ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇੱਕ ਕੁੜੀ ਧੋਲ ਮੋਲ

ਵਿਕੀਸਰੋਤ ਤੋਂ
ਇੱਕ ਕੁੜੀ ਧੋਲ ਮੋਲ

ਨਿਰਮਲ ਤਿੰਨ ਭਰਾਵਾਂ ਦੀ ਇੱਕ ਭੈਣ ਸੀ। ਸਭ ਤੋਂ ਛੋਟੀ। ਵੱਡਾ ਭਰਾ ਖੇਤੀ ਕਰਦਾ ਸੀ। ਉਸ ਤੋਂ ਛੋਟਾ ਫ਼ੌਜ ਵਿੱਚ ਤੇ ਸਭ ਤੋਂ ਛੋਟਾ ਦਸਵੀਂ ਪਾਸ ਕਰਨ ਸਾਰ ਪੁਲਿਸ ਵਿੱਚ ਭਰਤੀ ਹੋ ਗਿਆ ਸੀ।

ਪਿਓ ਅਜੇ ਉਨ੍ਹਾਂ ਦਾ ਜਿਉਂਦਾ ਸੀ। ਬਹੁਤ ਬਿਰਧ, ਪਰ ਵੱਡੇ ਪੁੱਤ ਦੇ ਕੰਮ ਵਿੱਚ ਥੋੜਾ ਮੋਟਾ ਹੱਥ ਪੱਲਾ ਹਿਲਾਂ ਛੱਡਦਾ ਸੀ।ਉਹ ਖੇਤ ਜਾ ਕੇ ਰੋਟੀ ਦੇ ਆਉਂਦਾ।ਉਨ੍ਹਾਂ ਦਾ ਸੀਰੀ ਕੁਤਰਾ ਕਰਕੇ ਡੰਗਰਾਂ ਨੂੰ ਪਾ ਦਿੰਦਾ ਤੇ ਬਿਰਧ ਮਗਰੋਂ ਖੁਰਲੀਆਂ ਵਿੱਚ ਕੱਖ ਲੋਟ ਕਰਦਾ ਰਹਿੰਦਾ। ਕਦੇ-ਕਦੇ ਡੰਗਰਾਂ ਦੇ ਰੱਸੇ ਮੇਲ ਦਿੰਦਾ। ਮੱਕੀ ਦੀ ਰਾਖੀ, ਕਦੇ ਚਰ੍ਹੀ ਦੀ ਰਾਖੀ, ਪਿੜ ਦੀ ਰਾਖੀ ਤੇ ਕਦੇ ਕਦੇ ਮੱਝਾਂ ਨੂੰ ਖਾਲਾਂ ਵਿੱਚ ਚਾਰ ਲਿਆਉਣਾ-ਇਹ ਸਾਰੇ ਕੰਮ ਬੁੜ੍ਹ ਦੇ ਹੁੰਦੇ।

ਨਿਰਮਲ ਜਦੋਂ ਦੋ ਤਿੰਨ ਸਾਲਾਂ ਦੀ ਸੀ, ਉਦੋਂ ਉਹ ਸੱਫ਼ਰ ਬੜੀ ਸੀ। ਅੰਗ ਅੰਗ ਉਹ ਦਾ ਭਰਵਾਂ ਭਰਵਾਂ ਮੋਟਾ ਸੀ। ਪਿੰਜਣੀਆਂ, ਪੱਟ ਤੇ ਡੌਲੇ ਭਰਵੇਂ ਭਰਵੇਂ। ਅੱਖਾਂ ਮੋਟੀਆਂ, ਗੁਟਰ ਗੁਟਰ ਝਾਕਦੀ। ਚਿਹਰਾ ਉੱਭਰਦਾ, ਗੋਲ ਗੋਲ। ਸਿਰ ਦੇ ਵਾਲ ਭੂਰੇ ਪੂਰੇ ਸੰਘਣੇ। ਇੱਕ ਦੋ ਪਲਾਂਘਾਂ ਪੁੱਟਦੀ ਤੇ ਡਿੱਗ ਪੈਂਦੀ। ਡਿੱਗਦੀ ਤੇ ਫੇਰ ਖੜੀ ਹੋ ਜਾਂਦੀ ਤੇ ਫੇਰ ਰੁੜ੍ਹ ਜਾਂਦੀ। ਕੋਈ ਵੀ ਬੁਲਾਉਂਦਾ ਤਾਂ ਹੱਸ ਹੱਸ ਲੋਟ ਪੋਟ ਹੋ ਜਾਂਦੀ। ਹਾਸੀ ਹਾਸੀ ਵਿੱਚ ਕੋਈ ਘੂਰ ਦਿੰਦਾ ਤਾਂ ਝੱਟ ਬੁੱਲ੍ਹ ਅਟੇਰ ਕੇ ਫੇਰ ਖਿੜ ਖਿੜ ਹੱਸ ਪੈਂਦੀ। ਕੁੜੀ ਕਾਹਦੀ ਰਬੜ ਦਾ ਕਾਕਾ ਸੀ। ਗੋਲ ਮੋਲ, ਮੋਟੀ ਮੋਟੀ, ਥੱਲ ਥੱਲ ਕਰਦੀ ਤੇ ਉਹ ਦੇ ਬਾਪੂ ਨੇ ਉਹ ਦਾ ਨਾਉਂ ਧੋਲ ਮੋਲ ਰੱਖ ਲਿਆ ਸੀ।

ਧੋਲ ਮੋਲ ਜਦ ਉਡਾਰ ਹੋ ਗਈ, ਉਸ ਨੂੰ ਸਕੂਲ ਪੜ੍ਹਨ ਲਾ ਦਿੱਤਾ। ਸਕੂਲ ਦੇ ਰਜਿਸਟਰ ਵਿੱਚ ਉਹਦਾ ਨਾਉਂ ਨਿਰਮਲ ਕੌਰ ਚੜ੍ਹ ਗਿਆ, ਉਹ ਰਹੀ ਧੋਲ ਮੋਲ ਹੀ। ਉਸ ਦੇ ਮਾਪੇ, ਭਰਾ ਭਰਜਾਈਆਂ ਤੇ ਉਸ ਨਾਲ ਪੜ੍ਹਦੀਆਂ ਕੁੜੀਆਂ ਉਸ ਨੂੰ ਦਸਵੀਂ ਜਮਾਤ ਤਾਈਂ ਧੋਲ ਮੋਲ ਹੀ ਕਹਿੰਦੀਆਂ ਰਹੀਆਂ।

ਅਜੇ ਉਹ ਦਸਵੀਂ ਜਮਾਤ ਵਿੱਚ ਪੜ੍ਹਦੀ ਹੀ ਸੀ ਕਿ ਉਸ ਦੀ ਮੰਗਣੀ ਹੋ ਗਈ। ਜਿਸ ਮੁੰਡੇ ਨੂੰ ਉਹ ਮੰਗੀ ਗਈ, ਉਹ ਉਦੋਂ ਬੀ. ਏ. ਵਿੱਚ ਪੜ੍ਹਦਾ ਸੀ। ਮੁੰਡਾ ਪੁੱਜ ਕੇ ਸੁਹਣਾ। ਨਿਰਮਲ ਵੀ ਚੰਦ ਵਰਗੀ ਕੁੜੀ ਸੀ। ਜਦ ਉਹ ਦਸਵੀਂ ਵਿੱਚ ਪੜ੍ਹਦੀ ਸੀ, ਉਸ ਦੇ ਕੱਦ ਕਾਠ ਨੂੰ ਨਿੱਤ ਨਵਾਂ ਵਾਰ ਆਉਂਦਾ ਸੀ। ਉਸ ਦੇ ਗੰਢਾਂ ਦੇ ਦੇ ਰੱਖਣ ਵਾਲੇ ਸਰੀਰ ਨੂੰ ਇੱਕ ਰੂਪ ਚੜ੍ਹਦਾ ਸੀ, ਇੱਕ ਰੂਪ ਉਤਰਦਾ ਸੀ। ਉਹ ਦਾ ਮੰਗੇਤਰ ਇੱਕ ਖੱਬੀਖ਼ਾਨ ਘਰ ਦਾ ਪੁੱਤ ਸੀ ਤੇ ਨਿਰਮਲ ਉਸ ਨੇ ਦੇਖ ਕੇ ਪਸੰਦ ਕੀਤੀ ਸੀ। ਨਿਰਮਲ ਨੇ ਦਸਵੀਂ ਜਮਾਤ ਪਾਸ ਕਰ ਲਈ ਤੇ ਉਹ ਦਾ ਮੰਗੇਤਰ ਵੀ ਬੀ. ਏ. ਵਿਚੋਂ ਪਾਸ ਹੋ ਗਿਆ।ਨਿਰਮਲ ਦੇ ਪਿਓ ਨੇ ਉਹ ਦਾ ਵਿਆਹ ਦੇਣਾ ਚਾਹਿਆ। ਮੁੰਡਾ ਕਹਿੰਦਾ ਕਿ ਮੈਂ ਤਾਂ ਹੋਰ ਪੜ੍ਹਨਾ ਹੈ ਤੇ ਉਹ ਚੰਡੀਗੜ੍ਹ ਵਕਾਲਤ ਵਿੱਚ ਦਾਖ਼ਲ ਹੋ ਗਿਆ।

ਇੱਕ ਸਾਲ ਲੰਘ ਗਿਆ।

ਮੁੰਡੇ ਦੀ ਚੰਡੀਗੜ੍ਹ ਤੋਂ ਸਿੱਧੀ ਚਿੱਠੀ ਆਈ। ਉਸ ਨੇ ਨਿਰਮਲ ਦੇ ਪਿਓ ਨੂੰ ਲਿਖਿਆ ਸੀ ਕਿ ਉਹ ਨਿਰਮਲ ਨੂੰ ਕਾਲਜ ਵਿੱਚ ਪੜ੍ਹਨ ਲਾ ਦੇਣ। ਬੀ. ਏ. ਕਰੇ, ਭਾਵੇਂ ਨਾ ਕਰੇ, ਪਰ ਦੋ ਸਾਲ ਘੱਟੋ ਘੱਟ ਕਾਲਜ ਵਿੱਚ ਜ਼ਰੂਰ ਲਾਵੇ ਤਾਂ ਕਿ ਉਸ ਨੂੰ ਮਾਡਰਨ ਸੁਸਾਇਟੀ ਦਾ ਪਤਾ ਲੱਗ ਜਾਵੇ। ਇਹ ਵੀ ਲਿਖਿਆ ਸੀ ਕਿ ਨਿਰਮਲ ਬੈਡਮਿੰਟਨ ਜ਼ਰੂਰ ਖੇਡਿਆ ਕਰੇ ਤੇ ਇਸ ਖੇਡ ਵਿੱਚ ਪੂਰੀ ਮਾਹਰ ਹੋ ਜਾਵੇ।

ਨਿਰਮਲ ਦਾ ਪਿਓ ਤਾਂ ਅਨਪੜ੍ਹ ਸੀ ਤੇ ਵੱਡਾ ਭਰਾ ਵੀ ਅਨਪੜ੍ਹ ਚਿੱਠੀ ਨਿਰਮਲ ਨੇ ਪੜ੍ਹੀ ਤੇ ਪੜ੍ਹ ਕੇ ਕੋਲ ਹੀ ਰੱਖ ਲਈ। ਵੱਡੇ ਭਰਾ ਤੇ ਪਿਓ ਨੂੰ ਕੁਝ ਨਾ ਦੱਸਿਆ। ਚਿੱਤ ਵਿੱਚ ਉਹ ਬਹੁਤ ਉਦਾਸ ਰਹਿਣ ਲੱਗੀ।

ਉਨ੍ਹਾਂ ਦਾ ਪਿੰਡ ਨੇੜੇ ਦੇ ਸ਼ਹਿਰ ਤੋਂ ਦੋ ਮੀਲ ਦੀ ਵਿੱਥ 'ਤੇ ਹੀ ਸੀ। ਪੱਕੀ ਸੜਕ ਉਨ੍ਹਾਂ ਦੇ ਪਿੰਡ ਤਾਂ ਮਿਡਲ ਸਕੂਲ ਹੀ ਸੀ ਤੇ ਉਸ ਨੇ ਦਸਵੀਂ ਜਮਾਤ ਨੇੜੇ ਦੇ ਸ਼ਹਿਰੋਂ ਕੀਤੀ ਸੀ। ਸਾਈਕਲ 'ਤੇ ਜਾਂਦੀ ਹੁੰਦੀ, ਸਾਈਕਲ 'ਤੇ ਆਉਂਦੀ ਹੁੰਦੀ। ਦਸਵੀਂ ਪਾਸ ਕਰਨ ਸਾਰ ਉਹ ਓਸੇ ਸ਼ਹਿਰ ਬਲਾਕ ਦੇ ਦਫ਼ਤਰ ਵਿੱਚ ਕਲਰਕ ਲੱਗ ਗਈ ਸੀ। ਸਾਈਕਲ 'ਤੇ ਚਲੀ ਜਾਂਦੀ, ਸਾਈਕਲ ਤੇ ਆ ਜਾਂਦੀ। ਉਹ ਆਪਣੀ ਤਨਖ਼ਾਹ ਸਾਰੀ ਦੀ ਸਾਰੀ ਡਾਕਖ਼ਾਨੇ ਦੀ ਕਾਪੀ ਵਿੱਚ ਜਮਾ ਕਰਵਾ ਦਿੰਦੀ। ਉਹ ਦਾ ਵੱਡਾ ਭਰਾ ਕਿਰਸਾਂ ਕਰ ਕਰ ਭੈਣ ਵਾਸਤੇ ਦਾਜ ਤਿਆਰ ਕਰਦਾ। ਪਿਓ ਕੁੜੀ ਦੇ ਫ਼ਿਕਰਾਂ ਵਿੱਚ ਦਿਨ ਦਿਨ ਘਟਦਾ ਰਹਿੰਦਾ, ਝੂਰਦਾ ਰਹਿੰਦਾ। ਫ਼ੌਜ ਵਿੱਚ ਜਿਹੜਾ ਭਰਾ ਨੌਕਰ ਸੀ, ਉਹ ਵਰੇ ਛਿਮਾਹੀ ਸੌ ਦੋ ਸੌ ਭੇਜ ਦਿੰਦਾ। ਪਰ ਉਸ ਦੇ ਵੀ ਤਾਂ ਵਹੁਟੀ ਸੀ, ਦੋ ਜਵਾਕ ਸਨ ਤੇ ਉਹ ਦਾ ਵਿਚਾਰੇ ਦਾ ਆਪ ਹੀ ਮਸਾਂ ਪਲ ਪੂਰਾ ਹੁੰਦਾ ਸੀ। ਵਹੁਟੀ ਉਹ ਦੀ ਪੇਕੀਂ ਰਹਿੰਦੀ ਤੇ ਜਿਹੜੇ ਖ਼ਰਚ ਉਹ ਭੇਜਦਾ, ਬੈਠੀ ਖਾਈਂ ਜਾਂਦੀ। ਪੁਲਿਸ ਵਿੱਚ ਜਿਹੜਾ ਸੀ, ਉਹ ਲੋਕਾਂ ਤੋਂ ਲੁੱਟ ਖਸੁੱਟ ਕਰਕੇ ਵੀ ਨੰਗ ਦਾ ਨੰਗ ਰਹਿੰਦਾ। ਉਸ ਦੀ ਘਰਵਾਲੀ ਤੇ ਜਵਾਕ, ਸਗੋਂ ਕਦੇ ਕਦੇ ਪਿੰਡ ਆ ਕੇ ਵੱਡੇ ਭਰਾ ਨੂੰ ਦੱਦ ਲੱਗ ਜਾਂਦੇ। ਉਸ ਸ਼ੇਰ ਦੇ ਬੱਚੇ ਨੇ ਕਦੇ ਵੀ ਪਿਓ ਦੇ ਹੱਥ ’ਤੇ ਆ ਕੇ ਥੁੱਕਿਆ ਤੱਕ ਨਹੀਂ ਸੀ। ਸ਼ਰਾਬ ਬੇਥਾਹ ਪੀਂਦਾ ਸੀ। ਰਾਤਾਂ ਬਾਹਰ ਕੱਟਦਾ ਸੀ। ਕਿਸੇ ਨਾ ਕਿਸੇ ਮੁਕੱਦਮੇ ਵਿੱਚ ਅੜਿਆ ਹੀ ਰਹਿੰਦਾ। ਦਸ ਵਾਰੀ ਮੁਅੱਤਲ ਹੋਇਆ ਸੀ, ਦਸ ਵਾਰੀ ਬਹਾਲ ਹੋਇਆ ਸੀ। ਨਿਰਮਲ ਦਾ ਫ਼ਿਕਰ ਤਾਂ ਪਿਓ ਨੂੰ ਸੀ ਜਾਂ ਵੱਡੇ ਭਰਾ ਨੂੰ, ਜਿਸ ਦੀ ਉਹ ਧੀਆਂ ਵਰਗੀ ਛੋਟੀ ਭੈਣ ਸੀ।

ਛੇ ਕੁ ਮਹੀਨਿਆਂ ਬਾਅਦ ਹੀ ਚੰਡੀਗੜ੍ਹ ਤੋਂ ਚਿੱਠੀ ਆਈ, ਜਿਸ ਵਿੱਚ ਪੁੱਛਿਆ ਸੀ ਕਿ ਨਿਰਮਲ ਕਾਲਜ ਵਿੱਚ ਦਾਖ਼ਲ ਹੋ ਗਈ ਹੈ ਜਾਂ ਨਹੀਂ ਤੇ ਪੁੱਛਿਆ ਸੀ ਕਿ ਉਹ ਬੈਡਮਿੰਟਨ ਖੇਡਦੀ ਹੁੰਦੀ ਹੈ ਜਾਂ ਨਹੀਂ। ਨਿਰਮਲ ਨੇ ਚਿੱਠੀ ਪੜੀ ਤੇ ਰੱਖ ਲਈ। ਪਿਤਾ ਵੱਲੋਂ ਜਵਾਬ ਲਿਖ ਦਿੱਤਾ ਕਿ ਨਿਰਮਲ ਕਾਲਜ ਵਿੱਚ ਪੜ੍ਹਨ ਲੱਗ ਪਈ ਹੈ ਤੇ ਬੈਡਮਿੰਟਨ ਵੀ ਸ਼ਹਿਰੋਂ ਖੇਡ ਕੇ ਆਉਂਦੀ ਹੈ। ਸੁਹਣੀ ਖਿਡਾਰਨ ਬਣਦੀ ਜਾਂਦੀ ਹੈ।

ਜਿੱਥੇ ਨਿਰਮਲ ਮੰਗੀ ਹੋਈ ਸੀ, ਉਹ ਪਿੰਡ ਉਨ੍ਹਾਂ ਦੇ ਪਿੰਡ ਤੋਂ ਐਨੀ ਦੂਰ ਸੀ ਕਿ ਨਾ ਤਾਂ ਕੋਈ ਓਧਰਲਾ ਬੰਦਾ ਏਧਰ ਆਉਂਦਾ ਸੀ ਤੇ ਨਾ ਹੀ ਏਧਰਲਾ ਓਧਰ ਛੇਤੀ ਛੇਤੀ ਗੇੜਾ ਮਾਰਦਾ ਸੀ। ਏਧਰਲੇ ਪਿੰਡਾਂ ਦਾ ਕਦੇ ਕੋਈ ਬੰਦਾ ਚੰਡੀਗੜ੍ਹ ਵੀ ਓਸ ਮੁੰਡੇ ਨੂੰ ਨਹੀਂ ਸੀ ਮਿਲਿਆ। ਨਹੀਂ ਤਾਂ ਜ਼ਮਾਨਾ ਐਸਾ ਹੈ- ਝੱਟ ਕੋਈ ਨਾ ਕੋਈ ਚੁਗਲੀ ਕਰ ਦਿੰਦਾ ਕਿ ਕੁੜੀ ਕਾਲਜ ਵਿੱਚ ਕਾਹਨੂੰ ਉਹ ਤਾਂ ਬਲਾਕ ਦਫ਼ਤਰ ਵਿੱਚ ਇੱਕ ਮਾਮੂਲੀ ਨੌਕਰ ਐ।

ਨਿਰਮਲ ਟੁੱਟੇ ਦਿਲ ਨਾਲ ਦਫ਼ਤਰ ਜਾਂਦੀ ਤੇ ਭੁੱਜੇ ਦਿਲ ਨਾਲ ਪਿੰਡ ਆ ਜਾਂਦੀ। ਨਾ ਉਹ ਦਾ ਜੀਅ ਕਰਦਾ ਸੀ, ਚੰਗੇ ਕੱਪੜੇ ਪਾਵੇ ਤੇ ਨਾ ਉਹ ਦਾ ਜੀਅ ਕਰਦਾ ਸੀ ਚੰਗਾ ਖਾਵੇ, ਕਿਸੇ ਨਾਲ ਗੱਲ ਕਰੇ, ਹੱਸੇ ਖੇਡੇ। ਉਹ ਹਰ ਵੇਲੇ ਬੁਝੀ ਰਹਿੰਦੀ। ਦਫ਼ਤਰ ਜਾ ਕੇ ਉਸ ਦਾ ਜਮ੍ਹਾਂ ਚਿੱਤ ਨਾ ਕਰਦਾ, ਕੰਮ ਕਰਨ ਨੂੰ। ਉਸ ਨੂੰ ਡਿਸਪੈਚ ਦੇ ਕੰਮ 'ਤੇ ਬਿਠਾਇਆ ਹੋਇਆ ਸੀ। ਅੱਗੇ ਉਹ ਅੱਧੇ ਦਿਨ ਵਿੱਚ ਹੀ ਸਾਰਾ ਕੰਮ ਮੁਕਾ ਦਿੰਦੀ ਸੀ ਤੇ ਹੁਣ ਦੋ-ਦੋ ਦਿਨਾਂ ਦਾ ਕੰਮ ਉਸ ਉੱਤੋਂ ਦੀ ਪਿਆ ਰਹਿੰਦਾ। ਉਸ ਦੇ ਨਾਲ ਬੈਠਦਾ ਮੁੰਡਾ ਬੜਾ ਬੀਬਾ ਸੀ। ਉਸ ਦੇ ਮਨ ਵਿੱਚ ਪਤਾ ਨਹੀਂ ਕੀ ਤਰਸ ਉੱਠਦਾ-ਉਹ ਨਿਰਮਲ ਨੂੰ ਥੱਕੀ ਟੁੱਟੀ ਦੇਖਦਾ ਤੇ ਉਬਾਸੀਆਂ ਲੈਂਦੀ ਅਤੇ ਅਗਵਾੜੀਆਂ ਭੰਨ੍ਹਦੀ ਦੇਖਦਾ ਤਾਂ ਆਪਣਾ ਕੰਮ ਛੇਤੀ ਛੇਤੀ ਮੁਕਾ ਕੇ ਨਿਰਮਲ ਦੇ ਸਾਰੇ ਕਾਗਜ ਡਿਸਪੈਚ ਕਰ ਦਿੰਦਾ। ਲਿਫ਼ਾਫ਼ਿਆਂ ’ਤੇ ਐਡਰੈਸ ਵੀ ਲਿਖ ਦਿੰਦਾ। ਕਦੇ-ਕਦੇ ਨਿਰਮਲ ਮੱਥਾ ਫੜੀ ਬੈਠੀ ਹੁੰਦੀ ਤੇ ਕੰਮ ਵਿੱਚ ਇਉਂ ਧਸੀ ਹੁੰਦੀ, ਜਿਵੇਂ ਜੇਠ ਹਾੜ੍ਹ ਦੇ ਮਹੀਨੇ ਵਿਆਹ ਦੀ ਦੋ ਮਣ ਪੱਕੀ ਛੋਲਿਆਂ ਦੀ ਦਾਲ ਕਿਸੇ ਜ਼ਨਾਨੀ ਨੇ ਚੱਕੀ ’ਤੇ ਦਲ ਕੇ ਹੀ ਉੱਠਣਾ ਹੋਵੇ ਤਾਂ ਉਹ ਮੁੰਡਾ ਬਾਹਰੋਂ ਚਾਹ ਦੇ ਦੋ ਕੱਪ ਗਰਮ ਗਰਮ ਦੁਕਾਨ ਤੋਂ ਮੰਗਵਾਉਂਦਾ ਤੇ ਇੱਕ ਕੱਪ ਚੁੱਪ ਕਰਕੇ ਨਿਰਮਲ ਦੇ ਮੂਹਰੇ ਰੱਖ ਦਿੰਦਾ। ਮੁੰਡਾ ਉਹ ਕਿੰਨਾ ਚੰਗਾ ਸੀ, ਕਿੰਨਾ ਸਾਊ ਸੀ। ਘੁੱਟਵੇਂ ਘੁੱਟਵੇਂ ਕੱਪੜੇ ਪਾਉਂਦਾ। ਸਿਆਲ ਦੀ ਰੁੱਤ। ਗਲ ਰੈਡੀਮੇਡ ਗਰਮ ਕੋਟੀ ਤੇ ਗਰਦਨ ਦੁਆਲੇ ਗਰਮ ਪਤਲਾ ਮਫ਼ਲਰ ਲਪੇਟ ਕੇ ਰੱਖਦਾ ਸੀ। ਦਾੜ੍ਹੀ ਮੁੱਛਾਂ ਦੀ ਲੂੰਈਂ ਅਜੇ ਉਸ ਦੇ ਫੁੱਟਦੀ ਸੀ। ਸਿਰ ਦੇ ਵਾਲ ਕੱਟ ਕੇ ਰੱਖਦਾ, ਛੋਟੇ-ਛੋਟੇ ਸਿੱਧੇ ਖੜਵੇਂ। ਪਤਲਾ ਛੀਂਟਕਾ ਸਰੀਰ। ਹੱਸੂੰ ਹੱਸੂੰ ਕਰਦਾ ਚਿਹਰਾ। ਅੱਖਾਂ ਵਿੱਚ ਹਵਾ ਸਮਾਨ ਸੁਰਮਾ ਪਾ ਕੇ ਰੱਖਦਾ।

ਮੁੰਡੇ ਦਾ ਨਾਉਂ ਅਮਰਜੀਤ ਸੀ।

ਅਮਰਜੀਤ, ਨਿਰਮਲ ਦੇ ਪਿੰਡ ਦੇ ਗਵਾਂਢ ਦਾ ਹੀ ਰਹਿਣ ਵਾਲਾ ਸੀ।ਓਸ ਸ਼ਹਿਰੋਂ ਉਸ ਨੇ ਦਸਵੀਂ ਪਾਸ ਕੀਤੀ ਸੀ ਤੇ ਨਿਰਮਲ ਦੇ ਨਾਲ ਹੀ ਤਕਰੀਬਨ ਬਲਾਕ ਦਫ਼ਤਰ ਵਿੱਚ ਕਲਰਕ ਲੱਗ ਗਿਆ ਸੀ।ਨਿਰਮਲ ਨੂੰ ਮਹਿਸੂਸ ਹੁੰਦਾ ਕਿ ਅਮਰਜੀਤ ਕਿੰਨਾ ਚੰਗਾ ਮੁੰਡਾ ਹੈ। ਉਸਦੇ ਕੰਮ ਵਿੱਚ ਉਸਦਾ ਉਹ ਕਿੰਨਾ ਸਹਾਈ ਹੁੰਦਾ ਹੈ। ਉਸਦੀ ਉਦਾਸੀ ਨੂੰ ਸਮਝਦਾ ਹੈ। ਬੋਲਦਾ ਭਾਵੇਂ ਥੋੜ੍ਹਾ ਹੈ, ਪਰ ਮਹਿਸੂਸ ਸ਼ਾਇਦ ਬਹੁਤਾ ਕਰਦਾ ਹੈ। ਪਿੰਡਾਂ ਤੋਂ ਆਉਂਦੇ ਆਉਂਦੇ ਅਕਸਰ ਉਹ ਇਕੱਠੇ ਹੋ ਜਾਂਦੇ। ਇੱਕ ਦਿਨ ਨਿਰਮਲ ਦਾ ਸਾਈਕਲ ਪੰਚਰ ਹੋ ਗਿਆ। ਅਮਰਜੀਤ ਨੇ ਨਿਰਮਲ ਨੂੰ ਆਪਣੇ ਸਾਈਕਲ ਦੇ ਪਿੱਛੇ ਬਿਠਾ ਲਿਆ ਤੇ ਉਸ ਦਾ ਪੰਚਰ ਸਾਈਕਲ ਦੂਜੇ ਹੱਥ ਨਾਲ ਬਰਾਬਰ ਫੜ ਕੇ ਉਹ ਦੋਵੇਂ ਦਫ਼ਤਰ ਆ ਗਏ।ਉਸ ਦਿਨ ਜਿਵੇਂ ਅਮਰਜੀਤ ਨੇ ਨਿਰਮਲ ਦਾ ਦਿਲ ਜਿੱਤ ਲਿਆ ਸੀ।

ਉਸ ਦਿਨ ਦਫ਼ਤਰ ਵਿੱਚ ਜਦ ਉਹ ਕੰਮ 'ਤੇ ਆ ਕੇ ਬੈਠੇ, ਨਿਰਮਲ ਦੀ ਸੀਟ ਦੇ ਬਿਲਕੁੱਲ ਉੱਪਰ ਇੱਕ ਬੰਦ ਰੋਸ਼ਨਦਾਨ ਵਿੱਚ ਗੋਲੀ ਕਬੂਤਰੀ ਨੇ ਆਲ੍ਹਣਾ ਪਾ ਲਿਆ ਹੋਇਆ ਸੀ। ਸ਼ਾਇਦ ਅੱਜ ਹੀ ਸ਼ੁਰੂ ਕੀਤਾ ਸੀ। ਇੱਕ ਖੁੱਲ੍ਹੇ ਰੋਸ਼ਨਦਾਨ ਵਿੱਚ ਦੀ ਕਬੂਤਰੀ ਤੇ ਉਹ ਦਾ ਕਬੂਤਰ ਦਬਾ ਦਬ ਨਿੰਮ੍ਹ, ਬੇਰੀ ਤੇ ਕਿੱਕਰ ਦੇ ਡੱਕੇ ਬਾਹਰੋਂ ਲਿਆਉਣ ਵਿੱਚ ਰੁੱਝੇ ਹੋਏ ਸਨ।ਨਿਰਮਲ ਬਿੰਦ ਦੀ ਬਿੰਦ ਉਨ੍ਹਾਂ ਵੱਲ ਦੇਖਦੀ ਰਹੀ ਤੇ ਖੁਸ਼ਕ ਜਿਹੀ ਮੁਸਕਰਾਹਟ ਬੁੱਲ੍ਹਾਂ 'ਤੇ ਲਿਆਉਂਦੀ ਰਹੀ। ਫੇਰ ਇੱਕ ਲੰਮਾ ਸਾਰਾ ਸਾਹ ਸੂਤਵਾਂ ਹਉਕਾ ਲੈ ਕੇ ਆਪਣੇ ਕੰਮ ਵਿੱਚ ਲੱਗ ਗਈ।

ਨਿਰਮਲ ਮੰਗੀ ਨੂੰ ਦੋ ਸਾਲ ਹੋ ਗਏ ਸਨ। ਉਹ ਦੇ ਪਿਓ ਨੇ ਮੁੰਡੇ ਦੇ ਮਾਪਿਆਂ ਨੂੰ ਚਿੱਠੀ ਪਵਾਈ ਕਿ ਉਹ ਵਿਆਹ ਲੈ ਲੈਣ। ਮਾਪਿਆਂ ਦਾ ਜਵਾਬ ਆਇਆ ਕਿ ਮੁੰਡੇ ਦੀ ਮਰਜ਼ੀ ਹੈ-ਜਦੋਂ ਚਾਹੇ, ਵਿਆਹ ਕਰਵਾ ਲਵੇ।

ਨਿਰਮਲ ਦਾ ਪਿਓ ਮੁੰਡੇ ਨੂੰ ਚੰਡੀਗੜ੍ਹ ਚਿੱਠੀ ਪਵਾਉਣ ਬਾਰੇ ਸੋਚ ਹੀ ਰਿਹਾ ਸੀ ਕਿ ਉਸ ਦੀ ਚਿੱਠੀ ਆਪ ਹੀ ਗਈ। ਲਿਖਿਆ ਸੀ ਕਿ ਨਿਰਮਲ ਕਲੱਬ ਜਾਇਆ ਕਰੇ ਤਾਂ ਕਿ ਉਹ ਹਾਈ ਸਰਕਲ ਵਿੱਚ ਬੋਲਣਾ ਚਾਲਣਾ, ਖਾਣਾ-ਪੀਣਾ ਤੇ ਉੱਠਣਾ ਬੈਠਣਾ ਸਿੱਖ ਲਵੇ। ਉਸ ਸ਼ਹਿਰ ਵਿੱਚ ਓਸੇ ਨਾਲ ਇੱਕ ਛੋਟੀ ਜਿਹੀ ਕਲੱਬ ਬਣ ਗਈ ਸੀ, ਜਿੱਥੇ ਸ਼ਾਮ ਨੂੰ ਵੱਡੇ-ਵੱਡੇ ਅਫ਼ਸਰ, ਉਨ੍ਹਾਂ ਦੀਆਂ ਪਤਨੀਆਂ ਤੇ ਸ਼ਹਿਰ ਦੇ ਲਟਬੌਰੇ ਮੁੰਡੇ ਕੁੜੀਆਂ ਜਾਂਦੇ ਤੇ ਹੱਸ ਖੇਡ, ਖਾ ਪੀ ਕੇ ਵੱਡੀ ਰਾਤ ਘਰ ਨੂੰ ਮੁੜਦੇ। ਇਸ ਕਲੱਬ ਦੀ ਖ਼ਬਰ ਪ੍ਰੈੱਸ ਵਿੱਚ ਆ ਚੁੱਕੀ ਸੀ। ਇਸੇ ਕਰਕੇ ਸ਼ਾਇਦ ਮੁੰਡੇ ਨੂੰ ਚੰਡੀਗੜ੍ਹ ਬੈਠੇ ਨੂੰ ਉਸ਼ ਸ਼ਹਿਰ ਵਿੱਚ ਕਲੱਬ ਦਾ ਪਤਾ ਲੱਗਿਆ ਸੀ। ਉਸ ਨੇ ਆਪਣੀ ਉਸ ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਿ ਨਿਰਮਲ ਪਿੰਡ ਜਾਣ ਦੀ ਥਾਂ ਕਾਲਜ ਹੋਸਟਲ ਵਿੱਚ ਹੀ ਉੱਥੇ ਠਹਿਰਿਆ ਕਰੇ ਤਾਂ ਕਿ ਹੋਸਟਲ ਲਾਈਫ਼ ਮਾਣ ਸਕੇ। ਨਿਰਮਲ ਨੇ ਉਹ ਚਿੱਠੀ ਦੰਦਾਂ ਵਿੱਚ ਜੀਭ ਲੈ ਕੇ ਪੜ੍ਹੀ ਤੇ ਪੜ੍ਹ ਕੇ ਰੱਖ ਲਈ। ਜਿਹੜੀ ਚਿੱਠੀ ਵਿਆਹ ਬਾਰੇ ਉਸ ਦੇ ਪਿਓ ਨੇ ਲਿਖਵਾਈ, ਉਹ ਲਿਖ ਕੇ ਪਾ ਦਿੱਤੀ।

ਪੰਦਰਾਂ ਦਿਨਾਂ ਬਾਅਦ ਵਕੀਲ ਸਾਹਿਬ ਦਾ ਲਿਫ਼ਾਫ਼ਾ ਆਇਆ, ਲਿਖਿਆ ਸੀ ਕਿ ਵਿਆਹ ਉਹ ਆਪਣਾ ਤੀਜਾ ਸਾਲ ਮੁਕਾ ਕੇ ਹੀ ਲਵੇਗਾ।ਵਿਆਹ ਬੜੀ ਧੂਮਧਾਮ ਨਾਲ ਹੋਣਾ ਚਾਹੀਦਾ ਹੈ। ਰੇਡੀਓ, ਮੋਟਰ ਸਾਈਕਲ, ਫ਼ਰਨੀਚਰ ਤੋਂ ਹੋਰ ਚੀਜ਼ਾਂ ਵਧੀਆ ਕੁਆਲਿਟੀ ਦੀਆਂ ਹੋਣ। ਰਿਫਰੈਜਰੀਏਟਰ ਜ਼ਰੂਰ ਹੋਵੇ।

ਨਿਰਮਲ ਨੇ ਚਿੱਠੀ ਪੜ੍ਹੀ ਤੇ ਉਸ ਦਾ ਮੂੰਹ ਲਾਲ ਹੋ ਗਿਆ। ਨਾ ਉਹ ਕੁਝ ਬੋਲੀ ਤੇ ਨਾ ਰੋਈ। ਜਦ ਕਦੇ ਵਕੀਲ ਸਾਹਿਬ ਦੀ ਚਿੱਠੀ ਆਈ ਤਾਂ ਨਿਰਮਲ ਨੇ ਮਨੋਂ ਜੋੜ ਕੇ ਏਧਰ ਓਧਰ ਦੀਆਂ ਗੱਲਾਂ ਵੱਡੇ ਭਰਾ ਤੇ ਬਿਰਧ ਪਿਓ ਨੂੰ ਦੱਸ ਦਿੱਤੀਆਂ ਸਨ ਤੇ ਹੁਣ ਵੀ ਉਸ ਨੇ ਚਿੱਠੀ ਦੀ ਹੋਰ ਗੱਲ ਬਣਾ ਕੇ ਵੱਡੇ ਭਰਾ ਤੇ ਪਿਓ ਨੂੰ ਦੱਸ ਦਿੱਤਾ ਸੀ ਕਿ ਉਹ ਵਿਆਹ ਲੈ ਕੇ ਬਹੁਤ ਖ਼ੁਸ਼ ਹਨ। ਜਦੋਂ ਮਰਜ਼ੀ ਦੇ ਦਿਓ। ਇੱਕ ਸਵੇਰ ਜਦੋਂ ਨਿਰਮਲ ਨੇ ਰੋਜ਼ ਦੀ ਤਰ੍ਹਾਂ ਦਫ਼ਤਰ ਜਾਣਾ ਸੀ, ਉਹ ਸਵਖ਼ਤੇ ਹੀ ਉੱਠੀ, ਆਪਣੇ ਅਟੈਚੀ ਵਿੱਚ ਕੱਪੜੇ ਪਾਏ ਤੇ ਤਿਆਰੀ ਕਰਦੀ ਨੂੰ ਅੱਧਾ ਘੰਟਾ ਦੇਰ ਹੋ ਗਈ। ਭਰਜਾਈ ਨੇ ਪੁੱਛਿਆ- 'ਬੀਬੀ ਨਣਦੇ, ਅੱਜ ਤੇਰੇ ਅਛਨੇ ਪਛਨੇ ਨਹੀਂ ਮੁੱਕਦੇ? ਕਿੱਧਰ ਉਧਲੇਂਗੀ?' ਨਿਰਮਲ ਨੇ ਖਿੜ ਖਿੜ ਮੋਤੀਆਂ ਦੀ ਬੀੜ ਵਿਚੋਂ ਸਾਰਾ ਹਾਸਾ ਡੋਲ੍ਹ ਦਿੱਤਾ ਤੇ ਕਹਿੰਦੀ- 'ਨੌਕਰੀ ਦਾ ਮਾਮਲੈ ਬਹੇਲੇ, ਅੱਜ ਬਾਹਰ ਕੈਂਪ 'ਤੇ ਜਾਣੈ।' ਤੇ ਭਰਜਾਈ ਨੇ ਨਣਦ ਨੂੰ ਬੁੱਕਲ ਵਿੱਚ ਘੁੱਟ ਲਿਆ। ਤੁਰਨ ਵੇਲੇ ਇੱਕ ਪਲ ਨਿਰਮਲ ਨੇ ਆਪਣੇ ਬਿਰਧ ਪਿਓ ਵੱਲ ਨਜ਼ਰ ਭਰ ਕੇ ਦੇਖਿਆ ਤੇ ਅੱਖਾਂ ਗਿੱਲੀਆਂ ਕਰ ਲਈਆਂ। ਵੱਡਾ ਭਰਾ ਉਹ ਦਾ ਕਦੋਂ ਦਾ ਖੇਤ ਗਿਆ ਹੋਇਆ ਸੀ। ਭਤੀਜੇ ਭਤੀਜੀਆਂ ਨੂੰ ਆਨੀ ਬਹਾਨੀ ਉਹ ਪਿਆਰ ਜਿਹਾ ਦਿੰਦੀ ਫਿਰਦੀ ਸੀ। ਭਰਜਾਈ ਨੇ ਉਹ ਦੀ ਵੱਖੀ ਵਿੱਚ ਚੂੰਢੀ ਭਰ ਲਈ- ‘ਚੀਨ ਨੂੰ ਤਾਂ ਨੀ ਜਾਂਦੀ, ਬਾਪੂ ਦੀਏ ਧੋਲਾਂ? ਕਿਵੇਂ ਜਵਾਕਾਂ ਦੀਆਂ ਲਾਲਾਂ ਚਟਦੀ ਫਿਰਦੀ ਐਂ ਛੇਤੀ ਘਰੋ ਨਿਕਲ, ਫੇਰ ਕਹੇਂਗੀ-ਮੇਰਾ ਸਾਹਬ ਝਿੜਕਦੈ।'

ਉਸ ਦਿਨ ਆਥਣੇ ਤਾਂ ਘਰ ਦਿਆਂ ਨੂੰ ਉਡੀਕ ਕੋਈ ਨਹੀਂ ਸੀ ਤੇ ਨਿਰਮਲ ਦੂਜੇ ਆਥਣ ਵੀ ਨਾ ਆਈ। ਤਿੰਨ ਦਿਨ, ਚਾਰ ਦਿਨ ਤੇ ਪੰਜਵੇਂ ਦਿਨ ਘੁਸਰ ਮੁਸਰ ਹੋਣ ਲੱਗ ਪਈ।ਜ਼ਿਲ੍ਹਾ ਕਚਹਿਰੀ ਵਿੱਚ ਜਾ ਕੇ ਬਾਪੂ ਦੀ ਧੋਲ ਮੋਲ ਨਿਰਮਲ ਨੇ ਅਮਰਜੀਤ ਨਾਲ ਵਿਆਹ ਕਰਵਾ ਲਿਆ ਸੀ।