ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮਾਂਘੂ
"ਬੀਬੀ, ਇਕ ਰੋਟੀ ਦੇ ਦੇ।" ਗਲੀ ਵਿਚੋਂ ਆਵਾਜ਼ ਆਈ।
ਗੇਟ ਦਾ ਅੰਦਰਲਾ ਕੁੰਡਾ ਬੰਦ ਸੀ।
"ਬੀਬੀ ਜੀ, ਇੱਕ ਰੋਟੀ।" ਦੂਜੀ ਵਾਰ ਫੇਰ ਓਹੀ ਆਵਾਜ਼।
ਨਾਨੀ ਨੇ ਬੇਮਲੂਮਾ ਜਿਹਾ ਖਿੱਝ ਕੇ ਆਖਿਆ-"ਇਹਨੇ ਰੋਟੀ ਲਏ ਬਿਨਾਂ ਵਾਰ 'ਚੋਂ ਨ੍ਹੀ ਹਿੱਲਣਾ। ਦੇ ਆ ਕੁੜੇ ਪੰਮੀ, ਇੱਕ ਰੋਟੀ।"
ਪਰਮਜੀਤ ਰੋਟੀ ਲੈ ਕੇ ਗਈ। ਇਹ ਤਾਂ ਜਿਵੇਂ ਓਹੀ ਸੀ-ਮਾਂਘੂ। ਪਰ ਮੰਗਤੇ ਨੇ ਜਿਵੇਂ ਕੁੜੀ ਨੂੰ ਸਿਆਣਿਆ ਨਾ ਹੋਵੇ। ਉਹ ਖ਼ਾਸੇ ਗਹੁ ਨਾਲ ਉਹ ਦੇ ਚਿਹਰੇ ਵੱਲ ਦੇਖਣ ਲੱਗਿਆ, ਜਿਵੇਂ ਉਹ ਕੁੜੀ ਦੀ ਪਹਿਚਾਣ ਕੱਢ ਰਿਹਾ ਹੋਵੇ। ਉਹ ਦੀ ਨਿਗਾਹ ਰੋਟੀ ਵੱਲ ਨਹੀਂ, ਕੁੜੀ ਦੇ ਚਿਹਰੇ ਵੱਲ ਸੀ। ਫੇਰ ਉਹ ਮਿੰਨ੍ਹਾਂ ਮਿੰਨ੍ਹਾਂ ਮੁਸ਼ਕਰਾਇਆ। ਕੁੜੀ ਨੇ ਉਹ ਦੀ ਬਗਲੀ ਵਿਚ ਰੋਟੀ ਸੁੱਟ ਕੇ ਪੁੱਛਿਆ-"ਮਾਂਘੂ... ਵੇ, ਤੂੰ ਤਾਂ ਹਾਲੇ ਵੀ ਆਉਨੈਂ ਗਲੀ 'ਚ।"
"ਹੋਰ ਬੀਬੀ, ਸਾਡਾ ਕੰਮ ਕੀਹ ਐ, ਮੰਗਣਾ ਤੇ ਖਾਣਾ।"
"ਤੂੰ ਤਾਂ ਹੁਣ ਵੱਡਾ ਹੋ ਗਿਆ। ਕੋਈ ਕੰਮ ਕਿਉਂ ਨ੍ਹੀ ਕਰਦਾ?" ਕੁੜੀ ਉਹ ਦੇ ਨਾਲ ਗੱਲੀਂ ਪੈ ਗਈ।
ਨਾਨੀ ਨੇ ਹਾਕ ਮਾਰੀ-"ਪੰਮੀਏ, ਕੁੜੇ ਕਿੱਥੇ ਜਾ ਖੜ੍ਹੀ ਤੂੰ? ਐਧਰ ਆ, ਰੋਟੀ ਪਾ ਤੇਰੇ ਮਾਮੇ ਨੂੰ, ਦਫ਼ਤਰ ਜਾਣ ਦਾ ਟੈਮ ਹੋ ਗਿਆ।"
"ਆਈ ਨਾਨੀ।" ਕੁੜੀ ਨੇ ਗੇਟ ਤੋਂ ਹੀ ਉੱਚਾ ਬੋਲ ਕੱਢਿਆ।
ਮੁੰਡਾ ਆਪਣੀ ਬਗਲੀ ਸੰਭਾਲ ਰਿਹਾ ਸੀ। ਲੱਗਦਾ ਸੀ, ਜਿਵੇਂ ਅਗਲੇ ਬਾਰ ਵੱਲ ਜਾਣ ਦਾ ਨਾਟਕ ਕਰ ਰਿਹਾ ਹੋਵੇ। ਚਾਹੁੰਦਾ ਹੋਵੇਗਾ, ਕੁੜੀ ਦੀਆਂ ਗੱਲਾਂ ਸੁਣਦਾ ਰਹੇ। ਆਖ ਰਿਹਾ ਸੀ-"ਕੰਮ ਤਾਂ ਬੀਬੀ ਇਹੀ ਐ, ਤੜਕੇ ਆਥਣੇ ਮੰਗ ਪਿੰਨ ਕੇ ਲੈ ਜਾਈਦਾ, ਦਿਨੇ ਸੂਰ ਸੰਭਾਲਦਾਂ ਜਾਂ ਗਲੀਆਂ 'ਚ ਫਿਰ ਤੁਰ ਕੇ ਬੁਲਬੁਲੇ ਭੰਬੀਰੀਆਂ ਵੇਚ ਨਾ।"
"ਤੂੰ ਕੋਈ ਨੌਕਰੀ ਕਰ ਲੈ। ਸਬਜ਼ੀ ਦੀ ਰੇੜ੍ਹੀ ਲਾਇਆ ਕਰ। ਮੰਗਿਆ ਨਾ ਕਰ।"
"ਚੰਗਾ ਬੀਬੀ ਜੀ।" ਉਹ ਕੁੜੀ ਵੱਲ ਝਾਕ ਕੇ ਅੱਗੇ ਹੋ ਗਿਆ।
"ਨ੍ਹੀ ਤੂੰ ਕੀਹਦੇ ਨਾਲ ਗੱਲਾਂ ਕਰੀ ਜਾਨੀ ਐਂ?" ਬੁੜ੍ਹੀ ਫੇਰ ਬੋਲੀ।
"ਇਹ ਤਾਂ ਮਾਂਘੂ ਸੀ, ਨਾਨੀ।"
"ਹਾਂ, ਇਹ ਤਾਂ ਨਿੱਤ ਆਉਂਦੈ। ਤੂੰ ਸਿਆਣ ਲਿਆ ਇਹਨੂੰ।" "ਹਾਂ ਨਾਨੀ ਉਹ ਨੇ ਵੀ ਮੈਨੂੰ ਪਛਾਣ ਲਿਆ। ਤਾਂ ਹੀ ਤਾਂ ਉਹ ਗੱਲਾਂ ਕਰਦਾ ਸੀ।"
"ਕੀ ਗੱਲਾਂ ਕਰਦਾ ਸੀ?"
"ਮੈਂ ਈ ਉਹ ਨੂੰ ਆਖਦੀ ਸੀ, ਬਈ ਤੂੰ ਮੰਗਦਾ ਕਾਹਨੂੰ ਫਿਰਦੈਂ, ਕੋਈ ਕੰਮ ਕਰਿਆ ਕਰ। ਕੋਈ ਨੌਕਰੀ ਕਰ। ਹੁਣ ਤਾਂ ਜੁਆਨ ਹੋਇਆ ਫਿਰਦੈ।"
"ਨੌਕਰੀ ਇਨ੍ਹਾਂ ਲੋਕਾਂ ਨੂੰ ਕੌਣ ਦੇਵੇ, ਧੀਏ। ਕੰਮ ਆਵਦਾ ਇਹ ਕਰੀ ਜਾਂਦੇ ਨੇ। ਮੰਗਣਾ ਤੇ ਖਾਣਾ। ਇਨ੍ਹਾਂ ਨੇ ਤਾਂ ਪੁੱਤ, ਏਥੇ ਈ ਰਹਿਣੈ, ਗਰੀਬਾਂ ਨੇ।"
ਸਰਦੀਆਂ ਦੇ ਦਿਨ ਸਨ। ਸਵੇਰ ਦਾ ਵੇਲਾ। ਪਰਮਜੀਤ ਨੇ ਪਲੇਟ ਵਿਚ ਦੋ ਰੋਟੀਆਂ ਰੱਖੀਆਂ ਤੇ ਕੌਲੀ ਵਿਚ ਆਲੂ ਗੋਭੀ ਦੀ ਸਬਜ਼ੀ ਪਾ ਕੇ ਮਾਮੇ ਦੇ ਮੂਹਰੇ ਮੇਜ਼ 'ਤੇ ਰੱਖ ਆਈ। ਕੱਪੜੇ ਪਹਿਨ ਕੇ ਸ਼ੀਸ਼ੇ ਅੱਗੇ ਖੜ੍ਹਾ ਉਹ ਆਪਣੀ ਟਾਈ ਠੀਕ ਕਰ ਰਿਹਾ ਸੀ। ਫੇਰ ਉਹ ਨੇ ਕੋਟ ਦੀ ਉਤਲੀ ਜੇਬ ਵਿਚੋਂ ਨਿੱਕਾ ਜਿਹਾ ਕੰਘਾ ਕੱਢ ਕੇ ਸਿਰ ਦੇ ਵਾਲ ਸੰਵਾਰੇ। ਮਨ ਵਿਚ ਦਫ਼ਤਰ ਜਾਣ ਦੀ ਕਾਹਲ ਸੀ।
ਕੁੜੀ ਪੁੱਛਣ ਲੱਗੀ-"ਮਾਮਾ ਜੀ, ਜਿਵੇਂ ਮੇਰਾ ਅਸਲੀ ਨਾਉਂ ਤਾਂ ਪਰਮਜੀਤ ਐ, ਪਰ ਮੈਨੂੰ ਪੰਮੀ ਕਹਿੰਦੇ ਨੇ, ਮਾਂਘੂ ਦਾ ਅਸਲੀ ਨਾਉਂ ਕੀ ਹੋਵੇਗਾ ਭਲਾ?"
"ਕਮਾਲ ਐ, ਤੂੰ ਹਾਲੇ ਤੱਕ ਓਸ ਮੰਗਤੇ ਬਾਰੇ ਈ ਸੋਚੀ ਜਾਨੀ ਐਂ?" ਉਹ ਹੱਥਲੀ ਬੁਰਕੀ ਮੂੰਹ ਕੋਲ ਰੋਕ ਕੇ ਕੁੜੀ ਵੱਲ ਹੈਰਾਨੀ ਨਾਲ ਝਾਕਿਆ।
ਉਹ ਸ਼ਰਮਾ ਗਈ। ਪਰ ਫੇਰ ਮੁਸ਼ਕਰਾ ਕੇ ਆਪ ਹੀ ਦੱਸਣ ਲੱਗੀ-ਮਾਂਘੂ ਮਾਂਗੂ ਤੋਂ ਵਿਗੜ ਕੇ ਬਣਿਆ ਹੋਵੇਗਾ। ਮਾਂਗੂ ਜਾਣੀ ਮੰਗੂ, ਮੰਗਤ ਤੋਂ ਮੰਗੂ। ਅਸਲ ਨਾਉਂ ਮੰਗਤ ਹੋਵੇ, ਪਰ ਮਾਮਾ ਜੀ ਇਹ ਨੂੰ ਮੰਗਤ ਰਾਏ ਤਾਂ ਕਦੇ ਕਿਸੇ ਨੇ ਨਹੀਂ ਆਖਿਆ ਹੋਣਾ।"
"ਮੰਗਤਿਆਂ ਦੇ ਕੋਈ ਅਸਲੀ ਨਾਉਂ ਨ੍ਹੀ ਹੁੰਦੇ। ਇਹ ਤਾਂ ਬਸ ਮਾਂਘੂ-ਸ਼ਾਂਘੂ ਜੇ ਈ ਹੁੰਦੇ ਐ।" ਉਹ ਨੇ ਫੇਰ ਕੁੜੀ ਵੱਲ ਨਜ਼ਰ ਗਹਿਰਾ ਕੇ ਦੇਖਿਆ-ਪਰ ਤੂੰ ਓਹ ਮੰਗਤੇ ਬਾਰੇ ਸੋਚਦੀ ਹੀ ਕਿਉਂ ਐ? ਕੀ ਲੈਣੈ ਤੂੰ ਉਹਤੋਂ? ਸਾਡਾ ਇਨ੍ਹਾਂ ਲੋਕਾਂ ਨਾਲ ਕੀ ਸਰੋਕਾਰ ਐ? ਆਪਾਂ ਤਾਂ ਐਨਾ ਈ ਕਹਿ ਸਕਦੇ ਆਂ, ਬਈ ਇਹ ਗ਼ਰੀਬ ਲੋਕ ਨੇ ਵਿਚਾਰੇ। ਹੋਰ ਆਪਾਂ ਕੁਝ ਨ੍ਹੀ ਕਰ ਸਕਦੇ ਇਨ੍ਹਾਂ ਦਾ। ਤੂੰ ਤਾਂ...!"
"ਮੈਂ ਕੀ, ਮਾਮਾ ਜੀ?"
"ਤੂੰ ਓਸ ਮੰਗਤੇ ਦਾ ਭਾਸ਼ਾ ਵਿਗਿਆਨ ਲਿਖਣ ਲੱਗ ਪਈ ਐ। ਵੱਡੀ ਆ 'ਗੀ ਤੂੰ ਪੀ. ਐੱਚ. ਡੀ. ਕਰਨ ਵਾਲੀ।" ਉਹ ਛਣਕਦੀ ਹਾਸੀ ਹੱਸਿਆ।
ਉਹ ਮੁਸ਼ਕਰਾਈ ਹੀ। ਫੇਰ ਚੁੱਪ ਚਾਪ ਮਾਂਘੂ ਬਾਰੇ ਸੋਚਣ ਲੱਗੀ। ਉਹ ਏਥੇ ਰਹਿ ਕੇ ਜਦੋਂ ਸਕੂਲ ਵਿਚ ਪੜ੍ਹਦੀ ਹੁੰਦੀ, ਮਾਂਘੂ ਛੋਟੀ ਉਮਰ ਦਾ ਸੀ। ਪਹਿਲੇ ਦਿਨ ਜਦੋਂ ਉਹ ਨੇ ਉਹ ਨੂੰ ਗਲੀ ਵਿਚ ਦੇਖਿਆ, ਉਹ ਨੇ ਤੇੜ ਚਾਦਰਾ ਬੰਨ੍ਹਿਆ ਹੋਇਆ, ਗਲ ਕਲੀਆਂ ਵਾਲਾ ਕੁੜਤਾ ਤੇ ਉੱਤੋਂ ਦੀ ਗੋਟੇ ਲੱਗੀ ਕਾਲੀ ਬਾਸਕਟ ਸਿਰ 'ਤੇ ਤੁਰਲੇ ਵਾਲੀ ਪੱਗ ਸੀ। ਪੈਰਾ ਵਿਚ ਖਲ ਧੌੜੀ ਜੁੱਤੀ। ਇਹ ਸਾਰੀ ਪੌਸ਼ਾਕ ਚਾਹੇ ਮੈਲੀ ਕੁਚੈਲੀ ਸੀ, ਪਰ ਉਹ ਦੇ ਗਿੱਠੂ ਜਿਹੇ ਕੱਦ 'ਤੇ ਫਬਦੀ ਬੜੀ ਸੀ। ਭੰਗੜਾ ਡਰੈੱਸ ਵਿਚ ਉਹ ਬਹੁਤ ਪਿਆਰਾ ਲੱਗ ਰਿਹਾ ਸੀ। ਉਹ ਨੂੰ ਮਾਰਦੀ ਸੀ ਤਾਂ ਬੱਸ ਹੱਥ ਵਿਚ ਫੜੀ ਰੋਟੀਆਂ ਮੰਗਣ ਵਾਲੀ ਬਗਲੀ। ਜਿਵੇਂ ਪੰਜਾਬੀ ਸੱਭਿਆਚਾਰ ਮੰਗਤਾ ਬਣ ਕੇ ਗਲੀਆਂ ਮੁਹੱਲਿਆਂ ਵਿਚ ਤੁਰ ਆਇਆ ਹੋਵੇ। ਕੋਈ ਉਹਨੂੰ ਖ਼ੈਰ ਪਾਉਂਦਾ, ਉਹ ਫੁਰਤੀ ਨਾਲ ਘਰੋਂ ਘਰੀਂ ਜਾ ਰਿਹਾ ਸੀ। ਉਨ੍ਹਾਂ ਦੇ ਬਾਰ ਮੂਹਰੇ ਆ ਕੇ ਉਹ ਖੜ੍ਹਾ ਸੀ ਤਾਂ ਪਰਮਜੀਤ ਨੇ ਉਹ ਦੀ ਚੁਸਤ ਤੇ ਪਿਆਰੀ ਸ਼ਕਲ ਦੇਖ ਕੇ ਉਹ ਨੂੰ ਰੋਟੀ ਦੇ ਦਿੱਤੀ ਸੀ। ਉਸ ਦਿਨ ਉਹ ਉਹਨੂੰ ਸ਼ਰਾਰਤੀ ਜਿਹਾ ਵੀ ਲੱਗਿਆ ਸੀ। ਜਿਵੇਂ ਉਹ ਮੰਗਤਾ ਹੋਣ ਦਾ ਨਾਟਕ ਕਰਦਾ ਫਿਰ ਰਿਹਾ ਹੋਵੇ। ਜਿਵੇਂ ਫੈਂਸੀ ਡਰੈਂਸ ਸਮੇਤ ਕੋਈ ਸੱਚ ਮੁੱਚ ਦਾ ਪਾੜੂ ਮੁੰਡਾ ਉਨ੍ਹਾਂ ਦੀ ਗਲੀ ਵਿਚ ਆ ਵੜਿਆ ਹੋਵੇ।
ਤੇ ਫੇਰ ਵੀ ਜਦ ਉਹ ਆਉਂਦਾ, ਓਸੇ ਭੰਗੜਾ ਡਰੈੱਸ ਵਿਚ ਆਉਂਦਾ। ਨਿੱਕੇ ਨਿੱਕੇ ਪੈਰਾਂ ਨਾਲ ਤੇਜ਼ ਤੇਜ਼ ਕਦਮ ਚੱਲਦਾ ਹੋਇਆ। ਜਿੱਥੇ ਕੋਈ ਖੜ੍ਹਾਉਂਦਾ ਖੜ੍ਹ ਜਾਂਦਾ। ਖੜ੍ਹ ਕੇ ਗੱਲ ਵੀ ਕਰਦਾ। ਰੋਟੀ ਮੰਗਦਾ ਤਾਂ ਮੰਗਤਿਆਂ ਵਾਲੀ ਮਖ਼ਸੂਸ ਆਵਾਜ਼ ਵਿਚ ਬੀਬੀ, ਇੱਕ ਰੋਟੀ ਦੇ ਦੇ।" ਆਮ ਗੱਲ ਕਰਦਾ ਤਾਂ ਗਲੀ ਦੇ ਮੁੰਡਿਆਂ ਵਾਂਗ। ਮੁੰਡਿਆਂ ਨਾਲ ਖਹਿਬੜ ਵੀ ਪੈਂਦਾ। ਇੱਕ ਦਿਨ ਇੱਕ ਕੁੜੀ ਉਹ ਨੂੰ ਆਖ ਰਹੀ ਸੀ-"ਏਧਰ ਨਾ ਆਇਆ ਕਰ ਸਾਡੀ ਗਲੀ 'ਚ।
"ਕਿਉਂ ਨਾ ਆਵਾਂ, ਤੇਰੀ ਗਲੀ ਐ?" ਉਹਨੇ ਜਵਾਬ ਦਿੱਤਾ ਜਿਵੇਂ ਗਲੀ ਵਿਚ ਉਹਦਾ ਵੀ ਕੋਈ ਹਿੱਸਾ ਹੋਵੇ।
"ਬੂਥਾ ਭੰਨ ਦੂੰ ਗੀ, ਬਹੁਤਾ ਬੋਲਦੈਂ?"
"ਭੰਨ ਕੇ ਦਿਖਾਅ। ਉਹ ਆਕੜਿਆ ਖੜ੍ਹਾ ਸੀ।
ਕਦੇ ਉਹ ਰੋਟੀਆਂ ਵਾਲੀ ਬਗਲੀ ਮੋਢੇ ਲਟਕਾ ਕੇ ਮੁੰਡਿਆਂ ਨਾਲ ਗੋਲੀਆਂ ਖੇਡਣ ਲੱਗ ਪੈਂਦਾ। ਉਹ ਨੂੰ ਕੋਈ ਫ਼ਿਕਰ ਹੀ ਨਹੀਂ ਹੁੰਦਾ ਕਿ ਉਹ ਨੂੰ ਘਰ ਕੋਈ ਉਡੀਕ ਰਿਹਾ ਹੋਵੇਗਾ। ਉਹ ਨੂੰ ਕੋਈ ਅਹਿਸਾਸ ਹੀ ਨਹੀਂ ਸੀ ਕਿ ਉਹ ਕੋਈ ਮੰਗਤਾ ਹੈ ਤੇ ਗਲੀ ਦੇ ਮੁੰਡਿਆਂ ਨਾਲ ਖੇਡ ਰਿਹਾ ਹੈ। ਗਲੀ ਦੇ ਮੁੰਡੇ ਉਹ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ, ਪਰ ਉਹ ਮੱਲੋ ਮੱਲੀ ਜਿਵੇਂ ਧੁੱਸ ਦੇ ਕੇ ਉਨ੍ਹਾਂ ਵਿਚ ਆ ਵੜਦਾ ਸੀ। ਉਨ੍ਹਾਂ ਨਾਲ ਬਰਾਬਰ ਮੜਿੱਕਦਾ। ਇੱਕ ਵਾਰ ਖੇਡ ਦੇ ਨਸ਼ੇ ਵਿਚ ਉਹ ਨੇ ਆਪਣੀ ਬਗਲੀ ਮੋਢਿਓਂ ਲਾਹ ਕੇ ਇੱਕ ਥਾਂ ਰੱਖ ਦਿੱਤੀ। ਇੱਕ ਕੁੱਤਾ ਆਇਆ ਤੇ ਉਹ ਦੀਆਂ ਰੋਟੀਆਂ ਸਮੇਤ ਬਗਲੀ ਸਮੇਤ ਹੀ ਲੈ ਭੱਜਿਆ। ਗਲੀ ਦੇ ਮੁੰਡੇ ਬੇਤਹਾਸ਼ਾ ਹੱਸ ਰਹੇ ਸਨ। ਉਹ ਕੁਝ ਬੁਰਾ ਸੋਚ ਕੇ ਰੋਣ ਲੱਗਿਆ। ਪਰ ਅੱਖਾਂ ਪੂੰਝੀਆਂ ਤੇ ਫੇਰ ਖੇਡਣ ਲੱਗ ਪਿਆ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਤੇ ਫੇਰ ਇਸ ਦੌਰਾਨ ਇੱਕ ਮੁੰਡਾ ਕੁੱਤੇ ਮਗਰ ਭੱਜ ਕੇ ਗਿਆ ਸੀ ਤੇ ਕੁੱਤੇ ਤੋਂ ਖ਼ਾਲੀ ਬਗਲੀ ਖੋਹ ਕੇ ਮਾਂਘੂ ਨੂੰ ਲਿਆ ਫੜਾਈ ਸੀ। ਗਲੀ ਦਾ ਉਹ ਮੁੰਡਾ ਬਗਲੀ ਨੂੰ ਇੱਕ ਛਟੀ ਦੇ ਡੱਕੇ ਤੇ ਟੰਗ ਕੇ ਲਿਆਇਆ ਸੀ। ਮਾਂਘੂ ਨੂੰ ਜਿਵੇਂ ਉਹ ਸੰਸਾਰ ਵਾਪਸ ਮਿਲ ਗਿਆ ਹੋਵੇ। ਮਹੱਤਵ ਵਾਲੀ ਗੱਲ ਇਹ ਹੈ ਕਿ ਉਹ ਨੂੰ ਉਹਦੀ ਬਗਲੀ ਵਾਪਸ ਮਿਲ ਗਈ ਸੀ, ਰੋਟੀਆਂ ਤਾਂ ਹੋਰ ਵੀ ਮੰਗੀਆਂ ਜਾ ਸਕਦੀਆਂ ਹਨ।
ਪਰਮਜੀਤ ਨਾਲ ਵੀ ਉਹ ਇੱਕ ਦਿਨ ਝਗੜਿਆ ਸੀ। ਸਵੇਰ ਦੀ ਰੋਟੀ ਚਾਹੇ ਪੱਕ ਰਹੀ ਸੀ, ਪਰ ਉਹ ਨੇ ਉਹ ਦੀ ਬਗਲੀ ਵਿਚ ਦੋ ਦਿਨ ਦੀ ਬੇਹੀ ਰੋਟੀ ਪਾਉਣੀ ਚਾਹੀ। ਮਾਂਘੂ ਨੇ ਰੋਟੀ ਲੈਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ-"ਇਹਨੂੰ ਤਾਂ ਕੁੱਤਾ ਵੀ ਨਹੀਂ ਖਾਂਦਾ, ਬੀਬੀ ਸੱਜਰੀ ਰੋਟੀ ਦੇਹ।"
"ਚੱਲ, ਕੁੱਤਾ ਹਰਾਮਜ਼ਾਦਾ ਨਾ ਹੋਵੇ ਤਾਂ।" ਕੁੜੀ ਨੂੰ ਰੋਟੀ ਕੁੱਤੇ ਵੱਲ ਵਗਾਹ ਮਾਰੀ। ਕੁੱਤੇ ਨੇ ਰੋਟੀ ਨੂੰ ਮੂੰਹ ਤਾਂ ਲਾਇਆ, ਪਰ ਖਾਧੀ ਨਹੀਂ।
"ਗਾਲਾਂ ਕਾਹਨੂੰ ਦਿੰਨੀ ਐ, ਬੀਬੀ ਜੇ ਮੈਂ ਮੋੜ ਕੇ ਕੱਢਾਂ ਤੈਨੂੰ ਗਾਲ, ਫੇਰ ਦੱਸ।"
ਕੁੜੀ ਨੇ ਮੂੰਹ ਚਿੜਾ ਕੇ ਉਹਦੀ ਨਕਲ ਲਾਹੀ।
ਉਹ ਕੁੜੀ ਵੱਲ ਬੁੱਲ੍ਹ ਕੱਢ ਕੇ ਤੁਰ ਗਿਆ।
ਗੁੱਸੇ ਵਿਚ ਕੁੜੀ ਨੇ ਗੇਟ ਬੰਦ ਕਰ ਲਿਆ।
ਫੇਰ ਉਹ ਉਨ੍ਹਾਂ ਦੇ ਬਾਰ ਅੱਗੇ ਆ ਕੇ ਨਹੀਂ ਖੜ੍ਹਦਾ ਸੀ। ਇੱਕ ਦਿਨ ਪਰਮਜੀਤ ਦੀ ਨਾਨੀ ਨੇ ਉਹ ਨੂੰ ਪੁੱਛਿਆ-ਤੂੰ ਹੁਣ ਸਾਡਿਓਂ ਕਿਉਂ ਨ੍ਹੀ ਲੈ ਕੇ ਜਾਂਦਾ ਰੋਟੀ, ਵੇ ਮੰਡਿਆ?"
"ਥੋਡੀ ਕੁੜੀ ਤਾਂ ਮੈਨੂੰ ਕੁੱਤਾ ਹਰਾਮਜ਼ਾਦਾ ਆਖਦੀ ਐ। ਬੇਇਜ਼ਤੀ ਕਰਦੀ ਐ ਮੇਰੀ।"
"ਕਿਉਂ ਨੀ ਪੰਮੀਏ, ਕਿਉਂ ਕਿਹਾ ਤੂੰ ਮੁੰਡੇ ਨੂੰ ਕੁੱਤਾ ਹਰਾਮਜ਼ਾਦਾ?" ਬੁੜ੍ਹੀ ਨੇ ਫੋਕਾ ਗੁੱਸਾ ਦਿਖਾਇਆ।
ਕੁੜੀ ਹੱਸਣ ਲੱਗੀ ਤੇ ਫੇਰ ਉਹ ਨੇ ਕਿਹਾ-"ਚੰਗਾ, ਹੁਣ ਪਾਵਾਂ ਤੈਨੂੰ ਸੱਜਰੀ ਰੋਟੀ?"
ਸੱਜਰੀ ਹੈ ਤਾਂ ਦੇਹ। ਉਹਨੇ ਮੰਗਤਿਆਂ ਵਾਲੀ ਆਵਾਜ਼ ਵਿਚ ਕਿਹਾ।
"ਅੱਛਾ, ਪਹਿਲਾਂ ਬਾਘੀ ਪਾ ਕੇ ਸੁਣਾਅ ਸਾਨੂੰ।" ਕੁੜੀ ਨੇ ਸ਼ਰਤ ਰੱਖ ਦਿੱਤੀ।
ਮਾਂਘੂ ਦੀ ਸ਼ਰਤ-"ਬਾਘੀ ਸੁਣਨੀ ਐਂ ਤਾਂ ਇੱਕ ਆਟੇ ਦੀ ਬਾਟੀ ਦੇਹ।"
"ਕਿਉਂ ਵੇ?" ਬੁੜ੍ਹੀ ਦੀ ਤਿਉੜੀ।
"ਸੁੱਕਾ ਈ ਕੌਣ ਮੂੰਹ ਦੁਖਣ ਲਾਵੇ, ਬੀਬੀ,।" ਉਹ ਜਿਵੇਂ ਲੋਭੀ ਕਲਾਕਾਰ ਬਣ ਬੈਠਾ ਹੋਵੇ।
"ਚੰਗਾ ਵੇ, ਆਟਾ ਵੀ ਲੈ ਜਾ ਤੇ ਰੋਟੀ ਵੀ। ਸੁਣਾਅ ਬਾਘੀ।" ਬੁੜ੍ਹੀ ਨੇ ਉਹ ਨੂੰ ਪੁਚਕਾਰਿਆ।
ਬਾਘੀ ਦੇ ਬੋਲ ਕੱਢਦਾ ਕੱਢਦਾ ਉਹ ਵਿਚ ਦੀ ਦੋ ਬਿੱਲੀਆਂ ਜਿਹੀਆਂ ਬੁਲਾਉਂਦਾ ਸੀ, ਬੜਾ ਸੋਹਣਾ ਲੱਗਦਾ ਤੇ ਫੇਰ ਅਖ਼ੀਰ ਵਿਚ ਉਹ ਨੇ ਮੂੰਹ ਵਿਚ ਹਵਾ ਭਰ ਕੇ ਗੱਲ੍ਹਾਂ ਫੁਲਾਈਆਂ ਤੇ ਇੱਕ ਗੱਲ੍ਹ 'ਤੇ ਮੁੱਕੀ ਮਾਰ ਕੇ ਇਸ ਤਰ੍ਹਾਂ ਦੀ ਆਵਾਜ਼ ਕੱਢੀ ਜਿਵੇਂ ਰਬੜ ਦਾ ਬੁਲਬੁਲਾ ਭੰਨ ਦਿੱਤਾ ਹੋਵੇ।
ਮਾਂਘੂ ਝਗੜਾ ਕਰਦਾ ਤੇ ਮੰਗ ਕੇ ਵੀ ਲੈ ਜਾਂਦਾ। ਗਲੀ ਦੇ ਮੁੰਡੇ ਕੁੜੀਆਂ ਨਾਲ ਉਹ ਬਰਾਬਰ ਦਾ ਬਣ ਕੇ ਰਹਿੰਦਾ।
ਪਰਮਜੀਤ ਦਾ ਮਾਮਾ ਦਫ਼ਤਰ ਤੁਰ ਗਿਆ। ਮਾਮੀ ਪੇਕੀਂ ਗਈ ਹੋਈ ਸੀ। ਨੂੰਹ ਨਹੀਂ ਸੀ, ਏਸੇ ਕਰਕੇ ਬੁੜ੍ਹੀ ਦੋਹਤੀ ਨੂੰ ਹਫ਼ਤੇ ਦਸ ਦਿਨਾਂ ਲਈ ਏਥੇ ਲੈ ਆਈ ਸੀ। ਪਰਮਜੀਤ ਬਚਪਨ ਵਿਚ ਏਥੇ ਹੁੰਦੀ ਸੀ। ਫੇਰ ਦਸਵੀਂ ਪਾਸ ਕਰਨ ਉਪਰੰਤ ਉਹ ਆਪਣੇ ਬਾਪ ਕੋਲ ਚਲੀ ਗਈ। ਉਹ ਦਾ ਵਿਆਹ ਹੋ ਚੁੱਕਿਆ ਸੀ। ਸਹੁਰਿਆਂ ਤੋਂ ਮਹੀਨੇ ਵੀਹ ਦਿਨਾਂ ਲਈ ਆਈ ਸੀ। ਤੇ ਫੇਰ ਏਥੇ ਉਹ ਦੀ ਨਾਨੀ ਉਹ ਨੂੰ ਲੈ ਆਈ ਸੀ।
ਪਰਮਜੀਤ ਬੜੀ ਭਾਵਨਾਸ਼ੀਲ ਕੁੜੀ ਸੀ। ਏਸੇ ਕਰਕੇ ਤਾਂ ਉਹ ਉਸ ਭਿਖਾਰੀ ਮੁੰਡੇ ਬਾਰੇ ਐਨਾ ਸੋਚ ਰਹੀ ਸੀ। ਪਰ ਉਹ ਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂਘੂ ਜਵਾਨ ਹੋ ਜਾਣ ਕਰਕੇ ਹੁਣ ਐਨਾ ਸ਼ਰਮਾਕਲ ਤੇ ਗੰਭੀਰ ਜਿਹਾ ਬਣ ਗਿਆ ਹੈ ਜਾਂ ਵੱਡਾ ਹੋ ਕੇ ਐਨਾ ਸਮਝਦਾਰ ਕਿ ਉਹ ਨੂੰ ਆਪਣੀ ਗਰੀਬੀ ਦਾ ਅਹਿਸਾਸ ਹੋ ਗਿਆ। ਸ਼ਾਇਦ ਉਹ ਨੂੰ ਪਤਾ ਲੱਗ ਗਿਆ ਹੈ ਕਿ ਗਲੀ ਦੇ ਮੁੰਡੇ ਕੁੜੀਆਂ ਹੋਰ ਸਮਾਜ 'ਚੋਂ ਨੇ ਤੇ ਉਹ ਆਪ ਹੋਰ ਸਮਾਜ ਵਿਚੋਂ।