ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਉਸ ਦਾ ਦੁੱਖ

ਵਿਕੀਸਰੋਤ ਤੋਂ
ਉਸ ਦਾ ਦੁੱਖ

ਕਿਸ ਨੂੰ ਪਤਾ ਸੀ, ਇਹ ਦਿਨ ਵੀ ਆਉਣਗੇ?

ਦੋਸਤ ਦਾ ਖ਼ਤ ਆਇਆ ਹੈ, 'ਸੁੱਖ ਦੇ ਦਿਨ ਜੇ ਨਹੀਂ ਰਹੇ ਤਾਂ ਰਹਿੰਦੇ ਦੁੱਖਾਂ ਦੇ ਦਿਨ ਵੀ ਨਹੀਂ। ਦਿਲ ਨੂੰ ਤਸੱਲੀ ਦੇਹ।' ਪਰ ਕੀ ਕਰਾਂ, ਮਨ ਕਿਸੇ ਵੀ ਗੱਲ 'ਤੇ ਟਿਕਦਾ ਨਹੀਂ।

ਹੁਣੇ ਸ਼ੀਸ਼ੇ ਅੱਗੇ ਬੈਠ ਕੇ ਮਾਵਾ ਦਿੱਤੀ ਪੱਗ ਪਾਣੀ ਲਾ ਕੇ ਬੰਨ੍ਹੀ ਹੈ। ਪੱਗ ਬਹੁਤ ਸੋਹਣੀ ਬੱਝੀ ਹੈ, ਪਰ ਮਨ ਰੋ ਉੱਠਿਆ ਹੈ। ਕਿਸ ਨੂੰ ਕਹਾਂ- ‘ਦੇਖੀਂ, ਚੰਗੀ ਬੱਝ ਗਈ?' ਕੰਮ 'ਤੇ ਜਾਣ ਦਾ ਵੇਲਾ ਹੁੰਦਾ ਹੈ, ਜਾਣਾ ਹੀ ਹੈ, ਰੋਟੀ?

‘ਚੱਲਿਆ ਮੈਂ ਤਾਂ।'

'ਹੈਂ...'

'ਹਾਂ....'

'ਬਿੰਦ ਕੁ ਬਹਿ ਜਾ ਮੇਰੇ ਕੋਲ।'

ਉਸ ਦੇ ਮੰਜੇ ਦੀ ਬਾਹੀ ’ਤੇ ਬੈਠ ਜਾਂਦਾ ਹਾਂ। ਉਸ ਦਾ ਹੱਥ ਫੜ ਕੇ ਘੁੱਟਦਾ ਹਾਂ। ਜਾਣ ਦੀ ਕਾਹਲ ਵਿੱਚ ਹਾਂ। ਉਸ ਦੇ ਹੱਥ ਵਿਚੋਂ ਆਪਣਾ ਹੱਥ ਛੁਡਾਉਣ ਦਾ ਯਤਨ ਕਰਦਾ ਹਾਂ, ਪਰ ਮੇਰੇ ਹੱਥ ਨੂੰ ਕਾਲਜੇ ਨਾਲ ਲਾ ਕੇ ਕਾਹਨੂੰ ਕਾਲਜੇ ਵਿੱਚ ਖੁਭੋ ਕੇ ਕਹਿੰਦੀ ਹੈ- 'ਰਾਜ, ਕਦ ਮੁੜੇਂਗਾ ਹੁਣ?'

‘ਦੋ ਵਜੇ।'

ਉਹ ਹਉਕਾ ਲੈਂਦੀ ਹੈ। ਕਹਿੰਦੀ ਹੈ- 'ਹਿੱਕ ਨਾਲ ਲੱਗ ਜਾ।'

'ਇਉਂ ਨਾ ਕਰ।'

‘ਕਿਉਂ? ਉਸ ਨੇ ਮੇਰਾ ਹੱਥ ਫੜ ਰੱਖਿਆ ਹੈ।

'ਸਾਹਮਣੇ ਬੱਚੇ ਤੁਰੇ ਫਿਰਦੇ ਨੇ। ਕੀ ਕਹਿਣਗੇ?'

'ਚੰਗੇ, ਜਾਹ ਰਾਜ।'

ਤੁਰਨ ਲੱਗਦਾ ਹਾਂ। ਇੱਕ ਵਿਲਕਦੀ ਚਿਚਲਾਂਦੀ ਹੂੰਗਰ ਕੰਨੀਂ ਪੈਂਦੀ ਹੈ।

‘ਕਿਉਂ?'

‘ਜਣੀਂਦੀ ਕਾਲਜਾ ਕੱਢ ਲਿਆ ਕਾਸੇ ਨੇ। ਫੜੀਂ ਏਥੋਂ। ਦੱਬ ਕੇ ਘੁੱਟ ਲੈ।'

ਉਸ ਦੇ ਕਾਲਜੇ ਵਿੱਚ ਮੁੱਕੀ ਦਿੰਦਾ ਹਾਂ।

‘ਤੇਰ੍ਹਵੀ ਤਾਂ ਕੀਤੀ ਸੀ ਰੱਬ ਨੇ, ਇਹ ਡੋਬ ਕਾਹਤੋਂ ਪੈਂਦੇ ਨੇ?' ‘ਤੂੰ ਚਿੰਤਾ 'ਚ ਨਾ ਕਰਿਆ ਕਰ ਬਹੁਤਾ। ਦਿਲ ਨੂੰ ਖੜ੍ਹਾਅ ਹੁਣ।'

‘ਚੰਦ, ਤੇਰਾ ਆਉਂਦੇ ਦਾ ਮੂੰਹ ਦੇਖਦੀ ਸੀ, ਜਾਂਦੇ ਦੀ ਪਿੱਠ ਦੇਖਦੀ ਸੀ। ਬੁੱਥ ਬਣ ਕੇ ਬੈਠ ਗਈ। ਹਾਏ! ਏਦੂੰ ਤਾਂ ਲੈ ਜਾਂਦਾ ਰੱਬ।'

‘ਦੇਖ, ਤੇਰਾ ਕੁਝ ਨਹੀਂ ਵਿਗੜਿਆ। ਮੌਜਾਂ ਨਾਲ ਬੈਠ ਹੁਣ। ਸੇਵਾ ਤੇਰੀ ਪੂਰੀ ਹੋਏਗੀ। ਸਾਰਾ ਟੱਬਰ ਹੱਥ ’ਤੇ ਥੁੱਕ ਲੈਂਦਾ ਐ। ਤੈਨੂੰ ਝੋਰਾ ਕਿਹੜੀ ਗੱਲ ਦਾ?'

‘ਤੇਰਾ ਰਾਜ ਖੁੱਸ ਗਿਆ ਲਾਲ। ਤੇਰੇ ਕਰਮਾਂ ’ਚ ਸੁੱਖ ਨਹੀਂ ਸੀ।'

ਟੋਹ ਕੇ ਮੇਰਾ ਚਿਹਰਾ ਫੜਦੀ ਹੈ। ਮੱਥਾ, ਅੱਖਾਂ, ਨੱਕ, ਗੱਲਾਂ ਤੇ ਫਿਰ ਠੋਡੀ ਉੱਤੋਂ ਹੱਥ ਫੇਰ ਕੇ ਕਹਿੰਦੀ ਹੈ- 'ਮੂੰਹ ਦੇਖੇ, ਨਿੱਕਾ ਜਿਹਾ ਬਣ ਗਿਆ। ਹਾਏ!'... ਤੇ ਉਸ ਨੂੰ ਫਿਰ ਡੋਬ ਪੈ ਜਾਂਦਾ ਹੈ।

‘ਕਿੱਥੇ ਲੈ ਜਾਵਾਂ ਦੱਸ ਤੈਨੂੰ ਹੁਣ? ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ ਸਭ ਦੇਖ ਲਿਆ। ਹੁਣ ਤਾਂ ਦਿਲ ਨੂੰ ਪੱਥਰ ਬਣਾਅ।'

ਕੁਝ ਦੇਰ ਉਹ ਚੁੱਪ ਰਹਿੰਦੀ ਹੈ। ਤੇ ਫਿਰ ਪੁੱਛਦੀ ਹੈ- ‘ਛੋਟਾ?'

'ਆਹ ਖੜ੍ਹਾ ਐ।'

‘ਚੱਲਿਆ ਪੁੱਤ ਸਕੂਲ ਨੂੰ?'

'ਹਾਂ ਮਾਂ।'

'ਉਰੇ ਹੋ, ਉਹ ਉਸ ਦੇ ਸਿਰ ਨੂੰ ਗੋਦੀ ਵਿੱਚ ਲੈ ਕੇ ਚੁੰਮਦੀ ਹੈ ਤੇ ਫਿਰ ਪੁੱਛਦੀ ਹੈ- 'ਵੱਡਾ?'

ਉਹ ਆਪਣੇ ਆਪ ਹੀ ਆਪਣਾ ਸਿਰ ਉਸ ਦੀ ਗੋਦੀ ਵਿੱਚ ਧਰ ਦਿੰਦਾ ਹੈ। ਚੁੰਮਦੀ ਹੈ। ਦੋਵਾਂ ਦੇ ਹੱਥਾਂ ਦੇ ਪਿਆਰ ਲੈਂਦੀ ਹੈ- ‘ਚੰਗਾ ਪੁੱਤ, ਜਾਓ।'

ਉਸ ਦਾ ਹੱਥ ਘੁੱਟਦਾ ਹਾਂ। ਕਹਿੰਦਾ ਕੁਝ ਨਹੀਂ। ਚਲਿਆ ਜਾਂਦਾ ਹਾਂ। ਦੋਵੇਂ ਲੜਕੇ ਸਕੂਲ ਨੂੰ ਜਾਂਦੇ ਹਨ। ਉਨ੍ਹਾਂ ਦੇ ਚਿਹਰੇ ਲਟਕੇ ਹੋਏ ਹਨ। ਛੋਟੇ ਦੀਆਂ ਮਿਰਗਛਾਲਾਂ ਕਿੱਧਰ ਗਈਆਂ? ਵੱਡੇ ਦਾ ਚਾਅ?

ਲੇਟ ਹਾਂ। ਸਾਥੀ ਉਸ ਦੀ ਸੁੱਖ ਸਾਂਦ ਪੁੱਛਦੇ ਹਨ।

‘ਠੀਕ ਐ। ਠੀਕ ਈ ਐ।'

ਵਕਤ ਦਾ ਪਾਬੰਦ, ਦੂਜਿਆਂ ਨਾਲ ਲੜਦਾ ਹੁੰਦਾ- 'ਜਦ ਪਤਾ ਐ ਇਸ ਵਕਤ ਪਹੁੰਚਣਾ ਐਂ ਫਿਰ ਯਾਰ ਨਿੱਤ ਈ ਲੇਟ ਆਉਣ ਦਾ ਮਤਲਬ? ਹੋਇਆ ਕੋਈ ਮਜ਼ਬੂਰੀ...'

ਸੋਚਦਾ ਹਾਂ, ਇਸ ਮਜ਼ਬੂਰੀ ਦੀ ਉਮਰ?

ਘਰ ਆਉਂਦਾ ਹਾਂ। ਆਉਂਦਾ ਸਾ, ਪਾਣੀ ਦਾ ਗਲਾਸ ਨਾਲ ਦੀ ਨਾਲ ਲਿਆ ਕੇ ਮੇਜ਼ 'ਤੇ ਰੱਖ ਦਿੰਦੀ ਸੀ। ਮੰਜੇ 'ਤੇ ਬੈਠ ਜਾਂਦਾ ਹਾਂ। ਪੈੜ ਚਾਲ ਸੁਣ ਕੇ ਹੀ ਉਹ ਸਮਝ ਗਈ ਹੈ। ਵੱਡੇ ਨੂੰ ਅਵਾਜ਼ ਮਾਰਦੀ ਹੈ। ਕਿਤੇ ਨਹੀਂ। ਛੋਟੇ ਨੂੰ। ਕਿਤੇ ਨਹੀਂ। ਤੇ ਫਿਰ ਪੈਂਦਾ ਉੱਤੇ ਬੈਠੀ ਉਸ ਦੀਆਂ ਲੱਤਾਂ ਘੁੱਟ ਰਹੀ ਮਾਂ ਨੂੰ ਹੀ ਉਹ ਕਹਿੰਦੀ ਹੈ- 'ਏਥੇ, ਪਾਣੀ ਦਾ ਗਲਾਸ ਲਿਆ ਦੇ, ਆਪਣੇ ਪੁੱਤ ਨੂੰ।'

'ਨਹੀਂ ਮਾਂ, ਮੈਂ ਆਪ ਹੀ ਪੀ ਲਵਾਂਗਾ।'

‘ਮਾਂ, ਕਾਲਜਾ!ਉਹ ਕਰਾਹ ਕੇ ਕਹਿੰਦੀ ਹੈ। ਮਾਂ ਉਸ ਦੇ ਕਾਲਜੇ ’ਤੇ ਹੱਥ ਧਰਦੀ ਹੈ। ਪਾਣੀ ਦੀ ਕੋਈ ਲੋੜ ਨਹੀਂ। ‘ਬੇਬੇ?'

'ਹਾਂ, ਪੁੱਤ।'

‘ਇੱਕ ਗੱਲ ਕਹਾਂ?'

‘ਹਾਂ ਦੱਸ ਧੀਏ?'

‘ਆਪਦੇ ਪੁੱਤ ਦਾ ਵਿਆਹ ਕਰ ਦੇਹ।'

ਇਹ ਗੱਲ ਉਹ ਕਈ ਵਾਰ ਮੈਨੂੰ ਕਹਿ ਚੁੱਕੀ ਹੈ। ਮਾਂ ਕੋਲ, ਪਰ ਅੱਜ ਹੀ।

‘ਲੈ, ਹੈ ਕਮਲੀ, ਤੂੰ?' ਮਾਂ ਕਹਿੰਦੀ ਹੈ।

‘ਤੈਨੂੰ ਕਿੰਨੀ ਵਾਰ ਸਮਝਾਇਆ ਐ, ਮੈਨੂੰ ਵਿਆਹ ਦੀ ਕੋਈ ਲੋੜ ਨਹੀਂ। ਹੁਣ ਕੋਈ ਉਮਰ ਐ? ਤੇ ਇਨ੍ਹਾਂ ਬੱਚਿਆਂ ਦਾ ਜੀਵਨ ਬਰਬਾਦ ਕਰਨਾ ਐ। ਬਿਗਾਨੀ ਧੀ ਤਾਂ ਰੋਲ ਕੇ ਮਾਰ ਦਏਗੀ ਇਨ੍ਹਾਂ ਨੂੰ। ਕਿਸੇ ਦੇ ਕੀ ਲੱਗਦੇ ਨੇ ਇਹ? ਤੂੰ ਜਿਉਂਦੀ ਰਹਿ ਬੱਸ।'

'ਮੈਨੂੰ ਤਾਂ ਤੇਰਾ ਝੋਰਾ ਹੋ ਗਿਆ, ਲਾਲ। ਜੇ ਰੱਬ ਮੇਰੀ ਫ਼ਰਿਆਦ ਸੁਣ ਲਵੇ, ਤੇਰੀ ਓਵੇਂ ਜਿਵੇਂ ਟਹਿਲਣ ਲੱਗ ਜਾਵਾਂ।'

'ਮੇਰੇ ਦੱਸ ਕੀ ਗੋਲੀ ਵੱਜੀ ਐ? ਕੀ ਹੋਇਐ ਮੈਨੂੰ? ਮੈਂ ਆਪਣਾ ਆਪ ਸੰਭਾਲਣ ਜੋਗਾ ਬਥੇਰਾ ਆ। ਮੇਰਾ ਫਿਕਰ ਨਾ ਤੂੰ ਕਰ। ਮੈਨੂੰ ਤਾਂ ਸਗੋਂ ਤੇਰੀ ਸੇਵਾ ਕਰਕੇ ਹੁਣ ਸੁੱਖ ਮਿਲਦਾ ਐ। ਮਾਂ ਵਿਹੜੇ ਵਿੱਚ ਚਲੀ ਜਾਂਦੀ ਹੈ। ਜਾਂ ਸ਼ਾਇਦ ਦੂਜੇ ਕਮਰੇ ਵਿੱਚ।

‘ਕਿਉਂ ਜੁੜਨੇ ਸੀ ਮੇਰੇ ਹੱਥ ਤੇਰੇ ਨਾਲ? ਉਹ ਕਹਿੰਦੀ ਹੈ। ‘ਜੁੜਨੇ ਹੀ ਸਨ, ਜੁੜ ਗਏ।'

‘ਮੇਰੇ ਕਰਮਾਂ ’ਚ ਤਾਂ ਫ਼ਰਕ ਹੈ ਈ ਸੀ, ਮੇਰੇ ਨਾਲ ਤੇਰਾ ਜੀਵਨ ਵੀ ਦੁਖੀ ਹੋ ਗਿਆ।'

ਚੁੱਪ ਹਾਂ।

ਕਰਮਾਂ ਵਿੱਚ ਕੋਈ ਵਿਸ਼ਵਾਸ ਨਹੀਂ, ਪਰ.... ਉਸ ਦੇ ਕੋਲ ਹੀ ਆਪਣੇ ਮੰਜੇ 'ਤੇ ਲੇਟ ਗਿਆ ਹਾਂ। ਜ਼ਰਾ ਕੁ ਅੱਖ ਲੱਗੀ ਹੈ, ਝਟਕੇ ਜਿਹੇ ਨਾਲ ਜਾਗ ਪਿਆ ਹਾਂ। ਬੈਠਾ ਹੋ ਗਿਆ ਹਾ। ਉਸ ਦੇ ਹੱਥ ਵਿੱਚ ਮੂੰਗੀ ਦੇ ਦਾਣੇ ਹਨ। ਗਿਣ ਰਹੀ ਹੈ।

'ਇਹ ਕੀ ਕਰਦੀ ਐਂ?'

‘ਕੁੱਛ ਨਹੀਂ।'

‘ਫੇਰ ਵੀ? ਇਹ ਦਾਣੇ?'

‘ਦੇਖਦੀ ਆਂ, ਸੰਸਾਰ ਦਿਸੇਗਾ?'

‘ਤੇ ਫਿਰ?'

‘ਕਦੇ ਦਾਣਾ ਵਧ ਜਾਂਦੈ, ਕਦੇ ਪੂਰੇ। ਛੋਈ ਬਣ ਕੇ ਰਹਿ ਗਈ ਹੈ ਜ਼ਿੰਦਗੀ।

ਕੱਲ ਧੋਤੀ ਹੋਈ ਪੈਂਟ ਪਾ ਕੇ ਗਿਆ। ਪਿਸ਼ਾਬ ਕਰਕੇ ਪੰਪ ’ਤੇ ਹੱਥ ਧੋਣ ਤੋਂ ਬਾਅਦ ਜੇਬ੍ਹ ਵਿੱਚ ਹੱਥ ਮਾਰਿਆ, ਰੁਮਾਲ ਨਹੀਂ ਸੀ। ਰੋਣ ਨਿਕਲ ਗਿਆ। ਧੋਤੀ ਪੈਂਟ ਖੂੰਟੀ 'ਤੇ ਲਟਕ ਰਹੀ ਹੁੰਦੀ। ਉਸ ਦੀ ਜੇਬ੍ਹ ਵਿੱਚ ਨਵਾਂ ਧੋਤਾ ਰੁਮਾਲ ਵੀ ਹੁੰਦਾ। ਨਿੱਕੇ ਨਿੱਕੇ ਕੰਮ ਵੀ ਇਹੀ ਕਰਦੀ। ਆਪਣੀ ਆਦਤ ਹੁਣ ਕਦ ਬਣੇਗੀ। ਇਹ ਨਿੱਕੇ ਨਿੱਕੇ ਝੋਰੇ ਹੀ ਲੈ ਡੁੱਬਣਗੇ। ਦੋਸਤ ਪਤਾ ਲੈਣ ਆਉਂਦੇ ਹਨ। ਸਾਰੀ ਕਹਾਣੀ ਸੁਣਨ ਤੋਂ ਪਹਿਲਾਂ ਸਭ ਦਾ ਇੱਕੋ ਧਰਵਾਸ.... ਭਾਈ, ਕੋਈ ਪੈਸੇ ਟਕੇ ਦੀ ਲੋੜ ਹੋਵੇ ਤਾਂ ਦੱਸੀਂ। ਸੰਗੀਂ ਨਾ। ਜਿੰਨੇ ਕੁ ਜੋਗੇ ਹੈਗੇ ਆਂ, ਹਾਜ਼ਰ ਆਂ।' ਬੱਸ ਠੀਕ ਐ। ਅਜੇ ਤਾਂ ਸਰੀ ਜਾਂਦੈ।' ਇੱਕੋਂ ਜਵਾਬ ਹੁੰਦਾ ਹੈ।

ਦਿਲ ਕਹਿੰਦਾ ਹੈ- 'ਨਾ ਤਾਂ ਤੁਹਾਡੇ ਹਮਦਰਦੀ ਭਰੇ ਸ਼ਬਦਾਂ ਨਾਲ ਮੇਰਾ ਕੁਝ ਬਣਨਾ ਐਂ ਤੇ ਨਾ ਹੀ ਪੈਸਿਆਂ ਨਾਲ। ਮੈਂ ਤਾਂ ਉਨ੍ਹਾਂ ਪਲਾਂ ਦੀ ਉਡੀਕ ਵਿੱਚ ਆਂ, ਜਦ ਇਹ ਮੇਰੇ ਵੱਲ ਝਾਕ ਕੇ ਕਹੇਗੀ... ਹੁਣ ਤੂੰ ਪੱਗ ਬਹੁਤ ਛੋਟੀ ਬੰਨ੍ਹਣ ਲੱਗ ਪਿਆ। ਤੇਰੇ ਤਾਂ ਵੱਡੀ ਸਾਰੀ ਪੱਗ ਈ ਚੰਗੀ ਲੱਗਦੀ ਐ, ਫੁੱਲਵੀਂ ਜਿਹੀ। ਹੂੰ, ਐਡਾ ਮੂੰਹ, ਝੱਕਰੇ ਜਿੱਡਾ, ਪੱਗ ਭੋਰਾ ਕੁ?'♦