ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਫਰੇਮ

ਵਿਕੀਸਰੋਤ ਤੋਂ
ਫਰੇਮ

ਜਗਦੇਵ ਦਫ਼ਤਰੋਂ ਅਜੇ ਨਹੀਂ ਆਇਆ। ਵੀਹ ਮਿੰਟ ਤੋਂ ਉਸ ਦੇ ਕਮਰੇ ਵਿੱਚ ਬੈਠਾ ਬਹੁਤ ਬੇਸਬਰੀ ਨਾਲ ਮੈਂ ਉਸ ਦੀ ਉਡੀਕ ਕਰ ਰਿਹਾ ਹਾਂ। ਅੱਜ ਸਵੇਰੇ ਜਦ ਮੈਂ ਆਪਣੇ ਸਕੂਲ ਨੂੰ ਜਾ ਰਿਹਾ ਸੀ ਤੇ ਉਹ ਆਪਣੇ ਦਫ਼ਤਰ ਨੂੰ, ਤਾਂ ਉਸ ਨੇ ਆਪ ਹੀ ਸਾਢੇ ਪੰਜ ਵਜੇ ਦਾ ਵਕਤ ਦਿੱਤਾ ਸੀ। ‘ਸਾਢੇ ਪੰਜ ਵਜੇ ਐਗਜ਼ੈਕਟ' ਉਸ ਨੇ ਤਾੜ ਕੇ ਆਖਿਆ ਸੀ। ਅਜੀਬ ਆਦਮੀ ਹੈ। ਛੇ ਵੱਜਣ ਵਾਲੇ ਹਨ। ਉਸ ਦੀ ਬੀਵੀ, ਜੋ ਮੇਰੀ ਕੁਲੀਗ ਹੈ, ਦੋ ਵਾਰ ਕਹਿ ਚੁੱਕੀ ਹੈ-'ਉਹ ਨਹੀਂ ਆਏ ਤਾਂ.. ਮੈਂ ਚਾਹ ਬਣਾ ਦਿੰਨੀ ਆਂ....।'

'ਨਹੀਂ ਨਹੀਂ, ਬੱਸ ਹੁਣ ਤਾਂ ਔਂਦੇ ਈ ਹੋਣਗੇ ਕਿਤੇ।' ਮੈਂ ਕਹਿੰਦਾ ਹਾਂ ਤੇ ਇੱਕ ਲੰਬੀ ਉਬਾਸੀ ਲੈ ਕੇ ਪਲੰਘ ’ਤੇ ਪਏ ਸਿਰ੍ਹਾਣੇ ਨੂੰ ਆਪਣੀ ਬੁੱਕਲ ਵਿੱਚ ਘੁੱਟ ਲੈਂਦਾ ਹਾਂ।

ਉਹ ਤਾਂ ਭਰਾ ਜੀ ਬੱਸ...। ਅਖੇ ਜੀਹਨੇ ਲਾਈ ਗੱਲੀਂ...। ਰਸਤੇ 'ਚ ਟੱਕਰ ਪਿਆ ਹੋਣੈ, ਬਿਮਲ ਗਰਗ ਵਰਗਾ ਕੋਈ। ਉਹ ਕਮਰੇ ਦਹਿਲੀਜ਼ 'ਤੇ ਖੜ੍ਹੀ ਹੈ ਤੇ ਕਹਿ ਰਹੀ ਹੈ ..... 'ਬਿਮਲ ਗਰਗ ਵੀ ਅਜੀਬ ਬੰਦੇ। ਇਨ੍ਹਾਂ ਦਾ ਕੁਲੀਗ ਐ। ਛੁੱਟੀ ਹੁੰਦੀ ਐ। ਪਾਰਕ 'ਚ ਜਾ ਬੈਠਦੇ। ਕਹਾਣੀ ਲਿਖਣ ਜਾਂ ਲਿਖੀ ਹੋਈ ਕਿਸੇ ਨੂੰ ਸਣੌਣ। ਇਹ ਉਸ ਦੇ ਵਧੀਆ ਲਿਸਨਰ ਨੇ। ਦੱਸਦੇ ਹੁੰਦੇ ਨੇ ਫਾਈਲ ਪਰ੍ਹਾਂ ਰੱਖ ਕੇ ਦਫ਼ਤਰ 'ਚ ਈ ਕਹਾਣੀ ਸਣੌਣ ਬਹਿ ਜਾਂਦੈ। ਮੈਂ ਤਾਂ ਡਰਦੀਆਂ ਆਂ, ਘਰ ਈ ਨਾ ਕਿਤੇ ਇਨ੍ਹਾਂ ਨਾਲ ਔਣ ਲੱਗ ਪਏ।'

‘ਚੰਗਾ ਜੀ, ਤੁਸੀਂ ਚਾਹ ਧਰ ਈ ਲਓ: ਕਦੇ ਤਾਂ ਔਣਗੇ ਈ। ਚਾਹ ਬਣਦੀ ਕਰਦੀ ’ਤੇ ਆ ਈ ਜਾਣਗੇ।' ਮੈਂ ਕਹਿੰਦਾ ਹਾਂ। ਉਹ ਰਸੋਈ ਵਿੱਚ ਚਲੀ ਗਈ ਹੈ। ਸਟੋਵ ਵਿੱਚ ਹਵਾ ਭਰਨੀ ਸ਼ੁਰੂ ਕਰ ਦਿੱਤੀ ਹੈ। ਮੈਂ ਟੇਬਲ ਲੈਂਪ ਬਾਲ ਲਿਆ ਹੈ। ਮੇਜ਼ ’ਤੇ ਪਏ ਪਿਕਚਰ ਫਰੇਮ ਨੂੰ ਚੁੱਕਿਆ ਹੈ। ਫਰੇਮ ਵਿਚਲੀ ਤਸਵੀਰ ਕਿਸੇ ਰਸਾਲੇ ਵਿਚੋਂ ਕੱਟੀ ਹੋਈ ਲੱਗਦੀ ਹੈ। ਬਹੁਤ ਸੋਹਣੀ ਔਰਤ ਹੈ। ਟੇਬਲ ਲੈਂਪ ਦੇ ਬਿਲਕੁੱਲ ਸਾਹਮਣੇ ਕਰਕੇ ਮੈਂ ਤਸਵੀਰ ਨੂੰ ਦੇਖਦਾ ਹਾਂ। ਉਹ ਹੋਰ ਵੀ ਸੋਹਣੀ ਲੱਗਦੀ ਹੈ, ਬਹੁਤ ਸੋਹਣੀ, ਅੱਖਾਂ, ਨੱਕ, ਬੁੱਲ੍ਹ, ਠੋਡੀ, ਗਰਦਨ, ਮੱਥਾ, ਸਿਰ ਦੇ ਵਾਲ-ਸਭ ਕੁਝ ਹੀ ਬੇਮਿਸਾਲ।

ਕੇਤਲੀ ਵਿੱਚ ਚਾਹ ਪੈਣ ਤੋਂ ਪਹਿਲਾਂ ਜਗਦੇਵ ਆ ਗਿਆ ਹੈ, ਉਸ ਦੀ ਬੀਵੀ ਨੇ ਮੱਥੇ 'ਤੇ ਹਲਕੀ ਜਿਹੀ ਤਿਊੜੀ ਲਿਆਂਦੀ ਹੈ। ਕਿਹਾ ਹੈ- 'ਮਹਿਮਾਨ ਘਰੇ, ਮੇਜ਼ਬਾਨ ਘਰੋਂ ਬਾਹਰ। ‘ਬਈ, ਦਮੋਦਰ, ਐਕਸਕਿਊਜ਼....।’ ਮੇਰੇ ਮੋਢੇ 'ਤੇ ਹੱਥ ਮਾਰ ਕੇ ਉਹ ਮੇਰੇ ਕੋਲ ਹੀ ਪਲੰਘ 'ਤੇ ਬੈਠ ਗਿਆ ਹੈ। ਉਸ ਦੀ ਬੀਵੀ ਰਸੋਈ ਵਿੱਚ ਹੈ। ਉਸ ਨੇ ਹੌਲੀ ਦੇ ਕੇ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਦਫ਼ਤਰ ਦੀ ਇੱਕ ਟਾਈਪਿਸਟ ਕੁੜੀ ਅੱਜ ਹੀ ਵਿਆਹ ਕਰਵਾ ਕੇ ਵਾਪਸ ਆਈ ਹੈ। ਉਸ ਦੀ ਚਾਹ ’ਤੇ ਬੈਠੇ ਰਹੇ। ਦਫ਼ਤਰ ਵਿੱਚ ਹੀ...! ਕੰਟੀਨ ਦੀ ਚਾਹ ਅਤੇ ਹੋਰ ਨਿੱਕ ਸੁੱਕ, ਬੱਸ, ਚਾਰ ਪੰਜ ਬੰਦੇ ਸਾਂ। ਪੰਦਰਾਂ ਵੀਹ ਮਿੰਟ ਦਾ ਹੀ ਪ੍ਰੋਗਰਾਮ ਸੀ, ਪਰ ਰਾਕੇਸ਼ ਬੜਾ ਹਜ਼ਰਤ ਹੈ। ਕੁੜੀ ਤੋਂ ਉਸ ਦੇ ਹਸਬੈਂਡ ਦੀ ਵਾਕਫ਼ੀਅਤ ਲੈਣ ਲੱਗ ਪਿਆ। ਕੁੜੀ ਕਿਹੜਾ ਘੱਟ ਸੀ। ਸਾਡੀ ਦਿਲਚਸਪੀ ਵੀ ਬਣ ਗਈ। ਬੱਸ, ਦੇਖ ਲਓ ਇਹ ਟਾਈਮ ਹੋ ਗਿਆ। ਤੂੰ ਤਾਂ ਯਾਰ, ਮੈਨੂੰ ਯਾਦ ਨਹੀਂ ਸੀ ਰਿਹਾ।

ਜਗਦੇਵ ਮੇਰਾ ਜਮਾਤੀ ਹੈ। ਐੱਫ. ਏ. ਕਰਕੇ ਉਹ ਕਲਰਕ ਬਣ ਗਿਆ ਸੀ। ਮੈਂ ਬੀ. ਏ. ਕਰ ਲਈ ਸੀ ਤੇ ਫਿਰ ਬੀ. ਐੱਡ. ਕਰਕੇ ਮਾਸਟਰ ਲੱਗ ਪਿਆ ਸੀ। ਉਸ ਦੀ ਬੀਵੀ ਜੇ. ਬੀ. ਟੀ. ਹੈ। ਹੈ ਤਾਂ ਸਾਡੇ ਸਕੂਲ ਵਿੱਚ ਹੀ, ਪਰ ਸਾਡੇ ਸਕੂਲ ਦੀ ਪ੍ਰਾਇਮਰੀ ਬ੍ਰਾਂਚ ਵਿੱਚ ਪੜ੍ਹਾਉਂਦੀ ਹੈ। ਪ੍ਰਾਇਮਰੀ ਬ੍ਰਾਂਚ ਭਾਵੇਂ ਸਾਡੇ ਸਕੂਲ ਦੇ ਨੇੜੇ ਹੀ ਹੈ, ਪਰ ਉਨ੍ਹਾਂ ਦੇ ਅਧਿਆਪਕ ਅਧਿਆਪਕਾਵਾਂ ਨਾਲ ਸਾਡੀ ਮੁਲਾਕਾਤ ਘੱਟ ਹੀ ਹੁੰਦੀ ਹੈ। ਕਦੇ ਕਦੇ ਕੋਈ ਮਿਲਦਾ ਹੈ।

ਜਗਦੇਵ ਪਲੰਘ ਤੋਂ ਉੱਠ ਕੇ ਕੁਰਸੀ 'ਤੇ ਬੈਠ ਗਿਆ ਹੈ। ਸਾਹਮਣੇ ਮੇਜ਼ 'ਤੇ ਉਸ ਨੇ ਇੱਕ ਲੱਤ ਰੱਖ ਲਈ ਹੈ। ਮੇਜ਼ ਪੋਸ਼ ਸ਼ਾਇਦ ਕੁਝ ਕੁਝ ਸਿਲਕੀ ਹੈ, ਇਸੇ ਕਰਕੇ ਮੇਜ਼ ਤੋਂ ਥੋੜ੍ਹਾ ਥੋੜ੍ਹਾ ਰਿਸਕ ਰਿਹਾ ਹੈ। ਮੈਂ ਗਹੁ ਨਾਲ ਕਮਰੇ ਦੀਆਂ ਦੀਵਾਰਾਂ ਵੱਲ ਦੇਖ ਰਿਹਾ ਹਾਂ। ਇਕਦਮ ਮੇਰਾ ਧਿਆਨ ਜਗਦੇਵ ਵੱਲ ਹੋਇਆ ਹੈ। ਉਹ ਮੇਰੇ ਵੱਲ ਇੱਕ ਟੱਕ ਦੇਖ ਰਿਹਾ ਹੈ। ਉਸ ਦੇ ਬੁੱਲ੍ਹ ਫਰਕੇ ਹਨ। ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ। ਉਸ ਦੀ ਬੀਵੀ ਚਾਹ ਦੀ ਕੇਤਲੀ ਲੈ ਕੇ ਮੇਜ਼ ਕੋਲ ਆ ਖੜ੍ਹੀ ਹੈ। ਉਹ ਇੱਕ ਲੱਖਤ ਆਪਣੀ ਲੱਤ ਮੇਜ਼ ਤੋਂ ਥੱਲੇ ਕਰਦਾ ਹੈ। ਮੇਜ਼ ਪੋਸ਼ ਤਿਲ੍ਹਕ ਕੇ ਫ਼ਰਸ਼ 'ਤੇ ਡਿੱਗ ਪਿਆ ਹੈ। ਜਗਦੇਵ ਨੇ ਉਸ ਨੂੰ ਫ਼ਰਸ਼ ਤੋਂ ਚੁੱਕ ਕੇ ਝਾੜਿਆ ਹੈ 'ਤੇ ਮੇਜ਼ 'ਤੇ ਸੰਵਾਰ ਕੇ ਵਿਛਾ ਦਿੱਤਾ ਹੈ। ਬੀਵੀ ਨੇ ਕੇਤਲੀ ਮੇਜ਼ 'ਤੇ ਰੱਖ ਦਿੱਤੀ ਹੈ। ਦੋ ਪਲੇਟਾਂ ਤੇ ਦੋ ਪਿਆਲੇ ਵੀ ਲਿਆ ਦਿੱਤੇ ਹਨ। ਇੱਕ ਹੋਰ ਪਲੇਟ ਵਿੱਚ ਬਿਸਕੁਟ ਰੱਖ ਦਿੱਤੇ ਹਨ। ਕੱਚ ਦੇ ਗਲਾਸ ਵਿੱਚ ਚਾਹ ਪਾ ਕੇ ਉਹ ਸਾਡੇ ਕੋਲ ਹੀ ਅਰਾਮ ਕੁਰਸੀ 'ਤੇ ਬੈਠ ਗਈ ਹੈ। ਮੈਂ ਇੱਕ ਘੁੱਟ ਭਰੀ ਹੈ। ਬਿਸਕੁੱਟ ਚੁੱਕਿਆ ਹੈ। ਮੇਰੀ ਨਿਗਾਹ ਟੇਬਲ ਲੈਂਪ ਕੋਲ ਪਏ ਫਰੇਮ ’ਤੇ ਜਾ ਪਹੁੰਚੀ ਹੈ।

'ਇਹ ਕਿਸ ਦੀ ਤਸਵੀਰ ਐ, ਜਗਦੇਵ?

'ਪਹਿਚਾਣ ਤਾਂ ਭਲਾ, ਕਿਸ ਦੀ ਐ?

ਪਿਆਲਾ ਮੇਜ਼ 'ਤੇ ਰੱਖ ਕੇ ਮੈਂ ਫਰੇਮ ਨੂੰ ਚੁੱਕਿਆ ਹੈ ਤੇ ਤਸਵੀਰ ਨੂੰ ਬਹੁਤ ਧਿਆਨ ਨਾਲ ਦੇਖਿਆ ਹੈ। ਬਹੁਤ ਸੋਹਣੀ ਔਰਤ ਹੈ, ਪਰ ਮੈਨੂੰ ਕੋਈ ਪਤਾ ਨਹੀਂ ਕਿ ਇਹ ਔਰਤ ਹੈ ਕੌਣ। ਕੋਈ ਐਕਟ੍ਰੈੱਸ? ਆਰਟਿਸਟ? ਕੋਈ ਪੋਲੀਟੀਕਲ ਲੀਡਰ? ਜਾਂ ਕੋਈ ਸਮਗਲਰ? ਸ਼ਾਇਦ ਕੋਈ ਐਥਲੀਟ? ਮੈਨੂੰ ਕੋਈ ਪਤਾ ਨਹੀਂ, ਪਰ ਹੈ ਅਖ਼ਬਾਰ ਦੀ ਕਟਿੰਗ। ਜੇ ਇਹ ਉਰਿਜਨਲ ਫ਼ੋਟੋ ਹੁੰਦੀ ਤਾਂ ਸ਼ਾਇਦ ਨਾਲ ਜਗਦੇਵ ਦਾ ਕੋਈ ਨਿੱਜੀ ਸਬੰਧ ਹੁੰਦਾ। ‘ਬਈ ਮੈਨੂੰ ਤਾਂ ਕੋਈ ਪਤਾ ਨੀ ਲੱਗਦਾ। ਤੂੰ ਹੀ ਦੱਸ।'

"ਇਹ ਨੰਦਿਤਾ ਠਾਕੁਰ ਐ। ‘ਬਦਨਾਮ ਬਸਤੀ' ਦੀ ਹੀਰੋਇਨ।"

'ਅੱਛਾ, ਐਕਸਟ੍ਰੈੱਸ ਐ, ਯਾਰ ਹੈ ਬੜੀ ਬਿਊਟੀਫੁਲ।"

"ਏਸੇ ਕਰਕੇ ਤਾਂ ਫਰੇਮ ਕੀਤੀ ਐ।"

‘ਰਾਧਾ ਨੂੰ ਵੀ ਕੀਤੈ ਕਦੇ ਫਰੇਮ?' ਮੈਂ ਉਸ ਦੀ ਬੀਵੀ ਵੱਲ ਮੁਸਕਰਾਉਂਦੀਆਂ ਅੱਖਾਂ ਨਾਲ ਝਾਕਿਆ ਹਾਂ। ਰਾਧਾ ਸ਼ਰਮਾਂ ਗਈ ਹੈ। ਉਸ ਦੀਆਂ ਅੱਖਾਂ ਵਿੱਚ ਸ਼ਿਕਵਾ ਹੈ। ਜਗਦੇਵ ਚਾਹ ਦੀ ਘੁੱਟ ਭਰ ਕੇ ਬੋਲਿਆ ਹੈ- 'ਇਹ ਦੀ ਤਸਵੀਰ ਵੀ ਹੁੰਦੀ ਸੀ, ਕਦੀ ਇਸ ਫਰੇਮ 'ਚ।'

‘ਤਾਂ ਫੇਰ ਹੁਣ ਕਿਉਂ ਨੀ? ਮੈਂ ਅਗਾਂਹ ਗੱਲ ਤੋਰੀ ਹੈ।

'ਹੁਣ ਕੀਹ ਐ, ਇਹ ਦੇ 'ਚ? ਕਹਿ ਕੇ ਜਗਦੇਵ ਰਾਧਾ ਵੱਲ ਝਾਕਿਆ ਹੈ ਤੇ ਮੁਸਕਰਾਇਆ ਹੈ।

‘ਤੁਸੀਂ ਕਿਰਧਲੇ ਸੱਤਵਰਸੇ ਆ ਗੇ?'ਰਾਧਾ ਨੇ ਨੱਕ ਚੜ੍ਹਾਇਆ ਹੈ। ਅਸੀਂ ਦੋਵੇਂ ਹੱਸ ਪਏ ਹਾਂ।

ਛੇਤੀ ਛੇਤੀ ਗਲਾਸ ਖ਼ਾਲੀ ਕਰਕੇ ਰਾਧਾ ਵਿਹੜੇ ਵਿੱਚ ਚਲੀ ਗਈ ਹੈ ਤੇ ਕਿਸੇ ਕੰਮ ਵਿੱਚ ਰੁੱਝ ਗਈ ਹੈ। ਹੁਣ ਫਰੇਮ ਜਗਦੇਵ ਦੇ ਹੱਥ ਵਿੱਚ ਹੈ। ਉਹ ਦੱਸਦਾ ਹੈ ਕਿ ‘ਇਹ ਫਰੇਮ ਰਾਧਾ ਆਪਣੇ ਪੇਕਿਆਂ ਤੋਂ ਲਿਆਈ ਸੀ। ਇਸ ਵਿੱਚ ਰਾਧਾ ਦੀ ਆਪਣੀ ਫੋਟੋ ਸੀ। ਉਹ ਫ਼ੋਟੋ ਦੋ ਸਾਲ ਇਸ ਵਿੱਚ ਰਹੀ। ਇੱਕ ਦਿਨ ਇਸ ਦੀ ਫੋਟੋ ਮੈਂ ਕੱਢ ਦਿੱਤੀ ਤੇ ਆਪਣੀ ਲਾ ਦਿੱਤੀ। ਮੇਰੀ ਫ਼ੋਟੋ-ਗਾਊਨ ਵਾਲੀ, ਹੱਥ ਵਿੱਚ ਬੀ. ਏ. ਦੀ ਜਾਅਲੀ ਡਿਗਰੀ ਹੈ। ਸਾਲ, ਡੇਢ ਸਾਲ ਉਹ ਵੀ ਰਹੀ ਹੈ।'

ਮੈਂ ਹੁੰਗਾਰਾ ਭਰ ਰਿਹਾ ਹਾਂ।ਚਾਹ ਕਦੋਂ ਦੀ ਮੁੱਕ ਚੁੱਕੀ ਹੈ। ਉਹ ਬੋਲੀ ਜਾ ਰਿਹਾ ਹੈ।

'ਇੱਕ ਦਿਨ ਬੜਾ ਕਲੇਸ਼ ਹੋਇਆ।'

'ਕਿਉਂ?'

'ਆਪਣੀ ਫ਼ੋਟੋ ਕੱਢ ਕੇ ਇੱਕ ਨੌਜਵਾਨ ਕਹਾਣੀ ਲੇਖਿਕਾ ਦੀ ਫ਼ੋਟੋ ਮੈਂ ਇਸ ਵਿੱਚ ਲਾ ’ਤੀ। ਇੱਕ ਰਸਾਲੇ 'ਚੋਂ ਕੱਟ ਕੇ। ਬੱਸ ਤੂਫ਼ਾਨ ਖੜ੍ਹਾਂ ਕਰ ਤਾਂ ਰਾਧਾ ਨੇ ਤਾਂ। ਕਹੇ-ਦੱਸ ਕੌਣ ਐ ਇਹ, ਹਰਾਮਜ਼ਾਦੀ? ਕਿਉਂ ਲਾਈ ਐ? ਮੈਂ ਬਥੇਰਾ ਆਖਾਂ-ਇਹ ਤਾਂ ਪੰਜਾਬੀ ਦੀ ਕਹਾਣੀਕਾਰ ਐ। ਇੰਦਰਾ ਗਾਂਧੀ ਦੀ ਤਸਵੀਰ ਵੀ ਤਾਂ ਲੋਕ ਘਰਾਂ 'ਚ ਲਾ ਈ ਲੈਂਦੇ ਨੇ। ਮੈਂ ਇਹ ਲਾ 'ਲੀ ਤਾਂ ਕੀ ਹੋ ਗਿਆ? ਦੱਸ ਇਹ ਦੇ ਨਾਲ?'

'ਔਰਤ ਨੂੰ ਔਰਤ ਨਾਲ ਚਿੜ ਹੁੰਦੀ ਐ।' ਮੈਂ ਕਿਹਾ ਹੈ, ਉਹ ਥੋੜ੍ਹਾ ਜਿਹਾ ਗੰਭੀਰ ਹੋ ਚੁੱਕਿਆ ਹੈ। ਚੁੱਪ ਬੈਠਾ ਹੈ। ‘ਕਹਾਣੀ ਲੇਖਿਕਾ ਦੀ ਤਸਵੀਰ ਕਿੰਨੇ ਦਿਨ ਹੀ ਮੈਂ ਗੱਲ ਨੂੰ ਅੱਗੇ ਲਿਜਾਣਾ ਚਾਹਿਆ ਹੈ।'

‘ਇੱਕ ਦਿਨ ਸਿਰਫ਼।'

'ਇੱਕ ਦਿਨ ਈ?'

‘ਹਾਂ, ਫੇਰ ਇਸ ਫਰੇਮ ’ਚ ਗੁਰੂ ਨਾਨਕ ਦੀ ਤਸਵੀਰ ਆ ਗਈ, ਸੋਭਾ ਸਿੰਘ ਵਾਲੀ, ਫੇਰ ਲੈਨਿਨ ਦੀ ਤੇ ਫੇਰ ਭਗਤ ਸਿੰਘ ਦੀ। ਇੰਦਰਾਂ ਗਾਂਧੀ, ਹੇਮਾ ਮਾਲਿਨੀ......।' ‘ਗੱਲ ਸੁਣ ਯਾਰ, ਤੇਰੀਆਂ ਤਸਵੀਰਾਂ ਤੋਂ ਤੇਰੇ ਟੇਸਟ ਦਾ ਕੋਈ ਪਤਾ ਨ੍ਹੀਂ ਲੱਗਦਾ। ਲੈਨਿਨ, ਇੰਦਰਾ ਗਾਂਧੀ ਤੇ ਹੇਮਾ ਮਾਲਿਨੀ ਦਾ ਕੀ ਮੇਲ ਐ।'

‘ਹਾਂ, ਠੀਕ ਐ। ਕੋਈ ਮੇਲ ਨੀ। ਰਾਧਾ ਦਾ ਤੇ ਮੇਰਾ, ਦੱਸ ਕੋਈ ਮੇਲ ਹੈ? ਸਕੂਲੋਂ ਆ ਕੇ ਇਹ ਬਾਹਰ ਨ੍ਹੀ ਨਿਕਲਦੀ, ਮੈਨੂੰ ਘਰੋਂ ਬਾਹਰ ਜਾ ਕੇ ਵਾਪਸ ਮੁੜਨਾ ਪਸੰਦ ਨਹੀਂ। ਮੈਂ ਕਿਤਾਬਾਂ ਪੜ੍ਹਦਾ, ਇਹ ਮੇਰੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਨੂੰ ਰੱਦੀ ਚ ਵੇਚ ਦਿੰਦੀ ਐ- ਕਦੇ ਕਦੇ ਤਾਂ ਅਣਪੜ੍ਹੀ ਕਿਤਾਬ ਵੀ। ਨਾ ਸਿਨਮਾ ਜਾਵੇ, ਨਾ ਸੈਰ ਨੂੰ।'

‘ਚੰਗਾ, ਮਹਾਰਾਜ, ਬੱਸ ਕਰੋ ਹੁਣ। ਹੇਮਾ ਮਾਲਿਨੀ ਖ਼ਰੀਦ ਲਿਆਓ ਕਿਤੋਂ।' ਰਾਧਾ ਰਸੋਈ ਵਿਚੋਂ ਹੀ ਉੱਚੀ ਬੋਲੀ ਹੈ।

‘ਰਾਧਾ ਜੀ, ਬਿਗੜ ਚੱਲਿਆ, ਜਗਦੇਵ ਤਾਂ। ਸੰਭਾਲ ਲੋ। ਮੈਂ ਵੀ ਉੱਚੀ ਦੇ ਕੇ ਕਿਹਾ ਹੈ।

ਉਹ ਅੰਦਰ ਆ ਗਈ ਹੈ।

'ਆਦਮੀ ਦੀ ਜ਼ਿੰਦਗੀ ਵੀ ਇੱਕ ਫਰੇਮ ਹੈ, ਤੇ ਔਰਤ ਇੱਕ ਤਸਵੀਰ। ਕਿਸੇ ਦੇ ਫਰੇਮ 'ਚ ਚੰਗੀ ਤਸਵੀਰ ਐ, ਕਿਸੇ ਦੇ ’ਚ ਮਾੜੇ ਹੌਸਲੇ ਵਾਲਾ ਆਦਮੀ ਮਾੜੀ ਤਸਵੀਰ ਕੱਢ ਕੇ ਔਹ ਮਾਰਦੈ ਤੇ ਨਵੀਂ ਨਕੋਰ ਟਹਿ ਟਹਿ ਕਰਦੀ ਤਸਵੀਰ ਜੜ ਲੈਂਦੇ। ਜਗਦੇਵ ਨੇ ਗੰਭੀਰ ਹੋ ਕੇ ਆਖਿਆ ਹੈ।

‘ਥੋਨੂੰ ਕਿਸ ਨੇ ਰੋਕਿਐ?' ਰਾਧਾ ਨੇ ਮੁਸਕਰਾ ਕੇ ਕਿਹਾ। ਅੰਦਰੋਂ ਤਾਂ ਭਾਵੇਂ ਉਹ ਗੁੱਸੇ ਹੀ ਹੋਵੇ, ਪਰ ਉਸ ਨੇ ਸ਼ਾਇਦ ਮੇਰੇ ਬੈਠਿਆਂ ਹੋਣ ਕਰਕੇ ਚਿਹਰੇ 'ਤੇ ਬਨਾਵਟੀ ਮੁਸਕਰਾਹਟ ਲਿਆਂਦੀ ਹੈ। ਜਗਦੇਵ ਵੱਲ ਦੇਖ ਕੇ ਮੈਂ ਹੱਸਿਆ ਹਾਂ। ਮੈਨੂੰ ਪਤਾ ਹੈ ਕਿ ਨਾ ਤਾਂ ਜਗਦੇਵ ਰਾਧਾ ਨੂੰ ਛੱਡ ਸਕਦਾ ਹੈ ਤੇ ਨਾ ਹੀ ਰਾਧਾ ਜਗਦੇਵ ਨੂੰ, ਇਹ ਅਹਿਸਾਸ ਹੋ ਸਕਦਾ ਹੈ ਕਿ ਉਹ ਉਸ ਨੂੰ ਛੱਡ ਦੇਵੇਗਾ। ਕਦੇ ਵੀ ਨਹੀਂ। ਜਗਦੇਵ ਵਿੱਚ ਐਨੀ ਹਿੰਮਤ ਹੈ ਹੀ ਕਿੱਥੇ। ਛੱਡਣ ਛਡਾਉਣ ਵਾਲੀ ਗੱਲ ਵੀ ਕੋਈ ਖ਼ਾਸ ਨਹੀਂ। ਸਭ ਜਗਦੇਵ ਦੀਆਂ ਸ਼ਾਇਰਾਨਾ ਗੱਲਾਂ ਹਨ।

‘ਚੱਲੋ ਕੋਰਟ 'ਚ ਕੱਲ੍ਹ ਨੂੰ ਤੁਹਾਡੇ ਤਲਾਕ ਦਿਵਾਵਾਂ। ਮੈਨੂੰ ਗਵਾਹ ਬਣਾਓ।' ਮੈਂ ਦੋਵਾਂ ਵੱਲ ਇੱਕੋ ਜਿਹਾ ਧਿਆਨ ਦੇ ਕੇ ਕਹਿ ਦਿੱਤਾ ਹੈ।

'ਲਓ, ਲਵਾਓ ਮੇਰਾ ਗੂਠਾ ਤਾਂ।' ਰਾਧਾ ਲਾਚੜ ਗਈ ਹੈ। ਜਗਦੇਵ ਸਿਰ ਸੁੱਟੀ ਬੈਠਾ ਹੈ। ਰਾਧਾ ਨੇ ਉਸ ਦਾ ਹੱਥ ਝੰਜੋੜਿਆ ਹੈ। ਬੋਲਦੇ ਨੀ?' ਉਹ ਪਲਕਾਂ ਉਠਾ ਕੇ ਮੇਰੇ ਵੱਲ ਝਾਕਿਆ ਹੈ ਤੇ ਮਾਮੂਲੀ ਜਿਹੀ ਮੁਸਕਰਾਇਆ ਹੈ।

'ਹਿੰਮਤ ਵੀ ਹੋਵੇ,' ਕਹਿ ਕੇ ਰਾਧਾ ਫਿਰ ਰਸੋਈ ਵਿੱਚ ਚਲੀ ਗਈ ਹੈ।

ਮੇਰੇ ਬੈਠੇ ਬੈਠੇ ਉਹ ਦੋ ਸਿਗਰਟਾਂ ਪੀ ਚੁੱਕਿਆ ਹੈ। ਤੀਜੀ ਸਿਗਰਟ ਦਾ ਪਹਿਲਾ ਕਸ਼ ਲੈ ਕੇ ਉਸ ਨੇ ਆਖਿਆ ਹੈ- 'ਪਰ .... ਰਾਧਾ ਮੈਨੂੰ ਪਿਆਰ ਬਹੁਤ ਕਰਦੀ ਐ।'

‘ਤੇ ਤੂੰ?' ਨਾਲ ਦੀ ਨਾਲ ਮੈਂ ਪੁੱਛ ਲਿਆ ਹੈ।

‘ਮੈਂ ਵੀ.... ਬਹੁਤ ਕਰਦਾਂ। ਰਾਧਾ ਨੂੰ ਮੈਂ ਛੱਡ ਨੀ ਸਕਦਾ। ਜ਼ਿੰਦਗੀ ਦੇ ਫਰੇਮ 'ਚ ਇਹ ਤਸਵੀਰ ਤਾਂ ਪਰਮਾਨੈਂਟ ਐ।ਉਹ ਇੱਕ ਲੰਬਾ ਕਸ਼ ਲੈ ਕੇ ਧੂੰਆਂ ਧਰਤੀ ਵੱਲ ਛੱਡਦਾ ਹੈ। ਹਨੇਰਾ ਕਾਫ਼ੀ ਹੋ ਚੁੱਕਿਆ ਹੈ। ਰਸੋਈ ਵਿਚੋਂ ਆ ਰਹੀ ਤੜਕੇ ਦੀ ਸਲੂਣੀ ਸੁਗੰਧ ਨੱਕ ਵਿੱਚ ਮਿੱਠੀ ਮਿੱਠੀ ਜਲੂਣ ਛੇੜ ਰਹੀ ਹੈ। ਮੈਂ ਪਲੰਘ ਤੋਂ ਉੱਠ ਖੜੋਤਾ ਹਾਂ।‘ਰੋਟੀ ਖਾ ਜਾਈਂ ਹੁਣ।' ਜਗਦੇਵ ਨੇ ਮੇਰਾ ਹੱਥ ਫੜਿਆ ਹੈ।‘ਨਹੀਂ ਯਾਰ, ਮੇਰੀ ਤਸਵੀਰ ਵੀ ਉਡੀਕਦੀ ਹੋਊਗੀ।' ਕਹਿ ਕੇ ਕਮਰੇ ਤੋਂ ਬਾਹਰ ਆ ਗਿਆ ਹਾਂ। ਅਸਮਾਨ ਵਿੱਚ ਤਾਰੇ ਖਿੱਲਾਂ ਵਾਂਗ ਖਿੜ੍ਹੇ ਹੋਏ ਹਨ। ਰਾਧਾ ਨੂੰ ਮੈਂ ਨਮਸਤੇ ਕਹੀ ਹੈ। ਸਟੋਵ ਦੇ ਖੜਕੇ ਵਿੱਚ ਸ਼ਾਇਦ ਉਸ ਨੂੰ ਚੰਗੀ ਤਰ੍ਹਾਂ ਸੁਣਿਆ ਨਹੀਂ। ਪਰ ਰਸੋਈ ਤੋਂ ਬਾਹਰ ਆ ਕੇ ਉਸ ਨੇ ਮੇਰੇ ਵੱਲ ਹੱਥ ਜੋੜੇ ਹਨ। ‘ਸੰਭਾਲ ਕੇ ਰੱਖਿਆ ਕਰੋਂ ਇਨ੍ਹਾਂ ਨੂੰ।' ਮੈਂ ਕਿਹਾ ਹੈ। ਉਹ ਸਿਰਫ਼ ਮੁਸਕਰਾਈ ਹੈ। ਜੁੜੇ ਹੋਏ ਹੱਥਾਂ ਦੀ ਕੰਘੀ ਬਣਾ ਲਈ ਹੈ। ਜਗਦੇਵ ਮੈਨੂੰ ਦਰਵਾਜ਼ੇ ਤੱਕ ਛੱਡਣ ਆਇਆ ਹੈ।