ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਚਿੱਟੀ ਕਬੂਤਰੀ

ਵਿਕੀਸਰੋਤ ਤੋਂ


ਚਿੱਟੀ ਕਬੂਤਰੀ

ਅਗਵਾੜ ਦੀ ਸੱਥ ਵਿੱਚ ਪਿੱਪਲ ਥੱਲੇ ਤਖ਼ਤਪੋਸ਼ ’ਤੇ ਉਹ ਚੁੱਪ-ਚਾਪ ਬੈਠਾ ਸੀ-ਇਕੱਲਾ। ਸਿਰ ਗੋਡਿਆਂ ਵਿਚਕਾਰ ਦਿੱਤਾ ਅਤੇ ਸੋਟੀ ਦਾ ਸਿਰਾ ਮੱਥੇ ਨਾਲ ਲਾਇਆ ਹੋਇਆ ਸੀ। ਸੋਟੀ ਦੋਵੇਂ ਹੱਥਾਂ ਨਾਲ ਇੱਕੋ ਥਾਂ ਤੋਂ ਫੜੀ ਹੋਈ ਸੀ। ਉਸ ਦੇ ਸੱਜੇ ਹੱਥ ਦੀ ਇੱਕ ਉਂਗਲ ਕਦੇ-ਕਦੇ ਹਿੱਲਦੀ ਜਿਵੇਂ ਕੋਈ ਤੂੰਬੇ ਦੀ ਢਿੱਲੀ ਤਾਰ ਨੂੰ ਟੁਣਕਾ ਕੇ ਵੇਖਦਾ ਹੋਵੇ। ਲੱਗਦਾ ਸੀ, ਉਹ ਖੂਹ ਵਿੱਚ ਬਹੁਤ ਗਹਿਰਾ ਉਤਰ ਗਿਆ ਹੈ। ਕਦੋਂ ਬਾਹਰ ਆ ਸਕੇਗਾ, ਕੋਈ ਪਤਾ ਨਹੀਂ ਸੀ। ਜੀਅ ਕੀਤਾ, ਉਹ ਨੂੰ ਛੇੜਾਂ ਨਾ। ਇਹ ਵੀ ਕਿਵੇਂ ਹੋ ਸਕਦਾ ਸੀ ਕਿ ਮੈਂ ਉਨ੍ਹਾਂ ਦੇ ਪਿੰਡ ਆਇਆ ਹੋਵਾਂ ਅਤੇ ਉਹ ਸਾਹਮਣੇ ਬੈਠਾ ਹੋਵੇ, ਮੈਂ ਉਹਨੂੰ ਬੁਲਾਵਾਂ ਤੱਕ ਵੀ ਨਾ। ਧੀਮੀ ਅਵਾਜ਼ ਵਿੱਚ ਮੈਂ ਉਹ ਦਾ ਨਾਂ ਲਿਆ, ‘ਛੋਟੂ!’

ਉਹ ਨੇ ਹੌਲੀ-ਹੌਲੀ ਆਪਣਾ ਸਿਰ ਗੋਡਿਆਂ ਵਿੱਚੋਂ ਬਾਹਰ ਕੱਢਿਆ, ਜਿਵੇਂ ਕੱਛੂ ਦਾਤੀ ਕੱਢਦਾ ਹੋਵੇ। ਬੋਲਿਆ, 'ਕਿਹੜਾ ਸਰੀਰ ਐ?'

‘ਸਿਆਣਿਆ ਨ੍ਹੀਂ? ਮੈਂ ਬਿੱਕਰ ਆਂ। ਨੰਬਰਦਾਰ .....'

ਅੱਛਾ-ਅੱਛਾ, ਦੋਹਤ ਸੂੰ। ਕੀ ਹਾਲ ਐ ਭਾਣਜਿਆ?' ਉਹ ਸਮਝ ਗਿਆ।

‘ਕਿਵੇਂ ਪਾਥੀ ਜ੍ਹੀ ਬਣਿਆ ਬੈਠੈਂ?' ਮੈਂ ਪੁੱਛਿਆ।

ਉਮੀਦ ਸੀ, ਉਹ ਬੜ੍ਹਕ ਕੇ ਕੋਈ ਤਿੱਖਾ ਜਵਾਬ ਦੇਵੇਗਾ, ਪਰ ਉਹ ਬਿਮਾਰਾਂ ਵਾਂਗ ਬੋਲਿਆ, 'ਚਿੱਤ ਕੁਛ ਰਾਜੀ ਨ੍ਹੀਂ ਰਹਿੰਦਾ, ਬਿੱਕਰ ਸਿਆਂ।' ਫੇਰ ਉਹ ਹੌਲੀ-ਹੌਲੀ ਉੱਠਿਆ, ਕਰਦੇ ਆਂ ਗੱਲਾਂ। ਨਾਲੇ ਚਾਹ ਪੀਵਾਂਗੇ। ਕਿੰਨੇ ਚਿਰ ਪਿੱਛੋਂ ਆਇਐਂ।' ਉਹ ਮੇਰੇ ਮੂਹਰੇ ਹੋ ਤੁਰਿਆ। ਉਹ ਦੀ ਚਾਲ ਵਿੱਚ ਉਹ ਮੜਕ ਨਹੀਂ ਸੀ। ਪਹਿਲਾਂ ਤਾਂ ਉਹ ਤੁਰਦਾ ਹੁੰਦਾ, ਜਿਵੇਂ ਅੰਨ੍ਹਾ ਹੋਵੇ ਹੀ ਨਾ। ਹਿੱਕ ਕੱਢ ਕੇ ਤੁਰਦਾ। ਉਹ ਦੇ ਪੈਰਾਂ ਥੱਲੇ ਅੱਗ ਮਚਦੀ ਹੁੰਦੀ। ਸੋਟੀ ਪੈਰਾਂ ਵਿੱਚ ਅੜ੍ਹਕ-ਅੜ੍ਹਕ ਜਾਂਦੀ। ਸੋਟੀ ਨਾਲੋਂ ਆਪ ਕਾਹਲਾ। ਪਰ ਅੱਜ ਉਹ ਗੱਲ ਨਹੀਂ ਸੀ। ਸੋਟੀ ਜਿਵੇਂ ਰਾਹ ਲੱਭਦੀ ਹੋਵੇ। ਮੈਂ ਉਹ ਨੂੰ ਆਪਣਾ ਹੱਥ ਫੜਾ ਕੇ ਤੋਰਨਾ ਚਾਹਿਆ, ਪਰ ਰੁਕ ਗਿਆ। ਸੋਚਿਆ, ਇਹ ਉਹ ਦੀ ਹੱਤਕ ਹੈ। ਉਹ ਨੇ ਕਿਸੇ ਦਾ ਸਹਾਰਾ ਕਦੇ ਨਹੀਂ ਤੱਕਿਆ ਸੀ। ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਅਸੀਂ ਉਨ੍ਹਾਂ ਦੇ ਬਾਹਰਲੇ ਘਰ ਦਰਵਾਜ਼ੇ ਵਿੱਚ ਆ ਬੈਠੇ। ਖੁੱਲ੍ਹਾ ਦਰਵਾਜ਼ਾ, ਜਿਵੇਂ ਸਾਰਾ ਵਿਹੜਾ ਛੱਤਿਆ ਪਿਆ ਹੋਵੇ।

ਉਹ ਦਾ ਤਖ਼ਤਪੋਸ਼ ਉੱਥੇ ਹੀ ਸੀ। ਬਿਸਤਰਾ ਇਕੱਠਾ ਕਰਕੇ ਸਿਰਹਾਣੇ ਰੱਖਿਆ ਹੋਇਆ ਸੀ। ਪਹਿਲਾਂ ਬਿਸਤਰਾ ਹਮੇਸ਼ਾ ਵਿਛਿਆ ਰਹਿੰਦਾ। ਅਸੀਂ ਨੰਗੇ ਤਖ਼ਤਪੋਸ਼ ’ਤੇ ਬੈਠੇ ਸਾਂ। ਤਖ਼ਤਪੋਸ਼ ਦੇ ਹੇਠਾਂ ਅਤੇ ਆਲੇ-ਦੁਆਲੇ ਚੱਪਣਾਂ ਨਾਲ ਢਕੇ ਤੌੜੇ ਅਤੇ ਤਪਲੇ-ਭੁੱਜੇ ਓਵੇਂ ਸਨ। ਕੁਝ ਕੱਪੜਿਆਂ ਨਾਲ ਬੰਨ੍ਹੇ ਹੋਏ ਸਨ। ਇੱਕ ਖੂੰਜੇ ਸੁੱਕੀਆਂ ਲੱਕੜਾਂ ਦਾ ਢੇਰ ਸੀ ਤੇ ਪਾਥੀਆਂ ਅਤੇ ਇੱਕ ਪਾਸੇ ਤੂੜੀ ਦੀ ਢਿੱਗ ਉਸਰੀ ਖੜ੍ਹੀ ਸੀ। ਇੱਕ ਥਮਲੇ ਨਾਲ ਦੋ ਮੰਜੇ ਖੜ੍ਹੇ ਕੀਤੇ ਹੋਏ।

‘ਹੁਣ ਕਿੰਨੇ ਕਬੂਤਰ ਨੇ ਕੋਠੇ ’ਚ?’ ਮੈਂ ਉਹ ਨੂੰ ਸੁਭਾਇਕੀ ਪੁੱਛਿਆ।

ਉਹ ਬੋਲਿਆ ਨਹੀਂ। ਜਿਵੇਂ ਉਹ ਨੂੰ ਸੁਣਿਆ ਨਾ ਹੋਵੇ। ਸੁੱਕੇ ਥੁੱਕ ਦੀ ਘੁੱਟ ਅੰਦਰ ਲੰਘਦੀ ਦਾ ਉਦੋਂ ਹੀ ਪਤਾ ਲੱਗਿਆ, ਜਦੋਂ ਮੈਂ ਉਸ ਦਾ ਜਵਾਬ ਸੁਣਨ ਲਈ ਉਹ ਦੇ ਵੱਲ ਮੂੰਹ ਕੀਤਾ ਤੇ ਉਹ ਦੀ ਸੰਘੀ ਦਾ ਘੰਡ ਥੋੜ੍ਹਾ ਜਿਹਾ ਉਤਾਂਹ ਉੱਠ ਕੇ ਫੇਰ ਆਪਣੀ ਥਾਂ ’ਤੇ ਥੱਲੇ ਆ ਗਿਆ। ਉਹ ਦੀਆਂ ਬੇਜਾਨ ਅੱਖਾਂ ਵਿੱਚ ਸਿੱਲ੍ਹ ਉਤਰ ਆਈ ਸੀ। ਉਹ ਨੂੰ ਉੱਥੇ ਹੀ ਬੈਠਾ ਛੱਡ ਕੇ ਮੈਂ ਅਗਾਂਹ ਵਿਹੜੇ ਵਿੱਚ ਗਿਆ। ਕਬੂਤਰਾਂ ਵਾਲਾ ਕੋਠਾ ਵਿਹੜੇ ਵਿੱਚ ਹੀ ਸੀ। ਇਹ ਕੋਠਾ ਉਨ੍ਹਾਂ ਨੇ ਕਦੇ ਤੂੜੀ ਰੱਖਣ ਵਾਸਤੇ ਬਣਾਇਆ ਹੋਵੇਗਾ।

ਕੋਠੇ ਦਾ ਬਾਰ ਖੁੱਲ੍ਹਾ ਪਿਆ ਸੀ। ਅੰਦਰੋਂ ਕੋਠਾ ਭਾਂ-ਭਾਂ ਕਰਦਾ ਹੋਵੇ, ਜਿਵੇਂ ਕਿਧਰੇ ਇੱਕ ਵੀ ਕਬੂਤਰ ਨਹੀਂ ਸੀ। ਕਬੂਤਰਾਂ ਦੇ ਘਰਾਂ ਵਿੱਚ ਵਿੱਠਾਂ ਸਨ ਬੱਸ। ਪਾਣੀ ਵਾਲੇ ਕੂੰਡੇ ਸੁੱਕੇ ਪਏ ਸਨ। ਛੱਤ ਤੇ ਸ਼ਤੀਰਾਂ ਨਾਲ ਲਮਕਦੀਆਂ ਰੱਸੀਆਂ ਟੁੱਟੀਆਂ ਹੋਈਆਂ ਸਨ। ਇਨ੍ਹਾਂ ਰੱਸੀਆਂ ਨਾਲ ਡੰਡੇ ਬੰਨ੍ਹੇ ਹੁੰਦੇ। ਡੰਡਿਆਂ ’ਤੇ ਕਬੂਤਰ ਉਡਾਰੀ ਮਾਰ ਕੇ ਬੈਠਦੇ।

ਪਹਿਲੀ ਵਾਰ ਜਦੋਂ ਮੈਂ ਛੋਟੂ ਕੋਲ ਆਇਆ, ਮੇਰੇ ਨਾਲ ਇੱਕ ਹੋਰ ਮੁੰਡਾ ਸੀ। ਮੇਰਾ ਕਾਲਜ ਸਾਥੀ, ਗੁਰਜੰਟ। ਉਨ੍ਹਾਂ ਦਿਨਾਂ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਨ।

ਸਾਡੇ ਪਿੰਡ ਦਾ ਇੱਕ ਅਜ਼ਾਦੀ ਘੁਲਾਟੀਆ ਉਮੀਦਵਾਰ ਸੀ। ਉਹ ਨੇ ਮੈਨੂੰ ਇਸ ਪਿੰਡ ਮਾਮੇ ਕੋਲ ਭੇਜਿਆ ਸੀ। ਮਾਮਾ ਨੰਬਰਦਾਰ ਸੀ ਤੇ ਸਰਪੰਚ ਵੀ। ਉਹ ਮੰਨੀ ਦੰਨੀ ਦਾ ਬੰਦਾ ਸੀ। ਪਿੰਡ ਵਿੱਚ ਉਹ ਦਾ ਪੂਰਾ ਰਸੂਖ਼ ਸੀ। ਲੱਗਭਗ ਸਾਰਾ ਪਿੰਡ ਉਹ ਨੂੰ ਪੁੱਛ ਕੇ ਗੱਲ ਕਰਦਾ। ਵੋਟਾਂ ਪੈਂਦੀਆਂ ਤਾਂ ਪਿੰਡ ਉਹ ਦੇ ਮਗਰ ਹੁੰਦਾ।

ਮਾਮੇ ਨਾਲ ਗੱਲ ਮੁਕਾ ਕੇ ਅਸੀਂ ਹੋਰ ਗੱਲਾਂ ਕਰਨ ਲੱਗੇ। ਪਤਾ ਨਹੀਂ ਕਿਵੇਂ ਗੁਰਜੰਟ ਨੇ ਕਬੂਤਰਾਂ ਦੀ ਗੱਲ ਛੇੜ ਲਈ। ਅਸਲ ਵਿੱਚ ਉਹ ਦਾ ਤਾਇਆ ਕਬੂਤਰਬਾਜ਼ ਸੀ। ਉਹ ਦੀ ਉਮਰ ਸੱਠਾਂ ਤੋਂ ਉੱਤੇ ਹੋ ਚੁੱਕੀ ਸੀ। ਪਰ ਘਰ ਵਿੱਚ ਅਜੇ ਵੀ ਕਬੂਤਰਾਂ ਦਾ ਖੁੱਡਾ ਜਿਉਂ ਦਾ ਤਿਉਂ ਕਾਇਮ ਸੀ। ਉਨ੍ਹਾਂ ਦੇ ਚੁੱਲ੍ਹੇ ’ਤੇ ਹੀ ਸੀ। ਜੁਆਕ ਚਾਹੇ ਪੈਰੋਂ ਨੰਗੇ ਫਿਰਦੇ ਰਹਿਣ, ਤਾਇਆ ਕਬੂਤਰਾਂ ਨੂੰ ਬਦਾਮਾਂ ਦੀਆਂ ਗਿਰੀਆਂ ਜ਼ਰੂਰ ਚਾਰਦਾ। ਬੀਜਣ ਨੂੰ ਰੱਖੀ ਕਣਕ ਦੀ ਬੋਰੀ ਵਿੱਚੋਂ ਕਬੂਤਰਾਂ ਦੇ ਚੋਗੇ ਲਈ ਝੋਲੀ ਭਰ ਲਿਜਾਂਦਾ। ਬੇਬੇ ਨੇ ਉਹ ਦਾ ਖੁੱਡਾ ਕਈ ਵਾਰ ਢਾਹਿਆ ਸੀ, ਪਰ ਤਾਇਆ ਓਸੇ ਥਾਂ ਫੇਰ ਨਵਾਂ ਖੁੱਡਾ ਉਸਾਰ ਲੈਂਦਾ।

‘ਓਏ ਭਾਈ, ਛੜਿਆਂ ਦੇ ਇਹ ਸਾਰੇ ਚੋਜ ਜ਼ਮੀਨਾਂ ਕਰਕੇ ਨੇ। ਐਥੇ ਵੀ ਹੈਗਾ ਇੱਕ ਸਾਡੇ ਪਿੰਡ ਛੋਟੂ ਅੰਨ੍ਹਾਂ।’ ਮਾਮੇ ਨੇ ਹਾਸੇ ਵਿੱਚ ਹਾਸਾ ਰਲਾ ਦਿੱਤਾ। ਦੱਸਿਆ ਕਿ ਉਨ੍ਹਾਂ ਦੇ ਘਰ ਖੁੱਡਾ ਨਹੀਂ, ਕੋਠਾ ਐ ਕਬੂਤਰਾਂ ਦਾ। ਤੇਰੇ ਤਾਏ ਕੋਲ ਤਾਂ ਅੱਠ-ਦਸ ਹੋਣਗੇ, ਇਹਦੇ ਕੋਲ ਪੂਰਾ ਸੌ ਹੋਣੈ ਕਬੂਤਰ।’ ਅਤੇ ਫਿਰ ਤੋੜਾ ਝਾੜਿਆ, ‘ਚਾਰ ਭਾਈ ਨੇ, ਪੰਜਾਹ ਕਿੱਲੇ ਜ਼ਮੀਨ ਐ, ਸਾਢੇ ਬਾਰਾਂ ਆਉਂਦੀ ਐ ਅੰਨ੍ਹੇ ਨੂੰ। ਵੱਡੇ ਤਿੰਨ ਵਿਆਹੇ ਵਰੇ ਨੇ, ਕਬੀਲਦਾਰ ਨੇ ਅੰਨ੍ਹਾ ਜ਼ਮੀਨ ਦੀ ਧੌਂਸ ’ਤੇ ਚਾਹੇ ਕਬੂਤਰ ਰੱਖੇ, ਮੋਰ ਰੱਖੇ, ਕੁੱਕੜ ਰੱਖੇ, ਚੂਹੇ ਰੱਖੇ। ਉਹ ਨੂੰ ਕੋਈ ਹਟਾ ਨੀਂ ਸਕਦਾ।’

‘ਅੰਨ੍ਹਾ ਤੇ ਕਬੂਤਰਾਂ ਦਾ ਸ਼ੌਕ?’ ਸਾਡੇ ਵਿੱਚ ਹੈਰਾਨੀ ਜਾਗੀ। ਫੇਰ ਅਸੀਂ ਉਨ੍ਹਾਂ ਦਾ ਘਰ ਪੁੱਛ ਕੇ ਛੋਟੂ ਕੋਲ ਗਏ ਸਾਂ।

ਦਰਵਾਜ਼ੇ ਵਿੱਚ ਇਕੱਲਾ ਬੈਠਾ ਉਹ ਹੀਰ ਗਾਈ ਜਾਵੇ। ਸਾਡੀ ਪੈੜ ਚਾਲ ਸੁਣ ਕੇ ਉਹ ਚੁੱਪ ਹੋ ਗਿਆ। ਸਾਡੇ ਵੱਲ ਕੰਨ ਚੁੱਕੇ। ਉਹ ਦੇ ਕੰਨ ਹੀ ਉਹ ਦੀਆਂ ਅੱਖਾਂ ਸਨ। ਬੋਲਿਆ, ‘ਆ ਜੋ ਭਾਈ, ਆਓ ਬੈਠੋ।’

ਆਥਣ ਵੇਲਾ ਸੀ। ਸਿਆਲਾਂ ਦੇ ਦਿਨ। ਅਸੀਂ ਮੁੜਨਾ ਵੀ ਸੀ। ਗੁਰਜੰਟ ਉਹ ਦਾ ਕੋਠਾ ਦੇਖਣਾ ਚਾਹੁੰਦਾ ਸੀ। ਮੈਂ ਛੋਟੂ ਨੂੰ ਦੱਸਿਆ ਕਿ ਇਹ ਮੁੰਡਾ ਮੇਰਾ ਦੋਸਤ ਹੈ। ਇਨ੍ਹਾਂ ਦੇ ਘਰ ਵੀ ਕਬੂਤਰ ਨੇ, ਇਹ ਦੇ ਤਾਏ ਦੇ ਰੱਖੇ ਹੋਏ। ਛੋਟੂ ਕਿਸੇ ਕਾਹਲ ਵਿੱਚ ਲੱਗਦਾ ਸੀ। ਕਾਹਲ ਨੂੰ ਮੁਕਾਉਣ ਲਈ ਸ਼ਾਇਦ ਉਹ ਹੀਰ ਗਾ ਰਿਹਾ ਹੋਵੇ। ਉਹ ਤਖ਼ਤਪੋਸ਼ ਤੋਂ ਉੱਠਿਆ ਨਹੀਂ।

ਆਖਿਆ, ‘ਗਾਹਾਂ ਲੰਘ ਜੋ, ਬਾਰ ਦਾ ਕੁੰਡਾ ਖੋਲ੍ਹ ਕੇ ਦੇਖ ਲੋ ਕਬੂਤਰ। ਬਾਹਰੋਂ ਈ ਦੇਖਿਓ ਅੰਦਰ ਨਾ ਜਾਇਓ। ਅੰਦਰ ਗਏ ਤਾਂ ਕਿਸੇ ਕਬੂਤਰ ਨੇ ਬਾਹਰ ਉਡਾਰੀ ਮਾਰ ਜਾਣੀ ਐ।’

ਤਖ਼ਤਪੋਸ਼ ’ਤੇ ਪਸਰ ਬੈਠਾ ਉਹ ਕੋਈ ਪਹਿਲਵਾਨ ਦਿੱਸਦਾ ਸੀ। ਭਰਵਾਂ ਸਰੀਰ ਸੀ। ਮਲਗਰਦਨੀ ਖੁੱਲ੍ਹਾ ਕੁੜਤਾ ਤੇ ਤੇੜ ਚਾਦਰਾ। ਪੈਰੀਂ ਮੋਡੀ ਜੁੱਤੀ। ਕੁੜਤੇ ਉੱਤੋਂ ਦੀ ਘਰ ਦੇ ਬੁਣੇ ਹੋਏ ਮੋਟੇ ਖੱਦਰ ਦੀ ਜਾਕਟ। ਮੂੰਹ-ਸਿਰ ਬੰਨ੍ਹਿਆ ਹੋਇਆ ਸੀ। ਸਿਰ ਨੂੰ ਚਾਰਖ਼ਾਨੇ ਦਾ ਦੁਪੱਟਾ ਵਲ੍ਹੇਟਿਆ ਹੋਇਆ ਸੀ। ਅਵਾਜ਼ ਵਿੱਚ ਪੂਰਾ ਗੜ੍ਹਕਾ ਸੀ।

‘ਜਾਓ, ਉੱਠੋ ਫੇਰ। ਮੈਂ ਜਾਣੈ ਕਿਧਰੇ।’ ਉਹ ਰੁੱਖਾ ਬੋਲਿਆ।

ਅਸੀਂ ਖੜ੍ਹੇ ਹੋਣ ਹੀ ਲੱਗੇ ਸੀ ਕਿ ਦਰਵਾਜ਼ੇ ਦੇ ਬਾਰ ਵਿੱਚ ਹਨੇਰੀ ਵਾਂਗ ਕੋਈ ਆਇਆ ਤੇ ਹਾਕ ਮਾਰੀ, ‘ਵੇ ਛੋਟੂ!’ ਜ਼ਨਾਨੀ ਦੀ ਅਵਾਜ਼ ਸੀ। ਅਸੀਂ ਉਹ ਦੇ ਵੱਲ ਮੂੰਹ ਚੁੱਕੇ ਤਾਂ ਉਹ ਠਠੰਬਰ ਗਈ। ਘਬਰਾਹਟ ਜਿਹੀ ਵਿੱਚ ਚੁੰਨੀ ਦਾ ਪੱਲਾ ਸਾਡੇ ਅੱਗੇ ਖੋਲ੍ਹ ਕੇ ਬੋਲੀ, ‘ਵੀਰਾ, ਦਾਣੇ!’ ਮੱਕੀ ਦੇ ਮੁਰਮੁਰੇ ਸਨ, ਅਸੀਂ ਦੋਵਾਂ ਨੇ ਅੱਧੀ-ਅੱਧੀ ਮੁੱਠੀ ਭਰ ਲਈ। ਕੁੜੀ ਦੇ ਮੂੰਹ ਵੱਲ ਝਾਕ ਰਹੇ ਸੀ। ਬਾਕੀ ਸਾਰੇ ਮੁਰਮਰੇ ਉਹ ਨੇ ਤਖ਼ਤਪੋਸ਼ ’ਤੇ ਢੇਰੀ ਕਰ ਦਿੱਤੇ ਸਨ। ਕੁੜੀ ਦੀਆਂ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਮਿਸ਼ਾਲਾਂ ਵਾਂਗ ਬਲਦੀਆਂ ਸਨ। ਰੰਗ ਮੁਸ਼ਕੀ ਤੇ ਚਿਹਰਾ ਲੰਬੂਤਰਾ ਸੀ। ਤਿੰਨੇ ਕੱਪੜੇ ਚਿੱਟੇ-ਧੋਤੇ ਤੇ ਨੀਲਵੜੀ ਦੀ ਬੇਮਲੂਮੀ ਝਲਕ। ਕੰਨਾਂ ਵਿੱਚ ਚਾਂਦੀ ਦੀਆਂ ਬਾਲੀਆਂ ਸਨ। ਉਮਰ ਦੀ ਪਕਰੋੜ ਦਿੱਸਦੀ ਸੀ।

ਜਾਣ ਲੱਗੀ ਤਾਂ ਛੋਟੂ ਘਬਰਾ ਕੇ ਬੋਲਿਆ, ‘ਸੀਬੋ, ਇਹ ਮੁੰਡੇ ਤਾਂ...’ ਉਹ ਦਰਵਾਜ਼ਾ ਛੱਡ ਚੁੱਕੀ ਸੀ। ਉਹ ਦੀਆਂ ਬੇਜਾਨ ਖੁੱਲ੍ਹੀਆਂ ਅੱਖਾਂ ਮੱਚ-ਬੁਝ ਰਹੀਆਂ ਸਨ। ਤਖ਼ਤਪੋਸ਼ ’ਤੇ ਪਏ ਮੁਰਮਰੇ ਠੰਡੇ ਹੋ ਗਏ ਸਨ ਤੇ ਫੇਰ ਉਹ ਨੇ ਹੌਲੀ-ਹੌਲੀ ਦਾਣੇ ਜਾਕਟ ਦੀ ਜੇਬ੍ਹ ਵਿੱਚ ਪਾਏ ਅਤੇ ਖੜ੍ਹਾ ਹੋ ਗਿਆ। ਟੋਹ ਕੇ ਸੋਟੀ ਚੁੱਕੀ। ਕਹਿੰਦਾ, ‘ਆਓ ਫੇਰ, ਦਿਖਾਵਾਂ ਕਬੂਤਰ ਥੋਨੂੰ।’ ਉਹ ਸੁਜਾਖਿਆਂ ਵਾਂਗ ਛੇਤੀ-ਛੇਤੀ ਤੁਰ ਕੇ ਬਿਨਾਂ ਕਿਸੇ ਰੁਕਾਵਟ ਕੋਠੇ ਅੱਗੇ ਜਾ ਖੜ੍ਹਾ। ਕੁੰਡਾ ਖੋਲ੍ਹ ਕੇ ਅੰਦਰ ਹੋਇਆ ਤਾਂ ਅਸੀਂ ਦੇਖਿਆ, ਕਬੂਤਰਾਂ ਦੀ ਪੂਰੀ ਦੁਨੀਆ ਵਸੀ ਹੋਈ ਸੀ। ਛੋਟੂ ਨੂੰ ਆਇਆ ਦੇਖ ਕੇ ਉਹ ਗੁਟਕਣ ਲੱਗੇ। ਇੱਕ ਚਿੱਟੀ ਕਬੂਤਰੀ ਆਪਣੇ ਖਾਨੇ ਵਿੱਚੋਂ ਨਿਕਲ ਕੇ ਪਹਿਲਾਂ ਤਾਂ ਛੱਤ ਨਾਲ ਲਟਕਦੇ ਡੰਡੇ ਉੱਤੇ ਗਈ, ਫੇਰ ਛੋਟੂ ਦੇ ਸਿਰ ’ਤੇ ਆ ਬੈਠੀ। ਉਹ ਨੇ ਹੌਲੀ-ਹੌਲੀ ਇੱਕ ਹੱਥ ਕੰਨ ਤੱਕ ਲਿਜਾ ਕੇ ਕਬੂਤਰੀ ਨੂੰ ਗੜੱਪ ਦੇ ਕੇ ਫੜ ਲਿਆ ਤੇ ਫਿਰ ਦੋਵਾਂ ਹੱਥਾਂ ਵਿੱਚ ਲੈ ਕੇ ਉਹ ਨੂੰ ਚੁੰਮਣ ਲੱਗਿਆ, ਉਹ ਦੀਆਂ ਵਾਗੀਆਂ ਲਈਆਂ ਆਖ ਰਿਹਾ ਸੀ, ‘ਇਹ ਤਾਂ ਰਾਣੀ ਐ ਮੇਰੀ। ਜਦੋਂ ਵੀ ਮੈਂ ਕੋਠੇ ਅੰਦਰ ਵੜਾਂ, ਉਹ ਉਡ ਕੇ ਆ ਕੇ ਮੇਰੇ ਸਿਰ ’ਤੇ ਬੈਠੂ। ਬਾਹਲਾ ਮੋਹ ਕਰਦੀ ਐ ਚੰਦਰੀ। ਸਾਰਦੀ ਨ੍ਹੀਂ।’

ਕੋਠੇ ਵਿੱਚ ਤਿੰਨਾਂ ਕੰਧਾਂ ਨਾਲ ਧਰਤੀ ਤੋਂ ਆਦਮੀ ਦੇ ਸਿਰ ਜਿੰਨੀਆਂ ਉੱਚੀਆਂ ਚਾਹ ਵਾਲੀਆਂ ਪੇਟੀਆਂ ਜੜੀਆਂ ਹੋਈਆਂ ਸਨ, ਵਿੱਚ ਕਿੱਲੀਆਂ ਠੋਕ ਕੇ। ਛੋਟੂ ਦਾ ਇੱਕ ਭਤੀਜਾ ਆਥਣ ਉੱਗਣ ਉਹ ਦੀ ਮਦਦ ਕਰਦਾ।

ਕੂੰਡਿਆਂ ਵਿੱਚ ਨਿੱਤ ਨਵਾਂ ਪਾਣੀ ਭਰ ਦਿੰਦਾ। ਧਰਤੀ ’ਤੇ ਦਾਣਿਆਂ ਦੀਆਂ ਲੱਪਾਂ ਸੁੱਟ ਦਿੰਦਾ। ਜਾਨਵਰ ਆਪਣੇ ਘਰਾਂ ਵਿੱਚੋਂ ਥੱਲੇ ਉਤਰ ਕੇ ਦਾਣੇ ਚੁਗਦੇ। ਛੋਟੂ ਕਬੂਤਰਾਂ ਦੀਆਂ ‘ਸ਼ਰਤਾਂ’ ’ਤੇ ਵੀ ਜਾਂਦਾ। ਸਗੋਂ ਸ਼ਰਤ ਵਿੱਚ ਆਪਣਾ ਕਬੂਤਰ ਵੀ ਛੱਡਦਾ। ਜਿਸ ਕਬੂਤਰ ਨੂੰ ਛੱਡਣਾ ਹੁੰਦਾ, ਉਹ ਨੂੰ ਦੋ-ਦੋ ਮਹੀਨੇ ਪਹਿਲਾਂ ਬਦਾਮ ਖਵਾਉਂਦਾ। ਹੋਰ ਤਾਕਤਵਰ ਚੀਜ਼ਾਂ ਵੀ ਦਿੰਦਾ। ਉਹ ਨੂੰ ਆਪਣੇ ਸਾਰੇ ਕਬੂਤਰ-ਕਬੂਤਰੀਆਂ ਦੀ ਪਛਾਣ ਸੀ। ਹੱਥਾਂ ਵਿੱਚ ਲੈ ਕੇ ਦੱਸ ਦਿੰਦਾ, ਇਹ ਕਬੂਤਰ ਹੈ ਕਿ ਕਬੂਤਰੀ। ਕਿਹੜਾ ਜਾਨਵਰ ਕਾਲੇ ਰੰਗ ਦਾ ਹੈ ਤੇ ਕਿਹੜਾ ਚਿੱਟਾ। ਉਹ ਨੂੰ ਇਹ ਵੀ ਪਤਾ ਹੁੰਦਾ ਕਿ ਕਿਹੜਾ ਕਬੂਤਰ ਕਿੱਥੋਂ ਲਿਆਂਦਾ ਸੀ। ਕਬੂਤਰੀਆਂ ਆਂਡਿਆਂ ’ਤੇ ਬੈਠੀਆਂ ਹੁੰਦੀਆਂ ਤਾਂ ਭਤੀਜੇ ਨੂੰ ਕਹਿ ਕੇ ਉਨ੍ਹਾਂ ਦੀ ਖ਼ਾਸ ਸੇਵਾ ਕਰਵਾਉਂਦਾ, ਜਿਵੇਂ ਘਰ ਵਿੱਚ ਜੱਚਾ ਮਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ। ਮਾਮੇ ਦੀ ਗੱਲ ਸੱਚ ਸੀ, ਕੋਠੇ ਵਿੱਚ ਸੌ ਨਹੀਂ ਤਾਂ ਅੱਸੀ-ਨੱਬੇ ਕਬੂਤਰ-ਕਬੂਤਰੀਆਂ ਜ਼ਰੂਰ ਸਨ। ਚਿੱਟੀ ਕਬੂਤਰੀ ਨੂੰ ਕੁੜਤੇ ਦੀ ਝੋਲੀ ਵਿੱਚ ਪਾ ਕੇ ਉਹ ਦੇਹਲੀ ’ਤੇ ਬੈਠ ਗਿਆ ਅਤੇ ਸਾਨੂੰ ਗੱਲਾਂ ਦੱਸਦਾ ਰਿਹਾ। ਉਹ ਦਾ ਭਤੀਜਾ ਵੀ ਕਿਧਰੋਂ ਕੋਲ ਆ ਖੜ੍ਹਾ। ਉਹ ਨੂੰ ਕਹਿ ਕੇ ਛੋਟੂ ਨੇ ਸਾਡੀ ਖ਼ਾਤਰ ਚਾਹ ਦਾ ਡੋਲੂ ਵੀ ਮੰਗਵਾਇਆ। ਬਾਰ ਦੇ ਤਖ਼ਤੇ ਬੰਦ ਕਰਨ ਤੋਂ ਪਹਿਲਾਂ ਉਹ ਨੇ ਝੋਲੀ ਵਿੱਚੋਂ ਚਿੱਟੀ ਕਬਤਰੀ ਅੰਦਰ ਉਡਾ ਦਿੱਤੀ। ਕਹਿੰਦਾ, 'ਜਾਹ ਬਈ, ਮੌਜ ਕਰ।’

ਫੇਰ ਜਦੋਂ ਵੀ ਕਦੇ ਮੈਂ ਨਾਨਕੀਂ ਜਾਂਦਾ, ਮਾਮੇ ਤੋਂ ਛੋਟੂ ਦਾ ਹਾਲ-ਚਾਲ ਪੁੱਛਦਾ। ਮੁੜਨ ਦੀ ਬਹੁਤੀ ਤੱਦੀ ਨਾ ਹੁੰਦੀ ਤਾਂ ਆਪ ਉਹ ਦੇ ਕੋਲ ਚਲਿਆ ਜਾਂਦਾ। ਛੋਟੂ ਅੰਦਰਲੇ ਘਰੋਂ ਚਾਹ ਮੰਗਵਾਉਂਦਾ। ਉਹ ਕਬੂਤਰਾਂ ਦੀਆਂ ਗੱਲਾਂ ਕਰਦਾ। ਮੈਥੋਂ ਪੁੱਛਦਾ, ‘ਕੀ ਲਿਖਦੈ ਤੇਰਾ ਖ਼ਬਾਰ?’ ਜਾਂ ਪੁੱਛਦਾ, ‘ਰੇੜੀਆ ਕੀ ਬੋਲਦੈ ਹੁਣ,’ ਉਹ ਨੂੰ ਬੜਾ ਅਚੰਭਾ ਸੀ, ਅਖੇ ਹੁਣ ਤਾਂ ਨਵਾਂ ਈ ਰੇੜੀਆ ਆ ਗਿਆ ਕੋਈ। ਵਿੱਚ ਬੋਲਣ ਵਾਲੇ ਦੀ ਮੂਰਤ ਵੀ ਦਿੱਸਦੀ ਐ। ਉਹ ਚਿੱਟੀ ਕਬੂਤਰੀ ਦੀ ਗੱਲ ਹਮੇਸ਼ਾ ਛੇੜਦਾ। ਇੱਕ ਵਾਰੀ ਮੈਂ ਉਹ ਨੂੰ ਪੁੱਛ ਬੈਠਾ, ‘ਤੇਰੀ ਓਸ ਚਿੱਟੀ ਕਬੂਤਰੀ ਦਾ ਕੀ ਹਾਲ ਐ?’

‘ਕਿਹੜੀ?’ ਉਹ ਦੇ ਬੁੱਲ੍ਹ ਫਰਕਣ ਲੱਗੇ। ਚਿਹਰੇ ’ਤੇ ਮੁਸਕਾਣ ਦਾ ਜਲੌ ਸੀ।

ਮੈਂ ਕਿਹਾ, ‘ਜਿਹੜੀ ਉਸ ਦਿਨ ਮੁਰਮਰੇ ਦੇ ਕੇ ਗਈ ਸੀ। ਮਾਮਾ, ਝੂਠ ਨਾ ਬੋਲੀਂ, ਮੈਨੂੰ ਲੱਗਦਾ ਸੀ ਕੁਝ ਦਾਲ ਵਿੱਚ ਕਾਲਾ-ਕਾਲਾ।’ ਉਹ ਦਾ ਮੋਢਾ ਫੜ ਕੇ ਮੈਂ ਉਹ ਨੂੰ ਪੱਕਾ ਕਰਨਾ ਚਾਹਿਆ।

ਉਹ ਫੁੱਟ ਪਿਆ, ‘ਹਾਂ ਤੂੰ ਠੀਕ ਨਿਰਖ਼ ਕੀਤੀ। ਤੈਥੋਂ ਕੀ ਲਕੋਅ ਐ ਭਾਣਜਿਆ? ਤੂੰ ਕਿਹੜਾ ਪਿੰਡ ਦਾ ਐਂ, ਸਰੀਕ ਐ, ਬਈ ਹਵਾ ਗਾਹਾਂ ਖਿੰਡ ਜੂਗੀ?’

ਤੇ ਫੇਰ ਮੈਂ ਉਹ ਨੂੰ ਗੁੱਝਾ-ਗੁੱਝਾ ਬਹੁਤ ਛੇੜਿਆ। ਉਹ ਸਭ ਮੰਨੀ ਜਾ ਰਿਹਾ ਸੀ। ਉਹ ਨੇ ਦੱਸਿਆ, ‘ਦਾਣੇ ਦੇਣ ਆਉਣ ਦਾ ਉਹ ਤਾਂ ਬਹਾਨਾ ਸੀ। ਤੁਸੀਂ ਓਸ ਦਿਨ ਕੋਕੜੂ ਬਣਗੇ। ਉਹ ਤਾਂ ਧਾਰ ਕੇ ਆਈ ਸੀ। ਸੱਚ ਜਾਣ ਗੁੱਸਾ ਨਾ ਮੰਨੀਂ, ਪਿੱਛੋਂ ਮੈਂ ਥੋਨੂੰ ਬਹੁਤ ਗਾਲ੍ਹਾਂ ਕੱਢੀਆਂ।'

‘ਫੇਰ ਤਾਂ ਮਾਮਾ....?’ ਮੈਂ ਕੁਝ ਪੁੱਛਣ ਲੱਗਿਆ ਸੀ, ਉਹ ਹਿੱਕ ਕੱਢ ਕੇ ਵਿਚ ਦੀ ਬੋਲ ਪਿਆ। ਉਹ ਦੀ ਅਵਾਜ਼ ਵਿੱਚ ਜ਼ਾਇਕਾ ਸੀ, ‘ਇੱਕ ਖੋਟ ਐ ਸੀਬੋ ’ਚ, ਨਿੱਤ ਨੀਂ ਆਉਂਦੀ। ਕਦੇ ਕਦੇ ਗੇੜਾ ਮਾਰੂ। ਪਰ ਭਾਈ ਜਿੱਦਣ ਆਵੇ, ਰੂਹ ਤੱਕ ਉਤਰ ਜਾਂਦੀ ਐ ਸਾਲੇ ਮੇਰੇ ਦੀ। ਸਮਝ, ਧਰਤੀ-ਅਸਮਾਨ ਇੱਕ ਹੋ ਜਾਂਦੈ ਉਦੋਂ, ਭਾਣਜਿਆ ਬਹੁਤਾ ਕੀ ਅਖਵਾਉਨੈ।

‘ਇੱਕ ਗੱਲ ਦੱਸ ਛੋਟੂ ਮਾਮਾ, ਭਰਜਾਈਆਂ ਭਖਦੀਆਂ ਹੋਣਗੀਆਂ, ਬਈ ਜਦੋਂ ਅਸੀਂ ਹੈਗੀਆਂ?’

‘ਦੋ ਕੁ ਵਾਰੀ ਕੀਤੀ ਸੀ ਤਿੜ-ਫਿੜ, ਆਹੀ ਤੇਰੇ ਆਲੀ ਗੱਲ ਬਈ ਜਦੋਂ ਅਸੀਂ ਹੈਗੀਆਂ..।’ ਮੈਂ ਨ੍ਹੀਂ ਬੋਲਿਆ। ਭਕਾਈ ਮਾਰ ਕੇ ਹਟਗੀਆਂ।

‘ਭਾਈ ਵਰਜਦੇ ਹੋਣਗੇ? ਪਤਾ ਤਾਂ ਹੋਣੈ ਉਨ੍ਹਾਂ ਨੂੰ ਵੀ?’

‘ਨਾ, ਕੋਈ ਨ੍ਹੀਂ ਬੋਲਿਆ ਕਦੇ। ਕਿਵੇਂ ਬੋਲ ਜੂ ਸਾਲਾ ਕੋਈ, ਬਾਰ੍ਹਾਂ ਘੁਮਾਂ ਦਾ ਮਾਲਕ ਆਂ। ਬੋਲਣਗੇ, ਫੂਕ ਦੂੰ ਸਾਰੀ। ਮੰਦਰ ਗੁਰਦੁਆਰੇ ਬਥੇਰੇ ਨੇ।’

‘ਇਹ ਸੀਬੋ ਗਾਹਾਂ ਵੀ ਕੁਛ ਆਖਦੀ ਐ ਕਿ ਧਰਤੀ-ਅਸਮਾਨ ਇੱਕ ਕਰਨ ਆਉਂਦੀ ਐ?’

‘ਨਾ ਨਾ, ਇਹ ਵਿਚਾਰੀ ਕੁਛ ਨ੍ਹੀਂ ਭਾਲਦੀ। ਰੱਜੀ ਰੂਹ ਐ। ਇੱਕ ਦਿਨ ਵੀ ਨ੍ਹੀਂ ਆਖਿਆ, ਬਈ ਜਿਵੇਂ ਕਹਿੰਦੀਆਂ ਹੁੰਦੀਆਂ ਨੇ ਸੂਟ ਸਮਾਂ ਦੇ, ਕੰਨਾਂ ਨੂੰ ਕਰਾ ਦੇਹ, ਜਾਂ ਕੋਈ ਹੋਰ ਚੀਜ਼।’

‘ਨਹੀਂ ਆਉਂਦੀ ਕਈ-ਕਈ ਦਿਨ ਤਾਂ ਫੇਰ... ਬੈਠਾ ਝੁਰੀ ਜਾਂਦਾ ਹੋਵੇਂਗਾ?’

‘ਨਾ, ਮੈਨੂੰ ਉਹ ਦੀ ਉਡੀਕ ਵੀ ਕੋਈ ਨ੍ਹੀਂ ਹੁੰਦੀ। ਹੌਲ ਜ੍ਹਾ ਕਦੇ ਉੱਠਦੈ ਤਾਂ ਚਿੱਟੀ ਕਬੂਤਰੀ ਹੱਥਾਂ ’ਤੇ ਉਤਾਰ ਲੈਨਾਂ। ਕਬੂਤਰੀ ’ਚੋਂ ਮੈਨੂੰ ਸੀਬੋ ਦਿੱਸਦੀ ਐ। ਹਿੱਕ ਟੋਹ ਕੇ ਦੇਖਾਂ, ਜਮ੍ਹਾਂ ਸੀਬੋ ਸਾਹ ਲੈਂਦੀ ਹੁੰਦੀ ਐ।’ ‘ਤੂੰ ਤਾਂ ਕਵੀਸ਼ਰਾਂ ਆਲੀਆਂ ਗੱਲਾਂ ਕਰਨ ਲੱਗ ਪਿਆ, ਮਾਮਾ।’ ਮੈਂ ਕਿਹਾ।

‘ਇੱਕ ਗੱਲ ਹੋਰ ਸੁਣ, ਮਖੌਲ ਨਾ ਮੰਨੀ, ਹੱਸੀਂ ਵੀ ਨਾ, ਜਦੋਂ ਸੀਬੋ ਐਥੇ ਹੁੰਦੀ ਐ ਮੇਰੇ ਕੋਲ, ਮੈਨੂੰ ਦਿੱਸਣ ਲੱਗ ਪੈਂਦੈ। ਸਭ ਚੀਜ਼ਾਂ ਦਿੱਸਦੀਆਂ ਨੇ। ਜਦੋਂ ਉਹ ਵਗ ਜੇ, ਫੇਰ ਓਹੀ ਨ੍ਹੇਰ-ਗੁਬਾਰ। ਇਹ ਚਰਜ ਨ੍ਹੀਂ, ਬਿੱਕਰ ਸਿਆਂ?’

ਸੀਬੋ ਛੁੱਟੜ ਸੀ। ਚੜ੍ਹਦੀ ਜਵਾਨੀ ਵਿੱਚ ਹੀ ਉਸ ਨੂੰ ਵਿਆਹ ਦਿੱਤਾ ਸੀ। ਮੁੰਡਾ ਫ਼ੌਜ ਵਿੱਚ ਸੀ। ਪਿੱਛੋਂ ਉਹ ਸੱਸ ਨਾਲ ਕੱਟਦੀ ਨਹੀਂ ਸੀ। ਸੱਸ ਉਸ ਨੂੰ ਲੀਕਾਂ ਲਾਉਣ ਲੱਗੀ। ਮੁੰਡਾ ਛੁੱਟੀ ਆਉਂਦਾ ਤਾਂ ਕਲੇਸ਼ ਹੋਰ ਵਧ ਜਾਂਦਾ। ਉਹ ਮਾਂ ਦੀ ਮੰਨਦਾ ਸੀ। ਅਖ਼ੀਰ ਸੀਬੋ ਪੇਕਿਆਂ ਦੇ ਆ ਬੈਠੀ। ਨਾ ਫ਼ੌਜੀ ਦੇ ਜਾਂਦੀ, ਨਾ ਹੋਰ ਵਿਆਹ ਕਰਾਉਂਦੀ। ਕਈ ਵਰ੍ਹੇ ਉਡੀਕ-ਉਡੀਕ ਬੁੜ੍ਹੀ ਨੇ ਮੁੰਡਾ ਹੋਰ ਥਾਂ ਵਿਆਹ ਲਿਆ। ਸੀਬੋ ਆਖਦੀ ਸੀ, ‘ਐਂ ਈ ਕੱਟ ਕੇ ਦਖਾਊਂ ਮੈਂ।’

ਕਬੂਤਰਾਂ ਵਾਲੇ ਕੋਠੇ ਵਿੱਚੋਂ ਨਿਕਲ ਕੇ ਮੈਂ ਉਹਦੇ ਕੋਲ ਦਰਵਾਜ਼ੇ ਵਿੱਚ ਆਇਆ ਤਾਂ ਚਾਹ ਆ ਚੁੱਕੀ ਸੀ। ਉਹ ਏਧਰ ਆਉਂਦਾ ਹੋਇਆ ਇੱਕ ਜੁਆਕ ਨੂੰ ਕਹਿ ਆਇਆ ਸੀ ਕਿ ਚਾਹ ਦਾ ਡੋਲੂ ਬਾਹਰਲੇ ਘਰ ਭੇਜ ਦਿਓ। ਡੋਲੂ ਤੇ ਗਲਾਸ ਰੱਖ ਕੇ ਉਸ ਦਾ ਕੋਈ ਭਤੀਜਾ ਜਾਂ ਭਤੀਜੀ ਵਾਪਸ ਚਲਿਆ ਗਿਆ ਹੋਵੇਗਾ। ਗਲਾਸਾਂ ਵਿੱਚ ਚਾਹ ਮੈਂ ਹੀ ਪਾਈ। ਅਸੀਂ ਘੁੱਟੀਂ-ਘੁੱਟੀਂ ਚਾਹ ਪੀਣ ਲੱਗੇ।

ਇਸ ਵਾਰ ਮੈਂ ਏਥੇ ਕਈ ਵਰ੍ਹਿਆਂ ਪਿੱਛੋਂ ਆਇਆ ਸੀ। ਵਿੱਚ ਦੀ ਇੱਕ ਦੋ ਵਾਰ ਬਿੰਦ-ਝੱਟ ਆਇਆ ਹੋਵਾਂਗਾ ਤਾਂ ਛੋਟੂ ਨੂੰ ਮਿਲਿਆ ਨਹੀਂ ਗਿਆ। ਉੱਜੜਿਆ ਕੋਠਾ ਦੇਖ ਕੇ ਮੈਂ ਉਦਾਸ ਹੋ ਗਿਆ। ਚਿੱਟੀ ਕਬੂਤਰੀ ਦਿਮਾਗ਼ ਵਿੱਚ ਘੁੰਮਣ ਲੱਗੀ। ਕਬੂਤਰ ਛੱਡ ਕਿਉਂ ਦਿੱਤੇ? ਮੈਂ ਗੱਲ ਚਲਾਈ।

ਉਹ ਨਹੀਂ ਬੋਲਿਆ। ਹੌਲੀ-ਹੌਲੀ ਘੁੱਟ ਭਰੀ, ਅਗਲੀ ਘੁੱਟ ਭਰਨ ਤੋਂ ਪਹਿਲਾਂ ਆਪ ਹੀ ਦੱਸਣ ਲੱਗਿਆ, 'ਚਿੱਟੀ ਕਬੂਤਰੀ ਮਰਗੀ ਸੀ, ਫੇਰ ਮੈਂ ਸਾਰਾ ਟੱਬਰ ਈ ਚਕਾ ’ਤਾ ਲੋਕਾਂ ਨੂੰ। ਦੋ ਕਿਸੇ ਨੂੰ, ਚਾਰ ਕਿਸੇ ਨੂੰ। ਕੋਠਾ ਖਾਲੀ ਕਰ ’ਤਾ।’

‘ਇਹ ਕੀ ਕੀਤਾ ਤੂੰ?’

‘ਸੀਬੋ ਵੀ ਗਈ।’

‘ਕਿੱਥੇ ਗਈ?’

ਛੋਟੂ ਨੇ ਚਾਹ ਦਾ ਗਲਾਸ ਪਰ੍ਹੇ ਰੱਖ ਦਿੱਤਾ। ਸੱਜੇ ਹੱਥ ਦੀ ਪਹਿਲੀ ਉਂਗਲ ਉਤਾਂਹ ਖੜ੍ਹੀ ਕੀਤੀ। ਆਖਿਆ, ‘ਉੱਥੇ ਜਿੱਥੇ ਇੱਕ ਦਿਨ ਆਪਾਂ ਸਭ ਨੇ ਜਾਣੈ।’

ਮੈਨੂੰ ਹੈਰਾਨੀ ਹੋਈ, ਦੁੱਖ ਵੀ।

‘ਪਰ ਇੱਕ ਗੱਲ ਮਾੜੀ ਕੀਤੀ ਉਸ ਨੇ, ਪਹਿਲਾਂ ਉਠਗੀ। ਮੈਨੂੰ ਨਾਲ ਲੈ ਕੇ ਜਾਣਾ ਸੀ।’

‘ਮੇਰੀ ਵੀ ਬੱਸ ਤਿਆਰੀ ਐ। ਮੈਂ ਉਹਦੇ ਕੋਲ ਈ ਪਹੁੰਚਣੈ ਇੱਕ ਦਿਨ।’

‘ਮਾਮਾ, ਕਿਵੇਂ ਬਣੀ ਕਹਾਣੀ ਇਹ? ਕੀ ਹੋ ਗਿਆ ਸੀ ਸਹੁਰੀ ਨੂੰ?’ ਮੈਂ ਪੁੱਛਿਆ।

‘ਪਹਿਲਾਂ ਤਾਂ ਕਈ ਸਾਲ ਠੀਕ ਚੱਲੀ ਗਿਆ ਸੀ। ਮਾਂ ਰੱਖਦੀ ਸੀ ਉਸ ਨੂੰ। ਸੀਬੋ ਦੇ ਵੱਡੇ ਭਾਈ ਦੋ ਨੇ। ਭਰਜਾਈਆਂ ਜਦੋਂ ਸੱਸ ਉੱਤੋਂ ਦੀ ਪੈਗੀਆਂ, ਸੀਬੋ ਨੂੰ ਕੋਸਣ ਲੱਗੀਆਂ। ਭਾਈ ਤਾਂ ਰੱਖ ਕੇ ਰਾਜ਼ੀ ਸੀ। ਸੀਬੋ ਦੇ ਨਾਂ ਜ਼ਮੀਨ ਸੀ, ਪਰ ਭਰਜਾਈਆਂ ਚੰਡਾਲ ਬਣਗੀਆਂ। ਕਹਿੰਦੀਆਂ, ਸਾਨੂੰ ਇਹਦੀ ਜ਼ਮੀਨ ਦੀ ਲੋੜ ਨ੍ਹੀਂ, ਸਾਡੇ ਧੀਆਂ-ਪੁੱਤਾਂ ’ਤੇ ਇਹਦਾ ਬੁਰਾ ਅਸਰ ਪੈਂਦਾ।’

‘ਫੇਰ?’

‘ਭਾਈ ਵੀ ਅੱਕੇ ਪਏ ਸੀ। ਤੀਵੀਆਂ ਨਿੱਤ ਕਲੇਸ਼ ਕਰਦੀਆਂ। ਅਖ਼ੀਰ ਉਨ੍ਹਾਂ ਨੇ ਇੱਕ ਦਹਾਜੂ ਟੋਲ ਲਿਆ, ਜੀਹਦੇ ਪਹਿਲਾਂ ਚਾਰ ਜੁਆਕ ਸੀ। ਸੀਬੋ ਨੇ ਸੁਣਿਆ ਤਾਂ ਰਾਤ ਨੂੰ ਮੰਜੇ 'ਤੇ ਈ ਪਈ ਰਹਿ ’ਗੀ। ਖਾ ’ਗੀ ਕੁਛ।’ ਛੋਟੂ ਨੇ ਮੱਥਾ ਫੜ ਲਿਆ। ਉਹਦੀ ਸਾਰੀ ਦੇਹ ਕੰਬ ਰਹੀ ਸੀ। ਅੱਖਾਂ ਦਾ ਸਾਰਾ ਪਾਣੀ ਜਿਵੇਂ ਉਹਨੇ ਮੇਰੇ ਹੁੰਦਿਆਂ ਹੀ ਮੁਕਾ ਦੇਣਾ ਹੋਵੇ।◆