ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਾਰਡ

ਵਿਕੀਸਰੋਤ ਤੋਂ
ਕਾਰਡ

ਦਸਵੀਂ ਪਾਸ ਕੀਤੀ ਤੇ ਮੇਰਾ ਜੀਆ ਕਰਦਾ ਸੀ ਕਿ ਕਾਲਜ ਵਿੱਚ ਪੜ੍ਹਾ, ਪਰ ਘਰ ਦੀ ਹਾਲਤ ਦੇਖ ਕੇ ਦੜ ਵੱਟ ਲੈਂਦਾ ਸਾਂ। ਮਾੜੀ ਮੋਟੀ ਨੌਕਰੀ ਕਰਨ ਤੋਂ ਬਿਨਾਂ ਮੇਰੇ ਸਾਹਮਣੇ ਹੁਣ ਹੋਰ ਕੋਈ ਰਾਹ ਨਹੀਂ ਸੀ। ਭਗਵਾਨ ਸਿੰਘ ਕੁਦਰਤੀ ਪਿੰਡ ਆਇਆ ਹੋਇਆ ਸੀ। ਮੈਂ ਉਸ ਕੋਲ ਆਪਣੀ ਮਜਬੂਰੀ ਦੱਸੀ। ਉਸ ਨੇ ਬੜੀ ਦਰਿਆ ਦਿਲੀ ਦਿਖਾਈ ਤੇ ਮੈਨੂੰ ਆਪਣੇ ਨਾਲ ਪਟਿਆਲੇ ਲੈ ਜਾਣ ਲਈ ਆਖਿਆ। ਕਾਲਜ ਦੀ ਪੜਾਈ ਕਰਨ ਦਾ ਚਾਅ ਮੇਰੇ ਵਿੱਚ ਠਾਠਾਂ ਮਾਰਨ ਲੱਗ ਪਿਆ। ਭਗਵਾਨ ਸਿੰਘ ਦਾ ਲੱਖ ਲੱਖ ਸ਼ੁਕਰ ਮੈਂ ਕੀਤਾ। ਉਹ ਕਈ ਸਾਲਾਂ ਤੋਂ ਪਟਿਆਲੇ ਇੱਕ ਵੱਡਾ ਅਫ਼ਸਰ ਲੱਗਿਆ ਹੋਇਆ ਸੀ।

ਇੱਕ ਪੈਸਾ ਵੀ ਮੈਨੂੰ ਘਰੋਂ ਖ਼ਰਚ ਨਹੀਂ ਸੀ ਕਰਨਾ ਪੈਂਦਾ। ਰੋਟੀ ਤੇ ਹੋਰ ਖਾਣ ਪੀਣ ਸਾਰਾ ਭਗਵਾਨ ਸਿੰਘ ਦੇ ਸਿਰੋਂ! ਕਾਲਜ ਦੀ ਫੀਸ ਤੇ ਹੋਰ ਖ਼ਰਚ ਵੀ ਉਹੀ ਕਰਦਾ। ਪੜ੍ਹਾਈ ਮੈਂ ਚਿੱਤ ਲਾ ਕੇ ਕਰਦਾ ਸਾਂ।ਓਥੇ ਜਾ ਕੇ ਮੇਰਾ ਦਿਲ ਵੀ ਬੜਾ ਲੱਗ ਗਿਆ ਸੀ। ਭਗਵਾਨ ਸਿੰਘ ਦੇ ਆਪ ਕੋਈ ਪੁੱਤ-ਧੀ ਨਹੀਂ ਸੀ। ਉਹ ਮੈਨੂੰ ਆਪਣਾ ਹੀ ਬੱਚਾ ਸਮਝਦਾ ਸੀ। ਉਸ ਦੀ ਘਰਵਾਲੀ ਤਾਂ ਮੈਨੂੰ ਬਹੁਤਾ ਹੀ ਪਿਆਰ ਕਰਦੀ।

ਨਾਲ ਲੱਗਦੀ ਕੋਠੀ ਵੀ ਇੱਕ ਵੱਡੇ ਅਫ਼ਸਰ ਦੀ ਸੀ। ਕੰਡਿਆਂਵਾਲੀ ਲੋਹੇ ਦੀ ਤਾਰ ਨੇ ਸਾਡੀ ਕੋਠੀ ਨਾਲੋਂ ਉਨ੍ਹਾਂ ਦੀ ਕੋਠੀ ਨੂੰ ਅੱਡ ਕੀਤਾ ਹੋਇਆ ਸੀ। ਇਸ ਤਰ੍ਹਾਂ ਪਾਲੋਂ ਪਾਲ ਹੋਰ ਵੀ ਪੰਜ ਸੱਤ ਕੋਠੀਆਂ ਸਨ। ਕੋਠੀਆਂ ਦੇ ਸਾਹਮਣੇ ਸੜਕ ਦੇ ਨਾਲ-ਨਾਲ ਲੀਲਾ ਭਵਨ ਦੀ ਉੱਚੀ ਲੰਮੀ ਕੰਧ ਖੜ੍ਹੀ ਸੀ। ਸੁਣਿਆ ਕਿ ਲੀਲ੍ਹਾ ਭਵਨ ਦੇ ਅੰਦਰ ਖ਼ਾਸ ਇਜਾਜ਼ਤ ਲੈ ਕੇ ਜਾਣਾ ਪੈਂਦਾ ਹੈ। ਅੰਦਰ ਨੰਗੀਆਂ ਔਰਤਾਂ ਦੇ ਬੁੱਤ ਹਨ। ਦੇਸ਼ ਦੇ ਚੰਗੇ ਚੰਗੇ ਬੁੱਤ ਘਾੜਿਆਂ ਨੇ ਚਿੱਟੇ ਪੱਥਰ ਵਿਚ ਔਰਤ ਦਾ ਨੰਗ ਉਘਾੜ ਕੇ ਸ਼ਾਇਦ ਮਹਾਰਾਜੇ ਦੀ ਲਿੰਗ ਪ੍ਰੇਰਨਾ ਦੇ ਸਾਧਨ ਬਣਾਏ ਹੋਣਗੇ। ਸਾਡੇ ਮਾਲੀ ਤੋਂ ਗੱਲਾਂ ਸੁਣ ਸੁਣ ਮੇਰਾ ਜੀਅ ਕਰਦਾ ਕਿ ਉੱਡ ਕੇ ਇਨ੍ਹਾਂ ਮੂਰਤੀਆਂ ਨੂੰ ਦੇਖ ਆਵਾਂ।

ਸਾਡੀ ਕੋਠ ਵਿੱਚ ਕਈ ਕਿਸਮ ਦੇ ਫੁੱਲ ਬੂਟੇ ਲੱਗੇ ਹੋਏ ਸਨ। ਭਗਵਾਨ ਸਿੰਘ ਦੀ ਘਰਵਾਲੀ ਨੂੰ ਫੁੱਲਾਂ ਦਾ ਬੜਾ ਸ਼ੌਕ ਸੀ।ਮੈਂ ਨਿੱਤ ਸਵੇਰੇ ਉੱਠਦਾ ਤੇ ਬੁਟਿਆ ਦੀ ਗੋਡੀ ਤੇ ਹੋਰ ਸੰਭਾਲ ਵਿੱਚ ਮਾਲੀ ਦੀ ਮਦਦ ਕਰਦਾ।ਨਾਲ ਲੱਗਦੀਕੋਠੀਵਾਲੇ ਪਾਸੇ ਕੰਡਿਆਂ ਦੀ ਤਾਰ ਦੇ ਨਾਲ-ਨਾਲ ਗੁਲਾਬ ਲੱਗਿਆ ਹੋਇਆ ਸੀ। ਸੂਹੇ ਗੁਲਾਬ ਦੀ ਧੁਰ ਤਾਈਂ ਪੂਰੀ ਕਤਾਰ ਖੜ੍ਹੀ ਸੀ। ਇੱਕ ਦਿਨ ਮਾਲੀ ਨੇ ਦੱਸਿਆ-'ਨਾਲ ਲੱਗਦੀ ਕੋਠੀ ਵਾਲਿਆਂ ਦੀ ਵੱਡੀ ਕੁੜੀ ਨਿੱਤ ਸਾਡਾ ਗੁਲਾਬ ਤੋੜ ਕੇ ਲੈ ਜਾਂਦਾ ਹੈ।' ਮੈਂ ਹੋਰ ਵੀ ਸਦੇਹਾਂ ਉੱਠਣ ਲੱਗ ਪਿਆ।ਤਿੰਨ ਚਾਰ ਦਿਨ ਦੇਖਦਾ ਰਿਹਾ, ਸੱਚੀਂ ਉਹ ਕੁੜੀ ਸਾਡੇ ਸੂਹੇ ਗੁਲਾਬ ਦਾ ਬੱਕ ਤੋੜ ਕੇ ਲੈ ਜਾਂਦੀ ਸੀ।

ਮੈਂ ਸੋਚਦਾ ਸਾਂ-ਇਨ੍ਹਾਂ ਦੇ ਆਪਣੇ ਵੀ ਤਾਂ ਗੁਲਾਬ ਲੱਗਿਆ ਹੋਇਆ ਹੈ, ਇਹ ਸਾਡਾ ਗੁਲਾਬ ਕਿਉਂ ਤੋੜਦੀ ਹੈ? ਮੈਂ ਚਾਹੁੰਦਾ ਸਾਂ ਕਿ ਉਸ ਨੂੰ ਟੋਕ ਦੇਵਾਂ। ਇੱਕ ਦਿਨ ਉਸ ਦੇ ਆਉਣ ਤੋਂ ਪਹਿਲਾਂ ਹੀ ਮੈਂ ਗੁਲਾਬ ਦੀ ਕਤਾਰ ਦੇ ਨਾਲ ਟਹਿਲਣ ਲੱਗ ਪਿਆ। ਮਸਤ ਹਾਥੀ ਵਾਂਗ ਝੂਲਦੀ ਉਹ ਆਈ ਤੇ ਮੇਰੇ ਦੇਖਦੇ ਦੇਖਦੇ ਰੋਜ਼ ਵਾਂਗ ਫੁੱਲ ਤੋੜ ਕੇ ਲੈ ਗਈ। ਮੈਂ ਹੈਰਾਨ ਸਾਂ ਕਿ ਮੇਰੀ ਹਾਜ਼ਰੀ ਵਿੱਚ ਵੀ ਉਸ ਨੂੰ ਕੋਈ ਝਿਜਕ ਨਹੀਂ ਹੋਈ। ਮੇਰੀ ਜੀਭ ਵੀ ਠਾਕੀ ਗਈ ਸੀ। ਮੈਂ ਵੀ ਉਸ ਨੂੰ ਕੁਝ ਨਹੀਂ ਸੀ ਆਖ ਸਕਿਆ। ਮੇਰੇ ਮਨ ਵਿੱਚ ਮਿੰਨ੍ਹਾ ਮਿੰਨਾ ਗੁੱਸਾ ਜਾਗ ਪਿਆ- 'ਇਹ ਕੌਣ ਹੁੰਦੀ ਐ, ਸਾਡਾ ਗੁਲਾਬ ਤੋੜਨ ਵਾਲੀ। ਦੂਜੇ ਦਿਨ ਫੇਰ ਓਸੇ ਤਰ੍ਹਾਂ ਮੈਂ ਫੁੱਲਾਂ ਦੀ ਕਤਾਰ ਕੋਲ ਗਿਆ। ਸੋਚਿਆ ਸੀ ਕਿ ਅੱਜ ਜ਼ਰੂਰ ਟੋਕ ਦੇਵਾਂਗਾ। ਪਰ ਪਤਾ ਨਹੀਂ ਮੇਰੀ ਚੁੱਪ ਹੋਰ ਵੀ ਕਿਉਂ ਤਕੜੀ ਹੋ ਗਈ। ਉਹ ਆਈ ਤੇ ਫੁੱਲ ਤੋੜ ਕੇ ਲੈ ਗਈ।‘ਇੱਕ ਚੋਰੀ, ਦੂਜੀ ਸੀਨਾ ਜ਼ੋਰੀ।’ ਮੇਰੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ। ਤੀਜੇ ਦਿਨ ‘ਫੁੱਲ ਤੋੜਨੇ ਵਰਜਿਤ ਹਨ’ ਲਿਖ ਕੇ ਇੱਥ ਧਾਗੇ ਨਾਲ ਮੈਂ ਗੁਲਾਬ ਦੀ ਇੱਕ ਟਾਹਣੀ ਨਾਲ ਓਥੇ ਜਿਹੇ ਬੰਨ੍ਹ ਦਿੱਤਾ, ਜਿੱਥੇ ਉਹ ਨਿੱਤ ਆ ਕੇ ਪਹਿਲਾਂ ਖੜ੍ਹਦੀ ਸੀ ਤੇ ਫੇਰ ਫੁੱਲ ਤੋੜ ਲੈਂਦੀ ਸੀ। ਕਾਗਜ਼ ਬੰਨ੍ਹ ਕੇ ਮੈਂ ਹਟਿਆ ਹੀ ਸੀ ਕਿ ਉਹ ਆ ਗਈ। ਕਾਗਜ਼ ਸ਼ਾਇਦ ਉਸ ਦੀ ਨਜ਼ਰ ਪੈ ਚੁੱਕਿਆ ਸੀ।ਮੈਂ ਚੁੱਪ ਕਰਕੇ ਕੋਠੀ ਦੇ ਅੰਦਰ ਆ ਵੜਿਆ। ਦੂਜੇ ਦਿਨ ਓਸੇ ਵੇਲੇ ਉੱਠ ਕੇ ਮੈਂ ਮਾਲੀ ਦੀ ਸਹਾਇਤਾ ਤਾਂ ਜ਼ਰੂਰ ਕੀਤੀ, ਪਰ ਫੁੱਲਾਂ ਦੀ ਕਤਾਰ ਦੇ ਬਹੁਤ ਨੇੜੇ ਆ ਗਿਆ। ਮੈਂ ਦੂਰ ਦੂਰ ਫਿਰਦਾ ਰਿਹਾ।‘ਕੱਲ ਵਾਲੀ ਸ਼ਰਾਰਤ ਦੀ ਦੇਖੀਏ ਕੀ ਬੈਂਗਣੀ ਉੱਘੜਦੀ ਐ।' ਮੈਂ ਦਿਲ ਵਿੱਚ ਮਿੱਠਾ ਮਿੱਠਾ ਡਰ ਮਹਿਸੂਸ ਕਰਨ ਲੱਗਿਆ। ਉਹ ਆਈ, ਫੁੱਲ ਤੋੜੇ ਤੇ ਇੱਕ ਕਾਗਜ਼ ਮੇਰੇ ਵਾਂਗ ਹੀ ਉਸ ਨੇ ਗੁਲਾਬ ਦੀ ਟਹਿਣੀ ਨਾਲ ਬੰਨ੍ਹ ਦਿੱਤਾ। ਮੈਂ ਦੂਰ ਖੜ੍ਹੇ ਨੇ ਦੇਖਿਆ, ਉਸ ਨੇ ਇੱਕ ਪਲ ਮੇਰੇ ਵੱਲ ਅੱਖਾਂ ਝਮਕਾਈਆਂ, ਜਿਵੇਂ ਕਹਿ ਰਹੀ ਹੋਵੇ- ‘ਤੇਰਾ ਜਵਾਬ ਹੈ' ਤੇ ਫਿਰ ਆਪਣੀ ਕੋਠੀ ਅੰਦਰ ਚਲੀ ਗਈ। ਮੈਂ ਛੇਤੀ ਛੇਤੀ ਜਾ ਕੇ ਕਾਗਜ਼ ਲਿਖਿਆ ਸੀ ਖੋਲ੍ਹਿਆ- 'ਫੁੱਲ ਤੋੜਨੇ ਵਰਜਿਤ ਹਨ’ ਤੇ ‘ਫੁੱਲਾਂ ਦੇ ਰਾਖਿਆਂ ਦਾ ਫੁੱਲਾਂ ਵਰਗਾ ਮਨ ਹੋਣਾ ਚਾਹੀਦਾ ਹੈ।' ਫੁੱਲਾਂ ਦੇ ਰਾਖਿਆਂ ਦਾ ਫੁੱਲ ਵਰਗਾ ਮਨ ਹੋਣਾ ਚਾਹੀਦਾ ਹੈ। ਜਵਾਬ ਉਸ ਦਾ ਮੇਰੇ ਜਜ਼ਬੇ ਨੂੰ ਵੰਗਾਰ ਗਿਆ। ਮੈਂ ਆਪਣੀ ਤੰਗ ਦਿਲੀ ’ਤੇ ਲਾਹਨਤਾਂ ਪਾਈਆਂ। ਦੋ ਫ਼ਿਕਰੇ ਮੇਰੇ ਦਿਮਾਗ ਵਿੱਚ ਇੰਜਣ ਦੇ ਪਿਸਟਨਾਂ ਵਾਂਗ ਨਿਕਲ ਵੜ ਰਹੇ ਸਨ-ਦੋ ਫ਼ਿਕਰੇ ਜਿਹੜੇ ਇੱਕ ਦੂਜੇ ਦੀ ਆਤਮਾ ਨੂੰ ਕੱਟ ਰਹੇ ਸਨ। ਥਾਂ ਦੀ ਥਾਂ ਮੈਂ ਖੜ੍ਹਾ ਹੀ ਰਿਹਾ।ਉਸ ਥਾਂ ਤੋਂ ਮੈਨੂੰ ਪੈਰ ਪੁੱਟਣਾ ਮੁਸ਼ਕਲ ਹੋ ਗਿਆ। ਚਾਹੁੰਦਾ ਸਾਂ ਕਿ ਜੇ ਉਹ ਹੁਣ ਆਪਣੀ ਕੋਠੀ ਵਿੱਚ ਬਾਹਰ ਮੂੰਹ ਕੱਢੇ ਤਾਂ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਸੱਦ ਲਵਾਂ ਤੇ ਲੱਖ ਲੱਖ ਮਾਫ਼ੀਆਂ ਮੰਗਾਂ। ਰੱਜ ਕੇ ਗੱਲਾਂ ਕਰਾਂ।

ਤਿੰਨ ਚਾਰ ਦਿਨ ਮੈਂ ਉਵੇਂ ਜਿਵੇਂ ਮਾਲੀ ਦੇ ਨਾਲ ਓਸੇ ਸਮੇਂ ਕੰਮ ਤਾਂ ਕਰਵਾਉਂਦਾ ਰਿਹਾ, ਪਰ ਚੁੱਪ ਰਿਹਾ। ਉਸ ਕੁੜੀ ਵੱਲ ਦੇਖ ਕੇ ਮੈਨੂੰ ਮਹਿਸੂਸ ਹੁੰਦਾ, ਜਿਵੇਂ ਉਹ ਜਿੱਤ ਗਈ ਹੈ। ਉਹ ਓਸੇ ਤਰ੍ਹਾਂ ਆਉਂਦੀ ਤੇ ਫੁੱਲ ਤੋੜ ਕੇ ਲੈ ਜਾਂਦੀ। ਇੱਕ ਦਿਨ ਮੇਰੇ ਅੰਦਰੋਂ ਕੋਈ ਪਾਗਲ ਉੱਠ ਖੜੋਤਾ। ਉਸ ਦੇ ਆਉਣ ਤੋਂ ਪਹਿਲਾਂ ਹੀ ਮੈਂ ਫੁੱਲਾਂ ਦਾ ਬੁੱਕ ਤੋੜ ਲਿਆ। ਜਦ ਉਹ ਆਈ, ਕੰਬਦੇ ਹੱਥਾਂ ਤੇ ਸ਼ਰਮ ਹੋਏ ਦਿਲ ਨਾਲ ਫੁੱਲ ਉਸ ਦੀ ਭੇਟ ਕਰ ਦਿੱਤੇ।‘ਸ਼ੁਕਰੀਆ’ ਕਹਿ ਕੇ ਉਹ ਚਲੀ ਗਈ। ਮੇਰੀ ਲੱਜਿਆ ਕੰਬਣ ਲੱਗ ਪਈ। ਉਸ ਦਿਨ ਸਾਰਾ ਦਿਨ ਮੈਂ ‘ਸ਼ੁਕਰੀਆਂ' ਦੇ ਬੋਲਾਂ ਵਿੱਚ ਮੁਗਧ ਰਿਹਾ। ਚਾਹ ਪੀਤੀ, ਪਿਆਲੀ ਦੇ ਬੁੱਲ੍ਹਾ ਨਾਲ ‘ਸ਼ੁਕਰੀਏ' ਦੀ ਸੁਗੰਧ ਆਉਂਦੀ ਸੀ। ਸੁੱਤਾ ਤਾਂ ‘ਸ਼ੁਕਰੀਏ’ ਨੂੰ ਜੇਬ੍ਹ ਵਿੱਚ ਪਾ ਕੇ, ਸਵੇਰੇ ਉੱਠਿਆ ਤਾਂ ਸ਼ੁਕਰੀਆ ਸਾਹਮਣੇ ਮੇਜ਼ 'ਤੇ ਆ ਬੈਠ ਗਿਆ।

ਪਰਮਿੰਦਰ ਵਿਕਟੋਰੀਆਂ ਕਾਲਜ ਵਿੱਚ ਪੜ੍ਹਦੀ ਸੀ। ਭਾਵੇਂ ਉਸ ਕੋਲ ਸਾਈਕਲ ਸੀ, ਪਰ ਉਹ ਕਈ ਵਾਰ ਮੇਰੇ ਨਾਲ 'ਫੂਲ’ ਥੀਏਟਰ ਵਾਲੇ ਚੌਕ ਤੱਕ ਤੁਰਕੇ ਕਾਲਜ ਨੂੰ ਜਾਂਦੀ। ਰਸਤੇ ਵਿੱਚ ਸਧਾਰਨ ਗੱਲਾਂ ਹੁੰਦੀਆਂ ਰਹਿੰਦੀਆਂ। ਅਸੀਂ ਪੜ੍ਹਾਈ ਬਾਰੇ ਗੱਲਾਂ ਕਰਦੇ।ਆਪਣੇ ਆਪਣੇ ਮਜ਼ਮੂਨਾਂ ਦੇ ਪ੍ਰੋਫ਼ੈਸਰਾਂ ਦੀ ਨੋਕਾ ਟੋਕੀ ਹੁੰਦੀ। ਕਈ ਵਾਰ ਉਹ ਆਪਣੀਆਂ ਸਹੇਲੀਆਂ ਦੀ ਕੋਈ ਨਾ ਕੋਈ ਗੱਲ ਵੀ ਛੇੜ ਲੈਂਦੀ। ਹੌਲੀ-ਹੌਲੀ ਸਾਡੀ ਖੁਲ੍ਹ ਵਧਦੀ ਗਈ। ਮੈਂ ਮਹਿੰਦਰਾ ਕਾਲਜ ਵਿੱਚ ਪੜ੍ਹਦਾ ਸੀ। ਕਾਲਜ ਜਾਣ ਵੇਲੇ ਸਵੇਰੇ ਹੀ ਬੱਸ ਅਸੀਂ ਮਿਲ ਲੈਂਦੇ ਸਾਂ। ਨਾ ਕਦੇ ਉਹ ਸਾਡੀ ਕੋਠੀ ਆਈ ਤੇ ਨਾ ਮੈਂ ਕਦੇ ਉਨ੍ਹਾਂ ਦੀ ਕੋਠੀ ਗਿਆ ਸਾਂ।

ਗੱਲਾਂ ਉਸ ਦੀਆਂ ਮੁੱਕਣ ਵਿੱਚ ਹੀ ਨਹੀਂ ਸੀ ਆਉਂਦੀਆਂ ਹੁੰਦੀਆਂ। ਮੈਂ ਘੱਟ ਬੋਲਦਾ ਸਾਂ, ਉਹ ਤਾਂ ਚੱਕੀ ਝੋਈਂ ਰੱਖਦੀ। ਕਿਸੇ ਕਿਸੇ ਦਿਨ ਅਸੀਂ ਬਾਰਾਂਦਰੀ ਬਾਗ ਵਿੱਚ ਸ਼ਾਮ ਨੂੰ ਮਿਲਣ ਦਾ ਪ੍ਰੋਗਰਾਮ ਵੀ ਬਣਾ ਲੈਂਦੇ। ਬਾਰਾਂਦਰੀ ਦੇ ਘਾ-ਫ਼ਰਸ਼ਾ 'ਤੇ ਗੱਲਾਂ ਕਰਦਿਆਂ ਕਈ ਵਾਰ ਸਾਨੂੰ ਸੂਰਜ ਦੀ ਡੁੱਬ ਜਾਂਦਾ। ਇੱਕ ਦਿਨ ਪਰਮਿੰਦਰ ਨੇ ਫ਼ੈਸਲਾ ਕਰ ਦਿੱਤਾ ਕਿ ਅਸੀਂ ਹਰ ਐਤਵਾਰ ਦੀ ਦੁਪਹਿਰ ਬਾਰਾਂਦਰੀ ਵਿੱਚ ਮਿਲਿਆ ਕਰਾਂਗੇ। ਹੁਣ ਕਾਲਜ ਜਾਂਦਿਆਂ ਸਵੇਰੇ ਉਹ ਘੱਟ ਮਿਲਦੀ ਸੀ। ਮੈਂ ਪੈਰੀਂ ਤੁਰਕੇ ਜਾਂਦਾ ਹੁੰਦਾ ਤੇ ਉਹ ਪਤਾ ਨਹੀਂ ਕਿਹੜੇ ਵੇਲੇ ਸਾਈਕਲ 'ਤੇ ਕੋਠਿਓਂ ਨਿਕਲ ਜਾਂਦੀ ਸੀ। ਐਤਵਾਰ ਦੀ ਦੁਪਹਿਰ ਬਾਰਾਂਦਰੀ ਦੇ ਘਾ-ਫ਼ਰਸ਼ਾਂ 'ਤੇ ਮੈਨੂੰ ਉਹ ਜ਼ਰੂਰ ਮਿਲਦੀ। ਮੈਂ ਕੋਈ ਕੋਈ ਗੱਲ ਕਰਦਾ ਤੇ ਘਾਊਂ ਮਾਊਂ ਜਿਹਾ ਬਣ ਕੇ ਰਹਿੰਦਾ, ਪਰ ਉਹ ਤਾਂ ਕਈ ਵਾਰ ਆਪਣਾ ਜਿਗਰ ਪਾੜ ਕੇ ਮੇਰੇ ਸਾਹਮਣੇ ਰੱਖ ਦਿੰਦੀ।

ਇੱਕ ਐਤਵਾਰ ਉਹ ਮੈਨੂੰ ਪੁੱਛਣ ਲੱਗੀ- ‘ਤੇਰੇ ਬਾਪੂ ਜੀ ਤੈਨੂੰ ਕਿੰਨਾ ਕੁ ਪੜ੍ਹੋਣਗੇ?' ਮੈਂ ਬਿੰਦ ਹੀ ਬਿੰਦ ਚੁੱਪ ਕਰ ਰਿਹਾ। ਆਪਣੇ ਮੂੰਹ ਵਿਚਲੇ ਫੋਕੇ ਬੁੱਕ ਦੀ ਘੁੱਟ ਅੰਦਰ ਲੰਘਾ ਕੇ ਫੇਰ ਮੈਂ ਉਸ ਨੂੰ ਜਵਾਬ ਦਿੱਤਾ- 'ਬਾਪੂ ਜੀ ਦਾ ਇਸ ਵਿੱਚ ਕੀਹ ਐ। ਪੜ੍ਹਾਈ ਤਾਂ ਮੈਂ ਕਰਨੀ ਐ।ਜਿੰਨੀ ਮਰਜ਼ੀ ਕਰ ਲਵਾਂ।’ਤੇ ਫੇਰ ਉਸ ਨੇ ਆਪਣੇ ਅੰਦਰਲੀ ਭਾਵਨਾ ਕੱਢ ਕੇ ਮੇਰੇ ਸਾਹਮਣੇ ਰੱਖੀ-'ਪੜਾਈ ਮੁਕਾ ਕੇ ਆਪਾਂ ਜੀਵਨ ਦੇ ਰਾਹ ਸਾਂਝੇ ਕਰ ਲਈਏ।’ ਤੇ ਹੋਰ ਵੀ ਉਸ ਨੇ ਕਈ ਗੱਲਾਂ ਕੀਤੀਆਂ। ਮੈਂ ਉਸ ਦੀ ਹਰ ਤਮੰਨਾ 'ਤੇ ਫੁੱਲ ਚੜ੍ਹਾਉਂਦਾ ਰਿਹਾ। ਸੋਚਦਾ ਸਾਂ, ਪਰਮਿੰਦਰ ਕਿੰਨੀ ਚੰਗੀ ਹੈ। ਮੇਰੀਆਂ ਅੱਖਾਂ ਕੋਲੋਂ ਸੁਪਨੇ ਸਾਂਭੇ ਨਹੀਂ ਸੀ ਜਾਂਦੇ। ਭਵਿੱਖ ਦੀ ਰੰਗੀਨੀ ਨੇ ਮੇਰੇ ਅੰਦਰ ਕੁਦਰਤੀ ਕੀਤੀ। ਪਰਮਿੰਦਰ ਦੇ ਅੰਦਰ ਮੈਨੂੰ ਦੁਨੀਆ ਦੀ ਬਾਦਸ਼ਾਹੀ ਸਿਮਟ ਗਈ ਲੱਗਦੀ ਸੀ। ਪਰਮਿੰਦਰ ਮੇਰੀ ਸੀ। ਐਤਵਾਰ ਦਾ ਦਿਨ ਸੀ।‘ਪੋਇਟਰੀ' ਦੀ ਕਿਤਾਬ ਲੈ ਕੇ ਮੈਂ ਬਾਰਾਂਦਰੀ ਪਹੁੰਚ ਗਿਆ। ਬਾਰਾਂਦਰੀ ਦੀ ਚੌੜ੍ਹੀ ਹਿੱਕ 'ਤੇ ਮਖ਼ਮਲ ਵਿਛੀ ਪਈ ਸੀ। ਪਰਮਿੰਦਰ ਪਹਿਲਾਂ ਹੀ ਕਦੇ ਦੀ ਬੈਠੀ ਮੈਨੂੰ ਉਡੀਕ ਰਹੀ ਸੀ। ਉਸ ਨੇ ਮੇਰੇ ਨਾਲ ਮੁਸਕਾਣ ਸਾਂਝੀ ਕੀਤੀ ਤੇ ਮੈਂ ਉਸ ਦੇ ਕੋਲ ਹੋ ਕੇ ਬੈਠ ਗਿਆ। ਉਸ ਨੇ ਸਹਿਜੇ ਹੀ ਮੇਰੇ ਹੱਥੋਂ ਕਿਤਾਬ ਫੜ ਲਈ ਤੇ ਉਸ 'ਤੇ ਆਪਣੇ ਹਰੀ ਸਿਆਹੀ ਵਾਲੇ ਪੈੱਨ ਨਾਲ ਅੰਗਰੇਜੀ ਦੇ ਮੋਟੇ ਮੋਟੇ ਅੱਖਰਾਂ ਵਿੱਚ ਮੇਰਾ ਨਾਉਂ ਲਿਖ ਦਿੱਤਾ ਤੇ ਫੇਰ ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਸ ਨੇ ਮੇਰੇ ਨਾਉਂ ਦੇ ਥੱਲੇ ਲਿਖ ਦਿੱਤਾ- ‘ਸਨ ਔਫ਼ ਸ: ਭਗਵਾਨ ਸਿੰਘ।’ ਮੇਰੇ ਢਿੱਡ ਨੂੰ ਜਿਵੇਂ ਕਿਸੇ ਨੇ ਸੇਲੇ ਦੀ ਨੋਕ ਸਿੰਨ੍ਹ ਲਈ ਹੋਵੇ। ਮੈਂ ਸੋਚਾਂ ਵਿੱਚ ਪੈ ਗਿਆ। ਮੇਰੇ ਮਨ ਵਿੱਚ ਪੱਕਾ ਯਕੀਨ ਹੋ ਗਿਆ ਕਿ ਇਹ ਤਾਂ ਮੈਨੂੰ ਸ: ਭਗਵਾਨ ਸਿੰਘ ਦਾ ਲੜਕਾ ਹੀ ਸਮਝਦੀ ਹੈ। ਕਿੰਨੀ ਭੁਲੇਖੇ ਵਾਲੀ ਗੱਲ ਸੀ।ਉਂਝ ਮੇਰੇ ਰੰਗ ਵਰਗਾ ਹੀ ਸ: ਭਗਵਾਨ ਸਿੰਘ ਦਾ ਰੰਗ ਸੀ। ਉਹੋ ਜਿਹੀਆਂ ਅੱਖਾਂ, ਉਹੋ ਜਿਹਾ ਨੱਕ ਤੇ ਡੀਲ ਡੋਲ ਸਾਰੀ ਉਹ ਦੇ ਵਰਗੀ ਆਪਣੇ ਮਨ ਵਿੱਚ ਸਾਰੀ ਗੱਲ ’ਤੇ ਪੱਲਾ ਦੇ ਕੇ ਮੈਂ ਸਾਧਾਰਨ ਜਿਹੀਆਂ ਗੱਲਾਂ ਉਸ ਨਾਲ ਛੇੜੀਆਂ ਹੀ ਸਨ ਕਿ ਕਿਸੇ ਨੇ ਮੇਰਾ ਨਾਉਂ ਲੈ ਕੇ ਹਾਕ ਮਾਰੀ। ਹਰਭਜਨ ਮੇਰਾ ਇੱਕ ਜਮਾਤੀ ਮੁੰਡਾ ਸੜਕ 'ਤੇ ਖੜਾ ਸੀ। 'ਪੋਇਟਰੀ' ਦੀ ਕਿਤਾਬ ਪਰਮਿੰਦਰ ਕੋਲ ਹੀ ਛੱਡ ਕੇ ਮੈਂ ਉਸ ਦੀ ਗੱਲ ਸੁਣਨ ਚਲਾ ਗਿਆ।

‘ਮਖਿਆ ਇਹ ਇਕਨਾਮਿਕ ਯਾਦ ਹੁੰਦੀ ਹੈ?' ਹਰਭਜਨ ਨੇ ਗੁੱਝੀ ਮਸ਼ਕਰੀ ਕੀਤੀ। ‘ਕੌਣ ਐ ਇਹ?' ਆਪਣੇ ਕਾਲਜ ਦੀ ਤਾਂ ਨੀ ਲੱਗਦੀ।' ਪਰਮਿੰਦਰ ਬਾਰੇ ਉਹ ਇਕਦਮ ਜਾਨਣਾ ਚਾਹੁੰਦਾ ਸੀ।

‘ਵਿਕਟੋਰੀਆਂ 'ਚ ਪੜ੍ਹਦੀ ਐ। ਗਵਾਂਢਣ ਐ ਸਾਡੀ।' ਮੈਂ ਉਸ ਦੀ ਤਸੱਲੀ ਕਰਾ ਦਿੱਤੀ। ਇੱਕ ਅੱਧੀ ਹੋਰ ਹੁੱਜ ਮਾਰ ਕੇ ਉਸ ਨੇ ਦੱਸਿਆ- 'ਅਸੀਂ ਇੱਕ ਕਵੀ ਦਰਬਾਰ ਕਰਨ ਬਾਰੇ ਵਿਚਾਰ ਕਰਨੀ ਐ। ਹਰਭਜਨ ਕਾਲਜ ਦੀ ਪੰਜਾਬੀ ਸਭਾ ਦਾ ਸੈਕਟਰੀ ਸੀ। ਕਵੀ ਦਰਬਾਰ ਦੀ ਰੂਪ ਰੇਖਾ ਬਾਰੇ ਉਹ ਕਾਫ਼ੀ ਗੱਲਾਂ ਕਰਦਾ ਰਿਹਾ ਤੇ ਸ਼ਾਮ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਤਾੜਨਾ ਕਰਕੇ ਚਲਿਆ ਗਿਆ।

ਪਰਮਿੰਦਰ ਕੋਲ ਜਦ ਮੈਂ ਵਾਪਸ ਆਇਆ, ਉਸ ਦੀਆਂ ਅੱਖਾਂ ਗਿੱਲੀਆਂ ਤੇ ਮੱਥਾ ਚੜ੍ਹਿਆ ਹੋਇਆ ਸੀ। ਉਸ ਨੇ ਉੱਥੇ ਮੇਰੇ ਕੋਲ ਬਹੁਤਾ ਚਿਰ ਹੋਰ ਨਾਂ ਬੈਠਣ ਦੀ ਮਜਬੂਰੀ ਦੱਸੀ। ਕਹਿੰਦੀ- 'ਅੱਜ ਮੈਨੂੰ ਸਖ਼ਤ ਸਿਰ ਦਰਦ ਹੁੰਦੀ ਐ। ਮੱਥਾ ਪਾਟ ਪਾਟ ਜਾਂਦਾ। ਮੈਂ ਘਰ ਚੱਲੀ ਆਂ।'

'ਅਗਲੇ ਐਤਵਾਰ ਫੇਰ?' ਇਕਦਮ ਮੇਰੇ ਮੂੰਹੋਂ ਨਿਕਲ ਗਿਆ।

‘ਸ਼ਾਇਦ' ਕਹਿ ਕੇ ਉਹ ਮੇਰੇ ਵੇਖਦੇ ਵੇਖਦੇ ਉੱਠ ਕੇ ਚਲੀ ਗਈ। ਮੈਂ ਹੈਰਾਨ ਸਾਂ ਕਿ ਉਸ ਵਿੱਚ ਇਕਦਮ ਐਨੀ ਬੇਰੁਖ਼ੀ ਕਿਵੇਂ ਆ ਗਈ। ਸ਼ਾਇਦ ਸਿਰ ਬਹੁਤਾ ਹੀ ਦੁਖਦਾ ਹੋਵੇ, ਪਰ ਇਕਦਮ ਸਿਰਦਰਦ ਕਿਵੇਂ ਸ਼ੁਰੂ ਹੋ ਗਿਆ। ਹੋਰ ਕੋਈ ਖ਼ਾਸ ਕਾਰਨ ਵੀ ਨਹੀਂ। ਇਉਂ ਤਾਂ ਉਸ ਨੇ ਕਦੇ ਵੀ ਨਹੀਂ ਸੀ ਕੀਤਾ। ਜੀਅ ਕਰਦਾ ਸੀ ਕਿ ਉਸ ਦੇ ਮਗਰ ਮਗਰ ਭੱਜ ਕੇ ਜਾਵਾਂ ਤੇ ਕਾਰਨ ਪੁੱਛਾਂ, ਪਰ ਮੈਂ ਦਿਲ ਜਿਹਾ ਢਾਹ ਕੇ ਥਾਂ ਦੀ ਥਾਂ ਬੈਠਾ ਰਿਹਾ ਤੇ ਫਿਰ ਬੈਠੇ ਬੈਠੇ ਨੇ ਕਿਤਾਬ ਦੇ ਵਰਕੇ ਉਥੱਲਣੇ ਸ਼ੁਰੂ ਕਰ ਦਿੱਤੇ। ਕਿਤਾਬ ਵਿੱਚ ਇੱਕ ਪੋਸਟ ਕਾਰਡ ਪਿਆ ਸੀ। ਇਹ ਕੱਲ੍ਹ ਹੀ ਪਿੰਡੋਂ ਆਇਆ ਸੀ ਤੇ ਮੈਂ ਇਸ ਨੂੰ ਇਸ ਕਿਤਾਬ ਵਿੱਚ ਰੱਖ ਕੇ ਭੁੱਲ ਗਿਆ ਸਾਂ ਤੇ ਅੱਜ ਏਵੇਂ ਜਿਵੇਂ ਇਹ ਕਿਤਾਬ ਬਾਰਾਂਦਰੀ ਵਿੱਚ ਲੈ ਆਇਆ ਸਾਂ। ਇਕਦਮ ਮੇਰੇ ਦਿਮਾਗ 'ਤੇ ਸੱਟ ਜਿਹੀ ਵੱਜੀ। ਮੇਰੀ ਸੋਚ ਧੁੰਦ ਹੁੰਦੀ ਜਾ ਰਹੀ ਸੀ।ਕਾਰਡ ਨੂੰ ਮੈਂ ਪੜ੍ਹਣਾ ਦੁਬਾਰਾ ਸ਼ੁਰੂ ਕੀਤਾ। ਲਿਖਿਆ ਸੀ- 'ਪਿਆਰੇ ਪੁੱਤਰ ਗੁਰਦੇਵ, ਚਿੱਠੀ ਤੇਰੀ ਮਿਲੀ। ਪੜ੍ਹ ਕੇ ਹਾਲ ਮਲੂਮ ਕੀਤਾ। ਗੱਲ ਇਹ ਹੈ ਕਿ ਐਤਕੀ ਕਪਾਹ ਨੂੰ ਠੂਠੀ ਲੱਗ ਪਈ ਸੀ ਤੇ ਪਿੱਛੋਂ ਜਿਹੇ ਬਹੁਤੇ ਮੀਂਹ ਨੇ ਕਪਾਹਾਂ ਉਂ ਵੀ ਬਰਬਾਦ ਕਰ ਦਿੱਤੀਆਂ ਸਨ, ਜਿਸ ਕਰਕੇ ਸਿਆਲੋ ਸਿਆਲ ਹੁਣ ਤਾਂ ਭਾਈ ਕੁੜਾਪਾ ਹੀ ਕੱਟਣਾ ਪਊ।ਵੀਹੀ ਗਲੀ ਦਾ ਦੇਣ ਹੀ ਨਹੀਂ ਮੁੱਕਦਾ। ਤੂੰ ਸਾਈਕਲ ਭਾਲਦਾ ਹੈ।ਗਾਹਾਂ ਨੂੰ ਕਣਕ ਚੰਗੀ ਹੋ ਗਈ ਤਾਂ ਸਾਈਕਲ ਵੀ ਲੈ ਦਿਆਂਗੇ। ਹਾਲੇ ਤੂੰ ਪੈਰੀਂ ਤੁਰਕੇ ਹੀ ਭੀੜ ਸੰਘੀੜ ਕੱਟ ਲੈ। ਦੋ ਡੂਢ ਮੀਲ ਕੋਈ ਬਹੁਤੀ ਵਾਟ ਨਹੀਂ ਹੁੰਣੀ।ਆਪਣੀ ਰਾਜ਼ੀ ਖ਼ੁਸ਼ੀ ਦਾ ਪਤਾ ਦਿੰਦਾ ਰਿਹਾ ਕਰ। ਸ: ਭਗਵਾਨ ਸਿੰਘ ਨੂੰ ਮੇਰੀ ਫ਼ਤਹਿ ਆਖ ਦਈਂ।’ ਤੇ ਥੱਲੇ ਅਖ਼ੀਰ ਵਿੱਚ ਬਾਪੂ ਦਾ ਨਾਉਂ ਲਿਖਿਆ ਹੋਇਆ ਸੀ- 'ਸ਼ਿਵਦੱਤ ਸਿੰਘ’ ਚਿੱਠੀ ਪੜ੍ਹ ਕੇ ਮੈਂ ਫਿਰ ਕਿਤਾਬ ਵਿੱਚ ਰੱਖ ਲਈ। ਫੇਰ ਸੋਚਾਂ ਵਿੱਚ ਡੁੱਬ ਗਿਆ। ਦੂਰ ਅਸਮਾਨ ਵਿੱਚ ਸੂਰਜ ਨੇ ਇੱਕ ਬਦਲੀ ਆਪਣੇ ਸੀਨੇ ਤੋਂ ਪਰ੍ਹੇ ਛੱਡ ਦਿੱਤੀ ਸੀ। ਮੇਰੇ ਦਿਮਾਗ਼ ਦੀ ਧੁੰਦ ਚਿੱਟੇ ਚਾਨਣ ਵਿੱਚ ਵਟਦੀ ਮੈਨੂੰ ਮਹਿਸੂਸ ਹੋਈ। ਪਰਮਿੰਦਰ ਜਾ ਚੁੱਕੀ ਸੀ, ਪਰ ਜਿਸ ਥਾਂ 'ਤੇ ਬੈਠੀ ਸੀ, ਉਹ ਥਾਂ ’ਚੋਂ ਮੈਨੂੰ ਇੱਕ ਸੇਕ ਮਾਰਨ ਲੱਗ ਪਿਆ।ਕਿੰਨਾ ਲਾਲਚ ਸੀ, ਉਸ ਵਿੱਚ।ਐਤਵਾਰਾਂ ਦੀਆਂ ਬੀਤੀਆਂ ਦੁਪਹਿਰਾਂ ਇੱਕ ਇੱਕ ਕਰਕੇ ਮੇਰੇ ਸਾਹਮਣੇ ਆ ਖੜੋਤੀਆਂ। ਪਰਮਿੰਦਰ ਦੀ ਮੁਹੱਬਤ ਵਿੱਚ ਚਾਂਦੀ ਛਣਕਦੀ ਸੀ। ਕਾਰਡ ਉਸ ਨੇ ਜ਼ਰੂਰ ਪੜ੍ਹ ਲਿਆ ਹੋਵੇਗਾ।