ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਜਾਇਦਾਦ

ਵਿਕੀਸਰੋਤ ਤੋਂ

ਉਸ ਦਿਨ ਤੀਜਾ ਸ਼ਰਾਧ ਸੀ, ਗੱਜਣ ਸਿੰਘ ਦੇ ਬਾਪ ਦਾ ਸ਼ਰਾਧ। ਤੜਕੇ ਸਦੇਹਾਂ ਹੀ ਬੁੱਧ ਰਾਮ ਨੇ ਚਾਹ ਪੀਤੀ ਤੇ ਡਾਂਗ ਫੜ ਕੇ ਸੱਥ ਵਿਚ ਹਥਾਈ ਦੇ ਖੁੰਢ 'ਤੇ ਜਾ ਬੈਠਾ। ਉਹ ਖੰਘੂਰਾ ਮਾਰਦਾ, ਥੁੱਕਦਾ ਤੇ ਮੁੱਛਾਂ ਨੂੰ ਤਾਓ ਦਿੰਦਾ, ਇਸ ਤਰ੍ਹਾਂ ਦੀ ਉਡੀਕ ਵਿਚ ਬੈਠਾ ਸੀ, ਜਿਵੇਂ ਹੁਣੇ ਕੋਈ ਬਿੱਲੀ ਜਾਂ ਕੁੱਤਾ ਏਥੋਂ ਦੀ ਲੰਘੇਗਾ ਤੇ ਉਹ ਉਹ ਦਾ ਸਿਰ ਚਿੱਪ ਦੇਵੇਗਾ।

ਮੋਘੇਦਾਰ ਕਾਹਲੇ ਕਦਮੀਂ ਉਹਦੇ ਵੱਲ ਆ ਰਿਹਾ ਸੀ, ਦੂਰੋਂ ਹੀ ਬੋਲਦਾ, ਹਾਕਾਂ ਮਾਰਦਾ-"ਓਏ ਬੁੱਧ ਰਾਮਾਂ, ਵੀਹ ਮਿੰਟ ਰਹਿ 'ਗੇ, ਥੋਡੇ ਕੋਈ ਆਇਆ ਈ ਨਾ। ਫੇਰ ਕਹੇਂਗਾ, ਖੁੰਝ ਗਿਆ ਪਾਣੀ! ਆਜਾ ਕਹੀ ਲੈ ਕੇ, ਝੱਟ ਦੇਣੇ। ਪੰਜ ਮਿੰਟ ਪਹਿਲਾਂ ਡੱਕਰੂੰ ਤੈਨੂੰ। ਵੱਢ ਲੀਂ ਆਵਦਾ ਜਾ ਕੇ, ਸੁਣ ਲਿਆ ਮਖਾਂ?" ਕੁੜਤੇ ਦੇ ਕਾਜ ਵਿਚ ਕਾਲੀ ਡੋਰੀ ਪਾ ਕੇ ਬੰਨ੍ਹੀ ਜੇਬ੍ਹੀ-ਘੜੀ ਦੀ ਡੱਬੀ ਉਹ ਨੇ ਬੰਦ ਕੀਤੀ ਤੇ ਉਹਨੀ ਪੈਰੀਂ ਮੁੜ ਗਿਆ।

ਉਹ ਨੇ ਮੋਘੇਦਾਰ ਦੀ ਗੱਲ ਸੁਣੀ ਤਾਂ ਬਹੁਤ ਧਿਆਨ ਨਾਲ, ਉਹ ਨੂੰ ਪਤਾ ਵੀ ਸੀ ਕਿ ਅੱਜ ਨਿਆਈਂ ਵਿਚ ਪਾਣੀ ਮਿਲਣਾ ਹੈ, ਮੱਕੀ ਮੁਰਝਾਈ ਹੋਈ ਉਦਾਸ ਖੜ੍ਹੀ ਹੈ, ਆਖ਼ਰੀ ਪਾਣੀ ਹੈ, ਛੱਲੀਆਂ ਮੋਟੀਆਂ ਹੋ ਜਾਣਗੀਆਂ, ਪਰ ਉਹ ਦੀ ਨਿਗਾਹ ਤਾਂ ਗੱਜਣ ਸਿੰਘ ਦੇ ਬਾਰ 'ਤੇ ਟਿਕੀ ਹੋਈ ਸੀ। ਦੂਜੇ ਅਗਵਾੜੋਂ ਕੋਈ ਥਾਲੀ ਲੈ ਕੇ ਆਵੇਗਾ ਤੇ ਉਹ ਉਹ ਦਾ ਸਿਰ ਚਿੱਪ ਦੇਵੇਗਾ।

ਮੋਘੇਦਾਰ ਪਿਛਾਂਹ ਮੂੰਹ ਮੋੜ ਕੇ ਤੁਰਿਆ ਜਾਂਦਾ ਵੀ ਬੋਲਦਾ ਰਿਹਾ ਸੀ-"ਲੈ ਹੁਣ ਆਵਦਾ ਪੜ੍ਹਿਆ ਵਿਚਾਰੀਂ। ਬੈਠੈ ਘੁੱਗੂ ਜ੍ਹਾ ਬਣਿਆ।"

'ਘੁੱਗੂ ਜ੍ਹਾ ਬਣਿਆ' ਸੁਣ ਕੇ ਮੋਘੇਦਾਰ ਦੀ ਗੱਲ 'ਤੇ ਮੁਸਕਰਾਇਆ। ਜਿਵੇਂ ਉਹ ਉਹ ਨੂੰ ਮਿੱਠੀ ਚਹੇਡ ਕਰ ਗਿਆ ਹੋਵੇ।

ਗੱਜਣ ਸਿੰਘ ਦੇ ਘਰੋਂ ਉਨ੍ਹਾਂ ਦੀ ਛੋਟੀ ਕੁੜੀ ਬਾਹਰ ਆਈ ਤੇ ਹਥਾਈ ਵੱਲ ਝਾਕ ਅੰਦਰ ਹੀ ਮੁੜ ਗਈ। ਤੇ ਫੇਰ ਕੁੜੀ ਦੀ ਮਾਂ ਨੇ ਦੇਲ੍ਹੀਆਂ ਵਿਚ ਖੜ੍ਹ ਕੇ ਬੁੱਧ ਰਾਮ ਨੂੰ ਦੇਖਿਆ।

"ਤੂੰ ਹੁਣ ਐਥੇ ਬੈਠਾ ਕੀ ਕਰੇਂਗਾ? ਮੋਘੇਦਾਰ ਆਇਆ ਸੀ, ਜਾਣਾ ਨ੍ਹੀਂ?" ਬੁੱਧ ਰਾਮ ਦੀ ਘਰ ਵਾਲੀ ਲੱਛਮੀ ਆਖ ਰਹੀ ਸੀ।

"ਨਿਆਈਂ ਦਾ ਪਾਣੀ ਤਾਂ ਠੀਕ ਹੈ, ਉਹ ਵੀ ਕਰਦੇ ਆਂ ਕੋਈ ਬੰਦੋਬਸਤ। ਪਰ ਐਧਰ ਨਾ ਨੱਕਾ ਵੱਢਿਆ ਜਾਵੇ ਕਿਤੇ। ਅੱਜ ਦੋ ਹੱਥ ਕਰ ਈ ਲੈਣ ਦੇ ਮੈਨੂੰ। ਉਹ ਸਾਲਾ ਸਮਝਦਾ ਕੀਹ ਐ। ਉਹ ਦਾ ਮਤਲਬ ਕੀ, ਮੇਰੇ 'ਗਵਾੜ ਆਉਣ ਦਾ?" "ਤੂੰ ਹੋਰ ਕਿਉਂ ਨ੍ਹੀਂ ਕਰਦਾ?"

"ਹੋਰ ਕੀ?"

"ਕੱਠ ਕਰ ਲੈ ਉਹਦੇ 'ਤੇ। ਦੋ ਵਾਰੀ ਪਹਿਲਾਂ ਹੋ 'ਗੀ। ਐਂ ਤਾਂ ਮੂੰਹ ਪੈ ਗਿਆ ਸਰੀਕ ਨੂੰ। ਆਹ ਤੂੰ ਡਾਂਗ ਫੜ ਕੇ ਬੈਠਣ ਆਲੀ ਗੱਲ ਛੱਡ। ਐਂ ਤੂੰ ਕੀਹਦਾ ਕੀਹਦਾ ਰਾਹ ਰੋਕੇਂਗਾ? ਕੱਲ੍ਹ ਨੂੰ ਉਹ ਨ੍ਹੀ ਤਾਂ ਕੋਈ ਹੋਰ ਆਊ। ਕੀਹਦੇ ਕੀਹਦੇ ਨਾਲ ਵੈਰ ਵਿਹਾਜਦਾ ਫਿਰੇਂਗਾ?"

"ਕੱਠਾਂ ਆਲੇ ਕੀਕਰਨਗੇ, ਆਵ ਦੀਆਂ ਰੜਕਾਂ ਕੱਢ ਕੇ ਤੁਰ ਜਾਣਗੇ। ਪਰਨਾਲਾ ਉੱਥੇ ਤਾ ਉੱਥੇ। ਇਨ੍ਹਾਂ ਕੋਲੋਂ ਕੋਈ ਨਿਉਂ ਨਸਾਫ਼ ਨ੍ਹੀ ਹੁੰਦਾ।" ਤੇ ਫੇਰ ਬੁੱਧ ਰਾਮ ਨੇ ਲੱਛਮੀ ਨੂੰ ਚਮਿਆਰਾਂ-ਵਿਹੜੇ ਜਾਣ ਲਈ ਆਖਿਆ ਤਾਂ ਕਿ ਉਨ੍ਹਾਂ ਦਾ ਸੀਰੀ ਛੇਤੀ ਘਰੋਂ ਆ ਜਾਵੇ।

ਬੁੱਧ ਰਾਮ ਕੋਲ ਦਸ ਕਿੱਲੇ ਜ਼ਮੀਨ ਸੀ। ਉਹ ਦੀਆਂ ਤਿੰਨ ਕੁੜੀਆਂ ਤੇ ਇੱਕ ਮੁੰਡਾ ਸੀ। ਮੁੰਡਾ ਸਭ ਤੋਂ ਛੋਟਾ ਸੀ ਤੇ ਸਕੂਲ ਪੜ੍ਹਨ ਜਾਂਦਾ। ਇੱਕ ਸੀਰੀ ਰਲਾ ਕੇ ਬੁੱਧ ਰਾਮ ਵਾਹੀ ਖੇਤੀ ਦਾ ਕੰਮ ਕਰਦਾ। ਪੰਜ ਸੱਤ ਕਿੱਲੇ ਹਿੱਸੇ ਠੇਕੇ 'ਤੇ ਦੇ ਰੱਖਦਾ। ਖੇਤੀ ਦਾ ਕੰਮ ਵਾਹਵਾ ਤੁਰੀ ਜਾਂਦਾ।

ਇਹ ਜੱਟ ਕਿਸਾਨਾਂ ਦਾ ਅਗਵਾੜ ਸੀ। ਤੀਹ ਚਾਲੀ ਘਰ ਹੋਣਗੇ। ਇਹ ਸਾਰੇ ਘਰ ਉਹਦੇ ਜਜਮਾਨ ਸਨ। ਵਿਆਹ ਸ਼ਾਦੀ ਤੇ ਮਰਨੇ ਪਰਨੇ ਵੇਲੇ ਪ੍ਰੋਹਤਾਂ ਨੂੰ ਮੰਨਿਆ ਜਾਂਦਾ। ਉਨ੍ਹਾਂ ਨੂੰ ਦਾਨ ਪੁੰਨ ਦਾ ਚੰਗਾ ਸੀਧਾ ਪੱਤਾ ਆਉਂਦਾ ਰਹਿੰਦਾ। ਕੱਪੜਾ ਲੱਤਾ ਤੇ ਰੁਪਏ ਵੀ ਮਿਲਦੇ। ਸ਼ਾਦੀ ਗ਼ਮੀ ਤੋਂ ਇਲਾਵਾ ਜਜਮਾਨਾਂ ਦੇ ਘਰੋਂ ਤਿੱਥ ਤਿਹਾਰ ਨੂੰ ਵੀ ਆਉਂਦਾ।

ਬੁੱਧ ਰਾਮ ਦਾ ਚਾਹੇ ਆਪਣੇ ਜਜਮਾਨਾਂ ਜਿਹਾ ਹੀ ਕਿਸਾਨ ਪਰਿਵਾਰ ਸੀ, ਉਹ ਇੱਕ ਜ਼ਿਮੀਂਦਾਰ ਬ੍ਰਾਹਮਣ ਸੀ, ਦਸਾਂ ਨਹੁੰਆਂ ਦੀ ਕਮਾਈ ਖਾਣ ਵਾਲਾ, ਪਰ ਆਪਣੀ ਜ਼ਮੀਨ ਨਾਲੋਂ ਵੱਧ ਉਹ ਨੂੰ ਆਪਣੇ ਜਜਮਾਨਾਂ 'ਤੇ ਘੁਮੰਡ ਸੀ। ਪਿੰਡ ਵਿਚ ਐਨੇ ਜਜਮਾਨ ਹੋਰ ਕਿਸੇ ਬ੍ਰਾਹਮਣ ਕੋਲ ਨਹੀਂ ਸਨ। ਉਹ ਦੇ ਲਈ ਇਹ ਜਜਮਾਨ ਹੀ ਉਹ ਦੀ ਵੱਡੀ ਜਾਇਦਾਦ ਸਨ। ਖੇਤਾਂ ਦੀ ਫ਼ਸਲ ਨੂੰ ਤਾਂ ਗੜੇਮਾਰ ਹੋ ਜਾਂਦੀ, ਸੋਕਾ ਪੈ ਜਾਂਦਾ ਜਾਂ ਕੋਈ ਕੀੜਾ ਲੱਗ ਸਕਦਾ ਸੀ, ਪਰ ਜਜਮਾਨ ਪੱਕੀ ਫ਼ਸਲ ਸਨ। ਇਹ ਪੁਖਤਾ ਜਾਇਦਾਦ, ਬਾਰਾਂ ਮਹੀਨੇ ਤੀਹ ਦਿਨ ਆਮਦਨ ਦੇਣ ਵਾਲੀ।

ਕਿਸੇ ਗੱਲੋਂ ਬੁੱਧ ਰਾਮ ਜਾਂ ਉਹ ਦੀ ਘਰਵਾਲੀ ਲੱਛਮੀ ਦਾ ਅਗਵਾੜ ਦੇ ਕਿਸੇ ਘਰ ਨਾਲ ਕੋਈ ਬਟਿੱਟ ਪੈ ਜਾਂਦਾ ਤਾਂ ਉਹ ਘਰ ਅਗਲੀ ਵਾਰ ਕਿਸੇ ਤੱਥ ਤਿਹਾਰ ਨੂੰ ਨਿਉਂਦਾ ਖਾਣ ਲਈ ਉਨ੍ਹਾਂ ਨੂੰ ਬੁਲਾਉਂਦਾ ਹੀ ਨਾ। ਬੁੱਧ ਰਾਮ ਦੀ ਇਹ ਬਹੁਤ ਵੱਡੀ ਹੱਤਕ ਸੀ ਤੇ ਫੇਰ ਬਹੁਤੀ ਵਾਰ ਸਮਝੌਤਾ ਹੋ ਜਾਂਦਾ। ਅਗਲਾ ਆਖਦਾ-'ਪੰਡਤਾ, ਇਹ ਜਜਮਾਨੀ ਪ੍ਰੋਹਤੀ ਤੇਰੇ ਗੁੱਸੇ ਹੋਣ ਨਾਲ ਨ੍ਹੀ ਟੁੱਟਦੀ। ਇਹ ਤਾਂ ਪੁਸ਼ਤਾਂ ਦੇ ਸੌਦੇ ਨੇ, ਭਲਿਆ ਮਾਣਸਾ। ਲਿਆ ਥਾਲੀ ਤੇ ਆ ਜਾ। ਨਿਉਂਦਾ ਖੁਆ ਕੇ ਤੇ ਏਸ ਵਾਰੀ ਦੋ ਵਾਰੀ ਪੈਰੀਂ ਹੱਥ ਲਾ ਦੂੰ ਤੇਰੇ, ਹੋਰ ਦੱਸ ਕੀ ਕੀ ਚਾਹੁਨਾ ਐਂ ਤੂੰ?"

ਬੁੱਧ ਰਾਮ ਦਾ ਸਾਰਾ ਅਕੜੇਵਾਂ ਉਤਰ ਜਾਂਦਾ। ਮਾਮਲਾ ਤਾਂ ਉਦੋਂ ਉਲਝਦਾ, ਜਦੋਂ ਕੋਈ ਜੱਟ ਬੁੱਧ ਰਾਮ ਦੀ ਥਾਂ ਦੂਜੇ ਅਗਵਾੜ ਦੇ ਕਿਸੇ ਬਾਮ੍ਹਣ ਨੂੰ ਘਰ ਲਿਆ ਬਿਠਾਉਂਦਾ। ਫੇਰ ਗੁੱਸਾ ਜਜਮਾਨ 'ਤੇ ਘੱਟ ਤੇ ਧਾੜਵੀ ਸ਼ਰੀਕ 'ਤੇ ਬਹੁਤਾ ਉੱਠ ਖੜ੍ਹਾ ਹੁੰਦਾ। ਜਜਮਾਨ ਤਾਂ ਉਹ ਦੀ ਜਾਇਦਾਦ ਸਨ। ਉਹ ਜਾਇਦਾਦ 'ਤੇ ਡਾਕਾ ਕਿਵੇਂ ਸਹਾਰ ਲੈਂਦਾ। ਉਹ ਨੂੰ ਹੈਂਕੜ ਇਹ ਵੀ ਸੀ ਕਿ ਉਹ ਦੇ ਕੋਲ ਪਿੰਡ ਦੇ ਸਾਰੇ ਬਾਮ੍ਹਣਾਂ ਨਾਲੋਂ ਵੱਧ ਜ਼ਮੀਨ ਸੀ। ਉਹ ਜੱਟ ਬਾਮ੍ਹਣ ਸੀ, ਡਾਂਗ ਤੇ ਡੇਰਾ ਰੱਖਦਾ। ਦੂਜੇ ਅਗਵਾੜਾਂ ਦੇ ਉਹ ਨੇ ਦੋ ਤਿੰਨ ਬਾਮ੍ਹਣ ਕੁੱਟੇ ਸਨ, ਇਸ ਨਿਉਂਦਾ ਖਾਣ ਦੀ ਗੱਲ ਨੂੰ ਲੈ ਕੇ ਹੀ।

ਗੱਜਣ ਸਿੰਘ ਦੀ ਧੀ ਦਾ ਵਿਆਹ ਸੀ। ਤੈਅ ਇਹ ਸੀ ਬਾਰਾਤ ਦੇ ਇੱਕ ਦਿਨ ਪਹਿਲਾਂ ਰੋਟੀ ਤੋਂ ਲੈ ਕੇ ਬਾਰਾਤ ਦੇ ਇੱਕ ਦਿਨ ਬਾਅਦ ਮੇਲ਼ ਗੇਲ਼ ਤੁਰ ਜਾਣ ਤੱਕ ਦੋਵੇਂ ਵੇਲੇ ਥਾਲੀ ਪ੍ਰੋਹਤਾਂ ਨੂੰ ਦਿੱਤੀ ਜਾਂਦੀ। ਕੁੜੀ ਦੀ ਖੋਟ 'ਤੇ ਛੇ ਰੁਪਏ। ਹੋਇਆ ਇਹ ਕਿ ਰੋਟੀ ਵਾਲੇ ਦਿਨ ਲੱਛਮੀ ਥਾਲੀ ਲੈ ਕੇ ਉਨ੍ਹਾਂ ਦੇ ਵਿਹੜੇ ਵਿਚ ਦੇਹਾਂ ਹੀ ਜਾ ਖੜ੍ਹੀ। ਅਖੇ-"ਗੱਜਣ ਸਿਆਂ ਭਾਈ, ਮੈਨੂੰ ਹੋਰ ਪਹਿਲਾਂ। ਮੈਂ ਤਾਂ ਰੋਟੀ ਲੈ ਕੇ ਜਾਣੈ ਖੇਤ। ਹਲ ਜੋੜਿਆ ਵਿਐ ਤੇਰੇ ਬਾਬੇ ਦਾ।"

"ਅੰਮਾ, ਇਹ ਝੂਠ। ਤੈਨੂੰ ਰੋਟੀ ਉਦੋਂ ਮਿਲੂ, ਜਦੋਂ ਸਾਰਾ ਨਿੱਬੜ ਗਿਆ।" ਗੱਜਣ ਸਿੰਘ ਨੇ ਉਂਗਲ ਖੜ੍ਹੀ ਕਰਕੇ ਲਕੀਰ ਖਿੱਚ ਦਿੱਤੀ।

"ਤਾਂ ਭਾਈ ਮੈਥੋਂ ਤਾਂ ਹੁਣ ਪਿਛਲੇ ਪਹਿਰ ਆਇਆ ਜਾਊ।"

"ਤੈਂ ਆਵਦੀ ਗਰਜ਼ ਨੂੰ ਆਉਣੈ, ਜਦੋਂ ਮਰਜ਼ੀ ਆ ਜੀਂ। ਤੈਨੂੰ ਇੱਕੋ ਸੁਣਾ 'ਤੀ ਦੱਸ।" ਉਹ ਰੁੱਖਾ ਬੋਲਿਆ ਸੀ।

ਉਹ ਦਿਨ ਸੋ ਉਹ ਦਿਨ ਬੁੱਧ ਰਾਮ ਦੇ ਘਰ ਦਾ ਕੋਈ ਜੀਅ ਗੱਜਣ ਸਿੰਘ ਦੀ ਧੀ ਦੇ ਵਿਆਹ ਵਿਚ ਜਾ ਕੇ ਖੜ੍ਹਾ ਨਹੀਂ। ਪ੍ਰੋਹਤਾਂ ਦਾ ਐਲਾਨ-"ਗਾਹਾਂ ਨੂੰ ਬੱਸ ਟੁੱਟ। ਗੱਜਣ ਦੀ ਦੇਲ੍ਹੀ ਨ੍ਹੀ ਚੜ੍ਹਨਾ, ਸਾਰੀ ਉਮਰ।"

ਹਥਾਈ ਦੇ ਖੁੰਢ 'ਤੇ ਜਿੱਥੇ ਹੁਣ ਬੁੱਧ ਰਾਮ ਡਾਂਗ ਲੈ ਕੇ ਬੈਠਾ ਸੀ, ਅਗਵਾੜ ਦੀਆਂ ਦੋਵੇਂ ਗਲੀਆਂ ਦੇ ਘਰ ਦੂਰ ਤੱਕ ਦਿੱਸਦੇ ਸਨ-ਸਾਹਮਣੇ ਵਾਲੀ ਗਲੀ ਤੇ ਖੱਬੇ ਹੱਥ ਦੀ ਗਲੀ। ਗੱਜਣ ਸਿੰਘ ਦਾ ਘਰ ਸਾਹਮਣੇ ਵਾਲੀ ਗਲੀ ਵਿਚ ਸੀ। ਖੱਬੇ ਹੱਥ ਦੀ ਗਲੀ ਦੇ ਮੋੜ 'ਤੇ ਉਹ ਨੂੰ ਮੁਰਾਰੀ ਆਉਂਦਾ ਦਿਸਿਆ। ਮੋਢੇ ਵਾਲੇ ਸਮੋਸੇ ਵਿਚ ਥਾਲੀ ਵਲ੍ਹੇਟੀ ਹੋਈ। ਬੁੱਧ ਰਾਮ ਨੇ ਥੁੱਕ ਕੇ ਮੁੱਛਾਂ ਤੇ ਹੱਥ ਫੇਰਿਆ। ਤੇ ਫੇਰ ਡਾਂਗ ਨੂੰ ਧਰਤੀ 'ਤੇ ਖੜਕਾ ਕੇ ਦੇਖਣ ਲੱਗਿਆ। ਦੂਜੀ ਵਾਰ ਉਹ ਨੇ ਅੱਖਾਂ ਪੁੱਟੀਆਂ ਤੇ ਖੱਬੇ ਪਾਸੇ ਨਿਗਾਹ ਕੀਤੀ, ਗਲੀ ਵਿਚ ਕੋਈ ਨਹੀਂ ਸੀ। ਉਹ ਨੇ ਅੰਦਾਜ਼ਾ ਲਾਇਆ ਕਿ ਉਹ ਅਗਵਾੜ 'ਤੋਂ ਦੀ ਗੇੜਾ ਕੱਢ ਕੇ ਸਾਹਮਣੇ ਵਾਲੀ ਗਲੀ ਵਿਚ ਆਏਗਾ। ਉਹ ਖੁੰਢ ਤੋਂ ਉੱਠ ਕੇ ਗੱਜਣ ਦੇ ਘਰ ਵੱਲ ਤੁਰ ਪਿਆ। ਥੋੜ੍ਹਾ ਉਰੇ ਜਿਹੇ ਠੋਡੀ ਹੇਠ ਡਾਂਗ ਦੀ ਹੁੰਝ ਲਾ ਕੇ ਉਹ ਖ਼ਾਸਾ ਚਿਰ ਉੱਥੇ ਹੀ ਖੜ੍ਹਾ ਰਿਹਾ। ਮੁਰਾਰੀ ਨਹੀਂ ਆਇਆ। ਉਹ ਹਥਾਈ ਦੇ ਖੁੰਢ 'ਤੇ ਫੇਰ ਆ ਬੈਠਾ।

ਲੱਛਮੀ ਨੇ ਆ ਕੇ ਦੱਸਿਆ-"ਸੀਰੀ ਤਾਂ ਮੂਧੇ ਮੂੰਹ ਪਿਐ, ਤਾਪ ਨਾਲ। ਕਹਿੰਦਾ, ਲੱਤਾਂ ਭਾਰ ਨ੍ਹੀ ਝੱਲਦੀਆਂ।" ਪੰਡਤ-ਪੰਡਤਾਣੀ ਗੱਲਬਾਤ ਕਰ ਰਹੇ ਸਨ ਕਿ ਗੱਜਣ ਸਿੰਘ ਦੀ ਘਰਵਾਲੀ ਥਾਲੀ 'ਤੇ ਪੋਣਾ ਦੇ ਕੇ ਸੱਥ ਵਿਚ ਦੜ ਦੜਾਂਦੀ ਲੰਘ ਗਈ। ਉਹ ਦੇਖਦੇ ਰਹੇ, ਬੋਲੇ ਕੁਝ ਨਹੀਂ ਫੇਰ ਬੁੱਧ ਰਾਮ ਕਹਿਣ ਲੱਗਿਆ-"ਇਉਂ ਚਾਹੇ, ਘਰ ਜਾ ਕੇ, ਸਾਡੇ ਕੰਨੀਓਂ ਸਾਲੇ ਕਿਸੇ ਕਸਾਈ ਨੂੰ ਦੇ ਆਉਣ ਰੋਟੀ। ਸੁਆਦ ਤਾਂ ਫੇਰ ਐ, ਜੇ ਕੋਈ ਸ਼ਰੀਕ ਗਵਾੜ 'ਚ ਵੜ ਕੇ ਦਿਖਾਵੇ।"

ਬੁੱਧ ਰਾਮ ਨੇ ਮੋਢੇ 'ਤੋਂ ਦੀ ਪਿਛਾਂਹ ਨੂੰ ਥੱਕਿਆ ਤੇ ਲੱਛਮੀ ਦੇ ਮਗਰ ਮਗਰ ਘਰ ਨੂੰ ਤੁਰਨ ਲੱਗਿਆ।

ਕਹੀ ਲੈ ਕੇ ਜਦੋਂ ਉਹ ਖੇਤ ਪਹੁੰਚਿਆ, ਉਹ ਦੀ ਵਾਰੀ ਦਾ ਅੱਧਾ ਪਾਣੀ ਗੁਆਂਢੀ ਖੇਤ ਵਿਚ ਪੈ ਚੁੱਕਿਆ ਸੀ। ਬੁੱਧ ਰਾਮ ਨੂੰ ਜਿਵੇਂ ਨੁਕਸਾਨ ਦਾ ਕੋਈ ਅਫ਼ਸੋਸ ਨਾ ਹੋਵੇ। ਉਹ ਨੇ ਪੂਰੀ ਹਿੰਮਤ ਨਾਲ ਪਾਣੀ ਦਾ ਨੱਕਾ ਆਪਣੇ ਖੇਤ ਵਿਚ ਵੱਢ ਲਿਆ।