ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਜਮਾਂ ਖਾਤਾ

ਵਿਕੀਸਰੋਤ ਤੋਂ
ਜਮ੍ਹਾਂ ਖਾਤਾ

ਇੱਕ ਦਿਨ ਦਰਸ਼ਕਾਂ ਦੀਆਂ ਕੁਰਸੀਆਂ 'ਤੇ ਇੱਕ ਇਕੱਲੀ ਔਰਤ ਬੈਠੀ ਸੀ। ਪਤਾ ਨਹੀਂ ਕਦੋਂ ਆ ਕੇ ਬੈਠ ਗਈ। ਦੁਪਹਿਰ ਦਾ ਵਕਤ ਸੀ, ਗਰਮੀ ਦੀ ਰੁੱਤ। ਜਿਹੜੇ ਹੋਰ ਦਰਸ਼ਕ ਸਵੇਰੇ ਆਏ, ਉੱਠ ਕੇ ਚਲੇ ਗਏ। ਅਫ਼ਜ਼ਲ ਨੇ ਨਵੀਂ ਸਿਗਰਟ ਸੁਲਗਾਈ ਤੇ ਦਰਸ਼ਕਾਂ ਵੱਲ ਝਾਕਿਆ, ਨਜ਼ਰ ਦੀ ਨਜ਼ਰ। ਉਹ ਔਰਤ ਮੁਸਕਰਾ ਰਹੀ ਸੀ। ਝੁਕ ਕੇ ਸਲਾਮ ਕੀਤਾ, ਸੱਜਾ ਹੱਥ ਮੱਥੇ ਨੂੰ ਲਾ ਕੇ। ਅਫ਼ਜ਼ਲ ਨੇ ਉਸ ਨੂੰ ਦੇਖਿਆ ਤੇ ਦੇਖਦਾ ਹੀ ਰਿਹਾ। ਔਰਤ ਨੇ ਕਾਲਾ ਸੂਟ ਪਹਿਨਿਆ ਹੋਇਆ ਸੀ। ਸਿਰ ਦੇ ਵਾਲ ਬੁਆਏ ਕੱਟ, ਗਲ ਵਿੱਚ ਚੁੰਨੀ ਕੋਈ ਨਹੀਂ। ਖੱਬੇ ਹੱਥ ਵਿੱਚ ਕਾਲੇ ਰੰਗ ਦਾ ਹੀ ਛੋਟਾ ਪਰਸ, ਇੱਕ ਕੋਈ ਕਿਤਾਬ ਤੇ ਇੱਕ ਡਾਇਰੀ-ਕਿਤਾਬੀ ਸ਼ਕਲ ਦੀ ਹੀ, ਉਸ ਦਾ ਚਿਹਰਾ ਲੰਬੂਤਰਾ ਸੀ। ਤਿੱਖਾ ਨੱਕ ਤੇ ਮੋਟੀਆਂ-ਮੋਟੀਆਂ ਅੱਖਾਂ ਬਲਦੀਆਂ ਹੋਈਆਂ। ਉਹ ਮੁਸਕਰਾਈ ਤਾਂ ਉਸ ਦੇ ਬਹੁਤ ਸਫ਼ੈਦ ਦੰਦ ਕਲੀਆਂ ਵਾਂਗ ਦਿੱਸੇ ਸਨ। ਉਸ ਦਾ ਰੰਗ ਗੋਰਾ ਸੀ, ਤਾਂਬਈ ਭਾਅ ਮਾਰਦਾ।

ਸਿਗਰਟ ਬੁੱਲ੍ਹਾਂ ਵਿੱਚ ਲੈ ਕੇ ਉਸ ਨੇ ਬੁਰਸ਼ ਚਲਾਉਣਾ ਸ਼ੁਰੂ ਕੀਤਾ। ਉਹਨੂੰ ਲੱਗਿਆ ਜਿਵੇਂ ਕਦੇ-ਕਦੇ ਬੁਰਸ਼ ਗਲਤ ਥਾਂ 'ਤੇ ਲੱਗ ਜਾਂਦਾ ਹੋਵੇ। ਉਹਦੇ ਜ਼ਿਹਨ ਵਿੱਚ ਹੁਣ ਜ਼ਖ਼ਮੀ ਨੌਜਵਾਨ ਨਹੀਂ, ਉਸ ਔਰਤ ਦਾ ਚਿਹਰਾ ਘੁੰਮ ਰਿਹਾ ਸੀ, ਜਿਹੜੀ ਉਹ ਦੇ ਕਮਰੇ ਵਿੱਚ ਦਰਸ਼ਕ ਬਣੀ ਬੈਠੀ ਹੋਈ ਸੀ। ਪਰ ਹੁਣ ਜਿਵੇਂ ਉਹ ਆਪ ਕਮਰੇ ਵਿੱਚ ਨਹੀਂ, ਉਸ ਦਾ ਇੱਕ ਪੇਤਲਾ ਜਿਹਾ ਅਹਿਸਾਸ ਉੱਥੇ ਆ ਕੇ ਬੈਠ ਗਿਆ ਸੀ। ਉਸ ਨੇ ਬੁਰਸ ਪਰ੍ਹਾਂ ਰੱਖ ਦਿੱਤਾ। ਰੰਗਾਂ ਵਾਲੀ ਪੱਥਰ ਦੀ ਟੁਕੜੀ ਵੱਲ ਵੇਖਣ ਲੱਗਿਆ। ਬੇਮਤਲਬ ਹੀ। ਫੇਰ ਉਹ ਵੀ ਪਰ੍ਹੇ ਰੱਖ ਦਿੱਤੀ। ਸਿਗਰਟ ਦਾ ਇਕ ਲੰਬਾ ਕਸ਼ ਲਿਆ। ਧੂੰਆ ਉਸ ਔਰਤ ਵੱਲ ਛੱਡ ਦਿੱਤਾ। ਧੂੰਏਂ ਦੇ ਗੁਬਾਰ ਵਿੱਚੋਂ ਉਸ ਦਾ ਚਿਹਰਾ ਮੁਸਕਰਾ ਰਿਹਾ ਸੀ। ਸਾਫ਼ ਦਿੱਸ ਰਿਹਾ ਸੀ। ਅਫ਼ਜ਼ਲ ਦਾ ਇੰਜ ਮੁਖ਼ਾਤਿਬ ਹੋਣਾ ਔਰਤ ਲਈ ਹੈਰਾਨੀ ਭਰਿਆ ਨਿਮੰਤਰਣ ਸੀ। ਉਹ ਉੱਠੀ ਤੇ ਆਪਣੀ ਡਾਇਰੀ ਖੋਲ੍ਹ ਕੇ ਉਹਦੇ ਵੱਲ ਆਉਣ ਲੱਗੀ। ਅਫ਼ਜ਼ਲ ਦਾ ਸਮੁੱਚਾ ਵਜੂਦ ਉਹਨੂੰ ਖੁਸ਼ਆਮਦੀਦ ਆਖ ਰਿਹਾ ਸੀ। ਪੁੱਛਿਆ,‘ਕਯਾ ਨਾਮ ਹੈ ਤੁਮ੍ਹਾਰਾ?'

'ਸਾਵਿੱਤਰੀ' ਉਸ ਨੇ ਬੁੱਲ੍ਹ ਹਿਲਾਏ।

‘ਬਹੁਤ ਅੱਛਾ ਨਾਮ ਹੈ। ਕਹਾਂ ਕਾਮ ਕਰਤੀ ਹੋ?'

'ਯਹੀਂ ਪਰ, ਇਸੀ ਸ਼ਹਿਰ ਮੇਂ ਸਰਕਾਰੀ ਨੌਕਰੀ ਹੈ ਮੇਰੀ। ਸਹਾਇਕ ਲੋਕ ਸਪੰਰਕ ਅਧਿਕਾਰੀ ਹੂੰ।'

'ਪੇਂਟਿੰਗ ਦੇਖਨੇ ਕਾ ਸ਼ੌਕ ਹੈ ਕਯਾ?'

‘ਸ਼ਾਇਰੀ ਸੇ ਵੀ ਕੁਛ ਲਗਾਓ ਹੈ। ਖ਼ਾਸ ਕਰਕੇ ਆਪਕੀ ਗ਼ਜ਼ਲੋਂ ਪਰ ਤੋਂ ਮਰਤੀ ਹੂੰ ਮੈਂ। ਮੈਂ ਨੇ ਆਪ ਕੋ ਸੁਨਾ ਹੈ। ਏਕ ਕੋਈ ਸ਼ੇਅਰ ਲਿਖ ਦੀਜੀਏ ਮੇਰੇ ਲੀਏ ਤਾਕਿ ਸਨਦ ਰਹੇ।' ਸਵਿੱਤਰੀ ਨੇ ਡਾਇਰੀ ਉਸ ਦੇ ਗੋਡਿਆਂ 'ਤੇ ਰੱਖ ਦਿੱਤੀ।

ਉਸ ਨੇ ਸਵਿੱਤਰੀ ਤੋਂ ਹੀ ਪੈੱਨ ਲਿਆ ਤੇ ਲਿਖ ਦਿੱਤਾ:-

ਜਿਸ ਕੋ ਆਪਨੀ ਭੀ ਕੋਈ ਖ਼ਬਰ ਨਹੀਂ ਹੋਤੀ।

ਨਹੀਂ ਮੁਮਕਿਨ ਕਿ ਔਰੋਂ ਪੇ ਨਜ਼ਰ ਨਹੀਂ ਹੋਤੀ।

ਥੱਲੇ ਲਿਖ ਦਿੱਤਾ:'ਸਾਵਿੱਤਰੀ ਕੇ ਨਾਮ, ਅਫ਼ਜ਼ਲ।'

ਉਹ ਨੇ ਡਾਇਰੀ ਆਪਣੀਆਂ ਅੱਖਾਂ ਅੱਗੇ ਲਿਆ ਕੇ ਸ਼ੇਅਰ ਪੜ੍ਹਿਆ ਤੇ ਖੁਸ਼ ਹੋ ਗਈ। 'ਸ਼ੁਕਰੀਆ, ਅਫ਼ਜ਼ਲ ਸਾਹਿਬ।' ਉਹ ਦੇ ਮੂੰਹੋਂ ਨਿਕਲਿਆ। ਡਾਇਰੀ ਬੰਦ ਕੀਤੀ ਤੇ ਜਾਣ ਲਈ ਇਜਾਜ਼ਤ ਮੰਗੀ।

ਅਫ਼ਜ਼ਲ ਬੋਲਿਆ, 'ਬੈਠੀਏ ਕੁਛ ਦੇਰ ਔਰ ਬੈਠੀਏ।'

'ਨਹੀਂ, ਫਿਰ ਕਭੀ ਆਊਂਗੀ।'

'ਆਨਾ ਜ਼ਰੂਰ। ਬੈਠੇਂਗੇ।’ ਅਫ਼ਜ਼ਲ ਉਸ ਦੇ ਵੱਲ ਪੂਰੀ ਨਜ਼ਰ ਭਰ ਕੇ ਝਾਕਿਆ। ਤੇ ਡਾਇਰੀ ਖੱਬੇ ਹੱਥ ਵਿੱਚ ਫੜ ਕੇ ਤੇ ਹੱਥ ਵੱਖੀ ਤੱਕ ਉਠਾ ਕੇ ਵਾਪਸ ਤੁਰੀ ਜਾ ਰਹੀ ਸੀ। ਜਿਵੇਂ ਉਸ ਸ਼ੇਅਰ ਨੂੰ ਬਹੁਤ ਸੰਭਾਲ ਕੇ ਲਿਜਾ ਰਹੀ ਹੋਵੇ। ਅਫ਼ਜ਼ਲ ਉਸ ਦੇ ਮੋਢਿਆਂ ਵੱਲ ਝਾਕਿਆ, ਫੇਰ ਉਹਦੇ ਡਿੱਗਦੇ-ਉੱਠਦੇ ਨਿਤੰਭਾਂ ਵੱਲ ਤੇ ਫੇਰ ਉਹ ਦੀਆਂ ਨੰਗੀਆਂ ਅੱਡੀਆਂ 'ਤੇ ਉਹਦੀ ਨਜ਼ਰ ਜਾ ਟਿਕੀ। ਉਹਨੇ ਸੈਂਡਲ ਪਹਿਨੇ ਹੋਏ ਸਨ। ਗਾਜਰ ਦੇ ਰੰਗ ਦੀਆਂ ਅੱਡੀਆਂ ਬਾਹਰ ਦਿੱਸ ਰਹੀਆਂ ਸਨ। ਅੱਡੀਆਂ ਅਫ਼ਜ਼ਲ ਨੂੰ ਬਹੁਤ ਸੁਹਣੀਆਂ ਲੱਗੀਆਂ। ਉਹ ਕਿਵੇਂ ਵੀ ਉਹਦੇ ਚਿਹਰੇ ਨਾਲੋਂ ਘੱਟ ਨਹੀਂ ਸਨ। ਕਿੰਨੀਆਂ ਸੁੰਦਰ ਸਨ ਅੱਡੀਆਂ, ਗੱਲਾਂ ਕਰਦੀਆਂ। ਗਾਜਰ-ਪਾਕ ਦੀਆਂ ਤਾਜ਼ਾ ਟੁਕੜੀਆਂ ਜਿਹੀਆਂ। ਉਹਦਾ ਜੀਅ ਕੀਤਾ, ਉਹ ਭੱਜ ਕੇ ਜਾ ਕੇ ਉਨ੍ਹਾਂ ਅੱਡੀਆਂ ਨੂੰ ਚੁੰਮ ਲਵੇ।

ਉਸ ਤੋਂ ਬਾਅਦ ਉਹ ਕੈਨਵਸ ਸਾਹਮਣੇ ਨਹੀਂ ਬੈਠਾ। ਆਪਣੇ ਡਰਾਇੰਗ ਰੂਮ ਵਿੱਚ ਜਾ ਕੇ ਦੀਵਾਨ ’ਤੇ ਲੇਟ ਗਿਆ। ਅੱਖਾਂ ਬੰਦ ਕਰ ਲਈਆਂ। ਉਹ ਕੁਝ ਵੀ ਨਹੀਂ ਸੋਚ ਰਿਹਾ ਸੀ। ਸੌਣ ਦੀ ਕੋਸ਼ਿਸ਼ ਕਰਨ ਲੱਗਿਆ।

ਗੋਬਿੰਦਗੜ੍ਹ ਸ਼ਹਿਰ ਵਿੱਚ ਅਫ਼ਜ਼ਲ ਨੂੰ ਕੌਣ ਨਹੀਂ ਜਾਣਦਾ ਸੀ? ਉਹ ਹਿੰਦੀ ਦਾ ਸ਼ਾਇਰ ਸੀ, ਗ਼ਜ਼ਲਾਂ ਲਿਖਦਾ। ਉਹ ਸ਼ਹਿਰ ਦੀਆਂ ਰੰਗੀਨ ਮਹਿਫ਼ਲਾਂ ਦਾ ਸ਼ਿੰਗਾਰ ਤਾਂ ਸੀ ਹੀ, ਦੂਜੇ ਸ਼ਹਿਰਾਂ ਦੇ ਕਵੀ ਸੰਮੇਲਨਾਂ ਵਿੱਚ ਵੀ ਸ਼ਿਰਕਤ ਕਰਦਾ। ਉਸ ਦੇ ਸ਼ੇਅਰਾਂ ਵਿੱਚ ਇੱਕ ਖ਼ਾਸ ਚਮਕ ਸੀ, ਅਦਾਇਗੀ ਵਿੱਚ ਗਜ਼ਬ ਦਾ ਅੰਦਾਜ਼ ਗਾ ਕੇ ਪੜ੍ਹਦਾ। ਜਿੱਥੇ ਵੀ ਜਾਂਦਾ ਮੁਸ਼ਇਰਾ ਲੁੱਟ ਕੇ ਲੈ ਜਾਂਦਾ। ਸ਼ਾਇਰੀ ਉਹ ਦਾ ਸ਼ੌਕ ਸੀ।

ਉਹ ਚਿੱਤਰਕਾਰ ਵੀ ਸੀ। ਸਾਲ ਵਿੱਚ ਇੱਕੋ ਚਿੱਤਰ ਬਣਾਉਂਦਾ। ਕਦੇ-ਕਦੇ ਦੋ ਸਾਲਾਂ ਵਿੱਚ ਇੱਕ ਚਿੱਤਰ। ਵੱਡੀ ਕੈਨਵਸ ਵਾਲੇ ਤੇਲ-ਚਿੱਤਰ ਬਣਾਉਂਦਾ ਸੀ। ਲੱਕੜ ਦਾ ਚੌਖ਼ਟਾ ਆਪ ਬਣਵਾ ਕੇ ਲਿਆਉਂਦਾ ਤੇ ਉਹ ਦੇ 'ਤੇ ਖ਼ੁਦ ਹੀ ਕੈਨਵਸ ਫਿੱਟ ਕਰਦਾ। ਪਾਨ ਖਾਂਦਾ ਰਹਿੰਦਾ। ਪਾਨ ਵੀ ਆਪ ਤਿਆਰ ਕਰਦਾ। ਸਿਗਰਟ ਪੀਂਦਾ। ਸਿਗਰਟ ਦਾ ਉਹ ਦਾ ਆਪਣਾ ਇੱਕ ਖ਼ਾਸ ਬਰਾਂਡ ਸੀ।

ਕੋਠੀ ਇੱਕ ਏਕੜ ਦੇ ਪਲਾਟ ਵਿੱਚ ਫੈਲੀ ਹੋਈ ਸੀ। ਅਨੇਕਾਂ ਕਮਰੇ ਸਨ। ਕਈ ਫਲੱਸ਼ ਤੇ ਬਾਥਰੂਮ। ਕਿਚਨ ਸਮਝੋ ਪੂਰਾ ਇੱਕ ਕਮਰਾ। ਦੋ ਕਮਰੇ ਉਤਲੀ ਮੰਜ਼ਲ 'ਤੇ ਵੀ ਸਨ। ਐਡੀ ਵੱਡੀ ਕੋਠੀ ਵਿੱਚ ਇਕੱਲਾ ਬੰਦਾ ਰਹਿੰਦਾ ਹੋਵੇ, ਕਿਵੇਂ ਲੱਗਦਾ ਹੈ। ਭੂਤ ਬੰਗਲਾ ਹੀ ਤਾਂ ਕਹਾਂਗੇ, ਇਸ ਕੋਠੀ ਨੂੰ। ਕੋਠੀ ਅੰਦਰ ਕਿਧਰੇ ਵੀ ਬੈਠੋ, ਹਨੇਰ ਗੁਬਾਰ ਛਾਇਆ ਰਹਿੰਦਾ। ਕੋਠੀ ਤੋਂ ਬਾਹਰ ਨਿਕਲ ਕੇ ਆਓ ਤਾਂ ਸੰਸਾਰ ਗਤੀਸ਼ੀਲ ਹੋ ਉੱਠਦਾ। ਸੜਕਾਂ 'ਤੇ ਕਾਰਾਂ ਦੌੜਦੀਆਂ ਤੇ ਮੋਟਰ ਸਾਈਕਲ ਸਕੂਟਰ ਤੀਰ ਵਾਂਗ ਨਿਕਲਦੇ ਦਿੱਸਦੇ। ਕੋਠੀ ਦੇ ਵਾਗਲ ਅੰਦਰ ਫੁੱਲਾਂ ਦੀਆਂ ਕਿਆਰੀਆਂ ਸਨ। ਖੂੰਜਿਆਂ ਵਿੱਚ ਉੱਚੇ ਸਜਾਵਟੀ ਰੁੱਖ ਤੇ ਕਿਧਰੇ-ਕਿਧਰੇ ਸਬਜ਼ੀਆਂ ਬੀਜੀਆਂ ਹੋਈਆਂ। ਅਮਰੀਨ ਘਾਹ ਦੇ ਪਲਾਟ ਵੀ ਸਨ। ਕੋਠੀ ਦੇ ਚਾਰੇ ਪਾਸੇ ਗੁਲਮੋਹਰ ਤੇ ਸ਼ਰੀਂਹ ਦੇ ਦਰਖ਼ਤ। ਤੇਜ਼ ਹਵਾ ਚਲਦੀ ਤਾਂ ਸ਼ਰੀਂਹ ਦੇ ਰੁੱਖ ਸੋਗੀ ਤੇ ਉਦਾਸ ਧੁਨੀ ਪੈਦਾ ਕਰਦੇ। ਕੋਠੀ ਤੋਂ ਬਾਹਰ ਜ਼ਿੰਦਗੀ ਸੀ, ਅੰਦਰ ਜ਼ਿੰਦਗੀ ਦਾ ਪਰਛਾਵਾਂ। ਅਫ਼ਜ਼ਲ ਦਾ ਕਮਰਾ ਪੂਰਬ ਦਿਸ਼ਾ ਵਿੱਚ ਸੀ। ਚੜ੍ਹਦੇ ਸੂਰਜ ਦੀ ਰੋਸ਼ਨੀ ਆਉਂਦੀ। ਦੁਪਹਿਰ ਤੱਕ ਕਮਰੇ ਨੂੰ ਬਿਜਲੀ ਬੱਤੀ ਦੀ ਲੋੜ ਨਹੀਂ ਸੀ। ਸੂਰਜ ਪੱਛੋਂ ਵੱਲ ਢਲ ਜਾਂਦਾ ਤਾਂ ਓਹੀ ਹਨੇਰ ਗੁਬਾਰ। ਅਫ਼ਜ਼ਲ ਦਾ ਕਮਰਾ ਜ਼ਿੰਦਗੀ ਸੀ ਤੇ ਜ਼ਿੰਦਗੀ ਦਾ ਪਰਛਾਵਾਂ। ਇਹ ਕੋਠੀ ਉਹ ਦੇ ਅੱਬਾ ਉਹ ਦੇ ਲਈ ਛੱਡ ਗਏ ਸਨ। ਅਫ਼ਜ਼ਲ ਅੰਗਰੇਜ਼ੀ ਦੀ ਐੱਮ ਏ ਕਰਕੇ ਕਿਸੇ ਕੰਮ ਵਿੱਚ ਤਾਂ ਪਿਆ ਨਹੀਂ ਸੀ, ਸ਼ਾਇਰੀ ਕਰਦਾ ਤੇ ਤੇਲ-ਚਿੱਤਰ ਬਣਾਉਂਦਾ। ਸ਼ਾਇਰੀ ਉਹਦਾ ਸ਼ੌਕ ਸੀ ਤੇ ਤੇਲ-ਚਿੱਤਰ ਉਹਦਾ ਕਿੱਤਾ। ਇਸ ਕੰਮ ਵਿੱਚੋਂ ਉਸ ਨੂੰ ਪੈਸੇ ਮਿਲਦੇ ਇੱਕ ਚਿੱਤਰ ਪੰਜਾਹ-ਪੰਜਾਹ ਹਜ਼ਾਰ ਦਾ ਵਿਕਦਾ। ਲੱਖ-ਲੱਖ ਤੇ ਡੇਢ-ਡੇਢ ਲੱਖ ਦਾ ਵਿਕਦਾ। ਬਹੁਤੇ ਵਾਰੀਂ ਚਿੱਤਰ ਬਣਦਾ-ਬਣਦਾ ਹੀ ਵਿਕ ਜਾਂਦਾ।

ਅਫ਼ਜ਼ਲ ਦੇ ਅੱਬਾ ਲੋਕ ਨਿਰਮਾਣ ਵਿਭਾਗ ਵਿੱਚ ਬੀ.ਐਂਡ.ਆਰ ਦੇ ਚੀਫ਼ ਇੰਜਨੀਅਰ ਸਨ। ਉਨ੍ਹਾਂ ਦੀ ਇੱਕ ਲੜਕੀ ਸੀ ਤੇ ਇੱਕ ਇਹ ਅਫ਼ਜ਼ਲ। ਲੜਕੀ ਵੱਡੀ ਸੀ ਤੇ ਸਹਾਰਨਪੁਰ ਵਿਆਹੀ ਹੋਈ ਸੀ। ਬੱਚੇ ਸਨ। ਦਾਮਾਦ ਬਦੇਸ਼ੀ ਤਜਾਰਤ ਦਾ ਕੰਮ ਕਰਦਾ। ਕਦੇ ਕਿਸੇ ਮੁਲਕ ਵਿੱਚ ਗਿਆ ਹੁੰਦਾ, ਕਦੇ ਕਿਸੇ ਮੁਲਕ ਵਿੱਚ। ਬਹੁਤਾ ਕਰਕੇ ਦਿੱਲੀ ਜਾਂ ਬੰਬਈ ਰਹਿੰਦਾ। ਦੋਵੇਂ ਥਾਵਾਂ `ਤੇ ਉਹ ਦੇ ਆਪਣੇ ਫਲੈਟ ਸਨ। ਬੱਚਿਆਂ ਕੋਲ ਤਾਂ ਦੋ-ਚਾਰ ਮਹੀਨਿਆਂ ਬਾਅਦ ਹੀ ਕਦੇ ਗੇੜਾ ਮਾਰਦਾ, ਉਹ ਵੀ ਇੱਕ ਜਾਂ ਦੋ ਦਿਨ। ਅੱਬਾ ਰਿਟਾਇਰ ਹੋ ਕੇ ਬੀਵੀ ਸਮੇਤ ਸਹਾਰਨਪੁਰ ਬੇਟੀ ਕੋਲ ਜਾ ਟਿਕੇ ਸਨ। ਬੇਟੀ ਦਾ ਉਹ ਸਹਾਰਾ ਸਨ। ਉਨ੍ਹਾਂ ਤੋਂ ਅਫ਼ਜ਼ਲ ਦਾ ਦੁਖ ਝੱਲਿਆ ਨਹੀਂ ਜਾਂਦਾ ਸੀ। ਉਹ ਕੋਈ ਕੰਮ ਨਹੀਂ ਕਰਦਾ ਸੀ, ਨਾ ਸਹੀ, ਸ਼ਾਦੀ ਤਾਂ ਕਰਵਾਉਂਦਾ। ਕੱਪੜਿਆਂ 'ਤੇ ਮੂਰਤਾਂ ਬਣਾਈ ਜਾਣਾ ਕਿੱਧਰਲਾ ਕੰਮ ਹੋਇਆ।

ਅੱਬਾ ਦੇ ਵਕਤ ਤੋਂ ਹੀ ਕੋਠੀ ਵਿੱਚ ਤਿੰਨ ਨੌਕਰ ਸਨ-ਉੱਤਰ ਪ੍ਰਦੇਸ਼ ਦਾ ਮਾਲੀ ਰਾਮ ਧਨ, ਰਾਜਸਥਾਨੀ ਸਫ਼ਾਈ ਸੇਵਕਾ ਚੰਮੇਲੀ ਤੇ ਨਿਪਾਲੀ ਬਾਵਰਚੀ ਬਹਾਦਰ।

ਪਿਛਲੇ ਦੋ ਮਹੀਨਿਆਂ ਤੋਂ ਅਫ਼ਜ਼ਲ ਆਪਣਾ ਨਵਾਂ ਚਿੱਤਰ ਬਣਾ ਰਿਹਾ ਸੀ। ਉਹ ਸਵੇਰੇ ਚਾਰ ਵਜੇ ਉੱਠਦਾ। ਚਾਹ ਆਪ ਬਣਾਉਂਦਾ। ਫਲੱਸ਼ ਜਾਂਦਾ, ਬੁਰਸ਼ ਕਰਦਾ ਤੇ ਬਿਨਾਂ ਨ੍ਹਾਤੇ-ਧੋਤੇ ਕੈਨਵਸ ਅੱਗੇ ਆ ਬੈਠਦਾ। ਸੰਗਮਰਮਰ ਦੀ ਤਿਕੋਣੀ ਟੁਕੜੀ 'ਤੇ ਟਿਊਬਾਂ ਦੇ ਰੰਗ ਕੱਢਦਾ। ਉਹ ਦਾ ਬੁਰਸ਼ ਕੈਨਵਸ ’ਤੇ ਲਗਾਤਾਰ ਚੱਲਦਾ। ਕਦੇ ਉਹ ਖੜ੍ਹਾ ਹੁੰਦਾ, ਕਦੇ ਸਟੂਲ ਲੈ ਕੇ ਬੈਠ ਜਾਂਦਾ। ਕਦੇ ਦੂਰ ਖੜ੍ਹ ਕੇ ਬਣ ਰਹੇ ਚਿੱਤਰ ਨੂੰ ਦੇਖਣ ਲਗਦਾ। ਕੁਝ ਨਵਾਂ ਸੋਚਦਾ ਤੇ ਕਿੰਨਾ-ਕਿੰਨਾ ਚਿਰ ਸੋਚਦਾ ਹੀ ਰਹਿੰਦਾ। ਉਹ ਦੇ ਜ਼ਿਹਨ ਵਿੱਚ ਚਿੱਤਰ ਦੀ ਜੋ ਆਕ੍ਰਿਤੀ ਹੁੰਦੀ, ਉਹ ਕੈਨਵਸ ’ਤੇ ਉੱਘੜਦੀ ਨਾ ਦਿਖਦੀ। ਉਹ ਦੁਬਾਰਾ ਉਨ੍ਹਾਂ ਹੀ ਥਾਵਾਂ 'ਤੇ ਬੁਰਸ਼ ਦੀਆਂ ਛੋਹਾਂ ਲਾਉਣ ਲੱਗਦਾ।

ਕਮਰੇ ਦੀ ਸਫ਼ਾਈ ਕਰਨ ਆਈ ਚੰਮੇਲੀ ਆਪਣੀ ਹਾਜ਼ਰੀ ਲਵਾ ਜਾਂਦੀ। ਉਹ ਥਕੇਵਾਂ ਲਾਹੁਣ ਲਈ ਕਮਰੇ ਤੋਂ ਬਾਹਰ ਨਿਕਲਦਾ, ਸੜਕਾਂ 'ਤੇ ਦੌੜ ਰਹੀ ਜ਼ਿੰਦਗੀ ਉਹ ਨੂੰ ਤਰੋਤਾਜ਼ਾ ਕਰ ਜਾਂਦੀ ਤੇ ਦੂਰ ਕਿਤੇ ਰਾਮਧਨ ਕਿਆਰੀਆਂ ਵਿੱਚ ਝੁਕਿਆ ਦਿੱਸਦਾ। ਅਫ਼ਜ਼ਲ ਕਮਰੇ ਵਿੱਚ ਪੂਰਾ ਰੁੱਝਿਆ ਹੁੰਦਾ ਤਾਂ ਬਹਾਦਰ ਨਾਸ਼ਤੇ ਲਈ ਆਖ ਜਾਂਦਾ।

ਇਹ ਇੱਕ ਨੌਜਵਾਨ ਦਾ ਚਿੱਤਰ ਸੀ, ਜਿਸ ਦੇ ਕਾਲੇ ਕੇਸ ਖੁੱਲ੍ਹੇ ਸਨ ਤੇ ਮਿੱਟੀ ਘੱਟੇ ਨਾਲ ਲਿੱਬੜੇ ਆਪਸ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ। ਨੌਜਵਾਨ ਦਾ ਅੱਧਾ ਚਿਹਰਾ ਦਿੱਸਦਾ। ਕੰਨ, ਅੱਧੀ ਕੁ ਅੱਖ ਤੇ ਛੋਟੀਆਂ-ਛੋਟੀਆਂ ਦਾੜ੍ਹੀ-ਮੁੱਛਾਂ ਚਿਹਰੇ ਦੇ ਇੱਕ ਪਾਸੇ ਦੀਆਂ। ਅੱਧੇ ਕੁ ਮੱਥੇ 'ਤੇ ਗੁੱਸੇ ਦੀਆਂ ਤਿਉੜੀਆਂ। ਇੱਕ ਅੱਖ ਦਾ ਅਕਾਰ ਪੂਰਾ ਨਾ ਦਿੱਸਦੇ ਹੋਏ ਵੀ ਉਸ ਵਿੱਚ ਸ਼ਿੱਦਤ ਦਾ ਰੋਹ ਸੀ। ਨੌਜਵਾਨ ਦੀ ਨੰਗੀ ਪਿੱਠ 'ਤੇ ਜ਼ਖ਼ਮਾਂ ਦੇ ਨਿਸ਼ਾਨ ਸਨ, ਜਿਵੇਂ ਤਰਬੂਜ਼ ਦੀਆਂ ਫਾੜੀਆਂ।

ਅਫ਼ਜ਼ਲ ਚਿੱਤਰਕਾਰ ਦੀ ਸ਼ਹਿਰ ਵਿੱਚ ਮਸ਼ਹੂਰੀ ਤਾਂ ਸੀ ਹੀ, ਬਾਹਰ ਉਹ ਉਸ ਤੋਂ ਵੀ ਵੱਧ ਉੱਘਾ ਸੀ। ਉਸ ਦਾ ਚਿੱਤਰ ਦੇਖਣ ਲੱਗੋ ਤਾਂ ਦੇਖਦੇ ਹੀ ਚਲੇ ਜਾਓ। ਉਹ ਦਾ ਚਿੱਤਰ ਗੱਲਾਂ ਕਰਨ ਲੱਗਦਾ, ਜਦੋਂ ਕਿ ਦਰਸ਼ਕ ਬੁੱਤ ਬਣਿਆ ਖੜ੍ਹਾ ਹੁੰਦਾ। ਉਹ ਦਾ ਬਣ ਰਿਹਾ ਚਿੱਤਰ ਦੇਖਣ ਲਈ ਸ਼ਹਿਰ ਦੇ ਲੋਕ ਉਹ ਦੀ ਕੋਠੀ ਤੁਰੇ ਆਉਂਦੇ। ਬਾਹਰੋਂ ਬਹੁਤ ਆਉਂਦੇ। ਉਹ ਕਿਸੇ ਨੂੰ ਰੋਕਦਾ-ਟੋਕਦਾ ਨਹੀਂ ਸੀ। ਜਿਵੇਂ ਦੁਨੀਆ ਦੀ ਸੁੰਦਰ ਬਨਸਪਤੀ ਸ਼ਰ੍ਹੇਆਮ ਧਰਤੀ ਵਿੱਚੋਂ ਉੱਗਦੀ ਹੈ। ਕਲਾ ਦਾ ਨਿਰਮਾਣ ਚੋਰੀ-ਚੋਰੀ ਨਹੀਂ ਹੁੰਦਾ। ਕਮਰੇ ਵਿੱਚ ਗੱਦੇਦਾਰ ਕੁਰਸੀਆਂ ਲੱਗੀਆਂ ਰਹਿੰਦੀਆਂ। ਉਹ ਕੈਨਵਸ ’ਤੇ ਆਪਣਾ ਕੰਮ ਕਰ ਰਿਹਾ ਹੁੰਦਾ, ਦਰਸ਼ਕ ਚੁੱਪ-ਚਾਪ ਕੁਰਸੀਆਂ 'ਤੇ ਆ ਕੇ ਬੈਠਦੇ। ਅੱਖਾਂ ਦੀ ਭੁੱਖ ਮਿਟਾ ਕੇ ਤੁਰ ਜਾਂਦੇ। ਅਫ਼ਜ਼ਲ ਕਦੇ-ਕਦੇ ਦਰਸ਼ਕਾਂ ਵੱਲ ਨਜ਼ਰ ਮਾਰਦਾ। ਦੁਆ-ਸਲਾਮ ਵੀ ਹੋ ਜਾਂਦੀ। ਪਰ ਉਹ ਦਾ ਖ਼ਾਸ ਧਿਆਨ ਕੈਨਵਸ ਤੇ ਹੀ ਕੇਂਦਰਤ ਰਹਿੰਦਾ। ਦਰਸ਼ਕਾਂ ਵੱਲ ਤਾਂ ਉਹ ਓਦੋਂ ਹੀ ਦੇਖਦਾ, ਜਦੋਂ ਉਸ ਨੇ ਨਵੀਂ ਸਿਗਰਟ ਸੁਲਗਾਉਣੀ ਹੁੰਦੀ ਜਾਂ ਪਾਨ ਦਾ ਬੀੜਾ ਮੂੰਹ ਵਿੱਚ ਪਾਉਣਾ ਹੁੰਦਾ।

ਬਹਾਦਰ ਸ਼ਾਮ ਦੀ ਚਾਹ ਲੈ ਕੇ ਆਇਆ। ਉਸ ਨੇ ਚਾਹ ਦਾ ਕੱਪ ਪੀਤਾ, ਬਾਥਰੂਮ ਗਿਆ ਤੇ ਕਮਰੇ ਵਿੱਚ ਆ ਕੇ ਕੈਨਵਸ ਸਾਹਮਣੇ ਬੈਠ ਗਿਆ। ਬੁਰਸ਼ ਚੁੱਕਿਆ, ਇੱਕ-ਦੋ ਛੋਹਾਂ ਲਾਈਆਂ, ਸਵਿੱਤਰੀ ਜਿਵੇਂ ਉਸ ਦੇ ਸਾਹਮਣੇ ਖੜ੍ਹੀ ਹੋਵੇ-ਮੁਸਕਰਾਉਂਦੀ ਤੇ ਸ਼ੇਅਰ ਲਿਖ ਕੇ ਦੇਣ ਲਈ ਇਸਰਾਰ ਕਰਦੀ। ਉਹ ਬਹੁਤੀ ਦੇਰ ਕੈਨਵਸ ’ਤੇ ਕੰਮ ਨਹੀਂ ਕਰ ਸਕਿਆ। ਉੱਠਿਆ ਤੇ ਡਰਾਇੰਗ ਰੂਮ ਵਿੱਚ ਜਾ ਕੇ ਫੇਰ ਸੌਂ ਗਿਆ।

ਦੂਜੇ ਦਿਨ ਵੀ ਲੱਗਪਗ ਸਾਰਾ ਦਿਨ ਉਹ ਤੋਂ ਸੰਵਾਰ ਕੇ ਕੰਮ ਨਹੀਂ ਹੋਇਆ। ਉਹ ਉਸ ਦੇ ਜ਼ਿਹਨ ਵਿੱਚ ਹਲਕਾ-ਹਲਕਾ ਖਲਲ ਮਚਾਉਂਦੀ ਰਹੀ। ਤੀਜੇ ਦਿਨ ਉਹ ਸਦੇਹਾਂ ਉੱਠਿਆ। ਚਾਹ ਪੀਤੀ, ਫਲੱਸ਼ ਗਿਆ, ਬੁਰਸ਼ ਕਰਕੇ ਸਟੂਡੀਓ ਵਿੱਚ ਆਇਆ ਤੇ ਮਨ ਮਾਰ ਕੇ ਕੈਨਵਸ ਤੇ ਬੁਰਸ਼ ਚਲਾਉਣ ਲੱਗਿਆ। ਉਸ ਦਾ ਬੁਰਸ਼ ਤੇਜ਼-ਤੇਜ਼ ਚੱਲ ਰਿਹਾ ਸੀ, ਜਿਵੇਂ ਇੰਝ ਕਰਨ ਨਾਲ ਉਸ ਦੇ ਦਿਮਾਗ਼ ਵਿੱਚੋਂ ਸਵਿੱਤਰੀ ਦਾ ਖਿਆਲ ਖਾਰਜ ਹੋ ਰਿਹਾ ਹੈ। ਕਾਫ਼ੀ ਸਮਾਂ ਬੀਤ ਗਿਆ। ਪਤਾ ਹੀ ਨਹੀਂ ਲੱਗਿਆ, ਉਹ ਕਦੋਂ ਦਰਸ਼ਕਾਂ ਵਾਲੀਆਂ ਕੁਰਸੀਆਂ ਵਿੱਚ ਆ ਕੇ ਬੈਠ ਗਈ ਸੀ। ਉਹ ਚੁੱਪ ਸੀ। ਸ਼ਾਇਦ ਚਿੱਤਰਕਾਰ ਦਾ ਧਿਆਨ ਭੰਗ ਕਰਨਾ ਨਹੀਂ ਚਾਹੁੰਦੀ ਸੀ। ਅਫ਼ਜ਼ਲ ਨੂੰ ਸਿਗਰਟ ਦੀ ਤਲਬ ਲੱਗੀ। ਨਾਸ਼ਤਾ ਉਹ ਕਦੋਂ ਦਾ ਕਰ ਚੁੱਕਿਆ ਸੀ। ਉਹਨੇ ਬੁੱਲ੍ਹਾਂ ਵਿੱਚ ਸਿਗਰਟ ਨੱਪੀ, ਲਾਈਟਰ ਜਗਾਇਆ ਤੇ ਕਸ਼ ਲੈ ਕੇ ਧੂੰਆਂ ਛੱਡਣ ਵੇਲੇ ਉਹ ਦਰਸ਼ਕਾਂ ਦੀਆਂ ਕੁਰਸੀਆਂ ਵੱਲ ਝਾਕਿਆ। ਉਹ ਮੁਸਕਰਾ ਉੱਠੀ। ਉਹ ਕੋਈ ਤਿੱਖੀ ਚੀਜ਼ ਚੁਭਣ ਵਾਂਗ ਖੜ੍ਹਾ ਹੋ ਗਿਆ। ਕੈਨਵਸ ਤੋਂ ਪਰ੍ਹਾਂ ਹਟ ਕੇ ਬੋਲਿਆ, 'ਆਈਏ, ਆਈਏ। ਤੁਮ ਕਬ ਸੇ ਬੈਠੀ ਹੋ ਯਹਾਂ?'

‘ਜਬ ਸੇ ਆਪ ਨੇ ਦੇਖਾ ਨਹੀਂ।'

ਉਹ ਆਪ ਚੱਲ ਕੇ ਦਰਸ਼ਕਾਂ ਵਾਲੀਆਂ ਕੁਰਸੀਆਂ ਕੋਲ ਆ ਖੜ੍ਹਾ ਤੇ ਫੇਰ ਇੱਕ ਕੁਰਸੀ 'ਤੇ ਬੈਠ ਗਿਆ। ਚਿੱਤਰ ਵੱਲ ਝਾਕਿਆ। ਪੁੱਛਿਆ, 'ਬਨ ਰਹੀ ਹੈ ਬਾਤ ਕੋਈ?'

'ਬਾਤ ਬਨ ਤੋਂ ਰਹੀ ਹੈ। ਬਨ ਜਾਏਗੀ ਏਕ ਦਿਨ।' ਉਹ ਫੇਰ ਮੁਸਕਰਾਈ।

'ਆਈਏ, ਡਰਾਇੰਗ ਰੂਮ ਮੈਂ ਬੈਠਤੇ ਹੈਂ।' ਉਹ ਬੋਲਿਆ।

ਸਵਿੱਤਰੀ ਉਹ ਦੇ ਮਗਰ-ਮਗਰ ਤੁਰਨ ਲੱਗੀ, ਉਹਦੀ ਛਾਂ ਵਾਂਗ। ਡਰਾਇੰਗ ਰੂਮ ਵਿੱਚ ਜਾ ਕੇ ਅਫ਼ਜ਼ਲ ਨੇ ਪੁੱਛਿਆ, 'ਚਾਏ ਪੀਓਗੀ ਕਯਾ?'

ਉਹ ਚੁੱਪ ਖੜ੍ਹੀ ਸੀ।

'ਖੁਦ ਹੀ ਬਨਾਨੀ ਪੜੇਗੀ, ਕਿਚਨ ਮੈਂ ਜਾਕਰ। ਬਹਾਦਰ ਸ਼ਾਇਦ ਬਾਜ਼ਾਰ ਗਿਆ ਹੈ। ਦਿਖ ਨਹੀਂ ਰਹਾ।'

ਸਵਿੱਤਰੀ ਨੂੰ ਚਾਹ ਤਿਆਰ ਕਰਨ ਵਿੱਚ ਕੁਝ ਦੇਰ ਲੱਗੀ। ਚੀਨੀ, ਚਾਹ-ਪੱਤੀ ਤੇ ਦੁੱਧ ਲੱਭਦੀ ਰਹੀ ਹੋਵੇਗੀ। ਗੈਸ ਤਾਂ ਸਾਹਮਣੇ ਸੀ ਤੇ ਬਰਤਨ ਵੀ। ਦੋ ਫੁੱਲਦਾਰ ਕੱਪ ਇੱਕ ਤਸ਼ਤਰੀ ਵਿੱਚ ਰੱਖ ਕੇ ਉਹ ਕਮਰੇ ਵਿੱਚ ਆਈ। ਤਸ਼ਤਰੀ ਤਿਪਾਈ ’ਤੇ ਰੱਖ ਦਿੱਤੀ। ਅਫ਼ਜ਼ਲ ਸੋਫ਼ੇ ’ਤੇ ਗੁੰਮ-ਸੁੰਮ ਬੈਠਾ ਸੀ।ਉਹ ਉਸ ਦੇ ਕੋਲ ਹੋ ਕੇ ਬੈਠ ਗਈ। ਅਫ਼ਜ਼ਲ ਨੇ ਚਾਹ ਦੀ ਚੁਸਕੀ ਭਰੀ ਤੇ ਖਿੜ ਉੱਠਿਆ, 'ਵਾਹ ਕਯਾ ਚਾਏ ਬਨਾਈ ਹੈ, ਲੁਤਫ਼ ਆ ਗਿਆ।' ਨਾਲ ਦੀ ਨਾਲ ਸਵਿੱਤਰੀ ਦਾ ਹੱਥ ਫੜਿਆ ਤੇ ਹਲਕਾ ਜਿਹਾ ਚੁੰਮ ਲਿਆ। ਸਵਿੱਤਰੀ ਦਾ ਹੱਥ ਲੁਗਲੁਗਾ ਸੀ। ਉਸ ਦੀਆਂ ਅੱਖਾਂ ਵਿੱਚ ਸ਼ਰਮ ਉਤਰਨ ਲੱਗੀ, ਪਰ ਉਹ ਹੱਸ ਪਈ। ਅੱਖਾਂ ਗਿੱਲੀਆਂ ਹੋ ਗਈਆਂ। ਅਫ਼ਜ਼ਲ ਨੂੰ ਉਸ ਦੇ ਚਿਹਰੇ ਦਾ ਇਹ ਰੂਪ ਬਹੁਤ ਪਸੰਦ ਆਇਆ ਤੇ ਫੇਰ ਉਸ ਨੇ ਇੱਕ ਸ਼ੇਅਰ ਪੜ੍ਹ ਦਿੱਤਾ। ਸਵਿੱਤਰੀ ਵਾਹ-ਵਾਹ ਕਹਿਣ ਲੱਗੀ।

ਤੇ ਫੇਰ ਅਫ਼ਜ਼ਲ ਆਪਣੇ ਬਣ ਰਹੇ ਚਿੱਤਰ ਦੀ ਗੱਲ ਕਰਦਾ ਰਿਹਾ। ਉਹ ਸੁਣਦੀ ਜਾ ਰਹੀ ਸੀ। ਫੇਰ ਉਹ ਆਪਣੀ ਸ਼ਾਇਰੀ ਦੀਆਂ ਗੱਲਾਂ ਕਰਨ ਲੱਗ ਪਿਆ। ਉਹ ਸੁਣੀ ਗਈ। ਹਰ ਗੱਲ ਉਹ ਗੌਰ ਨਾਲ ਸੁਣਦੀ ਤੇ ਇੱਕ ਦੋ ਰਸਮੀ ਸ਼ਬਦਾਂ ਵਿੱਚ ਤਾਰੀਫ਼ ਕਰਦੀ। ਫੇਰ ਉਹ ਕਹਿਣ ਲੱਗੀ, 'ਚਲਤੀ ਹੂੰ। ਮੈਂ ਨੇ ਤੋਂ ਖਾਹਮਖਾਹ ਆਪ ਕਾ ਸਮਯ ਬਰਬਾਦ ਕੀਆ।'

‘ਨਹੀਂ-ਨਹੀਂ, ਬੈਠੋ। ਤੁਮ੍ਹਾਰੇ ਆਨੇ ਸੇ ਸਮਯ ਤੋ ਔਰ ਕੀਮਤੀ ਸਾ ਹੋ ਗਿਆ। ਐਸੀ ਕੋਈ ਬਾਤ ਨਹੀਂ। ਯਹ ਤੋਂ ਚਲਤਾ ਹੀ ਰਹਿਤਾ ਹੈ।'

ਉਹ ਉੱਠੀ ਤੇ ਆਪਣਾ ਸਮਾਨ ਸੰਭਾਲ ਕੇ ਸਲਾਮ ਕੀਤਾ। ਅਫ਼ਜ਼ਲ ਉਸ ਨੂੰ ਕੋਠੀ ਦੇ ਬਾਹਰਲੇ ਗੇਟ ਤੱਕ ਛੱਡਣ ਗਿਆ।

ਤੇ ਫੇਰ ਉਹ ਦੂਜੇ-ਚੌਥੇ ਦਿਨ ਹੀ ਆਉਂਦੀ। ਅਫ਼ਜ਼ਲ ਆਪਣੇ ਚਿੱਤਰ ’ਤੇ ਕੰਮ ਕਰ ਰਿਹਾ ਹੁੰਦਾ। ਉਹ ਸਲਾਮ ਕਰਦੀ। ਖ਼ੁਦ ਹੀ ਕਿਚਨ ਵਿੱਚ ਚਲੀ ਜਾਂਦੀ। ਚਾਹ ਦੇ ਦੋ ਕੱਪ ਬਣਾ ਲਿਆਉਂਦੀ। ਉਹ ਕੰਮ ਕਰਦਾ, ਚਾਹ ਵੀ ਪੀਂਦਾ। ਗੱਲਾਂ ਚੱਲਦੀਆਂ ਰਹਿੰਦੀਆਂ। ਸਵਿੱਤਰੀ ਦੀਆਂ ਗੱਲਾਂ ਵਿੱਚ ਕਦੇ ਕੰਮ ਛੱਡ ਕੇ ਬੈਠ ਜਾਂਦਾ। ਹਮੇਸ਼ਾ ਜ਼ਬਤ ਵਿੱਚ ਰਹਿੰਦਾ। ਉਸ ਨੂੰ ਮਹਿਸੂਸ ਹੁੰਦਾ, ਉਹ ਉਹਦਾ ਸਮਾਂ ਨਸ਼ਟ ਕਰਨ ਆ ਜਾਂਦੀ ਹੈ। ਪਰ ਉਸ ਨੂੰ ਆਪਣੇ ਖਲੂਸ ਦਾ ਚੇਤਾ ਵੀ ਸੀ। ਘਰ ਆਏ ਮਹਿਮਾਨ ਨੂੰ ਸਮਾਂ ਦੇਣਾ ਜ਼ਰੂਰੀ ਹੈ। ਉਸ ਨੂੰ ਇਹ ਵੀ ਲੱਗਦਾ ਕਿ ਉਹ ਦਿਨੋ-ਦਿਨ ਉਹਦੇ ਬਹੁਤ ਨਜ਼ਦੀਕ ਆਉਂਦੀ ਜਾ ਰਹੀ ਹੈ। ਉਹ ਚਾਹੁੰਦਾ ਕਿ ਉਹ ਦਾ ਦਿਲ ਨਾ ਤੋੜਿਆ ਜਾਵੇ ਤੇ ਇੱਕ ਫਾਸਲੇ 'ਤੇ ਰਿਹਾ ਜਾਵੇ। ਜੇ ਉਹ ਉਹਦੇ ਨਾਲ ਜ਼ਰਾ ਵੀ ਖੁੱਲ੍ਹ ਗਿਆ ਤਾਂ ਉਸ ਦਾ ਚਿੱਤਰ ਅੱਧ-ਵਿਚਕਾਰ ਹੀ ਰਹਿ ਜਾਵੇਗਾ। ਇਹ ਮੁਕੰਮਲ ਕਰਕੇ ਦੇਣਾ ਵੀ ਤਾਂ ਹੈ।

ਇੱਕ ਦਿਨ ਉਹ ਆਈ ਤੇ ਫਟਾਫਟ ਬੋਲਣਾ ਸ਼ੁਰੂ ਕਰ ਦਿੱਤਾ, 'ਏਕ ਲੜਕਾ ਹੈ, ਨੌਜਵਾਨ ਲੜਕਾ। ਉਸ ਦੇ ਸਾਥ ਉਸੀ ਕਮਰੇ ਮੇਂ ਏਕ ਲੜਕੀ ਰਹਿਤੀ ਹੈ, ਲੜਕੀ ਭੀ ਨੌਜਵਾਨ ਹੈ। ਵੇ ਰਾਤ ਕੋ ਏਕ ਬੈੱਡ ਪਰ ਸੋਤੇ ਹੈਂ। ਸਭੀ ਬਾਤੇਂ ਕਰ ਲੇਤੇ ਹੈਂ। ਲੇਕਿਨ ਵੇ ਏਕ-ਦੂਸਰੇ ਸੇ ਸ਼ਰਮਾਤੇ ਰਹਿਤੇ ਹੈਂ। ਟੱਚ ਭੀ ਨਹੀਂ ਕਰਤੇ। ਲੜਕਾ ਸੋਚਤਾ ਹੈ, ਲੜਕੀ ਕਯਾ ਕਹੇਗੀ। ਲੜਕੀ ਸੋਚਤੀ ਹੈ, ਲੜਕਾ ਕਯਾ ਕਹੇਗਾ।'

'ਅੱਛਾ, ਯਹ ਬਾਤ ਹੈ, ਤੋਂ ਫਿਰ?' ਅਫ਼ਜ਼ਲ ਦਾ ਧਿਆਨ ਚਿੱਤਰ ਵੱਲ ਸੀ।

‘ਮੈਂ ਆਪ ਕੋ ਯਹ ਕਹਾਨੀ ਸੁਨਾ ਚਲੀ। ਅਬ ਆਪ ਸੋਚੀਏਗਾ ਜ਼ਰਾ ਇਸ ਕੇ ਬਾਰੇ ਮੇਂ।'

ਉਹ ਸਭ ਸਮਝਦਾ ਸੀ, ਉਹ ਕੀ ਚਾਹੁੰਦੀ ਹੈ। ਪਰ ਉਸ ਨੂੰ ਓਹੀ ਇੱਕੋ ਡਰ ਕਿ ਉਸ ਦਾ ਚਿੱਤਰ ਅੱਧ-ਵਿਚਕਾਰ ਰਹਿ ਜਾਵੇਗਾ। ਪਹਿਲਾਂ ਉਹ ਚਿੱਤਰ ਮੁਕੰਮਲ ਕਰ ਲਵੇ।

ਫੇਰ ਉਹ ਕਈ ਦਿਨ ਨਾ ਆਈ। ਹਫ਼ਤਾ ਬੀਤ ਗਿਆ। ਫੇਰ ਦੂਜਾ ਹਫ਼ਤਾ ਵੀ। ਦੂਜੇ ਦਰਸ਼ਕ ਆਉਂਦੇ ਸਨ। ਆ ਕੇ ਕੁਰਸੀਆਂ 'ਤੇ ਬੈਠ ਜਾਂਦੇ। ਚੁੱਪ-ਚਾਪ ਦੇਖਦੇ ਰਹਿੰਦੇ, ਉੱਠ ਕੇ ਤੁਰ ਜਾਂਦੇ। ਉਨ੍ਹਾਂ ਵਿੱਚ ਔਰਤਾਂ ਵੀ ਹੁੰਦੀਆਂ, ਨੌਜਵਾਨ ਕੁੜੀਆਂ। ਪਾਨ ਦਾ ਬੀੜਾ ਮੂੰਹ ਵਿੱਚ ਪਾਉਣ ਵੇਲੇ ਜਾਂ ਨਵੀਂ ਸਿਗਰਟ ਸੁਲਗਾਉਂਦਿਆਂ ਉਹ ਦਰਸ਼ਕਾਂ ਵੱਲ ਗਹੁ ਨਾਲ ਝਾਕਦਾ, ਉਨ੍ਹਾਂ ਵਿੱਚ ਸਵਿੱਤਰੀ ਨਹੀਂ ਹੁੰਦੀ ਸੀ। ਉਹ ਉਹਨੂੰ ਉਡੀਕਦਾ ਰਹਿੰਦਾ। ਕਦੇ ਉਹਨੂੰ ਚੰਗਾ-ਚੰਗਾ ਲੱਗਦਾ ਕਿ ਉਹ ਨਹੀਂ ਆਈ, ਉਹ ਆਪਣਾ ਕੰਮ ਤੇਜ਼ੀ ਨਾਲ ਨਿਬੇੜਦਾ ਜਾ ਰਿਹਾ ਸੀ, ਪਰ ਉਹ ਬਹੁਤਾ ਉਹਨੂੰ ਉਡੀਕਦਾ ਹੀ। ਉਸ ਦਾ ਦਰਸ਼ਕਾਂ ਵੱਲ ਝਾਕਣਾ ਫ਼ਜ਼ੂਲ ਸੀ। ਫੇਰ ਤਾਂ ਉਹ ਦਰਸ਼ਕਾਂ ਵਿੱਚ ਆ ਕੇ ਬੈਠਦੀ ਹੀ ਨਹੀਂ ਸੀ। ਸਿੱਧਾ ਉਹ ਦੇ ਕੋਲ ਆਉਂਦੀ। ਸਲਾਮ ਕਰਦੀ ਤੇ ਕਿਚਨ ਵਿੱਚ ਚਲੀ ਜਾਂਦੀ। ਚਾਹ ਦੇ ਦੋ ਕੱਪ ਬਣਾ ਕੇ ਡਰਾਇੰਗ ਰੂਮ ਵਿੱਚ ਰੱਖਦੀ ਤੇ ਅਫ਼ਜ਼ਲ ਨੂੰ ਉਡੀਕਣ ਲੱਗਦੀ। ਬਹਾਦਰ ਘਰ ਹੁੰਦਾ ਤਾਂ ਵੀ ਸਵਿੱਤਰੀ ਚਾਹ ਬਣਾਉਂਦੀ।

ਜਿਵੇਂ ਚਿੱਤਰਕਾਰੀ ਉਸ ਦਾ ਕੰਮ ਸੀ ਤੇ ਸ਼ਾਇਰੀ ਉਸ ਦਾ ਸ਼ੌਕ, ਏਵੇਂ ਹੀ ਉਸ ਦੇ ਹੋਰ ਸ਼ੌਕ ਵੀ ਸਨ। ਮਸਲਨ; ਸ਼ਾਮ ਨੂੰ ਚਿੱਤਰ ਦੇ ਕੰਮ ਤੋਂ ਵਿਹਲਾ ਹੋ ਕੇ ਥਕਾਵਟ ਲਾਹੁਣ ਲਈ ਸ਼ਰਾਬ ਦੇ ਦੋ ਪੈੱਗ ਪੀਣਾ, ਕਦੇ-ਕਦੇ ਚਿੱਤਰ ਨੂੰ ਵਿੱਚੇ ਛੱਡ ਕੇ ਪਹਾੜ 'ਤੇ ਚਲੇ ਜਾਣਾ, ਆਪਣੀ ਮਨਪਸੰਦ ਔਰਤ ਨੂੰ ਭੋਗਣਾ। ਸਿਗਰਟ, ਪਾਨ, ਚਾਹ ਤੇ ਸ਼ਰਾਬ ਵਾਂਗ ਹੀ ਔਰਤ ਉਸ ਦੀ ਤਲਬ ਸੀ। ਸਗੋਂ ਇਹ ਤਲਬ ਦੂਜੀਆਂ ਨਾਲੋਂ ਤਿੱਖੀ ਤੇ ਵੇਗਮਈ ਸੀ। ਜਦੋਂ ਉਸ ਦੀ ਜ਼ਿੰਦਗੀ ਵਿੱਚ ਕੋਈ ਨਵੀਂ ਔਰਤ ਆਉਂਦੀ, ਉਹ ਬਾਕੀ ਸਭ ਕੁਝ ਭੁੱਲ ਜਾਂਦਾ। ਬਸ ਉਹ ਔਰਤ ਹੀ ਉਸ ਦਾ ਸੰਸਾਰ ਹੁੰਦੀ। ਤੇ ਫਿਰ ਕੁਝ ਮਹੀਨਿਆਂ ਬਾਅਦ ਜਾਂ ਸਾਲ ਬਾਅਦ ਉਹਦਾ ਇਹ ਸੰਸਾਰ ਉਸ ਦੀਆਂ ਅੱਖਾਂ ਤੋਂ ਓਝਲ ਹੋ ਜਾਂਦਾ। ਉਹ ਉਸਦੇ ਵਿਯੋਗ ਵਿੱਚ ਤੜਫਦਾ, ਸ਼ਾਇਰੀ ਕਰਦਾ, ਦਿਨ ਵਿੱਚ ਕਿਸੇ ਵੇਲੇ ਵੀ ਸ਼ਰਾਬ ਲੈ ਕੇ ਬੈਠ ਜਾਂਦਾ। ਪੌਦਿਆਂ ਦੇ ਨਵੇਂ ਪੱਤੇ ਕੱਢਣ ਵਾਂਗ ਫੇਰ ਉਹਦੀ ਚੇਤਨਾ ਜਾਗਦੀ। ਉਹ ਆਪਣੇ ਹਥਿਆਰ ਚੁੱਕ ਲੈਂਦਾ ਤੇ ਨਵਾਂ ਚਿੱਤਰ ਬਣਾਉਣ ਲੱਗਦਾ। ਉਸ ਦੀ ਜ਼ਿੰਦਗੀ ਵਿੱਚ ਐਨੀਆਂ ਔਰਤਾਂ ਆ ਚੁੱਕੀਆਂ ਸਨ ਕਿ ਸ਼ਾਦੀ ਨਾਂ ਦਾ ਸੰਕਲਪ ਕਿਧਰੇ ਗਾਇਬ ਹੀ ਹੋ ਗਿਆ। ਉਸ ਨੂੰ ਸਮਝ ਨਹੀਂ ਸੀ ਕਿ ਸ਼ਾਦੀ ਵਾਲੀ ਉਹਦੀ ਔਰਤ ਕਿਹੋ ਜਿਹੀ ਹੋਵੇਗੀ।

ਤੇ ਫੇਰ ਇਕ ਮਹੀਨੇ ਬਾਅਦ ਸਵਿੱਤਰੀ ਆਈ। ਗਰਮੀ ਦਾ ਮੌਸਮ ਆਖਰੀ ਸਾਹਾਂ 'ਤੇ ਸੀ। ਸਵੇਰੇ-ਸ਼ਾਮ ਮੱਠੀ-ਮੱਠੀ ਠੰਡ ਹੁੰਦੀ। ਰਾਤ ਨੂੰ ਚੱਦਰ ਲੈ ਕੇ ਸੌਣਾ ਪੈਂਦਾ। ਉਹ ਸ਼ਾਮ ਦੇ ਵਕਤ ਆਈ ਸੀ। ਉਸ ਸਮੇਂ ਹੋਰ ਦਰਸ਼ਕ ਕੋਈ ਨਹੀਂ ਸੀ। ਸਲਾਮ ਕੀਤਾ ਤੇ ਕੁਰਸੀ ਖਿਸਕਾ ਕੇ ਅਫ਼ਜ਼ਲ ਦੇ ਕੋਲ ਬੈਠ ਗਈ। ਉਹ ਆਪਣੇ ਕੰਮ ਵਿੱਚ ਮਗਨ ਸੀ। ਬਿਨਾਂ ਝਾਕੇ ਬੋਲਿਆ, 'ਇਤਨੇ ਦਿਨੋਂ ਤੱਕ ਕਹਾਂ ਰਹੀ ਹੋ?'

'ਆਪ ਤੋਂ ਬਾਤ ਭੀ ਨਹੀਂ ਕਰਤੇ ਢੰਗ ਸੇ। ਆ ਕੇ ਕਯਾ ਕਰਤੀ?' ਉਹ ਖਿਝੀ ਹੋਈ ਸੀ।

‘ਢੰਗ ਸੇ ਕੈਸੇ ਹੋਤੀ ਹੈਂ ਬਾਤੇਂ, ਬਤਾਈਏ ਜ਼ਰਾ।' ਅਫ਼ਜ਼ਲ ਦੀ ਨਜ਼ਰ ਕੈਨਵਸ 'ਤੇ ਸੀ। ਉਸ ਨੇ ਪੈਂਟ ਦੀ ਜੇਬ੍ਹ ਵਿੱਚੋਂ ਰੁਮਾਲ ਕੱਢ ਕੇ ਆਪਣਾ ਨੱਕ ਘੁੱਟਿਆ।

'ਜੈਸੇ ਅਬ, ਆਪ ਢੰਗ ਸੇ ਬਾਤ ਨਹੀਂ ਕਰ ਰਹੇ। ਆਪ ਕੇ ਪਾਸ ਕਯਾ ਇਤਨੀ ਫੁਰਸਤ ਭੀ ਨਹੀਂ ਕਿ ...' ਉਹ ਦਾ ਬੋਲ ਰੋਣ-ਹਾਕਾ ਸੀ।

‘ਚਾਏ ਨਹੀਂ ਪਿਲਾਓਗੀ ਕਯਾ ਆਜ?' ਅਫ਼ਜ਼ਲ ਨੇ ਗੱਲ ਟਾਲ ਦਿੱਤੀ।

ਉਹ ਉੱਠੀ, ਕਿਚਨ ਵਿੱਚ ਗਈ ਤੇ ਚਾਹ ਦੇ ਦੋ ਪਿਆਲੇ ਬਣਾ ਕੇ ਡਰਾਇੰਗ ਰੂਮ ਵਿੱਚ ਜਾ ਬੈਠੀ। ਅਫ਼ਜ਼ਲ ਦਾ ਇੰਤਜ਼ਾਰ ਕਰਨ ਲੱਗੀ।

'ਹਾਂ, ਅੱਬ ਬਤਾਓ, ਕਯਾ ਕਹਿ ਰਹੀ ਹੋ ਤੁਮ?' ਉਹ ਛੇਤੀ-ਛੇਤੀ ਚਾਹ ਪੀਣ ਲੱਗਿਆ। ਫੂਕਾਂ ਮਾਰ-ਮਾਰ।

‘ਦੇਖੀਏ, ਮੈਂ ਉਸ ਖਾਨਦਾਨ ਸੇ ਤੁਅੱਲਕ ਰੱਖਤੀ ਹੂੰ, ਜਹਾਂ ਸ਼ਰਾਬ, ਮੀਟ, ਪਾਨ, ਸਿਗਰਟ ਕੁਛ ਭੀ ਨਹੀਂ ਚਲਤਾ। ਲੇਕਿਨ ਮੈਂ ਨਾ ਤੋਂ ਆਪ ਕੀ ਸਿਗਰਟ ਕੋ ਬੁਰਾ ਮਾਨਤੀ ਹੂੰ ਔਰ ਨਾ ਪਾਨ ਖਾਨੇ ਕੋ। ਮੁਝੇ ਪਤਾ ਹੈ, ਆਪ ਸ਼ਰਾਬ ਪੀਤੇ ਹੈਂ। ਇਧਰ-ਉਧਰ ਪੜੀ ਖਾਲੀ ਬੋਤਲੇਂ ਬਤਾ ਰਹੀ ਹੈਂ। ਮੁਝੇ ਆਪ ਕੀ ਸ਼ਰਾਬ ਭੀ ਮਨਜ਼ੂਰ ਹੈ। ਸੈਕਸ ਕੇ ਮਾਮਲੇ ਮੇਂ ਮੈਂ ਫਰੀ-ਮਾਈਂਡ ਹੂੰ। ਮੈਂਨੇ ਅਚਾਰੀਯ ਰਜਨੀਸ਼ ਕੀ ਕਿਤਾਬ ‘ਸੰਭੋਗ ਸੇ ਸਮਾਧੀ ਤੱਕ' ਕੋ ਪੜ੍ਹਾ ਹੈ।' ਐਨਾ ਕੁਛ ਕਹਿ ਕੇ ਉਹ ਚੁੱਪ ਹੋ ਗਈ ਤੇ ਦੂਜੇ ਪਾਸੇ ਮੂੰਹ ਕਰਕੇ ਕੰਧ ਵੱਲ ਝਾਕਣ ਲੱਗੀ।

'ਠੀਕ ਹੈ, ਮਾਨਤਾ ਹੂੰ।' ਅਫ਼ਜ਼ਲ ਦਾ ਹੁੰਗਾਰਾ ਸਧਾਰਨ ਸੀ

‘ਕਯਾ ਮਾਨਤੇ ਹੋ? ਸਵਿੱਤਰੀ ਤਿਲਮਲਾਈ।

'ਯਹ ਕਿ ਤੁਮ ਕੁਛ ਭੀ ਬੁਰਾ ਨਹੀਂ ਮਾਨਤੀ।'

'ਫਿਰ?'

‘ਓ.ਕੇ. ਚਲਤਾ ਹੂੰ। ਉਹ ਉੱਠਿਆ ਤੇ ਸਟੂਡੀਓ ਵਿੱਚ ਕੈਨਵਸ ਅੱਗੇ ਜਾ ਬੈਠਾ। ਇਸ ਤਰ੍ਹਾਂ ਕੰਮ ਕਰਨ ਲੱਗਿਆ, ਜਿਵੇਂ ਪਹਿਲਾਂ ਤੋਂ ਹੀ ਲਗਾਤਾਰ ਕਰਦਾ ਆ ਰਿਹਾ ਹੋਵੇ। ਉੱਠ ਕੇ ਕਿਧਰੇ ਗਿਆ ਹੀ ਨਾ ਹੋਵੇ।

ਉਹ ਪਤਾ ਨਹੀਂ ਕਦੋਂ ਚਲੀ ਗਈ ਸੀ। ਸਲਾਮ ਕਰਕੇ ਵੀ ਨਹੀਂ ਗਈ।

ਅਫ਼ਜ਼ਲ ਸੋਚਦਾ, ਸਵਿੱਤਰੀ ਤਾਂ ਉਹ ਦੇ ਬੋਝੇ ਵਿੱਚ ਹੈ। ਜ਼ਮ੍ਹਾਂ-ਖਾਤੇ ਦੀ ਰਾਸ਼ੀ ਵਾਂਗ ਜਦੋਂ ਮਰਜ਼ੀ ਕੈਸ਼ ਕਰਵਾ ਲਵੇਗਾ। ਉਹ ਕਿਧਰੇ ਨਹੀਂ ਜਾਣ ਲੱਗੀ। ਏਥੇ ਹੀ ਹੈ, ਏਸੇ ਸ਼ਹਿਰ ਵਿੱਚ। ਉਹ ਨੇ ਉਸ ਦੀ ਕੋਠੀ ਆਉਂਦੇ ਹੀ ਰਹਿਣਾ ਹੈ। ਪਰ ਉਹਨੂੰ ਸਵਿੱਤਰੀ ਦੀ ਹਲਕੀ-ਹਲਕੀ ਯਾਦ ਸਤਾਉਂਦੀ ਰਹਿੰਦੀ। ਦੋ ਮਹੀਨੇ ਹੋਰ ਲਾ ਕੇ ਉਹਨੇ ਆਪਣਾ ਚਿੱਤਰ ਮੁਕੰਮਲ ਕਰ ਲਿਆ। ਇਸ ਚਿੱਤਰ ਦਾ ਇੱਕ ਲੱਖ ਰੁਪਿਆ ਪੇਸ਼ਗੀ ਸੌਦਾ ਹੋ ਚੁੱਕਿਆ ਸੀ। ਬਾਹਰਲੇ ਦੇਸ਼ ਦਾ ਕੋਈ ਧਨਾਢ ਪੰਜਾਬੀ ਸੀ। ਵੀਹ ਹਜ਼ਾਰ ਰੁਪਿਆ ਬਿਆਨਾ ਫੜਾ ਗਿਆ ਸੀ। ਸਵਿੱਤਰੀ ਇਨ੍ਹਾਂ ਦੋ ਮਹੀਨਿਆਂ ਦੌਰਾਨ ਇੱਕ ਵਾਰ ਵੀ ਨਹੀਂ ਆਈ। ਚੰਗਾ ਕੀਤਾ,ਉਹ ਨੇ ਆਪਣਾ ਕੰਮ ਖ਼ਤਮ ਕਰ ਲਿਆ। ਉਸ ਨੇ ਬਾਹਰਲੇ ਦੇਸ਼ ਨੂੰ ਫੋਨ ਕੀਤਾ। ਉਨ੍ਹਾਂ ਦਾ ਬੰਦਾ ਆਇਆ ਤੇ ਅੱਸੀ ਹਜ਼ਾਰ ਦੇ ਕੇ ਚਿੱਤਰ ਲੈ ਗਿਆ।

ਅਫ਼ਜ਼ਲ ਹੁਣ ਸਵੇਰ ਤੋਂ ਲੈ ਕੇ ਡੂੰਘੀ ਸ਼ਾਮ ਤੱਕ ਸਵਿੱਤਰੀ ਨੂੰ ਉਡੀਕਦਾ ਰਹਿੰਦਾ। ਉਸ ਨੂੰ ਪੱਕਾ ਯਕੀਨ ਸੀ ਕਿ ਉਹ ਆਵੇਗੀ ਇੱਕ ਦਿਨ। ਉਸ ਨੂੰ ਸਵਿੱਤਰੀ ਦੀ ਇੱਕ-ਇੱਕ ਗੱਲ ਯਾਦ ਆਉਂਦੀ। ਹੁਣ ਉਸ ਦਾ ਖ਼ਾਸ ਕੰਮ ਹੋ ਗਿਆ। ਜਿਵੇਂ ਪਹਿਲਾਂ ਚਿੱਤਰ ਮੁਕੰਮਲ ਕਰਨਾ ਉਸ ਦਾ ਖ਼ਾਸ ਕੰਮ ਸੀ। ਇੱਕ ਮਹੀਨਾ ਹੋਰ ਉਹ ਨਹੀਂ ਆਈ।
ਉਹ ਗੋਬਿੰਦਗੜ੍ਹ ਸ਼ਹਿਰ ਦੀਆਂ ਕਚਹਿਰੀਆਂ ਵਿੱਚ ਗਿਆ। ਲੋਕ ਸੰਪਰਕ ਵਿਭਾਗ ਦਾ ਦਫ਼ਤਰ ਲੱਭਿਆ। ਪਤਾ ਲੱਗਿਆ, ਸਵਿੱਤਰੀ ਦੋ ਮਹੀਨੇ ਪਹਿਲਾਂ ਓਥੋਂ ਬਦਲੀ ਕਰਵਾ ਕੇ ਕਿਸੇ ਹੋਰ ਸ਼ਹਿਰ ਚਲੀ ਗਈ ਹੈ। ਫੇਰ ਉਹ ਉਸ ਸ਼ਹਿਰ ਵੀ ਗਿਆ ਸੀ। ਉਹ ਓਥੇ ਵੀ ਨਹੀਂ ਸੀ। ਬਾਬੂ ਨੇ ਦੱਸਿਆ ਕਿ ਉਹ ਲੰਮੀ ਛੁੱਟੀ 'ਤੇ ਹੈ। ਪਤਾ ਨਹੀਂ ਕਿੱਥੇ ਹੈ। ਅਫ਼ਜ਼ਲ ਨੂੰ ਉਸ ਦੀਆਂ ਕੁਝ ਰਿਸ਼ਤੇਦਾਰੀਆਂ ਦਾ ਵੀ ਪਤਾ ਸੀ। ਪਰ ਸਵਿੱਤਰੀ ਕਿਧਰੇ ਵੀ ਨਹੀਂ ਲੱਭੀ। ਨਾ ਕਿਸੇ ਨੇ ਉਸ ਦਾ ਥਹੁ ਪਤਾ ਦੱਸਿਆ। ਅਫ਼ਜ਼ਲ ਨੂੰ ਸਵਿੱਤਰੀ ਦੀ ਫੇਰ ਵੀ ਉਡੀਕ ਸੀ।♦