ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਮਾਈ

ਵਿਕੀਸਰੋਤ ਤੋਂ
ਕਮਾਈ

ਪੀਤੇ ਨੂੰ ਨਾਲ ਲੈ ਕੇ ਜਬਰਾ ਘਰੋਂ ਤੁਰ ਪਿਆ ਸੀ, ਪਰ ਉਸ ਦੀ ਠੁਸ ਠੁਸ ਨੂੰ ਦੇਖ ਕੇ ਉਹ ਦਾ ਆਪਣਾ ਦਿਲ ਵੀ ਡਿੱਗੂੰ ਡਿੱਗੂ ਕਰ ਰਿਹਾ ਸੀ। ਪੀਤੇ ਦਾ ਚਿਹਰਾ ਲਮਕਿਆ ਹੋਇਆ ਸੀ। ਉਸ ਦੀਆਂ ਅੱਖਾਂ ਡੁੱਬੀਆਂ ਹੋਈਆਂ ਦਿੱਸਦੀਆਂ ਸਨ। ਉਹ ਹੌਲੀ ਹੌਲੀ ਤੁਰ ਰਿਹਾ ਸੀ। ਪੰਜ ਸੱਤ ਕਰਮਾਂ ਤੁਰਨ ਬਾਅਦ ਹੀ ਜਬਰਾ ਉਸ ਨੂੰ ਨਾਲ ਰਲਾਉਂਦਾ, ਪਰ ਉਹ ਫਿਰ ਪਿੱਛੇ ਰਹਿ ਜਾਂਦਾ ਸੀ। ਆਪਣੇ ਨਾਲ ਰਲਾਉਣ ਲਈ ਕਦੇ ਉਹ ਉਸ ਨੂੰ ਗਾਲ੍ਹ ਕੱਢਦਾ ਤੇ ਕਦੇ ਪੁਚਕਾਰਦਾ, ਪੁੱਤ ਪੁੱਤ ਕਰਦਾ।

ਜਬਰੇ ਨੂੰ ਲੱਗਦਾ, ਅਜੇ ਇਸ ਦੀ ਉਮਰ ਹੀ ਕੀ ਹੈ। ਮੈਸ੍ਹਾਂ ਚਾਰਨ ਜੋਗਾ ਤਾਂ ਅਜੇ ਇਹ ਹੋਇਆ ਨਹੀਂ। ਬਹੁਤ ਨਿਆਣਾ, ਅਜੇ ਤਾਂ ਇਹ, ਮਸ੍ਹਾਂ ਸੱਤ ਅੱਠ ਸਾਲ ਦਾ ਹੋਇਆ ਹੈ। ਕਿੰਨਾ ਮਾਸੂਮ ਚਿਹਰਾ ਹੈ। ਨਿੱਕੇ-ਨਿੱਕੇ ਹੱਥ ਪੈਰ। ਡੱਕਿਆ ਵਰਗੀਆਂ ਲੱਤਾਂ ਬਾਹਾਂ। ਮਲੂਕ ਜਿਹੀ ਜਿੰਦੜੀ, ਕਿਵੇਂ ਸਹਾਰੇਗਾ ਇਹ ਜੇਠ ਹਾੜ੍ਹ ਦੀ ਧੁੱਪ? ਉਸ ਦੇ ਤੇੜ ਪਾਈ ਨੀਲੀ ਨਿੱਕਰ ਬਹੁਤ ਸੁਹਣੀ ਲੱਗ ਰਹੀ ਸੀ। ਘਰ ਦੀ ਖੱਡੀ 'ਤੇ ਬੁਣੇ ਮੋਟੇ ਖੱਦਰ ਦਾ ਦੂਜੀ ਧੋਅ ਪਾਇਆ ਕੁੜਤਾ ਖਾਸਾ ਚਿੱਟਾ ਦਿੱਸਦਾ ਸੀ। ਮੁੰਨੇ ਸਿਰ ਦੇ ਉਂਗਲ ਉਂਗਲ ਕਰਚਿਆਂ ਉੱਤੇ ਉਹ ਆਪਣੀ ਮਾਂ ਦਾ ਨਵਾਂ ਨਕੋਰ ਜਾਲਖੀ ਮਲਮਲ ਦਾ ਪਿਆਜ਼ੀ ਦੁਪੱਟਾ ਬੰਨ੍ਹ ਲਿਆਇਆ ਸੀ। ਅੱਡੀਆਂ ਤੇ ਕੋਰਾਂ ਤੋਂ ਗੰਢੀ ਹੋਈ ਸਰੋ ਦੇ ਤੇਲ ਨਾਲ ਚੋਪੜੀ ਪੁਰਾਣੀ ਜੁੱਤੀ ਉਸ ਦੇ ਪੈਰਾਂ ਵਿੱਚ ਬੇਮਲੂਮਾ ਜਿਹਾ ਚੀਕ ਰਹੀ ਸੀ। ਗੁੜ ਦੀਆਂ ਰੋੜੀਆਂ ਵਿੱਚ ਬਿਨਾਂ ਘਿਓ ਤੋਂ ਕੁੱਟੀ ਤਿੰਨ ਰੋਟੀਆਂ ਦੀ ਚੂਰੀ ਸਮੋਸੇ ਦੇ ਲੜ ਬੰਨ੍ਹ ਕੇ ਉਸ ਨੇ ਮੋਢੇ ਲਮਕਾਈ ਹੋਈ ਸੀ। ਠੁਮਕ ਠੁਮਕ ਤੁਰਦਾ ਉਹ ਜਬਰੇ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ। ਪਰ ਜਦ ਉਸ ਨੂੰ ਉਸ ਦੇ ਪਿੱਛੇ ਰਹਿ ਜਾਣ ਦਾ ਅਹਿਸਾਸ ਹੁੰਦਾ ਤੇ ਉਹ ਉਸ ਦੇ ਉਤਰੇ ਹੋਏ ਚਿਹਰੇ ਵੱਲ ਦੇਖਦਾ ਤਾਂ ਉਸ ਦਾ ਆਪਣਾ ਚਿਹਰਾ ਵੀ ਉਤਰ ਜਾਂਦਾ। ਉਹ ਕਾਹਲ ਨਾਲ ਤੁਰਦਾ ਤੇ ਪੀਤਾ ਹੋਰ ਪਿੱਛੇ ਰਹਿ ਜਾਂਦਾ। ਇਸ ਸਮੇਂ ਉਸ ਨੂੰ ਪੀਤੇ ’ਤੇ ਗੁੱਸਾ ਆਉਂਦਾ, ਪਰ ਕਦੇ ਕਦੇ ਤਰਸ ਵੀ।

ਫੱਗਣ-ਚੇਤ ਦੀ ਰੁੱਤ ਸੀ, ਸਵੇਰ ਦਾ ਵੇਲਾ। ਉਹ ਪੀਤੇ ਨੂੰ ਕਰਮ ਸਿੰਘ ਦੇ ਕੋਠੀਂ ਛੱਡਣ ਜਾ ਰਿਹਾ ਸੀ। ਪੰਦਰਾਂ ਦਿਨ ਹੋਏ ਉਸ ਨੇ ਕਰਮ ਸਿੰਘ ਤੋਂ ਦੋ ਕੁਇੰਟਲ ਕਣਕ ਤੇ ਇੱਕ ਸੌ ਰੁਪਿਆ ਨਕਦ ਲਿਆ ਸੀ। ਕਣਕ ਦੇ ਪੈਸੇ ਤੇ ਸੌ ਰੁਪਿਆ ਛੇ ਮਹੀਨਿਆਂ ਬਾਅਦ ਮੋੜਨੇ ਕੀਤੇ ਸਨ। ਇਸ ਸਾਰੀ ਰਕਮ ਦੇ ਵਿਆਜ ਵਿੱਚ ਛੇ ਮਹੀਨੇ ਪੀਤੇ ਨੇ ਕਰਮ ਸਿੰਘ ਦੀਆਂ ਮੱਝਾਂ ਚਾਰਨੀਆਂ ਸਨ। ਸਵੇਰ ਤੋਂ ਸ਼ਾਮ ਤੱਕ ਕਰਮ ਸਿੰਘ ਦੇ ਖੇਤ ਵਿੱਚ ਹੀ ਤੇ ਫਿਰ ਆਥਣ ਉਗਣ ਹੋਰ ਨਿੱਕੇ ਮੋਟੇ ਕੰਮ ਵੀ ਕਰਨੇ ਸਨ। ਰਾਤ ਨੂੰ ਵੀ ਓਥੇ ਹੀ ਰਹਿਣਾ ਸੀ। ਰੋਟੀ ਟੁੱਕ ਵੀ ਓਥੇ ਹੀ। ਅੱਠੀਂ ਦਸੀਂ ਦਿਨੀਂ ਬੇਸ਼ੱਕ ਘਰ ਗੇੜਾ ਮਾਰ ਆਵੇ-ਬਿੰਦ ਦੀ ਬਿੰਦ।

ਕਰਮ ਸਿੰਘ ਦੇ ਕੋਠੇ ਪਿੰਡ ਤੋਂ ਦੋ ਮੀਲ ਦੂਰ ਸਨ। ਮਾਲ ਪਸ਼ੂ ਤੇ ਉਸ ਦਾ ਸਾਰਾ ਟੱਬਰ ਕੋਠੀਂ ਹੀ ਰਹਿੰਦਾ ਸੀ। ਜਿਨ੍ਹਾਂ ਦੇ ਨਾਲ ਹੀ ਖੇਤ ਸਨ, ਦੋ ਘਰ ਹੋਰ ਵੀ ਰਹਿੰਦੇ ਸਨ।

ਜਬਰਾ ਜਵਾਨੀ ਦੀ ਉਮਰ ਵਿੱਚ ਸੀਰੀ ਰਿਹਾ ਸੀ। ਰਾਤ ਨੂੰ ਰੂੜੀ ਦਾ ਰੇਹ ਪਾਉਂਦਿਆਂ ਇੱਕ ਵਾਰ ਗੱਡੇ ਦੇ ਪੱਟ ਤੋਂ ਡਿੱਗ ਕੇ ਉਸ ਦਾ ਗਿੱਟਾ ਟੁੱਟ ਗਿਆ ਸੀ। ਥਹਿ ਸਿਰ ਆਇਆ ਹੀ ਨਹੀਂ ਸੀ। ਤੁਰਨ ਜੋਗਾ ਉਹ ਹੋ ਗਿਆ ਸੀ, ਪਰ ਪੂਰਾ ਬੋਝ ਲੱਤ ’ਤੇ ਦਿੱਤਾ ਨਹੀਂ ਸੀ ਜਾ ਸਕਦਾ। ਸੀਰੀ ਨੂੰ ਤਾਂ ਹਰ ਵੇਲੇ ਦਾ ਕੰਮ ਹੁੰਦਾ ਹੈ। ਇਹ ਕੰਮ ਕਰਨ ਤੋਂ ਉਹ ਨਾਕਾਰਾ ਹੋ ਚੁੱਕਿਆ ਸੀ। ਜੱਟ ਤਾਂ ਸੀਰੀ ਦੀ ਖੱਲ ਉਧੇੜਨ ਤੱਕ ਜਾਂਦੇ ਹਨ, ਪਰ ਰੋਟੀ ਵੀ ਤਾਂ ਕਿਤੋਂ ਖਾਣੀ ਸੀ। ਸੋ, ਉਹ ਸੜਕ 'ਤੇ ਜਾ ਲੱਗਿਆ ਸੀ। ਖਤਾਨਾ ਵਿਚੋਂ ਮਿੱਟੀ ਪੁੱਟ ਕੇ ਸੜਕ ਦੇ ਦੁਪਾਸੀਂ ਖੁਰੇ ਥਾਵਾਂ ਨੂੰ ਭਰਨ ਤੇ ਜਾਂ ਕਦੇ ਕਦੇ ਟੁੱਟ ਰਹੀ ਸੜਕ ਦੇ ਟੋਇਆ ਵਿੱਚ ਬਜਰੀ ਤੇ ਲੁੱਕ ਦੀਆਂ ਟਾਕੀਆਂ ਲਾਉਣੀਆਂ।

ਉਹ ਤਾਂ ਤਿੰਨ ਕੁੜੀਆਂ ਦੇ ਵਿਆਹਾਂ ਨੇ ਹੀ ਥੋਥਾ ਕਰ ਦਿੱਤਾ ਸੀ। ਇੱਕ ਮੁੰਡਾ ਇਹੀ ਪੀਤਾ, ਉਸੇ ਨੂੰ ਹੀ ਉਹ ਪਰਾਏ ਵੱਸ ਪਾਉਣ ਜਾ ਰਿਹਾ ਸੀ। ਇਹ ਵੀ ਪਤਾ ਸੀ, ਪਤਾ ਨਹੀਂ ਕਿੰਨੇ ਕੁ ਛੇ ਮਹੀਨੇ ਲੰਘ ਜਾਣ। ਢਾਈ ਤਿੰਨ ਸੌ ਰੁਪਿਆ ਮੁਸ਼ਕਲ ਨਾਲ ਹੀ ਇਕੱਠਾ ਹੋਵੇਗਾ।

ਉਹ ਸੂਏ ਦੇ ਪੁਲ 'ਤੇ ਆ ਗਿਆ ਸੀ। ਮਗਰ ਆ ਰਹੇ ਪੀਤੇ ਨੂੰ ਹਾਕ ਮਾਰ ਕੇ ਉਹ ਪੁਲ ਦੇ ਇੱਕ ਪਾਸੇ ਬੈਠ ਗਿਆ। ਫਿਰ ਪੁਲ 'ਤੇ ਆ ਕੇ ਖੜ੍ਹੇ ਪੀਤੇ ਨੂੰ ਉਸ ਨੇ ਕੋਲ ਬਿਠਾ ਲਿਆ।‘ਲਾਇਆ ਕਰੇਂਗਾ ਮਹੀਆਂ ਦੇ ਮੋੜੇ?"

ਹਾਂ ਵਿੱਚ ਪੀਤੇ ਨੇ ਸਿਰ ਹਿਲਾਇਆ। ਮੂੰਹ ਵਿੱਚ ਤਾਂ ਉਸ ਦੇ ਜਿਵੇਂ ਬੋਲ ਹੀ ਨਹੀਂ ਸੀ।

'ਮਾਂ ਨੂੰ ਵੀ ਯਾਦ ਕਰੇਂਗਾ?

ਨਾਲ ਦੀ ਨਾਲ ਜਬਰੇ ਨੇ ਸੋਚਿਆ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ। ਪੀਤਾ ਵੀ ਬਹੁਤ ਹਲਕਾ ਜਿਹਾ ਜਬਰੇ ਦੀਆਂ ਅੱਖਾਂ ਵੱਲ ਝਾਕਣ ਲੱਗਿਆ। ਜਿਵੇਂ ਕਹਿ ਰਿਹਾ ਹੋਵੇ, ਇਹ ਕਿਸ ਤਰ੍ਹਾਂ ਦਾ ਸਵਾਲ ਹੈ, ਬਾਪੂ?

ਸੂਏ ਦੇ ਦੋਵੇਂ ਪਾਸੀਂ ਖੜ੍ਹੀਆਂ ਉੱਚੀਆਂ ਉੱਚੀਆਂ ਟਾਹਲੀਆਂ ਦੇ ਪੱਤੇ ਹਰੇ ਕਚੂਰ ਸਨ। ਠੰਡੀ ਠੰਡੀ ਹਵਾ ਧੀਮੀ ਧੀਮੀ ਚੱਲ ਰਹੀ ਸੀ। ਟਾਹਲੀਆਂ ਦੇ ਪੱਤੇ ਬਹੁਤ ਥੋੜ੍ਹਾ ਹਿੱਲ ਰਹੇ ਸਨ। ਦੂਰ ਤੱਕ ਕਣਕਾਂ ਦੇ ਖੇਤ ਵਿਛੇ ਹੋਏ ਸਨ। ਕੁਦਰਤ ਦੀ ਹਰੀ ਵਿਸ਼ਾਲ ਚਾਦਰ ਅੱਖਾਂ ਨੂੰ ਸੁਖਾਵੀਂ ਸੁਖਾਵੀਂ ਲੱਗ ਰਹੀ ਸੀ। ਸੂਏ ਦਾ ਪਾਣੀ ਲਗਾਤਾਰ ਵਹਿੰਦਾ ਜਾ ਰਿਹਾ ਸੀ।ਟਾਹਲੀਆਂ ਦੇ ਸੁੱਕੇ ਪੱਤੇ, ਕਿੱਕਰ ਦੀ ਕੋਈ ਟਹਿਣੀ, ਘਾਹ ਦੀ ਕੋਈ ਤਿੜ੍ਹ ਪਾਣੀ ਦਾ ਹੀ ਹਿੱਸਾ ਬਣੇ ਜਾ ਰਹੇ ਸਨ। ਇੱਕ ਥਾਂ ਨਿਗਾਹ ਟਿਕਾਓ, ਦੂਰ ਤੱਕ ਜਾ ਕੇ ਫਿਰ ਉੱਥੇ ਹੀ ਪਰਤ ਆਉਂਦੀ ਸੀ। ਸੁਹਣੇ ਮੌਸਮ ਵਿੱਚ ਕਿੰਨੀ ਸੋਹਣੀ ਥਾਂ, ਪਰ ਜਬਰੇ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਚਮਿਆਰਾਂ-ਵਿਹੜੇ ਦੇ ਨਾਲ ਲੱਗਦੇ ਦੋਵੇਂ ਤਿੰਨੇ ਅਗਵਾੜਾਂ ਦੇ ਬਹੁਤ ਸਾਰੇ ਜਵਾਕ ਸਕੂਲ ਪੜ੍ਹਨ ਜਾਂਦੇ ਸਨ। ਦੇਖਦਿਆਂ ਦੇਖਦਿਆਂ ਕਿੰਨੇ ਹੀ ਮੁੰਡੇ ਦਸਵੀਂ ਜਮਾਤ ਪਾਸ ਕਰ ਗਏ ਸਨ। ਕਈ ਤਾਂ ਨੇੜੇ ਦੇ ਸ਼ਹਿਰ ਕਾਲਜ ਪੜ੍ਹਨ ਜਾਂਦੇ ਸਨ। ਚਮਿਆਰਾਂ-ਵਿਹੜੇ ਦੇ ਵੀ ਕੁਝ ਮੁੰਡੇ ਸਕੂਲ ਜਾਂਦੇ ਸਨ ਤੇ ਦੋ ਤਿੰਨ ਮੁੰਡੇ ਕਾਲਜ ਵੀ। ਘੋਤੂ ਦਾ ਮੁੰਡਾ ਮਾਸਟਰ ਲੱਗਿਆ ਹੋਇਆ ਸੀ। ਧੱਲੇ ਦਾ ਮੁੰਡਾ ਪਟਵਾਰੀ। ਘੀਚਰ ਦੇ ਦੋਵੇਂ ਮੁੰਡੇ ਬਿਜਲੀ ਦ ਮਹਿਕਮੇ ਵਿੱਚ ਸਨ ਸੁਹਣੀ ਰੋਟੀ ਖਾਂਦੇ ਸਨ। ਚੰਗੇ ਕੱਪੜੇ ਪਾਉਂਦੇ ਸਨ।

ਮਾਸਟਰ ਕਿੰਨੀ ਵਾਰ ਆਇਆ ਹੈ। ਕਹਿੰਦਾ ਹੈ-ਪ੍ਰੀਤਮ ਸਿੰਘ ਨੂੰ ਭੇਜੋ ਸਕੂਲ। ਦਾਖ਼ਲ ਕਰਵਾਓ ਇਹ ਦਾ ਨਾਉਂ। ਪਰ ਕੀ ਪਤਾ ਮਾਸਟਰ ਵਿਚਾਰੇ ਨੂੰ ਰੋਟੀ ਮਸ੍ਹਾਂ ਪੱਕਦੀ ਹੈ। ਪੜ੍ਹਾਈਆਂ ਕਿੱਥੇ? ਮੁਸ਼ਕਲ ਨਾਲ ਮੁੰਡਾ ਉਡਾਰ ਹੋਇਆ ਹੈ। ਕੰਮ ਵਿੱਚ ਨਹੀਂ ਪਾਵਾਂਗੇ ਤਾਂ ਖਾਵਾਂਗੇ ਕਿੱਥੋਂ? ਕਦੋਂ ਮੁੰਡੇ ਦੀ ਦਸਵੀਂ ਪਾਸ ਹੋਈ, ਕਦੋਂ ਕੋਈ ਸਿਖਲਾਈ ਕੀਤੀ ਤੇ ਕਦੋਂ ਫਿਰ ਨੌਕਰੀ ਮਿਲੀ। ਉਦੋਂ ਨੂੰ ਤਾਂ ਬੀਤ ਜਾਵਾਂਗੇ ਭਾਈ।

"ਓਏ ਤੂੰ ਸਕੂਲ 'ਚ ਪੜ੍ਹਨ ਲੱਗਣੈ?" ਜਬਰਾ ਉੱਭੜਵਾਹਾ ਬੋਲਿਆ।

ਮੁੰਡੇ ਦੀਆਂ ਅੱਖਾਂ ਜਿਵੇਂ ਜਾਗ ਪਈਆਂ ਹੋਣ। ਚਿਹਰਾ ਜਿਵੇਂ ਮੀਂਹ ਧੋਤੇ ਫੁੱਲ ਵਾਂਗ ਨਿੱਖਰ ਗਿਆ ਹੋਵੇ, ਟਹਿਕ ਪਿਆ ਹੋਵੇ। ਉਸ ਦੇ ਹਾਣੀ ਮੁੰਡੇ ਗਿੰਦਰੀ, ਢੂੰਡਾ ਤੇ ਪਾਖਰ ਸਾਲ ਭਰ ਤੋਂ ਸਕੂਲ ਲੱਗੇ ਹੋਏ ਸਨ। ਉਨ੍ਹਾਂ ਕੋਲ ਲੱਕੜ ਦੀਆਂ ਕੂਲੀਆਂ ਕੂਲੀਆਂ, ਚਿੱਟੀ ਗਾਜਣੀ ਨਾਲ ਪੋਚੀਆਂ, ਲੰਮੇ ਲੰਮੇ ਡੂਡਣਿਆਂ ਵਾਲੀਆਂ ਫੱਟੀਆਂ ਸਨ। ਘਰ ਦੇ ਬੁਣੇ ਹੋਏ ਮੋਰਨੀਆਂ ਵਾਲੇ ਝੋਲੇ ਸਨ। ਝੋਲਿਆਂ ਵਿੱਚ ਕਿਤਾਬਾਂ ਤੋਂ ਬਿਨ੍ਹਾਂ ਕਿੰਨਾ ਕੁਝ ਹੋਰ ਉਹ ਪਾ ਕੇ ਰੱਖਦੇ ਹਨ। ਸਕੂਲ ਜਾ ਕੇ ਅੱਧੀ ਛੁੱਟੀ ਵੇਲੇ ਖਾਣ ਲਈ ਲੀਰ ਵਿੱਚ ਰੋਟੀ ਬੰਨ੍ਹ ਕੇ ਵੀ ਉਹ ਝੋਲਿਆਂ ਵਿੱਚ ਪਾ ਕੇ ਲਿਜਾਂਦੇ ਸਨ।

ਪਰ ਉਸੇ ਬਿੰਦ ਜਬਰੇ ਨੂੰ ਮਹਿਸੂਸ ਹੋਇਆ, ਢਾਈ ਤਿੰਨ ਸੌ ਹੀ ਪਤਾ ਨਹੀਂ ਕਦੋਂ ਮੁੜੇ, ਵਿਆਜ ਦਾ ਬੰਦੋਬਸਤ? ਉਸ ਨੇ ਸਿਰ ਨੂੰ ਚੱਕਰ ਜਿਹਾ ਆਇਆ। ਕਰਮ ਸਿੰਘ ਦੇ ਕੋਠੇ ਸਾਹਮਣੇ ਹੀ ਦਿਸ ਰਹੇ ਸਨ।

"ਆਪਾਂ ਨੂੰ ਕਿੱਥੇ ਵਿੱਦਿਆ, ਭਾਈ ਮੁੰਡਿਆ। ਚੱਲ ਉੱਠ। ਜਬਰੇ ਨੇ ਹਉਕਾ ਲਿਆ।"

"ਕਿਉਂ ਬਾਪੂ? ਲਾ ਦੇ ਮੈਨੂੰ ਵੀ ਪੜ੍ਹਨ।"

ਜਬਰੇ ਦੇ ਮੂੰਹੋਂ ਕੋਈ ਬੋਲ ਨਹੀਂ ਨਿਕਲਿਆ। ਫੇਰ ਕੁਝ ਪਲ ਰੁਕ ਕੇ ਉਹ ਬੋਲਿਆ, "ਚੱਲ ਤੁਰ। ਮੈਂ ਤਾਂ ਸੜਕ `ਤੇ ਜਾਣੇ ਅਜੇ। ਮੇਟ ਦਾ ਸੁਭਾਅ ਵੀ ਮਾੜਾ ਈ ਐ।"

ਪੀਤੇ ਦੀਆਂ ਅੱਖਾਂ ਫਿਰ ਡੁੱਬ ਗਈਆਂ। ਚਿਹਰਾ ਫਿਰ ਲਮਕ ਗਿਆ। ਕਰਮ ਸਿੰਘ ਦੇ ਕੋਠਿਆਂ ਵੱਲ ਉਹ ਸਿਰ ਸੁੱਟੀ ਜਾ ਰਹੇ ਸਨ।