ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੈਂ ਕਹਾਣੀ ਲਿਖਾਂਗਾ

ਵਿਕੀਸਰੋਤ ਤੋਂ
ਮੈਂ ਕਹਾਣੀ ਲਿਖਾਂਗਾ

ਦਿਨ ਛਿਪੇ ਜਿਹੇ ਮੋਟਰ ਸਾਈਕਲ ਲੈ ਕੇ ਉਹ ਅਚਾਨਕ ਮੇਰੇ ਕੋਲ ਆ ਗਿਆ। ਬਕਸੇ ਵਿਚੋਂ ਕੱਪੜੇ ਦੇ ਝੋਲੇ ਵਿੱਚ ਪਾ ਕੇ ਵਲ੍ਹੇਟੀ ਬੋਤਲ ਉਸ ਨੇ ਕੱਢੀ ਤੇ ਕਮਰੇ ਵਿੱਚ ਆ ਬੈਠਾ। ਮੋਟਰ ਸਾਈਕਲ ਵਿਹੜੇ ਵਿੱਚ ਹੀ ਖੜ੍ਹਾ ਰਹਿਣ ਦਿੱਤਾ। ਆਉਣ ਸਾਰ ਉਸ ਨੇ ਪਾਣੀ ਦਾ ਜੱਗ ਤੇ ਕੱਚ ਦੇ ਗਿਲਾਸ ਮੰਗਵਾਏ। ਉਸ ਦੀ ਗੱਲਬਾਤ ਤੋਂ ਮੈਂ ਅੰਦਾਜ਼ਾ ਲਾਇਆ, ਉਸ ਨੇ ਪਹਿਲਾਂ ਹੀ ਪੀਤੀ ਹੋਈ ਹੈ।

ਇੱਕ ਇੱਕ ਪੈੱਗ ਜਦ ਅਸੀਂ ਲੈ ਬੈਠੇ, ਮੈਂ ਪੁੱਛਿਆ-

'ਅੱਜ ਕਿੱਧਰੋਂ?'

‘ਮਾਨਸਾ ਗਿਆ ਸੀ। ਮੁੜਦਾ ਹੋਇਆ, ਮੈਂ ਸੋਚਿਆ, ਬਾਈ ਨੂੰ ਵੀ ਮਿਲਦਾ ਜਾਵਾਂ।'

'ਅੱਛਾ ਅੱਛਾ, ਫੇਰ ਤਾਂ ਬਹੁਤ ਚੰਗੀ ਗੱਲ ਕੀਤੀ ਯਾਰ।' ਮੈਂ ਕਿਹਾ।

ਇੱਕ ਇੱਕ ਪੈੱਗ ਉਸ ਨੇ ਹੋਰ ਪਾ ਦਿੱਤਾ।

'ਹੌਲੀ ਹੌਲੀ ਪੀਵਾਂਗੇ, ਐਡੀ ਕੀ ਕਾਹਲੀ ਹੈ?' ਮੈਂ ਆਖਿਆ। ਉਹ ਕਹਿੰਦਾ, ਮੈਂ ਰਹਿੰਦਾ ਨਹੀਂ ਪਿੰਡ ਪਹੁੰਚਣੈ।'

'ਕਿਉਂ, ਇਹ ਕੀ ਗੱਲ ਹੋਈ? ਹੁਣ ਕਿਹੜਾ ਵੇਲਾ ਐ ਜਾਣ ਦਾ? ਵੀਹ ਮੀਲ ਕਿੱਡੀ ਦੂਰ ਪਿਐ ਤੇਰਾ ਪਿੰਡ। ਬੂਟ ਲਾਹ ਦੇ, ਆਹ ਚੱਪਲਾਂ ਪਾ ਲੈ। ਕੋਟ ਟੰਗ ਦੇ ਕਿੱਲੀ ਉੱਤੇ। ਸੂਤ ਹੋ ਕੇ ਬੈਠ। ਕੁੜਤਾ ਪਜਾਮਾ ਦੇਵਾਂ?' ਮੈਂ ਕਿਹਾ।

ਉਸ ਨੇ ਸਿਰ ਮਾਰ ਦਿੱਤਾ- 'ਨਹੀਂ ਬਾਈ, ਜਾਵਾਂਗਾ ਤਾਂ ਮੈਂ ਜ਼ਰੂਰ ਈ।'

ਮੇਰੀ ਸਮਝ ਵਿੱਚ ਕੋਈ ਗੱਲ ਨਾ ਆਈ। ਮੈਂ ਚੁੱਪ ਹੋ ਗਿਆ।‘ਤਾਂ ਫੇਰ ਰੋਟੀ ਤਾਂ ਖਾ ਈ ਜਾਂਦਾ।' ਮੈਂ ਕਹਿ ਦਿੱਤਾ।

‘ਹਾਂ, ਰੋਟੀ ਦੀ ਗੱਲ ਮੰਨੀ।' ਉਸ ਨੇ ਆਪਣੇ ਪੈੱਗ ਇੱਕੋਂ ਸਾਹ ਪੀ ਲਿਆ। ਮੈਂ ਆਪਣੇ ਪੈੱਗ ਦੀਆਂ ਦੋ ਘੁੱਟਾਂ ਅੰਦਰ ਲੰਘਾਈਆਂ ਤੇ ਰੋਟੀ ਛੇਤੀ ਤਿਆਰ ਕਰਵਾਉਣ ਲਈ ਵਿਹੜੇ ਵਿੱਚ ਆਇਆ।

ਛੇ ਕੁ ਮਹੀਨੇ ਪਹਿਲਾਂ ਭਾਈ ਭਗਤੇ ਆਪਣੇ ਇੱਕ ਦੋਸਤ ਨੂੰ ਮਿਲਣ ਮੈਂ ਗਿਆ ਹੋਇਆ ਸਾਂ। ਉਸ ਦੋਸਤ ਕੋਲ ਉਸ ਦਿਨ ਅਮਰਪਾਲ ਵੀ ਆਇਆ ਹੋਇਆ ਸੀ। ਅਮਰਪਾਲ ਕਿਸੇ ਸਮੇਂ ਉਸ ਦਾ ਕੁਲੀਗ ਰਿਹਾ ਸੀ ਤੇ ਮੇਰੇ ਵਾਂਗ ਹੀ ਉਸ ਨੂੰ ਮਿਲਣ ਗਿਆ ਹੋਇਆ ਸੀ। ਪੁਰਾਣੀਆਂ ਗੱਲਾਂ ਦਾ ਹੜ੍ਹ ਆ ਗਿਆ ਸੀ। ਪੈੱਗ ਪੀ ਕੇ ਇੱਕ ਜਣਾ ਗੱਲ ਸ਼ੁਰੂ ਕਰਦਾ ਤੇ ਅਗਲਾ ਪੈੱਗ ਲੈਣ ਤੱਕ ਉਸੇ ਗੱਲ ਨੂੰ ਸੁਣਾਈ ਜਾਂਦਾ ਰਹਿੰਦਾ। ਤੇ ਫਿਰ ਉਸ ਦੀ ਗੱਲ ਮੁੱਕੀ ਤੋਂ ਹੋਰ ਜਣਾ ਆਪਣਾ ਪੈੱਗ ਲੈ ਕੇ ਗੱਲ ਸ਼ੁਰੂ ਕਰ ਦਿੰਦਾ। ਉਸ ਰਾਤ ਅਸੀਂ ਬਹੁਤ ਦੇਰ ਤੱਕ ਸ਼ਰਾਬ ਪੀਂਦੇ ਰਹੇ। ਸਵੇਰੇ ਉੱਥੋਂ ਤੁਰਨ ਲੱਗਿਆਂ ਆਪਣਾ ਨਵੀਂ ਕਹਾਣੀ ਸੰਗ੍ਰਹਿ ਮੈਂ ਅਮਰਪਾਲ ਨੂੰ ਦੇ ਆਇਆ ਸਾਂ। ਉਸ ਦਿਨ ਵੀ ਉਸ ਕੋਲ ਮੋਟਰ ਸਾਈਕਲ ਸੀ। ਮੇਰੇ ਆਉਣ ਤੋਂ ਪਿੱਛੋਂ ਉਹ ਉੱਥੋਂ ਚਲਿਆ ਗਿਆ ਹੋਵੇਗਾ। ਉਸ ਦਾ ਪਿੰਡ ਤਾਂ ਭਾਈ ਭਗਤੇ ਤੋਂ ਨੇੜੇ ਹੀ ਸੀ।

ਤੇ ਫਿਰ ਮੇਰੇ ਉਸ ਕਹਾਣੀ ਸੰਗ੍ਰਹਿ ਵਿੱਚ ਦਿੱਤੀਆਂ ਮੇਰੀਆਂ ਹੋਰ ਪੁਸਤਕਾਂ ਦੇ ਨਾਂ ਪੜ੍ਹ ਕੇ ਅਮਰਪਾਲ ਨੇ ਮੇਰੇ ਹੋਰ ਕਹਾਣੀ ਸੰਗ੍ਰਹਿ ਵੀ ਮੈਥੋਂ ਮੰਗਵਾਏ ਸਨ।

ਵਾਪਸ ਕਮਰੇ ਵਿੱਚ ਜਦ ਮੈਂ ਆਇਆ, ਉਹ ਗੁੰਮ ਸੁੰਮ ਬੈਠਾ ਧਰਤੀ ਵੱਲ ਝਾਕ ਰਿਹਾ ਸੀ। ਕੋਟ ਲਾਹ ਕੇ ਕੁਰਸੀ ਦੀ ਪਿੱਠ 'ਤੇ ਵਿਛਾ ਦਿੱਤਾ ਹੋਇਆ ਸੀ। ਸਵੇਰ ਦਾ ਰਿੰਨ੍ਹਿਆ ਤਪਲੇ ਵਿੱਚ ਪਿਆ ਸਰ੍ਹੋ ਦਾ ਸਾਗ ਪਿੱਤਲ ਦੀ ਬਾਟੀ ਵਿੱਚ ਮੈਂ ਗਰਮ ਕਰਵਾ ਲਿਆਇਆ ਸਾਂ। ਵਿੱਚ ਮਖਣੀ ਦਾ ਰੁੱਗ ਵੀ ਪਵਾ ਲਿਆ ਸੀ। ਕੁਰਸੀ ਉੱਤੇ ਜਦ ਮੈਂ ਬੈਠਾ, ਮੇਰੇ ਗਿਲਾਸ ਦੀ ਪਹਿਲਾਂ ਹੀ ਬਚੀ ਪਈ ਸ਼ਰਾਬ ਵਿੱਚ ਉਸ ਨੇ ਹੋਰ ਸ਼ਰਾਬ ਪਾਈ ਤੇ ਆਪਣੇ ਗਿਲਾਸ ਵਿੱਚ ਪੂਰਾ ਪੈੱਗ ਪਾ ਕੇ ਨਾਲ ਦੀ ਨਾਲ ਹੀ ਪੀ ਗਿਆ। ਬਾਟੀ ਵਿਚੋਂ ਸਾਗ ਦਾ ਚਮਚਾ ਲੈਂਦਿਆਂ ਉਸ ਨੇ ਮੈਨੂੰ ਆਪਣਾ ਪੈੱਗ ਪੀਣ ਲਈ ਇਸ਼ਾਰਾ ਕੀਤਾ। ਮੈਂ ਦੋ ਘੁੱਟਾ ਹੀ ਭਰ ਸਕਿਆ। ਇੱਕੋ ਸਾਹ ਸਾਰਾ ਪੈੱਗ ਮੈਥੋਂ ਕਦੇ ਵੀ ਨਹੀਂ ਪੀਤਾ ਗਿਆ।

‘ਬਾਈ, ਤੂੰ ਕਹਾਣੀਕਾਰ ਐਂ, ਮੇਰੀ ਕਹਾਣੀ ਵੀ ਲਿਖਦੇ ਇੱਕ।' ਉਸ ਦੇ ਬੁੱਲ੍ਹਾਂ 'ਤੇ ਫਿੱਕੀ ਜਿਹੀ ਮੁਸਕਾਨ ਸੀ।

ਮੈਂ ਹੱਸਣ ਲੱਗਿਆ।

ਉਹ ਗੰਭੀਰ ਹੋ ਗਿਆ। ਹੱਸਦਾ ਹੋਇਆ ਮੈਂ ਉਸ ਨੂੰ ਚੰਗਾ ਨਹੀਂ ਲੱਗਿਆ ਹੋਵਾਂਗਾ।

ਮੇਰੇ ਜ਼ਿਹਨ ਵਿੱਚ ਕਈ ਆਦਮੀ ਆਏ, ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਮੈਥੋਂ ਲਿਖਵਾਈਆਂ ਸਨ ਤੇ ਇੱਕ ਦੋ ਦੀ ਬਦਨਾਮੀ ਤਾਂ ਮੇਰੇ ਗਲ ਹੀ ਆ ਪਈ ਸੀ।

"ਨਹੀਂ ਬਾਈ ਤੂੰ ਗੱਲ ਸੁਣ ਲੈ। ਤੈਨੂੰ ਚੰਗੀ ਲੱਗੀ ਤਾਂ ਲਿਖ ਦੇਵੀ। ਨਾ ਚੰਗੀ ਲੱਗੀ ਤਾਂ....।"

"ਨਹੀਂ ਨਹੀਂ ਯਾਰ, ਤੂੰ ਸੁਣਾ। ਮੈਂ ਜ਼ਰੂਰ ਕਹਾਣੀ ਲਿਖਾਂਗਾ," ਮੈਂ ਦਿਲਚਸਪੀ ਦਿਖਾਈ।

"ਚੰਗਾ, ਇਹ ਪਹਿਲਾ।" ਮੇਰੇ ਪੈੱਗ ਦੀ ਰਹਿੰਦੀ ਸ਼ਰਾਬ ਵੱਲ ਉਸ ਨੇ ਹੱਥ ਕੀਤਾ।

ਇਸ ਵਾਰ ਵੀ ਮੈਂ ਦੋ ਘੁੱਟਾਂ ਹੀ ਪੀਤੀਆਂ। ਦੋ ਘੁੱਟਾਂ ਰਹਿ ਗਈਆਂ।

ਤੇ ਫਿਰ ਉਸ ਨੇ ਜੋ ਕੁਝ ਦੱਸਿਆ, ਉਹ ਇਹ ਸੀ ਕਿ ਜਦ ਉਹ ਬਠਿੰਡੇ ਹੁੰਦਾ ਸੀ, ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਔਰਤ ਸੀ। ਉਸ ਵਾਲੇ ਕਮਰੇ ਵਿੱਚ ਹੀ ਬੈਠਦੀ ਹੁੰਦੀ। ਚੁੱਪ ਕੀਤੀ ਜਿਹੀ ਰਹਿੰਦੀ। ਅੱਖਾਂ ਵਿੱਚ ਹੀ ਮੁਸਕਰਾਉਂਦੀ। ਪੋਲਾ ਪੋਲਾ ਬੋਲਦੀ। ਇੱਕ ਦਿਨ ਅਚਾਨਕ ਹੀ ਉਸ ਨੇ ਅਮਰਪਾਲ ਨੂੰ ਇੱਕ ਚਿੱਟ ਫੜਾਈ- "ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਤੇ ਫਿਰ ਅਕਸਰ ਹੀ ਉਹ ਮਿਲਣ ਲੱਗੇ ਸਨ। ਕਦੀ ਕਿਸੇ ਕਮਰੇ ਵਿੱਚ, ਕਦੇ ਬਾਹਰ ਖੇਤਾਂ ਵਿੱਚ। ਉਹ ਵਿਆਹੀ ਹੋਈ ਸੀ। ਇੱਕ ਮੁੰਡਾ ਵੀ ਸੀ। ਉਸ ਦਾ ਪਤੀ ਬਵਾਸੀਰ ਦਾ ਅਪ੍ਰੇਸ਼ਨ ਕਰਵਾ ਕੇ ਹਸਪਤਾਲ ਵਿੱਚ ਪਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਬੱਸ ਸਟੈਂਡ ਨੇੜੇ ਐੱਫ. ਸੀ. ਆਈ. ਦੇ ਮਾਲ ਗੋਦਾਮਾਂ ਨਾਲ ਬਣੇ ਇੱਕ ਚੌਕੀਦਾਰ ਦੇ ਕੁਆਰਟਰ ਵਿੱਚ ਉਹ ਅਮਰਪਾਲ ਨੂੰ ਮਿਲੀ ਸੀ। ਪਤੀ ਤਾਂ ਹਸਪਤਾਲ ਵਿੱਚ ਸੀ।

ਕੁੜੀ ਜੰਮੀ, ਪਰ ਮਿਲਣਾ ਬੰਦ। ਗੱਲਬਾਤ ਤਾਂ ਕਰ ਲੈਂਦੀ, ਪਰ ਅਸਲ ਗੱਲ ਨੂੰ ਟਾਲ ਜਾਂਦੀ। ਅਮਰਪਾਲ ਨੂੰ ਗੁੱਸਾ ਚੜ੍ਹਦਾ। ਪਰ ਇਸ ਗੱਲ 'ਤੇ ਤਾਂ ਉਹ ਆਉਂਦੀ ਹੀ ਨਹੀਂ ਸੀ। ਛੇ ਮਹੀਨੇ ਤੱਕ ਉਸ ਨੂੰ ਮਿਲਣ ਦੀ ਆਸ ਵਿੱਚ ਆਪਣੇ ਜਿਗਰ ਦੀ ਰੱਤ ਪੀਂਦਾ ਰਿਹਾ। ਪਤਾ ਨਹੀਂ ਕਿਉਂ, ਅਮਰਪਾਲ ਦੀ ਸੀਟ 'ਤੇ ਉਨ੍ਹਾਂ ਦੇ ਅਫ਼ਸਰ ਵੱਲੋਂ ਦਫ਼ਤਰ ਦੇ ਇੱਕ ਕਾਂ-ਡੋਡ ਜਿਹਾ ਕਲਰਕ ਚੈਂਚਲ ਸਿੰਘ ਨੂੰ ਬਿਠਾ ਦਿੱਤਾ ਗਿਆ ਸੀ ਤੇ ਉਸ ਨੂੰ ਕਿਸੇ ਹੋਰ ਕਮਰੇ ਵਿੱਚ। ਇੱਕ ਦਿਨ ਥੋੜ੍ਹੀ ਜਿਹੀ ਇਕਾਂਤ ਲੱਭ ਕੇ ਉਸ ਨੇ ਐਨਾ ਹੀ ਪੁੱਛਿਆ-‘ਰੇਸ਼ਮਾ, ਹੁਣ ਕੀ ਹੋ ਗਿਐ ਤੈਨੂੰ?" ਤਾਂ ਉਸ ਨੇ ਝੱਟ ਕਹਿ ਦਿੱਤਾ-"ਮੈਨੂੰ ਬੁਲਾਇਆ ਨਾ ਕਰੋ, ਚੈਂਚਲ ਨੋਟ ਕਰਦਾ ਰਹਿੰਦੈ।" ਏਸੇ ਗੱਲ ਨੂੰ ਲੈ ਕੇ ਉਹ ਤਾਂ ਕਿੰਨੇ ਹੀ ਦਿਨ ਸੋਚਦਾ ਰਿਹਾ, ਚੈਂਚਲ ਹੀ ਕਿਉ ਨੋਟ ਕਰਦਾ?

ਫਿਰ ਤਾਂ ਸਾਫ਼ ਹੀ ਹੋ ਗਿਆ ਸੀ ਕਿ ਹੁਣ ਉਹ ਚੈਂਚਲ ਨਾਲ ਫਿਰਨ ਲੱਗੀ ਸੀ। ਰੇਸ਼ਮਾ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਲਹੂ ਉਤਰ ਆਉਂਦਾ। ਕਮਾਲ ਦੀ ਗੱਲ ਸੀ, ਉਹ ਜਦ ਵੀ ਮਿਲਦੀ, ਸਤਿ ਸ੍ਰੀ ਅਕਾਲ ਬੁਲਾਉਂਦੀ, ਘਰ ਦਾ ਹਾਲ ਚਾਲ ਵੀ ਪੁੱਛ ਲੈਂਦੀ। ਅਮਰਪਾਲ ਮੱਚੇ ਬੁਝੇ ਜਵਾਬ ਦਿੰਦਾ। ਉਸ ਦਾ ਜੀਅ ਕਰਦਾ ਕਿ ਉਹ ਰੇਸ਼ਮਾ ਨੂੰ ਗੋਲੀ ਨਾਲ ਭੁੰਨ੍ਹ ਦੇਵੇ। ਪਰ ਉਹ ਸੋਚਦਾ- 'ਸਿਹਰੇ ਬੰਨ੍ਹ ਕੇ ਥੋੜ੍ਹਾ ਲਿਆਂਦੀ ਸੀ ਇਹ? ਦੋ ਢਾਈ ਸਾਲ ਹੰਢਾ ਗਈ-ਇਹਦੇ ਪੱਲੇ ਦਾ।

ਸਾਰੀ ਗੱਲ ਸੁਣ ਕੇ ਮੈਂ ਕਿਹਾ, "ਤਾਂ ਉਹ ਕੁੜੀ ਤੇਰਾ ਤੁਖ਼ਮ ਸੀ?"

"ਹਾਂ ਬਈ, ਮੇਰੀ। ਸਾਰੇ ਨੈਣ ਨਕਸ਼ ਮੇਰੇ ਉੱਤੇ ਨੇ। ਰੰਗ ਵੀ ਮੇਰੇ ਵਰਗਾ ਈ ਐ।"

"ਹੁਣ ਤਾਂ ਤਕੜੀ ਉਡਾਰ ਹੋਣੀ ਐ।"

"ਹਾਂ, ਅੱਠ ਨੌਂ ਸਾਲ ਦੀ ਐ। ਤੀਜੀ ਜਮਾਤ ਵਿੱਚ ਪੜ੍ਹਦੀ ਐ। ਪਿਛਲੇ ਸਾਲ ਮੈਂ ਉਨ੍ਹਾਂ ਦੇ ਘਰ ਗਿਆ ਸੀ, ਦੇਖਿਆ ਤਾਂ ਹਉਕਾ ਨਿਕਲ ਗਿਆ ਮੇਰਾ। ਕਿੱਦਾ ਦਾ ਸੰਸਾਰ ਐ ਇਹ। ਖੂਨ ਦੀ ਸਾਂਝ ਹੋ ਕੇ ਵੀ ਕੋਈ ਕਿਸੇ ਦਾ ਨਹੀਂ ਹੁੰਦਾ।"

"ਰੇਸ਼ਮਾ ਦੇ ਪਤੀ ਨੂੰ ਨਹੀਂ ਸ਼ੱਕ ਹੋਇਆ ਹੋਵੇਗਾ ਕਿ ਉਹ ਕੁੜੀ ਉਸ ਦੀ ਨਹੀਂ?'

"ਉਹ ਨੂੰ ਕੀ ਸ਼ੱਕ ਹੋਣਾ ਸੀ ਬਾਈ, ਉਹ ਤਾਂ ਗਧਾ ਆਦਮੀ ਐ। ਮੱਝਾਂ ਦਾ ਵਪਾਰੀ ਐ। ਪੈਸੇ ਦਾ ਪੁੱਤ। ਕੀੜੀ ਦੇ ਰਾਹ ਆਟਾ ਨਹੀਂ ਜਾਣ ਦਿੰਦਾ। ਇਸੇ ਕਰਕੇ ਤਾਂ ਰੇਸ਼ਮਾ ਤੋਂ ਨੌਕਰੀ ਕਰਵਾਉਂਦੈ।"

ਬੋਤਲ ਵਿੱਚ ਦੋ ਤਿੰਨ ਪੈੱਗ ਹੀ ਰਹਿ ਗਏ ਲੱਗਦੇ ਸਨ। ਅਮਰਪਾਲ ਕਾਫ਼ੀ ਦੇਰ ਬੋਲਦਾ ਰਿਹਾ ਸੀ। ਸ਼ਰਾਬ ਪੀਣ ਤਾਂ ਜਿਵੇਂ ਉਸ ਨੂੰ ਯਾਦ ਹੀ ਨਹੀਂ ਰਹਿ ਗਿਆ ਸੀ। ਮੇਰੀਆਂ ਦੋ ਉਂਗਲਾਂ ਵੀ ਉਵੇਂ ਦੀਆਂ ਉਵੇਂ ਪਈਆਂ ਹੋਈਆਂ ਸਨ। ਇਸ ਵਾਰ ਮੈਂ ਹੀ ਕਿਹਾ-"ਹੋਰ ਪਾ ਲੈ.....।" ਪੈੱਗ ਪਾਉਣ ਦੀ ਥਾਂ ਉਹ ਲੰਮੇ ਲੰਮੇ ਸਾਹ ਲੈਣ ਲੱਗਿਆ। ਤੇ ਫਿਰ ਬੋਤਲ ਚੁੱਕ ਕੇ ਉਸ ਦਾ ਗਿਲਾਸ ਮੈਂ ਅੱਧੇ ਤੋਂ ਬਹੁਤਾ ਭਰ ਦਿੱਤਾ। ਆਪਦੀ ਸ਼ਰਾਬ ਵਿੱਚ ਦੋ ਕੁ ਉਂਗਲਾ ਹੋਰ ਪਾ ਲਈ। ਉਸ ਦੇ ਗਿਲਾਸ ਵਿੱਚ ਪਾਣੀ ਵੀ ਮੈਂ ਹੀ ਪਾਇਆ। ਉਹ ਸਾਰੇ ਪੈੱਗ ਨੂੰ ਇੱਕੋ ਸਾਹ ਪੀ ਗਿਆ। ਇਸ ਵਾਰ ਤਾਂ ਮੈਂ ਵੀ ਸਾਰਾ ਸੰਘੋਂ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕਿਆ।

"ਪਿਛਲੇ ਸਾਲ ਜਦੋਂ ਤੂੰ ਗਿਆ ਸੀ, ਰੇਸ਼ਮਾ ਕਿਸ ਤਰ੍ਹਾਂ ਪੇਸ਼ ਆਈ?" ਮੈਂ ਪੁੱਛਿਆ।

"ਉਸ ਦਾ ਪਤੀ ਹੀ ਸਾਰਾ ਸਮਾਂ ਮੇਰੇ ਕੋਲ ਬੈਠਾ ਰਿਹਾ। ਉਹ ਤਾਂ ਪਹਿਲਾਂ ਚਾਹ ਦੀ ਵੱਡੀ ਗੜਵੀ ਰੱਖ ਗਈ ਤੇ ਦੋ ਗਿਲਾਸ ਤੇ ਫਿਰ ਕੁੜੀ ਦੇ ਹੱਥ ਰੋਟੀ ਭੇਜ ਦਿੱਤੀ। ਆਪ ਤਾਂ ਅੱਖਾਂ ਵੀ ਸਾਂਝੀਆਂ ਨਾ ਕੀਤੀਆਂ। ਚਾਹ ਤੋਂ ਰੋਟੀ ਦੇ ਸਫ਼ਰ ਤੱਕ ਉਸ ਦੇ ਸਫ਼ਰ ਤੱਕ ਉਸ ਦਾ ਪਤੀ ਮੱਝਾਂ ਦੇ ਸੌਦਿਆਂ ਦੀਆਂ ਵਾਰਤਾਵਾਂ ਸੁਣਾਉਂਦਾ ਰਿਹਾ। ਉੱਥੇ ਜਾਣ ਵੇਲੇ ਅਤੇ ਢਾਈ ਘੰਟੇ ਉਸ ਦੇ ਪਤੀ ਦੀ ਝੁੱਖ ਸੁਣਨ ਤੋਂ ਬਾਅਦ ਉੱਥੋਂ ਆਉਣ ਵੇਲੇ ਰੇਸ਼ਮਾ ਦੀ ਤਾਂ ਸਿਰਫ਼ ਸਤਿ ਸ੍ਰੀ ਅਕਾਲ ਹੀ ਮਿਲੀ।

‘ਫਿਰ ਤਾਂ ਯਾਰ ...।"

'ਹਾਂ, ਦੇਖ ਲੈ ਬਾਈ, ਮੇਰਾ ਜਵਾਕ ਜੰਮ ਕੇ ਵੀ ਉਸ ਦਾ ਮੇਰੇ ਨਾਲ ਹੁਣ ਕੋਈ ਸਬੰਧ ਨਹੀਂ।"

"ਇਹ ਦੁਨੀਆ ਹੈ ਪਿਆਰੇ, ਇੱਥੇ ਕਿਸੇ ਦਾ ਕੋਈ ਨਹੀਂ। ਪਲ ਛਿਣ ਦਾ ਮੇਲਾ ਹੈ। ਕਿਸੇ ਨੂੰ ਕਿਸੇ ਦਾ ਇੰਤਜ਼ਾਰ ਨਹੀਂ। ਵਰਤਮਾਨ ਨੂੰ ਹੀ ਹੰਢਾਇਆ ਜਾ ਰਿਹੈ। ਅਤੀਤ ਦਾ ਮੋਹ ਹੈ, ਨਾ ਭਵਿੱਖ ਦਾ ਵਿਸਵਾਸ਼। ਤੂੰ ਅਤੀਤੀ ਨੂੰ ਫੜਨ ਦੀ ਕੋਸ਼ਿਸ਼ ਛੱਡ ਦੇ ਅਮਰਪਾਲ। ਜੋ ਹੁਣ ਹੈ, ਉਸ ਨਾਲ ਹੀ ਚੱਲ।"

"ਛੱਡ ਕਿਵੇਂ ਦੇਵਾਂ ਬਾਈ, ਮੇਰੇ ਦਿਲ ਵਿਚੋਂ ਤਾਂ ਇਹ ਗੱਲ ਨਿਕਲਦੀ ਹੀ ਨਹੀਂ।" ਤੇ ਉਹ ਫਿਰ ਲੰਮੇ ਲੰਮੇ ਸਾਹ ਲੈਣ ਲੱਗਿਆ।

'ਹੁਣ ਕੀਹਦੇ ਨਾਲ ਐ, ਰੇਸ਼ਮਾ?"

ਉਸ ਨੇ ਢਿੱਲਾ ਜਿਹਾ ਜਵਾਬ ਦਿੱਤਾ- 'ਹੁਣ ਕਿਸੇ ਹੋਰ ਨਾਲ ਹੋਣੀ ਐ, ਕੀ ਪਤਾ ਕੀਹਦੇ ਨਾਲ ਐ। ਬਿਗਾਨੇ ਆਦਮੀ ਤੋਂ ਬਿਨ੍ਹਾਂ ਉਹ ਰਹਿ ਨ੍ਹੀ ਸਕਦੀ।"

ਵਿਹੜੇ ਵਿਚੋਂ ਮਾਂ ਨੇ ਅਵਾਜ਼ ਮਾਰੀ। ਮੈਂ ਉੱਠਿਆ ਤੇ ਰੋਟੀ ਪਵਾ ਕੇ ਲੈ ਆਇਆ। ਰੋਟੀ ਖਾਣ ਲੱਗੇ ਤਾਂ ਉਸ ਨੇ ਬੋਤਲ ਵਿਚੋਂ ਬਚਦੀ ਸ਼ਰਾਬ ਮੇਰੇ ਗਿਲਾਸ ਵਿੱਚ ਪਾਉਣੀ ਚਾਹੀ। ਪਰ ਮੇਰੇ ਨਾਂਹ ਕਹਿਣ ਉੱਤੇ ਉਸ ਨੇ ਆਪਣੇ ਗਿਲਾਸ ਵਿੱਚ ਬੋਤਲ ਨੂੰ ਉਲਟਿਆ ਤੇ ਬਿਨ੍ਹਾਂ ਪਾਣੀਓਂ ਹੀ ਪੀ ਗਿਆ। ਉਸ ਨੇ ਬਹੁਤ ਘੱਟ ਰੋਟੀ ਖਾਧੀ। ਮੈਂ ਉਸ ਨੂੰ ਪੁੱਛਿਆ ਵੀ-ਹੋਰ ਸ਼ਰਾਬ ਲਿਆਵਾਂ? ਸਾਈਕਲ 'ਤੇ ਹੁਣ ਫੜ ਲਿਆਉਨਾਂ ਬੋਤਲ। ਪਰ ਉਸ ਨੇ ਨਾਂਹ ਕਰ ਦਿੱਤੀ। ਮੈਥੋਂ ਪਹਿਲਾਂ ਹੀ ਹੱਥ ਧੋ ਲਏ। ਥਾਲੀ ਵਿੱਚ ਪਈ ਇੱਕ ਰੋਟੀ ਮੈਂ ਖਾਧੀ ਤੇ ਹੱਥ ਧੋਣ ਲੱਗਿਆ। ਉਹ ਖੜ੍ਹਾ ਹੋ ਕੇ ਆਪਣਾ ਕੋਟ ਪਾਉਣ ਲੱਗ ਪਿਆ। ਮੈਂ ਕਿਹਾ- "ਹੁਣ ਬਹੁਤ ਹਨੇਰਾ ਹੋ ਗਿਐ, ਹੁਣ ਨਾ ਜਾਹ। ਐਕਸੀਡੈਂਟ ਕਰ ਬੈਠੇਗਾ।" ਪਰ ਉਹ ਮੰਨਿਆ ਨਹੀਂ। ਉਹ ਕਮਰੇ 'ਚੋਂ ਬਾਹਰ ਜਾਣ ਲੱਗਿਆ ਤਾਂ ਉਸ ਦਾ ਹੱਥ ਘੁੱਟ ਕੇ ਮੈਂ ਆਖਿਆ-"ਅਮਰਪਾਲ, ਏਸ ਸਾਰੀ ਗੱਲ ਨੂੰ ਦਿਲ 'ਚੋਂ ਕੱਢ ਦੇ।"

"ਨਹੀਂ ਬਾਈ, ਮੈਂ ਕਦੇ ਰੇਸ਼ਮਾ ਦੀ ਕੁੜੀ ਨੂੰ ਚੁੱਕ ਲਿਆਵਾਂਗਾ।"

"ਕੁੜੀ ਤੂੰ ਕੀ ਕਰਨੀ ਐ?"

"ਉਸ ਦਾ ਵਿਆਹ ਮੈਂ ਕਰਾਂਗਾ।"

ਉਸ ਦੀ ਇਸ ਗੱਲ 'ਤੇ ਮੈਂ ਹੱਸਣਾ ਚਾਹੁੰਦਾ ਸਾਂ, ਪਰ ਪਤਾ ਨਹੀਂ ਮੈਥੋਂ ਅਜਿਹਾ ਕਿਉਂ ਨਹੀਂ ਹੋ ਸਕਿਆ।◆