ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਆਪਣਾ ਆਦਮੀ
ਇੱਕ ਬਸਤਾ ਮੋਢੇ ਲਟਕਦਾ ਇੱਕ ਬਸਤਾ ਹੱਥ ਵਿਚ। ਦੂਜੇ ਹੱਥ ਦੀ ਉਂਗਲ ਲਾਇਆ ਛੋਟਾ ਬੱਚਾ। ਵੱਡਾ ਬੱਚਾ ਮਗਰ ਮਗਰ ਤੁਰਦਾ। ਠੁੰਮਕ ਠੁੰਮਕ, ਨਿੱਕੇ ਨਿੱਕੇ ਪੈਰ ਪੁੱਟਦਾ ਹੋਇਆ। ਬੁੱਢੇ ਦੀ ਉਮਰ ਸੱਤਰ ਸਾਲ ਦੇ ਨੇੜੇ ਤੇੜੇ ਹੋਵੇਗੀ। ਉਹ ਦੇ ਮੂੰਹ ਵਿਚ ਚਾਹੇ ਇੱਕ ਵੀ ਦੰਦ ਬਾਕੀ ਰਹਿ ਗਿਆ ਸੀ, ਪਰ ਉਹ ਦਾ ਚਿਹਰਾ ਮਾਸੂਮ ਸੀ, ਬਾਲਕ ਜਿਹਾ। ਮੱਥੇ ਅਤੇ ਗੱਲਾਂ ਦੀਆਂ ਝੁਰੜੀਆਂ ਬਹੁਤ ਘੱਟ ਦਿਸਦੀਆਂ। ਅੱਖਾਂ ਦੀ ਚਮਕ ਕਾਇਮ ਸੀ। ਬੱਚਿਆਂ ਨੂੰ ਲੈ ਕੇ ਉਹ ਸਵੇਰੇ ਤੇ ਸ਼ਾਮ ਨੂੰ ਗਲੀ ਵਿਚ ਦੀ ਲੰਘਦਾ ਤਾਂ ਅਸੀਂ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਲਾਉਂਦੇ। ਆਂਢੀ ਗੁਆਂਢੀ ਹੋਰ ਲੋਕ ਵੀ ਉਹਦੇ ਬਾਰੇ ਇੰਝ ਹੀ ਤਰ੍ਹਾਂ ਤਰ੍ਹਾਂ ਦਾ ਸੋਚਦੇ ਹੋਣਗੇ। ਕਦੇ ਲੱਗਦਾ, ਉਹ ਨੌਕਰ ਹੈ ਤੇ ਬੱਚਿਆਂ ਨੂੰ ਸਕੂਲ ਛੱਡਣ-ਲਿਆਉਣ ਦੀ ਡਿਊਟੀ ਨਿਭਾਉਂਦਾ ਹੈ। ਕਦੇ ਸੋਚਦੇ, ਇਹ ਬੱਚਾ ਬੱਚੀ ਉਹਦੇ ਪੋਤਰੇ ਹੋਣਗੇ। ਮੇਰੇ ਘਰਵਾਲੀ ਆਖਦੀ-'ਦੋਹਤੇ ਵੀ ਹੋ ਸਕਦੇ ਨੇ, ਬੁੜ੍ਹਾ ਧੀ ਕੋਲ ਰਹਿੰਦਾ ਹੋਊਗਾ।'
ਮੁੰਡਾ-ਕੁੜੀ ਲਈਂ ਜਾਂਦਾ ਉਹ ਗਲੀ ਦੇ ਹਰ ਘਰ ਵੱਲ ਝਾਕਦਾ-ਸੱਜੇ-ਖੱਬੇ। ਘਰਾਂ ਦੇ ਬਾਰਾਂ ਅੱਗੇ ਬੈਠੀਆਂ ਗੱਪਾਂ ਮਾਰਦੀਆਂ ਜਾਂ ਉਂਝ ਹੀ ਡੌਰੂ ਵਾਂਗ ਮੂੰਹ ਉਤਾਂਹ ਚੁੱਕ ਕੇ ਝਾਕਦੀਆਂ ਵਿਹਲੀਆਂ ਔਰਤਾਂ ਉਹਦੇ ਵੱਲ ਬੇਮਤਲਬ ਅੱਖਾਂ ਟਿਕਾਉਂਦੀਆਂ। ਬੁੱਢਾ ਪੈਰ ਮਲਦਾ ਜਿਵੇਂ ਚਾਹੁੰਦਾ ਹੋਵੇ, ਕੋਈ ਉਹਨੂੰ ਬੁਲਾਵੇ, ਕੋਈ ਉਹਦੇ ਨਾਲ ਗੱਲ ਕਰੇ-ਕੋਈ ਵੀ ਗੱਲ। ਪਰ ਵਿਹਲੀਆਂ ਤੀਵੀਆਂ ਦਾ ਕੀ ਸੀ ਉਹ ਤਾਂ ਸਿਰਫ਼ ਝਾਕਦੀਆ ਸਨ ਤੇ ਝਾਕਦੀਆਂ ਹੀ ਰਹਿੰਦੀਆਂ। ਗਲੀ ਦੇ ਮੋੜ 'ਤੇ ਉਨ੍ਹਾਂ ਦੀ ਨਜ਼ਰ ਪਿਆ ਬੰਦਾ ਗਲੀ ਦੇ ਦੂਜੇ ਮੋੜ ਤੱਕ ਮਜਾਲ ਹੈ, ਉਹ ਉਸ ਬੰਦੇ ਤੋਂ ਨਜ਼ਰ ਪਰ੍ਹੇ ਹਟਾ ਲੈਣ। ਗਲੀ ਦੇ ਅੱਧ ਵਿਚਕਾਰ ਹੀ ਕਿਸੇ ਦੇ ਘਰ ਜਾ ਵੜਿਆ ਆਦਮੀ ਉਨ੍ਹਾਂ ਦੀ ਨਜ਼ਰ ਤੋਂ ਅਚਾਨਕ ਗੁੰਮ ਜਾਂਦਾ ਤਾਂ ਉਨ੍ਹਾਂ ਦੀਆਂ ਤਿੱਖੀਆਂ ਲਾਟ ਵਾਂਗ ਬਲਦੀਆਂ ਅੱਖਾਂ ਦੀਵੇ ਵਾਂਗ ਬੁਝ ਜਾਂਦੀਆਂ। ਮੁੰਡਾ ਕੁੜੀ ਲਈ ਜਾਂਦੇ ਬੁੱਢੇ ਵੱਲ ਕਿਸ ਦਾ ਧਿਆਨ ਸੀ, ਗਲੀ ਵਿਚ ਦੀ ਸੈੋਂਕੜੇ ਲੋਕ ਲੰਘਦੇ ਸਨ। ਗਲੀ ਤਾਂ ਵਗਦੀ ਹੀ ਰਹਿੰਦੀ, ਬਾਰਾਂ ਮਾਸੀਆ ਨਦੀ ਵਾਂਗ।
ਘਰਵਾਲੀ ਆਖਦੀ 'ਬੁੜ੍ਹਾ ਵਾਧੂ ਮੋਢੇ ਤੁੜਾਉਂਦੈ, ਹਿਬੜ ਹਿਬੜ ਜੁੱਤੀਆਂ ਘਸਾਉਂਦਾ ਜਾਂਦੈ, ਹਿਬੜ ਹਿਬੜ ਜੁੱਤੀਆਂ ਘਸਾਉਂਦਾ ਆਉਂਦੈ ਦੋ ਚੱਕਰ ਜਾਣ ਦੇ, ਦੋ ਚੱਕਰ ਆਉਣ ਦੇ, ਪਹਿਲਾਂ ਛੱਡਣ ਜਾਂਦੈ, ਫੇਰ ਲੈਣ ਜਾਂਦੈ, ਕਿਉਂ ਨ੍ਹੀ ਰਿਕਸ਼ੇ ਵਾਲੇ ਨਾਲ ਗੱਲ ਕਰ ਲੈਂਦੇ? ਸਾਰੇ ਦੂਰ ਦੇ ਜੁਆਕ ਰਿਕਸ਼ਿਆਂ 'ਤੇ ਜਾਂਦੇ ਨੇ, ਆਪਣੇ ਆਪਣੇ ਮਾਡਲ ਸਕੂਲਾਂ ਨੂੰ।'
'ਚੱਲ, ਏਸ ਬਹਾਨੇ ਬੁੜ੍ਹੇ ਦੀ ਸੈਰ ਹੋ ਜਾਂਦੀ ਐ। ਠੰਡ ਪੈਰ ਮੋਕਲੇ ਰਹਿੰਦੇ ਨੇ। ਘਰ ਬੈਠਾ ਬੁੜ੍ਹਾ ਮੱਖੀਆਂ ਹੀ ਮਾਰਦਾ ਹੋਉ।' ਮੈਂ ਜਵਾਬ ਦਿੰਦਾ।
ਇੱਕ ਦਿਨ ਮੈਂ ਪੁੱਛਣ ਲੱਗਿਆ 'ਬਾਬਾ ਜੀ, ਐਧਰੋਂ ਕਿੱਥੋਂ ਜਿਉਂ ਆਉਂਦੇ ਹੁੰਨੇ ਓਂ? ਮੈਂ ਚਾਹੁੰਦਾ ਸੀ, ਗੱਲ ਛੇੜ ਕੇ ਉਹਦੇ ਬਾਰੇ ਹੋਰ ਵੀ ਅਤਾ ਪਤਾ ਕਰ ਲਵਾਂ। ਪਰ ਘਰਵਾਲੀ ਨੇ ਮੇਰਾ ਗੋਡਾ ਦੱਬ ਦਿੱਤਾ। ਕਹਿੰਦੀ ਛੱਡੋ ਜੀ, ਤੁਸੀਂ ਕੀ ਲੈਣਾ ਐ ਇਨ੍ਹਾਂ ਗੱਲਾਂ ਤੋਂ? ਕਿੱਧਰੋਂ ਆਉਂਦਾ ਹੋਵੇ, ਕਿੱਧਰੋਂ ਨਾ ਆਉਂਦਾ ਹੋਵੇ।'
ਕਈ ਮਹੀਨੇ ਲੰਘ ਗਏ। ਤੇ ਫੇਰ ਇੱਕ ਦਿਨ ਮੈਂ ਊਹ ਨੂੰ ਐਸ. ਡੀ. ਐੱਮ. ਪਾਰਕ ਵਿਚ ਚਿੱਟੇ ਫੁੱਲਾਂ ਦੇ ਰੁੱਖ ਥੱਲੇ ਬੈਠਾ ਦੇਖਿਆ। ਉਹ ਮੂੰਹ ਉਤਾਂਹ ਚੁੱਕ ਕੇ ਰੁੱਖ ਵੱਲ ਝਾਕ ਰਿਹਾ ਸੀ। ਓਹੀ ਦੋਵੇਂ ਬੱਚੇ ਉਹਦੇ ਆਸ ਪਾਸ ਕੋਈ ਖੇਡ ਖੇਡ ਰਹੇ ਸਨ। ਫੇਰ ਕਿਸੇ ਦਿਨ ਮੈਂ ਉਹ ਨੂੰ ਦੇਖਿਆ, ਉਹ ਇੱਕ ਦੁਕਾਨ ਅੱਗੇ ਲੋਹੇ ਦੀ ਟੁੱਟੀ ਕੁਰਸੀ 'ਤੇ ਚੁੱਪ ਚਾਪ ਬੈਠਾ ਸੀ। ਦੁਕਾਨ ਦਾ ਮਾਲਕ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ ਸੀ। ਇਹ ਦੁਕਾਨ ਕਿਸੇ ਇੱਕ ਹੋਰ ਗਲੀ ਵਿਚ ਸੀ, ਜਿੱਥੇ ਮਸਾਂ ਹੀ ਕੋਈ ਗਾਹਕ ਆਉਂਦਾ ਹੋਵੇਗਾ। ਤੇ ਫੇਰ ਇੱਕ ਦਿਨ ਉਹ ਮਿਉਂਸੀਪਲ ਕਮੇਟੀ ਦੇ ਦਫ਼ਤਰ ਅੱਗੇ ਚੱਕਰ ਕੱਟ ਰਿਹਾ ਸੀ। ਦੋਵੇਂ ਹੱਥ ਪਿਛਾਂਹ ਕੀਤੇ ਹੋਏ ਤੇ ਬੁੱਲ੍ਹ ਹਿਲਦੇ-ਜਿਵੇਂ ਕੋਈ ਗਿਣਤੀ ਮਿਣਤੀ ਜਿਹੀ ਕਰ ਰਿਹਾ ਹੋਵੇ। ਏਧਰੋਂ ਓਧਰ ਤੇ ਓਧਰੋਂ ਏਧਰ ਬੇਮਤਲਬ ਹੀ ਤੁਰਦਾ ਫਿਰਦਾ, ਮੇਰੇ ਵੱਲ ਉਹਦੀ ਨਿਗਾਹ ਹੋਈ ਸੀ, ਪਰ ਉਹ ਬੋਲਿਆ ਕੁਝ ਨਹੀਂ। ਕਿਸੇ ਚਿੰਤਾ ਜਾਂ ਕਿਸੇ ਉਡੀਕ ਵਿਚ ਹੋਵੇਗਾ।
ਉਸ ਬੁੱਢੇ ਬਾਰੇ ਮੇਰੇ ਮਨ ਵਿਚ ਨਿੱਕਾ ਨਿੱਕਾ ਅਹਿਸਾਸ ਰਹਿੰਦਾ। ਇਹ ਸੋਚ ਵੀ ਕਦੇ ਇਹ ਦਿਨ ਆਪਣੇ 'ਤੇ ਵੀ ਆਉਣਗੇ, ਜਦੋਂ ਜ਼ਿੰਦਗੀ ਦਾ ਕੋਈ ਮਕਸਦ ਹੀ ਨਾ ਰਹਿ ਜਾਂਦਾ ਹੋਵੇ।
ਉਨ੍ਹਾਂ ਦਿਨਾਂ ਵਿਚ ਹੀ ਮੈਂ ਆਪਣੇ ਪਿੰਡ ਜਾਣਾ ਸ਼ੁਰੂ ਕਰ ਦਿੱਤਾ। ਓਥੇ ਮੈਂ ਆਪਣਾ ਖਸਤਾ ਹਾਲ ਮਕਾਨ ਢਾਹ ਕੇ ਨਵਾਂ ਮਕਾਨ ਬਣਾ ਰਿਹਾ ਸੀ। ਚਾਹਿਆ ਸੀ, ਪਿਓ ਦਾਦੇ ਦੀ ਜਗ੍ਹਾ ਹੈ, ਫੇਰ ਆਪਣੀ ਜਨਮ ਭੂਮੀ, ਕਦੇ ਕਦੇ ਓਥੇ ਜਾ ਕੇ ਰਿਹਾ ਕਰਾਂਗਾ-ਸ਼ਹਿਰ ਦੇ ਭੀੜ ਭੜੱਕੇ ਤੇ ਫ਼ਜ਼ੂਲ ਕਿਸਮ ਦੇ ਘਰੇਲੂ ਝਮੇਲਿਆਂ ਤੋਂ ਦੂਰ। ਪਿੰਡ ਜਾ ਕੇ ਮਨ ਨੂੰ ਸ਼ਾਂਤੀ ਮਿਲੇਗੀ। ਇਹ ਪਿੰਡ ਬਹੁਤੀ ਦੂਰ ਨਹੀਂ ਸੀ। ਮੈਂ ਸਵੇਰੇ ਸਵੇਰੇ ਪਹਿਲੀ ਦੂਜੀ ਬੱਸ ਨਿਕਲ ਜਾਂਦਾ ਤੋਂ ਸ਼ਾਮ ਨੂੰ ਆਖ਼ਰੀ ਬੱਸ ਮੁੜ ਆਉਂਦਾ। ਇਸ ਦੌਰਾਨ ਮੈਂ ਓਸ ਬੁੱਢੇ ਬਾਬੇ ਨੂੰ ਕਦੇ ਨਾ ਦੇਖ ਸਕਿਆ। ਨਾ ਹੀ ਘਰਵਾਲੀ ਨਾਲ ਉਹ ਦੇ ਬਾਰੇ ਕਦੇ ਕੋਈ ਗੱਲ ਚੱਲੀ। ਉਹ ਦੀ ਗੱਲ ਅਸੀਂ ਕੀ ਕਰਦੇ, ਆਪਣੇ ਝਗੜੇ ਝੇੜੇ ਹੀ ਨਹੀਂ ਮੁੱਕਦੇ ਸਨ। ਨਵਾਂ ਮਕਾਨ ਪਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਇਨ੍ਹਾਂ ਚੱਕਰਾਂ ਵਿਚ ਹੀ ਦਿਨ ਗੁਜ਼ਰ ਜਾਂਦਾ ਤੇ ਰਾਤ ਮੌਤ ਜਿਹਾ ਪੰਧ ਨਿਬੇੜਦੀ।
ਪਿੰਡ ਦੇ ਮਕਾਨ ਵਾਲੇ ਚੱਕਰ ਵਿਚੋਂ ਮੈਂ ਸਾਲ ਬਾਅਦ ਮਸਾਂ ਨਿਕਲਿਆ। ਤੇ ਫੇਰ ਇੱਕ ਦਿਨ ਮੈਂ ਤੇ ਘਰਵਾਲੀ ਸ਼ਾਮ ਵੇਲੇ ਘਰ ਦੇ ਬਾਰ ਅੱਗੇ ਬੈਠੇ ਆਪਣੇ ਜੁਆਕਾਂ ਨੂੰ ਉਡੀਕ ਰਹੇ ਸੀ। ਹੋਰ ਬੱਚੇ ਕਦੋਂ ਦੇ ਸਕੂਲ ਤੋਂ ਆ ਚੁੱਕੇ ਸਨ, ਉਹ ਨਹੀਂ ਆਏ। ਬੁੱਢਾ ਬਾਬਾ ਖ਼ਾਲੀ ਹੱਥ ਗਲ਼ੀ ਵਿਚ ਦੀ ਲੰਘਿਆ ਜਾ ਰਿਹਾ ਸੀ। ਨਾ ਬਸਤਾ, ਨਾ ਬੱਚੇ, ਮੈਂ ਘਰਵਾਲੀ ਵੱਲ ਝਾਕਿਆ। ਉਹ ਮੇਰੇ ਪ੍ਰਸ਼ਨ ਨੂੰ ਸਮਝ ਗਈ ਤੇ ਬੋਲੀ-'ਬੱਚੇ ਹੁਣ ਉਡਾਰ ਹੋ 'ਗੇ। ਖ਼ੁਦ ਈ ਚਲੇ ਜਾਂਦੇ ਨੇ ਸਕੂਲ। ਬਾਬਾ ਵਿਹਲਾ।'
'ਪਹਿਲਾਂ ਵੀ ਤਾਂ ਵਿਹਲਾ ਸੀ। ਪਹਿਲਾਂ ਕਿਹੜਾ ਮੂੰਗਲੀਆਂ ਫੇਰਦਾ ਸੀ ਏਹੇ।' ਮੈਂ ਹੱਸਿਆ।
'ਵਿਚਾਰਾ ਬੁੱਢਾ! ਉਹ ਦੇ ਮੂੰਹੋਂ ਨਿਕਲਿਆ। ਤੇ ਫੇਰ ਦੱਸਿਆ-'ਹੁਣ ਇਹ ਗਲੀ ਦੀਆਂ ਔਰਤਾਂ ਨਾਲ ਗੱਲਾਂ ਵੀ ਮਾਰ ਜਾਦੈ। ਨੇਕ ਬੰਦਾ ਐ। ਵਕਤ ਕੱਢਦਾ ਫਿਰਦੈ।'
ਇੱਕ ਦਿਨ ਦੁਪਹਿਰੇ ਜਿਹੇ ਮੈਂ ਅੰਦਰ ਕਮਰੇ ਵਿਚ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ, ਘਰਵਾਲੀ ਸਿਲਾਈ ਮਸ਼ੀਨ ਲੈ ਕੇ ਵਰਾਂਡੇ ਵਿਚ ਬੈਠੀ ਬੱਚਿਆਂ ਦੇ ਉੱਧੜੇ ਹੋਏ ਕੱਪੜਿਆਂ ਨੂੰ ਸਿਉਂ ਰਹੀ ਸੀ, ਕਿਸੇ ਨੇ ਬੈੱਲ ਵਜਾਈ। ਉਹ ਸਿਲਾਈ ਮਸ਼ੀਨ ਥਾਂ ਦੀ ਥਾਂ ਖੜ੍ਹੀ ਕਰਕੇ ਗੇਟ 'ਤੇ ਗਈ ਤੇ ਥੋੜ੍ਹੀ ਦੇਰ ਬਾਅਦ ਮੈਨੂੰ ਉਹ ਦੀ ਸਿਲਾਈ ਮਸ਼ੀਨ ਦੀ ਟੱਕ ਟੱਕ ਫੇਰ ਸੁਣਨ ਲੱਗੀ। ਮੈਂ ਉਡੀਕ ਰਿਹਾ ਸੀ-ਕੌਣ ਹੋਇਆ। ਇਹ ਦੁਪਹਿਰੇ ਦੁਪਹਿਰੇ? ਉੱਚਾ ਬੋਲ ਕੇ ਪੁੱਛਿਆ-'ਸ਼ੰਨੋ, ਕੀ ਗੱਲ ਸੀ?'
ਉਹ ਹੱਸਣ ਲੱਗੀ। ਬੋਲੀ-'ਬਾਬਾ।'
'ਕਿਹੜਾ ਬਾਬਾ?' ਮੈਂ ਫੇਰ ਪੁੱਛਿਆ।
'ਓਹੀ ਬਾਬਾ, ਬਸਤਿਆਂ ਵਾਲਾ।'
'ਕਿਉਂ, ਕੀ ਆਖਦਾ ਸੀ?'
'ਤੇਲ ਆ ਗਿਆ।' ਉਹ ਫੇਰ ਖਿੜ ਖਿੜ ਕਰਕੇ ਹੱਸਣ ਲੱਗੀ।'
'ਤੇਲ ਆ ਗਿਆ, ਕੀ ਮਤਲਬ?' ਮੈਂ ਹੈਰਾਨ ਸੀ, ਬਾਬੇ ਨਾਲ ਤੇਲ ਦਾ ਕੀ ਮਤਲਬ?
'ਕਿਹੜਾ ਤੇਲ?'
'ਮਿੱਟੀ ਦਾ ਤੇਲ।' ਉਹ ਨੇ ਦੱਸਿਆ।
'ਕਿਉਂ, ਏਸ ਬਾਬੇ ਦਾ ਹਿੱਸਾ ਐ ਕੋਈ ਤੇਲ ਦੇ ਡੀਪੂ 'ਚ?' ਮੈਂ ਕਿਤਾਬ ਪਰ੍ਹਾਂ ਰੱਖ ਦਿੱਤੀ।
ਉਹ ਸਿਲਾਈ ਮਸ਼ੀਨ ਛੱਡ ਕੇ ਖਿਝੀ ਖਿਝੀ ਮੇਰੇ ਕੋਲ ਅੰਦਰ ਆਈ ਤੇ ਕਹਿਣ ਲੱਗੀ-'ਤੁਸੀਂ ਸਵਾਲ ਬਹੁਤ ਕਰਦੇ ਓਂ। ਦਿਮਾਗ਼ ਖਾ ਲਿਆ ਮੇਰਾ। ਹਾਂ, ਦੱਸੋ, ਕੀ ਆਖਦੇ ਹੋਂ?'
'ਇਹ ਬਾਬਾ... ਮਿੱਟੀ ਦਾ ਤੇਲ ...'
ਉਹਦੀ ਖਿਝ ਫੇਰ ਹਾਸੀ ਵਿਚ ਬਦਲ ਗਈ। ਦੱਸਣ ਲੱਗੀ 'ਜਦੋਂ ਡੀਪੂ 'ਤੇ ਮਿੱਟੀ ਦਾ ਤੇਲ ਆਉਂਦੈ, ਇਹ ਬਾਬਾ ਗਲੀ ਦੀਆਂ ਸਾਰੀਆਂ ਜ਼ਨਾਨੀਆਂ ਨੂੰ ਦੱਸ ਦਿੰਦੈ। ਨਹੀਂ ਤਾਂ ਪਤਾ ਈ ਨ੍ਹੀ ਲੱਗਦਾ, ਕਦੋ ਤੇਲ ਆਉਂਦੈ ਤੇ ਕਦੋਂ ਵੰਡ ਵੀ ਦਿੱਤਾ ਜਾਂਦੈ। ਡੀਪੂ ਵਾਲਿਆਂ ਦਾ ਪਤਾ ਈ ਨ੍ਹੀ ਕਦੋਂ ਦੁਕਾਨ ਖੋਲ੍ਹਦੇ ਨੇ ਤੇ ਕਦੋਂ ਅਚਾਨਕ ਈ ਬੰਦ ਕਰ ਜਾਂਦੇ ਨੇ।' 'ਬਲੈਕ ਵਿਚ ਤੇਲ ਵੇਚਣ ਦਾ ਇਹ ਵੀ ਇੱਕ ਤਰੀਕਾ ਹੁੰਦੈ ਇਨ੍ਹਾਂ ਦਾ। ਜੋ ਲੈ ਆਏ ਸੋ ਲੈ ਆਏ, ਬਾਕੀ ਉਹ ਬਲੈਕ 'ਚ ਵੇਚ ਦਿੰਦੇ ਹੋਣਗੇ।' ਮੈਂ ਅੰਦਾਜ਼ਾ ਲਾਇਆ। 'ਫੇਰ ਤਾਂ ਬੁੜ੍ਹਾ ਚੰਗਾ ਕੰਮ ਕਰਦੈ ਏਹੇ। ਦੱਸ ਦਿੰਦੈ।'
'ਹਾਂ ਜੀ, ਜਦੋਂ ਚੀਨੀ ਆਉਂਦੀ ਐ, ਉਹ ਵੀ ਦੱਸ ਜਾਂਦੈ।'
ਬੜਾ ਲੋਕ ਸੇਵਕ ਐ ਬੁੜ੍ਹਾ ਫੇਰ ਤਾਂ।' ਮੈਂ ਕਿਹਾ ਤੇ ਪੁੱਛਿਆ, 'ਇਹ ਕੌਣ ਐ? ਕੀਹਦਾ ਬੁੜ੍ਹਾ ਐ ਏਹੇ?'
'ਇਹ ਕੋਈ ਨ੍ਹੀ ਜਾਣਦਾ ਸੀ। ਕਿਸੇ ਦਾ ਬੁੜ੍ਹਾ ਹੋਵੇ, ਇਹ ਦਾ ਨਾਉਂ ਵੀ ਕੋਈ ਨ੍ਹੀਂ ਜਾਣਦਾ।ਕਿਸੇ ਜ਼ਨਾਨੀ ਨੇ ਕੀ ਲੈਣਾ ਐ ਇਹ ਗੱਲਾਂ ਪੁੱਛ ਕੇ। ਲੋਕਾਂ ਨੂੰ ਤਾਂ ਮਿੱਟੀ ਦਾ ਤੇਲ ਚਾਹੀਦੈ, ਚੀਨੀ ਚਾਹੀਦੀ ਐ। ਅਸੀਂ ਤਾਂ ਐਨਾ ਜਾਣਦੀਆਂ ਕਿ ਬਾਬਾ ਆਪਣਾ ਆਦਮੀ ਐ ਜਿਹੜਾ ਤੇਲ ਆਇਆ ਦੱਸ ਜਾਂਦੈ, ਚੀਨੀ ਆਈ ਦੱਸ ਜਾਂਦੈ।'