ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਅੱਧਾ ਆਦਮੀ⁠

ਵਿਕੀਸਰੋਤ ਤੋਂ

ਅੱਧਾ ਆਦਮੀ

ਐਤਵਾਰ ਇੱਕ:

ਗੁਰਦੁਆਰੇ ਦਾ ਲਾਊਡ ਸਪੀਕਰ ਬੰਦ ਹੋਇਆ ਤਾਂ ਉਹ ਦਾ ਉੱਠਣ ਨੂੰ ਜੀਅ ਕੀਤਾ, ਪਰ ਉਹ ਉੱਠਿਆ ਨਹੀਂ। ਪਿਆ-ਪਿਆ ਹੀ ਅੱਖਾਂ ਝਮਕਣ ਲੱਗਿਆ। ਉਹ ਨੇ ਪਾਸਾ ਪਰਤਿਆ, ਉਹ ਦਾ ਮੁੰਡਾ ਕੁਲਜੀਤ ਅਜੇ ਤੱਕ ਵੀ ਘੂਕ ਸੁੱਤਾ ਪਿਆ ਸੀ। ਉਹ ਮੰਜੇ 'ਤੇ ਬੈਠਾ ਹੋਇਆ ਤੇ ਦੋਵੇਂ ਹੱਥ ਸਿਰ ਤੋਂ ਉਤਾਂਹ ਲਿਜਾ ਕੇ ਅੰਗੜਾਈ ਲਈ। ਉਸ ਨੂੰ ਆਪਣਾ ਸਰੀਰ ਟੁੱਟਿਆ ਜਿਹਾ ਲੱਗਿਆ। ਉਹ ਫਿਰ ਪੈ ਗਿਆ ਤੇ ਮੈਲ ਭਰਿਆ ਖੇਸ ਲੱਕ ਤੱਕ ਖਿੱਚ ਲਿਆ। ਉਹ ਦਾ ਜੀਅ ਕੀਤਾ, ਕੋਈ ਆਵੇ ਤੇ ਚਾਹ ਦੀ ਗੜਵੀ ਮੰਜੇ ਦੇ ਪਾਵੇ ਕੋਲ ਰੱਖ ਕੇ ਉਹ ਨੂੰ ਉੱਠਣ ਲਈ ਕਹੇ। ਦੇਵਾਂ ਹੁੰਦੀ ਸੀ ਤਾਂ....।

ਉਹ ਮੰਜੇ ਉੱਤੋਂ ਉੱਠਿਆ ਤੇ ਹੌਲੀ-ਹੌਲੀ ਚੱਪਲਾਂ ਪਾਉਣ ਲੱਗਿਆ। ਸੱਜੇ ਪੈਰ ਦੀ ਚੱਪਲ ਗਾਇਬ ਸੀ। ਮੰਜੇ ਦੀ ਬਾਹੀ ਹੇਠ ਸਿਰ ਕਰਕੇ ਉਹਨੇ ਦੇਖਿਆ, ਸੱਜੇ ਪੈਰ ਦੀ ਚੱਪਲ ਕੁਲਜੀਤ ਦੇ ਮੰਜੇ ਥੱਲੇ ਪਈ ਹੋਈ ਸੀ। ਇਹ ਔਧਰ ਕਿਵੇਂ ਚਲੀ ਗਈ ਸਾਲੀ? ਉਹ ਨੇ ਮਨ ਵਿੱਚ ਆਖਿਆ ਤੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਖੜ੍ਹਾ ਹੋਇਆ ਤੇ ਕੁਲਜੀਤ ਦੇ ਮੰਜੇ ਥੱਲਿਓਂ ਚੱਪਲ ਪਾ ਕੇ ਸੋਚਿਆ, ਕੁਲਜੀਤ ਨੂੰ ਵੀ ਜਗਾ ਦੇਵੇ, ਪਰ ਨਹੀਂ। ਉਸ ਨੇ ਚਾਹਿਆ, ਚਾਹ ਬਣ ਜਾਣ ਪਿੱਛੋਂ ਹੀ ਉਹ ਕੁਲਜੀਤ ਨੂੰ ਜਗਾਵੇਗਾ। ਉੱਚੇ ਬਨ੍ਹੇਰੇ ’ਤੋਂ ਦੀ ਗਲ ਕੱਢ ਕੇ ਵਿਹੜੇ ਵਿੱਚ ਦਾਦੀ ਕੋਲ ਪਏ ਵੱਡੇ ਮੁੰਡੇ ਨੂੰ ਹਾਕ ਮਾਰੀ। ਦੋ ਹਾਕਾਂ ਨਾਲ ਤਾਂ ਉਹ ਬੋਲਿਆ ਹੀ ਨਾ। ਫਿਰ ਉਸ ਨੇ ਇੱਕ ਕੱਚੀ ਡਲੀ ਬਨੇਰੇ ਕੋਲੋਂ ਚੁੱਕੀ ਤੇ ਮਿਹਰ ਵੱਲ ਵਗਾਹ ਮਾਰੀ। ਡਲੀ ਦਾਦੀ ਦੇ ਹੀ ਲੱਗ ਗਈ। ਉਹ ਤ੍ਰਭਕਿਆ ਤੇ ਫਿਰ ਬਹੁਤ ਉੱਚੀ ਮਿਹਰ ਨੂੰ ਬੋਲ ਮਾਰਿਆ। ਮਿਹਰ ਨੇ ਅੱਖਾਂ ਖੋਲ੍ਹੀਆਂ ਤੇ ਮੱਥੇ 'ਤੇ ਹੱਥ ਫੇਰਨ ਲੱਗਿਆ। ਚਾਹ ਧਰ ਓਏ, ਉੱਠ ਕੇ। ਉਹ ਪਹਿਲਾਂ ਜਿੰਨਾ ਹੀ ਉੱਚਾ ਬੋਲ ਗਿਆ। ਦਾਦੀ ਵੀ ਜਾਗ ਪਈ, ਪਰ ਉੱਠ ਨਹੀਂ ਸਕੀ ਹੋਵੇਗੀ। ਉਹ ਦੀ ਉਮਰ ਨੱਬੇ ਸਾਲ ਤੋਂ ਉੱਤੇ ਸੀ। ਚਿਹਰੇ `ਤੇ ਲਕੀਰਾਂ ਦਾ ਜਾਲ ਬੁਣਿਆ ਹੋਇਆ। ਲੱਤਾਂ ਵਿੱਚ ਪਹੁੰਚ ਨਹੀਂ ਰਹਿ ਗਈ। ਕਮਰ ਦੂਹਰੀ ਹੋ ਚੁੱਕੀ। ਕੋਈ ਵੀ ਕੰਮ ਉਸ ਕੋਲੋਂ ਹੁੰਦਾ ਨਹੀਂ।

ਮਿਹਰ ਨੇ ਚੁੱਲ੍ਹੇ ਵਿੱਚ ਅੱਗ ਬਾਲੀ ਤੇ ਨਲਕੇ ਤੋਂ ਪਤੀਲੇ ਵਿੱਚ ਪਾਣੀ ਪਾਉਣ ਲੱਗਿਆ। ਚੰਦਨ ਵਾਪਸ ਆਪਣੇ ਮੰਜੇ 'ਤੇ ਜਾ ਬੈਠਾ। ਪੂਰਬ ਵੱਲ ਬਦਲਾਂ ਦੀ ਇੱਕ ਲੰਬੀ ਪਰਤ ਜਿਹੀ ਖੜ੍ਹੀ ਸੀ। ਜਿਵੇਂ ਕਿਸੇ ਚਿੱਤਰਕਾਰ ਨੇ ਕਾਲਾ-ਸਲੇਟੀ ਰੰਗ ਲੈ ਕੇ ਬੁਰਸ਼ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਖਾਂ ਮੀਚ ਕੇ ਵਾਹ ਦਿੱਤਾ ਹੋਵੇ ਤੇ ਫਿਰ ਉਸ ਅਦਭੁੱਤ ਰਚਨਾ ਨੂੰ ਬਹੁਤ ਐਨਲਾਰਜ ਕਰਕੇ ਅਕਾਸ਼ ਦੇ ਕੈਨਵੱਸ 'ਤੇ ਟੰਗ ਦਿੱਤਾ ਹੋਵੇ। ਅਕਾਸ਼ ਵਿੱਚ ਤਾਰਾ ਕੋਈ ਨਹੀਂ ਰਹਿ ਗਿਆ। ਠੰਡੀ ਸੁਹਾਣੀ ਹਵਾ ਰੁਮਕ ਰਹੀ ਸੀ। ਕੁਦਰਤ ਦਾ ਵੀ ਕਮਾਲ ਸੀ, ਕੱਲ੍ਹ ਤੇ ਪਰਸੋਂ ਬੇਤਹਾਸ਼ਾ ਧੁੱਪ ਪਈ, ਬਹੁਤ ਤੱਤੀ ਲੂਅ ਵਗੀ, ਅੱਗ ਦੀ ਭੱਠੀ ਵਿੱਚੋਂ ਨਿਕਲ ਕੇ ਆਉਣ ਵਰਗੀ ਹਵਾ। ਹੁਣ ਵੀ ਕੁਝ ਦੇਰ ਤੱਕ ਸੂਰਜ ਚੜ੍ਹੇਗਾ, ਚੜ੍ਹਦਾ ਹੀ ਸਾਰੇ ਸੰਸਾਰ ਨੂੰ ਅੱਗ ਲਾ ਦੇਵੇਗਾ। ਧਰਤੀ 'ਤੇ ਬਿਨਾਂ ਅੱਗ ਤੋਂ ਰੋਟ ਪੱਕਣ ਲੱਗਣਗੇ। ਪਰ ਸੂਰਜ ਚੜ੍ਹਨ ਤੋਂ ਪਹਿਲਾਂ ਹਰ ਚੀਜ਼ ਟਿਕੀ-ਟਿਕੀ ਲੱਗਦੀ, ਆਪਣੀ ਹੀ ਸ਼ਾਂਤੀ ਵਿੱਚ। ਚੰਦਨ ਮੰਜੇ ਉੱਤੋਂ ਲੱਤਾਂ ਲਮਕਾ ਕੇ ਬੈਠਾ ਹੋਇਆ ਸੀ। ਉਹ ਅੱਖਾਂ ਮਲਣ ਲੱਗਿਆ। ਦੂਰ ਕੋਠਿਆਂ 'ਤੇ ਪਏ ਲੋਕ ਅਜੇ ਉੱਠਣ ਨਹੀਂ ਲੱਗੇ। ਉਹ ਦੇ ਖੱਬੇ ਹੱਥ ਦਸ ਕੁ ਕੋਠੇ ਛੱਡ ਕੇ ਇੱਕ ਕੋਠੇ 'ਤੇ ਬਾਰਾਂ-ਤੇਰਾਂ ਮੰਜੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਦੀ ਨਵੀਂ ਬਹੁ ਉੱਠਿਆ ਕਰਦੀ। ਉੱਠਦੀ ਤਾਂ ਸਾਰੇ ਮੰਜਿਆਂ ਨੂੰ ਛੱਡ ਕੇ ਪਰ੍ਹਾਂ ਪੌੜੀਆਂ ਕੋਲ ਜਾ ਖੜ੍ਹੀ ਹੁੰਦੀ। ਇੱਕ ਟੱਕ ਚੰਦਨ ਵੱਲ ਦੇਖਣ ਲੱਗਦੀ। ਛੋਟਾ ਜਿਹਾ ਘੁੰਡ ਵੀ ਕੱਢ ਲੈਂਦੀ। ਖੜ੍ਹੀ ਰਹਿੰਦੀ ਤੇ ਝਾਕਦੀ ਰਹਿੰਦੀ। ਚੰਦਨ ਉਸ ਦੇ ਮਨ ਦੀ ਗੱਲ ਬੁੱਝਣ ਦੀ ਕੋਸ਼ਿਸ਼ ਕਰਨ ਲੱਗਦਾ। ਕਈ ਵਾਰ ਉਹ ਸੋਚ ਜਾਂਦਾ ਕਿ ਉਹ ਦੇਵਾ ਦੀ ਗੱਲ ਮਨ ਵਿੱਚ ਲਿਆ ਕੇ ਉਸ ਵੱਲ ਤਰਸ ਭਰੀਆਂ ਅੱਖਾਂ ਨਾਲ ਦੇਖ ਰਹੀ ਹੋਵੇਗੀ। ਉਸ ਦਾ ਆਪਣਾ ਗੱਭਰੂ ਕਿੰਨਾ ਸੁਹਣਾ ਹੈ ਤੇ ਤਕੜਾ। ਉਸ ਚਾਲੀਓਂ ਟੱਪੇ ਅੱਧਖੜ ਤੋਂ ਉਸ ਨੇ ਕੀ ਲੈਣਾ ਹੈ। ਦੂਜੇ ਮੰਜਿਆਂ ਵਿੱਚੋਂ ਜਦ ਵੀ ਕੋਈ ਉੱਠਦਾ ਜਾਂ ਖੰਘੂਰ ਹੀ ਮਾਰਦਾ ਤਾਂ ਉਹ ਇੱਕ ਇੱਕ ਕਦਮ ਕਰਕੇ ਪੌੜੀਆਂ ਉਤਰਨ ਲੱਗਦੀ। ਚੰਦਨ ਨੇ ਦੇਖਿਆ ਉਹ ਅੱਜ ਉੱਠੀ ਨਹੀਂ। ਸਾਹਮਣੇ ਚੁਬਾਰੇ ਵਾਲੀ ਛੁੱਟੜ ਕੁੜੀ ਉੱਠੀ ਫਿਰਦੀ ਸੀ। ਉਹ ਦਾ ਬਿਰਧ ਤੇ ਕਮਜ਼ੋਰ ਬਾਪ ਢਿਲਕੀ ਮੰਜੀ ਵਿੱਚ ਪਿਆ ਹੌਲੀ-ਹੌਲੀ ਖੰਘ ਰਿਹਾ ਸੀ। ਛੁੱਟੜ ਕੁੜੀ ਮਿੰਦਰੋ ਸਬ੍ਹਾਤ ਦੀ ਛੱਤ ਤੋਂ ਆਪਣਾ ਦਰੀ-ਖੇਸ ਸਿਰ 'ਤੇ ਰੱਖ ਕੇ ਇੱਕ ਹੱਥ ਵਿੱਚ ਪਾਣੀ ਵਾਲੀ ਖਾਲੀ ਕੋਰੀ ਮੱਘੀ ਤੇ ਦੁਜੇ ਹੱਥ ਵਿੱਚ ਸਿਲਵਰ ਦਾ ਕੌਲਾ ਫੜੀ, ਪਹਿਲਾਂ ਤਾਂ ਚੁਬਾਰੇ ਵਿੱਚ ਆਈ ਤੇ ਫਿਰ ਉਵੇਂ ਜਿਵੇਂ ਬਾਂਸ ਦੀ ਪੌੜੀ ਰਾਹੀਂ ਵਿਹੜੇ ਵਿੱਚ ਉਤਰੀ। ਹੁਣ ਉਹ ਪਾਣੀ ਦਾ ਡੋਲੂ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗੀ। ਚਾਹ ਬਣਾਵੇਗੀ ਤੇ ਫਿਰ ਆਪਣੇ ਬਿਰਧ ਬਾਪ ਨੂੰ ਸਬ੍ਹਾਤ ਦੀ ਛੱਤ 'ਤੇ ਜਾ ਕੇ ਚਾਹ ਪਿਆਵੇਗੀ। ਚਾਹ ਪੀ ਰਿਹਾ ਉਹ ਖੰਘਦਾ ਵੀ ਰਹੇਗਾ ਤੇ ਦੂਰ ਤੱਕ ਥੁੱਕਦਾ ਵੀ। ਤੇ ਫਿਰ ਪੋਚ-ਪੋਚ ਆਪਣੀ ਚਿੱਟੀ ਘਸਮੈਲੀ ਪੱਗ ਸਿਰ ਦੁਆਲੇ ਲਪੇਟੇਗਾ। ਖੰਘਦਾ-ਥੱਕਦਾ ਹੱਥ ਵਿੱਚ ਬੇਰੀ ਦੀ ਖੂੰਡੀ ਨਾਲ ਤੁਰਦਾ, ਉਹ ਚੁਬਾਰੇ ਵਿੱਚ ਆਵੇਗਾ ਤੇ ਫਿਰ ਮਿੰਦਰੋ ਨੂੰ ਹਾਕ ਮਾਰੇਗਾ। ਅੱਖਾਂ ਉਤਲੀ ਐਨਕ, ਜਿਸ ਦਾ ਟੁੱਟਿਆ ਫ੍ਰੇਮ ਸੂਤ ਦੇ ਮੋਟੇ ਧਾਗੇ ਨਾਲ ਬੰਨ੍ਹਿਆ-ਸੰਢਿਆ ਹੋਇਆ ਸੀ, ਉਹ ਦੇ ਨੱਕ 'ਤੇ ਢਿਲਕ ਆਵੇਗਾ। ਮਿੰਦਰੋਂ ਬਾਂਸ ਦੀ ਪੌੜੀ ਨੂੰ ਫੜ ਕੇ ਖੜ੍ਹ ਜਾਵੇਗੀ। ਵਿੰਗੀਆਂ ਕਮਜ਼ੋਰ ਲੱਤਾਂ ਨਾਲ ਉਹ ਪੌੜੀ ਉਤਰੇਗਾ।

ਸੱਜੇ ਹੱਥ ਦੂਰ ਕੋਠੇ 'ਤੇ ਦੋ ਮੰਜੇ ਸਨ। ਇੱਕ ਮੰਜੇ ਤੋਂ ਇੱਕ ਸੁੰਦਰ, ਪਤਲੀ ਛਮਕ ਜਿਹੀ, ਲੰਬੀ-ਗੋਰੀ ਤੇ ਚੁਸਤ ਅੰਗਾਂ-ਪੈਰਾਂ ਵਾਲੀ ਔਰਤ ਉੱਠੀ। ਨਾਲ ਪਈ ਕੁੜੀ ਨੂੰ ਹੌਲੀ-ਹੌਲੀ ਥਾਪੜਿਆ ਤੇ ਫਿਰ ਆਪਣੇ ਸਿਰ ਉਤਲੀ ਬੰਬਰ ਦੀ ਚੰਨੀ ਕੁੜੀ 'ਤੇ ਦਿੱਤੀ। ਆਪਣੇ ਫ਼ੌਜੀ ਪਤੀ ਦੇ ਸਿਰਹਾਣੇ ਥਲਿਓਂ ਤੌਲੀਆ ਕੱਢ ਕੇ ਸਿਰ 'ਤੇ ਲਿਆ। ਸਿਰਹਾਣਾ ਹਿੱਲਣ ਕਰਕੇ ਫ਼ੌਜੀ ਨੇ ਮਾਮੂਲੀ ਜਿਹਾ ਸਿਰ ਉਤਾਂਹ ਚੁੱਕਿਆ ਤੇ ਫਿਰ ਸਹਿਜ ਹੋ ਗਿਆ। ਉਹ ਥੱਲੇ ਉਤਰ ਗਈ।

ਖੱਬੇ ਹੱਥ ਚੰਦਨ ਦੀ ਨਿਗਾਹ ਗਈ। ਬਹੁਤ ਸਾਰੇ ਮੰਜਿਆਂ ਵਿੱਚੋਂ ਉਹੀ ਨਵੀਂ ਬਹੂ ਉੱਠੀ। ਸਿਰਹਾਣੇ ਪਏ ਕੋਰੇ ਤਪਲੇ ਵਿੱਚੋਂ ਪਾਣੀ ਦਾ ਗਲਾਸ ਭਰਿਆ। ਮੂੰਹ ਥੋਤਾ ਤੇ ਪੀਣ ਲੱਗੀ। ਚੁੰਨੀ ਦੇ ਲੜ ਨਾਲ ਚਿਹਰਾ ਪੂੰਝਣ ਲੱਗੀ। ਉੱਠ ਕੇ ਪੌੜੀਆਂ ਕੋਲ ਜਾ ਖੜੀ ਤੇ ਚੰਦਨ ਵੱਲ ਤੱਕਣ ਲੱਗੀ। ਮੰਜਿਆਂ ਵਿੱਚੋਂ ਹੀ ਇੱਕ ਹੋਰ ਔਰਤ ਅਚਾਨਕ ਬੈਠੀ ਹੋ ਗਈ। ਨਵੀਂ ਬਹੂ ....

ਮਿੰਦਰੋ ਬੱਕਰੀ ਚੋਅ ਚੁੱਕੀ ਸੀ। ਵੇਂ ਥਣ ਹੁਣ ਉਸ ਨੇ ਮੇਮਣਿਆਂ ਦੇ ਮੂੰਹਾਂ ਵਿੱਚ ਦੇ ਦਿੱਤੇ। ਧੁਰਲੀਆਂ ਮਾਰ-ਮਾਰ ਮੇਮਣਿਆਂ ਨੇ ਬੱਕਰੀ ਦੀ ਜਾਨ ਔਖੀ ਕੀਤੀ ਹੋਈ ਸੀ। ਉਹ ਮੀਂਗਣਾਂ ਕਰਨ ਲੱਗੀ। ਮਿੰਦਰੋ ਖੜ੍ਹੀ ਹੋਈ ਤਾਂ ਚੰਦਨ ਨੇ ਇੱਕ ਉੱਚੀ ਖੰਘੂਰ ਮਾਰ ਦਿੱਤੀ। ਮਿੰਦਰੋ ਲਈ ਇਹ ਕੁਝ ਵੀ ਨਹੀਂ ਹੋਇਆ ਸੀ। ਉਸ ਨੇ ਤਾਂ ਚੰਦਨ ਵੱਲ ਦੇਖ ਕੇ ਅੱਖਾਂ ਵੀ ਨਹੀਂ ਝਮਕੀਆਂ ਸਨ। ਇੱਕ ਵੇਲਾ ਸੀ ਜਦੋਂ..

ਹਨੇਰੇ ਦੀ ਰਹਿੰਦੀ-ਖੂੰਦ, ਫਿੱਕਾ ਧੂੰਆਂ ਵਾਯੂ-ਮੰਡਲ ਵਿੱਚੋਂ ਛੱਡਿਆ ਗਿਆ ਸੀ। ਪੂਰਬ ਵੱਲ ਅਕਾਸ਼ ’ਤੇ ਲਟਕ ਰਹੀ ਬੱਦਲਾਂ ਦੀ ਲੰਬੀ ਲਕੀਰ ਦਾ ਰੰਗ ਤਾਂਬਈ ਹੋਣ ਲੱਗਿਆ। ਕਬੂਤਰ, ਚਿੜੀਆਂ, ਘੁੱਗੀਆਂ, ਕਾਂ ਤੇ ਤੋਤੇ ਏਧਰੋਂ-ਓਧਰ ਉਡੇ ਜਾ ਰਹੇ ਸਨ। ਇੱਕ ਟਟੀਹਰੀ ਉੱਚੀ ਤਿੱਖੀ ਅਵਾਜ਼ ਨਾਲ ਸਾਰੇ ਅਸਮਾਨ ਨੂੰ ਚੀਕ ਕੇ ਲੰਘ ਗਈ। ਚੰਦਨ ਦੀ ਨਜ਼ਰ ਏਧਰ-ਓਧਰ ਕੋਠਿਆਂ ਉਤਲੇ ਮੰਜਿਆਂ ਵੱਲ ਘੁੰਮਣ ਲੱਗੀ। ਇੱਕ-ਇੱਕ ਕਰਕੇ ਲੋਕ ਉੱਠਦੇ ਜਾ ਰਹੇ ਸਨ। ਚੁੱਪ ਕੀਤੇ ਹੀ। ਜਿਵੇਂ ਕਬਰਾਂ ਵਿੱਚੋਂ ਮੁਰਦੇ ਉੱਠ ਰਹੇ ਹੋਣ। ਚੰਦਨ ਨੂੰ ਇਹ ਖੇਤ ਬਹੁਤ ਅਜੀਬ ਲੱਗ ਰਹੀ ਸੀ। ਮੁੜ-ਮੁੜ ਉਸ ਨੂੰ ਇੱਕ ਝੌਲਾ ਜਿਹਾ ਪੈ ਰਿਹਾ ਸੀ, ਦੇਵਾਂ ਵੀ ਇਸ ਤਰ੍ਹਾਂ ਹੀ ਕਦੇ ਆਪਣੇ ਮੰਜੇ ਵਿੱਚੋਂ ਉੱਠੇਗੀ। ਉਹ ਤਾਂ ਅਜੇ ਸੁੱਤਾ ਹੀ ਪਿਆ ਹੋਵੇਗਾ ਕਿ ਉਹ ਚਾਹ ਦੀ ਗੜਵੀ ਉਹ ਦੇ ਸਿਰਹਾਣੇ ਲਿਆ ਰੱਖੇਗੀ। ਕੱਚ ਦੇ ਗਲਾਸ ਵਿੱਚ ਚਾਹ ਪਾਵੇਗੀ ਤੇ ਉਸ ਦਾ ਹੱਥ ਫੜ ਕੇ ਉਸ ਨੂੰ ਜਗਾਉਣ ਲੱਗੇਗੀ। ਉਹ ਜਾਗਦਾ ਹੋਇਆ ਵੀ ਜਾਗੇਗਾ ਨਹੀਂ। ਤੇ ਫਿਰ ਉਹ ਕਹੇਗੀ, ਰਾਤ ਦੱਸ ਕੀ ਕੋਹਲੂ ਜੋੜਿਆ ਹੋਇਆ ਸੀ ਤੇਰਾ? ਉੱਠਣਾ ਨਹੀਂ ਹੁਣ। ਚਾਹ ਪਾਈ ਪਈ ਐ। ਪੀ ਲੈ ਉੱਠ ਕੇ। ਠੰਡੀ ਹੋ ਗਈ ਤਾਂ ਫਿਰ ਤੱਤੀ ਕਰਵੌਂਦਾ ਫਿਰੇਂਗਾ। ਜਾਂਦੀ ਹੋਈ ਉਹ ਉਹ ਦੀ ਗੱਲ੍ਹ 'ਤੇ ਤਿੱਖੀ ਚੂੰਢੀ ਵੱਢ ਜਾਵੇਗੀ। ਉਹ ਝੱਟ ਬੈਠਾ ਹੋਵੇਗਾ, ਜਿਵੇਂ ਭੂਰੀ ਕੀੜੀ ਲੜ ਗਈ ਹੋਵੇ ਤੇ ਚਾਹ ਪੀਣ ਲੱਗੇਗਾ।

ਫ਼ੌਜੀ ਦੀ ਮਿਰਗ-ਸਰੀਰੀ ਤੀਵੀਂ ਚਾਹ ਦਾ ਡੋਲੂ ਲੈ ਆਈ ਸੀ। ਦੋ ਗਲਾਸ ਵੀ। ਪਹਿਲਾਂ ਉਸ ਨੇ ਪਾਣੀ ਦਾ ਗਲਾਸ ਭਰ ਕੇ ਆਪਣੇ ਪਤੀ ਨੂੰ ਦਿੱਤਾ। ਉਹ ਮੂੰਹ ਧੋਣ ਲੱਗਿਆ। ਉਹ ਓਨਾ ਚਿਰ ਉਸ ਦੇ ਮੂੰਹ ਵੱਲ ਹੀ ਦੇਖਦੀ ਰਹੀ। ਪਤੀ ਨੇ ਖਾਲੀ ਗਲਾਸ ਉਸ ਦੇ ਹੱਥ ਫੜਾਇਆ ਤੇ ਦੋਵਾਂ ਗਲਾਸਾਂ ਵਿੱਚ ਚਾਹ ਪਾ ਕੇ ਉਹ ਬੈਠ ਗਈ ਤੇ ਫਿਰ ਉਹ ਦੇ ਮੂੰਹ ਵੱਲ ਝਾਕਣ ਲੱਗੀ। ਪਤੀ ਨੇ ਹੱਥ ਕੱਢਿਆ ਤਾਂ ਉਸ ਨੇ ਇੱਕ ਗਲਾਸ ਉਸ ਨੂੰ ਫੜਾ ਦਿੱਤਾ। ਦੋਵੇਂ ਚਾਹ ਪੀ ਰਹੇ ਸਨ। ਫ਼ੌਜੀ ਨੇ ਹੀ ਉਸ ਨੂੰ ਇਕੱਠੇ ਬੈਠ ਕੇ ਚਾਹ ਪੀਣ ਸਿਖਾਇਆ ਹੋਵੇਗਾ। ਨਹੀਂ ਤਾਂ ਪਿੰਡਾਂ ਵਿੱਚ ਕਿਹੜੀ ਤੀਵੀਂ ਪੀਂਦੀ ਸੀ ਪਤੀ ਨਾਲ ਚਾਹ? ਉਹ ਦੋ ਮਹੀਨਿਆਂ ਦੀ ਛੁੱਟੀ ਤੱਕ ਠੰਡੀ ਬਣੀ ਹੋਈ। ਫ਼ੌਜੀ ਤੇ ਉਹ ਦੀ ਤੀਵੀਂ ਵੱਲ ਚੰਦਨ ਤੱਕ ਹੀ ਰਿਹਾ ਸੀ ਕਿ ਮਿਹਰ ਚਾਹ ਦਾ ਡੋਲੂ ਲੈ ਆਇਆ। ਇੱਕ ਗਲਾਸ ਤੇ ਇੱਕ ਬਾਟੀ ਵੀ। ਕੁਲਜੀਤ ਬਾਟੀ ਵਿੱਚ ਚਾਹ ਪੀਂਦਾ ਹੁੰਦਾ। ਗਲਾਸ ਤੇ ਬਾਟੀ ਵਿੱਚ ਚਾਹ ਪਾ ਕੇ ਉਹ ਕੁਲਜੀਤ ਨੂੰ ਜਗਾਉਣ ਲੱਗਿਆ। ਕੁਲਜੀਤ ਹੂੰ ਕਹਿੰਦਾ ਤੇ ਫਿਰ ਸੌਂ ਜਾਂਦਾ। ਸੂਰਜ ਚੜ੍ਹਨ ਲੱਗਿਆ ਸੀ। ਚਾਨਣ ਦੀਆਂ ਲਾਲ ਪਿਚਕਾਰੀਆਂ ਗੁੰਬਦੀ ਅਕਾਸ਼ ਵੱਲ ਲਗਾਤਾਰ ਚੱਲ ਰਹੀਆਂ ਸਨ। ਪੂਰਬੀ ਦਿਸ਼ਾ ਵੱਲ ਤਾਂਬਈ ਬੱਦਲ ਚਿੱਟੇ ਹੋਣ ਲੱਗੇ। ਹਵਾ ਵਿਚਲੀ ਮਿੱਠੀ-ਮਿੱਠੀ ਠੰਡ ਨੂੰ ਥੋੜ੍ਹਾ-ਥੋੜ੍ਹਾ ਸੇਕ ਲੱਗਣ ਲੱਗਿਆ।

ਉਸ ਨੇ ਚਾਹ ਪੀਤੀ ਤੇ ਫਿਰ ਕੁਲਜੀਤ ਨੂੰ ਮੋਢਿਓਂ ਝੰਜੋੜ ਕੇ ਜਗਾ ਲਿਆ। ਉਹ ਚੂੰ-ਚੂੰ ਕਰਨ ਲੱਗਿਆ। ਚੰਦਨ ਕੜਕਿਆ, ਚਾਹ ਪਾਣੀ ਬਣੀ ਜਾਂਦੀ ਹੈ। ਕੁਲਜੀਤ ਉੱਠਿਆ ਤੇ ਰੋਣ ਵਾਂਗ ਕਹਿਣ ਲੱਗਿਆ, ਪਹਿਲਾਂ ਨਾਲ ਪਾਓ ਮੈਨੂੰ ਆਪਣੇ। ਚੰਦਨ ਬੋਲਿਆ ਨਹੀਂ। ਕੁਲਜੀਤ ਉਸ ਦੇ ਨਾਲ ਆ ਪਿਆ। ਚੰਦਨ ਫੇਰ ਕੜਕਿਆ, ਚਾਹ ਪੀ ਪਹਿਲਾਂ। ਕੁਲਜੀਤ ਨੇ ਬਾਟੀ ਚੁੱਕੀ ਤੇ ਇੱਕੋ ਸਾਹ ਸਾਰੀ ਕੋਸੀ-ਕੋਸੀ ਚਾਹ ਪੀ ਗਿਆ। ਹੁਣ ਕੁਲਜੀਤ ਚੰਦਨ ਦੇ ਢਿੱਡ 'ਤੇ ਪਿਆ ਸੀ। ਚੰਦਨ ਉਸ ਨੂੰ ਆਪਣੀ ਹਿੱਕ ਨਾਲ ਘੁੱਟਣ ਲੱਗਿਆ। ਕੁਲਜੀਤ ਦੇ ਪਿੰਡ ਵਿੱਚ ਜਿਵੇਂ ਦੇਵਾਂ ਦੇ ਪਿੰਡੇ ਦਾ ਨਿੱਘ ਹੋਵੇ। ਦੇਵਾਂ ਦੀ ਯਾਦ ਦੇ ਨਾਲ ਹੀ ਉਸ ਨੇ ਕੁਲਜੀਤ ਨੂੰ ਦੱਬ ਕੇ ਘੁੱਟ ਲਿਆ। ਕੁਲਜੀਤ ਚੀਕਿਆ।

'ਕਿਉਂ?'

'ਥੋਡਾ ਕੜਾ ਚੁਭ ਗਿਆ, ਮੇਰੇ ਕੰਨ ’ਤੇ।'

ਤੇ ਫਿਰ ਢਿੱਡ 'ਤੇ ਬੈਠਾ ਹੋ ਕੇ ਕੁਲਜੀਤ ਚੰਦਨ ਦੀ ਛਾਤੀ ਨੂੰ ਚੁੰਮਣ ਦੀ ਕੋਸ਼ਿਸ਼ ਕਰਨ ਲੱਗਿਆ। ਹੁਣ ਚੰਦਨ ਦੀ ਚੀਕ ਨਿਕਲ ਗਈ। ਉਸ ਨੂੰ ਧੁੜਧੁੜੀ ਆਈ। ਨਾਲ ਦੀ ਨਾਲ ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਹ ਆਪ ਦੇਵਾਂ ਹੋਵੇ।

ਦੇਵਾਂ ਉਹ ਦੀ ਪਤਨੀ ਬਹੁਤ ਧਾਰਮਿਕ ਸੀ। ਉਹ ਅਨਪੜ੍ਹ ਸੀ। ਅਨਪੜ੍ਹ ਦੀ ਧਾਰਮਿਕਤਾ ਅੰਨ੍ਹੀ ਹੁੰਦੀ ਹੈ ਤੇ ਖ਼ਤਰਨਾਕ।ਉਹ ਹਰ ਦੁਆਰ ਅੱਧ-ਕੁੰਭੀ ਦਾ ਨ੍ਹਾਉਣ ਕਰਨ ਲਈ ਯਾਤਰੀਆਂ ਦੀ ਭੀੜ ਵਿੱਚ ਮਿੱਧੀ ਗਈ ਤੇ ਮਰ ਗਈ। ਰਾਣੀਸਰ ਉਸ ਦੀ ਲਾਸ਼ ਪਹੁੰਚੀ ਤਾਂ ਲੱਗਭਗ ਸਾਰਾ ਪਿੰਡ ਦੇਵਾਂ ਦੀ ਨੇਕ-ਨਾਮੀ ਦੇ ਗੁਣ ਗਾ ਰਿਹਾ ਸੀ ਤੇ ਉਹ ਨੂੰ ਭਾਗਾਂ ਵਾਲੀ ਸਮਝਣ ਲੱਗਿਆ। ਉਹ ਤੀਰਥ ’ਤੇ ਆਪਣੇ ਸਾਹ ਤਿਆਗ ਆਈ। ਸਿੱਧੀ ਸੁਰਗਾਂ ਨੂੰ ਗਈ। ਬੁੜ੍ਹੀਆਂ ਕਹਿ ਰਹੀਆਂ ਸਨ, ਪਰ ਚੰਦਨ ਦਾ ਘਰ ਉੱਜੜ ਗਿਆ। ਦੇਵਾ ਦੀ ਧਾਰਮਿਕਤਾ ਨੇ ਉਹ ਨੂੰ ਲੈ ਲਿਆ। ਉਹ ਸੁਰਗਾਂ ਨੂੰ ਗਈ ਹੋਵੇਗੀ, ਭਾਵੇਂ ਨਹੀਂ, ਪਰ ਚੰਦਨ ਲਈ ਇੱਥੇ ਹੀ ਨਰਕ ਸ਼ੁਰੂ ਹੋ ਗਿਆ। ਵੱਸਦਾ ਸੰਸਾਰ ਉਹ ਦੇ ਵਾਸਤੇ ਦੂਜਾ ਵਿਆਹ ਔਖਾ ਮਸਲਾ ਸੀ। ਉਹ ਦੇ ਤਿੰਨ ਬੱਚੇ ਸਨ। ਵੱਡੀ ਕੁੜੀ, ਜੋ ਵਿਆਹ-ਵਰ ਦਿੱਤੀ ਗਈ। ਵੱਡਾ ਮੁੰਡਾ ਦਸਵੀਂ ਵਿੱਚ ਪੜ੍ਹਦਾ ਸੀ ਤੇ ਛੋਟਾ ਤੀਜੀ ਜਮਾਤ ਵਿੱਚ। ਮਾਂ ਤੋਂ ਕੰਮ ਨਹੀਂ ਹੁੰਦਾ ਸੀ। ਮਿਹਰ ਹੀ ਰੋਟੀ ਪਕਾਉਂਦਾ ਤੇ ਹੋਰ ਸਾਰਾ ਕੰਮ। ਤਿੰਨੇ ਪਿਓ-ਪੁੱਤ ਵੰਡ ਕੇ ਕੰਮ ਕਰਦੇ। ਚੰਦਨ ਦੀ ਮਾਂ ਤਾਂ ਆਪ ਮਰਨ ਕਿਨਾਰੇ ਸੀ। ਦੇਵਾਂ ਦੇ ਮਰਨ ਪਿੱਛੋਂ ਚੰਦਨ ਦੀ ਭੈਣ ਚਾਰ ਪੰਜ ਮਹੀਨੇ ਰਾਣੀਸਰ ਰਹੀ ਸੀ। ਪਰ ਕਿੰਨਾ ਕੁ ਚਿਰ ਹੋਰ ਰਹਿੰਦੀ ਉਹ? ਉਹ ਦਾ ਵੀ ਘਰ ਸੀ। ਉਹਦਾ ਵੀ ਪਰਿਵਾਰ ਸੀ। ਚੰਦਨ ਦੀ ਕੁੜੀ ਛੇ ਕੁ ਮਹੀਨਿਆਂ ਬਾਅਦ ਆਉਂਦੀ ਤੇ ਚਲੀ ਜਾਂਦੀ।

ਬਿਗਾਨਾ ਪੁੱਤ ਕਦ ਰਹਿਣ ਦਿੰਦਾ ਸੀ ਉਹ ਨੂੰ ਓਥੇ?

ਦੇਵਾਂ ਮਰੀ ਨੂੰ ਦੋ ਸਾਲ ਹੋ ਚੱਲੇ ਸਨ। ਹੋਰ ਤਾਂ ਸਭ ਕੁਝ ਰਾਹ ਪੈ ਗਿਆ, ਇੱਕ ਗੱਲ ਚੰਦਨ ਨੂੰ ਬਹੁਤ ਤੰਗ ਕਰਦੀ। ਉਸ ਨੂੰ ਕੋਈ ਸਮਝ ਨਾ ਆਉਂਦੀ ਕਿ ਉਹ ਕੀ ਕਰੇ। ਕਦੇ-ਕਦੇ ਤਾਂ ਉਹ ਦਾ ਜੀਅ ਕਰਦਾ ਕਿ ਉਹ ਕੰਧ ਨਾਲ ਟੱਕਰ ਮਾਰੇ ਜਾਂ ਕੁਝ ਖਾ ਲਵੇ ਤਾਂ ਕਿ ਇਹ ਗੱਲ ਉਸ ਵਿੱਚ ਰਹੇ ਹੀ ਨਾ।

ਦੇਵਾਂ ਉਹ ਦੇ ਮੰਜੇ 'ਤੇ ਮਹੀਨੇ ਵਿੱਚ ਇੱਕ ਵਾਰ ਆਉਂਦੀ ਹੁੰਦੀ ਤੇ ਫਿਰ ਨ੍ਹਾਉਂਦੀ ਤੇ ਕੱਪੜੇ ਬਦਲਦੀ। ਕੋਈ ਪਾਠ ਜਿਹਾ ਕਰਨ ਲੱਗਦੀ। ਉਹ ਦੇ ਗਲ ਵਿੱਚ ਮਾਲਾ ਹੁੰਦੀ। ਤੜਕੇ ਉੱਠ ਕੇ ਉਹ ਭਜਨ ਕਰਦੀ ਤੇ ਬਾਹਮਣਾਂ ਦੇ ਘਰ ਸੀਧਾ ਦੇ ਕੇ ਆਉਂਦੀ। ਅਜਿਹੀ ਔਰਤ ਤੋਂ ਚੰਦਨ ਨੂੰ ਕਚਿਆਣ ਆਉਂਦੀ। ਨਾ ਕੋਈ ਨਖ਼ਰਾ, ਨਾ ਅੱਖਾਂ ਵਿੱਚ ਸ਼ਰਾਰਤ, ਸਰੀਰ ਵਿੱਚ ਕੋਈ ਥਿਰਕਣ ਨਹੀਂ, ਨਾ ਕੋਈ ਮੂੰਹ ਦੀ ਅਵਾਜ਼-ਹਾਏ। ਊਏ। ਪਰ ਉਹ ਉਹਦੀ ਵਫ਼ਾਦਾਰ ਬੜੀ ਸੀ। ਉਸ ਨੂੰ ਬੇਥਾਹ ਪਿਆਰ ਕਰਦੀ। ਉਹ ਨੂੰ ਆਪਣਾ ਪਤੀ-ਪਰਮੇਸ਼ਰ ਸਮਝਦੀ। ਚੰਦਨ ਖੁਸ਼ ਸੀ। ਮਹੀਨੇ ਬਾਅਦ ਹੀ ਸਹੀ, ਉਹ ਨੂੰ ਅੰਨ੍ਹਾ ਹੋ ਕੇ ਮਿਲਦਾ। ਉਹ ਤਾਂ ਉਹ ਦਾ ਪੋਰ-ਪੋਰ ਹਿਲਾ ਦਿੰਦਾ। ਹੁਣ ਜਦ ਉਹ ਨਹੀਂ ਤਾਂ ਉਹ ਉਸ ਨੂੰ ਤਰਸ ਗਿਆ। ਉਹ ਨੂੰ ਨਹੀਂ, ਕਿਸੇ ਵੀ ਔਰਤ ਨੂੰ ਤਰਸ ਗਿਆ ਸੀ।

ਸੂਰਜ ਉੱਚਾ ਉੱਠ ਆਇਆ। ਗਵਾਂਢੀਆਂ ਦੇ ਚੁਬਾਰੇ ਦੀ ਓਟ ਕਰਕੇ ਉਹ ਦੇ ਮੰਜੇ ਤੱਕ ਧੁੱਪ ਅਜੇ ਨਹੀਂ ਪਹੁੰਚੀ। ਪਰ ਉਹ ਦੇ ਪਿੰਡੇ 'ਤੇ ਚਿਪਚਪਾਹਟ ਦੀ ਪਤਲੀ ਤਹਿ ਜੰਮਣ ਲੱਗੀ। ਕੁਲਜੀਤ ਕਦੋਂ ਦਾ ਥੱਲੇ ਉਤਰ ਗਿਆ ਤੇ ਹਾਣੀ ਮੁੰਡਿਆਂ ਨਾਲ ਖੇਡਣ ਲਈ ਘਰੋਂ ਬਾਹਰ ਸੀ। ਉਹ ਨੇ ਆਪਣਾ ਤੇ ਕੁਲਜੀਤ ਦਾ ਬਿਸਤਰਾ ਇਕੱਠਾ ਕੀਤਾ, ਹੱਥ ਵਿੱਚ ਡੋਲੂ ਤੇ ਗਿਲਾਸ-ਬਾਟੀ ਲੈ ਕੇ ਥੱਲੇ ਉਤਰ ਆਇਆ। ਦੂਜੀ ਵਾਰ ਉਹ ਮੰਜੇ ਖੜ੍ਹੇ ਕਰਨ ਗਿਆ ਤਾਂ ਪਾਣੀ ਵਾਲੀ ਦੋ ਘੜੇ ਵੀ ਚੁੱਕ ਲਿਆਇਆ।

ਉਸ ਦਿਨ ਐਤਵਾਰ ਸੀ। ਚੰਦਨ ਨੇ ਸਲਾਹ ਕੀਤੀ ਕਿ ਉਹ ਅੱਜ ਬਾਹਰ ਖੇਤਾਂ ਵਿੱਚ ਜੰਗਲ ਪਾਣੀ ਜਾ ਕੇ ਆਵੇ। ਨਹੀਂ ਤਾਂ ਹੋਰ ਦਿਨਾਂ ਵਿੱਚ ਛੇਤੀ-ਛੇਤੀ ਤਿਆਰ ਹੋਣਾ ਹੁੰਦਾ, ਕਿੰਨੇ ਹੀ ਘਰ ਦੇ ਕੰਮ ਹੁੰਦੇ, ਉਹ ਘਰ ਵਿੱਚ ਬਣੀ ‘ਬੋਰ-ਟੱਟੀ' ਵਰਤਦਾ।

ਉਹ ਬਾਹਰੋਂ ਮੁੜਿਆ ਤਾਂ ਮਿਹਰ ਕੱਦੂ ਦੀ ਸਬਜ਼ੀ ਚੁੱਲ੍ਹੇ ਧਰੀਂ ਪਰਾਤ ਵਿੱਚ ਆਟਾ ਗੁੰਨ੍ਹ ਰਿਹਾ ਸੀ। ਕੁਲਜੀਤ ਵਿਹੜੇ ਵਿੱਚ ਲੱਕੜ ਦੇ ਟਰੈਕਟਰ ਨਾਲ ਮੂੰਹ ਦੀ ਛੁੱਕ-ਛੁੱਕ ਕਰਕੇ ਖੇਡ ਰਿਹਾ ਸੀ। ਮਾਂ ਅੱਖਾਂ ਨੂੰ ਬਹੁਤ ਨਜ਼ਦੀਕ ਲਿਜਾ ਕੇ ਚਾਕੂ ਨਾਲ ਇੱਕ ਗਠਾ ਕੱਟ ਰਹੀ ਸੀ। ਹੂੰਗਰ ਵੀ ਮਾਰ ਰਹੀ ਸੀ। ਉਹ ਦਾ ਸਾਹ ਚੜ੍ਹਿਆ ਹੋਇਆ ਸੀ। 'ਮਾ, ਤੂੰ ਤਾਂ ਪਈ ਰਿਹਾ ਕਰ ਹੁਣ ਬੱਸ।' ਉਹ ਨੂੰ ਔਖੀ ਜਿਹੀ ਹੁੰਦੀ ਦੇਖ ਕੇ ਚੰਦਨ ਨੇ ਕਿਹਾ।

‘ਵੇ ਪੁੱਤ, ਕੀ ਕਰਾਂ...' ਮਾਂ ਦਾ ਲੰਬਾ ਹਉਕਾ ਨਿਕਲ ਗਿਆ।

ਪਾਣੀ ਦੀ ਬਾਲਟੀ ਭਰ ਕੇ ਨਹਾਉਣ ਤੋਂ ਪਹਿਲਾਂ ਉਹ ਆਪਣੀ ਪੈਂਟ-ਬੁਸ਼ਰਟ ਧੋਣ ਲੱਗਿਆ।

‘ਪਾਪਾ, ਮੇਰੇ ਵੀ.....' ਕੁਲਜੀਤ ਆਪਣੀ ਰੈਡੀਮੇਡ ਲਾਲ ਨਿੱਕਰ ਤੇ ਚਿੱਟੀ ਜ਼ਮੀਨ ’ਤੇ ਨੀਲੀਆਂ ਧਾਰੀਆਂ ਵਾਲੀ ਬੁਸ਼ਰਟ ਸੁੱਟ ਕੇ ਕਿਲਕਾਰੀਆਂ ਮਾਰਦਾ ਬਾਹਰ ਨੂੰ ਭੱਜ ਗਿਆ।

ਸਬ੍ਹਾਤ ਦੇ ਜੰਗਲੇ 'ਤੇ ਉਹ ਧੋਤੇ ਹੋਏ ਕੱਪੜਿਆਂ ਨੂੰ ਸੁੱਕਣੇ ਪਾਉਣ ਗਿਆ ਤਾਂ ਉਸ ਨੇ ਦੇਖਿਆ, ਦੋਵੇਂ ਬੁਸ਼ਰਟਾਂ ਦੇ ਕਾਲਰਾਂ ਦੀ ਅੰਦਰਲੀ ਮੈਲ ਚੰਗੀ ਤਰ੍ਹਾਂ ਲਹੀ ਨਹੀਂ। ਉਸ ਨੂੰ ਆਪਣੇ ਆਪ 'ਤੇ ਖਿਝ ਨਹੀਂ ਆਈ। ਦੇਵਾ ਤੋਂ ਇੰਝ ਹੋ ਜਾਂਦਾ, ਉਹ ਬੁਸ਼ਰਟ ਨੂੰ ਨਾਲੀ ਵਿੱਚ ਵਗਾਹ ਮਾਰਦਾ।

ਉਹ ਨੇ ਦਾੜ੍ਹੀ ਨੂੰ ਫਿਕਸਰ ਲਾ ਕੇ ਨਹੀਂ ਬੰਨ੍ਹਿਆ। ਸਰ੍ਹੋਂ ਦੇ ਤੇਲ ਦੀ ਉਂਗਲ ਲਾ ਕੇ ਥਿੰਦੀ ਕੀਤੀ ਦਾੜ੍ਹੀ ਨੂੰ ਬੁਰਸ਼ ਕੀਤਾ ਤੇ ਢਾਠੀ ਬੰਨ੍ਹ ਲਈ। ਸਬ੍ਹਾਤ ਵਿੱਚ ਪੱਖੇ ਥੱਲੇ ਬੈਠ ਕੇ ਉਸ ਮਹੀਨੇ ਦਾ ਇੱਕ ਮਾਸਕ ਪੱਤਰ ਪੜ੍ਹਨ ਲੱਗਿਆ। ਮਿਹਰ ਰੋਟੀ ਲੈ ਆਇਆ। ਅੱਧੀ ਪੜ੍ਹੀ ਕਹਾਣੀ ਪਰ੍ਹਾਂ ਰੱਖ ਕੇ ਉਸ ਨੇ ਛੋਟਾ ਮੇਜ਼ ਖਾਲੀ ਕੀਤਾ ਤੇ ਉਸ ’ਤੇ ਰੋਟੀ ਰੱਖ ਕੇ ਖਾਣ ਲੱਗਿਆ। ਕੱਦੂ ਦੀ ਸਬਜ਼ੀ ਵਿੱਚ ਮਿਰਚਾਂ ਬੇਹੱਦ ਸਨ ਤੇ ਲੂਣ ਨਾ-ਮਾਤਰ। ਦੇਵਾਂ ਇਸ ਤਰ੍ਹਾਂ ਕਦੇ ਕਰ ਦਿੰਦੀ ਤਾਂ ਰੋਟੀ ਵਾਲੀ ਥਾਲੀ ਕੰਧ ਨਾਲ ਵੱਜਦੀ। ਮਿਹਰ ਨੂੰ ਹਾਕ ਮਾਰ ਕੇ ਉਸ ਨੇ ਲੂਣ ਮੰਗਵਾਇਆ ਤੇ ਸਬਜ਼ੀ ਵਿੱਚ ਚੂੰਢੀ ਕੁ ਬਰੂਰ ਲਿਆ। ਅੱਜ ਰੋਟੀਆਂ ਵੀ ਮਿਹਰ ਨੇ ਚੰਗੀ ਤਰ੍ਹਾਂ ਨਹੀਂ ਰਾਹੜੀਆਂ ਸਨ। ਉਹ ਨੇ ਐਨਾ ਹੀ ਪੁੱਛਿਆ, 'ਕਦੇ-ਕਦੇ ਕੀ ਹੋ ਜਾਂਦੈ, ਮਿਹਰ ਤੈਨੂੰ?' ਮਿਹਰ ਸਿਰਫ਼ ਮੁਸਕਰਾਇਆ। ਕੁਲਜੀਤ ਨੇ ਸਬਜ਼ੀ ਨਹੀਂ ਖਾਧੀ। ਜੇਠੁ ਬਾਣੀਏ ਦੀ ਹੱਟ ਤੋਂ ਪੱਚੀ ਪੈਸਿਆਂ ਦੀ ਸ਼ੱਕਰ ਲੈ ਆਇਆ ਦੇਸੀ ਘਿਓ ਦੇ ਦੋ ਚਮਚੇ ਪਾ ਕੇ ਮਜ਼ੇ ਨਾਲ ਰੋਟੀ ਖਾਣ ਲੱਗਿਆ। ਜਿੱਦਣ ਦੀ ਦੇਵਾਂ ਮਰੀ ਸੀ, ਚੰਦਨ ਸ਼ਾਹਕੋਟ ਤੋਂ ਸਬਜ਼ੀ ਕਦੇ ਨਹੀਂ ਲੈ ਕੇ ਆਇਆ। ਮਿਹਰ ਹੀ ਪਿੰਡ ਵਿੱਚ ਫਿਰਦੇ ਕਿਸੇ ਸਾਈਕਲ ਵਾਲੇ ਤੋਂ ਸਬਜ਼ੀ ਖਰੀਦਦਾ, ਨਹੀਂ ਤਾਂ ਆਲੂ ਚੱਲਦੇ ਰਹਿੰਦੇ ਤੇ ਜਾਂ ਮੂੰਗੀ ਦੀ ਦਾਲ।

ਰੋਟੀ-ਟੁੱਕ ਦਾ ਸਾਰਾ ਕੰਮ ਨਿਬੇੜ ਕੇ ਮਿਹਰ ਨੇ ਆਪਣੇ ਕੱਪੜੇ ਧੋਤੇ, ਦਾਦੀ ਦੀ ਤੰਬੀ ਵੀ ਧੋ ਦਿੱਤੀ ਤੇ ਫਿਰ ਸਕੂਲ ਦਾ ਕੰਮ ਕਰਨ ਲੱਗਿਆ। ਬੁੜ੍ਹੀ ਨੇ ਦੋ ਰੋਟੀਆਂ ਚਪੋਲ ਕੇ ਖਾ ਲਈਆਂ ਤੇ ਗੱਲਾਂ ਮਾਰਨ ਅਗਵਾੜ ਵਿੱਚ ਕਿਸੇ ਦੇ ਘਰ ਜਾ ਬੈਠੀ। ਚੰਦਨ ਕੁਝ ਦਰ ਤੱਕ ਤਾਂ ਬਾਕੀ ਦੀ ਕਹਾਣੀ ਪੜ੍ਹਦਾ ਰਿਹਾ ਤੇ ਫਿਰ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਉਹ ਦੀ ਅੱਖ ਨਹੀਂ ਲੱਗ ਰਹੀ ਸੀ। ਉਹ ਨੂੰ ਚਿੰਤਾ ਸੀ, ਕੁਲਜੀਤ ਬਾਹਰ ਨੂੰ ਕਿਧਰੇ ਦੌੜ ਗਿਆ ਹੈ, ਧੁੱਪ ਵਿੱਚ ਅਵਾਰਾ ਮੁੰਡਿਆਂ ਨਾਲ ਖੇਡਦਾ ਫਿਰੇਗਾ, ਗਰਮੀ ਲੱਗ ਗਈ ਤਾਂ ਇਲਾਜ ਕਰਵਾਉਂਣਾ ਮੁਸ਼ਕਲ ਹੋ ਜਾਵੇਗਾ। ਅੱਗੇ ਤਾਂ ਦੇਵਾਂ ਸੀ, ਹੁਣ ਉਸ ਦੀ ਕੌਣ ਸੰਭਾਲ ਕਰੇਗਾ। ਉਸ ਨੇ ਮਿਹਰ ਨੂੰ ਆਖਿਆ ਕਿ ਉਹ ਅਗਵਾੜ ਵਿੱਚ ਕਿਧਰੋਂ ਕੁਲਜੀਤ ਨੂੰ ਭਾਲ ਕੇ ਲਿਆਵੇ-ਨਾ ਆਵੇ ਤਾਂ ਚਪੇੜ ਮਾਰੀਂ ਸਾਲੇ ਦੇ ਕੰਨ ’ਤੇ। ਉਸ ਨੇ ਤਲਖ਼ ਸ਼ਬਦਾਂ ਵਿੱਚ ਤਾੜਨਾ ਕੀਤੀ।

ਹਿੜ-ਹਿੜ ਦੰਦ ਕੱਢਦਾ ਕੁਝ ਦੇਰ ਬਾਅਦ ਕਲਜੀਤ ਸਬ੍ਹਾਾਤ ਵਿੱਚ ਆਇਆ ਤੇ ਚੰਦਨ ਤੇ ਨਾਲ ਹੀ ਮੰਜੇ 'ਤੇ ਲੇਟ ਗਿਆ। ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਉਹ ਦੋਵੇਂ ਸੌਣ ਲੱਗੇ।

ਦੋ ਵਜੇ ਹੀ ਚੰਦਨ ਦੀ ਅੱਖ ਭੜ੍ਹੱਕ ਦੇ ਕੇ ਖੁੱਲ੍ਹ ਗਈ। ਉਹ ਬੈਠਾ ਹੋ ਕੇ ਕੁਝ ਸੋਚਣ ਲੱਗਿਆ ਤੇ ਫਿਰ ਪੱਖਾ ਬੰਦ ਕਰਕੇ ਸਟੋਵ 'ਤੇ ਚਾਹ ਬਣਾਈ। ਚਾਹ ਪੀ ਕੇ ਤਿਆਰ ਜਿਹਾ ਹੋਣ ਲੱਗਿਆ। ਚਮੜੇ ਦੇ ਬੈਂਗ ਵਿੱਚ ਪਜਾਮਾ-ਤੌਲੀਆ ਦੇ ਦਾੜ੍ਹੀ ਬੰਨ੍ਹਣ ਦਾ ਸਮਾਨ ਪਾ ਕੇ ਉਹ ਸਬ੍ਹਾਤ ਵਿੱਚੋਂ ਬਾਹਰ ਹੋਇਆ। ਮਿਹਰ ਸਕੂਲ ਦਾ ਕੰਮ ਕਰੀ ਜਾ ਰਿਹਾ ਸੀ। ਚੰਦਨ ਨੇ ਉਸ ਨੂੰ ਐਨਾ ਹੀ ਕਿਹਾ ਕਿ ਚਾਹ ਬਣਾ ਲਵੀਂ, ਮਿਹਰ। ਕੁਲਜੀਤ ਨੂੰ ਜਗਾ ਕੇ ਪਿਆ ਦਈਂ। ਲੜਿਓ ਨਾ। ਤੇ ਫਿਰ ਕਹਿਣ ਲੱਗਿਆ, ਮੈਂ ਚੱਲਿਆ।

ਮਿਹਰ ਨੇ ਪੁੱਛਿਆ ਨਹੀਂ ਕਿ ਉਹ ਕਿੱਥੇ ਜਾ ਰਿਹਾ ਹੈ? ਕਿਉਂ ਜਾ ਰਿਹਾ ਹੈ? ਕਦ ਮੁੜੇਗਾ?

ਐਤਵਾਰ ਦੋ:

ਰਾਣੀਸਰ ਦੇ ਬੱਸ ਅੱਡੇ 'ਤੇ ਉਸ ਦਿਨ ਬਹੁਤੀ ਭੀੜ ਨਹੀਂ ਸੀ। ਟਾਹਲੀਆਂ ਦੀ ਛਾਂ ਥੱਲੇ ਦੋਵੇਂ ਪਾਸੇ ਚੌਕੜੀਆਂ ਤੇ ਪੰਜ-ਪੰਜ, ਸੱਤ-ਸੱਤ ਸਵਾਰੀਆਂ ਬੈਠੀਆਂ ਸਨ। ਵੇਲਾ ਪਿਛਲੇ ਪਹਿਰਾ ਦਾ ਸੀ। ਸਵੇਰ ਵੇਲੇ ਤਾਂ ਇੱਥੇ ਬਹੁਤ ਭੀੜ ਰਹਿੰਦੀ। ਪਹਿਲੀ ਬੱਸ ਮਿਲ ਜਾਂਦੀ ਤਾਂ ਮਿਲ ਜਾਂਦੀ, ਫਿਰ ਤਾਂ ਬਾਰਾਂ-ਇੱਕ ਵਜੇ ਤੱਕ ਬੱਸਾਂ ਭਰੀਆਂ ਆਉਂਦੀਆਂ ਤੇ ਭਰੀਆਂ ਹੀ ਲੰਘ ਜਾਂਦੀਆਂ। ਕੋਈ-ਕੋਈ ਬੱਸ ਹੀ ਖੜ੍ਹਦੀ ਤੇ ਬਹੁਤ ਘੱਟ ਸਵਾਰੀਆਂ ਚੁੱਕਦੀ। ਪਰ ਇਹ ਹਾਲ ਸ਼ਾਹਕੋਟ ਨੂੰ ਜਾਣ ਵਾਲੀਆਂ ਬੱਸਾਂ ਦਾ ਸੀ। ਦੂਜੇ ਪਾਸੇ ਤਾਂ ਬੱਸਾਂ ਖ਼ਾਲੀ ਜਾਂਦੀਆਂ।

ਚੰਦਨ ਇੱਕ ਚੌਕੜੀ ’ਤੇ ਜਾ ਬੈਠਾ। ਚਮੜੇ ਦਾ ਬੈਗ ਉਸ ਨੇ ਇਕ ਪਾਸੇ ਰੱਖ ਲਿਆ। ਦੂਜੇ ਪਾਸੇ ਦੀ ਚੌਕੜੀ 'ਤੇ ਬੈਠੀਆਂ ਸਵਾਰੀਆਂ ਵੱਲ ਉਸ ਨੇ ਗਹੁ ਨਾਲ ਨਿਗਾਹ ਮਾਰੀ, ਉਨ੍ਹਾਂ ਵਿੱਚ ਅੱਧੀਆਂ ਤੋਂ ਵੱਧ ਸਵਾਰੀਆਂ ਓਪਰੀਆਂ ਸਨ। ਫਿਰ ਉਸ ਦੀ ਨਿਗਾਹ ਆਪਣੇ ਵਾਲੀ ਚੌਕੜੀ ਦੀਆਂ ਸਵਾਰੀਆਂ 'ਤੇ ਫਿਰਨ ਲੱਗੀ। ਇਹ ਸਵਾਰੀਆਂ ਤਾਂ ਸਾਰੀਆਂ ਹੀ ਰਾਣੀਸਰ ਦੀਆਂ ਸਨ। ਇੱਕ ਪਾਸੇ ਕੰਦੋ ਵੀ ਬੈਠੀ ਸੀ। ਚਿੱਟੀ-ਦੁੱਧ ਸਲਵਾਰ, ਨਿੱਕੀ-ਨਿੱਕੀ ਬੂਟੀ ਵਾਲੀ ਮਲਮਲ ਦੀ ਕਮੀਜ਼, ਥੱਲੇ ਦੀ ਮੈਲੇ ਲੱਠੇ ਦੀ ਸਮੀਜ, ਸਿਰ 'ਤੇ ਨੀਲੀ ਬੰਬਰ ਦਾ ਦੁਪੱਟਾ, ਪੈਰਾਂ ਵਿੱਚ ਨਾਈਲੋਨ ਦੀਆਂ ਚੱਪਲਾਂ। ਉਹਦੇ ਹੱਥ ਵਿੱਚ ਸਦਾ ਵਾਂਗ ਕੱਪੜੇ ਦਾ ਝੋਲਾ ਸੀ। ਅੱਧ-ਭਰਿਆ ਜਿਹਾ। ਉਸ ਵਿੱਚ ਕੋਈ ਇੱਕ ਅੱਧ ਕੱਪੜਾ ਹੋਵੇਗਾ ਜਾਂ ਕੁਝ ਹੋਰ ਨਿੱਕ-ਸੁੱਕ। ਸਾਫ਼ ਸੀ, ਉਹ ਸ਼ਾਹਕੋਟ ਨੂੰ ਜਾ ਰਹੀ ਹੋਵੇਗੀ।

ਕੰਦੋ ਮੁੱਲ ਦੀ ਤੀਵੀਂ ਸੀ। ਬਹੁਤ ਸਾਲ ਪਹਿਲਾਂ ਬੰਤਾ ਦਸ-ਨੰਬਰੀਆ ਉਹ ਨੂੰ ਕਿਤੋਂ ਲਿਆਇਆ ਸੀ। ਪਿੰਡ ਵਿੱਚ ਗੱਲ ਛਿੜੀ, ਉਹ ਸ਼ਰਾਬ ਪੀਂਦੀ ਤੇ ਮੀਟ ਖਾਂਦੀ ਹੈ। ਸ਼ਰਾਬ ਪੀ ਕੇ ਆਦਮੀਆਂ ਵਾਂਗ ਗਾਲ੍ਹਾਂ ਕੱਢਦੀ ਹੈ। ਪਿੰਡ ਦੇ ਹੋਰ ਬਦਮਾਸ਼ ਵੀ ਬੰਤੇ ਦੇ ਘਰ ਜਾਣ ਲੱਗੇ। ਤੇ ਫਿਰ ਇੱਕ ਵਿਆਹ ਵਿੱਚ ਬਹੁਤੀ ਸ਼ਰਾਬ ਪੀ ਕੇ ਬੰਤਾ ਮਰ ਗਿਆ ਸੀ। ਕਹਿੰਦੇ ਸ਼ਰਾਬ ਵਿੱਚ ਕਿਸੇ ਨੇ ਕੁਝ ਦੇ ਦਿੱਤਾ ਸੀ। ਕੰਦੋ ਦੀ ਉਮਰ ਓਦੋਂ ਚਾਲ੍ਹੀ ਤੋਂ ਥੱਲੇ ਸੀ। ਉਹ ਪਿੰਡ ਛੱਡ ਕੇ ਜਾਣ ਲੱਗੀ, ਪਰ ਬੰਤੇ ਦੇ ਮਿੱਤਰ-ਬੇਲੀਆਂ ਨੇ ਉਹ ਨੂੰ ਜਾਣ ਨਹੀਂ ਦਿੱਤਾ। ਕਹਿੰਦੇ ਤੂੰ ਇੱਥੇ ਹੀ ਬੈਠ। ਤੈਨੂੰ ਕਾਸੇ ਦਾ ਘਾਟਾ ਨਹੀਂ। ਅਸੀਂ ਹੈ 'ਗੇ ਆਂ। ਚਾਰ-ਪੰਜ ਸਾਲ ਤਾਂ ਉਹ ਦੇ ਲੰਘੇ। ਫਿਰ ਤਾਂ ਬੰਤੇ ਦਾ ਕੋਈ ਮਿੱਤਰ-ਬੇਲੀ ਉਹ ਦੇ ਕੋਲ ਨਹੀਂ ਆਉਂਦਾ ਸੀ। ਉਹ ਭੁੱਖੀ ਮਰਨ ਲੱਗੀ ਤਾਂ ਛੜਿਆਂ ਲਈ ਰੇਟ ਬੰਨ੍ਹ ਦਿੱਤਾ। ਉਹ ਦਸ ਰੁਪਏ ਲੈਂਦੀ ਤੇ ਸਾਰੀ ਰਾਤ ਅਗਲੇ ਨੂੰ ਘਰ ਰੱਖਦੀ। ਦਾਰੂ-ਮੀਟ ਅਗਲੇ ਦਾ। ਆਉਣ ਵਾਲਿਆਂ ਲਈ ਉਹ ਮਹਿੰਗੀ ਪੈਂਦੀ, ਫਿਰ ਵੀ ਨਿੱਤ ਕੋਈ ਨਾ ਕੋਈ ਆ ਜਾਂਦਾ। ਉਹ ਪਿਛਲੇ ਪਹਿਰ ਤੱਕ ਗਾਹਕ ਉਡੀਕਦੀ, ਨਹੀਂ ਤਾਂ ਝੋਲਾ ਚੁੱਕੇ ਸ਼ਾਹਕੋਟ ਨੂੰ ਚੱਲ ਪੈਂਦੀ। ਸ਼ਾਹਕੋਟ ਦੇ ਕਿੰਨੇ ਹੀ ਕੰਡਕਟਰ-ਡਰਾਈਵਰ ਉਹ ਦੇ ਪੱਕੇ ਗਾਹਕ ਸਨ। ਉਹ ਬੱਸ ਸਟੈਂਡ 'ਤੇ ਪੈਰ ਧਰਦੀ ਤਾਂ ਕੰਡਕਟਰ-ਡਰਾਈਵਰਾਂ ਵਿੱਚ ਘੁਸਰ-ਮੁਸਰ ਹੋਣ ਲੱਗ ਪੈਂਦੀ-ਬੁੱਢਾ ਪਹਿਲਵਾਨ ਆਇਐ। ਕੰਢਿਆਂ ਤੱਕ ਉਬਲਿਆ ਕੋਈ ਉਹ ਦੀ ਬਾਂਹ ਫੜਦਾ ਤੇ ਹੱਥ ਜੋੜ ਦਿੰਦਾ। ਉਹ ਖੁਸ਼ ਹੋ ਜਾਂਦੀ ਤੇ ਮੁਸਕਰਾ ਦਿੰਦੀ। ਓਦਣ ਦੀ ਰਾਤ ਓਸੇ ਕੋਲ ਰਹਿੰਦੀ।

ਬੱਸ ਆਈ ਤਾਂ ਸਵਾਰੀਆਂ ਚੜ੍ਹ ਗਈਆਂ। ਕੰਦੋ ਦੇ ਨਾਲ ਵਾਲੀ ਸੀਟ ਖਾਲੀ ਸੀ। ਚੰਦਨ ਨੇ ਸਾਰੀ ਬੱਸ ਵਿੱਚ ਨਿਗਾਹ ਮਾਰੀ, ਕੋਈ ਵੀ ਹੋਰ ਸੀਟ ਖਾਲੀ ਨਹੀਂ ਸੀ। ਉਹ ਕੰਦੋ ਨਾਲ ਨਹੀਂ ਬੈਠਾ। ਡਰਾਈਵਰ ਦੀ ਸੀਟ ਮਗਰ ਤਿੰਨ ਪਤਲੇ-ਪਤਲੇ ਬੰਦੇ ਬੈਠੇ ਸਨ, ਉਨ੍ਹਾਂ ਤੋਂ ਪਾਸਾ ਮਰਵਾ ਕੇ ਉਹ ਕਿਨਾਰੇ 'ਤੇ ਇੱਕ ਚਿੱਤੜ ਰੱਖ ਕੇ ਬੈਠ ਗਿਆ। ਰਾਣਸੀਰ ਤੋਂ ਸ਼ਾਹਕੋਟ ਪੰਜ ਮੀਲ ਸੀ। ਡਰਾਈਵਰ ਨੇ ਸ਼ੀਸ਼ਾ ਕੰਦੋ 'ਤੇ ਫਿੱਟ ਕਰਨਾ ਚਾਹਿਆ, ਪਰਨਹੀਂ। ਪਹਿਲਾਂ ਵਾਲੀ ਥਾਂ 'ਤੇ ਹੀ ਉਸ ਨੂੰ ਇੱਕ ਨਵ-ਵਿਆਹੀ ਮੁਟਿਆਰ ਦਿੱਸ ਰਹੀ ਸੀ। ਦੋ ਵਾਰ ਹੀ ਅੱਖਾਂ ਲੜੀਆਂ ਹੋਣਗੀਆਂ ਕਿ ਸ਼ਾਹਕੋਟ ਆ ਗਿਆ। ਨਵ-ਵਿਆਹੀ ਮੁਟਿਆਰ ਰਾਣੀਸਰ ਤੋਂ ਹੀ ਚੜ੍ਹੀ ਸੀ।

ਸ਼ਾਹਕੋਟ ਤੋਂ ਬੱਸ ਬਦਲ ਕੇ ਚੰਦਨ ਦੂਜੀ ਬੱਸ ਵਿੱਚ ਬੈਠ ਗਿਆ। ਇਹ ਸ਼ਾਇਦ ਆਖ਼ਰੀ ਬੱਸ ਹੋਵੇਗੀ। ਬੇਹੱਦ ਭੀੜ ਸੀ। ਛੱਤ ਦਾ ਡੰਡਾ ਫੜ ਕੇ ਉਸ ਨੂੰ ਖੜ੍ਹਨਾ ਹੀ ਪਿਆ। ਬੱਸ ਤੁਰੀ ਤਾਂ ਮੁੜ੍ਹਕਾ ਸੁੱਕਣ ਲੱਗਿਆ। ਹਵਾ ਦੇ ਤੱਤੇ ਫਰਾਟੇ ਅੰਦਰ ਲੰਘ ਆਏ। ਉਹ ਖ਼ੁਸ਼ ਸੀ। ਪਰ ਕਦੇ-ਕਦੇ ਗਰਮੀ ਦੇ ਮੌਸਮ ਦਾ ਖ਼ਿਆਲ ਉਹ ਦੇ ਮਨ ਨੂੰ ਬਿੰਦ-ਝੱਟ ਲਈ ਉਦਾਸ ਕਰ ਜਾਂਦਾ। ਪਿਛਲੀ ਵਾਰ ਜਦੋਂ ਉਹ ਧਰਮਗੜ੍ਹ ਆਇਆ ਸੀ ਤਾਂ ਸਿਆਲ ਸੀ। ਸਿਆਲ ਵਿੱਚ ਤਾਂ ਵਧੀਆ ਰਿਹਾ ਸੀ। ਗਰਮੀ ਵਿੱਚ ਤਾਂ ਲੋਕ ਕੋਠਿਆਂ 'ਤੇ ਸੌਂਦੇ। ਪਰ ਧਰਮਗੜ੍ਹ ਵਿੱਚ ਬਿਜਲੀ ਸੀ। ਬਿਜਲੀ ਹੀ ਉਹ ਦਾ ਆਖ਼ਰੀ ਸਹਾਰਾ ਸੀ।

ਧਰਮਗੜ੍ਹ ਵਿੱਚ ਉਹ ਦਾ ਇੱਕ ਵਾਕਫ਼ ਸੀ। ਉਹ ਦੇਸੀ ਸ਼ਰਾਬ ਦਾ ਠੇਕੇਦਾਰ ਸੀ। ਸ਼ਾਹਕੋਟ ਦੀ ਬੈਂਕ ਵਿੱਚ, ਜਿੱਥੇ ਚੰਦਨ ਕੰਮ ਕਰਦਾ ਸੀ, ਠੇਕੇਦਾਰ ਕਸ਼ਮੀਰਾ ਸਿੰਘ ਨੂੰ ਕੰਮ ਰਹਿੰਦਾ। ਇੱਕ ਦਿਨ ਚੰਦਨ ਨੇ ਕਸ਼ਮੀਰਾ ਸਿੰਘ ਕੋਲ ਗੱਲ ਤੋਰੀ ਕਿ ਉਨ੍ਹਾਂ ਦੇ ਪਿੰਡ ਇੱਕ ਤੀਵੀਂ ਹੈ। ਉਹ ਦੇ ਘਰ ਵਾਲਾ ਸ਼ਾਹਕੋਟ ਹੀ ਇੱਕ ਵਕੀਲ ਦਾ ਮੁਣਸ਼ੀ ਹੈ। ਧਰਮਗੜ੍ਹ ਤੋਂ ਨਿੱਤ ਆਉਂਦਾ ਹੈ।

'ਹਾਹੋ, ਉਹ ਤਾਂ ਸਾਡਾ ਨਿੱਤ ਦਾ ਗਾਹਕ ਐ।' ਕਸ਼ਮੀਰਾ ਸਿੰਘ ਬੋਲਿਆ। 'ਸਾਲੇ ਨੂੰ ਪਾਣੀ ਪਿਆਈਂਦੈ ਨਿਰਾ। ਤੂੰ ਗੱਲ ਕਰ, ਅਣਲੱਗ ਦੇ ਦਿਆ ਕਰੀਏ?'

'ਓਏ ਨਹੀਂ, ਇਹ ਗੱਲ ਛੱਡ। ਉਹ ਦੀ ਤੀਵੀਂ ਜਿਹੜੀ ਐ ਨਾ। ਉਹ ਬੇਲਣ ਐ ਮੇਰੀ। ਚੱਲਾਂ ਕਦੇ ਤੇਰੇ ਨਾਲ, ਰਾਤ ਰਹਿਣ ਦਾ ਪ੍ਰਬੰਧ ਹੋ ਸਕਦੈ?'

‘ਜਦ ਕਹੇਂ, ਕੋਈ ਕਰ ਲਵਾਂਗੇ ਬੰਦੋਬਸਤ।' ਕਸ਼ਮੀਰਾ ਸਿੰਘ ਨੇ ਕਹਿ ਦਿੱਤਾ। ਤੇ ਫਿਰ ਕਸ਼ਮੀਰਾ ਸਿੰਘ ਨਾਲ ਚੰਦਨ ਧਰਮਗੜ੍ਹ ਨੂੰ ਗਿਆ ਸੀ। ਦੇਵਾਂ ਦੇ ਮਰਨ ਤੋਂ ਸਾਲ ਭਰ ਬਾਅਦ ਦੀ ਇਹ ਗੱਲ ਸੀ। ਮੁਣਸ਼ੀ ਸਮਝਿਆ ਵਕਾਲਤ ਦਾ ਕੋਈ ਕੇਸ ਹੈ। ਚੰਦਨ ਤੇ ਕਸ਼ਮੀਰਾ ਸਿੰਘ ਨੇ ਗੱਲ ਵੀ ਕੋਈ ਅਜਿਹੀ ਹੀ ਘੜ ਲਈ। ਮੁਣਸ਼ੀ ਦੇ ਘਰ ਬੈਠ ਕੇ ਹੀ ਉਹ ਪੀਣ ਲੱਗੇ। ਮੁਣਸ਼ੀ ਦੀ ਔਰਤ ਖੁਸ਼ ਸੀ। ਚੰਦਨ ਉਹ ਨੂੰ ਚੌਦਾਂ ਸਾਲ ਬਾਅਦ ਮਿਲਿਆ ਸੀ। ਮਾਲੇਰਕੋਟਲਾ ਵੱਲ ਭੁਰਥਲਾ ਮੰਡੇਰ ਪਿੰਡ ਚੰਦਨ ਦੀ ਮਾਸੀ ਸੀ। ਬਚਪਨ ਵਿੱਚ ਉਹ ਓਥੇ ਪੜ੍ਹਿਆ ਸੀ। ਮੁਣਸ਼ੀ ਦੀ ਔਰਤ ਰੇਸ਼ਮਾ ਓਥੋਂ ਦੀ ਧੀ ਸੀ। ਅੱਠ ਜਮਾਤਾਂ ਤੱਕ ਉਹ ਇਕੱਠੇ ਪੜ੍ਹੇ ਸਨ। ਰੇਸ਼ਮਾ ਹੱਡਾਂ-ਪੈਰਾਂ ਦੀ ਖੁੱਲ੍ਹੀ ਸੀ ਤੇ ਸਾਰੀਆਂ ਕੁੜੀਆਂ ਨਾਲੋਂ ਵੀ। ਚੰਦਨ ਨੂੰ ਉਹ ਛੇੜਦੀ ਰਹਿੰਦੀ ਤੇ ਫਿਰ ਉਹ ਬਾਹਰ ਖੇਤਾਂ ਵਿੱਚ ਮਿਲਣ ਲੱਗੇ ਸਨ। ਰੇਸ਼ਮਾ ਨੂੰ ਘਰ ਦਿਆਂ ਨੇ ਬਹੁਤ ਕੁੱਟਿਆ ਤੇ ਪੜ੍ਹਨੋਂ ਹਟਾ ਲਿਆ। ਚੰਦਨ ਰਾਣੀਸਰ ਆ ਕੇ ਸ਼ਾਹਕੋਟ ਪੜ੍ਹਨ ਲੱਗਿਆ।

ਹੁਣ ਰੇਸ਼ਮਾ ਦੇ ਦੋ ਮੁੰਡੇ ਤੇ ਤਿੰਨ ਕੁੜੀਆਂ ਸਨ। ਕਬੀਲਦਾਰੀ ਵਿੱਚ ਪੂਰੀ ਫਸੀ ਹੋਈ ਸੀ। ਉਹ ਤਿੰਨੇ ਜਣੇ ਸ਼ਰਾਬ ਪੀ ਰਹੇ ਸਨ। ਆਨੀ-ਬਹਾਨੀ ਉਹ ਉਨ੍ਹਾਂ ਕੋਲ ਆਉਂਦੀ ਤੇ ਆਪਣੇ ਪਤੀ ਨਾਲ ਕੋਈ ਗੱਲ ਕਰਦੀ ਚੰਦਨ ਵੱਲ ਦੇਖ ਜਾਂਦੀ। ਚੰਦਨ ਮੱਲੋ-ਮੱਲੀ ਕੋਈ ਸਾਂਝੀ ਜਿਹੀ ਗੱਲ ਕਰਦਾ, ਜਿਸ ਦਾ ਸਬੰਧ ਉਹ ਦੇ ਆਪਣੇ ਨਾਲ ਹੁੰਦਾ, ਰੇਸ਼ਮਾ ਤਿੰਨ ਵਾਰੀ ਕਹਿ ਕੇ ਗਈ, ‘ਇਨ੍ਹਾਂ ਨੂੰ ਬਹੁਤੀ ਨਾ ਪਿਆਇਓ। ਅਜੇ ਤਾਂ ਕੱਲ੍ਹ ਸੂਏ ਲਗਣੋਂ ਹਟੇ ਨੇ।'

‘ਸੂਏ ਈ ਲੱਗ ਕੇ ਸਰ ਜਾਂਦੈ ਤਾਂ, ਬੀਬੀ ਹੋਰ ਲਵਾ ਲਵਾਂਗੇ ਕੱਲ੍ਹ ਨੂੰ। ਹੁਣ ਤਾਂ ਪੀਣ ਦਿਓ, ਮੁਣਸ਼ੀ ਸਾਅਬ ਨੂੰ।' ਕਸ਼ਮੀਰਾ ਸਿੰਘ ਬੋਲਿਆ।

ਉਹ ਸਾਰੇ ਹੱਸੇ। ਰੇਸ਼ਮਾ ਵੀ ਹੱਸ ਪਈ। ਪਰ ਦੂਜੇ ਪਲ ਹੀ ਗੰਭੀਰ ਹੋ ਕੇ ਚੰਦਨ ਵੱਲ ਝਾਕਣ ਲੱਗੀ। ਬਹੁਤੀ ਪੀਤੀ ਹੋਣ ਦਾ ਬਹਾਨਾ ਕਰਕੇ ਚੰਦਨ ਮੁਣਸੀ ਦੇ ਘਰ ਹੀ ਸੌਂ ਗਿਆ। ਸਿਆਲਾਂ ਦੇ ਦਿਨ ਸਨ। ਅੱਧੀ ਰਾਤ ਚੰਦਨ ਉੱਠਿਆ। ਰੇਸ਼ਮਾ ਦੇ ਮੰਜੇ ਤੱਕ ਪਹੁੰਚਿਆ। ਉਸ ਨੇ ਹੱਥ ਜੋੜ ਦਿੱਤੇ। ਕਹਿਣ ਲੱਗੀ, 'ਇਹ ਨੂੰ ਤਾਂ ਝੱਟ ਜਾਗ ਆ ਜਾਂਦੀ ਐ। ਮੈਨੂੰ ਵੱਸਦੀ-ਰੱਸਦੀ ਨੂੰ ਕਿਉਂ ਪੱਟਣ ਆ ਗਿਆ।'

'ਮੈਂ ਪੱਟਿਆ ਫਿਰਦਾਂ, ਪਹਿਲਾਂ ਹੀ।' ਚੰਦਨ ਨੇ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਰੇਸ਼ਮਾ ਨੇ ਇੱਕ ਨਾ ਸੁਣੀ ਤੇ ਉਹ ਦੇ ਮੂੰਹ 'ਤੇ ਆਪਣਾ ਹੱਥ ਰੱਖ ਕੇ ਉਹ ਨੂੰ ਆਪਣੇ ਮੰਜੇ 'ਤੇ ਜਾ ਕੇ ਪੈਣ ਲਈ ਆਖਿਆ। ਕੰਬਦਾ-ਟੁੱਟਦਾ ਲੰਬੇ-ਲੰਬੇ ਸਾਹ ਭਰਦਾ ਉਹ ਆਪਣੇ ਮੰਜੇ ’ਤੇ ਰਜ਼ਾਈ ਵਿੱਚ ਆ ਵੜਿਆ। ਜਿਵੇਂ ਕੋਈ ਭੂਤ ਚੁੱਪ ਕੀਤਾ ਹੀ ਆਪਣੀ ਕਬਰ ਵਿੱਚੋਂ ਨਿਕਲ ਤੁਰਿਆ ਹੋਵੇ ਤੇ ਫਿਰ ਚੁੱਪ ਕੀਤਾ ਹੀ ਵਾਪਸ ਕਬਰ ਵਿੱਚ ਦਾਖ਼ਲ ਹੋ ਰਿਹਾ ਹੋਵੇ।

ਅਗਲੇ ਦਿਨ ਸਵੇਰੇ ਹੀ ਮੁਣਸ਼ੀ ਸਾਈਕਲ ਲੈ ਕੇ ਖੇਤ ਵਿੱਚ ਮੱਝ ਲਈ ਪੱਠੇ ਵੱਢਣ ਗਿਆ ਤਾਂ ਰੇਸ਼ਮਾ ਚੰਦਨ ਕੋਲ ਆਈ। ਬੱਚੇ ਸਾਰੇ ਅਜੇ ਸੁੱਤੇ ਪਏ ਸਨ। ਚੰਦਨ ਵੀ ਸੁੱਤਾ ਹੋਇਆ ਸੀ। ਝਟਕੇ ਨਾਲ ਉਸ ਨੇ ਚੰਦਨ ਦੇ ਮੂੰਹ 'ਤੋਂ ਰਜਾਈ ਉਤਾਰੀ ਤੇ ਉਸ ਨੂੰ ਬੇਤਹਾਸ਼ਾ ਚੁੰਮਣ ਲੱਗੀ। ਰੋ ਵੀ ਰਹੀ ਸੀ।

'ਉਹ ਕਿੱਥੇ ਐ?' ਚੰਦਨ ਨੇ ਘਬਰਾਹਟ ਵਿੱਚ ਪੁੱਛਿਆ।

'ਪੱਠੇ ਲੈਣ ਗਿਐ। ਅੱਧੇ ਘੰਟੇ ਨੂੰ ਮੁੜੂ।' ਰੇਸ਼ਮਾ ਨੇ ਦੱਸਿਆ।

‘ਫੇਰ ਤਾਂ....’ ਚੰਦਨ ਉੱਠ ਕੇ ਬੈਠਾ ਹੋ ਗਿਆ।

‘ਨਹੀਂ ਇਹ ਨਹੀਂ....'

'ਕਿਉਂ?'

‘ਮੈਂ ਠੀਕ ਨਹੀਂ।'

'ਝੂਠ ਬੋਲਦੀ ਐਂ।'

‘ਨਹੀਂ, ਤੇਰੀ ਸਹੁੰ।'

‘ਬਕਵਾਸ ਨਾ ਮਾਰ।’ ਚੰਦਨ ਦਾ ਸਾਹ ਚੜ੍ਹਿਆ ਹੋਇਆ ਸੀ।

ਨਾਂਹ, ਔਣ ਵਾਲਿਐ ਹੁਣ ਤਾਂ। ਉਸ ਨੇ ਚੰਦਨ ਦੀ ਗੱਲ੍ਹ 'ਤੇ ਚੂੰਢੀ ਵੱਢੀ ਤੇ ਉਹ ਦੇ ਕੋਲੋਂ ਚਿੜੀ ਪੂੰਝਾ ਛੁਡਾ ਕੇ ਬਿਜਲੀ ਦੀ ਤਰ੍ਹਾਂ ਅੰਦਰ ਨੂੰ ਤੁਰ ਗਈ। ਘਰ ਵਿੱਚ ਪਤਾ ਨਹੀਂ ਕਿੱਥੇ ਗੁਆਚ ਗਈ। ਚੰਦਨ ਨੇ ਹਾਕਾਂ ਮਾਰੀਆਂ। ਉਹ ਆਈ ਨਹੀਂ। ਕੁਝ ਦੇਰ ਬਾਅਦ ਮੁਸ਼ਣੀ ਦਾ ਸਾਈਕਲ ਖੜਕਿਆ। ਬੁੱਸਿਆ ਮੂੰਹ ਲੈ ਕੇ ਚੰਦਨ ਕਸ਼ਮੀਰਾ ਸਿੰਘ ਦੇ ਘਰ ਆਇਆ। ਨਹਾਉਣ ਲਈ ਪਾਣੀ ਮੰਗਣ ਲੱਗਿਆ।

ਤੇ ਫਰ ਮਹੀਨੇ ਕੁ ਬਾਅਦ ਉਹ ਧਰਮਗੜ੍ਹ ਗਿਆ। ਇਸ ਵਾਰ ਉਨ੍ਹਾਂ ਨੇ ਕਸ਼ਮੀਰਾ ਸਿੰਘ ਦੇ ਘਰ ਸ਼ਰਾਬ ਪੀਤੀ। ਮੁਣਸ਼ੀ ਨੂੰ ਡਬਲ ਪੈੱਗ ਦਿੱਤਾ ਜਾਂਦਾ ਰਿਹਾ। ਉਹ ਦੀਆਂ ਲੱਤਾਂ ਲੜ ਖੜਾਉਣ ਲੱਗੀਆਂ ਤਾਂ ਕਸ਼ਮੀਰਾ ਸਿੰਘ ਨੇ ਉਸ ਨੂੰ ਆਪਣੇ ਘਰ ਹੀ ਪਾ ਲਿਆ। ਰੋਟੀ ਖਾਧੇ ਬਗੈਰ ਹੀ ਉਹ ਘੁਰਾੜੇ ਮਾਰਨ ਲੱਗਿਆ।

ਰੇਸ਼ਮਾ ਨਾਲ ਪਹਿਲਾਂ ਮਿੱਥੀ ਗੱਲ ਅਨੁਸਾਰ ਚੰਦਨ ਨੇ ਅੱਧੀ ਰਾਤ ਉਹਦਾ ਬਾਰ ਥਪਥਪਾਇਆ। ਸਾਰੇ ਬੱਚਿਆਂ ਨੂੰ ਸੁਲਾ ਕੇ ਉਹ ਪਹਿਲਾਂ ਹੀ ਬੈਠੀ ਚੰਦਨ ਨੂੰ ਉਡੀਕ ਰਹੀ ਸੀ। ਮੱਧਮ ਰੋਸ਼ਨੀ ਦਾ ਬਲ੍ਹਬ ਜਗ ਰਿਹਾ ਸੀ। ਜਾਣ ਸਾਰ ਚੰਦਨ ਨੇ ਬਲ੍ਹਬ ਬੁਝਾ ਦਿੱਤਾ। ਰੇਸ਼ਮਾ ਨੂੰ ਘੁੱਟ ਕੇ ਜੱਫ਼ੀ ਪਾਈ ਤੇ ਫਿਰ ਪਾਣੀ ਮੰਗਿਆ। ਪਾਣੀ ਦਾ ਜੱਗ ਉਹ ਲੈ ਆਈ ਤੇ ਇੱਕੋ ਸਾਹ ਚੰਦਨ ਨੇ ਜੱਗ ਨੂੰ ਅੱਧਾ ਕਰ ਦਿੱਤਾ। ਪਤਾ ਨਹੀਂ ਉਹ ਦੇ ਅੰਦਰ ਕਿਹੜੀ ਪਿਆਸ ਸੀ, ਕਿਹੜੀ ਅੱਗ ਸੀ। ਉਹ ਦੇ ਲਈ ਤਾਂ ਜਿਵੇਂ ਉਹ ਮੁਕਲਾਵੇ ਵਾਲੀ ਰਾਤ ਸੀ।

ਤਿੰਨ ਵਜੇ ਤੱਕ ਚੰਦਨ ਨਿਢਾਲ ਹੋ ਕੇ ਪਿਆ ਸੀ। ਰੇਸ਼ਮਾ ਵੱਲ ਉਹ ਦੀ ਪਿੱਠ ਸੀ।

‘ਬੱਸ?' ਰੇਸ਼ਮਾ ਨੇ ਉਹ ਦੇ ਸਿਰ 'ਤੇ ਵਾਲਾਂ ਦੀ ਕੰਘੀ ਕਰਕੇ ਪੁੱਛਿਆ।

‘ਬੱਸ, ਹੁਣ ਨਹੀਂ ਹਿੰਮਤ।' ਉਹ ਮਸ੍ਹਾਂ ਹੀ ਬੋਲ ਸਕਿਆ। ‘ਮੈਨੂੰ ਤਾਂ ਕੁੱਛ ਨਹੀਂ ਹੋਇਆ।' ਕਹਿ ਕੇ ਰੇਸ਼ਮਾ ਹੱਸ ਪਈ।

'ਤੂੰ ਤਾਂ ਭੁਰਥਲੇ ਵਾਲੀ ਗੱਲ ਭਾਲਦੀ ਐਂ।'

'ਚੰਗਾ, ਮੂੰਹ ਤਾਂ ਕਰ ਐਧਰ।'

ਚੰਦਨ ਨੇ ਪਾਸਾ ਲਿਆ ਤਾਂ ਰੇਸ਼ਮਾ ਉਹ ਨੂੰ ਗੱਲਾਂ ਪੁੱਛਣ ਲੱਗੀ। ਚੰਦਨ ਨੇ ਰੇਸ਼ਮਾ ਨੂੰ ਹਿੱਕ ਨਾਲ ਲਾ ਕੇ ਦੇਵਾ ਬਾਰੇ ਦੱਸਿਆ ਤੇ ਉਸ ਤੋਂ ਬਾਅਦ ਦੀ ਸਾਰੀ ਹਾਲਤ। ਤੇ ਫਿਰ ਚੰਦਨ ਨੇ ਰੋਣਾ ਸ਼ੁਰੂ ਕਰ ਦਿੱਤਾ। ਰੇਸਮਾ ਉਹ ਦੀਆਂ ਅੱਖਾਂ ਪੂੰਝਣ ਲੱਗੀ। ਕਹਿੰਦੀ,'ਤੂੰ ਜਵਾਕਾਂ ਨੂੰ ਪਾਲ ਹੁਣ।'

'ਜਵਾਕ ਤਾਂ ਪਲ ਜਾਣਗੇ, ਮੇਰਾ.....'

'ਤੂੰ ਸਬਰ ਕਰ।'

‘ਸਬਰ ਹੁੰਦਾ ਨਹੀਂ।' ਚੰਦਨ ਨੇ ਬਹੁਤ ਉਦਾਸ ਸ਼ਬਦਾਂ ਵਿੱਚ ਕਿਹਾ। ਤੇ ਫਿਰ ਪੁੱਛਣ ਗਿਆ, "ਕੀ ਇਹ ਨਹੀਂ ਹੋ ਸਕਦਾ ਰੇਸ਼ਮਾ, ਮੈਂ ਤੇਰੇ ਕੋਲ ਮਹੀਨੇ-ਦੋ ਮਹੀਨਿਆਂ ਬਾਅਦ ਆ ਜਾਇਆ ਕਰਾਂ? ਪੰਜ-ਸੱਤ ਸਾਲ ਲੰਘ ਜਾਣ, ਫੇਰ ਤਾਂ ਕੋਈ ਲੋੜ ਨਹੀਂ ਰਹਿਣੀ ।'

‘ਲੋੜ ਤਾਂ ਬੰਦੇ ਨੂੰ ਸੱਠ ਸਾਲ ਤੱਕ ਰਹਿੰਦੀ ਐ। ਇਹ ਦੀ ਗੱਲ ਛੱਡ।'

‘ਦੱਸ, ਤੂੰ ਬਣੇਂਗੀ ਮੇਰਾ ਸਹਾਰਾ?'

'ਹੋਇਆ ਕਦੇ ਸਾਲ ਛੇ ਮਹੀਨੀਂ। ਨਿੱਤ ਤਾਂ ਇਹ ਕੰਮ ਠੀਕ ਨ੍ਹੀਂ। ਭੋਰਾ ਵੀ ਕਿਧਰੇ ਕੋਈ ਗੱਲ ਨਿਕਲ ਗਈ, ਮੇਰਾ ਕੱਖ ਨਹੀਂ ਰਹਿਣਾ।'

'ਨਹੀਂ, ਤੈਨੂੰ ਕੁਛ ਨੀ ਹੁੰਦਾ। ਮੈਨੂੰ ਕੀ ਤੇਰੀ ਇੱਜ਼ਤ ਦੀ ਲੋੜ ਨ੍ਹੀਂ?'

ਰੇਸ਼ਮਾ ਚੁੱਪ ਸੀ। ਤੇ ਫਿਰ ਚੰਦਨ ਨੇ ਮਾਚਸ ਦੀ ਤੀਲੀ ਜਲਾਈ।

‘ਕੀ ਟਾਈਮ ਹੋ ਗਿਆ' ਰੇਸ਼ਮਾ ਨੇ ਪੁੱਛਿਆ।

'ਚਾਰ ਵੱਜਣ ਵਾਲੇ ਨੇ।'

ਰੇਸ਼ਮਾ ਫੁਰਤੀ ਨਾਲ ਉੱਠੀ। ਕਹਿ ਰਹੀ ਸੀ, 'ਹੁਣ ਜਾਹ, ਬੱਸ।'

‘ਫੇਰ ਕਦੋਂ? ਸਿਰ ਦਾ ਜੂੜਾ ਬੰਨ੍ਹ ਰਿਹਾ ਪੁੱਛ ਰਿਹਾ ਸੀ।'

‘ਫੇਰ ਦੇਖੀ ਜਾਊਂ, ਏਵੇਂ ਜਿਵੇਂ। ਜਾਹ ਹੁਣ। ਲੋਕ ਬੀਹੀਆਂ ਗਲੀਆਂ ਵਿੱਚ ਤੁਰੇ ਫਿਰਦੇ ਹੋਣਗੇ। ਦੇਖ ਲਿਆ ਕਿਸੇ ਨੇ, ਤਾਂ........।'

ਚੰਦਨ ਰੇਸ਼ਮਾ ਨੂੰ ਬਹੁਤ ਸ਼ਿੱਦਤ ਨਾਲ ਚੁੰਮ ਕੇ ਦਰਵਾਜ਼ੇ ਵੱਲ ਵਧਿਆ। ਅਜੇ ਵੀ ਉਹ ਦਾ ਮਨ ਨਹੀਂ ਭਰਿਆ ਸੀ। ਉਸ ਨੇ ਕਈ ਵਾਰ ਫਿਰ ਦਰਵਾਜ਼ੇ ਤੱਕ ਛੱਡਣ ਆਈ ਰੇਸ਼ਮਾ ਨੂੰ ਹਿੱਕ ਨਾਲ ਪੋਲਾ ਜਿਹਾ ਘੁੱਟਿਆ ਤੇ ਦਰੋਂ ਬਾਹਰ ਹੋ ਗਿਆ।

ਅੱਜ ਉਹ ਧਰਮਗੜ੍ਹ ਬੱਸ ਵਿੱਚੋਂ ਉਤਰਿਆ ਤਾਂ ਕਸ਼ਮੀਰਾ ਸਿੰਘ ਠੇਕੇ 'ਤੇ ਬੈਠੇ ਦੂਜੇ ਬੰਦਿਆਂ ਨੂੰ ਕੋਈ ਮਸ਼ਕਰੀ ਕਰਦਾ ਤਾਂ ਚੰਦਨ ਵੀ ਦੰਦ ਕੱਢ ਲੈਂਦਾ। ਉਸ ਨੂੰ ਆਪਣਾ ਇਸ ਪ੍ਰਕਾਰ ਹੱਸਣਾ ਬਹੁਤ ਭੈੜਾ ਲੱਗ ਰਿਹਾ ਸੀ। ਉਸ ਨੂੰ ਆਪਣੇ 'ਤੇ ਤਰਸ ਆਉਣ ਲੱਗਿਆ। ਇਹ ਦਿਨ ਵੀ ਆਉਣੇ ਸਨ, ਉਹ ਸੋਚਦਾ।

ਦਿਨ ਛਿਪਣ ’ਤੇ ਆਇਆ ਤਾਂ ਕਸ਼ਮੀਰਾ ਸਿੰਘ ਉੱਠਿਆ। ਨੌਕਰ ਨੂੰ ਕੁਝ ਗੱਲਾਂ ਸਮਝਾਈਆਂ ਤੇ ਫਿਰ ਚੰਦਨ ਨੂੰ ਕਹਿਣ ਲੱਗਿਆ, 'ਚੱਲੀਏ, ਬਾਊ ਜੀ? ਕਰੀਏ ਪਤਾ ਮੁਣਸ਼ੀ ਦਾ?' ਕਸ਼ਮੀਰਾ ਸਿੰਘ ਦੇ ਇਸ ਢੰਗ ਨਾਲ ਪੁੱਛਣ 'ਤੇ ਉਹ ਦੇ ਮੂੰਹ ਵੱਲ ਅਜੀਬ ਜਿਹਾ ਦੇਖਣ ਨੇ ਚੰਦਨ ਨੂੰ ਜਿਵੇਂ ਧਰਤੀ ਵਿੱਚ ਗੱਡ ਦਿੱਤਾ ਹੋਵੇ। ਉਹ ਨੂੰ ਇੱਕ ਧੁੜਧੜੀ ਆਈ। ਉਹ ਦਾ ਦਿਲ ਕੀਤਾ, ਉਹ ਵਾਪਸ ਸ਼ਾਹਕੋਟ ਨੂੰ ਮੁੜ ਜਾਵੇ ਤੇ ਕਿਸੇ ਕੁਲੀਗ ਦੇ ਘਰ ਜਾ ਕੇ ਰਾਤ ਕੱਟ ਲਵੇ, ਪਰ ਨਹੀਂ। ਬੇਸ਼ਰਮੀ ਦੀ ਹਾਲਤ ਵਿੱਚ ਉਹ ਕਸ਼ਮੀਰਾ ਸਿੰਘ ਦੇ ਨਾਲ-ਨਾਲ ਤੁਰਨ ਲੱਗਿਆ।

ਮੁਣਸ਼ੀ ਦੇ ਘਰ ਪਹੁੰਚੇ, ਉਹ ਘਰ ਨਹੀਂ ਸੀ। ਰੇਸ਼ਮਾ ਨੇ ਚਾਹ ਬਣਾਈ। ਛੇਤੀ-ਛੇਤੀ ਚਾਹ ਪੀ ਕੇ ਕਸ਼ਮੀਰਾ ਸਿੰਘ ਉਨ੍ਹਾਂ ਦੇ ਬਾਰ ਅੱਗੇ ਜਾ ਖੜ੍ਹਾ ਤੇ ਗਲੀ ਵਿੱਚ ਲੰਘ ਰਹੇ ਕਿਸੇ ਬੰਦੇ ਨਾਲ ਗੱਲਾਂ ਕਰਨ ਲੱਗਿਆ।

'ਉਹ ਕਿੱਥੇ ਐ? ਚੰਦਨ ਨੇ ਪੁੱਛਿਆ।'

'ਐਥੇ ਹੀ ਐ, ਪਿੰਡ 'ਚ ਗਿਆ ਹੋਇਐ ਕਿਸੇ ਕੋਲ।'

'ਅੱਜ ਅਸੀਂ ਓਸ ਨੂੰ ਫੇਰ ਲੈ ਜਾਵਾਂਗੇ। ਮੈਂ ਆਊਂਗਾ ਰਾਤ ਨੂੰ। ਬਾਰ ਦਾ ਕੁੰਡਾ ਖੁੱਲ੍ਹਾ ਰੱਖੀਂ, ਚੰਗਾ?'

‘ਨਾ-ਨਾ, ਇਹ ਗੱਲ ਝੂਠੀ। ਐਨੀ ਤਾਂ ਗਰਮੀ ਐ। ਮੈਂ ਤਾਂ ਵਿਹੜੇ ਵਿੱਚ ਪਈ ਹੋਵਾਂਗੀ।'

‘ਫੇਰ ਕੀਹ ਐ। ਉੱਠ ਕੇ ਅੰਦਰ ਆ ਜਾਈਂ। ਬਿਜਲੀ ਹੈਗੀ ਐ। ਪੱਖਾ ਛੱਡ ਲਈਂ।'

‘ਮਗਰੋਂ ਕੋਈ ਜਵਾਕ ਜਾਗ ਪਿਆ ਫੇਰ? ਕੋਠਿਆਂ ’ਤੇ ਪਏ ਹੁੰਦੇ ਐ।'

'ਮੈਂ ਆਊਗਾ।'

'ਨਹੀਂ।'

'ਨਹੀਂ, ਮੈਂ ਤਾਂ ਜ਼ਰੂਰ ਆਉਂਗਾ।'

'ਔਂਦਾ ਫਿਰੀਂ। ਮੈਂ ਕੁੰਡਾ ਨ੍ਹੀਂ ਖੋਲ੍ਹਣਾ।'

‘ਨਾ ਖੋਲ੍ਹੀਂ। ਕੰਧ ਨਾਲ ਟੱਕਰ ਮਾਰ ਕੇ ਇੱਥੇ ਈ ਮਰ ਜੂੰ।'

‘ਸੌ ਵਾਰੀ ਮਾਰੀ ਟੱਕਰ। ਮਰਦਾ ਫਿਰੀਂ। ਤੇ ਫਿਰ ਨਰਮ ਜਿਹੀ ਪੈ ਕੇ ਕਹਿਣ ਲੱਗੀ, 'ਤੇਰੀ ਇਹ ਗੱਲ ਮਾੜੀ ਐ, ਚੰਦਨ। ਜ਼ਿੱਦ ਕਰਨ ਲੱਗ ਪੈਨੈ। ਧੱਕਾ ਕਰੇਂਗਾ ਤਾਂ ਮੈਂ ਨਹੀਂ ਬੋਲਣਾ ਮੁੜਕੇ।'

'ਨਾ ਬੋਲੀ, ਪਰ ਮੈਂ ਆਊਂਗਾ ਜ਼ਰੂਰ।' ਉਹ ਹੱਸਣ ਲੱਗਿਆ। ਰੇਸ਼ਮਾ ਅੰਦਰ ਨੂੰ ਚਲੀ ਗਈ। ਕਸ਼ਮੀਰਾ ਸਿੰਘ ਆਇਆ ਤੇ ਪੁੱਛਣ ਲੱਗਿਆ, ‘ਚੱਲੀਏ?

‘ਚੱਲ।'

‘ਹੋ ਗਈ ਗੱਲ?'

'ਹਾਂ।'

'ਚੱਲ ਫੇਰ। ਮੁਣਸ਼ੀ ਨੂੰ ਓਥੇ ਈ ਸੱਦ ਲਵਾਂਗੇ।'

‘ਜੇ ਉਡੀਕ ਚੱਲੀਏ ਉਹ ਨੂੰ?'

'ਨਹੀਂ, ਸ਼ਰਾਬ ਦੇ ਨਾਉਂ ਨੂੰ ਤਾਂ ਭਾਵੇਂ ਉਹ ਨੂੰ ਸੌ ਕੋਹ ਸੱਦ ਲਓ। ਭੱਜਿਆ ਆਉ।' ਉਹ ਘਰ ਜਾ ਬੈਠੇ। ਬੋਤਲ ਖੋਲ੍ਹ ਲਈ। ਛੋਟਾ-ਛੋਟਾ ਪੈੱਗ ਲੈ ਕੇ ਗੱਲਾਂ ਕਰਨ ਲੱਗੇ ਤੇ ਫੇਰ ਮੁੰਡਾ ਭੇਜ ਕੇ ਮੁਣਸ਼ੀ ਨੂੰ ਵੀ ਸੱਦ ਲਿਆ। ਉਹ ਆ ਕੇ ਬੈਠਾ ਹੀ ਸੀ, ਕਸ਼ਮੀਰਾ ਸਿੰਘ ਨੇ ਭਰਵਾਂ ਪੈੱਗ ਪਾ ਕੇ ਉਸ ਨੂੰ ਫੜਾ ਦਿੱਤਾ। ਉਹ ਇੱਕੋ ਸਾਹ ਪੀ ਗਿਆ ਤੇ ਮੂੰਗੀ ਦੀ ਦਾਲ ਮੂੰਹ ਲਾ ਕੇ ਪੀਣ ਲੱਗਿਆ। ਉਹ ਦੋਵੇਂ ਅੱਖਾਂ ਵਿੱਚ ਹੱਸ ਰਹੇ ਸਨ।

ਤਿੰਨ ਪੈੱਗਾਂ ਨਾਲ ਹੀ ਮੁਣਸ਼ੀ ਬਹਿਕੀਆਂ-ਬਹਿਕੀਆਂ ਗੱਲਾਂ ਕਰਨ ਲੱਗਿਆ। ਰੋਟੀ ਖਾਣ ਵੇਲੇ ਇਕ ਪੈੱਗ ਹੋਰ ਮੁਣਸ਼ੀ ਨੇ ਚਾੜ੍ਹ ਲਿਆ। ਉਹ ਪੂਰੀ ਰੋਟੀ ਨਹੀਂ ਖਾ ਸਕਿਆ।ਓਸੇ ਮੰਜੇ 'ਤੇ ਟੇਢਾ ਹੋ ਗਿਆ ਤੇ ਘੁਰਾੜੇ ਮਾਰਨ ਲੱਗਿਆ।

ਉਨ੍ਹਾਂ ਦੋਵਾਂ ਨੇ ਸੰਵਾਰ ਕੇ ਰੋਟੀ ਖਾਧੀ ਤੇ ਆਪਣੇ-ਆਪਣੇ ਮੰਜੇ ਵਿਛਾ ਕੇ ਪੈ ਗਏ। ਸੂਤ ਦਾ ਮੰਜਾ ਸੀ। ਮੁਣਸ਼ੀ ਨੂੰ ਇੱਕ ਸਿਰਹਾਣਾ ਦੇ ਦਿੱਤਾ ਗਿਆ। ਪੈਂਦਾ ਉੱਤੇ ਚਹੁਰਾ ਕਰਕੇ ਖੇਸ ਵਿਛਾ ਦਿੱਤਾ।

ਥੋੜ੍ਹੀ ਜਿਹੀ ਰਾਤ ਟਿਕੀ ਤਾਂ ਚੰਦਨ ਉੱੱਠਿਆ। ਕਸ਼ਮੀਰਾ ਸਿੰਘ ਨੇ ਉਹ ਦਾ ਹੱਥ ਘੁੱਟਿਆ.....'ਅਜੇ ਨਾ ਜਾਹ।' ਪਰ ਉਹ ਬਹੁਤ ਕਾਹਲਾ ਸੀ।

ਅਸਮਾਨ ਤੇ ਖੱਖ ਚੜ੍ਹੀ ਹੋਈ ਸੀ। ਕੋਈ ਤਾਰਾ ਨਹੀਂ ਦਿੱਸ ਰਿਹਾ ਸੀ। ਹਵਾ ਵਗ ਰਹੀ ਸੀ, ਪਰ ਇਹ ਹਵਾ ਜਿੱਥਰ ਲੱਗਦੀ ਸੀ, ਲੱਗਦੀ। ਦੂਜੇ ਪਾਸੇ ਮੁੜ੍ਹਕਾ ਆਉਂਦਾ। ਕਸ਼ਮੀਰਾ ਸਿੰਘ ਦੇ ਘਰ ਤੋਂ ਮੁਣਸ਼ੀ ਦਾ ਘਰ ਪਿੰਡ ਦੇ ਦੂਜੇ ਪਾਸੇ ਸੀ। ਚੰਦਨ ਗਿਆ ਤੇ ਹੌਲੀ-ਹੌਲੀ ਬਾਰ ਦੇ ਤਖ਼ਤੇ ਧੱਕਣ ਲੱਗਿਆ। ਦੋ ਵਾਰੀ ਉਹ ਨੇ ਬਾਹਰਲਾ ਕੁੰਡਾ ਦੱਬ ਕੇ ਖੜਕਾਇਆ, ਪਰ ਅੰਦਰੋਂ ਕੋਈ ਨਾ ਬੋਲਿਆ। ਉਹ ਉੱਥੇ ਹੀ ਚੁੱਪ ਕੀਤਾ ਖੜ੍ਹਾ ਰਿਹਾ ਤੇ ਵਿਹੁ ਘੋਲਣ ਲੱਗਿਆ। ਉਹ ਦਾ ਸੱਚੀਂ ਜੀਅ ਕਰਦਾ ਸੀ ਕਿ ਕੰਧ ਨਾਲ ਟੱਕਰ ਮਾਰੇ, ਪਰ ਉਹ ਪੱਥਰ ਬਣਿਆ ਖੜ੍ਹਾ ਰਿਹਾ। ਗਵਾਂਢੀਆਂ ਦੇ ਕੋਠੇ 'ਤੋਂ ਕਿਸੇ ਆਦਮੀ ਦੇ ਉੱਚਾ ਖੰਘਣ ਦੀ ਅਵਾਜ਼ ਆਈ। ਉਹ ਇਕਦਮ ਤ੍ਰਭਕਿਆ। ਇੱਕ ਵਾਰੀ ਫਿਰ ਉਸ ਨੇ ਤਖ਼ਤਿਆਂ ਨੂੰ ਥਪਥਪਾਇਆ, ਪਰ ਫ਼ਜ਼ੂਲ। ਉਹ ਉਹਨੀ ਪੈਰੀਂ ਤੇਜ਼-ਤੇਜ਼ ਕਦਮਾਂ ਨਾਲ ਓਥੋਂ ਹਿੱਲ ਆਇਆ। ਕਸ਼ਮੀਰਾ ਸਿੰਘ ਦੇ ਘਰ ਆਪਣੇ ਖ਼ਾਲੀ ਮੰਜੇ ਤੇ ਆ ਪਿਆ। ਪਏ-ਪਏ ਨੇ ਕੱਪੜੇ ਲਾਹੇ ਤੇ ਨਿੱਕੇ-ਨਿੱਕੇ ਹਉਕੇ ਭਰਦਾ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਕਸ਼ਮੀਰਾ ਸਿੰਘ ਸੌਂ ਚੁੱਕਿਆ ਸੀ।

ਚੰਦਨ ਸਵੇਰੇ ਉੱਠਿਆ ਤਾਂ ਕਸ਼ਮੀਰਾ ਸਿੰਘ ਉਹ ਦੇ ਮੂੰਹ ਵੱਲ ਗਹੁ ਨਾਲ ਦੇਖ ਰਿਹਾ ਸੀ। ਉਹ ਦੀਆਂ ਸਵਾਲੀਆਂ ਅੱਖਾਂ ਵੱਲ ਝਾਕ ਕੇ ਚੰਦਨ ਨੇ ਖ਼ਾਲੀ ਹੱਥ ਮਾਰਿਆ। ਕਸ਼ਮੀਰਾ ਸਿੰਘ ਉਦਾਸ ਖੜ੍ਹਾ ਰਹਿ ਗਿਆ।

ਮੁਣਸ਼ੀ ਜਾ ਚੁੱਕਿਆ ਸੀ। ਨਹਾ ਧੋ ਕੇ ਉਹ ਬੈਠੇ ਤਾਂ ਚੰਦਨ ਮਲਵੀਂ ਜਿਹੀ ਜੀਭ ਨਾਲ ਕਹਿਣ ਲੱਗਿਆ, ‘ਚਲ ਪੁੱਛ ਕੇਤਾਂ ਆਈਏ ਸਾਲੀ ਨੂੰ, ਕਿਉਂ ਨਾ ਖੋਲ੍ਹਿਆ ਕੁੰਡਾ?'

'ਓਏ, ਛੱਡ ਯਾਰ ਇਹੋ ਜ੍ਹੀ ਤੇਰੀ ਯਾਰੀ?'

'ਨਹੀਂ, ਚੱਲ। ਗੱਲ ਤਾਂ ਕਰੀਏ।'

'ਉਹ ਗਏ। ਮੁਣਸ਼ੀ ਪੱਠਿਆਂ ਨੂੰ ਗਿਆ ਹੋਇਆ ਸੀ। ਰੇਸ਼ਮਾ ਉਨ੍ਹਾਂ ਦੇ ਕੋਲ ਨਹੀਂ ਆਈ। ਚੰਦਨ ਨੇ ਹਾਕ ਮਾਰੀ ਤਾਂ ਉਹ ਧੀਮੇ ਕਦਮਾਂ ਨਾਲ ਆਈ। ‘ਰੇਸ਼ਮਾ, ਕੁੰਡਾ ਨਾ ਖੋਲ੍ਹਿਆ, ਰਾਤ?' ਚੰਦਨ ਨੇ ਰੋਬ੍ਹ ਦੇ ਕੇ ਪੁੱਛਿਆ। ਉਹ ਹੱਸਣ ਲੱਗੀ, 'ਤੂੰ ਆਇਆ ਸੀ?'

‘ਹੋਰ, ਕਿੰਨਾ ਚਿਰ ਤਾਂ ਖੜ੍ਹਾ ਰਿਹਾ। ਤੈਨੂੰ ਨਹੀਂ ਪਤਾ?'

‘ਪਤਾ ਕਿਵੇਂ ਨਾ ਹੋਵੇ ਯਾਰ।’ ਕਹਿ ਕੇ ਕਸ਼ਮੀਰਾ ਸਿੰਘ ਮੱਥੇ ਦਾ ਮੁੜ੍ਹਕਾ ਪੂੰਝਣ ਲੱਗਿਆ। ਰੇਸ਼ਮਾ ਨੂੰ ਸ਼ਰਮ ਆਈ।

'ਤੂੰ ਬਹੁਤ ਬੁਰਾ ਕੀਤਾ, ਰੇਸ਼ਮਾ। ਮੇਰਾ ਤਾਂ ਖ਼ੂਹ 'ਚ ਛਾਲ ਮਾਰਨ ਨੂੰ ਜੀਅ ਕਰਦਾ ਸੀ, ਰਾਤ।'

'ਫੇਰ ਮਾਰਦਾ।'

ਉਹ ਦੋਵੇਂ ਨਿੱਕਾ-ਨਿੱਕਾ ਹੱਸਣ ਲੱਗੇ। ਕਸ਼ਮੀਰਾ ਸਿੰਘ ਗੰਭੀਰ ਹੋਇਆ ਬੈਠਾ ਸੀ। ਜਿਵੇਂ ਉਨ੍ਹਾਂ 'ਤੇ ਉਸ ਨੂੰ ਖਿਝ ਚੜ੍ਹ ਹੀ ਹੋਵੇ। ਉਹ ਬੋਲਿਆ, 'ਗੋਲੀ ਮਾਰੇ, ਯਾਰ, ਇਹੋ ਜ੍ਹੀ ਤੀਵੀਂ ਦੇ। ਐਡੀ ਦੂਰ ਧੱਕੇ ਖਾਂਦਾ ਆਇਐਂ, ਕੀ ਯਾਰੀ ਐ ਤੇਰੀ? ਐਨੀ ਹੋਈ ਐ, ਹੁਣ ਫੇਰ ਦੰਦ ਕੱਢੀ ਜਾਨੈ।'

‘ਨਹੀਂ ਯਾਰ।' ਕੱਚਾ ਹੋਇਆ ਚੰਦਨ ਏਨਾ ਹੀ ਕਹਿ ਸਕਿਆ। ਰੇਸ਼ਮਾ ਜਿਵੇਂ ਧਰਤੀ ਵਿੱਚ ਗੱਡੀ ਖੜ੍ਹੀ ਹੋਵੇ।

‘ਹੁਣ ਕਦੋਂ ਆਵਾਂ? ਚੰਦਨ ਨੇ ਪੁੱਛਿਆ।

'ਓਏ ਜਾਹ।' ਕਹਿ ਕੇ ਕਸ਼ਮੀਰਾ ਸਿੰਘ ਉੱਠ ਖੜ੍ਹਾ ਹੋਇਆ।

ਰੇਸ਼ਮਾ ਆਕੜ ਜਿਹੀ ਦਿਖਾ ਕੇ ਅੰਦਰ ਨੂੰ ਚਲੀ ਗਈ।

ਰੇਸ਼ਮਾ ਦੇ ਘਰੋਂ ਉੱਠ ਕੇ ਚੰਦਨ ਢਿੱਲਾ ਜਿਹਾ ਕਸ਼ਮੀਰਾ ਸਿੰਘ ਦੇ ਮਗਰ-ਮਗਰ ਤੁਰਿਆ ਜਾ ਰਿਹਾ ਸੀ।

ਸੋਮਵਾਰ ਇੱਕ:

ਧਰਮਗੜ੍ਹ ਤੋਂ ਬੱਸ ਫੜ ਕੇ ਚੰਦਨ ਵੇਲੇ ਸਿਰ ਹੀ ਸ਼ਾਹਕੋਟ ਪਹੁੰਚ ਗਿਆ। ਬੈਂਕ ਦੇ ਮੁਲਾਜ਼ਮ ਇੱਕ-ਇੱਕ ਕਰਕੇ ਆ ਰਹੇ ਸਨ। ਮੈਨੇਜਰ ਸਾਢੇ ਦਸ ਵਜੇ ਆਇਆ ਕਰਦਾ। ਆਪਦੀ ਕੁਰਸੀ ਤੇ ਬੈਠਣ 'ਤੇ ਪਹਿਲਾਂ ਉਹ ਇਕੱਲੇ-ਇਕੱਲੇ ਮੁਲਾਜ਼ਮ ਕੋਲ ਜਾਂਦਾ ਤੇ ਹੱਥ ਮਿਲਾਉਂਦਾ। ਚੰਦਨ ਉਹ ਦੇ ਨਾਲ ਕੰਮ ਕਰਦੀ ਕੁੜੀ ਸ਼ੀਲ ਤੇ ਮਿਸਟਰ ਹਾਂਡਾ ਦੂਜੀ ਮੰਜ਼ਲ ’ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠਦੇ। ਮੈਨੇਜਰ ਨਾਲ ਹੱਥ ਮਿਲਾਉਣ ਤੋਂ ਬਾਅਦ ਹੀ ਉਹ ਉੱਤੇ ਜਾਂਦੇ, ਨਹੀਂ ਤਾਂ ਮੈਨੇਜਰ ਆਪ ਉੱਤੇ ਆਉਂਦਾ।

ਚੰਦਨ ਕੁਰਸੀ 'ਤੇ ਉਹ ਦਾ ਜੀਅ ਕੀਤਾ ਕਿ ਉਹ ਰੱਜ ਕੇ ਠੰਡਾ ਪਾਣੀ ਪੀਵੇ। ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਉਸ ਨੇ ਚਪੜਾਸੀ ਦਾ ਨਾਉਂ ਲਿਆ, ਉਹ ਓਥੇ ਨਹੀਂ ਸੀ। ਸ਼ੀਲ ਨੇ ਹੀ ਪੁੱਛਿਆ, 'ਦੱਸ ਕੀ ਚਾਹੀਦੈ?'

‘ਪਾਣੀ।' ਬਹੁਤ ਭੈੜਾ ਮੁੰਹ ਬਣਾ ਕੇ ਚੰਦਨ ਨੇ ਕਿਹਾ।

‘ਪਾਣੀ ਮੈਂ ਲਿਆ ਦਿੰਨੀ ਆਂ। ਹੋਰ ਦੱਸ।' ਸ਼ੀਲ ਦੂਜੇ ਕਮਰੇ ਵਿੱਚ ਗਈ ਤੇ ਕੋਰੇ ਘੜੇ ਵਿੱਚੋਂ ਪਾਣੀ ਦਾ ਗਲਾਸ ਭਰ ਲਿਆਈ। ਇੱਕ ਗਲਾਸ ਪੀ ਵੀ ਆਈ। ਹਾਂਡਾ ਕਮਰੇ ਵਿੱਚ ਨਹੀਂ ਸੀ। ਪਾਣੀ ਦਾ ਗਲਾਸ ਫੜਨ ਲੱਗਿਆ ਚੰਦਨ ਨੇ ਸ਼ੀਲ ਦੀਆਂ ਉਂਗਲਾਂ ਘੁੱਟ ਦਿੱਤੀਆਂ। ਸ਼ੀਲ ਨੇ ਬੁਰਾ ਮੂੰਹ ਬਣਾ ਲਿਆ ਤੇ ਕਹਿੰਦੀ, ‘ਇਹ ਫ਼ਜ਼ੂਲ ਗੱਲਾਂ ਕਰਕੇ ਮਿਲਦੈ ਭਲਾਂ ਕੁੱਛ?’

‘ਬਹੁਤ ਕੁੱਛ ਮਿਲਦੈ, ਤੈਨੂੰ ਨਹੀਂ ਪਤਾ?’

‘ਮੇਰੇ ਨਾਲ ਕੁਲੀਗ ਵਾਲੀਆਂ ਟਰਮਜ਼ ‘ਤੇ ਰਹਿ ਬੱਸ...’

‘ਨਹੀਂ ਤਾਂ, ਕੀ ਕਰੇਂਗੀ ਤੂੰ?’

ਸ਼ੀਲ ਨੇ ਅੱਖਾਂ ਭਰ ਲਈਆਂ।

‘ਇੱਕ ਗੱਲ ਦੱਸਾਂ ਤੈਨੂੰ’... ਪਾਣੀ ਪੀ ਕੇ ਚੰਦਨ ਦੇ ਚਿਹਰੇ ’ਤੇ ਤਾਜ਼ਗੀ ਆ ਗਈ ਲੱਗਦੀ ਸੀ। ਗਿੱਲੀਆਂ ਅੱਖਾਂ ਨਾਲ ਸ਼ੀਲ ਉਹ ਦੇ ਵੱਲ ਝਾਕਣ ਲੱਗੀ। ਚੰਦਨ ਨੇ ਕਹਿਣਾ ਸ਼ੁਰੂ ਕੀਤਾ, ‘ਬਹੁਤ ਸਦੀਆਂ ਪਹਿਲਾਂ ਦੇਵਤਿਆਂ ਤੇ ਰਾਖ਼ਸ਼ਾਂ ਨੇ ਸਮੁੰਦਰ ਰਿੜਕਿਆ ਸੀ। ਸਮੁੰਦਰ ਵਿੱਚੋਂ ਵਿਸ਼ ਤੇ ਅੰਮ੍ਰਿਤ ਨਿਕਲੇ ਸਨ। ਵਿਸ਼ ਤਾਂ ਰਾਖ਼ਸ਼ ਲੈ ਗਏ ਤੇ ਅੰਮ੍ਰਿਤ ਦੇਵਤੇ। ਉਹ ਅੰਮ੍ਰਿਤ ਹੁਣ ਪਤੈ, ਕਿੱਥੇ ਐਂ?’

ਸ਼ੀਲ ਉਤਸੁਕ ਨਿਗਾਹਾਂ ਨਾਲ ਉਹ ਦੇ ਵੱਲ ਤੱਕ ਰਹੀ ਸੀ। ਬੋਲਦੀ ਕੁਝ ਨਹੀਂ ਸੀ।

‘ਉਹ ਅੰਮ੍ਰਿਤ ਹੁਣ ਕੁੜੀਆਂ ਦੇ ਹੇਠਲੇ ਬੁੱਲ੍ਹਾ ਵਿੱਚ ਐ।’

‘ਕੀ?’ ਸ਼ੀਲ ਕੁਝ ਨਹੀਂ ਸਮਝੀ।

‘ਤੇਰੇ ਹੇਠਲੇ ਬੁੱਲ੍ਹ ਵਿੱਚ ਅੰਮ੍ਰਿਤ ਐ। ਮੈਂ ਇਹ ਅੰਮ੍ਰਿਤ ਪੀਣੈ।’

‘ਮਤਲਬ?’

‘ਜਿਵੇਂ ਸਪੇਰੇ ਸੱਪ ਦੇ ਡੰਗ ਦੀ ਜ਼ਹਿਰ ਮੂੰਹ ਨਾਲ ਜੂਸ ਲੈਂਦੇ ਨੇ, ਏਸੇ ਤਰੀਕੇ ਨਾਲ ਇਹ ਅੰਮ੍ਰਿਤ......’

ਹਾਂਡਾ ਅਜੇ ਵੀ ਨਹੀਂ ਆਇਆ।

ਚੰਦਨ ਉੱਠਿਆ ਤੇ ਸ਼ੀਲ ਵੱਲ ਵਧਿਆ। ਉਸ ਨੇ ਦੋਵਾਂ ਹੱਥਾਂ ਨਾਲ ਆਪਣਾ ਚਿਹਰਾ ਢਕ ਲਿਆ। ਚੰਦਨ ਨੇ ਉਹ ਦੇ ਹੱਥਾਂ ਨੂੰ ਪਰ੍ਹਾਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਹੱਥ ਜਿਵੇਂ ਸਰੇਸ ਲਾ ਕੇ ਚਿਹਰੇ ਦੇ ਨਾਲ ਹੀ ਚਿਪਕਾ ਦਿੱਤੇ ਗਏ ਹੋਣ।

ਹਾਂਡਾ ਆ ਗਿਆ। ਸ਼ੀਲ ਦੀਆਂ ਅੱਖਾਂ ਵਿੱਚ ਪਾਣੀ ਨਹੀਂ, ਪਰ ਉਹ ਬੁਝੀਆਂ-ਬੁਝੀਆਂ ਜ਼ਰੂਰ ਸਨ।

ਪਿਛਲੇ ਡੇਢ ਸਾਲ ਤੋਂ ਸ਼ੀਲ ਬੈਂਕ ਵਿੱਚ ਕੰਮ ਕਰਦੀ ਸੀ। ਉਹ ਪਿਓ ਮਾਰਿਆ ਹੋਇਆ ਸੀ। ਮਿਉਂਸਪਲ ਕਮੇਟੀ ਵਿੱਚ ਕਲਰਕ ਸੀ। ਕਿਵੇਂ ਨਾ ਕਿਵੇਂ ਉਸ ਨੇ ਸ਼ੀਲ ਨੂੰ ਬੀ.ਏ. ਕਰਵਾ ਦਿੱਤੀ ਤੇ ਫਿਰ ਬੈਂਕ ਵਿੱਚ ਮੁਲਾਜ਼ਮ ਵੀ। ਦਮੇ ਦਾ ਮਰੀਜ਼ ਸੀ। ਚੰਗਾ ਭਲਾ ਕੁਰਸੀ 'ਤੇ ਬੈਠਾ ਪ੍ਰਾਣ ਤਿਆਗ ਗਿਆ। ਮਿਉਂਸਪੈਲਿਟੀ ਵੱਲੋਂ ਬਹੁਤ ਘੱਟ ਪੈਸਾ ਸ਼ੀਲ ਦੀ ਮਾਂ ਨੂੰ ਮਿਲਿਆ। ਸ਼ੀਲ ਦਾ ਇੱਕ ਭਰਾ ਵੀ ਸੀ, ਜੋ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ।

ਚੰਦਨ ਨੂੰ ਉਹ ਪਹਿਲੇ ਦਿਨੋਂ ਹੀ ਚੰਗੀ ਲੱਗਣ ਲੱਗੀ ਸੀ। ਉਹ ਸਵੇਰੇ-ਸਵੇਰੇ ਬੈਂਕ ਆਉਂਦੀ ਤਾਂ ਸਿਰ ਝੁਕਾ ਕੇ ਚੰਦਨ ਨੂੰ ਨਮਸਕਾਰ ਕਰਦੀ। ਨਿੱਕੇ-ਨਿੱਕੇ ਕੰਮਾਂ ਵਿੱਚ ਉਹ ਦੀ ਮਦਦ ਕਰਦੀ ਰਹਿੰਦੀ।ਵਿਹਲੇ ਸਮੇਂ ਵਿੱਚ ਚੰਦਨ ਨਾਲ ਗੱਲਾਂ ਕਰਨ ਲੱਗਦੀ। ਲਿਟਰੇਚਰ, ਪਾਲਿਟਿਕਸ, ਦੋਸਤੀ ਤੇ ਘਰੇਲੂ ਕਿਸਮ ਦੀਆਂ ਗੱਲਾਂ ਉਹ ਕਰਦੇ। ਸ਼ੀਲ ਉਸ ਨੂੰ ਮਾਸੂਮ ਜਿਹੀ ਲੱਗਦੀ। ਉਹ ਨੂੰ ਲੱਗਦਾ ਜਿਵੇਂ ਉਹ ਦੀਆਂ ਅੱਖਾਂ ਵਿੱਚ ਮੁਕੰਮਲ ਔਰਤ ਤਾਂ ਅਜੇ ਉਤਰੀ ਹੀ ਨਾ ਹੋਵੇ। ਉਹ ਦਾ ਚਿਹਰਾ ਬਹੁਤ ਭੋਲਾ ਸੀ। ਇੱਕ ਦਿਨ ਚੰਦਨ ਉਸ ਨੂੰ ਪੁੱਛਣ ਲੱਗਿਆ, ‘ਅੱਛਾ ਸ਼ੀਲ, ਤੂੰ ਇਹ ਦੱਸ, ਤੂੰ ਐਨੀ ਚੰਗੀ ਕਿਉਂ ਐ?’

ਸ਼ੀਲ ਦੀ ਜਿਵੇਂ ਦੇਹ ਖਿੰਡ ਗਈ ਹੋਵੇ। ਉਸ ਦੇ ਪੈਰ ਜਿਵੇਂ ਧਰਤੀ ਉੱਤੋਂ ਉਤਾਂਹ ਚੁੱਕੇ ਗਏ ਹੋਣ। ਜਿਵੇਂ ਕਿਸੇ ਨੇ ਬਹੁਤ ਪਿਆਰੀ, ਬਹੁਤ ਡੂੰਘੀ ਗੱਲ ਉਸ ਨੂੰ ਪੁੱਛ ਲਈ ਹੋਵੇ। ਉਹ ਕੁਝ ਸੰਭਲੀ ਤੇ ਫਿਰ ਸਹਿਜ ਹੋਣ ਲੱਗੀ। ਕਿਹਾ, ‘ਹਾਏ, ਹਾਏ।’ ਤੇ ਫਿਰ ਉਲਟਾ ਕੇ ਕਹਿਣ ਲੱਗੀ, ‘ਇਹ ਗੱਲ ਜੇ ਮੈਂ ਤੈਨੂੰ ਪੁੱਛਾਂ?’

ਚੰਦਨ ਲਾਜਵਾਬ ਹੋ ਗਿਆ।

ਤੇ ਫਿਰ ਇੱਕ ਦਿਨ ਕੁਝ ਸਮੇਂ ਲਈ ਹਾਂਡਾ ਜਦ ਥੱਲੇ ਗਿਆ ਤੇ ਚਪੜਾਸੀ ਵੀ ਓਥੇ ਨਹੀਂ ਸੀ ਤਾਂ ਚੰਦਨ ਨੇ ਰੋਣ ਵਰਗਾ ਮੂੰਹ ਬਣਾ ਕੇ ਸ਼ੀਲ ਨੂੰ ਕਿਹਾ, ‘ਮੈਨੂੰ ਪਤਾ ਨ੍ਹੀਂ ਕੀ ਹੋ ਗਿਐ?’

‘ਕੀ ਹੋ ਗਿਐ?’

‘ਬੱਸ, ਕਾਲਜਾ ਢੇਰੀ ਜਾ ਹੁੰਦਾ ਰਹਿੰਦੈ। ਖੋਹ ਜਿਹੀ ਪੈਂਦੀ ਐ। ਪਤਾ ਨੀ ਕੀਹ ਐ ਇਹ?’

‘ਡਾਕਟਰ ਨੂੰ ਦਿਖਾਈਏ?’

ਨਹੀਂ, ਡਾਕਟਰ ਨੂੰ ਦਿਖੌਣ ਵਾਲੀ ਗੱਲ ਨੀ।’

‘ਹੋਰ?’

‘ਤੂੰ ਕਰ ਦਿੱਤਾ ਕੁੱਛ ਮੈਨੂੰ ਤਾਂ।’

‘ਮੈਂ ਕੀ ਕਰ ਦਿੱਤਾ?’

‘ਤੂੰ ਹਰ ਵੇਲੇ ਮੇਰੇ ਦਿਮਾਗ਼ 'ਚ ਘੁੰਮਦੀ ਰਹਿਨੀ ਐਂ। ਨਾ ਤਾਂ ਮੈਨੂੰ ਭੁੱਖ ਲੱਗਦੀ ਐ, ਨਾ ਨੀਂਦ ਔਂਦੀ ਐ। ਦਿਨ ਨੂੰ ਵੀ ਤੇਰੇ ਸੁਪਨੇ ਔਂਦੇ ਰਹਿੰਦੇ ਨੇ। ਤੂੰ ਜ਼ਰੂਰ ਕੋਈ ਜਾਦੂ ਸਿੱਟਿਆ ਮੇਰੇ 'ਤੇ।’

ਸ਼ੀਲ ਸਮਝ ਗਈ। ਕਹਿਣ ਲੱਗੀ, ‘ਦੇਖ ਆਪਾਂ ਤਾਂ ਭੈਣ-ਭਰਾ ਬਣ ਕੇ ਰਹਿਣੈ, ਚੰਦਨ। ਮਨ ਨੂੰ ਸਮਝਾਓ ਮਹਾਰਾਜ।’

‘ਹਉਂਕਾ ਲੈ ਕੇ ਚੰਦਨ ਚੁੱਪ ਹੋ ਗਿਆ। ਆਪਣਾ ਕੰਮ ਕਰਨ ਲੱਗਿਆ। ਅੰਧੇ ਮਿੰਟ ਬਾਅਦ ਹੀ ਉਹ ਇਕ ਲੰਬਾ ਸਾਹ ਛੱਡ ਦਿੰਦਾ।

ਸ਼ੀਲ ਕਹਿਣ ਲੱਗੀ, ‘ਚੁੱਪ ਕਿਉਂ ਹੋ ਗਿਐ?’

‘ਬੰਸ ਠੀਕ ਐ....’ ਉਹ ਬਹੁਤ ਦੁਖੀ ਸੀ।

‘ਕਮਲਾ ਨ੍ਹੀਂ ਬਣੀਂਦਾ। ਮੈਂ ਕਦੇ ਕਹੀ ਐ ਕੋਈ ਗੱਲ ਤੈਨੂੰ?’

‘ਤੂੰ ਨਾ ਕਹਿ। ਮੈਂ ਤਾਂ....ਮੇਰੇ ਦਿਮਾਗ਼ ਵਿੱਚ ਤਾਂ ਹੁਣ ਤੂੰ..’

ਹਾਂਡਾ ਆ ਗਿਆ। ਹਾਂਡਾ ਚੰਦਨ ਨੂੰ ਬਹੁਤ ਬੁਰਾ ਲੱਗਦਾ। ਉਹ ਦੇ ਨਾਲ ਚੰਦਨ ਬਹੁਤ ਘੱਟ ਗੱਲ ਕਰਦਾ ਸ਼ੀਲ ਹੀ ਹਾਂਡੇ ਨੂੰ ਬੁਲਾਉਂਦੀ, ਕੋਈ ਗੱਲ ਕਰਦੀ। ਹਾਂਡਾ ਸਧਾਰਨ ਕਿਸਮ ਦਾ ਆਦਮੀ ਸੀ। ਉਸ ਨੂੰ ਕੋਈ ਅਨੁਭਵ ਨਹੀਂ ਸੀ ਕਿ ਉਸ ਨਿੱਕੇ ਜਿਹੇ ਕਮਰੇ ਵਿੱਚ ਕੀ ਨਾਟਕ ਹੋ ਰਿਹਾ ਹੈ।

ਇੱਕ ਦਿਨ ਚੰਦਨ ਨੇ ਸ਼ੀਲ ਨੂੰ ਇਕੱਲ ਦੇਖ ਕੇ ਬਹੁਤ ਪਿਆਰ ਨਾਲ ਪੁੱਛਿਆ, ‘ਤੇਰੀ ਢੂਹੀ ’ਤੇ ਇੱਕ ਮੁੱਕੀ ਮਾਰ ਲਵਾਂ?'

ਸ਼ੀਲ ਨੇ ਨਾਂਹ ਵਿੱਚ ਸਿਰ ਹਿਲਾਇਆ। ਚੰਦਨ ਉਦਾਸ ਹੋ ਕੇ ਆਪਣੀ ਕੁਰਸੀ 'ਤੇ ਡਿੱਗ ਪਿਆ।

‘ਨਰਾਜ਼ ਹੋ ਗਿਐ?'

'ਨਹੀਂ।'

‘ਹੋਰ? ਮੂੰਹ ਕਿਵੇਂ ਕਰ ਲਿਐ?'

‘ਮੈਂ ਨਰਾਜ਼ ਹੋ ਕੇ ਤੇਰਾ ਕੀ ਖੋਹ ਲੂੰ ? ਤੇਰੇ ’ਤੇ ਜ਼ੋਰ ਤਾਂ ਨ੍ਹੀਂ ਮੇਰਾ ਕੋਈ।'

ਇਹ ਗੱਲ ਸ਼ੀਲ ਨੂੰ ਜੀਵੇਂ ਧੁਰ ਤੱਕ ਸੱਲ ਗਈ ਹੋਵੇ, ਕਹਿਣ ਲੱਗੀ, 'ਖਾਹ ਮਖਾਹ ਕਾਹਤੋਂ ਮੇਰਾ ਮੂਡ ਖਰਾਬ ਕਰ ਦਿੰਨੈ?'

ਹਾਂਡਾ ਆ ਗਿਆ।

ਇੱਕ ਦਿਨ ਚੰਦਨ ਸ਼ੀਲ ਦੇ ਮੂੰਹ ਵੱਲ ਦੇਖਦਾ ਰਿਹਾ ਤੇ ਫਿਰ ਕਹਿਣ ਲੱਗਾ, 'ਤੂੰ ਇੱਕ ਚਿੜੀ ਐਂ।'

ਇੱਕ ਦਿਨ ਫੇਰ ਥੋੜ੍ਹੀ ਜਿਹੀ ਇਕੱਲੀ ਲੱਭ ਦੇ ਚੰਦਨ ਨੇ ਸ਼ੀਲ ਦੀ ਗੱਲ ਨੂੰ ਸਹਿਲਾ ਦਿੱਤਾ। ਉਹ ਅਹਿੱਲ ਬੈਠੀ ਰਹੀ। ਐਨਾ ਹੀ ਮੂੰਹੋਂ ਬੋਲੀ, 'ਹਟਦਾ ਤਾਂ ਨਹੀਂ ਸ਼ਰਾਰਤ ਤੋਂ?'

'ਤੂੰ ਇੱਕ ਘੁੱਗੀ ਐਂ।' ਉਹ ਕਹਿ ਗਿਆ, 'ਮੈਂ ਚਾਹੁੰਨਾ ਤੂੰ ਇੱਕ ਕਬੂਤਰੀ ਬਣ ਜਾਏਂ। ਅਕਾਸ਼ਾਂ ਵਿੱਚ ਪੁੱਠੀਆਂ ਛਾਲਾਂ ਮਾਰਨ ਵਾਲੀ। ਕਿਸੇ ਤੋਂ ਨਾ ਡਰਨ ਵਾਲੀ। ਉਤਰੇਂ ਤਾਂ ਮੇਰੇ ਹੱਥ ’ਤੇ ਉਤਰੇਂ। ਆਪਣੇ ਹੱਥ ’ਤੇ ਮੈਂ ਤੈਨੂੰ ਚੋਗ ਚੁਗਾਵਾਂ......?

‘ਬੱਸ, ਜਨੌਰ-ਪੰਛੀ ਈ ਬਣਾਈ ਜਾਇਆ ਕਰ ਮੈਨੂੰ ਤਾਂ।' ਉਹ ਪੋਲਾ ਜਿਹਾ ਮੂੰਹ ਬਣਾ ਕੇ ਬੋਲੀ।ਚੰਦਨ ਨੇ ਉਹਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਤੇ ਬਹੁਤ ਪਿਆਰ ਨਾਲ ਪੋਲਾ ਜਿਹਾ ਘੁੱਟਿਆ। ਸ਼ੀਲ ਨੇ ਮੁਸਕਰਾ ਦਿੱਤਾ। ਉਸ ਦੀ ਇਸ ਮੁਸਕਰਾਹਟ ਵਿੱਚ ਗੰਭੀਰਤਾ ਦੀ ਛੋਹ ਵੀ ਸੀ।

ਉਸ ਦਿਨ ਧਰਮਗੜ੍ਹ ਤੋਂ ਆ ਕੇ ਚੰਦਨ ਬਹੁਤ ਉਦਾਸ ਬੈਠਾ ਸੀ। ਇੱਕ ਵਾਰੀ ਦਹੀਂ ਦੀ ਲੱਸੀ ਦੇ ਦੋ ਗਲਾਸ ਮੰਗਵਾਏ, ਉਹ ਨੇ ਤੇ ਸ਼ੀਲ ਨੇ ਲੱਸੀ ਪੀਤੀ। ਹਾਂਡਾ ਲੱਸੀ ਨਹੀਂ ਪੀਂਦਾ ਸੀ। ਇੱਕ ਵਾਰੀ ਚੰਦਨ ਨੇ ਚਾਹ ਮੰਗਵਾਈ। ਉਹ ਨੇ ਤੇ ਹਾਂਡਾ ਨੇ ਪੀਤੀ ਸੀ। ਸ਼ੀਲ ਚਾਹ ਨਹੀਂ ਪੈਂਦੀ ਸੀ। ਇੱਕ ਵਾਰੀ ਹਾਂਡੇ ਨੇ ਵੀ ਚਾਹ ਮੰਗਵਾ ਲਈ। ਉਹ ਤਿੰਨੇ ਕੰਮ ਨਿਬੇੜਨ ਲੱਗੇ। ਚੰਦਨ ਤੋਂ ਕੰਮ ਨਹੀਂ ਹੋ ਰਿਹਾ ਸੀ ਤੇ ਫਿਰ ਹਾਂਡੇ ਦਾ ਮੁੰਡਾ ਘਰੋਂ ਆਇਆ। ਹਾਂਡੇ ਦੀ ਬੀਵੀ ਅਚਾਨਕ ਬਿਮਾਰ ਹੋ ਗਈ ਸੀ। ਇੱਕ ਵੱਜ ਰਿਹਾ ਸੀ। ਹਾਂਡਾ ਅੱਧੀ ਛੁੱਟੀ ਲੈ ਕੇ ਘਰ ਚਲਿਆ ਗਿਆ।

ਡੇਢ ਵੱਜਿਆ ਤਾਂ ਸ਼ੀਲ ਨੇ ਆਪਣਾ ਟਿਫ਼ਨ ਖੋਲ੍ਹਿਆ।

‘ਤੇਰਾ ਟਿਫ਼ਨ? ਸ਼ੀਲ ਨੇ ਪੁੱਛਿਆ।' 'ਅੱਜ ਤਾਂ ਤੇਰੀ ਰੋਟੀ ਖਾਣੀ ਐ।'

ਉਤਲੇ ਢੱਕਣ ਵਿੱਚ ਆਲੂ-ਵੜੀਆਂ ਦੀ ਸਬਜ਼ੀ ਪਾ ਕੇ ਉਹ ਚੰਦਨ ਨੂੰ ਦੇਣ ਲੱਗੀ ਤਾਂ ਉਹ ਕਹਿੰਦਾ, 'ਤੇਰੇ ਨਾਲ ਈ ਲਾ ਲੈਨਾਂ ਦੋ ਬੁਰਕੀਆਂ। ਭੁੱਖ ਤਾਂ ਕੋਈ ਖ਼ਾਸ ਨ੍ਹੀਂ।'

‘ਰਹਿਣ ਦੇ ਬਾਬਾ, ਉੱਤੇ ਆ ਗਿਆ ਕੋਈ, ਗੱਲਾਂ ਬਣਦੀਆਂ ਫਿਰਨਗੀਆਂ।'

ਦੋ ਫੁਲਕੇ ਸ਼ੀਲ ਨੇ ਚੰਦਨ ਦੇ ਹੱਥਾਂ 'ਤੇ ਰੱਖ ਦਿੱਤੇ। ਵੱਖਰੇ ਗਲਾਸ ਵਿੱਚ ਪਾਣੀ ਲਿਆ ਕੇ ਉਹ ਦੇ ਮੇਜ਼ 'ਤੇ ਰੱਖ ਦਿੱਤਾ। ਦੋਵੇਂ ਰੋਟੀ ਖਾਣ ਲੱਗੇ। ਸ਼ੀਲ ਉਸ ਨੂੰ ਬਹੁਤ ਪਿਆਰੀ ਲੱਗ ਰਹੀ ਸੀ।

ਉਹ ਰੋਟੀ ਖਾ ਕੇ ਹਟੇ ਤਾਂ ਸ਼ੀਲ ਦੂਜੇ ਕਮਰੇ ਵਿੱਚ ਪਾਣੀ ਲੈਣ ਗਈ। ਚੰਦਨ ਉਹ ਦੇ ਮਗਰ ਹੀ ਚਲਿਆ ਗਿਆ। ਉਹ ਦੀਆਂ ਅੱਖਾਂ ਨੂੰ ਦੇਖ ਕੇ ਸ਼ੀਲ ਕਹਿਣ ਲੱਗੀ, ਦੇਖ, ਮੈਂ ਰੌਲਾ ਪਾ ਦਿਊਂਗੀ।' ਪਰ ਚੰਦਨ ਨੂੰ ਜਿਵੇਂ ਕੁਝ ਵੀ ਸੁਣਿਆ ਨਾ ਹੋਵੇ। ਉਹ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕਰਨ ਲੱਗਿਆ। ਕੱਚ ਦਾ ਗਲਾਸ ਫ਼ਰਸ਼ 'ਤੇ ਡਿੱਗ ਕੇ ਟੁੱਟਣ ਦੀ ਅਵਾਜ਼ ਦੋਵੇਂ ਕਮਰਿਆਂ ਦੇ ਨਿੱਕੇ ਜਿਹੇ ਵਾਯੂ ਮੰਡਲ ਵਿੱਚ ਫੈਲ ਗਈ। ਸ਼ੀਲ ਭੱਜ ਦੇ ਆਪਣੀ ਸੀਟ ’ਤੇ ਆ ਬੈਠੀ ਤੇ ਫਿਰ ਉੱਠ ਕੇ ਬਜ਼ਾਰ ਵੱਲ ਖੁੱਲ੍ਹਦੀ ਖਿੜਕੀ ਵਿੱਚ ਦੀ ਮੂੰਹ ਕੱਢ ਕੇ ਬਾਹਰ ਦੇਖਣ ਲੱਗੀ। ਬਜ਼ਾਰ ਵਿੱਚ ਕਣਕਾਂ ਦੇ ਢੇਰਾਂ ਨੂੰ ਝਾਰ ਲੱਗ ਰਹੇ ਸਨ। ਟਰੈਕਟਰ-ਟਰਾਲੀਆਂ ਤੇ ਉਠ ਗੱਡੀਆਂ ਥਾਂ-ਥਾਂ ਖੜ੍ਹੀਆਂ ਸਨ। ਸਾਹਾਂ ਨੂੰ ਹਉਂਕ ਚਾੜ੍ਹਦੀ ਧੂੜ ਉੱਠ ਰਹੀ ਸੀ। ਲੋਕ ਕਾਹਲੀ ਕਾਹਲੀ ਏਧਰੋਂ ਓਧਰੋਂ ਆ ਜਾ ਰਹੇ ਸਨ। ਚੰਦਨ ਅੰਦਰੇ ਖੜ੍ਹਾ ਬੋਲੀਂ ਜਾ ਰਿਹਾ ਸੀ, ‘ਸ਼ੀਲ! ਸ਼ੀਲ!'

ਤੇ ਫਿਰ ਡਿੱਗਦੇ-ਥਿੜਕਦੇ ਕਦਮਾਂ ਨਾਲ ਉਹ ਆਪਣੀ ਸੀਟ ਤੱਕ ਪਹੁੰਚਿਆ। ਸ਼ੀਲ ਨੇ ਧੀਮੀ, ਪਰ ਕੜਕਵੀਂ ਰੁੱਖੀ ਅਵਾਜ਼ ਵਿੱਚ ਉਸ ਨੂੰ ਆਖਿਆ, 'ਦੇਖ ਚੰਦਨ, ਬੰਦਾ ਬਣ ਕੇ ਬੈਠ। ਇਹੀ ਹਰਕਤਾਂ ਕਰਨੀਆਂ ਨੇ ਤਾਂ ਮੈਂ ਥੱਲੇ ਚਲੀ ਜਾਨੀ ਆਂ।'

'ਨਹੀਂ, ਠੀਕ ਐ। ਹੁਣ ਮੈਂ ਤੈਨੂੰ ਕੁੱਛ ਨਹੀਂ ਕਹਿਣਾ। ਕਦੇ ਵੀ ਕੁੱਛ ਨਹੀਂ ਕਹਿਣਾ। ਮੈਂ ਬੇਵਕੂਫ਼ ਆਂ, ਸ਼ੀਲ।' ਚੰਦਨ ਦੇ ਸੰਘ ਵਿੱਚ ਅੱਥਰੂ ਉਤਰ ਆਏ।

ਪੰਜ ਵੱਜੇ ਸਨ। ਸ਼ੀਲ ਚੰਦਨ ਨੂੰ ਪੁੱਛ ਰਹੀ ਸੀ, 'ਤੂੰ ਅੱਜ ਘਰੋਂ ਕੀ ਖਾ ਕੇ ਆਇਆ’

‘ਧੱਕੇ।’ ਬਹੁਤ ਰੁੱਖੀ ਅਵਾਜ਼ ਵਿੱਚ ਉਸ ਨੇ ਜਵਾਬ ਦਿੱਤਾ।

‘ਸ਼ੀਲ ਹੱਸਣ ਲੱਗੀ ਤੇ ਫਿਰ ਮੁਸਕਰਾਹਟ ਤੇ ਗੰਭੀਰਤਾ ਦੇ ਰਲਵੇਂ-ਮਿਲਵੇਂ ਲਹਿਜੇ ਵਿੱਚ ਉਹ ਚੰਦਰ ਨੂੰ ਪੁੱਛਣ ਲੱਗੀ, ‘ਨਰਾਜ਼ ਹੋ ਕੇ ਤਾਂ ਨ੍ਹੀਂ ਜਾ ਰਿਹਾ?'

‘ਚੰਦਨ ਚੁੱਪ ਸੀ।'

‘ਬੋਲਣਾ ਨਹੀਂ?'

'ਐਨਾ ਕਹਿ ਕੇ ਉਹ ਪੌੜੀਆਂ ਉਤਰਨ ਲੱਗਿਆ, 'ਗੱਲਾਂ ਦਾ ਫੋਕਾ ਪਾਣੀ ਦੇ ਕੇ ਨਾ ਮਾਰ।' ਸੋਮਵਾਰ-ਦੋ:

ਮਿੰਦਰੋ ਚੰਦਨ ਦੀ ਹਾਨਣ ਸੀ।ਉਹ ਬਚਪਨ ਵਿੱਚ ਇਕੱਠੇ ਖੇਡੇ ਸਨ। ਦਾਈਦੁੱਕੜੇ ਦੀ ਖੇਡ ਉਨ੍ਹਾਂ ਨੂੰ ਬਹੁਤ ਪੰਸਦ ਸੀ। ਉਹ ਤਾਂ ਦਿਨ ਹੀ ਬੜੇ ਚੰਗੇ ਸਨ। ਵੱਡੇ-ਵੱਡੇ ਮੁੰਡੇ ਕੁੜੀਆਂ ਰਲਕੇ ਖੇਡਦੇ।ਮਿੰਦਰੋਂ ਦਾ ਹਰਖੀ ਸੁਭਾਅ ਸੀ। ਉਹ ਗੱਲ-ਗੱਲ ਤੇ ਚੰਦਨ ਨਾਲ ਲੜਦੀ। ਕਈ ਵਾਰ ਤਾਂ ਉਹ ਚੰਦਨ ਨੂੰ ਕੁੱਟ ਵੀ ਦਿੰਦੀ। ਚੰਦਨ ਦਾ ਕੂਨਾ ਸੁਭਾਅ ਸੀ, ਪਰ ਉਹ ਚੰਦਨ ਨੂੰ ਗੁੱਝਾ ਪਿਆਰ ਵੀ ਬਹੁਤ ਕਰਦੀ। ਉਹ ਦੇ ਬਗੈਰ ਹਥਾਈ ਵਿੱਚ ਖੇਡਣ ਨਾ ਜਾਂਦੀ। ਇੱਕ ਦਿਨ ਬੱਕਰੀਆਂ ਵਾਲੇ ਘੱਦੇ ਦੇ ਮੁੰਡੇ ਦਿਆਲੇ ਨੇ ਜਿਹੜਾ ਸਾਰਿਆਂ ਵਿੱਚੋਂ ਵੱਡੀ ਉਮਰ ਦਾ ਸੀ, ਮਿੰਦਰੋਂ ਦੀ ਛਾਤੀ ਨੂੰ ਹੱਥ ਪਾ ਲਿਆ। ਉਸ ਨੇ ਆਪਣੀ ਮਾਂ ਨੂੰ ਜਾ ਦੱਸਿਆ। ਮਾਂ ਘੁੱਦੇ ਦੇ ਘਰ ਉਲਾਂਭਾ ਲੈ ਕੇ ਨਹੀਂ ਗਈ, ਪਰ ਮਿੰਦਰੋ ਦਾ ਹਥਾਈ ਵਿੱਚ ਜਾ ਕੇ ਖੇਡਣਾ ਓਦਣ ਤੋਂ ਹੀ ਬੰਦ ਹੋ ਗਿਆ।

ਹੁਣ ਮਿੰਦਰੋਂ ਘਰ ਵਿੱਚ ਹੀ ਰਹਿੰਦੀ, ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਰਹਿੰਦੀ। ਵੀਹੀ-ਗਲੀਂ ਲੰਘਦੀ-ਵੜਦੀ ਉਹ ਚੰਦਨ ਨਾਲ ਗੱਲ ਕਰਦੀ। ਉਹ ਦੀਆਂ ਗੱਲਾਂ ਵਿੱਚ ਸੰਕੋਚ ਹੁੰਦਾ। ਉਹਦੀਆਂ ਅੱਖਾਂ ਵਿੱਚ ਕੋਈ ਭੇਤ ਜਿਹਾ ਝਕਲਦਾ।

ਗਰਮੀਆਂ ਦਾ ਤਿੱਖੜ ਦੁਪਹਿਰਾ ਸੀ। ਵਿਸਾਖ-ਜੇਠ ਦਾ ਮੌਸਮ। ਕੰਮ ਦੀ ਰੁੱਤ। ਮਿੰਦਰੋ ਦਾ ਕੋਈ ਵੀ ਘਰ ਨਹੀਂ ਸੀ। ਚੰਦਨ ਨੇ ਦੇਖਿਆ, ਉਨ੍ਹਾਂ ਦੇ ਵਿਹੜੇ ਵਿੱਚ ਪੰਕੀਆਂ ਡਲੀਆਂ ਡਿੱਗ ਰਹੀਆਂ ਸਨ। ਉਹ ਦਰਵਾਜ਼ੇ ਵਿੱਚ ਪਿਆ ਸੀ, ਜਾਗਦਾ ਸੀ। ਚਿੜੀਆਂ ਦੀ ਚਿਰ-ਚਿਰ ਉਹ ਨੂੰ ਸੌਣ ਨਹੀਂ ਦੇ ਰਹੀ ਸੀ। ਉਨ੍ਹਾਂ ਦਿਨਾਂ ਵਿੱਚ ਉਹ ਅਜੇ ਭੁਰਥਲਾ ਮੰਡੇਰ ਨਹੀਂ ਗਿਆ। ਸੀ। ਪਿੰਡ ਦੇ ਪ੍ਰਾਇਮਰੀ ਸਕੂਲ ਦੀ ਚੌਥੀ ਜਮਾਤ ਵਿੱਚ ਪੜ੍ਹਦਾ ਸੀ।

ਡਲੀਆਂ ਡਿੱਗਦੀਆਂ ਦੇਖ ਕੇ ਉਹ ਦਰਵਾਜ਼ੇ ਵਿੱਚੋਂ ਉੱਠਿਆ ਤੇ ਵਿਹੜੇ ਦੀ ਨੀਵੀਂ ਕੰਧ ਨਾਲ ਲੱਗਦੀ ਖੁਰਲੀ ’ਤੇ ਚੜ੍ਹ ਕੇ ਕੰਧ ਉੱਤੋਂ ਦੀ ਗਲ ਕੱਢ ਕੇ ਦੇਖਿਆ, ‘ਮਿੰਦਰੋ ਆਪਣੇ ਦਰਵਾਜ਼ੇ ਅੱਗੇ ਖੜ੍ਹੀ ਸੀ। ਹੋਰ ਡਲੀ ਵਗਾਹੁਣ ਲਈ ਉਹ ਦਾ ਹੱਥ ਉੱਠਿਆ ਹੋਇਆ ਸੀ। ਚੰਦਨ ਨੇ ਪੁੱਛਿਆ, 'ਇਹ ਡਲੀਆਂ ਕੌਣ ਮਾਰਦੈ, ਸਾਡੇ ਵਿਹੜੇ 'ਚ?'

'ਮੈਂ।" ਮਿੰਦਰੋ ਨੇ ਨੀਵੀਂ ਪਾ ਕੇ ਧੀਮੀ ਅਵਾਜ਼ ਵਿੱਚ ਜਵਾਬ ਦਿੱਤਾ।

"ਕਿਉਂ?'

‘ਆ ਤਾਂ ਸਹੀ। ਸਾਡਾ ਕੋਈ ਘਰੇ ਨ੍ਹੀਂ। ਤੂੰ ਆ ਜਾ।'

'ਗੱਲ ਤਾਂ ਦੱਸ।'

‘ਤੂੰ ਆ ਜਾ ਬਸ। ਆਏ ਨੂੰ ਦੱਸੂਗੀ।'

'ਨਾ।'

‘ਵਾਹ ਵੇ ਤੇਰੇ। ਮਿੰਦਰ ਢਿੱਲੀ ਹੋਣ ਲੱਗੀ।'

‘ਤੂੰ ਡਲੀਆਂ ਕਾਹਤੋਂ ਮਾਰਦੀ ਐਂ?'

ਮੈਂ ਤਾਂ ਚਿੜੀ ਦੇ ਮਾਰਦੀ ਸੀ। ਕੋਈ ਥੋਡੇ ਘਰ ਜਾ ਡਿੱਗੀ ਹੋਣੀ ਐ। ਵੱਡਾ ਆਇਐ ਇਹ ... ਚੱਲ ਪਰੇ।' ‘ਜਾਹ, ਕਰਦੀ ਕੀਹ ਐ।' ਉਹ ਖੁਰਲੀ ਤੋਂ ਥੱਲੇ ਉਤਰ ਆਇਆ ਤੇ ਆਪਣੇ ਦਰਵਾਜ਼ੇ ਦੀਆਂ ਚਿੜੀਆਂ ਉਡਾਉਣ ਲੱਗਿਆ।

ਕਈ ਸਾਲਾਂ ਤੱਕ ਤਾਂ ਮਿੰਦਰੋ ਲਈ ਕੋਈ ਮੁੰਡਾ ਨਹੀਂ ਲੱਭਿਆ ਜਾ ਸਕਿਆ ਸੀ। ਉਹਦੀ ਉਮਰ ਬਾਈ-ਤੇਈ ਸਾਲ ਹੋ ਚੁੱਕੀ ਸੀ।ਉਹਦੀ ਮਾਂ ਬੜੀ ਨਿਘੋਚਣ ਸੀ। ਕੋਈ ਮੁੰਡਾ ਉਹ ਦੇ ਪਸੰਦ ਨਹੀਂ ਆਉਂਦਾ ਸੀ। ਉਹ ਬਹੁਤ ਸੁਹਣਾ ਮੁੰਡਾ ਭਾਲਦੀ ਸੀ। ਮਿੰਦਰੋ ਐਨੀ ਸੁਹਣੀ ਨਹੀਂ ਸੀ। ਉਹਦਾ ਰੰਗ ਗੰਦਮੀ ਸੀ। ਮੂੰਹ ਤੇ ਮਾਤਾ ਦੇ ਦਾਗ਼ ਸਨ। ਨੱਕ ਮੋਟਾ ਸੀ। ਕੱਦ ਲੰਬਾ ਤੇ ਸਰੀਰ ਅਕਹਿਰਾ। ਢਾਂਗਾ ਜਹੀ ਲੱਗਦੀ। ਇੱਕ ਗੱਲ ਜ਼ਰੂਰ ਸੀ, ਉਹ ਦੀਆਂ ਅੱਖਾਂ ਬਹੁਤ ਸੁਹਣੀਆਂ ਸਨ, ਮੋਟੀਆਂ-ਮੋਟੀਆਂ। ਅਖੀਰ ਉਹਦੇ ਲਈ ਮੁੰਡਾ ਲੱਭਿਆ ਗਿਆ ਤਾਂ ਬਹੁਤ ਸੁਹਣਾ ਹੀ।ਬਰਾਤ ਆਈ ਤਾਂ ਬੁੜ੍ਹੀਆਂ ਗੱਲਾਂ ਕਰਦੀਆਂ ਸਨ, ‘ਚੰਦ ਨੂੰ ਗ੍ਰਹਿਣ ਲੱਗ ਗਿਆ, ਭੈਣੇ।'

ਕਿੰਨੇ ਹੀ ਸਾਲ ਮਿੰਦਰੋ ਦੇ ਕੋਈ ਜਵਾਕ ਨਾ ਹੋਇਆ। ਮਾਂ ਕੋਲ ਆਕੇ ਉਹ ਗੁੱਝਾ-ਗੁੱਝਾ ਇਲਾਜ ਕਰਵਾਉਂਦੀ। ਉਹ ਦੇ ਘਰ ਵਾਲੇ ਕੋਲ ਚੰਗੀ ਜ਼ਮੀਨ ਸੀ। ਮਿੰਦਰੋ ਦਾ ਸਾਕ ਤਾਂ ਉਹ ਨੇ ਇਸ ਕਰਕੇ ਲੈ ਲਿਆ ਸੀ, ਕਿਉਂਕਿ ਮਿਦਰੋ ਨੂੰ ਦਾਜ ਬਹੁਤ ਸਾਰਾ ਦਿੱਤਾ ਗਿਆ ਸੀ।ਪ੍ਰਾਹੁਣੇ ਨੂੰ ਘੋੜੀ ਤੇ ਸੋਨੇ ਦਾ ਕੰਠਾ। ਮਿੰਦਰੋ ਨੂੰ ਕਈ ਤੋਲੇ ਸੋਨਾ। ਇੱਕ ਸੱਜਰੀ ਸੂਈ ਮੱਝ। ਲੀੜੇ-ਕੱਪੜੇ ਦਾ ਕੋਈ ਅੰਤ-ਹਿਸਾਬ ਨਹੀਂ ਸੀ। ਉਹ ਇਕੱਲਾ ਪੁੱਤ ਸੀ। ਪੈਂਤੀ ਸਾਲ ਤੋਂ ਉੱਤੇ ਉਹ ਦੀ ਉਮਰ ਹੋ ਚੱਲੀ ਸੀ, ਪਰ ਜਵਾਕ ਕੋਈ ਨਹੀਂ ਸੀ। ਘਰ ਐਵੇਂ ਜਾਂਦਾ ਸੀ। ਬੱਤੀ ਨਾਲ ਬੱਤੀ ਲੱਗਣੀ ਬਹੁਤ ਜ਼ਰੂਰੀ ਸੀ। ਉਹ ਨੇ ਦੂਜਾ ਵਿਆਹ ਕਰਵਾਉਣ ਦੀ ਗੱਲ ਛੇੜੀ। ਮਿੰਦਰੋ ਝੱਟ ਰਾਣੀਸਰ ਪਹੁੰਚੀ, ਮਾਂ ਨੂੰ ਸਾਰੀ ਗੱਲ ਦੱਸੀ।

ਮਾਂ ਨੇ ਸਾਰੀ ਉਮਰ ਮਿੰਦਰੋ ਦੇ ਪਿਓ ਨੂੰ ਜੁੱਤੀ ਥੱਲੇ ਰੱਖਿਆ ਸੀ। ਟੂਣੇ-ਟਾਮਣ ਕਰਦੀ ਰਹਿੰਦੀ। ਪਿੰਡ ਦੇ ਹੀ ਗੁਰਬਚਨ ਦਾਸ ਸਾਧ ਤੋਂ ਉਹ ਨੇ ਤਬੀਤ ਦੁੱਧ ਵਿੱਚ ਘੋਲ ਕੇ ਪਿਆਉਣ ਨਾਲ ਹੀ ਪ੍ਰਾਹੁਣੇ ਨੇ ਮਿੰਦਰੋ ਦੇ ਪੈਰਾਂ ਵਿੱਚ ਪੱਗ ਰੱਖ ਦੇਣੀ ਸੀ।

ਰਾਤ ਦੀ ਰੋਟੀ ਤੋਂ ਬਾਅਦ ਉਹ ਤੌੜੀ ਵਿੱਚੋਂ ਦੁੱਧ ਦਾ ਛੰਨਾ ਭਰ ਕੇ ਆਪਣੇ ਘਰ ਵਾਲੇ ਨੂੰ ਫੜਾਉਣ ਦੀ ਥਾਂ ਅੰਦਰ ਸਬਾਤ ਵਿੱਚ ਲੈ ਗਈ। ਉਹ ਵਿਹੜੇ ਵਿੱਚ ਮੰਜੇ ’ਤੇ ਪਿਆ ਸੀ ਤੇ ਆਪਣੀ ਮਾਂ ਨਾਲ ਖੇਤਾਂ ਦੀ ਕੋਈ ਗੱਲ ਕਰ ਰਿਹਾ ਸੀ। ਸੱਸ ਨੇ ਨਾਈਆਂ ਦੀ ਬਹੂ ਨੂੰ ਦਿਨ ਛਿਪੇ ਜਿਹੇ ਘਿਓ ਜੋਖ ਕੇ ਦਿੱਤਾ ਸੀ। ਸਬ੍ਹਾਤ ਵਿੱਚ ਟਾਂਡ 'ਤੇ ਘਿਓ ਦੀ ਲਿੱਬੜੀ ਬਾਟੀ ਰੱਖ ਕੇ ਉਹ ਭੁੱਲ ਗਈ ਸੀ। ਇਕਦਮ ਉਸ ਨੂੰ ਯਾਦ ਆਇਆ ਤਾਂ ਸਬ੍ਹਾਤ ਵਿੱਚ ਆਈ। ਦੀਵੇ ਦੇ ਚਾਨਣ ਵਿੱਚ ਮਿੰਦਰੋ ਦੁੱਧ ਦੇ ਛੰਨੇ ਵਿੱਚ ਕੋਈ ਕਾਗਤੀ ਜਿਹੀ ਥੋ ਰਹੀ ਸੀ। ਸੱਸ ਦੇਖ ਕੇ ਖੜ੍ਹੀ ਦੀ ਖੜ੍ਹੀ ਰਹਿ ਗਈ ਤੇ ਫਿਰ ਪੁੱਠੇ ਪੈਰੀਂ ਜਾ ਕੇ ਉਹ ਪੁੱਤ ਨੂੰ ਬੁਲਾ ਲਿਆਈ। ਮਾਂ-ਪੁੱਤ ਨੇ ਦੱਬੇ ਪੈਰੀਂ ਆ ਕੇ ਇਹ ਨਾਟਕ ਦੇਖਿਆ ਤੇ ਫਿਰ ਮਿੰਦਰੋ ਨੂੰ ਸਲੰਘ ਨਾਲ ਕੁੱਟਿਆ ਗਿਆ। ਸਾਰੇ ਅਗਵਾੜ ਵਿੱਚ ਰੌਲਾ ਪੈ ਗਿਆ। ਦੂਜੇ ਦਿਨ ਹੀ ਉਹ ਉਸ ਨੂੰ ਰਾਣੀਸਰ ਦੀ ਜੂਹ ਵਿੱਚ ਛੱਡ ਕੇ ਮੁੜ ਗਿਆ।ਦੂਜਾ ਵਿਆਹ ਕਰਵਾ ਲਿਆ। ਮੁਕੱਦਮਾ ਲੜ ਕੇ ਮਿੰਦਰੋ ਨੇ ਖ਼ਰਚ ਬਨ੍ਹਵਾਇਆ ਸੀ। ਦਸ ਸਾਲਾਂ ਤੋਂ ਉਹ ਆਪਣੇ ਬਿਰਧ ਤੇ ਕਮਜ਼ੋਰ ਬਾਪ ਕੋਲ ਬੈਠੀ ਹੋਈ ਸੀ। ਮਾਂ ਉਹਦੀ ਪੰਜ ਸਾਲ ਪਹਿਲਾਂ ਮਰ ਚੁੱਕੀ ਸੀ। ਭਰਾ ਵੀ ਕੋਈ ਨਹੀਂ ਸੀ। ਚੰਦਨ ਉਸ ਦਿਨ ਸ਼ਾਹਕੋਟ ਤੋਂ ਸ਼ਾਮੀ ਘਰ ਪਹੁੰਚਿਆ ਤਾਂ ਉਹ ਦੀ ਮਾਂ ਵਿਹੜੇ ਵਿੱਚ ਪਲੂੰਘੜੀ ’ਤੇ ਬੈਠੀ ਗਲੋਟੇ ਅਟੇਰ ਰਹੀ ਸੀ। ਮਿਹਰ ਆਟਾ ਗੁੰਨ੍ਹ ਰਿਹਾ ਸੀ। ਕੁਲਜੀਤ ਰੋ ਰਿਹਾ ਸੀ। ਮਿਹਰ ਨੇ ਦੱਸਿਆ, ਉਹ ਚਿੜੀ ਬਣਾਉਣ ਲਈ ਆਟਾ ਮੰਗਦਾ ਹੈ। ਨਿੱਤ ਆਟਾ ਖਰਾਬ ਕਰ ਦਿੰਦਾ ਹੈ। ਚੰਦਨ ਵਿਹੜੇ ਵਿੱਚ ਆਇਆ ਤਾਂ ਕੁਲਜੀਤ ਫਿਰ ਜ਼ਿੱਦ ਕਰਨ ਲੱਗਿਆ। ਚੰਦਨ ਨੇ ਇੱਕ ਚਪੇੜ ਉਹ ਦੇ ਕੰਨ ਤੇ ਜੜ ਦਿੱਤੀ। ਰੋਂਦਾ ਚਿਚਲਾਉਂਦਾ ਉਹ ਗਲੀ ਵਿੱਚ ਦੌੜ ਗਿਆ।ਕਾਫ਼ੀ ਦੇਰ ਮੁੜਿਆ ਹੀ ਨਾ ਤੇ ਫਿਰ ਚੰਦਨ ਨੂੰ ਉਹ ਦੇ ਲਈ ਮੋਹ ਜਾਗਣ ਲੱਗਿਆ। ਕੱਛੇ-ਬੁਨੈਣ ਵਿੱਚ ਹੀ ਉਹ ਕੁਲਜੀਤ ਨੂੰ ਲੱਭਣ ਲਈ ਹਥਾਈ ਵੱਲ ਚੱਲ ਪਿਆ। ਮਿੰਦਰੋ ਪਾਥੀਆਂ ਦਾ ਟੋਕਰਾ ਲਈ ਆ ਰਹੀ ਸੀ। ਹਸਰਤ ਭਰੀਆਂ ਨਿਗਾਹਾਂ ਨਾਲ ਉਹ ਉਹਦੇ ਵੱਲ ਝਾਕਣ ਲੱਗਿਆ। ਉਹ ਨੇੜੇ ਆਈ ਤਾਂ ਚੰਦਨ ਵੱਲ ਅੱਖਾਂ ਪੁੱਟੀਆਂ। ਮਿੰਦਰੋ ਦੀਆਂ ਅੱਖਾਂ ਵਿੱਚ ਉਦਾਸੀ, ਗ਼ਮ ਤੇ ਪਛਤਾਵੇ ਦੇ ਰਲੇ-ਮਿਲੇ ਭਾਵ ਸਨ। ਪੁੱਛਣ ਲੱਗੀ, "ਅੰਜ ਕਿੰਨੀ ਤਰੀਕ ਹੋ ’ਗੀ, ਚੰਦਨ?'

‘ਉਣੱਤੀ ਜੂਨ ਐ।'

ਉਹ ਚੁੱਪ ਖੜੀ ਰਹੀ।

‘ਛੇਵੇਂ ਮਹੀਨੇ ਦੀ ਉਣਤੀ। ਇੱਕ ਘੱਟ ਤੀਹ।' ਚੰਦਨ ਨੇ ਸਪਸ਼ਟ ਕੀਤਾ।

‘ਨਵਾਂ ਮਹੀਨਾ ਚੜ੍ਹਨ ਚ ਫੇਰ ਤਾਂ...'

'ਅੱਛਾ।' ਕਹਿ ਕੇ ਉਹ ਘਰ ਨੂੰ ਤੁਰ ਗਈ। ਜਾਂਦੀ ਹੋਈ ਉਹ ਉਹ ਦੇ ਵਲ ਫਿਰ ਝਾਕੀ ਸੀ।

ਰੋਟੀ-ਟੁੱਕ ਖਾਣ ਪਿੱਛੋਂ ਉਹ ਤੇ ਕੁਲਜੀਤ ਦਰਵਾਜ਼ੇ ਦੀ ਛੱਤ 'ਤੇ ਮੰਜੇ ਵਿਛਾ ਕੇ ਪੈ ਗਏ। ਕੁਲਜੀਤ ਨਿੱਕੀਆਂ-ਨਿੱਕੀਆਂ ਗੱਲਾਂ ਮਾਰਨ ਲੱਗਿਆ। ਅਸਮਾਨ 'ਤੇ ਗਰਦ ਚੜ੍ਹੀ ਹੋਈ ਸੀ। ਤਾਰਾ ਕੋਈ ਨਹੀਂ ਦਿੱਸਦਾ ਸੀ। ਹਵਾ ਚੱਲ ਰਹੀ ਸੀ। ਗਲੀ ਵਿੱਚ ਛੋਟੇ-ਛੋਟੇ ਮੁੰਡੇ-ਕੁੜੀਆਂ ਖੇਡ ਰਹੇ ਸਨ।ਇਕਦਮ ਕੁਲਜੀਤ ਕਹਿਣ ਲੱਗਿਆ, 'ਪਾਪਾ, ਮੈਂ ਵਗ ਜਾਂ?'

‘ਜਾਹ।" ਚੰਦਨ ਨੇ ਬੇਧਿਆਨਾ ਹੋ ਕੇ ਆਖ ਦਿੱਤਾ।

ਚੰਦਨ ਮਿੰਦਰੋ ਬਾਰੇ ਸੋਚ ਰਿਹਾ ਸੀ। ਪਤਾ ਖੁੱਸ ਗਿਆ, ਬੱਚਾ ਕੋਈ ਨਹੀਂ, ਗੁਜ਼ਾਰਾ ਵੀ ਮੁਸ਼ਕਲ ਨਾਲ ਹੀ ਹੋ ਰਿਹਾ ਹੈ। ਕਿਵੇਂ ਇਹ ਦਿਨ ਜਿਹੇ ਕੱਟੀ ਜਾ ਰਹੀ ਹੈ। ਉਮਰ ਚਾਲ੍ਹੀ ਤੋਂ ਉੱਤੇ ਹੈ। ਬੁੱਢੀ ਤਾਂ ਨਹੀਂ ਹੋ ਗਈ। ਮਰਦ ਭੋਗ ਲਈ ਇਹ ਦੇ ਮਨ ਵਿੱਚ ਕਦੇ ਕੋਈ ਗੱਲ ਆਉਂਦੀ ਤਾਂ ਹੋਵੇਗੀ। ਕਦੇ-ਕਦੇ ਸ਼ਿੱਦਤ ਨਾਲ ਸੋਚਦੀ ਹੋਵੇਗੀ ਤਾਂ ਸਿਰ ਪਟਕ ਕੇ ਰਹਿ ਜਾਂਦੀ ਹੋਵੇਗੀ। ਕੋਈ ਹੋਰ ਰਾਹ ਹੀ ਲੱਭ ਲੈਂਦੀ, ਚੰਦਰੀ। ਜਦ ਤੋਂ ਉਹ ਬਾਪ ਕੋਲ ਆ ਕੇ ਬੈਠੀ ਹੈ, ਕਦੇ ਵੀ ਕੋਈ ਮਾੜੀ ਗੱਲ ਇਹ ਦੀ ਵੀ ਨਹੀਂ ਸੁਣੀ। ਕਿੰਨਾ ਜ਼ਬਤ ਹੈ ਇਹ ਦੇ ਵਿੱਚ। ਜ਼ਬਤ ਤਾਂ ਕੀ ਹੈ ਸਬਰ ਹੈ। ਪਰ ਇਹ ਮਰਦ ਨੂੰ ਚਾਹੁੰਦੀ ਤਾਂ ਜ਼ਰੂਰ ਹੋਵੇਗੀ। ਵਿੱਚੇ ਵਿੱਚ। ਕੁੜ੍ਹੀ-ਮੱਚੀਂ ਜਾਂਦੀ ਹੋਵੇਗੀ। ਸ਼ਕਲ ਤਾਂ ਦੇਖੋ ਕੋਈ, ਸੁੱਕ ਕੇ ਟਾਂਡਾ ਬਣੀ ਪਈ ਹੈ।

ਫਿਰ ਉਹ ਆਪਣੇ ਬਾਰੇ ਸੋਚਣ ਲੱਗਿਆ। ਉਹ ਦੀ ਜ਼ਿੰਦਗੀ ਵੀ ਤਾਂ ਮਿੰਦਰੋ ਵਰਗੀ ਹੀ ਹੈ। ਰੇਸ਼ਮਾ ਕੋਲ ਕਿਹੜਾ ਜਾਵੇ, ਐਂਡੀ ਦੂਰ। ਤੇ ਨਾਲੇ ਓਥੇ ਕੀ ਸੁਖਾਲਾ ਹੀ ਹੈ, ਇਹ ਕੰਮ। ਸੌ ਪਾਪੜ ਵੇਲਣੇ ਪੈਂਦੇ ਨੇ। ਤੇ ਸ਼ੀਲ....

ਉਹ ਤਾਂ ਕਿਸੇ ਰਾਹ ਤੇ ਆ ਹੀ ਨਹੀਂ ਰਹੀ। ਚੰਗੀ ਬਥੇਰੀ ਹੈ। ਕਿੰਨਾ ਮੋਹ ਕਰਦੀ ਹੈ। ਇੱਕ ਦਿਨ ਕਹਿੰਦੀ ਸੀ, "ਮੈਂ ਤੈਨੂੰ ਕਿਵੇਂ ਵਿਸ਼ਵਾਸ ਦਿਵਾਵਾਂ, ਚੰਦਨ ਕਿ ਮੈਂ ਤੈਨੂੰ ਬੇਹੱਦ ਪਿਆਰ ਕਰਦੀ ਹਾਂ।ਰਾਤ ਨੂੰ ਤੇਰੇ ਹੱਥ ਆਪਣੀ ਹਿੱਕ ਨਾਲ ਘੁੱਟ ਕੇ ਸੌਂਦੀ ਹਾਂ। ਪਰ ਮੇਰੇ ਵੀ ਕੁਝ ਬੰਧਨ ਹਨ। ਮੈਂ ਉਨ੍ਹਾਂ ਬੰਧਨਾਂ ਵਿੱਚੋਂ ਨਿਕਲਣਾ ਵੀ ਨਹੀਂ ਚਾਹੁੰਦੀ। ਮੇਰੇ ਕੈਰੀਅਰ ਦਾ ਸਵਾਲ ਹੈ। ਅਜੀਬ ਲੜਕੀ ਹੈ, ਪਿਆਰ ਤਾਂ ਕਰਦੀ ਹੈ, ਪਰ ਨੱਕ ਤੇ ਮੱਖੀ ਨਹੀਂ ਬੈਠਣ ਦਿੰਦੀ। ਗੱਲਾਂ ਹੀ ਕਰਦੀ ਹੈ। ਗੱਲਾਂ ਵਿੱਚ ਕੀ ਹੈ। ਗੱਲਾਂ ਤਾਂ ਮਗਜ਼ ਖਪਾਈ ਹਨ। ਉਹ ਦੇ ਸਰੀਰ ਵਿੱਚ ਲੱਗੀ ਅੱਗ ਨੂੰ ਕੌਣ ਜਾਣਦਾ ਹੈ। ਕੰਵਾਰੀ ਕੁੜੀ ਹੈ, ਸੌ ਗੱਲਾਂ ਸੋਚਦੀ ਹੋਵੇਗੀ। ਉਮਰ ਵਿੱਚ ਤਾਂ ਉਸ ਨਾਲੋਂ ਕਿੰਨੀ ਛੋਟੀ ਹੈ। ਮਸ੍ਹਾਂ ਪੱਚੀ ਛੱਬੀ ਸਾਲ ਦੀ ਹੋਵੇਗੀ, ਪਰ ਐਡੀ ਹੋ ਕੇ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ, ਜੇ ਸ਼ੀਲ ਨਾਲ ਹੋ ਜਾਵੇ ਉਹ ਦਾ ਵਿਆਹ? ਨਹੀਂ, ਉਹ ਕਦ ਮੰਨੇਗੀ। ਇੱਕ ਤਰ੍ਹਾਂ ਨਾਲ ਤਾਂ ਉਹ ਦਾ ਇਹ ਅਹਿਸਾਨ ਹੀ ਹੋਵੇਗਾ,ਇਕ ਵੱਡੀ ਕੁਰਬਾਨੀ ਹੋਵੇਗੀ, ਜੇ.....। ਪਰ ਉਹ ਨੂੰ ਆਪਣੀ ਜ਼ਿੰਦਗੀ ਵੀ ਤਾਂ ਚਾਹੀਦੀ ਹੈ। ਕਾਸ਼! ਜੇ ਉਹ ਪੰਜ-ਸੱਤ ਸਾਲ ਹੋਰ ਵੱਡੀ ਹੁੰਦੀ। ਹੁਣ ਤਾਂ ਉਹ ਗੱਲਾਂ ਮਾਰ ਕੇ ਆਪਣਾ ਠਰਕ ਹੀ ਪੂਰਾ ਕਰਦੀ ਲੱਗਦੀ ਹੈ। ਇੱਕ ਖਿਲਾਅ ਨੂੰ ਭਰਨ ਦੀ ਕੋਸ਼ਿਸ਼, ਨਹੀਂ ਤਾਂ ਕੀ ਹਮਦਰਦੀ ਹੈ, ਉਸ ਨੂੰ।

ਕੁਲਜੀਤ ਅਜੇ ਆਇਆ ਨਹੀਂ ਸੀ। ਮਾਂ ਵਿਹੜੇ ਵਿੱਚ ਪੈ ਚੁੱਕੀ ਸੀ। ਮਿਹਰ ਆਪਣਾ ਬਿਸਤਰਾ ਵਿਛਾ ਰਿਹਾ ਸੀ। ਉਹ ਫਿਰ ਮਿੰਦਰੋ ਬਾਰੇ ਸੋਚਣ ਲੱਗਿਆ।

ਅੱਧੀ ਰਾਤ ਹੋਣ ਵਾਲੀ ਹੋਵੇਗੀ। ਕੁਲਜੀਤ ਘੂਕ ਸੁੱਤਾ ਪਿਆ ਸੀ। ਸਿਰਹਾਣੇ ਪਏ ਘੜੇ ਵਿੱਚੋਂ ਉਸ ਨੇ ਪਾਣੀ ਪੀਤਾ। ਪੌੜੀਆਂ ਉਤਰ ਕੇ ਵਿਹੜੇ ਵਿੱਚ ਆਇਆ। ਮਾਂ ਤੇ ਮਿਹਰ ਵੀ ਸੁੱਤੇ ਪਏ ਸਨ। ਦਰਵਾਜ਼ੇ ਦਾ ਬਾਰ ਖੁੱਲ੍ਹਾ ਛੱਡ ਰੱਖਿਆ ਸੀ। ਉਹ ਘਰੋਂ ਬਾਹਰ ਹੋਇਆ। ਮਿੰਦਰੋ ਕਾ ਬਾਰ ਖੁੱਲ੍ਹਾ ਸੀ। ਉਹ ਅੰਦਰ ਹੋਇਆ ਤਾਂ ਬੱਕਰੀ ਦੇ ਮੇਮਣੇ ਉੱਠ ਖੜ੍ਹੇ। ਬੱਕਰੀ ਮਾਮੂਲੀ ਜਿਹੀ ਮਿਆਂਕੀ। ਉਹ ਦੱਬੇ ਪੈਰੀਂ ਬਾਂਸ ਦੀ ਪੌੜੀ ਚੜ੍ਹਨ ਲੱਗਿਆ। ਚੁਬਾਰੇ ਵਿੱਚ ਜਾ ਕੇ ਕਾਫ਼ੀ ਦੇਰ ਤੱਕ ਮਿੰਦਰੋ ਦੇ ਮੰਜੇ ਵੱਲ ਝਾਕਦਾ ਰਿਹਾ। ਮਿੰਦਰੋ ਦਾ ਬਾਪ ਲੋਥ ਵਾਂਗ ਮੂੰਹ ਟੱਡੀ ਸੁੱਤਾ ਪਿਆ ਸੀ।'

ਅਸਮਾਨ 'ਤੇ ਤਾਰੇ ਨਹੀਂ ਸਨ। ਚੰਦ ਹੋਵੇਗਾ। ਏਸੇ ਕਰਕੇ ਧਰਤੀ 'ਤੇ ਭੂਰਾ-ਭੂਰਾ ਚਾਨਣ ਡਿੱਗ ਰਿਹਾ ਸੀ। ਹਵਾ ਧੀਮੀ-ਧੀਮੀ ਰੁਮਕ ਰਹੀ ਸੀ। ਪੋਲੇ ਪੈਰੀਂ ਉਹ ਮਿਦਰੋ ਦੇ ਮੰਜੇ ਤੱਕ ਪਹੁੰਚਿਆ। ਉਸ ਦਾ ਨੰਗਾ ਮੂੰਹ ਉਸ ਨੂੰ ਬੇਹੱਦ ਪਿਆਰਾ ਲੱਗਿਆ। ਮਾਸੂਮ ਜਿਹਾ, ਭੋਲਾ-ਭਾਲਾ। ਕਦੇ ਉਸ ਨੂੰ ਲੱਗਦਾ, ਉਹ ਦਾ ਚਿਹਰਾ ਬਹੁਤ ਉਦਾਸ ਹੈ। ਉਹ ਦੇ ਚਿਹਰੇ ਤੇ ਗ਼ਮ ਦੀਆਂ ਪਰਤਾਂ ਚੜ੍ਹੀਆਂ ਹੋਈਆਂ ਦਿੱਸਦੀਆਂ। ਪਰ ਕਿਸੇ ਬਿੰਦ ਉਹ ਦੇ ਚਿਹਰੇ ਤੋਂ ਉਸ ਨੂੰ ਡਰ ਵੀ ਲੱਗਦਾ। ਉਹ ਭਿਆਨਕ ਹੋ ਉੱਠਦਾ ਤਾਂ ਚੰਦਨ ਦਾ ਵਾਪਸ ਹੋ ਜਾਣ ਨੂੰ ਦਿਲ ਕਰਦਾ। ਕਰੜਾ ਜਿਹਾ ਦਿਲ ਕਰਕੇ ਉਹ ਉਹਦੇ ਮੰਜੇ ਦੀ ਬਾਹੀ ਫੜ ਕੇ ਬੈਠ ਗਿਆ। ਉਹ ਦੇ ਹੱਥ ’ਤੇ ਹੱਥ ਧਰ ਕੇ ਉਹ ਨੇ ਮਾਮੂਲੀ ਜਿਹਾ ਘੁੱਟਿਆ।ਉਹ ਪਾਸਾ ਪਰਤ ਗਈ ਤੇ ਫਿਰ ਉਸ ਨੇ ਉਹ ਦੀ ਵੱਖੀ ’ਤੇ ਹੱਥ ਧਰ ਦਿੱਤਾ। ਉਹ ਤ੍ਰਭਕ ਕੇ ਉੱਠ ਬੈਠੀ। ਬਾਹੀ ਕੋਲ ਬੈਠਾ ਬੰਦਾ ਦੇਖਿਆ ਤਾਂ ਚਾਂਗ ਮਾਰ ਦਿੱਤੀ। ਬੁੜ੍ਹਕ ਕੇ ਪਿਓ ਦੇ ਮੰਜੇ ’ਤੇ ਡਿੱਗ ਪਈ। ਚੰਦਨ ਦੌੜ ਕੇ ਚੁਬਾਰੇ ਵਿੱਚ ਗਿਆ ਤੇ ਦਬਾਸੱਟ ਬਾਂਸ ਦੀ ਪੌੜੀ ਉਤਰ ਕੇ ਬਿੰਦ ਵਿੱਚ ਹੀ ਆਪਣੇ ਦਰਵਾਜ਼ੇ ਵਿੱਚ ਜਾ ਖੜ੍ਹਾ ਤੇ ਫਿਰ ਪੋਲੇ ਪੈਰੀਂ ਆਪਣੀਆਂ ਪੌੜੀਆਂ ਚੜ੍ਹਨ ਲੱਗਿਆ।

ਗਵਾਂਢ ਵਿੱਚ ਰੌਲਾ ਪਿਆ ਹੋਇਆ ਸੀ।

ਚੰਦਨ ਜਿਵੇਂ ਘੂਕ ਸੁੱਤਾ ਪਿਆ ਹੋਵੇ।

ਦੂਜੇ ਦਿਨ ਵਿਹੜਕੀ ਵਿੱਚ ਬੁੜ੍ਹੀਆਂ ਹੱਸ-ਹੱਸ ਗੱਲਾਂ ਕਰਦੀਆਂ ਸਨ ਤੇ ਮਿੰਦਰੋ ਨੂੰ ਪੁੱਛ ਰਹੀਆਂ, 'ਕੁੜੇ, ਐਡਾ ਦਬਾਅ ਵੀ ਕੀ ਆਖੇ ....'

ਮੰਗਲਵਾਰ ਇੱਕ :

ਦੇਵਾਂ ਮਰੀ ਤਾਂ ਚੰਦਨ ਦੀ ਉਮਰ ਛੱਤੀ ਸਾਲ ਦੀ ਸੀ। ਅਜੇ ਉਹ ਜਵਾਨ ਸੀ। ਲੋਕ ਕਹਿੰਦੇ ਸਨ, ਦੂਜਾ ਵਿਆਹ ਕਰਵਾ ਲੈ। ਪਰ ਉਹ ਦਾ ਜੀ ਸੀ, ਉਹ ਆਪਣੇ ਜਵਾਕਾਂ ਨੂੰ ਪਾਲੇ ’ਗਾ। ਦੂਜਾ ਵਿਆਹ ਕਰਵਾਇਆ ਤਾਂ ਜਵਾਕ ਰੁਲ ਜਾਣਗੇ। ਉਸ ਨੂੰ ਓਦੋਂ ਪਤਾ ਨਹੀਂ ਸੀ ਕਿ ਦੋ ਸਾਲਾਂ ਬਾਅਦ ਹੀ ਜੁਆਕ ਭੁੱਲਣ ਲੱਗਣਗੇ। ਸਰੀਰ ਦੀ ਅੱਗ ਸਾਰੇ ਰਿਸ਼ਤਿਆਂ ਨੂੰ ਤੋੜ ਕੇ ਰੱਖ ਦੇਵੇਗੀ।

ਗੁੱਝਾ-ਗੁੱਝਾ ਉਸ ਨੇ ਪਤਾ ਵੀ ਕੀਤਾ, ਜੇ ਭਲਾ ਉਸ ਦਾ ਵਿਆਹ ਹੋ ਜਾਵੇ। ਕੋਈ ਸੁਣਦਾ ਤਾਂ ਮੁਸਕਰਾ ਕੇ ਪਰ੍ਹਾਂ ਮੂੰਹ ਫੇਰ ਲੈਂਦਾ। ਅਠੱਤੀ ਸਾਲ ਦੇ ਬੰਦੇ ਨੂੰ ਸਾਕ ਦੇ ਕੇ ਕੁੜੀ ਖੂਹ ਵਿੱਚ ਸੁੱਟਣੀ ਸੀ ਕਿਸੇ ਨੇ। ਲਾਲਚ ਉਹ ਕੋਈ ਦੇ ਨਹੀਂ ਸਕਦਾ ਸੀ। ਵਿਧਾ ਮਿਲਦੀ ਤਾਂ ਨਾਲ ਇੱਕ-ਦੋ ਬੱਚੇ ਆਉਣੇ ਜ਼ਰੂਰੀ ਸਨ ਕਿਸੇ ਤਲਾਕਸ਼ੁਦਾ ਤੋਂ ਉਹ ਨੂੰ ਡਰ ਲੱਗਦਾ।ਉਹ ਨੂੰ ਆਪਣਾ ਛੋਟਾ ਮੁੰਡਾ ਕੁਲਜੀਤ ਬਹੁਤ ਪਿਆਰਾ ਸੀ। ਹੋਰ ਔਰਤ ਇਸ ਘਰ ਵਿੱਚ ਆਈ ਤਾਂ ਕੁਲਜੀਤ ਦੀ ਜ਼ਿੰਦਗੀ ਖ਼ਰਾਬ ਹੋ ਜਾਵੇਗੀ। ਕੁਲਜੀਤ ਵੱਲ ਝਾਕ ਕੇ ਉਹ ਦਾ ਹਉਕਾ ਨਿਕਲ ਜਾਂਦਾ। ਅਖੀਰ ਉਸ ਨੇ ਇਹ ਫ਼ੈਸਲਾ ਕੀਤਾ ਕਿ ਕਿਸੇ ਪਰਾਈ ਔਰਤ ਨਾਲ ਸਬੰਧ ਜੋੜੇ। ਪੰਜ-ਸੱਤ ਸਾਲ ਨਿਕਲ ਜਾਣਗੇ ਤਾਂ ਫਿਰ ਐਡੀ ਜ਼ਰੂਰਤ ਨਹੀਂ ਰਹੇਗੀ। ਦਸਵੀਂ ਪਾਸ ਕਰਨ ਬਾਅਦ ਮਿਹਰ ਨੂੰ ਵਿਆਹ ਲਵੇਗਾ। ਰੋਟੀ ਪੱਕਦੀ ਹੋ ਜਾਵੇਗੀ। ਕੁਲਜੀਤ ਨੂੰ ਤਾਂ ਕਾਲਜ ਵਿੱਚ ਪੜ੍ਹਾਵੇਗਾ।

ਪਰ ਉਸ ਦੀ ਖਾਹਸ਼ ਪੂਰੀ ਨਹੀਂ ਹੋ ਰਹੀ ਲੱਗਦੀ ਸੀ। ਰੇਸ਼ਮਾ ਤੋਂ ਉਸ ਨੂੰ ਨਫ਼ਰਤ ਹੋਣ ਲੱਗੀ। ਬੈਂਕ ਵਾਲੀ ਕੁੜੀ ਸ਼ੀਲ ਕਿਸੇ ਵੀ ਰਾਹ ਤੇ ਨਹੀਂ ਆ ਰਹੀ ਸੀ। ਮਿੰਦਰੋ ਤਾਂ...

ਅੱਜ ਸਵੇਰੇ ਮਿਹਰ ਤੇ ਕੁਲਜੀਤ ਸਕੂਲ ਨੂੰ ਗਏ ਤਾਂ ਉਹ ਸਬਾਤ ਵਿੱਚ ਪੱਖੇ ਥੱਲੇ ਬੈਠ ਕੇ ਰਸਾਲਾ ਪੜ੍ਹਨ ਲੱਗਿਆ। ਉਸ ਦੀ ਸੋਚ ਟੁੱਟ-ਟੁੱਟ ਜਾਂਦੀ। ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਜ਼ਿੰਦਗੀ ਨੂੰ ਕਿਹੜੇ ਪਾਸੇ ਤੋਰੇ। ਰਸਾਲੇ ਦੀ ਕੋਈ ਵੀ ਰਚਨਾ ਉਸ ਨੂੰ ਸਮਝ ਨਹੀਂ ਆ ਰਹੀ ਸੀ। ਰਸਾਲਾ ਪਰ੍ਹਾਂ ਰੱਖ ਕੇ ਉਹ ਅਰਾਮ ਕੁਰਸੀ 'ਤੇ ਬੈਠਾ ਪੱਖੇ ਵੱਲ ਝਾਕਣ ਲੱਗਿਆ। ਉਸ ਦੇ ਦਿਮਾਗ ਵਿੱਚ ਆਈ ਕਿ ਉਹ ਅੱਜ ਬੈਂਕ ਜਾ ਕੇ ਸ਼ੀਲ ਨੂੰ ਆਪਣੀ ਸਾਰੀ ਹਾਲਤ ਦੱਸ ਦੇਵੇਗਾ। ਉਹ ਅੱਗੇ ਝੋਲੀ ਅੱਡੇਗਾ। ਕੀ ਪਤਾ ਉਹ ਮੰਨ ਹੀ ਜਾਵੇ। ਸਾਫ਼-ਸਾਫ਼ ਕਹਿ ਦੇਵੇਗਾ। ਐਡੀ ਪੱਥਰ ਦਿਲ ਤਾਂ ਨਹੀਂ ਉਹ। ਬੈਂਕ ਸਮੇਂ ਤੋਂ ਇਕ ਘੰਟਾ ਪਹਿਲਾਂ ਹੀ ਉਹ ਸ਼ਾਹਕੋਟ ਪਹੁੰਚ ਗਿਆ। ਅਵਾਰਾ ਆਦਮੀ ਵਾਂਗ ਬਜ਼ਾਰ ਵਿੱਚ ਘੁੰਮਣ-ਫਿਰਨ ਲੱਗਿਆ। ਕਈ ਵਾਕਫ਼ ਆਦਮੀ ਮਿਲੇ ਤੇ ਮੁੰਡਿਆਂ ਦੀ ਸੁੱਖ-ਸਾਂਦ ਪੁੱਛਦੇ ਰਹੇ। ਉਨ੍ਹਾਂ ਬਾਰੇ ਕੁਝ ਦੱਸਣ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਚਾਹੁੰਦਾ ਸੀ, ਕੋਈ ਉਹ ਦਾ ਹਾਲ ਪੁੱਛੇ।

ਉਹ ਬੈਂਕ ਵਿੱਚ ਆਇਆ ਤੇ ਸ਼ੀਲ ਨੂੰ ਉਡੀਕਣ ਲੱਗਿਆ। ਉਹ ਪੂਰੇ ਵਕਤ ਤੇ ਆਈ। ਹਾਂਡਾ ਅੱਜ ਫਿਰ ਛੁੱਟੀ 'ਤੇ ਸੀ। ਮਿਸਟਰ ਹਾਂਡਾ ਦਾ ਕੰਮ ਹੀ ਅਜਿਹਾ ਸੀ, ਉਹ ਛੁੱਟੀ 'ਤੇ ਹੁੰਦਾ ਤਾਂ ਉਹ ਦੀ ਸੀਟ ਤੇ ਕੋਈ ਹੋਰ ਨਹੀਂ ਭੇਜਿਆ ਜਾਂਦਾ ਸੀ। ਸੋ, ਅੱਜ ਚੰਦਨ ਲਈ ਸ਼ੀਲ ਨਾਲ ਗੱਲਾਂ ਕਰਨ ਦੀ ਪੂਰੀ ਖੁੱਲ੍ਹ ਸੀ।

ਅੱਜ ਮੈਨੇਜਰ ਆਪ ਉਨ੍ਹਾਂ ਦੇ ਕਮਰੇ ਵਿੱਚ ਉਨ੍ਹਾਂ ਤੋਂ ਗਰੀਟ ਹੋਣ ਉੱਤੇ ਆਇਆ। ਫਿਰ ਚਪੜਾਸੀ ਆਇਆ ਤੇ ਠੰਡਾ ਪਾਣੀ ਪਿਆ ਗਿਆ। ਉਹ ਕੰਮ ਕਰਨ ਲੱਗੇ। ਅੱਜ ਫਿਰ ਚੰਦਨ ਤੋਂ ਕੰਮ ਨਹੀਂ ਹੋ ਰਿਹਾ ਸੀ। ਉਹ ਬਿੰਦੇ-ਬਿੰਦੇ ਉਬਾਸੀ ਲੈ ਰਿਹਾ ਸੀ। ਹੱਥਾਂ ਨੂੰ ਸਿਰ ਤੋਂ ਉਤਾਂਹ ਲਿਜਾ ਕੇ ਅਗਵਾੜੀਆਂ ਭੰਨਦਾ। ਹੱਥਾਂ ਦੀਆਂ ਉਂਗਲੀਆਂ ਦੇ ਕੜਾਕੇ ਕੱਢਦਾ। ਮੱਥੇ ਦੀਆਂ ਨਾੜਾਂ ਨੂੰ ਸਹਿਲਾ ਰਿਹਾ ਸੀ। ਸ਼ੀਲ ਪੁੱਛਣ ਲੱਗੀ, "ਕੀ ਗੱਲ ਅੱਜ??'

‘ਕੁੱਛ ਨੀ, ਬੱਸ। ਚੰਦਨ ਨੇ ਰੋਣ ਵਰਗਾ ਜਵਾਬ ਦਿੱਤਾ।

ਸ਼ੀਲ ਨੇ ਹੋਰ ਕੁਝ ਨਹੀਂ ਪੁੱਛਿਆ। ਆਪਣੇ ਕੰਮ ਵਿੱਚ ਲੱਗੀ ਰਹੀ। ਚੰਦਨ ਉੱਠਿਆ ਤੇ ਉਹ ਦੇ ਹੱਥ ਵਿੱਚੋਂ ਪੈੱਨ ਲੈ ਕੇ ਉਹ ਦੇ ਮੇਜ਼ 'ਤੇ ਰੱਖ ਦਿੱਤਾ। ਸ਼ੀਲ ਮੁਸਕਰਾਈ ਤੇ ਕਹਿੰਦੀ, "ਇੱਕ ਸ਼ਰਾਰਤ ਹੋਰ ਵਧ ਗਈ।

ਢਿੱਲਾ ਜਿਹਾ ਪੈ ਕੇ ਚੰਦਨ ਆਪਣੀ ਸੀਟ ਤੇ ਆ ਬੈਠਾ ਤੇ ਫਿਰ ਉੱਠ ਕੇ ਖਿੜਕੀ ਵਿੱਚ ਦੀ ਮੂੰਹ ਬਾਹਰ ਕੱਢਿਆ, ਚਪੜਾਸੀ ਨੂੰ ਹਾਕ ਮਾਰੀ। ਇੱਕ ਕੱਪ ਚਾਹ ਮੰਗਵਾਈ ਉਸ ਨੂੰ ਪਤਾ ਸੀ, ਸ਼ੀਲ ਚਾਹ ਨਹੀਂ ਪੈਂਦੀ, ਫਿਰ ਵੀ ਪੁੱਛਿਆ, 'ਸ਼ੀਲ,ਚਾਹ?'

‘ਕੋਈ ਪੀਣ ਵਾਲੀ ਚੀਜ਼ ਮੰਗਵਾ, ਚਾਹ?'

ਉਸ ਨੇ ਚਪੜਾਸੀ ਨੂੰ ਮਗਰੋਂ ਹਾਕ ਮਾਰੀ ਤੇ ਇਕ ਕੋਲਡ ਡਰਿਕ ਲਈ ਵੀ ਕਹਿ ਦਿੱਤਾ। ਚਾਹ ਆਉਣ ਤੱਕ ਉਹ ਸਿਰ ਫੜ ਕੇ ਬੈਠਾ ਰਿਹਾ। ਸ਼ੀਲ ਆਪਣਾ ਕੰਮ ਕਰਦੀ ਰਹੀ।

ਉਹ ਸੋਚ ਰਿਹਾ ਸੀ, ਇਹ ਦਿਨ ਵੀ ਦੇਖਣੇ ਸਨ। ਜਦ ਉਹ ਉੱਠਦੀ ਜਵਾਨੀ ਵਿੱਚ ਸੀ, ਰਾਣੀਸਰ ਤੇ ਭੁਰਥਲੇ ਦੀਆਂ ਕਿੰਨੀਆਂ ਕੁੜੀਆਂ ਉਸ ਨੂੰ ਛੇੜਿਆ ਕਰਦੀਆਂ ਸਨ। ਉਹ ਸਦਾ ਹੀ ਚੁੱਪ-ਚੁੱਪ ਰਿਹਾ ਸੀ। ਨੀਵੀਂ ਪਾ ਕੇ ਤੁਰਦਾ। ਪਲਕ ਤੱਕ ਵੀ ਨਹੀਂ ਚੁੱਕਦਾ ਸੀ। ਰੇਸ਼ਮਾ ਨਾਲ ਉਹ ਪਤਾ ਨਹੀਂ ਕਿਵੇਂ ਫਸ ਗਿਆ ਸੀ। ਮਿੰਦਰੋ ਹੀ ਨਹੀਂ, ਰਾਣੀਸਰ ਦੀਆਂ ਹੋਰ ਕੁੜੀਆਂ ਨੇ ਵੀ ਉਸ ਨੂੰ ਬੁਲਾਉਣ ਦੀ ਕੋਸ਼ਿਸ ਕੀਤੀ। ਪਰ ਉਹ ਤਾਂ ਹਰ ਵੇਲੇ ਸਾਉ ਬੀਬਾ ਬਣਿਆ ਰਹਿੰਦਾ... ਤੇ ਰਾਣੀਸਰ ਦੀ ਹੀ ਬਾਹਮਣਾਂ ਦੀ ਉਹ ਕੁੜੀ ਸ਼ਕੁੰਤਲਾ। ਜਿਸ ਦਾ ਪਿੰਡ ਤਾਂ ਕੋਈ ਹੋਰ ਸੀ, ਪਰ ਓਥੇ ਆਪਦੀ ਵੱਡੀ ਭੈਣ ਕੋਲ ਰਹਿੰਦੀ ਸੀ। ਭਣੋਈਆਂ ਫ਼ੌਜ ਵਿੱਚ ਸੀ। ਚੰਦਨ ਸੱਤਵੀਂ ਵਿੱਚ ਪੜ੍ਹਦਾ ਗਰਮੀ ਦੀਆਂ ਛੁੱਟੀਆਂ ਕੱਟਣ ਓਥੇ ਆਇਆ ਹੋਇਆ ਸੀ, ਸ਼ਕੁੰਤਲਾ ਦੋ ਸਾਲ ਪੁਰਾਣਾ ਇੱਕ ਕਾਰਡ ਉਸ ਕੋਲੋਂ ਪੜ੍ਹਾਉਣ ਉਨ੍ਹਾਂ ਦੇ ਘਰ ਆਈ ਸੀ। ਉਹ ਬੇਵਕੂਫ਼ ਜਿਹਾ ਬਣਿਆ ਕਾਰਡ ਪੜ੍ਹਦਾ ਰਿਹਾ। ਉਹ ਮੁਸਕਰਾਉਂਦੀ ਰਹੀ ਤੇ ਫਿਰ ਕਾਰਡ ਨੂੰ ਵਾਪਸ ਫੜਨ ਲੱਗਿਆਂ ਸ਼ਕੁੰਤਲਾ ਨੇ ਉਸ ਦੀਆਂ ਉਂਗਲਾਂ ਘੁੱਟੀਆਂ ਸਨ। ਉਹ ਤਾਂ ਫਿਰ ਵੀ ਕੁਝ ਨਹੀਂ ਸਮਝਿਆ ਸੀ।

....ਤੇ ਉਹ ਬੁੱਢੇ ਹੌਲਦਾਰ ਕਿਸ਼ਨ ਸਿੰਘ ਦੀ ਨੌਜਵਾਨ, ਪਰ ਬਾਂਝ ਔਰਤ, ਜਿਸ ਨੇ ਹੋਰ ਕਿਸੇ ਬਹਾਨੇ ਸੱਦ ਕੇ ਉਹ ਨੂੰ ਬੈਠਕ ਵਿੱਚ ਬਿਠਾ ਲਿਆ ਸੀ। ਉਨ੍ਹਾਂ ਦਿਨਾਂ ਵਿੱਚ ਉਹ ਅਜੇ ਭੁਰਥਲਾ ਛੱਡ ਕੇ ਆਇਆ ਹੀ ਸੀ। ਹੌਲਦਾਰ ਦੀ ਔਰਤ ਨੇ ਉਹ ਦਾ ਮੂੰਹ ਚੁੰਮ-ਚੁੰਮ ਉਸ ਨੂੰ ਬੇਹਾਲ ਕਰ ਦਿੱਤਾ ਸੀ। ਉਹ ਦੇ ਪੱਟਾਂ ’ਤੇ ਚੂੰਢੀਆਂ ਵੱਢੀਆਂ ਸਨ ਤੇ ਹੱਸਦੀ-ਹੱਸਦੀ ਨੇ ਉਹ ਨੂੰ ਬੈਠਕ ਤੋਂ ਬਾਹਰ ਕੱਢ ਦਿੱਤਾ ਸੀ।ਮੁੜਕੇ ਉਹ ਕਦੇ ਹੌਲਦਾਰ ਦੇ ਘਰ ਮੂਹਰਦੀ ਨਹੀਂ ਲੰਘਿਆ।

ਹੁਣ ਹਾਲ ਇਹ ਸੀ ਕਿ ਰਾਣੀਸਰ ਦੀ ਹਰ ਮੁਟਿਆਰ ਕੁੜੀ ਤੇ ਹਰ ਨਵੀਂ ਬਹੂ ਉਸ ਕੋਲੋਂ ਪਾਸਾ ਵੱਟ ਕੇ ਲੰਘਦੀ। ਪਿੰਡ ਵਿੱਚ ਉਹ ਬੇਹੱਦ ਸ਼ਰੀਫ਼ ਗਿਣਿਆ ਜਾਂਦਾ। ਉਹ ਗਲੀ ਵਿੱਚੋਂ ਲੰਘ ਰਿਹਾ ਹੁੰਦਾ, ਅੱਗੇ ਤੋਂ ਕੋਈ ਕੁੜੀ ਜਾਂ ਬਹੂ ਆ ਹੀ ਹੁੰਦੀ ਤਾਂ ਕੰਧ ਨਾਲ ਲੱਗ ਕੇ ਖੜ੍ਹ ਜਾਂਦੀ। ਉਹ ਲੰਘ ਜਾਂਦਾ, ਤਦ ਹੀ ਪੈਰ ਪੁੱਟਦੀ। ਉਹ ਦੀ ਸ਼ਰਾਫ਼ਤ ਉਸ ਨੂੰ ਮਾਰ ਰਹੀ ਸੀ। ਤੀਵੀਆਂ ਜਿਹੜੀਆਂ ਨਿੱਤ ਨਵੇਂ ਕਾਰੇ ਕਰਦੀਆਂ, ਉਹ ਦੇ ਵਾਰੀਂ ਉਨ੍ਹਾਂ ਨੂੰ ਪਤਾ ਨਹੀਂ ਕੀ ਸੱਪ ਲੜ ਜਾਂਦਾ। ਉਸ ਨੂੰ ਯਾਦ ਆ ਰਿਹਾ ਸੀ, ਕਿਸੇ ਨੇ ਠੀਕ ਹੀ ਕਿਹਾ ਹੈ, ਬੰਦੇ ਨੂੰ ਆਪਣੇ ਖ਼ਜ਼ਾਨੇ ਵਿੱਚ ਕਈ ਔਰਤਾਂ ਦੀ ਦੌਲਤ ਰੱਖਣੀ ਚਾਹੀਦੀ ਹੈ। ਕੀ ਪਤਾ, ਕਦੋਂ ਕਿਸ ਸਿੱਕੇ ਦੀ ਲੋੜ ਪੈ ਜਾਵੇ। ਕਈ ਵਾਰ ਤਾਂ ਖੋਟਾ ਪੈਸਾ ਵੀ ਚੱਲ ਜਾਂਦਾ ਹੈ।....ਤੇ ਉਸ ਬਜ਼ੁਰਗ ਚਿੱਤਰਕਾਰ ਦੇ ਸ਼ਬਦ, 'ਜ਼ਿੰਦਗੀ ਵਿੱਚ ਆਦਮੀ ਨੂੰ ਬੱਸ ਦੋ ਚੀਜ਼ਾਂ ਦੀ ਲੋੜ ਐ, ਵੇਲੇ ਸਿਰ ਰੋਟੀ ਤੇ ਵੇਲੇ ਸਿਰ ਔਰਤ।'

ਪਹਿਲੀ ਉਮਰ ਵਿੱਚ ਉਸ ਨੇ ਜੋ ਆਪਣੀਆਂ ਅੱਖਾਂ ਨੀਵੀਆਂ ਰੱਖੀਆਂ, ਹੁਣ ਉਨ੍ਹਾਂ ਨੀਵੀਂਆਂ ਅੱਖਾਂ ਦਾ ਹੀ ਇਹ ਸਰਾਪ ਸੀ ਸਰਾਪ ਸੀ ਕਿ ਉਹ ਦਰ -ਦਰ ਠੋਕਰਾਂ ਖਾਂਦਾ ਫਿਰਦਾ ਸੀ। ਉਹ ਦੇ ਪਿੰਡ ਤੋਂ ਵੀਹ ਮੀਲ ਦੂਰ ਕਿੱਥੇ ਧਰਮਗੜ੍ਹ ਪਿਆ ਸੀ ਤੇ ਉਸ ਰਾਤ ਮਿੰਦਰੋਂ ਵਾਲੀ ਗੱਲ ਦਾ ਜੇ ਕਿਸੇ ਨੂੰ ਪਤਾ ਲੱਗ ਜਾਂਦਾ। ਸ਼ੀਲ ਕਿੰਨੇ ਹਾੜ੍ਹੇ ਕਢਵਾ ਰਹੀ ਹੈ।

ਚਾਹ ਆ ਚੁੱਕੀ ਸੀ। ਕੋਲਡ ਡਰਿੰਕ ਵੀ। ਉਹ ਪੀਣ ਲੱਗੇ। ਚੰਦਨ ਨੇ ਗੱਲ ਤੋਰੀ, 'ਸ਼ੀਲ, ਤੂੰ ਮੇਰੀ ਹਾਲ ਨੂੰ ਸਮਝਦੀ ਕਿਉਂ ਨਹੀਂ?'

‘ਕੀ, ਦੱਸ ਵੀ ਕੋਈ ਗੱਲ?'

ਮੈਂ ਦੁਖੀ ਬਹੁਤ ਆਂ।'

‘ਕੀ ਦੁੱਖ ਐ ਤੈਨੂੰ?'

‘ਦੱਸਾਂ ਤਾਂ ਦਸਿਆ ਵੀ ਨਹੀਂ ਜਾਂਦਾ। ਨਾ ਹੀ ਤੂੰ ਸੁਣਦੀ ਐਂ।'

‘ਦਸ ਤਾਂ ਸਹੀ।'

‘ਜੋ ਕੁਝ ਮੈਂ ਚਹੁੰਨਾ, ਕਹਿ ਨਹੀਂ ਸਕਦਾ ਤੇ ਨਾ ਹੀ ਸ਼ਾਇਦ ਤੂੰ ਮੰਨੇਗੀ।'

‘ਗੱਲ ਵੀ ਕਰ ਕੋਈ।'

'ਮੇਰੀ ਪਿਆਸ ਕੋਲ ਤੇਰੇ ਪਾਣੀ ਤੱਕ ਪਹੁੰਚਣ ਦੀ ਹਿੰਮਤ ਨਹੀਂ।' ‘ਮਤਲਬ?'

‘ਦੇਖ, ਸਿੱਧੀ ਗੱਲ ਐ। ਦੇਵਾਂ, ਮੇਰੀ ਪਤਨੀ ਦੇ ਮਰਨ ਦਾ ਤਾਂ ਤੈਨੂੰ ਪਤਾ ਈ ਐ। ਪਹਾੜ ਜਿੱਡੀ ਮੇਰੀ ਜ਼ਿੰਦਗੀ ਮੇਰੇ ਸਾਹਮਣੇ ਖੜ੍ਹੀ ਅੱਖਾਂ ਫਾੜ-ਫਾੜ ਝਾਕ ਰਹੀ ਹੈ। ਹਰ ਔਰਤ ਵਿੱਚ ਇੱਕ ਘਰ ਹੁੰਦਾ ਹੈ। ਮੇਰੇ ਕੋਲ ਇਹ ਘਰ ਨਹੀਂ ਰਹਿ ਗਿਆ ਹੈ। ਮੇਰਾ ਕੋਈ ਨਹੀਂ ਤੂੰ ਮੇਰਾ ....'

‘ਤੇਰੇ ਬੱਚੇ ਨੇ। ਹੋਰ ਤੂੰ ਕੀ ਲੈਣੈ?'

'ਨਹੀਂ, ਬੱਚੇ ਆਪਣੀ ਥਾਂ ਨੇ।'

‘ਹੋਰ, ਤੈਨੂੰ ਕੀ ਚਾਹੀਦੈ।'

‘ਮੈਨੂੰ ਔਰਤ ਦੀ ਲੋੜ ਐ।'

ਐਡੀ ਉਮਰ ਦਾ ਹੋ ਕੇ ਵੀ ਤੇਰੀ ਪਿਆਸ ਨਹੀਂ ਬੁਝੀ?

ਇਹ ਪਿਆਸ ਸਦੀਵੀ ਹੈ,ਸ਼ੀਲ।'

‘ਜ਼ਿੰਦਗੀ ਵਿੱਚ ਹੋਰ ਕਿਸੇ ਕੁੜੀ ਨਾਲ ਕੋਈ ਸਬੰਧ ਨਹੀਂ ਰਹੇ ਤੇਰੇ?'

‘ਸਬੰਧ ਸਨ, ਪਰ ਉਹ .. ਹੁਣ ਕਿਸੇ ਨਾਲ ਸਬੰਧ ਨਹੀਂ।'

"ਝੂਠ’

‘ਕੀ ਝੂਠ?'

‘ਤੇਰੇ ਵਰਗਾ ਬੰਦਾ ਔਰਤ ਬਗੈਰ ਨਹੀਂ ਰਹਿ ਸਕਦਾ।'

"ਹਾਂ, ਨਹੀਂ ਰਹਿ ਸਕਦਾ।'

‘ਫੇਰ? ‘ਆਖਿਆ ਤਾਂ ਹੈ, ਨਹੀਂ ਰਹਿ ਸਕਦਾ।ਮੈਨੂੰ ਕਿਸੇ ਵੀ ਔਰਤ ਦੀ ਲੋੜ ਐ। ਤੂੰ ... ਤੇ ਫੇਰ ਉਹ ਦੋਵੇਂ ਚੁੱਪ ਬੈਠੇ ਰਹੇ।

‘ਤੂੰ ਮੈਨੂੰ ਸਹਾਰਾ ਦੇਹ।' ਚੰਦਨ ਨੇ ਚੁੱਪ ਤੋੜੀ।

ਮੈਂ ਕੀ ਸਹਾਰਾ ਦੇ ਸਕਦੀ ਆਂ?'

‘ਤੂੰ ......

‘ਦੇਖ ਚੰਦਨ....’ ਸ਼ੀਲ ਨੇ ਅੱਖਾਂ ਭਰ ਲਈਆਂ।

‘ਤੂੰ ਮੈਨੂੰ ਮੋਹ ਦੇਹ। ਮੇਰਾ ਸਹਾਰਾ ਬਣ। ਮੇਰੇ ਦੁੱਖਾਂ ਦੀ ਭਾਈਵਾਲ ਬਣ ਜਾ। ਮੈਨੂੰ ਅਹਿਸਾਸ ਰਹੇ, ਕੋਈ ਕੁੜੀ ਐ ਜੋ ਮੇਰੀ ਸਾਰੀ ਤਕਲੀਫ਼ ਨੂੰ ਜਾਣਦੀ ਐ।'

‘ਤੈਨੂੰ ਪਿਆਰ ਕਰਦੀ ਤਾਂ ਹਾਂ।'

‘ਕਿੰਨਾ ਕੁ ਪਿਆਰ ਕਰਦੀ ਹੈਂ?

‘ਬਹੁਤ।'

'ਕਿੰਨਾ ਕੁ?'

‘ਸਾਰਾ ਕਿੰਨਾ ਹੁੰਦੈ?'

'ਸਾਰਾ? ... ਸਾਰਾ ਬਾਰਾਂ ਇੰਚ ਸਮਝ ਲੈ। ਬਾਰਾਂ ਇੰਚਾਂ ਵਿੱਚੋਂ ਕਿੰਨਾ ਪਿਆਰ ਕਰਦੀ ਐਂ ਤੂੰ ਮੈਨੂੰ?'

‘ਸਾਢੇ ਗਿਆਰਾਂ ਚ।' ਅੱਧਾ ਇੰਚ ਕਿਹੜੇ ਦੁਸ਼ਮਣ ਖਾਤਰ ਰੱਖ ਲਿਆ?'

ਕਿਸੇ ਲਈ ਵੀ ਨਹੀਂ।'

‘ਮੈਨੂੰ ਓਸ ਅੰਧੇ ਇੰਚ ਦੀ ਲੋੜ ਐ।'

‘ਓਸ ਅੰਧੇ ਇੰਚ ਦੀ ਖੁਸ਼ੀ ਉਡੀਕ ਰੱਖ।'

‘ਸਾਢੇ ਗਿਆਰਾਂ ਇੰਚ ਦੇ ਦਿੱਤੇ, ਅੱਧਾ ਇੰਚ ਵੀ ਦੇ ਦੇ।'

'ਅੱਧੇ ਇੰਚ ਦੀ ਤਾਂ ਗੱਲ ਐ ਸਾਰੀ।'

‘ਤੂੰ ਮੈਨੂੰ ਕਿਤੇ ਇਕੱਲੀ ਮਿਲ।'

‘ਮੇਰੇ ਲਈ ਇਹ ਬਹੁਤ ਔਖੈ।'

'ਕਿਉਂ?'

‘ਬੱਸ।'

'ਕੀ ਹੋ ਜੂ?'

‘ਜੇ ਕੁਛ ਹੋ ਗਿਆ ਤਾਂ ਮੈਂ ਕਾਸੇ ਜੋਗੀ ਨ੍ਹੀਂ ਰਹਿਣਾ।'

'ਨਹੀਂ।'

‘ਨਾਂਹ।'

'ਤੈਨੂੰ ਪਤੈ, ਮੈਂ ਕਿੰਨਾ ਦੁਖੀ ਆਂ?'

'ਪਤੈ।'

‘ਫੇਰ?'

ਨਹੀਂ ਰਹਿਣ ਦੇ।'

‘ਚੰਗਾ, ਤੇਰੀ ਮਰਜ਼ੀ। ਮੈਂ ਆਪ ਦੁਖੀ ਹੋ ਲਊਂ, ਤੈਨੂੰ ਦੁਖੀ ਨਹੀਂ ਕਰਨਾ।'

‘ਮੇਰੇ ਦੁਖੀ ਹੋਣ ਦਾ ਕੁਛ ਨਹੀਂ, ਕੋਈ ਤੀਜਾ ਦੁਖੀ ਨਾ ਹੋਵੇ।'

‘ਮਤਲਬ?

‘ਤੂੰ ਸਮਝਦਾ ਕਿਉਂ ਨਹੀਂ ਚੰਦਨ। ਤੇਰੇ ਦੁੱਖਾਂ ਨਾਲ ਮੈਨੂੰ ਪੂਰੀ ਹਮਦਰਦੀ ਐ। ਤੇਰੇ ਨਾਲ ਮੈਨੂੰ ਪਿਆਰ ਐ, ਓਨਾ ਜਿੰਨਾ ਕਿ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਕੀਤਾ ਤੇ ਸ਼ਾਇਦ ਇਸ ਤੋਂ ਵੱਧ ਕਰ ਵੀ ਨਾ ਸਕਾਂ। ਮੈਂ ਸਾਰੀ ਉਮਰ ਤੇਰੇ ਨਾਲ ਇਹ ਮਾਨਸਿਕ ਸਾਂਝ ਕਾਇਮ ਰੱਖਾਂਗੀ। ਪਰ ਮੇਰੇ ਹੋਂਠ ਤੇ ਮੇਰਾ ਇਹ ਸਰੀਰ ਕਿਸੇ ਹੋਰ ਦੀ ਇਮਾਨਤ ਐ। ਮੇਰਾ ਫ਼ਰਜ਼ ਐ, ਇਸ ਸਾਰੇ ਕੁਛ ਨੂੰ ਮੈਂ ਉਹ ਦੇ ਵਾਸਤੇ ਸੰਭਾਲ ਕੇ ਰੱਖਾਂ।

ਚੰਦਨ ਨੂੰ ਆਪਣਾ-ਆਪ ਬਹੁਤ ਕਮਜ਼ੋਰ ਜਾਪਿਆ। ਉਸ ਨੂੰ ਲੱਗਿਆ ਕਿ ਜਿਹੜੀ ਗੱਲ ਉਹ ਕਹਿਣੀ ਚਾਹੁੰਦਾ ਸੀ, ਸ਼ਾਇਦ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਸਕਿਆ। ਸ਼ੀਲ ਵੱਲੋਂ ਉਸ ਨੂੰ ਠੋਕਵਾਂ ਜਵਾਬ ਮਿਲਿਆ ਸੀ। ਪਤਾ ਨਹੀਂ ਕਿਉਂ, ਉਹ ਫਿਰ ਵੀ ਉਸ ਨੂੰ ਪਿਆਰੀ-ਪਿਆਰੀ ਲੱਗ ਰਹੀ ਸੀ। ਤੇ ਫਿਰ ਉਹ ਖ਼ੁਦ ਹੀ ਕਹਿਣ ਲੱਗਿਆ, ਦੇਖ ਸ਼ੀਲ, ਮਰਦ ਤੇ ਔਰਤ ਵਿਚਕਾਰ ਜੋ ਇਕ ਹੱਦ ਹੁੰਦੀ ਐ, ਆਪਾਂ ਉਸ ਹੱਦ ਨੂੰ ਨਹੀਂ ਤੋੜਾਂਗੇ। ਇਹ ਵਾਅਦਾ ਰਿਹਾ।'

‘ਠੀਕ ਐ।' ਸ਼ੀਲ ਨੇ ਝੱਟ ਕਹਿ ਦਿੱਤਾ। ਜਿਵੇਂ ਉਹ ਦੇ ਮਨ ਤੋਂ ਬਹੁਤ ਵੱਡਾ ਬੋਝ ਉਤਰ ਗਿਆ ਹੋਵੇ।

ਹਾਂ.....।' ਚੰਦਨ ਦੀਆਂ ਅੱਖਾਂ ਗਿੱਲੀਆਂ ਸਨ। ਮੰਗਲਵਾਰ ਦੋ:

ਚੰਦਰ ਨੇ ਅੱਧੀ ਛੁੱਟੀ ਲਈ ਤੇ ਰਾਣੀਸਰ ਨੂੰ ਚੱਲ ਪਿਆ। ਸ਼ਰਾਬ ਦੀ ਬੋਤਲ ਉਸ ਨੇ ਸ਼ਾਹਕੋਟ ਦੇ ਬੱਸ ਸਟੈਂਡ ਤੋਂ ਹੀ ਲੈ ਲਈ ਸੀ। ਰਾਣੀਸਰ ਪਹੁੰਚ ਕੇ ਉਹ ਸਿੱਧਾ ਕੰਦੋ ਦੇ ਘਰ ਗਿਆ।

ਤੇ ਫਿਰ ਦਿਨ ਛਿਪੇ ਜਿਹੇ ਜਦ ਉਹ ਤਿਆਰ ਜਿਹਾ ਹੋ ਕੇ ਆਪਣੇ ਘਰੋਂ ਕੰਦੋ ਦੇ ਘਰ ਵੱਲ ਜਾ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਉਹ ਅੱਧਾ ਆਦਮੀ ਰਹਿ ਗਿਆ ਹੈ। ਪਰ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਦਾ ਜ਼ਰੂਰੀ ਅੱਧ ਸ਼ੀਲ ਕੋਲ ਰਹਿ ਗਿਆ ਜਾਂ ਹੁਣ ਕੰਦੋ ਕੋਲ ਜਾ ਰਿਹਾ ਹੈ? *