ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਪੈਰ ਦੀ ਜੁੱਤੀ

ਵਿਕੀਸਰੋਤ ਤੋਂ
ਪੈਰ ਦੀ ਜੁੱਤੀ


ਰੋਟੀ-ਟੁੱਕ ਦਾ ਸਾਰਾ ਕੰਮ ਮੁਕਾ ਕੇ ਨਿਹਾਲੋ ਨੇ ਵਿਹੜੇ ਵਿੱਚ ਦੋ ਮੰਜੇ ਡਾਹੇ ਤੇ ਬਿਸਤਰੇ ਵਿਛਾ ਕੇ ਦੋਵੇਂ ਮੁੰਡਿਆਂ ਨੂੰ ਇਕ ਮੰਜੇ 'ਤੇ ਇਕੱਠੇ ਪੈ ਜਾਣ ਲਈ ਆਖਿਆ ਗੋਦੀ ਵਾਲੀ ਕੁੜੀ ਵਿਹੜੇ ਵਿੱਚ ਪਹਿਲਾਂ ਹੀ ਡੇਹ ਮੇਜੇ 'ਤੇ ਸੌਂ ਚੁੱਕੀ ਸੀ। ਕੁੜੀ ਨੂੰ ਗੋਲੇਵਾਲੇ ਮੰਜੇ 'ਤੇ ਪਾ ਕੇ ਉਸ ਨੇ ਆਪਣੀ ਜੁੱਲੀ ਵੀ ਝਾੜ ਲਈ ਤੇ ਕੁੜੀ ਨੂੰ ਓਵੇਂ ਜਿਵੇਂ ਚੁੱਕ ਕੇ ਆਪਣੇ ਮੰਜੇ 'ਤੇ ਪਾ ਦਿੱਤੇ। ਮੰਜੇ ਤੇ ਪਏ ਦੋਵੇਂ ਮੁੰਡੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ। ਛਾਬੇ ਵਿੱਚ ਪਈਆਂ ਪੋਣੇ ਚ ਵਲ੍ਹੇਟ ਕੇ ਰੱਖੀਆਂ ਰੋਟੀਆਂ ਉਸ ਨੇ ਗਿਣੀਆਂ, ਸੱਤ ਸਨ। ਦੋ ਰੋਟੀਆਂ ਉਸ ਨੇ ਆਪਣੇ ਹੱਥ ’ਤੇ ਰੱਖ ਲਈਆਂ, ਪੰਜ ਤਾਂ ਉਸ ਨੂੰ ਬਹੁਤ ਹੋਣਗੀਆਂ। ਬੁਰਕੀ ਤੋੜ ਕੇ ਕੂੰਡੇ ਵਿੱਚੋਂ ਗੰਢਿਆਂ ਦੀ ਚਟਣੀ ਉਸ ਨੇ ਰੋਟੀਆਂ ’ਤੇ ਧਰ ਲਈ ਤੇ ਖਾਣ ਲੱਗੀ। ਦੋ ਬੁਰਕੀਆਂ ਹੀ ਅੰਦਰ ਲੰਘਾਈਆਂ ਸਨ ਕਿ ਦਰਵਾਜ਼ੇ ਦੇ ਤਖ਼ਤੇ ਖੜਕੇ। ਉਸ ਨੇ ਕੰਨ-ਵੜ੍ਹਿਕਾ ਲਿਆ, ਕਿਤੇ ਓਹੀ ਨਾ ਹੋਵੇ? ਦੂਜੀ ਵਾਰ ਤਖ਼ਤੇ ਫਿਰ ਖੜਕੇ। ਰੋਟੀਆਂ ਨੂੰ ਕੰਗਣੀ ਵਾਲੀ ਖਾਲੀ ਗੜਵੀ 'ਤੇ ਰੱਖ ਕੇ ਉਸ ਨੇ ਦਰਵਾਜ਼ਾ ਖੋਲਿਆ, ਗਵਾਂਢੀਆਂ ਦਾ ਡੱਬੂ ਕੁੱਤਾ ਪੂਛ ਹਿਲਾ ਰਿਹਾ ਸੀ। ਇੱਕ ਬਿੰਦ ਉਸ ਦੇ ਬੁੱਲ੍ਹਾਂ 'ਤੇ ਬੇਮਲੂਮੀ ਜਿਹੀ ਮੁਸਕਾਣ ਆਈ ਤੇ ਉਹ ਬੁੜਬੜਾਈ,'ਪੁੱਤ ਪਿਟਿਆਂ ਦਾ..' ਜਦ ਕਦੇ ਡੱਬੂ ਬਾਹਰ ਰਹਿ ਜਾਂਦਾ ਤਾਂ ਦੂਜੇ ਘਰਾਂ ਦੇ ਤਖ਼ਤਿਆਂ ਵਿੱਚ ਟੱਕਰਾਂ ਮਾਰਦਾ ਫਿਰਦਾ।

ਚੁੱਲ੍ਹੇ ਦੇ ਵੱਟੇ ਕੋਲ ਬੈਠ ਕੇ ਉਸ ਨੇ ਰੋਟੀ ਖਾ ਲਈ ਤੇ ਫਿਰ ਚੁੰਨੀ ਦੇ ਪੱਲੇ ਨਾਲ ਤੌੜੇ ਦਾ ਗਲ ਨਿੰਵਿਆ ਕੇ ਗੜਵੀ‌ ਭਰੀ ਤੇ ਓਕ ਨਾਲ ਪਾਣੀ ਪੀਣ ਲੱਗੀ। ਰੋਟੀਆਂ ਵਾਲਾ ਛਾਬਾ ਚੁੱਕ ਕੇ ਉਸ ਨੇ ਆਟੇ ਵਾਲੀ ਪਰਾਤ ਥੱਲੇ ਧਰ ਦਿੱਤਾ।ਚਟਣੀ ਦਾ ਲਿਬੜਿਆ ਕੁੰਡਾ ਪਰਾਤ 'ਤੇ ਮੂਧਾ ਮਰ ਦਿੱਤਾ। ਇਕ ਬਿੰਦ ਉਸ ਨੇ ਸੋਚਿਆ-ਚਟਣੀ ਦੇਖ ਕੇ ਅੱਜ ਵੀ ਨਾ ਕਿਤੇ ਝੱਜੂ ਪਾ ਬੈਠੇ।

ਗੇਲਾ ਸ਼ਰਾਬ ਤਾਂ ਨਿੱਤ ਹੀ ਪੀਂਦਾ ਸੀ, ਪਰ ਜਦ ਕਦੇ ਢਾਣੀ ਵਿੱਚ ਬੈਠ ਕੇ ਪੀਣ ਲੱਗਦਾ ਤਾਂ ਬਹੁਤ ਹਨੇਰੇ ਹੋਏ ਘਰ ਮੁੜਦਾ। ਰੋਟੀ ਨਾਲ ਜੇ ਕੋਈ ਸਬਜ਼ੀ ਜਾਂ ਦਾਲ ਨਾ ਮਿਲਦੀ ਤਾਂ ਨਿਹਾਲੋ ਨੂੰ ਗਾਲਾਂ ਦੇਣ ਲੱਗਦਾ। ਮੂਹਰਿਓਂ ਉਹ ਕੋਈ ਜਵਾਬ ਕਰਦੀ ਤਾਂ ਲੱਤ-ਮੁੱਕੀ ਨਾਲ ਕੁੱਟ ਧਰਦਾ। ਰੋ ਧਸਿਆ ਕੇ ਉਹ ਚੁੱਪ ਕਰ ਰਹਿੰਦੀ ਤੇ ਪਹਿਲਾਂ ਵਾਂਗ ਹੀ ਉਸ ਦੇ ਅਛਨੇ-ਪਛਨੇ ਕਰਨ ਲੱਗਦੀ।

ਗੇਲੇ ਦੇ ਦੋ ਭਰਾ ਉਸ ਤੋਂ ਵੱਡੇ ਸਨ।ਉਹ ਇਕੱਲਾ ਅੱਡ ਸੀ ਤੇ ਵੱਡੇ ਦੋਵਾਂ ਦੀ ਰੋਟੀ ਇੱਕ ਸੀ। ਉਨ੍ਹਾਂ ਦੀ ਮਾਂ ਬਹੁਤ ਚਿਰ ਪਹਿਲਾਂ ਮਰ ਗਈ ਸੀ ਤੇ ਫਿਰ ਜਦ ਪਿਓ ਮਰਿਆ ਸੀ ਤਾਂ ਵੱਡੇ ਦੋਵਾਂ ਭਰਾਵਾਂ ਨੇ ਗੇਲੇ ਨੂੰ ਅੱਡ ਕਰ ਦਿੱਤਾ ਸੀ। ਤੀਜੇ ਹਿੱਸੇ ਦੀ ਜ਼ਮੀਨ ਵੀ ਉਸ ਨੂੰ ਦੇ ਦਿੱਤੀ ਸੀ। ਗੇਲੇ ਵਾਲੇ ਪਾਸੇ ਵਿਹੜੇ ਵਿੱਚ ਆਦਮੀ ਤੋਂ ਉੱਚੀ ਕੰਧ ਵੀ ਕੱਢ ਦਿੱਤੀ ਸੀ ਤੇ ਫਿਰਨੀ 'ਤੇ ਨਵਾ ਕਿਵੇਂ ਨਾ ਕਿਵੇਂ ਵਿਹੜੇ ਦੇ ਇੱਕ ਖੂੰਜੇ ਨਿੱਕੀ ਜਿਹੀ ਬੈਠਕ ਬਣਵਾ ਲਈ ਸੀ। ਕਿਸੇ ਤੋਂ ਪੁਰਾਣੀਆਂ ਨਿੱਕੀਆਂ ਇੱਟਾਂ ਦਾ ਖੋਲਾ ਮੁੱਲ ਲੈ ਕੇ ਮੂਹਰਲੀ ਕੰਧ ਵੀ ਕਢਵਾ ਲਈ ਸੀ। ਦਰਵਾਜ਼ਾ ਰੱਖ ਕੇ ਪੁਰਾਣੇ ਕੋਈ ਤਖ਼ਤੇ ਲਵਾ ਦਿੱਤੇ ਸਨ। ਚੌੜੇ ਵਿਹੜੇ ਵਿੱਚ ਬੈਠਕ ਦੇ ਨਾਲ ਲੱਗਦੀ ਕੱਚੀਆਂ ਇੱਟਾਂ ਦੀ ਝਲਾਨੀ ਨਿਹਾਲੋ ਨੇ ਆਪ ਛੱਤ ਲਈ ਸੀ। ਝਲਾਨੀ ਮੂਹਰੇ ਚੌਂਤਰਾ ਬਣਾ ਕੇ ਉੱਤੇ ਚੁੱਲ੍ਹਾ ਧਰ ਲਿਆ ਸੀ। ਅੱਡ ਹੋਣ ਪਿੱਛੋਂ ਨਿਹਾਲੋਂ ਨੇ ਸੋਚਿਆ ਸੀ ਗੇਲਾ ਹੁਣ ਕੰਮ ਕਰੇਗਾ।ਵਾਹੀ ਦਾ ਕੰਮ ਤੋਰੇਗਾ। ਅਸੀਂ ਚੰਗਾ ਖਾਵਾਂਗੇ, ਚੰਗਾ ਪੀਵਾਂਗੇ। ਜਵਾਕਾਂ ਦੇ ਪਾਟੇ ਝੱਗੇ ਨਹੀਂ ਰਹਿਣਗੇ। ਆਪ ਉਹ ਨੰਗੇ ਪੈਰੀਂ ਨਹੀਂ ਤੁਰੇਗੀ। ਉਸ ਦੇ ਸਾਰੇ ਸ਼ੌਕ ਪੂਰੇ ਹੋਇਆ ਕਰਨਗੇ, ਪਰ ਨਾਂਹ, ਗੇਲੇ ਨੇ ਤਾਂ ਪਹਿਲੇ ਸਾਲ ਹੀ ਆਪਣੀ ਜ਼ਮੀਨ ਹਿੱਸੇ ਤੇ ਦੇ ਦਿੱਤੀ। ਪਹਿਲਾਂ ਵਾਂਗ ਹੀ ਅਲੱਥ ਫਿਰਨ ਲੱਗਿਆ। ਨਿਹਾਲੋ ਦੀ ਵੱਡੀ ਜਠਾਣੀ ਕਦੇ-ਕਦੇ ਉਸ ਨੂੰ ਕਹਿੰਦੀ,'ਏਹੋ ਜ੍ਹਾ ਸੀ ਤਾਂ ਹੀ ਤਾਂ ਅੱਡ ਕੀਤਾ। ਹੁਣ ਆਵਦੀਆਂ ਭਰੇ। ਤੂੰ ਸਮਝਾ, ਚਾਹੇ ਨਾ ਸਮਝਾ। ਭਈਆਂ ਦੇ ਨੱਕੋਂ-ਬੁੱਲੋਂ ਤਾਂ ਕਿੱਦਣ ਦਾ ਲਹਿਆ ਹੋਇਐ।

ਕਬੀਲਦਾਰਾਂ ਵਾਲੇ ਕੋਈ ਚੱਜ ਨੇ ਇਹਦੇ? ਜਠਾਣੀ ਦੇ ਬੋਲਾਂ ਵਿੱਚ ਤਾਹਨੇ-ਮਿਹਣੇ ਤੇ ਹਮਦਰਦੀ ਦਾ ਰਲਿਆ ਮਿਲਿਆ ਭਾਵ ਹੁੰਦਾ। ਨਿਹਾਲੋ ਅੱਖਾਂ ਭਰ ਲੈਂਦੀ। ਜਦ ਉਹ ਇਕੱਲੇ ਸਨ ਤੇ ਪਿਓ ਜਿਉਂਦਾ ਸੀ, ਗੇਲਾ ਕੰਮ ਦਾ ਡੱਕਾ ਦੂਹਰਾ ਨਹੀਂ ਕਰਦਾ ਸੀ। ਛੋਟੇ ਹੁੰਦੇ ਨੇ ਮੱਝਾਂ ਤਾਂ ਜ਼ਰੂਰ ਚਾਰੀਆਂ ਸਨ, ਪਰ ਜਦ ਤੋਂ ਜੁਆਨ ਹੋਇਆ ਕਸੂਤੇ ਕੰਮਾਂ ਵਿੱਚ ਪੈ ਗਿਆ ਸੀ। ਹਾਣੀ ਮੁੰਡਿਆਂ ਨਾਲ ਰਲ ਕੇ ਦਾਰੂ ਕੱਢਦਾ। ਮੁੰਡਿਆਂ ਦੀ ਜ਼ਿੱਦ ਨੇ ਦੋ ਵਾਰੀ ਪੁਲਿਸ ਨੂੰ ਉਸ ਦੇ ਤੌੜੇ ਫੜਵਾਏ ਸਨ ਤੇ ਉਸ ਦਾ ਨਾਉਂ ਆ ਗਿਆ ਸੀ। ਤੇ ਫਿਰ ਜ਼ੈਲਦਾਰਾਂ ਦੇ ਦਸਵੀਂ ਫੇਲ੍ਹ ਕਾਕੇ ਨਾਲ ਰਲ ਕੇ ਕਪਾਹ ਚੁਗਣ ਗਈ ਬੇਗੂ ਕੰਮੀ ਦੀ ਕੁੜੀ ਨੂੰ ਛੇੜਿਆ ਸੀ। ਉਸ ਕਰਕੇ ਗੇਲੇ ਦਾ ਨਾਉਂ ਪਿੰਡ ਦੇ ਮੁਸ਼ਟੰਡਿਆਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ। ਇਨ੍ਹਾਂ ਗੱਲਾਂ ਕਰਕੇ ਹੀ ਉਸ ਦੇ ਪਿਓ ਨੇ ਝੱਟ ਦੇ ਕੇ ਉਸ ਦਾ ਵਿਆਹ ਕਰ ਦਿੱਤਾ ਸੀ। ਜੇ ਭਲਾ ਸੁਧਰ ਜਾਵੇ।

ਮੁੰਡਾ ਹੋਇਆ, ਫਿਰ ਇੱਕ ਹੋਰ ਮੁੰਡਾ ਤੇ ਫਿਰ ਪਿਓ ਵੀ ਚੱਲਦਾ ਹੋਇਆ। ਉਸ ਨੂੰ ਅੱਡ ਕਰ ਦਿੱਤਾ ਗਿਆ, ਪਰ ਉਹ ਨਾ ਸੁਧਰਿਆ। ਉਹ ਕੁਲੱਛਣੀਆਂ ਗੱਲਾਂ...

ਪਹਿਲੇ ਸਾਲ ਹਿੱਸੇ 'ਤੇ ਜ਼ਮੀਨ ਦਿੱਤੀ ਸੀ ਤਾਂ ਦੂਜੇ ਸਾਲ ਠੇਕੇ 'ਤੇ ਚੜ੍ਹਾ ਦਿੱਤੀ। ਠੇਕੇ ਦੇ ਪੈਸੇ ਦਿਨਾਂ ਵਿੱਚ ਸ਼ਰਾਬ-ਮੂੰਹੇ ਉਡਾ ਦਿੱਤੇ। ਉਨ੍ਹਾਂ ਦਿਨਾਂ ਵਿੱਚ ਹੀ ਨਿਹਾਲੋ ਦੀ ਵੱਡੀ ਭੈਣ ਦੇ ਮੁੰਡੇ ਦਾ ਵਿਆਹ ਆ ਗਿਆ। ਆਪ ਤਾਂ ਗਿਆ ਹੀ ਨਾ। ਨਿੱਕ-ਸੁੱਕ ਲੈ ਕੇ ਨਿਹਾਲੋ ਹੀ ਗਈ ਸੀ। ਭੈਣ ਘਰ ਇਕੱਠੇ ਹੋਏ ਰਿਸ਼ਤੇਦਾਰਾਂ ਨੇ ਉਸ ’ਤੇ ਤੇਜ਼ਾਬ ਹੀ ਛਿੜਕਿਆ।ਉਹ ਧਰਤੀ ਵਿੱਚ ਮੂੰਹ ਦੇਣ ਜੋਗੀ ਵੀ ਨਹੀਂ ਰਹਿ ਗਈ ਸੀ।

ਸ਼ਰਾਬ ਪੀ ਕੇ ਹਨੇਰਾ ਹੋਏ ਤੋਂ ਜਦ ਉਹ ਘਰ ਆਉਂਦਾ ਤਾਂ ਐਵੇਂ ਹੀ ਕਿਸੇ ਗੱਲ ਪਿੱਛੇ ਖਹਿਬੜ ਪੈਂਦਾ ਤੇ ਨਿਹਾਲੋ ਨੂੰ ਕੁੱਟਦਾ। ਪਹਿਲਾਂ ਤਾਂ ਵੱਡੀ ਜਠਾਣੀ ਛੁਡਾਉਣ ਵੀ ਆਉਂਦੀ, ਪਰ ਕੀ ਕਰਦੀ ਉਹ? ਉਸ ਦਾ ਤਾਂ ਨਿੱਤ ਦਾ ਹੀ ਇਹ ਹਾਲ ਸੀ। ਨਿੱਤ ਉਹ ਨਿਹਾਲੋ ਦੇ ਹੱਡ ਭੰਨਦਾ ਸੀ। ਤੜਕੇ ਨੂੰ ਉਹ ਤਾਂ ਚੰਗੀ ਭਲੀ ਹੋ ਜਾਂਦੀ ਤੇ ਗੇਲੇ ਦੀ ਸੇਵਾ ਕਰਦੀ ਫਿਰਦੀ। ਕਿਸੇ ਦਿਓਂ ਫ਼ੀਮ ਦਾ ਮਾਵਾ ਲਿਆ ਕੇ ਦਿੰਦੀ। ਹੱਡ ਜੁੜਦੇ ਤਾਂ ਪਾਣੀ ਤੱਤਾ ਕਰਕੇ ਉਸ ਨੂੰ ਵਾਉਂਦੀ। ਸਿਰ ਵਿੱਚ ਸਰੋਂ ਦਾ ਤੇਲ ਝੱਸਦੀ। ਰੋਟੀ ਨਾਲ ਦਹੀਂ ਖਾਣ ਨੂੰ ਦਿੰਦੀ। ਆਥਣ ਵੇਲੇ ਉਸ ਦੀ ਦੇਹ ਨੂੰ ਤੋੜ ਜਿਹੀ ਲੱਗਦੀ ਤਾਂ ਉਸ ਦੀਆਂ ਪਿੰਜਣੀਆਂ ਘੁਟਦੀ । ਪਰ ਦਿਨ ਦੇ ਛਿਪਾਅ ਨਾਲ ਉਹ ਤਾਂ ਚੁੱਪ ਕੀਤਾ ਹੀ ਅੱਖ ਬਚਾ ਕੇ ਘਰੋਂ ਨਿਕਲ ਜਾਂਦਾ ਤੇ ਸ਼ਰਾਬ ਪੀਣ ਲੱਗਦਾ।

ਯਾਰ ਲੋਕਾਂ ਦੀ ਮਹਿਫ਼ਲ ਕਦੇ-ਕਦੇ ਉਸ ਦੀ ਬੈਠਕ ਵਿੱਚ ਲੱਗਦੀ। ਉਸ ਦਿਨ ਤਾਂ ਨਿਹਾਲੋ ਬਹੁਤ ਤੰਗ ਹੁੰਦੀ। ਅੱਕ ਕੇ ਉਹ ਪੇਕਿਆਂ ਨੂੰ ਤੁਰ ਗਈ। ਦੋ ਮਹੀਨੇ ਮੁੜੀ ਹੀ ਨਹੀਂ ਸੀ। ਤਾਈਆਂ-ਚਾਚੀਆਂ ਕਹਿੰਦੀਆਂ ਸਨ, “ਜਾਈਨਾ ਕੁੜੀਏ, ਅੜ ਕੇ ਬੈਠੀ ਰਹਿ।ਆਪੇਵਲ ਨਿਕਲ ਜਾਣਗੇ। ਰਿਗ ਕੇ ਲੈਣ ਆਊ।ਐਥੇ ਆਏ ਦੀ ਛਿੱਦੀ-ਪਤਲੀ ਅਸੀਂ ਕਰਾਂਗੀਆਂ।

ਪਰ ਪੇਂਕੀ ਗਈ ਤੋਂ ਤਾਂ ਬਾਂਦਰ ਹੋਰ ਚਾਂਭਲ ਗਿਆ। ਘਰ ਦੀਆਂ ਕਈ ਚੀਜ਼ਾਂ ਚੁੱਕ ਕੇ ਵੇਚ ਦਿੱਤੀਆਂ। ਮੁਸ਼ਟੰਡਿਆਂ ਦਾ ਆਉਣ-ਜਾਣ ਖੁੱਲ੍ਹਾ ਹੋ ਗਿਆ। ਨਿਹਾਲੋ ਦੇ ਕੰਨਾਂ ਵਿੱਚ ਸੋਅ ਪਈ ਤਾਂ ਉਹ ਭਰਾਵਾਂ ਨਾਲ ਲੜਨ ਲੱਗੀ, 'ਧੱਕਾ ਤਾਂ ਦੇ ’ਤਾ ਖੂਹ 'ਚ ਹੁਣ ਜਾ ਕੇ ਸਮਝਾ ਤਾਂ ਦਿਓ ਰਿਛ ਨੂੰ।'

ਉਹ ਕਹਿੰਦੇ-ਜਮਾਈ ਨੂੰ ਅਸੀਂ ਕੀ ਆਖੀਏ। ਤੂੰ ਹੀ ਕਰ ਸਿੱਧਾ ਉਹ ਨੂੰ ਤਾਂ। ਐਥੇ ਬੈਠੀ ਕੀ ਕਰਦੀ ਐਂ ।ਜਾਵੇ..., ਕੁਛ ਤਾਂ ਨਕੇਲੇ ਪਵੇ, ਸਾਲੇ ਨੂੰ।

ਮਾਂ ਕਹਿੰਦੀ ਸੀ,‘ਜੁੰਡੇ ਪੱਟ ਦਿਓ ਖਾਂ ਕਬੀਅ ਦੇ ਜਾ ਕੇ। ਡਰਾਵਾ ਤਾਂ ਦਿਓ ਮਾੜਾ-ਮੋਟਾ। ਕੀ ਸੁੱਖ ਕੁੜੀ ਨੂੰ ਐਡੇ ਨਰ੍ਹੜੇ ਵਾਲਿਆਂ ਦਾ।'

ਤੇ ਫਿਰ ਨਿਹਾਲੋ ਦਾ ਵੱਡਾ ਭਰਾ ਆਪ ਆ ਕੇ ਉਸ ਨੂੰ ਸਹੁਰੀਂ ਛੱਡ ਗਿਆ। ਗੱਲੀਂ-ਗੱਲੀਂ ਉਸ ਨੇ ਗੇਲੇ ਨਾਲ ਬਹੁਤ ਬੇਸ਼ਕੀ ਕੀਤੀ ਸੀ। ਉਸ ਸਾਹਮਣੇ ਤਾਂ ਗੇਲਾ ਕੁਸਕਿਆ ਨਹੀਂ ਸੀ। ਹੂੰ-ਹੂ ਕਰਦਾ ਰਿਹਾ ਸੀ ਤੇ ਡੱਕੇ ਨਾਲ ਮਿੱਟੀ ਖੁਰਚਦਾ ਰਿਹਾ ਸੀ।

ਭਰਾ ਗਏ ਤੋਂ ਨਿਹਾਲੋ ਫੇਰ ਗਲ-ਗਲ ਤੱਕ ਚੜੇ ਨਰਕ ਵਿੱਚ ਧਸ ਗਈ।

ਰਾਤ ਨੂੰ ਆ ਕੇ ਜਦ ਉਹ ਉਸ ਨੂੰ ਕੁੱਟਦਾ ਤਾ ਖੜਕਾ ਭਰਾਵਾਂ ਦੇ ਘਰ ਵੀ ਸੁਣਦਾ। ਜਿਵੇਂ ਥਾਪੇ ਨਾਲ ਕੋਈ ਪਾਂਡੂ ਦੇ ਡਲਿਆਂ ਨੂੰ ਭੰਨ੍ਹਦਾ ਹੋਵੇ।

ਨਿਹਾਲੋ ਸੋਚਦੀ ਰਹਿੰਦੀ, ਉਹ ਦੇ ਪੁੱਤ ਹੋਏ ਗੱਭਰੂ। ਬਦਲੇ ਲੈ ਲੈਣਗੇ। ਕਮਾਊ ਹੋ ਗਏ ਤਾਂ ਇਹ ਤੋਂ ਕੀ ਲੈਣੈ ਮਲੰਗ ਤੋਂ। | ਪਰ ਉਸ ਦਾ ਸਬਰ ਟੁੱਟ ਜਾਂਦਾ-'ਜਦੋਂ ਨੂੰ ਪੁੱਤ ਕਮਾਊ ਹੋਏ, ਉਦੋਂ ਨੂੰ ਤਾਂ ਇਹ ਫੂਕ ਦੂ ਸਾਰੀ ਜ਼ਮੀਨ। ਕਿੰਨਾ ਕੁ ਚਿਰ ਉਹ ਪੈਰ ਦੀ ਜੁੱਤੀ ਬਣੀ ਰਹੇਗੀ?

...ਤੇ ਅੱਜ ਉਡੀਕ-ਉਡੀਕ ਕੇ ਉਹ ਪੈਣ ਹੀ ਲੱਗੀ ਸੀ ਕਿ ਦਰਜਵਾਜ਼ੇ ਦੇ ਤਖ਼ਤੇ ਖੜਕੇ। ਮੁੰਡੇ ਗੱਲਾਂ ਕਰਦੇ-ਕਰਦੇ ਸੌਂ ਚੁੱਕੇ ਸਨ।ਉੱਠਣ ਲੱਗੀ ਤਾਂ ਕੁੜੀ ਜਾਗ ਪਈ। ਕੁੜੀ ਨੂੰ ਥਾਪੜ ਕੇ ਚੁੱਪ ਕਰਵਾਉਣ ਲੱਗੀ ਤਾਂ ਦਰਵਾਜ਼ੇ ਦਾ ਬਾਹਰੋਂ ਕੁੰਡਾ ਜ਼ੋਰ ਦੀ ਖੜਕਿਆ। ਰੋਂਦੀ ਕੁੜੀ ਛੱਡ ਕੇ ਉਹ ਦਰਵਾਜ਼ੇ ਵੱਲ ਭੱਜੀ। ਅੰਦਰਲਾ ਕੁੰਡਾ ਖੋਲ੍ਹਿਆ। ਸਾਹਨ ਵਾਂਗ ਨਾਸਾਂ ਦੇ ਫੁਕਾਰੇ ਮਾਰਦਾ ਉਹ ਅੰਦਰ ਆਇਆ।

‘ਛੇਤੀ ਨਾ ਖੋਲ੍ਹਿਆ ਕੁੰਡਾ? ਉਸ ਨੇ ਨਿਹਾਲੋ ਦਾ ਮੋਢਾ ਫੜ ਕੇ ਧੱਕਾ ਮਾਰਿਆ ਡਿੱਗਦੀ-ਡਿੱਗਦੀ ਉਹ ਮਸ੍ਹਾਂ ਬਚੀ। ਮੰਜੇ ’ਤੇ ਢਿੱਗ ਵਾਂਗ ਡਿੱਗ ਕੇ ਉਸ ਨੇ ਰੋਟੀ ਮੰਗੀ।

ਬਹੁਤ ਉਚੀ ਖੰਘੂਰ ਮਾਰੀ ਤੇ ਦੂਰ ਤੱਕ ਥੱਕ ਦਿੱਤਾ, "ਛੇਤੀ ਕਰ ... ਤੇ ਇੱਕ ਕੜਕਵੀਂ" ਤਿੱਖੀ ਗ਼ੰਦੀ ਗਾਲ੍ਹ।

ਥਾਲੀ ਵਿੱਚ ਦੋ ਰੋਟੀਆਂ ਤੇ ਉੱਤੇ ਗੰਢਿਆਂ ਦੀ ਚਟਣੀ ਰੱਖ ਕੇ ਉਹ ਲੈ ਆਈ। ਥਾਲੀ ਉਸ ਨੂੰ ਫੜਾ ਕੇ ਉਹ ਪਾਣੀ ਲੈਣ ਗਹੀ। ਆਈ ਤਾਂ ਉਸ ਨੇ ਪੁੱਛਿਆ,'ਦਾਲ ਨੀ ਧਰੀ ਕੋਈ?

'ਘਰੇ ਹੋਏ ਕੁੱਛ, ਤਾਂ ਧਰਾਂ।' ਉਸ ਨੇ ਭਰਿਆ ਪੀਤਾ ਜਿਹਾ ਜਵਾਬ ਦਿੱਤਾ।

ਨਾਲ ਦੀ ਨਾਲ ਥਾਲੀ ਉਸ ਨੇ ਵਿਹੜੇ ਵਿੱਚ ਵਗਾਹ ਮਾਰੀ। ਖੜ੍ਹਾ ਹੋ ਕੇ ਨਿਹਾਲੋ ਦੇ ਸਿਰ ਵੱਲ ਝਪਟਿਆ। ਪਿੱਛੇ ਹਟਦੀ-ਹਟਦੀ ਉਹ ਚੌਂਤਰੇ 'ਤੇ ਚੁੱਲ੍ਹੇ ਕੋਲ ਜਾ ਡਿੱਗੀ। ਸ਼ਰਾਬ ਵਿੱਚ ਅੰਨ੍ਹਾ ਉਹ ਵੀ ਗੇੜਾ ਖਾ ਕੇ ਡਿੱਗ ਪਿਆ। ਤੇ ਫਿਰ ਗੁਆਂਢ ਵਿੱਚ ਜਠਾਣੀਆਂ ਨੇ ਅਵਾਜ਼ਾਂ ਸੁਣੀਆਂ, ਜਿਵੇਂ ਥਾਪੇ ਨਾਲ ਕੋਈ ਪਾਂਡੂ ਤੇ ਡਲਿਆਂ ਨੂੰ ਭੰਨ੍ਹਦਾ ਹੋਵੇ। ਠੱਕ ਠੱਕ ਕੁੜੀ ਮੰਜੇ ਤੇ ਪਈ ਚਾਗਾਂ ਮਾਰਦੀ ਰਹੀ। ਮੁੰਡੇ ਜਾਗੇ ਨਹੀਂ। ਜਠਾਣੀਆਂ ਮੰਜੇ `ਤੇ ਉਸ ਲਵੱਟੇ ਲੈਂਦੀਆਂ ਰਹੀਆਂ। ਜੇਠ ਚੁੱਪ ਕੀਤੇ ਹੀ ਕੁਟ ਦੇ ਖੜਾਕ ਸੁਣਦੇ ਰਹੇ। ਕੀ ਕਹਿੰਦਾ ਕੋਈ, ਉਨ੍ਹਾਂ ਦਾ ਤਾਂ ਨਿੱਤ ਦਾ ਇਹੀ ਹਾਲ ਸੀ। ਨਾ ਹਾਏ ਦੀ ਆਵਾਜ਼ ਨਾ ਕੋਈ ਚੀਖ਼-ਪੁਕਾਰ ਮਿੱਟੀ ਕੀ ਬੋਲੇ।

ਦੂਜੇ ਦਿਨ ਨਿਹਾਲੋ ਜਦ ਘਰੋਂ ਬਾਹਰ ਨਿਕਲੀ ਤਾਂ ਜਠਾਣੀਆਂ ਆਪੋ ਵਿੱਚ ਗੱਲਾਂ ਕਰਨ ਲੱਗੀਆਂ,'ਆਹ ਫਿਰਦੀ ਐ ਓਹੀ ਜ੍ਹੀ ਨਵੀਂ ਨਰੋਈ। ਕੀ ਹੋਇਐ ਇਹ ਨੂੰ ਖਲ਼ ਵਾਂਗੂੰ ਭੰਨ ਦਿੰਦੈ। ਇੱਕ ਜਾਦ ਨ੍ਹੀਂ ਰਹਿੰਦੀ,ਨਿਪੁਤਿਆਂ ਦੀ ਦੇ। ਸਗਾਂ ਦੂਣੀ ਸੇਵਾ ਕਰਦੀ ਐ ਪਤੰਦਰ ਦੀ।'

ਉਸ ਦਿਨ ਗੇਲਾ ਘਰੋਂ ਬਾਹਰ ਨਹੀਂ ਨਿਕਲਿਆ। ਦੂਜੇ ਦਿਨ ਵੀ ਨਹੀਂ। ਤੀਜੇ, ਚੌਥੇ ਤੇ ਫਿਰ ਕਈ ਦਿਨ ਬੈਠਕ ਵਿੱਚ ਹੀ ਪਿਆ ਰਿਹਾ। ਨਿਹਾਲੋ ਉਸ ਦੇ ਗੋਡਿਆਂ, ਗਿੱਟਿਆਂ ਤੇ ਸੁਕੜੰਜਾਂ ’ਤੇ ਲੋਗੜ ਦਾ ਸੇਕ ਦਿੰਦੀ ਰਹੀ। ਦੁੱਧ ਘਿਓ ਪਿਆਉਂਦੀ ਰਹੀ। ਬਹੁਤ ਗੁੱਸੇ ਵਿੱਚ ਘੋਟੇ ਉਸ ਤੋਂ ਕੁਝ ਕਸਵੇਂ ਹੀ ਲੱਗ ਗਏ ਸਨ। ਬਹੁਤ ਦਿਨਾਂ ਬਾਅਦ ਸੋਟੀ ਦੇ ਪਾਰ ਲੰਗੜਾ ਕੇ ਤੁਰਦਾ ਉਹ ਘਰੋਂ ਬਾਹਰ ਹੋ ਗਿਆ ਤਾਂ ਖਾਊ ਯਾਰ ਉਸ ਦਾ ਹਾਲ ਪੁੱਛਣ ਲੱਗੇ, ਪਰ ਕੀ ਦੱਸਦਾ ਉਹ? ਕਿਸੇ ਨਾਲ ਵੀ ਉਸ ਨੇ ਅੱਖ ਨਾ ਮਿਲਾਈ। ਸ਼ਰਾਬ ਛੱਡ ਦਿੱਤੀ। ਬਿਨਾਂ ਸੋਟੀਓਂ ਤੁਰਨ-ਫਿਰਨ ਜੋਗਾ ਹੋਇਆ ਤਾਂ ਖੇਤ ਜਾਣ ਲੱਗਿਆ। ਅਗਲੇ ਸਾਲ ਉਸ ਨੇ ਆਪ ਹੀ ਕੀਤੀ।