ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕੱਚਾ ਧਾਗਾ

ਵਿਕੀਸਰੋਤ ਤੋਂ
ਕੱਚਾ ਧਾਗਾ

ਤਿੰਨ ਸਾਲਾਂ ਪਿੱਛੋਂ ਅੱਜ ਮੈਂ ਉਸ ਦੇ ਪਿੰਡ ਗਿਆ ਸਾਂ-ਉਹ ਦੇ ਘਰ ਤੋਂ ਦੂਜੇ ਅਗਵਾੜ ਆਪਣੇ ਇੱਕ ਦੋਸਤ ਦੇ ਘਰ। ਉਸ ਦੇ ਵਿਛੋੜੇ ਦਾ ਗ਼ਮ ਮੈਥੋਂ ਝੱਲਿਆ ਨਾ ਗਿਆ ਤੇ ਫੇਰ ਉਸ ਗ਼ਮ ਵਿੱਚ ਐਨੀ ਤਾਕਤ ਆਈ ਕਿ ਉਹ ਖਿੱਚ ਕੇ ਮੈਨੂੰ ਉਸ ਦੇ ਪਿੰਡ ਲੈ ਗਈ।

ਉਸ ਦਾ ਖ਼ੂਬਸੂਰਤ ਮੂੰਹ ਇੱਕ ਪਰੀ ਦਾ ਮੂੰਹ ਸੀ-ਪਰੀ ਜਿਹੜੀ ਕਿ ਹੁਸਨ ਮਗਰ ਭੱਜਦੀ ਲਾਲਸਾ ਨੂੰ ਸੁਪਨੇ ਵਿੱਚ ਹੀ ਮਿਲਦੀ ਹੈ। ਅੱਜ ਉਹ ਲਾਲਸਾ ਉਸ ਦਾ ਖੂਬਸੂਰਤ ਮੂੰਹ ਦੇਖਣ ਲਈ ਮੈਨੂੰ ਉਸ ਦੇ ਪਿੰਡ ਲੈ ਗਈ ਸੀ।

ਕਈ ਸਾਲਾਂ ਦੀ ਗੱਲ ਹੈ, ਪਹਿਲੇ ਦਿਨ ਜਦ ਉਹ ਮੇਰੇ ਕੋਲ ਆਈ ਸੀ ਤਾਂ ਮੇਰੀਆਂ ਹਾਬੜੀਆਂ ਅੱਖਾਂ ਓਸੇ ਦਿਨ ਉਸ ਦੇ ਅੰਗ ਅੰਗ ਨੂੰ ਟੋਹ ਰਹੀਆਂ ਸਨ। ਲੰਮਾ ਲੰਝਾ ਸਰੀਰ, ਬਦਾਮਾਂ ਦੇ ਫੋਲਕਾਂ ਨਾਲ ਸ਼ਰਤ ਰੱਖਣ ਵਾਲਾ ਰੰਗ ਤੇ ਮੋਟੀਆਂ ਮੋਟੀਆਂ ਅੱਖਾਂ ਦੀਆਂ ਗਹਿਰਾਈਆਂ ਵਿੱਚ ਤਰਦੇ ਨੀਲ ਗਗਨ। ਉਸ ਵਰਗੀ ਮੁਕੰਮਲ ਕੁੜੀ ਹੋਰ ਕੌਣ ਸੀ।

ਉਹ ਮੇਰੇ ਕੋਲ ਆਉਂਦੀ ਸੀ, ਜਿਵੇਂ ਕੋਈ ਸੂਰਜ ਆਪ ਚੱਲ ਕੇ ਕਿਸੇ ਗੁਫ਼ਾ ਵਿੱਚ ਆ ਬਹਿੰਦਾ ਹੋਵੇ। ਉਹ ਆਉਂਦੀ ਸੀ, ਜਿਵੇਂ ਕੋਈ ਸੇਕ ਬਰਫ਼ ਦੇ ਘਰ ਵਿੱਚ ਆ ਬੈਠੇ।

ਉਸ ਨੂੰ ਕਾਸੇ ਦਾ ਲਾਲਚ ਨਹੀਂ ਸੀ। ਲੋਕ ਆਪਣੀਆਂ ਮਹਿਬੂਬ ਕੁੜੀਆਂ ਨੂੰ ਵਧੀਆ ਤੋਂ ਵਧੀਆ ਸੂਟ ਲੈ ਲੈ ਦਿੰਦੇ ਹਨ। ਉਨ੍ਹਾਂ ਨੂੰ ਸੌ ਸੌ ਕੁਸ ਖਵਾਉਂਦੇ ਪਿਆਉਂਦੇ ਹਨ। ਨਾ ਮੈਂ ਉਸ ਨੂੰ ਕੋਈ ਸੂਟ ਸਿਲਾ ਕੇ ਦਿੱਤਾ ਸੀ ਤੇ ਨਾ ਕੋਈ ਹੋਰ ਨਿਸ਼ਾਨੀ ਦਿੱਤੀ। ਹੋਰ ਖਾਣਾ ਪੀਣਾ ਤਾਂ ਕੀ, ਉਸ ਨੇ ਕਦੇ ਫੋਕੀ ਚਾਹ ਦੀ ਪਿਆਲੀ ਵੀ ਮੈਥੋਂ ਪੀਤੀ ਨਾ। ਮੈਂ ਉਸ ਨੂੰ ਦੇਣ ਜੋਗਾ ਵੀ ਕੀ ਸੀ। ਉਸ ਦੇ ਪਿੰਡ ਬਿਜਲੀ ਮਹਿਕਮੇ ਦੇ ਦਫ਼ਤਰ ਵਿੱਚ ਮੈਂ ਇੱਕ ਮਾਮੂਲੀ ਕਲਰਕ ਹੀ ਤਾਂ ਸੀ ਤੇ ਹੁਣ ਵੀ ਉਹੀ ਕਲਰਕ ਹੀ ਹਾਂ। ਮੈਂ ਉਨ੍ਹਾਂ ਦੇ ਘਰ ਦੇ ਗਵਾਂਢ ਵਿੱਚ ਰਹਿੰਦਾ ਸੀ ਤੇ ਪਤਾ ਨਹੀਂ ਕਾਹਤੋਂ ਉਸ ਨਾਲ ਮੇਰੀ ਸਾਂਝ ਪੈ ਗਈ ਸੀ।

ਉਸ ਨੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਮੇਰੇ ਲੱਖਾਂ ਸਸਤੇ ਹੁੰਗਾਰੇ ਸੁਣੇ। ਮੈਂ ਆਪਣੀ ਸਮਝ ਦਾ ਸਾਰਾ ਜ਼ੋਰ ਪਾ ਕੇ ਜਦੋਂ ਕਦੇ ਵੀ ਕੋਈ ਗੱਲ ਉਸ ਤੋਂ ਮਨਵਾਈ ਸੀ ਤਾਂ ਉਸ ਨੇ ਕਦੇ ਵੀ ਨਾਂਹ ਨਹੀ ਸੀ ਆਖੀ। ਮੁਹੱਬਤ ਦੀ ਦੁਨੀਆ ਵਿੱਚ ਸ਼ਾਇਦ 'ਨਾਂਹ' ਸ਼ਬਦ ਲਿਖਿਆ ਹੀ ਨਹੀਂ ਹੋਇਆ।

‘ਜੇ ਮੈਂ ਤੈਨੂੰ ਵਿਆਹ ਲਵਾਂ?'

'ਹਾਂ!' ਉਸ ਦਾ ਜਵਾਬ ਹੁੰਦਾ।

‘ਜੇ ਮੈਂ ਤੈਨੂੰ ਕੱਢ ਕੇ ਲੈ ਜਾਂ?

'ਆਪਾਂ ਦਿੱਲੀ ਜਾ ਬੰਬਈ ਜਾ ਪਹੁੰਚੀਏ!' ਉਸ ਦਾ ਪ੍ਰੋਗਰਾਮ ਮੇਰੇ ਨਾਲੋਂ ਚੱਕਵਾਂ ਹੁੰਦਾ।

‘ਤੂੰ ਸੋਹਣੀ ਬੜੀ ਐਂ?'

‘ਡੱਬੀ 'ਚ ਪਾ ਕੇ ਰੱਖ ਲੈ ਫੇਰ!’ ਉਹ ਸਭ ਕੁਝ ਹਾਜ਼ਰ ਕਰ ਦਿੰਦੀ।

ਇੱਕ ਦਿਨ ਉਹ ਮੇਰੇ ਬੁੱਕ ਮਿਣਕੇ ਲੈ ਗਈ ਤੇ ਦੂਜੇ ਦਿਨ ਚਾਂਦੀ ਦਾ ਇੱਕ ਕੜਾ ਬਣਵਾ ਕੇ ਮੇਰੇ ਮੇਚ ਦਾ ਲੈ ਆਈ। ਮੈਂ ਖ਼ਾਹਿਸ਼ ਜ਼ਾਹਰ ਕੀਤੀ- 'ਜ਼ਿੰਦਗੀ ਭਰ ਤੇਰੀ ਇਸ ਨਿਸ਼ਾਨੀ ਨੂੰ ਜੇ ਮੈਂ ਸਾਂਭ ਕੇ ਰੱਖਣੈ ਤਾਂ ਤੂੰ ਹੀ ਆਪਣੇ ਹੱਥੀਂ ਏਸ ਕੜੇ ਨੂੰ ਮੇਰੀ ਬਾਂਹ ਵਿੱਚ ਪਾ।' ਉਹ ਕਿੰਨਾ ਹੀ ਚਿਰ ਘੁਲਦੀ ਰਹੀ। ਕੜਾ ਕੁਝ ਭੀੜਾ ਸੀ ਤੇ ਮੇਰੇ ਚੜ੍ਹਦਾ ਨਹੀਂ ਸੀ। ਮੈਂ ਜਾਣ ਕੇ ਆਪਣੇ ਬੁੱਕ ਨੂੰ ਵੀ ਕੁਝ ਕਸ ਲੈਂਦਾ ਸਾਂ ਕਿ ਕੜਾ ਨਾ ਚੜ੍ਹੇ ਤੇ ਉਹ ਆਪਣੇ ਘੁੱਗੀਆਂ ਵਰਗੇ ਹੱਥਾਂ ਨਾਲ ਮੇਰੇ ਸਰੀਰ ਵਿੱਚ ਬਿਜਲੀ ਭਰਦੀ ਰਹੇ। ਉਸ ਨੇ ਇੱਕ ਜੁਗਤ ਕੀਤੀ। ਆਪਣੇ ਹੱਥਾਂ 'ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਸਾਬਣ ਦੀ ਟਿੱਕੀ ਹੱਥ 'ਤੇ ਮਲ ਕੇ ਆਪਣੇ ਕੂਲੇ ਹੱਥਾਂ ਨਾਲ ਸਾਬਣ ਦੀ ਝੱਗ ਮੇਰੇ ਬੁੱਕ ਤੇ ਮਲ ਦਿੱਤੀ 'ਤੇ ਕੜਾ ਪੁਲਕ ਦੇਣੇ ਉਸ ਨੇ ਮੇਰੀ ਬਾਂਹ ਵਿੱਚ ਚੜ੍ਹਾ ਦਿੱਤਾ। ਉਸ ਦਿਨ ਮੈਂ ਮਹਿਸੂਸ ਕੀਤਾ ਸੀ ਕਿ ਮੇਰੇ ਹੱਥ ਵਿੱਚ ਚਾਂਦੀ ਦਾ ਕੜਾ ਪਾ ਕੇ ਜਿਵੇਂ ਉਸ ਨੇ ਮੇਰੀ ਮੁਹੱਬਤ ਨੂੰ ਆਪਣੇ ਸੁੱਚੇ ਦਿਲ ਵਿੱਚ ਬੰਨ੍ਹ ਲਿਆ ਹੈ।

ਦੋਸਤੋ, ਅੱਕਿਓ ਨਾ। ਉਸ ਦੀ ਪਿਆਰ ਕਥਾ ਜਾਂ ਆਪਣੀ ਪਿਆਰ ਕਥਾ ਸੁਣ ਕੇ ਮੇਰੀ ਹਿੱਕ ਜਿਵੇਂ ਹੌਲੀ ਹੌਲੀ ਹੋ ਰਹੀ ਹੈ। ਮੈਨੂੰ ਆਪਣੇ ਸ਼ੀਸ਼ੇ ’ਤੋਂ ਮੈਲ ਧੋ ਲੈਣ ਦਿਓ।

ਕੋਈ ਲਾਵਾਰਸਾ ਦਰਖ਼ਤ ਮੀਂਹ ਹਨੇਰੀ ਨਾਲ ਜੇ ਡਿੱਗ ਪਵੇ, ਲੱਕੜਾਂ ਲੋਕ ਚੁੱਕ ਕੇ ਲੈ ਜਾਂਦੇ ਹਨ ਤਾਂ ਧਰਤੀ 'ਤੇ ਕੁਝ ਸਮੇਂ ਲਈ ਬਾਕੀ ਇੱਕ ਟੋਆ ਜਿਹਾ ਹੀ ਰਹਿ ਜਾਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਕਦੇ ਕੋਈ ਦਰਖ਼ਤ ਹੁੰਦਾ ਹੋਵੇਗਾ।

ਅੱਗ ਬਲਦੀ ਹੈ। ਸੇਕ ਦਿੰਦੀ ਹੈ ਤੇ ਫੇਰ ਉਸ ਦੀ ਰਾਖ਼ ਹੀ ਤਾਂ ਰਹਿ ਜਾਂਦੀ ਹੈ।

ਸੂਰਜ ਚੜ੍ਹਦਾ ਹੈ ਤੇ ਫੇਰ ਰਾਤ ਬੱਸ ਦਿਨ ਭਰ ਦਾ ਪਰਛਾਵਾਂ ਬਣ ਕੇ ਰਹਿ ਜਾਂਦੀ

ਮੁਹੱਬਤ ਦੀ ਉਮਰ ਦਾ ਵੀ ਇੱਕ ਦਿਨ ਮੇਲਾ ਲੱਗਦਾ ਹੈ ਤੇ ਫੇਰ ਬੱਸ ਬਿੱਝੜ ਜਾਂਦਾ ਹੈ। ਮੁਹੱਬਤ ਦਾ ਦਰਖ਼ਤ ਵੀ ਇੱਕ ਦਿਨ ਡਿੱਗਦਾ ਹੈ, ਪਰ ਟੋਆ ਕਦੇ ਨਹੀਂ ਮੁੰਦਿਆ ਜਾਂਦਾ। ਮੁਹੱਬਤ ਦੀ ਅੱਗ ਬਲਦੀ ਹੈ, ਪਰ ਰਾਖ ਉੱਡ ਉੱਡ ਕੇ ਓਨੀ ਦੀ ਓਨੀ ਰਹਿੰਦੀ ਹੈ। ਮੁਹੱਬਤ ਦਾ ਸੂਰਜ ਢਲਦਾ ਹੈ ਤਾਂ ਸਾਰੀ ਉਮਰ ਦੀ ਰਾਤ ਛੱਡ ਜਾਂਦਾ ਹੈ। ਉਸ ਦੀ ਮੁਹੱਬਤ ਦਾ ਪਰਛਾਵਾਂ ਮੇਰੀ ਜ਼ਿੰਦਗੀ ਲਈ ਸਾਰੀ ਉਮਰ ਦੀ ਰਾਤ ਹੈ।

ਅੱਜ ਉਸ ਦੇ ਪਿੰਡ ਜਾ ਕੇ ਪਤਾ ਲੱਗਿਆ ਕਿ ਉਸ ਵੱਲ ਲਿਖੀ ਮੇਰੀ ਇੱਕ ਚਿੱਠੀ ਇੱਕ ਬਾਂਦਰ ਮੂੰਹੇਂ ਕਰਿਆੜ ਦੇ ਹੱਥ ਲੱਗ ਗਈ ਸੀ। ਭਾਵੇਂ ਉਸ ਚਿੱਠੀ ਵਿੱਚ ਲੋਕਾਂ ਤੋਂ ਲੁਕੋਣ ਵਾਲੀ ਕੋਈ ਗੱਲ ਨਹੀਂ ਸੀ। ਇੱਕ ਗੱਲ ਜ਼ਰੂਰ ਸੀ ਕਿ ਮੈਂ ਉਸ ਦੇ ਅਸਲੀ ਨਾਂ ਦੀ ਥਾਂ ਉਸ ਨੂੰ 'ਰਾਧਾ’ ‘ਰਾਧਾ' ਕਰਕੇ ਸੰਬੋਧਨ ਕੀਤਾ ਹੋਇਆ ਸੀ। ਉਸ ਭੈਣ ਦੇ ਯਾਰ ਨੇ ਬਾਂਦਰ ਮੂੰਹ ਡੌਂਡਕੀ ਪਿੱਟ ਦਿੱਤੀ ਸੀ। ਦਸ ਦਸ ਸਾਲ ਦੇ ਮੁੰਡੇ ਕੁੜੀਆਂ ਵੀ ਉਸ ਨੂੰ ‘ਰਾਧਾ’ ‘ਰਾਧਾ' ਨਾਉਂ ਲੈ ਕੇ ਖਿਝਾਉਂਦੇ ਹਨ। ਇਹ ਨਾਉਂ ਉਸ ਦਾ ਮੈਂ ਇਸ ਕਰਕੇ ਰੱਖਿਆ ਸੀ, ਜਿਸ ਦਾ ਉਸ ਨੂੰ ਪਤਾ ਸੀ ਜਾਂ ਮੈਨੂੰ ਪਤਾ ਸੀ। ਉਸ ਦਾ ਇਹ ਨਾਉਂ ਮੈਂ ਹੀ ਲੈਂਦਾ ਸਾਂ। ਇਹ ਮੁਹੱਬਤ ਦਾ ਨਾਉਂ ਸੀ। ਉਸ ਦੇ ਮਾਪਿਆਂ ਦਾ ਨਾਉਂ ਛੱਡ ਕੇ ਹੁਣ ਲੋਕਾਂ ਨੇ ਉਸ ਦਾ ਮੁਹੱਬਤ ਦਾ ਨਾਉਂ ਮਸ਼ਹੂਰ ਕਰ ਲਿਆ ਸੀ। ਉਸ ਨੂੰ ਚਿੰਤਾ ਵੱਢ ਵੱਢ ਖਾਣ ਲੱਗੀ। ‘ਰਾਧਾ’ ਸ਼ਬਦ ਉਸ ਲਈ ਛੁਰੀਆਂ ਗੰਡਾਸੇ ਬਣ ਗਿਆ। ਉਸ ਦਾ ਅੰਦਰ ਸੁੱਕਣ ਲੱਗ ਪਿਆ।

ਮੁਹੱਬਤ ਇੱਕ ਕੱਚਾ ਧਾਗਾ ਹੈ, ਜਿਸ ਦੀ ਕੋਈ ਮੁਨਿਆਦ ਨਹੀਂ। ਜਿੰਨਾ ਚਿਰ ਇਹ ਪਰਖਣ ਵਿੱਚ ਨਹੀਂ ਆਉਂਦਾ ਬੱਸ ਓਨਾ ਚਿਰ ਹੀ ਆਪਣੇ ਆਪ ਵਿੱਚ ਇੱਕ ਧਾਗਾ ਹੈ, ਪਰ ਜਦੋਂ ਇਸ ਨਾਲ ਦੋ ਜ਼ਿੰਦਗੀਆਂ ਬੰਨ੍ਹੀਆਂ ਹੋਈਆਂ ਹੋਣ ਤੇ ਸਮਾਜ ਦੀ ਜ਼ਾਲਮ ਨਜ਼ਰ ਇਸ ਨੂੰ ਲੱਗ ਜਾਵੇ ਤਾਂ ਇਹ ਟੁੱਟਦਾ ਪਤਾ ਵੀ ਨਹੀਂ ਲਾਉਂਦਾ।

ਆਪਣੇ ਦੋਸਤ ਦੇ ਘਰ ਚੁਬਾਰੇ ਦੀ ਛੱਤ 'ਤੇ ਖੜ੍ਹ ਕੇ ਅੱਜ ਜਦ ਮੈਂ ਉਸ ਦੇ ਮਿਲਣ ਦੀ ਅੰਗੜਾਈ ਲਈ ਤਾਂ ਦੂਰ ਉਸ ਦੇ ਅਗਵਾੜ ਵਿੱਚ ਉੱਚੇ ਚੁਬਾਰੇ `ਤੇ ਖੜ੍ਹੀ ਇੱਕ ਬੁੜ੍ਹੀ ਨੇ ਮੇਰੀ ਨੁਹਾਰ ਪਛਾਣ ਲਈ ਤੇ ਉਸ ਨੂੰ ਜਾ ਕੇ ਦੱਸ ਦਿੱਤਾ। ਉਹ ਬੁੜ੍ਹੀ ਸ਼ਾਇਦ ਉਸ ਦੀ ਭੇਤਣ ਹੀ ਹੋਵੇਗੀ। ਅੱਧੇ ਘੰਟੇ ਬਾਅਦ ਹੀ ਉਹੀ ਬੁੜ੍ਹੀ ਮੇਰੇ ਕੋਲ ਆ ਠਹਿਕੀ। ਉਸ ਵੱਲੋਂ ਸੁਨੇਹਾ ਸੀ- ‘ਰਾਧਾ ਦੀ ਹੁਣ ਮਰੀ ਦੀ ਖ਼ਬਰ ਲੈਣ ਆਈਂ। ਲੋਕਾਂ ਦੇ ‘ਰਾਧਾ’ ‘ਰਾਧਾ’ ਦੇ ਤੀਰਾਂ ਨੇ ਮੇਰਾ ਕਾਲਜਾਂ ਛਾਨਣੀ ਬੇਝ ਕਰ ਰੱਖਿਐ। ਤੇਰੀ ‘ਰਾਧਾ’ ਕਹਿੰਦੀ ਐ-ਤੂੰ ਇੱਥੋਂ ਹੁਣੇ ਮੁੜ ਜਾ ਤੇ ਇਸ ਪਿੰਡ ਹੁਣ ਕਦੇ ਨਾ ਆਈਂ।'

ਤੇ ਹੁਣ ਮੇਰੇ ਦਿਮਾਗ਼ ਵਿਚੋਂ ਉਸ ਦਾ ਵਜੂਦ ਇਸ ਤਰਾਂ ਤਿਲ੍ਹਕ ਤਿਲ੍ਹਕ ਜਾਂਦਾ ਹੈ, ਜਿਵੇਂ ਇੱਕ ਦਿਨ ਕੜਾ ਚੜ੍ਹਾਉਣ ਤੋਂ ਪਹਿਲਾਂ ਉਸ ਦੇ ਹੱਥਾਂ ਵਿਚੋਂ ਸਾਬਣ ਦੀ ਟਿੱਕੀ ਤਿਲ੍ਹਕਦੀ ਸੀ।♦