ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਚਹਿਰੀ ਦਾ ਸ਼ਿੰਗਾਰ

ਵਿਕੀਸਰੋਤ ਤੋਂ
ਕਚਹਿਰੀ ਦਾ ਸ਼ੰਗਾਰ

ਹੁਣ ਤਾਂ ਸੇਵਾ ਸਿੰਘ ‘ਦਰਦੀ' ਦਾ ਨਾਉਂ ਸਾਰਾ ਇਲਾਕਾ ਜਾਣਦਾ ਹੈ।

ਢਾਂਗੇ ਜਿੱਡਾ ਲੰਮਾ ਕੱਦ, ਰੰਗ ਭੂਸਲਾ, ਅੱਖਾਂ ਦੇ ਆਂਡੇ ਰੀਠਿਆਂ ਵਰਗੇ ਤੇ ਦੰਦ ਮੱਕੀ ਦੇ ਦਾਣੇ। ਨਿੱਕੀਆਂ-ਨਿੱਕੀਆਂ ਮੁੱਛਾਂ ਤੇ ਹੋਚੀਮਿਨ੍ਹ ਦੀ ਦਾੜ੍ਹੀ। ਖੱਦਰ ਦਾ ਪਜਾਮਾ, ਖੱਦਰ ਦਾ ਕੁੜਤਾ ਤੇ ਖੱਦਰ ਦੀ ਪੱਗ।

‘ਦਰਦੀ' ਦਾ ਪਿੰਡ ਸੜਕ 'ਤੇ ਹੀ ਸੀ। ਇਸ ਲਈ ਉਹ ਨਿਤ ਹੀ ਬੱਸ 'ਤੇ ਬਰਨਾਲੇ ਆਉਂਦਾ। ਤੜਕੇ ਤੜਕੇ ਢਾਠੀ ਆਪਣੀ ਉਹ ਕਚਹਿਰੀਆਂ ਵਿੱਚ ਆ ਕੇ ਹੀ ਖੋਲ੍ਹਦਾ ਹੈ।

ਪੰਜਾਬੀ, ਉਹ ਲਿਖ ਤਾਂ ਲੈਂਦਾ ਹੈ, ਪਰ ਅੱਖਰਾਂ ਨੂੰ ਲਗਾਂ ਮਾਤਰਾਂ ਘੱਟ ਹੀ ਲਾਉਂਦਾ ਹੈ। ਕਦੇ ਕਦੇ ਕੰਨਾ, ਬਿਹਾਰੀ ਤੇ ਹੋੜਾ ਲਾ ਵੀ ਦਿੰਦਾ ਹੈ।

ਸੰਤਾਲੀ ਤੋਂ ਪਹਿਲਾਂ ਉਸ ਦੀ ਕੁਰਬਾਨੀ ਸਿਰਫ਼ ਐਨੀ ਸੀ ਕਿ ਇੱਕ ਵਾਰੀ ਨਾਭੇ ਦੇ ਮੋਰਚੇ ਵਿੱਚ ਪੁਲਿਸ ਨੇ ਫੜ ਕੇ ਉਸ ਦੇ ਜੁੱਤੀਆਂ ਲਾਈਆਂ ਤੇ ਉਹ ਥਾਣੇਦਾਰ ਦੇ ਪੈਂਰੀ ਹੱਥ ਲਾ ਕੇ ਦੂਜੇ ਦਿਨ ਘਰ ਆ ਗਿਆ। ਹੁਣ ‘ਦਰਦੀ' ਗੱਲ ਗੱਲ ਵਿੱਚ ਕਹਿੰਦਾ ਹੈ-'ਅਸੀਂ ਵੀ ਦੇਸ਼ ਭਗਤੀ ਕੀਤੀ ਐ। ਅਸੀਂ ਵੀ ਰਜਵਾੜਿਆਂ ਦੀਆਂ ਜੁੱਤੀਆਂ ਖਾਧੀਆਂ ਨੇ। ਅਸੀਂ ਵੀ ਅੰਗਰੇਜ਼ ਦੇ ਜ਼ੁਲਮ ਸਹੇ ਨੇ।'

ਬਵੰਜਾ ਦੀਆਂ ਅਲੈਕਸ਼ਨਾਂ ਵਿੱਚ ਉਹ ਵੀ ਖੜ੍ਹਾ ਹੋ ਗਿਆ ਸੀ-ਆਜ਼ਾਦ ਉਮੀਦਵਾਰ। ਇਲਾਕੇ ਦੇ ਇੱਕ ਸਰਦਾਰੜੇ ਨੇ ਉਸ ਨੂੰ ਪੈਸੇ ਦੇ ਦਿੱਤੇ ਕਿ ਉਹ ਅਕਾਲੀ ਉਮੀਦਵਾਰ ਦੇ ਵਿਰੁੱਧ ਡਟਿਆ ਰਹੇ ਤਾਂ ਕਿ ਕਾਂਗਰਸੀ ਸੇਠ ਜਿੱਤ ਸਕੇ। ਅਕਾਲੀ ਜਿੱਤਦਾ, ਭਾਵੇਂ ਕਾਂਗਰਸੀ ਜਿੱਤਦਾ, ਪਰ ‘ਦਰਦੀ' ਦਾ ਇੱਕ ਮਹੀਨਾ ਸ਼ੁਗਲ ਪਾਣੀ ਵਧੀਆ ਬਣਿਆ ਰਿਹਾ, ਉਹ ਵੀ ਉਦੋਂ ਤੋਂ ਪੱਕਾ ਲੀਡਰ ਬਣ ਗਿਆ।

ਸਤਵੰਜਾ ਦੀਆਂ ਅਲੈਕਸ਼ਨਾਂ ਵਿੱਚ ‘ਦਰਦੀ’ ਫੇਰ ਖੜ੍ਹਾ ਹੋ ਗਿਆ, ਪਰ ਇੱਕ ਜ਼ੋਰਾਵਰ ਉਮੀਦਵਾਰ ਨੇ ਉਸ ਨੂੰ ਦੋ ਹਜ਼ਾਰ ਦੇ ਕੇ ਚੁੱਪ ਕਰਵਾ ਦਿੱਤਾ। ਉਸ ਨੂੰ ਮੌਜਾਂ ਹੋ ਗਈਆਂ ਤੇ ਉਹ ਉਸ ਜ਼ੋਰਾਵਰ ਉਮੀਦਵਾਰ ਦੇ ਪ੍ਰਚਾਰ ਵਿੱਚ ਹੀ ਲੱਗ ਗਿਆ।

ਬਾਹਠ ਦੀਆਂ ਅਲੈਕਸ਼ਨਾਂ ਵਿੱਚ ਉਸ ਨੇ ਫੇਰ ਘੁੱਗੀ ਕੁੱਟਣੀ ਚਾਹੀ ਤੇ ਨਾਮਜ਼ਦਗੀ ਦੇ ਪੈਸੇ ਭਰ ਦਿੱਤੇ। ਐਤਕੀ ਦੋ ਹਜ਼ਾਰ ਤਾਂ ਮਿਲਿਆ ਨਾ, ਪਰ ਮੁੱਖ ਮੰਤਰੀ ਦੀ ਹੱਲਾਸ਼ੇਰੀ ਜ਼ਰੂਰ ਮਿਲ ਗਈ- ‘ਕਚਹਿਰੀਆਂ ਵਿੱਚ ਤੇਰੀ ਪੂਰੀ ਚੱਲੇਗੀ, ਭਾਊ।' ਅਫ਼ਸਰ ਤੈਨੂੰ ਕੁਰਸੀ ਦਿਆਂ ਕਰਨਗੇ, ਭਾਊ!' ‘ਦਰਦੀ' ਦੀ ਧੌਣ ਉੱਚੀ ਹੋ ਗਈ ਸੀ। ਉਹ ਹੁਣ ਹਰ ਰੋਜ਼ ਕਚਹਿਰੀਆਂ ਵਿੱਚ ਆਉਂਦਾ ਹੈ। ਸਾਰਾ ਇਲਾਕਾ ਉਸ ਨੂੰ ਜਾਣਦਾ ਹੈ। ਸਾਰੇ ਵਕੀਲ ਉਸ ਨੂੰ ਜਾਣਦੇ ਸਨ। ਸਾਰੇ ਅਫ਼ਸਰ ਉਸ ਨੂੰ ਜਾਣਦੇ ਹਨ। ਸਾਰੇ ਅਰਜ਼ੀ ਨਵੀਸ ਉਸ ਨੂੰ ਜਾਣਦੇ ਹਨ।

ਹਰ ਨਿੱਕੇ ਮੋਟੇ ਬੰਦੇ ਨਾਲ ਉਹ ਹਰ ਨਿੱਕੇ ਮੋਟੇ ਅਫ਼ਸਰ ਕੋਲ ਚਲਿਆ ਜਾਂਦਾ ਹੈ। ਹਰ ਨਿੱਕੀ ਮੋਟੀ ਸਿਫ਼ਾਰਸ਼ ਕਰਦਾ ਹੈ। ਹਰ ਥਾਂ ਉਸ ਨੂੰ ਕੁਰਸੀ ਮਿਲਦੀ ਹੈ।

ਤੜਕੇ ਹੀ ਕਚਹਿਰੀਆਂ ਵਿੱਚ ਵਕੀਲ ਨਵੇਂ ਮੁਕੱਦਮਿਆਂ ਨੂੰ ਉਡੀਕਦੇ ਹਨ। ਤੜਕੇ ਹੀ ਅਰਜ਼ੀ ਨਵੀਸ ਨਵੀਆਂ ਅਰਜ਼ੀਆਂ ਉਡੀਕਦੇ ਹਨ ਤੇ ਤੜਕੇ ਹੀ ‘ਦਰਦੀ' ਨਵੇਂ ਸਿਫ਼ਾਰਸ਼ੀਆਂ ਨੂੰ ਉਡੀਕਦਾ ਹੈ। ਉਹ ਗੱਲ ਗੱਲ ਵਿੱਚ ਕਹਿੰਦਾ ਹੈ-'ਆਪਾਂ ਤਾਂ ਲੋਕ ਸੇਵਾ ਕਰਨੀ ਐ। ਅੰਗਰੇਜ਼ਾਂ ਦੇ ਰਾਜ ਵਿੱਚ ਵੀ ਕੀਤੀ ਐ, ਹੁਣ ਵੀ ਕਰਦੇ ਆਂ।'

ਅਫ਼ਸਰ ਸਾਰੇ ‘ਦਰਦੀ' ਦੀ ਸੁਣਦੇ ਹਨ। ਉਸ ਨੂੰ ਕੁਰਸੀ ਦਿੰਦੇ ਹਨ। ਜੇ ਕੋਈ ਅਫ਼ਸਰ ਜਾਂ ਕਲਰਕ ਹੈਂਕੜੀ ਕਰੇ ਤਾਂ 'ਬਲੀਦਾਨ' ਵਿੱਚ ਉਸ ਦੇ ਵਿਰੁੱਧ ਖ਼ਬਰ ਛਪ ਜਾਂਦੀ ਹੈ।

‘ਬਲੀਦਾਨ' ਇੱਕ ਸਪਤਾਇਕ ਪੱਤਰ ਪਟਿਆਲਾ ਤੋਂ ਨਿਕਲਦਾ ਹੈ। ਚੀਨੀ ਹਮਲੇ ਤੋਂ ਬਾਅਦ ਇਹ ਪੱਤਰ ਸ਼ੁਰੂ ਹੋਇਆ ਸੀ। ਉਦੋਂ ਸਰਕਾਰ ਨੇ ਵੀ ਇਸ ਦੀ ਬੜੀ ਮਦਦ ਕੀਤੀ ਸੀ ਤੇ ਲੋਕ ਵੀ ਇਸ ਨੂੰ ਬੜਾ ਪੜ੍ਹਦੇ ਸਨ। ਪਰ ਹੁਣ ਇਹ ਅਫ਼ਸਰਾਂ ਦੇ ਵਿਰੁੱਧ ਤੇ ਹੱਕ ਵਿੱਚ ਖ਼ਬਰਾਂ ਛਾਪਦਾ ਹੈ। ਇੱਕ ਹਫ਼ਤੇ ਕਿਸੇ ਅਫ਼ਸਰ ਦੇ ਵਿਰੁੱਧ ਖ਼ਬਰ ਛਪਦੀ ਹੈ ਤਾਂ ਤੀਜੇ ਹਫ਼ਤੇ ਓਸੇ ਅਫ਼ਸਰ ਦੇ ਗੁਣ ਗਾਏ ਹੁੰਦੇ ਹਨ।‘ਦਰਦੀ' ਦੀਆਂ ਭੇਜੀਆਂ ਖ਼ਬਰਾਂ ਤਾਂ ਇਹ ਪੱਤਰ ਭੱਜ ਕੇ ਛਾਪਦਾ ਹੈ।

ਇੱਕ ਦੋ ਖ਼ਾਸ ਅਰਜ਼ੀ ਨਵੀਸ ਹਨ, ਜਿਹੜੇ ‘ਦਰਦੀ’ ਨੂੰ ਖੜੇ ਹੋ ਕੇ ਸਲਾਮ ਬੁਲਾਉਂਦੇ ਹਨ। ਪਿੰਡਾਂ ਤੋਂ ਆਏ ਲੋਕ 'ਦਰਦੀ' ਤੋਂ ਸਲਾਹ ਲੈਂਦੇ ਹਨ ਕਿ ਅਰਜ਼ੀ ਕਿਵੇਂ ਲਿਖਵਾਈ ਜਾਵੇ ਤਾਂ ਕਿ ਅਰਜ਼ੀ ਨੂੰ ਫੜਨ ਸਾਰ ਅਫ਼ਸਰ ਹੁਕਮ ਲਿਖ ਦੇਵੇ।‘ਦਰਦੀ' ਵਧੀਆ ਅਰਜ਼ੀ ਲਿਖਵਾ ਦਿੰਦਾ ਹੈ-ਪੰਜ ਰੁਪਈਆਂ ਵਾਲੀ, ਜਿਨ੍ਹਾਂ ਵਿਚੋਂ ਦੋ ਰੁਪਈਏ ਅਰਜ਼ੀ ਨਵੀਸ ਕੋਲ 'ਦਰਦੀ' ਦੇ ਖਾਤੇ ਵਿੱਚ ਜਮ੍ਹਾ ਹੋ ਜਾਂਦੇ ਹਨ।

ਵਕੀਲਾਂ ਦੇ ਤਿੰਨ ਚਾਰ ਮੁਣਸੀ ਵੀ ‘ਦਰਦੀ' ਨੂੰ ਝੁਕ ਕੇ ਸਲਾਮ ਕਰਦੇ ਹਨ, ਕਿਉਂਕਿ ਕਈ ਵਾਰੀ ਮੁਦਈ ਤੋਂ ਲਈ ਅੱਧੀ ਰਕਮ ਉਹ ਤੇ ਮੁਣਸ਼ੀ ਹੜੱਪ ਲੈਂਦੇ ਹਨ।

‘ਦਰਦੀ’ ਕਦੇ ਕਿਸੇ ਆਦਮੀ ਤੋਂ ਸਿੱਧੇ ਪੈਸੇ ਨਹੀਂ ਲੈਂਦਾ, ਹਰ ਸਿਫ਼ਾਰਸ਼ੀ ਉਸ ਵਿੱਚ ਵਿਸ਼ਵਾਸ ਰੱਖਦਾ ਹੈ।

ਵੱਡੇ ਅਫ਼ਸਰਾਂ ਨੂੰ ‘ਦਰਦੀ’ ਸਿਰਫ਼ ਸਲਾਮ ਹੀ ਬੁਲਾਉਂਦਾ ਹੈ, ਸਿਫ਼ਾਰਸ਼ ਨਹੀਂ ਕਰਦਾ। ਬਹੁਤੇ ਪੜ੍ਹੇ ਲਿਖੇ ਬੰਦਿਆਂ ਦੀ ਸਿਫ਼ਾਰਸ਼ ਵੀ ਉਹ ਕਦੇ ਨਹੀਂ ਕਰਦਾ। ਉਹ ਤਾਂ ਕੇਵਲ ਸਧਾਰਨ ਲੋਕਾਂ ਦੀ ਸੇਵਾ ਕਰਦਾ ਹੈ, ਜਿਨ੍ਹਾਂ ਨੂੰ ਕੋਈ ਪਤਾ ਨਾ ਹੋਵੇ ਕਿ ਕਿਹੜੇ ਅਫ਼ਸਰ ਦਾ ਦਫ਼ਤਰ ਕਿੱਥੇ ਹੈ? ਉਨਾਂ ਦਾ ਕੰਮ ਕਿਹੜੇ ਅਫ਼ਸਰ ਕੋਲ ਹੈ? ਅਰਜ਼ੀ ਵਿੱਚ ਕੀ ਕੀ ਲਿਖਣਾ ਹੈ?

ਜਿਸ ਬੰਦੇ ਦਾ ਕੰਮ ਬਣ ਜਾਵੇ ਉਸ ਨੂੰ ਫੇਰ ‘ਦਰਦੀ' ਬਜ਼ਾਰ ਵਿੱਚ ਜ਼ਰੂਰ ਲੈ ਕੇ ਜਾਂਦਾ ਹੈ। 'ਬਰੁੱਕ ਬਾਂਡ’ ਦਾ ਡੱਬਾ ਖਰੀਦਦਾ ਹੈ।‘ਲਕਸ’ ਦੀ ਟਿੱਕੀ ਖਰੀਦਦਾ ਹੈ।' 'ਆਮਲਾ' ਤੇਲ ਖਰੀਦਦਾ ਹੈ। ‘ਖੱਦਰ ਭੰਡਾਰ’ ਵੀ ਜਾਂਦਾ ਹੈ। ਹਰ ਦੁਕਾਨ ’ਤੇ ਚੀਜ਼ ਖਰੀਦਣ ਬਾਅਦ ਜੇਬ੍ਹ 'ਤੇ ਹੱਥ ਮਾਰਦਾ ਹੈ ਤੇ ਕਹਿੰਦਾ ਹੈ-ਸੌ ਦਾ ਨੋਟ ਪਿੰਡੋਂ ਹੀ ਤੁੜਵਾ ਲਿਉਂਦੇ ਤਾਂ ਚੰਗਾ ਸੀ। ਕੁੰਢਾ ਸਿਆਂ, ਤੇਰੇ ਕੋਲ ਹੋਣਗੇ ਥੋੜੇ ਮੋਟੇ?’ ਤੇ ਹਰ ਦੁਕਾਨ ’ਤੇ ਕੁੰਢਾ ਸਿੰਘ ਹੀ ਟੁੱਟੇ ਨੋਟ ਦੇ ਦਿੰਦਾ ਹੈ।

‘ਦਰਦੀ' ਦੇ ਪਿੰਡ ਤੋਂ ਹੀ ਇੱਕ ਜਿੰਮੀਦਾਰ ਸੀ-ਮੁਰੱਬੇ ਬੰਦੀ ਵਿੱਚ ਉਸ ਦੀ ਜ਼ਮੀਨ ਦਾ ਰੌਲਾ ਸੀ ਕੋਈ। ਮੁਰੱਬੇ ਬੰਦੀ ਦੇ ਅਫ਼ਸਰ ਕੋਲ ‘ਦਰਦੀ' ਨੇ ਉਸ ਦੀ ਅਪੀਲ ਕਰਵਾ ਦਿੱਤੀ ਤੇ ਦੋ ਸੌ ਰੁਪਿਆ ਲੈ ਕੇ ਕਹਿ ਦਿੱਤਾ ਕਿ ਜੇ ਅਪੀਲ ਨਾ ਮੰਨੀ ਗਈ ਤਾਂ ਦੋ ਸੌ ਆਪਣੀ ਜੇਬ ਵਿਚੋਂ ਦਿਊਂ।

ਅਪੀਲ ਦੀਆਂ ਤਰੀਕਾਂ ਪੈਂਦੀਆਂ ਰਹੀਆਂ। ‘ਦਰਦੀ’ ਨੇ ਛੱਜੂ ਨੂੰ ਵਿਸ਼ਵਾਸ ਦਿੱਤਾ ਹੋਇਆ ਸੀ ਕਿ ਦੋ ਸੌ ਜਦ ਅਫ਼ਸਰ ਦੀ ਜੇਬ ਵਿੱਚ ਪੈ ਗਿਐ ਤਾਂ ਟੱਕ ਕਿਵੇਂ ਨ੍ਹੀਂ ਲੋਟ ਹੋਊ?

ਕਚਹਿਰੀਆਂ ਦੇ ਵਿੱਚ ਹੀ ‘ਬਾਰ ਰੂਮ’ ਦੇ ਸਾਹਮਣੇ ਇੱਕ ਦਿਨ ਛੱਜੂ ਨੇ 'ਦਰਦੀ' ਦੇ ਗਲ ਵਿੱਚ ਸਾਫ਼ਾ ਪਾ ਕੇ ਵਟਾ ਦੇਣਾ ਸ਼ੁਰੂ ਕਰ ਦਿੱਤਾ- 'ਆਦਮੀ ਦਾ ਸਾਲੈਂ ਤਾਂ ਦੋ ਸੌ ਏਥੇ ਧਰਦੇ।'

ਛੱਜ ਦੀ ਅਪੀਲ ਖਾਰਜ ਹੋ ਗਈ ਸੀ।

'ਚੁੱਲ੍ਹਿਆਂ ਦੀ ਸਹੁੰ ਲੋਕੋ, ਜੇ ਏਸ ਤੋਂ ਮੈਂ ਕੁਸ ਲਿਐ।’ ‘ਦਰਦੀ' ਕੂਕ ਰਿਹਾ ਸੀ। ਉਸ ਦੀਆਂ ਅੱਖਾਂ ਦੇ ਆਂਡੇ ਬਾਹਰ ਨਿਕਲ ਆਏ। ਛੱਜੂ ਹੋਰ ਵਟਾ ਚਾੜ੍ਹੀਂ ਗਿਆ। ਮੁਣਸ਼ੀ ਭੱਜ ਕੇ ਆਏ। ਅਰਜ਼ੀ ਨਵੀਸ ਭੱਜ ਕੇ ਆਏ।‘ਦਰਦੀ' ਦੀ ਜਾਨ ਛੁੱਟ ਗਈ। ਇੱਕ ਪੁਲਿਸੀਏ ਨੇ ਗਲ ਹੱਥਾ ਦੇ ਕੇ ਛੱਜੂ ਨੂੰ ਮੂਹਰੇ ਲਾ ਲਿਆ।

‘ਦਰਦੀ’ ‘ਬਾਰ ਰੂਮ’ ਵਿੱਚ ਵੜ ਕੇ ਢਹੀ ਹੋਈ ਪੱਗ ਬੰਨ੍ਹ ਰਿਹਾ ਸੀ ਤੇ ਵਕੀਲ ਤਾੜੀਆਂ ਮਾਰ ਰਹੇ ਸਨ।