ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਚੰਗੀ ਗੱਲ

ਵਿਕੀਸਰੋਤ ਤੋਂ

ਚੰਗੀ ਗੱਲ

“ਭਜਨ ਸਿਆਂ, ਤੇਰੇ ਵਾਸਤੇ ਸਪੈਸ਼ਲ ਲਿਆਂਦੀ ਐ। ਆ, ਐਧਰ ਪੌੜੀ ਚੜ੍ਹ ਆ, ਕੋਠੇ ਉੱਤੇ ਬੈਠਾਂਗੇ। ਉੱਤੇ ਹਵਾ ਐ।” ਮਿਹਰ ਸਿੰਘ ਲਈ ਉਹ ਸਭ ਤੋਂ ਖ਼ਾਸ ਬੰਦਾ ਸੀ। ਲਾਊਡ-ਸਪੀਕਰ ਵੱਜ ਰਿਹਾ ਸੀ। ਨਵੇਂ ਗਾਇਕਾਂ ਦੇ ਗੀਤ ਲਾਏ ਜਾ ਰਹੇ ਸਨ, ਜਿਨ੍ਹਾਂ ਦਾ ਉੱਚਾ ਤੇ ਖੜਕਵਾਂ ਸੰਗੀਤ ਕੰਨਾਂ ਨੂੰ ਚੀਰ-ਚੀਰ ਜਾਂਦਾ। ਪੰਜ-ਪੰਜ, ਸੱਤ-ਸੱਤ ਬੰਦਿਆਂ ਦੀਆਂ ਢਾਣੀਆਂ ਬਣਾ ਕੇ ਲੋਕ ਦਾਰੂ ਪੀਣ ਬੈਠ ਗਏ ਸਨ। ਦੋ ਢਾਣੀਆਂ ਉਹਨਾਂ ਦੇ ਘਰ ਵਿੱਚ ਹੀ ਸਨ, ਬਾਕੀ ਵਿਹੜੇ ਦੇ ਹੋਰ ਘਰਾਂ ਵਿੱਚ ਬੈਠੇ ਸਨ। ਬੱਕਰਾ ਵੀ ਵੱਢਿਆ ਗਿਆ ਸੀ। ਕੜਛੀਆਂ ਦੇ ਹਿਸਾਬ ਤਰ-ਮਾਲ ਸਭ ਨੂੰ ਪਹੁੰਚ ਰਿਹਾ ਸੀ, ਜਿੱਥੇ-ਜਿੱਥੇ ਵੀ ਉਹ ਬੈਠੇ ਸਨ।

ਉਸ ਦਿਨ ਪਿਛਲੇ ਪਹਿਰ ਮਿਹਰ ਸਿੰਘ ਫ਼ੌਜੀ ਦੇ ਛੋਟੇ ਮੁੰਡੇ ਬਿੱਕਰ ਦਾ ਮੰਗਣਾ ਸੀ। ਮਿਹਰ ਸਿੰਘ ਦੇ ਰਿਸ਼ਤੇਦਾਰ ਆਏ ਹੋਏ ਸਨ। ਪਿੰਡ ਦੇ ਖ਼ਾਸ ਜ਼ਿਮੀਂਦਾਰ ਸਨ ਤੇ ਵਿਹੜੇ ਦੇ ਸਾਰੇ ਘਰ ਦੋ ਚਾਰ ਘਰ ਨਹੀਂ ਵੀ ਹੋਣੇ, ਜਿਹੜੇ ਮਿਹਰ ਸਿੰਘ ਨਾਲ ਖ਼ਾਰ ਖਾਂਦੇ ਸਨ ਤੇ ਉਹਦੀ ਚੜ੍ਹਤ ਨੂੰ ਦੇਖ ਕੇ ਦੰਦ ਚੱਬਦੇ।

“ਇਹ ਸਭ ਤੇਰੀ ਕਿਰਪਾ ਐ ਭਜਨ ਸਿਆਂ, ਤੇਰੇ ਪੈਰੋਂ ਹੋਇਐ ਸਭ। ਬਿੱਕਰ ਨੇ ਐਨੀ ਕਮਾਈ ਕੀਤੀ ਐ, ਬਈ ਪੁੱਛ ਨਾ। ਮਕਾਨ ਤੈਨੂੰ ਦੀਂਹਦਾ ਈ ਐ। ਆਹ ਹੇਠਲੇ ਦੋ ਕਮਰੇ, ਰਸੋਈ, ਗੁਲਸਖਾਨਾ ਤੇ ਇਹ ਉਤਲਾ ਚੁਬਾਰਾ ਬਿੱਕਰ ਦੀ ਕਮਾਈ 'ਚੋਂ ਬਣਿਐ ਸਮਝ, ਫੇਰ ਪੱਕੀਆਂ ਪੌੜੀਆਂ।” ਉਹ ਚੁਬਾਰੇ ਮੂਹਰੇ ਦੋ ਮੰਜੇ ਡਾਹ ਕੇ ਤੇ ਵਿਚਾਲੇ ਮੇਜ਼ ਲਾ ਕੇ ਬੈਠੇ ਦੋ ਦੋ ਪੈੱਗ ਲੈ ਚੁੱਕੇ ਹਨ। ਸ਼ਰਾਬ ਦੀਆਂ ਘੁੱਟਾਂ ਭਰਦੇ ਤੇ ਆਪਣੀਆਂ-ਆਪਣੀਆਂ ਕੌਲੀਆਂ ਵਿੱਚੋਂ ਮੀਟ ਖਾਂਦੇ। ਫ਼ੌਜੀ ਲਗਾਤਾਰ ਬੋਲੀ ਜਾ ਰਿਹਾ ਸੀ।"

"ਮਿਹਰ ਸਿੰਘ ਜੀ, ਇਹ ਤਾਂ ਮੁੰਡੇ ਦਾ ਆਪਣਾ ਦਿਮਾਗ਼ ਐ ਜਾਂ ਫਿਰ ਮਿਹਨਤ। ਬਿੱਕਰ ਆਪ ਵੀ ਬੜਾ ਹਿੰਮਤੀ ਸੀ। ਮੇਰੇ ਕੋਲ ਤਾਂ ਵੀਹ ਮੁੰਡੇ ਕੰਮ ਸਿੱਖ ਕੇ ਗਏ ਐ। ਸਾਰੇ ਥੋੜ੍ਹਾ ਐਂ ਮਕਾਨ ਪਾਈ ਬੈਠੇ ਐ, ਕਈਆਂ ਸਾਲ਼ਿਆਂ ਕੋਲ ਤਾਂ ਕੱਛ ਵੀ ਸਮਾਉਣ ਨ੍ਹੀਂ ਆਉਂਦਾ ਕੋਈ। ਹਾਂ, ਇਹੋ ਕੁੱਝ ਮੁੰਡੇ ਲੈਕ ਨਿਕਲੇ। ਬਿੱਕਰ ਵਰਗੇ ਹੋਰ ਵੀ ਨੇ।” ਭਜਨ ਦੱਸ ਰਿਹਾ ਸੀ, “ਮੇਰੇ ਕੋਲ ਜਿਹੜਾ ਵੀ ਮੁੰਡਾ ਆਉਂਦਾ, ਮੈਂ ਤਾਂ ਪਹਿਲਾਂ ਉਹਨੂੰ ਕਾਜ ਕਰਨੇ ਸਿਖਾਉਂਦਾ, ਫਿਰ ਕਮੀਜ਼ ਦੀ ਸਿਲਾਈ। ਜਿਹੜਾ ਮੁੰਡਾ ਕਾਜ ਕਰਨਾ ਸਿੱਖ ਲਵੇ, ਸਮਝੋ ਉਹ ਪਹਿਲੀ ਜਮਾਤ ਪਾਸ ਕਰ ਗਿਆ। ਫਿਰ ਕਮੀਜ਼, ਕਮੀਜ਼ ਈ 'ਕੱਲਾ ਬਨਾਉਣਾ ਜਾਣਦਾ ਹੋਵੇ, ਭੁੱਖਾ ਨ੍ਹੀਂ ਮਰ ਸਕਦਾ।”

ਦੁਰਗਾ ਸਿੰਘ ਤੇ ਭਜਨ ਸਿੰਘ ਦੋ ਭਰਾ ਸਨ। ਦੁਰਗਾ ਸਿੰਘ ਤੇ ਮਿਹਰ ਸਿੰਘ ਫ਼ੌਜ ਵਿੱਚ ਇਕੱਠੇ ਭਰਤੀ ਹੋਏ। ਇਕੱਠੇ ਹੀ ਹੌਲਦਾਰੀ ਪੈਨਸ਼ਨ ਆਏ। ਦੁਰਗਾ ਸਿੰਘ ਕੁਝ ਮਹੀਨੇ ਪਹਿਲਾਂ ਆ ਗਿਆ ਸੀ, ਮਿਹਰ ਸਿੰਘ ਪਿੱਛੋਂ ਆਇਆ। ਦੁਰਗੇ ਨੇ ਤਾਂ ਆਪਣਾ ਪਿਤਾ ਪੁਰਖੀ ਕੰਮ ਸਾਂਭ ਲਿਆ। ਪਿੰਡ ਵੱਡਾ ਸੀ। ਬੰਦਿਆਂ ਦੇ ਕੁੜਤੇ, ਕਛਹਿਰੇ, ਜਾਂਘੀਏ ਤੇ ਤੀਵੀਆਂ ਦੀਆਂ ਕੁੜਤੀਆਂ-ਸਲਵਾਰਾਂ, ਅੰਤ ਨਹੀਂ ਸੀ ਕੰਮ ਦਾ। ਦੁਰਗਾ ਆਪ ਮਸ਼ੀਨ ਚਲਾਉਂਦਾ ਤੇ ਉਹਦੇ ਦੋਵੇਂ ਮੁੰਡੇ ਵੀ। ਉਹਨਾਂ ਕੋਲ ਅਗਵਾੜ ਦੇ ਕਈ ਘਰਾਂ ਦਾ ਸੇਪੀ ਦਾ ਕੰਮ ਵੀ ਸੀ। ਬਹੁਤ ਕੰਮ ਸੀ। ਮਿਹਰ ਸਿੰਘ ਨੇ ਚਮੜੇ ਦਾ ਕੰਮ ਨਹੀਂ ਕੀਤਾ। ਉਹਦਾ ਪਿਓ ਜੁੱਤੀਆਂ ਸਿਉਂਦਾ ਹੁੰਦਾ, ਚਾਚੇ ਤਾਏ ਜੱਟਾਂ ਨਾਲ ਸੀਰੀ ਰਲ਼ਦੇ ਸਨ। ਮਿਹਰ ਸਿੰਘ ਨੂੰ ਪਹਿਲੇ ਦਿਨੋਂ ਇਹ ਦੋਵੇਂ ਕੰਮ ਪਸੰਦ ਨਹੀਂ ਸਨ। ਫ਼ੌਜ ਵਿੱਚ ਸੀ ਜਦੋਂ, ਓਦੋਂ ਹੀ ਉਹਦਾ ਵਿਆਹ ਹੋ ਗਿਆ। ਉਹਨੇ ਆਪਣੇ ਦੋਵੇਂ ਮੁੰਡੇ ਸਕੂਲ ਭੇਜੇ ਸਨ। ਪੜ੍ਹਨ ਵਿੱਚ ਤਿੱਖੇ ਸਨ। ਦੋਵਾਂ ਨੇ ਦਸਵੀਂ ਕੀਤੀ। ਮਿਹਰ ਸਿੰਘ ਚਾਹੁੰਦਾ ਸੀ, ਉਹਨੂੰ ਨੂੰ ਵੀ ਫ਼ੌਜ ਵਿੱਚ ਲੈ ਜਾਵੇ, ਪਰ ਮਾਂ ਨਹੀਂ ਮੰਨੀ ਸੀ। ਕਹਿੰਦੀ ਸੀ, “ਤੂੰ ਤਾਂ ਸਾਰੀ ਉਮਰ ਸਾਭਦਾਨ-ਵਿਸ਼ਰਾਮ ਕਰਦੇ ਨੇ ਗਾਲ਼ 'ਤੀ, ਕਦੇ ਕਿਤੇ, ਕਦੇ ਕਿਤੇ ਮੁੰਡਿਆਂ ਨੂੰ ਮੈਂ ਏਸ ਕੰਮ ਚ ਨ੍ਹੀਂ ਪੈਣ ਦੇਣਾ। ਇਹ ਘਰੇ ਰਹਿਣਗੇ, ਚਾਹੇ ਨਿੱਕਾ-ਮੋਟਾ ਕੋਈ ਵੀ ਕੰਮ ਕਰਨ, ਅੱਖਾਂ ਸਾਮ੍ਹਣੇ ਤਾਂ ਰਹਿਣਗੇ।”

ਵੱਡਾ ਕਰਨੈਲ ਤਾਂ ਸੜਕਾਂ ਦਾ ਮੇਟ ਬਣ ਗਿਆ। ਛੋਟਾ ਬਿੱਕਰ ਬਠਿੰਡੇ ਭੇਜ ਦਿੱਤਾ ਉਹਨਾਂ ਨੇ, ਭਜਨ ਕੋਲ। ਬਠਿੰਡੇ ਭਜਨ ਦੀ ਚੰਗੀ ਵਧੀਆ ਦੁਕਾਨ ਸੀ। ਕਿਲ੍ਹੇ ਨਾਲ ਲੱਗਦੀਆਂ ਦੁਕਾਨਾਂ ਵਿੱਚ ਇੱਕ ਦੁਕਾਨ ਖ਼ਾਸੀ ਖੁੱਲ੍ਹੀ-ਡੁੱਲ੍ਹੀ ਦੁਕਾਨ ਸੀ। “ਮਾਲਵਾ ਟੇਲਰਜ਼” ਆਪ ਉਹ ਸਿਰਫ਼ ਕਟਿੰਗ ਕਰਦਾ। ਸਿਲਾਈ ਕਰਨ ਵਾਲੇ ਕਈ ਕਾਰੀਗਰ ਸਨ, ਜਿਹਨਾਂ ਵਿੱਚ ਬਹੁਤੇ ਉੱਤਰ ਪ੍ਰਦੇਸ਼ ਦੇ ਸਨ। ਉਹ ਠੇਕੇ ਦਾ ਕੰਮ ਕਰਦੇ। ਭਜਨ ਕੋਲ ਦੁਕਾਨ ਤੋਂ ਅਲੱਗ ਦੋ ਚੁਬਾਰੇ ਵੀ ਸਨ, ਜਿੱਥੇ ਕਾਰੀਗਰ ਬੈਠਦੇ। ਕਾਰੀਗਰ ਕੱਪੜੇ ਦੇ ਹਿਸਾਬ ਨਾਲ ਪੈਸੇ ਲੈਂਦੇ। ਦੁਕਾਨ ਉੱਤੇ ਬਹੁਤਾ ਕਰਕੇ ਸਿਖਾਂਦਰੂ ਮੁੰਡੇ ਬੈਠਦੇ। ਇਹ ਪਿੰਡਾਂ ਦੇ ਮੁੰਡੇ ਸਨ। ਭਜਨ ਦੀਆਂ ਰਿਸ਼ਤੇਦਾਰੀਆਂ ਵਿੱਚੋਂ ਦਰਜੀਆਂ ਦੇ ਮੁੰਡੇ ਤੇ ਹੋਰ ਜਾਤਾਂ ਦੇ ਮੁੰਡੇ ਵੀ। ਬਿੱਕਰ ਉਹਨਾਂ ਦੇ ਪਿੰਡ ਦਾ ਮੁੰਡਾ ਸੀ। ਉਹਦੇ ਵੱਡੇ ਭਰਾ ਦੁਰਗਾ ਸਿੰਘ ਦੇ ਫ਼ੌਜੀ ਦੋਸਤ ਮਿਹਰ ਸਿੰਘ ਦਾ ਛੋਟਾ ਮੁੰਡਾ। ਪਿੰਡ ਦਾ ਮੋਹ ਵੀ ਸੀ। ਭਜਨ ਦਰਿਆ-ਦਿਲ ਬੰਦਾ ਸੀ। ਕੋਈ ਬੇਰੁਜ਼ਗਾਰ ਮੁੰਡਾ ਕੰਮ ਸਿੱਖ ਕੇ ਕਮਾਈ ਕਰਨ ਲੱਗਦਾ ਤਾਂ ਉਹਨੂੰ ਬੇਹੱਦ ਖੁਸ਼ੀ ਹੁੰਦੀ। ਕੰਮ ਸਿੱਖ ਕੇ ਗਏ ਮੁੰਡਿਆਂ ਦੀਆਂ ਦੁਕਾਨਾਂ ਉਹ ਆਪ ਖੁਲ੍ਹਾ ਕੇ ਆਉਂਦਾ। ਮਹੂਰਤ ਉੱਤੇ ਜਾ ਕੇ ਉਹਨੂੰ ਐਨਾ ਚਾਅ ਚੜ੍ਹਦਾ, ਜਿਵੇਂ ਪਿੰਡ ਵਸਾ ਕੇ ਮੁੜਿਆ ਹੋਵੇ। ਇਸ ਤਰ੍ਹਾਂ ਅਨੇਕ ਟੇਲਰ ਮੁੰਡਿਆਂ ਦਾ ਉਹ ਗੁਰੂ ਸੀ। ਉਹਦਾ ਚੇਲਾ ਉਹਨੂੰ ਭਜਨ ਸਿੰਘ ਕਹਿ ਕੇ ਗੱਲ ਕਦੇ ਨਹੀਂ ਕਰਦਾ ਸੀ, ਉਹਨਾਂ ਦਾ ਤਾਂ ‘ਉਹ ਮਾਸਟਰ ਜੀ’ ਸੀ। ‘ਮਾਸਟਰ ਜੀ’ ਜਿਸ ਨੇ ਉਹਨਾਂ ਨੂੰ ਟੁਕੜੇ ਪਾਇਆ ਸੀ। |

ਦੁਰਗਾ ਹਾਲੇ ਫ਼ੌਜ ਵਿੱਚ ਸੀ, ਜਦੋਂ ਭਜਨ ਬਠਿੰਡੇ ਚਲਿਆ ਗਿਆ ਸੀ। ਇੱਕ ਵਾਰ ਛੁੱਟੀ ਆਇਆ, ਦੁਰਗਾ ਉਹਨੂੰ ਆਪ ਬਠਿੰਡੇ ਛੱਡ ਕੇ ਆਇਆ ਸੀ। ਭਜਨ ਅੱਠ ਨੌਂ ਜਮਾਤਾਂ ਹੀ ਪੜ੍ਹ ਸਕਿਆ ਸੀ। ਪਿੰਡ ਵਿੱਚ ਤਾਂ ਪ੍ਰਾਇਮਰੀ ਸਕੂਲ ਸੀ। ਓਥੇ ਉਹਨੇ ਪੰਜ ਜਮਾਤਾਂ ਕਰ ਲਈਆਂ। ਫਿਰ ਮੰਡੀ ਦੇ ਸਕੂਲ ਵਿੱਚ ਜਾਣ ਲੱਗਿਆ। ਮੰਡੀ ਉਹਨਾਂ ਦੇ ਪਿੰਡੋਂ ਚਾਰ ਮੀਲ ਸੀ। ਭਜਨ ਤੁਰ ਕੇ ਜਾਂਦਾ। ਸਾਈਕਲ ਨਾ ਉਹਨਾਂ ਦੇ ਘਰ ਵਿੱਚ ਸੀ ਤੇ ਨਾ ਹੀ ਉਹਨੂੰ ਚਲਾਉਣਾ ਆਉਂਦਾ। ਚਾਰ ਮੀਲ ਤੁਰਨਾ ਔਖਾ ਲੱਗਦਾ। ਮਾਂ-ਬਾਪ ਬਿਰਧ ਸਨ। ਤੜਕੇ ਸਦੇਹਾਂ ਉੱਠ ਕੇ ਮਾਂ ਤੋਂ ਰੋਟੀ ਨਾ ਪੱਕਦੀ। ਮਾਂ ਨੂੰ ਗਠੀਏ ਦਾ ਰੋਗ ਸੀ। ਕਦੇ-ਕਦੇ ਭਜਨ ਨੂੰ ਭੁੱਖਿਆਂ ਹੀ ਸਕੂਲ ਜਾਣਾ ਪੈਂਦਾ। ਉਹ ਪੜ੍ਹਾਈ ਵਿੱਚ ਕਮਜ਼ੋਰ ਵੀ ਸੀ। ਨੌਵੀਂ ਵਿੱਚ ਜਾ ਕੇ ਉਹ ਜਮ੍ਹਾਂ ਹੀ ਰਹਿ ਗਿਆ। ਪਿਓ ਤੋਂ ਸਿਲਾਈ ਦਾ ਕੰਮ ਹੁੰਦਾ ਨਹੀਂ ਸੀ। ਅੱਖਾਂ ਦੀ ਨਜ਼ਰ ਬਹੁਤ ਘਟ ਚੁੱਕੀ ਸੀ। ਦੁਰਗਾ ਛੁੱਟੀ ਆਇਆ। ਓਦੋਂ ਤਾਂ ਭਜਨ ਮਰੂੰ-ਮਰੂੰ ਕਰਦਾ ਸੀ। ਪਹਿਲਾਂ-ਪਹਿਲਾਂ ਬਠਿੰਡੇ ਜੀਅ ਹੀ ਨਾ ਲਾਇਆ। ਦੁਰਗਾ ਉਹਨੂੰ ਗਾਲ੍ਹਾਂ ਕੱਢਦਾ, “ਓਏ ਤੂੰ, ਵਿਹਲਾ ਪਿੰਡ ਰਹਿ ਕੇ ਕੀ ਕਰੇਂਗਾ? ਚਾਰ ਅੱਖਰ ਢਿੱਡ ‘ਚ ਪਾ ਲੈਂਦਾ, ਉਹ ਨਾ ਤੈਥੋਂ ਪਏ। ਆਪਾਂ ਜੱਟ ਹੁੰਦੇ ਤਾਂ ਤੂੰ ਖੇਤੀ ਕਰਦਾ। ਬਾਣੀਏ ਹੁੰਦੇ, ਦੁਕਾਨ ‘ਤੇ ਬਹਿ ਜਾਂਦਾ। ਦੱਸ ਕੀ ਕਰਾਂਗੇ ਤੇਰਾ?”

ਉਸ ਦਿਨ ਮੰਗਣੇ ਤੋਂ ਬਾਅਦ ਭਜਨ ਕਾਹਲ ਕਰ ਰਿਹਾ ਸੀ ਕਿ ਉਹਨੇ ਛੇਤੀ ਵਾਪਸ ਬਠਿੰਡੇ ਨੂੰ ਮੁੜਨਾ ਹੈ। ਜਾ ਕੇ ਦੁਕਾਨ ਵਧਾਉਣੀ ਹੈ। ਕਾਰੀਗਰ ਉਡੀਕਦੇ ਹੋਣਗੇ, ਪਰ ਬਿੱਕਰ ਨੇ ਉਹਦੇ ਪੈਰ ਨਹੀਂ ਛੱਡੇ। ਆਖ ਰਿਹਾ ਸੀ, “ਮਾਸਟਰ ਜੀ, ਮਸਾਂ ਆਏ ਓ ਪਿੰਡ, ਕਿੰਨੇ ਸਾਲਾਂ ਪਿੱਛੋਂ, ਅੱਜ ਨੀਂ ਤੀਹੋਕਾਲ ਥੋਨੂੰ ਜਾਣ ਦਿੰਦਾ ਮੈਂ। ਮਾਰੋ ਚਾਹੇ ਛੱਡੋ, ਜਾਣਾ ਨ੍ਹੀਂ। ਇਹ ਮੇਰੀ ਇੱਜ਼ਤ ਦਾ ਸਵਾਲ ਐ। ਤੁਸੀਂ ਮੇਰੇ ਗੁਰੂ, ਤੁਸੀਂ ਮੇਰੇ ਪੀਰ-ਪੈਗ਼ੰਬਰ, ਮੇਰੇ ਪਿਓ ਤੁਸੀਂ ਓਂ।” ਮਿਹਰ ਸਿੰਘ ਨੂੰ ਕਿਹਾ, “ਬਾਪੂ ਜੀ, ਮਾਸਟਰ ਜੀ ਦਾ ਬੈਗ ਫੜ ਲੋ। ਚੱਲੋ, ਉੱਤੇ ਚੁਬਾਰੇ ‘ਚ।

ਉਸ ਦਿਨ ਮਿਹਰ ਸਿੰਘ ਤੇ ਭਜਨ ਖਾਸੀ ਰਾਤ ਤਾਈਂ ਪੀਂਦੇ ਰਹੇ। ਹੋਰ ਉਹਨਾਂ ਕੋਲ ਕੋਈ ਨਹੀਂ ਸੀ। ਬਿੱਕਰ ਵਿਚਕਾਰ ਦੀ ਦੋ-ਤਿੰਨ ਗੇੜੇ ਮਾਰ ਗਿਆ ਸੀ। ਬਰਫ਼ ਦੇ ਜਾਂਦਾ, ਖਾਰੇ ਸੋਡੇ ਤੇ ਤੱਤਾ ਕੀਤਾ ਮੀਟ। ਹਰ ਵਾਰ ਉਹ ਭਜਨ ਸਿੰਘ ਦੇ ਪੈਰ ਘੁੱਟ ਕੇ ਜਾਂਦਾ। ਆਖਦਾ, “ਮਾਸਟਰ ਜੀ, ਮੈਨੂੰ ਮੰਗਣੇ ਦੀ ਐਨੀ ਖ਼ੁਸ਼ੀ ਨਹੀਂ, ਜਿੰਨਾ ਚਾਅ ਮੈਨੂੰ ਥੋਡੇ ਆਉਣ ਦੈ। ਅੱਜ ਮੇਰੀ ਰੂਹ ਖ਼ੁਸ਼ ਹੋ ’ਗੀ।”

ਰੋਟੀ ਖਾਂਦੇ ਮਿਹਰ ਸਿੰਘ ਤੇ ਭਜਨ ਹੱਸ ਰਹੇ ਸਨ, ਹੁਣ ਜ਼ਾਤ ਨਾਲ ਕੰਮ ਜੁੜਿਆ ਹੋਇਆ ਨਹੀਂ, ਕੰਮ ਨਾਲ ਬੰਦੇ ਦੀ ਮਹਿਮਾ ਜੁੜ ਗਈ। ਜੱਟ ਆੜ੍ਹਤ ਦੀਆਂ ਦੁਕਾਨਾਂ ਕਰਦੇ ਨੇ, ਬਾਣੀਏ ਹੱਡਾਂ ਦਾ ਠੇਕਾ ਲੈਂਦਾ ਤੇ ਬਾਮ੍ਹਣ ਸ਼ਰਾਬ ਦੇ ਠੇਕੇਦਾਰ ਬਣ ਗਏ, ਮਜ਼ਹਬੀ-ਰਾਮਦਾਸੀਏ ਦੁੱਧ ਢੋਣ ਦਾ ਕੰਮ ਕਰਨ ਲੱਗ ਪਏ। ਹੇਠਲੀ ਉੱਤੇ ਆ ਗਈ। ਸ਼ਹਿਰਾਂ ਵਿੱਚ ਤਾਂ ਸਾਰੀਆਂ ਜ਼ਾਤਾਂ ਇੱਕ ਭਾਂਡੇ ਖਾਂਦੀਆਂ ਹਨ। ਪੈਸਾ ਮੁੱਖ ਹੋ ਗਿਆ, ਚਾਹੇ ਕਿਤੋਂ ਵੀ ਬਣਦਾ ਹੋਵੇ।

ਬਿੱਕਰ ਭਜਨ ਸਿੰਘ ਨੂੰ ਘਰ ਤੱਕ ਛੱਡਣ ਆਇਆ। ਉਹ ਤਾਂ ਕਹਿ ਰਿਹਾ ਸੀ, “ਐਥੇ ਚੁਬਾਰੇ ’ਚ ਪੈ ਜੋ ਮਾਸਟਰ ਜੀ, ਐਸ ਵੇਲੇ ਅੱਧੀ ਰਾਤ ਹੁਣ ਕਿੱਥੇ ਬੀਹੀਆਂ 'ਚ ਠੇਡੇ ਖਾਂਦੇ ਜਾਓਗੇ, ਉਹਨਾਂ ਨੂੰ ਜਗਾਓਗੇ ਜਾ ਕੇ।”

ਭਜਨ ਕਹਿੰਦਾ, “ਨਹੀਂ ਪੁੱਤਰਾ, ਸੋਊਂਗਾ ਤਾਂ ਉਹਨਾਂ ਦੇ ਈ, ਮੈਂ ਕਹਿ ਕੇ ਆਇਆਂ। ਬਈ ਜੇ ਮੈਂ ਰਹਿਆ ਤਾਂ ਪਊਂ ਏਥੇ ਆ ਕੇ। ਮੇਰਾ ਮੰਜਾ ਬਿਸਤਰਾ ਡਾਹ ਕੇ ਰੱਖਿਓ।”

“ਐਥੇ ਕੀ ਮੰਜਾ-ਬਿਸਤਰਾ ਨ੍ਹੀਂ ਮਿਲਦਾ ਤੈਨੂੰ ਭਜਨ ਸਿਆਂ, ਜਦੋਂ ਰੋਟੀ ਸਾਡੀ ਖਾਲੀ, ਹੁਣ ਮੰਜਾ-ਬਿਸਤਰਾ ਕੀ ਕਹਿੰਦੈ ਤੈਨੂੰ?” ਮਿਹਰ ਸਿੰਘ ਹੱਸ ਰਿਹਾ ਸੀ।

“ਨਹੀਂ, ਇਹ ਗੱਲ ਨੀਂ ਮਿਹਰ ਸਿਆਂ। ਊਂ ਈਂ ਜਰਾ ਮਾਖਤਾ ਜ੍ਹਾ ਹੋ ਜਾਂਦੈ, ਬਈ ਆਇਆ ਕਿਉਂ ਨੀਂ। ਹੁਣ ਜਾ ਕੇ ਦੁਰਗੇ ਨਾਲ ਦੋ ਗੱਲਾਂ ਕਰ ਲੂੰ, ਜੇ ਜਾਗਦਾ ਹੋਇਆ। ਨਹੀਂ ਤੜਕੇ ਸਹੀ। ਭਰਜਾਈ ਤੇ ਮੁੰਡਿਆਂ ਨਾਲ ਤਾਂ ਕਰ ‘ਲੀਆਂ ਸੀ ਗੱਲਾਂ ਮੈਂ।” ਉਹਨੇ ਤਰਕ ਪੇਸ਼ ਕੀਤਾ।

ਬੀਹੀ ਵਿੱਚ ਬੈਟਰੀ ਲੈ ਕੇ ਬਿੱਕਰ ਅੱਗੇ-ਅੱਗੇ ਤੇ ਭਜਨ ਪਿੱਛੇ-ਪਿੱਛੇ ਹਿੱਕ ਕੱਢ ਕੇ ਇਉਂ ਤੁਰ ਰਿਹਾ ਸੀ, ਜਿਵੇਂ ਉਹ ਸੱਚੀ ਕੋਈ ਪੀਰ-ਪੈਗ਼ੰਬਰ ਹੋਵੇ। ਜਿਵੇਂ ਉਹਨੇ ਸੱਚੀ ਬਿੱਕਰ ਨੂੰ ਕੋਈ ਬਹੁਤ ਵੱਡਾ ਵਰ ਦਿੱਤਾ ਹੋਵੇ। ਬਿੱਕਰ ਕਰਕੇ ਹੀ ਨਹੀਂ, ਉਹਨੂੰ ਆਪਣੇ ਸਾਰੇ ਸ਼ਾਗਿਰਦਾਂ ਉੱਤੇ ਅਥਾਹ ਮਾਣ ਸੀ। ਉਹ ਆਪ-ਮੁਹਾਰਾ ਬੋਲਦਾ ਜਾ ਰਿਹਾ ਸੀ। ਬਿੱਕਰ ਨੂੰ ਨਿੱਕੀਆਂ-ਨਿੱਕੀਆਂ ਨਸੀਹਤਾਂ ਕਰਦਾ। ਜਿਵੇਂ ਉਹ ਉਹਦੀ ਸਮੁੱਚੀ ਜ਼ਿੰਦਗੀ ਦਾ ਰਹਿਬਰ ਹੋਵੇ।

ਦੁਰਗਾ ਸਿੰਘ ਸੁੱਤਾ ਪਿਆ ਸੀ। ਭਰਜਾਈ ਨੇ ਉੱਠ ਕੇ ਬਾਰ ਖੋਲ੍ਹਿਆ। ਮੁੰਡੇ ਤੇ ਬਹੂਆਂ ਆਪਣੇ ਥਾਈਂ ਸੁੱਤੇ ਹੋਏ ਸਨ। ਭਜਨ ਦਾ ਮੰਜਾ ਬਿਸਤਰਾ ਵਰਾਂਢੇ ਉੱਤੇ ਸੀ। ਵਰਾਂਢੇ ਦੀ ਛੱਤ ਨੂੰ ਬਾਂਸ ਦੀ ਪੌੜੀ ਸੀ। ਏਥੇ ਹੋਰ ਕਿਸੇ ਦਾ ਮੰਜਾ ਨਹੀਂ ਸੀ। ਠੰਡੀ ਹਵਾ ਚੱਲ ਰਹੀ ਸੀ। ਭਜਨ ਨੂੰ ਪੈਂਦੇ ਹੀ ਨੀਂਦ ਆ ਗਈ। ਪਾਣੀ ਦੀ ਗੜ੍ਹਵੀ ਤੇ ਵਾਟੀ ਭਰਜਾਈ ਨੇ ਉਹਨੂੰ ਪੌੜੀ ਚੜ੍ਹਨ ਲੱਗੇ ਨੂੰ ਹੀ ਫੜਾ ਦਿੱਤੀ ਸੀ।

ਤੜਕੇ ਸਦੇਹਾਂ ਹੀ ਉਸ ਨੂੰ ਜਾਗ ਆ ਗਈ। ਬਠਿੰਡੇ ਜਾਣ ਦਾ ਫ਼ਿਕਰ ਵੀ ਸੀ। ਖੇਤਾਂ ਵਿੱਚੋਂ ਮੁੜ ਕੇ ਆ ਕੇ ਉਹ ਨਲਕੇ ਦੇ ਪਾਣੀ ਨਾਲ ਨ੍ਹਾ ਲਿਆ। ਚਾਹ ਪੀਤੀ। ਐਨੇ ਨੂੰ ਦੁਰਗਾ ਸਿੰਘ ਉੱਤੋਂ ਉੱਠ ਕੇ ਉਹਦੇ ਕੋਲ ਬੈਠਕ ਵਿੱਚ ਆ ਬੈਠਾ। ਉਹ ਸ਼ੀਸ਼ੇ ਵਿੱਚ ਆਪਣੀ ਪੱਗ ਨਵੇਂ ਸਿਰੇ ਬੰਨ੍ਹ ਰਿਹਾ ਸੀ। ਦੋਵੇਂ ਮੁੰਡੇ ਮਸ਼ੀਨਾਂ ਉੱਤੇ ਆਪਣਾ ਕੰਮ ਕਰ ਰਹੇ ਸਨ। ਉਹ ਭਤੀਜਿਆਂ ਨਾਲ ਕੋਈ-ਕੋਈ ਗੱਲ ਵੀ ਕਰਦਾ। ਉਹਦੀ ਹਰ ਗੱਲ ਵਿੱਚ ਨਸੀਹਤ ਜਿਹੀ ਹੁੰਦੀ। ਮੁੰਡੇ ਮਸ਼ੀਨ ਖੜ੍ਹਾ ਕੇ ਹਾਂ-ਹੂੰ ਕਰਦੇ। ਉਹਦੀ ਗੱਲ ਦਾ ਹੁੰਗਾਰਾ ਭਰ ਕੇ ਉਹਦੀ ਇੱਜ਼ਤ ਰੱਖਦੇ। ਭਜਨ ਨੇ ਦੁਰਗਾ ਸਿੰਘ ਦੇ ਪੈਰੀਂ ਹੱਥ ਲਾਏ ਤੇ ਸਤਿ ਸ੍ਰੀ ਅਕਾਲ ਆਖੀ। ਉਹ ਬੈਠ ਗਿਆ ਤੇ ਭਜਨ ਦੇ ਪਰਿਵਾਰ ਦਾ ਹਾਲ-ਚਾਲ ਪੁੱਛਣ ਲੱਗਿਆ। ਏਧਰ-ਓਧਰ ਦੀਆਂ ਹੋਰ ਗੱਲਾਂ ਜਦੋਂ ਮੁੱਕ ਗਈਆਂ ਤਾਂ ਇੱਕ ਵਕਫ਼ਾ ਜਿਹਾ ਪਸਰਨ ਲੱਗਿਆ। ਦੁਰਗੇ ਦੀਆਂ ਅੱਖਾਂ ਚੌੜੀਆਂ ਤੇ ਲਾਲ ਹੋ ਰਹੀਆਂ ਸਨ, ਗੱਲ੍ਹਾਂ ਦਾ ਮਾਸ ਫੁੱਲਣ ਲੱਗਿਆ। ਭਜਨ ਪੱਗ ਬੰਨ੍ਹ ਚੁੱਕਿਆ ਸੀ। ਚੁੱਪ ਨੂੰ ਤੋੜਨ ਲਈ ਉਹਨੇ ਸਵਾਲ ਕੀਤਾ, ਹੋਰ ਬਾਈ, ਕੰਮ ਧੰਦੇ ਦਾ ਕੀ ਹਾਲ ਐ? ਚੰਗਾ ਚੱਲੀ ਜਾਂਦੈ...

“ਤੇਰੀਆਂ ਮਿਹਰਬਾਨੀਆਂ ਨੇ ਭਾਈ, ਕੰਮ-ਕਾਰ ਦਾ ਕੀ ਅੰਤ ਐ। ਭਰਜਾਈ ਤੇਰੀ ਕਿੱਦਣ ਦੀ ਬਮਾਰ ਐ, ਰਸੌਲੀ ਐ ਢਿੱਡ 'ਚ। ਪੈਸਾ ਕੋਈ ਹੋਵੇ ਜੇਬ ’ਚ, ਤਾਈਂ ਜਾਈਏ ਲੁਧਿਆਣੇ। ਭੋਗੀ ਜਾਨੇ ਆਂ, ਸਭ ਤੇਰੀ ਕਿਰਪਾ ਐ।” ਦੁਰਗਾ ਸਿੰਘ ਦੀ ਆਵਾਜ਼ ਭਾਰੀ ਸੀ।

“ਮੈਂ ਸਮਝਿਆ ਨ੍ਹੀਂ ਬਾਈ। ਖੋਲ੍ਹ ਕੇ ਦੱਸ।”

“ਤੈਨੂੰ ਸਮਝਣ ਦੀ ਲੋੜ ਵੀ ਕੀ ਐ। ਤੂੰ ਮੌਜਾਂ ਕਰਦੈਂ ਸ਼ਹਿਰ ‘ਚ, ਅਸੀਂ ਭੁੱਖੇ ਮਰਦੇ ਆਂ।”


“ਇਹ ਤਾਂ ਆਪਣੀ-ਆਪਣੀ ਕਿਰਤ ਐ ਬਾਈ। ਮੈਂ ਕਿਸੇ ਦਾ ਕੁੱਛ ਖੋਹ ਕੇ ਤਾਂ ਨ੍ਹੀਂ ਖਾਂਦਾ। ਮੇਰੀਆਂ ਮੌਜਾਂ ਦਾ ਥੋਡੇ ‘ਤੇ ਕੀ ਅਸਰ ਪੈ ਗਿਆ?” ਉਹ ਤਿੱਖਾ ਬੋਲਿਆ।

“ਅਸਰ ਆਪੇ ਪੈਂਦੈ, ਚੂਹੜੇ-ਚਮਿਆਰਾਂ ਦੇ ਮੁੰਡਿਆਂ ਨੂੰ ਕੰਮ ਜਿਹੜਾ ਸਿਖਾਉਨੈਂ, ਇਹ ਚੰਗੀ ਗੱਲ ਐ ਕੋਈ?”

“ਮਾੜੀ ਕਿਮੇਂ ਹੋਈ? ਦੱਸ ਮੈਨੂੰ।”

“ਅੱਧਾ ਪਿੰਡ ਹੁਣ ਮਿਹਰ ਚਮਿਆਰ ਦੇ ਮੁੰਡੇ ਕੋਲ ਜਾਂਦੈ। ਬਿਠਾ ਤਾਂ ਨਾ ਜਮ੍ਹਾਂ ਸਿਰ ’ਤੇ ਭਣੋਈਆ, ਦੱਦ ਲਾ ’ਤਾ ਸਾਨੂੰ। ਫਿਰ ਪੁੱਛਦੈਂ ਕੰਮ ਧੰਦੇ ਦਾ ਕੀ ਹਾਲ ਐ ਬਾਈ। ਤੂੰ ਜੰਮਦਾ ਕਿਉਂ ਨਾ ਮਰ ਗਿਆ। ਕਿੱਥੇ ਛੱਡ ਆਇਆ ਮੈਂ ਤੈਨੂੰ ਬਠਿੰਡੇ, ਆਵਦੀ ਮਾੜੀ ਕਿਸਮਤ ਨੂੰ।” ਜਿੰਨਾ ਉਹਨੇ ਆਪਦਾ ਅੰਦਰਲਾ ਗੁੱਭ-ਗੁਭਾਟ ਕੱਢਣਾ ਸੀ, ਕੱਢ ਕੇ ਬੈਠਕ ਵਿੱਚੋਂ ਬਾਹਰ ਹੋ ਗਿਆ। ਭਰਜਾਈ ਦਹੀਂ-ਪਰੌਂਠੇ ਲੈ ਕੇ ਆਈ, ਪਰ ਭਜਨ ਨੇ ਇਹ ਕਹਿ ਕੇ ਥਾਲੀ ਮੋੜ ਦਿੱਤੀ ਕਿ ਉਹਦਾ ਚਿੱਤ ਨਹੀਂ ਕਰਦਾ। ਦਿਲ ਭਰਿਆ ਜਿਹਾ ਪਿਆ ਹੈ। ਉਹਨੂੰ ਪਿੰਡ ਤੋਂ ਮੰਡੀ ਦੇ ਅੱਡੇ ਤੱਕ ਸਾਇਕਲ ਉੱਤੇ ਕੋਈ ਭਤੀਜਾ ਛੱਡਣ ਵੀ ਨਹੀਂ ਆਇਆ। ਕੱਖੋਂ ਹੌਲ਼ਾ ਹੋ ਕੇ ਉਹਨੇ ਪੈਂਰੀ ਤੁਰਦਿਆਂ ਵਾਟ ਮਸਾਂ ਨਿਬੇੜੀ।◆