ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇਹ ਲੋਕ

ਵਿਕੀਸਰੋਤ ਤੋਂ
ਇਹ ਲੋਕ

ਜਿਸ ਸ਼ਹਿਰ ਮੈਂ ਜਾਣਾ ਸੀ, ਓਥੇ ਪਹੁੰਚਣ ਲਈ ਮੈਨੂੰ ਪੂਰੇ ਤਿੰਨ ਘੰਟੇ ਬੱਸ ਵਿੱਚ ਗੁਜ਼ਾਰਨੇ ਪੈਣੇ ਸਨ।

ਬੱਸ ਅੱਡੇ 'ਤੇ ਜਾ ਕੇ ਮੈਂ ਟਿਕਟ ਖਰੀਦਿਆ ਤੇ ਆਪਣੀ ਬੱਸ ਵਿੱਚ ਜਾ ਬੈਠਾ। ਮੇਰੇ ਬੈਠਣ ਤੋਂ ਪਹਿਲਾਂ ਅੱਧੀ ਬੱਸ ਭਰੀ ਹੋਈ ਸੀ ਤੇ ਇੱਕੜ ਦੁੱਕੜ ਹੋਰ ਸਵਾਰੀਆਂ ਆ ਰਹੀਆਂ ਸਨ। ਦੋ ਸੀਟਾਂ ਵਾਲੀ ਜਿਸ ਸੀਟ 'ਤੇ ਬੈਠਾ ਉਸ ’ਤੇ ਪਹਿਲਾਂ ਹੀ ਇੱਕ ਬੰਦਾ ਬੈਠਾ ਹੋਇਆ ਸੀ ਤੇ ਮੂੰਗਫ਼ਲੀ ਖਾ ਰਿਹਾ ਸੀ। ਕੋਈ ਫੋਲਕ ਬੱਸ ਤੋਂ ਬਾਹਰ ਸੁੱਟ ਦਿੰਦਾ ਸੀ ਤੇ ਕੋਈ ਬੱਸ ਦੇ ਵਿੱਚ ਹੀ, ਆਪਣੀ ਸੀਟ ਦੇ ਮੂਹਰੇ ਆਪਣੇ ਪੈਰਾਂ ਕੋਲ। ਭਰਵਾਂ ਕੱਦ ਕਾਠ, ਚਿੱਟੇ ਕੱਪੜੇ, ਚਿੱਟੀ ਲਾਜਵਰੀ ਪੋਚਵੀਂ ਪੱਗ ਤੇ ਦਾੜ੍ਹਾ ਖੁੱਲ੍ਹਾ।

ਹੁਣ ਬੱਸ ਕਰੀਬ ਕਰੀਬ ਭਰ ਚੁੱਕੀ ਸੀ। ਅਖ਼ਬਾਰ ਵੇਚਣ ਵਾਲਾ ਸਾਡੀ ਸੀਟ ਕੋਲ ਆ ਕੇ ਖੜ੍ਹਾ ਤੇ ਥੱਲਿਓਂ ਹੀ ਪੰਜਾਬੀ ਦੇ ਇੱਕ ਅਖ਼ਬਾਰ ਨੂੰ ਉਤਾਂਹ ਸਾਡੇ ਵੱਲ ਦਿਖਾ ਕੇ ਕਹਿੰਦਾ-'ਅਖ਼ਬਾਰ ਲਓ, ਸਰਦਾਰ ਜੀ’ ਮੇਰੇ ਨਾਲ ਬੈਠੇ ਖੁੱਲ੍ਹੇ ਦਾੜ੍ਹੀ ਵਾਲੇ ਬੰਦੇ ਨੇ ਜਿਵੇਂ ਉਸ ਦੀ ਗੱਲ ਨੂੰ ਅਣਸੁਣਿਆ ਹੀ ਕਰ ਦਿੱਤਾ ਤੇ ਉਹ ਬੋਲਿਆ ਨਾ। ਖ਼ਾਕੀ ਜ਼ੀਨ ਦੇ ਕੋਟ ਤੇ ਕਾਲੀ ਟੋਪੀ ਵਾਲੇ, ਅਖ਼ਬਾਰਾਂ ਵੇਚਣ ਵਾਲੇ ਦੀ ਅਵਾਜ਼ ਸੁਣ ਕੇ ਮੈਂ ਉਸ ਵੱਲ ਝਾਕਿਆ ਤਾਂ ਦੂਜੀ ਵਾਰ ਉਸ ਨੇ ਫੇਰ ਪੁੱਛਿਆ-'ਅਖ਼ਬਾਰ, ਸਰਦਾਰ ਜੀ, ਕਿਹੜਾ ਦੇਵਾਂ?' ਮੈਂ ਜੇਬ੍ਹ ਨੂੰ ਹੱਥ ਮਾਰਿਆ ਤੇ ਖੁੱਲ੍ਹੇ ਦਾੜੇ ਵਾਲਾ ਬੰਦਾ ਅਖ਼ਬਾਰ ਵੱਲੋਂ ਨੱਕ ਚੜ੍ਹਾ ਕੇ ਗੂਠੇ ਦੀ ਦਾਬ ਨਾਲ ਮੂੰਗਫ਼ਲੀ ਭੰਨ੍ਹਣ ਲੱਗ ਪਿਆ।

ਮੈਂ ਇੱਕ ਟ੍ਰਿਬਿਊਨ ਤੇ ਇੱਕ ਨਵਾਂ ਜ਼ਮਾਨਾ ਖਰੀਦ ਲਿਆ ਤੇ ਜੇਬ੍ਹ ਵਿਚੋਂ ਕੱਢ ਕੇ ਇੱਕ ਰੁਪਈਏ ਦਾ ਨੋਟ ਉਸ ਵੱਲ ਵਧਾਇਆ। ਨੋਟ ਫੜ ਕੇ ਉਹ ਕਹਿੰਦਾ-'ਰਸਾਲਾ ਦੇਵਾਂ ਜੀ ਕੋਈ?' 'ਆਰਸੀਂ’, ‘ਪੰਜ ਦਰਿਆ’, ‘ਕਵਿਤਾ’, ‘ਪ੍ਰੀਤਲੜੀ?' ਤਿੰਨ ਘੰਟਿਆਂ ਦਾ ਲੰਮਾ ਸਫ਼ਰ ਦੇਖ ਕੇ ਮੈਂ 'ਪ੍ਰੀਤਲੜੀ’ ਲੈ ਲਈ ਤੇ ਰੁਪਈਏ ਦਾ ਨੋਟ ਪੂਰਾ ਕਰਕੇ ਅਖ਼ਬਾਰਾਂ ਵਾਲਾ ਅੱਗੇ ਤੁਰ ਪਿਆ।

ਬੱਸ ਤੁਰ ਪਈ।

ਮੈਂ ‘ਪ੍ਰੀਤਲੜੀ' ਦੇ ਸਾਰੇ ਵਰਕੇ ਦਬਾ ਸੱਟ ਫਰੋਲੇ ਤੇ ਦੂਹਰੀ ਕਰਕੇ ਉਸ ਨੂੰ ਚਮੜੇ ਦੇ ਬੈਗ ਵਿੱਚ ਪਾ ਲਿਆ।‘ਟ੍ਰਿਬਿਊਨ' ਦੀਆਂ ਸਾਰੀਆਂ ਵੱਡੀਆਂ ਵੱਡੀਆਂ ਸੁਰਖੀਆਂ 'ਤੇ ਤਰਦੀ ਤਰਦੀ ਨਿਗਾਹ ਮਾਰ ਕੇ ਉਸ ਦੇ ਪਹਿਲੇ ਸਫ਼ੇ ਦੀਆਂ ਖ਼ਬਰਾਂ ਮੈਂ ਗਹੁ ਨਾਲ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ‘ਟ੍ਰਿਬਿਊਨ' ਪੜ੍ਹਦੇ ਨੂੰ ਦੇਖ ਕੇ ਤੇ ਮੇਰੇ ਪੱਟਾਂ ਵਿੱਚ ਪਿਆ ‘ਨਵਾਂ ਜ਼ਮਾਨਾ' ਵਾਧੂ ਜਾ ਦੇਖ ਉਸ ਖੁੱਲ੍ਹੇ ਦਾੜ੍ਹੇ ਵਾਲੇ ਬੰਦੇ ਨੇ ਮੇਰੇ ਪੱਟਾਂ ਤੋਂ ਉਸ ਨੂੰ ਬਿਨ੍ਹਾਂ ਪੁੱਛੇ ਹੀ ਚੱਕ ਲਿਆ ਤੇ ਗੁਣਨ ਗੁਣਨ ਕਰਕੇ ਉਸ ਨੂੰ ਪੜ੍ਹਨ ਲੱਗ ਪਿਆ।

ਮੈਂ ‘ਟ੍ਰਿਬਿਉਨ' ਦਾ ਅਜੇ ਪਹਿਲਾਂ ਸਫ਼ਾ ਚੰਗੀ ਤਰ੍ਹਾਂ ਪੜ੍ਹਿਆ ਵੀ ਨਹੀਂ ਸੀ ਕਿ ਮੈਥੋਂ ਚੌਥੀ ਸੀਟ 'ਤੇ ਬੈਠੇ ਇੱਕ ਬਾਬੂ ਕਿਸਮ ਦੇ ਬੰਦੇ ਨੇ ਬਾਂਹ ਲੰਮੀ ਕਰਕੇ ਆਖ ਦਿੱਤਾ-'ਭਾਈ ਸਾਹਬ, ਬਿਚਲਾ ਬਰਕਾ ਦਿਖਇਓ ਜ਼ਰਾ?' ਮੈਂ ਵਿਚਲੇ ਦੋ ਜੜੁੱਤ ਕੱਢ ਕੇ ਉਸ ਨੂੰ ਫੜਾ ਦਿੱਤੇ।

ਇੱਕ ਅੱਡਾ ਲੰਘ ਕੇ ਬੱਸ ਅੱਡੇ 'ਤੇ ਆ ਰੁਕੀ। ਇੱਕ ਦੂਜਾ ਅੱਡਾ ਇੱਕ ਨਹਿਰ ਦਾ ਪੁਲ ਸੀ। ਇਸ ਪੁਲ ’ਤੋਂ ਕਈ ਪਿੰਡਾਂ ਨੂੰ ਰਾਹ ਜਾਂਦੇ ਸਨ। ਇੱਥੇ ਕਈ ਪਿੰਡਾਂ ਦੀਆਂ ਸਵਾਰੀਆਂ ਆ ਕੇ ਚੜ੍ਹਦੀਆਂ ਸਨ, ਕਈ ਪਿੰਡਾਂ ਦੀਆਂ ਸਵਾਰੀਆਂ ਉਤਰਦੀਆਂ ਸਨ। ਇਸ ਕਰਕੇ ਅੱਡੇ 'ਤੇ ਬੱਸ ਖੜ੍ਹਨ ਕਰਕੇ ਡਰਾਈਵਰ ਤੇ ਕੰਡਕਟਰ ਵੀ ਚਾਹ ਪਾਣੀ ਪੀਣ ਅਕਸਰ ਉਤਰ ਜਾਇਆ ਕਰਦੇ ਸਨ। ਦੂਰ ਦੀਆਂ ਸਵਾਰੀਆਂ ਵੀ ਚਾਹ ਪੀ ਲੈਂਦੀਆਂ ਸਨ, ਪਾਣੀ ਪੀਣ ਉਤਰ ਜਾਂਦੀਆਂ ਸਨ। ਇਸ ਪੁਲ ’ਤੇ ਨਹਿਰ ਦੀ ਇੱਕ ਵੱਖੀ ਵਿੱਚ ਇੱਕ ਨਲਕਾ ਲੱਗਿਆ ਹੋਇਆ ਸੀ ਤੇ ਲੋਕ ਕਹਿੰਦੇ ਸਨ ਕਿ ਪੰਜਾਹ ਪੰਜਾਹ ਕੋਹ ਤਾਈਂ ਇਸ ਨਲਕੇ ਦਾ ਠੰਡਾ ਮਿੱਠਾ ਪਾਣੀ ਹੋਰ ਕਿਤੇ ਨਹੀਂ ਮਿਲਦਾ। ਮੈਨੂੰ ਵੀ ਕੁੱਝ ਤੇਹ ਲੱਗੀ ਹੋਈ ਸੀ ਤੇ ਮੈਂ ਵੀ ਦੂਜੀਆਂ ਸਵਾਰੀਆਂ ਦੇ ਨਾਲ ਪਾਣੀ ਪੀਣ ਥੱਲੇ ਉਤਰ ਗਿਆ।

ਪਾਣੀ ਪੀ ਕੇ ਜਦ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਸੀਟ 'ਤੇ ਪਏ ਚਮੜੇ ਦੇ ਬੈਗ ਥੱਲਿਓਂ ਬਚਦਾ ‘ਟ੍ਰਿਬਿਊਨ’ ਤਿੰਨ ਸੀਟਾਂ ਵਾਲੀ ਨਾਲ ਦੀ ਸੀਟ 'ਤੇ ਬੈਠੇ ਇੱਕ ਆਦਮੀ ਨੇ ਚੁੱਕ ਲਿਆ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਉਸ ਦਾ ਮੂਹਰਲਾ ਸਫ਼ਾ ਪੜ੍ਹ ਕੇ ਅਖ਼ੀਰਲਾ ਸਫ਼ਾ ਮੈਂ ਅਜੇ ਪੜ੍ਹਨਾ ਸੀ। ਅਖ਼ੀਰਲਾ ਸਫ਼ੇ ਤੇ 'ਸ਼ੇਖ ਅਬਦੁੱਲਾ' ਦਾ ਕੋਈ ਖ਼ਾਸ ਬਿਆਨ ਛਪਿਆ ਹੋਇਆ ਸੀ, ਜਿਸ ਨੂੰ ਮੈਂ ਛੇਤੀਂ ਪੜ੍ਹਨਾ ਚਾਹੁੰਦਾ ਸੀ। ਪਾਣੀ ਪੀ ਕੇ ਜਦ ਮੈਂ ਵਾਪਸ ਬੱਸ ਵੱਲ ਆ ਰਿਹਾ ਸੀ ਤਾਂ ਮੇਰੇ ਮਨ ਵਿੱਚ ‘ਸ਼ੇਖ ਅਬਦੁੱਲਾ' ਦਾ ਬਿਆਨ ਪੜ੍ਹਨ ਲਈ ਕਾਹਲ ਮੱਚੀ ਹੋਈ ਸੀ। ਆਪਣੇ ਬੈਗ ਥੱਲੇ ਅਖ਼ਬਾਰ ਨਾ ਦੇਖ ਕੇ ਮੈਨੂੰ ਖਿਝ ਜਿਹੀ ਆਈ। ਮੇਰੇ ਕੋਲ ਖੁੱਲ੍ਹੇ ਦਾੜੇ ਵਾਲੇ ਬੰਦੇ ਨੇ 'ਨਵਾਂ ਜ਼ਮਾਨਾ' ਅਜੇ ਛੱਡਿਆ ਨਹੀਂ ਸੀ।

ਬੱਸ ਤੁਰ ਪਈ ਤੇ ਮੇਰੇ ਕੋਲ ਪੜ੍ਹਨ ਲਈ ਕੋਈ ਅਖ਼ਬਾਰ ਨਹੀਂ ਸੀ। 'ਨਵਾਂ ਜ਼ਮਾਨਾ’ ਜਿਸ ਦਾ ਮੈਂ ਅਜੇ ਇੱਕ ਅੱਖਰ ਵੀ ਨਹੀਂ ਸੀ ਪੜ੍ਹਿਆ, ਉਸ ਨੂੰ ਕੋਲ ਬੈਠਾ ਬੰਦਾ ਨਹੀਂ ਸੀ ਛੱਡ ਰਿਹਾ। ਮੈਨੂੰ ਉਸ ਤੇ ਗੁੱਸਾ ਆ ਰਿਹਾ ਸੀ, ਬਹੁਤ ਗੁੱਸਾ। 'ਧੌਲ਼ ਦਾੜ੍ਹੀਏ' ਬੁੱਢੇ ਠੇਠਰ ਨੇ ਪੰਦਰਾਂ ਵੀਹ ਪੈਸਿਆਂ ਦੀ ਮੂੰਗਫ਼ਲੀ ਲੈ ਕੇ ਤਾਂ ਜਾੜ੍ਹਾਂ ਥੱਲੇ ਦਰੜ ਦਿੱਤੀ ਤੇ ਅਖ਼ਬਾਰ ਮੁੱਲ ਲੈਣ ਵੇਲੇ ਤੱਕ ਕਿਉਂ ਚੜ੍ਹਾ ਲਿਆ? ਤੇ ਹੁਣ ਬਿਗਾਨੀ ਅਖ਼ਬਾਰ ਨਾਲ ਕਰੇਵਾ ਕਿਉਂ ਕਰੀ ਬੈਠੇ?'

ਪਹਿਲੇ ਸਫ਼ੇ ਵਾਲੇ ਵਰਕੇ ‘ਟ੍ਰਿਬਿਊਨ' ਦੇ ਨਾਲ ਲੱਗਵੀਂ ਸੀਟ ਵਾਲੇ ਭੱਦਰ ਪੁਰਸ਼ ਨੇ ਚੁੱਕ ਲਏ ਸਨ ਤੇ ਉਹ ਸ਼ਾਇਦ ਛੇਤੀ ਛੇਤੀ ਨਹੀਂ ਸੀ ਮੋੜਨ ਵਾਲਾ। ਮੈਥੋਂ ਅੱਗੇ ਚੌਥੀ ਸੀਟ ਵਾਲੇ ਬੰਦੇ ਵੱਲ ਮੈਂ ਦੇਖਿਆ ਕਿ ਉਸ ਨੇ ਤਾਂ ਸ਼ਇਦ ਵਿਚਲੇ ਵਰਕੇ ਪੜ੍ਹ ਲਏ ਹੋਣਗੇ ਤੇ ਹੁਣ ਮੋੜ ਦੇਵੇਗਾ, ਪਰ ਦੇਖਿਆ ਤਾਂ ਉਹ ਬੰਦਾ ਹੀ ਓਥੇ ਨਹੀਂ ਸੀ। ਸਾਰੀ ਬੱਸ ਵਿੱਚ ਮੂੰਹ ਚੁੱਕ ਚੁੱਕ ਕੇ ਮੈਂ ਦੇਖਿਆ, ਉਹ ਬੰਦਾ ਕਿਤੇ ਵੀ ਨਹੀਂ ਸੀ। ਸ਼ਾਇਦ ਨਹਿਰ ਦੇ ਪੁਲ 'ਤੇ ਉਸ ਨੇ ਉਤਰਨਾ ਹੋਵੇਗਾ ਤੇ ਉਹ ਉਤਰ ਗਿਆ ਸੀ ਤੇ ਵਿਚਲੇ ਵਰਕੇ ਵੀ ਭਲਾਮਾਣਸ ਨਾਲ ਹੀ ਲੈ ਗਿਆ ਸੀ। ਗੁੱਸਾ ਚੜ੍ਹਨ ਦੀ ਥਾਂ ਸਗੋਂ ਹਾਸਾ ਨਿਕਲ ਗਿਆ।

ਮੈਂ ਆਪਣੇ ਬੈਗ ਨੂੰ ਖੋਲ੍ਹਿਆ ਤੇ ਵਿਚੋਂ ਦੂਹਰੀ ਕੀਤੀ ਪਈ ‘ਪ੍ਰੀਤਲੜੀ' ਕੱਢ ਲਈ। ‘ਮੇਰੀ ਧਰਤੀ-ਮੇਰੇ ਲੋਕ’ ਦੇ ਸਿਰਲੇਖ ਹੇਠਾਂ ਇੱਕ ਵਾਰਤਾ ਅਜੇ ਪੜ੍ਹਨੀ ਸ਼ੁਰੂ ਕੀਤੀ ਹੀ ਸੀ ਕਿ ਮੇਰਾ ਧਿਆਨ ਮੱਲੋਂ ਮੱਲੀ ਪਿਛਲੀ ਸੀਟ 'ਤੇ ਬੈਠੇ ਇੱਕ ਜੋੜੇ ਵੱਲ ਚਲਿਆ ਗਿਆ। ਜੋੜਾ-ਨਵੇਂ ਵਿਆਹੇ ਮੁੰਡਾ-ਕੁੜੀ। ਕਾਫ਼ੀ ਦੇਰ ਤੋਂ ਉਨ੍ਹਾਂ ਦੀ ਘੁਸਰ ਮੁਸਰ ਮੇਰੇ ਕੰਨੀ ਪੈ ਰਹੀ ਸੀ ਤੇ ਹੁਣ 'ਮੇਰੀ ਧਰਤੀ-ਮੇਰੇ ਲੋਕ’ ਪੜ੍ਹਦੇ ਦਾ ਮੇਰਾ ਧਿਆਨ ਮੱਲੋਂ ਮੱਲੀ ਉਸ ਜੋੜੇ ਵੱਲ ਇਸ ਕਰਕੇ ਚਲਿਆ ਗਿਆ ਸੀ, ਕਿਉਂਕਿ ਕੁੜੀ 'ਹਈਂ' ਕਹਿ ਕੇ ਉੱਚੀ ਉੱਚੀ ਹੱਸ ਪਈ ਸੀ। ਗਰਦਨ ਮੋੜ ਕੇ ਜਦ ਮੈਂ ਉਨ੍ਹਾਂ ਵੱਲ ਦੇਖਿਆ ਤਾਂ ਮੁੰਡੇ ਨੇ ਕੁੜੀ ਦੇ ਮੂੰਹ 'ਤੇ ਹੱਥ ਧਰ ਕੇ ਉਸ ਦਾ ਹਾਸਾ ਮੁੰਦ ਦਿੱਤਾ।

ਮੈਂ ਰਸਾਲਾ ਗਹੁ ਨਾਲ ਪੜ੍ਹਨ ਲੱਗ ਪਿਆ। 'ਮੇਰੀ ਧਰਤੀ-ਮੇਰੇ ਲੋਕ’ ਵਾਲੇ ਟੋਟਕੇ ਪੜ੍ਹ ਕੇ ਮੈਂ ਇੱਕ ਕਹਾਣੀ ਛੇੜ ਲਈ। ਮੇਰਾ ਧਿਆਨ ਇਕਦਮ ਇੱਕ ਬਿਰਧ ਵੱਲ ਚਲਿਆ ਗਿਆ। ਬਿਰਧ ਜਿਹੜਾ ਸੱਠ-ਸੱਤਰ ਸਾਲ ਦਾ ਹੋਵੇਗਾ। ਗਲ ਤੇੜ ਖੱਦਰ ਦਾ ਕੁੜਤਾ ਤੇ ਕਛਹਿਰਾ। ਸਿਰ 'ਤੇ ਕੱਚੀ ਮਲਮਲ ਦੀ ਚਿੱਟੀ ਪੱਗ। ਉਹ ਬਿਰਧ ਮੇਰੇ ਪਿੱਛੇ ਬੈਠੇ ਜੋੜੇ ਵੱਲ ਦੇਖ ਰਿਹਾ ਸੀ ਤੇ ਮੁਸਕੜੀਏਂ ਹੱਸ ਰਿਹਾ ਸੀ। ਜੀਭ ਨਾਲ ਆਪਣੇ ਬੁੱਲਾਂ ਨੂੰ ਚੱਟ ਕੇ ਉਸ ਨੇ ਉਸ ਮੁੰਡੇ ਨੂੰ ਪੁੱਛਿਆ-'ਕਿਉਂ ਭਾਊ ਬੀਬੀ ਕੁਲ ਬਿਮਾਰ ਐ?' ਉਸ ਦੇ ਐਨੀ ਗੱਲ ਕਹਿਣ ਦੀ ਦੇਰ ਸੀ ਕਿ ਮੁੰਡੇ ਨੇ ਕੁੜੀ ਦੇ ਮੋਢਿਆਂ ਤੋਂ ਦੀ ਵਲ ਕੇ ਸੀਟ ਦੇ ਡੰਡੇ 'ਤੇ ਵਿਛਾਈ ਬਾਂਹ ਇਕਦਮ ਚੁੱਕ ਲਈ ਤੇ ਮੁੰਡਾ ਕੁੜੀ ਦੋਵੇਂ ਠੀਕ ਜਿਹੇ ਹੋ ਕੇ ਬੈਠ ਗਏ। ਬਿਰਧ ਦੀ ਗੱਲ ਸੁਣ ਕੇ ਆਲੇ-ਦੁਆਲੇ ਬੈਠੀਆਂ ਸਾਰੀਆਂ ਸਵਾਰੀਆਂ ਹੱਸ ਪਈਆਂ।

ਕਹਾਣੀ ਵੱਲੋਂ ਧਿਆਨ ਹਟ ਕੇ ਪੂਰੇ ਦਾ ਪੂਰੇ ਧਿਆਨ ਮੇਰਾ ਉਸ ਬਿਰਧ ਵੱਲ ਹੋ ਗਿਆ। ਉਸ ਜੋੜੇ ਦੇ ਮਗਰ ਸੀਟ 'ਤੇ ਇਕੱਲੀ ਸਵਾਰੀ ਜੋ ਬੈਠੀ ਸੀ, ਉਸ ਨੇ ਮੇਰੇ ਹੱਥੋਂ ‘ਪ੍ਰੀਤਲੜੀ’ ਫੜ ਲਈ। ਮੇਰੇ ਹੱਥ ਵਿੱਚ ਵਾਧੂ ਜਾਣ ਕੇ ਹੀ ਸ਼ਾਇਦ ਉਸ ਨੇ ਇਉਂ ਕੀਤਾ ਸੀ। ਸੁੱਕੀਆਂ ਜਾਭਾਂ, ਨੰਗੇ ਡੌਲੇ, ਅੱਖਾਂ ਦੇ ਸੁਰਮੇ ਵਿਚੋਂ ਝਾਕਦੀ ਬੇਮਲੂਮੀ ਜਿਹੀ ਉਦਾਸੀ ਤੇ ਹੱਥ ਵਿੱਚ ਚਮੜੇ ਦਾ ਲੰਮਾ ਸਾਰਾ ਕਾਲਾ ਪਰਸ। ਮੈਂ ‘ਪ੍ਰੀਤਲੜੀ' ਉਸ ਨੂੰ ਇਉਂ ਫੜਾ ਦਿੱਤੀ, ਜਿਵੇਂ ਉਸ ਨੇ ਪੋਲਾ ਜਿਹਾ ਬੋਲ ਕੇ 'ਪ੍ਰੀਤਲੜੀ' ਮੈਥੋਂ ਖੋਹ ਲਈ ਹੋਵੇ। ਜਦ ਕੋਈ ਮੂੰਹ ਪਾੜ ਕੇ ਚੀਜ਼ ਮੰਗ ਲਵੇ ਤਾਂ ਨਾ ਚਾਹੁੰਦੇ ਹੋਏ ਵੀ ਉਸ ਨੂੰ ਦੇਣੀ ਪੈਂਦੀ ਹੈ ਤੇ ਖੋਹੀ ਜਾਣ ਵਾਂਗ ਹੀ ਹੁੰਦੀ ਹੈ।

ਡੇਢ ਘੰਟੇ ਦਾ ਰਾਹ ਮੁੱਕ ਗਿਆ ਸੀ। ਇੱਕ ਵੱਡਾ ਸ਼ਹਿਰ ਆ ਗਿਆ ਸੀ। ਇੱਕ ਵੱਡਾ ਅੱਡਾ। ਮੈਂ ਹੁਣ ਬੱਸ ਬਦਲਣੀ ਸੀ, ਜਿਸ ਵਿੱਚ ਮੈਂ ਧੁਰ ਤੋਂ ਬੈਠ ਗਿਆ ਸੀ, ਉਹ ਬੱਸ ਅੱਡੇ ਦੇ ਇੱਕ ਹੋਟਲ ਵਿੱਚ ਚਾਹ ਪੀਣ ਜਾ ਬੈਠੀ ਸੀ। ਉਹ ਨੇ ਸ਼ਾਇਦ ਓਸੇ ਬੱਸ ਵਿੱਚ ਅੱਗੇ ਜਾਦਾ ਸੀ। ਸ਼ਾਇਦ ਉਹ ਸਮਝਦੀ ਹੋਵੇਗੀ ਕਿ ਮੈਂ ਵੀ ਅੱਗੇ ਜਾਣਾ ਹੈ। ਜੇ ਮੈਂ ਅੱਗੇ ਜਾਣਾ ਸੀ ਤਾਂ ਉਹ ਸ਼ਾਇਦ ਸਮਝਦੀ ਹੋਵੇਗੀ ਕਿ ਚੱਲੋ ਉਹ ਅੱਗੇ ਜਾ ਕੇ ਮੈਨੂੰ ਮੇਰਾ ਰਸਾਲਾ ਮੋੜ ਦੇਵੇਗੀ। ਜਿਹੜੀ ਬੱਸ ਮੈਂ ਬਦਲ ਕੇ ਫੜਨੀ ਸੀ, ਉਹ ਤਿਆਰ ਹੀ ਖੜੀ ਸੀ। ਉਡਦੀ ਉਡਦੀ ਨਿਗਾਹ ਮਾਰ ਕੇ ਮੈਂ ਦੇਖਿਆ ਕਿਤੇ ਉਹ ਔਰਤ ਆ ਕੇ ਮੇਰਾ ਰਸਾਲਾ ਮੋੜ ਦੇਵੇ, ਪਰ ਉਹ ਨਾ ਆਈ। ਮੈਨੂੰ ਵੀ ਪਤਾ ਨਹੀਂ ਕਾਹਦੀ ਜੱਕ ਜਿਹੀ ਪੈ ਗਈ ਸੀ ਕਿ ਮੈਂ ਹੋਟਲ ਵਿੱਚ ਜਾ ਕੇ ਉਸ ਤੋਂ ਰਸਾਲਾ ਮੰਗਣ ਨਾ ਗਿਆ। ਮੇਰੇ ਕੋਲ ਬੈਠਾ ਖੁੱਲ੍ਹੇ ਦਾੜ੍ਹੇ ਵਾਲਾ ਬੰਦਾ ਵੀ ‘ਨਵਾਂ ਜ਼ਮਾਨਾ' ਲੈ ਕੇ ਪਤਾ ਨਹੀਂ ਕਿੱਧਰ ਨੂੰ ਖਿਸਕ ਗਿਆ ਸੀ। 'ਟ੍ਰਿਬਿਊਨ’ ਦੇ ਪਹਿਲੇ ਸਫ਼ੇ ਵਾਲੇ ਵਰਕੇ ਤਾਂ ਉਹ ਇੱਕ ਬੰਦਾ ਮੋੜ ਗਿਆ ਸੀ। ਪਰ ਉਸ ਖੁੱਲ੍ਹੇ ਦਾੜ੍ਹੇ ਵਾਲੇ ਬੰਦੇ ਦੀ ਕੀਮਤ ਮੇਰੇ ਮਨ ਵਿੱਚ ਮੂੰਗਫ਼ਲੀ ਦੇ ਇੱਕ ਫੋਲਕ ਜਿੰਨੀ ਵੀ ਨਾ ਰਹੀ। ਉਹ ਔਰਤ ਜਿਹੜੀ ਮੇਰਾ ਰਸਾਲਾ ਲੈ ਗਈ ਸੀ, ਉਸ ਬਾਰੇ ਮੈਂ ਮਨ ਹੀ ਮਨ ਵਿੱਚ ਬਹੁਤ ਕਲਪ ਰਿਹਾ ਸੀ। ਨਹਿਰ ਦੇ ਪੁਲ ਵਾਲੇ ਅੱਡੇ 'ਤੇ ‘ਟ੍ਰਿਬਿਊਨ’ ਦੇ ਵਿਚਲੇ ਵਰਕੇ ਜਿਹੜਾ ਬੰਦਾ ਲੈ ਗਿਆ ਸੀ, ਉਸ ਦਾ ਧਿਆਨ ਮੈਨੂੰ ਹੁਣ ਨਹੀਂ ਸੀ ਰਿਹਾ। ਮੈਂ ਖੁਸਿਆ ਜਿਹਾ ਮੂੰਹ ਲੈ ਕੇ ਦੂਜੀ ਬੱਸ ਵਿੱਚ ਜਾ ਬੈਠਾ ਤੇ ਬੱਸ ਤੁਰ ਪਈ।