ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਤਿੰਨ ਜਾਨਵਰ

ਵਿਕੀਸਰੋਤ ਤੋਂ
ਤਿੰਨ ਜਾਨਵਰ

ਮੁੰਡਿਆਂ ਕੁੜੀਆਂ ਲਈ ਇਹ ਸਾਂਝਾ ਸਕੂਲ ਹੈ।

ਸਿਆਲ ਦੀ ਰੁੱਤ ਹੈ। ਅੱਧੀ ਛੁੱਟੀ ਦੀ ਘੰਟੀ ਵੱਜ ਚੁੱਕੀ ਹੈ। ਚਾਰ ਅਧਿਆਪਕਾਵਾਂ ਇੱਕ ਕੰਧ ਦੀ ਓਟ ਵਿੱਚ ਧੁੱਪੇ ਆ ਖੜੀਆਂ ਹਨ। ਭੈਂਗੇ ਚਪੜਾਸੀ ਤੋਂ ਇੱਕ-ਇੱਕ ਕਰਕੇ ਉਨ੍ਹਾਂ ਨੇ ਚਾਰ ਕੁਰਸੀਆਂ ਮੰਗਵਾਈਆਂ ਹਨ। ਨੇੜੇ ਦੇ ਕਮਰੇ ਵਿੱਚ ਆਪ ਹੀ ਇੱਕ ਮੇਜ਼ ਚੁੱਕ ਲਿਆਂਦਾ ਹੈ ਤੇ ਕੁਰਸੀਆਂ ਦੇ ਵਿਚਾਲੇ ਧਰ ਲਿਆ ਹੈ।

"ਕੜਬ ਦਾ ਟਾਂਡਾ" ਮੂੰਹ ਲਮਕਾਈ ਬੈਠੀ ਹੈ। ਉਸ ਦੀ ਪੁੜਪੜੀ ਦੁਖ ਰਹੀ ਹੈ। ‘ਕਾਲਾ ਗੁਲਾਬ’ ਖੁੱਲ੍ਹ ਖੁੱਲ੍ਹ ਬੋਲਦੀ ਹੈ ਤੇ ਆਪਣੇ ਦੰਦਾਂ ਵਿਚੋਂ ਦੁੱਧ ਚਿੱਟਾ ਹਾਸਾ ਛਣਕਾਉਂਦੀ ਹੈ। "ਗੰਨੇ ਦੇ ਛਿਲਕ" ਦੀ ਇੱਕ ਟੰਗ ਮੇਜ਼ 'ਤੇ ਹੈ ਤੇ ਇੱਕ ਟੰਗ ਮੇਜ਼ ਦੀਆਂ ਦੋ ਲੱਤਾਂ ਵਿਚਕਾਰਲੀ ਫੱਟੀ ’ਤੇ। "ਮਰੂਆ" ਨੇ ਚਿੱਟੇ ਸਿਰ ਵਾਲੀ ਚਪੜਾਸਣ ਨੂੰ ਬੁਲਾਇਆ ਹੈ। ਕੰਟੀਨ ਤੋਂ ਇੱਕ ਸੈੱਟ ਚਾਹ ਲਿਆਉਣ ਲਈ ਕਹਿ ਦਿੱਤਾ ਹੈ।

"ਹਰ ਸਾਲ ਕੋਈ ਨਾ ਕੋਈ ਮਾਸਟਰ ਬਦਲ ਜਾਂਦੈ, ਆ ‘ਭੰਡੂ’ ਦਾ ਜੁੜ ਪਤਾ ਨਹੀਂ ਕਦੋਂ ਵੱਢਿਆ ਜਾਊ? ਆਂਡੇ ਤਾਂ ਦੇਖ ਟੁੱਟ ਜਾਣੇ ਦੇ ਜੀਅ ਕਰਦੈ, ਤੌੜ ਦਿਆਂ। ਐਵੇਂ ਈ ਝਾਕੀ ਜਾਊ, ਅੱਖਾਂ ਪਾੜ ਪਾੜ। ਸਟਾਫ਼ ਰੂਮ 'ਬਹਿ ਕੇ ਚੁਗਲੀਆਂ ਕਰਨ ਤੋਂ ਬਿਨ੍ਹਾਂ ਇਸ ਨੂੰ ਕੋਈ ਕੰਮ ਈ ਨਹੀਂ, ਲਹਿ ਜਾਣੇ ਨੂੰ। ਕੋਈ ਸਹਿਸਣ ਨ੍ਹੀਂ ਛੱਡੀ, ਕੋਈ ਚੂਹੜੀ ਨ੍ਹੀਂ ਛੱਡੀ, ਹੁਣ ਗੋਡੇ ਖੜ੍ਹਗੇ ਤਾਂ ਲੋਕਾਂ ਦੀਆਂ ਗੱਲਾਂ ਬਣੌਦੇ। ਤੇਰਾਂ ਸਾਲ ਹੋ ਗਏ, ਇਹਦੀ ਕੰਜਰ ਕੋਈ ਬਦਲੀ ਨਹੀਂ ਕਰਦਾ। ਸਾਰਾ ਦਿਨ ਮੁੱਛਾਂ ਮਰੋੜਦਾ ਰਹੂ। ਮੱਥੇ ਦੇ ਵੱਟ ਤਾਂ ਦੇਖੋ, ਠੇਠਰ!" "ਗੰਨੇ ਦਾ ਛਿਲਕ" ਕਹਿੰਦੀ ਹੈ।

ਲੰਮਾ ਕੱਦ। ਪਤਲਾ ਸਰੀਰ। ਤਿੱਖਾ ਨੱਕ। ਨਰਮ ਨਰਮ ਹੱਥ ਪੈਰ। ਨਿੱਕੀਆਂ ਨਿੱਕੀਆਂ ਛਾਤੀਆਂ। ਟਪੂੰ ਟਪੂੰ ਕਰਦੀਆਂ ਅੱਖਾਂ। ਕਾਹਲਾ ਬੋਲ। ਬਿੰਦੇ ਬਿੰਦੇ ਹਾਸੀ। ਇਹ "ਗੰਨੇ ਦਾ ਛਿਲਕ" ਹੈ।

"ਇੱਕ ਖ਼ਸਮ ਤਾਂ ਘਰ ਹੁੰਦਾ ਈ ਐ, ਪਰ ਸਕੂਲ ਵਿੱਚ ਕਈ ਮਾਸਟਰ ਖ਼ਸਮਾਂ ਦੇ ਵੀ ਖ਼ਸਮ ਨੇ।" "ਕੜਬ ਦਾ ਟਾਂਡਾ" ਸਿਰ ਉਤਾਂਹ ਚੁੱਕਦੀ ਹੈ।

"ਬਾਂਦਰ" ਕਲਰਕ ਦੇ ਕਮਰੇ 'ਚ ਬੈਠਾ ਸਾਰਾ ਦਿਨ ਮੱਖੀਆਂ ਮਾਰਦਾ ਰਹਿੰਦੈ। ਕਿਸੇ ਜਮਾਤ 'ਚ ਬੈਠਾ ਹੋਵੇ ਤਾਂ ਕੀ ਇਹ ਪੜ੍ਹਾਉਂਦੈ? ਉੱਥੇ ਬੈਠਾ ਵੀ ਕਾਗਜ਼ਾ 'ਤੇ ਲਕੀਰਾਂ ਜੀਆਂ ਕੱਢਦਾ ਰਹਿੰਦੈ। ਇਹ ਨੂੰ ਇਹ ਵੀ ਪਤਾ ਨਹੀਂ ਬਈ ਇਹ ਦੇ ਕੋਲ ਕਿਹੜੀ ਜਮਾਤ ਦਾ ਕਿਹੜਾ ‘ਸਬਜੈਕਟ" ਐ। ਹੈੱਡ ਮਾਸਟਰ ਨੇ ਸਿਰ ਚੜਾ ਰੱਖਿਐ, ਨਲੀ ਚੋਚ। ਆਪ ਸੱਤ ਜਵਾਕ ਜੰਮ ਕੇ, ਅੱਖਾਂ ਅੱਖਾਂ 'ਚ ਈ ਮੇਰੇ ਢਿੱਡ ਦੇ ਮਹੀਨੇ ਗਿਣਦੈ, ਲਾਲ ਮੂੰਹਾਂ। ਹੈੱਡਮਾਸਟਰ ਦੇ ਕਮਰੇ 'ਚ ਕੋਈ ਲੇਡੀ ਟੀਚਰ ਜਾਵੇ ਤਾਂ ਬਿੜਕਾਂ ਲੈਂਦਾ ਫਿਰੂ। ਕੋਈ ਮਾਸਟਰ ਕਿਸੇ ਮਾਸਟਰਨੀ ਨਾਲ ਕਦੇ ਗੱਲ ਕਰਦਾ ਹੋਵੇ, ਉੱਚੀ ਉੱਚੀ ਬੋਲੂ। ਰੱਬ ਇਹ ਨੂੰ ਤੀਵੀਂ ਦੀ ਜੂਨ ਪਾ ਦਿੰਦਾ, ਫੇਰ ਪਤਾ ਲੱਗਦਾ, ਢਹਿ ਜਾਣੇ ਨੂੰ, ਬਈ ਆਦਮੀਆਂ ਨਾਲ ਬੋਲੇ ਬਿਨ੍ਹਾਂ ਸਰਦਾ ਨੀਂ।" "ਕੜਬ ਦਾ ਟਾਂਡਾ" ਕਹਿੰਦੀ ਹੈ।

"ਬੋਲ, ਪਾਟੇ ਬਾਂਸ ਵਾਂਗ ਖੜਕਦਾ। ਸਿਰ ਵਿੱਚ ਕੋਈ ਕੋਈ ਚਿੱਟਾ ਵਾਲ। ਗੱਲਾਂ ’ਤੇ ਸ਼ਾਹੀਆਂ ਅੱਖਾਂ ਵਿੱਚ ਲੱਪ ਲੱਪ ਸੁਰਮਾ। ਝੁਰੜੀਆਂ ਭਰੇ ਹੱਥ ਪੀਲੇ ਦੰਦ। ਇਹ ‘ਕੜਬ ਦਾ ਟਾਂਡਾ' ਹੈ।

ਚਾਹ ਆ ਗਈ ਹੈ।"ਕਾਲਾ ਗੁਲਾਬ" ਕੁਰਸੀ ਵਿਚੋਂ ਬੁੜ੍ਹਕਦੀ ਹੈ। ਦੋਵੇਂ ਹੱਥਾਂ ਨਾਲ ਬੋਚ ਕੇ ਕੇਤਲੀ ਫੜਦੀ ਹੈ। ਇੱਕ ਇੱਕ ਕਰਕੇ ਚਾਹ ਪਿਆਲੀਆਂ ਭਰ ਦਿੰਦੀ ਹੈ। 'ਪਹਿਲੀ ਪਿਆਲੀ "ਕੜਬ ਦੇ ਟਾਂਡੇ" ਨੂੰ ਦਿੰਦੀ ਹੈ ਤੇ ਕਹਿੰਦੀ ਹੈ- "ਗੁੱਸੇ 'ਚ ਨਾ ਆਇਆ ਕਰ, ਜਵਾਕ ਦਾ ਨੱਕ ਮੂੰਹ ਵਿੰਗਾ ਹੋਜੂ।"

ਚਹੁੰਆਂ ਦੇ ਹੱਥਾਂ ਵਿੱਚ ਪਿਆਲੀਆਂ ਹਨ। ਕੋਈ ਕੋਈ ਘੁੱਟ ਉਹ ਭਰਦੀਆਂ ਹਨ। ਕੋਈ ਕੋਈ ਗੱਲ ਉਹ ਕਰਦੀਆਂ ਹਨ। ਨਿੱਕੀਆਂ ਨਿੱਕੀਆਂ ਘੁੱਟਾਂ। ਨਿੱਕੀਆਂ ਨਿੱਕੀਆਂ ਗੱਲਾਂ। ਧੁੱਪ ਵਿੱਚ ਕੋਈ ਸੁਆਦ ਘੁਲ ਗਿਆ ਹੈ।

"ਸੰਜਮ ਵੀਰ ਜੀ, ਅੱਜ ਦੇਖੇ ਨਹੀਂ। ਛੁੱਟੀ ਤੇ ਨੇ?" "ਕਾਲਾ ਗੁਲਾਬ" "ਮਰੂਆ" ਤੋਂ ਪੁੱਛਦੀ ਹੈ।

"ਅਧਿਆਪਕਾਂ ਦੀ ਕਿਤੇ ਕੋਈ ਮੀਟਿੰਗ ਹੋਵੇ, ਪੈਰ ਜੁੱਤੀ ਨਹੀਂ ਪਾਉਂਦੇ ਤੇਰੇ ਸੰਜਮ ਜੀ। ਸੁਣਿਐ ਚੰਡੀਗੜ੍ਹ ਗਏ ਨੇ ਡੈਪੂਟੇਸ਼ਨ ਲੈ ਕੇ, ਵਿੱਦਿਆ ਮੰਤਰੀ ਨੂੰ ਮਿਲਣ।" "ਮਰੂਆ" ਅੱਖਾਂ ਵਿੱਚ ਚਾਨਣ ਭਰ ਲੈਂਦੀ ਹੈ ਤੇ "ਕਾਲਾ ਗੁਲਾਬ" ਵੱਲ ਦੇਖ ਕੇ ਦੰਦਾਂ ਵਿੱਚ ਹੇਠਲਾ ਬੁੱਲ੍ਹ ਟੁੱਕਦੀ ਹੈ।

"ਸੰਜਮ ਜੀ ਦਾ ਸੁਭਾਅ ਦੇਖ, ਕਿੰਨਾ ਚੰਗੈ। ਗੱਲ ਕਰਨਗੇ, ਬੋਚ ਬੋਚ। ਇੱਕ ਲਫ਼ਜ਼ ਵੀ ਜਿਵੇਂ ਵਾਧੂ ਨਹੀਂ ਹੁੰਦਾ।" "ਕਾਲਾ ਗੁਲਾਬ" ਕਹਿੰਦੀ ਹੈ। ਤੇ ਫਿਰ ਕਾਹਲੀ ਨਾਲ ਚਾਹ ਦੀ ਘੁੱਟ ਅੰਦਰ ਲੰਘਾ ਕੇ ਸਾਰੀਆਂ ਦਾ ਧਿਆਨ ਆਪਣੇ ਵੱਲ ਖਿਚਦੀ ਹੈ:

" .... ‘ਕਿਰਲਾ’ ਗੱਲ ਕਰਦਾ ਦੇਖਿਐ? ਕਿਵੇਂ ਚਾਂਭਲ ਚਾਂਭਲ ਬੋਲਦਾ ਹੁੰਦੈ। ਚਿੱਤੜ ਕਿਤੇ ਹੈਗੇ ਐ ਉਹ ਦੇ? ਸੁੱਕੇ ਡੌਲੇ। ਬੁਸ਼ਰਟ ਦੀਆਂ ਬਾਹਾਂ ‘ਤਾਹਾਂ ਈਂ' ਤਾਹਾਂ ਚਾੜ੍ਹੀ ਜਾਊ। ਪੁੱਛਣ ਵਾਲਾ ਹੋਵੇ, ਮੋਢਿਆ ਤੋਂ ਉੱਤੇ ਕਿੱਥੇ ਲੈ ਕੇ ਜਾਏਂਗਾ ਮਾਵਾਂ ਨੂੰ? ਸਾਬਤੀਆਂ ਬਾਹਾਂ ਵਾਲਾ ਕਮੀਜ਼ ਕਦੇ ਦੇਖਿਐ ਪਹਿਲਵਾਨ ਦੇ? ਲੋਕ ਕੋਟ ਵੀ ਪਾਉਣ ਲੱਗ ਪਏ। ਇਹ ਨੇ ਸੁਆਟਰ ਵੀ ਸ਼ੁਰੂ ਨ੍ਹੀ ਕੀਤਾ ਅਜੇ। ਸਿਰ ਦੇ ਵਾਲ ਦੇਖੇ ਨੇ? ਸਿਰ ਦੇ ਤੱਕਲੇ। ਦਾੜ੍ਹੀ? ਕਦੇ ਡਰੈਵਰ ਕੱਟ, ਕਦੇ ਮੌਲਵੀ ਕੱਟ ਤੇ ਕਦੇ ਸਫ਼ਾ ਚੱਟ।"

"ਸਕੂਲ ਵਿੱਚ ਤਾਂ ਕਾਂਬਾ ਜਾ ਚੜ੍ਹਿਆ ਰਹਿੰਦੈ। ਕਿਸੇ ਮਾਸਟਰ ਨਾਲ ਗੱਲ ਕਰੀਂਦੀ ਐਤਾਂ ਅੱਗਾ ਪਿੱਛੇ ਦੇਖ ਕੇ। "ਕਿਰਨਾ" "ਕਿਰਲਾ" "ਭੂੰਡ" ਤੇ "ਬਾਦਰ" ਪਤਾ ਨਹੀਂ ਕਦੋਂ ਕਿਸੇ ਦੀ ਕੀ ਗੱਲ ਬਣਾ ਦੇਣ। "ਸੰਜਮ" ਜੀ ਜਦੋਂ ਕਦੇ ਵੱਡੇ ਭਰਾ ਕੋਲ ਘਰ ਔਂਦੇ ਐ ਤਾਂ ਉਨ੍ਹਾਂ ਨਾਲ ਗੱਲਾਂ ਕਰ ਕੇ ਜਾਣੀਂਦੀ ਮਨ ਹੌਲਾ ਹੋ ਜਾਂਦੇ। ਸਕੂਲ ਵਿੱਚ ਵੀ ਤਾਂ ਉਹੀਂ "ਸੰਜਮ" ਜੀ ਹੁੰਦੈ ਐ, ਪਰ ਗੱਲ ਕਰਨ ਤੋਂ ਡਰ ਲੱਗਦੇ-ਬਾਈ ਗਾਡ।"

ਮਧਰਾ ਕੱਦ। ਰੰਗ ਮੁਸ਼ਕੀ। ਅੱਖਾਂ ਗੋਲ। ਗੱਲ ਕਰਦੀ ਅੱਖਾਂ ਝਮਕਦੀ ਹੈ ਤਾਂ ਜਿਵੇਂ ਲੋਗੜੀ ਦੇ ਫੁੱਲਾਂ ਦੀ ਬਾਰਸ਼ ਹੁੰਦੀ ਹੋਵੇ। ਜ਼ਬਾਨ ਵਿੱਚ ਮਿਸਰੀ ਘੁਲੀ ਹੋਈ। ਸਿਰ ਦੇ ਵਾਲ ਬਹੁਤ ਲੰਮੇ। ਛਾਤੀ ਭਰਵੀ। ਇਹ "ਕਾਲਾ ਗੁਲਾਬ" ਹੈ।

ਕੇਤਲੀ ਖ਼ਾਲੀ ਹੋ ਗਈ ਹੈ। ਪਿਆਲੀਆਂ ਮੇਜ਼ 'ਤੇ ਪਈਆਂ ਹਨ। "ਮਰੁਆ" ਚਿੱਟੇ ਸਿਰ ਵਾਲੀ ਚਪੜਾਸਣ ਨੂੰ ਹਾਕ ਮਾਰਦੀ ਹੈ। ਚਪੜਾਸਣ ਕੇਤਲੀ ਤੇ ਪਿਆਲੀਆਂ ਚੁੱਕ ਕੇ ਲੈ ਜਾਂਦੀ ਹੈ। 'ਗੰਨੇ ਦੇ ਛਿਲਕ" ਦੀਆਂ ਦੋਵੇਂ ਟੰਗਾਂ ਮੇਜ਼ ਦੇ ਉੱਤੇ ਆ ਟਿਕਦੀਆਂ ਹਨ।

"ਬੈਠਣ ਦਾ ਤਰੀਕਾ ਦੇਖ ਲੈ ‘ਛਮਕੋ’ ਦਾ।" "ਮਰੂਆ" ਬੁੱਲਾਂ 'ਤੇ ਜੀਭ ਫੇਰ ਕੇ ਕਹਿੰਦੀ ਹੈ।

ਕੱਦ ਸੂਤ ਸਿਰ। ਗੱਦਰ ਸਰੀਰ। ਰੰਗ ਬਦਾਮੀ। ਚਿਹਰਾ ਗੋਲ। ਅੱਖਾਂ ਮੋਟੀਆਂ ਮੋਟੀਆਂ ਤੇ ਸਾਊ। ਸਬਰ ਭਰੀ ਗੱਲਬਾਤ। ਸੁਭਾਅ ਵਿੱਚ ਕੋਈ ਮੜਕ ਨਹੀਂ। ਇਹ ‘ਮਰੂਆ’ ਹੈ।

"ਨੀ 'ਭੰਡੂ' ਅੱਜ ਤਾਂ ਬੜੀ ਛੇਤੀ ਮੁੜ ਆਇਆ ਘਰੋ।" "ਕੜਬ ਦਾ ਟਾਂਡਾ" ਕਹਿੰਦੀ ਹੈ। "ਨੀ ਦੇਖ ਕਿਵੇਂ ਝਾਕਦੈ ਏਧਰ, ਆਪਣੇ ਕੰਨੀ।"

"ਔਧਰ ‘ਕਿਰਲੇ' ਨੂੰ ਦੇਖ ਲੈ। ਬੁਸ਼ਰਟ ਦੀਆਂ ਬਾਹਾਂ ਪਾੜ ਕੇ ਛੱਡੂ ਜਾਨੀ ਵਾਕਰ।" "ਗੰਨੇ ਦਾ ਛਿਲਕ" ਤਾੜੀ ਮਾਰਦੀ ਹੈ। ਦੂਜੀਆਂ ਉੱਚੀ ਉੱਚੀ ਹੱਸਦੀਆਂ ਹਨ।

ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਖੜਕ ਗਈ ਹੈ। ਮੁੰਡੇ ਕੁੜੀਆਂ ਦਾ ਚੀਂਘ ਚੰਘਿਆੜਾ ਮੱਧਮ ਪੈ ਗਿਆ ਹੈ। ਚਾਰੇ ਅਧਿਆਪਕਾਂ ਕੁਰਸੀਆਂ ਉੱਤੋਂ ਉੱਠਦੀਆਂ ਹਨ। ਉਬਾਸੀਆਂ ਲੈਂਦੀਆਂ ਹਨ ਤੇ ਅੰਗੜਾਈਆਂ ਭੰਨ੍ਹਦੀਆਂ ਹਨ। ਆਪਣੀਆਂ ਜਮਾਤਾਂ ਵੱਲ ਉਨ੍ਹਾਂ ਦੇ ਕਦਮ ਉੱਠਦੇ ਹਨ।