ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਾ ਦੱਸਣ ਵਾਲਾ ਸੁੱਖ
ਸਲੋਚਨਾ ਦੀ ਫਗਵਾੜੇ ਤੋਂ ਚਿੱਠੀ ਸੀ ਕਿ ਉਹ ਦੋ ਮਹੀਨੇ ਲਈ ਪੰਜਾਬ ਆਈ ਹੋਈ ਹੈ। ਬਾਕੀ ਤਾਂ ਸਭ ਰਿਸ਼ਤੇਦਾਰੀਆਂ ਵਿਚ ਹੋ ਆਈ, ਬੱਸ ਇੱਕ ਉਹ ਰਹਿ ਗਿਆ। ਅਗਲੇ ਬੁੱਧਵਾਰ ਉਹ ਰਾਮ ਨਗਰ ਹੋਵੇਗੀ। ਉਸੇ ਦਿਨ ਉਹਨੇ ਰਾਤ ਦੀ ਟਰੇਨ ਦਿੱਲੀ ਜਾਣਾ ਹੈ। ਅਗਲੇ ਦਿਨ ਦਿੱਲੀਓਂ ਹੀ ਫੇਰ ਉਹ ਦੀ ਫਲਾਈਟ ਹੈ। ਰਾਮ ਨਗਰ ਤੋਂ ਦਿੱਲੀ ਤੱਕ ਟਰੇਨ ਵਿਚ ਉਹ ਇਕੱਲੀ ਹੋਵੇਗੀ। ਲਿਖਿਆ ਸੀ ਕਿ ਉਹ ਬੁੱਧਵਾਰ ਦੀ ਸ਼ਾਮ ਅੱਠ ਵਜੇ ਤੱਕ ਜ਼ਰੂਰ ਹੀ ਰਾਮ ਨਗਰ ਦੇ ਰੇਲਵੇ ਸਟਸ਼ਨ 'ਤੇ ਪਹੁੰਚ ਜਾਵੇ ਦਿੱਲੀ ਤੱਕ ਉਹ ਇਕੱਠੇ ਸਫ਼ਰ ਕਰਨਗੇ।
ਸਲੋਚਨਾ, ਕਿੰਨਾ ਪਿਆਰਾ ਨਾਉਂ ਹੈ। ਇਹ ਖ਼ੁਦ ਵੀ ਕਿੰਨੀ ਪਿਆਰੀ ਸੀ। ਉਹ ਉਹ ਨੂੰ ਦਿਲੋਂ ਚਾਹੁੰਦਾ ਸੀ। ਪਟਿਆਲੇ ਬੀ. ਐੱਡ. ਵਿਚ ਇਕੱਠੇ ਪੜ੍ਹੇ ਸਨ। ਥੋੜ੍ਹੇ ਦਿਨਾਂ ਵਿਚ ਹੀ ਉਹ ਕਿੰਨੇ ਘੁਲ ਮਿਲ ਗਏ ਸਨ। ਉਹ ਚਾਹੁੰਦਾ ਸੀ, ਸਲੋਚਨਾ ਨਾਲ ਵਿਆਹ ਕਰਵਾ ਲਵੇ। ਉਨ੍ਹਾਂ ਦੀ ਜ਼ਿੰਦਗੀ ਕਿੰਨੀ ਖੁਸ਼ਗਵਾਰ ਬਣ ਜਾਵੇਗੀ।
ਪਰ ਕਹਿਰ ਰੱਬ ਦਾ, ਕਨੇਡਾ ਤੋਂ ਇੱਕ ਮੁੰਡਾ ਏਧਰ ਆਇਆ ਸਲੋਚਨਾ ਨੂੰ ਪਸੰਦ ਕਰਕੇ ਲੈ ਗਿਆ। ਉਹ ਦੀ ਵੱਡੀ ਭੈਣ ਦੇ ਸਹੁਰਿਆਂ ਵਿਚੋਂ ਸੀ, ਉਹ ਮੁੰਡਾ। ਉਸ ਨੇ ਬੀ. ਐੱਡ. ਫੇਰ ਕਰਨੀ ਸੀ, ਵਿਚੇ ਗਈ। ਜਗਦੇਵ ਦੀ ਹਸਰਤ ਦਿਲ ਵਿਚ ਰਹਿ ਗਈ। ਮੌਕੇ ਦੇ ਮੌਕੇ ਵਿਆਹ ਦੀ ਗੱਲ ਕੀ ਤੋਰਦਾ ਤੇ ਫੇਰ ਉਹ ਦੇ ਲਈ ਕਨੇਡਾ ਦੀ ਖਿੱਚ ਵੱਖਰੀ ਗੱਲ ਸੀ। ਪਰ ਆਖ਼ਰੀ ਦਿਨ ਜਾਣ ਵੇਲੇ ਉਹ ਕਹਿ ਕੇ ਗਈ ਸੀ-"ਮੈਂ ਤੈਨੂੰ ਚਿੱਠੀਆਂ ਲਿਖਿਆ ਕਰੂੰਗੀ। ਮੌਕਾ ਲੱਗੇ ਤੋਂ ਫੇਰ ਵੀ ਮਿਲਦੇ ਰਹਾਂਗੇ।"
ਫਗਵਾੜੇ ਉਹ ਦੇ ਸੱਸ ਸਹੁਰਾ ਰਹਿੰਦੇ ਸਨ। ਹੁਣ ਦੋ ਮਹੀਨੇ ਉਹ ਦਾ ਪੱਕਾ ਅੱਡਾ ਉੱਥੇ ਹੀ ਸੀ। ਦਸ ਬਾਰਾਂ ਸਾਲਾਂ ਬਾਅਦ ਆਈ ਸੀ। ਉਹ ਦੇ ਦੋ ਬੱਚੇ ਵੀ ਸਨ, ਜਿਨ੍ਹਾਂ ਨੂੰ ਇਸ ਵਾਰ ਉਹ ਨਾਲ ਨਹੀਂ ਸੀ ਲਿਆਈ। ਕਾਫ਼ੀ ਉਡਾਰ ਹੋਣਗੇ, ਏਸੇ ਕਰਕੇ ਉਹ ਓਧਰ ਮਾਂ ਬਗੈਰ ਆਪਣੇ ਬਾਪ ਕੋਲ ਰਹਿ ਪਏ ਸਨ।
ਵਿਆਹ ਤੋਂ ਬਾਅਦ ਉਹ ਪਹਿਲਾਂ ਵੀ ਪੰਜ ਪੰਜ ਸਾਲਾਂ ਪਿੱਛੋਂ ਦੋ ਵਾਰ ਪੰਜਾਬ ਆ ਚੁੱਕੀ ਸੀ, ਪਰ ਪਤਾ ਨਹੀਂ ਉਹ ਨੇ ਉਦੋਂ ਕਿਉਂ ਨਾ ਜਗਦੇਵ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਉਹ ਨੂੰ ਆਪ ਵੀ ਉਹ ਦੇ ਏਧਰ ਆਉਣ ਦਾ ਕੋਈ ਪਤਾ ਨਹੀਂ ਲੱਗਿਆ ਸੀ, ਨਹੀਂ ਤਾਂ ਉਹ ਖ਼ੁਦ ਜਾ ਕੇ ਉਹ ਨੂੰ ਮਿਲਣ ਆਉਂਦਾ-ਭਾਵੇਂ ਉਹ ਕਿਤੇ ਵੀ ਹੁੰਦੀ। ਪਟਿਆਲੇ ਉਹ ਨੇ ਕਿਹਾ ਸੀ ਕਿ ਉਹ ਚਿੱਠੀਆਂ ਲਿਖਿਆ ਕਰੇਗੀ। ਪਰ ਕਨੇਡਾ ਜਾ ਕੇ ਉਹ ਨੇ ਇੱਕ ਚਿੱਠੀ ਲਿਖੀ। ਫੇਰ ਦੋ ਚਿੱਠੀਆਂ ਹੋਰ। ਜਦੋਂ ਉਹ ਪੰਜਾਬ ਆ ਕੇ ਮੁੜਦੀ ਤਾਂ ਉੱਧਰੋਂ ਚਿੱਠੀ ਲਿਖਦੀ। ਮਾਫ਼ੀ ਮੰਗਦੀ ਕਿ ਇਸ ਵਾਰ ਮਿਲਿਆ ਨਹੀਂ ਗਿਆ। ਅਗਲੀ ਵਾਰ ਅਜਿਹਾ ਨਹੀਂ ਹੋਵੇਗਾ ਤੇ ਹੁਣ ਉਹ ਦੀ ਇਹ ਚੌਥੀ ਚਿੱਠੀ ਸੀ-ਫਗਵਾੜੇ ਤੋਂ ਲਿਖੀ ਹੋਈ।
ਸਲੋਚਨਾ ਦੀ ਚਿੱਠੀ ਨੇ ਜਗਦੇਵ ਦੇ ਅੰਗ ਅੰਗ ਵਿਚ ਜਿਵੇਂ ਕੋਈ ਬਿਜਲੀ ਤਰਗਾ ਛੇੜ ਦਿੱਤੀਆਂ ਹੋਣ। ਉਸ ਪ੍ਰਤੀ ਸਭ ਸ਼ਿਕਵੇ ਸ਼ਿਕਾਇਤਾਂ ਕਾਫੂਰ ਹੋ ਗਏ। ਉਹ ਉਹ ਨੂੰ ਮਿਲਣ ਲਈ ਕਾਹਲਾ ਪੈ ਗਿਆ। ਉਸੇ ਵਕਤ ਸਫ਼ਰ ਦੀਆਂ ਤਿਆਰੀਆਂ ਕਰ ਦਿੱਤੀਆਂ। ਰਾਮ ਨਗਰ ਤੋਂ ਦਿੱਲੀ ਤੱਕ ਰੇਲ ਗੱਡੀ ਦਾ ਸਫ਼ਰ ਘੱਟੋ ਘੱਟ ਛੇ ਘੰਟੇ ਦਾ ਹੋਵੇਗਾ। ਛੇ ਘੰਟਿਆਂ ਵਿਚ ਉਹ ਜਹਾਨ ਭਰ ਦੀਆਂ ਗੱਲਾਂ ਕਰ ਲੈਣਗੇ। ਜਨਮਾਂ ਜਨਮਾਂ ਦੀ ਭੁੱਖ ਲਹਿ ਜਾਵੇਗੀ। ਸਲੋਚਨਾ ਅਦਬੀ ਮਿਜਾਜ਼ ਦੀ ਕੁੜੀ ਹੈ। ਉਹ ਦੇ ਨਾਲ ਇੱਕ ਥਾਂ ਨਿਸ਼ਚਤ ਬੈਠ ਕੇ ਗੱਲਾਂ ਕਰੀਏ ਤਾਂ ਲੱਗਦਾ, ਜਿਵੇਂ ਕੋਈ ਬਹੁਤ ਵੱਡੀ ਕਿਤਾਬ ਪੜ੍ਹ ਲਈ ਹੋਵੇ।
ਜਦੋਂ ਉਹ ਪਟਿਆਲੇ ਸਨ, ਉਹ ਦੀ ਉਮਰ ਸਿਰਫ਼ ਚੌਵੀ ਸਾਲ ਦੀ ਸੀ ਤੇ ਜਗਦੇਵ ਆਪ ਬੱਤੀ ਵਰਿਆਂ ਦਾ, ਪਰ ਉਨ੍ਹਾਂ ਨੇ ਕਦੇ ਇੱਕ ਦੂਜੇ ਨੂੰ ਉਮਰ ਨਹੀਂ ਸੀ ਪੁੱਛੀ। ਦੇਖਣ ਵਿਚ ਇੱਕੋ ਜਿਹੇ ਲੱਗਦੇ। ਮੁੰਡੇ ਕੁੜੀ ਦਾ ਅੱਠ ਸਾਲ ਦਾ ਫ਼ਰਕ ਕੋਈ ਖ਼ਾਸ ਫ਼ਰਕ ਨਹੀਂ ਹੁੰਦਾ।
ਉਨ੍ਹਾਂ ਗੱਲਾਂ ਨੂੰ ਵੀਹ ਬਾਈ ਸਾਲ ਗੁਜ਼ਰ ਗਏ। ਹੁਣ ਤਾਂ ਉਹ ਦੀ ਦਾੜ੍ਹੀ ਅੱਧੀ ਚਿੱਟੀ ਹੋਈ ਪਈ ਸੀ। ਦਾੜ੍ਹੀ ਨੂੰ ਉਹ ਕਲਰ ਕਰਕੇ ਰੱਖਦਾ। ਉਹ ਦੇ ਚਿਹਰੇ 'ਤੇ ਐਨੀਆਂ ਝੁਰੜੀਆਂ ਨਹੀਂ ਸਨ ਕਿ ਉਹ ਬੁੱਢਾ ਲੱਗਦਾ। ਉਹ ਦੀ ਆਪਣੀ ਔਰਤ ਉਸ ਤੋਂ ਤਿੰਨ ਕੁ ਵਰੇ ਛੋਟੀ ਸੀ, ਪਰ ਉਹ ਤਾਂ ਜਮ੍ਹਾਂ ਬੁੜ੍ਹੀ ਲੱਗਦੀ। ਜਗਦੇਵ ਸਿੰਘ ਦੇ ਚਾਰ ਬੱਚੇ ਸਨ, ਫੇਰ ਵੀ ਉਹ ਦੇ ਅੰਦਰ ਸਦਾ ਜਵਾਨ ਰਹਿਣ ਦੀ ਇੱਕ ਲਿੱਲ੍ਹ ਲੱਗੀ ਰਹਿੰਦੀ। ਇਸ ਅਹਿਸਾਸ ਵਿਚ ਆਪਣਾ ਹੀ ਇੱਕ ਸੁਆਦ ਸੀ, ਆਪਣੀ ਕਿਸਮ ਦਾ ਨਿਰਾਲਾ ਸੁਖਜੇ ਕਦੇ ਉਹ ਨੂੰ ਕੋਈ ਬਾਬਾ ਕਹਿ ਦਿੰਦਾ ਤਾਂ ਉਹ ਨੂੰ ਗੋਲੀ ਲੱਗਦੀ। ਉਹ ਮੱਚ ਕੇ ਰਹਿ ਜਾਂਦਾ। ਉਹ ਦਾ ਜੀਅ ਕਰਦਾ, ਉਹ ਅਗਲੇ ਦਾ ਮੂੰਹ ਨੋਚ ਲਵੇ।
ਜਗਦੇਵ ਸਿੰਘ ਨੇ ਸਕੂਲੋਂ ਦੋ ਦਿਨਾਂ ਦੀ ਛੁੱਟੀ ਲੈ ਲਈ। ਇੱਕ ਦਿਨ ਪੂਰਾ ਤਾਂ ਦਿੱਲੀ ਨਿਕਲ ਜਾਣਾ ਸੀ। ਦੂਜੇ ਦਿਨ ਸ਼ਾਮ ਤੱਕ ਕਿਤੇ ਜਾ ਕੇ ਉਹਨੇ ਵਾਪਸ ਆਪਣੇ ਸ਼ਹਿਰ ਪਰਤਾਪਗੜ੍ਹ ਮੁੜਨਾ ਸੀ। ਦਾੜ੍ਹੀ ਨੂੰ ਐਤਵਾਰ ਦਾ ਕਲਰ ਕੀਤਾ ਹੋਇਆ ਸੀ। ਸੋਮਵਾਰ ਉਹਨੇ ਕਈ ਵਾਰ ਸ਼ੀਸ਼ਾ ਦੇਖਿਆ, ਇੱਕ ਵੀ ਚਿੱਟਾ ਵਾਲ ਨਜ਼ਰ ਨਹੀਂ ਸੀ ਆਉਂਦਾ। ਮੰਗਲਵਾਰ ਵੀ ਦਾੜ੍ਹੀ ਦੀ ਕਲੱਤਣ ਉਵੇਂ ਦੀ ਉਵੇਂ ਕਾਇਮ ਸੀ। ਬੁੱਧਵਾਰ ਜਦੋਂ ਉਹਨੇ ਰਾਮਨਗਰ ਜਾਣ ਲਈ ਘਰੋਂ ਤੁਰਨਾ ਸੀ ਤਾਂ ਸ਼ੀਸ਼ਾ ਦੇਖ ਕੇ ਮਹਿਸੂਸ ਹੋਇਆ, ਜਿਵੇਂ ਵਾਲਾਂ ਦੀਆਂ ਜੜਾਂ ਕਿਤੋਂ ਕਿਤੋਂ ਚਿੱਟੀਆਂ ਨਿਕਲ ਆਈਆਂ ਹੋਣ। ਉਹ ਪਛਤਾਇਆ, ਕਿਉਂ ਨਾ ਕੱਲ੍ਹ ਸ਼ਾਮ ਉਹ ਨੇ ਦਾੜ੍ਹੀ ਦੁਬਾਰਾ ਕਲਰ ਕਰ ਲਈ। ਅੱਜ ਚੌਥੇ ਦਿਨ ਦੀ ਦਾੜ੍ਹੀ ਤਾਂ ਬੁੱਢਾ ਹੋਣ ਦੀ ਚੁਗਲੀ ਖਾਂਦੀ ਲੱਗਦੀ ਹੈ। ਸਲੋਚਨਾ ਉਹ ਦੇ ਚਿਹਰੇ ਵੱਲ ਝਾਕੇਗੀ ਤਾਂ ਕੀ ਪਤਾ ਕੀ ਪ੍ਰਭਾਵ ਪਵੇਗਾ ਉਹ ਦੇ 'ਤੇ। ਕਹੇਗੀ-"ਤੂੰ ਤਾਂ ਦਿਨਾਂ ਵਿਚ ਹੀ ਬੁੜ੍ਹਾ ਹੋ ਗਿਐਂ। ਕੀ ਹੋਇਆ ਤੈਨੂੰ? ਖ਼ੈਰ...ਉਹ ਨੇ ਆਪਣਾ ਬਰੀਫ਼ ਕੇਸ ਚੁੱਕਿਆ ਤੇ ਬੱਸ ਅੱਡੇ ਨੂੰ ਚੱਲ ਪਿਆ। ਘਰ ਵਾਲੀ ਕੋਲ ਕੋਈ ਬਹਾਨਾ ਲਾਇਆ ਸੀ ਕਿ ਰਾਮਨਗਰ ਉਹ ਦੇ ਦੋਸਤ ਦੀ ਲੜਕੀ ਦਾ ਵਿਆਹ ਹੈ। ਉਹ ਪਰਸੋਂ ਸ਼ਾਮ ਤੱਕ ਵਾਪਸ ਆ ਜਾਵੇਗਾ॥
ਗਰਮੀਆਂ ਦੇ ਦਿਨ ਸਨ। ਦੁਪਹਿਰ ਢਲ ਚੁੱਕੀ ਸੀ। ਪਰਤਾਪਗੜ੍ਹ ਦੇ ਬੱਸ ਅੱਡੇ 'ਤੇ ਬਹੁਤੀ ਭੀੜ ਨਹੀਂ ਸੀ। ਉਹ ਰਾਮ ਨਗਰ ਵਾਲੀ ਬੱਸ ਵਿਚ ਜਾ ਬੈਠਾ। ਉਹ ਦੀਆਂ ਅੱਖਾਂ ਵਿਚ ਕੋਈ ਹਲਕਾ ਹਲਕਾ ਨਸ਼ਾ ਉਤਰਿਆ ਹੋਇਆ ਸੀ।
ਪਰਤਾਪਗੜ੍ਹ ਤੋਂ ਅਗਲਾ ਅੱਡਾ ਦਾਨਪੁਰ ਕੈਂਚੀਆਂ ਦਾ ਸੀ। ਏਧਰ ਉੱਧਰ ਬੱਸਾਂ ਬਦਲਣ ਵਾਲੀਆਂ ਸਵਾਰੀਆਂ ਖੜ੍ਹੀਆਂ ਹੀ ਰਹਿੰਦੀਆਂ। ਏਥੇ ਉਨ੍ਹਾਂ ਬੱਸ ਵਿਚੋਂ ਦੋ ਚਾਰ ਸਵਾਰੀਆਂ ਹੀ ਉਤਰੀਆਂ, ਜਦੋਂ ਕਿ ਚੜ੍ਹਨ ਵਾਲੇ ਦਸ ਬਾਰਾਂ ਸਨ। ਉਹ ਦੋ ਬੰਦਿਆਂ ਵਾਲੀ ਸੀਟ 'ਤੇ ਬੈਠਾ ਹੋਇਆ ਸੀ। ਉਹ ਦੇ ਨਾਲ ਦੂਜੀ ਸੀਟ ਖ਼ਾਲੀ ਪਈ ਸੀ। ਇਸ ਕਰਕੇ ਉਹ ਖੁੱਲ੍ਹਾ ਜਿਹਾ ਹੋ ਕੇ ਬੈਠਾ ਸੀ। ਇੱਕ ਔਰਤ ਚੜ੍ਹੀ, ਹੱਥ ਵਿਚ ਥੈਲਾ, ਘੁੱਟ ਕੱਢਿਆ ਹੋਇਆ, ਕਹਿੰਦੀ-"ਦੇਖੀਂ ਬਾਬਾ, ਹੋਈਂ ਪਰ੍ਹੇ।"
ਉਹਦਾ ਬੋਲ ਸੁਣ ਕੇ ਜਗਦੇਵ ਇਕਦਮ ਝੂਠਾ ਪੈ ਗਿਆ। ਜਿਵੇਂ ਉਹ ਦੀ ਦੇਹ ਵਿਚ ਉੱਕਾ ਹੀ ਜਾਨ ਨਾ ਰਹੀ ਹੋਵੇ, ਪਰ ਅਗਲੇ ਬਿੰਦ ਉਹ ਨੇ ਹੁਸ਼ਿਆਰੀ ਫੜ ਲਈ, ਉਹ ਦਾ ਜੀਅ ਕੀਤਾ ਕਿ ਉਹ ਉਸ ਤੀਵੀਂ ਦੇ ਗਲ ਵਿਚ ਹੱਥ ਪਾ ਕੇ ਉਹ ਨੂੰ ਸੀਟ ਤੋਂ ਥੱਲੇ ਪਟਕਾ ਮਾਰੇ। ਉਹ ਕੈੜੀਆਂ ਅੱਖਾਂ ਨਾਲ ਉਸ ਔਰਤ ਵੱਲ ਝਾਕਣ ਲੱਗਿਆ। ਪੁੱਛਣਾ ਚਾਹੁੰਦਾ ਸੀ-"ਕਿਉਂ ਭਾਈ, ਕੀ ਦੇਖਿਆ ਤੂੰ ਮੇਰੇ 'ਚ ਬਾਬੇ ਆਲਾ?" ਪਰ ਉਹ ਘੁੱਟ ਹੀ ਵੱਟ ਗਿਆ। ਔਰਤ ਨੇ ਮੂੰਹ ਉੱਤੋਂ ਪੱਲਾ ਢਿੱਲਾ ਕਰ ਦਿੱਤਾ ਸੀ। ਅਗਲੀ ਸੀਟ ਦੇ ਡੰਡੇ ਤੇ ਰੱਖੇ ਉਹ ਦੇ ਇੱਕ ਹੱਥ 'ਤੇ ਉਹ ਦੇ ਅੱਧ ਨੰਗੇ ਚਿਹਰੇ ਤੋਂ ਪਤਾ ਲੱਗਦਾ ਸੀ, ਜਿਵੇਂ ਉਹ ਅੱਧਖੜ ਉਮਰ ਦੀ ਹੋਵੇ। ਉਹ ਦੇ ਸਿਰ ਦੇ ਵਾਲ ਖਿਚੜੀ ਸੀ। ਉਹ ਨੇ ਬਾਬਾ ਕਹਿ ਕੇ ਜਗਦੇਵ ਸਿੰਘ ਦੀ ਜਮ੍ਹਾਂ ਹੀ ਪੱਟੀ ਮੇਸ ਕਰ ਦਿੱਤੀ ਸੀ। ਹਾਲੇ ਤੱਕ ਉਹ ਉਸ ਔਰਤ ਵੱਲ ਹੀ ਦੇਖੀ ਜਾ ਰਿਹਾ ਸੀ। ਜਿਵੇਂ ਬੱਸ ਵਿਚ ਉਹੀ ਇੱਕ ਹੋਵੇ। ਬਾਕੀ ਸਵਾਰੀਆਂ ਜਗਦੇਵ ਸਿੰਘ ਲਈ ਗੈਰ ਹਾਜ਼ਰ ਸਨ।
ਦਾਨਪੁਰ ਕੈਂਚੀਆਂ ਤੋਂ ਤੀਜਾ ਅੱਡਾ ਘੁੰਮਣ ਸੀ। ਘੁੰਮਣ ਉਹ ਦਾ ਆਪਣਾ ਪਿੰਡ ਸੀ। ਉਹ ਨੂੰ ਪਿੰਡ ਛੱਡੇ ਨੂੰ ਪੰਦਰਾਂ ਸੋਲਾਂ ਸਾਲ ਹੋ ਚੁੱਕੇ ਸਨ। ਉੱਥੇ ਉਨ੍ਹਾਂ ਦੀ ਜ਼ਮੀਨ ਸੀ। ਡੇਰਾ ਸੀ। ਉਹ ਸਾਧ ਸਨ। ਡੇਰੇ ਵਿਚ ਠਾਕਰਾਂ ਦੀ ਪੂਜਾ ਕਰਦੇ। ਜਨਮ ਅਸ਼ਟਮੀ ਵਾਲੇ ਦਿਨ ਮਾਲ੍ਹ ਪੂੜੇ ਪਕਾਉਂਦੇ। ਉਸ ਦਿਨ ਜਿਹੜਾ ਠਾਕਰਾਂ ਨੂੰ ਮੱਥਾ ਟੇਕਣ ਜਾਂਦਾ ਤੇ ਚੜ੍ਹਾਵਾ ਚੜਾਉਂਦਾ, ਉਹ ਨੂੰ ਮਾਲ੍ਹ ਪੂੜਿਆਂ ਦਾ ਪ੍ਰਸ਼ਾਦ ਦਿੰਦੇ। ਪਿੰਡ ਉਨ੍ਹਾਂ ਨੂੰ ਪੂਜਦਾ ਸੀ। ਉਨ੍ਹਾਂ ਦੇ ਡੇਰੇ ਦਾ ਬੱਚਾ ਜੰਮਦੇ ਹੀ ਬਾਬਾ ਕਹਾਉਣ ਲੱਗਦਾ। ਚਾਲੀ ਚਾਲੀ, ਪੰਜਾਹ ਪੰਜਾਹ ਵਰ੍ਹਿਆਂ ਦੇ ਮਰਦ ਔਰਤਾਂ ਉਹ ਨੂੰ ਦਸ ਵਰ੍ਹਿਆਂ ਦੇ ਮੁੰਡੇ ਨੂੰ ਵੀ ਬਾਬਾ ਆਖਦੇ। ਬੱਸ ਉਹ ਆਪਣੀ ਮਾਂ ਦਾ ਹੀ ਜਗਦੇਵ ਸੀ ਜਾਂ ਹਾਣੀ ਮੁੰਡਿਆਂ ਵਿਚ ਦੇਬਾ, ਬਾਕੀ ਸਾਰੇ 'ਬਾਬਾ' ਸਕੂਲ ਪੜ੍ਹਨ ਭੇਜਿਆ, ਉਹ ਪਤਾ ਨਹੀਂ ਕਿਵੇਂ ਜਗਦੇਵ ਦਾਸ ਤੋਂ ਜਗਦੇਵ ਸਿੰਘ ਬਣ ਗਿਆ। ਅਜਿਹਾ ਮਾਸਟਰ ਨੇ ਕਰ ਦਿੱਤਾ ਹੋਵੇਗਾ। ਬਚਪਨ ਵਿਚ ਉਹ ਦੇ ਸਿਰ ਦੇ ਵਾਲਾਂ ਦਾ ਜੂੜਾ ਕੀਤਾ ਹੁੰਦਾ ਤੇ ਉਹ ਪੋਚਵੀਂ ਚੁੰਝਦਾਰ ਪੱਗ ਬੰਨ੍ਹਦਾ ਬਾਦਾਮੀ ਰੰਗ ਦੀ ਚਿੱਟਾ ਕੁੜਤਾ ਪਜਾਮਾ ਪਾ ਕੇ ਸਕੂਲ ਜਾਂਦਾ। ਉਹ ਤਾਂ ਬਸਤਾ ਫੱਟੀ ਢਾਕ ਲਾ ਕੇ ਤੁਰਿਆ ਜਾਂਦਾ ਸੋਹਣਾ ਹੀ ਬੜਾ ਲੱਗਦਾ, ਗੋਲ ਮਟੋਲ ਜਿਹਾ।
ਦਾਨਪੁਰ ਕੈਂਚੀਆਂ ਤੋਂ ਅਗਲਾ ਅੱਡਾ ਆ ਚੁੱਕਿਆ ਸੀ ਤੇ ਉਹ ਔਰਤ ਏਥੇ ਉਤਰੀ ਨਹੀਂ ਸੀ। ਜਗਦੇਵ ਸਿੰਘ ਨੇ ਉਹ ਨੂੰ ਕੁਝ ਨਹੀਂ ਪੁੱਛਿਆ। ਪਤਾ ਨਹੀਂ, ਉਹ ਨੇ ਕਿੱਥੇ ਉਤਰਨਾ ਸੀ ਤੇ ਉਹ ਕਿਹੜੇ ਪਿੰਡ ਦੀ ਸੀ। ਬੜੀ ਜ਼ਾਲਮ ਔਰਤ ਸੀ। ਬਾਬਾ ਕਹਿ ਕੇ ਉਹ ਨੇ ਉਹਦਾ ਸਲੋਚਨਾ ਨੂੰ ਮਿਲਣ ਦਾ ਸਾਰਾ ਚਾਅ ਮੱਠਾ ਪਾ ਦਿੱਤਾ ਸੀ।
ਜਗਦੇਵ ਸਿੰਘ ਨੇ ਦਿਮਾਗ 'ਤੇ ਜ਼ੋਰ ਪਾਇਆ, ਉਹਦੇ ਬਾਬਾ ਕਹਿਣ ਦੇ ਦੋ ਕਾਰਨ ਹੋ ਸਕਦੇ ਹਨ। ਇੱਕ ਤਾਂ ਇਹ ਕਿ ਉਹ ਵਾਕਿਆ ਹੀ ਬਾਬਾ ਹੋ ਗਿਆ ਹੈ। ਉਹ ਦੀ ਦਾੜ੍ਹੀ ਦੇ ਚਿੱਟੇ ਕਰਚੇ ਤੇ ਅੱਖਾਂ ਥੱਲੇ ਬੜੇ ਗੂਹੜੇ ਤਾਂਬਈ ਗੋਲ ਘੇਰੇ ਉਹ ਨੂੰ ਦਿੱਸ ਗਏ ਹੋਣਗੇ। ਜਾਂ ਫੇਰ ਉਹ ਘੁੰਮਣ ਦੀ ਹੀ ਹੈ ਤੇ ਉਹਨੂੰ ਜਾਣਦੀ ਹੈ। ਉਹ ਨਹੀਂ ਜਾਣਦਾ ਉਹ ਨੂੰ। ਘੁੰਮਣ ਵਿਚ ਤਾਂ ਉਹ ਹਰ ਮਰਦ ਔਰਤ ਦਾ ਬਾਬਾ ਹੈ। ਉਹ ਦੇ ਮਾਂ ਬਾਪ ਜੀਉਂਦੇ ਹਨ। ਉਹ ਦੇ ਦੋ ਭਰਾਂ ਉੱਥੇ ਹੀ ਹਨ ਤੇ ਖੇਤੀ ਦਾ ਕੰਮ ਕਰਦੇ ਹਨ। ਅਗਾਂਹ ਭਤੀਜੇ ਭਤੀਜੀਆਂ ਹਨ। ਸਾਰਾ ਪਰਿਵਾਰ ਹੈ। ਉਹ ਇਕੱਲਾ ਹੀ ਸ਼ਹਿਰ ਜਾ ਵਸਿਆ ਹੈ। ਹੁਣ ਜਦੋਂ ਕਦੇ ਉਹ ਪਿੰਡ ਜਾਂਦਾ ਹੈ, ਸਾਲ ਬਾਅਦ ਜਾਵੇ ਜਾਂ ਛੇ ਮਹੀਨਿਆਂ ਪਿੱਛੋਂ ਸਭ ਉਹਨੂੰ ਬਾਬਾ ਕਹਿੰਦੇ ਹਨ ਤੇ ਮਹਾਰਾਜ ਬੁਲਾਉਂਦੇ ਹਨ। ਆਪਣੇ ਪਿੰਡ ਬਾਬਾ ਅਖਵਾਉਣ ਨਾਲ ਉਹਨੂੰ ਕੋਈ ਖਿੱਝ ਨਹੀਂ ਚੜ੍ਹਦੀ।
ਉਹਦਾ ਜੀਅ ਕੀਤਾ ਕਿ ਉਹ ਉਸ ਔਰਤ ਨੂੰ ਪੁੱਛ ਲਵੇ-ਉਹ ਕਿੱਥੋਂ ਦੀ ਹੈ। ਉਹ ਨੇ ਸੋਚਿਆ ਕਿ ਉਹ ਜੇ ਘੁੰਮਣ ਦੀ ਹੋਈ ਤਾਂ ਬੁਰਾ ਮਨਾਏਗੀ। ਆਖੇਗੀ-"ਲੈ ਸ਼ਹਿਰ ਜਾ ਕੇ ਹੁਣ ਪਿੰਡ ਨੂੰ ਈ ਭੁੱਲ ਗਿਆ।" ਉਹ ਨੇ ਕੁਝ ਨਹੀਂ ਪੁੱਛਿਆ। ਹੁਣ ਉਹ ਸਹਿਜ ਮਤੇ ਨਾਲ ਉਸ ਔਰਤ ਵੱਲ ਝਾਕ ਰਿਹਾ ਸੀ। ਉਸ ਔਰਤ ਵਿਚੋਂ ਉਹ ਨੂੰ ਦੋ ਔਰਤਾਂ ਦਿੱਸਣ ਲੱਗੀਆਂ। ਇੱਕ ਔਰਤ-ਘੁੰਮਣ ਦੀ, ਬੜੀ ਸਾਉ। ਇੱਕ ਔਰਤ-ਕਿਤੋਂ ਦੀ ਵੀ, ਬੜੀ ਜ਼ਾਲਮ, ਬਾਬਾ ਕਹਿਕੇ ਉਹ ਦਾ ਛੱਡਿਆ ਹੀ ਕੱਖ ਨਹੀਂ।
ਅਗਲਾ ਅੱਡਾ ਹੁਣ ਘੁੰਮਣ ਦਾ ਆਉਣਾ ਸੀ। ਉਹ ਦੜ ਵੱਟ ਕੇ ਬੈਠਾ ਰਿਹਾ। ਉਹ ਦੀ ਹੈਸੀਅਤ ਦਾ ਹੁਣ ਫ਼ੈਸਲਾ ਹੋਣ ਵਾਲਾ ਸੀ। ਜੇ ਤਾਂ ਇਹ ਔਰਤ ਘੁੰਮਣ ਉਤਰ ਗਈ, ਫੇਰ ਤਾਂ ਕੋਈ ਗੱਲ ਨਹੀਂ, ਜੇ ਬੈਠੀ ਰਹੀ ਤਾਂ ਉਹ ਮਾਰਿਆ ਜਾਵੇਗਾ।
ਘੁੰਮਣ ਨੇੜੇ ਆਇਆ ਤਾਂ ਉਸ ਔਰਤ ਨੇ ਆਪਣਾ ਘੁੰਡ ਸੰਵਾਰ ਕੇ ਕੱਢ ਲਿਆ। ਖੜ੍ਹੀ ਹੋਈ ਤੇ ਆਪਣੀ ਕੁੜਤੀ ਸਲਵਾਰ ਦੇ ਵਲ ਕੱਢੇ। ਬੱਸ ਰੁਕੀ ਤੇ ਉਹ ਥੱਲੇ ਉੱਤਰ ਗਈ।
ਜਗਦੇਵ ਸਿੰਘ ਦੇ ਕੱਖ ਰਹਿ ਗਏ। ਹੁਣ ਉਹ ਇੱਕ ਨਾ ਦੱਸਣ ਵਾਲੇ ਸੁੱਖ ਦਾ ਅਹਿਸਾਸ ਮਾਣ ਰਿਹਾ ਸੀ। ਉਹ ਨੂੰ ਰਾਮਨਗਰ ਜਾਣਾ ਸਾਰਥਕ ਲੱਗਿਆ।