ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਦੁਖਦੀਆਂ ਰਗਾਂ

ਵਿਕੀਸਰੋਤ ਤੋਂ
ਦੁਖਦੀਆਂ ਰਗਾਂ

ਇਸ ਪਿੰਡ ਵਿੱਚ ਹਾਈ ਸਕੂਲ ਹੈ। ਸਾਂਝੀ ਵਿੱਦਿਆ ਹੈ। ਇਹ ਪਿੰਡ ਇੱਕ ਛੋਟੇ ਸ਼ਹਿਰ ਵਰਗਾ ਪਿੰਡ ਹੈ। ਲੋੜੀਂਦੀ ਹਰ ਚੀਜ਼ ਏਥੋਂ ਮਿਲ ਜਾਂਦੀ ਹੈ।

ਮਾਸਟਰ ਗਿਆਨ ਸਿੰਘ ਇਸ ਸਕੂਲ ਵਿੱਚ ਅਧਿਆਪਕ ਹੈ। ਉਹ ਅਰਥ ਵਿਗਿਆਨ ਦੀ ਸੈਕੰਡ ਕਲਾਸ ਐੱਮ.ਏ.ਹੈ। ਜਦੋਂ ਉਸ ਨੇ ਨੌਕਰੀ ਲਈ ਸੀ, ਉਦੋਂ ਉਹ ਬੀ.ਏ., ਬੀ.ਐੱਡ. ਸੀ। ਐੱਮ. ਏ. ਉਸ ਨੇ ਆਪ ਹੀ ਪ੍ਰਾਈਵੇਟ ਕੀਤੀ ਹੈ। ਉਮਰ ਉਸ ਦੀ ਹੁਣ ਤੀਹ ਸਾਲ ਹੈ।

ਕਾਲਜ ਦਾ ਲੈਕਚਰਾਰ ਲੱਗਣ ਲਈ ਉਸ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਲੱਗ ਨਹੀਂ ਸਕਿਆ। ਹੋਰ ਵੀ ਕਿਤੇ ਚੰਗੀ ਨੌਕਰੀ ਨਹੀਂ ਮਿਲੀ। ਹਾਨੀਸਾਰ ਉਸ ਨੇ ਅਧਿਆਪਕ ਦੀ ਨੌਕਰੀ ਨੂੰ ਹੀ ਚੰਗਾ ਸਮਝ ਲਿਆ ਹੈ।

ਉਸ ਦੀ ਤਨਖ਼ਾਹ ਬੱਸ ਐਨੀ ਕੁ ਹੈ ਕਿ ਮਹੀਨੇ ਦਾ ਗੁਜ਼ਾਰਾ ਚੰਗਾ ਵਾਹਵਾ ਹੋ ਜਾਂਦਾ ਹੈ।ਤੀਵੀਂ ਉਸ ਦੀ ਅਨਪੜ੍ਹ ਹੈ। ਘਰ ਦਾ ਕੰਮ ਕਾਰ ਸਾਰਾ ਵਧੀਆ ਕਰ ਲੈਂਦੀ ਹੈ ਤੇ ਉਹ ਸੰਤੁਸ਼ਟ ਹੈ। ਉਸ ਦੇ ਦੋ ਜਵਾਕ ਹਨ।

ਲੋੜੀਂਦੀ ਹਰ ਚੀਜ਼ ਦਾ ਭਾਅ ਵਧ ਗਿਆ ਹੈ ਤੇ ਉਹ ਹੁਣ ਆਪਣੀ ਤਨਖ਼ਾਹ ’ਤੇ ਸੰਤੁਸ਼ਟ ਨਹੀਂ। ਟਿਊਸ਼ਨ ਕਰਨ ਨੂੰ ਕਦੇ ਉਹ ਲਾਹਨਤ ਸਮਝਦਾ ਹੁੰਦਾ ਸੀ, ਪਰ ਹੁਣ ਉਸ ਨੂੰ ਟਿਊਸ਼ਨ ਕਰਨੀ ਪੈਂਦੀ ਹੈ। ਸਵੇਰੇ ਉਹ ਕੁੜੀਆਂ ਨੂੰ ਪੜ੍ਹਾਉਂਦਾ ਹੈ। ਸ਼ਾਮੀ ਉਹ ਮੁੰਡਿਆਂ ਨੂੰ ਪੜ੍ਹਾਉਂਦਾ ਹੈ। ਹੈੱਡਮਾਸਟਰ ਮੂਹਰੇ ਉਸ ਨੂੰ ਅੱਖਾਂ ਨੀਵੀਆਂ ਰੱਖਣੀਆਂ ਪੈਂਦੀਆਂ ਹਨ, ਕਿਉਂਕਿ ਉਹ ਟਿਊਸ਼ਨ ਕਰਦਾ ਹੈ। ਦੂਜੇ ਅਧਿਆਪਕਾਂ ਨਾਲ ਉਹ ਮੱਲੋ ਮੱਲੀ ਦੀ ਸਾਂਝ ਬਣਾ ਕੇ ਰੱਖਦਾ ਹੈ, ਕਿਉਂਕਿ ਉਹ ਟਿਊਸ਼ਨ ਕਰਦਾ ਹੈ। ਟਿਊਸ਼ਨ ਵਾਲੇ ਮੁੰਡੇ ਕੁੜੀਆਂ ਨੂੰ ਉੱਤੋਂ ਉੱਤੋਂ ਦੇ ਆਦਰ ਪਿਆਰ ਨਾਲ ਬੁਲਾਉਂਦਾ ਹੈ, ਕਿਉਂਕਿ ਉਨ੍ਹਾਂ ਤੋਂ ਪੈਸੇ ਲੈਣੇ ਹਨ।ਟਿਊਸ਼ਨ ਕਰਦਾ ਉਹ ਪਿੰਡ ਦੇ ਲੋਕਾਂ ਤੋਂ ਡਰਦਾ ਹੈ।ਟਿਊਸ਼ਨ ਕਰਨ ਲਈ ਉਹ ਸਵੇਰੇ ਸਵੇਰੇ ਉੱਠਦਾ ਹੈ।ਟਿਊਸ਼ਨ ਕਰਦਾ ਉਹ ਹੈੱਡਮਾਸਟਰ ਤੋਂ ਡਰਦਾ ਹੈ। ਟਿਊਸ਼ਨ ਕਰਦਾ ਉਹ ਮਹਿਕਮੇ ਤੋਂ ਡਰਦਾ ਹੈ। ਟਿਊਸ਼ਨ ਕਰਨ ਲਈ ਉਹ ਸ਼ਾਮ ਨੂੰ ਸਕੂਲੋਂ ਛੇਤੀ ਛੇਤੀ ਘਰ ਆਉਂਦਾ ਹੈ। ਮੱਥਾ ਮਾਰਦੇ ਦਾ ਉਹਦਾ ਸਿਰ ਦੁਖਦਾ ਹੈ ਤਾਂ ਉਹ ਤੱਤੀ ਤੱਤੀ ਚਾਹ ਨਾਲ ਐਸਪਰੀਨ ਖਾ ਲੈਂਦਾ ਹੈ। ਸਕੂਲ ਵਿੱਚ ਮੱਥਾ ਤੇ ਘਰ ਆ ਕੇ ਫੇਰ ਮੱਥਾ।ਟਿਊਸ਼ਨ ਕਰਕੇ ਮਹਿੰਗੇ ਯੁੱਗ ਵਿੱਚ ਉਸ ਨੂੰ ਰੋਟੀ ਕੱਪੜਾ ਵਾਹਵਾ ਮਿਲ ਜਾਂਦਾ ਹੈ, ਪਰ ਉਸ ਦੇ ਦਿਲ ਵਿੱਚ ਟਿਊਸ਼ਨ ਕਰਨ ਦਾ ਗੁਨਾਹ ਹਰ ਵੇਲੇ ਇੱਕ ਧੁੜਕੂ ਬਣਿਆ ਰਹਿੰਦਾ ਹੈ। ਹੈੱਡਮਾਸਟਰ ਤਾਂ ਉਸ ਦਾ ਅਫ਼ਸਰ ਹੈ ਹੀ, ਪਿੰਡ ਦਾ ਸਰਪੰਚ ਵੀ ਉਸ ਤੋਂ ਸਤਿ ਸ੍ਰੀ ਅਕਾਲ ਭਾਲਦਾ ਹੈ। ਸਰਪੰਚ ਬਿਲਕੁੱਲ ਅਨਪੜ੍ਹ, ਜੁਆਨੀ ਦੀ ਉਮਰ ਵਿੱਚ ਕਈ ਵਾਰੀ ਚੋਰੀ ਦੇ ਮੁਕੱਦਮਿਆਂ ਵਿੱਚ ਕੈਦਾਂ ਕੱਟੀਆਂ ਤੇ ਚਾਰ ਪੰਜ ਸਾਲ ਹੋਏ ਉਸ ਦੀ ਕੁੜੀ ਉਸ ਦੇ ਸੀਰੀ ਨਾਲ ਹੀ ਨਿਕਲ ਗਈ ਸੀ, ਨਾ ਕੋਈ ਇੱਜ਼ਤ, ਨਾ ਮਾਣ ਤੇ ਹੁਣ ਜਦ ਉਹ ਸਰਪੰਚ ਚੁਣਿਆ ਗਿਆ, ਉਸ ਦੀ ਇੱਜ਼ਤ ਵੀ ਹੈ ਤੇ ਮਾਣ ਵੀ ਹੈ ਅਤੇ ਹੁਣ ਉਸ ਨੂੰ ਇੱਕ ਸੈਕੰਡ ਕਲਾਸ ਐੱਮ. ਏ. ਸਤਿ ਸ੍ਰੀ ਅਕਾਲ ਬੁਲਾਉਂਦਾ ਹੈ।

ਉਸ ਨੇ ਵਹੁਟੀ ਦਾ ਚਾਅ ਵੀ ਪੂਰਾ ਕਰਨਾ ਹੈ। ਉਸ ਨੇ ਜਵਾਕਾਂ ਦੀ ਰਿਹਾੜ ਵੀ ਪੂਰੀ ਕਰਨੀ ਹੈ। ਆਪ ਵੀ ਕੁਝ ਬਣ-ਠਣ ਕੇ ਰਹਿਣਾ ਹੈ-ਚੰਗੇ ਕੱਪੜੇ ਨਾ ਪਾਏ ਹੋਣ ਤਾਂ ਬੱਸ ਵਿੱਚ ਖ਼ਾਲੀ ਸੀਟ 'ਤੇ ਵੀ ਦੂਜਾ ਮਾਸਟਰ ਬੈਠਣ ਨਹੀਂ ਦਿੰਦਾ। ਰੱਜ ਕੇ ਰੋਟੀ ਵੀ ਖਾਣੀ ਹੈ। ਤੇ ਇਹ ਸਭ ਕੁਝ ਕੋਈ ਠੱਗੀ ਮਾਰ ਕੇ ਨਹੀਂ ਕਰਨਾ। ਕਿਸੇ ਤੋਂ ਰਿਸ਼ਵਤ ਨਹੀਂ ਲੈਣੀ-ਰਿਸ਼ਵਤ ਲੈਣ ਦਾ ਵਸੀਲਾ ਵੀ ਕੋਈ ਨਹੀਂ। ਇਨ੍ਹਾਂ ਸਾਰੇ ਝੰਜਟਾ ਵਿੱਚ ਉਸ ਦੀ ਤਨਖ਼ਾਹ ਵੀ ਲੱਗ ਜਾਂਦੀ ਹੈ ਤੇ ਟਿਊਸ਼ਨ ਦੀ ਕਮਾਈ ਵੀ।

ਉਸ ਦਾ ਇੱਕ ਹਮ ਜਮਾਤੀ ਲੁਧਿਆਣੇ ਗੌਰਮਿੰਟ ਕਾਲਜ ਵਿੱਚ ਪੰਜਾਬੀ ਦਾ ਲੈਕਚਰਾਰ ਹੈ। ਪਿੱਛੇ ਜਿਹੇ ਉਹ ਆਪਣੀ ਪਤਨੀ ਤੇ ਬੱਚੇ ਸਮੇਤ ਉਸ ਕੋਲ ਆ ਗਿਆ। ਦੋ ਦਿਨ ਉਹ ਉਸ ਦੇ ਕੋਲ ਠਹਿਰਿਆ। ਉਸ ਨੂੰ ਲੱਗਿਆ, ਜਿਵੇਂ ਉਸ ਦਾ ਦੋਸਤ ਕਿਸੇ ਸੂਬੇ ਦਾ ਗਵਰਨਰ ਹੋਵੇ।

ਸਾਰਾ ਮਹੀਨਾ ਉਹ ਉਧਾਰ ਲੈ-ਲੈ ਖਾਂਦਾ ਹੈ। ਇੱਕ ਤਰੀਕ ਨੂੰ ਤਨਖ਼ਾਹ ਜਦੋਂ ਮਿਲਦੀ ਹੈ ਤਾਂ ਉਹ ਸਭ ਹੱਟੀਆਂ ਦੇ ਬਿਲ ਉਤਾਰਦਾ ਹੈ। ਕਦੇ ਕਦੇ ਜੇ ਤਨਖ਼ਾਹ ਇੱਕ ਤਰੀਕ ਨੂੰ ਨਾ ਆਵੇ ਤਾਂ ਉਸ ਨੂੰ ਬਜ਼ਾਰ ਵਿੱਚ ਦੀ ਲੰਘਦੇ ਨੂੰ ਹੱਟੀਆਂ ਵਾਲੇ ‘ਮਹਾਰਾਜ' ਬੁਲਾਉਂਦੇ ਹਨ। ਜਦ ਬਾਣੀਆ ‘ਮਹਾਰਾਜ’ ਬੁਲਾਵੇ, ਸਮਝੋ ਤੁਹਾਡੇ ਕੋਲੋਂ ਕੁਝ ਉਹ ਨੇ ਲੈਣਾ ਹੈ। ਕਿਸੇ ਮਹੀਨੇ ਜੇ ਕਿਸੇ ਹੱਟੀ ਵਾਲੇ ਦਾ ਬਿਲ ਉਤਾਰਨਾ ਰਹਿ ਜਾਵੇ ਤਾਂ ਉਸ ਦੀ ਹੱਟੀ ਮੁਹਰੇ ਦੀ ਲੰਘਣਾ ਉਸ ਨੂੰ ਦੁੱਭਰ ਹੋ ਜਾਂਦਾ ਹੈ।

ਉਹ ਜਵਾਨ ਹੈ। ਉਸ ਦੇ ਵੀ ਜਜ਼ਬੇ ਹਨ। ਉਸ ਦੇ ਅੰਦਰ ਵੀ ਕੋਈ ਅੱਗ ਹੈ। ਹੁਸਨ ਦੀ ਤਾਰੀਫ਼ ਕਰਨ ਲਈ ਉਸ ਕੋਲ ਵੀ ਦੋ ਅੱਖਾਂ ਹਨ, ਪਰ ਉਸ ਦਾ ਕੰਮ ਪੁਰਾਣੇ ਰਿਸ਼ੀਆਂ ਮੁਨੀਆਂ ਵਾਲਾ ਹੈ। ਸਕੂਲ ਵਿੱਚ ਸਾਂਝੀ ਵਿੱਦਿਆ ਹੈ।ਦਸਵੀਂ ਜਮਾਤ ਵਿੱਚ ਬੋਤਿਆਂ ਜਿੱਡੀਆਂ ਜਿੱਡੀਆਂ ਕੁੜੀਆਂ ਪੜ੍ਹਦੀਆਂ ਹਨ। ਉਨ੍ਹਾਂ ਵੱਲ ਉਹ ਕਦੇ ਅੱਖ ਭਰ ਕੇ ਨਹੀਂ ਝਾਕਿਆ। ਉਨ੍ਹਾਂ ਤੋਂ ਦਸ ਬਾਰ੍ਹਾਂ ਸਾਲ ਕੇਵਲ ਵੱਡਾ ਹੋ ਕੇ ਉਨ੍ਹਾਂ ਨੂੰ ਉਹ ‘ਬੇਟਾ’ ‘ਬੇਟਾ’ ਕਰਦਾ ਰਹਿੰਦਾ ਹੈ। ਡਰਦਾ ਹੈ, ਤ੍ਰਹਿੰਦਾ ਹੈ ਕਿ ਕਦੇ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਤਾਂ ਪੱਟਿਆ ਜਾਵਾਂਗਾ ਤੇ ਉਹ ਤੀਹ ਸਾਲ ਦਾ ਹੋ ਕੇ ਵੀ ਪੰਜਾਹ ਸਾਲ ਦਾ ਬਣ ਕੇ ਰਹਿੰਦਾ ਹੈ, ਮਾਨਸਿਕ ਤੌਰ 'ਤੇ ਵੀ ਉਹ ਸਰੀਰਕ ਉਮਰ ਨਾਲੋਂ ਵੱਡਾ ਬਣਦਾ ਜਾ ਰਿਹਾ ਹੈ। ਭਾਵੇਂ ਉਸ ਦੀ ਨੀਅਤ ਮਾੜੀ ਨਹੀਂ, ਪਰ ਲੋਕਾਂ ਸਾਹਮਣੇ ਉਸ ਨੂੰ ਬਜ਼ੁਰਗਾਂ ਵਾਲਾ ਖੋਲ ਚਾੜ੍ਹਨਾ ਹੀ ਪੈਂਦਾ ਹੈ।

ਪਿੰਡ ਦੇ ਲੋਕਾਂ ਵਿੱਚ ਉਸ ਦੀ ਕੋਈ ਵਿਸ਼ੇਸ਼ ਥਾਂ ਨਹੀਂ। ਜੇ ਉਹ ਬਹੁਤਾ ਪੜ੍ਹਿਆ ਹੈ ਤਾਂ ਪੜ੍ਹਿਆ ਹੋਵੇਗਾ, ਆਪਣੇ ਘਰ ਨੂੰ। ਜੇ ਉਹ ਲੋਕਾਂ ਦੇ ਬੱਚਿਆਂ ਨੂੰ ਜਾਨ ਮਾਰ ਕੇ ਪੜ੍ਹਾਉਂਦਾ ਹੈ ਤਾਂ ਸਰਕਾਰ ਤੋਂ ਤਨਖ਼ਾਹ ਲੈਂਦਾ ਹੈ। ਫਿਰ ਉਸ ਦੀ ਆਓ ਭਗਤ ਕਾਹਦੀ? ਆਓ ਭਗਤ ਤਾਂ ਉਸ ਦੀ ਹੁੰਦੀ ਹੈ, ਜਿਸ ਦਾ ਕੋਈ ਰੋਬ੍ਹ ਹੋਵੇ।ਮਾਸਟਰ ਤੋਂ ਕਿਸੇ ਨੇ ਵੀ ਲੈਣਾ ਹੈ। ਉਸ ਨਾਲੋਂ ਤਾ ਪਟਵਾਰੀ, ਥਾਣੇਦਾਰ ਤੇ ਉਸ ਦਾ ਹੌਲਦਾਰ, ਬਿਜਲੀ ਮਹਿਕਮੇ ਦੇ ਕਰਮਚਾਰੀ ਤੇ ਬੀ.ਡੀ.ਓ ਦਫ਼ਤਰ ਦੇ ਕਰਿੰਦੇ ਬਹੁਤੀ ਮਹੱਤਤਾ ਰੱਖਦੇ ਹਨ।

ਇਮਤਿਹਾਨਾਂ ਤੋਂ ਇੱਕ ਮਹੀਨਾ ਪਹਿਲਾਂ ਵਿਦਿਆਰਥੀਆਂ ਦੇ ਮਾਪੇ ਉਸ ਨੂੰ ‘ਮਹਾਰਾਜ’ ਬੁਲਾਉਣੀ ਸ਼ੁਰੂ ਕਰ ਦਿੰਦੇ ਹਨ ਤੇ ਜਦੋਂ ਇਮਤਿਹਾਨਾਂ ਦੇ ਨਤੀਜੇ ਨਿਕਲ ਜਾਣ, ਉਹ ‘ਮਹਾਰਾਜ’ ਓਦੋਂ ਹੀ ਬੰਦ ਹੋ ਜਾਂਦੀ ਹੈ।

ਕਿਸੇ ਸ਼ਰਾਰਤੀ ਜਾਂ ਪੜ੍ਹਾਈ ਦਾ ਕੰਮ ਨਾ ਕਰਨ ਵਾਲੇ ਮੁੰਡੇ ਦੇ ਜੇ ਕਦੇ ਉਹ ਲੱਪੜ ਮਾਰ ਬੈਠੇ ਤਾਂ ਉਸ ਮੁੰਡੇ ਦਾ ਪਿਓ ਭਖਿਆ ਭਖਾਇਆ ਸਕੂਲ ਵਿੱਚ ਅਫ਼ਸਰ ਬਣ ਕੇ ਆ ਜਾਂਦਾ ਹੈ ਤੇ ਗਿਆਨ ਸਿੰਘ ਮੁਜਰਮ ਵਾਂਗ ਉਸ ਮੂਹਰੇ ਬਿਆਨ ਦਿੰਦਾ ਹੈ।

ਗਿਆਨ ਸਿੰਘ ਦੁਖੀ ਹੈ ਕਿ ਰਿਸ਼ੀਆਂ ਮੁਨੀਆਂ ਵਾਲੇ ਇਸ ਕਿੱਤੇ ਵਿੱਚ ਐਨੀ ਤਪੱਸਿਆਂ ਹੋਰ ਕਦੋਂ ਤੱਕ ਅਸੀਂ ਕਰਦੇ ਰਹਾਂਗੇ।