ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਅਜ਼ਾਦ ਹਵਾ

ਵਿਕੀਸਰੋਤ ਤੋਂ
ਅਜ਼ਾਦ ਹਵਾ

ਕੱਚੀਆਂ ਕੈਲਾਂ ਨੂੰ ਚਿੱਤ ਸਭਨਾਂ ਦਾ ਕਰਦਾ।

ਉਹ ਦਾ ਨਾਉਂ ਕੈਲੋ ਸੀ-ਕਰਨੈਲ ਕੌਰ ਤੇ ਸੀ ਵੀ ਕੈਲ ਜਿਹੀ ਉੱਚੀ ਲੰਮੀ, ਅਕਹਿਰੇ ਬਦਨ ਦੀ ਤੇ ਸੁਹਣੀ। ਗੋਰਾ ਬਦਾਮੀ ਰੰਗ। ਕਾਲੀ ਸਲਵਾਰ ਪਾ ਕੇ ਰੱਖਦੀ ਜਾਂ ਸਿਰ 'ਤੇ ਕਾਲਾ ਦੁਪੱਟਾ। ਗਲ ਕਾਲੇ ਧਾਗੇ ਵਿੱਚ ਪਰੋਈ ਸੋਨੇ ਦੀ ਤਵੀਤੀ, ਗਰਦਨ ਦੁਆਲੇ ਕੱਸ ਕੇ ਬੰਨ੍ਹੀ ਹੋਈ। ਅਗਵਾੜ ਵਿੱਚ ਦੀ ਲੰਘਦੀ ਤਾਂ ਹਾਏ ਲੋਹੜਾ ਕਰਦੀ ਤੁਰੀ ਜਾਂਦੀ।

ਕੈਲੋ ਦੇ ਘਰ ਵਾਲਾ ਹੌਲਦਾਰ ਅਖਵਾਉਂਦਾ ਸੀ, ਇਸੇ ਕਰਕੇ ਕੈਲੋ ਨੂੰ ਹੌਲਦਾਰਨੀ ਆਖਦੇ। ਪਾਖਰ ਆਪ ਵੀ ਹੌਲਦਾਰ ਕਦੋਂ ਸੀ, ਬੱਸ ਐਵੇਂ ਹੀ ਕਦੇ ਉਹ ਦਾ ਨਾਉਂ ਹੌਲਦਾਰ ਪੱਕ ਗਿਆ ਤੇ ਉਹ ਹੌਲਦਾਰ ਹੋ ਗਿਆ।

ਉਹ ਦੋ ਭਰਾ ਸਨ। ਵੱਡਾ ਕਾਟੂ ਉਹ ਦੇ ਨਾਲੋਂ ਦਸ ਬਾਰ੍ਹਾਂ ਵਰ੍ਹੇ ਵੱਡਾ ਸੀ। ਨਿਰਾ ਘੋਰੀ ਉਨ੍ਹਾਂ ਕੋਲ ਜ਼ਮੀਨ ਚੰਗੀ ਸੀ। ਪਰ ਪਤਾ ਨਹੀਂ ਕਿਉਂ, ਦੋਵਾਂ ਨੂੰ ਸਾਕ ਨਹੀਂ ਹੋਇਆ ਸੀ।

ਪਿੰਡ ਵਿੱਚ ਉਨ੍ਹਾਂ ਦੀ ਇਹ ਗੱਲ ਮਸ਼ਹੂਰ ਸੀ-ਹਾੜ੍ਹੀ ਦੇ ਦਿਨਾਂ ਵਿੱਚ ਪਾਖਰ ਨੇ ਕਿਹਾ- 'ਓਏ ਕਾਟੂ, ਨ੍ਹਾ ਲੈ। ਪਾਣੀ ਤੱਤਾ ਕੀਤਾ ਪਿਆ।'

ਕਾਟੂ ਨੇ ਜਵਾਬ ਦਿੱਤਾ- 'ਨਾਕੇ ਕੀ ਲੈਣੇ, ਕੱਲ੍ਹ ਨੂੰ ਤਾਂ ਫੇਰ ਹਾੜ੍ਹੀ ਵੱਢਣ ਜਾਣੈ।'

ਸੰਤਾਲੀ ਦੇ ਫ਼ਸਾਦਾਂ ਵੇਲੇ ਪਾਖਰ ਹੌਲਦਾਰ ਦੀ ਉਮਰ ਚਾਲ੍ਹੀ ਬਿਆਲੀ ਸਾਲ ਦੀ ਹੋਵੇਗੀ। ਛੇ ਛੱਤ ਸਾਲਾਂ ਬਾਅਦ ਕਾਟੂ ਨਾਲ ਸਲਾਹ ਮਸ਼ਵਰਾ ਕਰਕੇ ਉਹ ਇਸ ਕੈਲੋ ਨੂੰ ਘਰ ਲੈ ਆਇਆ ਸੀ। ਕੈਲੋ ਉਸ ਸਮੇਂ ਮਸਾਂ ਪੰਜ ਕੁ ਵਰ੍ਹਿਆਂ ਦੀ ਸੀ।

ਕੈਲੋ ਦੀ ਮਾਂ ਮੁਸਲਮਾਨ ਸੀ ਤੇ ਬਾਪ ਜੱਟ। ਉਹ ਵੀ ਓਦੋਂ ਉਤਾਰ ਉਮਰ ਸਨ। ਕੈਲੋ ਜਦੋਂ ਜੰਮੀ, ਉਹ ਦਾ ਪਿਓ ਪੰਜਾਹ ਵਰ੍ਹਿਆਂ ਦਾ ਸੀ, ਮਾਂ ਚਾਲ੍ਹੀਆਂ ਦੀ। ਫ਼ਸਾਦਾਂ ਵੇਲੇ ਕੈਲੋ ਦੀ ਮਾਂ ਦਾ ਪਹਿਲਾ ਪਤੀ ਤੇ ਜਵਾਕ ਜੱਲਾ ਸਭ ਮਾਰ ਦਿੱਤੇ ਗਏ ਸਨ। ਉਹ ਪਤਾ ਨਹੀਂ ਕਿਸੇ ਦੇ ਘਰ ਜਾ ਲੁਕੀ ਸੀ ਤੇ ਫੇਰ ਬਚ ਗਈ। ਤੇ ਫੇਰ ਉਸ ਪਿੰਡ ਦੇ ਹੀ ਘੁੱਦੇ ਜੱਟ ਨੇ ਉਹ ਨੂੰ ਆਪਣੇ ਘਰ ਰੱਖ ਲਿਆ ਸੀ। ਮਿਲਟਰੀ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ। ਪੁਲਿਸ ਵਾਲੇ ਤਾਂ ਆਪਣੇ ਬੰਦੇ ਸਨ। ਨੰਬਰਦਾਰ ਦਾ ਤਰਕ ਸੀ- 'ਇਹ ਵਿਚਾਰੀ ਓਧਰ ਪਾਕਿਸਤਾਨ ਜਾ ਕੇ ਕੀ ਕਰੂਗੀ? ਓਧਰ ਕੌਣ ਐ ਇਹਦਾ? ਜੀਅ-ਜੰਤ ਤਾਂ ਸਭ ਏਧਰ ਈ ਖ਼ਤਮ ਹੋ ਗਿਆ। ਘੁੱਦਾ ਮਾੜਾ ਬੰਦਾ ਨ੍ਹੀ। ਸਰਦਾਰ ਜੀ, ਤੀਮੀਂ ਨੂੰ ਫੁੱਲਾਂ ਪਾਨਾਂ ਵਾਗੂੰ ਰੱਖੂ।' ਘੁੱਦਾ ਕਬੀਲਦਾਰੀ ਵਿੱਚ ਟੁੱਟਿਆ ਹੋਇਆ ਬੰਦਾ ਸੀ।ਇਕੱਲਾ ਹੀ ਰਹਿ ਗਿਆ। ਨਾ ਕੋਈ ਭੈਣ-ਭਾਈ ਤੇ ਨਾ ਮਾਂ-ਬਾਪ। ਇਕੱਲੇ ਦੀ ਕਾਹਦੀ ਖੇਤੀ। ਜ਼ਮੀਨ ਬਹੁਤ ਥੋੜੀ ਸੀ। ਫੇਰ ਉਹ ਜ਼ਮੀਨ ਨੂੰ ਹੀ ਖਾਣ ਲੱਗ ਪਿਆ ਪਹਿਲਾਂ ਗਹਿਣੇ, ਫੇਰ ਬੈਅ ਨੰਬਰਦਾਰ ਨੇ ਤਾਂ ਪਿੰਡ ਦਾ ਬੰਦਾ ਹੋਣ ਕਰਕੇ ਉਹ ਦਾ ਪੱਖ ਕੀਤਾ, ਨਹੀਂ ਤਾਂ ਕੀ ਸੀ ਉਹ ਦੇ ਹੱਥ ਪੱਲੇ। ਨੰਬਰਦਾਰ ਹੱਸਦਾ- 'ਓਏ ਚੱਲ ਵਿਚਾਰਾ ਰੋਟੀ ਤਾਂ ਖਾਉ ਤਵੇ ਤੋਂ ਲਹਿੰਦੀ ਲਹਿੰਦੀ। ਨਾਲੇ ਤੀਮੀ ਨਾਲ ਜੀਅ ਲੱਗਿਆ ਰਹੂ ਇਹਦਾ। ਕੀ ਹੋਇਆ, ਮੁਸਲੀ ਐ, ਜੱਟ ਦੇ ਘਰ ਆ ’ਗੀ, ਆਪੇ ਜੱਟੀ ਹੋ ’ਗੀ। ਅਖੇ-ਚੂਹੜੀ ਛੱਡ ਕੇ ਬਾਮ੍ਹਣੀ ਕੀਤੀ, ਜੱਟ ਦਾ ਜੱਟ ਰਹਿ ਗਿਆ।'

ਪਿੰਡ ਵਿੱਚ ਘੁੱਦੇ ਨੂੰ ਜਦੋਂ ਖਾਣ ਪੀਣ ਨੂੰ ਕੁਝ ਵੀ ਨਾ ਰਹਿ ਗਿਆ ਤਾਂ ਉਹ ਭੁੱਖਾ ਮਰਦਾ ਮੰਡੀ ਜਾ ਵੜਿਆ। ਹੱਡਾ ਪੈਰਾਂ ਵਿੱਚ ਅਜੇ ਜਾਨ ਹੈਗੀ ਸੀ। ਮੰਡੀ ਦੇ ਆੜ੍ਹਤੀਏ ਉਹ ਨੂੰ ਜਾਣਦੇ ਸਨ। ਉਹ ਪੱਲੇਦਾਰੀ ਕਰਨ ਲੱਗ ਪਿਆ। ਓਥੇ ਹੀ ਇਹ ਕੈਲੋ ਜੰਮੀ।

ਪਾਖਰ ਮੰਡੀ ਆਉਂਦਾ ਜਾਂਦਾ ਹੁੰਦਾ। ਕਿਤੇ ਘੁੱਦਾ ਨਾਲ ਉਹ ਦਾ ਸੰਪਰਕ ਹੋ ਗਿਆ। ਘੁੱਦੇ ਤੋਂ ਹੁਣ ਕੰਮ ਨਹੀਂ ਹੁੰਦਾ ਸੀ। ਉਹ ਨੇ ਪਾਖਰ ਦੀ ਗੱਲ ਮੰਨੀ ਤੇ ਮਾਂ-ਧੀ ਨੂੰ ਲੈ ਕੇ ਪਾਖਰ ਦੇ ਪਿੰਡ ਆ ਟਿਕਿਆ। ਬੁੜ੍ਹੇ ਬੁੜ੍ਹੀ ਨੂੰ ਉਹ ਰੋਟੀ ਟੁੱਕ ਦੇਈ ਜਾਂਦਾ। ਉਹ ਖੁਸ਼ ਸਨ-ਚਲੋ, ਆਖਰੀ ਪਹਿਰੇ ਰੋਟੀ ਤਾਂ ਸੁੱਖ ਦੀ ਮਿਲਣ ਲੱਗੀ। ਕੈਲੋ ਗਲੀਆਂ ਵਿੱਚ ਖੇਡਦੀ ਫਿਰਦੀ ਰਹਿੰਦੀ। ਪਰ ...

ਕਮਸਿਨੀ ਖੇਲ ਰਹੀ ਹੈ।

ਅਭੀ ਕਯਾ ਰਖਾ ਹੈ।

ਆਸਰਾ ਆਸਰੇ ਵਾਲੋਂ ਨੇ,

ਲਗਾ ਰਖਾ ਹੈ।

ਕੈਲੋ ਬਾਰ੍ਹਾਂ ਤੇਰਾਂ ਵਰ੍ਹਿਆਂ ਦੀ ਸੀ, ਜਦੋਂ ਘੁੱਦਾ ਮਰ ਗਿਆ। ਕੈਲੋ ਦੀ ਮਾਂ ਪਹਿਲਾਂ ਵੀ ਪਾਖਰ ਦੇ ਘਰ ਦੀਆਂ ਰੋਟੀਆਂ ਪਕਾਉਂਦੀ ਸੀ, ਹੁਣ ਉਹ ਉਨ੍ਹਾਂ ਦੇ ਘਰ ਦੀ ਪੱਕੀ ਲੋੜ ਬਣ ਬੈਠੀ ਸੀ। ਪਾਖਰ ਫੱਕਰ ਬੰਦਾ ਸੀ। ਗੱਲਾਂ ਵਿੱਚ ਫਾਕੇ ਵੱਢ। ਉਹ ਨੂੰ ਕੋਈ ਚੜ੍ਹੀ ਲੱਥੀ ਦੀ ਪਛਾਣ ਵੀ ਨਹੀਂ ਸੀ। ਉਲਟਾ ਸੁਲਟਾ ਬੋਲ ਕੇ ਇੱਕ ਤਰ੍ਹਾਂ ਨਾਲ ਉਹ ਆਪਣੀ ਬੇਤਰਤੀਬੀ ਜ਼ਿੰਦਗੀ ਦਾ ਤਣਾਅ ਵੀ ਦੂਰ ਕਰ ਲੈਂਦਾ

ਅਗਵਾੜ ਦੇ ਬੰਦੇ ਉਹ ਨੂੰ ਛੇੜਦੇ- 'ਹੌਲਦਾਰਾ, ਸਾਨੂੰ ਐਂ ਤਾਂ ਦੱਸ ਦੇ, ਜੈਨਾਂ ’ਤੇ ਈ ਮੁੱਕੀ ਸਮਝੀਏ ਜਾਂ ਕੈਲੋ 'ਤੇ ਵੀ ਪਾਏਂਗਾ ਕਾਠੀ?'

ਉਹ ਤਾੜੀ ਮਾਰ ਕੇ ਪਹਿਲਾਂ ਤਾਂ ਹੱਸਦਾ, ਫੇਰ ਜਵਾਬ ਦਿੰਦਾ- 'ਜੈਨਾਂ ਕਾਟੂ ਦੀ ਵੰਡ ’ਚ ਕੈਲੋ ਹੌਲਦਾਰਨੀ।'

'ਜਿੰਨਾ ਚਿਰ ਕੈਲੋ ਨਿਆਣੀ ਐ .... ਉਹ ਉਹਨੂੰ ਹੋਰ ਫਰੋਲਣ ਬੈਠ ਜਾਂਦੇ।

ਓਏ ਮੰਨ 'ਲੀ। ਟੁੱਕ ਦੀ ਬੁਰਕੀ ਖਾਣੀ ਐ, ਭਰਾਵੋ। ਹੁਣ ਜੈਨਾਂ ਤੋਂ ਖਾਈਂ ਜਾਨੇ ਆਂ। ਫੇਰ ਕੈਲੋ ਹੌਲਦਾਰਨੀ।' ਉਹ ਦੱਬਵੀਂ ਹਾਸੀ ਹੱਸਦਾ। ਹਾਸੀ ਉਹ ਦੀ ਹਿੱਕ ਵਿਚੋਂ ਨਹੀਂ ਨਿਕਲਦੀ ਸੀ, ਸੰਘ ਤੋਂ ਉਰੇ ਉਰੇ ਹੀ ਕਿਧਰੇ ਹਾ-ਹਾ, ਹੂ-ਹੂ ਹੁੰਦੀ। ਸਮਾਂ ਪਾ ਕੇ ਫੇਰ ਕਾਟੂ ਵੀ ਮਰ ਗਿਆ। ਜੈਨਾਂ ਉਹ ਤੋਂ ਦੋ ਤਿੰਨ ਸਾਲ ਬਾਅਦ ਵਿੱਚ ਮਰੀ। ਘਰ ਵਿੱਚ ਹੁਣ ਪਾਖਰ ਸੀ ਤੇ ਉਹ ਦੀ ਹੌਲਦਾਰਨੀ ਕੈਲੋ। ਉਹ ਪਹਿਲੇ ਦਿਨੋ ਰੋਟੀ ਟੁੱਕ ਦਾ ਕੰਮ ਨਹੀਂ ਜਾਣਦੀ ਸੀ। ਪਾਖਰ ਉਹ ਨੂੰ ਕਿਸੇ ਗੱਲ ਤੋਂ ਵਰਜਦਾ ਟੋਕਦਾ ਵੀ ਨਾ। ਚੁੱਲ੍ਹੇ ਦਾ ਕੰਮ ਆਪ ਕਰਦਾ। ਉਹ ਦਿਨ ਚੜ੍ਹੇ ਤੱਕ ਮੰਜੇ 'ਤੇ ਪਈ ਰਹਿੰਦੀ। ਉਹ ਉਹ ਨੂੰ ਸੁੱਤੀ ਪਈ ਨੂੰ ਉਠਾ ਕੇ ਚਾਹ ਪਿਆਉਂਦਾ। ਫੇਰ ਉਹ ਬਾਹਰ ਅੰਦਰ ਜਾ ਕੇ ਨ੍ਹਾਉਂਦੀ। ਕੱਪੜਾ ਲੀੜਾ ਧੋ ਲੈਂਦੀ। ਪਹਿਨ ਪੱਚਰ ਕੇ ਬੈਠ ਜਾਂਦੀ। ਅੱਖਾਂ ਵਿੱਚ ਸੁਰਮਾ ਪਾ ਕੇ ਰੱਖਦੀ। ਪਾਖਰ ਜਦੋਂ ਏਧਰ ਓਧਰ ਹੋ ਜਾਂਦਾ ਤਾਂ ਉਹ ਘਰ ਨੂੰ ਜਿੰਦਾ ਲਾਉਂਦੀ ਤੇ ਜਿੱਧਰ ਜੀ ਕਰਦਾ ਉੱਠ ਤੁਰਦੀ।

ਪਾਖਰ ਜ਼ਮੀਨ ਨੂੰ ਹਿੱਸੇ 'ਤੇ ਦੇ ਕੇ ਰੱਖਦਾ। ਦਾਣੇ ਬਹੁਤ ਆ ਜਾਂਦੇ। ਗ਼ਰੀਬ ਗੁਰਬਿਆਂ ਨੂੰ ਵਿਆਜੂ ਰੂਪਈਆਂ ਵੀ ਦਿੰਦਾ। ਡੂਢੀਆਂ ਸਵਾਈਆਂ ’ਤੇ ਦਾਣੇ ਵੀ। ਕੈਲੋ ਜੋ ਮੰਗਦੀ, ਦਿੰਦਾ ਰਹਿੰਦਾ। ਉਹ ਦੂਜੇ ਤੀਜੇ ਮਹੀਨੇ ਨਵਾਂ ਸੂਟ ਲੈਂਦੀ। ਪੈਰਾਂ ਵਿੱਚ ਨਵੀਂ ਕੱਢਵੀਂ ਜੁੱਤੀ ਪਾਉਂਦੀ। ਦੋਵੇਂ ਬਾਹਾਂ ਚੂੜੀਆਂ ਨਾਲ ਭਰੀਂ ਰੱਖਦੀ। ਕੰਨਾਂ ਵਿੱਚ ਸੋਨੇ ਦੇ ਕਾਂਟੇ, ਕਦੇ ਬਾਲੀਆਂ ਤੇ ਨੱਕ ਵਿੱਚ ਸੋਨੇ ਦਾ ਵੱਡਾ ਕੋਕਾ,ਗਲ ਵਿੱਚ ਸਦਾ ਵਾਂਗ ਸੋਨੇ ਦੀ ਤਵੀਤੀ, ਕਾਲੇ ਧਾਗੇ ਵਿੱਚ ਪਰੋਈ ਹੋਈ।

ਛੋਟੀ ਹੁੰਦੀ ਇੱਕ ਵਾਰ ਉਹ ਰਿਹਾੜ ਪੈ ਗਈ- 'ਪਾਖਰਾ, ਮੈਂ ਤਾਂ ਕਬੂਤਰ ਲੈਣੇ ਨੇ।'

ਉਹ ਨੇ ਕਿਧਰੋਂ ਇੱਕ ਕਬੂਤਰ ਤੇ ਇੱਕ ਕਬੂਤਰੀ ਲਿਆ ਦਿੱਤੀ। ਤਖਾਣਾਂ ਦੇ ਜਾ ਕੇ ਕਬੂਤਰਾਂ ਦੀ ਛਤਰੀ ਬਣਵਾਈ। ਘਰ ਦੇ ਇੱਕ ਖੂੰਜੇ ਕਬੂਤਰਾਂ ਦਾ ਖੁੱਡਾ ਵੀ। ਕੈਲੋ ਕਬੂਤਰ ਉਡਾਉਂਦੀ ਤੇ ਸਾਰਾ ਸਾਰਾ ਦਿਨ ਉਨ੍ਹਾਂ ਵਿੱਚ ਹੀ ਪਰਚੀ ਰਹਿੰਦੀ। ਪਿੰਡ ਦੇ ਕਬੂਤਰਬਾਜ਼ਾਂ ਕੋਲ ਜਾਂਦੀ। ਉਹ ਵੀ ਉਨ੍ਹਾਂ ਦੇ ਘਰ ਆਉਣ ਲੱਗੇ। ਕੈਲੋ ਆਪ ਵੀ ਤਾਂ ਕਬੂਤਰੀ ਵਰਗੀ ਸੀ। ਖੰਭਾਂ ਨੂੰ ਫੜਫੜਾਉਂਦੀ ਤੇ ਗੁਟਕਦੀ।

ਕਬੂਤਰ ਛੱਡੇ ਤਾਂ ਬੱਕਰੀ ਲੈ ਲਈ। ਫੇਰ ਕਹਿੰਦੀ- ਮੈਂ ਤਾਂ ਆਪ ਜਾਇਆ ਕਰੂੰ ਖੇਤਾਂ 'ਚ ਬੱਕਰੀ ਚਾਰਨ।'

ਹਰਸਾ ਸਿੰਘ ਬਜ਼ੁਰਗ ਬੰਦਾ ਸੀ। ਟੰਗਾ ਲੰਮੀਆਂ, ਤਿੱਗ ਛੋਟਾ। ਉਹ ਦੀਆਂ ਪਿੰਜਣੀਆਂ ’ਤੇ ਮੋਟੀਆਂ ਮੋਟੀਆਂ ਨਾੜਾ ਰੱਸੀਆਂ ਵਰਗੀਆਂ ਉੱਭਰ ਆਈਆਂ ਸਨ। ਉਹ ਕੁੜਤੇ ਥੱਲੇ ਜਾਂਘੀਆਂ ਪਾ ਕੇ ਰੱਖਦਾ। ਚਾਦਰਾ ਕਦੇ ਨਹੀਂ ਬੰਨ੍ਹਿਆਂ ਸੀ। ਸਿਰ 'ਤੇ ਸਮੋਸਾ ਬੰਨ੍ਹਦਾ। ਉਹਦੀਆਂ ਅੱਖਾਂ ਹਮੇਸ਼ਾ ਲਾਲ ਰਹਿੰਦੀਆਂ। ਮੁੱਛਾਂ ਨਹੀਂ ਸਨ, ਦਾੜ੍ਹੀ ਖੋਦੀ ਸੀ। ਦੇਖਣ ਵਿੱਚ ਉਹ ਆਦਮੀ ਦਾ ਵਿਗੜਿਆ ਰੂਪ ਸੀ। ਉਹ ਨੇ ਜੁਆਨੀ ਪਹਿਰੇ ਵੀ ਬੱਕਰੀਆਂ ਚਾਰੀਆਂ ਸਨ। ਫੇਰ ਚੱਕੀ ਫਿੱਟਰ ਬਣ ਗਿਆ। ਕਿੰਨੇ ਹੀ ਵਰ੍ਹੇ ਆਟਾ ਪੀਹਣ ਦੀ ਮਸ਼ੀਨ ’ਤੇ ਨੌਕਰੀ ਕੀਤੀ। ਉਹ ਦੀ ਮਾਂ ਅਜੇ ਜਿਉਂਦੀ ਸੀ ਉਹ ਤੋਂ ਵੀਹ ਵਰ੍ਹੇ ਵੱਡੀ। ਕਾਠੀ ਚੀੜ੍ਹੀ ਸੀ ਬੁੜ੍ਹੀ ਦੀ। ਰੋਟੀ ਟੁੱਕ ਦਾ ਸਭ ਕਰ ਲੈਂਦੀ। ਹਰਸੇ ਕੋਲ ਸੱਤ ਅੱਠ ਬੱਕਰੀਆਂ ਸਨ। ਵਧ ਘਟ ਵੀ ਜਾਂਦੀਆਂ। ਇੱਕ ਬੋਕ। ਸੱਚ ਜਾਣੋ ਤਾਂ ਹਰਸਾ ਸਿਉਂ ਤੇ ਬੋਕ ਵਿੱਚ ਕੋਈ ਫ਼ਰਕ ਨਹੀਂ ਸੀ। ਬੋਕ ਵਿਚੋਂ ਮੁਸ਼ਕ ਮਾਰਦਾ ਸੀ ਤਾਂ ਹਰਸੇ ਵਿਚੋਂ ਵੀ। ਉਹ ਵਰ੍ਹੇ ਛਮਾਹੀ ਹੀ ਕਦੇ ਨ੍ਹਾਉਂਦਾ ਸੀ। ਪਾਖਰ ਨੇ ਹਰਸੇ ਦੀਆਂ ਬੱਕਰੀਆਂ ਵਿੱਚ ਬੱਕਰੀ ਰਲਾ ਦਿੱਤੀ। ਨਾਲ ਹੀ ਤੋਰ ਦਿੱਤਾ ਕੈਲੋ ਨੂੰ। ਬੱਕਰੀ ਸੂਈ ਹੋਈ ਸੀ। ਪਾਖਰ ਬੱਕਰੀ ਦੇ ਥਣਾਂ ਨੂੰ ਜੁੱਟੀਆਂ ਲਾ ਕੇ ਭੇਜਦਾ। ਹੱਸਦਾ-ਹੱਸਦਾ ਤਾੜ ਵੀ ਦਿੰਦਾ- 'ਹਰਸਿਆ, ਜੁੱਟੀਆਂ ਦੀ ਬਿੜਕ ਰੱਖੀਂ। ਲਹਿ ਨਾ ਜਾਣ ਤੇ ਕੈਲੋ ਦੀ ਵੀ, ਇਹ ਦੀਆਂ ਜੁੱਤੀਆਂ ਵੀ ਨਾ ਲਾਹ ’ਲੇ ਕੋਈ।

ਹਰਸਾ ਚੁੱਪ ਚੁਪੀਤਾ ਹੀ ਉਹ ਦੀ ਗੱਲ ਸੁਣਦਾ। ਹਾਸਾ ਉਹ ਨੂੰ ਕਿੱਥੇ ਆਉਂਦਾ ਸੀ।

ਕੈਲੋ ਬੱਕਰੀਆਂ ਵਿੱਚ ਬੱਸ ਜਿਵੇਂ ਬੱਕਰੀ ਹੋਵੇਂ ਇੱਕ। ਹਰਸੇ ਦੇ ਮਗਰ ਮੈਂ ਮੈਂ ਕਰਦੀ। ਖੇਤਾਂ ਵਿੱਚ ਅਵਾਰਾ ਪਸ਼ੂ ਵਾਂਗ ਰਹਿਣਾ ਉਹ ਨੂੰ ਚੰਗਾ ਲੱਗਦਾ। ਬੋਕ ਤੋਂ ਉਹ ਡਰਦੀ ਨਹੀਂ ਸੀ, ਸਗੋ ਬੋਕ ਨੂੰ ਆਪਣੀਆਂ ਹਥੇਲੀਆਂ ਚਟਾਉਂਦੀ।

ਹਰਸਾ ਸਿੰਘ ਨ੍ਹਾਉਣ ਲੱਗ ਪਿਆ। ਕੁੜਤੇ ਥੱਲੇ ਦੀ ਚਾਦਰਾ ਬੰਨ੍ਹਦਾ। ਸਿਰ ਤੇ ਸਮੋਸੇ ਦੀ ਥਾਂ ਟਸਰੀ ਬੰਨ੍ਹਣ ਲੱਗਿਆ। ਕੈਲੋ ਖ਼ਾਤਰ ਉਹ ਚੂਰੀ ਕੁੱਟ ਕੇ ਖੇਤ ਨੂੰ ਲਿਜਾਂਦਾ, ਵਿੱਚ ਨੁੱਚੜਵਾਂ ਘਿਓ ਪਾ ਕੇ।

ਪਾਲੀ ਮੁੰਡੇ ਹਰਸੇ ਨੂੰ ਸੁਣਾ ਸੁਣਾ ਆਖਦੇ- 'ਪੱਠ ’ਤੇ ਹੱਕ ਸਾਡਾ ਐ ਓਏ, ਬੋਕਾ।'

ਅਗਵਾੜ ਦੇ ਬੰਦੇ ਪਾਖਰ ਨੂੰ ਸਮਝੌਤੀਆਂ ਦਿੰਦੇ- ‘ਹੌਲਦਾਰਾ, ਕੈਲੋ ਹੁਣ ਉਡਾਰ ਹੋ ’ਗੀ। ਉਹ ਨੂੰ ਖੇਤ ਨਾ ਭੇਜਿਆ ਕਰ।'

ਉਹ ਤਾੜੀ ਮਾਰ ਕੇ ਹੱਸਦਾ- 'ਓਏ ਚੱਲ, ਤੁਰ ਫਿਰ ਆਉਂਦੀ ਐ। ਘਰੇ ਕਿਹੜਾ ਉਹ ਨੇ ਛੋਪ ਕੱਤਣੈ।'

'ਓਏ ਖੇਤੋਂ ਉਹ ਨੂੰ ਲੈ ਜੂ ਕੋਈ ਕਿਧਰੇ। ਆਵਦੇ ਦਰਵਾਜ਼ਿਓਂ ਅੰਦਰ ਰੱਖ,ਮੂਰਖਾ।'

‘ਹਰਾ ਕਿੰਨਾ ਵੀ ਚਰਦੀ ਫਿਰੇ। ਜਾਂਦੀ ਨ੍ਹੀ ਉਹ।’ ਗੱਲ ਆਖ ਕੇ ਪਾਖਰ ਮੂੰਹ ਮੀਚ ਲੈਂਦਾ।

ਖੇਤਾਂ ਵਿੱਚ ਪਾਲੀ ਮੁੰਡਿਆਂ ਨੇ ਉਹ ਦਾ ਜਿਉਣਾ ਦੁੱਭਰ ਕਰ ਦਿੱਤਾ। ਹਰਸਾ ਸਿਉਂ ਨੂੰ ਕੋਈ ਕੀ ਸਮਝਦਾ ਸੀ। ਕੈਲੋ ਨੂੰ ਬਾਹੋਂ ਫੜ ਕੇ ਕੋਈ ਕਿਧਰੇ ਵੀ ਲੈ ਤੁਰਦਾ।

ਬੱਕਰੀ ਪਿੱਛੋਂ ਫੇਰ ਉਹ ਨੇ ਮੁਰਗੀਆਂ ਰੱਖੀਆਂ। ਕਬੂਤਰਾਂ ਵਾਲਾ ਖੁੱਡਾ ਓਵੇਂ ਦੀ ਓਵੇਂ ਪਿਆ ਸੀ। ਦੋ ਮੁਰਗੀਆਂ ਦੇ ਇੱਕ ਮੁਰਗਾ। ਰੂੜ੍ਹੀਆਂ 'ਤੇ ਤੁਰਦੇ ਫਿਰਦੇ ਤੇ ਠੁੱਗਾਂ ਮਾਰਦੇ ਜਾਨਵਰ ਕੈਲੋ ਨੂੰ ਚੰਗੇ ਲੱਗਦੇ। ਆਥਣ ਵੇਲੇ ਉਹ ਉਨ੍ਹਾਂ ਨੂੰ ਸ਼ਿਸ਼ਕੇਰ ਲਿਆਉਂਦੀ ਤੇ ਖੁੱਡੇ ਵਿੱਚ ਬੰਦ ਕਰ ਦਿੰਦੀ।

ਉਹ ਚੌਵੀ ਪੱਚੀ ਸਾਲ ਦੀ ਹੋਵੇਗੀ, ਜਦੋਂ ਪਿੰਡ ਵਿੱਚ 'ਪੁੱਛਿਆ’ ਦੇਣ ਵਾਲੇ 'ਚੇਲੇ' ਆਏ। ਪਿੰਡ ਤੋਂ ਬਾਹਰ ਇੱਕ ਉਜੜੇ ਹੋਏ ਡੇਰੇ ਵਿੱਚ ਉਹ ਆਪਣਾ ‘ਦੀਵਾਨ' ਲਾਉਂਦੇ।‘ਦੀਵਾਨ’ ਰਾਤ ਨੂੰ ਖਾਓ ਪੀਓ ਵੇਲੇ ਤੋਂ ਪਿੱਛੋਂ ਸ਼ੁਰੂ ਹੁੰਦਾ ਤੇ ਤੜਕੇ ਤੱਕ ਚੱਲਦਾ ਰਹਿੰਦਾ। ‘ਚੇਲੇ’ ਦਿਨ ਵੇਲੇ ਵੀ ਓਥੇ ਹੀ ਰਹਿੰਦੇ। ਦੂਰ ਦੂਰ ਦੇ ਪਿੰਡਾਂ ਤੋਂ ਲੋਕ ਆਉਂਦੇ ਸਨ। 'ਕਣ' ਪਾਏ ਜਾਂਦੇ। ਚੇਲੇ ਜੀਹਦੀ ਰੇਖ ਵਿੱਚ ਮੇਖ ਮਾਰਦੇ, ਉਹ ਉਨ੍ਹਾਂ ਦਾ ਪ੍ਰਚਾਰ ਕਰਦਾ ਫਿਰਦਾ। ਭੰਬਲਭੂਸੇ ਪਿਆ ਬੰਦਾ ਚੁੱਪ ਹੋ ਜਾਂਦਾ 'ਤੇ ਆਪਣੀ ਕਿਸਮਤ ਨੂੰ ਝੂਰਦਾ।  ਅਜੇ ਤੱਕ ਕੈਲੋ ਦੇ ਕੋਈ ਨਿਆਣਾ ਨਿੱਕਾ ਨਹੀਂ ਹੋਇਆ ਸੀ। ਪਾਖਰ ਉਹ ਨੂੰ ਚੇਲਿਆਂ ਕੋਲ ਲੈ ਗਿਆ। ਉਹ ਅਜਿਹਾ ਚੇਲਿਆਂ ਦੇ ਹੱਥ ਚੜ੍ਹੀ ਕਿ ਬੱਸ ਚੇਲਿਆਂ ਦੀ ਹੋ ਕੇ ਹੀ ਰਹਿ ਗਈ। ਇੱਕ ਸਵੇਰ ਓਦੋਂ ਹੀ ਪਤਾ ਲੱਗਿਆ, ਜਦੋਂ ਡੇਰੇ ਵਿੱਚ ਕੋਈ ਨਹੀਂ ਸੀ। ਚੇਲੇ ਪਤਾ ਨਹੀਂ ਕਿੱਧਰ ਉਡਾਰੀ ਮਾਰ ਗਏ ਸਨ। ਕੈਲੋ ਵੀ ਪਿੰਡ ਵਿੱਚ ਕਿਧਰੇ ਨਹੀਂ ਸੀ।

ਚੇਲਿਆ ਨੇ ਕਦੇ ਕਿਸੇ ਨੂੰ ਆਪਣਾ ਅਸਲੀ ਪਿੰਡ ਨਹੀਂ ਦੱਸਿਆ ਸੀ। ਉਹ ਦੋ ਸਨ। ਇਹ ਵੀ ਨਹੀਂ ਦੱਸਿਆ ਸੀ ਕਿ ਉਹ ਸਕੇ ਭਰਾ ਹਨ। ਕਹਿੰਦੇ ਸਨ- 'ਅਸੀਂ ਗੁਰ ਭਾਈ ਆਂ।'

ਤੇ ਫਿਰ ਕੋਈ ਪੰਜ ਵਰਿਆਂ ਪਿੱਛੋਂ ਏਸੇ ਪਿੰਡ ਦੇ ਇੱਕ ਬੰਦੇ ਨੇ ਆ ਕੇ ਖ਼ਬਰ ਦਿੱਤੀ। ਲੋਕਾਂ ਦੇ ਮੂੰਹ ਟੱਡੇ ਰਹਿ ਗਏ।

‘ਮੈਂ ਦੇਖਿਆ, ਕੈਲੋ ਚਰਖਾਂ ਕੱਤੀ ਜਾਵੇ। ਦਰਵਾਜ਼ੇ ਵਿੱਚ ਬੈਠੀ। ਮੈਨੂੰ ਵੀ ਉਹ ਨੇ ਪਛਾਣ ਲਿਆ ਭਾਈ ਮੈਂ ਬਥੇਰਾ ਕਹੀਆਂ ਗੱਲਾਂ ਉਹ ਨੂੰ ਪੁੱਛਿਆ- ਦੱਸ ਹੁਣ, ਤੇਰਾ ਕਿਵੇਂ ਚਿੱਤ ਐ? ਇੱਕ ਵੀ ਲਫ਼ਜ਼ ਨ੍ਹੀ ਬੋਲੀ ਭਾਈ ਉਹ ਤਾਂ। ਪਰਲ ਪਰਲ ਅੱਖਾਂ 'ਚੋਂ ਪਾਣੀ ਸਿੱਟੀ ਜਾਵੇ। ਦੇਖ ਲੈ, ਐਨੀ ਡਰਾ ਧਮਕਾ ਕੇ ਰੱਖੀ ਵਈ ਐ। ਹੁਣ ਤਾਂ ਗੋਦੀ ਮੁੰਡਾ ਵੀ ਐ ਇੱਕ।' ਤੇ ਫੇਰ ਦੱਸਣ ਵਾਲੇ ਨੇ ਦੱਸਿਆ- ‘ਚੇਲੇ ਕਿਹੜੇ, ਉਹ ਤਾਂ ਖੇਤੀ ਦਾ ਕੰਮ ਕਰਦੇ ਐ।ਮਾਰ ਫੜ ਕੇ ਵਧੀਆ ਕੰਮ ਉਹਨਾਂ ਦਾ। ਸਾਲਿਆਂ ਨੇ ਤੀਮੀਂ ਪੱਟ ਕੇ ਲਿਜਾਣੀ ਸੀ ਬੱਸ, ਲੈ ਗੇ ਉਹ ਤਾਂ ਘਰ ਵਸਾਈ ਬੈਠੇ ਨੇ।'

ਇੱਕ ਦਿਨ ਲੋਕਾਂ ਦੇ ਮੂੰਹ ਫੇਰ ਟੱਡੇ ਰਹਿ ਗਏ, ਜਦੋਂ ਸਭ ਕੁਝ ਛੱਡ ਛੁਡਾ ਕੇ ਕੈਲੋ ਪਾਖਰ ਦੇ ਘਰ ਫੇਰ ਆ ਬੈਠੀ। ਕਹਿੰਦੀ- 'ਮੁੰਡਾ ਕਿਸੇ ਦਾ ਕੀ ਫੂਕਣਾ ਸੀ ਮੈਂ। ਉਨ੍ਹਾਂ ਨੇ ਤਾਂ ਮੈਨੂੰ ਕੈਦ ਕਰਕੇ ਰੱਖਿਆ ਸੀ,ਕਸਾਈਆਂ ਨੇ। ਮੈਨੂੰ ਤਾਂ ਓਥੇ ਅੱਧਾਂ ਸਾਹ ਆਉਂਦਾ ਸੀ।'

ਪਾਖਰ ਹੱਸੀਂ ਜਾਵੇ ਤੇ ਤਾੜੀਆਂ ਮਾਰੇ- 'ਆਖਿਆ ਨ੍ਹੀ ਸੀ ਕਬੂਤਰ ਇੱਕ ਦਿਨ ਛਤਰੀ ਤੇ ਆ ਕੇ ਬੈਠੂ। ਇਹ ਖੁੱਲ੍ਹ ਖੇਡ ਹੋਰ ਕਿਧਰੇ ਨੀ ਓਏ, ਜਹਾਨਾ।'