਕੋਲੋਂ ਕਰਨ ਉਡੀਕਾਂ:
ਦੀਰਘ ਰੋਗ ਉਨ੍ਹਾਂ ਦਾ, ਹਿਕਮਤ ਵਾਲੇ ਹੁਨਰ ਸ਼ਾਹੀ ਨੂੰ,
ਮੰਨਤਾਂ ਕਰ ਮਨਾਉਂਦੈ;
ਪਰ 'ਉੱਪਰ ਵਾਲੇ' ਹੱਥ ਸ਼ਾਹੀ ਨੂੰ, ਅਜਿਹਾ ਪਾਕ ਬਣਾਇਐ,
ਬੱਸ ਮਾਮੂਲੀ ਛੁਹ 'ਚ ਉਹਦੀ, ਤੁਰੰਤ ਸੰਪੂਰਨ ਸ਼ਫਾਯਾਬੀ ਦਾ
ਸੁਨਿਹਰੀ ਰਾਜ਼ ਲਕਾਇਐ।

ਮੈਲਕੌਲਮ:ਧੰਨਵਾਦ ਵੈਦ ਜੀ ਤੁਹਾਡਾ।

{ਵੈਦ ਜਾਂਦਾ ਹੈ

}

ਮੈਕਡਫ:ਕਿਸ ਰੋਗ ਦੀ ਗੱਲ ਇਹ ਕਰਦੈ?
ਮੈਲਕੌਲਮ:ਇਸ ਨੂੰ ਲੋਕੀ ਕਹਿਣ ਹਜੀਰਾਂ, ਗ਼ਦੂਦਾਂ ਦੀ ਇਹ ਤਪਦਿੱਕ ਹੁੰਦੀ:
ਏਥੇ ਰਹਿੰਦਿਆਂ ਅਕਸਰ ਵੇਖਿਐ, ਇਲਾਜ ਕਰਦਿਆਂ ਆਪੂੰ ਸ਼ਾਹ ਨੂੰ।
ਕਿੱਦਾਂ ਮੰਗੇ ਰਿਹਮਤ ਅੰਬਰੀ , ਕਿੱਦਾਂ ਬਖਸ਼ਿਸ਼ ਹੁੰਦੀ ਇਹਨੂੰ,
ਇਹ ਤਾਂ ਬੱਸ ਪਤਾ ਹੈ ਇਹਨੂੰ:-
ਅਜੀਬ-ਓ-ਗ਼ਰੀਬ ਨਾਸੂਰੀ ਫੋੜਿਆਂ ਵਾਲੇ, ਰੋਗੀ ਐਸੇ ਆਉਂਦੇ,
ਵੇਖਿਆਂ ਤਰਸ ਜਿਨ੍ਹਾਂ ਤੇ ਆਵੇ, ਜੱਰਾਹੀ ਵੀ ਜੁਆਬ ਦੇ ਜਾਂਦੀ,
ਐਪਰ ਸ਼ਫਾਯਾਬ ਹੋ ਜਾਂਦੇ, ਸ਼ਾਹ ਦੇ ਹੱਥ ਸ਼ਫਾ ਹੈ ਐਸੀ-;
ਰੋਗੀ ਦੇ ਗਲ਼ ਪਾਉਂਦੈ, ਸ਼ਾਹਮੁਖੀ ਸੋਨ-ਪੱਤਰਾ ਪ੍ਰਾਰਥਨਾਵਾਂ ਦਾ:
ਨਾਲੇ ਕਹਿੰਦੇ ਸ਼ਾਹੀ ਵਾਰਸਾਂ ਤਾਈਂ, ਸ਼ਫਾਯਾਬੀ ਦੀ ਇਹ ਬਖਸ਼ਿਸ਼,
ਸ਼ਾਹ ਤੋਂ ਵਿਰਸੇ ਵਿੱਚ ਹੈ ਮਿਲਣੀ।
ਅਦਭੁਤ ਬੜਾ ਹੋਰ ਵੀ ਸਦਗੁਣ, ਅੰਬਰਾਂ ਬਖਸ਼ਿਸ਼ ਕੀਤੈ ਇਹਨੂੰ:


ਭਵਿੱਖ ਵਕਤਾ ਵੀ ਸ਼ਾਹ ਹੈ ਸਾਡਾ;
ਕਈ ਹੋਰ ਅਜਿਹੀਆਂ ਬਖਸ਼ੀਸ਼ਾਂ, ਤਖਤ ਦੇ ਪਾਏ ਨਾਲ ਨੇ ਜੁੜੀਆਂ,
ਜੋ ਦਾਤੇ ਦੀ ਨਦਰ-ਨਿਹਾਲੀ ਵਾਲੀ ਦੇਣ ਗਵਾਹੀ।
ਮੈਕਡਫ:ਵੇਖੋ ਤਾਂ ਸਹੀ, ਕੌਣ ਆ ਰਿਹੈ?
ਮੈਲਕੌਲਮ:ਮੇਰਾ ਦੇਸੀ ਭਰਾ ਕੋਈ ਲਗਦੈ; ਐਪਰ ਮੈਂ ਨਾਂ ਜਾਣਾਂ ਇਹਨੂੰ।
{ਪ੍ਰਵੇਸ਼ ਰੌਸ}

ਮੈਕਡਫ:ਆ ਓ ਸਾਊ ਭਰਾ ਚਚੇਰੇ, 'ਜੀ ਆਇਆਂ ਨੂੰ' ਆਖਾਂ ਤੈਨੂੰ।
ਮੈਲਕੌਲਮ:ਹੁਣ ਪਛਾਣ ਲਿਆ ਹੈ ਇਹਨੂੰ।
ਸਮੇਂ ਦੀ ਅਦਭੁਤ ਕਰਨੀ ਵੇਖੋ,ਅਜਨਬੀਅਤ ਕਿੱਦਾਂ ਦੂਰ ਕਰੇ ਹੈ!
ਰੌਸ:ਆਮੀਨ, ਜਨਾਬ!
ਮੈਕਡਫ:ਕਾਇਮ ਦਾਇਮ ਸਕਾਟਲੈਂਡ ਹੈ?
ਰੌਸ:ਸਦ ਅਫਸੋਸ, ਵਤਨ ਬੇਚਾਰਾ, ਹੁਣ ਤਾਂ ਡਰਦੈ ਖੁਦ ਨੂੰ ਪਹਿਚਾਨਣ ਤੋਂ ਵੀ!
ਮਾਤਭੂਮੀ ਤਾਂ ਹੁਣ ਇਹਨੂੰ ਕਹਿ ਨਹੀਂ ਸਕਦੇ,
ਬੱਸ ਹੁਣ ਕਬਰਿਸਤਾਨ ਹੀ ਲਗਦੈ: ਹਾਲਤ ਹੁਣ ਤਾਂ ਐਸੀ ਹੋ ਗਈ:-
'ਯਾ ਤੋ ਦੀਵਾਨਾ ਹੰਸੇ, ਯਾ ਤੂ ਜਿਸੇ ਤੌਫੀਕ ਦੇ,'
ਨਹੀਂ ਤਾਂ ਐਸੇ ਦੇਸ ਤਿਹਾਰੇ, ਕੀਹਨੂੰ ਹਾਸਾ ਆਉਂਦੈ!
ਵੈਣ, ਵਿਰਲਾਪ, ਤੇ ਹਾਅਵੇ, ਹੂਕਾਂ ਅੰਬਰ ਫਾੜਨ ਜਿੱਥੇ,
ਕੁੱਲ ਕੰਨਾਂ ਵਿੱਚ ਐਪਰ, ਤੁੰਨ ਕੇ ਰੂੰ ਭਰੀ ਹੈ ਜਿੱਥੇ:
ਸੁਣੀਆਂ ਹੋ ਜਾਵਣ ਅਣਸੁਣੀਆਂ, ਜੂੰ ਨਾਂ ਰਿੰਗੇ ਕਿਸੇ ਕੰਨ ਤੇ;
ਜਿੱਥੇ ਗ਼ਮ ਜੋ ਪੱਲੇ ਪਾਇਐ, ਜ਼ੁਲਮ, ਜਬਰ, ਤਸ਼ੱਦਦ ਸ਼ਾਹੀ,
ਆਧੁਨਿਕ ਆਨੰਦ ਹੋ ਨਿਬੜਐ, ਹਸ ਹਸ ਸਹਿੰਦੀ ਕੁੱਲ ਲੁਕਾਈ;
ਮੌਤ ਦਾ ਘੰਟਾ ਵੱਜਦਾ ਰਹਿੰਦੈ, ਬਿਨ ਆਖੇ, ਬਿਨਾਂ ਗੁਜ਼ਾਰਿਸ਼;
ਟੋਪੀਆਂ ਵਿੱਚ ਫੁੱਲ ਜੋ ਟੰਗੇ, ਮੁਰਝਾਵਣ ਜਿੱਥੇ ਮਰਨ ਤੋਂ ਪਹਿਲਾਂ,
ਬੰਦੇ ਮਰਨ ਅਜਾਈਂ ਜਿੱਥੇ, ਮੌਤ ਰੋਜ਼ ਅਣਿਆਈ।
ਮੈਕਡਫ:ਹਾਏ ਓ ਬੰਧੂ, ਹਾਲਤ ਕੇਹੀ ਦੇਸ ਦੀ ਹੋਗੀ!-
ਨਿਯੰਤਰਣਹੀਨ, ਬੇਕਾਬੂ, ਤੂੰ ਆ ਜਿੰਨਾ ਦੱਸਿਐ,
ਓਡਾ ਈ ਵੱਡਾ ਸੱਚ ਬਖਾਨਿਐ।
ਮੈਲਕੌਲਮ:ਜ਼ੁਲਮ, ਜਬਰ ਕੋਈ ਢਾਇਆ ਤਾਜ਼ਾ?
ਰੌਸ:ਘੰਟੇ ਭਰ ਦੀ ਉਮਰ ਬਾਲੜੀ, ਲੱਖ ਲਾਅਣਤ ਪਾਏ ਬੁਲਾਰੇ ਉੱਤੇ,
ਲਾਅਣਤ, ਲਾਅਣਤ, ਲਾਅਣਤ, ਹਰ ਪਲ਼ ਨਵੀਂ ਓ ਨਵੀਂ ਹੈ ਲਾਅਣਤ!
ਮੈਕਡਫ:ਬੀਵੀ ਮੇਰੀ ਦਾ ਹਾਲ ਸੁਣਾ।
ਰੌਸ:ਬੱਸ ਠੀਕ ਹੈ।


ਮੈਕਡਫ:ਤੇ ਬੱਚੇ ਮੇਰੇ?
ਰੌਸ:ਠੀਕ ਨੇ ਉਹ ਵੀ।
ਮੈਕਡਫ:ਕੀ ਜ਼ਾਲਮ ਨੇ ਅਮਨ ਉਨ੍ਹਾਂ ਦਾ ਭੰਗ ਨਹੀਂ ਕੀਤਾ?
ਰੌਸ:ਨਹੀਂ; ਮੈਂ ਜਦ ਤੁਰਿਆ ਠੀਕ ਸਨ ਉਹੋ।
ਮੈਕਡਫ:ਖੁਲ੍ਹ ਕੇ ਬੋਲ, ਸ਼ਬਦਾਂ ਦਾ ਸੰਕੋਚ ਨਾਂ ਕਰ:
ਅਸਲ ਹਾਲ ਤੂੰ ਦੱਸ ਅਸਾਨੂੰ।
ਰੌਸ:ਜਦ ਮੈਂ ਏਧਰ ਤੁਰਿਆ, ਲੈ ਕੇ ਬੋਝਾ ਖਬਰਾਂ ਵਾਲਾ,
ਗੱਠ ਗ਼ਮਾਂ ਦੀ ਬੜੀ ਸੀ ਭਾਰੀ;
ਸਾਰੇ ਇਹ ਅਫਵਾਹ ਫੈਲੀ ਸੀ:ਭਲੇ ਪੁਰਸ਼ਾਂ ਦੀ ਗਿਣਤੀ ਭਾਰੀ, ਬਗ਼ਾਵਤ ਦੀ ਸੀ ਪੱਕ ਪਕਾਈ;
ਇਸ ਗੱਲ ਵਿੱਚ ਵਿਸ਼ਵਾਸ ਮੇਰੇ ਦੀ, ਫੌਜ ਜ਼ਾਲਿਮ ਦੀ ਸ਼ਾਹਦ ਆਈ,
ਨਿਕਲ ਪਈ ਸੀ ਸੜਕਾਂ ਉੱਤੇ, ਨੱਪਣ ਏਸ ਬਗ਼ਾਵਤ ਤਾਈਂ:
ਹੁਣ ਵੇਲ਼ਾ ਹੈ ਮਾਰੋ ਹੰਬਲਾ, ਕਰੋ ਸਹਾਇਤਾ;
ਤੁਹਾਡੀ ਨਦਰ, ਦਰਸ ਤੁਹਾਡੇ, ਸਕਾਟਲੈਂਡ 'ਚ ਪੈਦਾ ਕਰਨ ਯੋਧੇ,
ਵੀਰਾਂਗਣਾਂ ਬਣਾਉਣ ਸੁਆਣੀਆਂ ਤਾਈਂ, ਦੀਰਘ ਰੋਗ ਸੁਆਹ ਕਰਨ ਨੂੰ।
ਮੈਲਕੌਲਮ:ਖੁਸ਼ਖਬਰੀ ਖੁਸ਼ਵਖਤੀ ਹੋਵੇ, ਅਸੀਂ ਆਪ ਉਨ੍ਹਾਂ ਵੱਲ ਚੱਲੇ:
ਕਿਰਪਾਲੂ ਇੰਗਲੈਂਡ ਨਦਰ ਨਿਹਾਲੀ, ਦਸ ਹਜ਼ਾਰ ਦੀ ਸੈਨਾ ਭਾਰੀ,
ਸਾਊ ਸੀਵਾਰਡ ਕੁਮੇਦਾਨ ਸੰਭਾਲੀ;
ਮਹਾਂ ਤਜਰਬੇਕਾਰ ਪੁਰਾਣਾ, ਕੁਮੇਦਾਨ ਬੜਾ ਸਿਆਣਾ,
ਪੂਰੇ ਏਸ ਈਸਾਈ ਜਗਤ ਵਿੱਚ, ਜੀਹਦਾ ਸਾਨੀ ਨਹੀਂ ਹੈ ਕੋਈ।
ਰੌਸ:ਕਾਸ਼, ਮੈਂ ਵੀ ਉੱਤਰ ਦੇ ਸਕਦਾ, ਏਨਾਂ ਹੀ ਸੁਖਦਾਈ,
ਇਸ ਸੁਖਦਾਈ ਸਮਾਚਾਰ ਦਾ ! ਐਪਰ ਸ਼ਬਦ, ਬੋਲ ਇਹ ਮੇਰੇ,
ਬੱਸ ਰੋਹੀ ਦੀ ਨ੍ਹੇਰੀ ਅੰਦਰ, ਮੂੰਹ ਫਾੜ ਕੇ ਮਾਰੀਆਂ ਚੀਕਾਂ:
ਕੰਨ ਜਿਨ੍ਹਾਂ ਨੂੰ ਫੜ ਨਹੀਂ ਸਕਦੇ।
ਮੈਕਡਫ:ਕੀਹਦੇ ਬਾਰੇ ਬੋਲ ਨੇ ਇਹੇ? ਹੈ ਨੇ ਦੁੱਖ ਅਵਾਮੀ ਬਾਰੇ?
ਜਾਂ ਜੁਰਮਾਨਾ ਰੰਜ ਨਿੱਜੀ ਦਾ, ਇੱਕੋ ਹਿਰਦੇ ਭਰਨਾ ਜੋਈ?
ਰੌਸ:ਕੋਈ ਨਹੀਂ ਅਜਿਹਾ ਭੱਦਰ, ਜਿਸ ਦੀ ਗ਼ਮ 'ਚ ਸਾਂਝ ਨਹੀਂ;
ਵੱਡਾ ਹਿੱਸਾ ਭਾਵੇਂ ਇਹਦਾ, ਤੇਰੇ ਭਾਗੀਂ ਆਉਂਦੈ।
ਮੈਕਡਫ:ਜੇ ਇਹ ਰੰਜ-ਓ-ਗ਼ਮ ਹੈ ਮੇਰਾ, ਮਤ ਲੁਕਾ ਫਿਰ ਮੈਥੋਂ,
ਫੌਰਨ ਬੋਲ, ਦੱਸ ਖੁਲ੍ਹ ਕੇ ਕਿਹੜਾ ਲੋਹੜਾ ਆਇਐ?
ਰੌਸ:ਮੈਂ ਨਹੀਂ ਚਾਹੁੰਦਾ ਕੰਨ ਤੁਹਾਡੇ, ਘਿਰਣਾ ਕਰਨ ਜੀਭ ਨੂੰ ਮੇਰੀ,
ਜੀਹਨੇ ਘੋਰ ਖਬਰ ਦਾ ਬਲ਼ਦਾ ਲਾਵਾ, ਇਹਨਾਂ ਦੇ ਵਿੱਚ ਪਾਉਣੈ,
ਜੀਹਤੋਂ ਮਾੜੀ, ਮੰਦਭਾਗੀ ਇਹਨਾਂ, ਕਦੇ ਸੁਣੀ ਨਹੀਂ ਕਿਸੇ ਜੀਭ ਤੋਂ।


ਮੈਕਡਫ:ਹੱਮ--! ਅੰਦਾਜ਼ਾ ਜਿਹਾ ਤਾਂ ਲੱਗੀਂ ਜਾਂਦੈ।
ਰੌਸ:ਅਚਾਨਕ ਕਿਲੇ ਤੇ ਕਰਕੇ ਹਮਲਾ, ਬੀਵੀ ਬੱਚੇ ਮਾਰ ਮੁਕਾਏ,
ਵਹਿਸ਼ੀ ਕਰਨ ਜ਼ਿਬ੍ਹਾ ਜਿਸ ਤਰਾਂ, ਕੱਟ ਸੁੱਟੇ ਇਉਂ ਪੋਰੀ ਪੋਰੀ:
ਪੁੱਛੇ ਜਾਣ ਤੇ ਇਹ ਸਭ ਦੱਸਣਾ, ਕਿੱਦਾਂ ਕੀਤੇ ਕਤਲ ਪਿਆਰੇ,
ਮੌਤ ਤੇਰੀ ਨੂੰ ਕਤਲਾਂ ਅੰਦਰ, ਸ਼ਾਮਲ ਕਰਨ ਤੋਂ ਘੱਟ ਨਹੀਂ ਹੈ।
ਮੈਲਕੌਲਮ:ਦੁਹਾਈ ਓ ਮਾਲਿਕ ! ਰਹਿਮ ਓ ਅੰਬਰ!
ਇਹ ਕੀ, ਬੰਦਿਆ! ਇਉਂ ਟੋਪੀ ਨਾਂ ਖਿੱਚ ਭਵਾਂ ਤੇ:
ਸੋਗ ਨੂੰ ਆਪਣੇ ਮਰਦਾਂ ਵਾਂਗੂੰ, ਰੂਪ ਦੇਹ ਤੂੰ ਸ਼ਬਦਾਂ ਵਾਲਾ:
ਰੰਜ ਜੋ ਬੱਸ ਗੱਲਾਂ ਕਰਦਾ, ਲਬਾਲਬ ਭਰੇ ਰਿਦੇ ਨਾਲ ਹੀ,
ਹੱਥੀਂ ਉਹਨੂੰ ਤੋੜ ਹੀ ਬਹਿੰਦਾ।
ਮੈਕਡਫ:ਬੱਚੇ ਵੀ ਉਸ ਮਾਰਤੇ ਮੇਰੇ?
ਰੌਸ:ਬੀਵੀ, ਬੱਚੇ, ਨੌਕਰ, ਚਾਕਰ, ਜੋ ਮਿਲੇ ਸੋ ਮਾਰਤੇ ਸਾਰੇ।
ਮੈਕਡਫ:ਤੇ ਮੈਂ ਆਪ ਨਹੀਂ ਸਾਂ ਉਥੇ !- ਬੇਗਮ ਵੀ ਮੇਰੀ ਮਾਰ ਹੀ ਛੱਡੀ?
ਰੌਸ:ਦੱਸ ਚੁੱਕਿਆਂ ਮੈਂ ਇਹ ਤੁਹਾਨੂੰ।
ਮੈਲਕੌਲਮ:ਕਰੋ ਹੌਸਲਾ, ਰੱਖੋ ਪੱਥਰ ਛਾਤੀ ਉੱਤੇ; ਬਦਲਾ ਮਹਾਨ ਜੋ ਲੈਣਾ ਆਪਾਂ,
ਚਾਰਾ ਸਮਝ ਦਰਦ ਦਾ ਉਹਨੂੰ, ਮਾਰੂ ਰੋਗ ਦਾ 'ਦਰਮਾਂ' ਕਰੀਏ।
ਮੈਕਡਫ:ਪੁੱਤਰ ਧੀ ਨਹੀਂ ਕੋਈ ਉਹਦੇ।- ਨਿੱਕੇ ਨੰਨ੍ਹੇ ਮੇਰੇ ਸਾਰੇ,-
ਕੀ ਕਿਹੈ ਤੁਸੀਂ?- ਸਾਰੇ ਦੇ ਸਾਰੇ-
ਓ, ਯਮਰਾਜ ਦੇ ਨਰਕੀ ਸ਼ਿਕਰੇ!- ਚੁੱਕ ਲੇ ਸਾਰੇ?
ਨੰਨ੍ਹੇ ਮੁੰਨ੍ਹੇ, ਬਾਲ ਇਯਾਣੇ, ਨਾਲੇ ਮਾਂ ਪਿਆਰੀ ,
ਮਾਰ ਝਪੱਟਾ ਇੱਕੋ ਵਾਰੀ , ਚੁੱਕ ਲੇ ਸਾਰੇ !
ਮੈਲਕੌਲਮ:ਮਰਦਾਂ ਵਾਂਗੂੰ ਨਿੱਬੜ ਹੁਣ ਤਾਂ, ਰੋਣ ਧੋਣ ਦਾ ਕੰਮ ਨਹੀਂ ਹੈ ।
ਮੈਕਡਫ:ਇਹ ਤਾਂ ਮੈਂ ਹੁਣ ਪੱਕਾ ਕਰਨੈ;
ਐਪਰ ਬੰਦਿਆਂ ਵਾਂਗੂੰ ਰੰਜ ਆਪਣਾ, ਮਹਿਸੂਸ ਵੀ ਕਰਨੈ:
ਰਹਿ ਨਹੀਂ ਸਕਦਾ ਯਾਦ ਕਰਨ ਤੋਂ, ਸ਼ੈਆਂ ਜੋ ਸਨ ਰਿਦੇ ਦੇ ਨੇੜੇ,
ਅਤਿ ਨਾਯਾਬ, ਅਤਿ ਅਨਮੋਲ , ਮੁੜ ਮੁੜ ਆਵਣ ਨਜ਼ਰਾਂ ਸਾਹਵੇਂ।
ਵੇਖਿਆ ਰੱਬ ਨੇ ਕੁੱਲ ਨਜ਼ਾਰਾ, ਫਿਰ ਵੀ ਤਰਸ ਨਾਂ ਆਇਆ ਉਹਨੂੰ,
ਮਜ਼ਲੂਮਾਂ ਦਾ ਹੱਥ ਨਾਂ ਫੜਿਆ!
ਹਾਏ ਓ, ਪਾਪੀ ਮੈਕਡਫ ਬੰਦਿਆ, ਤੇਰੀ ਕੀਤੀ ਗਏ ਸਭ ਵੱਢੇ !
ਆਪਣੇ ਔਗੁਣ, ਆਪਣੇ ਦੋਸ਼ੀਂ ਨਹੀਂ ਮਰੇ ਉਹ,
ਔਗੁਣਹਾਰਾ, ਗੁਣ ਨਹੀਂ ਕੋਈ, ਮੇਰੇ ਦੋਸ਼ੀਂ ਗਏ ਉਹ ਹੱਤੇ:
ਅੰਬਰ ਬਖਸ਼ਣ ਚੈਨ, ਸ਼ਾਂਤੀ , ਹੱਤੀਆਂ ਉਨ ਰੂਹਾਂ ਨੂੰ !
ਮੈਲਕੌਲਮ:ਬੱਸ ਏਸੇ ਨੂੰ 'ਸਾਣ' ਬਣਾ ਲੈ, ਤਲਵਾਰ ਆਪਣੀ ਦੀ ਧਾਰ ਲਗਾ ਲੈ;


ਰੰਜ-ਓ-ਗ਼ਮ ਨੂੰ ਗ਼ੁੱਸਾ ਕਰ ਲੈ;
ਖੁੰਢਾ ਕਰ ਨਾਂ ਰਿਦੇ ਨੂੰ ਆਪਣੇ, ਰੋਹ, ਬਦਲੇ ਦੀਆਂ ਲਾਟਾਂ ਭਰ ਲੈ।
ਮੈਕਡਫ:ਤੀਵੀਆਂ ਵਾਂਗ ਵਗਾਵਾਂ ਅੱਥਰੂ, ਨਾਲ ਜੀਭ ਦੇ ਸ਼ੇਖੀ ਮਾਰਾਂ !
ਐਪਰ ਹਾਏ ਓ ਡਾਢਿਆ ਰੱਬਾਂ, ਕਰ ਕਟੌਤੀ 'ਅੰਤਰਾਲ' ਦੀ ;
ਸਕਾਟਲੈਂਡ ਦੇ 'ਰਾਕਸ਼' ਤਾਈਂ, ਆਮੋ ਸਾਹਮਣੇ ਕਰ ਦੇ ਮੇਰੇ;
ਖੜਗ ਮੇਰੀ ਦੀ ਵਿੱਥ ਤੇ ਲਿਆ ਕੇ, ਕਰ ਖੜਾ ਸ਼ੈਤਾਨ ਓਸ ਨੂੰ,
ਜੇ ਫਿਰ ਬਚ ਜੇ ਵਾਰ ਮੇਰੇ ਤੋਂ, ਅੰਬਰ ਬਖਸ਼ਣ ਖਤਾ ਓਸ ਦੀ !
ਮੈਲਕੌਲਮ:ਗੱਲ ਹੋਈ ਨਾਂ ਮਰਦਾਂ ਵਾਲੀ!
ਆ ਹੁਣ ਸ਼ਾਹ ਦੀ ਖਿਦਮਤ ਚੱਲੀਏ; ਸੈਨਾ ਸਾਡੀ ਤਿਆਰ ਖੜੀ ਹੈ;
ਕੋਈ ਕਸਰ ਬਚੀ ਨਹੀਂ ਹੈ, ਕੇਵਲ ਕੂਚ ਬਜਾਉਣਾ ਬਾਕੀ :
ਮੈਕਬੈਥ ਦਾ ਹੁਣ ਬੇੜਾ ਭਰਿਐ, ਪਾਪ ਦਾ ਉਹਦੇ ਬੂਟਾ ਫਲਿਐ,
ਉੱਪਰ ਵਾਲੀਆਂ ਸੱਭੇ ਸ਼ਕਤੀਆਂ, ਤੂਫਾਨਾਂ ਦੇ ਸਾਧਨ-ਯੰਤਰ,
ਵਾ'ਵਰੋਲੇ ਅੰਨ੍ਹੀ ਵਾਲੇ ਲੈ ਆਈਆਂ ਨੇ, ਬੱਸ ਝੁੱਲਣ ਦੀ ਦੇਰ ਹੈ ਬਾਕੀ ।
ਫੜ ਹੌਸਲਾ, ਤੱਗੜਾ ਹੋ ਜਾ, ਨ੍ਹੇਰੀ ਰਾਤ ਬੜੀ ਹੈ ਲੰਮੀ,
ਸਵੇਰ ਏਸ ਦੀ ਦੂਰ ਬੜੀ ਹੈ।
{ਪ੍ਰਸਥਾਨ}