ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮਿੱਠੀ ਮਿੱਠੀ ਪਹਿਚਾਣ

ਵਿਕੀਸਰੋਤ ਤੋਂ
ਮਿੱਠੀ ਮਿੱਠੀ ਪਹਿਚਾਣ

ਇਸ ਪਿੰਡ ਦੇ ਸਕੂਲ ਵਿੱਚ ਮੈਂ ਛੀ ਮਹੀਨਿਆਂ ਦੇ ਆਧਾਰ 'ਤੇ ਅਧਿਆਪਕ ਲੱਗੀ ਹੋਈ ਹਾਂ। ਇੱਥੇ ਮੇਰੀ ਰਿਹਾਇਸ਼ ਦਾ ਵੀ ਕੋਈ ਪ੍ਰਬੰਧ ਨਹੀਂ ਬਣ ਸਕਿਆ। ਕੁੱਤੀ ਦੇ ਪਾਂਚੇ ਜਿੰਨਾ ਤਾਂ ਪਿੰਡ ਹੈ, ਇਹ। ਪਿੰਡ ਦੇ ਸਾਰੇ ਲੋਕਾਂ ਕੋਲ ਇੱਕ ਇੱਕ ਮਕਾਨ ਹੈ। ਚੁਬਾਰਾ ਕਿਸੇ ਮਕਾਨ 'ਤੇ ਨਹੀਂ। ਬੈਠਕ ਵੀ ਨਹੀਂ ਦਿੱਤੀ ਕਿਸੇ ਨੇ। ਹਾਰ ਕੇ ਪੰਜ ਮੀਲ ਦੂਰ ਆਪਣੀ ਮਾਸੀ ਦੇ ਪਿੰਡ ਰਹਿਣ ਲੱਗ ਪਈ ਹਾਂ।

ਮਾਸੀ ਦਾ ਪਿੰਡ ਵੀ ਇਸੇ ਸੜਕ 'ਤੇ ਹੈ। ਮੈਂ ਨਿੱਤ ਬੱਸ ਚੜ੍ਹਦੀ ਹਾਂ ਤੇ ਸਕੂਲ ਪਹੁੰਚ ਜਾਂਦੀ ਹਾਂ। ਸਕੂਲ ਵੀ ਤਾਂ ਸੜਕ ਦੇ ਨੇੜੇ ਹੀ ਹੈ। ਛੁੱਟੀ ਹੁੰਦੀ ਹੈ। ਤਿੰਨ ਮਿੰਟਾਂ ਵਿੱਚ ਮੈਂ ਬੱਸ ਅੱਡੇ 'ਤੇ ਪਹੁੰਚ ਜਾਂਦੀ ਹਾਂ।

ਇਸ ਸੜਕ `ਤੇ ਬੱਸ ਸਰਵਿਸ ਤਾਂ ਆਮ ਹੈ। ਅੱਡੇ 'ਤੇ ਆ ਕੇ ਜੁੱਤੀ ਝਾੜੋ, ਪੰਪ ਤੋਂ ਪਾਣੀ ਪੀਓ ਤੇ ਇੱਧਰ ਓਧਰ ਬੈਠੀਆਂ ਜਾਂ ਖੜ੍ਹੀਆਂ ਸਵਾਰੀਆਂ ਵੱਲ ਜ਼ਰਾ ਗਹੁ ਨਾਲ ਵੇਖਣ ਲੱਗ ਪਓ, ਇੰਨੇ ਨੂੰ ਬੱਸ ਆ ਜਾਂਦੀ ਹੈ।

ਮਾਸੀ ਦੇ ਪਿੰਡ ਤੋਂ ਜਸਵੰਤ ਵੀ ਮੇਰੇ ਵਾਲੇ ਸਕੂਲ ਵਿੱਚ ਅਧਿਆਪਕ ਹੈ। ਉਹ ਪੱਕਾ ਅਧਿਆਪਕ ਹੈ। ਦੋ ਤਿੰਨ ਸਾਲ ਤੋਂ ਏਸੇ ਸਕੂਲ ਵਿੱਚ ਪੜ੍ਹਾਉਂਦਾ ਹੈ। ਬੱਸ ’ਤੇ ਤਾਂ ਉਹ ਕਦੇ-ਕਦੇ ਹੀ ਆਉਂਦਾ ਹੈ। ਹਫ਼ਤੇ ਵਿੱਚ ਇੱਕ ਦੋ ਵਾਰੀ। ਆਮ ਕਰਕੇ ਉਹ ਸਾਈਕਲ 'ਤੇ ਹੀ ਆਉਂਦਾ ਹੈ। ਸਾਈਕਲ 'ਤੇ ਸ਼ਾਇਦ ਅਰਾਮ ਮਹਿਸੂਸ ਕਰਦਾ ਹੋਵੇ। ਸਾਈਕਲ ਤਾਂ ਆਪਣੀ ਸਵਾਰੀ ਗੱਡੀ ਹੈ। ਜਦੋਂ ਮਰਜ਼ੀ ਤੋਰ ਲਓ, ਜਿੱਥੇ ਮਰਜ਼ੀ ਖੜ੍ਹਾ ਕਰ ਲਓ ਤੇ ਜਿੱਥੇ ਤੀਕ ਜਾਣਾ ਹੋਵੇ, ਚਲੇ ਜਾਓ। ਸਕੂਲ ਦੇ ਗੇਟ ਤੋਂ ਸਾਈਕਲ ਉੱਤੇ ਚੜ੍ਹ ਕੇ ਜਸਵੰਤ ਸ਼ਾਇਦ ਆਪਣੇ ਘਰ ਦੇ ਬਾਰ ਮੂਹਰੇ ਜਾ ਕੇ ਹੀ ਉਤਰਦਾ ਹੈ। ਪਰ ਸਾਈਕਲ ਜਦ ਕਦੇ ਪੰਕਚਰ ਹੋ ਜਾਂਦਾ ਹੋਵੇ, ਉਦੋਂ ਬੱਸ ਦੀ ਯਾਦ ਆਉਂਦੀ ਹੋਵੇਗੀ। ਰਾਹ ਵਿੱਚ ਪਰ ਇੱਕ ਅੱਡਾ ਹੋਰ ਵੀ ਤਾਂ ਹੈ। ਇੱਕ ਅੱਧਾ ਮੀਲ ਪੈਰੀਂ ਤੁਰ ਕੇ ਉਹ ਪੰਕਚਰ ਲਵਾ ਲੈਂਦਾ ਹੋਵੇਗਾ। ਸਾਈਕਲ ਦਾ ਤਾਂ ਐਵੇਂ ਜੱਭ ਹੈ। ਜਸਵੰਤ ਨੂੰ ਬੱਸ ’ਤੇ ਹੀ ਆਉਣਾ ਜਾਣਾ ਚਾਹੀਦਾ ਹੈ।

ਮੈ ਜਸਵੰਤ ਦੇ ਸਾਈਕਲ 'ਤੇ ਆਉਣ ਜਾਣ ਨੂੰ ਜੱਭ ਕਹਿੰਦੀ ਹਾਂ ਅਤੇ ਆਪਣੇ ਅੰਦਰ ਹੀ ਅੰਦਰ ਉਸ ਨੂੰ ਸਲਾਹ ਦਿੰਦੀ ਹਾਂ ਕਿ ਉਹ ਬੱਸ ’ਤੇ ਆਇਆ ਜਾਇਆ ਕਰੇ। ਅਸਲ ਵਿੱਚ ਇਹ ਗੱਲ ਨਹੀਂ। ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਨਾਲ ਆਇਆ ਕਰੇ, ਮੇਰੇ ਨਾਲ ਜਾਇਆ ਕਰੇ। ਪਰ, ਹਾਏ ਨੀ! ਜੇ ਕੋਈ ਮੇਰੇ ਇਸ 'ਚਾਹੁਣ' ਨੂੰ ਸੁਣ ਲਵੇ? ਕੀ ਆਖੇ? ਕਈ ਵਾਰ ਤਾਂ ਮੈਂ ਐਵੇਂ ਫ਼ਜੂਲ ਸੋਚਣ ਲੱਗ ਪੈਂਦੀ ਹਾਂ। ਕੀ ਲੱਗਦਾ ਹੈ ਜਸਵੰਤ ਮੇਰਾ?

ਉਹ ਮਾਸੀ ਦੇ ਪਿੰਡ ਦਾ ਹੈ, ਉਸੇ ਅਗਵਾੜੋਂ। ਬਸ ਐਨੀ ਕੁ ਸਾਂਝ ਹੈ। ਮਾਸੀ ਨੂੰ ਤਾਈ ਕਹਿੰਦਾ ਹੈ। ਅਗਵਾੜ ਵਿੱਚ ਲੰਘਦੀ ਤੁਰਦੀ ਤਾਈ ਨੂੰ ਉਹ ਬੁਲਾ ਲੈਂਦਾ ਹੈ। ਇੱਕ ਦਿਨ ਤਾਂ ਉਸ ਨੇ ਗੱਲਾਂ-ਗੱਲਾਂ ਵਿੱਚ ਤਾਈ ਨੂੰ ਪੁੱਛਿਆ ਹੈ-'ਤਾਈ ਥੋਡੇ ਬੀਬੀ ਜਿਹੜੀ ਰਹਿੰਦੀ ਹੈ, ਕਿਹੜੇ ਪਿੰਡੋਂ ਐ?’ ਤੇ ਇਹ ਵੀ ਕਿਹਾ ਹੈ-'ਬੀਬੀ ਸਾਊ ਬੜੀ ਐ। ਨਾ ਕਿਸੇ ਦੀ ਮੰਦੀ, ਨਾ ਚੰਗੀ।' ਇਹ ਵੀ ਆਖਿਆ-'ਮੈਂ ਤਾਂ ਸਕੂਲ ’ਚ ਕਦੇ ਬੋਲਦੀ ਈ ਨੀ ਸੁਣੀ ਵਚਾਰੀ।'

ਜਿਸ ਦਿਨ ਮਾਸੀ ਨੇ ਮੈਨੂੰ ਇਹ ਗੱਲਾਂ ਦੱਸੀਆਂ ਸਨ, ਉਸੇ ਦਿਨ ਤੋਂ ਮੇਰੇ ਅੰਦਰ ਜਸਵੰਤ ਬਾਰੇ ਇੱਕ ਅਪਣਤ ਜਿਹੀ ਜਾਗੀ ਹੋਈ ਹੈ, ਪਰ ਇਹ ਅਪਣਤ ਕਿਸ ਕਿਸਮ ਦੀ ਹੈ?

ਬੱਸ ਅੱਡੇ 'ਤੇ ਮੈਂ ਬੱਸ ਵਿੱਚੋਂ ਉਤਰਦੀ ਹਾਂ ਤੇ ਲਿੰਕ ਰੋਡ 'ਤੇ ਸਕੂਲ ਪਹੁੰਚ ਜਾਂਦੀ ਹਾਂ। ਰਾਹ ਵਿੱਚ ਮੈਨੂੰ ਹਮੇਸ਼ਾ ਹੀ ਇੱਕ ਦੋ ਸਾਈਕਲ ਆਉਂਦੇ ਟੱਕਰਦੇ ਹਨ ਤੇ ਇੱਕ ਦੋ ਕੋਲ ਦੀ ਲੰਘ ਜਾਂਦੇ ਵੀ। ਕਦੇ-ਕਦੇ ਜਸਵੰਤ ਵੀ ਕੋਲ ਦੀ ਲੰਘ ਜਾਂਦਾ ਹੈ। ਚੁੱਪ ਕੀਤਾ ਹੀ ਲੰਘ ਜਾਂਦਾ ਹੈ। ਨਾ ਟੱਲੀ ਵਜਾਉਂਦਾ ਹੈ, ਨਾ ਪੈਡਲਾਂ ਨੂੰ ਥਮਦਾ ਹੈ। ਪੈਡਲਾਂ ਨੂੰ ਥੰਮਿਆ ਜਾਵੇ ਤਾਂ ਫਰਾਈ ਵੀਲ੍ਹ ਖੜਕਦਾ ਵੀ ਕਈ ਵਾਰੀ ਟੱਲੀ ਦਾ ਕੰਮ ਦੇ ਜਾਂਦਾ ਹੈ। ਪਰ ਨਾ। ਉਹ ਤਾਂ ਇਉਂ ਕੋਲ ਦੀ ਲੰਘ ਜਾਂਦਾ ਹੈ, ਜਿਵੇਂ ਕੋਈ ਲੰਘਿਆ ਹੀ ਨਾ ਹੋਵੇ। ਮੈਂ ਉਸ ਦੀ ਪਿੱਠ ਵੱਲ ਦੇਖਦੀ ਹੀ ਰਹਿ ਜਾਂਦੀ ਹਾਂ।

ਮੈਂ ਚਾਹੁੰਦੀ ਹਾਂ ਕਿ ਜੇ ਉਹ ਟੱਲੀ ਮਾਰ ਦੇਵੇ, ਪੈਡਲ ਥੰਮ ਲਵੇ ਜਾਂ ਖੰਘ ਹੀ ਜਾਵੇ ਤਾਂ ਮੈਂ ਉਸ ਵੱਲ ਝਾਕ ਪਵਾਂ ਤੇ ਉਸ ਨੂੰ ਸਤਿ ਸ੍ਰੀ ਅਕਾਲ ਬਲਾ ਦਿਆਂ, ਪਰ ਨਹੀਂ ਉਹ ਤਾਂ ਬਿਲਕੁੱਲ ਗਿਆ ਗੁਜਰਿਆ ਹੈ। ਮੇਰੇ ਵਿੱਚ ਵੀ ਕਿੰਨਾ ਕੁ ਸਾਹਸ ਹੈ? ਜਦ ਉਹ ਕੋਲ ਦੀ ਲੰਘ ਜਾਂਦਾ ਹੈ, ਪਿੱਠ ਪਿੱਛੇ ਵੀ ਤਾਂ ਮੈਂ ਸਤਿ ਸ੍ਰੀ ਅਕਾਲ ਕਹਿ ਸਕਦੀ ਹਾਂ। ਉਹ ਕੋਈ ਬੋਲ਼ਾ ਤਾਂ ਨਹੀਂ ਕਿ ਅੱਠ ਦਸ ਗਜ਼ ਪਿੱਛੋਂ ਦੀ ਆਵਾਜ਼ ਨੂੰ ਨਾ ਸੁਣ ਸਕੇ। ਜਦ ਉਹ ਕੋਲ ਦੀ ਲੰਘਦਾ ਹੈ, ਮੈਂ ਸਗੋਂ ਸੁੰਗੜ ਜਿਹੀ ਜਾਂਦੀ ਹਾਂ। ਨੀਵੀਂ ਪਾ ਕੇ ਠੋਡੀ ਨੂੰ ਹਿੱਕ ਨਾਲ ਘੁੱਟ ਲੈਂਦੀ ਹਾਂ। ਪਰ ਜਦ ਉਹ ਦੂਰ ਨਿੱਕਲ ਜਾਂਦਾ ਤਾਂ ਉਸ ਦੀ ਨੁਹਾਰ ਨੂੰ ਤੱਕਦੀ ਰਹਿੰਦੀ ਹਾਂ।

ਸਕੂਲ ਵਿੱਚ ਉਸ ਨਾਲ ਬੋਲਣ ਦਾ ਮੌਕਾ ਤਾਂ ਬਿਲਕੁੱਲ ਹੀ ਨਹੀਂ ਮਿਲਦਾ। ਇੱਕ ਪਕਰੋਟ ਜਿਹੀ ਮਾਸਟਰਨੀ ਤਾਂ ਮੇਰੇ ਵੱਲ ਹੀ ਨਿਗਾਹ ਰੱਖਦੀ ਹੈ। ਮੈਨੂੰ ਮਹਿਸੂਸ ਹੁੰਦਾ ਰਹਿੰਦਾ ਹੈ, ਜਿਵੇਂ ਉਹ ਤਾੜਦੀ ਰਹਿੰਦੀ ਹੋਵੇ ਕਿ ਦੇਖਾਂ ਭਲਾਂ ਮੈਂ ਕਿਸੇ ਮਾਸਟਰ ਨਾਲ ਗੱਲ ਕਰਦੀ ਹਾਂ ਜਾਂ ਨਹੀਂ? ਮੈਨੂੰ ਇਸ ਵੱਡੀ ਅੰਮਾ ’ਤੇ ਬਹੁਤ ਗੁੱਸਾ ਚੜ੍ਹਦਾ ਹੈ। ਆਪ ਤਾਂ ਹਰ ਇੱਕ ਨੂੰ ਬੁਲਾ ਲੈਂਦੀ ਹੈ। ਨਵੇਂ ਲੱਗੇ ਜੇ.ਬੀ.ਟੀ. ਟੀਚਰਾਂ ਨਾਲ ਠਰਕ ਝਾੜਦੀ ਰਹਿੰਦੀ ਹੈ। ਮੇਰੇ ਵੱਲ ਐਨੀ ਨਿਗਾਹ ਕਿਉਂ ਰੱਖਦੀ ਹੈ, ਛੁੱਟੜ?

ਮੈਂ ਤਾਂ ਬੱਸ ਸਕੂਲ ਆਉਂਦੀ ਹਾਂ। ਹਾਜ਼ਰੀ ਲਾਉਂਦੀ ਹਾਂ ਤੇ ਕੌਮੀ ਗੀਤ ਤੋਂ ਬਾਅਦ ਆਪਣੀ ਜਮਾਤ ਵਿੱਚ ਚਲੀ ਜਾਂਦੀ ਹਾਂ। ਸਾਰਾ ਦਿਨ ਜਮਾਤ ਵਿੱਚ ਹੀ ਬੈਠੀ ਰਹਿੰਦੀ ਹਾਂ। ਪ੍ਰਾਇਮਰੀ ਜਮਾਤ ਜੁ ਹੋਈ। ਕਦੇ-ਕਦੇ ਹੈੱਡਮਾਸਟਰ ਸਾਹਿਬ ਕਿਸੇ ਕੰਮ ਆਪਣੇ ਦਫ਼ਤਰ ਵਿੱਚ ਬੁਲਾਉਂਦੇ ਹਨ। ਹੈੱਡਮਾਸਟਰ ਸਾਹਿਬ ਦੇ ਦਫ਼ਤਰ ਵਿੱਚ ਹੋ ਕੇ ਆਉਂਦੀ ਹਾਂ ਤਾਂ ਉਹ ‘ਵੱਡੀ ਅੰਮਾ' ਆਪਣੀ ਜਮਾਤ ਦੇ ਕਮਰੇ ਵਿਚੋਂ ਬਾਹਰ ਮੂੰਹ ਕਰਕੇ ਮੇਰੇ ਚਿਹਰੇ ਨੂੰ ਪੜ੍ਹਨਾ ਚਾਹੁੰਦੀ ਹੈ। ਨੱਕ ਚੜ੍ਹਾ ਕੇ ਜਾਂ ਬੁੱਲ੍ਹ ਕੱਢ ਕੇ ਮੈਂ ਉਸ ’ਤੇ ਹਜ਼ਾਰ ਲਾਹਣਤ ਪਾਉਣ ਦੀ ਕੋਸ਼ਿਸ਼ ਕਰਦੀ ਹਾਂ।

ਅੱਧੀ ਛੁੱਟੀ ਵੇਲੇ ਵੀ ਮੈਂ ਆਪਣੀ ਜਮਾਤ ਵਿੱਚ ਬੈਠੀ ਰਹਿੰਦੀ ਹਾਂ। ਘਰੋਂ ਲਿਆਂਦੀ ਰੋਟੀ ਵਾਲਾ ਡੱਬਾ ਖੋਲ੍ਹਦੀ ਹਾਂ ਤੇ ਕਿਸੇ ਕੁੜੀ ਤੋਂ ਪਾਣੀ ਦਾ ਗਲਾਸ ਮੰਗਵਾ ਕੇ ਰੋਟੀ ਖਾ ਲੈਂਦੀ ਹਾਂ। ਪਾਣੀ ਵਾਲਾ ਪੰਪ ਮੇਰੇ ਕਮਰੇ ਦੇ ਨਾਲ ਹੀ ਹੈ। ਅੱਧੀ ਛੁੱਟੀ ਵੇਲੇ ਕੋਈ ਅਧਿਆਪਕ ਪੰਪ ’ਤੇ ਹੱਥ ਧੋਣ ਦੇ ਬਹਾਨੇ ਆਉਂਦਾ ਹੈ ਤੇ ਮੇਰੇ ਵੱਲ ਕਣੱਖਾ ਜਿਹਾ ਝਾਕਦਾ ਤੁਰ ਜਾਂਦਾ ਹੈ। ਜਸਵੰਤ ਇਸ ਤਰ੍ਹਾਂ ਕਦੇ ਨਹੀਂ ਆਉਂਦਾ। ਸਕੂਲ ਦੇ ਗਰਾਊਂਡ ਵਿੱਚ ਖੜ੍ਹ ਕੇ ਕਦੇ ਕਦੇ ਕੁਝ ਅਧਿਆਪਕ ਉੱਚੀ ਉੱਚੀ ਬੋਲਦੇ ਹਨ, ਹੱਸਦੇ ਹਨ ਤੇ ਤਾੜੀਆਂ ਪਾਉਂਦੇ ਹਨ। ਜਿਹੜਾ ਕੋਈ ਤਾੜੀ ਪਾ ਕੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਚੋਰ ਅੱਖ ਨਾਲ ਮੇਰੇ ਵੱਲ ਨਜ਼ਰ ਘੁੰਮਾ ਜਾਂਦਾ ਹੈ। ਮੈਂ ਕੋਈ ਗੱਲ ਨਹੀਂ ਗੌਲਦੀ। ਜਸਵੰਤ ਉਨ੍ਹਾਂ ਵਿੱਚ ਕਦੇ ਨਹੀਂ ਦੇਖਿਆ। ਉਹ ਤਾਂ ਜਿਵੇਂ ਸਕੂਲ ਵਿੱਚ ਹੁੰਦਾ ਹੀ ਨਾ ਹੋਵੇ। ਜਮਾਤ ਵਿਚੋਂ ਹੀ ਨਹੀਂ ਨਿਕਲਦਾ। ਅੱਧੀ ਛੁੱਟੀ ਵੇਲੇ ਵੀ ਪਤਾ ਨਹੀਂ ਕਿੱਥੇ ਹੁੰਦਾ ਹੈ? ਮੈਂ ਤਾਂ ਉਸ ਨੂੰ ਦੇਖਣ ਨੂੰ ਤਰਸਦੀ ਰਹਿੰਦੀ ਹਾਂ, ਪਰ ਕੀ ਕਰਨਾ ਹੈ ਉਸ ਨੂੰ ਦੇਖ ਕੇ?

ਮੇਰੇ ਮਨ ਵਿੱਚ ਛਿਲਤਾਂ ਜਿਹੀਆਂ ਕੀ ਰੜਕਦੀਆਂ ਰਹਿੰਦੀਆਂ ਹਨ? ਮੈਨੂੰ ਕੋਈ ਪਤਾ ਨਹੀਂ ਲੱਗਦਾ। ਮਿੱਠੀਆਂ ਮਿੱਠੀਆਂ ਜਲੂਣਾਂ ਜਿਹੀਆਂ? ਆਪਣੀ ਜਮਾਤ ਦੀ ਇੱਕ ਕੁੜੀ ਨੂੰ ਮੈਂ ਜਸਵੰਤ ਕੋਲ ਭੇਜਦੀ ਹਾਂ ਤੇ ਪੁੱਛਦੀ ਹਾਂ-ਤੁਹਾਡੇ ਕੋਲ ਕੋਈ ਚੰਗਾ ਜਿਹਾ ਟ੍ਰਾਂਸਲੇਸ਼ਨ ਹੋਵੇ? ਹੈ ਤਾਂ ਕੱਲ੍ਹ ਨੂੰ ਲਿਆ ਦਿਓ।'

ਕੁੜੀ ਆ ਕੇ ਕਹਿੰਦੀ ਹੈ- 'ਮਾਸਟਰ ਜੀ ਨੇ ਪੁੱਛਿਐ, ਕੀ ਕਰਨੈ ਤੁਸੀਂ ਟ੍ਰਾਂਸਲੇਸ਼ਨ?'

ਕੁੜੀ ਨੂੰ ਦੁਬਾਰਾ ਭੇਜਦੀ ਹਾਂ- ‘ਮੈਂ ਪਰੈਂਪ ਦਾ ਇਮਤਿਹਾਨ ਦੇਣੈ।'

ਤੇ ਦੂਜੇ ਦਿਨ ਉਹ ਇੱਕ ਟ੍ਰਾਂਸਲੇਸ਼ਨ ਲੈ ਆਉਂਦਾ ਹੈ ਤੇ ਇੱਕ ਮੁੰਡੇ ਦੇ ਹੱਥ ਮੇਰੇ ਕੋਲ ਭੇਜ ਦਿੰਦਾ ਹੈ। ਟ੍ਰਾਂਸਲੇਸ਼ਨ ਫਰੋਲ ਕੇ ਮੈਂ ਦੇਖਦੀ ਹਾਂ- ‘ਪਰੈਂਪ ਕੀ ਇਹ ਤਾਂ ਟੀ. ਡੀ. ਸੀ. ਦੇ ਫਾਈਨਲ ਤੀਕ ਕੰਮ ਦੇ ਸਕੇਗਾ।'

ਤੇ ਫੇਰ ਕਈ ਦਿਨਾਂ ਬਾਅਦ ਮੈਂ ਇੱਕ ਕੁੜੀ ਭੇਜਦੀ ਹਾਂ। ਪੁੱਛਦੀ ਹਾਂ- ‘ਦੁਸਹਿਰੇ ਦੀ ਇੱਕ ਛੁੱਟੀ ਐ ਜਾਂ ਦੋ?'

ਜਵਾਬ ਆਉਂਦਾ ਹੈ- 'ਲਿਸਟ ’ਚ ਤਾਂ ਇੱਕ ਸੀ, ਪਰ ਹੁਣ ਇੱਕ ਛੁੱਟੀ ਹੋਰ ਦਾ ਆਰਡਰ ਆ ਗਿਐ-ਦੁਸਹਿਰੇ ਤੋਂ ਅਗਲੇ ਦਿਨ ਦੀ ਦਾ।' ਮੈਨੂੰ ਖ਼ੁਸ਼ੀ ਦਾ ਭਰਪੂਰ ਜਿਹਾ ਸਾਹ ਆਉਂਦਾ ਹੈ, ਪਤਾ ਨਹੀਂ ਇੱਕ ਛੁੱਟੀ ਹੋਰ ਹੋਣ ਦਾ ਤੇ ਜਾਂ ਪਤਾ ਨਹੀਂ ਕਾਹਦਾ।

ਇੱਕ ਦਿਨ ਇੱਕ ਮੁੰਡਾ ਆ ਕੇ ਪੁੱਛਦਾ ਹੈ-'ਭੈਣ ਜੀ, ਜਸਵੰਤ ਸਿੰਘ ਮਾਸਟਰ ਜੀ ਨੇ ਆਖਿਐ, ਤੁਸੀਂ ਅੱਜ ਕੋਈ ਸਬਜ਼ੀ ਲਿਆਂਦੀ ਐ ਤਾਂ ਥੋੜੀ ਜਿਹੀ ਐਸ ਪਿਆਲੀ 'ਚ ਪਾ ਦਿਓ। ਅੱਜ ਉਹ ਰੋਟੀ ਨਾਲ ਨੂੰ ਕੁਸ ਲੈ ਕੇ ਨੀ ਆਏ।' ਮੈਂ ਆਪਣਾ ਰੋਟੀ ਵਾਲਾ ਡੱਬਾ ਖੋਲ੍ਹਦੀ ਹਾਂ। ਆਲੂ ਦੀ ਇੱਕ ਫਾੜੀ ਆਪਣੇ ਵਾਸਤੇ ਰੱਖ ਕੇ ਬਾਕੀ ਆਲੂ ਗੋਭੀ ਦੀ ਸਬਜ਼ੀ ਨਾਲ ਭਰੀ ਪੱਥਰ ਦੀ ਸਾਰੀ ਕੌਲੀ ਮੁੰਡੇ ਨੂੰ ਫੜਾ ਦਿੰਦੀ ਹਾਂ।

ਅੱਧੀ ਛੁੱਟੀ ਤੋਂ ਬਾਅਦ ਪੱਥਰ ਦੀ ਕੌਲੀ ਧੋਤੀ ਸੰਵਾਰੀ, ਓਹੀ ਮੁੰਡਾ ਮੈਨੂੰ ਫੜਾ ਜਾਂਦਾ ਹੈ। ਮੈਨੂੰ ਤਸਕੀਨ ਜਿਹੀ ਮਿਲਦੀ ਹੈ।

ਇਸ ਤਰ੍ਹਾਂ ਆਦਾਨ ਪ੍ਰਦਾਨ ਚੱਲਦਾ ਹੀ ਰਹਿੰਦਾ ਹੈ। ਕੁੜੀਆਂ ਮੁੰਡਿਆਂ ਦੇ ਹੱਥ। ਜਸਵੰਤ ਨੇ ਕਦੇ ਵੀ ਮੇਰੇ ਨਾਲ ਜ਼ਬਾਨ ਸਾਂਝੀ ਨਹੀਂ ਕੀਤੀ। ਮੈਂ ਵੀ ਕਦੇ ਉਸ ਨੂੰ ਨਹੀਂ ਬੁਲਾਇਆ। ਡਰਦੀ ਹਾਂ-ਕਿਤੇ ਕੋਈ ਐਵੇਂ ਹੀ ਸ਼ੱਕ ਨਾ ਕਰ ਲਵੇਂ। ‘ਵੱਡੀ ਅੰਮਾ' ਨੇ ਦੇਖ ਲਿਆ ਤਾਂ ਤੂਫਾਨ ਖੜ੍ਹਾ ਕਰ ਦੇਵੇਗੀ।

ਗੱਲਾਂ ਗੱਲਾਂ ਵਿੱਚ ਹੀ ਮਾਸੀ ਤੋਂ ਪਤਾ ਲੱਗਿਆ ਕਿ ਜਸਵੰਤ ਨੇ ਅਜੇ ਵਿਆਹ ਨਹੀਂ ਕਰਵਾਇਆ। ਇਹ ਵੀ ਪਤਾ ਲੱਗਦਾ ਹੈ ਕਿ ਉਹ ਮੰਗਿਆ ਹੋਇਆ ਹੈ। ਪਰ ਜਿਸ ਕੁੜੀ ਨਾਲ ਮੰਗਿਆ ਹੈ, ਉਹ ਅਨਪੜ੍ਹ ਹੈ। ਜਸਵੰਤ ਅਨਪੜ੍ਹ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਮੈਂ ਸੋਚਦੀ ਰਹਿੰਦੀ ਹਾਂ ਕਿ ....।

ਮੇਰੇ ਛੇ ਮਹੀਨੇ ਪੁਰੇ ਵੀ ਨਹੀਂ ਲੱਗੇ ਹੁੰਦੇ ਕਿ ਲੰਮੀ ਛੁੱਟੀ 'ਤੇ ਗਿਆ ਹੋਇਆ ਮਾਸਟਰ ਚਾਣਚੱਕ ਹੀ ਹਾਜ਼ਰ ਹੋ ਜਾਂਦਾ ਹੈ।

ਤਨਖ਼ਾਹ ਲੈਣ ਮੈਂ ਸਕੂਲ ਵਿੱਚ ਆਉਂਦੀ ਹਾਂ, ਜਸਵੰਤ ਮਿਲਦਾ ਹੈ। ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਉਹ ਪਹਿਲਾਂ ਹੀ ਕਹਿ ਦਿੰਦਾ ਹੈ, ਨੀਵੀਂ ਪਾ ਕੇ ਮੈਂ ਸਤਿ ਸ੍ਰੀ ਅਕਾਲ ਮੰਨ ਲੈਂਦੀ ਹਾਂ, ਬੋਲਿਆ ਕੁਝ ਨਹੀਂ ਗਿਆ। ਸਾਡੇ ਦੋਵਾਂ ਵਿਚਕਾਰ ਚੁੱਪ ਦੀ ਖਲੀਜ ਉੱਗ ਪੈਂਦੀ ਹੈ ਤੇ ਫਿਰ ਜਸਵੰਤ ਹੀ ਬੋਲਦਾ ਹੈ- 'ਹੁਣ ਬੀਬੀ ਫਿਰ?'

‘ਜਿੰਨਾ ਚਿਰ ਹੋਰ ਕਿਤੇ ਕਾਰਡ ਨੀ ਨਿਕਲਦਾ, ਉਨ੍ਹਾਂ ਚਿਰ ਤਾਂ ਵੀਰ ਜੀ, ਪਿੰਡ ਈ ਆਂ।"

ਗੱਲ ਅਜੇ ਸ਼ੁਰੂ ਵੀ ਨਹੀਂ ਹੋਈ ਹੁੰਦੀ ਕਿ ਦੋ ਮਾਸਟਰ ਹੋਰ ਮੇਰੇ ਉਦਾਲੇ ਆ ਖੜੇ ਹੁੰਦੇ ਹਨ। ਇੱਕ ਮਾਸਟਰ ਨੇ ਸਵਾਲ ਕੀਤਾ- ‘ਭੈਣ ਜੀ?ਜੁੱਤੀ ਦੀ ਟੋਅ ਨਾਲ ਧਰਤੀ 'ਤੇ ਨਿੱਜੀ ਲਕੀਰ ਖਿੱਚ ਕੇ ਮੈਂ ਬੋਲਣਾ ਚਾਹੁੰਦੀ ਹਾਂ ਕਿ ‘ਵੱਡੀ ਅੰਮਾ’ ਆ ਕੇ ਬਾਂਹ ਫੜਦੀ ਹੈ ਤੇ ਕਹਿੰਦੀ ਏ-'ਆ ਕੁੜੀਏ ਚਾਹ ਪਿਲਾਵਾਂ ਤੈਨੂੰ।'

ਜਸਵੰਤ ਪਤਾ ਨਹੀਂ ਕਿੱਧਰ ਤੁਰ ਜਾਂਦਾ ਹੈ। ਤਨਖ਼ਾਹ ਲੈਂਦੀ ਹਾਂ ਤੇ ਪਿੰਡ ਨੂੰ ਆ ਜਾਂਦੀ ਹਾਂ।

ਸੋਚਦੀ ਹਾਂ, ‘ਜਸਵੰਤ ਨਾਲ ਮਿੱਠੀ ਮਿੱਠੀ ਪਹਿਚਾਣ ਜੋ ਬਣੀ ਸੀ, ਉਹ ਅੱਗੇ ਕਿਉਂ ਨਾ ਤੁਰ ਸਕੀ? ਪਹਿਚਾਣ ਜੇ ਗੂੜ੍ਹੀ ਹੋ ਜਾਂਦੀ ਤਾਂ ਸ਼ਾਇਦ....?'

ਕੌਣ ਕਹੇ ਜਸਵੰਤ ਨੂੰ ਜਾ ਕੇ ਕਿ....।