ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਉਸ ਦਾ ਬਾਪ

ਵਿਕੀਸਰੋਤ ਤੋਂ

ਉਸ ਦਾ ਬਾਪ


ਦੀਦਾਰ ਸਿੰਘ ਜਦ ਜੰਮਿਆ, ਉਹ ਦੀ ਮਾਂ ਪੇਕੀਂ ਸੀ। ਉਹ ਦੀ ਦਾਈ ਨੂੰ ਉਹ ਦੀ ਨਾਨੀ ਨੇ ਦੁੱਗਣੇ-ਤਿੱਗਣੇ ਪੈਸੇ ਦਿੱਤੇ। ਦੁੱਗਣਾ ਖਵਾਇਆ ਪਹਿਨਾਇਆ। ਦਾਈ ਨੇ ਉਹ ਦੀ ਨਾਨੀ ਦੇ ਵਰਜ ਦੇਣ ਅਨੁਸਾਰ ਕਿਸੇ ਬੁੜ੍ਹੀ ਜਾਂ ਬੰਦੇ ਕੋਲ ਕਿਸੇ ਗੱਲ ਦੀ ਕੋਈ ਭਾਫ਼ ਨਹੀਂ ਕੱਢੀ। ਉਸ ਦੀ ਮਾਂ ਕਦੇ ਵੀ ਉਸ ਨੂੰ ਲੈ ਕੇ ਬਾਹਰ ਨਹੀਂ ਨਿਕਲਦੀ ਸੀ। ਨਾ ਹੀ ਕਿਸੇ ਬੁੜ੍ਹੀ ਨੂੰ ਮੁੰਡਾ ਦੇਖਣ ਕਦੇ ਉਨ੍ਹਾਂ ਨੇ ਅੰਦਰ ਸਬ੍ਹਾਤ ਵਿੱਚ ਵੜਨ ਦਿੱਤਾ। ਉਹ ਤਾਂ ਸੁਹਣਾ ਹੀ ਬੜਾ ਸੀ। ਉਸ ਨੂੰ ਤਾਂ ਨਜ਼ਰ ਲੱਗ ਜਾਣ ਦਾ ਡਰ ਸੀ। ਦੋ ਮਹੀਨਿਆਂ ਦਾ ਜਦ ਹੋਇਆ, ਉਸ ਦੀ ਮਾਂ ਸਹੁਰੇ ਘਰ ਆ ਗਈ। ਉਸ ਦਾ ਪਿਓ ਪਹਿਲਾਂ ਤਾਂ ਕਈ ਦਿਨ ਉਦਾਸ ਰਿਹਾ, ਪਰ ਫਿਰ ਖ਼ੁਸ਼-ਖੁਸ਼ ਦਿੱਸਣ ਲੱਗਿਆ। ਉਸ ਦੇ ਘਰ ਕਿੰਨੇ ਹੀ ਸਾਲਾਂ ਬਾਅਦ ਲਾਲ ਆਇਆ ਸੀ। ਵਿਆਹ ਹੋਏ ਨੂੰ ਤਾਂ ਨੌਂ ਸਾਲ ਹੋ ਚੁੱਕੇ ਸਨ। ਐਨੇ ਚਿਰ ਬਾਅਦ ਪਤਾ ਨਹੀਂ ਕਿਵੇਂ ਰੱਬ ਦੀ ਮਿਹਰ ਹੋ ਗਈ।

ਹਮੇਸ਼ਾ ਹੀ ਉਸ ਦੇ ਗਲ ਝੱਗਾ ਪਾ ਕੇ ਰੱਖਦੇ ਤੇ ਤੇੜ ਨਿੱਕਰ। ਨਿੱਕਰ ਤਾਂ ਹਮੇਸ਼ਾ ਹੀ ਰਹਿੰਦੀ। ਉਸ ਦੀ ਮਾਂ ਉਸ ਨੂੰ ਟੱਟੀ-ਪਿਸ਼ਾਬ ਪਤਾ ਨਹੀਂ ਕਿਹੜੇ ਵੇਲੇ ਕਰਵਾਉਂਦੀ। ਗਵਾਂਢਣਾਂ ਨੇ ਕਦੇ ਵੀ ਉਸ ਦੇ ਮੁੰਡੇ ਦਾ ਨੰਗ ਨਹੀਂ ਸੀ ਦੇਖਿਆ, ਹਮੇਸ਼ਾ ਹੀ ਨਿੱਕਰ।

ਮੁੰਡੇ ਦੀ ਖ਼ਬਰ ਸੁਣ ਕੇ ਖੁਸਰੇ ਵਧਾਈ ਲੈਣ ਆਏ। ਮੁੰਡੇ ਦੀ ਮਾਂ ਕਹਿੰਦੀ ਕਿ ਉਸ ਦੀ ਵਧਾਈ ਤਾਂ ਉਸ ਦੇ ਨਾਨਕਿਆਂ ਵਾਲੇ ਖੁਸਰੇ ਲੈ ਗਏ। ਖੁਸਰਿਆਂ ਨੇ ਜ਼ਿਦ ਕੀਤੀ ਕਿ ਉਹ ਵਧਾਈ ਜ਼ਰੂਰ ਹੀ ਲੈ ਕੇ ਜਾਣਗੇ। ਹੱਕ ਤਾਂ ਸਾਡਾ ਹੈ। ਨਾਨਕਿਆਂ ਦੇ ਖੁਸਰਿਆਂ ਨੂੰ ਕਿਉਂ ਦਿੱਤੀ ਵਧਾਈ? ਉਹ ਪੂਰੀ ਵਾਹ ਲਾ ਹਟੇ, ਪਰ ਉਸ ਮਾਂ ਦੀ ਧੀ ਦਾ ਇੱਕੋ ਜਵਾਬ ਸੀ। ਨਾ ਮੁੰਡਾ ਦਿਖਾਇਆ ਤੇ ਨਾ ਹੀ ਵਧਾਈ ਦਿੱਤੀ। ਕੁੜੀਆਂ-ਬੁੜ੍ਹੀਆਂ ਦਾ ਇੱਕਠ ਚੁੱਪ-ਚਾਪ ਖੁਸਰਿਆਂ ਦੇ ਮੂੰਹਾਂ ਵੱਲ ਦੇਖਦਾ ਰਿਹਾ। ਉਹ ਤਾੜੀਆਂ ਮਾਰਦੇ ਤੇ ਅੱਡੀਆਂ ਵਜਾਉਂਦੇ, ਨਾ ਸੁਣੀਆਂ ਜਾਣ ਵਾਲੀਆਂ ਗੱਲਾਂ ਕਹਿੰਦੇ, ਉਨ੍ਹਾਂ ਦੇ ਵਿਹੜੇ ਵਿੱਚੋਂ ਬਾਹਰ ਹੋ ਗਏ।

ਦੀਦਾਰ ਸਿੰਘ ਤੋਂ ਬਾਅਦ ਹੋਰ ਕੋਈ ਜਵਾਕ ਨਹੀਂ ਹੋਇਆ। ਬੱਸ ਇਕੱਲਾ ਦੀਦਾਰ ਸਿੰਘ।

ਦੀਦਾਰ ਸਿੰਘ ਦਾ ਪਿਓ ਖੱਬੀ ਖਾਨ ਜੱਟ ਸੀ। ਕਿੱਡਾ ਵੱਡਾ ਆਲੀਸ਼ਾਨ ਮਕਾਨ। ਡੰਗਰ-ਪਸ਼ੂਆਂ ਨਾਲ ਵਿਹੜਾ ਭਰਿਆ ਹੋਇਆ, ਦੋ-ਦੋ ਮੱਝਾਂ ਹਮੇਸ਼ਾ ਹੀ ਸੂਈਆਂ ਰਹਿੰਦੀਆਂ। ਦੋ ਹਲਾਂ ਦੀ ਜ਼ਮੀਨ ਬਹੁਤ ਵਧੀਆ, ਝੋਟੇ ਦੇ ਸਿਰ ਵਰਗੀ।

ਦੀਦਾਰ ਸਿੰਘ ਸੋਲਾਂ-ਸਤਾਰਾਂ ਸਾਲਾਂ ਦਾ ਹੋ ਚੱਲਿਆ ਸੀ ਤੇ ਫਿਰ ਵੀਹ ਸਾਲ ਦਾ, ਬਾਈ ਸਾਲ ਦਾ, ਪੱਚੀ ਸਾਲ ਦਾ। ਉਹ ਦਾ ਪਿਓ ਸੋਚਦਾ ਰਹਿੰਦਾ ਕਿ ਉਹ ਦੀਦਾਰ ਸਿੰਘ ਨੂੰ ਵਿਆਹ ਲਵੇ। ਨੂੰਹ ਉਹ ਦੇ ਘਰ ਆ ਜਾਵੇ। ਕਿਵੇਂ ਨਾ ਕਿਵੇਂ, ਉਸ ਦੇ ਜਿਉਂਦੇ-ਜਿਉਂਦੇ ਜਵਾਕ ਹੋ ਜਾਣ ਤੇ ਉਸ ਦਾ ਧੂਣਾ ਧੁਖ਼ਦਾ ਰਹਿ ਜਾਵੇ।

ਪਰ ਕਦੇ-ਕਦੇ ਉਹ ਸੋਚਦਾ, ‘ਚੱਲ ਆਪਣੀ ਉਮਰ ਸੋਹਣੀ ਲੰਘ ਗਈ, ਅੱਗੇ ਦੀਦਾਰ ਦੇ ਕਰਮ।’

ਸੋਚਾਂ-ਸੋਚਾਂ ਵਿੱਚ ਹੀ ਉਸ ਦੀ ਮੌਤ ਹੋ ਗਈ। ਹੁਣ ਦੀਦਾਰ ਸਿੰਘ ਸੀ ਤੇ ਉਸ ਦੀ ਮਾਂ। ਦੂਰੋਂ ਨੇੜਿਓਂ ਰਿਸ਼ਤੇਦਾਰ, ਭਾਈ ਬੰਧੂ, ਜਾਣੂ-ਪਛਾਣੂ ਬੁੜ੍ਹੀ ਨੂੰ ਟੋਕਦੇ ਰਹਿੰਦੇ, ਤੂੰ ਸਾਕ ਕਿਉਂ ਨੀ ਲੈਂਦੀ ਦੀਦਾਰ ਨੂੰ?’

ਉਹ ਕਦੇ-ਕਦੇ ਤਾਂ ਪੱਕਾ ਇਰਾਦਾ ਬਣਾ ਲੈਂਦੀ ਕਿ ਸਾਕ ਲੈ ਲਵੇ। ਪਰ ਦੂਜੇ ਦਿਨ ਹੀ ਉਹ ਸੋਚਦੀ, ਕੀ ਕਰੇਗੀ ਉਹ ਸਾਕ ਲੈ ਕੇ? ਉਸ ਦਾ ਦਿਮਾਗ਼ ਚਕਰਾ ਜਾਂਦਾ, ਉਸ ਦੇ ਮੱਥੇ ’ਤੇ ਤੌਣੀ ਆ ਜਾਂਦੀ। ਸਾਕ ਵਾਲੇ ਆਉਂਦੇ। ਉਹ ਨਾਂਹ ਨਹੀਂ ਸੀ ਕਹਿੰਦੀ। ਪਰ ਉਸ ਦੀਆਂ ਰੁੱਖੀਆਂ ਗੱਲਾਂ ਸੁਣ ਕੇ ਕੋਈ ਬੰਦਾ ਦਿਲ ਨਹੀਂ ਸੀ ਧਰਦਾ। ਉਸ ਦੀਆਂ ਗੱਲਾਂ ਦਾ ਰੁੱਖ ਵੀ ਨਾਂਹ ਵਰਗਾ ਹੁੰਦਾ।

ਐਡਾ ਵੱਡਾ ਘਰ ਬਾਰ, ਐਡੀ ਜਾਇਦਾਦ ਤੇ ਉਸ ਦੇ ਘਰ ਵਾਲੇ ਦਾ ਨਾਉਂ ਅਜਾਈਂ ਜਾ ਰਿਹਾ ਸੀ। ਆਖ਼ਰ ਉਸ ਨੂੰ ਇੱਕ ਸੋਚ ਫੁਰੀ। ਉਸ ਨੇ ਦੀਦਾਰ ਸਿੰਘ ਨੂੰ ਸਾਕ ਲੈ ਲਿਆ।

ਦੀਦਾਰ ਸਿੰਘ ਦੀ ਬਹੂ ਪ੍ਰਸਿੰਨ ਕੌਰ ਪੁੱਜ ਕੇ ਸੁਹਣੀ ਸੀ। ਮੱਕੀ ਦੇ ਆਟੇ ਵਰਗਾ ਰੰਗ। ਲੰਬੀ। ਚੁਬਾਰੇ ਵਿੱਚ ਪਲੰਘ 'ਤੇ ਬੈਠੀ ਕਦੇ ਉਹ ਘੁੰਢ ਕੱਢ ਲੈਂਦੀ, ਕਦੇ ਮੂੰਹ ਨੰਗਾ ਕਰਕੇ ਚੁਬਾਰੇ ਦੀਆਂ ਪੌੜੀਆਂ ਵੱਲ ਪਲਕਾਂ ਚੁੱਕਦੀ। ਰੋਟੀ ਤੋਂ ਬਾਅਦ ਦੁੱਧ ਦਾ ਗਲਾਸ ਵੀ ਉਸ ਨੂੰ ਪਿਆ ਦਿੱਤਾ ਗਿਆ। ਉਨ੍ਹਾਂ ਦੇ ਗਵਾਂਢ ਵਿੱਚੋਂ ਅਧਖੜ ਜਿਹੀ ਇੱਕ ਤੀਵੀਂ ਜੋ ਦਿਨ ਛਿਪਦੇ ਨਾਲ ਹੀ ਆ ਗਈ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਰਹੀ, ਕਦੋਂ ਦੀ ਉਸ ਨੂੰ ਇਕੱਲੀ ਛੱਡ ਕੇ ਆਪਣੇ ਘਰ ਨੂੰ ਚਲੀ ਗਈ। ਉਸ ਦੀ ਸੱਸ ਦੋ ਤਿੰਨ ਗੇੜੇ ਚੁਬਾਰੇ ਵਿੱਚ ਮਾਰ ਗਈ ਤੇ ਉਸ ਨੂੰ ਰਾਜ਼ੀ ਬਾਜ਼ੀ ਪੁੱਛ ਗਈ। ਨਾਲ ਆਇਆ ਉਸ ਦਾ ਛੋਟਾ ਭਰਾ ਸ਼ਰਾਬ ਦਾ ਅੰਨ੍ਹਾ ਹੋਇਆ ਬਿਨਾਂ ਰੋਟੀ ਖਾਧੇ ਥੱਲੇ ਬੈਠਕ ਵਿੱਚ ਮੰਜੇ ’ਤੇ ਘਰੋੜੇ ਹੀ ਪਿਆ ਅਬਾ-ਤਬਾ ਬੋਲ ਰਿਹਾ ਸੀ। ਕਦੇ ਪੈਂਦਾਂ ਉੱਤੇ ਮੂੰਹ ਪਰਨੇ ਹੋ ਕੇ ਡਾਕਦਾ।

ਥੱਲੇ ਵਾਲੇ ਲੋਕਾਂ ਦਾ ਬੋਲਣਾ ਬੰਦਾ ਹੋ ਗਿਆ। ਭਾਂਡੇ-ਟੀਂਡੇ ਖੜਕਦੇ ਵੀ ਨਹੀਂ ਸੁਣ ਰਹੇ ਸਨ। ਪ੍ਰਸਿੰਨ ਕੌਰ ਦੀਆਂ ਅੱਖਾਂ ’ਚ ਦੀਦਾਰ ਸਿੰਘ ਦੀ ਮੂਰਤ ਵੱਸੀ ਹੋਈ ਸੀ। ਅੱਜ ਟੈਕਸੀ ਵਿੱਚ ਜਦ ਉਹ ਕੋਲੋ-ਕੋਲ ਬਹਿ ਕੇ ਆਏ ਤਾਂ ਬੰਬਰ ਦੇ ਦੁਪੱਟੇ ਵਿੱਚ ਦੀ ਉਸ ਨੇ ਉਸ ਦੀ ਸਾਰੀ ਨੁਹਾਰ ਤੱਕ ਲਈ ਸੀ। ਘਣ ਵਰਗਾ ਸਰੀਰ। ਮੋਟੀਆਂ ਮੋਟੀਆਂ ਗੁਟਰ-ਗੁਟਰ ਝਾਕਦੀਆਂ ਅੱਖਾਂ, ਚੱਪਾ-ਚੱਪਾ ਛੱਡਵੀਂ ਦਾੜ੍ਹੀ। ਉੱਪਰ ਨੂੰ ਥੋੜ੍ਹਾ ਜਿਹਾ ਖ਼ਮ ਦੇ ਕੇ ਰੱਖੀਆਂ ਬਿੱਖਰਵੀਆਂ ਮੁੱਛਾਂ। ਡਰਾਈਵਰ ਕੋਲ ਉਸ ਦਾ ਛੋਟਾ ਭਾਈ ਬੈਠਾ ਹੋਣ ਕਰਕੇ ਗੱਲ ਉਨ੍ਹਾਂ ਨੇ ਆਪਸ ਵਿੱਚ ਭਾਵੇਂ ਕੋਈ ਨਹੀਂ ਕੀਤੀ, ਪਰ ਨੇੜੇ ਬੈਠ ਲੈਣ ਦਾ ਅਹਿਸਾਸ ਵੀ ਪੂਰਾ ਸੁਆਦ ਦਿੰਦਾ। ਦੋ ਕੁ ਵਾਰ ਉਸ ਦਾ ਪੱਟ ਉਸ ਦੇ ਪੱਟ ਨਾਲ ਖਹਿਆ, ਪਰ ਉਹ ਤਾਂ ਚੁੱਪ ਜਿਹਾ ਹੀ ਬੈਠਾ ਰਿਹਾ। ਸਾਰੇ ਰਾਹ ਹੀ ਮਜਾਜ਼ੀ ਬਣਿਆ ਹੋਇਆ। ਉਹ ਸੋਚਦੀ, ‘ਹੁਣ ਭਾਵੇਂ ਕਿੰਨਾ ਘੁੱਟਿਆ-ਵੱਟਿਆ ਬੈਠਾ ਰਹਿ। ਰਾਤ ਤਾਂ ਮੂਹਰੇ ਐ। ਜੱਟਾ, ਤੇਰਾ ਸਾਰਾ ਅਕੜੇਵਾਂ ਨਾ ਲਾਹਿਆ ਤਾਂ ਮੈਨੂੰ ਮਾਂ ਦੀ ਧੀ ਕੌਣ ਆਖੂ।’

ਉਸ ਦੀ ਸੱਸ ਚੁਬਾਰੇ ਵਿੱਚ ਆਈ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਪ੍ਰਸਿੰਨ ਕੌਰ ਹੈਰਾਨ। ‘ਧੀਏ, ਸਿਆਣੀ ਬਣੀਂ। ਤੂੰ ਮੇਰੀ ਕੁਲਵੰਤ ਐਂ। ਮੇਰੀ ਲਾਜ ਐਂ।’ ਤੇ ਸੱਸ ਨੇ ਉਸ ਦਾ ਚੰਦ ਮੱਥਾ ਚੁੰਮ ਲਿਆ। ਪ੍ਰਸਿੰਨ ਕੌਰ ਦੀ ਸਮਝ ਵਿੱਚ ਕੁਝ ਨਾ ਆਇਆ। ਇਹ ਲਾਡ-ਪਿਆਰ ਕਾਹਦਾ? ਚੁਬਾਰੇ ਦਾ ਬਲ੍ਹਬ ਬੁਝਾ ਕੇ ਸੱਸ ਥੱਲੇ ਉਤਰ ਗਈ। ਦੂਜੇ ਬਿੰਦ ਹੀ ਚੁਬਾਰੇ ਵਿੱਚ ਮਰਦਾਵੇਂ ਕਦਮਾਂ ਦੀ ਪੈੜ ਚਾਲ ਸੀ। ਪ੍ਰਸਿੰਨ ਕੌਰ ਦਾ ਕਾਲਜਾ ਧੱਕ-ਧੱਕ ਕਰਨ ਲੱਗਿਆ। ਮਰਦ ਆ ਕੇ ਉਸ ਦੇ ਪਲੰਘ ’ਤੇ ਬੈਠ ਗਿਆ। ਪ੍ਰਸਿੰਨ ਕੌਰ ਸੁੰਗੜਦੀ ਜਾ ਰਹੀ ਸੀ। ਮਰਦ ਨੇ ਉਸ ਦੀ ਬਾਂਹ ਨੂੰ ਹੱਥ ਪਾਇਆ ਤੇ ਮੂੰਹੋਂ ਸ਼ਰਾਬੀ ਹਵਾੜ ਕੱਢੀ। ਬਾਂਹ ਛੁਡਾ ਕੇ ਉਹ ਪਲੰਘ ’ਤੇ ਢੇਰੀ ਹੋ ਗਈ। ਉਹ ਭੁੱਖੇ ਬਘਿਆੜ ਵਾਂਗ ਉਸ ’ਤੇ ਝਪਟ ਪਿਆ। ਉਸ ਵਿੱਚੋਂ ਸ਼ਰਾਬ ਦੀ ਬੂ ਆ ਰਹੀ ਸੀ। ਸਾਹ ਘੁੱਟ ਦੇਣ ਵਾਲੀ ਗੰਦੀ ਤੇਜ਼ ਬੂ। ਉਸ ਨੇ ਤਾਂ ਜਿਵੇਂ ਪੀਤੀ ਵੀ ਬਹੁਤ ਹੋਵੇ। ਏਸੇ ਕਰਕੇ ਤਾਂ ਉਹ ਬੋਲਦਾ ਨਹੀਂ ਸੀ। ਅੱਧੀ ਰਾਤ ਤੋਂ ਬਾਅਦ ਇੱਕ ਵਾਰੀ ਫਿਰ ਉਹ ਉਸ ’ਤੇ ਝਪਟਿਆ। ਤੇ ਫਿਰ ਵੱਡੇ ਤੜਕੇ ਹੀ ਉਹ ਉਸ ਦੇ ਪਲੰਘ ਤੋਂ ਉੱਠ ਕੇ ਪਤਾ ਨਹੀਂ ਕਦੋਂ ਪੌੜੀਆਂ ਉਤਰ ਗਿਆ।

ਦਿਨ ਵੇਲੇ ਬੈਠਕ ਵਿੱਚ ਮੰਜੇ ’ਤੇ ਬੈਠੀ ਨੇ ਉਸ ਨੂੰ ਵਿਹੜੇ ਵਿੱਚ ਏਧਰ-ਓਧਰ ਤੁਰਦੇ-ਫਿਰਦੇ ਨੂੰ ਦੇਖਿਆ। ਦੇਖਣ ਵਿੱਚ ਤਾਂ ਉਹ ਸੱਫ਼ਰ ਜਿਹਾ ਸੀ। ਮੋਟਾ, ਤਾਜ਼ਾ, ਖੁੱਲ੍ਹੇ-ਖੁੱਲ੍ਹੇ ਅੰਗਾਂ ਵਾਲਾ। ਚੌੜਾ ਚਕਲਾ ਸਰੀਰ, ਪਰ ਰਾਤ ਨੂੰ ਉਸ ਦੇ ਅੰਗ ਪਿਚਕੇ-ਪਿਚਕੇ ਜਿਹੇ ਕਿਉਂ ਲੱਗਦੇ ਸਨ? ਰਾਤ ਤਾਂ ਉਸ ਦੇ ਹੱਡ ਜਿਹੇ ਰੜਕਦੇ ਸਨ। ਇਉਂ ਲੱਗਦਾ ਸੀ, ਜਿਵੇਂ ਉਸ ਦੀ ਦਾੜ੍ਹੀ ਮੁੰਨੀ ਹੋਈ ਹੋਵੇ। ਰਾਤ ਤਾਂ ਉਹ ਸੁੱਕੜ ਜਿਹਾ ਲੱਗਦਾ ਸੀ, ਹੁਣ ਤਾਂ ਇਹ ਬਾਘੜ ਬਿੱਲੇ ਵਰਗਾ ਪਿਆ ਹੈ। ਉਸ ਦੀ ਸਮਝ ਵਿੱਚ ਕੋਈ ਗੱਲ ਨਾ ਆਈ।

ਦੂਜੀ ਰਾਤ ਫਿਰ ਉਹੀ ਹਾਲ।

ਪ੍ਰਸਿੰਨ ਕੌਰ ਦੀਆਂ ਗੱਲਾਂ ’ਤੇ ਉਸ ਦੀ ਦਾੜ੍ਹੀ ਦੇ ਕਰਚੇ ਸੂਲਾਂ ਵਾਂਗਰ ਚੁਭਣ ਲੱਗੇ। ਉਸ ਨੇ ਸੋਚਿਆ ਕਿ ਦਿਨ ਵੇਲੇ ਤਾਂ ਜਦ ਉਹ ਉਹ ਦੇ ਮੂੰਹ ਵੱਲ ਸੰਵਾਰ ਕੇ ਝਾਕੀ ਸੀ ਤਾਂ ਉਸ ਦੀ ਚੱਪਾ-ਚੱਪਾ ਦਾੜ੍ਹੀ ਦੇਖਣ ਨੂੰ ਰੇਸ਼ਮ ਵਰਗੀ ਮੁਲਾਇਮ ਲੱਗਦੀ ਸੀ।

‘ਬੰਦਿਆ ਰੱਬ ਦਿਆ, ਤੂੰ ਮੂੰਹੋਂ ਤਾਂ ਕੁਛ ਬੋਲ।’

ਉਹ ਚੁੱਪ ਰਿਹਾ। ਸਿਰਫ਼ ਖੰਘੂਰਾਂ ਮਾਰੀ ਜਾਵੇ। ਸ਼ਰਾਬ ਵਿੱਚ ਜਿਵੇਂ ਬੌਂਦਲਿਆ ਜਿਹਾ ਹੋਵੇ। ਪ੍ਰਸਿੰਨ ਕੌਰ ਨੇ ਪਲੰਘ ਤੋਂ ਉੱਠ ਕੇ ਬਲ੍ਹਬ ਜਗਾ ਦਿੱਤਾ। ਚਿੱਟੇ ਦੁੱਧ ਚਾਨਣ ਵਿੱਚ ਕਾਲੇ ਜਿਹੇ ਰੰਗ ਦਾ ਮੁੰਨੀ ਦਾੜ੍ਹੀ ਵਾਲਾ ਬੰਦਾ ਪਲੰਘ ’ਤੇ ਅੱਖਾਂ ਮੀਚੀਂ ਚੌਫ਼ਾਲ ਪਿਆ ਸੀ। ਪ੍ਰਸਿੰਨ ਕੌਰ ਨੇ ਜ਼ੋਰ ਦੀ ਚੀਕ ਮਾਰੀ। ਚੀਕ ਜਿਸ ਨੇ ਸਾਰਾ ਘਰ ਜਗਾ ਦਿੱਤਾ। ਸੱਸ ਭੱਜ ਕੇ ਚੁਬਾਰੇ ਵਿੱਚ ਆਈ। ਦੀਦਾਰ ਸਿੰਘ ਵੀ। ਉਹ ਬੇਥਾਹ ਰੋ ਰਹੀ ਸੀ। ਘਿੱਗੀ ਬੱਝੀ ਹੋਈ ਸੀ। ਜ਼ੋਰ ਲਾਉਣ ਨਾਲ ਵੀ ਉਸ ਦੀ ਲੇਰ ਨਹੀਂ ਸੀ ਨਿਕਲ ਰਹੀ। ਥੋੜ੍ਹੀ ਦੇਰ ਬਾਅਦ ਉਸ ਨੂੰ ਗਸ਼ ਪੈ ਗਈ। ਦੀਦਾਰ ਸਿੰਘ ਤੇ ਉਸ ਦੀ ਮਾਂ ਉਸ ਵੱਲ ਡੌਰ-ਭੌਰ ਹੋਏ ਦੇਖਦੇ ਖੜ੍ਹੇ ਸਨ। ਜਿਵੇਂ ਉਹ ਉਸ ਤੋਂ ਡਰ ਰਹੇ ਹੋਣ। ਜਿਵੇਂ ਉਨ੍ਹਾਂ ਨੂੰ ਵੀ ਗਸ਼ ਪੈਣ ਵਾਲੀ ਹੋਵੇ। ਮੁੰਨੀ ਦਾੜ੍ਹੀ ਵਾਲਾ ਬੰਦਾ ਹੌਲੀ-ਹੌਲੀ ਪਲੰਘ ਉੱਤੋਂ ਉੱਠਿਆ। ਉਸ ਦੀਆਂ ਅੱਖਾਂ ਵਿੱਚ ਸ਼ਰਾਬ ਦੀ ਲਾਲੀ ਸੀ। ਅੰਗਾਂ ਵਿੱਚ ਤੋੜ। ਉਸ ਦੇ ਪੈਰ ਥਿੜਕ ਰਹੇ ਸਨ। ‘ਕਿਹਰੂ, ਤੂੰ ਪੌੜੀਆਂ ਉਤਰ ਜਾ।’ ਦੀਦਾਰ ਸਿੰਘ ਨੇ ਹੌਲੀ ਦੇ ਕੇ ਉਸ ਨੂੰ ਆਖਿਆ।

ਸੱਸ ਨੇ ਨੂੰਹ ਦੀ ਦੰਦਲ ਭੰਨੀ। ਦੀਦਾਰ ਸਿੰਘ ਨੇ ਉਸ ਨੂੰ ਭੁੰਜਿਊਂ ਚੁੱਕ ਕੇ ਪਲੰਘ ’ਤੇ ਪਾ ਦਿੱਤਾ। ਉਸ ਦੇ ਮੂੰਹ ਨੂੰ ਪਾਣੀ ਦਾ ਗਲਾਸ ਲਾਇਆ। ਪ੍ਰਸਿੰਨ ਕੌਰ ਦੀਦਾਰ ਸਿੰਘ ਦੇ ਮੂੰਹ ਵੱਲ ਡੂੰਘੀਆਂ ਨਜ਼ਰਾਂ ਨਾਲ ਦੇਖਣ ਲੱਗੀ।

ਦੀਦਾਰ ਸਿੰਘ ਦੀ ਮਾਂ ਮਰ ਚੁੱਕੀ ਸੀ। ਪ੍ਰਸਿੰਨ ਕੌਰ ਦਾ ਮੁੰਡਾ ਕਾਫ਼ੀ ਉਡਾਰ ਹੋ ਚੁੱਕਿਆ ਸੀ। ਪੰਜ ਸਾਲ ਦਾ ਉਹ ਹੋਇਆ ਤਾਂ ਦੀਦਾਰ ਸਿੰਘ ਉਸ ਨੂੰ ਸਕੂਲ ਵਿੱਚ ਪੜ੍ਹਨ ਲਾ ਆਇਆ। ਪ੍ਰਸਿੰਨ ਕੌਰ ਉਸ ਨੂੰ ਚਾਵਾਂ-ਲਾਡਾਂ ਨਾਲ ਪਾਲਦੀ। ਖੁਸ਼ੀ-ਖੁਸ਼ੀ ਉਸ ਦੀ ਪੜ੍ਹਾਈ ਕਰਵਾਉਂਦੀ। ਦਿਨੋ-ਦਿਨ ਉਹ ਜਵਾਨ ਹੋ ਰਿਹਾ ਸੀ। ਦਿਨੋ-ਦਿਨ ਉਹ ਪੜਾਈ ’ਚ ਨਿੱਖਰ ਰਿਹਾ ਸੀ। ਹਰ ਸਾਲ ਹੀ ਜਮਾਤ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਹੁੰਦਾ। ਦਸਵੀਂ ਪਾਸ ਕੀਤੀ। ਤੇ ਫਿਰ ਉਹ ਨੇੜੇ ਦੇ ਕਾਲਜ ਵਿੱਚ ਜਾਣ ਲੱਗ ਪਿਆ।

ਦੀਦਾਰ ਸਿੰਘ ਨੇ ਖੇਤੀ ਦਾ ਕੰਮ ਮੁੱਢ ਤੋਂ ਹੀ ਨਹੀਂ ਤੋਰਿਆ। ਜਦ ਤੋਂ ਉਸਦੀ ਸੁਰਤ ਸੰਭਲੀ ਸੀ, ਨਾ ਉਹ ਕਦੇ ਖੇਤ ਗਿਆ ਤੇ ਨਾ ਹੀ ਉਸ ਨੇ ਘਰੇ ਕਦੇ ਡੰਗਰ-ਵੱਛੇ ਨੂੰ ਕੱਖ-ਪੱਠਾ ਪਾਇਆ। ਜਵਾਨੀ ਵਿੱਚ ਅਜੇ ਉਸ ਨੇ ਪੈਰ ਧਰਿਆ ਹੀ ਸੀ ਕਿ ਉਸ ਦੇ ਪਿਓ ਨੇ ਖੇਤੀ ਦਾ ਕੰਮ ਆਪ ਕਰਨਾ-ਕਰਵਾਉਣਾ ਛੱਡ ਦਿੱਤਾ ਸੀ। ਉਠ ਬਲ੍ਹਦ ਸਭ ਵੇਚ ਦਿੱਤੇ। ਹਿੱਸੇ ’ਤੇ ਜਾਂ ਠੇਕੇ 'ਤੇ ਜ਼ਮੀਨ ਦੇਣੀ ਸ਼ੁਰੂ ਕਰ ਦਿੱਤੀ। ਉਸ ਦਾ ਪਿਓ ਮਰਿਆ ਤਾਂ ਉਸ ਨੇ ਹੋਰ ਵੀ ਕਈ ਪਸ਼ੂ ਵੇਚ ਦਿੱਤੇ। ਸਿਰਫ਼ ਇੱਕ ਮੱਝ ਹੁੰਦੀ, ਘਰ ਦੁੱਧ ਪੀਣ ਨੂੰ। ਜ਼ਮੀਨ ਨੂੰ ਉਹ ਵੀ ਅਕਸਰ ਠੇਕੇ ’ਤੇ ਦਿੰਦਾ। ਮੱਝ ਵਾਸਤੇ ਚਰ੍ਹੀ, ਬਰਸੀਨ ਜਾਂ ਕੋਈ ਹੋਰ ਹਰਾ ਉਹ ਮੁੱਲ ਲੈ ਲਿਆ ਕਰਦਾ। ਹੁਣ ਤਾਂ ਬੱਸ ਉਹ ਦੀ ਇੱਕੋ ਚਾਹ ਸੀ ਕਿ ਉਹ ਆਪਣੇ ਮੁੰਡੇ ਰਛਪਾਲ ਨੂੰ ਖਾਸਾ ਪੜ੍ਹਾ ਲਵੇ। ਪੜ੍ਹ ਕੇ ਉਹ ਕੋਈ ਅਫ਼ਸਰ ਬਣ ਜਾਵੇ। ਕਿੰਨੀ ਜ਼ਮੀਨ ਸੀ ਉਸ ਕੋਲ। ਰਛਪਾਲ ਨੂੰ ਤਾਂ ਉਹ ਭਾਵੇਂ ਕਿੰਨਾ ਪੜ੍ਹਾ ਲੈਂਦਾ।

ਉਹ ਬੁਢਾਪੇ ਵਿੱਚ ਪੈਰ ਰੱਖ ਰਿਹਾ ਸੀ। ਪ੍ਰਸਿੰਨ ਕੌਰ ਦੀ ਜਵਾਨੀ ਤਾਂ ਉਵੇਂ ਕਾਇਮ ਸੀ।

ਦਿਨੋ-ਦਿਨ ਦੀਦਾਰ ਸਿੰਘ ਦਾ ਸਰੀਰ ਢਲਦਾ ਗਿਆ।

ਦਿਨੋ-ਦਿਨ ਪ੍ਰਸਿੰਨ ਕੌਰ ਦੀ ਜਵਾਨੀ ਮਾਂਦ ਪੈਂਦੀ ਗਈ।

ਰਛਪਾਲ ਬੀ.ਏ. ਕਰ ਕੇ ਇੱਕ ਸਰਕਾਰੀ ਨੌਕਰੀ 'ਤੇ ਲੱਗ ਚੁੱਕਿਆ ਸੀ। ਉਸ ਦਾ ਵਿਆਹ ਵੀ ਹੋ ਗਿਆ। ਉਸ ਦੀ ਬਹੂ ਦੇ ਤਾਂ ਜਵਾਕ ਵੀ ਹੋਣ ਵਾਲਾ ਸੀ।

ਉਨ੍ਹਾਂ ਦੇ ਘਰ ਧਾਲੀਵਾਲਾਂ ਦੇ ਕਿਹਰੂ ਦਾ ਅਜੇ ਵੀ ਆਉਣ ਜਾਣ ਸੀ। ਕਿਹਰੂ ਦਾ ਤਾਂ ਉਸ ਘਰ ਵਿੱਚ ਮੋਹ ਹੀ ਬੜਾ ਸੀ। ਰਛਪਾਲ ਉਸ ਨੂੰ ਤਾਇਆ ਕਹਿੰਦਾ। ਪ੍ਰਸਿੰਨ ਕੌਰ ਉਸ ਤੋਂ ਘੁੰਡ ਨਹੀਂ ਸੀ ਕੱਢਦੀ। ਦੀਦਾਰ ਸਿੰਘ ਉਸ ਨੂੰ 'ਬਾਈ' 'ਬਾਈ' ਕਰਦਾ ਰਹਿੰਦਾ। ਕਿਹਰੂ ਦੇ ਪਿਓ ਦੀ ਤੇ ਦੀਦਾਰ ਸਿੰਘ ਦੇ ਪਿਓ ਦੀ ਪੂਰੀ ਲਿਹਾਜ ਸੀ। ਕਿਹਰੁ ਦੇ ਮਾਂ-ਪਿਓ ਨਿੱਕੇ ਹੁੰਦੇ ਦੇ ਹੀ ਮਰ ਗਏ ਸਨ। ਉਸ ਨੂੰ ਤਾਂ ਚਾਚੇ ਨੇ ਪਾਲਿਆ ਸੀ ਜਾਂ ਫਿਰ ਉਹ ਦੀਦਾਰ ਸਿੰਘ ਨਾਲ ਉਨ੍ਹਾਂ ਦੇ ਘਰ ਖੇਡਦਾ-ਰਹਿੰਦਾ। ਦੀਦਾਰ ਸਿੰਘ ਦੀ ਮਾਂ ਉਸ ਨੂੰ ਇੱਕੋ ਜਿਹਾ ਹੀ ਖਾਣ-ਪੀਣ ਨੂੰ ਦਿੰਦੀ। ਜਦ ਉਹ ਜਵਾਨ ਹੋਇਆ ਤਾਂ ਸ਼ਰਾਬ ਪੀਣ ਲੱਗ ਪਿਆ। ਬਹੁਤ ਜ਼ਿਆਦਾ ਆਦੀ ਹੋ ਗਿਆ। ਏਸੇ ਕਰਕੇ ਉਸ ਦਾ ਵਿਆਹ ਨਹੀਂ ਹੋਇਆ। ਪੰਜ-ਚਾਰ ਘੁਮਾਂ ਜ਼ਮੀਨ ਜਿਹੜੀ ਉਸ ਦੇ ਹਿੱਸੇ ਦੀ ਆਈ, ਸਾਰੀ ਵੇਚ ਕੇ ਉਹ ਉਸ ਦੀ ਸ਼ਰਾਬ ਪੀ ਗਿਆ। ਉਸ ਦੇ ਵੱਡੇ ਭਰਾ ਵਿਆਹੇ ਵਰੇ ਸਨ ਤੇ ਉਨ੍ਹਾਂ ਦੀ ਘਰੇਲੂ ਹਾਲਤ ਚੰਗੀ ਸੀ। ਕਿਹਰੂ ਨੂੰ ਉਹ ਘਰ ਨਹੀਂ ਸਨ ਵੜਨ ਦਿੰਦੇ। ਨੰਗ ਮਲੰਗ। ਦੀਦਾਰ ਸਿੰਘ ਦੇ ਘਰ ਜੋਗਾ ਹੀ ਉਹ ਰਹਿ ਗਿਆ ਸੀ।

ਗਰਮੀ ਜ਼ੋਰਾਂ ਦੀ ਸੀ। ਸਿਖ਼ਰ ਦੁਪਿਹਰ। ਦੀਦਾਰ ਸਿੰਘ ਉਸ ਵੇਲੇ ਸ਼ਹਿਰੋਂ ਮੁੜਿਆ ਸੀ। ਤੇਹ ਬਹੁਤ ਲੱਗੀ ਹੋਈ ਸੀ। ਰੱਜ ਕੇ ਉਸ ਨੇ ਸ਼ਕੰਜਵੀ ਪੀਤੀ। ਉਸ ਦੇ ਸਿਰ ਨੂੰ ਪਤਾ ਨਹੀਂ ਕੀ ਘੁਮੇਰ ਜਿਹੀ ਚੜ੍ਹੀ, ਸਾਰੀ ਦੀ ਸਾਰੀ ਸ਼ਕੰਜਵੀ ਪੁੱਠੀ ਲਿਕਲ ਗਈ। ਉਛਾਲੀਆਂ ਤੇ ਫਿਰ ਸੁੱਕੇ ਵੱਤ। ਉਸ ਦਾ ਤਾਂ ਕਾਲਜਾ ਇਕੱਠਾ ਹੋ ਜਾਂਦਾ। ਅੱਖਾਂ ਦੇ ਆਂਡੇ ਬਾਹਰ ਨੂੰ ਨਿਕਲ-ਨਿਕਲ ਆਉਂਦੇ ਤੇ ਫਿਰ ਗਰਨਾ ਕੇ ਬੁਖ਼ਾਰ ਚੜ੍ਹ ਗਿਆ। ਡਾਕਟਰ ਆਉਂਦੇ ਨੂੰ ਦੀਦਾਰ ਸਿੰਘ ਦੇ ਹੱਥਾਂ-ਪੈਰਾਂ ਦੇ ਘੁੰਡ ਮੁੜ ਚੁੱਕੇ ਸਨ। ਡਾਕਟਰ ਦੇ ਨਬਜ਼ ਦੇਖਦਿਆਂ-ਦੇਖਦਿਆਂ ਹੀ ਉਸ ਦੇ ਪ੍ਰਾਣ ਨਿਕਲ ਗਏ। ਇਹੋ ਜਿਹੀ ਚਾਣਚੱਕ ਦੀ ਕਹਿਰੀ ਮੌਤ ਤਾਂ ਕਿਸੇ ਨੂੰ ਆਈ ਨਹੀਂ ਸੀ।

ਅਰਥੀ ’ਤੇ ਪਾਉਣ ਤੋਂ ਪਹਿਲਾਂ ਦੀਦਾਰ ਸਿੰਘ ਨੂੰ ਨਵ੍ਹਾਉਣ ਲੱਗੇ।

‘ਸਾਰੇ ਪਿੰਡੇ 'ਤੇ ਹੱਥ ਫੇਰ, ਭਾਈ ਰਛਪਾਲ।' ਇੱਕ ਸਿਆਣੇ ਬੰਦੇ ਨੇ ਕਿਹਾ।

ਸਾਬਣ ਲਾ-ਲਾ ਰਛਪਾਲ ਆਪਣੇ ਬਾਪ ਦੇ ਸਾਰੇ ਸਰੀਰ ਨੂੰ ਮਲਣ-ਧੋਣ ਲੱਗਿਆ।

‘ਨੰਗ ਦੀ ਸੂਗ ਨਾ ਕਰੀਂ। ਮੁੰਡਿਆ। ਟੱਟੀ-ਪਿਸ਼ਾਬ ਵਾਲੀ ਥਾਂ ਵੀ ਧੋਅ ਬਾਪ ਐ। ਬੱਸ, ਐਹੀ ਵੇਲੈ ਆਖ਼ਰੀ ਸੇਵਾ ਦਾ।' ਦੀਦਾਰ ਸਿੰਘ ਦੇ ਮ੍ਰਿਤਕ ਸਰੀਰ ’ਤੇ ਪਾਣੀ ਦੀ ਬਾਲਟੀ ਡੋਲ੍ਹ ਰਹੇ ਇੱਕ ਹੋਰ ਬੰਦੇ ਨੇ ਪਿਆਰ ਨਾਲ ਰਛਪਾਲ ਨੂੰ ਆਖਿਆ।

ਰਛਪਾਲ ਸਭ ਦੀਆਂ ਮੰਨ ਰਿਹਾ ਸੀ।

ਉਸ ਦੇ ਦਿਮਾਗ਼ ਵਿੱਚ ਕਾਲਜ ਦਾ ਸਮਾਂ ਘੁੰਮ ਗਿਆ। ਇੱਕ ਦਿਨ ਕਾਲਜ ਵਿੱਚ ਹੜਤਾਲ ਸੀ। ਸ਼ਹਿਰ ਵਿੱਚ ਜਲੂਸ ਕੱਢਣ ਤੋਂ ਬਾਅਦ ਉਹ ਚਾਰ-ਪੰਜ ਗੂਹੜੇ ਯਾਰ ਪਹਿਲਾਂ ਤਾਂ ਚਾਹੁੰਦੇ ਸਨ ਕਿ ਫ਼ਿਲਮ ਦਾ ਤਿੰਨ ਵਜੇ ਵਾਲਾ ਸ਼ੋਅ ਦੇਖਿਆ ਜਾਵੇ। ਪਰ ਫਿਰ ਉਨ੍ਹਾਂ ਦੇ ਮਨਾਂ ਵਿੱਚ ਪਤਾ ਨਹੀਂ ਕੀ ਆਈ, ਉਹ ਸ਼ੁਗਲ-ਸ਼ੁਗਲ ਵਿੱਚ ਹੀ ਬਜ਼ਾਰ ਵਿੱਚ ਲੰਘੇ ਜਾ ਰਹੇ ਇੱਕ ਖੁਸਰੇ ਦੇ ਮਗਰ ਲੱਗ ਤੁਰੇ। ਇੱਕ ਨਿਵੇਕਲੀ ਜਿਹੀ ਥਾਂ ਜਾ ਕੇ ਉਨ੍ਹਾਂ ਨੇ ਖੁਸਰੇ ਨੂੰ ਆਖਿਆ, 'ਲੈ ਬਈ ਭਰਾਵਾ, ਆਹ ਫੜ ਦਸ ਰੁਪਈਏ, ਤੂੰ ਸਾਡੇ ਨਾਲ ਮਾਲ-ਗੁਦਾਮ ਤਾਈਂ ਚੱਲ।

ਮਾਲ-ਗੁਦਾਮ ਦੇ ਪਲੇਟ ਫਾਰਮ 'ਤੇ ਕਣਕ ਦੀਆਂ ਬੋਰੀਆਂ ਦੇ ਓਹਲੇ ਵਿੱਚ ਉਨ੍ਹਾਂ ਨੇ ਖੁਸਰੇ ਦਾ ਸਭ ਕੁਝ ਦੇਖਿਆ। ਦੇਖ-ਦੇਖ ਹੈਰਾਨ ਹੋਏ। ਦੇਖ-ਦੇਖ ਉਨ੍ਹਾਂ ਦਾ ਚਿੱਤ ਘਿਰਿਆ ਸੀ।

ਤੇ ਹੁਣ ਜਦ ਉਹ ਆਪਣੇ ਬਾਪ ਦੀ ਅਰਥੀ ਦੇ ਕਾਨ੍ਹੀਂ ਲੱਗਿਆ ਹੋਇਆ ਸੀ, ਉਹ ਸੋਚ ਰਿਹਾ ਸੀ... |

ਉਸ ਦੇ ਮਨ ਵਿੱਚ ਇੱਕ ਗੱਲ ਹੋਰ ਵੀ ਆਈ। ਉਸ ਦੀ ਮਾਂ ਦਾ ਰੰਗ ਗੋਰਾ ਹੈ। ਉਸ ਦੇ ਬਾਪ ਦਾ ਵੀ। ਉਸ ਦਾ ਆਪਣਾ ਰੰਗ ਪੱਕਾ ਕਿਉਂ?

ਕਿਹਰੂ ਕਾਫ਼ੀ ਬੁੱਢਾ ਹੋ ਚੁੱਕਿਆ ਸੀ। ਹੁਣ ਉਹ ਸ਼ਰਾਬ ਨਹੀਂ ਪੀਂਦਾ ਸੀ। ਰਛਪਾਲ ਦੇ ਘਰ ਹੀ ਉਹ ਪੱਕੇ ਤੌਰ 'ਤੇ ਰਹਿਣ ਲੱਗ ਪਿਆ। ਰਛਪਾਲ ਦੀ ਬਹੂ ਨਿੱਤ ਤੜਕੇ ਉੱਠ ਕੇ ਕਿਹਰੂ ਦੇ ਪੈਰੀਂ ਹੱਥ ਲਾਉਂਦੀ। ਕਈ ਵਾਰ ਗਵਾਂਢਣ ਬੁੜ੍ਹੀਆਂ ਨੇ ਦੇਖਿਆ, ‘ਕਿਹਰੂ ਤੇ ਪ੍ਰਸਿੰਨ ਕੌਰ ਵਿਹੜੇ ਵਿੱਚ ਕੋਲ-ਕੋਲ ਬੈਠੇ ਗੱਲਾਂ ਕਰ ਰਹੇ ਹੁੰਦੇ।’♦