ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਡਰਿਆ ਹੋਇਆ ਆਦਮੀ

ਵਿਕੀਸਰੋਤ ਤੋਂ
ਡਰਿਆ ਹੋਇਆ ਆਦਮੀ

ਕਈ ਹਫ਼ਤੇ ਲੰਘ ਚੁੱਕੇ ਸਨ, ਉਸ ਨੇ ਕੋਈ ਫ਼ਿਲਮ ਨਹੀਂ ਸੀ ਦੇਖੀ। ਘਰ ਦੇ ਦੁੱਖਾਂ ਕਲੇਸ਼ਾਂ ਵਿੱਚ ਜਾਂ ਦਫ਼ਤਰ ਦੇ ਥਕਾਊ ਕੰਮ ਤੋਂ ਜਦ ਉਹ ਅੱਕ ਜਾਂਦਾ ਹੈ ਤਾਂ ਉਸ ਦਿਨ ਉਹ ਸਿਨੇਮੇ ਜਾਂਦਾ ਹੈ। ਤਿੰਨ ਘੰਟੇ ਤਾਂ ਚੰਗੇ ਲੰਘਦੇ ਹਨ। ਇਸ ਸਮੇਂ ਉਹ ਆਪਣੀ ਅੰਦਰਲੀ ਦੁਨੀਆਂ ਵੀ ਭੁੱਲ ਜਾਂਦਾ ਹੈ।

ਇਕੱਲਾ ਹੀ ਸਿਨੇਮੇ ਦੇਖਣ ਦੀ ਆਦਤ ਨਹੀਂ। ਜੇ ਕਦੇ ਉਹ ਇਕੱਲਾ ਚਲਿਆ ਵੀ ਜਾਵੇ ਤਾਂ ਆਪਣੇ ਆਪ ਨੂੰ ਗੁਆਚਿਆ ਗੁਆਚਿਆ ਮਹਿਸੂਸ ਕਰਦਾ ਹੈ। ਫ਼ਿਲਮ ਦੇਖਣ ਦਾ ਲੁਤਫ਼ ਜ਼ਰਾ ਵੀ ਨਹੀਂ ਆਉਂਦਾ। ਕੋਈ ਨਾਲ ਹੋਵੇ ਤਾਂ ਦੁੱਗਣਾ ਸੁਆਦ ਆਉਂਦਾ ਹੈ। ਉਸ ਦੀ ਬੀਵੀ ਸਿਨੇਮੇ ਦੇਖਣ ਦੀ ਸ਼ੌਕੀਨ ਨਹੀਂ। ਭੁੱਲੀ ਚੁੱਕੀ ਜੇ ਕਦੇ ਆ ਵੀ ਜਾਵੇ ਤਾਂ ਘਰ ਆ ਕੇ ਹੀਰੋਇਨ ਨੂੰ ਗਾਲਾਂ ਕੱਢਣੋਂ ਨਹੀਂ ਹਟਦੀ। ਦਫ਼ਤਰ ਦੇ ਕਿਸੇ ਬੰਦੇ ਨੂੰ ਜੇ ਉਹ ਫ਼ਿਲਮ ਦੇਖਣ ਲਈ ਕਹਿੰਦਾ ਹੈ ਤਾਂ ਉਹ ਬੰਦਾ ਸਮਝਣ ਲੱਗ ਪੈਂਦਾ ਹੈ ਕਿ ਰਮੇਸ਼ ਅੱਜ ਆਪ ਹੀ ਪੈਸੇ ਖ਼ਰਚ ਕਰੇਗਾ। ਹੁੰਦਾ ਵੀ ਇਉਂ ਹੀ ਹੈ। ਜਿਸ ਬੰਦੇ ਨੂੰ ਉਹ ਨਾਲ ਲੈ ਕੇ ਜਾਵੇ, ਉਸ ਦਾ ਟਿਕਟ ਉਹ ਆਪ ਹੀ ਖਰੀਦ ਲੈਂਦਾ ਹੈ। ਕਈ ਬੰਦੇ ਤਾਂ ‘ਗਿਵ ਐਂਡ ਟੇਕ’ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਦਿਨ ਟਿਕਟ ਮੈਂ ਲੈ ਗਿਆ, ਦੂਜੇ ਦਿਨ ਤੁਸੀਂ ਲੈ ਲਓ ਜਾਂ ਟਿਕਟ ਮੈਂ ਲਿਆ ਹੈ ਤਾਂ ਇੰਟਰਵਲ ਵਿੱਚ ਚਾਹ ਤੁਸੀਂ ਪਿਆ ਦਿੱਤੀ। ਫੋਕੀ ਨਾਲੋਂ ਕੁਝ ਖਵਾ ਦਿੱਤਾ। ਟਿਕਟ ਦਾ ਭਾਂਗਾ ਪੂਰਾ ਹੋ ਗਿਆ। ਪਰ ਕਈ ਕਮਬਖ਼ਤ ਤਾਂ ਐਸੇ ਟੱਕਰਦੇ ਹਨ ਕਿ ਉਨ੍ਹਾਂ ਦਾ ਟਿਕਟ ਵੀ ਆਪ ਲਓ ਤੇ ਇੰਟਰਵਲ ਵਿੱਚ ਉਨ੍ਹਾਂ ਹਰਾਮਖ਼ੋਰਾਂ ਨੂੰ ਚਾਹ ਵੀ ਆਪਣੀ ਜੇਬ ਵਿੱਚੋਂ ਹੀ ਪਿਆਉ। ਸੋ, ਕਦੇ ਕਦੇ ਤਾਂ ਰਮੇਸ਼ ਨੂੰ ਇਕੱਲਾ ਹੀ ਜਾਣਾ ਪੈਂਦਾ ਹੈ, ਪਰ ਉਸ ਨੂੰ ਇਕੱਲੇ ਜਾਣਾ ਫਿਰ ਵੀ ਓਪਰਾ ਓਪਰਾ ਲੱਗਦਾ ਹੈ। ਕਈ ਬੰਦੇ ਹਨ, ਜੋ ਇਕੱਲੇ ਹੀ ਫ਼ਿਲਮ ਦੇਖ ਲੈਂਦੇ ਹਨ। ਅਜਿਹੇ ਬੰਦਿਆਂ ਨਾਲ ਰਮੇਸ਼ ਨੂੰ ਚਿੜ੍ਹ ਹੈ।

ਅੱਜ ਉਸ ਨੇ ਆਪਣੇ ਦਫ਼ਤਰ ਦੇ ਬਾਬੂ ਹੁਕਮ ਚੰਦ ਨੂੰ ਮਨਾ ਲਿਆ ਸੀ। ਹੁਕਮ ਚੰਦ ਕਦੇ ਕਦੇ ਹੀ ਫ਼ਿਲਮ ਦੇਖਦਾ ਹੈ। ਦੇਣਾ ਇੱਕ ਨਾ ਲੈਂਣੇ ਦੇ। ਆਪਣੇ ਪੈਸਿਆਂ ਦੇ ਟਿਕਟ ਖਰੀਦੇਗਾ ਤੇ ਆਪਣੇ ਪੈਸਿਆਂ ਦੀ ਹੀ ਚਾਹ ਪੀਏਗਾ। ਇਸ ਤਰ੍ਹਾਂ ਦੀ ਗੱਲ ਵੀ ਰਮੇਸ਼ ਨੂੰ ਚੰਗੀ ਨਹੀਂ ਲੱਗਦੀ। ਇਹ ਕਾਹਦੀ ਅਪਣਤ ਹੈ ਕਿ ਫ਼ਿਲਮ ਰਲ ਕੇ ਦੇਖੇ ਤੇ ਪੈਸੇ ਆਪੋ ਆਪਣੇ ਖ਼ਰਚੇ। ਖ਼ੈਰ, ਹੁਕਮ ਚੰਦ ਉਸ ਦੇ ਨਾਲ ਆ ਗਿਆ ਸੀ। ਐਨਾ ਹੀ ਕਾਫ਼ੀ ਸੀ, ਕੋਲ ਤਾਂ ਬੈਠੇਗਾ, ਗੱਲ ਤਾਂ ਕੋਈ ਕਰੇਗਾ। ਰੋਮਾਂਸ ਚੱਲ ਰਿਹਾ ਹੈ। ਰਮੇਸ਼ ਬਾਹਰਲੀ ਤੇ ਅੰਦਰਲੀ ਸਾਰੀ ਦੁਨੀਆਂ ਭੁੱਲ ਗਿਆ ਹੈ। ਹੁਕਮ ਚੰਦ ਵੀ ਖ਼ੁਸ਼ ਹੈ। ਵਿੱਚ ਦੀ ਕੋਈ ਕੋਈ ਗੱਲ ਉਹ ਕਰਦੇ ਹਨ। ਖ਼ੁਸ਼ ਹੁੰਦੇ ਹਨ, ਹੱਸਦੇ ਹਨ, ਕਦੇ ਕਦੇ ਕੋਈ ਹਾਉਂਕਾ ਵੀ।

ਇੰਟਰਵਲ ਹੋਇਆ ਤਾਂ ਉਹ ਖੜ੍ਹੇ ਹੋ ਗਏ। ਸਾਰੇ ਲੋਕ ਕਰੀਬ ਕਰੀਬ ਖੜ੍ਹੇ ਹੋ ਚੁੱਕੇ ਹਨ। ਕੋਈ ਕੋਈ ਬੈਠਾ ਹੈ। ਬਾਹਰ ਨਿਕਲਣ ਲਈ ਦਰਵਾਜ਼ਿਆਂ ਵੱਲ ਨੂੰ ਲੋਕ ਵਧ ਰਹੇ ਹਨ। ਲੰਬੀਆਂ ਲੰਬੀਆਂ ਕਤਾਰਾਂ। ਹੁਕਮ ਚੰਦ ਅੱਗੇ ਹੈ ਤੇ ਰਮੇਸ਼ ਉਸ ਦੇ ਪਿੱਛੇ। ਇੱਕ ਸੀਟ ਦੇ ਕੋਲ, ਸੀਟ ਦੀ ਛਾਂ ਵਿੱਚ ਇੱਕ ਕਾਲਾ ਬਟੂਆ ਪਿਆ ਹੈ। ਰਮੇਸ਼ ਨੇ ਪੂਰਾ ਧਿਆਨ ਦੇ ਕੇ ਦੇਖਿਆ, ਸੱਚੀ ਹੀ ਬਟੂਆ ਹੈ। ਉਸ ਨੇ ਫੁਰਤੀ ਨਾਲ ਬਟੂਏ ਦੇ ਉੱਪਰ ਪੈਰ ਧਰ ਲਿਆ ਹੈ। ਹੁਕਮ ਚੰਦ ਅੱਗੇ ਲੰਘ ਗਿਆ ਹੈ, ਪਰ ਰਮੇਸ਼ ਉੱਥੇ ਹੀ ਖੜ੍ਹਾ ਹੈ। ਬਟੂਏ ਨੂੰ ਚੁੱਕੇ ਤਾਂ ਕਿਵੇਂ ਚੁੱਕੇ? ਚਾਰ ਚੁਫੇਰੇ ਲੋਕ ਹਨ। ਕਿਸੇ ਨੇ ਦੇਖ ਲਿਆ ਤਾਂ?

ਰਮੇਸ਼ ਨੇ ਚਾਰ ਚੁਫ਼ੇਰਾ ਦੇਖ ਕੇ ਆਪਣੇ ਗੋਡੇ ਨੂੰ ਹੱਥ ਲਾਇਆ ਤੇ ਫਿਰ ਝੁਕਿਆ ਝੁਕਿਆ ਹੀ ਉਹ ਆਪਣੇ ਗਿੱਟੇ ਤੋਂ ਪੈਂਟ ਉਤਾਂਹ ਚੁੱਕ ਕੇ ਖੁਰਕ ਕਰਨ ਲੱਗਿਆ। ਅੱਖ ਦੇ ਫੇਰ ਵਿੱਚ ਹੀ ਉਸ ਨੇ ਆਪਣੇ ਪੈਰ ਥੱਲਿਓਂ ਬਟੂਆ ਕੱਢਿਆ ਤੇ ਫੁਰਤੀ ਨਾਲ ਆਪਣੇ ਸਵੈਟਰ ਦੇ ਥੱਲੇ ਉਸ ਨੂੰ ਲੁਕਾ ਲਿਆ। ਉਸ ਨੂੰ ਯਕੀਨ ਸੀ ਕਿ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਗੇਟ ਕੀਪਰ ਤੋਂ ਪਾਸ ਲਏ ਬਗੈਰ ਹੀ ਉਹ ਦਰਵਾਜ਼ਾ ਲੰਘ ਗਿਆ। ਗੇਟ ਕੀਪਰ ਨੇ ਹਾਕ ਮਾਰ ਕੇ ਉਸ ਨੂੰ ਪਾਸ ਦਿੱਤਾ। ਬਾਹਰ ਖੜ੍ਹਾ ਹੁਕਮ ਚੰਦ ਉਸ ਦੇ ਮੂੰਹ ਵੱਲ ਝਾਕਿਆ। ਰਮੇਸ਼ ਨੂੰ ਲੱਗਿਆ, ਜਿਵੇਂ ਉਹ ਉਸ ਬਾਰੇ ਕੋਈ ਗੱਲ ਤਾੜ ਗਿਆ ਹੈ। ਇੱਕ ਦੋ ਹੋਰ ਹੀ ਸਧਾਰਨ ਜਿਹੀਆਂ ਗੱਲਾਂ ਪੁੱਛਣ 'ਤੇ ਰਮੇਸ਼ ਨੂੰ ਪੂਰਾ ਯਕੀਨ ਹੋ ਗਿਆ ਕਿ ਹੁਕਮ ਚੰਦ ਨੂੰ ਬਟੂਏ ਦਾ ਕੋਈ ਪਤਾ ਨਹੀਂ। ਹੁਣ ਉਹ ਚਾਹੁੰਦਾ ਸੀ ਕਿ ਉਹ ਅਜਿਹੀ ਥਾਂ ਪਿਸ਼ਾਬ ਕਰਕੇ ਆਵੇ, ਜਿੱਥੇ ਉਸ ਨੂੰ ਕੋਈ ਨਾ ਦੇਖੇ ਤਾਂ ਕਿ ਉਹ ਬਟੂਏ ਨੂੰ ਖੋਲ੍ਹ ਕੇ ਦੇਖ ਲਵੇ ਕਿ ਉਸ ਵਿੱਚ ਕਿੰਨੇ ਕੁ ਰੁਪਏ ਹਨ।

ਕਿੰਨੇ ਹੀ ਲੋਕ ਯੂਰੀਨਲਜ਼ ਵਿੱਚ ਚਲੇ ਗਏ ਸਨ। ਉਨ੍ਹਾਂ ਤੋਂ ਦੁੱਗਣੇ ਹੋਰ ਆਦਮੀ ਯੂਰੀਨਲਜ਼ ਦੇ ਸੱਜੇ ਪਾਸੇ ਹੋ ਗਏ ਸਨ। ਬਹੁਤ ਸਾਰੇ ਲੋਕ ਯੂਰੀਨਲਜ਼ ਦੇ ਖੱਬੇ ਪਾਸੇ ਕੰਧ ਵੱਲ ਮੂੰਹ ਕਰੀ ਖਲੋਤੇ ਸਨ।ਕੋਈ ਕਿਸੇ ਵੱਲ ਨਹੀਂ ਸੀ ਦੇਖ ਰਿਹਾ। ਸਭ ਕਾਹਲੇ ਸਨ। ਸ਼ਰਮ ਨਾਂ ਦੀ ਚੀਜ਼ ਜਿਵੇਂ ਕੋਈ ਹੁੰਦੀ ਹੀ ਨਾ ਹੋਵੇ। ਰਮੇਸ਼ ਨੂੰ ਕੋਈ ਵੀ ਮਹਿਫੂਜ਼ ਥਾਂ ਨਾ ਮਿਲੀ, ਜਿੱਥੇ ਖੜ੍ਹ ਕੇ ਉਹ ਬਟੂਏ ਨੂੰ ਫਰੋਲ ਸਕਦਾ। ਖਬਰੈ ਉਸ ਵਿੱਚ ਕੀ ਸੀ? ਕਿੰਨੇ ਕੁ ਰੁਪਏ ਸਨ? ਸ਼ਾਇਦ ਹਜ਼ਾਰਾਂ ਹੀ ਹੋਣ ਜਾਂ ਚਾਲ੍ਹੀ ਪੰਜਾਹ। ਉਸ ਦੇ ਮਨ ਨੂੰ ਕਾਹਲ ਲੱਗੀ ਹੋਈ ਸੀ ਕਿ ਉਹ ਬਟੂਏ ਨੂੰ ਛੇਤੀ ਦੇਖੇ। ਹੁਕਮ ਚੰਦ ਉਸ ਦੇ ਕੋਲ ਆ ਖੜੋਤਾ। ਹੁਣ ਹੁਕਮ ਚੰਦ ਨੇ ਕਿੱਧਰ ਜਾਣਾ ਸੀ। ਉਹ ਤਾਂ ਕਹਿ ਰਿਹਾ ਸੀ ਕਿ ਉਹ ਅੰਦਰ ਚਲੇ ਜਾਣ। ਘੰਟੀ ਵੱਜ ਗਈ ਤਾਂ ਸਿਨੇਮਾ ਦੇ ਅੰਦਰਲੀਆਂ ਲਾਈਟਾਂ ਆਫ਼ ਹੋ ਜਾਣਗੀਆਂ। ਹਨੇਰੇ ਵਿੱਚ ਸੀਟਾਂ ਦਾ ਪਤਾ ਨਹੀਂ ਲੱਗਣਾ। ਐਵੇ ਲੋਕਾਂ ਦੇ ਉੱਤੇ ਡਿੱਗਦੇ ਫਿਰਾਂਗੇ। ਰਮੇਸ਼ ਚਾਹੁੰਦਾ ਸੀ ਕਿ ਚਾਹ ਦਾ ਇੱਕ ਇੱਕ ਕੱਪ ਉਹ ਪੀ ਲੈਣ, ਪਰ ਉਸ ਨੇ ਸਿਨੇਮੇ ਦੇ ਅੰਦਰ ਜਾ ਕੇ ਬੈਠਣਾ ਹੀ ਠੀਕ ਸਮਝਿਆ। ਉਸ ਦੇ ਸਵੈਟਰ ਥੱਲੇ ਦਿੱਤਾ ਬਟੂਆ ਥੱਲੇ ਨੂੰ ਖਿਸਕ ਰਿਹਾ ਸੀ। ਉਸ ਦਾ ਸਵੈਟਰ ਵੀ ਬਟੂਏ ਵਾਲੀ ਥਾਂ ਤੋਂ ਕੁਝ ਉੱਚਾ ਉੱਚਾ ਦਿਸ ਰਿਹਾ ਸੀ। ਸੋ, ਉਹ ਚਾਹੁੰਦਾ ਸੀ ਕਿ ਅੰਦਰ ਜਾ ਕੇ ਸੀਟ ’ਤੇ ਬੈਠ ਕੇ ਉਹ ਸਵੈਟਰ ਥੱਲਿਓਂ ਬਟੂਆ ਕੱਢੇ ਤੇ ਕੋਟ ਦੀ ਜੇਬ੍ਹ ਵਿੱਚ ਪਾ ਲਵੇ।

ਆਪਣੀਆਂ ਸੀਟਾਂ ’ਤੇ ਉਹ ਬੈਠੇ ਸਨ।‘ਚਾਹ ਪੀਣੀਐ, ਰਮੇਸ਼?' ਹੁਕਮ ਚੰਦ ਹੌਲੀ ਹੌਲੀ ਪੁੱਛ ਰਿਹਾ ਸੀ। ਰਮੇਸ਼ ਕਹਿ ਰਿਹਾ ਸੀ- ‘ਚੱਲ ਛੱਡ ਯਾਰ ਚਾਹ ਇਹ ਚੰਗੀ ਜਿਹੀ ਨਹੀਂ ਹੁੰਦੀ।' 'ਐਂਡ' ਤੋਂ ਬਾਅਦ ਬਾਹਰ ਜਾ ਕੇ ਹੀ ਪੀਵਾਂਗੇ।

ਚਾਹ ਵੇਚਣ ਵਾਲੇ, ਮੂੰਗਫ਼ਲੀ ਵਾਲੇ ਤੇ ਦਾਲ ਭੁਜੀਆ ਦਾ ਹੋਕਾ ਦੇਣ ਵਾਲਿਆਂ ਨੇ ਕਾਵਾਂ ਰੌਲੀ ਪਾਈ ਹੋਈ ਸੀ। ਵੱਖ-ਵੱਖ ਕਿਸਮ ਦੀਆਂ ਆਵਾਜ਼ਾਂ ਉੱਚੀਆਂ ਤੇ ਨੀਵੀਂਆਂ, ਕੰਨ ਪਾੜਵੀਆਂ ਤੇ ਭੱਦੀਆਂ ਸੁਸਤ ਧੁਨੀਆਂ। ਬੱਤੀਆਂ ਬੁਝ ਗਈਆਂ ਸਨ। ਦਰਵਾਜ਼ੇ ਬੰਦ ਹੋ ਗਏ ਸਨ। ਸਕਰੀਨ 'ਤੇ ਸਿਲਾਈਡਾਂ ਚੱਲ ਰਹੀਆਂ ਸਨ। ਚਾਹ, ਮੂੰਗਫ਼ਲੀ ਤੇ ਦਾਲ ਭੁਜੀਆ ਦੇ ਹੋਕਰੇ ਹੋਰ ਤੇਜ਼ ਹੋਰ ਉੱਚੇ ਹੋ ਗਏ ਸਨ। ਰਮੇਸ਼ ਨੇ ਸਵੈਟਰ ਥੱਲਿਓਂ ਬਟੂਆ ਕੱਢ ਕੇ ਕੋਟ ਦੀ ਅੰਦਰਲੀ ਜੇਬ ਵਿੱਚ ਪਾ ਲਿਆ ਸੀ ਤੇ ਆਰਾਮ ਦਾ ਸਾਹ ਲਿਆ ਸੀ।

ਫ਼ਿਲਮ ਸ਼ੁਰੂ ਹੋਈ ਤਾਂ ਹਾਲ ਵਿੱਚ ਖ਼ਾਮੋਸ਼ੀ ਵੀ ਸ਼ੁਰੂ ਹੋ ਗਈ। ਦੋ ਮਿੰਟਾਂ ਵਿੱਚ ਹੀ ਬਿਲਕੁੱਲ ਚੁੱਪ ਚਾਪ। ਕੋਈ ਵੀ ਨਹੀਂ ਸੀ ਬੋਲ ਰਿਹਾ। ਫ਼ਿਲਮ ਚੱਲ ਰਹੀ ਸੀ। ਰਮੇਸ਼ ਦਾ ਧਿਆਨ ਫ਼ਿਲਮ ਵਿੱਚ ਨਹੀਂ ਸੀ। ਉਸ ਦੀ ਨਿਗਾਹ ਅੱਗੇ ਪਿੱਛੇ ਤੇ ਸੱਜੇ ਖੱਬੇ ਬੈਠੇ ਹੋਏ ਲੋਕਾਂ ਵੱਲ ਦੌੜ ਰਹੀ ਸੀ। ਮੂੰਗਫ਼ਲੀਆਂ ਭੰਨ੍ਹੀਆਂ ਜਾ ਰਹੀਆਂ ਸਨ, ਕਿਰੜ ਕਿਰੜ... ਕਿੜ ਕਿ ...। ਰਮੇਸ਼ ਦੇ ਦਿਮਾਗ਼ ਵਿੱਚ ਇੱਕੋ ਖ਼ਿਆਲ ਘੁੰਮ ਰਿਹਾ ਸੀ। ਬਟੂਏ ਵਿੱਚ ਹੈ ਕੀ?

ਕੋਲ ਬੈਠੇ ਹੁਕਮ ਚੰਦ ਤੇ ਹੋਰ ਬੰਦਿਆਂ ਤੋਂ ਲਕੋਅ ਕੇ ਉਸ ਨੇ ਕੋਟ ਦੀ ਜੇਬ ਵਿਚੋਂ ਬਟੂਆ ਕੱਢਿਆ ਤੇ ਆਪਣੀ ਬੁੱਕਲ ਵਿੱਚ ਹੀ ਉਸ ਦੇ ਅੰਦਰਲੇ ਦੋਵੇਂ ਖਾਨੇ ਫਰੋਲੇ। ਕੁਝ ਮੋਟੇ-ਮੋਟੇ ਕਾਗਜ਼ ਰੜਕੇ। ਉਸ ਨੇ ਅੰਦਾਜ਼ਾ ਲਾਇਆ ਜਿਵੇਂ ਕਾਫ਼ੀ ਸਾਰੇ ਨੋਟ ਹੋਣ।

ਹੁਣ ਉਸ ਨੂੰ ਡਰ ਸੀ ਕਿ ਇਹ ਬਟੂਆ ਕਿਤੇ ਉਸ ਦੇ ਪਿੱਛੇ ਬੈਠੇ ਬੰਦੇ ਦਾ ਨਾ ਹੋਵੇ। ਪਿੱਛੋਂ ਤਿੰਨ ਚਾਰ ਬੰਦਿਆਂ ਵਿਚੋਂ ਕਿਸੇ ਦਾ ਵੀ ਹੋ ਸਕਦਾ ਹੈ। ਅਚਾਨਕ ਕਿਸੇ ਨੇ ਜੇਬ ਟੋਹੀ ਤਾਂ ਬੁੜ੍ਹਕ ਉੱਠੇਗਾ। ਹੋ ਸਕਦਾ ਹੈ, ਅੱਗੇ ਬੈਠੇ ਬੰਦਿਆਂ 'ਚੋਂ ਹੀ ਕਿਸੇ ਦਾ ਹੋਵੇ। ਸ਼ਾਇਦ ਹੁਕਮ ਚੰਦ ਦਾ ਹੀ ਹੋਵੇ। ਹੁਕਮ ਚੰਦ ਦਾ ਹੋਵੇਗਾ। ਰਮੇਸ਼ ਦਾ ਧਿਆਨ ਫ਼ਿਲਮ ਵਿੱਚ ਬਿਲਕੁੱਲ ਨਹੀਂ, ਉਹ ਸੋਚ ਰਿਹਾ ਸੀ ਕਿ ਹੁਕਮ ਚੰਦ ਨੂੰ ਹੌਲੀ ਜਿਹੀ ਪੁੱਛ ਲਵੇ-ਤੇਰਾ ਬਟੂਆ ਹੁਕਮ ਚੰਦ ਦੀ ਜਬ੍ਹ 'ਚ ਹੈਗਾ? ਪਰ ਉਸ ਨੇ ਨਾਲ ਦੀ ਨਾਲ ਸੋਚਿਆ ਕਿ ਜੇ ਹੁਕਮ ਚੰਦ ਦਾ ਬਟੂਆ ਹੁਕਮ ਚੰਦ ਦੀ ਜੇਬ੍ਹ ਵਿੱਚ ਹੋਇਆ ਤਾਂ ਇਸ ਬਟੂਏ ਦਾ ਭੇਤ ਖੁੱਲ੍ਹ ਜਾਵੇਗਾ। ਹੁਕਮ ਚੰਦ ਨਾਲ ਕੋਈ ਬਹਾਨਾ ਲਾ ਕੇ ਬਾਹਰ ਚਲਿਆ ਜਾਵੇ। ਪਰ ਜਦ ਬਟੂਏ ਦੇ ਮਾਲਕ ਨੂੰ ਹੋਸ਼ ਆਈ ਤਾਂ ਉਹ ਸ਼ੋਰ ਮਚਾਏਗਾ ਤੇ ਨੇੜੇ ਤੇੜੇ ਬੈਠੇ ਲੋਕਾਂ ਨੂੰ ਸ਼ੱਕ ਹੋ ਜਾਵੇਗਾ ਕਿ ਜੋ ਬੰਦਾ ਉੱਠ ਕੇ ਬਾਹਰ ਗਿਆ ਹੈ, ਉਹੀ ਬਟੂਆ ਲੈ ਗਿਆ ਹੈ। ਉਹ ਥਾਏਂ ਬੈਠਾ ਰਿਹਾ। ਸਕਰੀਨ 'ਤੇ ਪਤਾ ਨਹੀਂ ਕੀ ਹੋ ਰਿਹਾ ਸੀ।

ਫ਼ਿਲਮ ਸਮਾਪਤ ਹੋਈ। ਸਾਰੇ ਲੋਕ ਜਨ ਗਣ ਮਨ ਲਈ ਖੜ੍ਹੇ ਹੋ ਗਏ। ਰਮੇਸ਼ ਨੂੰ ਮਹਿਸੂਸ ਹੋਇਆ ਕਿ ਹੁਣ ਉਸ ਦੇ ਪਿੱਛੇ ਖੜ੍ਹਾਂ ਬੰਦਾ ਆਪਣੀ ਜੇਬ ਟੋਹੇਗਾ ਤੇ ਉਸ ਵਿੱਚ ਆਪਣਾ ਬਟੂਆ ਨਾ ਦੇਖ ਕੇ ਘਬਰਾ ਜਾਵੇਗਾ ਤੇ ਫਿਰ ਪਤਾ ਹੈ, ਉਹ ਕੀ ਕਰੇਗਾ? ਉਹ ਉਸ ਦੀ ਗਿੱਚੀ ਫੜ ਲਵੇਗਾ ਤੇ ਦੋ ਘਸੁੰਨ ਮਾਰ ਕੇ ਕਹੇਗਾ- 'ਹਰਮਾਜ਼ਾਦੇ, ਕੱਢ ਬਟੂਆ ਕਿੱਥੇ ਐ?'

ਉਸ ਨੇ ਹੁਕਮ ਚੰਦ ਦੇ ਕੂਹਣੀ ਮਾਰੀ- ‘ਚੱਲ ਨਿਕਲ ਚੱਲ।'

‘ਚੱਲ ਕੇ ਕੀ ਕਰੇਂਗਾ? ਦਰਵਾਜ਼ੇ ਤਾਂ ਖੁੱਲ੍ਹੇ ਨਹੀਂ, ਖੜ੍ਹਾ ਰਹਿ ਗੀਤ ਪੂਰਾ ਹੋ ਲੈਣ ਦੇ’ ਹੁਕਮ ਚੰਦ ਨੇ ਉਸ ਨੂੰ ਸਮਝਾਇਆ।

‘ਜਯ ਹੇ ਜਯ ਹੇ’ ਦੇ ਨਾਲ ਹੀ ਦਰਵਾਜ਼ੇ ਖੁੱਲ੍ਹੇ, ਲੋਕ ਦਰਵਾਜ਼ਿਆਂ ਵੱਲ ਵਧੇ। ਰਮੇਸ਼ ਹੁਕਮ ਚੰਦ ਨੂੰ ਛੱਡ ਕੇ ਭੀੜ ਵਿੱਚ ਖੋ ਗਿਆ। ਉਹ ਚਾਹੁੰਦਾ ਸੀ ਕਿ ਉਸ ਦੇ ਅੱਗੇ ਤੇ ਪਿੱਛੇ ਤੇ ਸੱਜੇ ਤੇ ਖੱਬੇ ਬੈਠੇ ਬੰਦਿਆਂ ਦੀਆਂ ਅੱਖਾਂ ਤੋਂ ਪਰੇ ਹੋ ਜਾਵੇ। ਉਨ੍ਹਾਂ ਵਿਚੋਂ ਹੀ ਜੇ ਕਿਸੇ ਦਾ ਬਟੂਆ ਹੋਇਆ ਤਾਂ ਉਹ ਆਦਮੀ ਪਹਿਚਾਣ ਨਹੀਂ ਸਕੇਗਾ। ਇੱਕ ਵਾਰੀ ਭੀੜ ਵਿੱਚ ਖੋਇਆ ਬੰਦਾ ਮੁੜ ਕੇ ਕਦ ਲੱਭਦਾ ਹੈ? ਹੁਕਮ ਚੰਦ ਛਾਂ ਵਾਂਗ ਉਸ ਦੇ ਮਗਰ ਹੀ ਰਿਹਾ ਤੇ ਉਹ ਫੁਰਤੀ ਨਾਲ ਸਿਨੇਮੇ 'ਚੋਂ ਨਿਕਲ ਕੇ ਗੇਟ ਪਾਰ ਕਰ ਗਏ। ਤੁਰਿਆ ਜਾਂਦਾ ਵੀ ਉਹ ਇੱਧਰ-ਉੱਧਰ ਦੇਖ ਰਿਹਾ ਸੀ-ਪਿੱਛੇ ਮੁੜ ਕੇ ਵੀ-ਕਿਤੇ ਕੋਈ ਉਸ ਨੂੰ ਗਹੁ ਨਾਲ ਤਾਂ ਨਹੀਂ ਦੇਖ ਰਿਹਾ? ਹੁਕਮ ਚੰਦ ਆਪਣੇ ਘਰ ਨੂੰ ਚਲਿਆ ਗਿਆ। ਰਮੇਸ਼ ਆਪਣੇ ਘਰ ਨੂੰ।

ਰਾਹ ਵਿੱਚ ਰਮੇਸ਼ ਸੋਚ ਰਿਹਾ ਸੀ ਕਿ ਉਸ ਨੇ ਹੁਕਮ ਚੰਦ ਨੂੰ ਕਿਉਂ ਨਾ ਪੁੱਛ ਲਿਆ? ਕਿਤੇ ਹੁਕਮ ਚੰਦ ਦਾ ਹੀ ਨਾ ਹੋਵੇ ਬਟੂਆ? ਜੇ ਹੁਕਮ ਚੰਦ ਦਾ ਹੀ ਹੋਇਆ, ਫਿਰ ਉਸ ਨੂੰ ਮੋੜ ਦੇਣਾ ਹੀ ਠੀਕ ਹੈ। ਹੁਕਮ ਚੰਦ ਭਾਵੇਂ ਕਿੰਨਾ ਕੰਜੂਸ ਹੈ, ਪਰ ਹੈ ਤਾਂ ਦੋਸਤ। ਦੋਸਤ ਦੀ ਚੀਜ਼ ਰੱਖਣਾ ਤਾਂ ਧਰਮ ਨਹੀਂ। ਉਸ ਨੇ ਸੋਚਿਆ, ਭਾਵੇਂ ਬਟੂਏ ਵਿੱਚ ਕਿੰਨੇ ਹੀ ਬਹੁਤੇ ਰੁਪਏ ਹੋਣ, ਜੇ ਬਟੂਆ ਹੁਕਮ ਚੰਦ ਦਾ ਹੋਇਆ ਤਾਂ ਉਸ ਨੂੰ ਵਾਪਸ ਕਰ ਦੇਵੇਗਾ। ਪਰ ਇਹ ਕਿੱਦਾਂ ਪਤਾ ਲੱਗੇਗਾ ਕਿ ਬਟੂਆ ਹੁਕਮ ਚੰਦ ਦਾ ਹੀ ਹੈ। ਇਹ ਤਾਂ ਪਤਾ ਲੱਗ ਜਾਏਗਾ-ਲੈਂਪ ਬਾਲ ਕੇ ਅੰਦਾਜ਼ਾ ਲਾਇਆ। ਹੁਕਮ ਚੰਦ ਆਪਣੇ ਬਟੂਏਂ ਵਿੱਚ ਪੈਸਾ ਭਾਵੇਂ ਕੋਈ ਰੱਖੇ ਜਾਂ ਨਾ ਰੱਖੇ, ਉਹ ਕੰਮ ਦੇ ਕਾਗਜ਼ ਜ਼ਰੂਰ ਬਟੂਏ ਵਿੱਚ ਹੀ ਸੰਭਾਲ ਕੇ ਰੱਖਦਾ ਹੈ। ਬਿਜਲੀ ਦਾ ਬਿੱਲ, ਬੱਸ ਦੇ ਟਿਕਟ, ਬਾਜ਼ਾਰ ਵਿਚੋਂ ਖਰੀਦਣ ਵਾਲੀਆਂ ਚੀਜ਼ਾਂ, ਪ੍ਰੀਮੀਅਮ ਨੋਟਿਸ ਤੇ ਕੋਈ ਖ਼ਤ।ਰਮੇਸ਼ ਨੇ ਸੋਚਿਆ ਕਿ ਜੇ ਉਸ ਦਾ ਬਟੂਆ ਹੋਇਆ ਤਾਂ ਉਸ ਵਿਚਲੇ ਕਿਸੇ ਨਾ ਕਿਸੇ ਕਾਗਜ਼ ਤੋਂ ਜ਼ਰੂਰ ਪਤਾ ਲੱਗ ਜਾਵੇਗਾ ਕਿ ਇਹ ਉਸ ਦਾ ਹੀ ਬਟੂਆ ਹੈ। ਜੇ ਉਸ ਦਾ ਹੀ ਹੋਇਆ ਤਾਂ ਉਹ ਉਸ ਦੇ ਘਰ ਜਾ ਕੇ ਉਸ ਨੂੰ ਮੋੜ ਆਵੇਗਾ। ਹੱਸ ਕੇ ਮੋੜ ਦੇਵੇਗਾ ਤੇ ਕਹੇਗਾ, 'ਝੁੱਡੂਆ, ਆਪ ਦੀ ਜੇਬ੍ਹ ਦਾ ਖ਼ਿਆਲ ਨੀ ਰਹਿੰਦਾ ਤੈਨੂੰ?'

ਘਰ ਜਾ ਕੇ ਉਸ ਨੇ ਆਪਣੀ ਬੀਵੀ ਨੂੰ ਕਿਹਾ ਕਿ ਉਹ ਚਾਹ ਬਣਾਵੇ। ਆਪ ਉਹ ਕੋਠੇ 'ਤੇ ਚੜ੍ਹ ਗਿਆ। ਕੋਠੇ 'ਤੇ ਜੰਗਲੇ ਦੀ ਓਟ ਵਿੱਚ ਖੜ੍ਹ ਕੇ ਜੇਬ੍ਹ ਵਿਚੋਂ ਬਟੂਆ ਕੱਢਿਆ। ਉੱਚੀ-ਉੱਚੀ ਹੱਸਿਆ। ਬਟੂਏ ਵਿੱਚ ਕਿਸੇ ਔਰਤ ਦੀ ਫ਼ੋਟੋ ਸੀ ਤੇ ਇੱਕ ਸੀ ਖ਼ਤ-ਹਿੰਦੀ ਵਿੱਚ ਲਿਖਿਆ ਹੋਇਆ। ਖ਼ਤ ਵਾਲੇ ਕਾਗਜ਼ ਵਿਚੋਂ ਸੈਂਟ ਦੀ ਮਿੰਨੀ ਮਿੰਨੀ ਖ਼ੁਸ਼ਬੋਅ ਆ ਰਹੀ ਸੀ। ਔਰਤ ਦੀਆਂ ਅੱਖਾਂ 'ਤੇ ਗਾਗ਼ਲਜ਼ ਲੱਗੇ ਹੋਏ ਸਨ। ਹੁਣ ਉਸ ਨੂੰ ਫਿਕਰ ਸੀ ਕਿ ਉਹ ਇਸ ਬਟੂਏ ਨੂੰ ਕਿੱਥੇ ਸੁੱਟੇ, ਪਰ ਉਹ ਕੁਝ ਵੀ ਨਾ ਕਰ ਸਕਿਆ। ਖ਼ਤ ਨੂੰ ਉਸ ਨੇ ਪੜ੍ਹਨ ਦੀ ਕੋਸ਼ਿਸ਼ ਕੀਤੀ। ਇੱਕ ਦੋ ਇਸ਼ਕੀਆਂ ਫਿਕਰੇ ਪੜ੍ਹ ਕੇ ਉਸ ਨੇ ਖ਼ਤ ਬਟੂਏ ਵਿੱਚ ਹੀ ਪਾ ਦਿੱਤਾ ਤੇ ਫੋਟੋ ਵੀ। ਉਹ ਕੋਠੇ ਤੋਂ ਥੱਲੇ ਉਤਰਿਆ।‘ਤੂੰ ਚਾਹ ਪਾ ਗਲਾਸ 'ਚ ਮੈਂ ਹੁਣੇ ਔਨਾ', ਕਹਿ ਕੇ ਉਹ ਘਰੋਂ ਬਾਹਰ ਹੋਇਆ ਕੇ ਮਿਉਂਸਪੈਲਟੀ ਦੇ ਕੂੜਾ ਕਰਕਟ ਵਾਲੇ ਢੋਲ ਵਿੱਚ ਬਟੂਏ ਨੂੰ ਮੱਲ੍ਹਕ ਦੇ ਕੇ ਸੁੱਟ ਆਇਆ।