ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੇਰੀ ਭਤੀਜੀ ਅਲਕਾ
ਛੱਬੀ ਜਨਵਰੀ ਨੇੜੇ ਆ ਰਹੀ ਹੈ। ਮੈਰੀ ਭਤੀਜੀ ਅਲਕਾ ਮੈਨੂੰ ਉਡੀਕ ਰਹੀ ਹੋਵੇਗੀ ਪਰਸੋਂ ਨੂੰ ਮੈਂ ਬਰਨਾਲੇ ਜਾਣਾ ਹੈ। ਬਰਨਾਲੇ ਗਿਆ ਤਾਂ ਵੱਡੇ ਭਾਈ ਦੇ ਘਰ ਵੀ ਜ਼ਰੂਰ ਜਾਵਾਂਗਾ। ਅਲਕਾ ਮਿਲੇਗੀ ਤਾਂ ਜ਼ਰੂਰ ਮੇਰੇ ਹੱਥਾਂ ਨੂੰ ਫੜਕੇ ਪੁੱਛੇਗੀ-'ਅੰਕਲ ਜੀ, ਕਵਿਤਾ?'
ਅਲਕਾ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਨੂੰ ਸਟੇਜ ’ਤੇ ਕਵਿਤਾ ਪੜ੍ਹਨ ਦਾ ਸ਼ੌਕ ਹੈ। ਕਵਿਤਾ ਕਹਿੰਦੀ ਵੀ ਬਹੁਤ ਵਧੀਆ ਅੰਦਾਜ਼ ਵਿੱਚ ਹੈ। ਕਵਿਤਾ ਕਹਿੰਦੀ ਹੈ ਤਾਂ ਨਾਲੋਂ ਨਾਲ ਹੱਥਾਂ ਦੇ ਇਸ਼ਾਰੇ ਕਰਦੀ ਹੈ। ਸਿਰ ਨੂੰ ਏਧਰ ਓਧਰ ਘੁਮਾਉਂਦੀ ਹੈ। ਉੱਪਰ ਥੱਲੇ ਝਾਕਦੀ ਹੈ, ਅੱਖਾਂ ਦੀਆਂ ਸੇਹਲੀਆਂ ਨੂੰ ਹਰਕਤ ਦਿੰਦੀ ਹੈ। ਜੋ ਕੁਝ ਮੂੰਹੋਂ ਬੋਲਦੀ ਹੈ, ਉਹੀ ਕੁਝ ਆਪਣੇ ਸਰੀਰ ਦੇ ਅੰਗਾਂ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।
ਦੋ ਸਾਲ ਹੋਏ ਮੈਂ ਉਸ ਨੂੰ ਇੱਕ ਕਵਿਤਾ ਦੇ ਆਇਆ ਸਾਂ। ਉਹ ਕਵਿਤਾ ਉਸ ਨੇ ਆਪਣੇ ਸਕੂਲ ਵਿੱਚ ਚੌਦਾਂ ਨਵੰਬਰ ’ਤੇ ਸੁਣਾਈ ਸੀ ਤਾਂ ਪਹਿਲੇ ਦਰਜੇ ਦਾ ਇਨਾਮ ਪ੍ਰਾਪਤ ਕੀਤਾ ਸੀ।
ਉਸ ਤੋਂ ਪਿੱਛੋਂ ਉਹ ਕਵਿਤਾ ਉਸ ਨੇ ਦੋ ਵਾਰੀ ਹੋਰ ਵੀ ਕਿਤੇ ਸੁਣਾਈ ਸੀ। ਫਿਰ ਉਹ ਕਹਿੰਦੀ ਸੀ ਕਿ ਉਹ ਕਵਿਤਾ ਤਾਂ ਪੁਰਾਣੀ ਹੋ ਗਈ ਹੈ ਤੇ ਮੈਂ ਉਸ ਨੂੰ ਹੋਰ ਕੋਈ ਵਧੀਆ ਜਿਹੀ ਕਵਿਤਾ ਲਿਖ ਕੇ ਦੇਵਾਂ।
ਉਹ ਕਵਿਤਾ ਜਿਹੀ ਮੈਂ ਦੋ ਸਾਲ ਹੋਏ, ਉਸ ਨੂੰ ਦਿੱਤੀ ਸੀ, ਉਸ ਵਿੱਚ ਭਾਵੁਕਤਾ ਦੀ ਸਿਖ਼ਰ 'ਤੇ ਪਹੁੰਚ ਕੇ ਮੇਰੀਆਂ ਤੁਕਾਂ ਜੋੜੀਆਂ ਹੋਈਆਂ ਸਨ।
‘ਸਾਡੇ ਦੇਸ਼ ਵਿੱਚ ਅਜ਼ਾਦੀ ਆ ਗਈ ਹੈ। ਅੰਨ ਨਾਲ ਬੁਖਾਰੀਆਂ ਭਰ ਗਈਆਂ ਹਨ। ਨੰਗ ਭੁੱਖ ਨੂੰ ਅਸੀਂ ਦੇਸ਼ ਨਿਕਾਲਾ ਦੇ ਦਿੱਤਾ ਹੈ। ਅਸੀਂ ਹੁਣ ਦੂਜੇ ਦੇਸ਼ਾਂ ਦੇ ਹੱਥਾਂ ਵੱਲ ਨਹੀਂ ਝਾਕਾਂਗੇ। ਰਿਸ਼ਵਤ ਖੋਰੀ ਤੇ ਕੁਨਵਾ ਪਰਵਰੀ ਵਰਗੇ ਸ਼ਬਦਾਂ ਨੂੰ ਅਸੀਂ ਹੁਣ ਡਿਕਸ਼ਨਰੀ ਵਿੱਚੋਂ ਕੱਢ ਦੇਣਾ ਹੈ। ਭਾਰਤ ਮੁੜਕੇ ਸੋਨੇ ਦੀ ਚਿੜੀ ਬਣ ਗਿਆ ਹੈ। ਇਹ ਬੁੱਧ ਤੇ ਗਾਂਧੀ ਦਾ ਦੇਸ਼ ਹੈ। ਇਸ ਦੇਸ਼ ਵੱਲ ਜਿਹੜਾ ਬੁਰੀ ਨਜ਼ਰ ਕਰੇਗਾ, ਅਸੀਂ ਉਹ ਦੀਆਂ ਅੱਖਾਂ ਕੱਢ ਦਿਆਂਗੇ।'
ਤੇ ਅਲਕਾ ਕਹਿੰਦੀ ਹੁੰਦੀ ਸੀ ਕਿ ਮੈਂ ਉਸ ਨੂੰ ਪਹਿਲਾਂ ਵਰਗੀ ਹੀ ਦੇਸ਼ ਉਸਾਰੀ ਦੀ ਕਵਿਤਾ ਲਿਖ ਕੇ ਦੇਵਾਂ, ਕਿਉਂਕਿ ਇਨਾਮ ਮਿਲਦਾ ਹੈ ਤਾਂ ਦੇਸ਼ ਉਸਾਰੀ ਦੀ ਕਵਿਤਾ ਨੂੰ ਹੀ ਮਿਲਦਾ ਹੈ। ਕਦੇ-ਕਦੇ ਹਾਸੇ ਮਖੌਲ ਵਾਲੀਆਂ ਕਵਿਤਾਵਾਂ ਨੂੰ ਵੀ ਇਨਾਮ ਮਿਲ ਜਾਂਦਾ ਹੈ। ਸਦਾਚਾਰਕ ਕਵਿਤਾਵਾਂ ਜਾਂ ਨੰਗੇ ਭੁੱਖੇ ਦੱਸਦੀਆਂ ਕਵਿਤਾਵਾਂ ਨੂੰ ਕੋਈ ਇਨਾਮ ਨਹੀਂ ਮਿਲਦਾ।
‘ਚੌਦਾਂ ਨਵੰਬਰ' ਤੋਂ ਬਾਅਦ ‘ਛੱਬੀ ਜਨਵਰੀਂ' ਆਉਣੀ ਸੀ। ਉਨ੍ਹਾਂ ਦੇ ਸਕੂਲ ਵਿੱਚ ਬਹੁਤ ਵੱਡਾ ਇਕੱਠ ਹੋਣਾ ਸੀ। ਜਦੋਂ ਕਦੇ ਵੀ ਮੈਂ ਉਨ੍ਹਾਂ ਦੇ ਘਰ ਜਾਂਦਾ ਤਾਂ ਉਹ ਮੈਨੂੰ ਚਿੰਬੜ ਜਾਂਦੀ ਸੀ ਤੇ ਰਿਹਾੜ ਕਰਦੀ ਸੀ ਕਿ ਕਵਿਤਾ ਦਿਓ। ਲਾਰਿਆਂ ਵਿੱਚ ਹੀ ਮੈਂ ਉਸ ਦੀ ‘ਛੱਬੀ ਜਨਵਰੀ’ ਲੰਘਾ ਦਿੱਤੀ। ਹੋਰ ਲਾਰਾ ਲਾਇਆ ‘ਛੱਬੀ ਜਨਵਰੀ' ਲੰਘਾ ਦਿੱਤੀ। ਹੋਰ ਲਾਰਾ ਲਾਇਆ 'ਪੰਦਰਾਂ ਅਗਸਤ' ਵਾਸਤੇ ਕਵਿਤਾ ਜ਼ਰੂਰ ਦੇਵਾਂਗਾ। ‘ਪੰਦਰਾਂ ਅਗਸਤ’ ਵੀ ਲੰਘ ਗਿਆ ਤੇ ਅਲਕਾ ਕਹਿੰਦੀ ਸੀ-ਅੰਕਲ ਜੀ, ਤੁਸੀਂ ਕਵਿਤਾ ਨਹੀਂ ਮੈਨੂੰ ਦਿੱਤੀ ਤੇ ਮੇਰਾ ਇਨਾਮ ਮਾਰਿਆ ਗਿਐ।' ਮੈਂ ਉਸ ਨੂੰ ਪੱਕਾ ਯਕੀਨ ਦਿਵਾਇਆ ਕਿ ਹੁਣ ‘ਚੌਦਾਂ ਨਵੰਬਰ' ਵਾਸਤੇ ਜ਼ਰੂਰ ਕੋਈ ਕਵਿਤਾ ਦੇ ਕੇ ਜਾਵਾਂਗਾ।‘ਚੌਦਾਂ ਨਵੰਬਰ’ ਤੋਂ ਦਸ ਦਿਨ ਪਹਿਲਾਂ ਮੈਂ ਉਸ ਨੂੰ ਇੱਕ ਕਵਿਤਾ ਲਿਖ ਕੇ ਦੇ ਆਇਆ। ਉਸ ਕਵਿਤਾ ਵਿੱਚ ਮੈਂ ਇੱਕ ਮੁੰਡੇ ਦਾ ਰੋਣਾ ਧੋਣਾ ਦੱਸਿਆ ਹੋਇਆ ਸੀ। ਉਹ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਉਸ ਦਾ ਪਿਤਾ ਦੋ ਸਾਲ ਤੋਂ ਮੰਜੇ ਵਿੱਚ ਪਿਆ ਹੋਇਆ ਸੀ। ਮਾਂ ਉਸ ਦੀ ਲੋਕਾਂ ਦਾ ਕੱਤ ਕੇ ਤੇ ਹੋਰ ਵੀਹ ਪਾਪੜ ਵੇਲ ਕੇ ਟੱਬਰ ਦਾ ਢਿੱਡ ਭਰਦੀ ਸੀ। ਉਸ ਮੁੰਡੇ ਕੋਲ ਕਿਤਾਬਾਂ ਵੀ ਪੂਰੀਆਂ ਨਹੀਂ ਸਨ। ਹਿਸਾਬ ਦੇ ਸਵਾਲ ਕੱਢਣ ਲਈ ਉਸ ਕੋਲ ਕਾਪੀ ਨਹੀਂ ਸੀ, ਇਸ ਕਰਕੇ ਉਸ ਦੀ 'ਭੈਣ ਜੀ' (ਅਧਿਆਪਕਾ) ਨਿੱਤ ਪੁੱਠੇ ਕੰਨ ਫੜਵਾ ਦਿੰਦੀ ਸੀ।’ ਉਸ ਕਵਿਤਾ ਵਿੱਚ ਮੁੰਡੇ ਦੇ ਮੂੰਹੋਂ ਹੀ ਇਹ ਸਭ ਕੁਝ ਦੱਸਿਆ ਗਿਆ ਸੀ ਤੇ ਅੰਤ ਵਿੱਚ ਆਖਿਆ ਸੀ ਕਿ 'ਏ ਰੱਬਾ, ਮੈਨੂੰ ਅੱਜ ਰੋਜ ਖਾਣ ਨੂੰ ਭਾਵੇਂ ਨਾ ਦੇਹ ਪਰ ਅਸਮਾਨ ਉੱਤੋਂ ਸਾਡੇ ਵਿਹੜੇ ਵਿੱਚ ਕਾਪੀਆਂ ਦਾ ਇੱਕ ਥੱਬਾ ਜ਼ਰੂਰ ਸੁੱਟ ਦੇ, ਤਾਂ ਕਿ ‘ਭੈਣ ਜੀ' ਦੀ ਨਿੱਤ ਦੀ ਕੁੱਟ ਤੋਂ ਮੇਰੇ ਹੱਡ ਬਚ ਜਾਣ।'
ਉਹ ਕਵਿਤਾ ਜਦ ਅਲਕਾ ਨੇ ਆਪਣੀ ‘ਭੈਣ ਜੀ' ਨੂੰ ਜਾ ਦਿਖਾਈ ਤਾਂ ਉਹ ਨਾ ਮਨਜ਼ੂਰ ਹੋ ਗਈ ਸੀ, ਕਿਉਂਕਿ ਉਹ ਕਵਿਤਾ ਇਨਾਮ ਪ੍ਰਾਪਤ ਕਰਨ ਵਾਲੀ ਬਿਲਕੁੱਲ ਹੀ ਨਹੀਂ ਸੀ।
ਹੁਣ ‘ਛੱਬੀ ਜਨਵਰੀ’ ਨੇੜੇ ਆ ਰਹੀ ਹੈ। ਮੇਰੀ ਭਤੀਜੀ ਅਲਕਾ ਮੈਨੂੰ ਉਡੀਕ ਰਹੀ ਹੋਵੇਗੀ। ਪਰਸੋਂ ਨੂੰ ਮੈਂ ਬਰਨਾਲੇ ਜਾਣਾ ਹੈ। ਬਰਨਾਲੇ ਗਿਆ ਤਾਂ ਵੱਡੇ ਭਾਈ ਦੇ ਘਰ ਵੀ ਜ਼ਰੂਰ ਜਾਵਾਂਗਾ। ਅਲਕਾ ਮਿਲੀ ਤਾਂ ਮੇਰੇ ਹੱਥਾਂ ਨੂੰ ਫੜ ਕੇ ਪੁੱਛੇਗੀ-ਅੰਕਲ ਜੀ, ਕਵਿਤਾ?'
ਕਦੇ ਜ਼ਾਮਨਾ ਸੀ, ਜਦੋਂ ਮੈਂ ‘ਦੇਸ਼ ਉਸਾਰੀ' ਦੀਆਂ ਕਵਿਤਾਵਾਂ ਲਿਖਦਾ ਹੁੰਦਾ ਸਾਂ। ਰੇਡੀਓ ਵਾਲੇ ਮੈਨੂੰ ਸੱਦ ਲੈਂਦੇ ਸਨ। ਦਿਹਾਤੀ ਪ੍ਰੋਗਰਾਮ ਵਿੱਚ ਕਵਿਤਾ ਪੜ੍ਹਵਾ ਕੇ ਮੈਨੂੰ ਚੰਗਾ ਗੱਫ਼ਾ ਦੇ ਦਿੰਦੇ ਸਨ ਤੇ ਮੈਂ ਪੁੱਠੀਆਂ ਛਾਲਾਂ ਮਾਰਦਾ ਜਲੰਧਰੋਂ ਜਦੋਂ ਪਿੰਡ ਆਉਂਦਾ ਤਾਂ ਮੈਨੂੰ ਮਹਿਸੂਸ ਹੁੰਦਾ, ਜਿਵੇਂ ਮੈਂ ਆਪਣੇ ਇਲਾਕੇ ਦੇ ਸਾਰੇ ਕਵੀਆਂ ਵਿੱਚੋਂ ਉੱਚਾ ਕਵੀ ਹਾਂ, ਕਿਉਂਕਿ ਮੈਂ ਰੇਡੀਓ 'ਤੇ ਬੋਲਣ ਵਾਲਾ ਕਵੀ ਸਾਂ ਤੇ ਦੂਜੇ ਕਵੀ ਤਖ਼ਤਪੋਸ਼ ਦੀ ਸਟੇਜ 'ਤੇ ਬੋਲਣ ਵਾਲੇ ਘਟੀਆ ਕਵੀ ਹੀ ਮੈਨੂੰ ਦਿੱਸਦੇ ਸਨ। ਰੇਡੀਓ 'ਤੇ ਓਦੋਂ ਮੈਂ ਦੇਸ਼ ਉਸਾਰੀ ਦੀਆਂ ਕਵਿਤਾਵਾਂ ਪੜ੍ਹਦਾ ਹੁੰਦਾ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਦੇਸ਼ ਵਿੱਚ ਉਸਾਰੀ ਕਿਤੇ ਹੋ ਵੀ ਰਹੀ ਹੈ ਜਾਂ ਨਹੀਂ, ਬੱਸ ਮੈਨੂੰ ਤਾਂ ਇਹੀ ਹੈਂਕੜ ਸੀ ਕਿ ਮੈਂ ਰੇਡੀਓ ਕਵੀ ਹਾਂ ਤੇ ਰੇਡੀਓ ਵਾਲੇ ਮੈਨੂੰ ਮਾਇਆ ਦੇ ਚੰਗੇ ਛਾਂਦੇ ਦਿੰਦੇ ਹਨ। ਫਿਰ ਇੱਕ ਐਸਾ ਸਮਾਂ ਆਇਆ, ਜਦੋਂ ਸਰਕਾਰ ਥਾਂ-ਥਾਂ ਕਵੀ ਦਰਬਾਰ ਕਰਵਾਉਂਦੀ ਹੁੰਦੀ। ਮੈਂ ਉਨ੍ਹਾਂ ਕਵੀ ਦਰਬਾਰਾਂ ਵਿੱਚ ਵੀ ਅੱਡੀਆਂ ਚੁੱਕ ਚੁੱਕ ਬੋਲਦਾ ਰਿਹਾ। ਇੱਕ ਕਵਿਤਾ ਬੋਲਣ ਦੇ ਤੀਹ ਰੁਪਈਏ ਮਿਲ ਜਾਂਦੇ ਸਨ। ਏਦੂ ਚੰਗਾ ਹੋਰ ਵਪਾਰ ਮੇਰੇ ਲਈ ਕਿਹੜਾ ਸੀ।
ਉਦੋਂ ਤਾਂ ਸਰਕਾਰੀ ਰਸਾਲਿਆਂ ਵਿੱਚ ਵੀ ਮੇਰੀਆਂ ਕਵਿਤਾਵਾਂ ਛਪਦੀਆਂ ਹੁੰਦੀਆਂ ਸਨ। ਦੂਜੇ ਤੀਜੇ ਮਹੀਨੇ ਮੈਨੂੰ ਮਨੀਆਰਡਰ ਆਇਆ ਹੀ ਰਹਿੰਦਾ। ਫੇਰ ਜਦ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਪਿਛੋਂ ਪਾਕਿਸਤਾਨ ਨੇ ਸਾਡੇ ਨਾਲ ਜੰਗ ਛੇੜ ਲਈ, ਓਦੋਂ ਵੀ ਮੈਂ ਆਪਣੀਆਂ ਕਵਿਤਾਵਾਂ ਵਿੱਚ-ਟੈਂਕਾਂ ਦੇ ਚੰਗੇ ਪੀਪੇ ਬਣਾਏ। ਉਹ ਦੋ ਜੰਗਾਂ ਕਾਹਦੀਆਂ ਛਿੜੀਆਂ, ਦੋ ਤਿੰਨ ਸਾਲ ਕਵੀ ਦਰਬਾਰਾਂ ਦੀ ਮੈਨੂੰ ਵਧੀਆ ਆਮਦਨ ਹੁੰਦੀ ਰਹੀ।
ਪਰ ਦੇਸ਼ ਵਿੱਚ ਉਸਾਰੀ ਘੱਟ ਹੋ ਰਹੀ ਸੀ ਤੇ ਉਸਾਰੀ ਦੀ ਡੱਫ਼ ਬਹੁਤੀ ਵੱਜ ਰਹੀ ਸੀ। ਪੈਸੇ ਤਾਂ ਕੰਜਰ ਵੀ ਬਥੇਰੇ ਕਮਾ ਲੈਂਦੇ ਹਨ। ਕਲਾ ਕਦੇ ਕੰਜਰੀ ਨਹੀਂ ਬਣਦੀ ਹੁੰਦੀ। ਤੇ ਮੈਂ ਫਿਰ ਸਮਝਣ ਲੱਗ ਪਿਆ ਸਾਂ ਕਿ ਮੇਰੀ ਕਵਿਤਾ ਕੰਜਰੀ ਬਣ ਕੇ ਚਕਲੇ ਬੈਠ ਗਏ ਈ।
ਅਜਿਹੀ ਕਵਿਤਾ ਲਈ ਮੇਰੀ ਆਤਮਾ ਵਿੱਚ ਨਫ਼ਰਤ ਜਾਗ ਉੱਠੀ।
ਹੁਣ ਮੈਂ ਅਜਿਹੀ ਕਵਿਤਾ ਬਿਲਕੁੱਲ ਨਹੀਂ ਲਿਖ ਸਕਦਾ। ਮੇਰੀ ਭਤੀਜੀ ਅਲਕਾ ਅਜੇ ਵੀ ਚਾਹੁੰਦੀ ਹੈ ਕਿ ਮੈਂ ਉਸ ਨੂੰ ਓਹੋ ਜਿਹੀ ਕਵਿਤਾ ਲਿਖ ਕੇ ਦੇਵਾਂ, ਜਿਹੋ ਜਿਹੀ ਓਦੋਂ ਮੈਂ ਉਸ ਨੂੰ ਲਿਖ ਕੇ ਦਿੱਤੀ ਸੀ ਤੇ ਉਸ ਨੂੰ ਇਨਾਮ ਮਿਲਿਆ ਸੀ। ਦੇਸ਼ ਉਸਾਰੀ ਦੀ ਕਵਿਤਾ, ਜਿਸ ਨੂੰ ਇਨਾਮ ਮਿਲ ਹੀ ਜਾਂਦਾ ਹੈ। ਅਲਕਾ ਨੂੰ ਮੈਂ ਕਿਵੇਂ ਸਮਝਾਵਾਂ ਕਿ ਹੁਣ ਮੈਂ ਅਜਿਹੀ ਕਵਿਤਾ ਨਹੀਂ ਲਿਖ ਸਕਦਾ।
ਹੁਣੇ ਜਦੋਂ ਕਿ ਮੈਂ ਇਹ ਕਹਾਣੀ ਲਿਖ ਰਿਹਾ ਹਾਂ, ਮੇਰਾ ਬੁੱਢਾ ਪਿਓ-ਦਮੇ ਨਾਲ ਦੂਹਰਾ ਹੋ ਹੋ ਜਾਂਦਾ-ਮੇਰੇ ਸਰ੍ਹਾਣਿਓਂ ਉੱਠ ਕੇ ਗਿਆ ਹੈ। ਉਹ ਮੈਥੋਂ ਪੰਜ ਰੁਪਈਏ ਮੰਗ ਰਿਹਾ ਸੀ, ਜਿਹੜੇ ਕਿ ਉਸ ਨੇ ਪਟਵਾਰੀ ਨੂੰ ਰਿਸ਼ਵਤ ਦੇਣੇ ਹਨ। ਉੱਨੀ ਸੌ ਪਚਵੰਜਾ ਵਿੱਚ ਜਦੋਂ ਬਹੁਤੇ ਮੀਂਹ ਪਏ ਸਨ ਤੇ ਹੜ੍ਹ ਆ ਗਏ ਸਨ, ਓਦੋਂ ਸਰਕਾਰ ਨੇ ਲੋਕਾਂ ਨੂੰ ਢਹੇ ਘਰ ਮੁਰੰਮਤ ਕਰਨ ਲਈ ਤੇ ਖੇਤਾਂ ਵਿੱਚ ਬੀਅ ਪਾਉਣ ਲਈ ਰੁਪਈਏ ਦਿੱਤੇ ਸਨ। ਬਾਪੂ ਵੀ ਓਦੋਂ ਸੱਤਰ ਰੁਪਈਏ ਲੈ ਆਇਆ ਸੀ। ਫਿਰ ਅੱਠ ਨੌਂ ਸਾਲਾਂ ਬਾਅਦ ਸਰਕਾਰ ਨੇ ਉਹ ਰੁਪਈਏ ਉਗਰਾਹੁਣੇ ਸ਼ੁਰੂ ਕਰ ਦਿੱਤੇ। ਹਰ ਸਾਲ ਬਾਪੂ ਦੇ ਪੁੜਿਆਂ 'ਤੇ ਪਟਵਾਰੀ ਅੰਗ ਮਚਾ ਦਿੰਦਾ ਤੇ ਹਰ ਸਾਲ ਹੀ ਬਾਪੂ ਪੰਜ ਰੁਪਈਏ ਦੇ ਕੇ ਪਟਵਾਰੀ ਨੂੰ ਚੁੱਪ ਕਰਾ ਦਿੰਦਾ ਹੈ। ਪੰਜ ਸਾਲ ਹੋ ਗਏ ਬਾਪੂ ਨੂੰ ਪੰਜ-ਪੰਜ ਰੁਪਈਏ ਦਿੰਦੇ ਨੂੰ, ਪਰ ਸੱਤਰ ਰੁਪਈਏ ਉਹ ਨਹੀਂ ਮੋੜਦਾ। ਪਟਵਾਰੀ ਅੰਦਰਲੇ ਮਨੋਂ ਕਹਿੰਦਾ ਹੈ ਕਿ ਸੱਤਰ ਰੁਪਈਏ ਉਹ ਮੋੜ ਦੇਵੇ। ਅੱਜ ਠੰਡ ਬੜੀ ਹੈ। ਮੈਂ ਰਜ਼ਾਈ ਵਿੱਚ ਬੈਠਾ ਲਿਖ ਰਿਹਾ ਹਾਂ। ਮੇਰੇ ਕੋਲ ਮੇਰਾ ਵੱਡਾ ਮੁੰਡਾ ਸੁੱਤਾ ਪਿਆ ਹੈ। ਮੇਰੀ ਘਰ ਵਾਲੀ ਹੁਣੇ ਮੇਰੇ ਪੈਂਦੀ ਬੈਠੀ ਸੀ ਤੇ ਮੇਰੇ ਨਾਲ ਝਗੜ ਕੇ ਰਸੋਈ ਵਿੱਚ ਚਲੀ ਗਈ ਹੈ ਤੇ ਭਾਂਡੇ ਮਾਂਜਣ ਲੱਗ ਪਈ ਹੈ। ਮੇਰੇ ਨਾਲ ਉਹ ਝਗੜ ਕੇ ਗਈ ਹੈ ਕਿ ਮੈਂ ਦੋ ਮਹੀਨੇ ਹੋ ਗਏ, ਚੌਵੀ ਰੁਪਈਏ ਉਸ ਨੂੰ ਕਿਉਂ ਨਹੀਂ ਦਿੰਦਾ, ਜਿਹੜੇ ਉਸ ਨੇ ਹੇਠਲੇ ਉਤਲੇ ਸਾਰੇ ਦੰਦ ਨਿਕਲਿਆਂ ਵਾਲੀ ਕੁੱਜੇ ਮੂੰਹੀਂ ਇੱਕ ਰੰਡੀ ਤੀਵੀਂ ਦੇ ਦੇਣੇ ਹਨ। ਦੋ ਰੁਪਏ ਮਹੀਨਾ ਸੈਂਕੜਾ ਦੇ ਹਿਸਾਬ ਉਸ ਨੇ ਇੱਕ ਸੌ ਰੁਪਈਆ ਉਸ ਰੰਡੀ ਤੀਵੀਂ ਕੋਲੋਂ ਸਾਲ ਭਰ ਹੋ ਗਿਆ, ਮੈਨੂੰ ਲਿਆ ਕੇ ਦਿੱਤਾ ਸੀ ਤੇ ਜਿਸ ਨਾਲ ਮੈਂ ਆਪਣੇ ਜੀਵਨ ਬੀਮੇ ਦੀ ਛਮਾਹੀ ਕਿਸ਼ਤ ਭਰੀ ਸੀ। ਮੇਰੀ ਘਰਵਾਲੀ ਮੇਰੇ ਨਾਲ ਦੂਰੋਂ ਦੂਰੀ ਹੋ ਕੇ ਉੱਠੀ ਹੌ-ਸੌ ਰੁਪਈਆ ਜੇ ਨਹੀਂ ਮੁੜਦਾ ਤਾਂ ਚੌਵੀ ਰੁਪਈਏ ਵਿਆਜ ਦੇ ਤਾਂ ਗਾਲਦੇ, ਫੂਕਦੇ, ਮੋੜਦੇ। ਤੇਰੀ ਤਿੰਨ ਸੌ ਰੁਪਈਆ ਤਨਖ਼ਾਹ ਪਤਾ ਨਹੀਂ ਕਿਹੜੇ ਖੂਹ ਖਾਤੇ ਜਾਂਦੀ ਐ। ਬਾਹਰੇ ਬਾਹਰ ਪਤਾ ਨੀ ਕਿਹੜੀ ਸੌਂਕਣ ਨੂੰ ਦੇ ਔਨੈਂ।
ਜਦ ਕਿ ਮੈਂ ਇਹ ਸਭ ਕੁਝ ਲਿਖ ਰਿਹਾ ਹਾਂ ਤਾਂ ਮੇਰੇ ਕੋਲ ਪਿਆ ਮੇਰਾ ਵੱਡਾ ਮੁੰਡਾ, ਜੋ ਦੂਜੀ ਜਮਾਤ ਪੜ੍ਹਦਾ ਹੈ, ਇਕਦਮ ਸੁੱਤਾ ਪਿਆ ਡਰ ਕੇ ਚਾਂਗਾਂ ਮਾਰਦਾ ਉੱਠ ਖੜ੍ਹਾ ਹੈ। ਉਸ ਦੇ ਹੱਥ ਵਿੱਚ ਉਸ ਦਾ ਖੱਬਾ ਹੱਥ ਘੁੱਟ ਕੇ ਫੜਿਆ ਹੋਇਆ ਹੈ। ਮੈਂ ਵੀ ਡਰ ਜਾਂਦਾ ਹਾਂ ਤੇ ਉਸ ਦੀ ਮਾਂ ਨੂੰ ਹਾਕ ਮਾਰਦਾਂ ਹਾਂ- ‘ਆਈਂ ਨੀ ਭੱਜ ਕੇ, ਕੀ ਹੋ ਗਿਆ ਇਹਨੂੰ? ਆਈਂ ਦੇਖੀਂ ਆ ਕੇ।' ਉਹ ਭਾਂਡੇ ਮਾਂਜਦੀ ਸੁਆਹ ਨਾਲ ਲਿੱਬੜੀ ਹੱਥੀਂ ਆ ਕੇ ਗੋਦੀ ਵਿੱਚ ਮੁੰਡੇ ਨੂੰ ਘੁੱਟ ਲੈਂਦੀ ਹੈ। ਉਸ ਦੇ ਖੱਬੇ ਹੱਥ ਨੂੰ ਸੱਜੇ ਹੱਥ ਵਿੱਚ ਫੜੇ ਹੋਏ ਨੂੰ ਦੇਖ ਕੇ ਉਹ ਮੈਨੂੰ ਦੱਸਦੀ ਹੈ- 'ਪਰਸੋਂ ਚੌਥੇ ਇਹ ਦੇ ਮਾਸਟਰ ਨੇ ਇਹ ਦੀਆਂ ਉਂਗਲਾਂ ਵਿੱਚ ਪੈਨਸਲ ਪਾ ਕੇ ਇਹਦਾ ਖੱਬਾ ਹੱਥ ਦੱਬ ਕੇ ਘੁੱਟ ਦਿੱਤਾ ਤੇ ਇਹ ਚੰਦਰਾ ਓਦਣ ਦਾ ਸੁਪਨੇ 'ਚ ਵੀ ਡਡਿਆ ਕੇ ਉੱਠ ਖੜਦੈ।'
‘ਉਂਗਲਾਂ ਇਉਂ ਕਿਉਂ ਘੁੱਟ 'ਤੀਆਂ ਸਾਲੇ ਕਸਾਈ ਨੇ?' ਮੈਂ ਉਸ ਤੋਂ ਪੁੱਛਦਾ ਹਾਂ। ਉਹ ਦੱਸਦੀ ਹੈ- 'ਏਸਦੇ ਪਾਂਜੇ ਦਾ ਪਹਾੜਾ ਯਾਦ ਨੀ ਸੀ।'
ਅਸੀਂ ਮੁੰਡੇ ਨੂੰ ਸੁਰਤ ਵਿੱਚ ਲਿਆਉਂਦੇ ਹਾਂ ਤਾਂ ਛੋਟੀ ਗੁੱਡੀ ਬਰੜਾਉਂਦੀ ਸੁਣਦੀ ਹੈ- 'ਪੱਲੀਆਂ,ਪੱਲੀਆਂ', ਮੈਂ ਹੱਸ ਪੈਂਦਾ ਹਾਂ। ਮੇਰੀ ਘਰਵਾਲੀ ਦੱਸਦੀ ਹੈ ‘ਚੱਪਲੀਆਂ ਨੂੰ, 'ਪੱਲੀਆਂ' ਕਹਿੰਦੀ ਐ ਮਰ ਜਾਣੀ' ਤੇ ਫਿਰ ਉਹ ਮੈਨੂੰ ਵਾਸਤਾ ਪਾਉਂਦੀ ਹੈ-'ਐਤਕੀਂ ਦੀ ਤਨਖ਼ਾਹ ਮਿਲੀ ਤੋਂ ਚੱਪਲੀਆਂ ਇਹ ਨੂੰ, ਵਿਚਾਰੀ ਨੂੰ ਜ਼ਰੂਰ ਲਿਆ ਦੀਂ।'
ਛੱਬੀ ਜਨਵਰੀ ਨੇੜੇ ਆ ਰਹੀ ਹੈ। ਅਲਕਾ ਮੈਨੂੰ ਉਡੀਕ ਰਹੀ ਹੋਵੇਗੀ। ਬਰਨਾਲੇ ਗਿਆ ਤਾਂ ਉਹ ਮੈਥੋਂ ਕਵਿਤਾ ਜ਼ਰੂਰ ਮੰਗੇਗੀ। ਅਜਿਹੀ ਹਾਲਤ ਵਿੱਚ ਮੈਂ ਕਿਵੇਂ ਕਿਹੜੇ ਹੱਥਾਂ ਨਾਲ ਦੇਸ਼ ਦੀ ਉਸਾਰੀ ਦਾ ਝੂਠ ਬੋਲ ਕੇ ਅਲਕਾ ਨੂੰ ਕਵਿਤਾ ਲਿਖ ਕੇ ਦੇ ਦਿਆਂ?
ਪਰਸੋਂ ਨੂੰ ਜਦ ਮੈਂ ਬਰਨਾਲੇ ਗਿਆ ਤਾਂ ਅਲਕਾ ਦਾ ਕੰਨ ਮਰੋੜ ਕੇ ਕਹਾਂਗਾ-‘ਬੱਚੂ, ਜਿਵੇਂ ਤੇਰਾ ਚਾਚਾ ਕਵਿਤਾ ਲਿਖਣੋਂ ਹਟ ਗਿਆ ਹੈ, ਓਵੇਂ ਜਿਵੇਂ ਤੂੰ ਵੀ ਅਜਿਹੀਆਂ ਝੂਠੀਆਂ ਕਵਿਤਾਵਾਂ ਸਟੇਜ ਤੇ ਬੋਲਣੋਂ ਹਟ ਜਾ।'