ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਛੱਡ ਕੇ ਨਾ ਜਾਹ

ਵਿਕੀਸਰੋਤ ਤੋਂ

ਉਹ ਉਹਨੂੰ ਸਾਰੇ ਦੇਖ ਕੇ ਆਇਆ ਸੀ, ਕਿਤੇ ਨਹੀਂ ਮਿਲੀ। ਨੌਂ ਵਜੇ ਘਰੋਂ ਨਿੱਕਲੀ ਸੀ। ਉਹਨੂੰ ਅੰਦਾਜ਼ਾ ਹੋਵੇਗਾ ਕਿ ਦਸ ਵਜੇ ਰਾਤ ਦੀ ਗੱਡੀ ਅੰਬਾਲੇ ਨੂੰ ਜਾਂਦੀ ਹੈ। ਉਹ ਗੱਡੀ ਚੜ੍ਹ ਕੇ ਅੰਬਾਲੇ ਪਹੁੰਚ ਜਾਵੇਗੀ ਤੇ ਓਥੋਂ ਫੇਰ ਦਿੱਲੀ ਨੂੰ ਕੋਈ ਗੱਡੀ ਮਿਲ ਹੀ ਜਾਵੇਗੀ।

ਐਵੇਂ ਮੂੰਹ ਚੁੱਕ ਕੇ ਤੁਰ ਗਈ। ਸਭ ਨੂੰ ਪਤਾ ਹੈ ਕਿ ਹਾਲਾਤ ਖ਼ਰਾਬ ਹੋਣ ਕਰਕੇ ਰਾਤਾਂ ਦੀਆਂ ਸਭ ਗੱਡੀਆਂ ਬੰਦ ਹਨ। ਕਿੱਥੇ ਗਈ ਹੋਵੇਗੀ ਉਹ? ਇਕ ਘੰਟਾ ਤਾਂ ਉਹ ਗੇਟ ਖੁੱਲ੍ਹਾ ਛੱਡ ਕੇ ਉਡੀਕਦਾ ਰਿਹਾ ਸੀ ਕਿ ਗੁੱਸਾ ਉੱਤਰੇ ਤੋਂ ਆਪੇ ਹੀ ਮੁੜ ਆਵੇਗੀ। ਹੋਰ ਕਿੱਥੇ ਜਾਣਾ ਉਸ ਨੇ? ਕਿਸੇ ਜਾਣ-ਪਛਾਣ ਵਾਲੇ ਘਰ ਗਈ ਹੋਈ ਤਾਂ ਉਹ ਉਹਨੂੰ ਛੱਡ ਜਾਣਗੇ। ਬਿਗ਼ਾਨੀ ਤੀਵੀਂ ਨੂੰ ਕੌਣ ਕੋਈ ਘਰ ਰੱਖਦਾ ਹੈ? ਜ਼ਮਾਨਾ ਵੀ ਕਿਹੜਾ ਹੈ।

ਦਸ ਵਜੇ ਤਕ ਤਾਂ ਉਹ ਵੀ ਭਰਿਆ ਪੀਤਾ ਅੰਦਰ ਕਮਰੇ ਵਿਚ ਬੈਠਾ ਰਿਹਾ ਸੀ। ਗਾਲਾਂ ਕੱਢਦਾ, ਨਹੀਂ ਆਉਂਦੀ ਮੁੜ ਕੇ ਤਾਂ ਨਾ ਆਵੇ। ਜਾਵੇ, ਜਿੱਧਰ ਜਾਣਾ ਹੈ। ਐਡੀ ਗੰਦੀ ਤੀਵੀਂ ਨਾਲੋਂ ਬੰਦਾ ਊਈਂ ਚੰਗਾ। ਗੱਲ ਸੀ ਭਲਾ ਕੋਈ, ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਲੜਾਈਆਂ ਤਾਂ ਨਿੱਤ ਹੁੰਦੀਆਂ ਹਨ, ਕਿਹੜੇ ਘਰ ਨਹੀਂ ਹੁੰਦੀ ਲੜਾਈ? ਇਉਂ ਤਾਂ ਨਹੀਂ ਕਿ ਤੀਵੀਂ ਘਰ ਛੱਡ ਕੇ ਹੀ ਤੁਰ ਜਾਵੇ ਕਿਧਰੇ।

ਦਸ ਵਜੇ ਪਿੱਛੋਂ ਉਹ ਦਸ ਵਾਰ ਗੇਟ ਉੱਤੇ ਗਿਆ ਹੋਵੇਗਾ। ਹਰ ਵਾਰ ਗਲੀ ਸੁੰਨੀ ਦੀ ਸੁੰਨੀ ਨਜ਼ਰ ਆਉਂਦੀ। ਗਲੀ ਦੀਆਂ ਤਿੰਨੇ ਟਿਊਬਾਂ ਆਪਣੀ ਪੂਰੀ ਸ਼ਾਨ ਨਾਲ ਜਗ ਰਹੀਆਂ ਹੁੰਦੀਆਂ। ਧੁਰ ਤੋਂ ਧੁਰ ਤਕ ਕਿਸੇ ਆਕਾਰ ਦਾ ਭੁਲੇਖਾ ਵੀ ਨਹੀਂ ਪੈਂਦਾ ਸੀ। ਘਰ ਦਾ ਗੇਟ ਖੁੱਲ੍ਹਾ ਛੱਡ ਕੇ ਹੀ ਉਹਨੇ ਆਪਣਾ ਸਾਈਕਲ ਅੰਬੇਦਕਰ ਰੋਡ ਉੱਤੇ ਪੂਰਾ ਘੁਮਾਇਆ। ਚਾਰ ਗੇੜੇ ਦਿੱਤੇ। ਆਰੀਆ ਕਾਲਜ ਤੋਂ ਹਸਪਤਾਲ ਰੋਡ ਤਕ ਪੂਰੇ ਚਾਰ ਚੱਕਰ, ਕਿਤੇ ਉਹ ਖੜ੍ਹੀ ਹੋਵੇ ਤੇ ਉਹ ਉਹਨੂੰ ਮਨਾ ਕੇ ਘਰ ਲੈ ਜਾਵੇ। ਇੱਕਾ-ਦੁੱਕਾ ਲੋਕ ਆ ਜਾ ਰਹੇ ਸਨ। ਕੋਈ-ਕੋਈ ਸਾਈਕਲ ਤੇ ਸਕੂਟਰ ਵੀ। ਆਕਾਰ ਜਿਹੇ ਗਲੀਆਂ ਵਿਚੋਂ ਨਿਕਲਦੇ, ਸੜਕ ਉੱਤੇ ਤੁਰਦੇ ਤੇ ਫੇਰ ਅਗਲੀ ਕਿਸੇ ਗਲੀ ਵਿਚ ਜਾ ਵੜਦੇ, ਉਹ ਕਿਧਰੇ ਨਹੀਂ ਸੀ, ਪਰ ਲਗਦਾ ਸੀ, ਜਿਵੇਂ ਏਥੇ ਕਿਤੇ ਹੀ ਹੈ। ਛਿਪ ਕੇ ਕਿਧਰੇ ਬੈਠੇ ਰਹਿਣ ਦਾ ਮਜ਼ਾਕ ਕਰਦੀ ਹੈ।

ਉਹ ਰੇਲਵੇ ਸਟੇਸ਼ਨ ਉੱਤੇ ਦੋ ਵਾਰ ਗਿਆ। ਮੁਸਾਫ਼ਰਖਾਨੇ ਵਿਚ ਦੋ ਬੁੱਢੇ ਬੈਂਚਾਂ ਉੱਤੇ ਪਏ ਖੰਘ ਰਹੇ ਸਨ। ਪਲੇਟ-ਫਾਰਮ ਦੇ ਕਿਸੇ ਫੱਟੇ ਉੱਤੇ ਕੋਈ ਸਵਾਰੀ ਨਹੀਂ ਸੀ। ਵੇਟਿੰਗ ਰੂਮ ਨੂੰ ਬਾਹਰੋਂ ਤਾਲ਼ਾ ਵੱਜਿਆ ਹੋਇਆ ਸੀ। ਸਟੇਸ਼ਨ ਮਾਸਟਰ ਨਹੀਂ ਸੀ। ਜਦੋਂ ਗੱਡੀ ਕੋਈ ਨਹੀਂ ਆਉਂਦੀ ਤਾਂ ਸਟੇਸ਼ਨ ਮਾਸਟਰ ਦਾ ਸਟੇਸ਼ਨ ਉੱਤੇ ਜੰਮੇ ਰਹਿਣ ਦਾ ਕੀ ਕੰਮ?

ਸ਼ਹਿਰ ਵਿਚ ਤਿੰਨ ਧਰਮਸ਼ਾਲਾਂ ਸਨ-ਜੈਨ ਧਰਮਸ਼ਾਲਾ, ਬ੍ਰਾਹਮਣ ਸਭਾ ਨਿਵਾਸ ਤੇ ਰੇਲਵੇ ਮੰਦਰ। ਉਹ ਤਿੰਨਾਂ ਵਿਚ ਗਿਆ ਤੇ ਪੁੱਛਗਿੱਛ ਕੀਤੀ। ਦੇਵਾਂ ਨਾਂ ਦੀ ਔਰਤ ਕੋਈ ਕਿਧਰੇ ਨਹੀਂ ਠਹਿਰੀ ਹੋਈ ਸੀ। ਤਿੰਨਾਂ ਧਰਮਸ਼ਾਲਾਂ ਦੇ ਪੰਡਤ ਜੀ ਨੇ ਦੱਸਿਆ ਕਿ ਉਹ ਇਕੱਲੀ ਔਰਤ ਨੂੰ ਨਹੀਂ ਠਹਿਰਾਉਂਦੇ। ਉਹਨੇ ਆਖਿਆ ਸੀ-ਨਾਲ ਇਕ ਕੁੜੀ ਹੈ, ਅੱਠ ਦਸ ਸਾਲ ਦੀ। ਉਹ ਜਵਾਬ ਦਿੰਦੇ, ਕੁੜੀ-ਮੁੰਡੇ ਦਾ ਸਵਾਲ ਨਹੀਂ। ਬੁੜ੍ਹੀ ਨਾਲ ਬੰਦਾ ਹੋਵੇ ਕੋਈ ਜ਼ਰੂਰ। ਤਿੰਨੇ ਗੁਰਦੁਆਰਿਆਂ ਵਿਚ ਉਹ ਨਹੀਂ ਸੀ। ਨਾਮਦੇਵ ਧਰਮਸ਼ਾਲ (ਗੁਰਦੁਆਰਾ) ਤੇ ਰਾਮਗੜ੍ਹੀਆ ਗੁਰਦੁਆਰੇ ਵਿਚ ਤਾਂ ਕੋਈ ਠਹਿਰਦਾ ਹੀ ਨਹੀਂ ਸੀ। ਸਿੰਘ ਸਭਾ ਗੁਰਦੁਆਰੇ ਵਾਲਿਆਂ ਨੇ ਓਹੀ ਜਵਾਬ ਦਿੱਤਾ, ਜਿਹੜਾ ਧਰਮਸ਼ਾਲਾ ਵਾਲਿਆ ਨੇ ਦਿੱਤਾ ਸੀ, ਆਖੇ ਇਕੱਲੀ ਬੁੜ੍ਹੀ ਨੂੰ...

ਉਹ ਪਿੰਡ ਛੱਡ ਕੇ ਇਸ ਲਈ ਏਥੇ ਸ਼ਹਿਰ ਵਿਚ ਆ ਟਿਕਿਆ ਸੀ, ਕਿਉਂਕਿ ਉਹਦੀ ਇਹ ਤੀਜੀ ਪਤਨੀ ਪਿੰਡ ਵਿਚ ਰਹਿ ਨਹੀਂ ਸਕਣੀ ਸੀ। ਉਹ ਦਿੱਲੀ ਵਰਗੇ ਵੱਡੇ ਸ਼ਹਿਰ ਦੀ ਜੰਮਪਲ ਸੀ। ਨਾ ਤਾਂ ਪਿੰਡ ਉਹਨੂੰ ਰਾਸ ਆ ਸਕਦਾ ਸੀ ਤੇ ਨਾ ਪਿੰਡ ਵਾਲੇ ਲੋਕ ਉਹਨੂੰ ਆਪਣੇ-ਆਪ ਵਿਚ ਸਮਾ ਸਕਦੇ ਸਨ। ਸ਼ਹਿਰਨ ਔਰਤਾਂ ਦੀਆਂ ਉਹ ਸੌ-ਸੌ ਗੱਲਾਂ ਬਣਾਉਂਦੇ ਅਤੇ ਉਹਦੀ ਬੋਲ-ਚਾਲ ਤੇ ਕੱਪੜਾ-ਲੀੜਾ ਪਹਿਨਣ ਦੇ ਢੰਗ ਉੱਤੇ ਆਵਾਜ਼ਾ ਕੱਸਦੇ। ਉਹ ਉਂਝ ਵੀ ਤਾਂ ਉਹਤੋਂ ਵੀਹ ਸਾਲ ਛੋਟੀ ਸੀ। ਵੱਡੀ ਉਮਰ ਦੇ ਬੰਦੇ ਨੂੰ ਪਿੰਡ ਵਿਚ ਉਂਝ ਵੀ ਠਿੱਠ ਹੋਣਾ ਪੈਂਦਾ ਹੈ। ਦੇਵਾਂ ਉਂਝ ਵੀ ਬੜੀ ਭੋਲ਼ੀ-ਭਾਲ਼ੀ ਸੀ। ਅਜਿਹੀ ਔਰਤ ਨੂੰ ਤਾਂ ਪਿੰਡ ਦੇ ਮੁਸ਼ਟੰਡੇ ਗੁੜ ਦੀ ਰੋਟੀ ਹੀ ਸਮਝਦੇ ਹਨ।

ਜਨਕ ਰਾਜ ਦੀ ਪਹਿਲੀ ਪਤਨੀ ਬੇਔਲਾਦ ਹੀ ਮਰ ਗਈ ਸੀ। ਉਹਦਾ ਇਹ ਵਿਆਹ ਬਚਪਨ ਵਿਚ ਹੀ ਹੋ ਗਿਆ। ਉਹ ਚਾਰ-ਪੰਜ ਸਾਲ ਵਸੀ ਤੇ ਮਰ ਗਈ। ਦੂਜੇ ਵਿਆਹ ਦੀਆਂ ਤਿੰਨ ਕੁੜੀਆਂ ਸਨ। ਉਹ ਮੁੰਡਾ ਚਾਹੁੰਦਾ ਸੀ। ਤਿੰਨੇ ਕੁੜੀਆਂ ਜਵਾਨ ਹੋ ਗਈਆਂ ਤੇ ਵਿਆਹ-ਵਰ ਦਿੱਤੀਆਂ। ਪਤਨੀ ਬੀਮਾਰ ਰਹਿਣ ਲੱਗੀ। ਉਹਦੇ ਕੋਲ ਵੀਹ ਕਿੱਲੇ ਜ਼ਮੀਨ ਜਾਇਦਾਦ ਸੀ ਤੇ ਪਿੰਡ ਵਿਚ ਵਧੀਆ ਦੁਕਾਨ ਚਲਦੀ। ਐਡੀ ਵੱਡੀ ਹਵੇਲੀ। ਵਾਰਸ ਬਗ਼ੈਰ ਉਹਦੀ ਜ਼ਮੀਨ ਜਾਇਦਾਦ ਐਵੇਂ ਜਾ ਰਹੀ ਸੀ। ਦੂਜੀ ਪਤਨੀ ਹੋਰ ਵਿਆਹ ਨੂੰ ਮੰਨਦੀ ਨਹੀਂ ਸੀ। ਉਹਨੇ ਆਪਣੇ ਰੁਖ ਦੇ ਰਿਸ਼ਤੇਦਾਰਾਂ ਵਿਚ ਗੱਲ ਕੀਤੀ। ਦਿਲ ਕਰੜਾ ਕੀਤਾ ਤੇ ਤੀਜਾ ਵਿਆਹ ਕਰਵਾ ਲਿਆ। ਦੂਜੀ ਪਤਨੀ ਰੁੱਸ ਕੇ ਪੇਕਿਆਂ ਨੂੰ ਤੁਰ ਗਈ। ਜਨਕ ਰਾਜ ਨੇ ਸ਼ੁਕਰ ਮਨਾਇਆ। ਬਹੁਤ ਤੰਗ ਕਰਦੀ ਸੀ ਉਹ, ਕੀਰਨੇ ਪਾਉਂਦੀ ਰਹਿੰਦੀ। ਚੰਗਾ ਹੋਇਆ ਜੂੜ ਵੱਢਿਆ ਗਿਆ। ਹੁਣ ਓਥੇ ਹੀ ਮਰ ਖਪ ਜਾਵੇਗੀ, ਪਰ ਓਦੋਂ ਹੀ ਪਤਾ ਲੱਗਿਆ, ਜਦੋਂ ਉਹਨੇ ਜੱਜ ਦੇ ਮੁਕੱਦਮਾ ਕਰ ਦਿੱਤਾ। ਜ਼ਮੀਨ ਮੰਗ ਰਹੀ ਸੀ। ਦੋ ਸਾਲ ਮੁਕੱਦਮਾ ਚੱਲਿਆ। ਜੱਜ ਨੇ ਫ਼ੈਸਲਾ ਕੀਤਾ ਕਿ ਜਨਕ ਰਾਜ ਉਹਨੂੰ ਚਾਰ ਕਿੱਲੇ ਪੈਲ਼ੈ ਤਾ-ਜ਼ਿੰਦਗੀ ਦੇਵੇਗਾ। ਉਹ ਛੀ ਮਹੀਨੇ ਬਾਅਦ ਆਉਂਦੀ ਤੇ ਠੇਕਾ ਲੈ ਜਾਂਦੀ। ਬੀਮਾਰੀ ਦਾ ਘਰ ਪਹਿਲਾਂ ਹੀ ਸੀ। ਦੋਤਿੰਨ ਸਾਲ ਮਸਾਂ ਕੱਟ ਸਕੀ, ਮਰ ਗਈ। ਚਾਰ ਕਿੱਲੇ ਜਨਕ ਰਾਜ ਨੂੰ ਮੁੜ ਕੇ ਮਿਲ ਗਏ। ਓਦੋਂ ਤਕ ਦੋਵਾਂ ਕੋਲ ਇਕ ਮੁੰਡਾ ਹੋ ਕੇ ਮਰ ਗਿਆ ਸੀ। ਇਕ ਕੁੜੀ ਸੀ। ਪਿੰਡ ਦੇ ਲੋਕ ਕਹਿੰਦੇ ਸਨ ਕਿ ਜਨਕ ਰਾਜ ਨੂੰ ਉਹਦੀ ਤੀਵੀਂ ਦਾ ਸਰਾਪ ਮਾਰ ਗਿਆ। ਏਸੇ ਕਰਕੇ ਮੁੰਡਾ ਹੋ ਕੇ ਮਰ ਗਿਆ। ਪਿੰਡ ਦੇ ਲੋਕ ਹੋਰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ। ਉਹਦਾ ਪਿੰਡ ਛੱਡਣ ਦਾ ਇਕ ਕਾਰਨ ਵੀ ਸੀ। ਉਹਨੇ ਪਿੰਡ ਵਾਲੀ ਅੱਧੀ ਜ਼ਮੀਨ ਵੇਚ ਦਿੱਤੀ। ਸ਼ਹਿਰ ਵਿਚ ਪਹਿਲਾਂ ਕਿਰਾਏ ਦਾ ਮਕਾਨ ਸੀ। ਫੇਰ ਦੋ ਕੋਠੀਆਂ ਪਾ ਲਈਆਂ। ਇਕ ਕੋਠੀ ਨੂੰ ਕਿਰਾਏ ਉੱਤੇ ਦੇ ਕੇ ਰੱਖਦਾ। ਆਪਣੇ ਵਾਲੀ ਅੱਧੀ ਕੋਠੀ ਵੀ ਕਿਰਾਏ ਉੱਤੇ ਸੀ। ਸ਼ਹਿਰ ਵਿਚ ਬਾਹਰਲੀਆਂ ਸੜਕਾਂ ਦੇ ਕਿਨਾਰੇ ਪਏ ਮਕਾਨਾਂ ਵਿਚ ਉਹਦੇ ਚਾਰ ਪਲਾਟ ਵੱਖ-ਵੱਖ ਥਾਵਾਂ ਉੱਤੇ ਖਰੀਦੇ ਹੋਏ ਸਨ। ਆਪ ਉਹਦੀ ਕਬਾੜੀਏ ਦੀ ਦੁਕਾਨ ਸੀ। ਜਨਕ ਕਬਾੜੀਆ ਕਰਕੇ ਉਹਨੂੰ ਸਾਰਾ ਸ਼ਹਿਰ ਜਾਣਨ ਲੱਗ ਪਿਆ ਸੀ। ਬਹੁਤ ਕਮਾਈ ਸੀ। ਪੈਸਾ ਜਮ੍ਹਾਂ ਸੀ, ਪਰ ਉਹ ਕੰਜੂਸ ਮੱਖੀ-ਚੂਸ ਸੀ। ਘਰ ਵਿਚ ਨੌਕਰਾਣੀ ਨਹੀਂ ਸੀ। ਰਸੋਈ ਦਾ ਕੰਮ, ਸਫ਼ਾਈ ਤੇ ਕੱਪੜੇ ਧੋਣ ਦਾ ਸਾਰਾ ਕੰਮ ਦੇਵਾਂ ਨੂੰ ਆਪ ਕਰਨਾ ਪੈਂਦਾ। ਉਹਦੀਆਂ ਤਿੰਨੇ ਕੁੜੀਆਂ ਵਿਚੋਂ ਕੋਈ ਨਾ ਕੋਈ ਆਈ ਰਹਿੰਦੀ ਤੇ ਦੋਵਾਂ ਦੇ ਕੰਮਾਂ ਵਿਚ ਨੁਕਸ ਕੱਢਦੀ। ਕੁੜੀਆਂ ਉਹਨੂੰ ਮੰਮੀ-ਮੰਮੀ ਕਰਦੀਆਂ ਰਹਿੰਦੀਆਂ, ਪਰ ਸਲੂਕ ਸਾਰਾ ਸੌਕਣਾਂ ਵਾਲਾ। ਦੇਵਾਂ ਮੱਚੀ-ਬੁਝੀ ਰਹਿੰਦੀ। ਕੰਮਾਂ ਵਿਚ ਉਹਦਾ ਦਿਲ ਨਹੀਂ ਲਗਦਾ ਸੀ। ਉਹਦਾ ਜੀਅ ਕਰਦਾ, ਉਹ ਘਰ ਛੱਡ ਕੇ ਕਿਧਰੇ ਭੱਜ ਜਾਵੇ। ਕੀ ਕਰਨਾ ਸੀ, ਉਹਨੇ ਜਨਕ ਰਾਜ ਦਾ ਰੁਪਈਆ ਪੈਸਾ। ਵਿਆਹ ਕੇ ਲਿਆਇਆ ਤਾਂ ਆਖ ਰਿਹਾ ਸੀ, ‘ਮੈਂ ਤੈਨੂੰ ਘਰ ਦੀ ਰਾਣੀ ਬਣਾ ਕੇ ਰੱਖਾਂਗਾ।’ ਰਾਣੀ ਤਾਂ ਉਹ ਬਣ ਨਾ ਸਕੀ, ਨੌਕਰਾਣੀ ਜ਼ਰੂਰ ਬਣ ਗਈ। ਉਹਨੇ ਆਪਣੀ ਮਾਂ ਦੇ ਘਰ ਕਦੇ ਸੋਚਿਆ ਵੀ ਨਹੀਂ ਸੀ ਕਿ ਨੌਕਰਾਣੀਆਂ ਵਾਲੇ ਕੰਮ ਕਰਨੇ ਪੈਣਗੇ। ਹੋਰ ਤਾਂ ਕੁਝ ਉਹ ਕਰ ਨਾ ਸਕਦੀ, ਮਾਂ ਨੂੰ ਗਾਲਾਂ ਕੱਢਦੀ, ਜੀਹਨੇ ਤਿੰਨ ਧੀਆਂ ਦੇ ਬਾਪ ਬੁੱਢੇ ਖੁੱਸੜ ਦੇ ਲੜ ਉਹਨੂੰ ਬੰਨ੍ਹ ਦਿੱਤਾ ਸੀ।

ਦੋਵਾਂ ਦੇ ਇਕ ਕੁੜੀ ਹੋਰ ਹੋ ਕੇ ਮਰ ਗਈ ਸੀ ਤੇ ਹੁਣ ਉਹਨੂੰ ਫੇਰ ਬੱਚਾ ਹੋਣਾ ਸੀ। ਜਨਕ ਰਾਜ ਨੇ ਟੈਸਟ ਕਰਵਾ ਲਿਆ ਸੀ, ਇਸ ਵਾਰ ਮੁੰਡਾ ਸੀ।

ਦੇਵਾਂ ਤੇ ਸੇਵਾਂ ਦੋ ਭੈਣਾਂ ਸਨ। ਸੇਵਾਂ ਵੱਡੀ ਸੀ ਤੇ ਆਗਰੇ ਵਿਆਹੀ ਹੋਈ ਸੀ। ਸੇਵਾਂ ਦੇ ਪਤੀ ਦੀ ਓਥੇ ਜੁੱਤੀਆਂ ਦੀ ਦੁਕਾਨ ਸੀ। ਦਿੱਲੀ ਵਾਲੇ ਪੰਜਾਬੀ ਪਰਿਵਾਰ ਸੀ। ਆਗਰੇ ਵਾਲੇ ਵੀ ਪੰਜਾਬੀ ਸਨ। ਦੋਵਾਂ ਭੈਣਾਂ ਦੀ ਮਾਂ ਸੀ, ਬਾਪ ਨਹੀਂ ਸੀ। ਬਾਪ ਉਹਨਾਂ ਦਾ ਏਧਰੋਂ ਫਗਵਾੜੇ ਕੋਲ ਦਾ ਸੀ। ਕਾਰੋਬਾਰ ਦੇ ਸਿਲਸਿਲੇ ਵਿਚ ਦਿੱਲੀ ਚਲਿਆ ਗਿਆ ਸੀ ਤੇ ਫੇਰ ਦਿੱਲੀ ਦਾ ਹੋ ਕੇ ਹੀ ਰਹਿ ਗਿਆ। ਵੱਡੀ ਕੁੜੀ ਸੇਵਾਂ ਨੂੰ ਉਹ ਆਪਣੇ ਹੱਥੀਂ ਵਿਆਹ ਕੇ ਗਿਆ ਸੀ। ਮਰਿਆ ਸੀ ਤਾਂ ਕਾਰੋਬਾਰ ਠੱਪ ਹੋ ਕੇ ਰਹਿ ਗਿਆ।ਓਸੇ ਨਾਲ ਸੀ ਸਭ ਕੁਝ। ਦੇਵਾਂ ਦੀ ਮਾਂ ਨੇ ਉਹਨੂੰ ਦਸਵੀਂ ਤਕ ਪੜ੍ਹਾ ਲਿਆ ਸੀ। ਸੇਵਾਂ ਵੀ ਦਸ ਪਾਸ ਸੀ। ਉਹਨੇ ਕਿਹੜਾ ਕੁੜੀਆਂ ਤੋਂ ਨੌਕਰੀ ਕਰਾਉਣੀ ਸੀ। ਕਾਰੋਬਾਰੀ ਘਰਾਂ ਦੀਆਂ ਕੁੜੀਆਂ ਸਹੁਰੀ ਜਾ ਕੇ ਕਦੋਂ ਨੌਕਰੀ ਕਰਦੀਆਂ ਹਨ। ਅਗਾਂਹ ਵੀ ਤਾਂ ਉਹਨਾਂ ਦੇ ਕਾਰੋਬਾਰ ਹੁੰਦੇ ਹਨ, ਵਪਾਰ ਹੁੰਦੇ ਹਨ। ਗੱਲ ਤਾਂ ਐਨੀ ਹੋਈ ਸੀ ਬਸ ਕਿ ਰੋਟੀ ਤੋਂ ਬਾਅਦ ਦੇਵਾਂ ਜੂਠੇ ਭਾਂਡੇ ਸਰਫ਼ ਦੇ ਪਾਣੀ ਵਿਚ ਪਾ ਕੇ ਸਾਫ਼ ਕਰ ਰਹੀ ਸੀ। ਉਹਨੇ ਆਪ ਹਾਲੇ ਰੋਟੀ ਨਹੀਂ ਖਾਧੀ ਸੀ। ਗੈਸ ਉੱਤੇ ਦੁੱਧ ਧਰਿਆ ਹੋਇਆ ਸੀ। ਜਨਕ ਰਾਜ ਰਸੋਈ ਵਿਚ ਗਿਆ ਸੀ ਤੇ ਕੜਕ ਕੇ ਬੋਲਿਆ ਸੀ ਕਿ ਉਹਨੇ ਆਲੂ ਗੋਭੀ ਦੀ ਸਬਜ਼ੀ ਵਿਚ ਆਲੂ ਕੱਚੇ ਰੱਖ ਦਿੱਤੇ ਹਨ। ਉਹਨੂੰ ਰਸੋਈ ਦਾ ਕੰਮ ਨਹੀਂ ਆਉਂਦਾ। ਮਾਂ ਨੇ ਉਹਨੂੰ ਕੁਝ ਸਿਖਾਇਆ ਹੀ ਨਹੀਂ। ਉਹ ਡੰਗਰਾਂ ਵਾਂਗ ਉੱਠ ਕੇ ਆ ਗਈ ਹੈ।

ਦੇਵਾਂ ਉਹਦੀਆਂ ਤੇਜ਼ ਤਰਾਰ ਗੱਲਾਂ ਸੁਣਦੀ ਗਈ ਤੇ ਸੁਣਦੀ ਗਈ। ਉਹ ਤਾਂ ਉੱਤੇ ਹੀ ਉੱਤੇ ਚੜ੍ਹਦਾ ਆ ਰਿਹਾ ਸੀ। ਦੋਵਾਂ ਦਾ ਦਿਮਾਗ਼ ਚੱਕਰ ਖਾਣ ਲੱਗਿਆ। ਉਹਦੇ ਲਈ ਨਿੱਤ ਦਾ ਕਲੇਸ਼ ਝੱਲਣਾ ਮੁਸ਼ਕਿਲ ਸੀ। ਉਹ ਬਦਹਵਾਸ ਹੋ ਕੇ ਬੈਠ ਗਈ- 'ਜਾਓ, ਮੈਥੋਂ ਨਹੀਂ ਹੁੰਦਾ ਫੇਰ। ਹੋਰ ਲੈ ਆਓ ਕੋਈ ਕਰਨ ਵਾਲੀ।'

'ਜਾਹ, ਨਿੱਕਲ ਜਾਹ। ਜਾਹ ਜਿੱਧਰ ਜਾਣੈ।'

'ਕਿਰਾਇਆ ਦੇ ਦਿਓ ਮੈਨੂੰ ਬਸ, ਐਨੀ ਮਿਹਰਬਾਨੀ ਕਰ ਦਿਓ।'

ਜਨਕ ਰਾਜ ਅੰਦਰ ਕਮਰੇ ਵਿਚ ਗਿਆ ਤੇ ਗੋਦਰੇਜ ਦੀ ਅਲਮਾਰੀ ਖੋਲ੍ਹ ਕੇ ਪੰਜ ਸੌ ਰੁਪਿਆ ਕੱਢ ਲਿਆ। ਉਹਦੇ ਸਾਹਮਣੇ ਗਿਣ ਕੇ ਤੈਸ਼ ਵਿਚ ਉਹਨੂੰ ਫੜਾ ਦਿੱਤਾ ਤੇ ਹੌਲ਼ੀ ਦੇ ਕੇ ਆਖ ਦਿੱਤਾ- 'ਜਾਹ, ਹੁਣੇ ਤੁਰ ਜਾ।'

ਅੱਧੇ ਭਾਂਡੇ ਟੂਟੀ ਥੱਲੇ ਅਣਧੋਤੇ ਪਏ ਸਨ। ਦੁੱਧ ਉੱਬਲ ਕੇ ਗੈਸ ਨੂੰ ਬੁਝਾ ਚੁੱਕਿਆ ਸੀ। ਦੋਵਾਂ ਨੇ ਓਸੇ ਵਕਤ ਹੱਥ ਧੋਤੇ ਤੇ ਕਮਰੇ ਵਿਚ ਆ ਕੇ ਅਟੈਚੀ ਵਿਚ ਆਪਣੇ ਕੱਪੜੇ ਪਾਉਣ ਲੱਗੀ। ਉਹਦੀ ਕੁੜੀ ਖਿਮਾ ਉਹਦੀ ਮਦਦ ਕਰ ਰਹੀ ਸੀ। ਪੁੱਛਦੀ- ‘ਕਿੱਥੇ ਚੱਲੇ ਆਂ, ਮੰਮੀ?’

'ਨਾਨੀ ਕੋਲ?'

ਖਿਮਾ ਛੇਤੀ ਛੇਤੀ ਕੰਮ ਕਰਦੀ। ਉਹਨੂੰ ਨਾਨੀ ਕੋਲ ਜਾਣ ਦਾ ਬਹੁਤ ਚਾਅ ਸੀ। ਉਹ ਕਿੰਨੀ ਵਾਰ ਮੰਮੀ ਨੂੰ ਕਹਿ ਚੁੱਕੀ ਸੀ, ਪਰ ਮੰਮੀ ਨੂੰ ਇਸ ਘਰ ਵਿਚੋਂ ਕਦੇ ਨਿੱਕਲਣ ਕੌਣ ਦਿੰਦਾ ਸੀ। ਉਹਦੇ ਪਾਪਾ ਦਾ ਕਦੇ ਕੋਈ ਬਹਾਨਾ, ਕਦੇ ਕੋਈ। ਮਾਵਾਂ ਧੀਆਂ ਕੈਦ ਹੋ ਕੇ ਰਹਿ ਗਈਆਂ ਸਨ। ਛੁੱਟੀਆਂ ਵਿਚ ਹਰ ਕੋਈ ਆਪਣੇ ਨਾਨਕੀ ਜਾਂਦਾ ਹੈ, ਭੂਆ ਕੋਲ ਜਾਂ ਕਿਤੇ ਵੀ...।

ਰਾਤ ਦੇ ਬਾਰਾਂ ਵੱਜ ਚੁੱਕੇ ਸਨ, ਜਦੋਂ ਜਨਕ ਰਾਜ ਘਰ ਮੁੜਿਆ। ਘਰ ਦਾ ਗੇਟ ਓਵੇਂ ਜਿਵੇਂ ਚੁਪੱਟ ਖੁੱਲ੍ਹਾ ਪਿਆ ਸੀ। ਕੋਈ ਚੋਰ ਵੀ ਨਹੀਂ ਆਇਆ। ਘਰ ਉਹਨੂੰ ਬਹੁਤ ਖ਼ਾਲੀ ਲੱਗਿਆ। ਜਿਵੇਂ ਇਸ ਵਿਚ ਦੇਵਾਂ ਬਗ਼ੈਰ ਕੁਝ ਵੀ ਨਾ ਰਹਿ ਗਿਆ ਹੋਵੇ।

ਉਹਨੂੰ ਇਹ ਦੁੱਖ ਹੋਰ ਵੀ ਵੱਡਾ ਸੀ ਕਿ ਉਹ ਗਈ ਤਾਂ ਗਈ ਕਿੱਥੇ? ਕਿਧਰੇ ਪੁਲਿਸ ਦੇ ਅੜਿੱਕੇ ਨਾ ਚੜ੍ਹ ਗਈ ਹੋਵੇ? ਜਾਂ ਕੀਹ ਐ ਕੋਈ ਗੁੱਡਾ ਨਾ ਫੁਸਲਾ ਕੇ ਲੈ ਗਿਆ ਹੋਵੇ? ਅਜਿਹੀ ਕੋਈ ਵਾਰਦਾਤ ਹੋ ਗਈ ਤਾਂ ਬਹੁਤ ਬਦਨਾਮੀ ਹੋਵੇਗੀ। ਸਮਾਜ ਉਹਨੂੰ ਲਾਹਣਤਾਂ ਪਾਵੇਗਾ-ਸਾਲ਼ਿਆ ਹਰਾਮੀਆਂ, ਘਰ ਵਾਲੀ ਨੂੰ ਆਪ ਧੱਕਾ ਦੇ ਕੇ ਘਰੋਂ ਕੱਢ ਦਿੱਤਾ, ਤੇਰੇ ਨਾਲ ਇਉਂ ਹੀ ਹੋਣੀ ਚਾਹੀਦੀ ਸੀ। ਅਜਿਹੀ ਬਦਨਾਮੀ ਨਾਲੋਂ ਉਹਨੂੰ ਮਰ ਜਾਣਾ ਚਾਹੀਦਾ ਹੈ। ਅੱਧੀ ਰਾਤ ਉਹਨੇ ਦੇਵਾਂ ਨੂੰ ਘਰੋਂ ਕੱਢ ਦਿੱਤਾ। ਕਿਉਂ ਕੀਤਾ ਉਹਨੇ ਅਜਿਹਾ ਕੁਕਰਮ? ਉਹਨੇ ਦੇਵੀ ਦੀ ਕੜਾਹੀ ਸੁੱਖੀ-ਉਹ ਪੰਜ ਸੌ ਇਕ ਰੁਪਏ ਦੀ ਕੜਾਹੀ ਕਰੇਗਾ, ਜੇ ਦੇਵਾਂ ਸਹੀ ਸਲਾਮਤ ਘਰ ਵਾਪਸ ਆ ਜਾਵੇ।

ਘਰ ਵਿਚ ਪੌਣੀ ਬੋਤਲ ਵਿਸਕੀ ਦੀ ਪਈ ਹੋਈ ਸੀ। ਉਹਨੇ ਕੱਚ ਦਾ ਵੱਡਾ ਗਿਲਾਸ ਲਿਆ ਤੇ ਸ਼ਰਾਬ ਨਾਲ ਗਲਗਸਾ ਕਰ ਲਿਆ। ਕੌੜੀ ਲੱਗੀ ਤਾਂ ਪਾਣੀ ਪਾ ਲਿਆ। ਦੋ ਘੁੱਟਾਂ ਹੀ ਕੌੜੀਆਂ ਸਨ, ਬਾਕੀ ਸਾਰਾ ਗਿਲਾਸ ਉਹ ਪਾਣੀ ਸਮਝ ਕੇ ਚਰੜ ਚਰੜ ਪੀ ਗਿਆ। ਫੇਰ ਇਕ ਹੋਰ ਗਿਲਾਸ। ਨਸ਼ਾ ਪੈਰ ਥਿੜਕਾਉਣ ਲੱਗਿਆ ਤਾਂ ਉਹ ਮੰਜੇ ਉੱਤੇ ਪੈ ਕੇ ਡੂੰਘੀਆਂ ਸੋਚਾਂ ਵਿਚ ਉੱਤਰ ਗਿਆ। ਨਸ਼ੇ ਦੀ ਲੋਰ ਵਿਚ ਦੇਵਾਂ ਹੋਰ ਬਹੁਤ ਯਾਦ ਆਉਂਦੀ। ਉਹਨੂੰ ਆਪਣਾ ਕਸੂਰ ਭੁੱਲਣ ਲੱਗਿਆ। ਉਹਨੇ ਪੰਜ ਸੌ ਰੁਪਿਆ ਦੇ ਕੇ ਜੇ ਉਹਨੂੰ ਹਰਖ ਵਿਚ ਆਖ ਦਿੱਤਾ ਸੀ ਕਿ ਨਿੱਕਲ ਜਾਹ ਘਰੋਂ ਤਾਂ ਕੀ ਸੱਚਮੁੱਚ ਨਿੱਕਲ ਜਾਣਾ ਸੀ। ਇਹ ਗੱਲਾਂ ਤਾਂ ਪੰਜਾਹ ਵਾਰ ਪਹਿਲਾਂ ਹੋਈਆਂ ਸਨ। ਓਦੋਂ ਕਿਉਂ ਨਾ ਚਲੀ ਗਈ ਉਹ? ਹੁਣ ਮਿੰਟਾਂ ਵਿਚ ਦੀ ਘਰ ਛੱਡ ਕੇ ਚਲੀ ਗਈ। ਜਾਣਾ ਸੀ ਤਾਂ ਦਿਨ ਵੇਲੇ ਜਾਂਦੀ। ਅੱਧੀ ਰਾਤ, ਇਹ ਕੋਈ ਘਰੋਂ ਨਿੱਕਲਣ ਦਾ ਵੇਲਾ ਸੀ। ਪਛਤਾਵੇਗੀ ਨਾਲੇ ਫੇਰ। ਕਾਹਲ ਵਿਚ ਫ਼ੈਸਲਾ ਕਰਨ ਵਾਲੇ ਲੋਕ ਹਮੇਸ਼ਾ ਪਛਤਾਉਂਦੇ ਹਨ।

ਜਨਕ ਰਾਜ ਲਈ ਦੇਵਾਂ ਦੇ ਮੋਹ ਦੀ ਹੱਦ ਕੁਰਬਾਨੀ ਦੇ ਛਿਣਾਂ ਨੂੰ ਫੜਨ ਲੱਗੀ। ਜੇ ਮੈਂ ਨਾ ਹੋਇਆ ਇਸ ਜਹਾਨ ਉੱਤੇ ਤਾਂ ਉਹਦਾ ਬਣੇਗਾ ਕੀ, ਕੁੱਤੀ ਰੰਨ ਦਾ? ਉਹਨੇ ਦੇਵਾਂ ਨੂੰ ਆਪਣਾ ਵਿਗੋਚਾ ਦਿਖਾਉਣਾ ਚਾਹਿਆ। ਉਹਨੇ ਤੀਜਾ ਪੈੱਗ ਵੀ ਪੀ ਲਿਆ। ਉੱਠ ਕੇ ਪੌੜੀਆਂ ਥੱਲੇ ਪਈ ਮਿੱਟੀ ਦੇ ਤੇਲ ਦੀ ਕੇਨੀ ਦੇਖੀ, ਭਰੀ ਹੋਈ ਸੀ। ਉਹਨੂੰ ਤਸੱਲੀ ਹੋਈ, ਐਨਾ ਤੇਲ ਤਾਂ ਬਹੁਤ ਹੈ ਇਕ ਬੰਦੇ ਦੇ ਸੜ-ਮਰਨ ਲਈ। ਕਮਰੇ ਵਿਚ ਆ ਕੇ ਉਹਨੇ ਫ਼ੈਸਲਾ ਕੀਤਾ ਕਿ ਉਹ ਸਾਰੀ ਬੋਤਲ ਮੁਕਾ ਕੇ ਆਪਣੇ ਸਰੀਰ ਉੱਤੇ ਪੂਰੀ ਕੇਨੀ ਮੂਧੀ ਕਰ ਲਵੇਗਾ ਤੇ ਫੇਰ ਵਿਹੜੇ ਵਿਚ ਲੰਮਾ ਪੈ ਕੇ ਆਪਣੇ-ਆਪ ਨੂੰ ਅੱਗ ਲਾ ਲਵੇਗਾ। ਚੁੱਪ-ਚਾਪ ਮੱਚ ਜਾਵੇਗਾ। ਕੋਈ ਚੀਖ ਪੁਕਾਰ ਨਹੀਂ ਕਰੇਗਾ। ਕਿਸੇ ਗੁਆਂਢੀ ਤਕ ਨੂੰ ਵੀ ਪਤਾ ਨਹੀਂ ਲੱਗੇਗਾ।

ਇਕ ਵੱਜਣ ਵਾਲਾ ਸੀ। ਉਹਨੇ ਆਲ ਇੰਡੀਆ ਰੇਡੀਓ ਦਾ ਉਰਦੂ ਪ੍ਰੋਗਰਾਮ ਖੋਲ੍ਹ ਲਿਆ। ਗਾਣਾ ਆ ਰਿਹਾ ਸੀ, “ਸੌ ਗਿਆ ਸਾਰਾ ਜ਼ਮਾਨਾ, ਨੀਂਦ ਕਿਉਂ ਆਤੀ ਨਹੀਂ।’ ਉਹ ਮੁਸਕਰਾਇਆ, ਦੇਖੋ ਸਾਲ਼ਾ ਰੇਡੀਓ ਵੀ ਜਿਵੇਂ ਜਾਣਦਾ ਹੋਵੇ। ਬੋਤਲ ਵਿਚ ਇਕ-ਦੋ ਪੈੱਗ ਰਹਿੰਦੇ ਹੋਣਗੇ। ਉਹਨੂੰ ਪੂਰਾ ਨਸ਼ਾ ਸੀ। ਉਹਨੇ ਟੇਪ ਰਿਕਾਰਡਰ ਲੱਭਿਆ। ਉਹ ਚਾਹੁੰਦਾ ਸੀ, ਉਹ ਆਪਣੀਆਂ ਆਖ਼ਰੀ ਗੱਲਾਂ ਟੇਪ ਕਰ ਦੇਵੇ। ਦੇਵਾਂ ਬਾਅਦ ਵਿਚ ਸੁਣੇਗੀ ਤੇ ਰੋਵੇਗੀ, ਪਰ ਇਹ ਕੀ ਉਹ ਤਾਂ ਮਾਈਕ ਵਿਚ ਬੋਲਦਾ ਖ਼ੁਦ ਹੀ ਰੋਣ ਲੱਗਿਆ। ਰੋ ਰੋ ਕੇ ਪਤਾ ਨਹੀਂ ਕੀ ਊਲ-ਜਲੂਲ ਬੋਲਦਾ ਰਿਹਾ। ਉਹਨੂੰ ਨਾ ਮੰਜੇ ਉੱਤੇ ਲੰਮਾ ਪੈ ਕੇ ਚੈਨ ’ਚ ਸੀ ਤੇ ਨਾ ਬੈਠ ਕੇ। ਉੱਠ ਕੇ ਤੁਰਨ ਫਿਰਨ ਲਗਦਾ ਤੇ ਗੇੜਾ ਖਾ ਕੇ ਡਿੱਗ ਪੈਂਦਾ। ਡਿੱਗ ਕੇ ਹੋਰ ਰੋਂਦਾ ਤੇ ਬੋਲਦਾ। ਟੇਪ ਚੱਲ ਰਿਹਾ ਹੁੰਦਾ। ਉਹਨੇ ਕਾਗ਼ਜ਼ ਪੈੱਨ ਲੈ ਕੇ ਦੋ ਸਫ਼ਿਆਂ ਦੀ ਲੰਮੀ ਚਿੱਠੀ ਵੀ ਲਿਖੀ। ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੇ ਨਾਂ ਲਿਖ ਮਾਰੇ। ਇਹ ਕੀ ਉਹ ਖ਼ੁਦ ਆਪਣੀ ਮਰਜ਼ੀ ਨਾਲ ਮਰ ਰਿਹਾ ਹੈ। ਕਿਸੇ ਜ਼ਿੰਮੇ ਕੋਈ ਦੋਸ਼ ਨਹੀਂ। ਇਸ ਜੱਦੋਜਹਿਦ ਵਿਚ ਉਹਨੂੰ ਉਲਟੀ ਆ ਗਈ। ਖਾਧਾ ਪੀਤਾ ਸਭ ਬਾਹਰ ਹੋ ਗਿਆ। ਉਹ ਮੰਜੇ ਉੱਤੇ ਪਿਆ ਸੀ। ਪੇਟ ਸਾਫ਼ ਹੋ ਕੇ ਉਹਨੂੰ ਚੈਨ ਵੀ ਮਿਲ ਗਿਆ। ਜਿਵੇਂ ਕੋਈ ਸੁਖ ਮਿਲ ਰਿਹਾ ਹੋਵੇ ਤੇ ਕੁਝ ਪਲ਼ਾਂ ਬਾਅਦ ਨੀਂਦ ਆ ਗਈ। ਘੁਰਾੜੇ ਮਾਰਨ ਲੱਗਿਆ। ਨਸ਼ੇ ਟੁੱਟੇ ਤੋਂ ਨੀਂਦ ਖੁੱਲ੍ਹ ਗਈ। ਸਵੇਰ ਦੇ ਪੰਜ ਵੱਜ ਰਹੇ ਸਨ। ਗਲੀ ਵਿੱਚ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ।

ਕੁਝ ਦੇਰ ਪਾਸੇ ਮਾਰਦਾ ਰਿਹਾ। ਫੇਰ ਉੱਠਿਆ ਤੇ ਵਿਹੜੇ ਵਿਚ ਆ ਗਿਆ। ਅਸਮਾਨ ਵਿਚ ਤਾਰੇ ਮੱਧਮ ਪੈ ਰਹੇ ਸਨ। ਪਛਤਾਉਣ ਲੱਗਿਆ-'ਖਾਹਮਖਾਹ ਆਪਣੇ ਆਪ ਨੂੰ ਖ਼ਤਮ ਕਰ ਲੈਣਾ ਸੀ। ਉਹ ਦਿੱਲੀ ਨੂੰ ਚਲੀ ਗਈ ਹੋਵੇਗੀ ਜਾਂ ਫੇਰ ਆਗਰੇ। ਹੋਰ ਉਹਨੇ ਕਿੱਧਰ ਜਾਣਾ ਹੈ, ਹੁਣੇ ਨ੍ਹਾ-ਧੋ ਕੇ ਤੁਰਦਾ ਹੈ ਤੇ ਉਹਨੂੰ ਲੈ ਆਵੇਗਾ। ਘਰ ਵਿਚ ਸੌ ਵਾਰ ਅਜਿਹਾ ਹੁੰਦਾ ਹੈ।’◆