ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇੱਕ ਤਰੀਕ

ਵਿਕੀਸਰੋਤ ਤੋਂ
ਇੱਕ ਤਰੀਕ

ਜਦੋਂ ਕਦੇ ਮੈਂ ਬਰਨਾਲੇ ਜਾਂਦਾ ਹਾਂ ਤੇ ਜਦੋਂ ਕਦੇ ਪਰਕਾਸ਼ ਮੈਨੂੰ ਮਿਲਦਾ ਹੈ ਤਾਂ ਅਸੀਂ ਰਾਮਪੁਰੇ ਵਾਲਿਆਂ ਦੀ ਦੁਕਾਨ 'ਤੇ ਚਾਹ ਇਕੱਠੇ ਜ਼ਰੂਰ ਪੀਂਦੇ ਹਾਂ। ਕਦੇ ਪੈਸੇ ਉਹ ਦਿੰਦਾ ਹੈ ਤੇ ਕਦੇ ਮੈਂ ਦੇ ਦਿੰਦਾ ਹਾਂ।

ਤਿੰਨ ਮਹੀਨੇ ਹੋ ਗਏ, ਹੁਣ ਉਹ ਕਦੇ ਨਹੀਂ ਮਿਲਿਆ। ਫੇਰ ਇੱਕ ਦਿਨ ਉਹ ਅਨਾਜ ਮੰਡੀ ਵਿੱਚ ਛੋਲਿਆਂ ਦੀ ਮੁੱਠੀ ਨੂੰ ਜੇਬ੍ਹ ਵਿੱਚ ਪਾਈਂ ਆਉਂਦਾ ਮੈਨੂੰ ਟੱਕਰ ਪੈਂਦਾ ਹੈ। ਜੇਬ੍ਹ ਵਿਚੋਂ ਛੋਲਿਆਂ ਦੇ ਦਾਣੇ ਕੱਢ ਕੇ ਦਿਖਾ ਕੇ ਮੈਨੂੰ ਕਹਿੰਦਾ ਹੈ- 'ਕਣਕ ਅੱਗੇ ਕਹਿੰਦੇ ਰਾਜੇ ਮਹਾਰਾਜੇ ਖਾਂਦੇ ਸੀ ਤੇ ਹੋਰ ਲੋਕ ਮੱਕੀ, ਬਾਜਰਾ, ਜੌ ਤੇ ਛੋਲੇ। ਹੁਣ ਕਣਕ ਦੀ ਗੱਲ ਤਾਂ ਛੱਡੋ, ਛੋਲੇ ਈ ਸਾਲੇ-ਖੱਚਰਾਂ ਦਾ ਖਈਆ-ਕਣਕ ਦੇ ਪਤੰਦਰ ਬਣੇ ਫਿਰਦੇ ਐ।’ ਤੇ ਫਿਰ ਉਹ ਦੱਸਦਾ ਹੈ- 'ਯਾਰ ਕਵੀ ਲੋਕ ਐਵੇਂ ਤਾਂ ਨੀ ਕਣਕ ਨੂੰ ਮੋਤੀਆਂ ਨਾਲ ਉਪਮਾ ਦਿੰਦੇ। ਹੁਣ ਤਾਂ ਇਹ ਮੋਤੀਆਂ ਨਾਲੋਂ ਵੀ ਵੱਧ ਐ।'

‘ਤੇ ਹੁਣ ਫੇਰ ਕਣਕ ਨੂੰ ਹੋਰ ਕੌਣ ਖਾਂਦੈ?' ਰਾਜੇ ਮਹਾਰਾਜਿਆਂ ਦੀ ਗੱਲ ਵਾਲੇ ਫ਼ਿਕਰੇ ਨੂੰ ਧਿਆਨ ਵਿੱਚ ਲਿਆ ਕੇ ਮੈਂ ਉਸ ਨੂੰ ਪੁੱਛਦਾ ਹਾਂ।

ਹੁਣ ਤਾਂ ਪਤ੍ਹਿਉਰਾ ਮੇਰਾ, ਰੱਬ ਈ ਖਾਂਦਾ ਹੋਊ ‘ਕੱਲਾ।' ਉਹ ਇਹ ਗੱਲ ਕਹਿ ਕੇ ਬੁੜ੍ਹਕ ਬੁੜ੍ਹਕ ਕੇ ਹੱਸ ਪੈਂਦਾ ਹੈ।

‘ਤਨਖ਼ਾਹ ਥੋੜ੍ਹੀ ਐ ਭਰਾਵਾ। ਜਵਾਕ ਚਾਰ ਨੈ। ਬੁੜ੍ਹਾ ਤੇ ਬੁੜ੍ਹੀ। ਇੱਕ ਤੇਰੀ ਭਰਜਾਈ। ਅੱਠਾਂ ਜੀਆਂ ਵਾਸਤੇ ਦੋ ਸੌ ਰੁਪਿਆ ਮੇਰੀ ਤਨਖ਼ਾਹ ਸਾਲੀ ਕਾਤਰੀਆਂ ਵਾਗੂੰ ਚੱਲ ਜਾਂਦੀ ਐ।' ਉਹ ਘਰ ਦੀ ਸਾਰੀ ਹਾਲਤ ਦੱਸਣ ਲੱਗਦਾ ਹੈ ਤੇ ਅੱਗੇ ਬੋਲਦਾ ਹੈ- 'ਤਨਖ਼ਾਹ ਥੋੜ੍ਹੀ ਦੀ ਗੱਲ ਛੱਡ ਤੇ ਮਹਿੰਗੇ ਭਾਅ ਦੀ ਵੀ ਛੱਡ। ਮੇਰੇ ਇੱਕ ਗੱਲ ਯਾਦ ਆ 'ਗੀ। ਉਹ ਘਰ ਦੀ ਹਾਲਤ ਦੱਸਦਾ ਦੱਸਦਾ ਸ਼ਾਇਦ ਹੋਰ ਕੋਈ ਗੱਲ ਛੇੜਦਾ। ਉਹ ਜਚ ਕੇ ਮੇਰੇ ਸਾਹਮਣੇ ਖੜ੍ਹ ਜਾਂਦਾ ਹੈ ਤੇ ਹੱਥ ਵਿਚਲੇ ਛੋਲਿਆਂ ਦੇ ਦਾਣੇ ਆਪਣੀ ਜੇਬ੍ਹ ਵਿੱਚ ਪਾ ਲੈਂਦਾ ਹੈ। ਬਣਾ ਸੰਵਾਰ ਕੇ ਗੱਲ ਮੈਨੂੰ ਦੱਸਣ ਲੱਗਦਾ ਹੈ-‘ਚੰਨਾ ਤੇ ‘ਬੰਨਾ' ਕਹਿੰਦੇ ਦੋ ਭਰਾ ਸੀ। ‘ਚੰਨੇ' ਦੀ ਔਲਾਦ ਤਾਂ ਹੋਈ ਚਮਿਆਰ ਤੇ ‘ਬੰਨੇ' ਦੀ ਇਹ ਬਾਣੀਏ।' ਮੈਂ ਉਸ ਦੀ ਇਹ ਗੱਲ ਸੁਣ ਕੇ ਮੁਸਕਰਾ ਪੈਂਦਾ ਹਾਂ ਤੇ ਉਹ ਮੇਰਾ ਮੋਢਾ ਝੰਜੋੜ ਕੇ ਕਹਿੰਦਾ ਹੈ- 'ਹੋਰ ਅੱਗੇ ਸੁਣ।' ਤੇ ਕਹਿੰਦਾ ਹੈ- ‘ਕੰਮ ਅਜੇ ਵੀ ਦੋਵਾਂ ਦਾ ਇੱਕੋ ਈ ਐ। 'ਚੰਨੇ’ ਕੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁੰਦੇ ਐ ਤੇ ‘ਬੰਨੇ’ ਕੇ ਜੀਉਂਦੇ ਮਨੁੱਖਾਂ ਦੀ ਖੱਲ ਲਾਹੁੰਦੇ ਐ।' ਮੈਂ ਉਸ ਦੀ ਇਹ ਗੱਲ ਸੁਣ ਕੇ ਵੱਖੀਆਂ ਨੂੰ ਹੱਥ ਪਾ ਲੈਂਦਾ ਹਾਂ। ਐਨਾ ਹਾਸਾ ਆਉਂਦਾ ਹੈ ਕਿ ਮੈਥੋਂ ਰੋਕਿਆ ਨਹੀਂ ਜਾਂਦਾ। ਉਹ ਫੇਰ ਕਹਿੰਦਾ ਹੈ- 'ਤੇਰੀ ਭਰਜਾਈ ਵਾਸਤੇ ਉਹ ਸਾਲੀ ਕੀ ਚੱਲੀ ਐ ਡੈਕਾਰੀਨ ਪਤਾ ਨੀ ਫੈਕਾਰੀਨ, ਚੌਥੇ ਸੂਟ ਲਿਆਂਦਾ ਸੀ ਬਣਵਾ ਕੇ। ਅੱਜ ਉਹ ਨੇ ਧੋਤਾ ਤਾਂ ਛਣਕੇ ਵਾਲੀਵਾਲ ਦਾ ਨੈੱਟ ਬਣ ਗਿਆ। ਦੋ ਰੁਪਈਏ ਮੀਟਰ ਦਾ ਖਾਬੜਾ ਕੱਪੜਾ, ਮੀਟਰ ਦੇ ਪੰਦਰਾਂ ਰੁਪਈਏ ਲਾਏ। ਤੇ ਹੋਰ ਸੁਣ.....।’ ਮੈਂ ਉਸ ਦੀ ਬਹੁਤੀ ਗੱਲ ਨਹੀਂ ਸੁਣਦਾ ਤੇ ਉਸ ਨੂੰ ਪੁੱਛਦਾ ਹਾਂ- ‘ਤੂੰ ਹੁਣ ਮਿਲਦਾ ਕਿਉਂ ਨੀ? ਕਿੱਥੇ ਰਹਿਨੈਂ?'

‘ਰਹਿਨਾਂ ਕੀ ਮੈਂ ਵਲੈਤ 'ਚ ਆ। ਐਥੇ ਈ ਰਹਿਨਾਂ।’ ਤੇ ਫੇਰ ਉਹ ਸਾਊ ਜਿਹਾ ਜਵਾਬ ਦਿੰਦਾ ਤੇ ਕਹਿੰਦਾ ਹੈ-'ਦੇਖ ਯਾਰ, ਬਰਨਾਲੇ ਦੇ ਤਿੰਨ ਬਜ਼ਾਰ ਐ। ਫਰਵਾਹੀ ਬਜ਼ਾਰ, ਸਦਰ ਬਜ਼ਾਰ ਤੇ ਹੰਢਿਆਇਆ ਬਜ਼ਾਰ। ਤਿੰਨਾਂ 'ਚੋਂ ਦੋ ਬੰਦ ਰਹਿੰਦੇ ਐ। ਇੱਕ ਖੁੱਲ੍ਹਦੈ ਤਾਂ ਪਹਿਲਾਂ ਖੁੱਲ੍ਹਿਆ ਬੰਦ ਹੋ ਜਾਂਦੈ। ਬੱਸ ਦੋ ਤਾਂ ਸਮਝ ਲੈ ਬੰਦ ਈ ਰਹਿੰਦੇ ਐ। ਇੱਕੋ ਈ ਮਸ੍ਹਾਂ ਖੁੱਲ੍ਹਦੈ।' ਉਸ ਦੀ ਫ਼ਿਲਾਸਫ਼ੀ ਮੇਰੀ ਸਮਝ ਨਹੀਂ ਆਉਂਦੀ। ਉਹ ਮੈਨੂੰ ਮੋਢਿਓਂ ਫੜ ਕੇ ਕਹਿੰਦਾ - ‘ਓ ਝੁੱਡੂਆ, ਇੱਕ ਮਹੀਨੇ ਜੇ ਫਰਵਾਹੀ ਬਜ਼ਾਰ ਦੀਆਂ ਦੁਕਾਨਾਂ ਦਾ ਉਧਾਰ ਨਹੀਂ ਮੋੜੀਂਦਾ ਤਾਂ ਬੱਸ ਓਸ ਬਜ਼ਾਰ ਵਿੱਚ ਦੀ ਲੰਘੀਦਾ ਈ ਨੀ ਤੇ ਬਜ਼ਾਰ ਬਸ ਆਪੇ ਬੰਦ ਸਮਝ ਲੈ। ਬਾਣੀਆ ਸਾਲ਼ਾ ਘਰੇ ਤਾਂ ਨੀ ਪੈਸੇ ਲੈਣ ਆਜੂ। ਬਸ ਏਵੇਂ ਜਿਵੇਂ ਫੇਰ ਸਦਰ ਬਜ਼ਾਰ ਬੰਦ ਕਰ ਦੇਈਦੈ ਤੇ ਫਰਵਾਹੀ ਖੁੱਲ੍ਹ ਜਾਂਦੈ। ਇਉਂ ਈ ਕਦੇ ਹੰਢਿਆਇਆ ਖੋਲ੍ਹ ਲਈਦੈ। ਬਾਣੀਆ ਜਦੋਂ 'ਮਹਾਰਾਜ' ਬੁਲਾ ਦਿੰਦੈ, ਓਦੋਂ ਤਾਂ ਯਾਰ ਮਰਨ ਹੋ ਜਾਂਦੈ।'

‘ਤੂੰ ਯਾਰ, ਬਾਣੀਆਂ ਦੇ ਐਨਾ ਉਲਟ ਕਿਉਂ ਐਂ? ਮੈਂ ਉਸ ਨੂੰ ਪੁੱਛਦਾ ਹਾਂ।

'ਨਹੀਂ, ਨਹੀਂ, ਬਾਣੀਆਂ ਦੀ ਜਾਤ ਦੇ ਉਲਟ ਮੈਂ ਬਿਲਕੁੱਲ ਨਹੀਂ।' ਉਹ ਕਹਿਣਾ ਸ਼ੁਰੂ ਕਰਦਾ ਹੈ। ‘ਇੱਕ ਜੱਟ ਜਿਹੜਾ ਸੌ ਰੁਪਈਆ ਕਿਸੇ ਨੂੰ ਵਿਆਜ 'ਤੇ ਦਿੰਦੈ ਤੇ ਦਸ ਰੁਪਈਆ ਦਾ ਵਧਾਰਾ ਲਾ ਕੇ ਇੱਕ ਸੌ ਦਸ ’ਤੇ ਗੂਠਾ ਲਵਾਉਂਦੇ, ਉਹ ਬਾਣੀਆ। ਇੱਕ ਬਾਹਮਣ ਜਿਹੜਾ ਚੌਥੇ ਹਿੱਸੇ ਦਾ ਪਾਣੀ ਪਾ ਕੇ ਦੁੱਧ ਵੇਚਦੈ, ਉਹ ਵੀ ਬਾਣੀਆ। ਕੋਈ ਖੱਤਰੀਆਂ ਦੀ ਬੁੜ੍ਹੀ ਕਿਸੇ ਗਵਾਂਢਣ ਹੱਥ ਤੰਗ ਬੁੜ੍ਹੀ ਨੂੰ ਪੰਜ ਰੁਪਈਏ ਦੇ ਦਿੰਦੀ ਐ ਤੇ ਮਹੀਨੇ ਪਿੱਛੋਂ ਸਵਾ ਪੰਜ ਲੈ ਲੈਂਦੀ ਐ, ਉਹ ਖ਼ਤਰਾਣੀ ਬਿਲਕੁੱਲ ਨਹੀਂ-ਸੌ ਫ਼ੀਸਦੀ ਕਰਿਆੜੀ ਹੁੰਦੀ ਹੈ।'

ਪਰਕਾਸ਼ ਨੇ ਬਰਨਾਲੇ ਤੋਂ ਹੀ ਮੇਰੇ ਨਾਲ ਦਸਵੀਂ ਪਾਸ ਕੀਤੀ ਸੀ ਤੇ ਉਹ ਦੋ ਤਿੰਨ ਸਾਲਾਂ ਬਾਅਦ ਮਰ ਪੈ ਕੇ ਬਰਨਾਲੇ ਕਚਹਿਰੀਆਂ ਵਿੱਚ ਕਲਰਕ ਲੱਗ ਗਿਆ ਸੀ। ਫੇਰ ਵਿਆਹ ਵੀ ਹੋ ਗਿਆ ਸੀ। ਉਸ ਦੇ ਮਾਂ ਬਾਪ ਉਸ ਦੇ ਨਾਲ ਹਨ ਤੇ ਦੋ ਵੱਡੇ ਭਰਾ ਆਪੋ ਆਪਣੇ ਥਾਈਂ ਬਾਹਰ ਕਿਤੇ ਨੌਕਰੀ ਕਰਦੇ ਹਨ। ਬਰਨਾਲੇ ਵਿੱਚ ਪਰਕਾਸ਼ ਦੇ ਮਾਪਿਆਂ ਦੀ ਹੋਰ ਕੋਈ ਜਾਇਦਾਦ ਨਹੀਂ। ਬੱਸ ਇੱਕ ਛੋਟਾ ਜਿਹਾ ਮਕਾਨ ਹੈ-ਖੁੱਡੀ ਦਰਵਾਜ਼ੇ ਕਿਲ੍ਹੇ ਵਾਲੇ ਮਕਾਨਾਂ ਦੇ ਨਾਲ। ਮਾਂ ਬਾਪ ਬਜ਼ੁਰਗ ਹਨ ਤੇ ਪਰਕਾਸ਼ ਦੇ ਆਸਰੇ ਹੀ ਦਿਨ ਕੱਟਦੇ ਹਨ।

ਪਰਕਾਸ਼ ਦੀ ਜ਼ਿੰਦਗੀ ਬੜੀ ਤਰਸ ਵਾਲੀ ਜ਼ਿੰਦਗੀ ਹੈ। ਉਹ ਇੱਕ ਕਲਰਕ ਹੈ। ਉਸ ਦੀ ਜ਼ਿੰਦਗੀ ਸਾਰੇ ਕਲਰਕਾਂ ਦੀ ਜ਼ਿੰਦਗੀ ਹੈ। ਉਸ ਦੀ ਜ਼ਿੰਦਗੀ ਸਾਰੇ ਸਰਕਾਰੀ ਮੁਲਾਜ਼ਮਾਂ ਦੀ ਜ਼ਿੰਦਗੀ ਹੈ, ਪਰ ਉਹ ਖ਼ੁਸ਼ ਨਾ ਹੋਵੇ ਤਾਂ ਦਿਨ ਕਿਵੇਂ ਨਿਕਲਣ। ਉਹ ਜਦ ਕਦੇ ਮਿਲਦਾ ਹੈ ਤਾਂ ਹਾਸੀ ਮਖੌਲ ਵਿੱਚ ਹੀ ਆਪਣੇ ਸਭ ਰੋਣੇ ਰੋ ਜਾਂਦਾ ਹੈ।

ਮੈਂ ਉਸ ਦੇ ਸਦਾ ਹੀ ਚਿੱਟੇ ਲੱਠੇ ਦਾ ਪਜਾਮਾ ਤੇ ਚਿੱਟੀ ਜਾਂ ਕੋਈ ਹੋਰ ਰੰਗ ਦੀ ਪਾਪਲਿਨ ਦਾ ਕਮੀਜ਼ ਦੇਖਿਆ ਹੈ। ਜ਼ਮਾਨੇ ਦਾ ਫ਼ੈਸ਼ਨ ਜਿਵੇਂ ਉਸ ਦੇ ਕੋਲ ਦੀ ਕਦੇ ਵੀ ਨਹੀਂ ਲੰਘਿਆ। ਪੈਰਾਂ ਵਿੱਚ ਉਸ ਦੇ ਸਦਾ ਹੀ ਮੈਂ ਚੰਮ ਦੀ ਘੋਨੀ ਜੁੱਤੀ ਦੇਖੀ ਹੈ। ਸਿਆਲਾਂ ਵਿੱਚ ਉਹ ਇੱਕ ਕੋਟ ਪਾਉਂਦਾ ਹੈ, ਜਿਹੜਾ ਸ਼ਾਇਦ ਛੀ ਸਾਲ ਤੋਂ ਉਸ ਕੋਲ ਹੈ। ਕਿਸੇ ਫ਼ੌਜੀ ਦੋਸਤ ਤੋਂ ਲਈ ਪੁਰਾਣੀ ਬਰਾਂਡੀ ਕਟਵਾ ਕੇ ਉਸ ਨੇ ਇਹ ਕੋਟ ਬਣਵਾਇਆ ਸੀ। ਅਨਾਜ ਮੰਡੀ ਵਿਚੋਂ ਹਿੱਲ ਕੇ ਗੱਲਾਂ ਕਰਦੇ ਕਰਦੇ ਅਸੀਂ ਡਾਕਖ਼ਾਨੇ ਕੋਲ ਦੀ ਸਦਰ ਬਾਜ਼ਾਰ ਵਿੱਚ ਰਾਮਪੁਰੇ ਵਾਲਿਆਂ ਦੀ ਦੁਕਾਨ ਕੋਲ ਆ ਕੇ ਆਪਣੇ ਆਪ ਹੀ ਰੁਕ ਜਾਂਦੇ ਹਾਂ। ਚਾਹ ਦਾ ਆਰਡਰ ਦੇ ਕੇ ਪਰਕਾਸ਼ ਗੱਲ ਤੋਰਦਾ ਹੈ- 'ਜੇ ਕਿਸੇ ਮੁਲਾਜ਼ਮ ਨੂੰ ਬੁਰੀ ਤੋਂ ਬੁਰੀ ਗਾਲ੍ਹ ਕੱਢਣੀ ਹੋਵੇ, ਪਤੈ ਕੀ ਕੱਢੇ?' ਉਹ ਮੈਥੋਂ ਪੁੱਛਦਾ ਹੈ। ਮੈਂ ਸਿਰਫ਼ ਮੁਸਕਰਾ ਦਿੰਦਾ ਹਾਂ, ਕਹਿੰਦਾ ਕੁਝ ਨਹੀਂ। ਉਹ ਫਿਰ ਆਪਣੇ ਆਪ ਹੀ ਜਵਾਬ ਦਿੰਦਾ ਹੈ। ਕਹਿੰਦਾ ਹੈ- 'ਬੁਰੀ ਤੋਂ ਬੁਰੀ ਗਾਲ੍ਹ ਕਿਸੇ ਮੁਲਾਜ਼ਮ ਵਾਸਤੇ ਐ-‘ਮੂੰਹ ਕੀਤੈ ਛੱਬੀ ਤਰੀਕ ਵਰਗਾ। ’ਤੇ ਉਹ ਇਹ ਕਹਿ ਕੇ ਉੱਚੀ ਉੱਚੀ ਹੱਸ ਪੈਂਦਾ ਹੈ। ਦੁਕਾਨ ਵਿੱਚ ਬੈਠੇ ਆਲੇ-ਦੁਆਲੇ ਦੇ ਹੋਰ ਗਾਹਕ ਉਸ ਵੱਲ ਗਹੁ ਨਾਲ ਦੇਖਣ ਲੱਗਦੇ ਹਨ। ‘ਛੱਬੀ ਤਰੀਕ ਤਾਈਂ ਮੁਲਾਜ਼ਮ ਦੀ ਤਨਖ਼ਾਹ ਕੌਡੀ ਕੌਡੀ ਮੁੱਕ ਜਾਂਦੀ ਐ ਅਤੇ ਛੱਬੀ ਤਰੀਕ ਵਾਲਾ ਮੂੰਹ ਮੁਲਾਜ਼ਮ ਦਾ ਸਭ ਤੋਂ ਭੈੜਾ ਮੂੰਹ ਹੁੰਦੈ।' ਪਰਕਾਸ਼ ਗੰਭੀਰ ਹੋ ਜਾਂਦਾ ਹੈ। ਚਾਹ ਦੀਆਂ ਪਿਆਲੀਆਂ ਆ ਜਾਂਦੀਆਂ ਹਨ। ਅਸੀਂ ਹੌਲੀ ਹੌਲੀ ਚੁਸਕੀਆਂ ਭਰਦੇ ਹਾਂ। ਪਰਕਾਸ਼ ਆਪਣੀਆਂ ਗੱਲਾਂ ਜਾਰੀ ਰੱਖਦਾ ਹੈ।

'ਮੁਲਾਜ਼ਮਾਂ ਦੀ ਜ਼ਿੰਦਗੀ 'ਚ ‘ਇੱਕ ਤਰੀਕ’ ਬਹੁਤ ਵੱਡੀ ਤਿਹਾਰ ਐ। ਸਾਡੀ ਛੋਟੀ ਗੁੱਡੀ ਕਹਿੰਦੀ- 'ਪਾਪਾ ਜੀ ਲਾਲ ਰਿਬਨ?' ਮੈਂ ਕਹਿ ਦਿੰਨਾਂ- ‘ਇੱਕ ਤਰੀਕ’ ਨੂੰ।

'ਅੱਠਵੀਂ' ਜਮਾਤ 'ਚ ਪੜ੍ਹਦਾ ਰਾਜੂ ਬੂਟਾਂ ਦੀ ਗੱਲ ਤੋਰਦੈ। ਗਰਮੀ ਦੀ ਰੁੱਤ ਐ ਤੇ ਮੈਨੂੰ ਪਤੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੇ ਜੋੜੇ ਟੁੱਟੇ ਨੇ ਤੇ ਅਗਲੇ ਦੋ ਮਹੀਨੇ ਹੋਰ ਵੀ ਉਸ ਨੂੰ ਜੋੜੇ ਨਹੀਂ ਜੁੜਨੇ ਤੇ ਮੈਂ ਫੇਰ ਵੀ ਉਸ ਨੂੰ ਕਹਿ ਦਿੰਨਾਂ- ‘ਇੱਕ ਤਰੀਕ’ ਬੱਸ ਅਗਲੇ ਮਹੀਨੇ ਦੀ'

‘ਤੇਰੀ ਭਰਜਾਈ ਨੂੰ ਪੈੜੇ ਦੀ ਬਿਮਾਰੀ ਐ। ਉਹ ਦਿਨੋਂ ਦਿਨ ਘਟਦੀ ਜਾਂਦੀ ਐ। ਮੈਂ ਚਾਰ ਮਹੀਨਿਆਂ ਤੋਂ ਓਸ ਨੂੰ ‘ਇੱਕ ਤਰੀਕ' ਦੀਆਂ ਪੁੜੀਆਂ ਦੇ ਰਿਹਾ। ਉਹ ਹੋਰ ਘਟਦੀ ਜਾ ਰਹੀ ਐ।'

ਅਸੀਂ ਚਾਹ ਪੀ ਲੈਂਦੇ ਹਾਂ। ਉਹ ਵੀ ਜੇਬ੍ਹ ਨੂੰ ਹੱਥ ਮਾਰਦਾ ਹੈ, ਮੈਂ ਵੀ ਜੇਬ੍ਹ ਨੂੰ ਹੱਥ ਮਾਰਦਾ ਹਾਂ। ਪੈਸੇ ਉਹ ਦੇਣ ਲੱਗਦਾ ਹੈ, ਪਰ ਮੈਂ ਹੀ ਪਹਿਲਾਂ ਦੇ ਦਿੰਦਾ ਹਾਂ ਤੇ ਉਹ ਆਪਣੇ ਪੈਸੇ ਮੋੜ ਕੇ ਜੇਬ੍ਹ ਵਿੱਚ ਪਾ ਲੈਂਦਾ ਹੈ ਤੇ ਚੁੱਪ ਕਰ ਜਾਂਦਾ ਹੈ। ਦੁਕਾਨ ਉੱਤੋਂ ਅਸੀਂ ਦੋਵੇਂ ਉੱਠਦੇ ਹਾਂ। ਉੱਠਦਾ ਉੱਠਦਾ ਉਹ ਕਹਿ ਰਿਹਾ ਹੁੰਦਾ ਹੈ- 'ਵੱਡੀ ਕੁੜੀ ਦੇ ਕੰਨਾਂ 'ਚ ਨੁਕਸ ਐ। ਸੋਚਦਾ ਉਸ ਨੂੰ 'ਇੱਕ ਤਰੀਕ’ ਨੂੰ ਜ਼ਰੂਰ ਡਾਕਟਰ ਨੂੰ ਦਿਖੌਣੈਂ। ‘ਇੱਕ ਤਰੀਕ' ਹਰ ਵਾਰੀ ਲੰਘ ਜਾਂਦੀ ਐ ਤੇ ਕੁੜੀ ਇੱਕ ਤਰੀਕ ਪਿੱਛੋਂ ਇੱਕ ਮਹੀਨਾ ਹੋਰ ਵੱਡੀ ਹੋ ਜਾਂਦੀ ਐ। ਇੱਕ ਤਰੀਕ ਸਾਲੀ ਐਸੀ ਕਦੇ ਆਊ ਜਦੋਂ ਕੁੜੀ ਵਿਆਹੁਣ ਵਾਲੀ ਹੋ 'ਗੀ ਤੇ ਕਿਸੇ ਵੀ ਖੱਤਰੀ ਦੇ ਪੁੱਤ ਨੇ ਉਹ ਦਾ ਸਾਕ ਨਾ ਲਿਆ।' ਮੈਂ ਉਸ ਦਾ ਹੁੰਗਾਰਾ ਭਰਦਾ ਰਹਿੰਦਾ ਹਾਂ ਤੇ ਅਸੀਂ ਛੱਤੇ ਖੂਹ ਵੱਲ ਨੂੰ ਤੁਰ ਪੈਂਦੇ ਹਾਂ। ਉਹ ਬੋਲਦਾ ਰਹਿੰਦਾ ਹੈ- 'ਇੱਕ ਤਰੀਕ ਨੂੰ ਤਨਖ਼ਾਹ ਮਿਲਦੀ ਐ ਤੇ ਇੱਕ ਤਰੀਕ ਨੂੰ ਈ ਖ਼ਰਚੀ ਜਾਂਦੀ ਐ। ਕਈ ਵਾਰੀ ਤਾਂ ਇਉਂ ਹੁੰਦੈ ਕਿ ਕਿਸੇ ਮਹੀਨੇ ਦੀ ਇੱਕ ਤਰੀਕ ਨੂੰ ਹੀ ਸ਼ਾਮ ਨੂੰ ਦੁਕਾਨ 'ਤੇ ਸੌਦਾ ਲੈਣ ਜਾਈਂਦੈ ਤੇ ਦੁਕਾਨਦਾਰ ਨੂੰ ਕਹਿ ਦਈਂਦੈ ਕਿ ਪੈਸੇ ਇੱਕ ਤਰੀਕ ਨੂੰ ਮਿਲਣਗੇ ਭਾਈ।'

ਗੱਲ ਕਰਦਾ ਕਰਦਾ ਉਹ ਰਾਹ ਵਿੱਚ ਹੀ ਖੜ੍ਹ ਜਾਂਦਾ ਹੈ। ਕਹਿੰਦਾ ਹੈ- ‘ਛੱਤੇ ਖੂਹ ਕੋਲ ਇੱਕ ਦੁਕਾਨ ਦੇ ਮੈਂ ਕੱਚ ਦੇ ਗਲਾਸਾਂ ਦੇ ਪੈਸੇ ਦੇਣੇ ਐਂ। ਆਪਾਂ ਏਧਰ ਦੀ ਨੀ ਜਾਂਦੇ।' ਤੇ ਅਸੀਂ ਇੱਕ ਗਲੀ ਵਿੱਚ ਦੀ ਫਰਵਾਹੀ ਬਜ਼ਾਰ ਵਿੱਚ ਚਲੇ ਜਾਂਦੇ ਹਾਂ। ਪਰਕਾਸ਼ ਕਹਿੰਦਾ ਹੈ- 'ਹੁਣ ਭਰਾਵਾ ਮੌਤ ਵੀ ਜੇ ਕਦੇ ਆਈ ਤਾਂ ਉਸ ਨੂੰ ਵੀ ਕਹਿ ਦਿਆਂਗੇ- 'ਇੱਕ ਤਰੀਕ’ ਤੋਂ ਬਾਅਦ ਆਈਂ ਭਲੀਏਂ ਮਾਣਸੇ, ਹਾਲੇ ਤਾਂ ਬਰਨਾਲੇ ਦੀਆਂ ਵੀਹ ਦੁਕਾਨਾਂ ਨਬੇੜਨੀਆਂ ਰਹਿੰਦੀਆਂ ਨੇ।'