ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਮੋਸ਼ੀ
ਸਾਰੇ ਪਿੰਡ ਵਿੱਚ ਹੀ ਨੱਥਾ ਸਿੰਘ ਦੀ ਪੂਰੀ ਇੱਜ਼ਤ ਸੀ। ਚੰਗੇ ਤਕੜੇ ਟੱਬਰ ਵਾਲਾ ਉਹ ਇੱਕ ਨਰੋਆ ਜ਼ਿੰਮੀਦਾਰ ਸੀ। ਬਹੁਤ ਅਣਖ ਵਾਲਾ, ਬਹੁਤ ਭਲਾਮਾਣਸ। ਆਪਣੀ ਸਾਰੀ ਉਮਰ ਉਸ ਨੇ ਕਦੇ ਕੋਈ ਖਰਾਬੀ ਨਹੀਂ ਸੀ ਕੀਤੀ। ਕਦੇ ਕਿਸੇ ਨੇ ਉਹ ਦੇ ਵੱਲ ਸ਼ੱਕ ਦੀ ਉਂਗਲ ਨਹੀਂ ਕੀਤੀ ਸੀ। ਪੁੱਤ, ਨੂੰਹ, ਪੋਤੇ ਤੇ ਪੋਤੀਆਂ ਦੇ ਪਰਿਵਾਰ ਵਿੱਚ ਉਸ ਦੀ ਇੱਕ ਵਿਸ਼ੇਸ਼ ਥਾਂ ਸੀ। ਲੰਮਾ ਚੌੜਾ ਪੱਕੀਆਂ ਇੱਟਾਂ ਦਾ, ਮਹਿਲ ਵਰਗਾ ਉਹ ਦਾ ਘਰ, ਬਾਹਰਲਾ ਘਰ ਵੀ ਵਧੀਆ, ਡੰਗਰ ਪਸ਼ੂ ਚੜ੍ਹਦੇ ਤੋਂ ਚੜ੍ਹਦੇ ਤੇ ਜ਼ਮੀਨ ਵੀ ਉਸ ਕੋਲ ਖੁੱਲ੍ਹੀ ਸੀ।
ਪਿੰਡ ਵਿੱਚ ਕੋਈ ਰੌਲਾ ਹੋ ਜਾਂਦਾ ਤਾਂ ਨੱਥਾ ਸਿੰਘ ਨੂੰ ਬੁਲਾਇਆ ਜਾਂਦਾ। ਆਪਣੇ ਠੁਲੇ ਵਿਚੋਂ ਉਹ ਹਰ ਵਾਰੀ ਹੀ ਪੰਚ ਚੁਣਿਆ ਜਾਂਦਾ।
ਸੱਥ ਵਿੱਚ ਬੈਠੇ ਚੋਬਰ ਜੋ ਕਦੇ ਉੱਚੀ ਉੱਚੀ ਬੋਲ ਕੇ ਨਾ ਸੁਣਨ ਵਾਲੀਆਂ ਗੱਲਾਂ ਕਰਦੇ ਹੁੰਦੇ ਤੇ ਉਧਰੋਂ ਨੱਥਾ ਸਿੰਘ ਆ ਜਾਂਦਾ ਤਾਂ ਉਹ ਇਕਦਮ ਚੁੱਪ ਕਰ ਜਾਂਦੇ। ਕਈ ਉੱਠਦੇ ਮੁੰਡਿਆਂ ਨੂੰ ਉਹ ਲਾਡ ਨਾਲ ਮਾਵਾਂ ਦੀਆਂ ਗਾਲ੍ਹਾਂ ਕੱਢ ਦਿੰਦਾ ਤਾਂ ਉਹ ਹੱਸ ਛੱਡਦੇ। ਮੁੰਡਿਆਂ ਨੂੰ ਮਸਾਲਾ ਲਾ ਲਾ, ਮਾਵਾਂ ਦੀਆਂ ਗਾਲ੍ਹਾਂ ਕੱਢਣ ਦੀ ਆਦਤ ਉਸ ਨੂੰ ਬਹੁਤ ਸੀ। ਜਿਵੇਂ ਇਸ ਤਰ੍ਹਾਂ ਕਰਨ ਨਾਲ ਉਸ ਦੇ ਦਿਲ ਅੰਦਰ ਮੁੰਡਿਆਂ ਲਈ ਕੋਈ ਮੋਹ ਜਾਗ ਪੈਂਦਾ ਹੋਵੇ।
ਵੀਹੀ ਗਲੀ ਜੇ ਉਹ ਲੰਘਿਆ ਜਾਂਦਾ ਹੁੰਦਾ ਤਾਂ ਰਾਹ ਵਿੱਚ ਕੋਈ ਬਹੂ ਘੁੰਡ ਕੱਢੀ ਆਉਂਦੀ ਟੱਕਰ ਜਾਂਦੀ, ਉਹ ਕੰਧ ਨਾਲ ਲੱਗ ਕੇ ਖੜ੍ਹ ਜਾਂਦੀ। ਪਿੰਡ ਦੀ ਕੋਈ ਮੁਟਿਆਰ ਕੁੜੀ ਨੱਥਾ ਸਿੰਘ ਵੱਲ ਪਲਕ ਚੁੱਕ ਕੇ ਵੀ ਨਹੀਂ ਸੀ ਦੇਖਦੀ।
ਪਿੰਡ ਵਿੱਚ ਜੇ ਕੋਈ ਅਫ਼ਸਰ ਆਇਆ ਹੁੰਦਾ, ਹੋਰ ਕਿਤੋਂ ਜੇ ਰੋਟੀ ਦਾ ਪ੍ਰਬੰਧ ਹੁੰਦਾ ਤਾਂ ਬਿਨਾਂ ਪਿੱਛੇ ਰੋਟੀ ਉਹ ਨੱਥਾ ਸਿੰਘ ਦੇ ਘਰ ਖਾਂਦਾ।ਪਟਵਾਰੀ,ਗ੍ਰਾਮ ਸੇਵਕ, ਮਾਸਟਰ, ਬਿਜਲੀ ਕਰਮਚਾਰੀ ਤੇ ਪੰਚਾਇਤ ਸੈਕਟਰੀ ਤਾਂ ਜਿਵੇਂ ਉਹ ਦੇ ਨਿੱਤ ਦੇ ਮਹਿਮਾਨ ਸਨ, ਉਹ ਦਾ ਰਾਜਿਆ ਵਰਗਾ ਘਰ ਸੀ। ਕੋਈ ਬੰਦਾ ਉਹ ਦੇ ਘਰੋਂ ਕਦੇ ਨਿਰਾਸ਼ ਨਹੀਂ ਸੀ ਮੁੜਿਆ। ਪਿੰਡ ਦੇ ਗਰੀਬ ਗੁਰਬੇ ਤੇ ਕਮੀਂ ਉਹ ਦਾ ਸਤਿਕਾਰ ਕਰਦੇ ਸਨ।
‘ਨੱਥਾ ਸੂੰ ਜੀ ਘਰੇਓਂ?'ਇੱਕ ਦਿਨ ਚੌਕੀਦਾਰ ਨੇ ਉਹ ਦੇ ਘਰ ਮੂਹਰੇ ਆ ਕੇ ਹਾਕ ਮਾਰੀ। ਅੰਦਰੋਂ ਕੋਈ ਨਾ ਬੋਲਿਆ। ਚੌਕੀਦਾਰ ਨੇ ਇੱਕ ਹਾਕ ਹੋਰ ਮਾਰੀ। ਬਾਰਾਂ ਤੇਰਾਂ ਸਾਲ ਦੇ ਇੱਕ ਮੁੰਡੇ ਨੇ ਬਾਰ ਵਿੱਚ ਆ ਕੇ ਪੁੱਛਿਆ- 'ਕੀਹ ਐ ਚੌਕੀਦਾਰਾਂ?' ਉਹ ਕਹਿੰਦਾ- 'ਤੇਰਾ ਬਾਬਾ ਕਿੱਥੇ ਐ?' ਮੁੰਡੇ ਨੇ ਦੱਸਿਆ ਕਿ ਉਹ ਤਾਂ ਅੰਦਰਲੀ ਬੈਠਕ ਵਿੱਚ ਖੇਸ ਲਈ ਸੁੱਤਾ ਪਿਆ ਹੈ।
ਚੌਕੀਦਾਰ ਨੇ ਸੋਟੀ ਦੇ ਹੁੱਜ ਨਾਲ ਕੰਧ ਠੋਹਕਰੀ ਤੇ ਮੁੰਡੇ ਨੂੰ ਕਿਹਾ ਕਿ ਉਹ ਆਪਣੇ ਬਾਬੇ ਨੂੰ ਜਗਾ ਕੇ ਕਹੇ ਕਿ ਹਥਾਈ ਵਿੱਚ ਆਇਆ ਬੈਠਾ ਥਾਣੇਦਾਰ ਉਸ ਨੂੰ ਸੱਦਦਾ ਹੈ। ਮੁੰਡੇ ਨੂੰ ਹੀ ਐਨੀ ਗੱਲ ਕਹਿ ਕੇ ਮੋਟੇ ਗੋਡੇ ਤੇ ਵਾਂਡੀਆਂ ਲੱਤਾਂ ਵਾਲਾ ਚੌਂਕੀਦਾਰ ਚੱਲਦਾ ਹੋਇਆ।
ਪੋਤੇ ਦੇ ਮੂੰਹ ਦੀ ਗੱਲ 'ਤੇ ਨੱਥਾ ਸਿੰਘ ਨੂੰ ਭਰੋਸਾ ਨਹੀਂ ਸੀ ਆ ਰਿਹਾ। ਉਹ ਸੋਚੀਂ ਪੈ ਗਿਆ। ਉਸ ਨੂੰ ਲੱਗਿਆ, ਜਿਵੇਂ ਉਹ ਦਾ ਪੋਤਾ ਮਸ਼ਕਰੀਆਂ ਕਰਦਾ ਹੋਵੇ। ਉਸ ਨੇ ਦੁਬਾਰਾ ਉਸ ਤੋਂ ਪੁੱਛਿਆ। ਮੁੰਡੇ ਨੇ ਉਹੀ ਗੱਲ ਓਵੇਂ ਜਿਵੇਂ ਕਹਿ ਦਿੱਤੀ, ਜਿਵੇਂ ਚੌਕੀਦਾਰ ਉਸ ਨੂੰ ਆਖ ਕੇ ਗਿਆ ਸੀ।
ਨੱਥਾ ਸਿੰਘ ਦਾ ਛੋਟਾ ਭਰਾ ਬੱਗੂ ਸਿੰਘ ਪੰਦਰਾਂ ਵੀਹ ਸਾਲ ਹੋਏ, ਉਸ ਨਾਲੋਂ ਅੱਡ ਹੋ ਗਿਆ ਸੀ। ਬੱਗੂ ਦਾ ਕੰਮ ਵੀ ਨੱਥਾ ਸਿੰਘ ਵਾਂਗ ਵਧੀਆ ਤੁਰ ਪਿਆ ਸੀ, ਪਰ ਐਨੀ ਚੜ੍ਹਤ ਉਸ ਦੀ ਨਹੀਂ ਸੀ, ਜਿੰਨੀ ਨੱਥਾ ਸਿੰਘ ਦੀ ਸੀ। ਬੱਗੂ ਊਂ ਵੀ ਕਈ ਗੱਲਾਂ ਵਿੱਚ ਨੱਥਾ ਸਿੰਘ ਤੋਂ ਝਿਪਦਾ ਰਹਿੰਦਾ। ਵੱਡੇ ਭਾਈ ਦੇ ਹੁੰਦਿਆਂ ਲੋਕਾਂ ਵਿੱਚ ਖੜ੍ਹ ਕੇ ਉਹ ਨਿਸ਼ੰਗ ਗੱਲ ਨਹੀਂ ਸੀ ਕਰਦਾ। ਜਿੱਥੇ ਕਿਤੇ ਨੱਥਾ ਸਿੰਘ ਖੜ੍ਹਾ ਹੁੰਦਾ, ਬੱਗੂ ਉੱਥੇ ਟਲ ਜਾਂਦਾ। ਉਹ ਦੇ ਸਾਹਮਣੇ ਉਹ ਤੋਂ ਹਿੱਕ ਕੱਢ ਕੇ ਕੋਈ ਗੱਲ ਨਹੀਂ ਸੀ ਕੀਤੀ ਜਾਂਦੀ। ਨੱਥਾ ਸਿੰਘ ਨੂੰ ਇਸ ਗੱਲ ਦਾ ਬਹੁਤ ਹੰਕਾਰ ਸੀ ਤੇ ਮਾਣ ਵੀ ਕਿ ਉਸ ਦਾ ਛੋਟਾ ਭਰਾ ਉਸ ਦਾ ਕਿੰਨਾ ਅਦਬ ਕਰਦਾ ਹੈ। ਉੱਤੋਂ ਉੱਤੋਂ ਭਾਵੇਂ ਬੱਗੂ ਅੱਖ ਨੀਵੀਂ ਰੱਖਦਾ ਸੀ, ਪਰ ਉਸ ਦੇ ਧੁਰ ਅੰਦਰ ਇੱਕ ਜਲਣ ਜਿਹੀ ਰਹਿੰਦੀ ਕਿ ਉਹ ਕਿਹੜੀ ਗੱਲੋਂ ਕਿਸੇ ਨਾਲੋਂ ਘੱਟ ਹੈ? ਉਹ ਕਿਹੜੀ ਗੱਲ ਤੋਂ ਨੀਵਾਂ ਬਣ ਕੇ ਰਹਿੰਦਾ ਹੈ? | ਜਦ ਉਹ ਅੱਡ ਹੋਏ ਸਨ, ਉਦੋਂ ਜੋ ਕੁਝ ਨੱਥਾ ਸਿੰਘ ਨੇ ਵੰਡ ਕੇ ਉਸ ਨੂੰ ਦੇ ਦਿੱਤਾ ਸੀ, ਓਹੀ ਉਸ ਨੇ ਚੁੱਪ ਕਰਕੇ ਲੈ ਲਿਆ ਸੀ।
ਅੱਡ ਹੋਣ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਦਾ ਪਿਓ ਗੁਜ਼ਰ ਗਿਆ ਸੀ ਤੇ ਫਿਰ ਤੀਵੀਆਂ ਦੀ ਨਿੱਤ ਦੀ ਟੋਕ ਟਕਾਈ ਤੋਂ ਤੰਗ ਆ ਕੇ ਉਨ੍ਹਾਂ ਨੇ ਵੰਡਾਰਾ ਕਰ ਲਿਆ ਸੀ। ਜ਼ਮੀਨ, ਘਰ ਬਾਰ, ਡੰਗਰ ਪਸ਼ੂ, ਲੱਕੜ ਤਿੰਬੜ ਤੇ ਕੱਪੜੇ ਲੀੜੇ ਤੋਂ ਲਾ ਭਾਂਡੇ ਟੀਂਡੇ ਤੇ ਮੰਜੇ ਬਿਸਤਰੇ ਸਭ ਕੁਝ ਵੰਡ ਲਿਆ ਸੀ।
ਉਨ੍ਹਾਂ ਦਾ ਇੱਕ ਤਾਇਆ ਸੀ, ਜਿਹੜਾ ਔਤ ਹੀ ਮਰ ਗਿਆ ਸੀ। ਜ਼ਮੀਨ ਤਾਂ ਉਹ ਦੀ ਉਨ੍ਹਾਂ ਦੋਵੇਂ ਭਰਾਵਾਂ ਦੇ ਨਾਉਂ ਚੜ੍ਹ ਗਈ ਸੀ, ਪਰ ਉਸ ਦੇ ਹਿੱਸੇ ਦੀਆਂ ਦੋ ਸਬਾਤਾਂ ਅਜੇ ਰਹਿੰਦੀਆਂ ਸਨ, ਜਿਹੜੀਆਂ ਅਜੇ ਉਨ੍ਹਾਂ ਨੇ ਨਹੀਂ ਸਨ ਵੰਡੀਆਂ। ਉਹ ਨੱਥਾ ਸਿੰਘ ਦੇ ਚੁੱਲ੍ਹੇ 'ਤੇ ਹੀ ਰੋਟੀ ਖਾਂਦਾ ਹੁੰਦਾ ਸੀ। ਉਨ੍ਹਾਂ ਦਾ ਪਿਓ ਗੁਜ਼ਰਨ ਤੋਂ ਚਾਰ ਪੰਜ ਸਾਲ ਬਾਅਦ ਜਾ ਕੇ ਉਹ ਗੁਜ਼ਰਿਆ ਸੀ। ਮਰਦਾ ਮਰਦਾ ਉਹ ਆਪਣੀਆਂ ਦੋਵੇਂ ਸਬ੍ਹਾਤਾਂ ਨੱਥਾ ਸਿੰਘ ਦੇ ਵੱਡੇ ਮੁੰਡੇ ਦੇ ਨਾਉਂ ਕਰਵਾ ਗਿਆ ਸੀ।
ਬੱਗੂ ਨੇ ਪੰਚਾਇਤ ਵਿੱਚ ਮੁਕੱਦਮਾ ਕੀਤਾ ਸੀ ਕਿ ਇੱਕ ਸਬ੍ਹਾਤ ਉਸ ਨੂੰ ਦਿੱਤੀ ਜਾਵੇ। ਨੱਥਾ ਸਿੰਘ ਕੁਝ ਨਹੀਂ ਸੀ ਬੋਲਦਾ।ਉਹ ਦਾ ਵੱਡਾ ਮੁੰਡਾ ਜ਼ਿੱਦ ਪੁਗਾ ਰਿਹਾ ਸੀ ਕਿ ਜਦੋਂ ਬੁੜ੍ਹੇ ਨੇ ਸਾਰੀ ਉਮਰ ਸਾਡੇ ਚੁੱਲ੍ਹੇ 'ਤੇ ਰੋਟੀ ਖਾਧੀ ਹੈ ਤੇ ਮਰਨ ਵੇਲੇ ਉਸ ਦੀ ਬਹੂ ਨੇ ਉਸ ਦਾ ਗ਼ੰਦ ਸਾਂਭਿਆ ਹੈ ਅਤੇ ਜਦੋਂ ਉਹ ਆਪਣੇ ਹੱਥੀਂ ਦੋਵੇਂ ਸਬਾਤਾਂ ਮੇਰੇ ਨਾਉਂ ਲਿਖਵਾ ਗਿਆ ਹੈ ਤਾਂ ਇਸ ਵਿੱਚ ਚਾਚੇ ਬੱਗੂ ਦੀ ਕੀ ਫਾਲ ਪੁੱਗਦੀ ਹੈ?
ਪੰਚਾਇਤ ਨੇ ਕੋਈ ਫੈਸਲਾ ਨਾ ਕੀਤਾ।
ਬੱਗੂ ਨੇ ਇੱਕ ਵਾਰੀ ਅਗਵਾੜ ਦਾ ਇਕੱਠਾ ਵੀ ਕੀਤਾ, ਪਰ ਉੱਥੇ ਵੀ ਕੋਈ ਗੱਲ ਨਾ ਬਣੀ। ਤਾਏ ਵਾਲੀ ਇੱਕ ਸਬ੍ਹਾਤ ਵਿੱਚ ਨੱਥਾ ਸਿੰਘ ਦੀ ਘੋੜੀ ਬੰਨ੍ਹੀ ਹੁੰਦੀ। ਬੱਗੂ ਨੇ ਇੱਕ ਦਿਨ ਘੋੜੀ ਓਥੋਂ ਖੋਲ੍ਹ ਦਿੱਤੀ ਤੇ ਓਸੇ ਕਿੱਲੇ 'ਤੇ ਆਪਣੀ ਗਾਂ ਬੰਨ੍ਹ ਦਿੱਤੀ। ਖੁੱਲੀ ਫਿਰਦੀ ਤੇ ਅਗਵਾੜ ਵਿੱਚ ਖਰੂਦ ਪਾਉਂਦੀ ਘੋੜੀ ਜਦ ਨੱਥਾ ਸਿੰਘ ਦੇ ਵੱਡੇ ਮੁੰਡੇ ਨੇ ਦੇਖੀ ਤਾਂ ਉਸ ਨੂੰ ਪੁਚਕਾਰ ਕੇ ਫੜ ਲਿਆਇਆ। ਸਬਾਤ ਵਿੱਚ ਆਇਆ ਤਾਂ ਦੇਖਿਆ ਕਿ ਓਥੇ ਬੱਗੂ ਦੀ ਗਾਂ ਬੰਨ੍ਹੀ ਖੜ੍ਹੀ ਹੈ। ਉਸ ਨੇ ਗਾਂ ਦਾ ਰੱਸਾ ਖੋਲ੍ਹ ਦਿੱਤਾ ਤੇ ਘੋੜੀ ਬੰਨ੍ਹ ਦਿੱਤੀ।ਖੁੱਲ੍ਹੀ ਗਾਂ ਜਦ ਬੱਗੂ ਨੇ ਆਪਣੇ ਘਰ ਵੜਦੀ ਦੇਖੀ ਤਾਂ ਉਹ ਦੇ ਵਿੱਚ ਫੱਕਾ ਨਾ ਰਿਹਾ। ਉਹ ਭੱਜਿਆ ਭੱਜਿਆ ਤਾਏ ਦੀ ਸਬ੍ਹਾਤ ਵੱਲ ਆਇਆ ਤੇ ਭਤੀਜੇ ਨੂੰ ਅੱਖਾਂ ਦਿਖਾਉਣ ਲੱਗਿਆ। ਭਤੀਜਾ ਕਿਹੜਾ ਭਲਾਮਾਣਸ ਸੀ। ਉਸ ਨੇ ਫਹੁੜਾ ਚੁੱਕ ਕੇ ਪੈਰਾਂ 'ਤੇ ਠੋਕਿਆ ਉਹ ਥਾਂ ਦੀ ਥਾਂ ਫੁੜਕ ਗਿਆ। ਫਹੁੜਾ ਮਾਰਨ ਸਾਰ ਉਹ ਪਤਾ ਨਹੀਂ ਕਿੱਧਰ ਰੋਹੀਆਂ ਨੂੰ ਜਾ ਚੜ੍ਹਿਆ। ਉਸੇ ਦਿਨ ਬੱਗੂ ਜਦ ਕੁਝ ਤੁਰਨ ਫਿਰਨ ਜੋਗਾ ਹੋਇਆ ਤਾਂ ਥਾਣੇ ਵਿੱਚ ਜਾ ਕੇ ਅਰਜ਼ੀ ਦੇ ਆਇਆ।
ਪਿੰਡ ਵਿੱਚ ਹੋਰ ਝਗੜੇ ਵੀ ਸਨ ਤੇ ਇੱਕ ਇਹ ਝਗੜਾ ਲੈ ਕੇ ਥਾਣੇਦਾਰ ਉਸ ਦਿਨ ਪਿੰਡ ਦੀ ਹਥਾਈ ਵਿੱਚ ਉਤਰਿਆ ਹੋਇਆ ਸੀ। ਚੌਕੀਦਾਰ ਦੇ ਹੱਥ ਉਸ ਨੇ ਨੱਥਾ ਸਿੰਘ ਨੂੰ ਘਰੋਂ ਬੁਲਵਾਇਆ ਸੀ।
ਨੱਥਾ ਸਿੰਘ ਮੁੰਡੇ ਦੇ ਮੂੰਹੋਂ ਚੌਕੀਦਾਰ ਦੀ ਗੱਲ ਸੁਣ ਕੇ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਸੀ। ਥਾਣੇਦਾਰ ਤਾਂ ਕੀ ਸੀ ਕਿਸੇ ਡੀ. ਸੀ. ਨੇ ਅੱਜ ਤਾਈਂ ਉਸ ਨੂੰ ਇਉਂ ਸੱਥ ਵਿੱਚ ਨਹੀਂ ਸੀ ਸੱਦਿਆ। ਖੇਸ ਦੀ ਬੁੱਕਲ ਮਾਰੀਂ, ਉਹ ਖਾਸਾ ਚਿਰ ਅੰਦਰੇ ਬੈਠਕ ਵਿੱਚ ਮੰਜੀ ਦੀ ਬਾਹੀ ਫੜ ਕੇ ਬੈਠਾ ਰਿਹਾ ਤੇ ਆਪਣੇ ਦਿਮਾਗ ਵਿੱਚ ਖਿਆਲਾਂ ਦੇ ਘੋੜੇ ਭਜਾਉਂਦਾ ਰਿਹਾ। ਪਿਛਲੇ ਪਹਿਰ ਦੀ ਚਾਹ ਦਾ ਵੇਲਾ ਸੀ। ਉਸ ਦੀ ਛੋਟੀ ਨੂੰਹ ਚਾਹ ਦੀ ਗੜਵੀ ਤੇ ਗਲਾਸ ਉਸ ਦੇ ਸਰ੍ਹਾਣੇ ਰੱਖ ਗਈ। ਉਸ ਨੇ ਗਲਾਸ ਵਿੱਚ ਚਾਹ ਪਾ ਕੇ ਘੁੱਟ ਭਰੀ। ਚਾਹ ਉਸ ਨੂੰ ਸੁਆਦ ਨਾ ਲੱਗੀ। ਬਕਬਕੀ ਚਾਹ, ਜਿਵੇਂ ਬੱਬੇ ਦਾ ਪਾਣੀ ਉਬਾਲਿਆ ਹੋਇਆ ਹੋਵੇ। ਦੋ ਘੁੱਟਾਂ ਭਰ ਕੇ ਉਸ ਨੇ ਗਲਾਸ ਥਾਂ ਦੀ ਥਾਂ ਧਰ ਦਿੱਤਾ ਤੇ ਓਵੇਂ ਜਿਵੇਂ ਖੇਸ ਦੀ ਬੁੱਕਲ ਮਾਰੀਂ, ਪੈਰੀਂ ਜੋੜੇ ਪਾ ਕੇ ਹਥਾਈ ਵੱਲ ਨੂੰ ਚੱਲ ਪਿਆ।
ਰਾਹ ਵਿੱਚ ਉਸ ਨੂੰ ਲੱਗਿਆ, ਜਿਵੇਂ ਉਸ ਦਾ ਮੱਥਾ ਪਾਟ ਪਾਟ ਜਾਂਦਾ ਹੋਵੇ। ਜਿਵੇਂ ਉਸ ਦੇ ਪੈਰਾਂ ਥੱਲਿਓਂ ਧਰਤੀ ਤਿਲ੍ਹਕ ਰਹੀ ਹੋਵੇ। ਜਿਵੇਂ ਉਸ ਦੇ ਪਿੰਡਾਂ ਵਿਚੋਂ ਸੇਕ ਜਿਹਾ ਆਉਣ ਲੱਗ ਪਿਆ ਹੋਵੇ।
ਉਸ ਦੇ ਮਨ ਵਿੱਚ ਇੱਕ ਲਹਿਰ ਚੜ੍ਹਦੀ ਸੀ, ਇੱਕ ਉਤਰਦੀ ਸੀ। ਉਸ ਦੀ ਸੱਠ ਸਾਲ ਦੀ ਉਮਰ ਹੋ ਗਈ, ਇਸ ਤਰ੍ਹਾਂ ਚੌਕੀਦਾਰ ਦੇ ਹੱਥ ਪੁਲਿਸ ਵਾਲਿਆਂ ਨੇ ਉਸ ਨੂੰ ਕਦੇ ਨਹੀਂ ਸੀ ਬੁਲਾਇਆ। ਜੁੱਸੇ ਦਾ ਸਾਰਾ ਜ਼ੋਰ ਇਕੱਠਾ ਜਿਹਾ ਕਰਕੇ ਉਹ ਹਥਾਈ ਵਿੱਚ ਪਹੁੰਚਿਆ ਤਾਂ ਬੱਗੂ ਥਾਣੇਦਾਰ ਦੇ ਪੈਰਾਂ ਵਿੱਚ ਬੈਠਾ ਡੱਕੇ ਨਾਲ ਧਰਤੀ ਖੁਰਚ ਰਿਹਾ ਸੀ। ਨੱਥਾ ਸਿੰਘ ਨੇ ਥਾਣੇਦਾਰ ਨੂੰ ਫ਼ਤਿਹ ਬੁਲਾਈ ਤੇ ਗਲ ਵਿੱਚ ਖੱਦਰ ਦਾ ਸਮੋਸਾ ਪਾ ਕੇ ਦੋਵੇਂ ਹੱਥ ਜੋੜ ਕੇ ਪੁੱਛਿਆ- 'ਕੀ ਹੁਕਮ ਐ ਸਰਦਾਰ ਸਾਹਿਬ?’ ਥਾਣੇਦਾਰ ਸੂਈ ਕੁੱਤੀ ਵਾਂਗ ਉਸ ਨੂੰ ਝਈ ਲੈਕੇ ਪਿਆ ਤੇ ਕੜਕਿਆ- 'ਤੂੰ ਭਲੀਪਤ ਨਾਲ ਮੁੰਡੇ ਨੂੰ ਪੇਸ਼ ਕਰਦੇ, ਨਹੀਂ ਤਾਂ ਬੁੜ੍ਹਿਆ ਦਾੜ੍ਹੀ ਦਾ ਵਾਲ ਵਾਲ ਕਰ ਦਿਆਂਗੇ। ਸੁਣਿਆ?' ਥਾਣੇਦਾਰ ਦੀ ਏਸ ਝਿੜਕ ਨੇ ਨੱਥਾ ਸਿੰਘ ਨੂੰ ਮਿੱਟੀ ਬਣਾ ਦਿੱਤਾ, ਉਸ ਦੇ ਮੂੰਹੋਂ ਸਿਰਫ਼ ਐਨੀ ਅਵਾਜ਼ ਹੀ ਨਿਕਲੀ- ‘ਚੰਗਾ ਹਜ਼ੂਰ।'
ਹਥਾਈ ਵਿੱਚ ਉਨ੍ਹਾਂ ਦੇ ਅਗਵਾੜ ਦੇ ਹੋਰ ਆਦਮੀ ਵੀ ਆਏ ਬੈਠੇ ਸਨ। ਲੋਕਾਂ ਵਿੱਚ ਨੱਥਾ ਸਿੰਘ ਨੂੰ ਬਹੁਤ ਨਮੋਸ਼ੀ ਆਈ। ਉਸਨੂੰ ਧਰਤੀ ਬਿਆੜ ਨਹੀਂ ਸੀ ਦੇ ਰਹੀ, ਨਹੀਂ ਤਾਂ ਉਹ ਥਾਂ ਦੀ ਥਾਂ ਗਰਕ ਹੋ ਜਾਂਦਾ। ਸਾਰੀ ਉਮਰ ਦੀ ਰੱਖੀ ਉਸ ਦੀ ਪਤ ਮਿੱਟੀ ਵਿੱਚ ਮਿਲ ਗਈ ਸੀ, ਮਿਲ ਕਾਹਨੂੰ ਰੁਲ ਗਈ ਸੀ। ਗੂੰਗਾ ਜਿਹਾ ਬਣਿਆ ਉਹ ਆਪਣੇ ਘਰ ਆ ਗਿਆ।
ਬਿੰਦ ਝੱਟ ਘਰ ਦਮ ਲੈ ਕੇ ਉਹ ਆਪਣੇ ਬਾਹਰਲੇ ਘਰ ਚਲਿਆ ਗਿਆ। ਓਥੇ ਜਾ ਕੇ ਨਿੰਮ੍ਹ ਦੀ ਥਾਂ ਥੱਲੇ ਉਹ ਮੁਟਕੜੀ ਮਾਰੀ ਬੈਠਾ ਰਿਹਾ, ਉਸ ਨੂੰ ਕੋਈ ਵੀ ਗੱਲ ਨਹੀਂ ਸੀ ਸੁੱਝ ਰਹੀ। ਉਸ ਦੇ ਵੱਡੇ ਮੁੰਡੇ ਦੀ ਇਹ ਹਿੰਡ ਹੀ ਸੀ, ਜਿਹੜਾ ਉਹ ਤਾਏ ਵਾਲਾ ਥਾਂ ਵੰਡ ਕੇ ਬੱਗੂ ਨੂੰ ਨਹੀਂ ਦਿੰਦਾ। ਜਦ ਕਦੇ ਤਾਏ ਵਾਲਾ ਥਾਂ ਵੰਡ ਦੇਣ ਲਈ ਉਸ ਨੇ ਘਰ ਗੱਲ ਤੋਰੀ ਸੀ ਤਾਂ ਵੱਡਾ ਮੁੰਡਾ ਉਸ ਨੂੰ ਆਕੜ ਆਕੜ ਪਿਆ ਸੀ। ਬਰਾਬਰ ਦਾ ਪੁੱਤ ਸਮਝ ਕੇ ਉਸ ਨੇ ਕਦੇ ਉਸ ਦਾ ਮੂੰਹ ਨਹੀਂ ਸੀ ਫਿਟਕਾਰਿਆ, ਪਰ ਅੱਜ ਥਾਣੇਦਾਰ ਦੇ ਮੂੰਹੋਂ ਫਿਟਕਾਰ ਸੁਣ ਕੇ ਉਸ ਨੂੰ ਜਿਹੜੀ ਨਮੋਸ਼ੀ ਚਿੰਬੜ ਗਈ ਸੀ। ਉਸ ਨੇ ਤਾਂ ਉਸ ਦੀ ਬਿਲਕੁਲ ਹੀ ਜਾਨ ਹੀ ਜਾਨ ਕੱਢ ਲਈ ਸੀ। ਸਾਰੀ ਉਮਰ ਉਸ ਨੇ ਕਦੇ ਕਿਸੇ ਤੋਂ ਅਜਿਹਾ ਬੋਲ ਨਹੀਂ ਸੀ ਅਖਵਾਇਆ, ਜਿਹੜਾ ਬੋਲ ਉਸ ਖੋਦੀ ਦਾੜ੍ਹੀ ਵਾਲੇ ਥਾਣੇਦਾਰ ਨੇ ਉਸ ਨੂੰ ਕਹਿ ਦਿੱਤਾ ਸੀ- 'ਨਹੀਂ ਤਾਂ ਬੁੜ੍ਹਿਆ ਦਾੜ੍ਹੀ ਦਾ ਵਾਲ ਵਾਲ ਕਰ ਦਿਆਂਗੇ।'
ਬੈਠੇ ਬੈਠੇ ਉਸ ਦੇ ਜੀਅ ਵਿੱਚ ਆਈ ਕਿ ਚੱਲੋ ਜੋ ਹੋ ਗਈ ਹੈ, ਉਹ ਤਾਂ ਹੁਣ ਹੱਥ ਨਹੀਂ ਆ ਸਕਦੀ। ਮਰਿਆ ਤਾਂ ਜਾਂਦਾ ਨਹੀਂ। ਪਰ ਉਸ ਦਾ ਮਨ ਕਹਿੰਦਾ ਸੀ ਕਿ ਉਹ ਆਪਣੇ ਮੂੰਹ ਨੂੰ ਕਿਸੇ ਅਜਿਹੀ ਥਾਂ ਲੁਕੋ ਲਵੇ, ਜਿੱਥੇ ਉਸ ਨੂੰ ਕੋਈ ਨਾ ਦੇਖੇ, ਕੋਈ ਉਸ ਨਾਲ ਗੱਲ ਨਾ ਕਰੇ। ਛੋਟੇ ਭਰਾ ਨੇ ਐਨੇ ਲੋਕਾਂ ਵਿੱਚ ਪੁੱਜ ਕੇ ਉਸ ਦੀ ਪੱਟੀ ਮੇਸ ਕਰ ਦਿੱਤੀ ਸੀ। ਉਹ ਹੁਣ ਸੱਥ ਵਿੱਚ ਖੜ੍ਹ ਕੇ ਬੋਲਣ ਜੋਗਾ ਨਹੀਂ ਸੀ ਰਿਹਾ।
ਉਸ ਨੇ ਦੇਖਿਆ, ਖੁਰਲੀ 'ਤੇ ਖੜ੍ਹੀ ਕੱਟੀ ਰੱਸਾ ਤੁੜਾ ਰਹੀ ਹੈ। ਸ਼ਾਇਦ ਖੁਰਲੀ ਵਿੱਚ ਕੱਖ ਨਹੀਂ ਸਨ। ਉਸਨੇ ਇੱਕ ਟੋਕਰਾ ਚੁੱਕਿਆ ਤੇ ਕੁਤਰੇ ਵਾਲੀ ਮਸ਼ੀਨ ਮੂਹਰੇ ਜਾ ਬੈਠਾ। ਕੁਤਰੇ ਹੋਏ ਚਾਰੇ ਦਾ ਟੋਕਰਾ ਉਸ ਨੇ ਮੂੰਹ ਤਾਈਂ ਥਾਪੜ ਕੇ ਭਰ ਲਿਆ। ਦੋਵੇਂ ਹੱਥ ਪਾ ਕੇ ਉਹ ਟੋਕਰਾ ਚੁੱਕਣ ਲੱਗਿਆ, ਪਰ ਟੋਕਰਾ ਉਸ ਤੋਂ ਚੁੱਕਿਆ ਨਾ ਗਿਆ।
ਵੱਡੀ ਬਹੂ ਬਾਹਰਲੇ ਘਰ ਪਾਥੀਆਂ ਦਾ ਟੋਕਰਾ ਲੈਣ ਆਈ। ਉਸ ਨੇ ਦੇਖਿਆ, ਉਹ ਦਾ ਸਹੁਰਾ ਕੁਤਰੇ ਵਾਲੀ ਮਸ਼ੀਨ ਮੂਹਰੇ ਚਾਰੇ ਦੇ ਭਰੇ ਦੌਕਰੇ ’ਤੇ ਹਿੱਕ ਪਰਨੇ ਡਿੱਗਿਆ ਪਿਆ ਹੈ। ਉਸ ਨੇ ਬਾਹੋਂ ਫੜ ਕੇ ਬੁੜ੍ਹੇ ਨੂੰ ਹਲਾਇਆ, ਪਰ ਉਹ ਹਿੱਲਿਆ ਨਾ। ਉਸ ਦੀ ਦਾੜ੍ਹੀ ਵਿੱਚ ਚਾਰੇ ਦੇ ਡੱਕੇ ਫਸੇ ਪਏ ਸਨ। ਅੱਖਾਂ ਬੰਦ ਤੇ ਦੰਦ ਬੀੜ ਜੁੜੀ ਹੋਈ ਸੀ। ਉਸ ਨੇ ਪੂਰੀ ਤਸੱਲੀ ਕੀਤੀ-ਬੁੜ੍ਹੇ ਵਿਚੋਂ ਸਾਹ ਸਾਰੇ ਦੇ ਸਾਰੇ ਉਡ ਚੁੱਕੇ ਸਨ।