ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਪਿੱਪਲ ਦੀ ਪਰਕਰਮਾ

ਵਿਕੀਸਰੋਤ ਤੋਂ
ਪਿੱਪਲ ਦੀ ਪਰਕਰਮਾ

ਪਿੰਡ ਦੇ ਲਹਿੰਦੇ ਪਾਸੇ ਇੱਕ ਬਹੁਤ ਵੱਡਾ ਆਵਾ ਹੈ। ਬਹੁਤ ਵੱਡਾ ਆਵਾ, ਜਿਵੇਂ ਹਿਮਾਲਾ ਦਾ ਕੋਈ ਪਹਾੜ ਕਿਸੇ ਨੇ ਖੁੱਗ ਕੇ ਲਿਆ ਧਰਿਆ ਹੋਵੇ। ਆਵੇ ਦੀ ਸੱਜੀ ਵੱਖੀ ਵਿੱਚ ਇੱਕ ਵੱਡਾ ਸਾਰਾ ਛੱਪੜ ਹੈ। ਛੱਪੜ ਦੇ ਵਿਚਾਲ ਦੀ ਮਿੱਟੀ ਪਾ ਕੇ ਲੋਕਾਂ ਨੇ ਗੱਡਾ ਲੰਘਣ ਜੋਗਾ ਉੱਚਾ ਉੱਚਾ ਰਾਹ ਬਣਾਇਆ ਹੋਇਆ ਹੈ। ਉਸ ਰਾਹੋ ਰਾਹ ਜਾ ਕੇ ਤੇ ਸਰਕੜੇ ਦੇ ਬੂਝਿਆਂ ਨਾਲ ਘਿਰੀ ਦੋ ਤਿੰਨ ਫਰਲਾਂਗ ਧਰਤੀ ਲੰਘ ਕੇ ਅੱਗੇ ਸੂਏ ਦਾ ਇੱਕ ਵੱਡਾ ਪੁਲ ਹੈ।ਉੱਚਾ ਸਾਰਾ ਵੱਡਾ ਪੁਲ। ਪੁਲ ਤੋਂ ਲਹਿੰਦੇ ਪਾਸੇ ਨੂੰ ਢਿਲਕ ਕੇ ਪਹੇ ਦੀ ਖੱਬੀ ਵੱਟ 'ਤੇ ਪਿੱਪਲ ਦਾ ਇੱਕ ਵੱਡਾ ਸਾਰਾ ਮੁੱਢ ਖੜ੍ਹਾ ਹੈ। ਇਕੱਲਾ ਕਾਰਾ ਮੁੱਢ ਜਿਵੇਂ ਮਲੇ ਝਾੜੀਆਂ ਦੀ ਧਰਤੀ ਵਿੱਚ ਕੋਈ ਬੁਰਾ ਝੋਟਾ ਸਿਰ ਸਿੱਟੀ ਬੈਠਾ ਹੋਵੇ।

ਜਦ ਉਹ ਪਿੱਪਲ ਸਾਬਤ ਖੜ੍ਹਾ ਸੀ ਤਾਂ ਕੁੱਕੜ ਬਾਂਗ ਦਿੱਤੀ ਤੋਂ ਵੱਡੇ ਤੜਕੇ ਉੱਠ ਕੇ ਇੱਕ ਕੁੜੀ ਨਿੱਚ ਉਸ ਦੀ ਪਰਕਰਮਾ ਕਰਕੇ ਜਾਂਦੀ ਹੁੰਦੀ।

ਆਪਣੀ ਮਾਂ ਦੀ ਉਹ ਇਕੱਲੀ ਧੀ ਸੀ। ਨਾ ਪਿਓ, ਨਾ ਕੋਈ ਭਰਾ।

ਤੜਕੇ ਜਦ ਉਹ ਉੱਠਦੀ, ਉਸ ਦੀ ਮਾਂ ਘੂਕ ਸੁੱਤੀ ਪਈ ਹੁੰਦੀ। ਉਸ ਦੀ ਮਾਂ ਨੂੰ ਪਤਾ ਸੀ ਕਿ ਕੁੜੀ ਨੂੰ ਮੂੰਹ ਹਨੇਰੇ ਬਾਹਰ ਜੰਗਲ ਪਾਣੀ ਜਾਣ ਦੀ ਆਦਤ ਹੈ।

ਉਹ ਤੜਕੇ ਤੜਕੇ ਉੱਠਦੀ। ਵੱਡੇ ਆਵੇ ਕੋਲ ਦੀ ਛੱਪੜ ਵਾਲਾ ਰਾਹ ਲੰਘ ਕੇ ਛੇਤੀ ਛੇਤੀ ਸੂਏ ਦੇ ਪੁਲ ’ਤੇ ਜਾ ਖੜਦੀ। ਤੇ ਫਿਰ ਚਾਰ ਚੁਫ਼ੇਰਾ ਦੇਖ ਕੇ ਪਿੱਪਲ ਦੀਆਂ ਜੜ੍ਹਾਂ ਵਿੱਚ ਜਾ ਬਹਿੰਦੀ। ਗੋਡਿਆਂ ਵਿੱਚ ਸਿਰ ਦੇ ਕੇ ਪਤਾ ਨਹੀਂ ਕੀ ਸੋਚਦੀ ਰਹਿੰਦੀ। ਫੇਰ ਉੱਠਦੀ ਤੇ ਪਿੱਪਲ ਦੇ ਕੂਲੇ ਕੂਲੇ ਪਿੰਡੇ ਨੂੰ ਟੋਂਹਦੀ ਤੇ ਉਸ ਦੇ ਉਦਾਲੇ ਇੱਕ ਗੇੜਾ ਦੇ ਕੇ ਚੁੱਪ ਚਾਪ ਘਰ ਨੂੰ ਮੁੜ ਜਾਂਦੀ।

ਉਸ ਦੀ ਮਾਂ ਕਦੇ ਕਦੇ ਫਿਕਰ ਕਰਦੀ ਕਿ ਕੁੜੀ ਮੁਟਿਆਰ ਹੈ। ਐਨੇ ਹਨੇਰੇਂ ਘਰੋਂ ਬਾਹਰ ਜਾਣਾ ਠੀਕ ਨਹੀਂ। ਉਹ ਗੱਲੀਂ ਗੱਲੀਂ ਉਸ ਨੂੰ ਸਮਝਾਉਂਦੀ ਕਿ ਭਾਈ ਦਿਨ ਚੜ੍ਹੇ ਬਾਹਰ ਜਾ ਆਇਆ ਕਰ। ਵਖ਼ਤ ਮਾੜੇ, ਪਰ ਕੁੜੀ ਇੱਕ ਨਾ ਜਾਣਦੀ।

ਕੁੜੀ ਉਹ ਪਟਿਆਲਿਓਂ ਬੀ. ਏ. ਦਾ ਇਮਤਿਹਾਨ ਦੇ ਕੇ ਆਈ ਸੀ ਤੇ ਨਤੀਜੇ ਨੂੰ ਉਡੀਕਦੀ ਸੀ।

ਜਦੋਂ ਉਹ ਬੀ. ਏ. ਵਿੱਚ ਪੜ੍ਹਦੀ ਹੁੰਦੀ ਤਾਂ ਮਗਰੋਂ ਉਸ ਦੀ ਮਾਂ ਕੋਲ, ਗਵਾਂਢ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਇੱਕ ਨੌਜਵਾਨ ਆਇਆ ਜਾਇਆ ਕਰਦਾ ਸੀ। ਉਸ ਦੀ ਮਾਂ ਨੌਜਵਾਨ ਨੂੰ ਪਿਆਰ ਕਰਨ ਲੱਗ ਪਈ ਸੀ। ਉਹ ਦੀ ਧੀ ਤੇ ਉਹ ਨੌਜਵਾਨ ਉਸ ਨੂੰ ਲੱਗਦੇ ਜਿਵੇਂ ਭੈਣ ਭਰਾ ਹੋਣ। ਉਹ ਕੋਲ ਕੋਲ ਬੈਠੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਜਿਵੇਂ ਉਸ ਨੂੰ ਗੁੱਡੇ ਗੁੱਡੀ ਤੋਂ ਵੱਧ ਕੁਝ ਨਾ ਲੱਗਦੇ।

ਮਹੀਨੇ ਵੀਹ ਦਿਨਾਂ ਵਿੱਚ ਹੀ ਸਾਰੇ ਮੁਹੱਲੇ ਵਿੱਚ ਚਰਚਾ ਸ਼ੁਰੂ ਹੋ ਗਈ। ਨੌਜਵਾਨ ਨੇ ਉਸ ਪਿੰਡ ਬੱਸ ਅੱਡੇ 'ਤੇ ਇੱਕ ਛੋਟੀ ਜਿਹੀ ਵਰਕਸ਼ਾਪ ਖੋਲ੍ਹੀ ਹੋਈ ਸੀ, ਜਿੱਥੇ ਹਰ ਕਿਸਮ ਦੇ ਟਰੈਕਟਰਾਂ ਦੀ ਮੁਰੰਮਤ ਕੀਤੀ ਜਾਂਦੀ। ਉਹ ਆਪ ਵੀ ਇੱਕ ਵਧੀਆ ਮਕੈਨਿਕ ਸੀ ਤੇ ਦੋ ਹੋਰ ਮਕੈਨਿਕ ਉਸ ਨੇ ਨੌਕਰੀ 'ਤੇ ਰੱਖੇ ਹੋਏ ਸਨ। ਮਹੱਲੇ ਦੇ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਜਾਂ ਕੀ ਜਾਤ ਦਾ ਹੈ। ਇਹ ਵੀ ਕਿਸੇ ਨੇ ਕਦੇ ਨਹੀਂ ਸੀ ਪੁੱਛਿਆ ਕਿ ਉਸ ਬੁੜ੍ਹੀ ਦੇ ਘਰ ਨਾਲ ਉਸ ਦਾ ਕੀ ਸਬੰਧ ਹੈ। ਉਹ ਮੂੰਹ ਹਨੇਰੇ ਹੀ ਤੜਕੇ ਘਰੋਂ ਉੱਠ ਕੇ ਜਾਂਦਾ ਤੇ ਰਾਤ ਪਈ ਤੋਂ ਮੁੜਦਾ। ਕਈ ਤੀਵੀਂਆਂ ਕਣੱਖੀਆਂ ਝਾਕ ਕੇ ਬੁੜ੍ਹੀ ਨੂੰ ਬੋਲੀ ਮਾਰਦੀਆਂ। ਕਈ ਤਿੱਖੇ ਮੁੰਡੇ ਉਸ ਨੌਜਵਾਨ ਨੂੰ ਟੋਕਾਂ ਲਾਉਂਦਾ। ਕਈ ਚਲਾਕ ਕੁੜੀਆਂ ਉਸ ਕੁੜੀ ਦੇ ਵਿੱਚ ਦੀ ਗੱਲਾਂ ਕੱਢਦੀਆਂ।

ਹਾਰ ਕੇ ਉਸ ਨੌਜਵਾਨ ਨੇ ਉਹ ਮਕਾਨ ਛੱਡ ਦਿੱਤਾ ਤੇ ਪਿੰਡ ਦੇ ਚੜ੍ਹਦੇ ਪਾਸੇ ਇੱਕ ਚੁਬਾਰਾ ਕਿਰਾਏ 'ਤੇ ਲੈ ਲਿਆ। ਪਰ ਉਹ ਹੁਣ ਵੀ ਕਦੇ ਕਦੇ ਉਸ ਬੁੜ੍ਹੀ ਦੇ ਘਰ ਚੱਕਰ ਮਾਰ ਜਾਂਦਾ।

ਹੁਣ ਉਹ ਕੁੜੀ ਵੱਡੇ ਤੜਕੇ ਉੱਠਦੀ ਸੀ। ਨੌਜਵਾਨ ਵੱਡੇ ਤੜਕੇ ਉੱਠਦਾ ਸੀ ਤੇ ਉਹ ਪਿੰਡ ਦੇ ਲਹਿੰਦੇ ਪਾਸੇ ਸੂਏ ਦੇ ਪੁਲ ਕੋਲ ਵੱਡੇ ਪਿੱਪਲ ਦੀ ਬੁੱਕਲ ਵਿੱਚ ਆ ਬੈਠਦੇ ਸਨ। ਗੱਲਾਂ ਪੁੱਛਦੇ ਸਨ ਤੇ ਗੱਲਾਂ ਦੱਸਦੇ ਹਨ। ਇੱਕਰਾਰ ਲੈਂਦੇ ਸਨ ਤੇ ਇਕਰਾਰ ਦਿੰਦੇ ਸਨ।

ਕਿਸੇ ਨੂੰ ਕਦੇ ਪਤਾ ਨਹੀਂ ਸੀ ਲੱਗਾ ਕਿ ਉਹ ਸੂਏ ਦੇ ਪੁਲ ਕੋਲ ਵੱਡੇ ਪਿੱਪਲ ਥੱਲੇ ਮਿਲਦੇ ਹਨ।

‘ਇਹ ਪਿੱਪਲ ਸਾਡੀ ਭਟਕਣ ਦਾ ਬਿੰਦੂ ਕਦ ਕੁ ਤੱਕ ਬਣਿਆ ਰਹੂ?'ਕੁੜੀ ਨੇ ਇੱਕ ਦਿਨ ਪੁੱਛਿਆ।

‘ਭਟਕਣ ਦਾ ਬਿੰਦੂ ਤਾਂ ਇੱਕ ਦਿਨ ਮਨ ਦੀ ਅੰਦਰਲੀ ਕੋਠੀ ਵਿੱਚ ਈ ਰੱਖਣਾ ਪਊ।' ਨੌਜਵਾਨ ਨੇ ਆਖ਼ਰ ਦੀ ਗੱਲ ਸੁਣਾ ਦਿੱਤੀ।

‘ਸੁਲੱਖਣਾ, ਆਪਾਂ ਜੇ ਸਦਾ ਵਾਸਤੇ 'ਕੱਠੇ ਹੋ ਜੀਏ?' ਕੁੜੀ ਨੇ ਤਰਲਾ ਕੀਤਾ।

ਤੂੰ ਮਾਂ ਨੂੰ ਮਨਾਂ ਲੈ ਨਿੰਦੀਏ। ਤੇਰੀ ਖ਼ਾਤਰ ਮੈਂ ਤਾਂ ਸਭ ਕੁਝ ਤਿਆਗ ਦੂੰ।' ਨੌਜਵਾਨ ਨੇ ਪੂਰਾ ਧਰਵਾਸ ਦਿੱਤਾ।

ਤੇ ਫੇਰ ਉਹ ਉਸ ਦਿਨ ਹੋਰ ਖ਼ਾਸਾ ਚਿਰ ਪਿੱਪਲ ਦੀ ਢੂਹ ਲਾ ਕੇ ਬੈਠੇ ਰਹੇ। ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਚੁੱਪ ਹੋ ਗਏ ਤੇ ਖ਼ਾਸਾ ਚਿਰ ਚੁੱਪ ਬੈਠੇ ਰਹੇ।

ਪੂਰਬ ਵਿੱਚ ਸੂਰਜ ਦਾ ਉਭਾਰ ਪ੍ਰਤੱਖ ਹੋਣ ਵਾਲਾ ਸੀ। ਠੰਡੀ ਠੰਡੀ ਹਵਾ ਮਨ ਵਿੱਚ ਤਰੰਗਾਂ ਛੇੜ ਰਹੀ ਸੀ। ਪਿੱਪਲ ਦਾ ਬਹੁਤ ਵੱਡਾ ਆਕਾਰ ਕਿਸੇ ਰੇਲਵੇ ਸਟੇਸ਼ਨ ਦੇ ਵੱਡੇ ਮੁਸਾਫ਼ਰਖ਼ਾਨੇ ਵਾਂਗ ਧਰਤੀ 'ਤੇ ਰੁਕਿਆ ਹੋਇਆ ਸੀ। ਕਦੇ ਕਦੇ ਕੋਈ ਟਾਹਣਾ ਹਿੱਲਦਾ ਤੇ ਪੱਤੇ ਖੜਕਦੇ ਤੇ ਤੋਤੇ ਵਾਹਟੀਆਂ ਕੁਤਰ ਕੁਤਰ ਥੱਲੇ ਪਾਗਲਾਂ ਵਾਂਗ ਸਿੱਟ ਰਹੇ ਸਨ। ਨਿੰਦੀ ਨੇ ਧਰਤੀ 'ਤੋਂ ਇੱਕ ਡੀਹਟੀ ਚੁੱਕੀ ਤੇ ਪਿੱਪਲ ਦੇ ਕੂਲੇ ਕੂਲੇ ਪਿੰਡੇ ਵਿੱਚ 'ਸੱਸਾ' ਅੱਖਰ ਖੋਦ ਦਿੱਤਾ। ਸੁਲੱਖਣ ਨੇ ਨਿੰਦੀ ਦੇ ਹੱਥੋਂ ਉਹੀ ਡੀਹਟੀ ਫੜ ਕੇ ‘ਸੱਸੇ' ਦੇ ਮੂਹਰੇ ‘ਨੰਨਾ' ਉੱਕਰ ਦਿੱਤਾ। ਦਿਨ ਚੜ੍ਹਨ ਵਾਲਾ ਸੀ ਤੇ ਫੇਰ ਉਹ ਆਪੋ ਆਪਣੇ ਘਰਾਂ ਨੂੰ ਪਰਛਾਵਿਆਂ ਵਾਂਗ ਤੁਰ ਗਏ।

ਦੂਜੇ ਦਿਨ ਸੁਲੱਖਣ ਵਰਕਸ਼ਾਪ ਦਾ ਸਾਰਾ ਛਿੱਛ ਪੱਤ ਇੱਕ ਟਰਾਲੀ ਵਿੱਚ ਲੱਦ ਕੇ ਆਪਣੇ ਪਿੰਡ ਨੂੰ ਲੈ ਗਿਆ। ਉਸ ਵਰਕਸ਼ਾਪ ਨੇ ਉਹ ਨੂੰ ਵਫ਼ਾ ਨਹੀਂ ਸੀ ਕੀਤਾ। ਉਸ ਦੀ ਸਲਾਹ ਹੋ ਗਈ ਸੀ ਕਿ ਉਹ ਕਲਕੱਤੇ ਜਾ ਕੇ ਕਿਸੇ ਵੱਡੀ ਵਰਕਸ਼ਾਪ ਦੀ ਨੌਕਰੀ ਕਰ ਲਵੇ।

ਨਿੰਦੀ ਤੇ ਸੁਲੱਖਣ ਦੀ ਉਡਦੀ ਉਡਦੀ ਗੱਲ ਉਸ ਪਿੰਡ ਦੇ ਕਈ ਬੰਦਿਆਂ ਦੇ ਕੰਨ ਸਰੋਤ ਹੋ ਚੁੱਕੀ ਸੀ। ਇਸ ਲਈ ਉਹ ਸੰਗਦਾ ਤੇ ਡਰਦਾ ਹੁਣ ਕਦੇ ਵੀ ਉਸ ਪਿੰਡ ਨਹੀਂ ਸੀ ਗਿਆ।

ਨਿੰਦੀ ਦਾ ਨਤੀਜਾ ਨਿਕਲ ਗਿਆ ਸੀ ਤੇ ਉਹ ਬੀ. ਏ. ਵਿਚੋਂ ਪਾਸ ਹੋ ਗਈ ਸੀ।

ਡਿਗਰੀ ਲੈਣ ਜਦ ਉਹ ਪਟਿਆਲੇ ਗਈ ਤਾਂ ਸੁਲੱਖਣ ਵੀ ਕਿਤੋਂ ਨਾ ਕਿਤੋਂ ਸੂਹ ਲੈ ਕੇ ਓਥੇ ਧਮਕਿਆ। ਕਾਲਜ ਵਿੱਚ ਡਿਗਰੀ ਲੈ ਕੇ ਉਹ ਦੋਵੇਂ ਜਣੇ ਬੱਸ ਸਟੈਂਡ ਦੇ ਚੜ੍ਹਦੇ ਪਾਸੇ ਦੋ ਸੜਕਾਂ ਦੇ ਵਿਚਾਲੇ ਇੱਕ ਵੱਡੇ ਸਾਰੇ ਪੁਲ ਤੋਂ ਪਰ੍ਹਾਂ ਇੱਕ ਸਰੀਂਹ ਦੇ ਦਰਖ਼ਤ ਥੱਲੇ ਦੋ ਘੰਟੇ ਨਿੱਕੀਆਂ ਨਿੱਕੀਆਂ ਤੇ ਵਿਅਰਥ ਜਿਹੀਆਂ ਗੱਲਾਂ ਕਰਦੇ ਰਹੇ। ਅਖ਼ੀਰ ਵਿੱਚ ਸੁਲੱਖਣ ਨੇ ਨਿੰਦੀ ਨੂੰ ਦੱਸਿਆ ਕਿ ਕਲਕੱਤੇ ਉਸ ਦੀ ਨੌਕਰੀ ਦਾ ਪ੍ਰਬੰਧ ਬਣ ਗਿਆ ਹੈ ਤੇ ਉਹ ਪੰਦਰਾਂ ਵੀਹ ਦਿਨਾਂ ਵਿਚ ਹੀ ਪੰਜਾਬ ਨੂੰ ਛੱਡ ਰਿਹਾ ਹੈ। ਨਿੰਦੀ ਦਾ ਰੁੱਗ ਭਰ ਕੇ ਕਾਲਜਾ ਨਿਕਲ ਗਿਆ ਤੇ ਉਹ ਵੱਖੀਆਂ ਘੁੱਟ ਕੇ ਥਾਂ ਦੀ ਥਾਂ ਲੰਮਾ ਸਾਰਾ ਹਉਂਕਾ ਭਰ ਕੇ ਬੈਠ ਗਈ।

ਉਸ ਵੱਡੇ ਉੱਚੇ ਪੁਲ ਤੋਂ ਲੈ ਕੇ ਗੁਰਦੁਆਰੇ ਨੂੰ ਜਾਂਦੀ ਸੜਕ ਰੇਲਵੇਂ ਚੂੰਗੀ ਤੱਕੀ ਸੁਲੱਖਣ ਨੀਵੀਂ ਪਾਈ ਨੰਦੀ ਨਾਲ ਤੁਰਿਆ ਗਿਆ। ਦੁੱਖ ਨਿਵਾਰਨ ਤੋਂ ਅੱਗੇ ਤ੍ਰਿਪੜੀ ਵਿੱਚ ਨਿੰਦੀ ਨੇ ਆਪਣੀ ਕਿਸੇ ਸਹੇਲੀ ਦੇ ਘਰ ਜਾਣਾ ਸੀ। ਰੇਲਵੇ ਚੂੰਗੀ ਕੋਲ ਆ ਕੇ ਸੁਲੱਖਣ ਉਸ ਤੋਂ ਵਿਦਾ ਹੋਣ ਲੱਗਿਆ। ਨਿੰਦੀ ਕਹਿੰਦੀ- ‘ਗੁਰਦੁਆਰੇ ਤਾਈਂ ਹੋਰ ਚੱਲ ’ਤੇ ਸੁਲੱਖਣ ਚੁੱਪ ਚਾਪ ਗੁਰਦੁਆਰੇ ਤੱਕ ਨਿੰਦੀ ਦੇ ਨਾਲ ਨਾਲ ਹੋ ਤੁਰਿਆ। ਨਾ ਨਿੰਦੀ ਨੇ ਮੂੰਹੋਂ ਕੁਝ ਬੋਲਿਆ, ਨਾ ਸੁਲੱਖਣ ਨੇ। ਦੁੱਖ ਨਿਵਾਰਨ ਦੇ ਕੋਲ ਜਾ ਕੇ ਦੋਵਾਂ ਨੇ ਇੱਕ ਦੂਜੇ ਨੂੰ ਹੱਥ ਜੋੜੇ ਤੇ ਵਿਛੜ ਗਏ। ਬਿੰਦ ਦੀ ਬਿੰਦ ਦੋਵਾਂ ਦੀਆਂ ਅੱਖਾਂ ਇੱਕ ਦੂਜੇ ਵੱਲ ਗੱਡੀਆਂ ਰਹੀਆਂ।

ਪਿੰਡ ਆ ਕੇ ਨਿੰਦੀ ਬਹੁਤਾ ਕਰਕੇ ਘਰ ਹੀ ਰਹਿੰਦੀ। ਨਾ ਕੁਝ ਪੜ੍ਹਦੀ ਤੇ ਨਾ ਹੀ ਕੋਈ ਹੋਰ ਕੰਮ ਕਰਦੀ। ਬੀ. ਐੱਡ. ਵਿੱਚ ਦਾਖ਼ਲ ਹੋਣ ਦਾ ਖ਼ਿਆਲ ਵੀ ਉਸ ਨੇ ਛੱਡ ਦਿੱਤਾ। ਬੁੱਸਿਆ ਜਿਹਾ ਮੂੰਹ ਕਰਕੇ ਉਹ ਆਪਣੀ ਮਾਂ ਨੂੰ ਕਹਿੰਦੀ ਰਹਿੰਦੀ- 'ਮੈਨੂੰ ਭੁੱਖ ਨਹੀਂ ਲੱਗਦੀ। ਰੋਟੀ ਖਾਨੀ ਆਂ ਤਾਂ ਓਵੇਂ ਦੀ ਓਵੇਂ ਦਿਲ 'ਤੇ ਪਈ ਰਹਿੰਦੀ ਐ। ਸਿਰ ਨੂੰ ਘੁਮੇਰ ਆਉਂਦੀ ਐ।' ਨਿੰਦੀ ਹੁਣ ਵੀ ਵੱਡੇ ਤੜਕੇ ਉੱਠਦੀ ਸੀ।ਉਹਦੀ ਮਾਂ ਘੂਕ ਸੁੱਤੀ ਪਈ ਹੁੰਦੀ। ਉਹ ਪੋਲੇ ਪੋਲੇ ਪੈਰੀਂ ਆਵੇ ਕੋਲ ਦੀ ਛੱਪੜ ਵਾਲੇ ਰਾਹ ਨੂੰ ਲੰਘ ਕੇ ਸਰਕੜੇ ਦੇ ਬੂਝਿਆਂ ਵਿੱਚ ਦੀ ਸੂਏ ਦੇ ਵੱਡੇ ਪੁਲ 'ਤੇ ਜਾ ਖੜ੍ਹਦੀ। ਚਾਰ ਚੁਫ਼ੇਰਾ ਦੇਖ ਕੇ ਝੱਟ ਪਿੱਪਲ ਦੀਆਂ ਜੜਾਂ ਹੇਠ ਜਾ ਬੈਠਦੀ। ਗੋਡਿਆਂ ਵਿੱਚ ਸਿਰ ਥੁੰਨ ਕੇ ਬੈਠੀ ਰਹਿੰਦੀ। ਖੜੀ ਹੁੰਦੀ ਤੇ ਪਿੱਪਲ ਦੇ ਕੂਲੇ ਕੂਲੇ ਪਿੰਡੇ ਤੇ ‘ਸੱਸੇ’ ਨੂੰ ਉਂਗਲਾਂ ਦੇ ਪੋਟਿਆਂ ਨਾਲ ਟੋਹ ਟੋਹ ਦੇਖਦੀ। 'ਨੰਨਾ’ ਤੇ ‘ਸੱਸਾ’ ਦਿਨੋਂ ਦਿਨ ਡੂੰਘੇ ਹੁੰਦੇ ਜਾਂਦੇ ਸਨ ਤੇ ਚੌੜੇ ਹੁੰਦੇ ਜਾਂਦੇ, ਉਸ ਨੂੰ ਦਿਖਾਈ ਦਿੰਦੇ। ਨਿੰਦੀ ਨੂੰ ਮਹਿਸੂਸ ਹੁੰਦਾ, ਜਿਵੇਂ ਉਹ ਕਿਸੇ ਸੁਪਨੇ ਦੀ ਜ਼ਿੰਦਗੀ ਹੰਢਾ ਰਹੀ ਹੈ।

ਕਹਿੰਦਾ ਉਹ ਪਿੱਪਲ ਉਸ ਖੇਤ ਵਿੱਚ ਬੀਜੀ ਫ਼ਸਲ 'ਤੇ ਆਪਣੇ ਚੌੜੇ ਆਕਾਰ ਦਾ ਪਰਛਾਵਾ ਪਾ ਕੇ ਫ਼ਸਲ ਚੰਗੀ ਨਹੀਂ ਹੋਣ ਦਿੰਦਾ। ਖੇਤ ਦੇ ਮਾਲਕ ਨੇ ਇੱਕ ਦਿਨ ਦਸ ਦਿਹਾੜੀਏ ਇਕੱਠੇ ਕਰਕੇ ਪਿੱਪਲ ਵਢਵਾ ਦਿੱਤਾ। ਨਿੰਦੀ ਦੂਜੇ ਦਿਨ ਜਦ ਵੱਡੇ ਤੜਕੇ ਗਈ ਤਾਂ ਪਿੱਪਲ ਦਾ ਸਾਰਾ ਸੰਸਾਰ ਉੱਜੜਿਆ ਪਿਆ ਸੀ। ਉਹ ਨਿੰਮੋਝੂਣੀ ਹੋ ਕੇ ਮੁੱਢ ਕੋਲ ਬੈਠ ਗਈ। ਦੂਰ ਦੂਰ ਤੱਕ ਖਿੰਡੇ ਪਏ ਡਾਹਣਿਆਂ ਤੋਂ ਹੀ ਉਸ ਨੇ ਇੱਕ ਗੇੜਾ ਦਿੱਤਾ ਤੇ ਘਰ ਨੂੰ ਆ ਗਈ ਆਉਣ ਸਾਰ ਮੂਧੇ ਮੂੰਹ ਮੰਜੇ ਵਿੱਚ ਪੈ ਗਈ। ਮੁੜਕੇ ਉਹ ਕਦੇ ਕੱਟ ਵਾਲੀ ਥਾਂ 'ਤੇ ਨਾ ਗਈ। ਦਿਨੋ ਦਿਨ ਉਸ ਨੂੰ ਪਤਾ ਨਹੀਂ ਕੀ ਹੁੰਦਾ ਸੀ। ਲਾਲ ਗਾਜਰ ਵਰਗੇ ਰੰਗ 'ਤੇ ਜਿਵੇਂ ਕਿਸੇ ਨੇ ਵਸਾਰ ਧੂੜ ਦਿੱਤਾ ਸੀ। ਉਸ ਦੇ ਸਿਰ ਦੇ ਸੰਘਣੇ ਵਾਲ ਜਿਵੇਂ ਕਿਸੇ ਨੇ ਫੜ ਫੜ ਪੱਟ ਦਿੱਤੇ ਸਨ। ਉਸ ਦੀਆਂ ਅੱਖਾਂ ਜਿਵੇਂ ਉਨ੍ਹਾਂ ਵਿੱਚ ਕੁਝ ਵੀ ਨਹੀਂ ਹੁੰਦਾ।

ਉਹ ਦੀ ਮਾਂ ਅੰਤਾਂ ਦੀ ਝੁਰਦੀ ਤੇ ਕਹਿੰਦੀ ਹੁੰਦੀ ‘ਮੇਰੀ ਤਾਂ ਸੌ ਪੁੱਤਾਂ ਵਰਗੀ ਇੱਕੋ ਧੀ ਐ। ਜੇ ਕਿਤੇ ਇਹ ਉੱਠਦੀ ਬੈਠਦੀ ਹੋ ਜੇ! ਪਰ ਨਿੰਦੀ ਸਾਰਾ ਕੁਝ ਢਿੱਡ ਵਿੱਚ ਲੈ ਕੇ ਹੀ ਸਦਾ ਲਈ ਚੁੱਪ ਹੋ ਗਈ।