ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਵਸਾਖੀ ਵਾਲਾ ਪਿੰਡ

ਵਿਕੀਸਰੋਤ ਤੋਂ

ਵਸਾਖੀ ਦਾ ਦਿਨ ਪੰਜਾਬ ਵਿਚ ਬਹੁਤ ਪਿਆਰਾ ਦਿਨ ਹੈ। ਜੱਟ ਦੀ ਫ਼ਸਲ ਪੱਕ ਜਾਂਦੀ ਹੈ ਤੇ ਉਹ ਆਪਣੇ ਲਹੂ ਮੁੜ੍ਹਕੇ ਦੀ ਕਮਾਈ ਨੂੰ ਦਾਤੀ ਪਾਉਂਦਾ ਹੈ। ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮੇਲੇ ਲੱਗਦੇ ਹਨ। ਲੋਕ ਚਿਰ ਬਾਅਦ ਮਿਲਦੇ ਹਨ।

ਏਸ ਪਿੰਡ ਵਿਚ ਵੀ ਵਸਾਖੀ ਦਾ ਮੇਲਾ ਲੱਗਦਾ ਹੈ। ਮੇਲੇ ਨੂੰ ਦੇਖਣ ਦੂਰ ਦੂਰ ਤੋਂ ਗੱਭਰੂ ਤੇ ਅਧਖੜ ਬੰਦੇ ਆਉਂਦੇ ਹਨ। ਮੇਲੇ ਨੂੰ ਦੇਖਣ ਦੂਰ ਦੂਰ ਤੋਂ ਮੁਟਿਆਰਾਂ ਤੇ ਅਧਖੜ ਤੀਵੀਂਆਂ ਆਉਂਦੀਆਂ ਹਨ। ਪੂਰੇ ਇੱਕ ਸਾਲ ਬਾਅਦ ਆਪਣੇ ਪਿਆਰਿਆਂ ਨੂੰ ਮਿਲਣ ਦਾ ਇਹ ਇੱਕ ਵਧੀਆ ਬਹਾਨਾ ਹੈ। ਹਰ ਕੁੜੀ ਆਪਣੇ ਸੋਹਣੇ ਨੂੰ ਮਿਲਦੀ ਹੈ। ਹਰ ਨੌਜਵਾਨ ਆਪਣੀ ਸੋਹਣੀ ਨੂੰ ਮਿਲਦਾ ਹੈ।

ਇਹ ਪਿੰਡ ਨਹੀਂ, ਇੱਕ ਛੋਟਾ ਜਿਹਾ ਸ਼ਹਿਰ ਹੈ। ਬਿਜਲੀ ਹੈ, ਸੜਕਾਂ ਚਾਰ ਚੁਫੇਰਿਓਂ ਪੈਂਦੀਆਂ ਹਨ, ਜਿਹੜੀ ਚੀਜ਼ ਨਾਲ ਦੇ ਵੱਡੇ ਸ਼ਹਿਰੋਂ ਮਿਲਦੀ ਹੈ, ਉਹ ਇੱਥੋਂ ਵੀ ਮਿਲ ਜਾਂਦੀ ਹੈ ਤੇ ਹੋਰ ਸ਼ਹਿਰ ਕੀ ਹੁੰਦਾ ਹੈ? ਪੁਲਿਸ ਥਾਣਾ, ਵੱਡਾ ਹਸਪਤਾਲ, ਡੰਗਰ ਹਸਪਤਾਲ, ਗਰਲਜ਼ ਮਾਡਲ ਸਕੂਲ ਤੇ ਬੇਸਿਕ ਟ੍ਰੇਨਿੰਗ ਕਾਲਜ ਦੀਆਂ ਬਿਲਡਿੰਗਾਂ ਕੋਲੋ ਕੋਲ ਹਨ। ਗੌਰਮਿੰਟ ਸਕੂਲ ਏਥੇ ਕੋਈ ਨਹੀਂ, ਕਿਉਂਕਿ ਖਾਲਸਾ ਹਾਈ ਸਕੂਲ ਚੱਲਦਾ ਹੈ, ਜੋ ਪਿੰਡ ਦੀ ਆਬਾਦੀ ਤੇ ਨੇੜੇ ਦੇ ਤਿੰਨ ਚਾਰ ਪਿੰਡਾਂ ਲਈ ਕਾਫ਼ੀ ਹੈ।

ਏਥੋਂ ਦੇ ਬੇਸਿਕ ਟ੍ਰੇਨਿੰਗ ਕਾਲਜ ਦੀ ਬਿਲਡਿੰਗ ਸਭ ਤੋਂ ਚੰਗੀ ਇਮਾਰਤ ਹੈ। ਖੁੱਲ੍ਹੇ ਖੁੱਲ੍ਹੇ ਕਮਰੇ, ਖੁੱਲ੍ਹੇ ਖੁੱਲ੍ਹੇ ਮੈਦਾਨ ਤੇ ਖੁੱਲ੍ਹੇ ਖੁੱਲ੍ਹੇ ਪ੍ਰੋਫ਼ੈਸਰਾਂ ਦੇ ਸੁਭਾਅ। ਸਾਂਝੀ ਵਿੱਦਿਆ ਹੈ। ਨੌਜਵਾਨ ਮੁੰਡੇ ਕੁੜੀਆਂ ਵਿਚ ਖੁੱਲ੍ਹ ਦਾ ਮਾਹੌਲ ਠਾਠਾਂ ਮਾਰਦਾ ਹੈ।

ਇਸ ਕਾਲਜ ਵਿਚ ਪ੍ਰੋ:ਨਿਰਮਲ ਸਿੰਘ ਸਾਈਕਾਲੌਜੀ ਪੜ੍ਹਾਉਂਦਾ ਸੀ। ਸੁਭਾਉ ਊਸ ਦਾ ਬੜਾ ਖੁੱਲ੍ਹਾ, ਪਰ ਉਸ ਨੂੰ ਚੁੱਪ ਰਹਿਣ ਦੀ ਆਦਤ ਸੀ। ਕਿਸੇ ਨੇ ਬੁਲਾਇਆ ਤਾਂ ਬੋਲ ਪਿਆ, ਨਹੀਂ ਤਾਂ ਆਪਣੀਆਂ ਹੀ ਸੋਚਾਂ ਵਿਚ ਮਸਤ। ਉਹ ਪੰਜਾਬੀ ਵਿਚ ਕਵਿਤਾ ਵੀ ਲਿਖਦਾ ਸੀ ਜਦ ਕਦੀ ਕਵਿਤਾ ਪੜ੍ਹਦਾ ਤਾਂ ਪ੍ਰੋਫੈਸਰ ਰੱਜ ਕੇ ਦਾਦ ਦਿੰਦੇ, ਇਕ ਦੋ ਲੇਡੀਜ ਪ੍ਰੋਫੈਸਰ ਦੰਦਾਂ ਵਿਚ ਚੁੰਨੀਆਂ ਦੇ ਲੜ ਦੱਬਦੀਆਂ ਤੇ ਅੱਖਾਂ ਵਿਚ ਮੁਸਕਰਾਹਟ ਖੇਡਦੀ ਤੇ ਵਿਦਿਆਰਥੀ ਆਪਣੇ ਕਾਲਜਿਆਂ ਤੇ ਹੱਥ ਰੱਖ ਲੈਂਦੇ। ਪ੍ਰੋ:ਨਿਰਮਲ ਸਿੰਘ ਦੀ ਬੜੀ ਇੱਜ਼ਤ ਸੀ, ਬੜਾ ਮਾਣ ਸੀ-ਕਾਲਜ ਵਿਚ ਵੀ ਤੇ ਪਿੰਡ ਵਿਚ ਵੀ। ਦੋ ਸਾਲ ਲਾ ਕੇ ਉਹ ਉੱਥੋਂ ਬਦਲ ਗਿਆ। ਪ੍ਰੋ: ਮਦਨ ਮੋਹਨ ਸਿੰਘ ਬੇਸਿਕ ਸਿੱਖਿਆ ਦਾ ਪ੍ਰੋਫੈਸਰ ਅਜੇ ਓਸੇ ਕਾਲਜ ਵਿਚ ਸੀ। ਪ੍ਰੋ: ਨਿਰਮਲ ਸਿੰਘ ਦਾ ਬੜਾ ਜਿਗਰੀ ਯਾਰ ਸੀ। ਮਦਨ ਮੋਹਨ ਬੁਲਾਰਾ ਬਹੁਤ ਚੰਗਾ ਸੀ। ਬੜਾ ਮਿਲਣਸਾਰ, ਬੜਾ ਖੁੱਲ੍ਹਾ ਤੇ ਵਿਦਿਆਰਥੀਆਂ ਵਿਚ ਮੁੰਡਿਆਂ ਨਾਲ ਮੁੰਡਾ ਤੇ ਕੁੜੀਆਂ ਨਾਲ ਕੁੜੀ ਬਣ ਕੇ ਰਹਿੰਦਾ।

ਜਦ ਕਦੀ ਮਦਨ ਮੋਹਨ ਦਾ ਚਿੱਤ ਉਦਾਸ ਹੁੰਦਾ, ਉਹ ਨਿਰਮਲ ਸਿੰਘ ਨੂੰ ਮਿਲਣ ਉਸ ਦੇ ਕੋਲ ਚਲਿਆ ਜਾਂਦਾ। ਨਿਰਮਲ ਸਿੰਘ ਦਾ ਕਾਲਜ ਉੱਥੋਂ ਤੀਹ ਪੈਂਤੀ ਮੀਲ ਹੀ ਸੀ।

ਇੱਕ ਵਾਰੀ ਮਦਨ ਮੋਹਨ ਏਸੇ ਤਰ੍ਹਾਂ ਨਿਰਮਲ ਸਿੰਘ ਕੋਲ ਆਇਆ ਹੋਇਆ ਸੀ। ਜਦੋਂ ਕਦੇ ਉਹ ਮਿਲਦੇ ਸ਼ਰਾਬ ਜ਼ਰੂਰ ਪੀਂਦੇ। ਇਸ ਵਾਰੀ ਉਹ ਸ਼ਰਾਬ ਪੀ ਕੇ ਤੇ ਰੋਟੀ ਖਾ ਕੇ ਬਾਹਰ ਨਹਿਰ ਦੀ ਪਟੜੀ 'ਤੇ ਟਹਿਲਣ ਚਲੇ ਗਏ। ਮਦਨ ਮੋਹਨ ਮੱਲੋ ਮੱਲੀ ਉਸ ਨੂੰ ਬਾਹਰ ਲੈ ਗਿਆ।

ਮਦਨ ਮੋਹਨ ਸਧਾਰਨ ਗੱਲਾਂ ਕਰਦਾ ਵੀ ਹੌਂਕੇ ਲੈ ਰਿਹਾ ਸੀ। ਨਿਰਮਲ ਸਿੰਘ ਨੇ ਪੁੱਛਿਆ-'ਹੌਂਕਾ ਜਾ ਵਿਚ ਆ ਕੀ ਭਰ ਜਾਨੈ?' 'ਅੱਜ ਬੱਸ ਤੈਨੂੰ ਹੌਂਕੇ ਦੀ ਗੱਲ ਦੱਸਣ ਈ ਆਇਆਂ।' ਮਦਨ ਮੋਹਨ ਨੇ ਉੱਤਰ ਦਿੱਤਾ ਤੇ ਦੱਸਿਆ ਕਿ ਉਸ ਦੇ ਕਾਲਜ ਵਿਚ ਇੱਕ ਕੁੜੀ ਹੈ।

'ਕਿਹੜੀ?' ਨਿਰਮਲ ਸਿੰਘ ਨੈ ਚੌਂਕ ਕੇ ਪੁੱਛਿਆ, ਕਿਉਂਕਿ ਉਹ ਇਸ ਸੈਸ਼ਨ ਨੂੰ ਛੱਡ ਕੇ ਆਇਆ ਸੀ ਤੇ ਲਗਭਗ ਸਾਰੇ ਮੁੰਡੇ ਕੁੜੀਆਂ ਨੂੰ ਜਾਣਦਾ ਸੀ।

'ਇਕਬਾਲ ਸੋਢੀ' ਮਦਨ ਮੋਹਨ ਨੇ ਉਸ ਕੁੜੀ ਦਾ ਨਾਉਂ ਲੈ ਕੇ ਫੇਰ ਹੌਂਕਾ ਭਰ ਲਿਆ ਤੇ ਕੁਝ ਪਲ ਠਹਿਰ ਕੇ ਫਿਰ ਦੱਸਿਆ-'ਯਾਰ ਉਸ ਕੁੜੀ ਕੰਨੀ ਮੈਂ ਕਦੇ ਬੁਰੀ ਨਿਗਾਹ ਨਾਲ ਨਹੀਂ ਸੀ ਝਾਕਿਆ। ਚੰਗੀ ਉਹ ਮੈਨੂੰ ਜ਼ਰੂਰ ਲੱਗਦੀ ਸੀ। ਗੋਰਾ ਰੰਗ, ਕੱਦ ਸੂਤ ਸਿਰ, ਪਤਲੀ ਜਿਹੀ, ਮਟਕ ਮਟਕ ਤੁਰਦੀ, ਅੱਖਾਂ ਨਾਲ ਹੀ ਗੱਲ ਕਰਦ ਤੇ ਹਸਦੀ ਤਾਂ ਲੋਟ ਪੋਟ ਹੋ ਜਾਂਦੀ। ਉਸ ਦੀ ਇੱਕ ਹੋਰ ਸਹੇਲੀ ਵੀ ਐ-'ਕ੍ਰਿਸ਼ਨਾ।'

'ਕ੍ਰਿਸ਼ਨਾ ਕਿਹੜੀ?' ਨਿਰਮਲ ਸਿੰਘ ਨੇ ਪੁੱਛਿਆ।

'ਉਹੀ, ਪੰਕੇ ਜੇ ਰੰਗ ਵਾਲੀ, ਮੋਟੀਆਂ ਮੋਟੀਆਂ ਅੱਖਾਂ, ਬੋਲ ਥੋੜ੍ਹਾ ਜਾ ਭਾਰੈ।' ਮਦਨ ਮੋਹਨ ਨੇ ਦੱਸਿਆ।

'ਕਿਹੜੀ ਯਾਰ? ਸਮਝ ਨੀ ਆਈ', ਨਿਰਮਲ ਸਿੰਘ ਦੇ ਦਿਮਾਗ਼ ਵਿਚ ਨਹੀਂ ਸੀ।

'ਉਹੀ ਯਾਰ, ਜਿਹੜੀਆਂ ਦੋ ਕੁੜੀਆਂ ਨੇ ਨਹਿਰੂ ਡੇ 'ਤੇ ਗਾਇਆ ਸੀ ਉਨ੍ਹਾਂ 'ਚੋਂ ਇੱਕ ਕੁੜੀ ਜਿਹੜੀ ਕੁੜੀ ਬਣੀ ਸੀ, ਉਹ ਇਕਬਾਲ ਸੀ ਤੇ ਦੂਜੀ ਜਿਹੜੀ ਮੁੰਡਾ ਬਣੀ ਸੀ, ਉਹ ਕ੍ਰਿਸ਼ਨਾ ਸੀ।'

'ਠੀਕ ਠੀਕ', ਨਿਰਮਲ ਸਿੰਘ ਦੇ ਯਾਦ ਆ ਗਿਆ ਸੀ ਮਦਨ ਮੋਹਨ ਨੇ ਅੱਗੇ ਦੱਸਣਾ ਸ਼ੁਰੂ ਕੀਤਾ-'ਇਕਬਾਲ ਨੇ ਇੱਕ ਦਿਨ ਯਾਰ ਚਿੱਠੀ ਲਿਖ ਕੇ ਕ੍ਰਿਸ਼ਨਾ ਨੂੰ ਫੜਾ ਦਿੱਤੀ ਤੇ ਉਹ ਚਿੱਠੀ ਕ੍ਰਿਸ਼ਨਾ ਮੈਨੂੰ ਫੜਾ ਗਈ। ਲਿਖਿਆ ਸੀ-'ਪਿਆਰੇ ਪ੍ਰੋਫੈਸਰ ਸਾਹਿਬ, ਮੈਨੂੰ ਤੁਸੀਂ ਬਹੁਤ ਪਿਆਰੇ ਲਗਦੇ ਹੋ। ਜੇ ਮੈਂ ਤੁਹਾਨੂੰ ਪਿਆਰੀ ਹਾਂ ਤਾਂ ਗੱਲ ਕਰੋ। ਜੇ ਤੁਸੀਂ ਇਸ ਗੱਲ ਦਾ ਬੁਰਾ ਮਨਾਉਂ ਤਾਂ ਏਥੇ ਈ ਮਿੱਟੀ ਪਾ ਦਿਓ। ਮੈਨੂੰ ਬਦਨਾਮ ਨਾ ਕਰਿਓ।'

ਮੈਂ ਓਸੇ ਵੇਲੇ ਇਕਬਾਲ ਇਕੱਲੀ ਨੂੰ ਸੱਦ ਕੇ ਪਹਿਲਾਂ ਤਾਂ ਬਹੁਤ ਝਿੜਕਿਆ ਕਿ ਤੂੰ ਮੈਨੂੰ ਇਹੋ ਜਿਹਾ ਕਮੀਨਾ ਸਮਝਦੀ ਐਂ, ਪਰ ਤੀਜੇ ਦਿਨ ਯਾਰ ਮੈਂ ਆਪੇ ਈ ਪਿਘਲ ਗਿਆ ਤੇ ਇਕਬਾਲ ਵਿਚ ਵੀ ਜਿਵੇਂ ਜਾਨ ਪੈ ਗਈ। ਹੁਣ ਉਹ ਦੋਵੇਂ ਮੇਰੇ ਕੋਲ ਆਉਂਦੀਆਂ ਨੇ। ਕਾਪੀ ਵਿਚ ਚਿੱਠੀ ਪਾ ਕੇ ਇਕਬਾਲ ਦੇ ਜਾਂਦੀ ਐ ਤੇ ਦੂਜੇ ਦਿਨ ਆਪਣੀ ਚਿੱਠੀ ਉਸੇ ਕਾਪੀ ਵਿਚ ਪਾ ਕੇ ਮੈਂ ਉਨ੍ਹਾਂ ਨੂੰ ਮੋੜ ਦਿੰਦਾ ਹਾਂ। ਬੜਾ ਕੁਸ ਉਹ ਲਿਖਦੀ ਐ। ਬੜਾ ਕੁਸ ਮੈਂ ਲਿਖਿਐ। ਹੁਣ ਤਾਂ ਪੂਰੀ ਤਰ੍ਹਾਂ ਖੁੱਲ੍ਹ ਗਏ ਆਂ। ਯਾਰ ਲਿਖਦੀ ਬੜਾ ਸੋਹਣੈ-ਜ਼ਰੂਰ ਨਾਵਲ ਪੜ੍ਹਦੀ ਹੋਏਗੀ।'

'ਅੱਛਾ! ਅੱਛਾ! ਯਹ ਬਾਤ ਹੈ!' ਨਿਰਮਲ ਸਿੰਘ ਨੂੰ ਸੁਣ ਕੇ ਵੀ ਜਿਵੇਂ ਸੁਆਦ ਜਿਹਾ ਆ ਗਿਆ।

ਵੀਹ ਕੁ ਦਿਨਾ ਬਾਅਦ ਮਦਨ ਮੋਹਨ ਫੇਰ ਨਿਰਮਲ ਸਿੰਘ ਕੋਲ ਆਇਆ। ਇਕਬਾਲ ਸੋਢੀ ਦੀਆਂ ਗੱਲਾਂ ਬਹੁਤ ਉਹ ਕਰਦੇ ਰਹੇ। ਨਾਲ ਦੀ ਕ੍ਰਿਸ਼ਨਾ ਦੀ ਗੱਲ ਵੀ ਚੱਲ ਪੈਂਦੀ। ਗੱਲਾਂ ਗੱਲਾਂ ਵਿਚ ਮਦਨ ਮੋਹਨ ਨੇ ਨਿਰਮਲ ਸਿੰਘ ਨੂੰ ਦੱਸਿਆ-'ਯਾਰ, ਕ੍ਰਿਸ਼ਨਾ ਜਦ ਇਕਬਾਲ ਨਾਲ ਮੇਰੇ ਕੋਲ ਆਉਂਦੀ ਐ ਤਾਂ ਤੇਰਾ ਨਾਉਂ ਬੜਾ ਲੈਂਦੀ ਐ। ਕਦੇ ਪੁੱਛਦੀ ਐ-ਪ੍ਰੋ: ਨਿਰਮਲ ਸਿੰਘ ਜੀ ਹੁਣ ਕਿਹੜੇ ਕਾਲਜ ਵਿਚ ਨੇ? ਕਦੇ ਪੁੱਛਦੀ ਐ ਉਨ੍ਹਾਂ ਦੀ ਕਵਿਤਾ ਨੀ ਹੁਣ ਕਦੇ ਕਿਸੇ ਰਸਾਲੇ 'ਚ ਪੜ੍ਹੀ। ਇਕਬਾਲ ਨੇ ਅੱਡ ਹੋ ਕੇ ਵੀ ਮੈਨੂੰ ਇੱਕ ਦਿਨ ਕਿਹਾ ਸੀ ਕਿ ਪਤਾ ਨੀ ਕ੍ਰਿਸ਼ਨਾ ਕਿਉਂ ਪ੍ਰੋ: ਨਿਰਮਲ ਸਿੰਘ ਜੀ ਨੂੰ ਯਾਦ ਕਰਦੀ ਰਹਿੰਦੀ ਐ।'

ਮਦਨ ਮੋਹਨ ਦੀਆਂ ਇਹ ਗੱਲਾਂ ਸੁਣ ਕੇ ਨਿਰਮਲ ਸਿੰਘ ਵੀ ਭਾਵੁਕ ਜਿਹਾ ਹੋ ਗਿਆ। ਦੂਜੇ ਦਿਨ ਜਦ ਉਹ ਅੱਡੇ 'ਤੇ ਉਸ ਨੂੰ ਬੱਸ ਚੜ੍ਹਾਉਣ ਗਿਆ ਤਾਂ ਇੱਕ ਪਰਚੀ ਜਿਹੀ ਕ੍ਰਿਸ਼ਨਾ ਦੇ ਨਾਉਂ 'ਤੇ ਲਿਖ ਕੇ ਉਸ ਨੂੰ ਫੜਾ ਦਿੱਤੀ, ਜਿਸ ਵਿਚ ਲਿਖਿਆ ਸੀ-'ਮਦਨ ਮੋਹਨ ਤੋਂ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਤੇਰੇ ਨਾਲ ਕੁਝ ਮੋਹ ਜਿਹਾ ਹੋ ਗਿਆ ਹੈ। ਜੇ ਤੇਰੇ ਦਿਲ ਵਿਚ ਵੀ ਕੋਈ ਅੱਗ ਹੈ ਤਾਂ ਲਿਖ।'

ਕੁੜੀਆਂ ਉਹ ਦੋਵੇਂ ਵਸਾਖੀ ਵਾਲੇ ਪਿੰਡ ਦੇ ਰਹਿਣ ਵਾਲੀਆਂ ਸਨ।

ਇੱਕ ਵਾਰੀ ਫੇਰ ਜਦ ਮਦਨ ਮੋਹਨ ਨਿਰਮਲ ਸਿੰਘ ਕੋਲ ਆਇਆ ਤਾਂ ਉਹਦਾ ਚਿਹਰਾ ਉਤਰਿਆ ਹੋਇਆ ਸੀ। 'ਯਾਰ, ਤੇਰੀ ਪਰਚੀ ਜੀ ਨੇ ਤਾਂ ਵਕਾਰ ਦਾ ਸਵਾਲ ਬਣਾ 'ਤਾ। ਕ੍ਰਿਸ਼ਨਾ ਪਰਚੀ ਪੜ੍ਹਨ ਸਾਰ ਇਕਬਾਲ 'ਤੇ ਭੜਕ ਪਈ। ਕਹਿੰਦੀ-'ਮੈਂ ਹੁਣ ਤੀਕ ਉਨ੍ਹਾਂ ਨੂੰ ਟੀਚਰ ਸਮਝਦੀ ਆ ਰਹੀ ਆਂ, ਇਹ ਉਨ੍ਹਾਂ ਨੇ ਕੀ ਕੀਤਾ?' ਮੇਰੇ ਲਈ ਹੁਣ ਇਹ ਯਾਰ ਵਕਾਰ ਦਾ ਸਵਾਲ ਐ। ਖ਼ੈਰ ਇਹਦੇ ਵਿਚ ਮੈਂ ਈ ਦੋਸ਼ੀ ਆਂ, ਤੂੰ ਨਹੀਂ।'

ਮਦਨ ਮੋਹਨ ਦੀ ਇਹ ਸਾਰੀ ਗੱਲ ਸੁਣ ਕੇ ਨਿਰਮਲ ਸਿੰਘ ਦੀ ਹੋਸ਼ ਠਿਕਾਣੇ ਆ ਗਈ। ਮਦਨ ਮੋਹਨ ਤਾਂ ਚਲਿਆ ਗਿਆ, ਪਰ ਨਿਰਮਲ ਸਿੰਘ ਦੇ ਕਾਲਜੇ ਨੂੰ ਅੱਗ ਲੱਗੀ ਰਹੀ। ਕਾਲਜ ਉਹ ਜਾਂਦਾ ਤੇ ਵਿਦਿਆਰਥੀਆਂ ਨੂੰ ਉੱਖੜੇ ਉੱਖੜੇ ਲੈਕਚਰ ਦਿੰਦਾ। ਪ੍ਰੋਫੈਸਰਾਂ ਨਾਲ ਬੇਥਵੀਆਂ ਗੱਲਾਂ ਮਾਰਦਾ। ਆਖ਼ਰ ਉਸ ਨੇ ਇੱਕ ਦਿਨ ਕਾਪੀ ਬਜ਼ਾਰੋਂ ਖਰੀਦੀ ਤੇ 'ਮੇਰੇ ਚੰਗੇ ਜੀ' ਸੰਬੋਧ ਕਰਕੇ ਤਿੰਨ ਦਿਨ ਲਿਖਦਾ ਰਿਹਾ। ਪੂਰੇ ਉਣੱਤੀ ਸਫ਼ੇ ਦੀ ਉਹ ਚਿੱਠੀ ਲਿਖ ਕੇ ਨਿਰਮਲ ਸਿੰਘ ਇੱਕ ਰਾਤ ਮਦਨ ਮੋਹਨ ਕੋਲ ਗਿਆ ਤੇ ਕ੍ਰਿਸ਼ਨਾ ਲਈ ਉਹ ਚਿੱਠੀ ਉਸ ਨੂੰ ਦੇ ਆਇਆ।

ਚਿੱਠੀ ਵਿਚ ਭਾਵੁਕ ਹੋ ਕੇ ਪਤਾ ਨਹੀਂ ਕੀ ਕੀ ਲਿਖ ਗਿਆ ਸੀ। ਆਪਣੇ 'ਤੇ ਲਾਹਣਤਾਂ ਪਾਈਆਂ ਸਨ। ਆਪਣੇ ਖ਼ਾਲੀ ਖ਼ਾਲੀ ਦਿਲ ਦੀ ਤਰਜਮਾਨੀ ਕੀਤੀ ਸੀ। ਪਛਤਾਵਾ ਸੀ ਤੇ ਕ੍ਰਿਸ਼ਨਾ ਪ੍ਰਤੀ ਪੋਲਾ ਪੋਲਾ ਤੇ ਗੁੱਝਾ ਗੁੱਝਾ ਗੁੱਸਾ ਸੀ।

ਉਣੱਤੀ ਸਫ਼ੇ ਦੀ ਉਹ ਚਿੱਠੀ ਪੜ੍ਹ ਕੇ ਕ੍ਰਿਸ਼ਨਾ ਦੇ ਪੈਰਾਂ ਥੱਲਿਓਂ ਜਿਵੇਂ ਮਿੱਟੀ ਨਿਕਲ ਗਈ। ਐਡੇ ਵੱਡੇ ਆਦਮੀ ਨੇ ਉਸ ਤੋਂ ਮਾਫ਼ੀਆਂ ਮੰਗੀਆਂ ਸਨ। ਕ੍ਰਿਸ਼ਨਾ ਦਾ ਮਨ ਵਹਿ ਤੁਰਿਆ। ਅਗਲੇ ਐਤਵਾਰ ਹੀ ਮਦਨ ਮੋਹਨ ਦੇ ਪਿੰਡ ਇੱਕ ਮੀਟਿੰਗ ਰੱਖੀ ਗਈ। ਇਹ ਪਿੰਡ ਵਸਾਖੀ ਵਾਲੇ ਪਿੰਡ ਤੋਂ ਕੇਵਲ ਦਸ ਮੀਲ ਦੂਰ ਸੀ। ਇਸ ਮੀਟਿੰਗ 'ਤੇ ਮਦਨ ਮੋਹਨ ਤੇ ਇਕਬਾਲ ਸੋਢੀ ਨੇ ਵੀ ਰੱਜ ਕੇ ਗੱਲਾਂ ਕਰਨੀਆਂ ਸਨ ਤੇ ਕ੍ਰਿਸ਼ਨਾ ਨੇ ਵੀ ਨਿਰਮਲ ਸਿੰਘ ਨਾਲ ਕੋਈ ਗੱਲ ਕਰਨੀ ਸੀ।

ਮਦਨ ਮੋਹਨ ਦੇ ਘਰ ਹੀ ਇੱਕ ਵੱਖਰੀ ਬੈਠਕ ਵਿਚ ਇਹ ਮੀਟਿੰਗ ਹੋਈ। ਕੁਦਰਤੀ ਤੌਰ 'ਤੇ ਇਸ ਸਮੇਂ ਪਟਿਆਲੇ ਤੋਂ ਮਦਨ ਮੋਹਨ ਦਾ ਇੱਕ ਦੋਸਤ ਵੀ ਆ ਗਿਆ। ਉਹ ਪਟਿਆਲੇ ਕਿਸੇ ਵੱਡੀ ਵਰਕਸ਼ਾਪ ਦਾ ਹੈੱਡ ਮਕੈਨਿਕ ਸੀ। ਉਹ ਬੰਦਾ ਵੀ ਇਸ਼ਕ ਵਿਚ ਮੱਚਿਆ ਹੋਇਆ ਸੀ। ਹੁਣ ਉਹ ਵਿਆਹਿਆ ਹੋਇਆ ਸੀ, ਪਰ ਵਿਆਹ ਤੋਂ ਪਹਿਲਾਂ ਉਸ ਨੇ ਇੱਕ ਲੜਕੀ ਨੂੰ ਕਈ ਸਾਲ ਰੱਜ ਕੇ ਪਿਆਰ ਕੀਤਾ ਸੀ। ਉਸ ਦੇ ਉਸ ਪਿਆਰ ਵਿਚ ਲਿੰਗ ਵਾਸ਼ਨਾ ਦਾ ਭੋਰਾ ਵੀ ਅੰਸ਼ ਨਹੀਂ ਸੀ। ਚਾਰ ਪੰਜ ਸਾਲ ਉਹ ਲਗਾਤਾਰ ਰਾਤ ਨੂੰ ਮਿਲਦੇ ਰਹੇ ਸਨ। ਰਾਤ ਨੂੰ ਉਹ ਸੌਣ ਵੇਲੇ ਦੋਵੇਂ ਆਪਣੇ ਆਪਣੇ ਘਰ ਸਾਰੇ ਟੱਬਰ ਨੂੰ ਦੁੱਧ ਵਿਚ ਇੱਕ ਐਸੀ ਦਵਾਈ ਪਿਆ ਦਿੰਦੇ, ਜਿਸ ਨਾਲ ਸਾਰੀ ਰਾਤ ਜਾਗ ਨਹੀਂ ਸੀ ਆਉਂਦੀ। ਉਹ ਇੱਕ ਦੂਜੇ ਲਈ ਜਾਨ ਦਿੰਦੇ ਸਨ ਤੇ ਇੱਕ ਜਾਨ ਹੋ ਗਏ। ਪਰ ਜ਼ਾਤ ਬਰਾਦਰੀ ਮਸਲਿਆਂ ਕਰਕੇ ਉਨ੍ਹਾਂ ਦਾ ਵਿਆਹ ਨਾ ਹੋ ਸਕਿਆ। ਉਹ ਅਜੇ ਵੀ ਮਹੀਨੇ ਦੋ ਮਹੀਨਿਆਂ ਬਾਅਦ ਮਿਲ ਲੈਂਦੇ ਸਨ। ਮਿਲ ਕੇ ਰੋਂਦੇ ਸਨ ਤੇ ਮਿਲ ਕੇ ਪਲ ਦੋ ਪਲ ਹੱਸਦੇ ਸਨ। ਉਸ ਦੀ ਪ੍ਰੇਮਿਕਾ ਹੁਣ ਇੱਕ ਪਟਵਾਰੀ ਨੂੰ ਵਿਆਹੀ ਹੋਈ ਸੀ ਤੇ ਉਹ ਉਸ ਨੂੰ ਮਿਲਣ ਆਇਆ ਮਦਨ ਮੋਹਨ ਨੂੰ ਮਿਲਣ ਆ ਜਾਂਦਾ ਸੀ। ਉਸ ਦੀ ਪ੍ਰੇਮਿਕਾ ਦੇ ਸਹੁਰੇ ਮਦਨ ਮੋਹਨ ਦੇ ਪਿੰਡ ਵਾਲੀ ਸੜਕ 'ਤੇ ਹੀ ਸਨ। ਸੋ, ਅੱਜ ਵੀ ਏਸੇ ਤਰ੍ਹਾਂ ਮਦਨ ਮੋਹਨ ਦਾ ਉਹ ਮਕੈਨਿਕ ਦੋਸਤ ਆ ਗਿਆ ਸੀ।

ਇਸ ਮੀਟਿੰਗ ਵਿਚ ਨਿਰਮਲ ਸਿੰਘ, ਮਦਨ ਮੋਹਨ, ਇਕਬਾਲ, ਕ੍ਰਿਸ਼ਨਾ ਤੇ ਮਕੈਨਿਕ ਦੋਸਤ ਕਈ ਘੰਟੇ ਗੱਲਾਂ ਕਰਦੇ ਰਹੇ। ਮਕੈਨਿਕ ਦੋਸਤ ਸਾਰਾ ਸਮਾਂ ਪਿਆਰ ਦੇ ਨਿਯਮ ਦੱਸਦਾ ਰਿਹਾ।ਕ੍ਰਿਸ਼ਨਾ ਕਦੇ ਰੋ ਪੈਂਦੀ ਤੇ ਕਦੇ ਚੁੱਪ ਕਰ ਜਾਂਦੀ। ਇਕਬਾਲ ਖਿੜ ਖਿੜ ਹੱਸਦੀ। ਮਦਨ ਮੋਹਨ ਚੌੜਾ ਹੋਇਆ ਬੈਠਾ ਸੀ। ਨਿਰਮਲ ਸਿੰਘ ਇਉਂ ਬੈਠਾ ਸੀ ਜਿਵੇਂ ਮੱਲੋ-ਮੱਲੀ ਫੜ ਕੇ ਬਿਠਾਇਆ ਹੋਵੇ। ਅਖ਼ੀਰ ਦੋਵੇਂ ਪ੍ਰੋਫ਼ੈਸਰਾਂ ਤੇ ਦੋਵੇਂ ਕੁੜੀਆਂ ਨੇ ਫ਼ੈਸਲਾ ਕੀਤਾ ਕਿ ਕਿ ਸ਼ਾਮੀ ਸੱਤ ਵਜੇ ਨਹਿਰ ਦੇ ਕੋਲ ਸਿਵਿਆਂ ਵਿਚ ਉੱਗੇ ਵੱਡੇ ਵੱਡੇ ਕਰੀਰਾਂ ਦੀ ਓਟ ਵਿਚ ਮਿਲਿਆ ਜਾਵੇ। ਮਕੈਨਿਕ ਦੋਸਤ ਨੇ ਪੰਜ ਛੇ ਵਜੇ ਵਾਪਸ ਆਪਣੇ ਸ਼ਹਿਰ ਨੂੰ ਚਲਿਆ ਜਾਣਾ ਸੀ। ਕ੍ਰਿਸ਼ਨਾ ਤੇ ਇਕਬਾਲ ਬੀ. ਡੀ. ਓ. ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਨੂੰ ਜਾ ਚੁੱਕੀਆਂ ਸਨ। ਕ੍ਰਿਸ਼ਨਾ ਦਾ ਮਾਮਾ ਉਸ ਪਿੰਡ ਵਿਚ ਹੈੱਡਮਾਸਟਰ ਲੱਗਿਆ ਹੋਇਆ ਸੀ। ਸੁਖਦੇਵ ਸਿੰਘ ਉਸੇ ਪਿੰਡ ਵਿਚ ਬੀ. ਡੀ. ਓ. ਤੇ ਰਹਿਣ ਵਾਲਾ ਉਹ ਵਸਾਖੀ ਵਾਲੇ ਪਿੰਡ ਦਾ ਸੀ। ਮਦਨ ਮੋਹਨ ਦਾ ਉਹ ਕਾਲਜ ਦਾ ਸਾਥੀ ਸੀ ਤੇ ਉਸ ਕੋਲ ਹੁਣ ਆਮ ਆਉਂਦਾ ਜਾਂਦਾ ਸੀ। ਮਧਰਾ ਜਿਹਾ ਕੱਦ, ਛੀਂਟਕਾ ਜਿਹਾ ਸਰੀਰ, ਦਾੜ੍ਹੀ ਮੂੱਛਾਂ ਛਾਂਟਵੀਆਂ ਤੇ ਲੁੱਚੀਆਂ ਲੁੱਚੀਆਂ ਅੱਖਾਂ। ਵਸਾਖੀ ਵਾਲੇ ਪਿੰਡ ਉਹ ਨਿੱਤ ਹੀ ਮੁੜ ਜਾਂਦਾ ਸੀ। ਦਸ ਮੀਲ ਦੀ ਤਾਂ ਸਾਰੀ ਗੱਲ ਸੀ। ਵਸਾਖੀ ਵਾਲੇ ਪਿੰਡ ਉਹ ਇੱਕ ਐਸੀ ਲੜਕੀ ਨੂੰ ਪਿਆਰ ਕਰਦਾ ਸੀ, ਜਿਹੜੀ ਪੜ੍ਹੀ ਹੋਈ ਤਾਂ ਅੱਠ ਨੌਂ ਜਮਾਤਾਂ ਸੀ, ਪਰ ਇਸ਼ਕ ਕਰਨ ਵਿਚ ਨਿਰੀ ਅੱਗ ਸੀ। ਦੋ ਮਹੀਨੇ ਉਨ੍ਹਾਂ ਦਾ ਚਿੱਠੀਆਂ ਰਾਹੀਂ ਸਿਲਸਲਾ ਚੱਲਦਾ ਰਿਹਾ, ਪਰ ਹੁਣ ਉਹ ਉਸ ਕੁੜੀ ਨੂੰ ਪੰਜਵੇਂ ਸੱਤਵੇਂ ਦਿਨ ਅੱਧੀ ਰਾਤ ਪਹਿਰ ਦੇ ਤੜਕੇ ਉਸ ਦੇ ਘਰ ਹੀ ਜਾ ਮਿਲਦਾ ਸੀ। ਨਿੱਕੇ ਜਿਹੇ ਕੱਦ ਵਾਲੀ ਉਹ ਕੁੜੀ ਦਲੇਰ ਬੜੀ ਸੀ। 'ਨਾ ਬਾਬਾ ਗੁਰੂ' 'ਨਾ ਬਾਬਾ ਗੁਰੂ' ਕਰਦੀ ਕਰਦੀ ਵੀ ਉਹ ਸਭ ਕੁਝ ਕਰ ਲੈਂਦੀ ਸੀ। ਉਸ ਕੁੜੀ ਦੀ ਇੱਕ ਹੋਰ ਕੁੜੀ ਦੋਸਤ ਸੀ। ਉਸ ਕੁੜੀ ਦਾ ਨਾਉਂ ਮੰਜਰੀ ਸੀ। ਮੰਜਰੀ ਛੋਟੇ ਜਿਹੇ ਸਰੀਰ ਦੀ ਗਿੱਠਲ ਜਿਹੀ, ਰੰਗ ਗੋਰਾ ਤੇ ਅੱਖਾਂ ਮਸ਼ਾਲਾਂ ਵਾਂਗ ਮਚਦੀਆਂ ਸਨ। ਉਹ ਹਰ ਵੇਲੇ ਟਪੂੰ ਟਪੂੰ ਕਰਦੀ ਰਹਿੰਦੀ। ਮੰਜਰੀ ਤੇ ਉਹ ਕੁੜੀ ਚੋਰੀਓ ਜਦ ਕਿਤੇ ਮਿਲਦੀਆਂ ਤਾਂ ਆਪਣੇ ਆਪਣੇ ਇਸ਼ਕ ਦੀਆਂ ਗੱਲਾਂ ਕਰਦੀਆਂ ਤੇ ਸਿਗਰਟਾਂ ਪੀਂਦੀਆਂ। ਮੰਜਰੀ ਉਥੋਂ ਦੇ ਇਕ ਐੱਲ. ਐੱਸ. ਨਾਲ ਫਸੀ ਹੋਈ ਸੀ। ਐੱਲ. ਐੱਸ ਦੀ ਘਰ ਵਾਲੀ ਅਗਾਂਹ ਮੰਜਰੀ ਦੇ ਬੁੱਢੇ ਪਿਓ ਨਾਲ ਇਸ਼ਕ ਕਰਦੀ ਸੀ। ਮੰਜਰੀ ਹੁਣ ਕਿਸੇ ਵੱਡੇ ਸ਼ਹਿਰ ਵਿਚ ਮੈਡੀਕਲ ਕਾਲਜ ਵਿੱਚ ਪੜ੍ਹਦੀ ਸੀ। ਓਥੋਂ ਉਸ ਨੇ ਬੀ. ਡੀ. ਓ. ਵਾਲੀ ਉਸ ਕੁੜੀ ਨੂੰ ਚਿੱਠੀ ਲਿਖੀ ਸੀ ਕਿ ਉਹ ਪ੍ਰੋ: ਮਦਨ ਮੋਹਨ ਸਿੰਘ ਨਾਲ ਉਸ ਦਾ ਪਿਆਰ, ਸੁਖਦੇਵ ਸਿੰਘ ਨੂੰ ਕਹਿ ਕੇ ਸ਼ੁਰੂ ਕਰਵਾ ਦੇਵੇ।

ਸੁਖਦੇਵ ਸਿੰਘ ਅੱਜ ਮੰਜਰੀ ਦਾ ਇਹ ਸੰਦੇਸ਼ ਲੈ ਕੇ ਮਦਨ ਮੋਹਨ ਕੋਲ ਆਇਆ ਸੀ। ਸੁਖਦੇਵ ਸਿੰਘ, ਨਿਰਮਲ ਸਿੰਘ ਤੇ ਮਦਨ ਮੋਹਨ ਚਾਹ ਪੀਂਦੇ ਰਹੇ ਤੇ ਸਧਾਰਨ ਗੱਲਾਂ ਕਰਦੇ ਰਹੇ। ਓਧਰ ਸੱਤ ਵਜੇ ਸ਼ਾਮ ਦਾ ਟਾਈਮ ਹੁੰਦਾ ਜਾਂਦਾ ਸੀ। ਮਦਨ ਮੋਹਨ ਨੇ ਬਹਾਨਾ ਘੜ ਕੇ ਸੁਖਦੇਵ ਸਿੰਘ ਨੂੰ ਪਿਛਲੀ ਬੱਸ ਵਸਾਖੀ ਵਾਲੇ ਪਿੰਡ ਤੋਰ ਦਿੱਤਾ। ਬਹਾਨੇ ਘੜਨ ਤੇ ਨਵੀਆਂ ਨਵੀਆਂ ਸਕੀਮਾਂ ਤਿਆਰ ਕਰਨ ਵਿਚ ਮਦਨ ਮੋਹਨ ਬੜਾ ਤਿੱਖਾ ਸੀ। ਨਿਰਮਲ ਸਿੰਘ ਤਾਂ ਨਿਰਾ ਸੱਚ ਪੁੱਤਰ ਸੀ।

ਸੱਤ ਵਜੇ ਸ਼ਾਮ ਸਿਵਿਆਂ ਵਿਚ ਵੱਡੇ ਵੱਡੇ ਕਰੀਰਾਂ ਦੀ ਓਟ ਵਿਚ ਮਦਨ ਮੋਹਨ ਤੇ ਇਕਬਾਲ ਇੱਕ ਬਹੁਤ ਵੱਡੇ ਕਰੀਰ ਦੀਆਂ ਪਲੂਮਣਾ ਹੇਠ ਪਤਾ ਨਹੀਂ ਕੀ ਕਰਦੇ ਰਹੇ ਤੇ ਨਿਰਮਲ ਸਿੰਘ ਤੇ ਕ੍ਰਿਸ਼ਨਾ ਸਿਵਿਆਂ ਦੀ ਧਰਤੀ 'ਤੇ ਅੱਘੜ ਦੁੱਘੜ ਉੱਘੇ ਘਾਹ ਦੀ ਗੋਦੀ ਵਿਚ ਗੁੰਮ ਸੁੰਮ ਬੈਠੇ ਰਹੇ। ਕਦੇ ਕਦੇ ਨਿਰਮਲ ਸਿੰਘ ਟੁੱਟੀ ਜਿਹੀ ਗੱਲ ਕਰਦਾ ਤੇ ਕ੍ਰਿਸ਼ਨਾ ਅੱਖਾਂ ਪੂੰਝ ਕੇ ਉਸ ਦਾ ਅੱਧਾ ਪਚੱਧਾ ਜਵਾਬ ਦੇ ਦਿੰਦੀ। ਆਖ਼ਰ ਅਧੂਰੀਆਂ ਜਿਹੀਆਂ ਗੱਲਾਂ ਪਿੱਛੋਂ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਚਿੱਠੀ ਪੱਤਰ ਕਰਦੇ ਰਿਹਾ ਕਰਨਗੇ ਤੇ ਆਪਣੇ ਪਿਆਰ ਨੂੰ ਇੱਕ ਪਵਿੱਤਰ ਰਿਸ਼ਤਾ ਬਣਾਈ ਰੱਖਣਗੇ। ਕਿਸ਼ਨਾ ਨੇ ਨਿਸ਼ਾਨੀ ਵਜੋਂ ਨਿਰਮਲ ਸਿੰਘ ਨੂੰ ਇੱਕ ਰੁਮਾਲ ਦਿੱਤਾ। ਰੁਮਾਲ ਉਹ ਕਾਫ਼ੀ ਚੌੜਾ ਸੀ, ਜਿਸ ਨੂੰ ਮਖ਼ੌਲ ਵਜੋਂ ਨਿਰਮਲ ਸਿੰਘ ਤੌਲੀਏ ਵਰਗਾ ਰੁਮਾਲ ਕਹਿੰਦਾ ਹੁੰਦਾ। ਨਿਰਮਲ ਸਿੰਘ ਨੇ ਜਵਾਬ ਵਿਚ ਕ੍ਰਿਸ਼ਨਾ ਨੂੰ ਨਵਾਂ ਖਰੀਦਿਆ ਇੱਕ ਪੈੱਨ ਆਪਣੇ ਕੋਟ ਨਾਲੋਂ ਲਾਹ ਕੇ ਦੇ ਦਿੱਤਾ। ਐਨੇ ਨੂੰ ਮਦਨ ਮੋਹਨ ਵੱਡੇ ਵੱਡੇ ਕਰੀਰਾਂ ਦੀਆਂ ਜੜ੍ਹਾਂ ਵਿਚੋਂ ਇਕਬਾਲ ਨੂੰ ਕੱਢ ਲਿਆਇਆ। ਸਿਵਿਆਂ ਦੀ ਉਸ ਉਜਾੜ ਧਰਤੀ ਤੋਂ ਰਾਤ ਦੇ ਪੂਰੇ ਹਨੇਰੇ ਵਿਚ ਚਾਰ ਬੁੱਤ ਦੋ ਦੋ ਕਰਕੇ ਆਪੋ ਆਪਣੇ ਘਰੀਂ ਆ ਵੜੇ।

ਨਿਰਮਲ ਸਿੰਘ ਤੇ ਮਦਨ ਮੋਹਨ ਜਦ ਘਰ ਪਹੁੰਚੇ ਤਾਂ ਉਨ੍ਹਾਂ ਦੇ ਆਉਂਦਿਆਂ ਨੂੰ ਲੁਧਿਆਣੇ ਤੋਂ ਕਰਨੈਲ ਸਿੰਘ ਆਇਆ ਬੈਠਾ ਸੀ। ਉਹ ਵਸਾਖੀ ਵਾਲੇ ਪਿੰਡ ਦੇ ਕਾਲਜ ਵਿਚ ਡੀ. ਪੀ. ਈ. ਲੱਗਿਆ ਹੋਇਆ ਤੇ ਹੁਣ ਲੁਧਿਆਣੇ ਬੀ. ਐੱਡ. ਕਰਦਾ ਸੀ। ਉਹ ਕਹਿੰਦਾ ਹੁੰਦਾ ਡੀ. ਪੀ. ਈ. ਤਾਂ ਕਾਲਜ ਵਿਚ ਹੈੱਡ ਪੀਅਨ ਹੁੰਦਾ ਹੈ। ਏਸੇ ਕਰਕੇ ਉਹ ਬੀ. ਐੱਡ. ਦਾ ਕੋਰਸ ਕਰਨ ਚਲਿਆ ਗਿਆ ਸੀ। ਭਾਵੇਂ ਬੀ. ਐੱਡ. ਵਿਚ ਵਸਾਖੀ ਵਾਲੇ ਪਿੰਡ ਹੀ ਦਾਖ਼ਲ ਹੋ ਜਾਂਦਾ ਪਰ ਉਹ ਸੰਗਦਾ ਲੁਧਿਆਣੇ ਜਾ ਦਾਖ਼ਲ ਹੋਇਆ ਸੀ। ਆਪਣੇ ਸਾਥੀ ਪ੍ਰੋਫੈਸਰਾਂ ਦਾ ਉੱਥੇ ਰਹਿ ਕੇ ਉਹ ਕਿੰਨਾ ਕੁ ਆਗਿਆਕਾਰੀ ਹੁੰਦਾ? ਕਰਨੈਲ ਨੇ ਆਪਣੀ ਚੜ੍ਹਦੀ ਜਵਾਨੀ ਵਿਚ ਫ਼ਰੀਦਕੋਟ ਇਕ ਜੱਟਾਂ ਦੀ ਕੁੜੀ ਨੂੰ ਪਿਆਰ ਕੀਤਾ ਸੀ। ਦੋਵਾਂ ਦਾ ਪਿਆਰ ਬੇਅੰਤ ਸੀ। ਕਰਨੈਲ ਖੱਤਰੀਆਂ ਦਾ ਮੁੰਡਾ ਸੀ। ਜਿੱਦਣ ਉਸ ਕੁੜੀ ਨੂੰ ਪਤਾ ਲੱਗਿਆ, ਉਹ ਉਸੇ ਦਿਨ ਕਰਨੈਲ ਨੂੰ ਸਦਾ ਲਈ ਛੱਡ ਗਈ।

ਹੁਣ ਕਰਨੈਲ ਸਿੰਘ ਲੁਧਿਆਣੇ ਇੱਕ ਹੋਰ ਕੁੜੀ ਨੂੰ ਪਿਆਰ ਕਰਦਾ ਸੀ, ਜਿਹੜੀ ਉਸ ਨਾਲ ਬੀ. ਐੱਡ. ਵਿਚ ਹੀ ਪੜ੍ਹਦੀ ਸੀ। ਕੁੜੀ ਉਹ ਦਿੱਲੀ ਦੇ ਰਹਿਣ ਵਾਲੀ ਸੀ। ਸ਼ਸ਼ੀ ਕਾਂਤਾ ਨਾਉਂ ਤੇ ਕਰਨੈਲ ਸਿੰਘ ਦਾ ਸਭ ਕੁਝ ਉਸ ਕੁੜੀ ਨੈ ਮੋਹ ਲਿਆ ਸੀ। ਉਹ ਖ਼ਰਚ ਕਰਦਾ ਸੀ ਉਸ ਕੁੜੀ 'ਤੇ ਬੇਥਾਹ। ਨੰਗ ਹੋ ਗਿਆ ਸੀ ਤੇ ਅੱਜ ਮਦਨ ਮੋਹਨ ਤੋਂ ਦੋ ਸੌ ਰੁਪਿਆ ਹੱਥ ਉਧਾਰ ਫੜਨ ਆਇਆ ਸੀ।

ਰਾਤ ਨੂੰ ਤਿੰਨਾਂ ਨੇ ਸ਼ਰਾਬ ਪੀਤੀ ਤੇ ਉਲਟ ਸੁਲਟ ਗੱਲਾਂ ਕਰਕੇ ਸੌਂ ਗਏ। ਕਰਨੈਲ ਸਿੰਘ ਓਦਣ ਉਨ੍ਹਾਂ ਵਿਚ ਮੱਲੋ ਮੱਲੀ ਆ ਫਸਿਆ ਸੀ। ਨਾ ਉਹ ਨੂੰ ਇਕਬਾਲ ਦਾ ਪਤਾ ਸੀ, ਨਾ ਕ੍ਰਿਸ਼ਨਾ ਦਾ।

ਨਿਰਮਲ ਸਿੰਘ ਨੂੰ ਬੱਸ ਚੜ੍ਹਾਉਣ ਜਦ ਮਦਨ ਮੋਹਨ ਆਇਆ ਤਾਂ ਨਿਰਮਲ ਸਿੰਘ ਨੇ ਪੂਰਾ ਗੰਭੀਰ ਹੋ ਕੇ ਉਸ ਦਾ ਮੋਢਾ ਝੰਜੋੜਿਆ-'ਮਦਨ। ਤੇਰਾ ਤੇ ਮੇਰਾ ਲੋਕਾਂ ਵਿਚ ਸਤਿਕਾਰ ਬਹੁਤ ਐ। ਇਨ੍ਹਾਂ ਛੋਕਰੀਆਂ ਦੇ ਮਗਰ ਲੱਗ ਕੇ ਕਿਤੇ ਆਪਣੀ ਪੱਟੀ ਮੇਸ ਨਾ ਹੋ ਜੇ। ਕੁੜੀ ਦੇ ਪਿਆਰ ਨਾਲੋਂ ਇੱਜ਼ਤ ਦੀ ਗੱਲ ਸਾਹਮਣੇ ਰੱਖੀਂ। ਦੇਖੀਂ ਕਿਤੇ ਬਦਨਾਮ ਨਾ ਹੋ ਜੀ। ਮੈਂ ਤਾਂ ਇਨ੍ਹਾਂ ਕੁੜੀਆਂ ਦੇ ਛਿਨ ਭੰਗਰ ਇਸ਼ਕ 'ਤੇ ਧਾਰ ਵੀ ਨੀ ਮਾਰਦਾ, ਜੇ ਵਕਾਰ ਖ਼ਤਰੇ 'ਚ ਪੈਂਦਾ ਹੋਵੇ।'

ਕਈ ਦਿਨਾਂ ਬਾਅਦ ਮਦਨ ਮੋਹਨ ਦੀ ਇੱਕ ਚਿੱਠੀ ਨਿਰਮਲ ਸਿੰਘ ਨੂੰ ਆਈ, ਜਿਸ ਵਿਚ ਲਿਖਿਆ ਸੀ ਕਿ 'ਮੇਰੀਆਂ ਪਿਆਰ ਪੀਂਘਾਂ ਇਕਬਾਲ ਨਾਲ ਬਹੁਤ ਚੜ੍ਹ ਚੁੱਕੀਆਂ ਸਨ। ਕ੍ਰਿਸ਼ਨਾ ਉਸ ਦੇ ਨਾਲ ਹੀ ਆ ਕੇ ਮਿਲਦੀ ਹੈ। ਕ੍ਰਿਸ਼ਨਾ ਦੀਆਂ ਚਾਰ ਵੱਡੀਆਂ ਚਿੱਠੀਆਂ ਤੇਰੇ ਨਾਂ ਆਈਆਂ ਪਈਆਂ ਹਨ। ਕ੍ਰਿਸ਼ਨਾ ਨੇ ਤੇਰੇ ਲਈ ਇੱਕ ਟੈਰਾਲਿਨ ਦਾ ਬੁਸ਼ਰਟ ਦਿੱਤਾ ਹੈ। ਮੈਂ ਇਕਬਾਲ ਨੂੰ ਇੱਕ ਸੋਨੇ ਦੀ ਛਾਪ ਵੀ ਦਿੱਤੀ ਹੈ।' ਮਦਨ ਮੋਹਨ ਨੇ ਇਹ ਵੀ ਲਿਖਿਆ ਸੀ ਕਿ 'ਮਿਲਿਆ ਤਾਂ ਭਾਵੇਂ ਖੁੱਲ੍ਹ ਕੇ ਨਹੀਂ ਜਾਂਦਾ, ਪਰ ਚਿੱਠੀ ਦਾ ਸਿਲਸਿਲਾ ਨਿੱਕ ਸਰਕਾਰੀ ਡਾਕ ਵਾਂਗ ਚੱਲਦਾ ਹੈ।' ਅਖੀਰ ਵਿਚ ਉਸ ਨੇ ਲਿਖਿਆ ਸੀ ਕਿ 'ਨਿਰਮਲ ਸਿੰਘ ਵਸਾਖੀ ਵਾਲੇ ਪਿੰਡ ਇੱਕ ਰਾਤ ਕੱਟ ਕੇ ਲੋਕਾਂ ਨੂੰ ਸੁੰਘੇ ਕਿ ਕਿਤੇ ਕੋਈ ਉਨ੍ਹਾਂ ਦੀ ਗੱਲ ਤਾਂ ਨਹੀਂ ਕਰਦਾ?'

ਇਸ ਚਿੱਠੀ ਦੇ ਮਿਲਣ ਤੋਂ ਤੀਜੇ ਦਿਨ ਹੀ ਨਿਰਮਲ ਸਿੰਘ ਵਸਾਖੀ ਵਾਲੇ ਪਿੰਡ ਆ ਗਿਆ। ਪੁਰਾਣੇ ਯਾਰ ਦੋਸਤਾਂ ਨਾਲ ਪੀਤੀ ਤੇ ਸੁੰਘਿਆ-ਕੋਈ ਵੀ ਗੱਲ ਮਦਨ ਮੋਹਨ ਦੀ ਨਹੀਂ ਸੀ ਹੋਈ। ਉੱਥੇ ਦੂਜੇ ਦਿਨ ਇਕਬਾਲ ਸਾਈਕਲੌਜੀ ਦੇ ਕਈ ਕਈ ਔਖੇ ਸਵਾਲ ਸਮਝਣ ਲਈ ਪ੍ਰੋ: ਨਿਰਮਲ ਸਿੰਘ ਨੂੰ ਪ੍ਰੋ: ਮਦਨ ਸਿੰਘ ਦੇ ਸਮੇਤ ਘਰ ਸੱਦ ਲਿਆ। ਕ੍ਰਿਸ਼ਨਾ ਵੀ ਓਥੇ ਹੀ ਆ ਗਈ ਝਾਕ ਝਕਈਏ ਤੋਂ ਵੱਧ ਹੋਰ ਕੋਈ ਗੱਲ ਨਾ ਹੋ ਸਕੀ।

'ਇਕਬਾਲ ਨਾਲ ਜਿਹੜਾ ਤੇਰਾ ਚਿੱਠੀ ਪੱਤਰ ਚੱਲਦੈ, ਏਸ ਨੂੰ ਕਦੇ ਥੋਡੇ ਪ੍ਰਿੰਸੀਪਲ 'ਖੁਰਾਣਾ' ਨੇ ਚੈੱਕ ਨੀ ਕੀਤਾ?' ਨਿਰਮਲ ਸਿੰਘ ਨੇ ਮਦਨ ਮੋਹਨ ਤੋਂ ਸਧਾਰਨ ਪੁੱਛਿਆ।

'ਪ੍ਰਿੰਸੀਪਲ 'ਖੁਰਾਣਾ' ਨੂੰ ਤਾਂ ਆਪ ਈ ਵਿਹਲ ਨੀ ਮਿਲਦੀ। ਸਾਰਾ ਸਾਰਾ ਦਿਨ ਦਫ਼ਤਰ 'ਚ ਬੈਠਾ ਮਾਡਲ ਸਕੂਲ ਦੀ ਮੈਡਮ ਨੂੰ ਬੁਲਾ ਕੇ ਗੱਲਾਂ ਮਾਰਦਾ ਰਹਿੰਦੈ।' ਮਦਨ ਮੋਹਨ ਨੇ ਜਵਾਬ ਦਿੱਤਾ।

"ਖੁਰਾਣਾ? ਖੁਰਾਣਾ ਤਾਂ ਯਾਰ ਇਹਾ ਜਾ ਲੱਗਦਾ ਨੀ।' ਨਿਰਮਲ ਸਿੰਘ ਨੇ ਪੱਕੀ ਗੱਲ ਪੁੱਛਣੀ ਚਾਹੀ।

'ਲੈ.. ਫੱਕੀ ਉੱਡੀ ਪਈ ਐ।' ਮਦਨ ਮੋਹਨ ਬੋਲਿਆ ਤੇ ਦੱਸਿਆ ਕਿ ਇੱਕ ਦਿਨ ਦੀ ਕਿਸੇ ਬੰਦੇ ਦੀ ਅੱਖੀਂ ਦੇਖੀ ਗੱਲ ਐ-ਖੁਰਾਣਾ ਤੇ ਮੈਡਮ ਉਨ੍ਹਾਂ ਦੇ ਮਾਡਲ ਸਕੂਲ ਦੇ ਦਫ਼ਤਰ ਵਿਚ ਬੈਠੇ ਸੰਗਤਰਿਆਂ ਦੀਆਂ ਫਾੜੀਆਂ ਇੱਕ ਦੂਜੇ ਦੇ ਹੱਥੋਂ ਖੋਹ ਖੋਹ ਕੇ ਖਾ ਰਹੇ ਸਨ। ਦਫ਼ਤਰ ਦਾ ਇੱਕ ਦਰਵਾਜ਼ਾ ਬੰਦ ਸੀ। ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ। ਖੁਰਾਣਾ ਚਿਟਕਣੀ ਖੋਲ੍ਹੇ, ਚਿਟਕਣੀ ਖੁੱਲ੍ਹੇ ਨਾ। ਉਸ ਦੀ ਵੱਖੀ ਵਿਚ ਚੂੰਢੀ ਵੱਢ ਕੇ ਤਿੱਖੇ ਨੱਕ ਵਾਲੀ ਮੈਡਮ ਕਹਿੰਦੀ-'ਬੰਦੇ ਦਾ ਪੁੱਤ ਹੋ ਕੇ ਨਿੱਕੀ ਜਿਹੀ ਚਿਟਕਣੀ ਨੀ ਖੁੱਲ੍ਹਦੀ, ਹੋਰ ਕੀ ਤੂੰ ਲੱਲ੍ਹਰ ਲਾਏਂਗਾ।' ਤੇ ਮੈਡਮ ਨੇ ਚਿਟਕਣੀ ਖੋਲ੍ਹ ਦਿੱਤੀ ਤੇ ਦੱਸ ਫੇਰ, 'ਖੁਰਾਣਾ' ਜਿਹੜਾ ਮੈਡਮ ਤੋਂ ਵੱਖੀਆਂ 'ਚ ਚੂੰਢੀਆਂ ਵਢਾਉਂਦੈ ਹੋਰ ਕੀ ਉਹ ਮਹਾਤਮਾ ਗਾਂਧੀ ਐ?'

ਦਸ ਕੁ ਦਿਨਾਂ ਬਾਅਦ ਮਦਨ ਮੋਹਨ ਨੇ ਇੱਕ ਮੀਟਿੰਗ ਆਪਣੇ ਪਿੰਡ ਹੋਰ ਰੱਖ ਲਈ। ਇਸ ਮੀਟਿੰਗ ਵਿਚ ਇਕਬਾਲ ਤਾਂ ਨਾ ਆ ਸਕੀ, ਕ੍ਰਿਸ਼ਨਾ ਇਕੱਲੀ ਆਈ। ਸਬੰਬ ਨਾਲ ਉਹੀ ਮਕੈਨਿਕ ਦੋਸਤ ਫੇਰ ਆ ਧਮਕਿਆ। ਮਦਨ ਮੋਹਨ ਦੇ ਘਰ ਤੋਂ ਚੌਥੇ ਅਗਵਾੜ ਇੱਕ ਤੂੜੀ ਵਾਲੇ ਕੋਠੇ ਵਿਚ ਇਹ ਮੀਟਿੰਗ ਹੋਈ। ਮਕੈਨਿਕ ਦੋਸਤ ਤੇ ਮਦਨ ਮੋਹਨ ਤਾਂ ਹੋਰ ਥਾਂ ਬੈਠੇ ਰਹੇ ਅਤੇ ਨਿਰਮਲ ਸਿੰਘ ਤੇ ਕ੍ਰਿਸ਼ਨਾ ਪਿਆਰ ਦੀਆਂ ਦਾਰਸ਼ਨਿਕ ਗੱਲਾਂ ਅਲਜਬਰੇ ਦਾ ਸਵਾਲ ਸਮਝਣ ਵਾਂਗ ਕਰਦੇ ਰਹੇ। ਕ੍ਰਿਸ਼ਨਾ ਗੱਲ ਗੱਲ ਵਿਚ ਅੱਖਾਂ ਭਰ ਲੈਂਦੀ ਸੀ। ਨਿਰਮਲ ਸਿੰਘ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਚੱਸ ਸੀ। ਉਸ ਦਿਨ ਉਸ ਨੇ ਕ੍ਰਿਸ਼ਨਾ ਨੂੰ ਹੱਥ ਲਾ ਕੇ ਵੀ ਨਾ ਦੇਖਿਆ। ਤਿੰਨ ਘੰਟੇ ਦੀ ਇਸ ਖੁਸਰੀ ਜਿਹੀ ਮੀਟਿੰਗ ਤੋਂ ਬਾਅਦ ਕ੍ਰਿਸ਼ਨਾ ਆਪਣੇ ਮਾਮੇ ਦੇ ਘਰ ਨੂੰ ਚਲੀ ਗਈ ਤੇ ਉਹ ਤਿੰਨੇ ਮਦਨ ਮੋਹਨ ਦੇ ਘਰ ਨੂੰ। ਜਦ ਉਹ ਤਿੰਨੇ ਘਰ ਪਹੁੰਚੇ ਤਾਂ ਮਦਨ ਮੋਹਨ ਦੀ ਅਤਿ ਸਿਆਣੀ ਮਾਂ ਕੁਦਾੜ ਕੇ ਮਦਨ ਮੋਹਨ 'ਤੇ ਚੜ੍ਹ ਗਈ। ਜਦ ਉਹ ਬਾਹਰਲੇ ਘਰਾਂ ਵੱਲ ਤੂੜੀ ਵਾਲੇ ਕੋਠੇ ਵਿਚ ਮੀਟਿੰਗ ਵਿਚ ਰੁੱਝੇ ਹੋਏ ਸਨ ਤਾਂ ਓਧਰ ਕ੍ਰਿਸ਼ਨਾ ਦਾ ਮਾਮਾ ਤਿੰਨ ਵਾਰੀ ਮਦਨ ਮੋਹਨ ਦੇ ਘਰ ਦਾ ਪਤਾ ਲੈ ਗਿਆ ਸੀ, ਪੁੱਛਦਾ ਸੀ-'ਕ੍ਰਿਸ਼ਨਾ ਐਥੋਂ ਦਾ ਨਾਂ ਲੈ ਕੇ ਆਈ ਐ ਪੜ੍ਹਨ। ਪ੍ਰੋਫੈਸਰ ਸਾਹਿਬ ਆਪ ਸੱਦ ਕੇ ਲਿਆਏ ਐ।' ਘਰ ਵਿਚ ਸੋਗ ਪਿਆ ਦੇਖ ਕੇ ਮਕੈਨਿਕ ਦੋਸਤ ਤੇ ਪ੍ਰੋ: ਨਿਰਮਲ ਸਿੰਘ ਜੀ ਤਾਂ ਉਸ ਵੇਲੇ ਉਥੋਂ ਖਿਸਕ ਗਏ। ਮਾਮੇ ਦੇ ਘਰ ਕ੍ਰਿਸ਼ਨਾ ਨਾਲ ਪਤਾ ਨਹੀਂ ਕਿਹੋ ਜਿਹਾ ਵਰਤਾਓ ਹੋਇਆ।

ਨਿਰਮਲ ਸਿੰਘ ਨੇ ਆਉਣ ਸਾਰ ਕ੍ਰਿਸ਼ਨਾ ਦੀਆਂ ਸਾਰੀਆਂ ਚਿੱਠੀਆਂ ਟੁਕੜੇ ਟੁੱਕੜੇ ਕਰ ਕੇ ਚੁੱਲ੍ਹੇ ਦੀ ਭੇਟ ਕਰ ਦਿੱਤੀਆਂ।

ਉੱਧਰੋਂ ਮਦਨ ਮੋਹਨ ਦੀ ਚਿੱਠੀ ਆਈ-'ਮੈਂ ਤੇਰੇ ਕਹਿਣ 'ਤੇ ਇਕਬਾਲ ਦੀਆਂ ਪਚਵੰਜਾ ਚਿੱਠੀਆਂ ਛਾਤੀ 'ਤੇ ਪੱਥਰ ਰੱਖ ਕੇ ਪਾੜ ਦਿੱਤੀਆਂ ਹਨ ਤੇ ਨਹਿਰ ਦੀ ਭੇਟਾ ਕਰ ਦਿੱਤੀਆਂ ਹਨ। ਹੁਣ ਅੱਗੇ ਤੋਂ ਜਿਹੜੀ ਚਿੱਠੀ ਉਸ ਦੀ ਆਵੇਗੀ, ਉਸ ਨੂੰ ਪਾੜ ਕੇ ਘਰ ਵਾਲੀ ਖੂਹੀ ਵਿਚ ਹੀ ਸਿੱਟ ਲਿਆ ਕਰਾਂਗਾ। ਇਸ ਖੂਹੀ ਦਾ ਪਾਣੀ ਮੈਂ ਪੀਂਦਾ ਹਾਂ। ਇਕਬਾਲ ਦੀਆਂ ਚਿੱਠੀਆਂ ਦੇ ਤਵੀਤ ਪੀ ਕੇ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ਼ਕ ਨੂੰ ਸੋਕੇ ਦੀ ਬਿਮਾਰੀ ਨਹੀਂ ਲੱਗੇਗੀ। ਚਿੱਠੀ ਦੇ ਅੰਤ ਵਿਚ ਉਸ ਨੇ ਭਾਵੁਕ ਹੋ ਕੇ ਲਿਖਿਆ ਸੀ ਕਿ ਜਿਸ ਰਾਤ ਉਸ ਨੇ ਚਿੱਠੀਆਂ ਪਾਣੀ ਦੀ ਭੇਟ ਕੀਤੀਆਂ, ਉਸ ਰਾਤ ਗੁਰਦੁਆਰੇ ਲਾਊਡ ਸਪੀਕਰ 'ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਗੂੰਜ ਰਿਹਾ ਸੀ ਤੇ ਉਸ ਨੂੰ ਚਿੱਠੀਆਂ ਦੇ ਟੁਕੜੇ ਪਾਣੀ ਦੀ ਹਿੱਕ 'ਤੇ ਤੁਰੇ ਜਾਂਦੇ ਇਉਂ ਲੱਗਦੇ ਸਨ, ਜਿਵੇਂ ਕਿਸ਼ਤੀਆਂ ਵਿਚ ਕਿਸੇ ਉੱਜੜੇ ਜਾਂਦੇ ਕਾਫ਼ਲੇ ਦਾ ਸਮਾਨ ਲੱਦਿਆ ਜਾ ਰਿਹਾ ਹੋਵੇ।

ਓਧਰ ਇਕਬਾਲ ਦੇ ਘਰ ਵੀ ਕਜੀਆ ਛਿੜ ਗਿਆ ਸੀ। ਉਸ ਦਾ ਪਿਤਾ ਕਹਿੰਦਾ ਸੀ—ਪ੍ਰੋ: ਮਦਨ ਮੋਹਨ ਦਾ ਚੌਥੇ ਪੰਜਵੇਂ ਦਿਨ ਘਰ ਆਉਣ ਦਾ ਕੀ ਮਤਲਬ? ਪੜ੍ਹਨੈ ਤਾਂ ਕਾਲਜ ਵਿਚ ਪੜ੍ਹੋ, ਪੜ੍ਹਾਓ।'

ਕ੍ਰਿਸ਼ਨਾ ਦੇ ਗਵਾਂਢ ਵਿਚ ਇਕ ਵਿਆਹ ਸੀ। ਮਦਨ ਮੋਹਨ ਵੀ ਉਸ ਵਿਆਹ ਵਿਚ ਸ਼ਾਮਲ ਸੀ। ਕ੍ਰਿਸ਼ਨਾ ਤੇ ਇਕਬਾਲ ਨੇ ਇਕ ਸਾਂਝੀ ਚਿੱਟ ਇਕ ਛੋਕਰੇ ਦੇ ਹੱਥ ਮਦਨ ਮੋਹਨ ਨੂੰ ਫੜਾਉਣੀ ਚਾਹੀ। ਚਿੱਟ ਫੜਾਉਂਦੇ ਉਸ ਛੋਕਰੇ ਨੂੰ ਕ੍ਰਿਸ਼ਨਾ ਦੇ ਇੱਕ ਗਵਾਂਢੀ ਮੁੰਡੇ ਨੇ ਦੇਖ ਲਿਆ ਤੇ ਚਿੱਟ ਖੋਹ ਲਈ। ਫੇਰ ਤਾਂ ਪਤਾ ਲੱਗਣ 'ਤੇ ਕ੍ਰਿਸ਼ਨਾ ਦੇ ਪਿਤਾ ਨੇ ਕ੍ਰਿਸ਼ਨਾ 'ਤੇ ਉਹ ਗਜ਼ਬ ਲਿਆਂਦਾ ਕਿ ਰਹੇ ਰੱਬ ਦਾ ਨਾਉਂ। ਡਰ ਕੇ ਕ੍ਰਿਸ਼ਨਾ ਨੇ ਪ੍ਰੋ: ਨਿਰਮਲ ਸਿੰਘ ਦੀਆਂ ਸਾਰੀਆਂ ਚਿੱਠੀਆਂ ਪੁਰਜ਼ਾ ਪੁਰਜ਼ਾ ਕਰ ਦਿੱਤੀਆਂ।

ਹੁਣ ਪੂਰਾ ਬਲੈਕ ਆਊਟ ਸੀ। ਪ੍ਰੋ: ਨਿਰਮਲ ਸਿੰਘ ਸੋਚਦਾ ਸੀ-"ਕਿੱਥੋਂ ਸਿਆਪਾ ਖੜ੍ਹਾ ਕਰ ਲਿਆ।' ਪ੍ਰੋ: ਮਦਨ ਮੋਹਨ ਵਿਚਾਰ ਕਰਦਾ ਸੀ-'ਇਕਬਾਲ ਨਾਲ ਇਸ਼ਕ ਨਿਭਾਉਣਾ ਤਾਂ ਪੂਰੈ, ਪਰ ਬਦਨਾਮੀ ਜੇ ਹੋਗੀ ਤਾਂ ਮਰ ਜਾਵਾਂਗੇ।' ਇਕਬਾਲ ਦ੍ਰਿੜ੍ਹ ਸੀ। ਚਾਹੁੰਦੀ ਸੀ ਕਿ ਗੱਲ ਨਿਭਦੀ ਰਹੇ, ਪਰ ਪੂਰੀ ਡਰੀ ਹੋਈ ਸੀ। ਕ੍ਰਿਸ਼ਨਾ ਚੁੱਪ ਕਰਕੇ ਅੰਦਰ ਬੈਠ ਗਈ ਸੀ ਤੇ ਪੂਰੀ ਦਬਕੀ ਹੋਈ ਸੀ।

ਇਸ ਘੁੱਟੇ ਘੁੱਟੇ ਵਾਤਾਵਰਣ ਦੇ ਦਿਨਾਂ ਵਿਚ ਹੀ ਮਕੈਨਿਕ ਦੋਸਤ ਦੀ ਭੈਣ ਦਾ ਵਿਆਹ ਆ ਗਿਆ ਨਿਰਮਲ ਸਿੰਘ ਤੇ ਮਦਨ ਮੋਹਨ ਦੋਵੇਂ ਉੱਥੇ ਗਏ। ਸਾਰੀ ਗੱਲ ਉਨ੍ਹਾਂ ਨੇ ਉੱਥੋਂ ਦੇ ਘੱਗੇ ਜਿਹੇ ਬੋਲ ਵਾਲੇ ਇੱਕ ਡਰਾਈਵਰ ਕੋਲ ਕੀਤੀ। ਡਰਾਈਵਰ ਉਹ ਇਸ਼ਕ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਪੁੰਨ ਸਮਝਦਾ ਸੀ। ਕਿੰਨੀਆਂ ਹੀ ਤੀਵੀਂਆਂ ਉਸ ਨੇ ਲੱਤ ਥੱਲਿਓ ਦੀ ਲੰਘਾਈਆਂ ਸਨ। ਕਿੰਨੀ ਸਾਰੀ ਬਹਿਸ ਪਿੱਛੋਂ ਉਸ ਨੇ ਇੱਕੋ ਗੱਲ ਆਖੀ-'ਦੋਸਤੋ, ਪਿਆਰ ਕਰੋ, ਪਰ ਪਿਆਰ ਨੂੰ ਬਦਨਾਮ ਨਾ ਹੋਣ ਦਿਓ।'

ਕਾਲਜਾਂ ਵਿਚ ਛੁੱਟੀਆਂ ਹੋ ਗਈਆਂ। ਮਦਨ ਮੋਹਨ ਆਪਣੇ ਪਿੰਡ ਤੇ ਨਿਰਮਲ ਸਿੰਘ ਆਪਣੇ ਪਿੰਡ ਚਲਿਆ ਗਿਆ। ਨਿਰਮਲ ਸਿੰਘ ਦਾ ਪਿੰਡ ਰਾਮਪੁਰਾ ਫੂਲ ਕੋਲ ਸੀ। ਕ੍ਰਿਸ਼ਨਾ ਬਠਿੰਡੇ ਆਪਣੇ ਨਾਨਕੀਂ ਚਲੀ ਗਈ। ਇਕਬਾਲ ਵਸਾਖੀ ਵਾਲੇ ਪਿੰਡ ਹੀ ਰਹੀ।

ਮਿਲਣ ਵਾਸਤੇ ਮਦਨ ਮੋਹਨ, ਨਿਰਮਲ ਸਿੰਘ ਕੋਲ ਉਸ ਦੇ ਪਿੰਡ ਆਇਆ। ਸਾਰੀ ਰਾਤ ਉਹ ਗੱਲਾਂ ਕਰਦੇ ਰਹੇ ਕਿ ਏਸ ਇਸ਼ਕ ਨੂੰ ਕਿਸੇ ਥਾਂ ਸਿਰ ਲਾਇਆ ਜਾਵੇ। ਨਿਰਮਲ ਸਿੰਘ ਬਹੁਤ ਚਿੰਤਾਤੁਰ ਸੀ। ਮਦਨ ਮੋਹਨ ਇੰਨਾ ਨਹੀਂ ਸੀ। ਉਸ ਨੂੰ ਤਾਂ ਪੂਰਾ ਵਿਸ਼ਵਾਸ ਸੀ ਕਿ ਇਕਬਾਲ ਉਸ ਨਾਲ ਪੂਰਾ ਨਿਭੇਗੀ। ਦੂਜੇ ਦਿਨ ਕੁਦਰਤੀ ਹੀ ਕ੍ਰਿਸ਼ਨਾ ਦੀ ਚਿੱਠੀ ਡਾਕ ਵਿਚ ਆ ਗਈ, ਜਿਹੜੀ ਉਸ ਨੇ ਮੁੰਡਾ ਬਣ ਕੇ ਲਿਖੀ ਹੋਈ ਸੀ। ਉਸ ਚਿੱਠੀ ਵਿਚ ਕ੍ਰਿਸ਼ਨਾ ਨੇ ਨਿਰਮਲ ਸਿੰਘ ਨੂੰ ਬਠਿੰਡੇ ਬੁਲਾਇਆ ਸੀ ਤੇ ਕਿਹਾ ਸੀ ਕਿ ਉਹ ਉਸ ਨੂੰ ਉੱਥੇ ਆ ਕੇ ਕਿਵੇਂ ਨਾ ਕਿਵੇਂ ਚੋਰੀਓਂ ਮਿਲੇ।

ਉਹ ਵੀ ਕੁਦਰਤੀ ਦੋਵੇਂ ਇਕੱਠੇ ਹੋ ਗਏ ਸਨ। ਉਸੇ ਵੇਲੇ ਉਹ ਬਠਿੰਡੇ ਨੂੰ ਚੱਲ ਪਏ। ਦੋ ਤਿੰਨ ਘੰਟੇ ਛਿੱਤਰ ਤੁੜਾਉਣ ਤੋਂ ਬਾਅਦ ਅਖ਼ੀਰ ਇੱਕ ਗਿਆਨੀ ਜੀ ਘਰ ਮੁਲਾਕਾਤ ਦਾ ਪ੍ਰਬੰਧ ਬਣ ਗਿਆ। ਕ੍ਰਿਸ਼ਨਾ ਨਾਲ ਇੱਕ ਛੋਟਾ ਜਿਹਾ ਮੁੰਡਾ ਵੀ ਸੀ। ਮਦਨ ਮੋਹਨ ਤਾਂ ਉਸ ਮੁੰਡੇ ਨੂੰ ਪਰ੍ਹੇ ਬਹਿ ਕੇ ਅੰਗਰੇਜ਼ੀ ਪੜ੍ਹਾਉਂਦਾ ਰਿਹਾ ਤੇ ਨਿਰਮਲ ਸਿੰਘ ਕ੍ਰਿਸ਼ਨਾ ਨੂੰ ਅੰਦਰ ਕਮਰੇ ਵਿਚ ਬਿਠਾ ਕੇ ਘੁਸਰ ਮੁਸਰ ਕਰਦਾ ਰਿਹਾ।

ਨਿਰਮਲ ਸਿੰਘ ਗੱਲ ਨੂੰ ਕਿਸੇ ਰਾਹ ਪਾਉਣਾ ਚਾਹੁੰਦਾ ਸੀ, ਪਰ ਕ੍ਰਿਸ਼ਨਾ ਨੂੰ ਜਿਵੇਂ ਗੱਲਾਂ ਕਰਨ ਦਾ ਹੀ ਠਰਕ ਸੀ। ਆਪਣੀ ਗੱਲ ਨਾਲੋਂ ਉਹ ਇਕਬਾਲ ਦੀ ਗੱਲ ਬਹੁਤੀ ਕਰਦੀ ਸੀ। ਨਿਰਮਲ ਸਿੰਘ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਕਿਸ ਕਿਸਮ ਦੀ ਕੁੜੀ ਹੈ। ਅਖ਼ੀਰ ਨਿਰਮਲ ਸਿੰਘ ਨੇ ਕ੍ਰਿਸ਼ਨਾ ਨੂੰ ਕਿਹਾ ਕਿ ਪਿਆਰ ਵਿਚ ਲਿੰਗ ਸਬੰਧ ਦਾ ਭੇਤ ਐਵੇਂ ਹਊਆ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੇਰੇ ਸਰੀਰ ਦੇ ਚੰਦਨ ਨੂੰ ਸਪਰਸ਼ ਕਰਕੇ ਦੇਖਾਂ। ਕ੍ਰਿਸ਼ਨਾ ਚੁੱਪ ਬੈਠੀ ਰਹੀ। ਨਿਰਮਲ ਸਿੰਘ ਨੇ ਕ੍ਰਿਸ਼ਨਾ ਦੀ ਬਾਂਹ ਫੜ ਕੇ ਉਸ ਦੇ ਹੱਥ ਦੀ ਪਿੱਠ ਨੂੰ ਚੁੰਮ ਲਿਆ। ਕ੍ਰਿਸ਼ਨਾ ਨੇ ਇਕਦਮ ਹੱਥ ਛੁਡਾ ਕੇ ਆਪਣੇ ਹੱਥ ਦੀ ਗਿੱਲੀ ਪਿੱਠ ਨਿਰਮਲ ਸਿੰਘ ਦੇ ਮੋਢੇ ਨਾਲ ਪੂੰਝ ਦਿੱਤੀ ਤੇ ਕਿਹਾ-'ਮੈਨੂੰ ਕੀ ਪਤਾ ਸੀ ਕਿ ਤੁਸੀਂ ਐਹੋ ਜੇ ਓਂ? ਇਹ ਸਰੀਰ ਤਾਂ ਕਿਸੇ ਹੋਰ ਦੀ ਇਮਾਨਤ ਐ।' ਨਿਰਮਲ ਸਿੰਘ ਨੂੰ ਲੱਗਿਆ ਜਿਵੇਂ ਉਸ ਦੇ ਚਪੇੜ ਵੱਜੀ ਹੋਵੇ।

ਕ੍ਰਿਸ਼ਨਾ ਆਪਣੇ ਮਾਮੇ ਦੇ ਪੁੱਤ ਨੂੰ ਉਂਗਲੀ ਲਾ ਕੇ ਦਬਾ ਸੱਟ ਉੱਥੋਂ ਨਿਕਲ ਗਈ। ਮਦਨ ਮੋਹਨ ਤੇ ਨਿਰਮਲ ਸਿੰਘ ਦੋਵੇਂ ਚੁੱਪ ਬੈਠੇ ਰਹੇ। ਨਿਰਮਲ ਸਿੰਘ ਦੇ ਬੁੱਲ੍ਹਾਂ 'ਤੇ ਜਲੂਣ ਹੋ ਰਹੀ ਸੀ। ਮਦਨ ਮੋਹਨ ਨਮੋਸ਼ਿਆ ਪਿਆ ਸੀ। ਵਾਪਸ ਜਾਣ ਲਈ ਉਹ ਬੱਸ ਅੱਡੇ 'ਤੇ ਆਏ। ਉੱਥੇ ਉਨ੍ਹਾਂ ਨੂੰ ਕਮਲੇਸ਼ ਨਿਰਮਲ ਦਾ ਇੱਕ ਦੋਸਤ ਮਿਲ ਗਿਆ। ਬੜਾ ਗ਼ਮਗੀਨ। ਉਹ ਵੀ ਵਸਾਖੀ ਵਾਲੇ ਪਿੰਡ ਦਾ ਰਹਿਣ ਵਾਲਾ ਸੀ ਤੇ ਅੱਜ ਬਠਿੰਡੇ ਕਿਸੇ ਕੰਮ ਆਇਆ ਸੀ। ਉਸ ਦੇ ਹੱਥ ਵਿਚ ਕਾਗਜ਼ ਸਨ ਲਿਖੇ ਹੋਏ-ਸੱਤ ਅੱਠ। ਉਹ ਸਾਰੇ ਕਾਗਜ਼ ਉਸ ਨੇ ਨਿਰਮਲ ਸਿੰਘ ਨੂੰ ਦੇ ਕੇ ਕਿਹਾ-'ਪ੍ਰੋਫੈਸਰ ਸਾਹਿਬ, ਇਹ ਸਭ ਕੁਝ ਪੜ੍ਹ ਕੇ ਇਸ 'ਤੇ ਇੱਕ ਕਵਿਤਾ ਲਿਖ ਦਿਓ-ਮੈਨੂੰ ਸ਼ਾਂਤੀ ਮਿਲ ਜਾਵੇਗੀ।'

ਉਹ ਤਾਂ ਚਲਿਆ ਗਿਆ। ਬੱਸ ਵਿਚ ਬੈਠੇ ਰਾਹ ਵਿਚ ਨਿਰਮਲ ਸਿੰਘ ਨੇ ਉਹ ਕਾਗਜ਼ ਫਰੋਲੇ। ਸਾਰੀ ਗੱਲ ਦਾ ਨਿਚੋੜ ਇਹ ਸੀ ਕਿ ਵਸਾਖੀ ਵਾਲੇ ਪਿੰਡ ਦੀ ਹੀ ਇੱਕ ਕੁੜੀ 'ਸੰਧਿਆ' ਉਸ ਨੂੰ ਪਿਆਰ ਕਰਦੀ ਸੀ। ਕਈ ਸਾਲ ਕਰਦੀ ਰਹੀ। ਉਸ ਦੀ ਬੈਠਕ ਵਿਚ ਉਹ ਨਿਸੰਗ ਆ ਜਾਂਦੀ। ਕਈ ਵਾਰ ਮਹੱਲੇ ਦੀਆਂ ਕਾਂ-ਅੱਖ ਬੁੜ੍ਹੀਆਂ ਹੱਥੋਂ ਉਹ ਫੜੇ ਵੀ ਗਏ। ਰੌਲਾ ਪੈਂਦਾ, ਫੇਰ ਮਿਟ ਜਾਂਦਾ।

ਅਖ਼ੀਰ ਉਸ ਕੁੜੀ ਦੇ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ। ਇਹ ਸੱਤ ਅੱਠ ਕਾਗਜ਼ ਉਸ ਕੁੜੀ ਵੱਲੋਂ ਆਖ਼ਰੀ ਚਿੱਠੀ ਸੀ, ਜਿਸ ਵਿਚ ਉਸ ਨੇ ਸਾਰੀ ਪੁਰਾਣੀ ਤਥਾ ਦੁਹਰਾਈ ਸੀ ਤੇ ਅਖ਼ੀਰ ਵਿਚ ਲਿਖਿਆ ਸੀ ਕਿ ਜੋ ਸੁਆਦ ਉਸ ਨੂੰ ਉਸ ਦੇ ਪਤੀ ਨਾਲ ਰਹਿ ਕੇ ਆਉਂਦਾ ਹੈ, ਉਹ ਉਸ ਦੇ ਨਾਲ ਕਦੇ ਵੀ ਨਹੀਂ ਆਇਆ।

ਪੰਜ ਛੀ ਮਹੀਨੇ ਲੰਘ ਗਏ। ਨਿਰਮਲ ਸਿੰਘ ਹੁਣ ਨਾ ਕਦੇ ਵਸਾਖੀ ਵਾਲੇ ਪਿੰਡ ਜਾਂਦਾ ਸੀ ਤੇ ਨਾ ਹੀ ਮਦਨ ਮੋਹਨ ਕੋਲ ਉਸ ਦੇ ਪਿੰਡ। ਮਦਨ ਮੋਹਨ ਦੀ ਚਿੱਠੀ ਉਸ ਨੂੰ ਜ਼ਰੂਰ ਆ ਜਾਂਦੀ।

ਇੱਕ ਚਿੱਠੀ ਵਿਚ ਲਿਖਿਆ ਸੀ ਕਿ ਕਰਨੈਲ ਸਿੰਘ ਡੀ. ਪੀ. ਈ. ਉਸ ਦਾ ਪੂਰਾ ਭੇਤੀ ਹੋ ਗਿਆ ਹੈ ਤੇ ਇੱਕ ਸਭ ਤੋਂ ਵੱਡਾ ਹਮਦਰਦ। ਇੱਕ ਦਿਨ ਇਕਬਾਲ ਦੇ ਘਰ ਰਾਤ ਨੂੰ ਉਸ ਨੇ ਜਾਣ ਦੀ ਸਲਾਹ ਬਣਾਈ ਤੇ ਡੀ. ਪੀ. ਈ. ਕਹਿੰਦਾ ਹੈ ਕਿ 'ਮੈਂ ਦਰਵਾਜ਼ੇ 'ਤੇ ਖੜ੍ਹਾਂਗਾ। ਜਿਹੜਾ ਸਾਲਾ ਅੰਦਰ ਵੜੂ, ਮੇਰੀ ਜਾਨ ਲੈ ਕੇ ਈ ਅੰਦਰ ਵੜੂ।'

ਦੋ ਤਿੰਨ ਮਹੀਨਿਆਂ ਬਾਅਦ ਇੱਕ ਹੋਰ ਚਿੱਠੀ ਵਿਚ ਜ਼ਿਕਰ ਸੀ ਕਿ ਬੀ. ਡੀ. ਓ. ਸੁਖਦੇਵ ਸਿੰਘ ਤੇ ਕਮਲੇਸ਼ ਵੀ ਹੁਣ ਉਸ ਦੇ ਪੂਰੇ ਸੇਵਾਦਾਰ ਬਣ ਗਏ ਸਨ। ਸੁਖਦੇਵ ਸਿੰਘ ਉਸ ਨੂੰ ਸਕੀਮਾਂ ਬਣਾ ਬਣਾ ਦਿੰਦਾ ਹੈ। ਕਮਲੇਸ਼ ਦਾ ਘਰ ਇਕਬਾਲ ਦੇ ਘਰ ਦੇ ਬਿਲਕੁਲ ਨਾਲ ਹੈ। ਕਮਲੇਸ਼ ਉਸ ਦਾ ਇੱਕ ਵਧੀਆ ਕਾਸਦ ਹੈ। ਉਸੇ ਚਿੱਠੀ ਵਿਚ ਲਿਖਿਆ ਸੀ ਕਿ ਅੱਧੀ ਰਾਤ ਉਹ ਇਕਬਾਲ ਦੇ ਘਰ ਕਮਲੇਸ਼ ਦੇ ਘਰੋਂ ਪੌੜੀ ਲਾ ਕੇ ਉਤਰ ਜਾਂਦਾ ਹੈ। ਰਾਤ ਦੇ ਸ਼ਾਹ ਹਨੇਰੇ ਵਿਚ ਇਕਬਾਲ ਨੂੰ ਉਹ ਆਪਣੀ ਜੇਬ੍ਹ ਵਿਚ ਪਾ ਪਾ ਦੇਖਦਾ ਹੈ।

ਦੋਸਤੀ ਤੋਂ ਅੱਗੇ ਲੰਘ ਕੇ ਮਦਨ ਮੋਹਨ ਨਿਰਮਲ ਦੀ ਦਿਲੋਂ ਇੱਜ਼ਤ ਵੀ ਕਰਦਾ ਸੀ। ਉਸ ਨੂੰ ਆਪਣਾ ਵੱਡਾ ਭਰਾ ਤੇ ਮੁੱਖ ਉਪਦੇਸ਼ਕ ਸਮਝਦਾ ਸੀ। ਨਿਰਮਲ ਸਿੰਘ ਉਸ ਨੂੰ ਕਦੇ ਕਦੇ ਚਿੱਠੀ ਲਿਖਦਾ ਤੇ ਕਹਿੰਦਾ-'ਦੋਸਤ, ਮੈਂ ਖੁਸ਼ ਹਾਂ ਕਿ ਤੂੰ ਆਪਣੀ ਮੰਜ਼ਲ ਨੂੰ ਹੱਥ ਲਾ ਲਿਆ। ਪਰ ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਤੇਰੀ ਸ਼ਖ਼ਸ਼ੀਅਤ ਹੁਣ ਫੁੱਟੇ ਭਾਂਡੇ ਵਾਂਗ ਖੜਕਣ ਲੱਗ ਪਈ ਹੈ। ਜਿਸ ਦਿਨ ਇਸ ਭਾਂਡੇ ਦਾ ਪਾਜ ਉੱਖੜ ਗਿਆ, ਤੇਰੀ ਜ਼ਿੰਦਗੀ ਦਾ ਸਾਰਾ ਰਸ ਚਿਉਂ ਜਾਏਗਾ ਤੇ ਤੈਨੂੰ ਵਸਾਖੀ ਵਾਲੇ ਪਿੰਡ ਦੀ ਸਾਰੀ ਦੁਨੀਆਂ ਜਵਾਕ ਦੇ ਚਿੱਤੜ ਪੂੰਝੀ ਲੀਰ ਵਾਂਗ ਰੂੜੀਆਂ 'ਤੇ ਵਘ੍ਹਾ ਮਾਰੇਗੀ।' ਮਦਨ ਮੋਹਨ ਨੂੰ ਉਸ ਦੇ ਉਪਦੇਸ਼ਾਂ ਦਾ ਸਤਿਕਾਰ ਭਾਵੇਂ ਪੂਰਾ ਸੀ, ਪਰ ਇਸਰਤੀ ਸਰੀਰ ਦੀ ਸੁਗੰਧ ਵਿਚ ਉਸ ਦੇ ਦਿਮਾਗ਼ 'ਤੇ ਕੋਈ ਅਸਰ ਨਹੀਂ ਸੀ ਹੁੰਦਾ। ਉਸ ਨੇ ਇੱਕ ਚਿੱਠੀ ਵਿਚ ਲਿਖਿਆ ਸੀ ਕਿ ਸੁਖਦੇਵ ਸਿੰਘ ਕਹਿੰਦਾ ਹੈ-'ਨਿਰਮਲ ਵਰਗੇ ਲਿਖਾਰੀ ਦੇ ਕਾਗਜ਼ੀ ਫੁੱਲਾਂ ਵਿਚ ਈ ਸਾਲਿਆ ਹੁਣ ਤਾਈਂ ਉਲਝਿਆ ਰਿਹਾ, ਸਾਡਾ ਤਾਅ ਵੀ ਦੇਖ-ਅੱਧੀ ਰਾਤ ਇਕਬਾਲ ਦੇ ਸੁਰਗ 'ਚ ਭੇਜ ਦੇਈਂਦੈ ਤੇ ਕੁੱਤੀ ਵੀ ਨੀ ਭੌਂਕਦੀ।

ਵਸਾਖੀ ਵਿਚ ਦੋ ਮਹੀਨੇ ਰਹਿੰਦੇ ਹਨ। ਨਿਰਮਲ ਸਿੰਘ ਹੁਣ ਸੋਚਦਾ ਹੈ ਕਿ ਵਸਾਖੀ ਵਾਲੇ ਦਿਨ ਹੀ ਹੁਣ ਤਾਂ ਉਹ ਉੱਥੇ ਜਾਵੇਗਾ।

ਕ੍ਰਿਸ਼ਨਾ ਦੀ ਨਾ ਕੋਈ ਚਿੱਠੀ ਆਉਂਦੀ ਐ ਤੇ ਨਾ ਉਹ ਕਦੇ ਮਿਲੀ ਹੈ। ਫੇਰ ਵੀ ਉਸ ਦਾ ਨਿੱਘਾ ਨਿੱਘਾ, ਮਿੱਠਾ ਮਿੱਠਾ ਜਿਹਾ ਅਨੁਭਵ ਨਿਰਮਲ ਦੇ ਜ਼ਿਹਨ ਵਿਚ ਅਟਕਿਆ ਹੋਇਆ ਹੈ ਅਤੇ ਉਹ ਸੋਚਦਾ ਹੈ ਕਿ ਵਸਾਖੀ ਦੇ ਮੇਲੇ 'ਤੇ ਜੇ ਕ੍ਰਿਸ਼ਨਾ ਮਿਲੀ ਤਾਂ ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਦੀ ਝੀਲ ਵਿਚ ਵੜ ਕੇ ਉਹ ਉਸ ਨੂੰ ਪੁੱਛੇਗਾ-'ਤੇਰਾ ਸਰੀਰ ਤਾਂ ਸਾਬਤ ਐ?' ♥