ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਆ 'ਗੇ ਓਏ

ਵਿਕੀਸਰੋਤ ਤੋਂ
ਆ 'ਗੇ ਓਏ


'ਆ 'ਗੇ ਓਏ! ਪਿੰਡ ਦੀ ਲਹਿੰਦੀ ਗੁੱਠ ਵਿਚੋਂ ਉੱਚੀ ਅਵਾਜ਼ ਉੱਠੀ। ਪਿੰਡ ਦੇ ਵਿਚਾਲੇ ਜਿਹੇ ਕਿਸੇ ਹੋਰ ਨੇ ਦਹਿਸ਼ਤ ਵਿੱਚ ਆ ਕੇ ਆਪਣੇ ਕੋਠੇ ਤੋਂ ਉਸ ਉੱਚੀ ਅਵਾਜ਼ ਦੀ ਨਕਲ ਲਾਹੀ। ਬਿਨ੍ਹਾਂ ਸੋਚੇ ਵਿਚਾਰੇ ਹੀ ਹੋਕਰਾ ਮਾਰ ਦਿੱਤਾ- 'ਆ 'ਗੇ ਓਏ! ਤੇ ਫਿਰ ਪਿੰਡ ਦੇ ਖੱਬਿਓਂ ਸੱਜਿਓ, ਏਧਰੋਂ ਉੱਧਰੋਂ ਕਈ ਅਵਾਜਾਂ ਆਉਣ ਲੱਗੀਆਂ- ‘ਆ 'ਗੇ.... ਆ 'ਗੇ... ਸਾਰਾ ਪਿੰਡ ਜਾਗ ਉੱਠਿਆ। ਕਾਵਾਂ ਰੌਲੀ ਪਈ ਹੋਈ ਸੀ। ਹਰ ਘਰ ਸਮਝਦਾ ਜਿਵੇਂ ਕਾਲੇ ਕੱਛੇ ਵਾਲਾ ਉਨ੍ਹਾਂ ਦੇ ਕੋਠੇ 'ਤੇ ਹੀ ਆ ਰਿਹਾ ਹੋਵੇ।

ਗਰਮੀਆਂ ਦੇ ਦਿਨ ਸਨ। ਲੋਕ ਛੱਤਾਂ 'ਤੇ ਪਏ ਹੁੰਦੇ। ਦਰਵਾਜ਼ਿਆਂ ਦੇ ਅੰਦਰਲੇ ਕੁੰਡਿਆਂ ਨੂੰ ਜਿੰਦੇ ਲੱਗੇ ਹੁੰਦੇ। ਕੋਠਿਆਂ 'ਤੇ ਪੱਕੇ ਰੋੜਿਆ ਦੇ ਢੇਰ ਲਾ ਕੇ ਰੱਖਦੇ। ਗੰਡਾਸੇ, ਟਕੂਏ, ਬਰਛੇ ਤੇ ਗੰਧਾਲੇ, ਜਿਸ ਘਰ ਵਿੱਚ ਜੋ ਵੀ ਸੀ, ਮੰਜਿਆਂ ਹੇਠ ਰੱਖ ਲੈਂਦੇ। ਘਰ ਦੇ ਜੀਆਂ ਵਿਚੋਂ ਇੱਕ ਜਣਾ ਹਮੇਸ਼ਾਂ ਜਾਗਦਾ ਰਹਿੰਦਾ। ਸਾਰੀ ਰਾਤ ...

ਕਾਲੇ ਕੱਛੇ ਵਾਲਿਆਂ ਸਬੰਧੀ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਸਨ। ਇੱਕ ਗੱਲ ਆਮ ਸੀ ਕਿ ਬੰਦੇ ਦੇ ਤੇੜ ਸਿਰਫ਼ ਕਾਲਾ ਕੱਛਾ ਹੁੰਦਾ ਹੈ, ਬਾਕੀ ਸਰੀਰ 'ਤੇ ਕੋਈ ਕੱਪੜਾ ਨਹੀਂ। ਪਿੰਡੇ 'ਤੇ ਤੇਲ ਮਲ ਕੇ ਰੱਖਦੇ ਹਨ। ਕੋਈ ਉਨ੍ਹਾਂ ਨੂੰ ਫੜਨਾ ਚਾਹੇ ਤਾ ਖਿਡਾਰੀਆਂ ਵਾਂਗ ਝੱਟ ਛੁਡਾ ਕੇ ਪਰ੍ਹਾਂ ਜਾ ਖੜੇ ਹੁੰਦੇ ਹਨ। ਅੱਖਾਂ ਲਾਲ ਝਰੰਗ ਤੇ ਡਰਾਉਣੀਆਂ। ਹੱਥ ਵਿੱਚ ਕੋਈ ਤੇਜ ਧਾਰ ਹਥਿਆਰ ਹੁੰਦਾ ਹੈ, ਜਿਸ ਨਾਲ ਸੁੱਤੇ ਪਏ ਬੰਦੇ ਦੀ ਲੱਤ ਬਾਂਹ ਵੱਢ ਦੇਂਦੇ ਹਨ। ਕੰਨ ਕੱਟ ਦਿੰਦੇ ਹਨ। ਹੱਥ ਨੂੰ ਨਹੀਂ ਛੱਡਦੇ। ਮਿੰਟਾਂ ਸਕਿੰਟਾਂ ਦੇ ਹਿਸਾਬ ਆਉਂਦੇ ਤੇ ਅਗਲੇ ਦਾ ਕੋਈ ਵੀ ਅੰਗ ਵੱਢ ਕੇ ਔਹ ਗਏ- ਔਹ ਗਏ। ਅਫ਼ਵਾਹ ਸੀ ਕਿ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਅਨੇਕਾਂ ਲੋਕ ਦਾਖ਼ਲ ਹਨ-ਕਿਸੇ ਦਾ ਕੰਨ ਨਹੀਂ, ਕਿਸੇ ਦਾ ਹੱਥ ਨਹੀਂ ਤੇ ਕਿਸੇ ਦੀ ਲੱਤ ਨਹੀਂ।

ਉਹ ਜਿਸ ਪਿੰਡ ਵਿੱਚ ਵੀ ਆਏ, ਰਾਤ ਨੂੰ ਉਸ ਵੇਲੇ ਆਏ, ਜਦੋਂ ਲੋਕ ਗੂਹੜੀ ਨੀਂਦ ਸੌਂ ਰਹੇ ਹੁੰਦੇ। ਅੱਧੀ ਰਾਤ ਤੋਂ ਪਹਿਲਾਂ, ਜਦੋਂ ਨੀਂਦ ਦਾ ਪਹਿਲਾ ਲੋਰ ਆਉਂਦਾ ਹੈ ਜਾਂ ਫੇਰ ਵੱਡੇ ਤੜਕੇ ਜਦੋਂ ਨੀਂਦ ਨੇ ਪੂਰਾ ਬਲ ਕੀਤਾ ਹੁੰਦਾ ਹੈ। ਬੰਦੇ ਨੂੰ ਜਗ ਜਹਾਨ ਦੀ ਕੋਈ ਸੁਰਤ ਨਹੀਂ ਰਹਿ ਗਈ ਹੁੰਦੀ।

ਕੋਈ ਕਹਿੰਦਾ ਸੀ ਕਿ ਇਹ ਗੁਆਂਢੀ ਦੇਸ਼ ਪਾਕਿਸਤਾਨ ਦੇ ਭੇਜੇ ਬੰਦੇ ਹਨ। ਕੋਈ ਆਖਦਾ-ਲੁੱਟਾਂ ਖੋਹਾਂ ਕਰਨ ਵਾਲੇ ਬਦਮਾਸ਼ ਟੋਲਿਆਂ ਨੇ ਨਵਾਂ ਢੰਗ ਤਰੀਕਾ ਲੱਭਿਆ ਹੈ। ਕਿਸੇ ਦਾ ਮੱਤ ਸੀ ਕਿ ਇਹ ਵੇਲੇ ਦੀ ਸਰਕਾਰ ਦੀ ਕੋਈ ਚਾਲ ਹੈ ਤਾਂ ਕਿ ਲੋਕ ਖਾੜਕੂਆਂ ਦੀ ਦਹਿਸ਼ਤ ਵੱਲੋਂ ਆਪਣਾ ਧਿਆਨ ਹਟਾ ਕੇ ਏਧਰ ਕਾਲੇ ਕੱਛੇ ਵਾਲਿਆਂ ਨੂੰ ਹੀ ਆਪਣਾ ਮੁੱਖ ਮਸਲਾ ਬਣਾ ਲੈਣ। ਸਰਕਾਰ ਦੀ ਇਹ ਚਾਲ ਵੀ ਹੋ ਸਕਦੀ ਹੈ ਕਿ ਕਾਲੇ ਕੱਛੇ ਵਾਲਿਆਂ ਤੋਂ ਡਰਦੇ ਪਿੰਡਾਂ ਦੇ ਲੋਕ ਰਾਤਾਂ ਨੂੰ ਜਾਗਦੇ ਰਹਿਣ ਤੇ ਖਾੜਕੂਆਂ ਨੂੰ ਪਿੰਡ ਵੜਨ ਦਾ ਮੌਕਾ ਨਾ ਮਿਲੇ। ਮਸ਼ਹੂਰ ਸੀ ਕਿ ਕੁਝ ਪਿੰਡਾਂ ਦੇ ਲੋਕਾਂ ਨੇ ਕਾਲੇ ਕੱਛੇ ਵਾਲੇ ਨੂੰ ਫੜ ਕੇ ਮਾਰ ਦਿੱਤਾ ਸੀ। ਕਿਸੇ ਕਿਸੇ ਪਿੰਡ ਕਾਲੇ ਕੱਛੇ ਦੇ ਬਹਾਨੇ ਖਾੜਕੂ ਬੰਦੇ ਹੀ ਮਾਰ ਦਿੱਤੇ ਗਏ। ਇਹ ਵੀ ਸੁਣਿਆ ਜਾ ਰਿਹਾ ਸੀ ਕਿ ਜਿਹੜੇ ਲੋਕ ਗੜਬੜ ਫੈਲਾਉਣ ਦੇ ਮਕਸਦ ਨਾਲ ਕਾਲੇ ਕੱਛੇ ਵਾਲਿਆਂ ਨੂੰ ਭੇਜਦੇ ਹਨ, ਉਹ ਇਨ੍ਹਾਂ ਨੂੰ ਵੱਡੀਆਂ ਵੱਡੀਆਂ ਰਕਮਾਂ ਦੇਂਦੇ ਹਨ ਤੇ ਹੋਰਨਾਂ ਸੂਬਿਆਂ ਦੇ ਜੁਰਾਇਮ ਪੇਸ਼ਾ ਲੋਕ ਏਧਰ ਪੰਜਾਬ ਵਿੱਚ ਆ ਕੇ ਇਹ ਧੰਦਾ ਕਰਨ ਲੱਗ ਪਏ ਸਨ।

ਉਨ੍ਹਾਂ ਦਿਨਾਂ ਵਿੱਚ ਪਿੰਡਾਂ ਨੂੰ ਅਜੀਬ ਹਦਾਇਤਾਂ ਸਨ। ਅੱਠ ਵਜੇ ਰਾਤ ਤੋਂ ਬਾਅਦ ਹਥਾਈਆਂ ਦੀ ਸੱਥ ਵਿੱਚ, ਫਲ੍ਹੋਵਾਰਗੇ ਖੁੰਢਾਂ 'ਤੇ ਤੇ ਖੂਹਾਂ ਡੇਰਿਆਂ ਦੀਆਂ ਚੌਕੜੀਆਂ 'ਤੇ ਕੋਈ ਨਾ ਬੈਠੇ। ਗਲੀਆਂ ਵਿੱਚ ਰਾਤਾਂ ਨੂੰ ਕੋਈ ਨਾ ਫਿਰੇ। ਪਿੰਡ ਦਾ ਦੇਸੀ ਸ਼ਰਾਬ ਦਾ ਠੇਕਾ ਫੂਕ ਦਿੱਤਾ ਗਿਆ। ਸ਼ਰ੍ਹੇਆਮ ਦਾਰੂ ਕੋਈ ਨਹੀਂ ਪੀਂਦਾ ਸੀ। ਪਿੰਡ ਦੇ ਲੋਕਾਂ ਕੋਲ ਗੁੱਝੇ ਗੁੱਝੇ ਨਜਾਇਜ਼ ਹਥਿਆਰ ਸਨ। ਲਸੰਸੀਏ ਡਰ ਡਰ ਕੇ ਦਿਨ ਕੱਟਦੇ। ਬਹੁਤਿਆਂ ਦੇ ਹਥਿਆਰ ਖੋਹੇ ਜਾ ਚੁੱਕੇ ਸਨ। ਹਵਾਈ ਫਾਇਰ ਕਰਨ ਦਾ ਸਵਾਲ ਹੀ ਪੈਂਦਾ ਨਹੀਂ ਸੀ ਹੁੰਦਾ। ਰਾਤ ਦੇ ਘੁੱਪ ਹਨੇਰੇ ਵਿੱਚ ਕੋਈ ਆਪਣੇ ਘਰੋਂ ਉੱਠ ਕੇ ਦੂਜੇ ਅਗਵਾੜ ਜਾਣ ਦੀ ਹਿੰਮਤ ਨਹੀਂ ਰੱਖਦਾ ਸੀ। ਅਵਾਰਾ ਕੁੱਤਿਆਂ ਨੂੰ ਮਾਰ ਮੁਕਾ ਦਿੱਤਾ ਗਿਆ। ਪਾਲਤੂ ਕੁੱਤੇ ਭੌਂਕਣਾ ਛੱਡ ਗਏ। ਉਨ੍ਹਾਂ ਨੂੰ ਸੰਗਲੀ ਪਾਕੇ ਰਾਖਵੇਂ ਥਾਂ 'ਤੇ ਬੰਨ ਦਿੱਤਾ ਜਾਂਦਾ।

ਰਾਤਾਂ ਨੂੰ ਪਿੰਡ ਇਉਂ ਲੱਗਦਾ, ਜਿਵੇਂ ਪਿੰਡ ਕਿਧਰੇ ਕੋਈ ਹੋਵੇ ਹੀ ਨਾ। ਕੋਈ ਅਵਾਜ਼ ਨਹੀਂ, ਕਿਧਰੇ ਕੋਈ ਰੋਸ਼ਨੀ ਨਹੀਂ, ਪਿੰਡ ਦੀਆਂ ਗਲੀਆਂ ਵਿੱਚ ਮੌਤ ਜਿਹਾ ਸੰਨਾਟਾ ਹੁੰਦਾ। ਜਿਵੇਂ ਪਿੰਡ ਦੇ ਸਾਹ ਸੁੱਕ ਚੁੱਕੇ ਹੋਣ। ਸੂਰਜ ਛਿਪਦੇ ਹੀ ਅਗਵਾੜ ਦੀਆਂ ਸੁੰਨੀਆਂ ਸਹਿਮੀਆਂ ਸੱਥਾਂ ਸਮਿਆਂ ਦਾ ਮਾਤਮ ਕਰ ਰਹੀਆਂ ਹੁੰਦੀਆਂ।

ਉਸ ਰਾਤ ਕੋਠਿਆਂ 'ਤੇ ਪਏ ਪੱਕੇ ਰੋੜੇ ਮੀਂਹ ਦੀਆਂ ਵਾਛੜਾਂ ਵਾਂਗ ਵਰ੍ਹੇ। ਪਰ ਰੋੜੇ ਹਵਾ ਵਿੱਚ ਹੀ ਕਿਧਰੋਂ ਤੈਰ ਗਏ। ਧਿਰੇ ਕਿਸੇ ਦੇ ਸ਼ਾਇਦ ਹੀ ਕੋਈ ਰੋੜਾ ਵੱਜਿਆ ਹੋਵੇ। ਕਿਸੇ ਨੇ ਕਿਸੇ ਪਾਸਿਓ ਘਬਰਾਹਟ ਵਿੱਚ ਹਵਾਈ ਫਾਇਰ ਵੀ ਕਰ ਦਿੱਤਾ ਤੇ ਫਿਰ ਕਿਸੇ ਦੂਜੇ ਪਾਸਿਓਂ ਇੱਕ ਹੋਰ ਫਾਇਰ। ਕਈ ਫਾਇਰ ਹੋ ਗਏ। ਫਾਇਰ ਲਗਾਤਾਰ ਵੀ ਹੁੰਦੇ ਰਹੇ। ਜਿਵੇਂ ਕੋਈ ਮੈਦਾਨੇ ਜੰਗ ਹੋਵੇ।

ਪਹਿਲੇ ਲੋਰ ਦੀ ਨੀਂਦ ਲੋਕ ਅਜੇ ਮਸ੍ਹਾਂ ਹੀ ਸੁੱਤੇ ਸਨ। ਦਾਰੂ ਪੀ ਕੇ ਬੰਦੇ ਬੁੜ੍ਹਕ ਕੇ ਉੱਠੇ ਤੇ ਆਪਣੇ ਘਰਾਂ ਦੇ ਬੂਹਿਆਂ ਅੱਗੇ ਆ ਖੜ੍ਹੇ। ਰੌਲਾ ਸੁਣਿਆ ਤਾਂ ਬੋਲੇ ... ‘ਸਾਲਿਓ! ਕੀ ਹੋ ਗਿਆ ਪਿੰਡ ਨੂੰ? ਘਰ ਦੇ ਬਾਰ ਅੱਗਿਓਂ ਅਗਾਂਹ ਤੁਰ ਪਏ, ਗਲੀ ਵਿੱਚ ਆ ਗਏ। ਹਥਾਈ ਦੇ ਸੱਥ ਸੁੰਨੀ ਪਈ ਸੀ। ਕਿਸੇ ਸ਼ਰਾਬੀ ਨੇ ਉੱਚੀ ਸਾਰੀ ਚੀਕ ਮਾਰ ਦਿੱਤੀ। ਓਧਰ ਦੂਜੇ ਅਗਵਾੜ ਵਿੱਚ ਕਿਸੇ ਨੇ ਬੱਕਰਾ ਬੁਲਾ ਦਿੱਤਾ। ਹੋਰ ਕਿਧਰ ਉੱਚੀਆਂ ਤੇ ਤਿੱਖੀਆਂ ਗਾਲ੍ਹਾਂ ਦਾ ਮੀਂਹ ਵਰ੍ਹਨ ਲੱਗਿਆ। ਪਿੰਡ ਜਿਵੇਂ ਛਪਾਰ ਦਾ ਮੇਲਾ ਬਣ ਉੱਠਿਆ ਹੋਵੇ। ਜਿਵੇਂ ਕਿਧਰੇ ਕੋਈ ਵੱਡੇ ਘਰ ਦੀ ਬਰਾਤ ਉਤਰੀ ਹੋਵੇ। ਸ਼ੁਗਲ ਮੇਲੇ ਚੱਲ ਰਹੇ ਹੋਣ। ਰੌਲੇ ਗੌਲੇ ਵਿੱਚ ਸਿੰਘਾਪੁਰੀਆਂ ਦਾ ਮੈਂਗਲ ਬੁੜ੍ਹਾ ਘਰੋਂ ਬਾਹਰ ਹੋਇਆ ਤੇ ਦੂਜੇ ਅਗਵਾੜ ਦੁਰਗੀ ਬਾਮ੍ਹਣੀ ਦੇ ਜਾ ਵੜਿਆ। ਉਹ ਨੂੰ ਕਈ ਮਹੀਨਿਆਂ ਬਾਅਦ ਮਸ੍ਹਾਂ ਇਹ ਮੌਕਾ ਮਿਲਿਆ ਸੀ।

ਪਿੰਡ ਖਾਸਾ ਚਿਰ ਜਾਗਦਾ ਰਿਹਾ। ਰੌਲਾ ਗੌਲਾ ਸਿਖ਼ਰ 'ਤੇ ਜਾ ਕੇ ਮੱਧਮ ਪੈਣ ਲੱਗਿਆ ਤੇ ਫੇਰ ਸ਼ਾਂਤੀ ਵਰਤਣ ਲੱਗੀ। ਪਿੰਡ ਮੁਕੰਮਲ ਤੌਰ ਤੇ ਖ਼ਾਮੋਸ਼ ਹੋ ਗਿਆ। ਕਿਧਰੇ ਦੂਰ ਕੋਈ ਕੁੱਤਾ ਭੌਂਕ ਰਿਹਾ ਸੀ। ਕੁੱਤਾ ਭੌਂਕਣ ਦੀ ਅਵਾਜ਼ ਪਿੰਡ ਦੇ ਜਿਉਂਦਾ ਜਾਗਦਾ ਹੋਣ ਦਾ ਸਬੂਤ ਸੀ।

ਫੌਜੀ ਸੰਤਾ ਸੂੰ, ਰਿਟਾਇਰਡ ਪਟਵਾਰੀ ਮੇਘਰਾਜ ਤੇ ਪੰਚਾਇਤ ਮੈਂਬਰ ਦੇਵਾ ਸਿੰਘ ਘਰਾਂ ਵਿਚੋਂ ਨਿਕਲ ਕੇ ਆਪਣੇ ਅਗਵਾੜ ਦੀ ਸੱਥ ਵਿੱਚ ਚੌਕੜੀ ’ਤੇ ਆ ਬੈਠੇ। ਅਕਾਸ਼ ਤਾਰਿਆਂ ਨਾਲ ਭਰਿਆ ਹੋਇਆ ਸੀ। ਰਾਤ ਅੱਧੀ ਬੀਤ ਚੁੱਕੀ ਹੋਵੇਗਾ। ਹਵਾ ਰੁਮਕ ਰਹੀ ਸੀ। ਪਿੰਡ ਵਿੱਚ ਜਿਵੇਂ ਕੋਈ ਵੀ ਡਰ ਭੈਅ ਨਾ ਰਹਿ ਗਿਆ ਹੋਵੇ। ਉਹ ਗੱਲਾਂ ਕਰਨ ਲੱਗੇ, ਫੌਜੀ ਆਖ ਰਿਹਾ ਸੀ- 'ਐਦੂੰ ਤਾਂ ਗੋਰਿਆਂ ਦਾ ਰਾਜ ਹੀ ਚੰਗਾ ਸੀ। ਦੇਖਿਆ ਸੀ ਕਦੇ ਇਉਂ ਹੁੰਦਾ। ਅਖੇ-ਸੱਥਾਂ ਵਿੱਚ ਨਾ ਬੈਠੋ, ਤਾਸ਼ ਨਾ ਖੇਡੋ, ਖੰਘੋ ਵੀ ਨਾ, ਪੈੱਗ ਸ਼ੈੱਗ ਬੰਦ। ਚੰਗੀ ਅਜ਼ਾਦੀ ਮਿਲੀ ਬਈ।'

ਮੈਂਬਰ ਬੋਲਿਆ- 'ਕਿਉਂ ਬਈ, ਕਾਲੇ ਕੱਛੇ ਆਲਾ ਤਾਂ ਚਾਹੇ ਕੋਈ ਆਇਆ ਜਾਂ ਨਹੀਂ, ਪਰ ਪਿੰਡ ਨੂੰ ਸਾਹ ਜਿਹਾ ਆ ਗਿਆ। ਸੁਣਿਆ ਸੀ ਲਲਕਾਰ ਜੈਲੇ ਦਾ? ਕੱਢ ’ਤਾ ਨਾਂ ਬਾਹਰ ਵੱਖੀਆਂ ਦਾ ਸਾਰਾ ਜਾਲਾ।'

ਪਟਵਾਰੀ ਕਹਿੰਦਾ- 'ਦੁਨੀਆ ਔਖੀ ਬਹੁਤ ਐ, ਭਾਈ। ਸਾਰਾ ਕੁਛ ਈ ਬੰਦ ਹੋ ਗਿਆ, ਕਲਬੂਤ ਤੁਰੇ ਫਿਰਦੇ ਐ, ਰੂਹ ਤਾਂ ਹੈ ਨ੍ਹੀਂ ਕਿਸੇ ’ਚ।’

ਉਹ ਕਾਫ਼ੀ ਦੇਰ ਬੈਠੇ ਰਹੇ। ਦੂਰੋਂ ਕਿਸੇ ਦੀ ਪੈੜ ਚਾਲ ਸੁਣੀ। ਉਹ ਡਰੇ ਨਹੀਂ।

ਫ਼ੌਜੀ ਕਹਿੰਦਾ- 'ਆਪਣੇ' ਵਾੜ ਦਾ ਈ ਬੰਦਾ ਲਗਦੈ ਕੋਈ।'

‘ਪਿੰਡ ’ਚੋਂ ਵੀ ਹੋ ਸਕਦੈ ਕਿਧਰੋਂ।' ਮੈਂਬਰ ਆਖ ਰਿਹਾ ਸੀ।

ਪਟਵਾਰੀ ਕਹਿੰਦਾ- 'ਕੋਈ ਕਾਲਾ ਕੱਛਾ ਨਾ ਹੋਵੇ ਭੈੜਿਓ। ਐਵੇਂ ਜਾਹ ਜਾਂਦੀ ਕਰ ਦੇਵੇ।'

'ਨਹੀਂ, ਇਹ ਤਾਂ.... ਫ਼ੌਜੀ ਨਿਡਰ ਸੀ।

‘ਦੇਖ ਲੈਨੇ ਆਂ, ਨੇੜੇ ਆ ਲੈਣ ਦਿਓ।' ਮੈਂਬਰ ਦੀ ਦਿਲਜਮੀ ਸੀ।

‘ਸੋਟੀਆਂ ਤਿਆਰ ਰੱਖੋ। ਕੀਹ ਐ ਭਾਈ?' ਪਟਵਾਰੀ ਪੱਬਾਂ ਭਾਰ ਹੋ ਕੇ ਬੈਠ ਗਿਆ।

ਸਿੰਘਾਪੁਰੀਆਂ ਦਾ ਮੈਂਗਲ ਸੀ। ਬੰਦੇ ਬੈਠੇ ਦੇਖ ਕੇ ਉਹ ਖੰਘੂਰਾ ਮਾਰਨ ਲੱਗਿਆ। ਉਹ ਆਪ ਹੀ ਬੋਲਿਆਂ- ‘ਕਿਹੜੇ ਓਂ ਬਈਂ?'

ਫ਼ੌਜੀ ਉਹ ਦਾ ਬੋਲ ਸੁਣ ਕੇ ਬੁੜ੍ਹਕਿਆ- 'ਲੈ ਬਈ, ਇਹ ਤਾਂ ਬੁੜ੍ਹਾ ਸੂੰ ਐ।'

ਮੈਂਬਰ ਬੋਲਿਆ-'ਵਾਹ ਬਈ ਵਾਹ, ਐਸ ਵੇਲੇ ਕਿੱਧਰੋਂ ਸਿੰਘਾਪੁਰ ਆਲਿਆਂ?' ਪਟਵਾਰੀ ਨੇ ਹਾਜ਼ਰੀ ਲਵਾਈ ‘ਕਿਉਂ, ਟੱਕਰਿਆ ਕਿਧਰੇ ਕੋਈ ਕਾਲੇ ਕੱਛੇ ਆਲਾ?'

‘ਊਂ! ਕਾਲਾ ਕੱਛਾ ਨਾ ਕਿਤੇ। ਪਿੰਡ ਨੇ ਆਵਦੀ ਗਰਦ ਜ੍ਹੀ ਝਾੜਨੀ ਸੀ, ਝਾੜ 'ਲੀ। ਮੈਂਗਲ ਖੜ੍ਹਾ ਖੜਾ ਬੋਲ ਰਿਹਾ ਸੀ।

ਉਹ ਤਿੰਨੇ ਵੀ ਉੱਠ ਖੜ੍ਹੇ। ਚਾਰੇ ਜਣੇ ਘਰਾਂ ਨੂੰ ਤੁਰੇ ਜਾਂਦੇ ਗੱਲਾਂ ਕਰਦੇ ਜਾ ਰਹੇ ਸਨ। ਆਖ ਰਹੇ ਸਨ-ਕਾਲੇ ਕੱਛੇ ਵਾਲੇ ਬੰਦੇ ਕਿਧਰੇ ਕੋਈ ਨਹੀਂ। ਐਵੇਂ ਅਫ਼ਵਾਹਾਂ ਫੈਲ ਰਹੀਆਂ ਹਨ। ਸ਼ਹਿਰਾਂ ਦੇ ਹਸਪਤਾਲਾਂ ਵਿੱਚ ਹੱਥ ਪੈਰ ਵੱਢੇ ਵਾਲਾ ਇੱਕ ਵੀ ਕੋਈ ਮਰੀਜ਼ ਦਾਖ਼ਲ ਨਹੀਂ। ਅਖ਼ਬਾਰਾਂ ਨੂੰ ਖਬਰਾਂ ਭੇਜਣ ਵਾਲੇ ਬੰਦੇ ਆਪ ਜਾ ਕੇ ਦੇਖ ਕੇ ਆਏ ਹਨ।

ਰਾਤ ਦੀ ਰਾਤ ਹੀ ਪਿੰਡ ਨੂੰ ਸੌਖਾ ਸਾਹ ਆਇਆ ਸੀ। ਅਗਲੀ ਰਾਤ ਫੇਰ ਓਹੀ ਸਹਿਮ ਸੀ, ਓਹੀ ਦਹਿਸ਼ਤ ਤੇ ਪਿੰਡ ਵਿੱਚ ਲੱਗੀਆਂ ਓਹੀ ਬੰਦਸ਼ਾਂ।◆