ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੇਰਾ ਦੋਸਤ ਤੇ ਉਸਦੀ ਪਤਨੀ

ਵਿਕੀਸਰੋਤ ਤੋਂ

ਮੇਰਾ ਦੋਸਤ ਤੇ ਉਸਦੀ ਪਤਨੀ

ਰਮੇਸ਼ ਮੇਰਾ ਪੱਕਾ ਯਾਰ ਸੀ। ਸਾਡੀਆਂ ਕਈ ਗੱਲਾਂ ਸਾਂਝੀਆਂ ਸਨ। ਸਾਡੇ ਕਈ ਭੇਤ ਸਾਂਝੇ ਸਨ। ਕਈ ਸਾਲਾਂ ਤੋਂ ਸਾਡੀ ਸਾਂਝ ਚੰਗੀ ਨਿਭ ਰਹੀ ਸੀ। ਜਦ ਮੇਰਾ ਵਿਆਹ ਸੀ, ਜੰਞ ਵਿਚ ਦਸ ਬਾਰਾਂ ਦੋਸਤਾਂ ਵਿਚ ਰਮੇਸ਼ ਨੂੰ ਵੀ ਸੱਦਿਆ ਹੋਇਆ ਸੀ। ਤੇ ਫਿਰ ਜਦ ਰਮੇਸ਼ ਦਾ ਵਿਆਹ ਸੀ, ਉਸ ਨੇ ਵੀ ਮੈਨੂੰ ਆਪਣੀ ਜੰਝ ਵਿਚ ਬੁਲਾਇਆ ਸੀ। ਮੈਂ ਗਿਆ ਵੀ ਸੀ।

ਕੰਮਾਂ ਕਾਰਾਂ ਦੇ ਚੱਕਰ ਹੀ ਐਸੇ ਸਨ। ਰਮੇਸ਼ ਦੇ ਵਿਆਹ ਤੋਂ ਬਾਅਦ ਫਿਰ ਮੈਂ ਕਦੀ ਉਸ ਦੇ ਘਰ ਨਹੀਂ ਸੀ ਗਿਆ। ਉਹ ਜਿਸ ਸ਼ਹਿਰ ਦਾ ਰਹਿਣ ਵਾਲਾ ਸੀ, ਉਸ ਸ਼ਹਿਰ ਤੋਂ ਬਹੁਤ ਦੂਰ ਮੈਂ ਆਪਣੇ ਕੰਮ ਤੇ ਸਾਂ। ਤੇ ਫਿਰ ਜਦ ਮੈਂ ਉਸ ਦੇ ਸ਼ਹਿਰ ਦੇ ਨੇੜੇ ਹੀ ਆ ਗਿਆ ਤਾਂ ਉਸ ਨੂੰ ਬੜੀ ਖੁਸ਼ੀ ਹੋਈ ਸੀ। ਉਸ ਦੇ ਸ਼ਹਿਰ ਵਿਚ ਜਦ ਅਸੀਂ ਮਿਲੇ ਸਾਂ ਤਾਂ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਸੀ ਅਤੇ ਬੜੇ ਚਾਅ ਨਾਲ ਕਿਹਾ ਸੀ ਕਿ ਜਦ ਵੀ ਮੈਂ ਸ਼ਹਿਰ ਆਵਾਂ, ਉਸ ਦੇ ਘਰ ਜ਼ਰੂਰ ਆਇਆ ਕਰਾਂ।

ਮੈਂ ਕਈ ਵਾਰ ਉਸ ਦੇ ਸ਼ਹਿਰ ਗਿਆ ਤੇ ਕਈ ਵਾਰ ਰਮੇਸ਼ ਬਜ਼ਾਰ ਵਿਚ ਮਿਲਿਆ ਵੀ, ਪਰ ਮੈਂ ਕੰਮਾਂ ਦੀ ਕਾਹਲ ਵਿਚ ਉਸ ਦੇ ਘਰ ਨਾ ਜਾ ਸਕਿਆ।

ਉਸ ਸ਼ਹਿਰ ਤੋਂ ਨੇੜੇ ਹੀ ਇੱਕ ਪਿੰਡ ਵਿਚ ਮੈਂ ਰਹਿੰਦਾ ਸਾਂ ਤੇ ਆਪਣਾ ਧੰਦਾ ਕਰਦਾ ਸੀ। ਉਹ ਪਿੰਡ ਸੜਕ ਤੇ ਹੀ ਸੀ।

ਰਮੇਸ਼ ਦਾ ਆਪਣਾ ਕੰਮ ਐਸਾ ਹੀ ਸੀ ਕਿ ਉਸ ਨੂੰ ਹਰ ਸ਼ਹਿਰ ਵਿਚ ਤੇ ਵੱਡੇ ਵੱਡੇ ਕਸਬਿਆਂ ਵਿਚ ਚੱਕਰ ਲਾਉਣੇ ਪੈਂਦੇ ਸਨ। ਇਕ ਵਾਰੀ ਜਦ ਉਹ ਉਸ ਪਿੰਡ ਕੋਲ ਦੀ ਬੱਸ ਵਿਚ ਲੰਘਿਆ ਤਾਂ ਮੈਂ ਚਾਣਚੱਕ ਅੰਡੇ 'ਤੇ ਹੀ ਉਸ ਨੂੰ ਬੱਸ ਵਿਚ ਬੈਠੇ ਨੂੰ ਦੇਖ ਲਿਆ ਤੇ ਕਿਹਾ ਕਿ ਮੁੜਦਾ ਹੋਇਆ ਉਹ ਉਸ ਰਾਤ ਮੇਰੇ ਕੋਲ ਠਹਿਰੇ। ਗੱਲਾਂ ਕਰਾਂਗੇ ਤੇ ਨਾਲੇ ਭਾਬੀ ਨਾਲ ਮੁਲਾਕਾਤ ਕਰ ਲਈਂ।" ਮੈਂ ਉਸ ਨੂੰ ਜ਼ੋਰ ਪਾ ਕੇ ਕਿਹਾ ਤੇ ਉਹ ਮੰਨ ਗਿਆ।

ਉਸ ਦਿਨ ਤੋਂ ਬਾਅਦ ਉਹ ਫੇਰ ਕਈ ਵਾਰੀ ਮੇਰੇ ਕੋਲ ਆ ਗਿਆ ਸੀ। ਮੇਰੀ ਪਤਨੀ ਨਾਲ ਉਹ ਕਾਫੀ ਖੁੱਲ੍ਹ ਗਿਆ ਸੀ। ਕਦੀ ਕਦੀ ਗੱਲਾਂ ਕਰਦੇ ਉਹ ਮੈਨੂੰ ਇਉਂ ਲਗਦੇ, ਜਿਵੇਂ ਕਦੇ ਦੇ ਇਕ ਦੂਜੇ ਨੂੰ ਜਾਣਦੇ ਹੋਣ। ਉਹ ਉਸ ਨੂੰ ਉਸ ਦਾ ਨਾਂ ਲੈ ਕੇ ਬੁਲਾਉਂਦਾ ਤੇ ਉਹ ਉਸ ਨੂੰ ‘ਭਰਾ ਜੀ’ ‘ਭਰਾ ਜੀ’ ਕਹਿੰਦੀ ਨਾ ਥੱਕਦੀ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਸੀ ਕਿ ਰਮੇਸ਼ ਮੇਰਾ ਦੋਸਤ ਮੇਰੇ ਘਰ ਵਿਚ ਇਸ ਤਰ੍ਹਾਂ ਵਿਚਰ ਰਿਹਾ ਹੈ, ਜਿਵੇਂ ਏਸੇ ਘਰ ਦਾ ਕੋਈ ਬੰਦਾ ਹੋਵੇ। ਦੋਸਤਾ ਦੀ ਦੋਸਤਾਂ ਨਾਲ ਇਸ ਤਰ੍ਹਾਂ ਦੀ ਸਾਂਝ ਹੋਣੀ ਹੀ ਚਾਹੀਦੀ ਹੈ। ਦੋਸਤੀ ਵਿਚ ਲੁਕ ਛਿਪ ਕਿਹੜੀ ਗੱਲ ਦੀ?

ਹੋਰ ਵੀ ਮੇਰੇ ਦੋਸਤ ਸਨ। ਮੇਰੇ ਘਰ ਆਉਂਦੇ ਸਨ। ਮੇਰੀ ਮਾਂ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਸਨ, ਜਿਵੇਂ ਉਹ ਉਹਨਾਂ ਦੀ ਵੀ ਮਾਂ ਹੋਵੇ। ਮੇਰੀ ਪਤਨੀ ਨਾਲ ਗੱਲਾਂ ਕਰਦੇ ਜਿਵੇਂ ਉਹਨਾਂ ਦੀ ਇੱਕ ਦੋਸਤ ਹੋਵੇ।ਉਨੀਂ ਦਿਨੀਂ ਮੇਰੇ ਇੱਕ ਮੁੰਡਾ ਸੀ ਤੇ ਇੱਕ ਕੁੜੀ। ਮੇਰਾ ਇੱਕ ਦੋਸਤ ਸੀ ਲੰਮੀ ਠੋਡੀ ਵਾਲਾ। ਜਦ ਕਦੇ ਉਸ ਨੇ ਸਾਡੇ ਘਰ ਆਉਣਾ, ਆਉਣ ਸਾਰ ਮੇਰੀ ਪਤਨੀ ਨਾਲ ਗੱਲੀਂ ਜੁਟ ਜਾਣਾ ਤੇ ਉਸ ਨੂੰ ਕਹਿਣਾ ‘ਭਾਬੀ ਹੁਣ ਤਾਂ ਮੁੰਡਾ ਜੰਮਦੇ ਬੱਸ ਇੱਕ ਹੋਰ, ਖਰੋਟ ਅਰਗਾ ਤੇ ਫੇਰ ਬੱਸ ਕਰੀਂ।’’ ਮੇਰੀ ਪਤਨੀ ਉਸ ਦੀਆਂ ਗੱਲਾਂ ਸੁਣ ਕੇ ਹੱਸ ਹੱਸ ਦੂਹਰੀ ਹੁੰਦੀ ਰਹਿੰਦੀ।

ਇੱਕ ਹੋਰ ਦੋਸਤ ਆਇਆ ਕਰਦਾ ਸੀ। ਉਹ ਕਹਿੰਦਾ ਹੁੰਦਾ, "ਆਪਾਂ ਮੇਜ਼ ਕੁਰਸੀਲਾ ਕੇ ਰੋਟੀ ਨੀ ਖਾਂਦੇ। ਚੁੱਲ੍ਹੇ ਮੂਹਰੇ ਬੈਠ ਕੇ ਲਹਿੰਦੀ ਲਹਿੰਦੀ ਖਾਵਾਂਗੇ ਤੇ ਨਾਲੇ ਭਾਬੀ ਦੀਆਂ ਗੱਲਾਂ ਸੁਣਾਂਗੇ।"

ਇੱਕ ਹੋਰ ਦੋਸਤ ਸੀ। ਜਦ ਉਹ ਆਉਂਦਾ ਤਾਂ ਆਪਣੀ ਭਾਬੀ ਦੇ ਗੋਰੀਂ ਹੱਥ ਲਾਉਂਦਾ। ਮੇਰੀ ਪਤਨੀ ਉਸ ਦਾ ਝੋਲਾ ਫੜ ਕੇ ਉਸ ਨੂੰ ਖੜ੍ਹਾ ਕਰਦੀ ਅਤੇ ਉਸ ਦੇ ਮੋਢੇ ਤੇ ਧੱਫਾ ਮਾਰ ਕੇ ਪੁੱਛਦੀ, "ਦਿਓਰਾ, ਵਿਆਹ ਫੇਰ ਹੁਣ ਤੇਰਾ ਕਦੋਂ ਦੈ?"

ਮੇਰੇ ਉਨ੍ਹਾਂ ਦੋਸਤਾਂ ਤੇ ਮੈਨੂੰ ਬਹੁਤ ਮਾਣ ਸੀ। ਉਹ ਮੇਰੇ ਦੁੱਖ ਸੁੱਖ ਦੇ ਸੀਰੀ ਸਨ। ਮੇਰੀ ਇੱਜ਼ਤ ਉਨ੍ਹਾਂ ਦੀ ਇੱਜ਼ਤ ਸੀ। ਰਮੇਸ਼ ਵੀ ਉਨ੍ਹਾਂ ਵਿਚੋਂ ਇੱਕ ਸੀ।

ਇੱਕ ਦਿਨ ਮੈਂ ਸ਼ਹਿਰ ਗਿਆ। ਰਮੇਸ਼ ਮਿਲ ਪਿਆ।ਉਹ ਮੇਰੇ ਬਹੁਤ ਹੀ ਖਹਿੜੇ ਪੈ ਗਿਆ ਘਰ ਚਲ।’’ ਮੈਂ ਉਸ ਦਿਨ ਉਸ ਦਾ ਆਖਾ ਮੋੜ ਨਾ ਸਕਿਆ।

ਰਮੇਸ਼ ਦਾ ਘਰ ਵਾਹਵਾ ਲੰਮਾ ਚੌੜਾ ਸੀ। ਸੱਜੇ ਹੱਥ ਇੱਕ ਬੈਠਕ, ਆਏ ਗਏ ਦੇ ਬੈਠਣ ਉੱਠਣ ਵਾਲੀ। ਖੱਬੇ ਹੱਥ ਰਸੋਈ, ਗੁਸਲਖਾਨਾ ਤੇ ਨਾਲ ਹੀ ਟੱਟੀ।ਕਾਫ਼ੀ ਖੁੱਲ੍ਹਾ ਵਿਹੜਾ ਤੇ ਪਿਛਲੇ ਪਾਸੇ ਨਾਲੋ ਨਾਲ ਤਿੰਨ ਕਮਰੇ। ਇੱਕ ਟੱਬਰ ਦੇ ਪੈਣ ਸੌਣ ਵਾਲਾ। ਇੱਕ ਸਮਾਨ ਵਾਲਾ ਤੇ ਇੱਕ ਵਿਚ ਤੂੜੀ ਪਾਈ ਹੋਈ ਸੀ।

ਅਸੀਂ ਜਾਣ ਸਾਰ ਬੈਠਕ ਵਿਚ ਜਾ ਬੈਠੇ। ਪੰਜ ਸੱਤ ਮਿੰਟ ਉਲਟੀਆਂ ਪੁਲਟੀਆਂ ਗੱਲਾਂ ਮਾਰ ਕੇ ਰਮੇਸ਼ ਉੱਠ ਖੜਾ ਤੇ ਪੰਦਰਾਂ ਵੀਹ ਮਿੰਟ ਲਾ ਕੇ ਚਾਹ ਦੀ ਕੇਤਲੀ ਲੈ ਆਇਆ। ਕੇਤਲੀ ਉਸ ਨੇ ਮੇਜ਼ 'ਤੇ ਰੱਖ ਦਿੱਤੀ ਤੇ ਆਪਣੀ ਪਤਨੀ ਨੂੰ ਬੋਲ ਮਾਰਿਆ ਕਿ ਉਹ ਦੋ ਪਿਆਲੀਆਂ ਧੋ ਕੇ ਲੈ ਆਵੇ। ਇੱਕ ਮਿੰਟ, ਦੋ ਮਿੰਟ, ਪੰਜ ਮਿੰਟ ਕੋਈ ਜਵਾਬ ਨਾ ਮਿਲਿਆ। ਇੱਕ ਜਵਾਕ ਦਾ ਨਾਂ ਲੈ ਕੇ ਰਮੇਸ਼ ਨੇ ਹਾਕ ਮਾਰੀ। ਔਠ ਨੂੰ ਸਾਲ ਦੀ ਕੁੜੀ ਦੋ ਪਿਆਲੀਆਂ ਮੇਜ਼ 'ਤੇ ਧਰ ਗਈ।

"ਭਾਬੀ ਦੇ ਦਰਸਨ ਤਾਂ ਕਰਾ, ਰਮੇਸ਼।’’ ਚਾਹ ਚਾਹ ਦੀ ਘੁੱਟ ਭਰ ਕੇ ਮੈਂ ਬੁੱਲ੍ਹਾਂ 'ਤੇ ਜੀਭ ਫੇਰੀ।

"ਸ਼ੰਕੁਤਲਾ..." ਆਪਣੀ ਪਤਨੀ ਦਾ ਨਾਂ ਲੈ ਕੇ ਉਸ ਨੇ ਹਾਕ ਮਾਰੀ। ਪੈਰ ਮਲਦੀ ਜਿਹੀ ਉਹ ਬੈਠਕ ਵਿਚ ਆਈ ਤੇ ਰਮੇਸ਼ ਦੇ ਕਹਿਣ 'ਤੇ ਮੈਨੂੰ "ਨਮਸਤੇ ਬੁਲਾਈ। ਨਮਸਤੇ ਮੰਨ ਕੇ ਮੈਂ ਹੱਸ ਪਿਆ। ਉਸ ਦੇ ਮੱਥੇ ਵਿਚ ਡਿਉੜੀਆਂ ਪੈ ਗਈਆਂ। ਮੈਂ ਗੰਭੀਰ ਜਿਹਾ ਹੋ ਗਿਆ ਤੇ ਪੁੱਛਿਆ, “ਸੁਣਾਓ ਭਾਬੀ ਜੀ, ਠੀਕ ਠਾਕ ਓ??? “ਹਾਂ ਜੀ ਤੋਂ ਵੱਧ ਉਹ ਕੁਝ ਨਾ ਬੋਲੀ। ਮੈਂ ਨਿੰਮੋਝੂਣਾ ਜਿਹਾ ਬੈਠਾ ਰਿਹਾ।

ਇਹ ਓਹੀ ‘ਰਾਜ ਕੁਮਾਰ ਐ ਜੀਹਦੀਆਂ ਮੈਂ ਕਈ ਵਾਰ ਗੱਲਾਂ ਕਰਦਾ ਹੁੰਨਾ। ਰਮੇਸ਼ ਖੁਸਿਆ ਖੁਸਿਆ ਜਿਹਾ ਬੋਲਿਆ। ਉਸ ਦੀਆਂ ਗੱਲਾਂ ਫ਼ਰਕ ਰਹੀਆਂ ਸਨ ਤੇ ਮੱਥਾ ਸੁੰਗੜ ਰਿਹਾ ਸੀ। ਪਤਨੀ ਸਾਹਮਣੇ ਜਿਵੇਂ ਉਹ ਮਸਾਂ ਹੀ ਬੋਲ ਕੱਢ ਰਿਹਾ ਸੀ। ਮੰਜੇ ਦੀ ਬਾਹੀ ’ਤੇ ਸੱਜਾ ਪੈਰ ਧਰੀ ਉਹ ਚੁੱਪ ਖੜ੍ਹੀ ਸੀ ਤੇ ਆਪਣੀ ਚੁੰਨੀ ਦਾ ਲੜ ਮਰੋੜ ਰਹੀ ਸੀ। ਅਸੀਂ ਦੋਵੇਂ ਹੀ ਗੱਲਾਂ ਕਰਦੇ ਰਹੇ। ਆਪੇ ਹੀ ਕੋਈ ਸਵਾਲ ਕਰ ਲੈਂਦੇ ਤੇ ਆਪੇ ਹੀ ਫਿਰ ਉਸ ਦਾ ਜਵਾਬ ਦੇ ਲੈਂਦੇ। ਸ਼ੰਕੁਤਲਾ ਦੇ ਜਿਵੇਂ ਕੰਨ ਨਹੀਂ ਸਨ ਤੇ ਜਿਵੇਂ ਬੁੱਲ੍ਹ ਨਹੀਂ ਸਨ, ਜੀਭ ਨਹੀਂ ਸੀ। ਬਸ, ਇੱਕੋ ਗੱਲ ਹੀ ਅਖ਼ੀਰ ਵਿਚ ਉਹ ਬੋਲੀ, ‘‘ਚਾਹ ਹੋਰ ਲਿਆਵਾਂ?”

ਉਸ ਦਿਨ ਚਾਹ ਪੀ ਕੇ ਮੈਂ ਰਮੇਸ਼ ਦੇ ਘਰੋਂ ਮੁੜ ਆਇਆ ਸਾਂ। ਘਰ ਆ ਕੇ ਮੈਂ ਆਪਣੀ ਪਤਨੀ ਕੋਲ ਰਮੇਸ਼ ਦੀ ਘਰ ਵਾਲੀ ਦੀ ਗੱਲ ਕੀਤੀ ਸੀ ਤੇ ਅਸੀਂ ਦੋਵੇਂ ਕਾਫ਼ੀ ਦੇਰ ਹਸਦੇ ਰਹੇ ਸਾਂ।

ਇੱਕ ਦਿਨ ਫਿਰ ਮੈਂ ਕਿਸੇ ਕੰਮ ਸ਼ਹਿਰ ਗਿਆ।ਰਮੇਸ਼ ਮਿਲ ਪਿਆ ਤੇ ਉਹ ਫਿਰ ਮੈਨੂੰ ਘਰ ਲੈ ਗਿਆ। ਉਸ ਦਿਨ ਗਰਮੀ ਬੜੀ ਸੀ। ਮੈਨੂੰ ਪਲੇ ਪਲੇ ੜ੍ਹ ਲੱਗਦੀ ਸੀ। ਉਨ੍ਹਾਂ ਦੀ ਬੈਠਕ ਵਿਚ ਬੈਠਣ ਸਾਰ ਮੈਂ ਪਾਣੀ ਮੰਗਿਆ। ਉਸ ਦੀ ਪਤਨੀ ਸਕੰਜ਼ਵੀ ਦਾ ਜੰਗ ਲਿਆਈ।ਦੋ ਗਲਾਸ। ਇੱਕ ਗਲਾਸ ਭਰ ਕੇ ਉਸ ਨੇ ਪਹਿਲਾਂ ਰਮੇਸ਼ ਨੂੰ ਪਹਿਲਾਂ ਰਮੇਸ਼ ਨੂੰ ਫੜਾ ਦਿੱਤਾ। ਰਮੇਸ਼ ਨੇ ਝੱਟ ਦੇ ਕੇ ਆਪਣੇ ਮੂੰਹ ਨੂੰ ਲਾ ਲਿਆ। ਦੂਜਾ ਗਲਾਸ ਭਰ ਕੇ ਵੀ ਉਸ ਦੀ ਪਤਨੀ ਉਸ ਨੂੰ ਫੜਾ ਦਿੱਤਾ ਤੇ ਰਮੇਸ਼ ਨੇ ਅਗਾਂਹ ਫਿਰ ਉਹ ਗਲਾਸ ਦੇ ਦਿੱਤਾ। ਸਕੰਜ਼ਵੀ ਮੈਂ ਪੀੜਾਂ ਲਈ, ਪਰ ਇੱਕ ਗੱਲ ਮੈਨੂੰ ਬੜੀ ਰੜਕੀ। ਉਸ ਦੀ ਪਤਨੀ ਸਕੰਜ਼ਵੀ ਦਾ ਗਲਾਸ ਮੈਨੂੰ ਆਪ ਨਹੀਂ ਸੀ ਫੜਾ ਸਕਦੀ? ਉਸ ਨੇ ਗਲਾਸ ਪਹਿਲਾਂ ਰਮੇਸ਼ ਨੂੰ ਵੜਾਇਆ ਤੇ ਫਿਰ ਰਮੇਸ਼ ਨੇ ਮੈਨੂੰ।ਇਹ ਕੀ ਜਹਾਲਤ ਹੈ? ਮੈਂ ਚੁੱਪ ਕੀਤਾ ਰਿਹਾ। ਇੱਕ ਘੰਟਾ ਅਸੀਂ ਗੱਲਾਂ ਕਰਦੇ ਰਹੇ। ਮੈਨੂੰ ਚਾਹ ਪੀਣ ਦੀ ਆਦਤ ਬਹੁਤ ਹੈ। ਗਰਮੀ ਹੋਵੇ, ਸਰਦੀ ਹੋਵੇ, ਮੈਂ ਚਾਹ ਬਹੁਤ ਪੀਂਦਾ ਹਾਂ। ਰਮੇਸ਼ ਮੇਰੀ ਆਦਤ ਨੂੰ ਜਾਣਦਾ ਸੀ। ਚਾਹ ਦੇ ਦੋ ਗਲਾਸ ਲੈ ਕੇ ਉਸ ਦੀ ਪਤਨੀ ਆਈ। ਗਲਾਸ ਪਹਿਲਾਂ ਉਸ ਬੈਠਕ ਦੀ ਕਾਰਨਿਸ ’ਤੇ ਰੱਖ ਦਿੱਤੇ। ਫਿਰ ਇੱਕ ਗਲਾਸ ਰਮੇਸ਼ ਨੂੰ ਵੜਾ ਦਿੱਤਾ ਤੇ ਦੂਜਾ ਵੀ ਰਮੇਸ਼ ਨੂੰ। ਰਮੇਸ਼ ਨੇ ਫਿਰ ਇੱਕ ਗਲਾਸ ਮੈਨੂੰ ਫੜਾ ਦਿੱਤਾ। ਮੈਥੋਂ ਚੁੱਪ ਰਿਹਾ ਨਾ ਗਿਆ। “ਹਰੇਕ ਚੀਜ਼ ‘ਥਰੁ ਪਰਾਪਰ ਚੈਨਲ ਕਿਉਂ ਆਉਂਦੀ ਐ ਬਈ?” ਰਮੇਸ਼ ਝਿਪ ਜਿਹਾ ਗਿਆ ਅਤੇ ਕੁਝ ਨਾ ਬੋਲਿਆ। ਕੋਈ ਜਵਾਬ ਨਾ ਸੁਣ ਕੇ ਮੈਂ ਵੀ ਫਿ ਕੁਝ ਨਾ ਕਿਹਾ।

ਉਸ ਨੇ ਬਥੇਰੀ ਕੋਸ਼ਿਸ਼ ਕੀਤੀ ਸੀ ਕਿ ਉਸ ਦੀ ਪਤਨੀ ਕੁਝ ਤਾਂ ਮੂੰਹੋਂ ਫੁੱਟੇ, ਪਰ ਵਿਅਰਥ

ਰਮੇਸ਼ ਦੇ ਇੱਕ ਮੁੰਡਾ ਸੀ ਤੇ ਇੱਕ ਕੁੜੀ। ਘਰ ਵਿਚ ਹੋਰ ਕੋਈ ਨਹੀਂ ਸੀ। ਚਾਰ ਪੰਜ ਸਾਲ ਹੋ ਚੁੱਕੇ ਸਨ, ਉਹ ਮਾਂ ਪਿਓ ਨਾਲੋਂ ਅੱਡ ਹੋ ਗਿਆ ਸੀ। ਮਾਂ ਪਿਓ ਉਸੇ ਮੁਹੱਲੇ ਵਿਚ ਹੀ ਉਨ੍ਹਾਂ ਦੇ ਦੂਜੇ ਮਕਾਨ ਵਿਚ ਰਹਿੰਦੇ ਸਨ। "ਰਮੇਸ਼, ਜੇ ਤੂੰ ਘਰੇ ਨਾ ਹੋਵੇਂ। ਭੁੱਲੇ ਭਟਕ ਏਥੇ ਆ ਜੀਏ ਤਾਂ ਭੁੱਖੇ ਮਰ ਜੀਏ। ਭਾਬੀ ਤਾਂ ਕੋਈ ਗੱਲ ਨੀ ਕਰਦੀ। ਉਸ ਦਿਨ ਰਮੇਸ਼ ਨੂੰ ਟਕੋਰ ਕੀਤੀ ਸੀ।

ਮੈਨੂੰ ਆਪਣੇ ਹੋਰ ਦੋਸਤਾਂ ਦੀਆਂ ਪਤਨੀਆਂ ਯਾਦ ਆਈਆਂ।ਇੱਕ ਮੇਰਾ ਦੋਸਤ ਸੀ। ਉਸ ਦੀ ਪਤਨੀ ਸੀ, ਜਿਵੇਂ ਮੇਰੀ ਭੈਣ ਲੱਗਦੀ ਹੋਵੇ। ਮੈਂ ਉਨ੍ਹਾਂ ਦੇ ਘਰ ਜਦ ਕਦੇ ਵੀ ਜਾਂਦਾ। ਟੈਰਾਲੀਨ ਦੀ, ਮੇਰੀ ਮੈਲੀ ਬੁਸ਼ਰਟ ਨੂੰ ਜਦ ਉਹ ਦੇਖਦੀ ਤਾਂ ਕਹਿੰਦੀ, “ਬੁਸ਼ਰਟ ਲਾਹ ਕੇ ਫੜਾਓ ਭਰਾ ਜੀ। ਸਾਬਣ ਲਾ ਦਿਆਂ। ਲੱਗਦਾ ਕੀਹ ਐ? ਰੋਟੀ ਖਾਂਦੇ ਖਾਂਦੇ ਸੱਕ ਜਾਣੈ।

ਇੱਕ ਵਾਰੀ ਮੈਂ ਚੰਡੀਗੜ ਗਿਆ। ਰਿਕਸ਼ੇ ਤੋਂ ਉਤਰਨ ਲੱਗਿਆਂ ਪਤਾ ਨਹੀਂ ਕਿਵੇਂ ਮੇਰੇ ਗਿੱਟੇ ਨੂੰ ਮੋਚ ਆ ਗਈ। ਮੈਂ ਆਪਣੇ ਜਿਸ ਦੋਸਤ ਦੇ ਘਰ ਠਹਿਰਿਆ, ਸਗੋਂ ਦਾ ਤੇਲ ਤੱਤਾ ਕਰਕੇ ਅੱਧਾ ਘੰਟਾ ਉਸ ਦੀ ਪਤਨੀ ਮੇਰੇ ਗਿੱਟੇ ਦੀ ਮਾਲਸ਼ ਕਰਦੀ ਰਹੀ ਤੇ ਗਿੱਟੇ ਦੀ ਮੋਚ ਕੱਢ ਕੇ ਉਸ ਨੂੰ ਨੀਂਦ ਆਈ,

ਮੇਰੇ ਮਨ ਵਿੱਚ ਇੱਕ ਗੱਲ ਸੁਲਗਦੀ ਰਹਿੰਦੀ ਸੀ। ਜਦ ਕਦੇ ਰਮੇਸ਼ ਸਾਡੇ ਪਿੰਡ ਮੇਰੇ ਘਰ ਆਉਂਦਾ ਸੀ ਤਾਂ ਉਸ ਦਾ ਮੱਥਾ ਬੜਾ ਖਿੜਿਆ ਹੁੰਦਾ। ਮੇਰੀ ਪਤਨੀ ਨਾਲ ਉਹ ਖੁੱਲ੍ਹ ਕੇ ਗੱਲਾਂ ਕਰਦਾ। ਪਰ ਮੈਂ ਉਸ ਦੇ ਘਰ ਜਾਂਦਾ, ਉਸ ਦੀ ਪਤਨੀ ਸ਼ਕੁੰਤਲਾ ਨੇ ਤਾਂ ਕੀ ਬੋਲਣਾ ਸੀ, ਉਹ ਆਪ ਵੀ ਪਿਚਕ ਜਿਹਾ ਜਾਂਦਾ। ਜਿਵੇਂ ਉਸ ਦੇ ਘਰ ਵਿੱਚ ਉਸ ਦੀ ਪਤਨੀ ਨੇ ਕੋਈ ਪਲੰਜੀ ਹੋਈ ਸੁਆਹ ਬਰੁਰ ਦਿੱਤੀ ਹੋਈ ਸੀ। ਮੈਂ ਇੱਕ ਦਿਨ ਰਮੇਸ਼ ਤੋਂ ਪੁੱਛਿਆ, “ਰਮੇਸ਼, ਸ਼ਕੁੰਤਲਾ ਐਨੀ ਘੁੱਟੀ ਜਿਹੀ ਕਿਉਂ ਰਹਿੰਦੀ ਐ? ਅੰਦਰਲੀ ਕੋਈ ਗੱਲ ਤਾਂ ਨੀ??? ਰਮੇਸ਼ ਨੇ ਜਵਾਬ ਦਿੱਤਾ, “ਇਹਦੇ ਪੇਕਿਆਂ ਦਾ ਵਾਤਾਵਰਣ ਕੁਝ ਤੰਗ ਜਿਹਾ ਈ ਐ। ਇਹਦਾ ਸੁਭਾਅ ਵੀ ਉਹੋ ਜਿਹਾ ਈ ਹੋ ਗਿਐ। ਹੋਰ ਤਾਂ ਕੋਈ ਗੱਲ ਨੀ।ਇਹ ਬੱਸ ਐਵੇਂ ਨੈਰੋ ਮਾਈਂਡਿਡ ਜਿਹੀ ਐ।

"ਇਹਦੀ ਨੈਰੋ ਮਾਈਂਡਿਡ ਨੱਸ ਹੁਣ ਫੇਰ ਪੰਜ ਸੱਤ ਸਾਲ ਠਹਿਰ ਕੇ ਦਰ ਕਰੇਂਗਾ? ਆਪੇ ਹੌਲੀ ਹੌਲੀ ਠੀਕ ਹੋ ਜੂ।' ਕਹਿ ਕੇ ਉਹ ਸਗੋਂ ਡੂੰਘੀਆਂ ਸੋਚਾਂ ਵਿਚ ਡੁੱਬ ਗਿਆ। ਮੈਂ ਅਗਾਂਹ ਗੱਲ ਨਾ ਤੋਰੀ।

ਇੱਕ ਦਿਨ ਮੈਂ ਸ਼ਹਿਰ ਗਿਆ। ਉਸ ਦਿਨ ਗੁੜ ਦਾ ਭਾਅ ਬਹੁਤ ਡਿੱਗਿਆ ਹੋਇਆ ਸੀ। ਐਨਾ ਸਸਤਾ ਗੁੜ ਸ਼ਾਇਦ ਕਦੇ ਵੀ ਫੇਰ ਨਹੀਂ ਸੀ ਹੋ ਸਕਣਾ। ਮੈਂ ਚਾਹੁੰਦਾ ਸਾਂ ਕਿ ਗੁੜ ਦਾ ਇਕ ਗੱਟਾ ਲੈ ਲਵਾਂ ਤਾਂ ਕਿ ਫਿਰ ਜੇਠ ਹਾੜ ਵਿਚ ਮੌਜ ਕੀਤੀ ਜਾਵੇ, ਜਦੋਂ ਕਿ ਭਾਅ ਬਹੁਤ ਵਧ ਜਾਂਦਾ ਹੈ। ਪਰ ਉਸ ਦਿਨ ਮੇਰੀ ਜੇਬ ਵਿਚ ਰੁਪਏ ਬਹੁਤ ਘੱਟ ਸਨ। ਮੈਂ ਸੋਚਿਆ ਕਿ ਪੰਜਾਹ ਰੁਪਏ ਰਮੇਸ਼ ਦੇ ਘਰੋਂ ਕਿਉਂ ਨਾ ਫੜ ਲਿਆਵਾਂ? ਪੰਜ ਦਸ ਦਿਨਾਂ ਤਾਈਂ, ਜਦ ਫਿਰ ਆਇਆ ਦੇ ਜਾਵਾਂਗਾ।

ਉਸ ਦੇ ਘਰ ਗਿਆ। ਬੈਠਕ ਖੁੱਲ੍ਹੀ ਪਈ ਸੀ। ਹਾਕ ਮਾਰੀ ਕੋਈ ਨਾ ਬੋਲਿਆ। ਜਵਾਕ ਵੀ ਕੋਈ ਘਰ ਨਹੀਂ ਸੀ। ਤੂੜੀ ਵਾਲੇ ਕਮਰੇ ਵਿਚੋਂ ਸ਼ਕੁੰਤਲਾ ਨਿਕਲੀ।ਉਹ ਮੇਰੇ ਵੱਲ ਨਹੀਂ ਆਈ, ਚੁੰਨੀ ਨਾਲ ਮੂੰਹ ਵਲ੍ਹੇਟ ਕੇ ਪੈਣ ਸੌਣ ਵਾਲੇ ਕਮਰੇ ਅੰਦਰ ਚਲੀ ਗਈ। ਮੈਂ ਬੈਠਕ ਵਿਚ ਬੈਠ ਗਿਆ। ਸਿਰ ਦੇ ਪਟਿਆਂ ਵਿੱਚ ਸੱਜੇ ਹੱਥ ਦੀਆਂ ਉਂਗਲਾਂ ਫੇਰਦਾ ਇੱਕ ਓਪਰਾ ਬੰਦਾ ਹਫ਼ੇ ਸਾਹੀਂ ਸਰੜ ਦੇ ਕੇ ਬੈਠਕ ਦੇ ਮੂਹਰੋਂ ਦੀ ਲੰਘ ਗਿਆ। ਮੈਂ ਉੱਠ ਕੇ ਦੇਖਿਆ, ਉਹ ਗੇਟ ਪਾਰ ਕਰ ਗਿਆ ਸੀ।ਅੱਧਾ ਘੰਟਾ, ਇੱਕ ਘੰਟਾ, ਡੇਢ ਘੰਟਾ ਬੈਠਾ ਮੈਂ ਉਡੀਕਦਾ ਰਿਹਾ, ਪਰ ਰਮੇਸ਼ ਨਾ ਆਇਆ। ਸ਼ਕੁੰਤਲਾ ਨੇ ਵੀ ਅੰਦਰੋਂ ਆ ਕੇ ਕੋਈ ਜਵਾਬ ਨਾ ਦਿੱਤਾ। ਮੁੰਡਾ ਕੁੜੀ ਦੋਵੇਂ ਜਵਾਕ ਪਤਾ ਨਹੀਂ ਕਿੱਥੇ ਗਏ ਹੋਏ ਸਨ। ਅੰਕ ਕੇ ਮੈਂ ਬੈਠਕ ਵਿਚੋਂ ਉੱਠਿਆ ਤੇ ਰਮੇਸ਼ ਦੀ ਪਤਨੀ ਨੂੰ ਬਿਨਾਂ ਕੁਝ ਕਹੇ ਸੁਣੇ ਪਿੰਡ ਨੂੰ ਵਾਪਸ ਆ ਗਿਆ। ਪੰਦਰਾਂ ਵੀਹ ਦਿਨਾਂ ਬਾਅਦ ਜਦ ਮੈਂ ਫਿਰ ਸ਼ਹਿਰ ਗਿਆ ਤਾਂ ਰਮੇਸ਼ ਬਜ਼ਾਰ 'ਚ ਚਾਣਚੱਕ ਮਿਲ ਪਿਆ। ਮੈਂ ਮੁਸ਼ਕਰਾਇਆ।ਉਸ ਦੇ ਮੱਥੇ ਤੇ ਵੱਟ ਉੱਭਰੇ ਹੋਏ ਸਨ। ਉਸ ਨੇ ਮੇਰੇ ਨਾਲ ਸਵਾਰ ਕੇ ਗੱਲ ਨਾ ਕੀਤੀ। ਕਹਿੰਦਾ, “ਮੁੜਕੇ ਪੈਰ ਨਾ ਧਰੀਂ ਮੇਰੇ ਘਰ।" ਤੇ ਅੱਗੇ ਨੂੰ ਤੁਰ ਗਿਆ।*