ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਔਰਤ ਦੀ ਕੁਠਾਲੀ
ਔਰਤ ਦੀ ਕੁਠਾਲੀ
ਚਾਨਣ ਮੱਲੋਂ-ਮੱਲੀ ਘੇਰ ਕੇ ਮੈਨੂੰ ਚੁਬਾਰੇ ਵਿੱਚ ਲੈ ਗਿਆ। ਚੁਬਾਰਾ -ਪੱਕੀਆਂ ਇਟਾਂ ਦਾ। ਫ਼ਰਸ਼ ਵੀ ਪੱਕਾ। ਸਾਹਮਣੇ ਦੋ ਪਲੰਘ ਵਿਛੇ ਹੋਏ ਚਾਦਰਾਂ ਸਰ੍ਹਾਣੇ ਟੁੱਟ ਨਾਲ ਕੱਢੇ। ਚਿੜੀਆਂ, ਮੋਰ, ਤੋਤੇ ਜਿਵੇਂ ਫੜ ਕੇ ਬਹਾਏ ਹੋਣ। ਇੱਕ ਪਾਸੇ ਟਾਂਡ ਤੇ ਲਿਸ਼ਕਦੇ ਥਾਲ, ਗਿਲਾਸ ਤੇ ਕੌਲੀਆਂ। ਲੱਕੜ ਦੀ ਨਿੱਕੀ ਜਿਹੀ ਟੰਗਣੀ ਤੇ ਚਮਚਿਆਂ ਦੀ ਪਾਲ। ਚਹੁੰ ਮੰਜਿਆਂ ਦੇ ਡੱਬੇ ਵਰਗੇ ਚੁਬਾਰੇ ਵਿੱਚ ਖ਼ਾਸਾ ਚਿਰ ਬੈਠਣ ਨੂੰ ਜੀਅ ਕਰਦਾ ਸੀ।
‘ਪਲੰਘ ’ਤੇ ਮੈਨੂੰ ਬਿਠਾ ਕੇ ਆਪ ਚਾਨਣ ਥੱਲੇ ਉਤਰ ਗਿਆ। ਥੋੜ੍ਹੇ ਚਿਰ ਪਿੱਛੋਂ ਉਹ ਫੇਰ ਮੇਰੇ ਕੋਲ ਆ ਕੇ ਬੈਠ ਗਿਆ।
ਐਤੀਕੀਂ ਤਾਂ ਪੰਜ-ਛੇ ਮਹੀਨਿਆਂ ਪਿੱਛੋਂ ਗੇੜਾ ਮਾਰਿਐ? ਚਾਨਣ ਨੇ ਕੀਤੀ।'
‘ਕੰਮ ਛੱਡ ਕੇ ਆਉਣਾ ਬੜਾ ਔਖੈ। ਫੇਰ ਵੀ ਤੇਰੇ ਅਰਗੇ ਮਿੱਤਰ-ਬੇਲੀਆਂ ਨੂੰ ਮਿਲੇ ਬਿਨਾਂ ਰਹਿਆ ਨੀਂ ਜਾਂਦਾ। ਜੰਮਣ-ਭੋਂ ਤਿਆਗੀ ਨੀਂ ਜਾਂਦੀ।’ ਮੈਂ ਉੱਤਰ ਦਿੱਤਾ।
‘ਪਰ ਇਕ ਗੱਲ ਚਾਨਣਾ ਤੈਨੂੰ ਪੁੱਛਾਂ?' ਮੈਂ ਉਸ ਵੱਲ ਅੱਖਾਂ ਗੱਡ ਦਿੱਤੀਆਂ।
'ਪੁੱਛ', ਉਸ ਨੇ ਮੇਰੇ ਵੱਲ ਪੂਰਾ ਧਿਆਨ ਦੇ ਦਿੱਤਾ ਸੀ।
'ਅੱਗੇ ਤਾਂ ਤੇਰੇ ਇਸੇ ਘਰ 'ਚੋਂ ਡਾਡ ਮਾਰਦੀ ਸੀ, ਭੇਡਾਂ ਦੇ ਵਾੜੇ ਅਰਗੀ, ਹੁਣ ਤਾਂ ਯਾਰ ਇਹ ਕਿਸੇ ਓਪਰੇ ਹੱਥਾਂ ਦੀ ਕਰਾਮਾਤ ਦਿੱਸਦੀ ਐ?'। ਚੁਬਾਰੇ ਦੀ ਲਿਸ਼ਕਣੀ ਦੇਖ ਕੇ ਮੈਂ ਹੈਰਾਨੀ ਜ਼ਾਹਰ ਕੀਤੀ।
‘ਆਹ ਹੁਣੇ ਪਟੋਲਾ ਚਾਹ ਲੈ ਕੇ ਆਉ, ਦੇਖ ਲੀਂ। ਚਾਨਣ ਨੇ ਜਿਵੇਂ ਸਾਰੀ ਹਿੱਕ ਚੌੜੀ ਕਰਕੇ ਆਖਿਆ ਹੋਵੇ।
ਰੰਗ ਧੋਤੀ ਹੋਈ ਗਾਜਰ। ਕੱਦ ਸੂਤ ਸਿਰ, ਕੰਨਾਂ ਵਿੱਚ ਨਵੀਂ ਘੜਤ ਦੀਆਂ ਵਾਲੀਆਂ। ਟੈਰਾਲਿਨ ਦਾ ਸੂਟ ਤੇ ਸਿਰ ’ਤੇ ਜਾਲੀਦਾਰ ਕਾਲਾ ਦੁਪੱਟਾ। ਪੈਰਾਂ ਵਿੱਚ ਕੱਢਵੀਂ ਮੋਡੀ ਦੁਖਲੀ ਜੁੱਤੀ। ਖੁੱਦੋਂ ਵਾਂਗ ਮੜਿਆ ਗੁੰਦਵਾਂ ਸਰੀਰ ਚਾਹ ਦੀ ਗੜਵੀਂ ਲੈ ਕੇ ਉਹ ਚੁਬਾਰੇ ਵਿੱਚ ਆ ਖੜੀ।
‘ਸਾਸਰੀਕਾਲ ਆਖ, ਦਿਓਰ ਐ ਤੇਰਾ। ਚਾਨਣ ਨੇ ਮੇਰੇ ਵੱਲ ਹੱਥ ਕੀਤਾ। ਉਸ ਨੇ ਸੰਗਦੀ-ਸੰਗਦੀ ਨੇ ਬੁੱਲ੍ਹ ਹਿਲਾਏ।‘ਜਮਈਂ, ਚੰਦ ਐ ਅਸਮਾਨ ਦਾ।' ਮੈਂ ਹੌਲੀਂ ਦੇ ਕੇ ਚਾਨਣ ਦੇ ਕੰਨ ਵਿੱਚ ਆਖਿਆ।
‘ਨਾਂ ਵੀ ਇਹ ਦਾ ਚੰਦ ਕੁਰ ਈ ਐ। 'ਚਾਨਣ ਨੇ ਹੱਸ ਕੇ ਉਹ ਦੇ ਵੱਲ ਦੇਖ ਪੂਰੇ ਦਿਲ ਨਾਲ ਕਿਹਾ।
ਸ਼ਰਮ-ਹਜੂਰ ਹੋ ਕੇ ਉਸ ਨੇ ਅੱਖਾਂ ਮੂਹਰੇ ਬਾਂਹ ਕਰ ਲਈ। ਲੱਕੜ ਦੀ ਤਿੰਨ-ਟੰਗੀ ਉੱਤੇ ਦੋ ਗਲਾਸ ਤੇ ਚਾਹ ਦੀ ਗੜਵੀ ਰੱਖ ਕੇ ਥੱਲੇ ਉਤਰ ਗਈ।
‘ਤੀਮੀ ਤਾਂ ਯਾਰ ਇਹ ਘਰੇ ਰੱਖਣ ਆਲੀ ਹੈ।' ਚਾਹ ਦੀ ਘੁੱਟ ਭਰ ਕੇ ਸਾਰੇ ਚਾਅ ਨਾਲ ਮੈਂ ਕਹਿ ਦਿੱਤਾ।
‘ਤੀਮੀ ਜੇ ਇਹ ਆਊ ਚਲਾਊ ਹੁੰਦੀ ਤਾਂ ਤੈਨੂੰ ਇਹ ਦਾ ਦਿਓਰ ਨੀ ਸੀ ਮੈਂ ਆਖਣਾ।’ ਚਾਨਣ ਦੀਆਂ ਅੱਖਾਂ ਵਿੱਚ ਸਾਰੀ ਜ਼ਿੰਦਗੀ ਸਿੰਮ ਆਈ ਸੀ। ਐਨੀ ਗੱਲ ਕਹਿ ਕੇ ਉਹ ਚੁੱਪ ਕਰ ਗਿਆ। ਤੱਤੀ-ਤੱਤੀ ਚਾਹ ਅਸੀਂ ਘੁਟੀਂ-ਘੁਟੀਂ ਪੀਂਦੇ ਰਹੇ।
ਚਾਨਣ ਦੀ ਉਮਰ ਉਸ ਵੇਲੇ ਸੈਂਤੀ-ਅਠੱਤੀ ਸਾਲ ਤੋਂ ਘੱਟ ਨਹੀਂ ਹੋਣੀ। ਵੀਹ-ਬਾਈ ਵਰ੍ਹਿਆਂ ਦੀ ਉਮਰ ਵਿੱਚ ਹੀ ਉਸ ਦਸ ਨੰਬਰੀਆਂ ਦੀ ਢਾਣੀ ਵਿੱਚ ਰਲ ਗਿਆ ਸੀ। ਜਦੋਂ ਦੀ ਮੈਂ ਸੁਰਤ ਸੰਭਾਲੀ ਸੀ, ਉਸ ਨੇ ਚਾਰ-ਪੰਜ ਤੀਵੀਆਂ ਨਫ਼ਾ ਲੈ ਕੇ ਅੱਗੇ ਵੇਚੀਆਂ ਸਨ। ਚੋਰ ਵੀ ਉਹ ਪੱਕਾ ਸੀ। ਪੰਜਾਹ-ਪੰਜਾਹ ਕੋਹ ਤੋਂ ਪਸ਼ੂਆਂ ਦੇ ਰੱਸੇ ਖੋਲ ਕੇ ਕਿਧਰੇ ਖੁਰਦ-ਬੁਰਦ ਕਰ ਦਿੰਦਾ। ਪਿੰਡ ਵਿੱਚ ਕੋਈ ਚੋਰੀ ਹੋ ਜਾਂਦੀ ਜਾਂ ਪਿੰਡ ਦੀ ਜੂਹ ਵਿੱਚ ਕੋਈ ਖੋਹ ਹੋ ਜਾਂਦੀ ਤਾਂ ਦਸ-ਨੰਬਰੀਆਂ ਸਮੇਤ ਪੁਲਿਸ ਚਾਨਣ ਨੂੰ ਵੀ ਸੱਦ ਕੇ ਬਿਠਾ ਲੈਂਦੀ।
ਤੁਰ੍ਹਲੇ ਵਾਲੀ ਟੇਢੀ ਪੱਗ। ਗੋਡਿਆਂ ਤੋਂ ਥੱਲੇ ਡਿੱਗਦਾ ਲੰਮੀਆਂ ਬਾਹਾਂ ਵਾਲਾ ਮਲਗਰਦਨੀ ਕੜਤਾ। ਧਰਤੀ ਸੰਭਰਦਾ ਸਿੱਟਵਾਂ ਚਾਦਰਾ। ਨੋਕਾਂ ਵਾਲੀ ਲਿਸ਼ਕਾਂ ਮਾਰਦੀ ਕੁੰਢੀਆਂ। ਅੱਖਾਂ ਮੋਟੀਆਂ-ਮੋਟੀਆਂ ਤੇ ਸਰਮਾ ਪਾ ਕੇ ਡੋਰੇ ਹੋਰ ਵੀ ਉਘਾੜੇ ਹੋਏ ਰੰਗ ਮੁਸ਼ਕੀ, ਪੂਰਾ ਦਰਸ਼ਨੀ ਜੁਆਨ ਸੀ ਚਾਨਣ। ਪਹਿਰਾਵੇ ਤੋਂ ਹੀ ਲੱਗਦਾ ਸੀ ਕਿ ਉਸ ਨੇ ਕਦੇ ਡੱਕਾ ਦੂਰ੍ਹਾ ਨਹੀਂ ਕੀਤਾ ਹੋਣਾ। ਅੱਖਾਂ ਵਿੱਚ ਹਰ ਵੇਲੇ ਬਦਮਾਸ਼ੀ ਦੀ ਝਲਕ। ਮੈਂ ਹੈਰਾਨ ਸਾਂ ਤੇ ਸੋਚਦਾ ਸਾਂ ਕਿ ਅੱਜ ਚਾਨਣ ਨੂੰ ਇਹ ਤੀਵੀਂ ਘਰ ਰੱਖਣ ਦੀ ਗੱਲ ਕਿਵੇਂ ਸੁੱਝ ਗਈ। ਚਾਹ ਅਸੀਂ ਪੀ ਲਈ ਸੀ। ਚਾਨਣ ਨੇ ਤਿੰਨ-ਟੰਗੀ ਚੁੱਕ ਕੇ ਇੱਕ ਖੂੰਜੇ ਰੱਖ ਦਿੱਤੀ।
‘ਤੂੰ ਮੋਰਚਾ ਦੱਸ ਇਹ ਕਿਵੇਂ ਮਾਰਿਆ?' ਮੈਂ ਚੁੱਪ ਤੋੜੀ।
'ਇਹਤਾਂ ਮੇਰੇ ਮਨ ਗੁਡ 'ਗੀ ਕੰਜਰ ਦੀ। ਜਿੱਦਣ ਦੀ ਆਈ ਐ ਮਹੀਨੇ ਹੋਗੇ-ਮੇਰੀ ਤਾਂ ਜਿਵੇਂ ਇਹ ਪਲਟ ਗੀਐ। ਓਦਣ ਦੀ ਦਾਰੂ ਵੀ ਗਊ ਦੀ ਰੱਤ ਬਰੋਬਰ ਐ। ਅੱਗੇ, ਅੱਖਾਂ ਵਿੱਚ ਸ਼ਾਨੀ ਹੁੰਦੀ ਤੇ ਕਾਲਜਾ ਮੇਰਾ ਮੁਠੀ 'ਚ ਹੁੰਦਾ। ਰਹਿੰਦੇ ਦਿਨ ਹੁਣ ਤਾਂ ਮੈਂ ਚੰਦ ਕੁਰ ਨਾਲ ਈ ਕੱਟਣੇ ਨੇ।' ਚਾਨਣ ਦਾ ਦਿਲ ਸਿੱਕੇ ਵਾਂਗ ਪਿਘਲਿਆ ਹੋਇਆ ਸੀ।
‘ਗੱਲ ਹੋਈ ਕਿਵੇਂ?" ਮੈਂ ਕਾਹਲ ਕੀਤੀ।
‘ਜੋਧਪੁਰ, ਮਾਸੀ ਐ ਨਾ ਮੇਰੀ? ਉੱਥੇ ਗਿਆ ਸੀ ਮੈਂ। ਨੇੜੇ ਈ ਚੀਮਾ ਐ’ ਚਾਨਣ ਨੇ ਦੱਸਿਆ। ‘ਚੀਮੇ ਕਿਹੜੇ?' ਮੈਂ ਪੁੱਛਿਆ।
‘ਚੀਮੇ ਜਿਹਡੇ ਬਰਨਾਲੇ ਕੋਲੇ ਨੇ। ਉੱਥੇ ਇੱਕ ਬੁੜ੍ਹਾ ਸੀ ਖੁੰਢ-ਸੱਠ ਸਾਲ ਦਾ। ਇਹ ਵਿਆਹੀ ਤਾਂ ਪਹਿਲਾਂ ਕਿਤੇ ਹੋਰ ਸੀ। ਓਥੋਂ ਇਹ ਦੇ ਮਾਪਿਆਂ ਨੇ ਲਿਆ ਕੇ ਉਸ ਬੁੜੇ ਦੇ ਘਰ ਬਿਠਾ ਦਿੱਤੀ। ਨਾਮਾ ਚੰਗਾ ਸੀ ਬੁੜ੍ਹੇ ਕੋਲੇ।ਆਪ ਤਾਂ ਸਾਲੇ ਤੋਂ ਕੁਸ਼ ਹੁੰਦਾ ਨੀ ਸੀ, ਮੁੰਡੇ-ਖੁੰਡੇ ਰਹਿੰਦੇ ਉਹ ਦੇ ਕੋਲ। ਮੇਰੀ ਮਾਸੀ ਦਾ ਮੁੰਡਾ ਵੀ ਜਾਂਦਾ ਹੁੰਦਾ। ਇੱਕ ਦਿਨ ਉਹ ਮੈਨੂੰ ਵੀ ਲੈ ਗਿਆ। ਬੁੜ੍ਹੇ ਨੂੰ ਦਾਰੂ ਪੀਣ ਦਾ ਝੱਸ ਸੀ। ਮਾਰਦਾ-ਕੁੱਟਦਾ ਉਹ ਬਹੁਤ ਸੀ ਚੰਦ ਕੁਰ ਨੂੰ। ਵੀਹ ਦਿਨ ਰਹਿਆ ਮੈਂ ਓਥੇ ਈ। ਵੀਹੇ ਦਿਨ ਰੋਜ਼ ਬੁੜ੍ਹੇ ਨੂੰ ਅਧੀਆ ਲੈ ਕੇ ਦੇ ਦਿਆ ਕਰਾਂ।' ਚਾਨਣ ਸਾਰੀ ਗੱਲ ਟਿਕਿਆ ਨਾਲ ਦੱਸ ਰਿਹਾ ਸੀ।
‘ਮੌਜ ਰਹੀ ਫੇਰ ਤਾਂ?” ਮੈਂ ਚੂੰਢੀ ਵੱਢੀ।
‘ਪਰ ਇੱਕ ਦਿਨ ਇਹ ਕਹਿੰਦੀ, ਨਿੱਤ ਖੇਹ ਖਾਣ ਦਾ ਕੀ ਰੇਜ? ਕਿਸੇ ਦਿਨ ਜੇ ਕੱਢ ਕੇ ਲੈ ਜੇਂ ਏਸ ਕਸਾਈ ਦੇ ਘਰੋਂ। ਮੈਂ ਤੇਰੀ ਕੁਪਲਾ ਗਊ ਆਂ।' ਚਾਨਣ ਛੇਤੀ ਹੀ ਨਤੀਜੇ 'ਤੇ ਪਹੁੰਚ ਰਿਹਾ ਸੀ।
'ਬੁੜ੍ਹੇ ਨੇ ਫੇਰ ਕੋਈ ਚਾਰਾ-ਜੋਈ ਨੀ ਕੀਤੀ?” ਮੈਂ ਪੁੱਛਿਆ।
‘ਆਇਆ ਸੀ ਏਥੇ, ਪੰਚੈਤ ਬੰਨ੍ਹ ਕੇ। ਪੰਜਾਹ ਮਾਰੀਆਂ ਜੁੱਤੀਆਂ ਇਹਨੇ ਭਿਓਂ ਕੇ। ਕਹਿੰਦੀ, ਜਿੱਥੇ ਮੈਂ ਔਣਾ ਸੀ, ਆ ’ਗੀ। ਜਾਹ ਚੈਨ ਕਰਕੇ ਬੈਠ ਆਪਣੇ ਖੁੱਡੇ 'ਚ।' ਚਾਨਣ ਦੇ ਮੂੰਹ 'ਤੇ ਗੰਭੀਰ ਜਿੱਤ ਸੀ।
ਚੁਬਾਰੇ ਵਿੱਚੋਂ ਉੱਠ ਕੇ ਗੱਲਾਂ ਕਰਦੇ ਅਸੀਂ ਸੱਥ ਵਿੱਚ ਆ ਖੜ੍ਹੇ। ਮੈਂ ਦੇਖਿਆ, ਚਾਨਣ ਦੀ ਬਾਂਹ ਵਿੱਚ ਸੋਨੇ ਦਾ ਕੜਾ ਪਾਇਆ ਹੋਇਆ ਸੀ।
‘ਕੜਾ ਇਹ ਕਦੋਂ ਬਣਵਾਇਐ?' ਮੈਂ ਸੁੱਤੇ ਹੀ ਉਸ ਤੋਂ ਪੁੱਛ ਲਿਆ।
‘ਜਿੱਦਣ ਮੈਂ ਇਹ ਨੂੰ ਲਿਆਇਆਂ। ਚੀਮਿਆਂ ਦੀ ਜੜ੍ਹ ਟੱਪਣ ਤੋਂ ਪਹਿਲਾਂ ਆਪਣੀ ਛਾਪ ਇਹ ਦੀ ਉਂਗਲ ਵਿੱਚ ਤੇ ਕੜਾ ਚੰਦ ਕੁਰ ਦਾ ਆਪਣੀ ਬਾਂਹ ਵਿੱਚ ਪਾ ਕੇ ਅਸੀਂ ਸਹੁੰ ਘੱਤੀ ਸੀ। ਹੁਣ ਜਦੋਂ ਮੈਂ ਏਸ ਕੁੜੇ ਕੰਨੀਂ ਦੇਖਦਾ ਤਾਂ ਮੈਨੂੰ ਸਾਰੀ ਗੱਲ ਯਾਦ ਆ ਜਾਂਦੀ ਐ।' ਚਾਨਣ ਦੀ ਬੁੱਕਲ ਵਿੱਚ ਜ਼ਿੰਦਗੀ ਦਾ ਪੁਰਾ ਨਿੱਘ ਸੀ।
ਡੌਲਿਆਂ ਕੋਲੋਂ ਚਾਨਣ ਦੀਆਂ ਦੋਵੇਂ ਬਾਹਾਂ ਘੁੱਟ ਕੇ ਮੈਂ ਉਸ ਦੀਆਂ ਅੱਖਾਂ ਵਿੱਚ ਆਪਣੀਆਂ ਅੱਖਾਂ ਦੀ ਪੂਰੀ ਤੱਕਣੀ ਪਾ ਦਿੱਤੀ।
‘ਬੰਦੇ ਦੇ ਨਾਲ ਬੰਦੇ ਦੀ ਨੇਕੀ ਜਾਂਦੀ ਐ ਬੱਸ।' ਚਾਨਣ ਦੇ ਸਾਰੇ ਤਜਰਬੇ ਨੇ ਗਵਾਹੀ ਦਿੱਤੀ।
ਦੂਜੇ ਦਿਨ ਮੈਂ ਵਾਪਸ ਆਉਣਾ ਸੀ। ਚਾਨਣ ਨੇ ਮੇਰੇ ਵੱਲ ਹੱਥ ਵਧਾਇਆ। ਮੈਂ ਉਸ ਨੂੰ ਘੁੱਟ ਕੇ ਜੱਫੀ ਪਾ ਲਈ।
‘ਚੰਦ ਕੁਰ ਨੇ ਰੜਕ ਕੱਢ ’ਤੀ ਬਾਈ ਤੇਰੀ?' ਮੈਂ ਕਿਹਾ।
‘ਦੂਜੀ ਵਾਰ ਜਨਮ ਹੋਇਆ ਮੇਰੇ ਭਾਅ ਦਾ ਤਾਂ।' ਚਾਨਣ ਦੀ ਜੀਭ 'ਤੇ ਪੂਰੀ ਨਰਮੀ ਸੀ।
ਤੀਵੀਂ ਦੀ ਕੁਠਾਲੀ ਵਿੱਚ ਪੈ ਕੇ ਚਾਨਣ ਦੀ ਕਾਇਆ ਜਿਵੇਂ ਕੁੰਦਨ ਹੋ ਗਈ ਹੋਵੇ।