ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਜੈਬਾ ਪਾਲੀ

ਵਿਕੀਸਰੋਤ ਤੋਂ
ਜੈਬਾ ਪਾਲੀ

ਜੈਬੇ ਨੇ ਆਪਣੀ ਢਿੱਡ ਨੂੰ ਹੱਥ ਲਾ ਕੇ ਦੇਖਿਆ ਤੱਤਾ-ਤੱਤਾ ਲੱਗਦਾ ਸੀ। ਮੂੰਹ ਥਾਣੀ ਸਾਹ ਕੱਢ ਕੇ ਉਸ ਨੇ ਆਪਣੇ ਹੱਥ ਨੂੰ ਭਾਫ਼ ਦਿੱਤੀ, ਸਾਹ ਵਿੱਚੋਂ ਸੇਕ ਮਾਰਦਾ ਸੀ, ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਸ ਨੂੰ ਤਾਪ ਚੜ੍ਹ ਰਿਹਾ ਸੀ। ਉਹ ਦੀਆਂ ਪੁੜਪੁੜੀਆਂ ਵਿੱਚ ਥੋੜ੍ਹਾ-ਥੋੜ੍ਹਾ ਦਰਦ ਸ਼ੁਰੂ ਹੋ ਗਿਆ ਸੀ। ਮੱਝਾਂ ਨੂੰ ਲੰਮੇ ਖਾਲ਼ ਵਿੱਚ ਵਾੜ ਕੇ ਉਹ ਘਣਛਾਵੀਂ ਕਿੱਕਰ ਥੱਲੇ ਆ ਬੈਠਾ।

ਅੱਜ ਉਹ ਦਾ ਜੀਅ ਕਰਦਾ ਸੀ ਕਿ ਏਦੂੰ ਤਾਂ ਚੰਗਾ ਉਹ ਮਰ ਹੀ ਜਾਵੇ। ਕਿਸੇ ਬਿੰਦ ਉਹ ਸੋਚਦਾ ਕਿ ਮੰਨੋ ਦੇ ਜਾਣ ਮੱਝਾਂ, ਉਹ ਅੱਜ ਘਰ ਹੀ ਨਾ ਪਹੁੰਚੇ ਤੇ ਦੂਰ ਕਿਤੇ ਚਲਿਆ ਜਾਵੇ। ਭਾਵੇਂ ਮੰਗ ਕੇ ਖਾ ਲਵੇ। ਇਸ ਤਰ੍ਹਾਂ ਦੁਖੀ ਹੋ ਕੇ ਮੱਝਾਂ ਚਾਰਨ ਦਾ ਕੰਮ ਅੱਜ ਉਸ ਨੂੰ ਉੱਕਾ ਹੀ ਵਿਉਹ ਵਰਗਾ ਲੱਗ ਰਿਹਾ ਸੀ। ਕੰਡੇ ਸੂਲਾਂ ਨੂੰ ਸੋਟੀ ਨਾਲ ਏਧਰ ਉੱਧਰ ਕਰਕੇ ਉਹ ਭੁੰਜੇ ਹੀ ਲਿਟ ਗਿਆ। ਦੁਪਹਿਰਾ ਤਿੱਖੜ ਹੋ ਚੱਲਿਆ ਸੀ। ਕਿੱਕਰ ਦੀ ਗੂੜ੍ਹੀ ਛਾਂ ਉਸ ਨੂੰ ਪਿਆਰੀ-ਪਿਆਰੀ ਮਿੱਠੀ-ਮਿੱਠੀ ਲੱਗ ਰਹੀ ਸੀ। ਉਹ ਦਾ ਪਿੰਡਾ ਤੱਤਾ ਸੀ। ਉਹ ਦਾ ਸਿਰ ਭਾਰਾ-ਭਾਰਾ ਸੀ। ਉਹ ਦੀਆਂ ਪੁੜਪੁੜੀਆਂ ਵਿੱਚ ਦਰਦ ਸੀ ਤੇ ਕਿੱਕਰ ਦੀ ਸੰਘਣੀ ਛਾਂ ਵਿੱਚ ਇਉਂ ਪੈ ਕੇ ਉਸ ਨੂੰ ਸੁੱਖ ਜਿਹਾ ਮਿਲ ਰਿਹਾ ਸੀ। ਉਸ ਨੂੰ ਨੀਂਦ ਆ ਰਹੀ ਸੀ। ਇੱਕ ਬਿੰਦ ਉਸ ਨੇ ਅੱਖਾਂ ਮੀਚੀਆਂ ਹੀ ਸਨ ਕਿ ਉਸ ਨੂੰ ਨੇੜੇ ਦੇ ਵਾਹਣ ਵਿੱਚ ਦੀ ਆਉਂਦੇ ਕਿਸੇ ਮਨੁੱਖ ਦੀ ਪੈੜਚਾਲ ਸੁਣੀ। ਉਹ ਉੱਠ ਕੇ ਬੈਠਾ ਹੋ ਗਿਆ। ਆਉਣ ਵਾਲੇ ਬੰਦੇ ਨੇ ਜ਼ੋਰ ਦੀ ਇੱਕ ਪੁਰਾਣੀ ਉਸ ਦੇ ਸੌਰਾਂ 'ਤੇ ਠੋਕੀ। ਦੋ ਤਿੰਨ ਗਾਲਾਂ ਵੀ ਮਾਵਾਂ ਭੈਣਾਂ ਦੀਆਂ ਕੱਢੀਆਂ। 'ਕੁੱਤੀ ਜਾਤੇ’ ਆਪ ਮੌਜਾਂ ਨਾਲ ਸਰ੍ਹਾਣਾ ਲਾਈਂ ਪਿਐਂ, ਮਹੀਆਂ ਨੇ ਸਾਰੀ ਕਪਾਹ ਮੁੱਛ ’ਤੀ, ਇੱਕ ਟੂਸਾ ਨੀ ਛੱਡਿਆ।

ਸਾਰੀਆਂ ਮੱਝਾਂ ਨੂੰ ਇਕੱਠੀਆਂ ਕਰਕੇ ਜੈਬੇ ਨੇ ਪਿੰਡ ਦੇ ਛੱਪੜ ਵਿੱਚ ਲਿਆ ਵਾੜੀਆਂ। ਆਪ ਉਹ ਪਿੱਪਲ ਦੀਆਂ ਜੜ੍ਹਾਂ ਵਿੱਚ ਬੈਠ ਗਿਆ। ਉਹ ਦਾ ਮੋਢਾ ਦੁਖ ਰਿਹਾ ਸੀ।

ਅੱਜ ਤਾਂ ਜਿਵੇਂ ਉਸ ਲਈ ਦਿਨ ਹੀ ਮਾੜਾ ਚੜ੍ਹਿਆ ਸੀ। ਅੱਜ ਤੜਕੇ ਸਦੇਹਾਂ ਉੱਠ ਕੇ ਜਦ ਉਹ ਸਰਦਾਰ ਦੇ ਘਰ ਨੂੰ ਆਉਣ ਲੱਗਿਆ ਸੀ ਤਾਂ ਉਹ ਦੀ ਮਾਂ ਨੇ ਉਸ ਨੂੰ ਗੋਦੀ ਵਾਲੀ ਕੁੜੀ ਫੜਾ ਦਿੱਤੀ ਸੀ। ਗੋਦੀ ਵਾਲੀ ਕੁੜੀ ਜਿਹੜੀ ਨਾ ਮਰਦੀ ਸੀ ਤੇ ਨਾ ਜਿਉਂਦੀ। ਸੁੱਕੀਆਂ ਲੱਤਾਂ ਤੇ ਬਾਹਾਂ, ਮੁਰਦਲੀ ਗਰਦਨ, ਸਿਰ ਦੇ ਵਾਲ ਉੱਖੜੇ ਹੋਏ ਤੇ ਢਿੱਡ ਵਧ ਕੇ ਤੋਰੀ ਬਣਿਆ ਹੋਇਆ। ਬਹੁਤੀ ਹੀ ਕਿਰ੍ਹੜੀ! ਬਿੰਦੇ-ਬਿੰਦੇ ਲੇਰਾਂ ਛੱਡਦੀ। ਜੈਬੇ ਨੇ ਉਸ ਨੂੰ ਗੋਦੀ ਚੁੱਕਿਆ ਸੀ ਤਾਂ ਕਿਤੇ ਜਾ ਕੇ ਉਹ ਦੀ ਮਾਂ ਨੇ ਉਹ ਦੇ ਪਿਓ ਲਈ ਚਾਹ ਬਣਾ ਕੇ ਦਿੱਤੀ ਸੀ। ਦੂਜੀ ਵਾਰ ਦੀ ਚਾਹ। ਟਾਹਲੀ ਦੇ ਰਸ ਮੋੜ ਵੜ੍ਹਾਂਗ ਦੀ ਅੱਗ ਛੇਤੀ ਨਹੀਂ ਸੀ ਬਲੀ ਤੇ ਚਾਹ ਬਣਨ ਵਿੱਚ ਖ਼ਾਸਾ ਚਿਰ ਲੱਗ ਗਿਆ ਸੀ। ਚੰਘਿਆੜਾਂ ਮਾਰਦੀ ਕੁੜੀ ਨੂੰ ਮਾਂ ਕੋਲ ਸਿੱਟ ਕੇ ਜਦ ਉਹ ‘ਸਰਦਾਰ’ ਦੇ ਘਰ ਪਹੁੰਚਿਆ ਸੀ ਤਾਂ ਉਹ ਉਸ ਨੂੰ ਚਾਰੇ ਪੈਰ ਚੁੱਕ ਕੇ ਪਿਆ ਸੀ। ਨਾਲ ਦੀ ਨਾਲ ਇੱਕ ਚਪੇੜ ਵੀ ਉਸ ਦੇ ਜੜ ਦਿੱਤੀ ਸੀ ਤੇ ਕੜਕਿਆ ਸੀ- 'ਹੁਣ ਮਹੀਆਂ ਖੋਲ੍ਹਣ ਦਾ ਵੇਲੈ, ਕਮੂਤਾ?' ਡੁਸਕਦੇ ਰੋਂਦੇ ਨੇ ਉਸ ਨੇ ਦਬਾਸਟ ਮੱਝਾਂ ਖੋਲ੍ਹ ਲਈਆਂ ਸਨ ਤੇ ‘ਸਰਦਾਰ’ ਦੇ ਬੰਬੇ ਵਾਲੇ ਖੇਤ ਵਿੱਚ ਜਾ ਕੇ ਲੰਮੇ ਖਾਲ਼ ਪਾ ਦਿੱਤੀਆਂ ਸਨ।

ਹੁਣ ਜਦੋਂ ਕਿ ਉਹ ਛੱਪੜ ਵਾਲੇ ਵੱਡੇ ਪਿੱਪਲ ਦੀਆਂ ਜੜ੍ਹਾਂ ਵਿੱਚ ਬੈਠਾ ਸੀ ਤੇ ਮੱਝਾਂ ਸਾਰੀਆਂ ਦੀਆਂ ਸਾਰੀਆਂ ਪਾਣੀ ਵਿੱਚ ਢੂਹਾ ਡੋਬੀਂ ਬੈਠੀਆਂ ਸਨ ਤਾਂ ਉਸ ਦੇ ਦਿਮਾਗ਼ ਵਿੱਚੋਂ ਇੱਕ ਗੱਲ ਨਿਕਲਦੀ ਸੀ, ਇੱਕ ਵੜਦੀ ਸੀ।

ਉਹਦਾ ਪਿਓ ਪਹਿਲੀ ਉਮਰ ਵਿੱਚ ਖੂਹ ਲਾਉਣ ਦਾ ਕੰਮ ਕਰਦਾ ਹੁੰਦਾ ਤੇ ਫੱਗਣ ਚੇਤ ਦੇ ਮਹੀਨੇ ਤੂਤਾਂ ਦੀਆਂ ਛਟੀਆਂ ਦੇ ਟੋਕਰੇ ਬਣਾਉਂਦਾ ਹੁੰਦਾ। ਹੌਲੀਂ-ਹੌਲੀਂ ਉਸ ਨੇ ਇਕ ਊਠ ਖਰੀਦ ਲਿਆ ਸੀ। ਪਹਿਲਾਂ-ਪਹਿਲਾਂ ਤਾਂ ਉਹ ਊਠ 'ਤੇ ਭਾੜਾ ਢੋਂਦਾ ਰਿਹਾ ਤੇ ਫਿਰ ਦੋ ਤਿੰਨ ਸਾਲਾਂ ਵਿੱਚ ਕਮਾਈ ਕਰਕੇ ਉਸ ਨੇ ਇਕ ਊੱਠ ਗੱਡੀ ਖਰੀਦ ਲਈ ਸੀ।

ਜੈਬੇ ਤੋਂ ਵੱਡੀ ਕੁੜੀ ਦਾ ਵਿਆਹ ਪਿਛਲੇ ਵਰ੍ਹੇ ਜਦ ਉਸ ਨੇ ਕੀਤਾ ਸੀ ਤਾਂ ਇੱਕ ਹਜਾਰ ਰੁਪਈਆ ‘ਸਰਦਾਰ’ ਤੋਂ ਵਿਆਜੂ ਲੈ ਲਿਆ ਸੀ। ਸਾਲ ਪਿੱਛੋਂ ਜਿਹੜਾ ਵਿਆਜ ਬੈਠਦਾ ਸੀ। ਉਹ ਤਾਂ ਉਸ ਨੇ ਏਸ ਸਾਲ ਦੇ ਦਿੱਤਾ ਸੀ, ਪਰ ਆਉਂਦੇ ਸਾਲ ਦੇ ਵਿਆਜ ਵਿੱਚ ਉਸ ਨੇ ਜੈਬੇ ਨੂੰ ‘ਸਰਦਾਰ’ ਦੀਆਂ ਪੰਜ ਮੱਝਾਂ ਦਾ ਪਾਲੀ ਲਾ ਦਿੱਤਾ ਸੀ।

ਜੈਬਾ ਸਾਰਾ ਹੀ ਤੇਰਾਂ ਚੌਦਾਂ ਸਾਲ ਦਾ ਸੀ। ਜਿੱਦਣ ਦੀ ਉਸ ਦੀ ਸੁਰਤ ਸੰਭਲੀ ਸੀ, ਉਸ ਨੂੰ ਲੱਗਦਾ ਸੀ ਕਿ ਜੰਮਦਾ ਹੀ ਉਹ ਕੰਮਾਂ ਵਿੱਚ ਪੈ ਗਿਆ ਹੈ। ਉਹ ਰੱਜ ਕੇ ਕਦੇ ਵੀ ਹਾਣੀਆਂ ਨਾਲ ਖੇਡਿਆ ਨਹੀਂ ਸੀ।

ਤੜਕੇ ਦੀ ਚਾਹ ਉਹ ‘ਸਰਦਾਰ’ ਦੇ ਘਰ ਆ ਕੇ ਪੀਂਦਾ ਹੁੰਦਾ। ਚਾਹ ਦੇ ਨਾਲ ਹੀ ਉਸ ਨੂੰ ਦੁਪਹਿਰ ਵਾਸਤੇ ਚਾਰ ਮਿੱਸੀਆਂ ਤੇ ਖਰਖਰੇ ਵਰਗੀਆਂ ਅਣਚੋਪੜੀਆਂ ਰੋਟੀਆਂ ਮਿਲ ਜਾਂਦੀਆਂ। ਨਾਲ ਨੂੰ ਦੋ ਗੰਢੇ ਜਾਂ ਅੰਬ ਦਾ ਆਚਾਰ। ਪਿਛਲੇ ਪਹਿਰ ਦੀ ਚਾਹ ਉਸ ਨੂੰ ਕਦੇ ਨਹੀਂ ਸੀ ਮਿਲੀ। ਆਥਣੇ ਜਦ ਉਹ ਮੱਝਾਂ ਲੈ ਕੇ ਘਰ ਆਉਂਦਾ ਤਾਂ ਮੱਝਾਂ ਨੂੰ ਕਿੱਲਿਆਂ ’ਤੇ ਬੰਨ੍ਹਣ ਤੋਂ ਪਿੱਛੋਂ ਹੋਰ ਵੀ ਛੋਟੇ ਮੋਟੇ ਕੰਮ ‘ਸਰਦਾਰ’ ਦੇ ਕਰਦਾ ਰਹਿੰਦਾ। ਰੋਟੀ ਜਦ ਪੱਕ ਜਾਂਦੀ ਤਾਂ ਸਿਲਵਰ ਦੇ ਕੌਲੇ ਵਿੱਚ ਦਾਲ ਪਵਾ ਕੇ ਤੇ ਚਾਰ ਰੋਟੀਆਂ ਲੈ ਕੇ ਘਰ ਨੂੰ ਆ ਜਾਂਦਾ।

ਜੈਬਾ ਪਿੱਪਲ ਦੀਆਂ ਜੜਾਂ ਵਿੱਚ ਬੈਠਾ ਓਥੇ ਹੀ ਥਾਂ ਦੀ ਥਾਂ ਟੇਢਾ ਹੋ ਗਿਆ ਸੀ। ਉਸ ਦੇ ਮਨ ਵਿੱਚ ਕਿਸ-ਕਿਸਮ ਦੇ ਖਿਆਲ ਫੁੱਟ ਰਹੇ ਸਨ। ਉਸ ਨੂੰ ਆਪਣੇ ਪਿਓ ਤੇ ਤਰਸ ਆ ਰਿਹਾ ਸੀ, ਜਿਹੜਾ ਸਾਰੀ ਦਿਹਾੜੀ ਊਠ ਗੱਡੀ ਵਾਹ ਕੇ ਸਾਰੇ ਟੱਬਰ ਦਾ ਢਿੱਡ ਮਸ੍ਹਾਂ ਤੋਰਦਾ ਸੀ। ਉਸ ਨੂੰ ਆਪਣੇ ਮਾਂ 'ਤੇ ਤਰਸ ਆ ਰਿਹਾ ਸੀ, ਜਿਹੜੀ ਦਿਨ ਵੇਲੇ ਲੋਕਾਂ ਦੇ ਘਰ ਗੋਲੇ ਧੰਦੇ ਕਰਦੀ ਫਿਰਦੀ ਤੇ ਆਥਣ ਵੇਲੇ ਭੱਠੀ 'ਤੇ ਦਾਣੇ ਭੁੰਨ੍ਹ ਕੇ ਡੰਗ ਦਾਣੇ ਕਰਕੇ ਲਿਆਉਂਦੀ। ਉਸ ਨੂੰ ਆਪਣੀ ਮਾਂ ’ਤੇ ਤਰਸ ਆ ਰਿਹਾ ਸੀ, ਜਿਹੜੀ ਦਿਨ ਵੇਲੇ ਲੋਕਾਂ ਦੇ ਘਰ ਗੋਲੇ ਧੰਦੇ ਕਰਦੀ ਫਿਰਦੀ ਤੇ ਆਥਣ ਵੇਲੇ ਭੱਠੀ 'ਤੇ ਦਾਣੇ ਭੁੰਨ ਕੇ ਡੰਗ ਦੇ ਦਾਣੇ ਕਰਕੇ ਲਿਆਉਂਦੀ। ਉਸ ਨੂੰ ਆਪਣੇ 'ਤੇ ਤਰਸ ਆ ਰਿਹਾ ਸੀ, ਜਿਹੜਾ ਇੱਕ ਹਜ਼ਾਰ ਰੁਪਈਏ ਦੇ ਵਿਆਜ ਵਿੱਚ ‘ਸਰਦਾਰ' ਦੇ ਸਾਰੇ ਦਿਨ ਦਾ ਗੁਲਾਮ ਬਣਿਆ ਹੋਇਆ ਸੀ।

ਉਹ ਦਾ ‘ਸਰਦਾਰ’ ਬਹੁਤ ਵੱਡਾ ਜਿੰਮੀਦਾਰ ਸੀ। ਉਸ ਕੋਲ ਸੱਠ ਸੱਤਰ ਕਿੱਲੇ ਆਪ ਦੀ ਜ਼ਮੀਨ ਸੀ ਤੇ ਐਨੀ ਹੀ ਹੋਰ ਹੋਰ ਜ਼ਮੀਨ ਉਸ ਨੇ ਗਹਿਣੇ ਲਈ ਹੋਈ ਸੀ। ਹਾੜ੍ਹੀ ਸੌਣੀ ਉਸਦੇ ਹਜ਼ਾਰਾਂ ਮਣ ਦਾਣੇ ਘਰ ਆਉਂਦੇ। ਘੱਟ ਜ਼ਮੀਨਾਂ ਵਾਲੇ ਜੱਟਾਂ, ਮਜ਼੍ਹਬੀ, ਰਾਮਦਾਸੀਆਂ ਤੇ ਹੋਰ ਗ਼ਰੀਬ ਲੋਕਾਂ ਨੂੰ ਵਿਆਜੂ ਰੁਪਈਏ ਵੀ ਉਹ ਦਿੰਦਾ ਸੀ। ਕਿਸੇ ਨੂੰ ਦੋ ਸੌ, ਕਿਸੇ ਨੂੰ ਸੌ, ਕਿਸੇ ਨੂੰ ਪੰਜਾਹ ਤੇ ਕਿਸੇ-ਕਿਸੇ ਦਸ ਵੀਹ ਰੁਪਈਏ ਵੀ ਉਹ ਵਿਆਜ 'ਤੇ ਦੇ ਦਿੰਦਾ। ਸਾਰੇ ਹਾਰੇ ਟੁੱਟੇ ਲੋਕ ਉਸ ਦੀ ਸ਼ਾਨੀ ਭਰਦੇ, ਉਹ ਦੀਆਂ ਸਾਰੀਆਂ ਸਾਮੀਆਂ ਉਹ ਦੇ ਪੈਰਾਂ ਥੱਲੇ ਹੱਥ ਦਿੰਦੀਆਂ। ਉੱਤੋਂ-ਉੱਤੋਂ ਉਹ ਮਿੱਠਾ ਬੜਾ ਸੀ। ਹਰ ਬੰਦੇ ਨੂੰ ਪਹਿਲਾਂ ਬੁਲਾਉਂਦਾ। ਐਵੇਂ ਹੀ ਹਰ ਇੱਕ ਨੂੰ ‘ਮਹਾਰਾਜ' ਕਹਿ ਦਿੰਦਾ। ਵਿਚੋਂ ਪਰ ਉਹ ਇੰਕ ਜੋਕ ਸੀ, ਜਿਸ ਦੇ ਲੱਗ ਜਾਂਦੀ, ਸਾਰਾ ਖੂਨ ਚੂਸੇ ਬਿਨਾਂ ਨਹੀਂ ਸੀ ਲਹਿੰਦੀ।

ਜੈਬੇ ਦਾ ਸਿਰ ਤਾਂ ਤੜਕੇ ਦਾ ਹੀ ਦੁਖ ਰਿਹਾ ਸੀ। ਉਹ ਦਾ ਪਿੰਡਾ ਤਾਂ ਤੜਕੇ ਦਾ ਹੀ ਤੱਤਾ ਸੀ। ਹੁਣ ਉਸ ਦੇ ਮੂੰਹ ਵਿੱਚੋਂ ਖੱਟੇ ਪਾਣੀ ਦੀਆਂ ਕੁਰਲੀਆਂ ਆਉਣ ਲੱਗੀਆਂ। ਓਥੇ ਪਏ-ਪਏ ਨੂੰ ਹੀ ਉਸ ਨੂੰ ਉਲਟੀ ਆ ਗਈ। ਉਸ ਦਾ ਸਾਰਾ ਖਾਧਾ ਪੀਤਾ ਬਾਹਰ ਆ ਗਿਆ। ਪੁੜਪੁੜੀਆਂ ਘੁੱਟਕੇ ਥਾਂ ਦੀ ਥਾਂ ਉਹ ਬੈਠਾ ਰਿਹਾ। ਉਸ ਨੂੰ ਮਹਿਸੂਸ ਹੋਇਆ ਕਿ ਉਲਟੀ ਆਉਣ ਨਾਲ ਉਸ ਦਾ ਸਿਰ ਹੌਲਾ ਜਿਹਾ ਹੋ ਗਿਆ ਹੈ, ਪਰ ਤਾਪ ਨਾਲ ਦੀ ਨਾਲ ਕੜਕੜਾ ਕੇ ਚੜ੍ਹ ਗਿਆ ਹੈ। ਉਸ ਨੇ ਲਹਿੰਦੇ ਵੱਲ ਨਜ਼ਰ ਮਾਰੀ, ਸੂਰਜ ਜੜ੍ਹੀਂ ਜਾ ਲੱਗਿਆ ਸੀ। ਔਖੇ ਸੁਖਾਲੇ ਨੇ ਡਲੇ ਮਾਰ-ਮਾਰ ਉਸ ਨੇ ਸਾਰੀਆਂ ਮੱਝਾਂ ਛੱਪੜ ਵਿੱਚੋਂ ਕੱਢ ਲਈਆਂ ਤੇ ‘ਸਰਦਾਰ’ ਦੇ ਘਰ ਵੱਲ ਨੂੰ ਹੱਕ ਲਈਆਂ।

‘ਸਰਦਾਰ' ਵਿਹੜੇ ਵਿੱਚ ਛਿੜਕਾਅ ਕਰੀਂ ਮੰਜੇ 'ਤੇ ਬੈਠਾ ਘਰ ਦੀ ਕੱਢੀ ਸ਼ਰਾਬ ਪੀ ਰਿਹਾ ਸੀ। ਮੁਫ਼ਤ ਵਿੱਚ ਸ਼ਾਇਦ ਉਸ ਨੂੰ ਕੋਈ ਦੇ ਗਿਆ ਸੀ। ਜੈਬੇ ਨੂੰ ਦੇਖਣ ਸਾਰ ਉਸ ਨੇ ਮਾਂ ਦੀ ਗਾਲ ਕੱਢੀ ਤੇ ਕਿਹਾ-ਕੁਖਾਂ ਤਾਂ ਓਵੇਂ ਜਿਵੇਂ ਖ਼ਾਲੀ ਪਈਆਂ ਨੇ। ਕਦੇ ਮੂੰਹ ਵੀ ਮਾਰ ਲੈਣ ਦਿਆ ਕਰ ਮਾਵਾਂ ਨੂੰ।' ਉਹ ਤਾਪ ਦੀ ਘੂਕੀ ਨਾਲ ਬੋਲਾ ਜਿਹਾ ਬਣਿਆ ਹੋਇਆ ਸੀ। ਇਸ ਕਰਕੇ ਉਸ ਤੋਂ ਕੋਈ ਜਵਾਬ ਨਾ ਦਿੱਤਾ ਗਿਆ।

‘ਕੌਲਾ ਲਿਆ ਓਏ ਚੱਕ ਕੇ', ਸਰਦਾਰ ਨੇ ਕਿਹਾ। ਉਸਨੂੰ ਸ਼ਾਇਦ ਸ਼ਰਾਬ ਦਾ ਪੂਰਾ ਚੱਕਰ ਆਇਆ ਹੋਇਆ ਸੀ। ਜੈਬੇ ਨੇ ਦੱਸਿਆ ਕਿ ਉਹ ਨੂੰ ਤਾਂ ਤਾਪ ਚੜਿਆ ਹੋਇਐ।

‘ਤੂੰ ਘੁੱਟ ਪੀ ਕੇ ਦੇਖ, ਤਾਪ ਸਾਲਾ ਵਿਚੇ ਭਸਮ ਨਾ ਹੋ ਗਿਆ ਤਾਂ ਕਹਿੰਦੀਂ।' ‘ਸਰਦਾਰ’ ਨੇ ਮੱਲੋਮੱਲੀ ਜੈਬੇ ਨੂੰ ਪਿਆ ਦਿੱਤੀ।

ਰੋਟੀ ਪਵਾ ਕੇ ਜਦ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਉਸ ਨੂੰ ਭੋਰਾ ਸੁਰਤ ਨਹੀਂ ਸੀ। ਉਹ ਠੇਡਾ ਖਾ ਕੇ ਡਿੱਗ ਪਿਆ। ਉਸ ਦੇ ਕੌਲੇ ਵਿਚਲੀ ਛੋਲਿਆਂ ਦੀ ਦਾਲ ਸਾਰੀ ਡੁੱਲ੍ਹ ਗਈ। ਰੋਟੀਆਂ ਵੀ ਬੁੜ੍ਹਕ ਕੇ ਔਹ ਗਈਆਂ। ਜਦ ਉਸ ਨੂੰ ਥੋੜ੍ਹਾ ਜਿਹਾ ਸਾਹ ਆਇਆ ਤੇ ਸੁਰਤ ਪਰਤੀ ਤਾਂ ਰੇਤੇ ਵਿੱਚ ਲਿੱਬੜੀਆਂ ਰੋਟੀਆਂ ਖ਼ਾਲੀ ਕੌਲੇ ’ਤੇ ਧਰ ਕੇ ਕੰਧਾਂ ਨਾਲ ਵੱਜਦਾ ਉਹ ਘਰ ਨੂੰ ਤੁਰ ਪਿਆ।