ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਣਦ-ਭਰਜਾਈ

ਵਿਕੀਸਰੋਤ ਤੋਂ


ਨਣਦ-ਭਰਜਾਈ


ਨਣਦ-ਭਰਜਾਈ ਦੋਵੇਂ ਦੁਖੀ ਸਨ। ਸੀਤੋ ਤੀਹ ਸਾਲਾਂ ਦੀ ਹੋ ਚੁੱਕੀ ਸੀ, ਹਾਲੇ ਤੱਕ ਉਹ ਦਾ ਕਿਧਰੇ ਮੰਗਣਾ-ਵਿਆਹ ਨਹੀਂ ਹੋਇਆ ਸੀ। ਉਹ ਪਿੰਡ ਦੇ ਮੁੰਡਿਆਂ ਤੋਂ ਖ਼ਰਾਬ ਵੀ ਹੋ ਚੁੱਕੀ ਸੀ। ਮਾਂ-ਬਾਪ ਨਹੀਂ ਸੀ। ਭਰਾ ਉਹ ਦੀ ਸਾਰ ਨਾ ਲੈਂਦਾ। ਨਾ ਕੋਈ ਰਿਸ਼ਤੇਦਾਰ ਉਹ ਦੇ ਬਾਰੇ ਸੋਚਦਾ। ਮਾਮਿਆਂ ਨੂੰ ਵੀ ਕੋਈ ਫ਼ਿਕਰ ਨਹੀਂ ਸੀ। ਭਰਾ ਨੂੰ ਭੁੱਕੀ ਖਾਣ ਦਾ ਅਮਲ ਸੀ। ਜ਼ਮੀਨ ਥੋੜ੍ਹੀ ਸੀ। ਉਹ ਆਪ ਵਾਹੀ ਨਹੀਂ ਕਰਦਾ ਸੀ। ਹਿੱਸੇ 'ਤੇ ਦੇ ਕੇ ਰੱਖਦਾ। ਘਰ ਦਾ ਮਸਾਂ ਹੀ ਗੁਜ਼ਾਰਾ ਹੁੰਦਾ। ਸੀਤੋ ਨੂੰ ਘਰ ਚਾਹੀਦਾ ਸੀ, ਉਹ ਦਾ ਆਪਣਾ ਘਰ। ਪਿੰਡ ਦੇ ਮੁੰਡੇ ਤਾਂ ਆਪਣੀ ਹਵਸ ਪੂਰੀ ਕਰਦੇ ਤੇ ਉਹ ਦੇ ਹੱਥ ਕੁਝ ਰੁਪਏ ਫੜਾ ਜਾਂਦੇ। ਇਹ ਸਭ ਉਹ ਨੂੰ ਪਸੰਦ ਨਹੀਂ ਸੀ, ਪਰ ਉਹ ਮਜਬੂਰ ਸੀ, ਸਭ ਕਰਦੀ, ਸਭ ਝੱਲਦੀ। ਉਹ ਦੀਆਂ ਆਪਣੀਆਂ ਜ਼ਰੂਰਤਾਂ ਵੀ ਸਨ ਕਿੱਥੋਂ ਪੂਰੀਆਂ ਕਰਦੀ ਉਹ ਇਹ ਜ਼ਰੂਰਤਾਂ। ਤਨ ਢਕਣ ਨੂੰ ਕੱਪੜੇ ਚਾਹੀਦੇ ਸਨ। ਪੈਰਾਂ ਨੂੰ ਜੁੱਤੀ ਦੀ ਲੋੜ ਸੀ ਤੇ ਫੇਰ ਹਾਰ ਸ਼ਿੰਗਾਰ ਦਾ ਸਮਾਨ ਵੀ ਮੁੱਲ ਮਿਲਦਾ। ਭਰਾ ਸਭ ਦੇਖਦਾ, ਪਰ ਅੱਖਾਂ ਮੀਚ ਛੱਡਦਾ। ਉਹ ਨੂੰ ਚੜ੍ਹੀ ਲੱਥੀ ਦੀ ਕੋਈ ਸਮਝ ਨਹੀਂ ਸੀ। ਸੁਖਦੇਵ ਤਾਂ ਐਡਾ ਬੇਸ਼ਰਮ ਸੀ, ਕਦੇ-ਕਦੇ ਭੁੱਕੀ ਲਿਆਉਣ ਲਈ ਸੀਤੋ ਤੋਂ ਹੀ ਪੈਸੇ ਲੈ ਕੇ ਜਾਂਦਾ।

ਗੇਲੋ ਨੂੰ ਉਹ ਮਾਰਦਾ ਕੁੱਟਦਾ। ਉਹ ਦੇ ’ਤੇ ਐਵੇਂ ਹੀ ਖਿਝਿਆ ਰਹਿੰਦਾ। ਚੱਜ ਨਾਲ ਉਹ ਨੂੰ ਬੁਲਾਉਂਦਾ ਚਲਾਉਂਦਾ ਵੀ ਨਹੀਂ ਸੀ। ਮਾੜੀ ਜਿਹੀ ਗੱਲ ’ਤੇ ਉਹ ਨੂੰ ਧੇਹ-ਧੇਹ ਕੁੱਟ ਸੁੱਟਦਾ। ਉਹ ਰੁੱਸ ਕੇ ਪੇਕੀਂ ਉੱਠ ਜਾਂਦੀ। ਪੇਕਿਆਂ ਵਾਲੇ ਐਡੇ ਤਕੜੇ ਨਹੀਂ ਸਨ ਕਿ ਉਹ ਜਵਾਈ ਨੂੰ ਸਮਝਾ ਸਕਦੇ। ਦੋਵੇਂ ਸਾਲੇ ਆਏ ਵੀ ਦੋ-ਤਿੰਨ ਵਾਰੀ। ਉਨ੍ਹਾਂ ਸਾਹਮਣੇ ਤਾਂ ਸੁਖਦੇਵ ਸਾਊ ਬਣ ਜਾਂਦਾ। ਉਨ੍ਹਾਂ ਦੀ ਪੂਰੀ ਸੇਵਾ ਕਰਦਾ। ਠੰਡੇ ਸੀਲੇ ਕਰਕੇ ਤੋਰ ਦਿੰਦਾ। ਆਖਦਾ, ‘ਹੁਣ ਗਾਹਾਂ ਤੋਂ ਭੁੱਕੀ ਵੀ ਛੱਡੀ। ਗਾਂ ਆਲੀ ਆਣ ਐ। ਗੇਲੋ ਨੂੰ ਪੰਜ-ਤਿੰਨ ਆਖਣਾ ਸਭ ਬੰਦ। ਇਹ ਮੈਨੂੰ ਕੁਛ ਆਖੀ ਜਾਵੇ, ਮੈਂ ਨ੍ਹੀਂ ਬੋਲਣਾ। ਜੇ ਥੋਨੂੰ ਲਾਂਭਾ ਆ ਗਿਆ ਜੋ ਮਰਜ਼ੀ ਕਰਿਓ।’

ਪਰ ਮਹੀਨੇ-ਵੀਹ ਦਿਨ ਬਾਅਦ ਹੀ ਉਹ ਦਾ ਫੇਰ ਉਹੀ ਹਾਲ। ਉਹ ਦਾ ਤਾਂ ਨਿੱਤ ਦਾ ਕਾਟੋ ਕਲੇਸ਼ ਸੀ। ਕੀ ਕਰਦੇ ਭਰਾ। ਗੇਲੋ ਨੂੰ ਸਮਝਾਉਣ ਲੱਗਦੇ, ‘ਤੂੰ ਭਾਈ ਹਾਰ ਨਵਾਰ ਕਰ, ਕੱਟੀ ਜਾਹ। ਆਪੇ ਸਮਝੂ ਕਦੇ। ਇੱਕੋ ਜੇ ਦਿਨ ਸਦਾ ਨ੍ਹੀਂ ਰਹਿੰਦੇ ਹੁੰਦੇ।’

ਗੇਲੋ ਕਦੇ ਸੋਚਦੀ, ਉਹ ਇਸ ਘਰ ਨੂੰ ਛੱਡ ਦੇਵੇ। ਕੋਈ ਹੋਰ ਉਹ ਨੂੰ ਆਪਣੇ ਘਰ ਵਸਾ ਲਵੇ। ਪਰ ਅਜਿਹਾ ਸੰਭਵ ਨਹੀਂ ਸੀ। ਵਿਆਹੇ-ਵਰ੍ਹੇ ਬੰਦੇ ਉਹ ਦੇ ਨਾਲ ਖੇਹ ਖਾਂਦੇ। ਕੁਆਰੇ ਮੁੰਡੇ ਉਹ ਦੇ ਚੰਮ ਦੇ ਗਾਹਕ ਸਨ। ਉਹ ਨੂੰ ਘਰ ਵਸਾ ਕੇ ਕਿਸੇ ਨੇ ਕੀ ਕਰਨਾ ਸੀ। ਪੁਰਾਣਾ ਵਕਤ ਹੁੰਦਾ ਤਾਂ ਉਹ ਕਿਸੇ ਛੜੇ ਬੰਦੇ ਦੇ ਘਰ ਜਾ ਬੈਠਦੀ। ਛੜਾ ਬੰਦਾ ਪਿੰਡ ਵਿੱਚ ਹੁਣ ਕੋਈ ਰਿਹਾ ਨਹੀਂ ਸੀ। ਜ਼ਮੀਨ ਚਾਹੇ ਕਿੰਨੀ ਥੋੜ੍ਹੀ ਹੁੰਦੀ, ਨਾ ਵੀ ਹੁੰਦੀ ਤਾਂ ਵੀ ਸਾਕ ਸਭ ਨੂੰ ਹੋ ਜਾਂਦਾ ਸੀ। ਉਹ ਚਿੱਤ ਵਿੱਚ ਹੱਸਦੀ ਵੀ। ਜਦੋਂ ਸੁਖਦੇਵ ਵਰਗਾ ਨਿਕੰਮਾ ਬੰਦਾ ਵਿਆਹਿਆ ਗਿਆ ਤਾਂ ਪਿੰਡ ਵਿੱਚ ਹੋਰ ਕੌਣ ਹੈ, ਜਿਸ ਨੂੰ ਸਾਕ ਨਾ ਹੋਇਆ ਹੋਵੇ। ਕੁੜੀ ਵਾਲੇ ਮੁੰਡੇ ਦੇ ਕੰਮ ਨੂੰ ਦੇਖਦੇ। ਕੀ ਉਹ ਉਨ੍ਹਾਂ ਦੀ ਧੀ ਨੂੰ ਰੋਟੀ ਦੇ ਸਕਦੈ, ਬੱਸ ਐਨਾ ਹੀ ਕਾਫ਼ੀ ਹੁੰਦਾ। ਗੇਲੋ ਕਿਸੇ ਪਾਸੇ ਦੀ ਵੀ ਨਹੀਂ ਸੀ। ਸੁਖਦੇਵ ਦੇ ਡੰਡੇ ਉਹ ਦੀ ਕਿਸਮਤ ਬਣ ਕੇ ਰਹਿ ਗਏ।

ਸੁਖਦੇਵ ਭੁੱਕੀ ਖਾਂਦਾ ਤੇ ਨਸ਼ੇ ਵਿੱਚ ਗੜੂੰਦ ਹੋਇਆ ਪਿਆ ਰਹਿੰਦਾ। ਪਿਸ਼ਾਬ ਕਰਨ ਮੰਜੇ ਤੋਂ ਉੱਠਦਾ, ਬੌਂਦਲਿਆ ਜਿਹਾ। ਜਿਵੇਂ ਕਬਰ ਵਿੱਚੋਂ ਮੁਰਦਾ ਉੱਠ ਕੇ ਤੁਰ ਪਿਆ ਹੋਵੇ।

ਨਣਦ-ਭਰਜਾਈ ਦਾ ਭੇਤ ਸਾਂਝਾ ਸੀ। ਉਹ ਰਲ-ਮਿਲ ਕੇ ਘਰ ਦਾ ਤੋਰਾ ਤੋਰਦੀਆਂ। ਸੀਤੋ ਕੋਲ ਪਿੰਡ ਦਾ ਕੋਈ ਮੁੰਡਾ ਆਉਂਦਾ ਤਾਂ ਗੇਲੋ ਉਨ੍ਹਾਂ ਦੀ ਰਾਖੀ ਕਰਦੀ। ਨਵੇਂ ਮੁੰਡੇ ਦੀ ਗੱਲਬਾਤ ਗੇਲੋ ਰਾਹੀਂ ਤੈਅ ਹੁੰਦੀ। ਗੇਲੋ ਕੋਲ ਆਇਆ ਬੰਦਾ ਸੀਤੋ ਲਈ ਮਹਿਮਾਨ ਹੁੰਦਾ। ਸੁਖਦੇਵ ਲਈ ਨਸ਼ੇ ਦੀ ਘੂਕੀ ਇਕ ਸੰਘਣਾ ਹਨੇਰਾ ਸੀ। ਇਹ ਹਨ੍ਹੇਰੇ ਵਿੱਚ ਨਣਦ-ਭਰਜਾਈ ਦਾ ਕਾਰੋਬਾਰ ਚੱਲਦਾ ਰਹਿੰਦਾ।

ਪਰ ਇਹ ਹਨੇਰਾ ਦੋਵਾਂ ਨੂੰ ਪਸੰਦ ਨਹੀਂ ਸੀ। ਸੀਤੋ ਦਾ ਸੁਪਨਾ ਜਾਗਦਾ, ਕੋਈ ਉਹਨੂੰ ਲੈ ਲਵੇ ਤੇ ਆਪਣੇ ਘਰ ਵਸਾਏ। ਉਹ ਦੇ ਨਾਲ ਵਿਆਹ ਕਰਵਾ ਲਏ ਕੋਈ। ਆਪਣੀ ਸੋਚ ਉਡਾਰੀ ਨਾਲ ਉਹ ਇਕੱਲੀ ਬਹਿ ਕੇ ਗੱਲਾਂ ਕਰਦੀ। ਉਹ ਦੀ ਬਰਾਤ ਕਦੋਂ ਆਵੇਗੀ? ਉਹਦੇ ਵਿਆਹ ਦਾ ਲਾਊਡ ਸਪੀਕਰ ਕਦੋਂ ਵੱਜੇਗਾ? ਲਾਊਡ ਸਪੀਕਰ ਵੱਜੇਗਾ ਤਾਂ ਪਿੰਡ ਵਿੱਚ ਪਤਾ ਲੱਗੇਗਾ ਕਿ ਸੁਖਦੇਵ ਦੀ ਭੈਣ ਸੀਤੋ ਦਾ ਵਿਆਹ ਐ ਬਈ। ਗੱਲਾਂ ਹੋਣਗੀਆਂ, ‘ਮੁੰਡਾ ਕਿੱਥੋਂ ਢੁਕਿਐ ਬਈ?’ ਪਰ ਉਹ ਦਾ ਸੁਪਨਾ ਲੰਮੀ ਉਡਾਰੀ ਮਾਰ ਕੇ ਕੱਚੀ ਡੋਰ ਦੇ ਟੁੱਟ ਜਾਣ ਵਾਂਗ ਧਰਤੀ 'ਤੇ ਛਾਪਲ ਕੇ ਬੈਠ ਜਾਂਦਾ ਅਤੇ ਉਹ ਦੇ ਧੁਰ ਅੰਦਰੋਂ ਲੰਮੇ-ਲੰਮੇ ਹਉਕੇ ਨਿਕਲਣ ਲੱਗਦੇ। ਕੀ ਬਣਾਵੇ ਉਹ ਆਪਣੇ ਇਸ ਸਰੀਰ ਦਾ? ਸੋਨੇ ਜਿਹੀ ਦੇਹ ਕਿਹੜੇ ਲੇਖੇ ਲਾਵੇ?

ਗੇਲੋ ਲਈ ਸੁਖਦੇਵ ਉਹ ਦੇ ਘਰਵਾਲਾ ਤਾਂ ਸੀ, ਪਰ ਇਹ ਘਰ ਕਦੋਂ ਘਰ ਜਿਹਾ ਸੀ? ਇਸ ਮਕਾਨ ਵਿੱਚ ਤਾਂ ਮਾਸ ਮੁੱਲ ਵਿਕਦਾ। ਹਵਸ ਦੀ ਪੂਰਤੀ ਤੱਕੜੀ ਨਾਲ ਤੋਲ ਕੇ ਕੀਤੀ ਜਾਂਦੀ। ਵਪਾਰੀ ਸੌਦਾ ਲੈਣ ਆਉਂਦੇ ਸਨ। ਉਹ ਸੋਚਦੀ, ਕਾਸ਼। ਉਹ ਦਾ ਕੋਈ ਘਰ ਹੁੰਦਾ। ਘਰ ਜਿਹਾ ਘਰ ਜਿਸ ਵਿੱਚ ਉਹ ਦਾ ਪਤੀ ਸਵੇਰ ਤੋਂ ਸ਼ਾਮ ਤੱਕ ਕਮਾਉਂਦਾ। ਮਿੱਟੀ ਨਾਲ ਮਿੱਟੀ ਬਣਿਆ ਰਹਿੰਦਾ। ਉਨ੍ਹਾਂ ਦੇ ਆਪਣੇ ਬੱਚੇ ਹੁੰਦੇ। ਉਹ ਗਲ-ਗਲ ਤੱਕ ਕਬੀਲਦਾਰੀ ਵਿੱਚ ਧਸੀ ਰਹਿੰਦੀ। ਘਰੇਲੂ ਚਿੰਤਾਵਾਂ ਵਿੱਚ ਜਿਉਂਦੀ ਜਾਗਦੀ। ਹੁਣ ਤਾਂ ਇਸ ਘਰ ਵਿੱਚ ਘਰ ਵਰਗੀ ਕੋਈ ਗੱਲ ਨਹੀਂ ਹੈ।

ਉਹ ਆਂਢਣਾਂ-ਗੁਆਂਢਣਾਂ ਨੂੰ ਦੇਖਦੀ। ਗੁਆਂਢੀ ਔਰਤਾਂ, ਆਪਣੇ ਬੱਚਿਆਂ ਨੂੰ ਗਾਲ੍ਹਾਂ ਕੱਢਦੀਆਂ, ਉੱਚਾ-ਉੱਚਾ ਬੋਲਦੀਆਂ, ਸਿਰ ਖਪਾਉਂਦੀਆਂ। ਘਰ ਵਾਲੇ ਨਾਲ ਕਿਸੇ ਘਰੇਲੂ ਮਸਲੇ ਵਿੱਚ ਦੂਰੋ-ਦੂਰੀ ਹੁੰਦੀਆਂ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ। ਗੈਲੋ ਲਈ ਤਾਂ ਲੜਾਈ-ਝਗੜੇ ਲਈ ਵੀ ਕੋਈ ਮੈਦਾਨ ਨਹੀਂ ਸੀ। ਕੀਹਦੇ ਨਾਲ ਲੜਦੀ ਉਹ ਕਾਹਦੇ ਪਿੱਛੇ ਲੜਦੀ।

ਨਣਦ-ਭਰਜਾਈ ਇੱਕ ਦਿਨ ਅਚਾਨਕ ਨੇੜੇ ਦੇ ਸ਼ਹਿਰ ਆਈਆਂ। ਨ੍ਹਾ-ਧੋ ਕੇ ਨਵੇਂ ਕੱਪੜੇ ਪਾ ਕੇ ਆਈਆਂ ਸਨ। ਜਿਵੇਂ ਵਿਆਹ ਜਾਣਾ ਹੋਵੇ। ਦਿਨ ਵੇਲੇ ਤਾਂ ਬਜ਼ਾਰ ਦੀਆਂ ਦੁਕਾਨਾਂ ਤੇ ਫਿਰਦੀਆਂ-ਤੁਰਦੀਆਂ ਰਹੀਆਂ। ਸੂਰਜ ਛਿਪਦੇ ਨੂੰ ਉਹ ਸਟੇਸ਼ਨ ਤੇ ਆ ਬੈਠੀਆਂ। ਗੱਡੀ ਮੂੰਹ-ਹਨ੍ਹੇਰੇ ਆਉਂਦੀ ਹੁੰਦੀ। ਉਨ੍ਹਾਂ ਨੇ ਅੰਬਾਲੇ ਦੀਆਂ ਟਿਕਟਾਂ ਲਈਆਂ। ਉਹ ਘਰੋਂ ਮਿੱਥ ਕੇ ਤੁਰੀਆਂ ਸਨ ਕਿ ਅੰਬਾਲੇ ਜਾ ਕੇ ਉਹ ਕੰਜਰੀਆਂ ਵਾਲਾ ਧੰਦਾ ਕਰਨਗੀਆਂ। ਉਨ੍ਹਾਂ ਨੇ ਗੱਲਾਂ ਸੁਣੀਆਂ ਹੋਈਆਂ ਸਨ, ਉੱਥੇ ਅਜਿਹੇ ਅੱਡੇ ਹਨ। ਉਹ ਭਾਲ ਲੈਣਗੀਆਂ ਉਨ੍ਹਾਂ ਅੱਡਿਆਂ ਨੂੰ, ਦਲਾਲ ਬੰਦੇ ਖੁਦ ਵੀ ਅਜਿਹੀਆਂ ਔਰਤਾਂ ਦੇ ਇੰਤਜ਼ਾਰ ਵਿੱਚ ਰਹਿੰਦੇ ਹਨ। ਪਿੰਡ ਵਿਚ ਵੀ ਤਾਂ ਉਹ ਇਹੀ ਧੰਦਾ ਕਰਦੀਆਂ ਸਨ। ਸਾਰਾ ਪਿੰਡ ਉਨ੍ਹਾਂ ਨੂੰ ਦੇਖਦਾ ਹੈ। ਸਾਰੇ ਪਿੰਡ ਸਾਹਮਣੇ ਉਨ੍ਹਾਂ ਨੂੰ ਸਿਰ ਨੀਵਾਂ ਰੱਖ ਕੇ ਜਿਉਣਾ ਪੈਂਦਾ ਹੈ। ਜੇ ਇਹੀ ਕੰਮ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਹੈ, ਉਹ ਸ਼ਹਿਰ ਜਾ ਕੇ ਕਰਨਗੀਆਂ। ਉੱਥੇ ਉਨ੍ਹਾਂ ਨੂੰ ਹੋਰ ਕੋਈ ਨਹੀਂ ਜਾਣਦਾ। ਜੋ ਜਾਣਦੇ ਹੋਇਆ ਕਰਨਗੇ, ਉਨ੍ਹਾਂ ਕੋਲ ਆਇਆ ਕਰਨਗੇ। ਕਮਾਉਣਗੀਆਂ ਤੇ ਖਾਣਗੀਆਂ। ਮੌਜਾਂ ਕਰਨਗੀਆਂ। ਘਰ ਨਹੀਂ ਸਹੀ ਚੁਬਾਰਾ ਤਾਂ ਹੋਵੇਗਾ।

ਗੱਡੀ ਦੇ ਡੱਬੇ ਵਿੱਚ ਉਨ੍ਹਾਂ ਦੀ ਸੀਟ ਦੇ ਸਾਹਮਣੇ ਦੋ ਬੰਦੇ ਬੈਠੇ ਸਨ। ਉਹ ਅਗਾਂਹ ਕਿਤੋਂ ਆ ਰਹੇ ਸਨ। ਦੇਖਣ ਨੂੰ ਭਲੇਮਾਣਸ ਜਿਹੇ ਲੱਗਦੇ ਸਨ, ਪਰ ਉਨ੍ਹਾਂ ਵੱਲ ਲਗਾਤਾਰ ਝਾਕੀ ਜਾ ਰਹੇ ਸਨ। ਦੋ ਕੁ ਸਟੇਸ਼ਨ ਅਗਾਂਹ ਜਾ ਕੇ ਉਨ੍ਹਾਂ ਵਿੱਚ ਗੱਲਾਂ ਹੋਣ ਲੱਗੀਆਂ। ਕਿੱਥੋਂ ਚੱਲੇ ਹੋ, ਕਿੱਥੇ ਜਾ ਰਹੇ ਹੋ, ਗੱਲਾਂ ਇੱਕ-ਦੂਜੇ ਨੇ ਸੁਣੀਆਂ। ਦੋਵੇਂ ਬੰਦੇ ਪੰਜਾਬ ਦੇ ਨਹੀਂ ਸਨ, ਪਰ ਪੰਜਾਬ ਵਿੱਚ ਆਉਂਦੇ ਜਾਂਦੇ ਸਨ। ਉਨ੍ਹਾਂ ਦਾ ਕੰਮ ਅਜਿਹਾ ਹੀ ਕੋਈ ਸੀ। ਸਟੇਸ਼ਨ ਲੰਘਦੇ ਗਏ। ਗੱਲਾਂ ਹੋਰ ਹੁੰਦੀਆਂ ਰਹੀਆਂ। ਬੰਦਿਆਂ ਨੇ ਭਾਂਪਿਆ, ਉਹ ਦੋਵੇਂ ਜਣੀਆਂ ਅੰਦਰੋਂ ਉਖੜੀਆਂ ਹੋਈਆਂ ਹਨ। ਦੋਵਾਂ ਦਾ ਥਾਂ ਟਿਕਾਣਾ ਕੋਈ ਨਹੀਂ। ਦੋਵੇਂ ਹੀ ਕਿਸੇ ਥਾਂ ਟਿਕਾਣੇ ਪਹੁੰਚਣਾ ਚਾਹੁੰਦੀਆਂ ਹਨ। ਦੋਵਾਂ ਦਾ ਕੋਈ ਥਾਂ ਟਿਕਾਣਾ ਉਨ੍ਹਾਂ ਨੂੰ ਉਡੀਕ ਰਿਹਾ ਸੀ। ਦੋਵਾਂ ਦੀ ਭਾਵਨਾ ਸੀ, ਕੋਈ ਉਨ੍ਹਾਂ ਨੂੰ ਰੋਟੀ ਕੱਪੜਾ ਦੇ ਸਕਦਾ ਹੋਵੇ। ਉਨ੍ਹਾਂ ਨੂੰ ਘਰ ਵਸਾਵੇ। ਕੋਈ ਵੀ ਹੋਵੇ, ਲਖਮੀ ਰਾਮ ਤੇ ਨਗਾਹੀ ਲਾਲ ਨੇ ਦਿੱਲੀ ਜਾਣਾ ਸੀ, ਪਰ ਉਹ ਅੰਬਾਲੇ ਹੀ ਉਤਰ ਗਏ। ਚਾਰਾਂ ਵਿੱਚ ਇੱਕ ਪਰਸਪਰ ਜਿਹੀ ਸਾਂਝ ਪੈਦਾ ਹੋ ਚੁੱਕੀ ਸੀ। ਕਿਸੇ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ, ਕੋਈ ਓਹਲਾ ਨਹੀਂ ਸੀ, ਕੋਈ ਸ਼ੱਕ ਨਹੀਂ ਸੀ। ਬੰਦਿਆਂ ਕੋਲ ਕਾਫ਼ੀ ਪੈਸੇ ਸਨ। ਕਮੀਜ਼ਾਂ ਥੱਲੇ ਪਹਿਨੀਆਂ ਜਾਕਟਾਂ ਦੀਆਂ ਜੇਬਾਂ ਦੇਖੀਆਂ ਸਨ। ਇਸੇ ਕਰਕੇ ਜਾਂ ਕਿਸੇ ਹੋਰ ਖਿੱਚ ਨਾਲ ਉਹ ਦੋਵੇਂ ਉਨ੍ਹਾਂ ਦੇ ਮਗਰ ਲੱਗ ਤੁਰੀਆਂ। ਸਟੇਸ਼ਨ ਤੋਂ ਬਾਹਰ ਉਨ੍ਹਾਂ ਨੇ ਇੱਕ ਹੋਟਲ ਵਿੱਚ ਰੋਟੀ ਖਾਧੀ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਫੇਰ ਉਸੇ ਹੋਟਲ ਵਿੱਚ ਇੱਕ ਕਮਰਾ ਲੈ ਕੇ ਚਾਰਾਂ ਨੇ ਰਾਤ ਕੱਟੀ। ਲਖਮੀ ਰਾਮ ਤੇ ਨਗਾਹੀ ਲਾਲ ਆਪਸ ਵਿੱਚ ਹਿੰਦੀ ਵਰਗੀ ਕੋਈ ਭਾਸ਼ਾ ਬੋਲਦੇ, ਉਨ੍ਹਾਂ ਨਾਲ ਪੰਜਾਬੀ ਜਿਹੀ ਬੋਲਦੇ। ਲਖਮੀ ਰਾਮ ਵੱਡਾ ਸੀ ਤੇ ਉਹਨੇ ਗੇਲੋ ਦੇ ਮੋਢੇ 'ਤੇ ਹੱਥ ਰੱਖ ਦਿੱਤਾ ਤੇ ਆਖ ਦਿੱਤਾ ਕਿ ਤੂੰ ਮੇਰੀ ਹੋ ਚੁੱਕੀ। ਸਾਫ਼ ਸੀ ਫਿਰ ਨਗਾਹੀ ਲਾਲ ਦੀ ਵੰਡ ਵਿੱਚ ਸੀਤੋ ਆ ਗਈ।

ਗੇਲੋ ਦਾ ਰੰਗ ਪਿੱਲੀਆਂ ਇੱਟਾਂ ਜਿਹਾ ਸੀ। ਸਰੀਰ ਢਿਲਕਿਆ-ਢਿਲਕਿਆ। ਲਖਮੀ ਰਾਮ ਦਾ ਰੰਗ ਗੋਰਾ ਸੀ। ਪਰ ਉਹਦਾ ਜੁੱਸਾ ਤਕੜਾ ਸੀ। ਗੇਲੋ ਉਹਦੇ ਨਾਲ ਰਹਿ ਕੇ ਖ਼ੁਸ਼ ਸੀ। ਉਹਦੇ ਅੰਗਾਂ ਵਿੱਚੋਂ ਗੇਲੋ ਨੂੰ ਅਲੋਕਾਰ ਜਿਹਾ ਸੁੱਖ ਮਿਲਿਆ। ਸੀਤੋ ਰੰਗ ਦੀ ਪੱਕੀ ਸੀ। ਸਰੀਰ ਗਠਿਆ ਹੋਇਆ। ਨਗਾਹੀ ਲਾਲ ਜਮਾ ਕਾਲ਼ਾ ਧੂਸ ਸੀ। ਦੋਵੇਂ ਇੱਕ-ਦੂਜੇ ਨੂੰ ਚੰਗੇ ਲੱਗੇ।

ਦੋਵਾਂ ਦੇ ਟਿਕਾਣੇ ਦਿੱਲੀ ਵਿੱਚ ਸਨ। ਲਖਮੀ ਹੋਰ ਪਾਸੇ ਰਹਿੰਦਾ ਸੀ ਤੇ ਨਗਾਹੀ ਹੋਰ ਪਾਸੇ। ਦਿੱਲੀਓਂ ਬਾਹਰ ਜਾਂਦੇ ਤਾਂ ਕਿਵੇਂ ਨਾ ਕਿਵੇਂ ਇਕੱਠੇ ਹੋ ਜਾਂਦੇ। ਲਖਮੀ ਹੰਢਿਆ ਹੋਇਆ ਬੰਦਾ ਸੀ। ਕੰਮ-ਧੰਦੇ ਵਿੱਚ ਨਗਾਹੀ ਉਹਦਾ ਸ਼ਾਗਿਰਦ ਸੀ। ਹੁਣ ਉਹ ਪਤਨੀਆਂ ਨੂੰ ਘਰੀਂ ਛੱਡ ਕੇ ਪੰਜਾਬ ਚਲੇ ਜਾਂਦੇ, ਹਰਿਆਣੇ ਚਲੇ ਜਾਂਦੇ, ਰਾਜਸਥਾਨ ਤੇ ਯੂ.ਪੀ. ਵਿੱਚ ਚਲੇ ਜਾਂਦੇ। ਸੀਤੋ ਤੇ ਗੇਲੋ ਘਰਾਂ ਵਿੱਚ ਰਹਿੰਦੀਆਂ ਤੇ ਮੌਜਾਂ ਕਰਦੀਆਂ। ਉਨ੍ਹਾਂ ਲਈ ਖਾਣ-ਪੀਣ ਨੂੰ ਖੁੱਲ੍ਹਾ ਸੀ। ਚੰਗੇ ਵਾਹਵਾ ਮਕਾਨ ਸਨ। ਜਦੋਂ ਉਹ ਦਿੱਲੀ ਵਿੱਚ ਹੁੰਦੇ ਤਾਂ ਇੱਕ-ਦੂਜੇ ਦੇ ਘਰੀਂ ਵੀ ਜਾਂਦੇ। ਸੀਤੋ ਤੇ ਗੇਲੋ ਸਹੇਲੀਆਂ ਵਾਂਗ ਮਿਲਦੀਆ ਇਕੱਠੀਆਂ ਬੈਠ ਕੇ ਕਦੇ ਗੱਲਾਂ ਕਰਦੀਆਂ ਤੇ ਸੁੱਖ ਦਾ ਸਾਹ ਲੈਂਦੀਆਂ। ਗੇਲੋ ਆਖਦੀ, "ਹੁਣ ਠੀਕ ਆਂ ਆਪਾਂ। ਨੀ ਬਥੇਰਾ ਮੋਹ ਕਰਦੇ ਨੇ ਇਹ ਤਾਂ ਆਪਾਂ ਨੂੰ। ਲਖਮੀ ਤਾਂ ਮੇਰੇ ਪੈਰਾਂ ਥੱਲੇ ਹੱਥ ਦਿੰਦੈ।'

ਸੀਤੋ ਹੱਸਦੀ, "ਪਿਆਰ ਤਾਂ ਨਗਾਹੀ ਵੀ ਅੰਤਾਂ ਦਾ ਕਰਦੈ। ਪਰ ਦੇਖਣ 'ਚ ਚੂਹੜਾ ਜ੍ਹਾ ਲੱਗਦੈ-ਜੈਖਾਣਾ। ਊਂ ਜਦੋਂ ਐਥੇ ਹੁੰਦੈ, ਸਾਰੀ ਰਾਤ ਖਹਿੜਾ ਨੀਂ ਛੱਡਦਾ। ਜਿਵੇਂ ਨਵੀਂ ਮੁਕਲਾਵੇ ਆਈ ਹੋਵਾਂ। ਬਾਹਲਾ ਹੀ ਚਾਹੁੰਦੈ, ਭਾਈ ਮੈਨੂੰ ਤਾਂ। ਫੇਰ ਜਦੋਂ ਜਾਉ ਦੱਸ ਕੇ ਜਾਉ ਬਈ ਮੈਂ ਐਨੇ ਦਿਨ ਨੀਂ ਆਉਂਦਾ ਹੁਣ। ਨੋਟਾਂ ਦੀ ਮੁੱਠੀ ਭਰ ਕੇ ਫ਼ੜਾ ਦਿੰਦੈ। ਆਖਦੈ, ਆਹ ਲੈ, ਤੰਗੀ ਨਾ ਕੱਟੀਂ।"

ਦੋਵੇਂ ਚਾਂਭੜਾਂ ਪਾਉਂਦੀਆਂ, ‘ਨੀ ਆਪਾਂ ਤਾਂ ਸੁਰਗ ‘ਚ ਆ ਗੀਆਂ।' ਏਦਾਂ ਹੀ ਦੋ ਸਾਲ ਲੰਘ ਗਏ। ਫੇਰ ਪੈਸਿਆਂ ਪਿੱਛੇ ਉਨ੍ਹਾਂ ਦੀ ਲੜਾਈ ਹੋ ਗਈ। ਨਗਾਹੀ ਕਹਿੰਦਾ ਸੀ, 'ਮੈਨੂੰ ਪੂਰਾ ਹਿੱਸਾ ਨਹੀਂ ਮਿਲਿਆ।’ ਲਖਮੀ ਦਾ ਜਵਾਬ ਸੀ, 'ਤੇਰਾ ਐਨਾ ਹੀ ਬਣਦਾ ਸੀ।'

ਫੇਰ ਉਹ ਆਪਣਾ-ਆਪਣਾ ਧੰਦਾ ਕਰਨ ਲੱਗੇ। ਇੱਕ-ਦੂਜੇ ਨੂੰ ਮਿਲਦੇ ਵੀ ਨਹੀਂ ਸਨ। ਉਨ੍ਹਾਂ ਦਾ ਮਿਲਣਾ ਬੰਦ ਹੋਇਆ ਤਾਂ ਨਾਲ ਹੀ ਸੀਤੋ ਤੇ ਗੇਲੋ ਵੀ ਮਿਲਣੋਂ ਰਹਿ ਗਈਆਂ। ਉਨ੍ਹਾਂ ਦੇ ਘਰ ਦਸ-ਦਸ ਮੀਲਾਂ ‘ਤੇ ਸਨ। ਪੇਂਡੂ ਜ਼ਨਾਨੀਆਂ। ਉਨ੍ਹਾਂ ਨੂੰ ਤਾਂ ਬੱਸ ਦਾ ਪਤਾ ਨਹੀਂ ਸੀ, ਕਿਹੜੀ ਕਿੱਧਰ ਨੂੰ ਜਾਂਦੀ ਹੈ।

ਦੋਵੇਂ ਡਰਦੀਆਂ ਸਨ, ਕਿਧਰੇ ਗਵਾਚ ਹੀ ਨਾ ਜਾਣ। ਛੇ ਮਹੀਨੇ ਲੰਘ ਗਏ। ਉਹ ਇਕੱਲੀਆਂ ਰਹਿ ਗਈਆਂ। ਗੇਲੋ ਲਖਮੀ ਨੂੰ ਆਖਦੀ, 'ਤੁਸੀਂ ਭਾਵੇਂ ਕਿੰਨਾ ਗੁੱਸੇ-ਗਿਲ੍ਹੇ ਰਹੋ, ਮੇਰਾ ਤਾਂ ਬਾਹਲਾ ਚਿੱਤ ਕਰਦੈ, ਜਾਣੀ ਕੋਈ ਚਿੜੀ-ਜਨੌਰ ਬਣ ਕੇ ਸੀਤੋ ਨੂੰ ਜਾ ਮਿਲਾਂ। ਮੈਨੂੰ ਇੱਕ ਵਾਰੀ ਤਾਂ ਮਿਲਾ ਦੇ ਉਹਨੂੰ। ਪਤਾ ਨ੍ਹੀਂ ਵਿਚਾਰੀ ਦਾ ਕੀ ਹਾਲ ਹੋਊਗਾ?’ ਤੇ ਫੇਰ ਲਖਮੀ ਉਹਨੂੰ ਲੈ ਕੇ ਗਿਆ। ਮਕਾਨ ਨੂੰ ਜਿੰਦਰਾ ਲੱਗਿਆ ਹੋਇਆ ਸੀ। ਇੱਧਰ-ਉੱਧਰ ਗਵਾਂਢੀਆਂ ਤੋਂ ਪੁੱਛਿਆ। ਐਡੇ ਵੱਡੇ ਸ਼ਹਿਰ ਵਿੱਚ ਗੁਆਂਢ ਨਾਉਂ ਦੀ ਕੋਈ ਚੀਜ਼ ਨਹੀਂ ਸੀ। ਇੱਕ ਜ਼ਨਾਨੀ ਨੇ ਐਨਾ ਦੱਸਿਆ, 'ਭਾਈ ਅਸੀਂ ਤਾਂ ਕਦੇ ਦਰਵਾਜ਼ਾ ਖੁੱਲ੍ਹਾ ਨ੍ਹੀਂ ਦੇਖਿਆ, ਇੱਕ ਮ੍ਹੀਨੇ ਤੋਂ। ਨਾ ਉਹ ਤੀਮੀਂ ਦੇਖੀ ਹੈ। ਅੱਗੇ ਤਾਂ ਬਾਰ ਵਿੱਚ ਖੜ੍ਹੀ ਕਦੇ ਦਿਸ ਜਾਂਦੀ ਸੀ। ਲੱਗਦੈ, ਮਕਾਨ ਛੱਡ ‘ਗੇ ਉਹ।’

ਉੱਧਰ ਪਿੰਡ ਵਿੱਚ ਸੁਖਦੇਵ ਦਾ ਬੁਰਾ ਹਾਲ ਸੀ। ਉਹਨੂੰ ਭੈਣ ਤੇ ਬਹੂ ਦਾ ਵੱਡਾ ਮਿਹਣਾ ਸੀ।

ਉਹਨੂੰ ਕੋਈ ਕੁਝ ਆਖਦਾ ਤਾਂ ਉਹ ਕੰਨ ਬੰਦ ਕਰ ਲੈਂਦਾ। ਅਗਲੇ ਦੀ ਗੱਲ ਸੁਣਦਾ ਹੀ ਨਹੀਂ ਸੀ। ਉਹਨੂੰ ਵੱਡਾ ਫ਼ਿਕਰ ਸੀ ਤਾਂ ਰੋਟੀ ਦਾ ਸੀ। ਭੁੱਖਾ ਰਹਿ-ਰਹਿ ਜਦੋਂ ਉਹਦੀ ਕੋਈ ਪੇਸ਼ ਨਾ ਗਈ ਤਾਂ ਉਹ ਗੁਰਦੁਆਰੇ ਜਾ ਬੈਠਾ। ਘਰ ਨੂੰ ਜਿੰਦਰਾ ਲਾ ਰੱਖਦਾ। ਘਰ ਵਿੱਚ ਜਿੰਦਰਾ ਲਾਉਣ ਨੂੰ ਸੀ ਵੀ ਕੀ। ਘਰ ਵਿੱਚ ਤਾਂ ਉਹ ਸਿਰਫ਼ ਰਾਤ ਕੱਟਣ ਆਉਂਦਾ। ਭੁੱਕੀ ਦੇ ਨਸ਼ੇ ਵਿੱਚ ਉਹਨੂੰ ਕੋਈ ਅਹਿਸਾਸ ਨਹੀਂ ਰਹਿ ਜਾਂਦਾ ਸੀ ਕਿ ਘਰ ਬਹੂ ਬਗ਼ੈਰ ਖਾਲੀ ਹੈ। ਇੱਥੇ ਹੀ ਕਿਤੇ ਉਹਦੀ ਮਾਂ ਜਾਈ ਭੈਣ ਬੈਠੀ ਹੁੰਦੀ। ਗੁਰਦੁਆਰੇ ਉਹਨੂੰ ਤੜਕੇ-ਤੜਕੇ ਵੇਸਣੀ ਰੋਟੀ ਖਾਣ ਨੂੰ ਮਿਲਦੀ, ਚਾਹ ਦੀ ਬਾਟੀ ਹੁੰਦੀ। ਦੁਪਹਿਰ ਵੇਲੇ ਭਾਂਤ-ਭਾਂਤ ਦੀਆਂ ਰੋਟੀਆਂ। ਪਿੰਡ ਵਿੱਚੋਂ ਪਰਸ਼ਾਦੇ ਆਉਂਦੇ ਸਨ। ਦਾਲਾਂ-ਸਬਜ਼ੀਆਂ ਆਉਂਦੀਆਂ ਸਨ। ਦੁਪਹਿਰ ਤੋਂ ਪਿਛਲੇ ਪਹਿਰ ਤੱਕ ਲੰਗਰ ਵਰਤਦਾ ਰਹਿੰਦਾ। ਰਾਹੀ-ਪਾਂਧੀ, ਬੁੜ੍ਹੇ-ਠੇਰੇ, ਜਿਨ੍ਹਾਂ ਦੀ ਘਰ ਵਿੱਚ ਕੋਈ ਪੁੱਛ-ਦੱਸ ਨਾ ਹੁੰਦੀ, ਪ੍ਰਸ਼ਾਦਾ ਛਕਦੇ। ਸੁਖਦੇਵ ਇਨ੍ਹਾਂ ਸਭ ਵਿੱਚ ਸ਼ਾਮਿਲ ਸੀ। ਆਥਣ ਵੇਲੇ ਗੁਰਦੁਆਰੇ ਵਿੱਚ ਲੰਗਰ ਪੱਕਦਾ, ਆਥਣੇ ਵੀ ਉਹਨੂੰ ਪ੍ਰਸ਼ਾਦਾ ਮਿਲ ਜਾਂਦਾ। ਗੁਰੂ ਦਾ ਘਰ ਸੀ, ਉੱਥੇ ਤਾਂ ਕਿਸੇ ਨੂੰ ਇਨਕਾਰ ਹੀ ਨਹੀਂ ਸੀ। ਸੁਖਦੇਵ ਭੁੱਕੀ ਖਾ ਕੇ ਮਸਤ ਹੋਇਆ ਇੱਕ ਟੁੱਟੀ ਜਿਹੀ ਮੰਜੀ ਵਿੱਚ ਲਮਕਿਆ ਪਿਆ ਰਹਿੰਦਾ। ਉੱਠ ਕੇ ਤੁਰਦਾ ਜਿਵੇਂ ਕਈ ਵਰ੍ਹਿਆਂ ਤੋਂ ਬਿਮਾਰ ਸੀ। ਗੁਰਦੁਆਰੇ ਵਿੱਚ ਬੈਠੇ ਬਜ਼ੁਰਗ ਬੰਦੇ ਉਹਨੂੰ ਸੁਣਾ ਕੇ ਆਖਦੇ ‘ਰੰਨ ਨ੍ਹੀਂ, ਕੰਨ ਨ੍ਹੀਂ, ਮੌਜਾਂ ਮਾਣਦੈ ਬਈ ਸਰਦਾਰ ਸੁਖਦੇਵ ਸਿੰਘ।'

ਹੋਰ ਕੋਈ ਆਖਦਾ, 'ਇਹਨੂੰ ਸ਼ਰਮ ਤਾਂ ਭੋਰਾ ਨੀ ਕਿਸੇ ਗੱਲ ਦੀ। ਭੈਣ ਕਿਧਰੇ ਤੁਰ ’ਗੀ, ਬਹੂ ਕਿਧਰੇ ਤੁਰ 'ਗੀ। ਭੈਣ ਚੋਦ ਨੇ ਪਿੰਡ ਨੂੰ ਦਾਗ਼ ਲਵਾ ’ਤਾ। ਹੁਣ ਆਹ ਫਿਰਦੈ ਢੇਕੇ ਭੰਨਦਾ।’

‘ਚੰਗਾ ਭਲਾ ਜੁਆਨ ਐ। ਜ਼ਮੀਨ ਦੇ ਦੋ ਓਰੇ ਵੀ ਹੈਗੇ ਕੋਲ। ਕਮੂਤ ਤੋਂ ਤੀਮੀਂ ਨ੍ਹੀਂ ਸਾਂਭੀ ਗਈ।'

‘ਤੀਮੀਂ ਤਾਂ ਚਲ ਬਗਾਨੀ ਧੀ ਸੀ, ਹੋਰ ਕੀ ਕਰਦੀ ਉਹ। ਇਹ ਤਾਂ ਨਿਕੰਮਾ ਸੀ। ਭੈਣ ਦਾ ਨ੍ਹੀਂ ਸੋਚਿਆ ਕੁਛ, ਪੱਟੇ ਵਏ ਨੇ।'

'ਉਏ ਭਾਈ, ਕੁੜੀ ਤੇ ਬਹੂ ਦੇ ਚਾਲੇ ਮਾੜੇ ਸੀ। ਇਹਦੇ ਕੀ ਵੱਸ ਸੀ।'

'ਇਹਦੇ ਕਰਕੇ ਈ ਉਨ੍ਹਾਂ ਦਾ ਪੈਰ ਘਰੋਂ ਬਾਹਰ ਹੋਇਆ। ਇਹ ਚੱਜ ਦਾ ਹੁੰਦਾ ਤਾਂ ਭੈਣ ਨੂੰ ਵੀ ਚਾਰ ਭਮਾਲੀਆਂ ਦਿੱਤੀਆਂ ਜਾਂਦੀਆਂ, ਤੀਵੀਂ ਵੀ ਵੱਸੀ ਰਹਿੰਦੀ। ਇਹ ਤਾਂ ਆਹ ਫਿਰਦੈ ਹੁਣ। ਪਾਂ ਆਲੇ ਕੁੱਤੇ ਆਂਗੂ ਜਾਨ ਜ਼੍ਹੀ ਬਚਾਉਂਦਾ।' ਸੁਖਦੇਵ ਬੋਲ਼ਾ ਨਹੀਂ ਸੀ। ਉਹਦੇ ਕੰਨਾਂ ਵਿੱਚ ਸਭ ਦੀਆਂ ਗੱਲਾਂ ਪੈਂਦੀਆਂ, ਪਰ ਉਹ ਅਣ-ਸੁਣੀਆਂ ਕਰ ਛੱਡਦਾ। ਉਹ ਸਮਝਦਾ, ਲੋਕ ਤਾਂ ਕੁੱਤੇ ਹਨ, ਭੌਂਕੀ ਜਾਂਦੇ ਨੇ।

ਇੱਕ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਪੁਲਿਸ ਦੇ ਚਾਰ ਸਿਪਾਹੀ ਤੇ ਥਾਣੇਦਾਰ ਲਖਮੀ ਦੇ ਘਰ ਅੱਗੇ ਆ ਖੜ੍ਹੇ। ਦਰਵਾਜ਼ਾ ਖੜਕਾਇਆ, ਲਖਮੀ ਘਰ ਹੀ ਸੀ ਤੇ ਗੇਲੋ ਉਹ ਦੀ ਪਤਨੀ ਵੀ। ਉਹ ਪੁਲਿਸ ਦੇਖ ਕੇ ਘਬਰਾ ਗਏ। ਕਿਉਂ ਆਈ ਹੈ ਪੁਲਿਸ? ਫੇਰ ਤਾਂ ਹੋਰ ਘਬਰਾਹਟ ਹੋਈ, ਜਦੋਂ ਉਨ੍ਹਾਂ ਨੇ ਦੇਖਿਆ ਕਿ ਪੁਲਿਸ ਵਾਲੇ ਸੀਤੋ ਨੂੰ ਲੈ ਕੇ ਆਏ ਹਨ। ਸਿਪਾਹੀਆਂ ਨੇ ਮਕਾਨ ਅੰਦਰ ਵੜਦਿਆਂ ਹੀ ਲਖਮੀ ਨੂੰ ਕਾਬੂ ਕਰ ਲਿਆ। ਪਹਿਲਾਂ ਤਾਂ ਉਹਨੇ ਸ਼ੱਕ ਕੀਤਾ ਕਿ ਇਹ ਭਾਣਾ ਨਗਾਹੀ ਦੇ ਪੈਰੋਂ ਬੀਤਿਆ ਹੈ। ਪਰ ਫੇਰ ਉਹ ਉਹ ਸੋਚਣ ਲੱਗਿਆ, ਸੀਤੋ ਕਿਉਂ ਨਾਲ ਆਈ ਹੈ? ਸੀਤੋ ਅਜਿਹਾ ਭੈੜਾ ਕੰਮ ਨਹੀਂ ਕਰਵਾ ਸਕਦੀ। ਸੀਤੋ ਤਾਂ ਉਨ੍ਹਾਂ ਦੀ ਆਪਣੀ ਹੈ। ਫੇਰ ਉਹ ਨੇ ਫ਼ਿਕਰ ਕੀਤਾ ਕਿ ਜੇ ਸੀਤੋ ਹੈ ਤਾਂ ਨਗਾਹੀ ਕਿੱਥੇ ਹੈ? ਉਹ ਦੀ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ। ਪੁਲਿਸ ਵਾਲੇ ਉਹਨੂੰ ਹੁਣ ਉਨ੍ਹਾਂ ਦੇ ਨਾਲ ਥਾਣੇ ਜਾਣ ਲਈ ਆਖ ਰਹੇ ਸਨ। ਉਹ ਗੇਲੋ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਸਨ। ਸੀਤੋ ਚੁੱਪ ਖੜ੍ਹੀ ਸੀ। ਕੁਝ ਨਹੀਂ ਬੋਲ ਰਹੀ ਸੀ। ਉਹ ਮੂੰਹ ਖੋਲ੍ਹਣ ਲਗਦੀ ਤਾਂ ਸਿਪਾਹੀ ਉਹ ਨੂੰ ਝਿੜਕ ਦਿੰਦਾ। |

ਗੱਲ ਇਹ ਸੀ ਕਿ ਨਗਾਹੀ ਆਪਣੇ ਘਰ ਓਪਰਿਆਂ ਬੰਦਿਆਂ ਨੂੰ ਲਿਆਉਣ ਲੱਗਿਆ ਸੀ। ਸੀਤੋ ਉਹਨੂੰ ਮਨ੍ਹਾਂ ਕਰਦੀ। ਪਰ ਉਹ ਹਟਦਾ ਨਹੀਂ ਸੀ। ਉਹ ਸ਼ਰਾਬ ਪੀਂਦੇ ਤੇ ਸੀਤੋ ਨੂੰ ਵੀ ਖਰਾਬ ਕਰਦੇ। ਅਖ਼ੀਰ ਇੱਕ ਦਿਨ ਨਗਾਹੀ ਘਰ ਨਹੀਂ ਆਇਆ। ਦੋ ਦਿਨ, ਚਾਰ ਦਿਨ, ਉਹ ਤਾਂ ਹਫ਼ਤਾ ਨਹੀਂ ਮੁੜਿਆ ਕਿਧਰੋ। ਘਰ ਵਿੱਚ ਨਗਾਹੀ ਦਾ ਮਿੱਤਰ ਸੀ। ਜਦੋਂ ਸੀਤੋ ਨਗਾਹੀ ਨੂੰ ਉਡੀਕ-ਉਡੀਕ ਥੱਕ ਗਈ ਤਾਂ ਮਿੱਤਰ ਨੇ ਭਾਂਡਾ ਭੰਨ ਦਿੱਤਾ। ਦੱਸਿਆ ਕਿ ਉਹ ਹੁਣ ਕਦੇ ਵੀ ਨਹੀਂ ਆਵੇਗਾ। ਉਹ ਹੁਣ ਉਸੇ ਦੀ ਹੈ। ਪਰ ਦੋ ਮਹੀਨੇ ਵੀ ਨਹੀਂ ਲੰਘੇ ਸਨ ਕਿ ਇੱਕ ਬੰਦਾ ਉੱਥੇ ਹੋਰ ਆਉਣ ਲੱਗਿਆ। ਫੇਰ ਉਹ ਉਹ ਦਾ ਪਤੀ ਬਣ ਬੈਠਾ। ਪਤਾ ਉਹਨੂੰ ਉਦੋਂ ਲੱਗਿਆ, ਜਦੋਂ ਉਹ ਦੂਜਾ ਬੰਦਾ ਉਹਨੂੰ ਕਿਧਰੋਂ ਘਰੋਂ ਬਾਹਰ ਲੈ ਕੇ ਜਾਣ ਦੀ ਜ਼ਿੱਦ ਕਰ ਰਿਹਾ ਸੀ। ਉਹ ਸ਼ਰਾਬੀ ਹੋ ਕੇ ਇੱਕ ਰਾਤ ਮੂੰਹੋਂ ਫੁੱਟਿਆ ਕਿ ਨਗਾਹੀ ਨੇ ਉਹਨੂੰ ਆਪਣੇ ਮਿੱਤਰ ਕੋਲ ਵੇਚ ਦਿੱਤਾ ਸੀ ਤੇ ਉਹ ਮਿੱਤਰ ਨੇ ਫੇਰ ਉਹ ਉਹਨੂੰ ਵੇਚ ਦਿੱਤੀ ਹੈ। ਹੁਣ ਉਹ ਉਹਦੀ ਮੁੱਲ ਦੀ ਤੀਵੀਂ ਹੈ। ਉਹ ਉਹਨੂੰ ਵਿਸ਼ਵਾਸ ਦਿਵਾ ਰਿਹਾ ਸੀ ਕਿ ਉਹ ਉਸ ਨੂੰ ਕਿਸੇ ਸ਼ਰੀਫ਼ ਆਦਮੀ ਦੇ ਘਰ ਬਿਠਾਏਗਾ। ਆਪ ਤਾਂ ਉਹ ਤੀਮੀਆਂ ਵੇਚਣ ਦਾ ਧੰਦਾ ਕਰਦਾ ਹੈ। ਸੀਤੋ ਉਹਦੀ ਗੱਲ ਮੰਨ ਗਈ ਸੀ। ਰੋਂਦੀ ਵੀ ਜਾਂਦੀ, ਉਹਦੀਆਂ ਗੱਲਾਂ ਮੰਨੀ ਵੀ ਜਾਂਦੀ। ਬੰਦੇ ਨੂੰ ਜਦੋਂ ਵਿਸ਼ਵਾਸ ਹੋ ਗਿਆ ਤਾਂ ਉਹ ਉਹਨੂੰ ਇਕੱਲੀ ਛੱਡ ਕੇ ਗਾਹਕ ਲੈਣ ਤੁਰ ਗਿਆ। ਕਹਿ ਗਿਆ ਕਿ ਉਹ ਤਿੰਨ ਦਿਨਾਂ ਨੂੰ ਮੁੜੇਗਾ। ਉਹ ਆਪਣਾ ਖਿਆਲ ਰੱਖੇ, ਜ਼ਮਾਨਾ ਮਾੜਾ ਹੈ।

ਉਹ ਬੰਦਾ ਘਰੋਂ ਬਾਹਰ ਹੋਇਆ ਤਾਂ ਉਹ ਉਸੇ ਵੇਲੇ ਮਕਾਨ ਤੋਂ ਥੋੜ੍ਹੀ ਦੂਰ ਪੈਂਦੇ ਰਿਕਸ਼ਾ ਸਟੈਂਡ ’ਤੇ ਗਈ। ਇੱਕ ਰਿਕਸ਼ੇ ਵਾਲੇ ਨੂੰ ਕਿਹਾ ਕਿ ਉਹ ਉਹ ਨੂੰ ਥਾਣੇ ਲੈ ਚੱਲੇ। ਰਿਕਸ਼ਾ ਵਾਲੇ ਨੇ ਦਸ ਰੁਪਏ ਮੰਗੇ। ਉਹ ਮੰਨ ਗਈ। ਸੀਤੋ ਨੂੰ ਥਾਣੇ ਦਾ ਕੋਈ ਪਤਾ ਨਹੀਂ ਸੀ ਕਿ ਕਿੱਥੇ ਹੈ? ਰਿਕਸ਼ਾ ਚਾਲਕ ਸਮਝਦਾ ਸੀ ਕਿ ਉਹ ਥਾਣੇ ਪਹਿਲਾਂ ਵੀ ਜਾਂਦੀ ਹੋਵੇਗੀ। ਇਸੇ ਕਰਕੇ ਉਹ ਨੇ ਦਸ ਰੁਪਏ ਦੇਣੇ ਮੰਨੇ ਹਨ। ਸੀਤੋ ਨੂੰ ਤਸੱਲੀ ਸੀ ਕਿ ਉਹ ਆਪ ਹੀ ਉਹ ਨੂੰ ਥਾਣੇ ਲੈ ਜਾਵੇਗਾ। ਦਸ ਰੁਪਏ ਹੋਏ ਕਿ ਘੱਟ-ਵੱਧ ਹੋਏ।

ਥਾਣੇ ਵਿੱਚ ਜਾ ਕੇ ਉਹ ਰੋਣ ਪਿੱਟਣ ਲੱਗੀ। ਆਖ ਰਹੀ ਸੀ, 'ਮੈਨੂੰ ਬਚਾ ਲਓ। ਮੈਨੂੰ ਮੇਰੇ ਪਿੰਡ ਭੇਜ ਦਿਓ। ਮੇਰੇ ਨਾਲ ਧੋਖਾ ਹੋਇਐ।'

ਪੁਲਿਸ ਕੋਲ ਅਜਿਹੇ ਮਾਮਲੇ ਆਉਂਦੇ ਰਹਿੰਦੇ ਹਨ। ਉਹ ਹੈਰਾਨ ਨਹੀਂ ਹੋਏ। ਕੋਲ ਬਿਠਾ ਕੇ ਉਹ ਨੂੰ ਪਹਿਲਾਂ ਤਾਂ ਦਿਲਾਸਾ ਦਿੱਤਾ ਅਤੇ ਕਿਹਾ, 'ਤੂੰ ਹੁਣ ਸਾਡੇ ਕੋਲ ਐਂ। ਸਾਡੀ ਹਿਫ਼ਾਜ਼ਤ ਵਿੱਚ ਤੈਨੂੰ ਹੁਣ ਕੁਛ ਨਹੀਂ ਹੋਏਗਾ। ਕੋਈ ਤੈਨੂੰ ਕੁਛ ਨਹੀਂ ਕਰ ਸਕਦਾ। ਤੂੰ ਆਪਣੇ ਮਾਂ-ਬਾਪ ਕੋਲ ਜਾਏਂਗੀ। ਫੇਰ ਉਨ੍ਹਾਂ ਨੇ ਉਸ ਤੋਂ ਸਾਰੀ ਵਾਰਤਾ ਸੁਣੀ। ਉਹ ਉਹਨੂੰ ਅਜੀਬ-ਅਜੀਬ ਸਵਾਲ ਕਰਦੇ ਸਨ। ਉਹ ਸਭ ਕੁਝ ਨਿੱਡਰ ਦੱਸਦੀ ਜਾ ਰਹੀ ਸੀ। ਕਈ ਵਾਰ ਰੋਈ। ਇੱਕ ਦੋ ਵਾਰ ਹੱਸੀ ਵੀ। ਕਦੇ ਉਹ ਦਾ ਚਿਹਰਾ ਗੁਲਾਬ ਵਾਂਗ ਖਿੜ ਉੱਠਦਾ, ਕਦੇ ਅੱਖਾਂ ਵਿੱਚ ਘੋਰ ਉਦਾਸੀ ਹੁੰਦੀ। ਉਹ ਨੇ ਦੱਸਿਆ ਸੀ ਕਿ ਦਿੱਲੀ ਵਿੱਚ ਹੀ ਨਗਾਹੀ ਲਾਲ ਦਾ ਸਾਥੀ ਲਖਮੀ ਰਾਮ ਰਹਿੰਦਾ ਹੈ। ਉਹ ਦੇ ਕੋਲ ਉਹ ਦੀ ਭਰਜਾਈ ਗੇਲੋ ਹੈ। ਉਹ ਦੋਵੇਂ ਉਨ੍ਹਾਂ ਨੂੰ ਲਾਰਾ ਲਾ ਕੇ ਦਿੱਲੀ ਲੈ ਆਏ। ਮੇਰੇ ਨਾਲ ਤਾਂ ਆਹ ਹਾਲ ਹੋ ਰਿਹਾ ਹੈ। ਮੇਰੀ ਭਰਜਾਈ ਗੇਲੋ ਦੀ ਪਤਾ ਨਹੀਂ ਕੀ ਹਾਲਤ ਹੈ।

ਗੇਲੋ, ਸੀਤੋ ਤੇ ਪੁਲਿਸ ਵੱਲ ਕੌੜ-ਕੌੜ ਝਾਕਦੀ। ਪੁਲਿਸ ਵਾਲੇ ਉਹ ਨੂੰ ਜੋ ਵੀ ਪੁੱਛਦੇ, ਉਹ ਦੱਸਦੀ ਨਹੀਂ ਸੀ। ਫਟੀਆਂ-ਫਟੀਆਂ ਨਿਗਾਹਾਂ ਨਾਲ ਬੱਸ ਝਾਕਦੀ ਹੀ। ਆਪਣੇ ਪੇਟ ਵੱਲ ਝਾਕਦੀ ਤਾਂ ਅੱਖਾਂ ਭਰ ਲੈਂਦੀ। ਲਖਮੀ ਨੇ ਦੱਸਿਆ ਕਿ ਉਹ ਦੋਵੇਂ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਪੰਜਾਬ ਤੋਂ ਲੈ ਕੇ ਆਏ ਸਨ। ਨਗਾਹੀ ਨਾਲ ਉਸ ਦਾ ਕੋਈ ਸਬੰਧ ਨਹੀਂ ਅਤੇ ਨਾ ਹੀ ਹੁਣ ਉਹ ਉਹਦੇ ਬਾਰੇ ਬਹੁਤਾ ਕੁਝ ਜਾਣਦਾ ਹੈ। ਗੇਲੋ ਆਪਣੀ ਮਰਜ਼ੀ ਨਾਲ ਉਹਦੇ ਘਰ ਰਹਿ ਰਹੀ ਹੈ। ਇਹ ਵੀ ਦੱਸਿਆ ਕਿ ਉਹ ਦੂਰ ਪਿੰਡਾਂ-ਸ਼ਹਿਰਾਂ ਵਿੱਚ ਜਾ ਕੇ ਦੇਸੀ ਦਵਾਈਆਂ ਵੇਚਦਾ ਹੈ। ਉਹ ਸ਼ਰੀਫ਼ ਆਦਮੀ ਹੈ। ਉਹ ਦੇ ਬਾਰੇ ਉਹਦੇ ਆਂਢ-ਗੁਆਂਢ ਤੋਂ ਪੁੱਛਿਆ ਜਾਵੇ।

ਪਰ ਪੁਲਿਸ ਮੰਨੀ ਨਹੀਂ। ਉਹ ਜਾਣਦੇ ਸਨ ਕਿ ਬਦਮਾਸ਼ ਲੋਕ ਸੌ ਤਾਣੇ ਤਣਦੇ ਹਨ। ਗੱਲਾਂ ਤੇ ਬਹਾਨਿਆਂ ਦੇ ਧਨੀ ਹੁੰਦੇ ਹਨ। ਇਨ੍ਹਾਂ ਨੂੰ ਡਰਾਮੇ ਕਰਨੇ ਆਉਂਦੇ ਹਨ। ਰੋ ਵੀ ਪੈਂਦੇ ਹਨ। ਪਾਗਲ ਬਣ ਕੇ ਹੱਸਣ ਲੱਗਦੇ ਹਨ। ਦਿੱਲੀ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਵਾਇਰਲੈਸ ਕੀਤੀ। ਨਣਦ-ਭਰਜਾਈ ਦੇ ਪਿੰਡ ਨੂੰ ਲੱਗਦੇ ਥਾਣੇ ਦੀ ਪੁਲਿਸ ਦੂਜੇ ਦਿਨ ਹੀ ਆ ਧਮਕੀ। ਉਹ ਤਿੰਨਾਂ ਨੂੰ ਫੜ ਕੇ ਪੰਜਾਬ ਲੈ ਗਏ।

ਲਖਮੀ ਰਾਮ ਤੇ ਉਧਾਲੇ ਦਾ ਕੇਸ ਪੈ ਗਿਆ। ਉਹ ਨੂੰ ਸਜ਼ਾ ਹੋਈ। ਨਣਦ-ਭਰਜਾਈ ਜਦੋਂ ਪਿੰਡ ਛੱਡੀਆਂ ਗਈਆਂ, ਉਨ੍ਹਾਂ ਦਾ ਉੱਥੇ ਕੋਈ ਨਹੀਂ ਸੀ। ਸੁਖਦੇਵ ਛੇ ਮਹੀਨੇ ਪਹਿਲਾਂ ਸਲਫਾਸ ਖਾ ਕੇ ਮਰ ਗਿਆ ਸੀ। ਪਿੰਡ ਵਾਲਿਆਂ ਨੇ ਸੀਤੋ ’ਤੇ ਤਰਸ ਕੀਤਾ ਤੇ ਉਹ ਨੂੰ ਸੁਖਦੇਵ ਵਾਲੇ ਘਰ ਵਿੱਚ ਬਿਠਾ ਦਿੱਤਾ। ਗੇਲੋ ਉਸ ਪਿੰਡ ਨਹੀਂ ਟਿਕੀ। ਆਪਣੇ ਪੇਕਿਆਂ ਦੇ ਘਰ ਚਲੀ ਗਈ। ਕਹਿੰਦੀ ਸੀ ਕਿ ਉਹ ਲਖਮੀ ਦਾ ਬੱਚਾ ਜੰਮੇਗੀ। ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਆਇਆ, ਉਹਦੇ ਘਰ ਜਾ ਕੇ ਹੀ ਵੱਸੇਗੀ।♦