ਸਮੱਗਰੀ 'ਤੇ ਜਾਓ

ਯਾਦਾਂ/ਮਜ਼ਹਬ (Religion)

ਵਿਕੀਸਰੋਤ ਤੋਂ

ਮਜ਼ਹੱਬ (Religion)

ਮਜ਼ਹਬਾ! ਫੁਲ ਨਾ ਕੇ ਅਰਸ਼ੀ ਫੁੱਲ ਹੈਂ ਤੂੰ,
ਫੁੱਲਾਂ ਵਾਂਗ ਕੰਡੇ ਤੇਰੇ ਨਾਲ ਵੀ ਨੇ।
ਲੁਟੇ ਅਗਰ ਬੁਲੇ, ਚੜ੍ਹਕੇ ਅਰਸ਼ ਤੇ ਤੂੰ,
ਪੁਟੇ ਫਰਸ਼ ਉਤੇ ਥਾਂ ਥਾਂ ਖਾਲ ਵੀ ਨੇ।
ਉਡਨ ਲਈ ਇਨਸਾਨ ਨੂੰ ਪਰ ਦੇਕੇ,
ਫਾਹਨ ਲਈ ਉਸ ਦੇ ਲਾਏ ਜਾਲ ਵੀ ਨੇ।
ਰੁਤਬੇ ਬੜੇ ਜੇ ਤੇਰੇ ਉਪਾਸ਼ਕਾਂ ਦੇ,
ਤੇਰੇ ਆਸ਼ਕਾਂ ਦੇ ਮੰਦੇ ਹਾਲ ਵੀ ਨੇ।
ਟੁਟੇ ਦਿਲਾਂ ਤਾਈਂ ਕਿਤੇ ਜੋੜਿਆ ਈ,
ਸਾਬਤ ਦਿਲਾਂ ਤਾਈਂ ਕਿਤੇ ਭਨਿਆਂ ਈਂ।
ਜੇਕਰ ਕਿਸੇ ਤਾਈਂ ਅਸਲ ਨਜ਼ਰ ਬਖਸ਼ੀ,
ਕੀਤਾ ਕਿਸੇ ਤਾਈਂ ਅਸਲੋਂ ਅਨ੍ਹਿਆਂ ਈਂ।

ਖਾਸ ਖਾਸ ਉਤੇ ਖਾਸ ਮੇਹਰ ਤੇਰੀ,
ਤੇਰਾ ਕਹਿਰ ਛਾਇਆ ਖਲਕਤ ਆਮ ਉਤੇ।
ਦੱਸਨ ਲਗਿਆਂ ਜੀਭ ਤੇ ਪੈਨ ਛਾਲੇ,
ਜੋ ਜੋ ਜ਼ੁਲਮ ਹੋਏ ਤੇਰੇ ਨਾਮ ਉਤੇ।
ਭੇੜ ਭੇੜ ਕੇ ਕੀਤੀ ਤਬਾਹ ਦੁਨੀਆਂ,
'ਰਾਮ ਰਾਮ’, ਉਤੇ ਤੇ 'ਸਲਾਮ’ ਉਤੇ।
ਇਕੋ ਵਤਨੀਆਂ ਨੂੰ ਕਟ ਮਾਰਿਆ ਈ,
ਝਟਕੇ, ਗਊ, 'ਹਲਾਲ’, ‘ਹਰਾਮ’ ਉਤੇ।
ਆਕੇ ਪਾਪ ਲੁਕਦੇ ਬੁੱਕਲ ਵਿਚ ਤੇਰੀ,
ਹੁੰਦੇ ਖੂਨ ਨੇ ਤੇਰੇ ਇਸ਼ਾਰਿਆਂ ਤੇ।
ਗੋਤੇ ਖਾਂਵਦੇ ਕਈ ਮਾਸੂਮ ਵੇਖੇ,
ਛਾਲਾਂ ਮਾਰਕੇ ਤੇਰੇ ਸਹਾਰਿਆਂ ਤੇ।

ਓਹ ਮਜ਼ਹਬ ਕਾਹਦਾ ਜਿਹੜਾ ਦੂਜਿਆਂ ਦੇ,
ਜਜ਼ਬੇ ਪੈਰਾਂ ਦੇ ਹੇਠ ਲਤਾੜਦਾ ਏ।
ਕਾਹਦਾ ਮਜ਼ਹਬ ਜੋ ਰਬ ਦੀ ਖੁਸ਼ੀ ਪਿਛੇ,
ਉਸਦੇ ਬੰਦਿਆਂ ਦੇ ਸੀਨੇ ਸਾੜਦਾ ਏ।
ਓਹ ਮਜ਼ਹਬ ਕੀ ਜੇਹੜਾ ਅਜ਼ਾਦ ਰੂਹ ਨੂੰ,
ਫਿਰਕੇਦਾਰੀਆਂ ਦੇ ਅੰਦਰ ਤਾੜਦਾ ਏ।
ਸੌਂਹ ਰੱਬ ਦੀ ਮਜ਼ਹਬ ਉਹ ਮਜ਼ਹਬ ਹੀ ਨਹੀਂ,
ਜੇਹੜਾ ਭਾਈ ਨੂੰ ਭਾਈ ਤੋਂ ਪਾੜਦਾ ਏ।
ਓਹਨੇ ਅੱਗੇ ਕੀ ਮਹਿਲ ਉਸਾਰਨੇ ਨੇ,
ਜੋ ਬਰਬਾਦ ਕਰ ਦਏ ਏਥੇ ਵਸਦਿਆਂ ਨੂੰ।
ਓਹਨੇ ਅੱਗੇ ਕੀ ਅਥਰੂ ਪੂਝਨੇ ਨੇ,
ਜੋ ਰੁਆ ਦੇਵ ਏਥੇ ਹਸਦਿਆਂ ਨੂੰ।

ਜਾਂ ਤੇ ਮਜ਼ਹਬ ਹੈ ਧੋਖੇ ਦਾ ਨਾਮ ਦੂਜਾ,
ਜਾਂ ਅਸਾਂ ਇਸ ਨੂੰ ਠੀਕ ਜਾਨਿਆਂ ਨਈਂ।
ਜਾਂ ਇਹ ਜ਼ਹਿਰ ਹੈ ਯਾ ਅਸਾਂ ਏਸ ਅੰਦਰ,
ਅੰਮ੍ਰਿਤ ਲੁਕੇ ਤਾਈਂ ਪੁਨਿਆਂ ਛਾਨਿਆਂ ਨਈਂ।
ਜਾਂ ਏਹ ਢੇਰ ਹੈ ਕਚ ਦੇ ਮਨਕਿਆਂ ਦਾ,
ਇਸਦੇ ਹੀਰਿਆਂ ਨੂੰ ਜਾਂ ਪਛਾਨਿਆਂ ਨਈਂ।
ਜਾਂ ਏਹ ਬੇਸੁਰਾ ਰਾਗ ਹੈ ਜਾਂ ਇਸਦੀ,
ਅਰਸ਼ੀ ਲੈਅ ਨੂੰ ਅਸਾਂ ਨੇ ਮਾਨਿਆਂ ਨਈਂ।
ਮਜ਼ਹਬ ਬੁਰਾ ਹੈ ਏਹ ਇਨਸਾਨ ਕੋਲੋਂ,
ਹੈਵਾਨਾਂ ਦੇ ਕੰਮ ਕਰਾਉਂਦਾ ਏ।
ਐਪਰ ਮਜ਼ਹਬ ਹੀ ਖਾਕ ਦੇ ਬੰਦਿਆਂ ਨੂੰ,
ਜ਼ਿਮੀਂ ਉਤੇ ਫਰਿਸ਼ਤੇ ਬਨਾਂਵਦਾ ਏ।

ਆਓ ਮਜ਼ਹਬ ਦੇ ਸਮਝੀਏ ਸਹੀ ਮੈਨੇ,
ਠੀਕ ਚੱਲੀਏ ਏਹਦੇ ਇਸ਼ਾਰਿਆਂ ਤੇ।
ਮਾਰ ਟੁਬੀਆਂ ਸੱਚ ਨਿਤਾਰ ਲਈਏ,
ਰੌਲਾ ਪੌਨ ਦੀ ਜਗ੍ਹਾ ਕਿਨਾਰਿਆਂ ਤੇ।
ਲਾਹਕੇ ਦੂਈ ਦਾ ਮੋਤੀਆ ਬਿੰਦ ਅਖੋਂ,
ਨਜ਼ਰ ਮਾਰੀਏ ਏਹਦੇ ਨਜ਼ਾਰਿਆਂ ਤੇ।
ਹੱਦਾਂ ਬੰਦੇ ਦੀਆਂ ਪਾਈਆਂ ਹੇਚ ਲਗਨ,
ਚੜਿਆਂ ਮਜ਼ਹਬ ਦੇ ਉੱਚੇ ਮੁਨਾਰਿਆਂ ਤੇ।
ਸਾਰਾ ਨੁਕਤਾ ਨਿਗਾਹ ਈ ਬਦਲ ਜਾਸੀ,
ਨੁਕਤੇ ਹਰ ਅੰਦਰ, ਹਰੀ ਪਾਕੇ ਤੇ।
ਫੇਰ ਰਖਾਂਗੇ, ਇਕੋ ਹੀ ਜਿਲਦ ਅੰਦਰ,
ਵੇਦ, ਗਰੰਥ, ਕੁਰਾਨ, ਮੜ੍ਹਾ ਕੇ ਤੇ।