ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇੱਕ ਕੋਸ਼ਿਸ਼ ਹੋਰ

ਵਿਕੀਸਰੋਤ ਤੋਂ

ਇੱਕ ਕੋਸ਼ਿਸ਼ ਹੋਰ

ਮਹੇਸ਼ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹ ਮੈਨੂੰ ਵੀ ਬਹੁਤ ਚਾਹੁੰਦਾ ਹੈ। ਦਫ਼ਤਰੋਂ ਛੁੱਟੀ ਹੁੰਦਿਆਂ ਹੀ ਕਹਿੰਦਾ ਹੈ, ਸੰਜੀਵਨੀ ਚੱਲ ਕਾਫ਼ੀ ਲਈਏ,ਇੱਕ-ਇੱਕ ਪਿਆਲਾ। ਸਿਰ ਫਟ ਰਿਹਾ ਹੈ। ਅਸੀਂ'ਨੀਲਮ ਕਾਫ਼ੀ ਬਾਰ'ਵਿੱਚ ਆਉਂਦੇ ਆਂ। ਸੋਫ਼ਿਆਂ 'ਤੇ ਬੈਠ ਕੇ ਵਿਚਕਾਰਲੀ ਮੇਜ਼'ਤੇ ਝੁਕ ਜਾਂਦੇ ਹਾਂ। ਉਹ ਕੋਈ ਗੱਲ ਸ਼ੁਰੂ ਕਰਦਾ ਹੈ। ਮੈਂ ਹੁੰਗਾਰਾ ਭਰਦੀ ਹਾਂ। ਕੋਈ ਵੀ ਗੱਲ ਜਦ ਉਸ ਕੋਲ ਨਹੀਂ ਰਹਿ ਜਾਂਦੀ, ਉਹ ਐਸ਼ ਟਰੇਅ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਦਿੰਦੀ ਹਾਂ। ਸੁਆਹ ਹੀ ਖਿੰਡੇਗੀ । ਉਹ ਉਦਾਸ ਜਿਹੀ ਮੁਸਕਰਾਹਟ ਬੁੱਲਾਂ 'ਤੇ ਲਿਆਉਂਦਾ ਹੈ।

ਮੇਜ਼ ਥੱਲੇ ਸੁਤੰਤਰ ਸੰਸਾਰ ਹੈ। ਕੋਈ ਨਜ਼ਰਾਂ ਨਹੀਂ। ਉਹ ਆਪਣਾ ਪੈਰ ਮੇਰੀ ਲੱਤ ਨਾਲ ਲਾਉਣ ਦੀ ਕੋਸ਼ਿਸ਼ ਕਰਦਾ ਹੈ।ਚਾਹੁੰਦੀ ਤਾਂ ਮੈਂ ਵੀ ਹਾਂ ਕਿ ਇਹ ਕਲੋਲ ਕਰਕੇ ਦੇਖਾਂ,ਪਰ ਨਹੀਂ। ਅੱਖਾਂ ਰਾਹੀਂ ਹੀ ਮੈਂ ਉਸ ਨੂੰ ਘੂਰ ਦਿੰਦੀ ਹਾਂ। ਉਹ ਮੂੰਹ ਲਟਕਾ ਲੈਂਦਾ ਹੈ। ਲੰਬਾ ਸਾਹ ਲੈਂਦਾ ਹੈ। ਕਾਫ਼ੀ ਬਣਾਉਣ ਨੂੰ ਬੜਾ ਚਿਰ ਲਗਾ ਦਿੱਤਾ ਹੈ,ਕਹਿ ਕੇ ਮੈਂ ਉਸ ਦੇ ਧਿਆਨ ਨੂੰ ਪਲਟ ਦੇਣ ਦੀ ਕੋਸ਼ਿਸ਼ ਹੈ।

ਜ਼ਰਾ ਜਲਦੀ ਬਈ, ਉਹ ਚੀਖ਼ਿਆ ਹੈ।

ਅੱਛਾ ਸਾਹਬ! ਬਸ ਤਿਆਰ ਹੈ, ਕਾਊਂਟਰ ਤੋਂ ਅਵਾਜ਼ ਆਈ ਹੈ। ਕਾਫ਼ੀ ਦੀ ਸੁਖਾਵੀਂ ਝੱਗ ਵਿੱਚ ਬੁੱਲ੍ਹ ਟਿਕੇ ਹਨ।ਅੱਖਾਂ ਨੇ ਇੱਕ-ਦੂਜੇ ਦਾ ਜਾਇਜ਼ਾ ਲੈਣਾ ਚਾਹਿਆ ਹੈ।

ਘੁੱਟਾਂ ਵੀ ਭਰੀਆਂ ਜਾ ਰਹੀਆਂ ਹਨ।

ਬਾਰ ਵਿੱਚੋਂ ਬਾਹਰ ਨਿਕਲ ਕੇ ਮੈਂ ਉਸ ਨੂੰ ਕੁਝ ਕਹਿਣਾ ਚਾਹਿਆ ਹੈ। ਕਹਿ ਨਹੀਂ ਸਕੀ ਹਾਂ। ਕਿੰਨਾ ਉਹ ਮੇਰੇ ਨਾਲ ਖੁੱਲ੍ਹਾ ਹੈ। ਕਿੰਨੀਆਂ ਗੱਲਾਂ ਅਸੀਂ ਕਰ ਲੈਂਦੇ ਹਾਂ। ਕਿੰਨੀ ਇਕੱਲ ਸਾਡੇ ਵਿੱਚ ਸਾਂਝੀ ਹੈ। ਇੱਕ ਹੀ ਤਾਂ ਇਹ ਗੱਲ ਹੈ, ਜੋ ਮੈਂ ਉਸ ਨਾਲ ਕਰ ਨਹੀਂ ਸਕਦੀ। ਕਿਉਂ ਝਿਜਕਦੀ ਹਾਂ? ਪਤਾ ਨਹੀਂ।

ਜਦ ਮੈਂ ਪਟਿਆਲੇ ਹੁੰਦੀ ਸਾਂ, ਜਗਦੀਸ਼ ਵੀ ਮੈਨੂੰ ਕਿੰਨਾ ਚਾਹੁੰਦਾ ਹੁੰਦਾ ਸੀ। ਮਹੇਸ਼ ਜਿੰਨਾ ਹੀ। ਰੰਗ-ਰੂਪ ਵਿੱਚ ਇਹ ਦੇ ਵਰਗਾ ਹੀ ਸੀ। ਕੱਦ-ਕਾਠ ਵੀ। ਸੁਭਾਅ ਵੀ। ਮੈਂ ਤੇ ਉਸ ਨੂੰ ਪਹਿਲੇ ਦਿਨ ਹੀ ਦਿਲ ਦੇ ਬੈਠੀ ਸਾਂ। ਉਹ ਜਿਸ ਦਿਨ ਹਾਜ਼ਰ ਹੋਇਆ ਸੀ, ਮੇਰੇ ਨਾਲ ਹੀ ਉਸ ਨੂੰ ਸੀਟ ਦੇ ਦਿੱਤੀ ਗਈ ਸੀ। ਉਹ ਬੈਠਣ ਸਾਰ ਹੀ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਸੀ। ਜਿਵੇਂ ਮੈਨੂੰ ਪਹਿਲਾਂ ਹੀ ਜਾਣਦਾ ਹੋਵੇ। ਮੈਂ ਵੀ ਤਾਂ ਭੋਰਾ ਨਹੀਂ ਸੰਗੀ, ਜਿਵੇਂ ਪਹਿਲਾਂ ਹੀ ਉਸ ਨੂੰ ਜਾਣਦੀ ਹੋਵਾਂ। ਕਮਾਲ ਦੀ ਗੱਲ ਉਸੇ ਦਿਨ ਹੀ ਛੋਟੀ ਤੋਂ ਬਾਅਦ ਅਸੀਂ ਸਟੇਟ ਬੈਂਕ ਆ ਕੇ ਇੱਕ ਹੋਟਲ ਵਿੱਚ ਚਾਹ ਪੀਤੀ ਸੀ ਤੇ ਇੱਕ-ਦੂਜੇ ਬਾਰੇ ਢੇਰ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਸੀ।

ਫਿਰ ਤਾਂ ਅਸੀਂ ਛੁੱਟੀ ਤੋਂ ਬਾਅਦ ਅਕਸਰ ਹੀ ਮਿਲਦੇ। ਘੰਟਾ-ਡੇਢ ਘੰਟਾ ਦੇਰ ਨਾਲ ਮੈਂ ਘਰ ਪੁੱਜਦੀ। ਮਾਂ ਪੁੱਛਦੀ ਤਾਂ ਕਹਿ ਦਿੰਦੀ, ਦਫ਼ਤਰ ਵਿੱਚ ਹੀ ਬਿਠਾ ਲਿਆ ਸੀ, ਹੈੱਡ ਕਲਰਕ ਨੇ। ਕੰਮ ਬਹੁਤਾ ਸੀ। ਐਤਵਾਰ ਨੂੰ ਵੀ ਅਸੀਂ ਮਿਲਣ ਲੱਗੇ। ਕੋਈ ਹੋਰ ਛੁੱਟੀ ਹੁੰਦੀ ਤਾਂ ਵੀ। ਮੈਨੂੰ ਉਹ ਆਪਣੇ ਕਮਰੇ ਵਿੱਚ ਲੈ ਜਾਂਦਾ।

ਜਗਦੀਸ਼ ਰਾਮਪੁਰਾ ਫੂਲ ਦਾ ਸੀ। ਮੈਨੂੰ ਪਤਾ ਸੀ ਕਿ ਉਹ ਚੰਗੇ ਖਾਨਦਾਨ ਦਾ ਹੈ। ਸੁਹਣਾ ਸੁਨੱਖਾ। ਕੰਮ 'ਤੇ ਲੱਗਿਆ ਹੋਇਆ ਹੈ ਵੀ ਆਪਣੀ ਬਰਾਦਰੀ ਵਿੱਚੋਂ ਹੀ। ਆਪਣੀ ਬਰਾਦਰੀ ਵਿੱਚੋਂ ਨਾ ਵੀ ਹੁੰਦਾ ਤਾਂ ਵੀ ਕੀ ਸੀ। ਕੁੜੀ ਲਈ ਤਾਂ ਮੁੰਡਾ ਚਾਹੀਦਾ ਹੈ, ਭਾਵੇਂ ਕੋਈ ਹੋਵੇ। ਕਮਾਊ ਹੋਵੇ। ਬਣਦਾ-ਤਣਦਾ ਹੋਵੇ। ਬਰਾਦਰੀ ਵਿੱਚੋਂ ਭਾਲਣ ਲੱਗੀਏ ਤਾਂ ਮੁੰਡਾ ਮਿਲਦਾ ਹੀ ਨਹੀਂ। ਮਿਲ ਵੀ ਜਾਵੇਂ ਤਾਂ ਸੌ ਰਸਮ-ਰਿਵਾਜ ਨਿਭਾਉਣੇ ਪੈਂਦੇ ਹਨ। ਕਿੰਨਾ ਕੁ ਚਿਰ ਰੱਖੀ ਜਾਣਗੇ ਲੋਕ ਇਹ ਬਰਾਦਰੀ ਵਾਲਾ ਝੰਜਟ?

ਇੱਕ ਦਿਨ ਮੈਂ ਜਗਦੀਸ਼ ਕੋਲ ਗੱਲ ਛੇੜੀ ਸੀ ਤਾਂ ਉਹ ਹੱਸ ਪਿਆ ਸੀ। ਕਹਿ ਰਿਹਾ ਸੀ-ਵਿਆਹ ਦੀ ਕੀ ਲੋੜ ਐ, ਅਜੇ ਹੀ।

ਹੋਰ ਕਦ ਲੋੜ ਹੁੰਦੀ ਹੈ?

ਅਜੇ ਤਾਂ ਬਹੁਤ ਉਮਰ ਪਈ ਐ। ਅਜੇ ਤਾਂ ਮੌਜ ਮੇਲਾ ਕਰੋ। ਇੱਕ ਐਤਵਾਰ ਅਸੀਂ ਡੇਰਾ ਬਾਬਾ ਜੱਸਾ ਸਿੰਘ ਵਾਲੇ ਪਾਸੇ ਗਏ। ਥੱਕ-ਟੁੱਟ ਕੇ ਜਦ ਇੱਕ ਦਰਖ਼ਤ ਥੱਲੇ ਬੈਠ ਗਏ ਤਾਂ ਮੈਂ ਥੋੜਾ ਜਿਹਾ ਗੁੱਸੇ ਹੋ ਕੇ ਆਖਿਆ, ਦੇਖ, ਮੈਂ ਕਿੰਨੀ ਵਾਰ ਕਹਿ ਚੁੱਕੀ ਆਂ। ਤੂੰ ਸੁਣਦਾ ਈ ਨਹੀਂ। ਦੱਸ, ਕਰਾਂ ਮਾਂ ਨਾਲ ਗੱਲ?

ਉਹ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਚਿਹਰੇ ਵੱਲ ਦੇਖਣ ਲੱਗਿਆ ਸੀ। ਉਸ ਤੱਕਣੀ ’ਚੋਂ ਮੈਨੂੰ ਡਰ ਲੱਗਿਆ ਸੀ। ਮੈਂ ਕਹਿ ਦਿੱਤਾ ਸੀ, ਨਹੀਂ ਤਾਂ ਨਾ ਮਿਲਿਆ ਕਰ ਮੈਨੂੰ।

ਨਾ ਮਿਲਿਆ ਕਰ। ਉਸ ਨੇ ਨਿਧੜਕ ਹੋ ਕੇ ਕਹਿ ਦਿੱਤਾ ਸੀ।

ਮੈਂ ਤੈਨੂੰ ਇਸ ਕਰਕੇ ਤਾਂ ਸਰੀਰ ਨਹੀਂ ਦਿੱਤਾ ਸੀ ਕਿ ਤੂੰ ਇਸ ਤਰ੍ਹਾਂ ਹੀ ਕਦੇ ਮੈਨੂੰ ਛੱਡ ਜਾਵੇਂਗਾ? ਮੇਰੀਆਂ ਅੱਖਾਂ ਵਿੱਚ ਪਾਣੀ ਸੀ।

ਤੇ ਫਿਰ ਉਸਨੇ ਮੈਨੂੰ ਇੱਕ ਅਜਿਹੀ ਗੱਲ ਆਖੀ ਸੀ, ਜਿਸ ਨੂੰ ਸੁਣ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਨਾ ਮੈਥੋਂ ਰੋਇਆ ਜਾ ਰਿਹਾ ਸੀ ਤੇ ਨਾ ਬੋਲਿਆ। ਮੈਂ ਥਾਂ ਦੀ ਥਾਂ ਸੁੰਨ ਮਿੱਟੀ ਬਣ ਕੇ ਬੈਠੀ ਹੋਈ ਸਾਂ। ਉਹ ਤਾਂ ਪਤਾ ਨਹੀਂ ਕਦੋਂ ਮੈਨੂੰ ਉੱਥੇ ਬੈਠੀ ਛੱਡ ਕੇ ਹੀ ਤੁਰ ਗਿਆ ਸੀ। ਮੇਰਾ ਸਭ ਕੁਝ ਲੁੱਟ ਕੇ ਮੈਨੂੰ ਛੱਡ ਗਿਆ ਸੀ।

ਪਰ ਮੈਂ ਹਾਰੀ ਨਹੀਂ ਸੀ। ਅਜੇ ਤਾਂ ਮੇਰੇ ਕੋਲ ਬਹੁਤ ਕੁਝ ਸੀ। ਅਜੇ ਤਾਂ ਮੇਰੇ ਕੋਲ ਸਾਰਾ ਕੁਝ ਸੀ। ਸਮਾਜ ਦੀਆਂ ਨਜ਼ਰਾਂ ਵਿੱਚ ਮੈਂ ਤਾਂ ਕੁਆਰੀ ਸੀ। ਮਾਪਿਆਂ ਦੀਆਂ ਨਜ਼ਰਾਂ ਵਿੱਚ ਵੀ ਮੈਂ ਕੰਜ ਸਾਂ। ਵਿਆਹ ਤਾਂ ਸਮਾਜ ਦੀ ਨਿਗਾਹ ਵਿੱਚ ਲਿੰਗ-ਰਿਸ਼ਤਿਆਂ ਦੀ ਪ੍ਰਵਾਨਗੀ ਲੈਣ ਦਾ ਨਾਉਂ ਹੈ।

ਪਰ ਨਹੀਂ, ਦਿਲ ਦੀ ਤਸੱਲੀ ਹੋਰ ਗੱਲ ਹੈ। ਔਰਤ ਇਸ ਲਈ ਨਹੀਂ ਕਿ ਮਰਦ ਦੀ ਸਰੀਰਕ ਭੁੱਖ ਮਿਟਾਉਂਦੀ ਰਹੇ। ਉਹ ਮਰਦ ਤੋਂ ਮਾਨਸਿਕ ਤ੍ਰਿਪਤੀ ਲੈਣ ਦੀ ਹੱਕਦਾਰ ਵੀ ਤਾਂ ਹੈ। ਆਰਥਿਕ ਸਹਾਰਾ ਵੀ ਤੇ ਮਮਤਾ ਦੀ ਪੂੰਜੀ ਵੀ। ਇੱਕ ਸੰਸਾਰ ਦਾ ਸੁਪਨਾ ਵੀ। ਜਿਹੜਾ ਮਰਦ ਉਸ ਨੂੰ ਇਹ ਸਭ ਕੁਝ ਨਹੀਂ ਦਿੰਦਾ, ਉਹ ਤਾਂ ਫਿਰ ਕੁੱਤਾ ਹੋਇਆ-ਮਾਸ ਚੂੰਡ ਕੇ ਖਾ ਜਾਣ ਵਾਲਾ।

ਜਗਦੀਸ਼ ਤਾਂ ਕੁੱਤਾ ਸੀ।

ਮਹੇਸ਼ ਨੂੰ ਮੈਂ ਕੁੱਤਾ ਨਹੀਂ ਬਣਨ ਦੇਵਾਂਗੀ। ਮਰਦ ਭਾਵੇਂ ਉਹ ਮੇਰਾ ਨਾ ਬਣੇ।

ਪਟਿਆਲੇ ਨਾਲੋਂ ਚੰਡੀਗੜ੍ਹ ਭਾਵੇਂ ਮੈਨੂੰ ਤਨਖ਼ਾਹ ਦਾ ਸੌ ਰੁਪਿਆ ਵੱਧ ਮਿਲਦਾ ਹੈ, ਪਰ ਮੈਂ ਤੰਗ ਰਹਿੰਦੀ ਹਾਂ। ਅੰਕਲ ਜੀ ਦਾ ਮਕਾਨ ਹੈ, ਰੋਟੀ ਦਾ ਵੀ ਕੋਈ ਖ਼ਰਚ ਨਹੀਂ। ਕੱਪੜਾ ਪਿਛਲੇ ਸਾਲ ਤੋਂ ਕੋਈ ਨਹੀਂ ਸਿਲਾਇਆ। ਫਿਰ ਵੀ ਤੰਗ-ਤੰਗ ਰਹਿੰਦੀ ਹਾਂ।

ਮਹੀਨੇ ਬਾਅਦ ਪਟਿਆਲੇ ਜਾਂਦੀ ਹਾਂ। ਮਾਂ ਪੁੱਛਦੀ ਤਾਂ ਨਹੀਂ, ਪਰ ਮੇਰੇ ਚਿਹਰੇ ਵੱਲ ਸਵਾਲੀਆਂ ਨਜ਼ਰਾਂ ਨਾਲ ਝਾਕਦੀ ਰਹਿੰਦੀ ਹੈ। ਮੈਨੂੰ ਪੂਰਾ ਅਹਿਸਾਸ ਹੈ ਕਿ ਉਸ ਨੂੰ ਪੈਸਿਆਂ ਦੀ ਲੋੜ ਹੈ। ਪਤਾ ਨਹੀਂ ਕੀ ਸੋਚਦੀ ਹੋਵੇਗੀ ਕਿ ਮੈਂ ਹੁਣ ਓਸ ਨੂੰ ਕੁਝ ਦਿੰਦੀ ਕਿਉਂ ਨਹੀਂ, ਪਟਿਆਲੇ ਵੇਲੇ ਤਾਂ ਮੈਂ ਤਨਖ਼ਾਹ ਮਿਲੀ ਤੋਂ ਸੌ ਰੁਪਿਆ ਨਕਦ ਮਾਂ ਨੂੰ ਫੜਾ ਦਿੰਦੀ ਸੀ। ਇੱਕ ਵਾਰ ਗਈ ਹਾਂ ਤਾਂ ਆਪ ਮਾਂ ਨੂੰ ਦੱਸ ਦਿੱਤਾ ਕਿ ਮੈਂ ਬੈਂਕ ਵਿੱਚ ਹਿਸਾਬ ਖੁੱਲ੍ਹਵਾ ਲਿਆ ਹੈ।

ਸਭ ਝੂਠ!

ਮੇਰੇ ਤਾਂ ਸਾਰੇ ਪੈਸੇ ਮਹੇਸ਼ ਦੀਆਂ ਖ਼ਾਤਰਦਾਰੀਆਂ 'ਤੇ ਲੱਗ ਜਾਂਦੇ ਹਨ।

ਮਹੇਸ਼ ਸੋਚਦਾ ਹੋਵੇਗਾ, ਮੈਂ ਬਹੁਤ ਅਮੀਰ ਘਰ ਦੀ ਕੁੜੀ ਹਾਂ।ਕਿੰਨਾ ਖੁੱਲ੍ਹਾ ਖ਼ਰਚ ਕਰਦੀ ਹਾਂ।

ਇਹ ਵੀ ਸੋਚਦਾ ਹੋਵੇਗਾ, ਮੈਂ ਉਸ ਨੂੰ ਨੇੜੇ ਕਿਉਂ ਨਹੀਂ ਲੱਗਣ ਦਿੰਦੀ? ਸਭ ਥਾਂ ਉਸ ਨਾਲ ਚਲੀ ਜਾਂਦੀ ਹਾਂ। ਉਸ ਨਾਲ ਕਿੰਨੀਆਂ ਖੁੱਲ੍ਹੀਆਂ ਗੱਲਾਂ ਕਰ ਲੈਂਦੀ ਹਾਂ। ਫਿਰ ਵੀ ਮੈਂ ਉਸ ਨੂੰ ਉਸ ਕਾਸੇ ਲਈ ਇਜਾਜ਼ਤ ਕਿਉਂ ਨਹੀਂ ਦਿੰਦੀ, ਜੋ ਉਹ ਚਾਹੁੰਦਾ ਹੈ। ਹੈਰਾਨ ਤਾਂ ਹੁੰਦਾ ਹੋਵੇਗਾ? ਪਰ ਹੈਰਾਨ ਹੋਣ ਦੀ ਕੀ ਲੋੜ ਹੈ। ਸਿੱਧੇ ਰਸਤੇ 'ਤੇ ਆ ਗਿਆ ਤਾਂ ਸਭ ਕੁਝ ਉਸ ਦਾ ਹੀ ਹੈ। ਕਿਤੇ ਨਾ ਸੋਚਦਾ ਹੋਵੇ ਕਿ ਮੈਂ ਉਸ ਨੂੰ ਸਿਰਫ਼ ਇਨਜੁਆਇ ਹੀ ਕਰ ਰਹੀ ਹਾਂ?

ਇੱਕ ਦਿਨ ਅਸੀਂ ਟੈਗੋਰ ਥੀਏਟਰ ਜਾਂਦੇ ਹਾਂ। ਥੀਏਟਰ ਦੇ ਬਾਹਰ ਬਹੁਤ ਭੀੜ ਹੈ। ਦਿੱਲੀ ਦਾ ਕੋਈ ਮਸ਼ਹੂਰ ਡਰਾਮਾਟਿਸਟ ਆਪਣਾ ਇੱਕ ਉਰਦੂ ਪਲੇਅ ਲੈ ਕੇ ਆਇਆ ਹੈ। ਅਸੀਂ ਆਪਣੀਆਂ ਟਿਕਟਾਂ ਦਾ ਪਹਿਲਾਂ ਪ੍ਰਬੰਧ ਨਹੀਂ ਕੀਤਾ ਹੋਇਆ। ਮੈਂ ਇੱਕ ਥਾਂ ਖੜ੍ਹੀ ਹਾਂ। ਪਲੇਅ ਸ਼ੁਰੂ ਹੋਣ ਵਾਲਾ ਹੈ। ਮਹੇਸ਼ ਤਾਂ ਗੱਲਾਂ ਹੀ ਕਰ ਰਿਹਾ ਹੈ। ਟਿਕਟ ਲੈਣ ਦਾ ਤਾਂ ਉਸ ਨੂੰ ਖਿਆਲ ਹੀ ਨਹੀਂ। ਪਰ ਨਹੀਂ ਸ਼ਾਇਦ ਉਸ ਦੇ ਦੋਸਤ ਨੇ ਕੋਈ ਉਪਾਅ ਸੋਚ ਲਿਆ ਹੋਵੇ। ਭੀੜ ਹੀ ਬੜੀ ਹੈ। ਟੁੱਟ ਕੇ ਪੈ ਗਈ ਹੈ ਦੁਨੀਆ। ਦਿੱਲੀ ਵਿੱਚ ਇਹ ਪਲੇਅ ਸੱਠ ਵਾਰ ਖੇਡਿਆ ਜਾ ਚੁੱਕਿਆ ਹੈ।

ਆਪਣੀ ਥਾਂ ਤੋਂ ਹਿੱਲ ਕੇ ਮਹੇਸ਼ ਵੱਲ ਚੱਲ ਪਈ ਹਾਂ। ਉਸ ਨੂੰ ਕੋਈ ਪਤਾ ਨਹੀਂ। ਮੈਂ ਉਨ੍ਹਾਂ ਦੇ ਕੋਲ ਹੀ ਜਾ ਖੜੀ ਹਾਂ। ਉਸ ਦੇ ਦੋਸਤ ਦਾ ਵੀ ਮੇਰੇ ਵੱਲ ਕੋਈ ਧਿਆਨ ਨਹੀਂ। ਮਹੇਸ਼ ਉੱਚੀ-ਉੱਚੀ ਉਸ ਨੂੰ ਦੱਸ ਰਿਹਾ ਹੈ। ਜਿੱਥੇ ਮਰਜ਼ੀ ਲੈ ਜਾਓ। ਗੱਲਾਂ ਸਭ ਕਰ ਲੈਂਦੀ ਹੈ। ਪਰ ਯਾਰ, ਸਿੱਧੇ ਰਾਹ 'ਤੇ ਆਉਂਦੀ ਹੀ ਨਹੀਂ।

ਕੋਹੜੀ ਹੈਂ ਫਿਰ ਤਾਂ, ਜ਼ਬਰਦਸਤੀ...ਉਸ ਦਾ ਦੋਸਤ ਕਹਿ ਰਿਹਾ ਹੈ।

ਨਹੀਂ ਬਈ, ਜ਼ਬਰਦਸਤੀ ਨਹੀਂ ਕਰਨੀ..ਮਹੇਸ਼ ਬੋਲ ਰਿਹਾ ਹੈ।

ਅੱਛਾ, ਭਾਬੀ ਦਾ ਸੁਣਾ ਕੀ ਹਾਲ ਐ? ਉਸ ਦੇ ਦੋਸਤ ਨੇ ਪੁੱਛਿਆ ਹੈ।

ਮੇਰੀ ਸਮਝ ਧੁੰਧਲਾ ਗਈ ਹੈ।

ਭਾਬੀ ਤੇਰੀ ਟ੍ਰੇਨਿੰਗ ਕਰਦੀ ਐ, ਫਰੀਦਕੋਟ। ਕਦੇ-ਕਦੇ ਜਾ ਕੇ ਮਿਲ ਆਈਦਾ ਹੈ। ਮਹੇਸ਼ ਨੇ ਕਿਹਾ ਹੈ।

ਐਥੇ ਨਹੀਂ ਆਈ ਕਦੀ?

ਨਾ, ਮੈਂ ਜੂ ਜਾ ਆਉਂਦਾ ਹਾਂ। ਪੇਰੈਂਟਸ ਕੋਲ ਈ ਜਾਂਦੀ ਐ, ਮੁਕਤਸਰ।

ਮੈਂਥੋਂ ਬਹੁਤਾ ਕੁਝ ਸੁਣਿਆ ਨਹੀਂ ਜਾ ਰਿਹਾ। ਮੈਂ ਉਨ੍ਹਾਂ ਦੇ ਬਿਲਕੁਲ ਨਾਲ ਜਾ ਖੜ੍ਹਦੀ ਹਾਂ। ਮਹੇਸ਼ ਚੁੱਪ ਹੋ ਜਾਂਦਾ ਹੈ। ਉਸ ਨੇ ਮੇਰੀ ਜਾਣਕਾਰੀ ਆਪਣੇ ਦੋਸਤ ਨੂੰ ਦਿੱਤੀ ਹੈ ਤੇ ਫਿਰ ਦੋਸਤ ਦੀ ਜਾਣਕਾਰੀ ਮੈਨੂੰ। ਦੋਸਤ ਮੁਸਕਰਾਇਆ ਹੈ। ਮੈਂ ਮੁਸਕਰਾਈ ਨਹੀਂ। ਮੇਰੀਆਂ ਅੱਖਾਂ ਵਿੱਚ ਹੰਝੂ ਵੀ ਨਹੀਂ ਹਨ।