ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਤੀਜਾ ਪੁੱਤ

ਵਿਕੀਸਰੋਤ ਤੋਂ
ਤੀਜਾ ਪੁੱਤ

'ਹੁਣ ਚਾਹ ਬਣਾ ਦੇ, ਮਾਸੀ, ਅੱਡੀ ਚੱਕ!' ਕਰਮੇ ਨੇ ਆਥਣ ਦੀ ਰੋਟੀ ਖਾ ਕੇ ਹੱਥ ਧੋਂਦਿਆਂ ਆਖਿਆ।

'ਭੂਆ ਦੇ ਫੇਰੇ ਦੇਣਿਆ, ਅੱਗੇ ਵੀ ਤਾਂ ਫ਼ੀਮ ਅਰਗੀ ਪੀਨੈ। ਆਪੇ ਈ ਬਣਾ, ਜਹੀ ਜੀ ਡੱਫਣੀ ਐ।' ਮਾਸੀ ਇਹ ਕਹਿ ਕੇ ਕਾੜ੍ਹਨੀ 'ਚੋਂ ਦੁੱਧ ਵਧਾਉਣ ਲੱਗ ਪਈ।

ਕਰਮੇ ਨੇ ਪਤੀਲੇ ਵਿੱਚ ਪਾਣੀ ਪਾ ਕੇ ਚੁੱਲ੍ਹੇ 'ਤੇ ਰੱਖ ਦਿੱਤਾ। ਚੁੱਲ੍ਹੇ ਵਿੱਚ ਛਟੀਆਂ ਦੀ ਅੱਗ ਮਚਾ ਕੇ ਆਪ ਉਹ ਦਰਵਾਜ਼ੇ ਵਿੱਚ ਬੈਠੇ ਸੀਰੀ ਕੋਲ ਆ ਖੜ੍ਹਾ।

‘ਕਰਮਿਆ, ਚੌਥਾ ਕੁ ਹਿੱਸਾ ਰਹਿਗੀ ਰੂੜੀ ਹੁਣ ਤਾਂ। ਤੜਕੇ ਨੂੰ ਟੋਆ ਖਾਲੀ ਹੋ ਜੂ?' ਕਰਮੇ ਦੇ ਮਾਸੜ ਨੇ ਬਾਹਰਲੇ ਘਰੋਂ ਮਹਿ ਦੀ ਧਾਰ ਕੱਢ ਕੇ ਲਿਆਂਦੀ ਦੁੱਧ ਦੀ ਬਾਲਟੀ ਚੌਂਤਰੇ 'ਤੇ ਰੱਖਦਿਆਂ ਪੁੱਛਿਆ।

‘ਤੜ੍ਹਕਾ ਕੀਹਨੂੰ ਆਇਆ ਮਾਸੜਾ, ਅੱਧੀ ਰਾਤ ਤਾਈਂ ਜੇ ਚੰਦ ਨਾ ਛਿਪਿਆ ਤਾਂ ਇੱਕ ਦੋ ਗੱਡੇ ਈ ਰਹੁ ਬਚੂ।’ ਕਰਮੇ ਨੇ ਪੂਰੀ ਦਿਲੇਰੀ ਦਿਖਾਈ।

‘ਕੋਈ ਜੱਟ ਅੜ੍ਹਕਦੈ ਕਿ ਨਹੀਂ? ਕਰਮਾ ਤਾਂ ਹੁਣ ਕੰਮ ’ਚ ਪੂਰੀ ਜਾਨ ਹੂਲਦੈ, ਚਾਚਾ। ਸੀਰੀ ਨੇ ਕਰਮੇ ਨੂੰ ਮਿੱਠੀ ਚਹੇਡ ਕੀਤੀ ਤੇ ਵਜਾ ਨਾਲ ਕਰਮੇ ਦੀ ਗੱਲ ਵੀ ਤੋਰ ਦਿੱਤੀ।

‘ਸੁੱਖ ਰਹੀ ਤਾਂ ਪਰਸੋਂ ਨੂੰ ਕੱਟਾ ਕੱਟੀ ਹੋਜੂ।' ਕਰਮੇ ਦੇ ਮਾਸੜ ਨੇ ਪੂਰੀ ਦਿਲਜਮੀ ਨਾਲ ਆਖ ਦਿੱਤਾ। ਖੁਸ਼ੀ ਨਾਲ ਕਰਮੇ ਦੀਆਂ ਮੁੱਛਾਂ ਫ਼ਰਕ ਪਈਆਂ ਤੇ ਫੇਰ ਕਰਮਾ ਤੇ ਸੀਰੀ ਕੁਝ ਘੁਸਰ ਮੁਸਰ ਕਰਦੇ ਰਹੇ, ਜਿਸ ਵਿੱਚੋਂ ਕਦੇ ਕਦੇ ਛਣਕਦੀ ਚੀਕਦੀ ਹਾਸੀ ਵੀ ਕਰਮੇ ਦੇ ਮੂੰਹੋਂ ਸੁਣਾਈ ਦਿੰਦੀ ਸੀ।

ਚਾਹ ਪੀ ਕੇ ਉਹ ਉੱਠ ਖੜ੍ਹੇ।

‘ਦੁੱਧ ਰੱਖ ਦੀਂ ਮਾਸੀ, ਇੱਕ ਵਾਰੀ ਫੇਰ ਕਰਾਂਗੇ ਚਾਹ।’ ਕਰਮੇ ਨੇ ਜਾਂਦੇ ਹੋਏ ਨੇ ਆਖਿਆ।

***

ਕਰਮਾ ਚਾਰ ਸਾਲ ਤੋਂ ਮਾਸੀ ਦੇ ਘਰ ਰਹਿੰਦਾ ਸੀ। ਆਪਣੇ ਪਿੰਡ ਉਹ ਸਾਲ ਵੀ ਮਹੀਨਿਆਂ ਪਿੱਛੋਂ ਹੀ ਗੇੜਾ ਮਾਰਦਾ। ਉਸ ਦਾ ਪਿਓ ਤਾਂ ਘਰ ਨੂੰ ਸਿਉਂਕ ਲੱਗੀ ਹੋਈ ਸੀ। ਮਾੜੀ ਮੋਟੀ ਜਿਹੜੀ ਜ਼ਮੀਨ ਸੀ, ਉਹ ਉਸ ਨੇ ਫ਼ੀਮ, ਸ਼ਰਾਬ ਤੇ ਚਿਲਮ ਮੂੰਹੇ ਫੂਕ ਦਿੱਤੀ ਸੀ। ਕਰਮੇ ਹੋਰੀਂ ਤਿੰਨ ਭਰਾ ਸਨ। ਪਿਓ ਦੇ ਲੱਛਣ ਦੇਖ ਕੇ ਵੱਡਾ ਗੁਰਦੁਆਰੇ ਦਾ ਪਾਠੀ ਜਾ ਬਣਿਆ ਸੀ। ਉਸ ਤੋਂ ਛੋਟਾ ਪੁਲਿਸ ਵਿੱਚ ਭਰਤੀ ਹੋ ਗਿਆ। ਸਭ ਤੋਂ ਛੋਟਾ ਕਰਮਾ ਸੀ। ਵਿਆਹਿਆ ਉਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਸੀ। ਮਾਂ ਉਨ੍ਹਾਂ ਦੀ ਲੋਕਾਂ ਦਾ ਗੋਲਾ ਧੰਦਾ ਕਰਕੇ ਟੱਬਰ ਦਾ ਮਸ੍ਹਾਂ ਪਲ ਪੂਰਾ ਕਰਦੀ। ਪਾਠੀ ਤੇ ਪੁਲਿਸੀਆ ਕਦੇ ਵੀ ਘਰ ਨਹੀਂ ਸਨ ਵੜਦੇ।

ਉਨ੍ਹਾਂ ਦੀ ਮਾਸੀ ਇੱਕ ਵਾਰੀ ਉਨ੍ਹਾਂ ਦੇ ਪਿੰਡ ਗਈ ਤੇ ਘਰ ਦਾ ਇਹ ਹਾਲ ਦੇਖ ਕੇ ਕਰਮੇ ਨੂੰ ਆਪਣੇ ਨਾਲ ਲੈ ਆਈ।

‘ਕਰਮੇ ਨੂੰ ਭੈਣੇ ਤੂੰ ਹੀ ਨਾਲ ਲੈ ਜਾ। ਰੱਜ ਕੇ ਟੁੱਕ ਤਾਂ ਖਾਊ। ਨਾਲੇ ਥੋਡੇ ਆਸਰੇ ਨਾਲ ਕੀਹਐ ਕੋਈ ਜੱਟ ਅੜ੍ਹਕ ਜੇ।' ਉਸ ਦੀ ਮਾਂ ਨੇ ਆਪ ਹੀ ਆਖ ਦਿੱਤਾ ਸੀ।

ਉਸ ਦੀ ਮਾਸੀ ਦੇ ਤਿੰਨ ਧੀਆਂ ਸਨ। ਦੋ ਮੁੰਡੇ ਜਿਹੜੇ ਹੋਏ, ਦੋਵੇਂ ਰੱਬ ਘਰ ਛੋਟੇ ਹੁੰਦੇ ਹੀ ਚਲੇ ਗਏ। ਹੁਣ ਧੀਆਂ ਤਿੰਨੇ ਆਪੋ-ਆਪਣੀ ਘਰੀਂ ਜਾ ਚੁੱਕੀਆਂ ਸਨ।

ਉਸ ਦੇ ਮਾਸੜ ਕੋਲ ਜ਼ਮੀਨ ਚੰਗੀ ਸੀ। ਪਹਿਲਾਂ ਤਾਂ ਉਹ ਇੱਕ ਸੀਰੀ ਨਾਲ ਰਲਾ ਕੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰਦਾ ਰਿਹਾ। ਇਕੱਲਾ ਹੋਣ ਕਰਕੇ ਔਖਾ ਵੀ ਖਾਸਾ ਹੁੰਦਾ ਸੀ, ਪਰ ਜਦੋਂ ਦਾ ਕਰਮਾ ਆ ਗਿਆ ਸੀ, ਉਸ ਨੂੰ ਪੂਰਾ ਸਹਾਰਾ ਮਿਲ ਗਿਆ ਸੀ।

ਕਰਮੇ ਦੀ ਉਮਰ ਛੱਬੀ ਸਤਾਈ ਸਾਲ ਦੀ ਹੋ ਚੁੱਕੀ ਸੀ।

ਉਸ ਦਾ ਮਾਸੜ ਕਈ ਥਾਵਾਂ ਤੋਂ ਘੇਰ-ਘੇਰ ਕੇ ਸਾਕ ਲਿਆਉਂਦਾ, ਪਰ ਗੱਲ ਸਿਰੇ ਨਾ ਚੜ੍ਹਦੀ।

‘ਤੇਰਾ ਆਪਣਾ ਮੁੰਡਾ ਹੁੰਦਾ ਤਾਂ...' ਕੋਈ ਕਹਿ ਕੇ ਮੁੜ ਜਾਂਦਾ।

‘ਜ਼ਮੀਨ ਦਾ ਤਾਂ ਇੱਕ ਖੁੱਡ ਵੀ ਨਹੀਂ ਇਹ ਦੇ ਪਿਓ ਕੋਲ।' ਬਹੁਤਿਆਂ ਦਾ ਜਵਾਬ ਹੁੰਦਾ।

‘ਆਪ ਤਾਂ ਤੇਰੇ ਟੁੱਕ ਖਾਂਦੈ, ਬਿਗਾਨੀ ਧੀ ਨੂੰ ਕੀ ਖਵਾ ਦੂ?' ਸਭ ਇਹ ਕਹਿੰਦੇ।

ਉਸ ਦਾ ਮਾਸੜ ਪੂਰੀ ਵਾਹ ਲਾ ਰਿਹਾ ਸੀ। ਉਸ ਨੇ ਏਥੋਂ ਤੀਕ ਵੀ ਕਹਿ ਦਿੱਤਾ-'ਏਸ ਦਾ ਵਿਆਹ ਮੈਂ ਆਪ ਕਰੂੰ। ਜ਼ਮੀਨ ਵੀ ਥੋੜ੍ਹੀ ਘਣੀ ਏਸ ਦੇ ਨਾਉਂ ਲਵਾ ਦਿੰਨਾਂ। ਵਿਆਹ ਕਰਾ ਕੇ ਵੀ ਇਹ ਮੇਰੇ ਕੋਲ ਈ ਰਹੂ।'

'ਪੁੱਤ ਬਿਗਾਨਾ ਈ ਐ ਨਾ!' ਕੋਈ ਵੀ ਗੱਲ ਨਾ ਬਣੀ।

ਜਦੋਂ ਕੋਈ ਵੀ ਆਸ ਹੁੰਦੀ, ਕਰਮਾ ਜਾਨ ਤੋੜ-ਤੋੜ ਕੰਮ ਕਰਦਾ ਤੇ ਜਦੋਂ ਕੋਈ ਸਾਕ ਕਰਨ ਆਇਆ ਜੱਟ ਤਿਲ੍ਹਕ ਜਾਂਦਾ ਤਾਂ ਉਸ ਦਾ ਜੀਅ ਕਰਦਾ ਕਿ ਕੁਝ ਖਾ ਕੇ ਮਰ ਜਾਵੇ ਤੇ ਜਾਂ ਆਪਣੇ ਪਿਓ ਕੰਜਰ ਨੂੰ ਮਿੱਟੀ ਦਾ ਤੇਲ ਪਾ ਕੇ ਫੂਕ ਆਵੇ, ਪਰ ਉਸ ਦਾ ਮਾਸੜ ਉਸ ਦੀ ਆਸ ਬੰਨ੍ਹਾਈ ਰੱਖਦਾ ਸੀ।

‘ਪੰਜ ਸੱਤ ਸੌ ਝੋਕ ਦਿਆਂਗੇ। ਆਪੇ ਸਾਲਾ ਕੋਈ ਭੁੱਖਾ ਮਰਦਾ ਜੱਟ ਮੰਨ ਜੂ।' ਉਸ ਦੇ ਮਾਸੜ ਦੀ ਪੂਰੀ ਦਲੀਲ ਹੁੰਦੀ।

* * *

ਇੱਕ ਦਿਨ ਉਹ ਖੇਤ ਵਿੱਚ ਕਪਾਹ ਗੁੱਡਣ ਗਏ। ਦੋ ਤਿੰਨ ਦਿਹਾੜੀਏ ਤੇ ਚਾਰ ਪੰਜ ਉਨ੍ਹਾਂ ਨਾਲ ਬਿੜ੍ਹੀ ਵਾਲੇ ਸਨ। ਸਾਵਣ ਭਾਦੋਂ ਦੀ ਕੜਕਦੀ ਧੁੱਪ ਵਿੱਚ ਉਹ ਸਾਰਾ ਦਿਨ ਕਪਾਹ ਗੁਡਦੇ ਰਹੇ। ਦੂਜੇ ਦਿਨ ਕਰਮੇ ਤੇ ਸੀਰੀ ਨੇ ਮੰਡੀ ’ਤੇ ਮਹਿੰ ਵੇਚਣ ਜਾਣਾ ਸੀ। ਸਾਰਾ ਦਿਨ ਹੀ ਦੂਜੇ ਗੁਡਾਵੇ ਉਸ ਨੂੰ ਮਸ਼ਕਰੀਆਂ ਕਰਦੇ ਰਹੇ।

‘ਕਰਮਿਆ ਸਾਲਿਆ ਐਵੇਂ ਈ ਧੁੱਪ 'ਚ ਪਿੰਡਾ ਫੂਕਦੈਂ, ਤੀਵੀਂ ਤਾਂ ਹਾਲ ਤਾਈਂ ਜੁੜੀ ਨੀ?'

'ਓਏ ਕੋਈ ਅੱਖੋਂ ਲਾਮੀ ਨੀ ਥਿਉਂਦੀ?'

‘ਮਾਸੜ ਤੈਨੂੰ ਕਿੱਥੋਂ ਡੋਲਾ ਲਿਆ ਦੂ, ਜਿੰਨਾ ਚਿਰ ਹੱਡ ਪੀਹਣੇ ਨੇ, ਪੀਹੀਂ ਜਾਹ।'

‘ਮਾਸੜ ਤਾਂ ਤੈਥੋਂ ਲਾਹਾ ਲੈਂਦੈ, ਨਹੀਂ ਮਾਰੇ ਕਿਸੇ ਜੱਟ ਦੇ ਦੋ ਹਜ਼ਾਰ ਮੱਥੇ?'

ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਪਹਿਲਾਂ ਤਾਂ ਕਰਮਾ ਆਪ ਵੀ ਹੱਸਦਾ ਰਿਹਾ, ਪਰ ਫੇਰ ਉਹ ਪਲ-ਪਲ ਗੰਭੀਰ ਹੁੰਦਾ ਗਿਆ।

‘ਇਹ ਨ੍ਹੇਰਾ ਕੀਹਦੇ ਖ਼ਾਤਰ ਢੋਨੇ ਆ? ਜਿਹੜਾ ਕੰਮ ਸੀ ਉਹ ਤਾਂ ਹਾਲ ਤਾਈਂ ਬਣਿਆ ਨੀਂ। ਕਰਮੇ ਨੂੰ ਮਹਿਸੂਸ ਹੋਇਆ, ਜਿਵੇਂ ਉਹ ਦਾ ਮਾਸੜ ਲਾਲਚ ਦੇ ਕੇ ਉਹ ਨੂੰ ਬੰਨ੍ਹੀ ਬੈਠਾ ਹੈ। ਕਪਾਹ ਗੁਡਦਾ ਵਿੱਚ ਉਹ ਕੋਈ ਬੂਟਾ ਵੀ ਵੱਢ ਜਾਂਦਾ। ‘ਕਿਹੜੀ ਹੂਰਾਂ ਪਰੀ ਦਾ ਸੁਪਨਾ ਆ ਗਿਆ?' ਉਸ ਦੇ ਸਾਥੀ ਹਾਸੜ ਚੁੱਕ ਲੈਂਦੇ।

* * *

ਮਹਿੰ ਲੈ ਕੇ ਦੂਜੇ ਦਿਨ ਕਰਮਾ ਤੇ ਸੀਰੀ ਮੰਡੀ ’ਤੇ ਚਲੇ ਗਏ।

ਵਿਕਦੀ ਨਾ ਦੇਖ ਕੇ ਸੀਰੀ ਮਹਿੰ ਲੈ ਕੇ ਆਥਣ ਨੂੰ ਪਿੰਡ ਆ ਵੜਿਆ। ਕਰਮਾ ਉਸ ਦੇ ਨਾਲ ਨਹੀਂ ਸੀ।

‘ਵੇ ਕਰਮਾ ਕਿੱਥੇ ਰਹਿ ਗਿਆ?' ਉਸ ਦੀ ਮਾਸੀ ਨੇ ਸੀਰੀ ਤੋਂ ਪੁੱਛਿਆ।

'ਉਹ ਤਾਂ ਚਾਚੀ ਫ਼ੌਜ 'ਚ ਹੋ ਗਿਆ। ਮੰਡੀ ’ਤੇ ਭਰਤੀ ਆਲੇ ਆਏ ਸੀ।’ ਸੀਰੀ ਨੇ ਬੇਝਿਜਕ ਜਿਹਾ ਕਹਿ ਦਿੱਤਾ।◆