ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਖਾਰਾ ਦੁੱਧ

ਵਿਕੀਸਰੋਤ ਤੋਂ

ਖਾਰਾ ਦੁੱਧ

ਬਾਰ ਮੂਹਰੇ ਖੜ੍ਹਕੇ ਮੈਂ ਹਾਕ ਮਾਰੀ, ਵਿਹੜੇ ਵਾਲੀ ਨਿੰਮ ਥੱਲੇ ਟੋਆ ਪੁੱਟ ਕੇ ਬੈਠਾ ਡੱਬ-ਖੜੱਬਾ ਕੁੱਤਾ ਭੌਕਿਆ।

ਬਾਹਰ ਵਾਲੀ ਕੱਚੀ ਕੰਧ ਮੋਢੇ ਜਿੰਨੀ ਉੱਚੀ ਸੀ ਥਾਂ-ਥਾਂ ਤੋਂ ਲਿਉੜ ਲਲ੍ਹੇ ਹੋਏ ਸਨ। ਜੜਾਂ ਵਿਚ ਤਾਂ ਇੱਟਾਂ ਬਿਲਕੁਲ ਹੀ ਨੰਗੀਆਂ ਪਈਆਂ ਸਨ। ਕੰਧ ਜਿਵੇਂ ਅੰਦਰ ਨੂੰ ਧਸ ਕੇ ਕੁੱਬੀ ਹੋ ਗਈ ਹੋਵੇ। ਬਾਰ ਵਿੱਚ ਲੱਕੜ ਦੀਆਂ ਅਣਘੜ ਫੱਟੀਆਂ ਦਾ ਖਿੜਕ ਲੱਗਿਆ ਹੋਇਆ ਸੀ। ਖਿੜਕ ਵਿਚ ਦੀ ਬਾਂਹ ਕੱਢ ਕੇ ਮੈਂ ਅੰਦਰਲਾ ਕੁੰਡਾ ਖੋਲਿਆ ਤੇ ਖਿੜਕ ਅੰਦਰ ਨੂੰ ਧੱਕ ਕੇ ਪਰ੍ਹਾਂ ਕੀਤਾ। ਨਿੰਮ ਥੱਲਿਓਂ ਉੱਠਕੇ ਕੁੱਤਾ ਮੇਰੇ ਵੱਲ ਦੌੜਿਆ ਖਿੜਕ ਨੂੰ ਮੈਂ ਤੇਜ਼ੀ ਨਾਲ ਭੇੜ ਲਿਆ। ਬੂਥੀ ਉਤਾਂਹ ਚੁੱਕ ਕੇ ਕੁੱਤਾ ਭੌਕਦਾ ਰਿਹਾ। ਟੀਟੂ ਨੂੰ ਗੋਦੀ ਚੁੱਕ ਕੇ ਗੁਰਮੀਤ ਪਰਾਂ ਜਾ ਖੜੀ ਸੀ। ਮੈਂ ਉੱਚੀ ਆਵਾਜ਼ ਦੇ ਕੇ ਫਿਰ ਹਾਕ ਮਾਰੀ। ਅੰਦਰੋਂ ਕੋਈ ਨਾ ਬੋਲਿਆ। ਕੁੱਤਾ ਵੀ ਭੁੱਕ-ਚੌਂਕ ਜਿਵੇਂ ਥੱਕ ਜਿਹਾ ਗਿਆ ਸੀ। ਆਪਣੀ ਲੰਬੜ-ਪੂਛ ਨੂੰ ਢਿੱਲੀ ਛੱਡੀ ਉਹ ਨਿੰਮ ਵੱਲ ਜਾ ਰਿਹਾ ਸੀ।ਗੁਰਮੀਤ ਨੇ ਮੇਰੇ ਕੋਲ ਆ ਕੇ ਅੱਖਾਂ ਵਿਚ ਕੁਝ ਸਮਝਾਇਆ। ਮਿਲਖੀ ਬੱਕਰੀ ਦਾ ਕੰਨ ਫੜੀ ਸਾਡੇ ਵੱਲ ਆ ਰਿਹਾ ਸੀ। ਸਾਨੂੰ ਦੇਖ ਕੇ ਉਹ ਮਿੰਨਾਮਿੰਨਾ ਹੱਸ ਰਿਹਾ ਸੀ। ਮੈਂ ਉਸ ਨੂੰ ਮੱਥਾ ਟੇਕਿਆ ਸੀ। ਮੱਥਾ ਮੰਨ ਕੇ ਉਸ ਨੇ ਮੇਰੇ ਨਾਲ ਹੱਥ ਮਿਲਾਇਆ। ਗੁਰਮੀਤ ਵੱਲ ਮੈਂ ਝਾਕਿਆ। ਉਸ ਨੇ ਟੀਟੂ ਨੂੰ ਗੋਦੀਓਂ ਉਤਾਰ ਕੇ ਚੁੰਨੀ ਦੇ ਦੋਵੇਂ ਲੜ ਫੜੇ ਤੇ ਮਿਲਖੀ ਦੇ ਪੈਰ ਛੋਹ ਲਏ। ਬੱਕਰੀ ਮਿਆਂ-ਮਿਆਂ ਕਰਦੀ ਰਹੀ। ਖਿੜਕ ਅੰਦਰ ਨੂੰ ਧੱਕ ਕੇ ਉਸ ਨੇ ਬੱਕਰੀ ਨੂੰ ਅੰਦਰ ਕੀਤਾ। ਨਾਲ ਦੀ ਨਾਲ ਮੈਂ ਵੀ ਅੰਦਰ ਲੰਘ ਗਿਆ। ਗੁਰਮੀਤ ਦੀ ਉਂਗਲੀ ਫੜੀ ਟੀਟੂ ਵੀ ਅੰਦਰ ਆ ਗਿਆ। ਖਿੜਕ ਦਾ ਅੰਦਰਲਾ ਕੁੰਡਾ ਲਾ ਕੇ ਮਿਲਖੀ ਨੇ ਟੀਟੂ ਨੂੰ ਗੋਦੀ ਚੁੱਕ ਲਿਆ ਤੇ ਉਸ ਦੀ ਗੱਲੂ ਨਾਲ ਗੱਲੂ ਲਾ ਕੇ ਉਸ ਨੂੰ ਪਿਆਰ ਕਰਨ ਲੱਗਿਆ। ਕੁੱਤਾ ਹੁਣ ਭੁੱਕ ਨਹੀਂ ਸੀ ਰਿਹਾ। ਪਰ ਘੁਰ-ਘੁਰ ਉਸ ਦੀ ਜਾਰੀ ਸੀ। ਮਿਲਖੀ ਨੇ ਉਸ ਨੂੰ ਝਿੜਕਿਆ ਕੁੱਤੇ ਨੇ ਘੁਰ-ਘੁਰ ਬੰਦ ਕਰ ਦਿੱਤੀ।ਓਪਰੀ-ਓਪਰੀ ਨਿਗਾਹ ਨਾਲ ਪਰ ਉਹ ਸਾਡੇ ਵਲ ਅਜੇ ਵੀ ਝਾਕ ਰਿਹਾ ਸੀ।

ਜੇਠ ਹਾੜ੍ਹ ਦਾ ਮਹੀਨਾ ਸੀ। ਗਰਮੀ ਜ਼ੋਰਾਂ ਦੀ ਪੈ ਰਹੀ ਸੀ। ਜ਼ਰਾ ਕੁ ਸੂਰਜ ਉੱਚਾ ਹੁੰਦਾ, ਧਰਤੀ ਝੱਟ ਤਪਣ ਲੱਗ ਪੈਂਦੀ। ਹਨੇਰੀਆਂ ਵਗਦੀਆਂ, ਤੱਤੀ ਹਵਾ ਇਉਂ ਲੱਗਦੀ ਜਿਵੇਂ ਭੱਠ ਵਿੱਚੋਂ ਨਿਕਲ ਕੇ ਆਈ ਹੋਵੇ। ਸੂਰਜ ਢਲੇ, ਹਵਾ ਦੀ ਤਪਸ਼ ਜਦ ਥੋੜ੍ਹੀ ਜਿਹੀ ਘਟੀ ਸੀ ਤਾਂ ਅਸੀਂ ਸ਼ਹਿਰ ਤੋਂ ਚੱਲੇ ਸਾਂ।ਪੰਜ ਮੀਲ ਦਾ ਕੱਚਾ ਰਾਹ। ਪਰ ਸਾਈਕਲ ਚੱਲ ਸਕਦਾ ਸੀ। ਟੀਟ ਨੂੰ ਡੰਡੇ ਉੱਤੇ ਤੇ ਗੁਰਮੀਤ ਨੂੰ ਕੈਰੀਅਰ ਤੇ ਬਹਾ ਕੇ ਮੈਂ ਲੈ ਤਾਂ ਆਇਆ ਸੀ, ਪਰ ਪਿੰਡੇ ਦੀ ਮੈਲ ਤੇ ਮੁੜਕੇ ਨੇ ਮੈਨੂੰ ਬੁਰੀ ਤਰ੍ਹਾਂ ਅੱਕਲਕਾਣ ਕਰ ਦਿੱਤਾ ਸੀ।

ਦਿਨ ਛਿਪਣ ਵਾਲਾ ਸੀ। ਹਵਾ ਬੰਦ ਸੀ।ਅਸਮਾਨ ਉੱਤੇ ਬਦਾਮੀ ਰੇਤ ਚੜ੍ਹੀ ਹੋਈ ਸੀ। ਨਿੰਮ ਥਲਿਉਂ ਚੌਕੜੇ ਦਾ ਮੰਜਾ ਚੁੱਕ ਕੇ ਮਿਲਖੀ ਨੇ ਸਬਾਤ ਦੇ ਮੂਹਰੇ ਵਿਹੜੇ ਵਿੱਚ ਡਾਹ ਦਿੱਤਾ। ਇੱਕ ਮੰਜਾ ਉਹ ਹੋਰ ਅੰਦਰੋਂ ਸਬਾਤ ਵਿਚੋਂ ਕੱਢ ਲਿਆਇਆ। ਅਸੀਂ ਬੈਠ ਗਏ। ਉਹ ਗੁਰਮੀਤ ਦੇ ਨੰਗੇ ਮੂੰਹ ਵਲ ਘੂਰ ਘੂਰ ਦੇਖ ਰਿਹਾ ਸੀ ਤੇ ਗੁਰਮੀਤ ਮੇਰੇ ਵਲ ਘੂਰ ਘੂਰ। ਅਸਲ ਵਿੱਚ ਗੱਲ ਇਹ ਸੀ ਕਿ ਗੁਰਮੀਤ ਸ਼ਹਿਰ ਦੀ ਜੰਮਪਲ ਤੇ ਦਸ ਜਮਾਤਾਂ ਪੜੀ ਹੋਣ ਕਰਕੇ ਰਾਹ ਵਿੱਚ ਮੇਰੇ ਨਾਲ ਬਹਿਸ ਕਰਦੀ ਆਈ ਸੀ ਕਿ ਮੇਰੇ ਮਾਮੇ ਦੇ ਪੁੱਤ ਦੇ ਪੈਰੀਂ ਹੱਥ ਉਹ ਬਿਲਕੁਲ ਨਹੀਂ ਲਾਏਗੀ, ਸਤਿ ਸ੍ਰੀ ਅਕਾਲ ਹੀ ਬੁਲਾ ਛੱਡੇਗੀ। ਮੈਂ ਕਹਿੰਦਾ ਸਾਂ ਕਿ ਮਾਮੇ ਦਾ ਪੁੱਤ ਪੁਰਾਣੇ ਖ਼ਿਆਲਾਂ ਦਾ ਹੈ। ਪੈਰੀਂ ਹੱਥ ਲਾਏਂਗੀ ਤਾਂ ਉਹ ਖ਼ੁਸ਼ ਹੋਵੇਗਾ। ਤੇਰਾ ਇਸ ਵਿੱਚ ਕੀ ਜਾਂਦਾ ਹੈ। ਉਹ ਖ਼ੁਸ਼ ਹੋ ਜਾਏਗਾ। ਹੁਣ ਉਸ ਨੇ ਪੈਰੀਂ ਹੱਥ ਲਾ ਤਾਂ ਦਿੱਤੇ ਸਨ ਪਰ ਆਪਣੀ ਮਰਜ਼ੀ ਦੇ ਉਲਟ। ਗੁਰਮੀਤ ਨੂੰ ਨੰਗੇ ਮੂੰਹ ਬੈਠੀ ਦੇਖ ਕੇ ਮਿਲਖੀ ਸ਼ਾਇਦ ਖਿਝ ਰਿਹਾ ਸੀ। ਉਹ ਸਾਡੇ ਪੀਣ ਵਾਸਤੇ ਕੋਰੀ ਤੌੜੀ ਵਿਚੋਂ ਠੰਢਾ ਪਾਣੀ ਲੈਣ ਗਿਆ ਤਾਂ ਮੈਂ ਗੁਰਮੀਤ ਨੂੰ ਆਖਿਆ ਕਿ ਉਹ ਘੁੰਢ ਕੱਢ ਲਵੇ।ਉਸ ਨੇ ਨਾਂਹ-ਨੁੱਕਰ ਤਾਂ ਬਹੁਤ ਕੀਤਾ ਪਰ ਜਦ ਮਿਲਖੀ ਪਾਣੀ ਦਾ ਵੱਡਾ ਡੋਲੂ ਤੇ ਕੱਚ ਦਾ ਗਲਾਸ ਲੈ ਕੇ ਆ ਖੜੋਤਾ ਤਾਂ ਉਸ ਨੇ ਮੱਥੇ ਉਤੋਂ ਚੁੰਨੀ ਨੀਵੀਂ ਕਰ ਲਈ।ਪਾਣੀ ਦਾ ਗਲਾਸ ਮੇਰੇ ਹੱਥ ਫੜਾ ਕੇ ਉਹ ਮੇਰੇ ਨਾਲ ਹੀ ਮੰਜੇ ਉਤੇ ਬੈਠ ਗਿਆ ਤੇ ਕਹਿਣ ਲੱਗਿਆ, "ਹੁਣ ਬਣੀ ਨਾ ਗੱਲ। ਦੇਖ, ਕਿੰਨੀ ਚੰਗੀ ਲਗਦੀ ਐ।" ਮੈਂ ਪਾਣੀ ਦੀ ਘੱਟ ਭਰ ਕੇ ਹੱਸ ਪਿਆ। ਉਹ ਵੀ ਹੱਸਿਆ। ਗੁਰਮੀਤ ਨੇ ਪਰ੍ਹਾਂ ਮੂੰਹ ਭੰਵਾ ਲਿਆ। ਟੀਟੂ ਨੇ ਮੇਰੇ ਹਥੋਂ ਗਲਾਸ ਫੜਿਆ ਤੇ ਪਾਣੀ ਪੀਣ ਲੱਗਿਆ। 'ਚਾਹ ਕਰਾਂ ਕਿ ਕੱਚੀ ਲੱਸੀ?' ਮਿਲਖੀ ਨੇ ਪੁੱਛਿਆ।

'ਨਾ ਚਾਹ ਦੀ ਲੋੜ ਐ, ਨਾ ਲੱਸੀ ਦੀ।ਆਹ ਦੇਖ ਪਾਣੀ ਪੀ ਲਿਆ ਠੰਢਾ ਸ਼ਰਬਤ ਵਰਗਾ।' ਮੈਂ ਕਿਹਾ।

'ਨਹੀਂ, ਕੁਛ ਤਾਂ ਪੀਓਗੇ ਈ। ਬਿੰਦ ਕੁ ਠਹਿਰੋ, ਮੈਂ ਬੱਕਰੀ ਚੋਅ ਲਵਾਂ ਡੋਲੂ ਲੈ ਕੇ ਉਹ ਬੱਕਰੀ ਵੱਲ ਚਲਾ ਗਿਆ। ਵੱਡੇ ਟੋਕਰੇ ਨੂੰ ਉਤਾਂਹ ਚੁੱਕਿਆ। ਦੋ ਮੇਮਣੇ ਬੱਕਰੀ ਵੱਲ ਦੌੜੇ। ਜਾਣਸਾਰ ਥਣਾਂ ਨੂੰ ਚੂਪਣ ਲੱਗੇ ਤੇ ਫਿਰ ਚੁੰਘਣ ਲੱਗੇ। ਚਾਰ ਚਾਰ ਘੁੱਟਾਂ ਉਨ੍ਹਾਂ ਦੇ ਸੰਘੋ ਥੱਲੇ ਗਈਆਂ ਹੋਣਗੀਆਂ, ਮਿਲਖੀ ਨੇ ਦੋਵੇਂ ਮੇਮਣਿਆਂ ਨੂੰ ਥਣਾਂ ਨਾਲੋਂ ਤੋੜ ਲਿਆ। ਉਨ੍ਹਾਂ ਨੂੰ ਗਲੋਂ ਫੜਕੇ ਫਿਰ ਉਸਨੇ ਟੋਕਰੇ ਥੱਲੇ ਕਰ ਦਿੱਤਾ। ਲੂ ਵਿਚਲੇ ਥੋੜ੍ਹੇ ਜਿਹੇ ਪਾਣੀ ਨਾਲ ਬੱਕਰੀ ਦੇ ਥਣ ਧੋਤੇ ਤੇ ਫਿਰ ਡੋਲੂ ਵਿੱਚ ਹੀ ਧਾਰ ਕੱਢਣ ਲੱਗਿਆ।

ਗੁਰਮੀਤ ਚੁੱਪ ਚੁੱਪ ਜਿਹਾ ਹੱਸ ਰਹੀ ਸੀ।' ਬੱਕਰੀ ਦਾ ਦੁੱਧ ਪੀਤੈ ਕਦੇ ਜ਼ਿੰਦਗੀ ਚ?' ਮੈਂ ਕਿਹਾ। ਉਸ ਨੇ ਨੱਕ ਚੜਾਇਆ।

‘ਗਾਂਧੀ, ਪਤੈ, ਬੱਕਰੀ ਦਾ ਦੁੱਧ ਪੀਂਦਾ ਹੁੰਦਾ ਸੀ। ਬੱਕਰੀ ਦੇ ਦੁੱਧ ’ਚ ਸਾਰੇ ਵਿਟਾਮਿਨ ਹੁੰਦੇ ਨੇ। ਛੱਤੀ ਪਦਾਰਥ ਹੁੰਦੇ ਨੇ ਬੱਕਰੀ ਦੇ ਦੁੱਧ ’ਚ। ਜੰਗਲ ਦੀਆਂ ਸਾਰੀਆਂ ਜੜੀਆਂ ਬੂਟੀਆਂ ਦਾ ਅਸਰ।’ ਮੈਂ ਆਖਿਆ।

‘ਚੰਗਾ, ਡਿੱਕ ਲੌ ਪੀਪੀ ਅੱਜ।' ਉਹ ਹੱਸੀ ਤੇ ਚੁੰਨੀ ਦੀ ਕੋਰ ਤੱਕ ਉਤੋਂ ਦੀ ਕਰ ਲਈ।

ਖੰਡ ਵਾਲਾ ਕੋਰ ਤਪਲਾ ਉਹ ਸਬਾਤ ਵਿਚੋਂ ਕੱਢ ਕੇ ਲਿਆਇਆ। ਉਸ ਦੇ ਗਲ ਦੁਆਲਿਓਂ ਮੁੰਝ ਦੀ ਰੱਸੀ ਖੋਲ੍ਹੀ ਤੇ ਖੱਦਰ ਦਾ ਚਿੱਟਾ ਪੋਣਾ ਲਾਹਕੇ ਉਸ ਨੇ ਤਿੰਨ ਮੁੱਠੀਆਂ ਖੰਡ ਦੀਆਂ ਪਿੱਤਲ ਦੇ ਪਤੀਲੇ ਵਿੱਚ ਪਾ ਲਈਆਂ। ਚਾਰ-ਪੰਜ ਗਲਾਸ ਪਾਣੀ ਦੇ ਪਾ ਕੜਛੀ ਨਾਲ ਖੰਡ ਨੂੰ ਖੋਰਨ ਲੱਗ ਪਿਆ। ਅੱਧਾ ਗਿਲਾਸ ਦੁੱਧ ਦਾ ਪਾ ਕੇ ਉਹ ਪਤੀਲੇ ਨੂੰ ਹੀ ਸਾਡੇ ਕੋਲ ਚੁੱਕ ਲਿਆਇਆ।ਟੀਟੂ ਨੇ ਅੱਧਾ ਗਲਾਸ ਪੀਤਾ ਤੇ ਕਹਿੰਦਾ, "ਖਾਲੀ (ਖਾਰੀ) ਐ।' ਗੁਰਮੀਤ ਨੇ ਇੱਕ ਗਲਾਸ ਪੀ ਲਿਆ ਤੇ ਕਹਿੰਦੀ‘ਬੱਸ, ਮੈਂ ਤਾਂ।"

"ਕਿਉਂ, ਗੁਰਮੀਤ ਕੁਰੇ, ਬਰਫ਼ ਤੋਂ ਬਿਨਾਂ ਸੁਆਦ ਨੀ ਲੱਗੀ ਹੋਣੀ?" ਕਹਿ ਕੇ ਮਿਲਖੀ ਹੱਸ ਪਿਆ। ਮੈਂ ਵੀ ਹੱਸਿਆ। ਇੱਕ ਗਲਾਸ ਮੈਂ ਪੀਤਾ। ਪਤੀਲਾ ਤਾਂ ਅਜੇ ਅੱਧਾ ਪਿਆ ਸੀ।

ਤੁਸੀਂ ਤਾਂ ਚਿੜੀਆਂ ਵਾਗੂੰ ਚੁੰਝਾਂ ਜ਼ੀਆਂ ਡੋਬ ਲੀਆਂ। ਕੁਛ ਤਾਂ ਪੀਓ।` ਇੱਕ ਗਲਾਸ ਭਰ ਕੇ ਉਸ ਨੇ ਗੁਰਮੀਤ ਦੇ ਮੂਹਰੇ ਕੀਤਾ। ਉਸ ਨੇ ਤਾਂ ਹੱਥ ਹੀ ਨਾ ਕਢਿਆ॥ ਹਾਰ ਕੇ ਗਲਾਸ ਮੈਂ ਫੜਿਆ ਤੇ ਟੀਟੂ ਦੇ ਮੂੰਹ ਨੂੰ ਲਾਉਣਾ ਚਾਹਿਆ।ਉਹ ਪਿਛਾਂਹ ਨੂੰ ਹੋ ਗਿਆ। ਔਖਾ ਸੁਖਾਲਾ ਹੋ ਕੇ ਮੈਂ ਹੀ ਸਾਰਾ ਗਲਾਸ ਪੀਤਾ। ਬਾਕੀ ਦੀ ਸਾਰੀ ਲੱਸੀ ਮਿਲਖੀ ਨੇ ਪੀ ਲਈ ਤੇ ਭਾਂਡੇ ਸਾਡੇ ਕੋਲੋਂ ਚੁੱਕ ਕੇ ਲੈ ਗਿਆ।

‘ਸਬਜ਼ੀ ਭਾਜੀ ਤਾਂ, ਛੋਟੇ ਭਾਈ, ਕੋਈ ਮਿਲਣੀ ਨੀ, ਐਸ ਵੇਲੇ। ਦਾਲ ਲੈ ਆਵਾਂ, ਧੋਤੀ ਮੂੰਗੀ ਦੀ? ਛੇਤੀ ਬਣਜੂ।" ਉਸ ਨੇ ਪੁੱਛਿਆ।

‘ਠੀਕ ਬੱਸ, ਦਾਲ ਈ ਠੀਕ ਐ।" ਮੈਂ ਕਹਿ ਦਿੱਤਾ ਤੇ ਪੁੱਛਿਆ-‘ਕੁੰਡਾ-ਘੋਟਣਾ ਕਿੱਥੇ ਐ? ਤੇ ਫਿਰ ਆਖਿਆ ਲੂਣ-ਮਿਰਚਾਂ ਦੇ ਜਾ। ਐੱਦੇ ਨੂੰ ਮਸਾਲਾ ਅਸੀਂ ਰਗੜ ਲਾਂਗੇ।

‘ਤੁਸੀਂ ਬੈਠੋ। ਮੈਂ ਆਪੇ ਬਣਾ ਨੂੰ ਸਭ ਕੁਸ। ਥੋਨੂੰ ਘਰ ਆਇਆਂ ਨੂੰ, ਕੰਮ ਲੈਣੇ?

‘ਲੈ, ਗੈਸ ਵਰਗੀ ਤੀਵੀਂ ਤੇਰੇ ਘਰ ਬੈਠੀ ਐ। ਤੂੰ ਆਪ ਰੋਟੀ ਪਕੌਂਦਾ ਚੰਗਾ ਲੱਗੇਂਗਾ?' ਮੈਂ ਹੱਸਿਆ।

ਉਹ ਚੁੱਪ ਕੀਤਾ ਖੜ੍ਹਾ ਸੀ। ਮੈਨੂੰ ਲੱਗਿਆ ਜਿਵੇਂ ਉਸ ਨੇ ਸੁੱਕੇ ਬੁੱਕ ਦੀ ਇੱਕ ਕੌੜੀ ਘੁੱਟ ਸੰਘਾਂ ਥੱਲੇ ਲੰਘਾਈ ਹੋਵੇ। ਉਹ ਬੋਲਿਆ-ਅੱਜ ਤਾਂ ਇਹ ਪਕਾ ਦੁ, ਕੱਲ੍ਹ ਨੂੰ ਕੌਣ ਪਕਾਉ?

‘ਕੱਲ੍ਹ ਨੂੰ ਵੀ ਪਕਾ ਦੂਗੀ ਏਹ। ਮੇਰੇ ਕੰਨਿਓ ਤਾਂ ਮੀਨਾ ਵੀਹ ਦਿਨ ਰੱਖ ਲੈ ਜੇ ਰੱਖਣੀ ਐ।' ਮੈਂ ਉੱਚੀ-ਉੱਚੀ ਹੱਸਿਆ। ਗੁਰਮੀਤ ਨੇ ਮੇਰੇ ਪਾਸਿਓਂ ਘੁੰਡ ਦਾ ਪੱਲਾ ਹਟਾ ਕੇ ਅੱਖਾਂ ਵਿਚੋਂ ਮਿੱਠੇ ਮਿੱਠੇ ਗੁੱਸੇ ਦੇ ਤੀਰ ਛੱਡੇ। 'ਇਉਂ, ਭਰਾਵਾਂ, ਕੌਣ ਰਹਿੰਦੀ ਐ?" ਉਸ ਦੇ ਬੋਲ ਵਿੱਚ ਹਉਕਾ ਰਲਿਆ ਹੋਇਆ ਸੀ। ਸਬਾਤ ਵਿਚੋਂ ਕੰਡਾ ਘੋਟਣਾ ਲਿਆ ਕੇ ਉਸ ਨੇ ਸਬਾਤ ਮਹਲੇ ਚੌਤਰੇ ਉੱਤੇ ਚੁੱਲ੍ਹੇ ਦੇ ਕੋਲ ਧਰ ਦਿੱਤਾ। ਤਿੰਨ ਕੁੱਜੇ ਤੇ ਇੱਕ ਤਪਲਾ ਲਿਆ ਕੇ ਵੀ ਧਰ ਦਿੱਤਾ। ਤਪਲੇ ਵਿੱਚ ਸਾਬਤ ਲਾਲ ਮਿਰਚਾਂ ਸਨ। ਕੁੱਜਿਆਂ ਵਿੱਚ ਲੂਣ, ਵਰ ਤੇ ਧਣੀਆਂ ਜ਼ੀਰਾ। ਗੱਠਿਆਂ ਵਾਲੀ ਪੀਪੀ ਵੀ ਲਿਆ ਧਰੀ।

‘ਪੁੱਛਿਓਂ, ਮਿਰਚਾਂ ਕੌੜੀਆਂ ਤਾਂ ਨੀ ਬਹੁਤੀਆਂ?' ਮਿਰਚ ਦੀ ਇੱਕ ਡੰਡੀ ਤੋੜ ਕੇ ਗੁਰਮੀਤ ਨੇ ਮੈਨੂੰ ਪੁੱਛਿਆ।

'ਵੱਡੇ ਭਾਈ, ਮਿਰਚਾਂ ਕੌਅ ਪਾਈਏ?'

'ਕਿੰਨੀਆਂ ਪਾ ਲੋ। ਮੈਨੂੰ ਤਾਂ ਕੌੜੀਆਂ ਛਿੱਕੀਆਂ ਦਾ ਕੋਈ ਪਤਾ ਨੀ। ਕਿੰਨੀਆਂ ਪਾਲਾਂ, ਮੈਨੂੰ ਤਾਂ ਵਿੱਕੀਆਂ ਈ ਲੱਗਦੀਆਂ ਰਹਿੰਦੀਆਂ ਨੇ। ਤੁਸੀਂ ਆਪਣੇ ਸ੍ਹਾਬ ਨਾਲ ਪਾ ਲੋ।’ ਕਹਿ ਕੇ ਉਹ ਖਿੜਕ ਖੋਲ੍ਹ ਕੇ ਘਰੋਂ ਬਾਹਰ ਹੋ ਗਿਆ।

ਮਿਲਖੀ ਦੀ ਉਮਰ ਪੰਜਾਹ ਸਾਲ ਤੋਂ ਉੱਤੇ ਸੀ। ਉਹ ਦੋ ਭਰਾ ਸਨ। ਦੂਜਾ ਉਸਤੋਂ ਛੋਟਾ ਸੀ। ਭਰ ਜਵਾਨੀ ਵਿੱਚ ਸੱਪ ਲੜਕੇ ਮਰ ਗਿਆ ਸੀ।ਮਾਮਾ ਦਸ-ਬਾਰਾਂ ਸਾਲ ਹੋਏ ਅੱਸੀ ਸਾਲ ਦੀ ਉਮਰ ਭੋਗ ਕੇ ਪੂਰਾ ਹੋ ਗਿਆ ਸੀ ਤੇ ਮਾਮੀ ਉਸ ਤੋਂ ਪੰਜ-ਛੇ ਸਾਲ ਪਹਿਲਾਂ ਛੋਟੇ ਮੁੰਡੇ ਦੇ ਰੋਗ ਵਿੱਚ ਮੁਕ ਗਈ ਸੀ। ਭੈਣ ਕੋਈ ਨਹੀਂ ਸੀ। ਮਿਲਖੀ ਹੁਣ ਬੱਸ ਇਕੱਲਾ ਸੀ-ਜਾਨ ਦੀ ਜਾਨ।

ਮਾਮਾ ਵੀ ਇਕੱਲਾ ਹੀ ਸੀ। ਵਿਆਹ ਕਿਵੇਂ ਨਾ ਕਿਵੇਂ ਹੋ ਹੀ ਗਿਆ ਸੀ। ਪਿੰਡਾਂ ਦੀ ਡੋਰ ਢਾਣੀ ਨਾਲ ਰਲ ਕੇ ਪਰ ਉਹ ਸ਼ਰਾਬ ਪੀਂਦਾ ਸੀ, ਬੇਬਾਕ ਤੇ ਫਿਰ ਪਿਛਲੀ ਉਮਰ ਵਿੱਚ ਫੀਮ ਵੀ ਖਾਣ ਲੱਗ ਪਿਆ ਸੀ। ਪੰਦਰਾਂ ਘੁਮਾਂ ਜੋ ਜ਼ਮੀਨ ਸੀ ਉਸ ਵਿਚੋਂ ਦਸ ਘੁਮਾਂ ਉਸ ਨੇ ਸ਼ਰਾਬ ਫੀਮ ਮੂੰਹੋਂ ਸ਼ਰੀਕਾਂ ਨੂੰ ਬੈਅ ਕਰ ਦਿੱਤੀ ਸੀ। ਮਿਲਖੀ ਨੂੰ ਸਾਕ ਨਹੀਂ ਸੀ ਚੜਿਆ ਤੇ ਨਾ ਹੀ ਉਸ ਤੋਂ ਛੋਟੇ ਨੂੰ। ਪੈਸਿਆ ਦਾ ਸਾਕ ਮਾਮਾ ਲੈਂਦਾ ਨਹੀਂ ਸੀ, ਕਹਿੰਦਾ ਸੀ-ਸੱਚੀ ਕੁਲ ਵਾਲਾ ਘਰ ਐ। ਲਵਾਂਗੇ ਤਾਂ ‘ਪੁੰਨ ਦਾ ਸਾਕ ਈ ਲਵਾਂਗਾ।'

ਮਿਲਖੀ ਜਦ ਇਕੱਲਾ ਰਹਿ ਗਿਆ ਸੀ। ਉਸ ਦੇ ਮਿੱਤਰ-ਬੇਲੀ ਉਸ ਨੂੰ ਕਹਿੰਦੇ ਹੁੰਦੇ-ਮਿਲਖੀਆ, ਹੁਣ ਤਾਂ ਪੈਸਿਆਂ ਦਾ ਸਾਕ ਵੀ ਤੈਨੂੰ ਮਸਾਂ ਹੀ ਹੋਉ। ਕੋਈ ਮੁੱਲ ਦੀ ਤੀਵੀਂ ਲੈ ਆ। ਨਹੀਂ ਤਾਂ ਕਿਸੇ ‘ਕੈਂਪ ਚੋਂ ਲਿਆ ਕੋਈ। ਕੋਈ ਡੁੱਡੀ, ਲੰਗੜੀ ਜਾਂ ਅੰਨੀ ਕਾਣੀ ਈ ਲੈ ਆ, ਕੰਜਰਾ। ਨਹੀਂ ਤਾਂ ਐਵੇਂ ਜਿਵੇਂ ਬੀਤ ਜੇਂ ਗਾ । ‘ਐਹੀ ਜ਼ੀ ਨਾਲੋਂ ਤਾਂ ਊਈਂ ਚੰਗੇ ਆਂ, ਭਰਾਵੋ। ਪਿਓ ਦਾਦੇ ਨੂੰ ਲਾਜ ਨੀ ਲੌਣੀ। ਅੱਧੀ ਕੂ ਲੰਘ ਗੀ, ਹਿੰਦੀ ਵੀ ਏਵੇਂ ਜਿਵੇਂ ਲੰਘ ਜੂ। ਮਿਲਖੀ ਜਵਾਬ ਦਿੰਦਾ।

‘ਪੈਸਿਆਂ ਦਾ ਸਾਕ ਨੂੰ ਲੈਂਦਾ ਨੀ ‘ਪੁੰਨ ਦਾ ਤੈਨੂੰ ਹੁੰਦਾ ਨੀ, ਮੁੱਲ ਦੀ ਤੂੰ ਲਿਆ ਕੇ ਰਾਜੀ ਨੀ ਤਾਂ ਫੇਰ ਦੱਸ ਕੀ ਕਰੇਂਗਾ? ਤੀਵੀਂ ਬਿਨਾਂ ਤਾਂ ਕਹਿੰਦੇ ਗਤੀ ਵੀ ਨੀ ਹੁੰਦੀ ਆਦਮੀ ਦੀ। ਤੇਰੇ ਸਾਹ ਕਿਵੇਂ ਨਿਕਲਣਗੇ, ਚੌਰਿਆ?'

ਮਿਲਖੀ ਡੂੰਘੀਆਂ ਸੋਚਾਂ ਵਿੱਚ ਪੈ ਜਾਂਦਾ।

‘ਅਜੇ ਤਾਂ ਕਣ ਹੈਗਾ ਤੇਰੇ `ਚ। ਭੂਆ ਦੇ ਪਿੰਡ ਜਾਂ ਨਾਨਕੀ ਜਾਕੇ ਕੱਢ ਲਿਆ ਕੋਈ ਲਾਟ ਅਰਗੀ।’ ਮਿਲਖੀ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਸੀ ਹੋਣ ਲੱਗੀ। ਉਹ ਤਾਂ ਢੇਰੀ ਢਾਹ ਕੇ ਬੈਠ ਗਿਆ ਸੀ।

ਅੱਠ-ਨੌਂ ਸਾਲਾਂ ਤੋਂ ਉਹ ਕਿਤੇ ਗਿਆ ਵੀ ਨਹੀਂ ਸੀ। ਨਾਨਕੀ ਤੇ ਨਾ ਸਾਡੇ ਪਿੰਡ। ਹੋਰ ਉਸ ਦੀ ਕਿਤੇ ਰਿਸ਼ਤੇਦਾਰੀ ਵੀ ਨਹੀਂ ਸੀ। ਸਾਡੇ ਪਿੰਡ ਉਹ ਮੇਰੇ ਵਿਆਹ ਵੇਲੇ ਹੀ ਆਇਆ ਸੀ।

ਚਾਰ-ਪੰਜ ਸਾਲ ਹੋਏ ਉਹ ਮੈਨੂੰ ਦਮਦਮੇ ਵਿਸਾਖੀ ਦੇ ਮੇਲੇ ਤੇ ਮਿਲਿਆ ਸੀ। ਉਦੋਂ ਉਸ ਨੇ ਜ਼ੋਰ ਦਿੱਤਾ ਸੀ ਕਿ ਮੈਂ ਉਸ ਦੇ ਪਿੰਡ ਜ਼ਰੂਰ ਆਵਾਂ। ਮਿਲਦਿਆਂ ਦੀਆਂ ਸਕੀਰੀਆਂ ਨੇ। ਮੈਂ ਕਹਿ ਤਾਂ ਦਿੱਤਾ ਸੀ ਕਿ ਜ਼ਰੂਰ ਆਵਾਂਗਾ, ਪਰ ਐਡੀ ਦੂਰ ਕਿਵੇਂ ਜਾਇਆ ਜਾ ਸਕਦਾ ਸੀ। ਸਾਡੇ ਪਿੰਡ ਤੋਂ ਇਹ ਪਿੰਡ ਸੱਠ ਪਹਿਰ ਮੀਲ ਦੂਰ ਸੀ। ਐਡੀ ਦੂਰ ਪਤਾ ਨਹੀਂ ਕਿਉਂ ਵਿਆਹ ਕਰਵਾਇਆ ਸੀ, ਮੇਰੇ ਪਿਓ ਨੇ? ਬਿਨਾਂ ਮਤਬਲ ਤੋਂ ਕੌਣ ਜਾਂਦਾ ਹੈ ਐਨੀ ਵੱਡੀ ਦੁਰ?

ਹੁਣ ਕੁਝ ਚਿਰ ਤੋਂ ਮੇਰੀ ਬਦਲੀ ਇਨ੍ਹਾਂ ਪਿੰਡਾਂ ਵਲ ਇੱਕ ਸ਼ਹਿਰ ਵਿੱਚ ਹੋ ਗਈ ਸੀ।

ਹੁਣ ਤਾਂ ਨਾਨਕੀ ਪੰਜ ਮੀਲ 'ਤੇ ਹੀ ਸਨ, ਇੱਕ ਸ਼ਨਿੱਚਰਵਾਰ ਮੈਂ ਉਥੇ ਜਾਣ ਦੀ ਸਲਾਹ ਬਣਾ ਲਈ ਸੀ ਤੇ ਇੱਕ ਬੰਦੇ ਦੇ ਹੱਥ ਪਹਿਲਾਂ ਮਿਲਖੀ ਨੂੰ ਸੁਨੇਹਾ ਵੀ ਭੇਜ ਦਿੱਤਾ ਸੀ।

ਮਿਲਖੀ ਦੁਕਾਨ ਤੋਂ ਵਾਪਸ ਆਇਆ ਤਾਂ ਗੁਰਮੀਤ ਮਸਾਲਾ ਰਗੜ ਚੁੱਕੀ ਸੀ। ਸਬਾਤ ਵਿਚੋਂ ਭਾਲ ਕੇ ਉਸ ਨੇ ਲਾਲਟੈਣ ਵੀ ਟੰਗ ਲਈ ਸੀ। ਮਿਲਖੀ ਨੇ ਸਮੋਸੇ ਦੇ ਦੋਵੇਂ ਲੜਾਂ ਵਿੱਚ ਕੁੱਝ ਬੰਨ੍ਹ ਕੇ ਲਿਆਂਦਾ ਸੀ। ਇੱਕ ਲੜ-ਖੋਕੇ ਧੋਤੀ ਮੂੰਗੀ ਦੀ ਦਾਲ ਉਸ ਨੇ ਇੱਕ ਚੌੜੇ ਸਾਰੇ ਚੱਪਣ ਵਿੱਚ ਪਾਈ ਤੇ ਗੁਰਮੀਤ ਮੂਹਰੇ ਲਿਆ ਰੱਖੀ। ਦੂਜਾ ਲੜ ਉਵੇਂ ਜਿਵੇਂ ਬੰਨਿਆ ਰਿਹਾ। ਸਮੋਸਾ ਉਸ ਨੇ ਇੱਕ ਕਿੱਲੇ ਉੱਤੇ ਲਟਕਾ ਦਿੱਤਾ। ਮੈਂ ਚਾਹੁੰਦਾ ਸਾਂ ਕਿ ਉਸ ਨੂੰ ਪੁੱਛ ਲਵਾਂ ਕਿ ਸਮੋਸੇ ਦੇ ਦੂਜੇ ਲੜ ਵਿੱਚ ਕੀ ਹੈ। ਪਰ ਮੈਂ ਪੁੱਛਿਆ ਨਹੀਂ।

ਟੀਟੂ ਮੇਰੇ ਕੋਲ ਮੰਜੇ ਉੱਤੇ ਬੈਠਾ ਰਿਹਾ। ਗੁਰਮੀਤ ਨੇ ਚੁੱਲ੍ਹੇ ਉੱਤੇ ਦਾਲ ਰਿੰਨ੍ਹ ਲਈ ਤੇ ਫਿਰ ਰੋਟੀ ਵੀ ਪਕਾ ਲਈ। ਕਿਸੇ ਚੀਜ਼ ਦੀ ਲੋੜ ਹੁੰਦੀ, ਗੁਰਮੀਤ ਮੈਨੂੰ ਕਹਿ ਦਿੰਦੀ। ਮੈਂ ਉਸੇ ਚੀਜ਼ ਦਾ ਨਾਉਂ ਉੱਚੀ ਦੇ ਕੇ ਲੈਂਦਾ ਤਾਂ ਮਿਲਖੀ ਉਹੀ ਚੀਜ਼ ਅੰਦਰੋਂ ਸਬਾਤ ਵਿਚੋਂ ਲਿਆ ਕੇ ਗੁਰਮੀਤ ਦੇ ਮੂਹਰੇ ਰੱਖ ਦਿੰਦਾ।ਉਹ ਕਦੇ ਏਧਰ ਜਾਂਦਾ ਸੀ, ਕਦੇ ਓਧਰ-ਕਦੇ ਅੰਦਰ ਜਾਂਦਾ ਸੀ, ਕਦੇ ਬਾਹਰ ਆਉਂਦਾ ਸੀ। ਜਿਵੇਂ ਇਸ ਤਰ੍ਹਾਂ ਉਰੀ ਵਾਂਗ ਘੁਕੇ ਫਿਰਨ ਨਾਲ ਉਸ ਨੂੰ ਅਜੀਬ ਕੋਈ ਮਾਨਸਕ ਸ਼ਾਂਤੀ ਮਿਲ ਰਹੀ ਹੋਵੇ।

ਇੱਕ ਬਾਟੀ ਹੱਥ ਵਿੱਚ ਲੈ ਕੇ ਉਹ ਇੱਕ ਦਮ ਘਰੋਂ ਬਾਹਰ ਹੋ ਗਿਆ। ਜਿਵੇਂ ਉਸ ਨੂੰ ਚਾਣਚੱਕ ਹੀ ਕੋਈ ਚੀਜ਼ ਯਾਦ ਆ ਗਈ ਹੋਵੇ। ਥੋੜੇ ਚਿਰ ਬਾਅਦ ਹੀ ਉਹ ਵਾਪਸ ਆਇਆ। ਗੁਆਂਢੀਆਂ ਦੇ ਘਰੋਂ ਉਹ ਦੇਸੀ ਘਿਓ ਮੁੱਲ ਲੈ ਕੇ ਆਇਆ ਸੀ। ਕਿੱਲੇ ਤੋਂ ਸਮੋਸਾ ਲਾਹ ਕੇ ਉਸ ਨੇ ਲੜ ਖੋਲ੍ਹਿਆ ਤੇ ਦੇਸੀ ਖੰਡ ਨੂੰ ਆਟਾ-ਛਾਨਣੀ ਨਾਲ ਇੱਕ ਥਾਲੀ ਵਿੱਚ ਛਾਣ ਲਿਆ। ਇੱਕ ਕੌਲੀ ਖੰਡ ਨਾਲ ਗਲਗਸੀ ਕਰਕੇ ਉਸ ਵਿੱਚ ਘਿਓ ਪਾਇਆ। ਕਰੀਰ ਦੇ ਡੱਕੇ ਨਾਲ ਖੰਡ ਘਿਓ ਰਲਾਇਆ। ਖੰਡ ਉਸ ਨੂੰ ਥੋੜ੍ਹੀ ਜਿਹੀ ਸੁੱਕੀ ਲੱਗੀ। ਖੰਡ ਵਾਲੀ ਕੌਲੀ ਵਿੱਚ ਉਸ ਨੇ ਬਾਟੀ ਵਿਚੋਂ ਘਿਓ ਦੀ ਚੁਹੀ ਜਿਹੀ ਮਤਾਅ ਦਿੱਤੀ। ਇੱਕ ਹੋਰ ਕੌਲੀ ਵਿੱਚ ਗਰਮੀ ਤੋਂ ਦਾਲ ਪਵਾ ਕੇ ਉਸ ਨੇ ਉਸ ਵਿੱਚ ਵੀ ਘਿਓ ਦੀ ਧਾਰ ਬੰਨੀ ਤੇ ਫਿਰ ਬਾਟੀ ਤੋਂ ਬਾਹਰ ਡਿਗਦਾ ਘਿਓ ਉਂਗਲ ਨਾਲ ਕੰਢਿਓਂ ਅੰਦਰ ਪੂੰਝ ਦਿੱਤਾ। ਇੱਕ ਚਿੱਬ-ਖੜਿੱਬੇ ਥਾਲ ਵਿੱਚ ਦੋਵੇਂ ਕੌਲੀਆਂ ਰੱਖ ਕੇ ਉਸ ਨੇ ਗੁਰਮੀਤ ਨੂੰ ਕਿਹਾ ਕਿ ਉਹ ਦੋ ਰੋਟੀਆਂ ਥਾਲ ਵਿੱਚ ਧਰ ਦੇਵੇ। ਗੁਰਮੀਤ ਨੇ ਦੋ ਰੋਟੀਆਂ ਥਾਲ ਵਿੱਚ ਧਰ ਦਿੱਤੀਆਂ। ਮਿਲਖੀ ਨੇ ਦੋਵੇਂ ਰੋਟੀਆਂ ਦੇ ਚਾਰ ਖੰਨੇ ਬਣਾ ਲਏ ਤੇ ਥਾਲ ਚੁੱਕ ਕੇ ਮੇਰੇ ਵੱਲ ਆਉਣ ਲੱਗਿਆ। ਪਰ ਪਤਾ ਨਹੀਂ ਉਸ ਨੂੰ ਕੀ ਯਾਦ ਆਇਆ, ਉਸ ਨੇ ਥਾਲ ਗੁਰਮੀਤ ਨੂੰ ਹੀ ਫੜਾ ਦਿੱਤਾ ਤੇ ਕਹਿਣ ਲੱਗਿਆ-‘ਕੌਲਿਆਂ ਏਵੇਂ ਜਿਵੇਂ ਸੇਕ ਮੂਹਰੇ ਰੱਖ ਦੇ, ਗੁਰਮੀਤ ਕੁਰੇ। ਰੋਟੀਆਂ ਵੀ ਹਾਲੇ ਪੋਣੇ ਚ ਈ ਵਲ੍ਹੇਟ ਦੇ। ਸੇਵਾ ਕਰਨੀ ਤਾਂ ਛੋਟੇ ਭਾਈ ਦੀ, ਭੁੱਲ ਈ ਗਏ। ਉਹ ਸਬਾਤ ਵਿੱਚ ਕਾਹਲੇ ਕਦਮੀਂ ਗਿਆ ਤੇ ਕੱਚ ਦਾ ਗਲਾਸ ਲੈ ਕੇ ਬੋਤਲ ਮੇਰੀ ਬਾਹੀਂ ਥੱਲੇ ਲਿਆ ਰੱਖੀ। ‘ਲੈ ਛੋਟੇ ਭਾਈ, ਥੋੜ੍ਹਾ ਜ਼ਾ ਮੂੰਹ ਕੌੜਾ ਕਰ ਲੈ।

'ਨ੍ਹਈਂ, ਨ੍ਹਈਂ, ਬਈ, ਇਹ ਰਹਿਣ ਦੇ।ਗਰਮੀ ਤਾਂ ਅੱਗੇ ਈ ਮਚਾਈ ਜਾਂਦੀ ਐ। ਰੋਟੀ ਈ ਖਾ ਲੈਨੇ ਆਂ। ਇਹ ਰਹਿਣ ਦੇ।’

‘ਓਏ, ਨਹੀਂ ਛੋਟੇ ਭਾਈ, ਗਰਮੀ ਨੂੰ ਗਰਮੀ ਈ ਮਾਰੂਗੀ। ਬਹੁਤਾਂ ਨੀ ਪੀਂਦੇ। ਬੱਸ ਦੋ ਪੈਗ ਈ ਲਵਾਂਗੇ, ਨਰੋਏ ਜ੍ਹੇ।’

ਅਸੀਂ ਪੀਣ ਲੱਗ ਪਏ।

‘ਮੰਮੀ, ਦੈਦੀ ਦੰਦੇ (ਡੈਡੀ ਗੰਦੇ)’ ਟੀਟੂ ਗੁਰਮੀਤ ਨੂੰ ਕਹਿ ਰਿਹਾ ਸੀ।

ਇਕੋ ਪੈੱਗ ਨਾਲ ਅਸੀਂ ਜਿਵੇਂ ਚੁੱਕੇ ਗਏ। ਮਿਲਖੀ ਨੇ ਹਉਕਾ ਲਿਆ ਤੇ ਕਹਿਣ ਲੱਗਿਆ-ਛੋਟੇ ਭਾਈ, ਤੀਵੀਂ ਤੋਂ ਬਗੈਰ ਘਰ ਦਾ ਕੁਛ ਨਹੀਂ ਵੜੀਂਦਾ। ਤੀਵੀਂ ਤੋਂ ਬਿਨ੍ਹਾਂ, ਬੱਸ ਸਮਝ ਲੈ, ਜਮੲੀ ਗੱਲ ਨੀ ਕੋਈ।’

'ਬਾਈ, ਇਹ ਗੱਲ ਐਡੀ ਉਮਰ ਦਾ ਹੋ ਕੇ ਹੁਣ ਯਾਦ ਆਈ ਐ ਤੇਰੇ? ਪਹਿਲਾਂ ਕਰਦਾ ਕੋਈ ਬੰਨ ਸੁੱਬ। ਤੀਵੀਂ ਤਾਂ ਜਦੋਂ ਮਰਜ਼ੀ ਲੈ ਆਵੇ ਕੋਈ ਘਰੇ।’

'ਪਰ ਤੀਵੀਂ, ਵੀਰ ਮੇਰਿਆ, ਚੱਜਦੀ ਹੋਵੇ ਨਾ।'

‘ਚੱਜਦੀ ਤੋਂ ਮਤਲਬ ਤੇਰਾ ਹੈਗਾ ਬਈ ਅਨੰਦ ਕਾਰਜਾਂ ਵਾਲੀ ਹੋਵੇ, ਪੁੰਨ ਦੀ ਹੋਵੇ?' ਮੈਂ ਸਾਰੇ ਪਛੋਕੜ ਨੂੰ ਭਾਂਪ ਕੇ ਪੁੱਛਿਆ।

'ਹੋਰ! ਏਹੀ ਤਾਂ ਮੈਂ ਕਹਿਨਾਂ। ਮੱਲ ਦੀ ਤੀਵੀਂ ਤਾਂ ਜਦੋਂ ਮਰਜ਼ੀ ਲਿਆ ਬਿਠਾ। ਤੇ ਜਿਹੜੀ ਕਿਸੇ ਦਾ ਘਰ ਪੱਟ ਕੇ ਲਿਆਂਦੀ ਹੋਵੇ ਉਹ ਮੇਰੇ ਵਰਗੇ ਕੋਲ ਕਦੋਂ ਰਹਿਣ ਲੱਗੀ ਐ?'

‘ਨਹੀਂ ਬਈ, ਤੀਵੀਂ ਕਿੰਨੀ ਮਾੜੀ ਹੋਵੇ, ਕਿੰਨੀ ਈ ਬਦਚਲਣ, ਜੇ ਉਸ ਨੂੰ ਕੋਈ ਨਿੱਘ ਦੇਵੇ। ਪਿਆਰ ਕਰੇ, ਫੇਰ ਨੀ ਜਾਂਦੀ ਕਿਤੇ।’

'ਖਾਣ ਪਹਿਨਣ ਖੁੱਲ੍ਹਾ। ਕੋਲੋਂ, ਬੰਦਾ ਹੱਲੇ ਨਾ। ਹੋਰ ਪਿਆਰ ਕੀ ਹੁੰਦੈ? ਪਰ ਇਹ ਮੁੱਲ ਦੀਆਂ ਤੀਵੀਂਆਂ ਤਾਂ, ਕੰਜਰ ਦੀਆਂ, ਪਤਾ ਵੀ ਨੀ ਲੈਂਦੀਆਂ ਕਿਹੜੇ ਵੇਲੇ ਘਰੋਂ ਉੱਡ ਜਾਂਦੀਆਂ ਨੇ।' ‘ਕਿਉਂ, ਬਾਈ, ਲਿਆਂਦੀ ਸੀ ਕੋਈ।’

‘ਲਿਆਂਦੀ ਤਾਂ ਮੈਂ ਕਾਹਨੂੰ ਐ। ਸੁਣਦੇ ਆਂ। ਆਹ, ਐਥੇ, ਕੰਦੇ ਦੇ ਮੁੰਡੇ ਨੇ, ਕਾਰੇ ਨੇ ਲਿਆਂਦੀ ਸੀ, ਐਤਕੀ ਸਿਆਲਾਂ ’ਚ ਇੱਕ। ਦੋ ਮਹੀਨੇ ਰਹੀ।ਐਂ ਰਹੀ, ਜਿਵੇਂ ਐਥੇ ਦੀ ਜੰਮੀ ਹੁੰਦੀ ਐ, ਕੰਜਰ ਦੀ। ਪਰ ਜਦੋਂ ਗਈ, ਪਤਾ ਵੀ ਨੀ ਲੱਗਿਆ। ਉਈਂ ਪਤਾ ਨੀ ਲੱਗਿਆ ਕਿੱਧਰ ਗਈ, ਕਦੋਂ ਗਈ, ਕੀਹਦੇ ਨਾਲ ਗਏ?’

‘ਤੈਨੂੰ ਲਿਆ ਕੇ ਦੇਈਏ, ਬਾਈ ਕੋਈ ਫੇਰ।’

‘ਰਾਮ ਰਾਮ ਕਰ, ਐਦੂ ਤਾਂ ਊਈਂ ਚੰਗੇ ਆਂ।'

‘ਜੇ ਮੁੱਲ ਦੀ ਹੋਵੇ, ਪਰ ਹੋਵੇ ਚੱਜਦੀ?’

‘ਚੱਜ ਦੀ ਹੋਵੇ, ਫੇਰ ਤਾਂ ਕੋਈ ਡਰ ਨ੍ਹੀ।’

‘ਚੱਜਦੀ ਹੋਊ। ਕੰਮ ਕਰੂ ਪੂਰਾ। ਨਾਲੇ ਇੱਕ ਮੁੰਡੈ, ਇੱਕ ਕੁੜੀ ਐ। ਬੋਲ, ਜੇ ਸਲਾਹ ਐ।’

‘ਅੱਛਿਆ... ਉਏ ਕੀ ਕਰਨੀ ਐ? ਛੋਟੇ ਭਾਈ। ਬੱਸ ਐਂ ਈ ਠੀਕ ਐ। ਕੀ ਕਰਨੀ ਐਂ ਹੁਣ।’

ਇੱਕ ਇੱਕ ਪੈੱਗ ਉਸ ਨੇ ਹੋਰ ਪਾਇਆ। ਪੀ ਕੇ ਕਹਿੰਦਾ- ‘ਗੁਰਮੀਤ ਕੁਰੇ, ਲਿਆ ਹੁਣ, ਹੁਣ ਖਾ ਲੈਨੇ ਆ ਰੋਟੀ। ਘਿਉ ਥੋੜ੍ਹਾ ਜ੍ਹਾ ਹੋਰ ਪਾ ਲੀਂ ਦਾਲ ਆਲੀ ਕੌਲੀ 'ਚ।’

ਅਸੀਂ ਦੋਵਾਂ ਨੇ ਰੋਟੀ ਖਾ ਲਈ। ਟੀਟੂ ਪਹਿਲਾਂ ਹੀ ਗੁਰਮੀਤ ਤੋਂ ਰੋਟੀ ਖਾ ਕੇ ਮੇਰੇ ਵਾਲੇ ਮੰਜੇ 'ਤੇ ਸੌਂ ਚੁੱਕਿਆ ਸੀ। ਮੇਰੇ ਦੂਜੇ ਪਾਸੇ ਮਿਲਖੀ ਨੇ ਇੱਕ ਮੰਜਾ ਹੋਰ ਡਾਹ ਦਿੱਤਾ। ਸਬਾਤ ਵਿਚੋਂ ਉਹ ਦਰੀਆਂ, ਖੇਸ ਤੇ ਸਰਾਹਣੇ ਕੱਢ ਲਿਆਇਆ। ਮੈਂ ਟੀਟੂ ਨੂੰ ਸੁੱਤੇ ਪਏ ਨੂੰ ਗੋਦੀ ਚੁੱਕ ਲਿਆ।ਤਿੰਨੇ ਬਿਸਤਰੇ ਮਿਲਖੀ ਨੇ ਆਪ ਵਿਛਾਏ। ਗੁਰਮੀਤ ਰੋਟੀ ਖਾ ਕੇ ਜਠੇ ਭਾਂਡੇ ਮਾਂਜਣ ਲੱਗੀ। ਮਿਲਖੀ ਕਹਿੰਦਾ-ਹੀਂ ਗੁਰਮੀਤ ਕਰੇ, ਪੈ ਜਾ। ਮੈਂ ਆਪੇ ਮਾਂਜ ਨੂੰ ਭਾਂਡੇ। ਗੁਰਮੀਤ ਦੇ ਨਾ ਮੰਨਣ ’ਤੇ ਅਖ਼ੀਰ ਉਹ ਆਪਣੇ ਬਿਸਤਰੇ `ਤੇ ਆ ਪਿਆ। ਜਿੰਨਾ ਚਿਰ ਗੁਰਮੀਤ ਭਾਂਡੇ ਮਾਂਜਦੀ ਰਹੀ, ਅਸੀਂ ਹੋਰ ਗੱਲਾਂ ਕਰਦੇ ਰਹੇ।

ਅਸਮਾਨ ਵਿੱਚ ਖੱਖ ਅਜੇ ਵੀ ਚੜ੍ਹੀ ਹੋਈ ਸੀ। ਕੋਈ ਕੋਈ ਤਾਰਾ ਦਿਸ ਰਿਹਾ ਸੀ। ਪਰ ਹਵਾ ਵਗ ਰਹੀ ਸੀ। ਹਵਾ ਭਾਵੇਂ ਠੰਢੀ ਨਹੀਂ ਸੀ ਪਰ ਆਰਾਮ ਜਿਹਾ ਮਹਿਸੂਸ ਹੋ ਰਿਹਾ ਸੀ। ਕੁਝ ਚਿਰ ਹੋਰ ਗੱਲਾਂ ਕਰਦੇ ਅਸੀਂ ਚੁੱਪ ਹੋ ਗਏ। ਤੇ ਫਿਰ ਸੌਂ ਗਏ। ਤੜਕੇ ਤੱਕ ਮੈਨੂੰ ਮਹਿਸੂਸ ਹੁੰਦਾ ਰਿਹਾ ਜਿਵੇਂ ਮਿਲਖੀ ਸਾਰੀ ਰਾਤ ਹੀ ਪਾਸੇ ਮਾਰਦਾ ਰਿਹਾ ਹੋਵੇ।

ਮੂੰਹ ਹਨੇਰੇ ਉਠ ਕੇ ਉਸ ਨੇ ਚਾਹ ਬਣਾਈ। ਮੂੰਹ ਹੱਥ ਧੋ ਕੇ ਮੈਂ ਚਾਹ ਪੀਤੀ, ਗੁਰਮੀਤ ਨੇ ਵੀ ਤੇ ਫਿਰ ਟੀਟੂ ਨੂੰ ਜਗਾ ਕੇ ਅਸੀਂ ਚਾਹ ਪਿਆ ਦਿੱਤੀ। ਖਾਰੀ ਖਾਰੀ ਚਾਹ ਲੱਗੀ ਤਾਂ ਸੁਆਦ ਜਿਹੀ ਪਰ ਅਸੀਂ ਥੋੜੀ ਥੋੜੀ ਹੀ ਪੀ ਸਕੇ। ਪੈਂਟ ਪਾ ਕੇ ਮੇਂ ਸਿਰ ਉਤੇ ਪੱਗ ਧਰ ਲਈ ਤੇ ਸਾਈਕਲ ਦੇ ਚੱਕਿਆਂ ਦੀ ਹਵਾ ਟੋਹੀ।

‘ਛੋਟੇ ਭਾਈ, ਇਹ ਤਿਆਰੀ ਜੀ ਕੀ ਕਰਦਾ ਫਿਰਦੈ? ਜੰਗਲ ਪਾਣੀ ਚਲਦੇ ਆਂ। ਨਹਾਓ ਧਓ। ਰੋਟੀ ਖਾ ਕੇ ਜਾਇਓ।’ ‘ਨਹੀਂ ਬਾਈ, ਧੁੱਪ ਚੜ੍ਹ ਜੂ ਫੇਰ, ਰੋਟੀ ਤਾਂ ਓਥੇ ਜਾ ਕੇ ਈ ਖਾਵਾਂਗੇ ਹੁਣ। ਨਹਾਵਾਂਗੇ ਵੀ ਉਥੇ ਈ।’

'ਉਏ ਕਿਹੜੀ ਚੜ੍ਹ ਜੁ ਚੁੱਪ, ਵੱਡਿਆ ਅਫ਼ਸਰਾ। ਐਨੀ ਕਾਹਲ ਨਾ ਕਰ।’

‘ਐਨੀ ਕਾਹਲ ਵਾਲੀ ਤਾਂ ਕੋਈ ਗੱਲ ਨੀ। ਪਰ ਠੰਢੇ ਠੰਢੇ ਈ ਠੀਕ ਐ, ਜੰਗਲ-ਪਾਣੀ ਰਾਹ ’ਚ ਈ ਹੋਲਾਂਗੇ।’

ਉਹ ਉੱਚੀ-ਉੱਚੀ ਹੱਸਿਆ। ਸਿਰ ਦੁਆਲੇ ਸਮੋਸਾ ਲਪੇਟਿਆ ਤੇ ਖੁੱਲ੍ਹੀ ਦਾੜ੍ਹੀ ਦੀ ਗੁੱਟੀ ਕਰਕੇ ਪੰਪ ਤੋਂ ਪਾਣੀ ਦਾ ਡੋਲੂ ਭਰ ਲਿਆ। ਮੇਰੀ ਬਾਂਹ ਫੜ ਕੇ ਕਹਿਣ ਗਿਆ, ‘ਆ ਚੱਲੀਏ, ਆਹ ਨਿਆਈਆਂ 'ਚ ਜਾ ਔਨੇ ਆਂ।’

ਨਿਆਈ ’ਚੋਂ ਆ ਕੇ ਮੈਂ ਫਿਰ ਕਾਹਲ ਕੀਤੀ। ਉਸ ਨੇ ਪਾਣੀ ਦੀ ਬਾਲਟੀ ਭਰੀ ਤੇ ਹੁਕਮ ਦੇ ਦਿੱਤਾ, ‘ਚੱਲ, ਨਾ।’ ਤੇ ਗੁਰਮੀਤ ਨੂੰ ਕਿਹਾ, ‘ਗੁਰਮੀਤ ਕੁਰੇ, ਤੂੰ ਚਾਹ ਧਰ ਲੈ ਫੇਰ। ਬੱਕਰੀ ਚੋਨਾਂ ਮੈਂ। ਤਿੱਖੀ ਜ੍ਹੀ ਬਣੌਨੇ ਆ ਚਾਹ। ਸੁਆਦ ਨੀ ਆਇਆ ਪਹਿਲਾਂ ਤਾਂ ਕੁਛ।’

ਪਿੰਡ ਤੋਂ ਬਾਹਰ ਕਾਫ਼ੀ ਦੂਰ ਤੀਕ ਉਹ ਸਾਨੂੰ ਛੱਡਣ ਆਇਆ। ਪਹੇ ਵਿੱਚ ਟੀਟੂ ਕਹਿੰਦਾ, ‘ਅੱਤੀ (ਅੱਟੀ)’ ਗੁਰਮੀਤ ਬਹਿ ਕੇ ਉਸ ਨੂੰ ਟੱਟੀ ਫਿਰਾਉਣ ਲੱਗ ਪਈ ਤੇ ਫਿਰ ਨੇੜੇ ਹੀ ਚਲ ਰਹੇ ਹਲਟ ’ਤੇ ਉਹਦੇ ਹੱਥ ਧੋਣ ਚਲੀ ਗਈ। ਮਿਲਖੀ ਚੁੱਪ ਚਾਪ ਮੇਰੇ ਕੋਲ ਖੜ੍ਹਾ ਰਿਹਾ। ਮੈਂ ਵੀ ਕੁਝ ਨਹੀਂ ਸੀ ਬੋਲ ਰਿਹਾ। ਗੁਰਮੀਤ ਟੀਟੂ ਨੂੰ ਗੋਦੀ ਚੁੱਕੀ ਜਦ ਸਾਡੇ ਵੱਲ ਆ ਰਹੀ ਸੀ ਮਿਲਖੀ ਨੇ ਹੌਲੀ ਦੇ ਕੇ ਬੁੱਲ੍ਹ ਹਿਲਾਏ ‘ਤੇ ਫੇਰ ਕਰ ਨੀਂ ਗੱਲ, ਜੇ ਸਿਰੇ ਚੜ੍ਹਦੀ ਐ।’

‘ਕਿਹੜੀ ਗੱਲ?’ ਮੈਂ ਚੌਂਕਿਆ।

‘ਉਹੀ, ਜੀਹਦੀ ਰਾਤ ਕਰਦਾ ਸੀ ਗੱਲ ਤੂੰ। ਮੁੰਡੇ ਤੇ ਕੁੜੀ ਵਾਲੀ ਤੀਵੀਂ ਦੀ।’

ਇੱਕ ਬਿੰਦ ਮੈਂ ਪਤਾ ਨਹੀਂ ਕੀ ਸੋਚਦਾ ਰਿਹਾ ਤੇ ਫਿਰ ਕਿਹਾ, ‘ਚੰਗਾ, ਮੈਂ ਕਰੂੰਗਾ ਪਤਾ। ਤੈਨੂੰ ਚਿੱਠੀ ਲਿਖੂੰ ਫੇਰ।’

‘ਚਿੱਠੀ ਨੂੰ ਕੀਅ ਐ। ਮੈਂ ਆਪ ਈ ਆ ਜੂ। ਤੂੰ ਮਾੜਾ ਜ੍ਹਾ ਸੁਨੇਹਾ ਭੇਜ ਦੀਂ।’

ਗੁਰਮੀਤ ਨੇੜੇ ਆ ਚੁੱਕੀ ਸੀ। ਮੈਂ ਮਿਲਖੀ ਨੂੰ ਮੱਥਾ ਟੇਕਿਆ। ਮੱਥਾ ਮੰਨ ਕੇ ਉਸ ਨੇ ਮੇਰੇ ਨਾਲ ਹੱਥ ਮਿਲਾਇਆ। ਗੁਰਮੀਤ ਨੇ ਉਸ ਦੇ ਪੈਰੀਂ ਹੱਥ ਲਾ ਦਿੱਤੇ। ਮਿਲਖੀ ਨੇ ਟੀਟੂ ਦੀ ਗੱਲ੍ਹ 'ਤੇ ਹੱਥ ਫੇਰ ਕੇ ਪਿਆਰ ਦਿੱਤਾ। ਅਸੀਂ ਚੱਲ ਪਏ। ਥੋੜ੍ਹੀ ਦੂਰ ਜਾ ਕੇ ਮੈਂ ਪਿਛਾਂਹ ਝਾਕਿਆਂ, ਮਿਲਖੀ ਸਾਡੇ ਵੱਲ ਮੁੜ-ਮੁੜ ਦੇਖਦਾ ਹੌਲੀ-ਹੌਲੀ ਪਿੰਡ ਨੂੰ ਜਾ ਰਿਹਾ ਸੀ। *