ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਔਰਤਾਂ ਦਾ ਵਪਾਰੀ

ਵਿਕੀਸਰੋਤ ਤੋਂ

ਔਰਤਾਂ ਦਾ ਵਪਾਰੀ


ਲਾਲਾ ਜਦ ਪੂਰਾ ਘੂਕਰ ਗਿਆ, ਉਹ ਘਰ ਆ ਕੇ ਮਸ੍ਹਾਂ ਹੀ ਰਾਤ ਕੱਟਦਾ। ਹੁਣ ਉਹ ਉਨ੍ਹਾਂ ਮੁੰਡਿਆਂ ਦੀ ਢਾਣੀ ਵਿੱਚ ਰਹਿੰਦਾ, ਜਿਹੜੇ ਘਰ ਦੇ ਕੰਮ ਦਾ ਡੱਕਾ ਨਹੀਂ ਸੀ ਤੋੜਦੇ। ਸਾਰਾ ਦਿਨ ਸੱਥ ਵਿੱਚ ਖੁੰਢਾਂ ’ਤੇ ਬੈਠੇ ਰਹਿੰਦੇ। ਜਾਂ ਤਾਂ ਤਾਸ਼ ਖੇਡਦੇ ਤੇ ਜਾਂ ਆਉਂਦੀ ਜਾਂਦੀ ਤੀਵੀਂ ਵੱਲ ਝਾਕ ਕੇ ਮੁੱਛਾਂ ਨੂੰ ਵੱਟ ਦਿੰਦੇ ਰਹਿੰਦੇ। ਆਥਣ ਨੂੰ ਘਰ ਦੀ ਕੱਢੀ ਸ਼ਰਾਬ ਪੀਂਦੇ। ਕੁੜਤਾ, ਚਾਦਰਾ ਤੇ ਸਾਫ਼ਾ ਚਿੱਟੇ ਸਫ਼ੈਦ, ਲਾਜਵਰ ਦੇ ਕੇ ਰੱਖਦੇ ਤੇ ਕਿਤੇ ਮੈਲ ਦਾ ਚਹੁ ਨਾ ਲੱਗਣ ਦਿੰਦੇ।

ਨਾਲ ਦੇ ਪਿੰਡ ਵਾਲਾ ਘੀਚਰ ਬਦਮਾਸ਼ ਇੱਕ ਦਿਨ ਉਨ੍ਹਾਂ ਕੋਲ ਇੱਕ ਤੀਵੀਂ ਲੈ ਆਇਆ। ਘੀਚਰ ਨੇ ਉਸ ਤੀਵੀਂ ਸਮੇਤ ਲਾਲੇ ਹੋਰਾਂ ਕੋਲ ਤਿੰਨ ਰਾਤਾਂ ਕੱਟੀਆਂ। ਤਿੰਨ ਦਿਨ ਬੱਕਰਾ ਸ਼ਰਾਬ ਉਡਦੀ ਰਹੀ। ਤੀਵੀਂ ਉਹ ਘੀਚਰ ਨੇ ਸੌ ਮੀਲ ਦੂਰ ਤੋਂ ਕਿਤੋਂ ਉਧਾਲ ਕੇ ਲਿਆਂਦੀ ਸੀ। ਚੌਥੇ ਦਿਨ ਉਹ ਤੀਵੀਂ ਘੀਚਰ ਨੇ ਲਾਲੇ ਵਿੱਚ ਦੀ ਪੈ ਕੇ ਉੱਥੇ ਹੀ ਇੱਕ ਫ਼ੌਜੀ ਪੈਨਸ਼ਨੀਏ ਨੂੰ ਦੋ ਸੌ ਰੁਪਈਏ ਦੀ ਵੇਚ ਦਿੱਤੀ।

ਲੰਡੇ ਨੂੰ ਖੁੰਡਾ ਕਹਿੰਦੇ ਸੌ ਕੋਹ ਦਾ ਵਿੰਗ ਪਾ ਕੇ ਵੀ ਮਿਲ ਜਾਂਦਾ ਹੈ। ਲਾਲਾ ਵੀ ਘੀਚਰ ਦਾ ਪੂਰਾ ਜੁੰਡੀਦਾਰ ਹੋ ਗਿਆ। ਘੀਚਰ ਤਾਂ ਅਧਖੜ ਸੀ, ਪਰ ਲਾਲਾ ਛਟੀ ਵਰਗਾ ਗੱਭਰੂ ਸੀ। ਹੁਣ ਉਹ ਦੋਵੇਂ ਜਿੱਥੇ ਜਾਂਦੇ ਇਕੱਠੇ ਜਾਂਦੇ।

ਇੱਕ ਵਾਰੀ ਉਹ ਛਪਾਰ ਦੇ ਮੇਲੇ ਗਏ। ਮੁੜਦੇ ਹੋਏ ਉਨ੍ਹਾਂ ਨੇ ਰਾਹ ਵਿੱਚ ਇੱਕ ਪਿੰਡ ਰਾਤ ਕੱਟੀ। ਉੱਥੇ ਉਨ੍ਹਾ ਦੀ ਕੋਈ ਮਾੜੀ ਮੋਟੀ ਸਿਆਣ ਗਿਆਣ ਸੀ। ਜਿਨ੍ਹਾਂ ਦੇ ਘਰ ਰਾਤ ਕੱਟੀ, ਉਨ੍ਹਾਂ ਦੇ ਗਵਾਂਢ ਵਿੱਚ ਹੀ ਇੱਕ ਜੁਲਾਹੇ ਦਾ ਘਰ ਸੀ। ਜੁਲਾਹਾ ਤਾਂ ਖਾਂਘੂ ਜਿਹਾ ਸੀ, ਪਰ ਜੁਲਾਹੀ ਪੂਰੀ ਤੇਜ਼ ਤਰਾਰ। ਅੱਖਾਂ ਵਿੱਚ ਹੀ ਹੱਸਦੀ ਦੇਖ ਕੇ ਘੀਚਰ ਨੇ ਲਾਲੇ ਨੂੰ ਸ਼ਿੰਗਾਰ ਦਿੱਤਾ, 'ਮੇਰੇ ’ਚ ਤਾਂ ਹੁਣ ਦਮ ਨੀ, ਤੂੰ ਛੇੜ ਕੇ ਦੇਖ।’ ਲਾਲੇ ਵਰਗੇ ਜਵਾਨ ਨੂੰ ਦੇਖ ਕੇ ਜੁਲਾਹੀ ਦੀ ਚਾਂਗ ਨਿਕਲ ਗਈ। ਦੂਜੇ ਦਿਨ ਵੀ ਉਹ ਉੱਥੇ ਹੀ ਰਹੇ। ਅੱਧੀ ਰਾਤ ਟੱਪੀ ਤੋਂ ਦਿਨ ਚੜ੍ਹਦੇ ਨੂੰ ਉਨ੍ਹਾਂ ਨੇ ਜੁਲਾਹੀ ਪਿੰਡ ਲਿਆ ਮਾਰੀ। ਇੱਕ-ਦੋ ਦਿਨ ਰੱਖ ਕੇ ਫੇਰ ਪਤਾ ਨਹੀਂ ਕਿੱਧਰ ਚਲਾ ਦਿੱਤੀ।

ਘੀਚਰ ਨੇ ਲਾਲੇ ਨੂੰ ਪੂਰਾ ਹੱਥ ਦੇ ਦਿੱਤਾ। ਉਸ ਨੂੰ ਭੁੱਸ ਪੈ ਗਿਆ। ਹੁਣ ਉਹ ਸੌ-ਸੌ ਕੋਹ ਦੂਰ ਨਿਕਲ ਜਾਂਦੇ। ਇਕੱਲਾ-ਦੁਕੱਲਾ ਆਦਮੀ ਦੇਖਦੇ, ਨਾਲ ਤੀਵੀਂ ਹੁੰਦੀ ਤਾਂ ਖੋਹ ਲੈਂਦੇ। ਆਦਮੀ ਨੂੰ ਕੁੱਟ ਕੇ ਸੁੱਟ ਜਾਂਦੇ। ਕਿਸੇ ਨੂੰ ਦਰਖ਼ਤ ਨਾਲ ਨੂੜ ਆਉਂਦੇ। ਤੀਵੀਂ ਨੂੰ ਆਪਣੇ ਪਿੰਡਾਂ ਵੱਲ ਲੈ ਆਉਂਦੇ। ਪੰਜ-ਦਸ ਦਿਨ ਰੱਖਦੇ ਤੇ ਫੇਰ ਵੇਚ ਦਿੰਦੇ। ਹੁਣ ਉਨ੍ਹਾਂ ਨੇ ਇਹ ਵਪਾਰ ਹੀ ਬਣਾ ਲਿਆ। ਲਾਲੇ ਨਾਲ ਕੋਈ ਤੀਵੀਂ ਫਸ ਜਾਂਦੀ ਤਾਂ ਉਸ ਨੂੰ ਕੱਢ ਲਿਆਉਂਦੇ। ਹੁਣ ਉਹ ਯੂ.ਪੀ., ਬੀਕਾਨੇਰ ਤੇ ਅੰਬਾਲੇ ਵੱਲੋਂ ਵੀ ਤੀਵੀਂਆਂ ਹੋਰ ਬਦਮਾਸ਼ਾਂ ਤੋਂ ਸਸਤੇ ਮੁੱਲ ਲੈ ਕੇ ਏਧਰ ਲੈ ਆਉਂਦੇ ਤੇ ਨਫ਼ਾ ਕੱਢ ਕੇ ਵੇਚ ਦਿੰਦੇ। ਪੰਜ-ਛੇ ਸਾਲ ਉਹ ਦੋਵੇਂ ਇਸੇ ਤਰ੍ਹਾਂ ਕਰਦੇ ਰਹੇ। ਘੀਚਰ ਨੂੰ ਇੱਕ ਵਾਰੀ ਐਸਾ ਪਾਣੀਝਾਰਾ ਨਿਕਲਿਆ ਕਿ ਉਹ ਮੰਜੇ ਵਿੱਚੋਂ ਹੀ ਮੁੜ ਕੇ ਨਾ ਉੱਠ ਸਕਿਆ।

ਲਾਲਾ ਘੀਚਰ ਨਾਲੋਂ ਚੜ੍ਹਿਆ ਹੋਇਆ ਸੀ। ਇਲਾਕੇ ਵਿੱਚ ਤੇ ਹੋਰ ਦੂਰ-ਦੂਰ ਤਾਈਂ ਵੀ ਉਸ ਨੂੰ ਅੱਡਿਆਂ ਦਾ ਪਤਾ ਸੀ। ਹੁਣ ਉਸ ਨੇ ਆਪਣੇ ਨਾਲ ਨੇੜੇ ਦੇ ਪਿੰਡੋਂ ਇੱਕ ਹੋਰ ਜੁਆਨ ਨੂੰ ਸ਼ੰਗਾਰ ਲਿਆ। ਉਨ੍ਹਾਂ ਨੇ ਕਿੰਨੀਆਂ ਹੀ ਤੀਵੀਆਂ ਏਧਰ-ਉੱਧਰ ਕੀਤੀਆਂ। ਕਈਆਂ ਦੇ ਘਰ ਉਜਾੜ, ਕਈਆਂ ਦੇ ਵਸਾਏ। ਰਿਟਾਇਰਡ ਫੌਜੀ, ਆਸ ਮੁਕਾ ਬੈਠੇ ਆਦੀ ਛੜੇ ਤੇ ਕਈ ਅੰਗਹੀਣ, ਪਰ ਨਾਮੇ ਵਾਲੇ ਬੰਦੇ ਨਾਲੇ ਨੂੰ ਸਵਾਲ ਪਾਈਂ ਰੱਖਦੇ। ਪੁਲਿਸ ਨਾਲ ਉਹ ਮਿਲ ਕੇ ਰਹਿੰਦਾ। ਪੁਲਿਸ ਵਾਲਿਆਂ ਨੂੰ ਖੁਸ਼ ਕਰਨ ਦੇ ਤੇ ਉਨ੍ਹਾਂ ਨੂੰ ਧੋਖਾ ਦੇਣ ਦੇ ਸਾਰੇ ਢੰਗ ਉਸ ਨੂੰ ਆਉਂਦੇ ਸਨ। ਪਿੰਡ ਦੇ ਲੋਕ ਕਹਿੰਦੇ ਹੁੰਦੇ, ‘ਲਾਲਾ ਤਾਂ ਥਾਣੇਦਾਰ ਦਾ ਵੀ ਪਿਓ ਐ, ਉਹ ਨੂੰ ਕੌਣ ਹੱਥ ਪਾਵੇ।’

ਲਾਲੇ ਹੋਰੀਂ ਇੱਕ ਵਾਰੀ ਕਾਲੇਕਿਆਂ ਦਾ ਮੇਲਾ ਦੇਖਣ ਗਏ। ਉੱਥੇ ਇੱਕ ਪੰਜਾਹ-ਪਚਵੰਜਾ ਸਾਲਾ ਦਾ ਬੰਦਾ ਸੀ। ਉਹ ਬਰ੍ਹਮਾ ਵਿੱਚੋਂ ਚੰਗੇ ਪੈਸੇ ਕਮਾ ਕੇ ਲਿਆਇਆ ਸੀ। ਪਿੰਡ ਆ ਕੇ ਉਸ ਨੇ ਜ਼ਮੀਨ ਖਰੀਦ ਲਈ ਤੇ ਪੱਕਾ ਵਧੀਆ ਮਕਾਨ ਵੀ ਪਾ ਲਿਆ। ਪੈਸੇ ਵਾਲਾ ਬੰਦਾ ਹੋਣ ਕਰਕੇ ਉਸ ਦਾ ਵਿਆਹ ਵੀ ਹੋ ਗਿਆ। ਉਸ ਦੀ ਘਰਵਾਲੀ ਮਸ੍ਹਾਂ ਬਾਈ-ਤੇਈ ਸਾਲ ਦੀ ਸੀ। ਮਾਪਿਆਂ ਨੇ ਕੁੜੀ ਦਾ ਮੋਟਾ ਪੈਸਾ ਲਿਆ ਸੀ। ਲਾਲਾ ਉਨ੍ਹਾਂ ਦੇ ਘਰ ਪਹਿਲਾਂ ਵੀ ਦੋ-ਚਾਰ ਵਾਰੀਂ ਆ ਚੁਆਿ ਸੀ। ਬਰ੍ਹਮਾ ਵਾਲਾ ਉਹ ਆਦਮੀ ਆਏ ਗਏ ਦੀ ਸ਼ਰਾਬ ਆਦਿ ਨਾਲ ਚੰਗੀ ਸੇਵਾ ਕਰਦਾ। ਲਾਲਾ ਆਪਣੀ ਤਾੜ ਵਿੱਚ ਰਹਿੰਦਾ। ਉਸ ਨੂੰ ਪਤਾ ਲੱਗ ਗਿਆ ਕਿ ਇਸ ਤੀਵੀਂ ਨੂੰ ਝੋਰਾ ਜ਼ਰੂਰ ਹੈ। ‘ਕੀ ਕਰਾਂ ਪਰਾਂਦੇ ਨੂੰ,’ ਜੋਬਨ ਰੁੜਦੇ ਜਾਂਦੇ ਨੂੰ।

ਲਾਲਾ ਗੋਲੀ ਵਰਗਾ ਜਵਾਨ ਤਾਂ ਉਸ ਨੂੰ ਮਸ੍ਹਾਂ ਥਿਆਇਆ ਸੀ।

‘ਤੂੰ ਮੈਨੂੰ ਇਸ ਗਾਰ ’ਚੋਂ ਕੱਢ ਲੈ।’ ਉਸ ਤੀਵੀਂ ਨੇ ਉਸ ਦਿਨ ਲਾਲੇ ਨੂੰ ਸਵਾਲ ਕੀਤਾ।

‘ਮੈਂ ਕਦ ਤੈਨੂੰ ਨਾਂਹ ਕੀਤੀ ਐ।’ ਲਾਲੇ ਦੇ ਦਿਲ ਦੀ ਗੱਲ ਸੀ।

‘ਚੱਲ, ਪਹਿਰ ਦੇ ਤੜਕੇ ਨਿਕਲ ਚੱਲੀਏ’ ਤੀਵੀਂ ਪੱਕੀ ਤਿਆਰ ਹੋ ਗਈ।

‘ਘੋੜੀ ਵੀ ਨਾਲ ਈ ਲੈ ਚੱਲੀਏ, ਹਵਾ ਬਣਾ ਦੂੰ।’ ਲਾਲਾ ਉਸ ਦੇ ਘਰ ਦਾ ਜਿਵੇਂ ਸਭ ਕੁਝ ਹੂੰਝਣਾ ਚਾਹੁੰਦਾ ਸੀ।

‘ਇੱਕ ਕੌਲ ਮੇਰੇ ਨਾਲ ਕਰ ਬਈ ਤੂੰ ਆਪ ਮੈਨੂੰ ਵਸਾਵੇਂਗਾ। ਦੇਖੀਂ ਮੈਨੂੰ ਦਗ਼ਾ ਨਾ ਦੇਈਂ।’ ਭੂਰੇ ਨੇ ਆਪਣੇ ਹੱਥੋਂ ਸੋਨੇ ਦੀ ਛਾਪ ਕੱਢ ਕੇ ਲਾਲੇ ਦੀ ਚੀਚੀ ਵਿੱਚ ਸ਼ੰਗਾਰ ਦਿੱਤੀ। ਲਾਲੇ ਨੇ ਆਪਣਾ ਕੜਾ ਲਾਹ ਕੇ ਭੁਰੋ ਦੀ ਬਾਂਹ ਵਿੱਚ ਤਿਲ੍ਹਕਾ ਦਿੱਤਾ। ਦਿਨ ਚੜ੍ਹਿਆ ਤਾਂ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ।

ਦੋ ਮਹੀਨੇ ਲਾਲਾ ਉਸ ਨੂੰ ਪਤਾ ਨਹੀਂ ਕਿੱਥੇ-ਕਿੱਥੇ ਲਈ ਫਿਰਿਆ। ਇੱਕ ਦਿਨ ਬਠਿੰਡੇ ਤੋਂ ਪਰ੍ਹੇ ਇੱਕ ਪਿੰਡ ਵਿੱਚ ਉਹ ਠਹਿਰੇ। ਚਾਰ ਦਿਨ ਉਹ ਉੱਥੇ ਹੀ ਰਹੇ। ਜਿਸ ਘਰ ਉਹ ਰਹਿੰਦੇ ਸਨ, ਉਹ ਆਦਮੀ ਮਲਾਇਆ ਵਿੱਚੋਂ ਆਇਆ ਸੀ ਤੇ ਲਾਲੇ ਦੇ ਛੋਟੇ ਦੋਵਾਂ ਭਰਾਵਾਂ ਨੂੰ ਜਾਣਦਾ ਸੀ, ਜਿਹੜੇ ਮਲਾਇਆ ਵਿੱਚ ਹੁਣ ਰਹਿੰਦੇ ਸਨ। ਭੂਰੋ ਨੇ ਪੰਜਵੇਂ ਦਿਨ ਤੜਕੇ ਉੱਠ ਕੇ ਦੇਖਿਆ ਕਿ ਉਹਦੇ ਕੋਲ ਡਹੀ ਮੰਜੀ ਖ਼ਾਲੀ ਪਈ ਹੈ। ਦੁਪਹਿਰ ਤਾਈਂ ਉਹ ਉਸ ਨੂੰ ਉਡੀਕਦੀ ਰਹੀ। ਆਥਣ ਤੇ ਫਿਰ ਰਾਤ। ਦੂਜਾ ਦਿਨ ਚੜ੍ਹਿਆ ਤੇ ਇਸ ਤਰ੍ਹਾਂ ਦੋ ਦਿਨ ਹੋਰ ਲੰਘ ਗਏ। ਘਰ ਦੇ ਮਾਲਕ ਨੇ ਭੂਰੋ ਨੂੰ ਦੱਸਿਆ ਕਿ ਲਾਲਾ ਦਸ ਕੁ ਦਿਨ ਲਾ ਕੇ ਫੇਰ ਆਏਗਾ। ਪੰਦਰਾਂ-ਵੀਹ ਦਿਨ ਲੰਘ ਗਏ। ਘਰ ਵਾਲੇ ਨੇ ਨਿੰਮੋਝੂਣਾ ਜਿਹਾ ਹੋ ਕੇ ਇੱਕ ਦਿਨ ਭੂਰੋ ਨੂੰ ਆਖ ਦਿੱਤਾ, ‘ਤੂੰ ਤਾਂ ਹੁਣ ਏਸੇ ਘਰ ਦੀ ਰਾਣੀ ਐ।’

ਜਦੋਂ ਪਾਕਿਸਤਾਨ ਬਣਿਆ, ਲਾਲੇ ਦੀ ਉਮਰ ਸੱਠ ਸਾਲ ਦੇ ਨੇੜੇ ਢੁੱਕੀ ਹੋਈ ਸੀ। ਹੁਣ ਉਸ ਤੋਂ ਇਹ ਕੰਮ ਨਹੀਂ ਸੀ ਹੁੰਦਾ। ਗੋਡੇ ਦੁਖਦੇ ਸਨ। ਨਿਗਾਹ ਘਟ ਗਈ ਤੇ ਢਿੱਡ ਵਿੱਚ ਮਿੰਨ੍ਹਾਂ-ਮਿੰਨ੍ਹਾਂ ਦਰਦ ਰਹਿੰਦਾ। ਹੁਣ ਉਹ ਪਿੰਡੋਂ ਬਾਹਰ ਨਹੀਂ ਸੀ ਜਾਂਦਾ। ਉਸ ਦੇ ਵੱਡੇ ਭਾਈ ਨੇ ਉਸ ਨੂੰ ਘਰ ਵਿੱਚ ਹੀ ਇੱਕ ਵੱਖਰੀ ਕੋਠੜੀ ਦੇ ਦਿੱਤੀ। ਘਰ ਰੋਟੀ ਪਾਣੀ ਖਾ ਪੀ ਕੇ ਉਹ ਸੱਥ ਵਿੱਚ ਬੈਠਾ ਰਹਿੰਦਾ। ਨਵੇਂ ਗੱਭਰੂਆਂ ਨੂੰ ਤੀਵੀਆਂ ਦੀਆਂ ਗੱਲਾਂ ਸੁਣਾਉਂਦਾ। ਇੱਕ ਇੱਕ ਤੀਵੀਂ ਬਾਰੇ ਉਸ ਨੂੰ ਯਾਦ ਸੀ ਕਿ ਕਿੱਥੋਂ ਲਿਆਂਦੀ, ਕਿੱਥੇ-ਕਿੱਥੇ ਰੱਖੀ ਤੇ ਫੇਰ ਕੀਹਨੂੰ ਕਿੰਨੇ ਵਿੱਚ ਵੇਚੀ। ਉਸ ਨੂੰ ਇਹ ਵੀ ਪਤਾ ਸੀ ਕਿ ਕਿਹੜੀ ਤੀਵੀਂ ਉਸ ਤੋਂ ਵੀ ਅੱਗੇ ਹੋਰ ਕਿੱਥੇ ਚਲੀ ਗਈ।

‘ਬਾਬਾ, ਕਿੰਨੀਆਂ ਤੀਮੀਆਂ ਪੱਟੀਆਂ ਫੇਰ?’ ਮੁੰਡੇ ਪੁੱਛਦੇ।

‘ਸਾਰੀਆਂ ਤਾਂ ਜਾਦ ਨੀ, ਗਿਣ ਲੌ ਜੇ ਗਿਣਨੀਆਂ ਨੇ।’ ਲਾਲੇ ਨੇ ਉਂਗਲੀਆਂ ਦੇ ਪੋਟੇ ਫੜਨੇ ਸ਼ੁਰੂ ਕਰ ਕੀਤੇ। ਵੀਹ ਕੁ ਤੀਵੀਆਂ ਗਿਣਾ ਕੇ ਲਾਲੇ ਨੇ ਕਿਹਾ, ‘ਇੱਕ ਕਾਲੇਕਿਆਂ ਆਲੀ।’ ਤੇ ਫੇਰ ਚੁੱਪ ਹੋ ਗਿਆ।

‘ਹੋਰ?’ ਇੱਕ ਨੌਜਵਾਨ ਨੇ ਪੁੱਛਿਆ।

‘ਬੱਸ, ਐਨੀਆਂ ਕੁ ਹੋਰ ਹੋਣੀਆਂ ਨੇ।’ ਲਾਲੇ ਦਾ ਖਿਆਲ ਜਿਵੇਂ ਉੱਖੜ ਗਿਆ ਸੀ।

ਕਈ ਦਿਨਾਂ ਤੋਂ ਲਾਲਾ ਹੁਣ ਸੱਥ ਵਿੱਚ ਨਹੀਂ ਸੀ ਦੇਖਿਆ। ਮੁੰਡੇ ਹੱਸਦੇ, ‘ਲਾਲਾ ਬੁੜ੍ਹਾ ਪਤਾ ਨਹੀਂ ਕਿਹੜੇ ਖੂਹ ’ਚ ਰਹਿੰਦੈ।’

ਇੱਕ ਦਿਨ ਸਵੇਰੇ ਹੀ ਲਾਲੇ ਦੀ ਭਤੀਜ-ਨੂੰਹ ਚਾਹ ਫੜਾਉਣ ਆਈ। ਦੇਖਿਆ ਤਾਂ ਬੁੜ੍ਹਾ ਮੰਜੀ ਤੋਂ ਥੱਲੇ ਡਿੱਗਿਆ ਪਿਆ ਹੈ। ਕੁੱਜੇ, ਤੌੜਾ ਤੇ ਕੂੰਡਾ ਆਦਿ ਨਿੱਕ-ਸੁੱਕ ਜਿਹੜਾ ਮੰਜੀ ਦੇ ਕੋਲ ਪਿਆ ਸੀ, ਉਸ ’ਤੇ ਡਿੱਗ ਕੇ ਉਸ ਦਾ ਮੂੰਹ ਸਾਰਾ ਉੱਚੜ ਗਿਆ ਹੈ।

‘ਬਾਬਾ।’ ਬਹੂ ਨੇ ਅਵਾਜ਼ ਦਿੱਤੀ।

ਬਾਬਾ ਬੋਲਿਆ ਨਾ। ਚਾਹ ਦੀ ਗੜਵੀ ਬਹੂ ਨੇ ਦੇਹਲੀ ’ਤੇ ਰੱਖ ਦਿੱਤੀ। ਗਰਦਨ ਥੱਲੇ ਸਹਾਰਾ ਦੇ ਕੇ ਬੁੜ੍ਹੇ ਨੂੰ ਬੈਠਾ ਕੀਤਾ ਤੇ ਮੰਜੀ ’ਤੇ ਪਾ ਦਿੱਤਾ। ਬਾਬੇ ਦੇ ਬੁੱਲ੍ਹ ਫਰਕਦੇ ਸੁਣੇ ....,ਭੂਅ...ਅ...ਰ...ਓ’

ਚਾਹ ਦੀ ਗੜਵੀ ਉਹ ਮੋੜ ਕੇ ਲੈ ਗਈ।

ਦੂਜੇ ਦਿਨ ਹੀ ਲਾਲਾ ਮਰ ਗਿਆ। ਅਰਥੀ 'ਤੇ ਪਾਉਣ ਤੋਂ ਪਹਿਲਾਂ ਜਦ ਉਸ ਨੂੰ ਨਵ੍ਹਾਉਣ ਲੱਗੇ ਤਾਂ ਦੇਖਿਆ ਕਿ ਉਸ ਨੇ ਆਪਣੇ ਖੱਬੇ ਹੱਥ ਦੀ ਮੁੱਠੀ ਘੁੱਟ ਕੇ ਮੀਚੀ ਹੋਈ ਹੈ।

‘ਮਲ ਕੇ ਨਮ੍ਹਾ ਓਏ ਚਾਚੇ ਨੂੰ।' ਇਕ ਆਦਮੀ ਨੇ ਲਾਲੇ ਦੇ ਭਤੀਜੇ ਨੂੰ ਕਿਹਾ। ਭਤੀਜਾ ਚੰਗੀ ਤਰ੍ਹਾਂ ਹੱਥ ਫੇਰਨ ਲੱਗ ਪਿਆ। ਖੱਬੇ ਹੱਥ ਦੀ ਮੁੱਠੀ ਉਹ ਖੋਲ੍ਹੇ ਨਾ। ਜ਼ੋਰ ਲਾ ਕੇ ਉਸ ਨੇ ਮੁੱਠੀ ਖੋਲ੍ਹੀ ਤਾਂ ਭਰਿੰਡ ਵਾਂਗ ਦਗਦੀ ਉਸ ਵਿੱਚ ਸੋਨੇ ਦੀ ਛਾਪ ਸੀ।◆