ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਉੱਜੜੀ-ਉੱਖੜੀ

ਵਿਕੀਸਰੋਤ ਤੋਂ
ਉੱਜੜੀ-ਉੱਖੜੀ

ਅੱਜ ਮੈਂ ਤੁਹਾਨੂੰ ਰਾਮਕੁਰ ਬੁੜ੍ਹੀ ਦੀ ਕਹਾਣੀ ਸੁਣਾਉਂਦਾ ਹਾਂ। ਇਸ ਕਹਾਣੀ ਦਾ ਇੱਕ ਹਿੱਸਾ ਮੈਂ ਸੁਣਿਆ ਸੀ, ਤਿੰਨ ਹਿੱਸੇ ਆਪ ਵਾਪਰਦੇ ਦੇਖੇ।

ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ-ਪੰਜਾਬ ਦੇ ਪਿੰਡਾਂ ਵਿੱਚ ਥੁੜੇ-ਟੁੱਟ ਕਿਸਾਨ ਘਰ ਦੀ ਕਬੀਲਦਾਰੀ ਸੰਢਣ ਲਈ ਆਪਣੀਆਂ ਧੀਆਂ ਦਾ ਮੁੱਲ ਵੱਟ ਲੈਂਦੇ ਸਨ।

ਪਿਓ ਦੀ ਉਹ ਇਕੱਲੀ ਧੀ ਸੀ ਤੇ ਆਪਣੇ ਤਿੰਨ ਭਰਾਵਾਂ ਤੋਂ ਵੱਡੀ। ਭਰ ਜਵਾਨੀ ਵਿੱਚ ਉਹ ਦੇਖਣ ਵਾਲੀ ਕੁੜੀ ਸੀ। ਫੁਰਤੀਲੀ ਤੇ ਸੱਫ਼ਰ। ਕੱਦ ਉਹ ਦਾ ਚਾਹੇ ਮਧਰਾ ਰਹਿ ਗਿਆ ਸੀ। ਤੇ ਫੇਰ ਇਹ ਦੇ ਹੋਰ ਵਧਣ ਦੀ ਆਸ ਵੀ ਘੱਟ ਸੀ, ਪਰ ਉਹ ਦਾ ਰੰਗ ਤੇ ਨੈਣ-ਨਕਸ਼ ਦਿਲਖਿੱਚ ਸਨ। ਗਠਿੱਲ ਜਿਹੀ ਰਾਮੋ ਤਾਂ ਮਾਂ ਉੱਤੇ ਗਈ ਸੀ।

ਓਸੇ ਅਗਵਾੜ ਵਿੱਚ ਨਾਨਕੀਂ ਆਇਆ ਮੁੰਡਾ ਗੁਰਚਰਨ ਉਹ ਨੇ ਮੋਹ ਲਿਆ। ਤੈਂ ਮੈਂ ਮੋਹ ਲਿਆ ਨੀ,

ਮੋਤੀ ਬਾਗ ਦੀਏ ਕੂੰਜੇ।

ਗੁਰਚਰਨ ਛੇ ਮਹੀਨੇ ਓਸੇ ਪਿੰਡ ਰਿਹਾ। ਪਤਾ ਨਈਂ, ਮਾਮੇ ਦੀ ਖੇਤੀ ਵਿੱਚ ਉਹ ਹੱਥ ਵਟਾਉਣ ਲਈ ਜਾਂ ਰਾਮੋ ਕਰਕੇ। ਆਪਣੇ ਮਾਂ-ਬਾਪ ਦਾ ਉਹ ਸੱਤਵਾਂ ਪੁੱਤ ਸੀ, ਸਭ ਤੋਂ ਛੋਟਾ। ਉਨ੍ਹਾਂ ਕੋਲ ਜ਼ਮੀਨ ਥੋੜ੍ਹੀ ਹੋਵੇਗੀ, ਇਸੇ ਕਰਕੇ ਉਹ ਦੇ ਪਿੰਡ ਉਹ ਦੀ ਕੋਈ ਖ਼ਾਸ ਲੋੜ ਨਹੀਂ ਹੋਣੀ। ਕੋਈ ਕਾਰਨ ਜ਼ਰੂਰ ਸੀ। ਉਹ ਛੇ ਮਹੀਨੇ ਮਾਮੇ ਦੇ ਘਰ ਹੀ ਬੈਠਾ ਰਿਹਾ।

ਇੱਕ ਦਿਨ ਰਾਮੋ ਉਹ ਨੂੰ ਕਹਿੰਦੀ, 'ਮੇਰੇ ਪਿਓ ਨੇ ਤੇਰੇ ਨਾਲ ਵਿਆਹ ਤਾਂ ਮੇਰਾ ਕਰਨਾ ਨੀ, ਤੂੰ ਊਂ ਲੈ ਚੱਲ ਮੈਨੂੰ। ਕਿਧਰੇ ਲੈ ਚੱਲ। ਮੈਂ ਤਾਂ ਤੇਰੀ ਚੱਪਾ ਰੋਟੀ ਖਾ ਕੇ ਹਾਰਨ ਮਾਰ ਲਿਆ ਕਰੂੰ।’

ਉਹਨੇ ਰੋਣਹਾਕਾ ਹੋ ਕੇ ਜਵਾਬ ਦਿੱਤਾ, 'ਕਿੱਥੇ ਲੈ ਚੱਲਾਂ ਤੈਨੂੰ?' ਮੇਰੇ ਤਾਂ ਹੱਥ ਪੱਲੇ ਈ ਕੁਸ਼ ਨ੍ਹੀਂ। ਮੈਂ ਤਾਂ ਨੰਗ ਮਲੰਗ ਆਂ।'

'ਫੇਰ, ਮਾੜੇ ਖਲਣੇ ਦਿਆ ਜੱਟਾ, ਫੁੱਲ-ਬੂਹਕੀ ਕਿਉਂ ਤੋੜੀ? ਲਿਆ ਤੇਰਾ ਪਾੜਾਂ ਸਿਰ।’ ਰਾਮੋ ਨੇ ਇੱਕ ਇੱਟ ਚੁੱਕ ਲਈ ਸੀ। ਉਹ ਉਹਦੇ ਕੋਲੋਂ ਉੱਠ ਕੇ ਤੁਰ ਹੀ ਗਿਆ, ਨਹੀਂ ਤਾਂ ਰਾਮੋ ਦਾ ਜੀਅ ਕਰਦਾ ਸੀ ਕਿ ਉਹ ਗਲ ਘੁੱਟ ਕੇ ਉਹ ਨੂੰ ਮਾਰ ਦੇਵੇ।

ਚੰਦਰੇ ਨੇ ਐਨੀ ਗੱਲ ਵੀ ਨਾ ਮੰਨੀ ਉਹਦੀ। ਕਿੱਥੇ ਤਾਂ ਉਹ ਇੱਟ ਮਾਰ ਕੇ ਉਹਦਾ ਸਿਰ ਪਾੜਨ ਨੂੰ ਤਿਆਰ ਸੀ ਤੇ ਉਹਦਾ ਗਲ ਘੁੱਟ ਕੇ ਉਹਨੂੰ ਖ਼ਤਮ ਕਰ ਦੇਣਾ ਚਾਹੁੰਦੀ ਸੀ, ਪਰ ਜਦੋਂ ਉਹ ਉਹਦੇ ਕੋਲੋਂ ਦੂਰ ਚਲਿਆ ਗਿਆ ਤਾਂ ਉਹ ਮੱਥੇ 'ਤੇ ਦੋਵੇਂ ਹੱਥ ਰੱਖ ਕੇ ਰੋਣ ਲੱਗੀ। ਮੁੜਕੇ ਉਹ ਉਹਨੂੰ ਕਦੇ ਨਹੀਂ ਮਿਲਿਆ। ਮਾਮੇ ਦਾ ਘਰ ਛੱਡ ਕੇ ਆਪਣੇ ਪਿੰਡ ਨੂੰ ਤੁਰ ਗਿਆ ਸੀ।

ਰਾਮੋ ਦੇ ਬਾਪ ਨੇ ਉਹ ਦਾ ਛੇ ਸੌ ਰੁਪਿਆ ਲਿਆ। ਦੋ ਸੌ ਵਿੱਚ ਤਾਂ ਮਾੜਾ-ਮੋਟਾ ਕੁੜੀ ਦਾ ਝੱਗਾ-ਚੁੰਨੀ ਆ ਗਿਆ ਤੇ ਦਸ ਬੰਦਿਆਂ ਦੀ ਸੇਵਾ ਹੋ ਗਈ, ਚਾਰ ਸੌ ਉਹ ਦੀ ਘਰ ਕਬੀਲਦਾਰੀ ਵਿੱਚ ਸਹਾਈ ਹੋਇਆ। ਉਨ੍ਹਾਂ ਦਿਨਾਂ ਵਿੱਚ ਛੇ ਸੌ ਅੱਜ ਦੇ ਛੇ ਹਜਾਰ ਜਿੰਨਾ ਹੋਵੇਗਾ। ਇੱਥੋਂ ਤੱਕ ਮੈਂ ਇਹ ਕਹਾਣੀ ਸੁਣੀ ਹੋਈ ਸੀ।

ਮੇਰੇ ਦੇਖਦੇ-ਦੇਖਦੇ ਰਾਮ ਕੁਰ ਨੇ ਪੰਜ ਮੁੰਡੇ ਜੰਮੇ। ਪੰਜੇ ਮੁੰਡੇ ਗਲ੍ਹੋਟਾਂ ਵਰਗੇ ਕਦੇ ਕਿਸੇ ਨੂੰ ਤਾਪ-ਸਰਵਾਹ ਨਹੀਂ ਚੜ੍ਹਿਆ ਸੀ ਤੇ ਨਾ ਹੀ ਔਖ-ਕੰਨ ਦੁਖਦਾ। ਕੁੜੀ ਕੋਈ ਨਹੀਂ ਸੀ।

ਰਾਮ ਕੁਰ ਦਾ ਘਰਵਾਲਾ ਚਾਨਣ ਸਿੰਘ ਉਹ ਦੇ ਮੂਹਰੇ ਮਿੱਟੀ ਬਣ ਕੇ ਰਹਿੰਦਾ। ਉਹ ਦੇ ਆਪਣੇ ਵਿੱਚ ਹੀ ਨੁਕਸ ਸੀ। ਉਹ ਕੰਮ ਘੱਟ ਕਰਦਾ, ਦਾਰੂ ਬਹੁਤੀ ਪੀਂਦਾ। ਦਾਰੂ ਦੀ ਬਿਮਾਰੀ ਉਹ ਨੂੰ ਨਿੱਤ ਵਾਂਗ ਸੀ। ਕਿਤੇ ਵੀ ਮਿਲਦੀ, ਬਸ ਲਾਲਾਂ ਸੁੱਟ ਲੈਂਦਾ। ਰਾਮ ਕੁਰ ਹੀ ਏਧਰੋਂ-ਓਧਰੋਂ ਟੱਬਰ ਦੇ ਖਾਣ ਦਾ ਬੰਦੋਬਸਤ ਕਰਦੀ। ਉਹ ਨੇ ਆਪਣੇ ਜਵਾਕ ਵੀ ਤਾਂ ਪਾਲਣੇ ਸਨ। ਜਿੰਨੀ ਕੁ ਵੀ ਜ਼ਮੀਨ ਸੀ, ਉਹ ਨੂੰ ਹਿੱਸੇ 'ਤੇ ਦੇ ਕੇ ਵਾਹੀ ਕਰਵਾਉਂਦੀ, ਵੇਚਣ-ਵੱਟਣ ਦਾ ਕੰਮ ਆਪਣੇ ਹੱਥ ਰੱਖਦੀ। ਚਾਨਣ ਜਦੋਂ ਵੀ ਘਰ ਹੁੰਦਾ, ਉਹ ਦੇ ਨਾਲ ਉਹ ਲੜਦੀ ਰਹਿੰਦੀ। ਦੋ-ਤਿੰਨ ਵਾਰੀ ਤਾਂ ਉਹ ਨੇ ਚਾਨਣ ਨੂੰ ਕੁੱਟਿਆ ਵੀ ਸੀ। ਗੋਹੇ ਵਾਲਾ ਫਹੁੜਾ ਚੁੱਕ ਲੈਂਦੀ। ਪਰ ਜਦੋਂ ਕਦੇ ਉਹ ਢਿੱਲਾ ਮੱਠਾ ਹੋ ਜਾਂਦਾ, ਉਹ ਉਸਦੀ ਸੇਵਾ ਕਰਦੀ। ਪਿੰਡ ਦੇ ਡਾਕਟਰ ਤੋਂ ਦਵਾਈਆਂ ਲਿਆ ਕੇ ਦਿੰਦੀ। ਗਾਲ੍ਹਾਂ ਵੀ ਕੱਢਦੀ ਰਹਿੰਦੀ।

ਰਾਮ ਕੁਰ ਆਂਢ-ਗੁਆਂਢ ਨਾਲ ਵੀ ਬਣਾ ਕੇ ਨਹੀਂ ਰੱਖਦੀ ਸੀ। ਨਿੱਕੀ-ਨਿੱਕੀ ਗੱਲ ’ਤੇ ਆਢਾ ਲਾ ਕੇ ਬੈਠ ਜਾਂਦੀ। ਘੰਟਾ-ਘੰਟਾ, ਦੋ-ਦੋ ਘੰਟੇ ਗਾਲ੍ਹਾਂ ਹੀ ਕੱਢੀ ਜਾਂਦੀ। ਡਰਦਾ ਉਹਦੇ ਨਾਲ ਕੋਈ ਪੰਗਾ ਨਹੀਂ ਲੈਂਦਾ ਸੀ। ਆਂਢ-ਗੁਆਂਢ ਆਖਦਾ, ‘ਇਹ ਤਾਂ ਬਘਿਆੜੀ ਐ। ਇਹ ਨੂੰ ਤਾਂ ਮੱਥਾ ਟੇਕਿਆ ਬਾਬਾ।’ ਪਰ ਆਂਢ-ਗੁਆਂਢ ਵਿੱਚ ਉਹ ਕਿੰਨਾ ਵੀ ਕਿਸੇ ਨਾਲ ਲੜ-ਝਗੜ ਹਟਦੀ। ਦੂਰੋ-ਦੂਰੀ ਹੋ ਚੁੱਕੀ ਹੁੰਦੀ, ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਜ਼ਰੂਰ ਸ਼ਾਮਲ ਹੁੰਦੀ।

ਲੋਕ ਆਖਦੇ ਹੁੰਦੇ, ‘ਚਾਨਣ ਤੀਮੀਂ ਦਾ ਠਿੱਠ ਕੀਤਾ ਈ ਦਾਰੂ ਪੀਂਦੈ ਨਿੱਤ। ਇਹ ਬਘਿਆੜੀ ਉਹ ਨੂੰ ਚੈਨ ਨਾਲ ਜਿਉਣ ਨ੍ਹੀ ਦਿੰਦੀ। ਆਰਾਂ ਲਾਈ ਜਾਊ, ਲਾਈ ਜਾਊ।'

ਕਿਸੇ ਮੁੰਡੇ-ਖੁੰਡੇ ਦੀ ਮਜਾਲ ਨਹੀਂ ਸੀ ਕਿ ਰਾਮ ਕੁਰ ਨੂੰ ਕੋਈ ਗ਼ੰਦਾ ਮਖੌਲ ਕਰ ਸਕੇ। ਸਭ ਚਾਚੀ-ਚਾਚੀ ਕਰਦੇ। ਉਹ ਗੋਲ ਮਸ਼ਕਰੀਆਂ ਵੀ ਸਮਝਦੀ। ਅਗਲੇ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ।

ਇੱਕ ਦਿਨ ਚਾਨਣ ਤੀਮੀਂ ਦੇ ਦੁੱਖ ਦਾ ਮਾਰਿਆ ਕਿਧਰੇ ਗਾਇਬ ਹੋ ਗਿਆ। ਰਾਮ ਕੁਰ ਪੰਜ-ਸੱਤ ਦਿਨ ਤਾਂ ਉਹ ਦਾ ਕੋਈ ਉੱਤਾ ਨਾ ਵਾਚਿਆ, ਫੇਰ ਉਹ ਦਾ ਫ਼ਿਕਰ ਕਰਨ ਲੱਗੀ। ਉਹ ਨੇ ਲਵੇ-ਲੌਣੇਦੇ ਪਿੰਡਾਂ ਵਿੱਚ ਬੰਦੇ ਭਿਜਵਾਏ। ਉਹ ਦੇ ਮੁੰਡੇ ਰਿਸ਼ਤੇਦਾਰੀਆਂ ਵਿੱਚ ਉਹ ਨੂੰ ਲੱਭਣ ਗਏ, ਪਰ ਉਹ ਕਿਤੇ ਵੀ ਨਹੀਂ ਸੀ। ਰਾਮ ਕੁਰ ਉਹ ਦਾ ਝੋਰਾ ਕਰਦੀ ਤੇ ਕਦੇ-ਕਦੇ ਚੁੱਲ੍ਹੇ ਦੇ ਵੱਟੇ ਕੋਲ ਬੈਠ ਕੇ ਉਹ ਦੇ ਕੀਰਨੇ ਪਾਉਣ ਲੱਗ ਪੈਂਦੀ। ਆਂਢਣਾਂ-ਗੁਆਂਢਣਾਂ ਇਹ ਉਹ ਦੇ ਖੇਖਣ ਸਮਝਦੀਆਂ ਆਖਦੀਆਂ:-

ਜਿਉਂਦਾ ਜੀਅ ਨਾ ਮੰਨਿਆ।

ਮਰਿਆ ਦੁਹੱਥੜ ਪਿੱਟਿਆ।

ਜਦੋਂ ਕਈ ਮਹੀਨੇ ਗੁਜ਼ਰ ਗਏ ਤਾਂ ਲੋਕਾਂ ਨੇ ਖਿਆਲ ਕੀਤਾ, ਚਾਨਣ ਜ਼ਰੂਰ ਕਿਸੇ ਖੂਹ-ਖਾਤੇ ਪੈ ਕੇ ਮਰ ਗਿਆ ਹੈ। ਜਿਉਂਦਾ ਹੁੰਦਾ ਤਾਂ ਹੁਣ ਨੂੰ ਕਦੋਂ ਦਾ ਮੁੜ ਆਇਆ ਹੁੰਦਾ।

‘ਕੁਸ ਵੀ ਸੀ, ਸਿਰ ਦਾ ਸਾਈਂ ਤਾਂ ਸੀ।' ਕੋਈ ਆਖਦਾ।

'ਏਸ ਬਘਿਆੜੀ ਕੰਨੀਓਂ ਤਾਂ ਉਹ ਜਿਉਂਦਾ ਵੀ ਮਰਿਆਂ ਅਰਗਾ ਸੀ। ਇਹ ਨੇ ਤਾਂ ਇੱਕ ਦਿਨ ਵੀ ਆਦਰ-ਊਦਰ ਨੀ ਕੀਤਾ ਸੀ ਉਹਦਾ। ਜਿਮੇਂ ਕੁੱਤੇ ਨੂੰ ਦੂਰੋਂ ਬੁਰਕੀ ਸਿੱਟ ਦੇਈ ਦੀਐ, ਕੋਈ ਜੂਨ ਅਰਗੀ ਜੂਨ ਸੀ ਉਹਦੀ।’ ਬਹੁਤੇ ਰਾਮ ਕੁਰ ਨੂੰ ਬੁਰਾ-ਭਲਾ ਕਹਿੰਦੇ।

ਰਾਮ ਕੁਰ ਦੇ ਦੋ ਵੱਡੇ ਮੁੰਡੇ ਜੁਆਨ ਹੋਏ ਤਾਂ ਉਹ ਨੇ ਉਨ੍ਹਾਂ ਨੂੰ ਵਿਆਹ ਲਿਆ। ਅੰਗਰੇਜ਼ ਸਿੰਘ ਤੇ ਗੁਰਜੰਟ ਸਿੰਘ ਦੋਵੇਂ ਹੀ ਮਾਂ ਦੀ ਆਖੀ ਵਿੱਚ ਰਹਿੰਦੇ। ਬਹੂਆਂ ਬਹੁਤ ਛੈਲ ਸਨ। ਸੱਸ ਦੀਆਂ ਪਾਤਲੀਆਂ ਥੱਲੇ ਹੱਥ ਦਿੰਦੀਆਂ। ਘਰ ਦਾ ਸਾਰਾ ਕੰਮ ਉਨ੍ਹਾਂ ਨੇ ਸਾਂਭ ਲਿਆ।

ਰਾਮ ਕੁਰ ਨੂੰ ਮਹਿਸੂਸ ਹੋਣ ਲੱਗਿਆ, ਜਿਵੇਂ ਦੋਵੇਂ ਮੁੰਡੇ ਬਹੂਆਂ ਦੇ ਹੀ ਬਹੁਤੇ ਬਣਦੇ ਜਾਂਦੇ ਹੋਣ। ਬਹੂਆਂ ਦੇ ਹੀ ਗੋਡੇ ਮੁੱਢ ਬੈਠੇ ਰਹਿੰਦੇ ਹੋਣ। ਜਿਵੇਂ ਖੇਤੀ ਦੇ ਕੰਮਾਂ ਵੱਲ ਉਨ੍ਹਾਂ ਦਾ ਧਿਆਨ ਘਟ ਗਿਆ ਹੋਵੇ, ਰਾਤ ਬਹੂ ਦੀ, ਦਿਨ ਖੇਤਾਂ ਦਾ-ਇਹ ਗੱਲ ਤਾਂ ਮੰਨੀ ਭਲਾਂ। ਪਰ ਇਹ ਕਿਵੇਂ-ਰਾਤ ਵੀ ਬਹੂ ਦੀ, ਦਿਨ ਵੀ ਬਹੂ ਦਾ। ਇਹ ਬਹੂਆਂ ਤਾਂ ਮੁੰਡਿਆਂ ਨੂੰ ਗਾਲ ਕੇ ਰੱਖ ਦੇਣਗੀਆਂ। ਉਹ ਮੁੰਡਿਆਂ ਨੂੰ ਝਿੜਕਣ ਲੱਗੀ। ਬਹੂਆਂ ਨੂੰ ਵੀ ਹਰਖ਼-ਹਰਖ਼ ਪਿਆ ਕਰੇ।

ਮੁੰਡਿਆਂ ਨਾਲ ਲੜਾਈ ਇੱਥੋਂ ਤੱਕ ਵਧ ਗਈ ਕਿ ਉਨ੍ਹਾਂ ਨੂੰ ਘਰ ਛੱਡਣਾ ਪੈ ਗਿਆ। ਮੁਰੱਬਾ ਬੰਦੀ ਵੇਲੇ ਫਿਰਨੀ ’ਤੇ ਕੱਟਿਆ ਉਨ੍ਹਾਂ ਦਾ ਪਲਾਟ ਖਾਲੀ ਪਿਆ ਸੀ। ਦੋਵੇਂ ਭਰਾਵਾਂ ਨੇ ਔਖੇ-ਸੁਖਾਲੇ ਹੋ ਕੇ ਉੱਥੇ ਦੋ ਕੋਠੇ ਛੱਤ ਲਏ ਤੇ ਬਹੂਆਂ ਨੂੰ ਨਾਲ ਲੈ ਕੇ ਰਹਿਣ ਲੱਗੇ। ਉਨ੍ਹਾਂ ਦੇ ਦੋ-ਦੋ ਜਵਾਕ ਵੀ ਹੋ ਚੁੱਕੇ ਸਨ। ਦੋਵੇਂ ਭਰਾ ਹੋਰਾਂ ਜਿਮੀਂਦਾਰਾਂ ਦੀ ਜ਼ਮੀਨ ਹਿੱਸੇ 'ਤੇ ਲੈ ਕੇ ਗੁਜ਼ਾਰਾ ਕਰਦੇ। ਆਪਣੀ ਜ਼ਮੀਨ 'ਤੇ ਬੁੜ੍ਹੀ ਉਨ੍ਹਾਂ ਨੂੰ ਨਹੁੰ ਵੀ ਨਹੀਂ ਧਰਨ ਦਿੰਦੀ ਸੀ। ਮੁੰਡਿਆਂ ਦੇ ਨਾਉਂ ਜ਼ਮੀਨ ਚੜ੍ਹੀ ਵੀ ਨਹੀਂ ਸੀ, ਕਿਉਂ ਜੋ ਉਨ੍ਹਾਂ ਦੇ ਪਿਓ ਚਾਨਣ ਸਿੰਘ ਦੇ ਮਰਨ ਦਾ ਕੋਈ ਪੱਕਾ ਸਬੂਤ ਨਹੀਂ ਸੀ। ਰਾਮ ਕੁਰ ਹੀ ਸਭ ਕਾਸੇ ਨੂੰ ਜੱਫ਼ਾ ਮਾਰੀ ਬੈਠੀ ਸੀ।

ਪਰ ਅਜੀਬ ਸੀ ਰਾਮ ਕੁਰ ਦੀ ਮਿੱਟੀ। ਵੱਡੇ ਮੁੰਡਿਆਂ ਤੇ ਬਹੂਆਂ ਵੱਲ ਤਾਂ ਉਹ ਥੱਕ ਕੇ ਲੰਘਦੀ ਜਾਂ ਉਨ੍ਹਾਂ ਵਿੱਚੋਂ ਦਿੱਸ ਪੈਂਦਾ ਤਾਂ ਪਾਸਾ ਵੱਟ ਲੈਂਦੀ। ਪਰ ਉਨ੍ਹਾਂ ਦਾ ਕੋਈ ਜਵਾਕ ਜੇ ਭੁੱਲ-ਭੁਲੇਖੇ ਰਾਮ ਕੁਰ ਦੇ ਘਰ ਆ ਵੜਦਾ ਤਾਂ ਉਹ ਨੂੰ ਉਹ ਹਾਰੇ ਦੀ ਤੌੜੀ ਵਿੱਚੋਂ ਸੂਹਾ-ਸੂਹਾ ਦੁੱਧ ਵਿੱਚ ਖੰਡ ਦੀ ਕੜਛੀ ਘੋਲ ਕੇ ਪਿਆਉਂਦੀ। ਜਵਾਕ ਦੀਆਂ ਵਾਗੀਆਂ ਲੈਣ ਲੱਗਦੀ।

ਫੇਰ ਉਹ ਨੇ ਘੀਚਰ ਤੇ ਦੁੱਲਾ ਛੋਟੇ ਮੁੰਡੇ ਵਿਆਹ ਲਏ। ਇੱਕੋ ਘਰ ਵਿਆਹੇ-ਬਹੂਆਂ ਸਕੀਆਂ ਭੈਣਾਂ ਸਨ। ਵਿਆਹ ਵਿੱਚ ਅੰਗਰੇਜ਼ ਤੇ ਗੁਰਜੰਟ ਨੂੰ ਨਹੀਂ ਸੱਦਿਆ, ਨਾ ਉਨ੍ਹਾਂ ਦੀਆਂ ਬਹੂਆਂ ਆਈਆਂ। ਨਿਆਣੇ ਆਪਣੇ-ਆਪ ਹੀ ਆ ਵੜੇ ਸਨ। ਰਾਮ ਕੁਰ ਨਿਆਣਿਆਂ ਨੂੰ ਖਵਾਉਂਦੀ-ਪਿਆਉਂਦੀ ਤੇ ਉਨ੍ਹਾਂ ਦੇ ਕਪੂਤ ਪਿਊਆਂ ਨੂੰ ਗਾਲ੍ਹਾਂ ਕੱਢਦੀ।

‘ਵੇ ਤੂੰ ਪਿਓ ਵਰਗਾ ਨਾ ਨਿਕਲ ਜੀਂ?' ਅੰਗਰੇਜ਼ ਦੇ ਮੁੰਡੇ ਨੂੰ ਉਹ ਆਖਦੀ।

‘ਨੀਂ ਤੈਨੂੰ ਮਾਂ ਨੇ ਔਣ ਦੇ 'ਤਾਂ ਮੇਰੇ ਘਰ?' ਗੁਰਜੰਟ ਦੀ ਕੁੜੀ ਵੱਲ ਉਹ ਕੌੜ-ਕੌੜ ਝਾਕਦੀ। ਪਰ ਉਹ ਦੀ ਜੇਬ੍ਹ ਲੱਡੂਆਂ ਨਾਲ ਭਰ ਦਿੰਦੀ।

ਘੀਚਰ-ਦੁੱਲੇ ਦੇ ਵਿਆਹ ਤੋਂ ਦੋ ਕੁ ਸਾਲਾਂ ਬਾਅਦ ਰਾਮ ਕੁਰ ਨੇ ਇੱਕ ਮੱਝ ਹੋਰ ਲੈ ਲਈ। ਇੱਕ ਪਹਿਲਾਂ ਜੋ ਸੀ, ਬੁੱਢੀ ਹੋ ਚੁੱਕੀ ਸੀ। ਉਹ ਢੋਲ ਵਾਲੇ ਮੁੰਡੇ ਨੂੰ ਦੋਵਾਂ ਮੱਝਾਂ ਦਾ ਦੁੱਧ ਪਾਉਣ ਲੱਗੀ। ਅਗਲੇ ਸਾਲ ਇਕ ਮੱਝ ਹੋਰ ਕਿੱਲੇ ਲਿਆ ਬੰਨ੍ਹੀਂ।

ਫੇਰ ਦੁੱਧ ਨੂੰ ਲੈ ਕੇ ਹੀ ਘਰ ਵਿੱਚ ਝਗੜਾ ਰਹਿਣ ਲੱਗਿਆ। ਘੀਚਰ ਤੇ ਦੁੱਲਾ ਕਹਿੰਦੇ ਸਨ ਕਿ ਉਨ੍ਹਾਂ ਨੂੰ ਰੱਜਵਾਂ ਦੁੱਧ ਪੀਣ ਨੂੰ ਦਿੱਤਾ ਜਾਵੇ। ਉਹ ਸਾਰਾ-ਸਾਰਾ ਦਿਨ ਖੇਤਾਂ ਵਿੱਚ ਦੇਹ ਵੇਲਦੇ ਹਨ। ਤਿੰਨ ਮੱਝਾਂ ਦਾ ਦੁੱਧ ਮਾਂ ਢੋਲ ਵਾਲੇ ਨੂੰ ਪਾ ਦਿੰਦੀ ਹੈ। ਮੁੰਡੇ ਗੁੱਝਾ-ਗੁੱਝਾ ਇਹ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਬਹੂਆਂ ਵੀ ਦੁੱਧ ਪੀਣ। ਸਾਰਾ-ਸਾਰਾ ਦਿਨ ਗੋਹਾ-ਕੂੜਾ ਹੀ ਕਰਦੀਆਂ ਰਹਿੰਦੀਆਂ ਹਨ। ਜਿਹੜੀ ਔਰਤ ਮੱਝਾਂ ਦੀ ਮੁਤਰਾਲ ਵਿੱਚ ਹੱਥ ਪਾਵੇ, ਉਹ ਨੂੰ ਦੁੱਧ ਦਾ ਗਲਾਸ ਕਿਉਂ ਨਾ ਮਿਲੇ?

ਬੁੜ੍ਹੀ ਨੂੰ ਲਾਲਚ ਪਿਆ ਹੋਇਆ ਸੀ। ਉਹ ਚਾਹੁੰਦੀ ਸੀ ਕਿ ਪੈਸੇ ਜਮ੍ਹਾਂ ਕਰਕੇ ਉਹ ਇੱਕ ਕਿੱਲਾ ਪੈਲੀ ਹੋਰ ਲੈ ਲਵੇ। ਜਵਾਬ ਦਿੰਦੀ...'ਦੁੱਧ ਦੀ ਵੱਟਤ ’ਚੋਂ ਖ਼ਲ-ਵੜੇਵੇਂ ਮਸ੍ਹਾਂ ਪੂਰੇ ਹੁੰਦੇ ਐ ਭਾਈ। ਕਿੱਥੋਂ ਦੇ ਦਿਆਂ ਥੋਨੂੰ ਨੇਕੜੂ ਮੈਂ? ਬਚੇ ਤਾਂ ਦੇਮਾਂ', ਆਖਦੀ, ‘ਬਥੇਰਾ ਖਵਾਇਆ ਥੋਨੂੰ ਵਿਆਹ ਤੋਂ ਪਹਿਲਾਂ। ਬਹੂਆਂ ਮਾਪਿਆਂ ਦੇ ਘਰ ਖਾ ਕੇ ਔਂਦੀਆਂ। ਹੁਣ ਕਬੀਲਦਾਰ ਓਂ ਤੁਸੀਂ, ਧੀਆਂ-ਪੁੱਤਾਂ ਆਲੇ, ਛੜੇ-ਮਲੰਗ ਨ੍ਹੀਂ। ਖਾ-ਪੀ ਕੇ ਛਰ੍ਹਲੇ ਉਡੌਣੇ ਨੇ ਤਾਂ ਘਰ ਕਿਮੇਂ ਤੁਰੂ।' ਫੇਰ ਤਾੜ ਵੀ ਦਿੰਦੀ-'ਆਵਦੀ ਅਕਲ ਵਰਤਣੀ ਐ ਤਾਂ ਕਿਨਾਰਾ ਕਰੋ। ਪਹਿਲਾਂ ਦੋ ਕਿਹੜਾ ਹੋਏ ਨੀ ਬੈਠੇ ਅੱਡ ਵਿੱਢ।'

ਘੀਚਰ-ਦੁੱਲੇ ਨੂੰ ਤਾਂ ਉਹ ਫੇਰ ਵੀ ਕਦੇ-ਹੱਥ ਝਾਂੜ ਦਿੰਦੀ, ਪਰ ਬਹੂਆਂ ਨੂੰ ਸੁੱਕੇ ਟੁੱਕ ’ਤੇ ਰੱਖਦੀ। ਬਹੂਆਂ ਉਹ ਨੂੰ ਚੰਗੀਆਂ ਨਾ ਲੱਗਦੀਆਂ। ਇੱਕ ਦਿਨ ਦੁੱਲੇ ਨੇ ਆਪਣਾ ਜੂਠਾ ਦੁੱਧ ਦਾ ਅੱਧਾ ਕੁ ਗਲਾਸ ਆਪਣੀ ਬਹੂ ਨੂੰ ਦੇ ਦਿੱਤਾ। ਬਹੂ ਦੁੱਧ ਪੀਂਦੀ ਰਾਮ ਕੁਰ ਦੀ ਨਿਗਾਹ ਪੈ ਗਈ। ਬੱਸ ਫੇਰ ਕੀ ਸੀ। ਤੂਫ਼ਾਨ ਖੜ੍ਹਾ ਕਰ ਦਿੱਤਾ ਰਾਮ ਕੁਰ ਬੁੜ੍ਹੀ ਨੇ। ਸਾਰਾ ਦਿਨ ਬੋਲਦੀ ਹੀ ਰਹੀ। ਦੁਹੱਥੜੀ ਪਿੱਟਦੀ ਤੇ ਬਹੂਆਂ ਨੂੰ ਗਾਲ੍ਹਾਂ ਕੱਢਦੀ। ਨਾ ਮੁੰਡੇ ਬੋਲੇ, ਨਾ ਬਹੂਆਂ। ਰਾਮ ਕੁਰ ਸਾਹਮਣੇ ਬੋਲਣਾ,ਬਾਰੂਦ ’ਤੇ ਚੰਗਿਆੜੀ ਸੁੱਟਣ ਵਰਗੀ ਗੱਲ ਸੀ। ਉਹ ਦਾ ਇਹ ਵੀ ਡਰ ਸੀ ਕਿ ਅਥਾਹ ਗੁੱਸੇ ਵਿੱਚ ਆਈ ਉਹ ਕਿਤੇ ਕੰਧ ਨਾਲ ਟੱਕਰ ਮਾਰ ਕੇ ਨਾ ਮਰ ਜਾਵੇ।

ਪੰਜਵੇਂ ਮੁੰਡੇ ਹਰਨੇਕ ਨੂੰ ਉਹ ਚੋਰੀਓਂ ਖਵਾਉਂਦੀ। ਉਹ ਮਾਂ ਬਿਨਾਂ ਸਾਰਦਾ ਨਹੀਂ ਸੀ। ਸੀ ਵੀ ਚੜ੍ਹਦੀ ਜਵਾਨੀ ਵਿੱਚ।

ਨਿਤ ਦਾ ਕਲੇਸ਼ ਮਿਟਾਉਣ ਲਈ ਘੀਚਰ ਤੇ ਦੁੱਲਾ ਵੀ ਗਏ।ਫਿਰਨੀ ਵਾਲੀ ਅਬਾਦੀ ਵਿੱਚ ਉਨ੍ਹਾਂ ਨੇ ਵੀ ਦੋ ਕੋਠੜੇ ਛੱਤ ਲਏ। ਉੱਥੇ ਰਹਿ ਕੇ ਆਪਣਾ ਜੂਨ-ਗੁਜ਼ਾਰਾ ਕਰਨ ਲੱਗੇ।

ਚਾਰੇ ਮੁੰਡੇ ਬੁੜ੍ਹੀ ਦੀ ਮੌਤ ਭਾਲਦੇ। ਉਹ ਨਾ ਮਰਦੀ, ਨਾ ਮੁੰਜਾ ਛੱਡਦੀ।

'ਤੈਨੂੰ ਨ੍ਹੀਂ ਵਿਆਉਂਦੀ ਵੇ ਮੈਂ। ਕੀ ਕਰਨੈ ਬਹੂ ਦਾ ਤੂੰ? ਬਗਾਨੀ ਧੀ ਮੇਰੀ ਮੌਤ ਕਦੰਤ ਨ੍ਹੀਂ ਬਣਦੀ। ਉਹ ਹਰਨੇਕ ਨੂੰ ਆਪਣਾ ਫ਼ੈਸਲਾ ਸੁਣਾਉਂਦੀ।

ਹਰਨੇਕ ਬੋਲਦਾ ਨਾ। ਪਰ ਆਖਣਾ ਚਾਹੁੰਦਾ, 'ਬਹੂ ਤੇਰੇ ਖ਼ਤਰ ਲਿਆਉਣੀ ਐ?'

ਰਾਮ ਕਰ ਰੋਟੀ-ਟੁੱਕ ਤਾਂ ਸਭ ਆਪ ਕਰਦੀ। ਮੱਝਾਂ ਦੀ ਧਾਰ ਕੱਢਦੀ। ਗੋਹਾ-ਕੂੜਾ ਹਰਨੇਕ ਕਰ ਦਿੰਦਾ। ਹੁਣ ਜ਼ਮੀਨ ਉਹ ਹਿੱਸੇ 'ਤੇ ਦਿੰਦੀ। ਮਾਂ-ਪੁੱਤ ਆਪ ਬੱਸ ਤਿੰਨੇ ਮੱਝਾਂ ਦਾ ਕੰਮ ਕਰਦੇ। ਇੱਕ ਮੱਝ ਦਾ ਦੁੱਧ ਪੀ-ਵਰਤ ਲੈਂਦੇ, ਦੋ ਦਾ ਵੇਚ ਦਿੰਦੇ।

ਇੱਕ ਦਿਨ ਕੀ ਹੋਇਆ, ਸਿਆਲ ਦੀ ਰੁੱਤ ਸੀ। ਉਹ ਘਰ ਦੇ ਬਾਰ ਮੂਹਰੇ ਕੱਚੀ ਚੌਂਕੜੀ ’ਤੇ ਬੈਠੀ ਧੁੱਪ ਸੇਕ ਰਹੀ ਸੀ। ਦੁਪਹਿਰ ਦਾ ਵਕਤ। ਦੂਰੋਂ ਕੋਈ ਬੰਦਾ ਆਉਂਦਾ ਦਿੱਸਿਆ। ਹੱਥ ਵਿੱਚ ਬੇਰੀ ਦੀ ਸੋਟੀ, ਸਿਰ 'ਤੇ ਨਿੱਕੀ ਜਿਹੀ ਗਠੜੀ ਤੇ ਮਗਰ ਇੱਕ ਕੁੜੀ ਸੱਤ-ਅੱਠ ਸਾਲ ਦੀ। ਠੁਮਕ-ਠੁਮਕ ਤੁਰਦੀ। ਬੁੜ੍ਹਾ ਉਨ੍ਹਾਂ ਦੇ ਬੂਹੇ ਵੱਲ ਝਾਕਦਾ ਉਹਦੇ ਕੋਲ ਦੀ ਲੰਘ ਗਿਆ। ਜਦੋਂ ਉਹ ਬੀਹੀ ਵਿੱਚ ਦੂਰ ਨਿਕਲ ਗਿਆ ਤਾਂ ਅੱਖਾਂ 'ਤੇ ਹੱਥ ਦਾ ਛੱਪਰ ਬਣਾ ਕੇ ਉਹ ਉਹਦੇ ਵੱਲ ਦੇਖਣ ਲੱਗੀ। ਫੇਰ ਉਹ ਨੇ ਇੱਕ ਤੀਵੀਂ ਨੂੰ ਪੁੱਛਿਆ, 'ਕੁੜੇ ਕੌਣ ਹੋਇਆ ਇਹੇ? ਕੀਹਦੇ ਵੜੂ ਜਾ ਕੇ? ਦੇਖਦਾ ਜ੍ਹਾ ਗਿਐ।'

ਤੇ ਫੇਰ ਦਿਨ ਢਲੇ ਉਹ ਵਾਪਸ ਜਾ ਰਿਹਾ ਸੀ। ਉਹ ਉੱਥੇ ਦੀ ਉੱਥੇ ਬੈਠੀ ਹੋਈ ਸੀ। ਇਸ ਵਾਰ ਉਹ ਦੇ ਸਾਹਮਣੇ ਆ ਕੇ ਖੜ੍ਹ ਗਿਆ ਤੇ ਬੋਲਿਆ, 'ਰਾਮੋਂ ਐ?'

ਟੇਢੀ ਜਿਹੀ ਹੋ ਕੇ ਮੰਜੀ ’ਤੇ ਪਈ ਉਹ ਝੱਟ ਬੈਠੀ ਹੋ ਗਈ। ਅੱਖਾਂ ਉਘੇੜੀਆਂ। ਉਹ ਉਹਦੀ ਸਿਆਣ ਵਿੱਚ ਨਹੀਂ ਆ ਰਿਹਾ ਸੀ। ਉਹ ਨੇ ਆਪ ਹੀ ਦੱਸਿਆ, 'ਮੈਂ ਗੁਰਚਰਨ ਸੂ ਆਂ। ਪਿੰਡਾਂ, ਥੰਮਣ ਸਿਉਂ ਦਾ ਭਾਣਜਾ।'

'ਤੂੰ ਭਾਈ ਗੁਰਚਰਨ ਸਿਆਂ ਏਥੇ ਕਿਮੇਂ?' ਰਾਮ ਕੁਰ ਨੂੰ ਜਿਵੇਂ ਕਿਸੇ ਨੇ ਫੜਕੇ ਝੰਜੋੜ ਦਿੱਤਾ ਹੋਵੇ। ਉਹ ਬਹੁਤ ਵਰ੍ਹੇ ਪਿਛਾਂਹ ਚਲੀ ਗਈ ਤੇ ਫੇਰ ਜਿਵੇਂ ਸੋਲ੍ਹਾਂ ਸਾਲ ਦੀ ਬਣ ਬੈਠੀ ਹੋਵੇ। ਆਪਣੇ 'ਤੇ ਲਈ ਗਰਮ ਚਾਦਰ ਸੰਭਾਲਦੀ ਉਹ ਉੱਠੀ ਤੇ ਉਹ ਨੂੰ ਅੰਦਰ ਵਿਹੜੇ ਵਿੱਚ ਲੈ ਗਈ। ਮੰਜਾ ਡਾਹ ਦਿੱਤਾ।

ਉਹ ਕਹਿੰਦਾ, 'ਏਸ ਪਿੰਡ ਸਿੱਧੂਆਂ ਦਾ ਘਰ ਐ ਨਾ ਇੱਕ। ਉਨ੍ਹਾਂ ਦੇ ਇੱਕ ਮੁੰਡੇ ਦੀ ਦੱਸ ਪਈ ਸੀ। ਪੋਤੀ ਖਾਤਰ। ਮਖਿਆ, ਸਾਹਮਣੇ ਮੱਥੇ ਈ ਘਰ-ਬਾਰ ਦੇਖ ਜਾਂ।'

‘ਇਹ ਬੂਜੀ?' ਰਾਮ ਕੁਰ ਨੇ ਪੁੱਛਿਆ। 'ਇਹ ਦੋਹਤੀ ਦੀ ਕੁੜੀ ਐ। ਹਿੰਡ ਕਰਕੇ ਆ ਗਈ ਮੇਰੇ ਨਾਲ। ਮੈਂ ਤਾਂ ਸ਼ਹਿਰ ਆਇਆ ਸੀ। ਉੱਥੋਂ ਏਧਰ ਆ ਗਿਆ।’ ਫੇਰ ਦੱਸਣ ਲੱਗਿਆ, ‘ਪਿੰਡ ਦਾ ਤਾਂ ਮੈਨੂੰ ਪਤਾ ਸੀ। ਸਿੱਧੂਆਂ ਦੇ ਘਰੋਂ ਮੈਂ ਤੇਰਾ ਘਰ ਵੀ ਪੁੱਛ ਲਿਆ। ਮਖਿਆ, ਆਏ ਤਾਂ ਹਾਂ ਮਿਲ ਈ ਚੱਲੀਏ ਰਾਮੋ ਨੂੰ।'

ਰਾਮ ਕੁਰ ਨੇ ਦੇਖਿਆ, ਗੁਰਚਰਨ ਖਾਸਾ ਬੁੜ੍ਹਾ ਹੋ ਗਿਆ ਸੀ। ਦਾੜ੍ਹੀ ਚਿੱਟੀ ਸਫ਼ੈਦ, ਕੁਕੜੀ ਦੇ ਆਂਡੇ ਵਰਗੀ, ਅੱਖਾਂ ਵਿੱਚ ਉਹ ਨੂਰ ਨਹੀਂ ਰਹਿ ਗਿਆ ਸੀ। ਬੱਸ ਜਿਵੇਂ ਰੀਠੇ ਜਿਹੇ ਘੁੰਮ ਰਹੇ ਹੋਣ। ਹੇਠਲੇ ਚਾਰੇ ਦੰਦ ਨਿਕਲੇ ਹੋਏ ਸਨ। ਝੁਕੇ ਕੇ ਤੁਰਦਾ। ਬੇਰੀ ਦੀ ਸੋਟੀ ਉਹ ਦਾ ਸਹਾਰਾ ਸੀ। ਰਾਮ ਕੁਰ ਨੂੰ ਇੱਕ-ਇੱਕ ਕਰਕੇ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ। ਤੌੜੀ ਵਿੱਚੋਂ ਉਹ ਤਿੰਨ ਬਾਟੀਆਂ ਸੂਹੇ ਦੁੱਧ ਦੀਆਂ ਭਰ ਲਿਆਈ। ਵਿੱਚ ਖੰਡ ਦੀ ਮੁੱਠੀ-ਮੁੱਠੀ ਘੋਲ ਕੇ।

ਗੁਰਚਰਨ ਕਹਿੰਦਾ,'ਐਨਾ ਤਾਂ ਪੀਤਾ ਨ੍ਹੀਂ ਜਾਣਾ ਰਾਮੋ। ਇੱਕ ਖਾਲੀ ਬਾਟੀ ਲਿਆ ਦੇ। ਮੈਂ ਬੁੱਕ ਪੀ ਲੈਨਾਂ। ਬਾਕੀ ਕੁੜੀ ਪੀ ਲੂ। ਇੱਕ ਬਾਟੀ ਤਾਂ ਤੂੰ ਚੱਕ ਈ ਲੈ।'

ਦੁੱਧ ਪੀ ਕੇ ਉਹ ਆਪੋ-ਆਪਣੀ ਘਰ-ਕਬੀਲਦਾਰੀ ਦੀਆਂ ਗੱਲਾਂ ਕਰਨ ਲੱਗੇ। ਮੁੰਡੇ-ਕੁੜੀਆਂ ਦੀਆਂ ਗੱਲਾਂ ਤੋਂ ਅਗਾਂਹ ਰਿਸ਼ਤੇਦਾਰੀਆਂ ਵਿੱਚ ਪੈ ਗਏ। ਆਪਣੀ ਕੋਈ ਗੱਲ ਤਾਂ ਇੱਕ ਵੀ ਨਾ ਕੀਤੀ ਤੇ ਫੇਰ ਕਹਿੰਦਾ, 'ਚੰਗਾ ਚੱਲਦਾ ਮੈਂ ਤਾਂ। ਦਿਨ ਛਿਪਦੇ ਨੂੰ ਪਹੁੰਚ ਜੂੰ ਪਿੰਡ ਹੌਲੀ-ਹੌਲੀ। ਬੱਸਾਂ ਦੇ ਟੈਮ ਹੈਗੇ ਐ ਹਾਲੇ।'

ਰਾਮ ਕੁਰ ਨੇ ਉਹ ਨੂੰ ਰਾਤ ਰਹਿਣ ਲਈ ਜ਼ੋਰ ਪਾਇਆ। ਕਹਿੰਦੀ ਸੀ, ‘ਗੱਲਾਂ ਕਰਾਂਗੇ, ਪਰ ਉਹ ਜਾਣ ਦੀ ਕਾਹਲ ਕਰ ਰਿਹਾ ਸੀ।'

ਆਪਣੇ ਬੂਹੇ ਅੱਗੇ ਖੜ੍ਹੀ ਉਹ ਉਹ ਨੂੰ ਦੂਰ ਤੱਕ ਤੁਰੇ ਜਾਂਦੇ ਨੂੰ ਦੇਖਦੀ ਰਹੀ ਤੇ ਫਿਰ ਅੰਦਰ ਸਬ੍ਹਾਤ ਵਿੱਚ ਰਜ਼ਾਈ ਲੈ ਕੇ ਪੈ ਗਈ। ਉਹ ਦਾ ਚਿੱਤ ਢਿੱਲਾ ਹੋ ਗਿਆ ਸੀ।

ਹੌਲੀ-ਹੌਲੀ ਦਿਨ ਪਾ ਕੇ ਉਹ ਨੂੰ ਮਹਿਸੂਸ ਹੋਣ ਲੱਗਿਆ, ਜਿਵੇਂ ਇਸ ਸੰਸਾਰ ਵਿੱਚ ਉਹ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਨਾ ਰਹਿ ਗਈ ਹੋਵੇ। ਉਹ ਦਾ ਰੰਗੜਊ ਪਾਰੇ ਵਾਂਗ ਫੈਲ ਕੇ ਜਿਵੇਂ ਮਿੱਟੀ ਦਾ ਹਿੱਸਾ ਹੀ ਬਣ ਗਿਆ ਹੋਵੇ। ਇੱਕ ਦਿਨ ਉਹ ਨੇ ਹਰਨੇਕ ਨੂੰ ਕਿਹਾ ਕਿ ਉਹ ਬਾਹਰਲੇ ਘਰ ਦੋਵੇਂ ਘਰੀਂ ਇੱਕ-ਇੱਕ ਮੱਝ ਬੰਨ੍ਹ ਆਵੇ। ਤੇ ਫੇਰ ਇੱਕ ਦਿਨ ਉਹ ਨੇ ਅਗਵਾੜ ਦੇ ਚਾਰ ਸਿਆਣੇ ਬੰਦੇ ਸੱਦੇ ਤੇ ਜ਼ਮੀਨ ਦੇ ਪੰਜ ਹਿੱਸੇ ਕਰ ਦਿੱਤੇ। ਹੋਰ ਦਿਨ ਲੰਘੇ ਤਾਂ ਉਹ ਨੇ ਹਰਨੇਕ ਨੂੰ ਆਖਿਆ,'ਤੂੰ ਸਾਂਭ ਭਾਈ ਆਵਦਾ ਘਰ ਆਪੇ ਈ। ਮੇਰਾ ਤਾਂ ਚੰਦ ਰੋਜ਼ ਦਾ ਮੇਲਾ ਐ। ਵਿਆਹ ਵੀ ਕਰਾ ਲੈ ਹੁਣ।'♦