ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਤੇ ਫੇਰ ਇੱਕ ਦਿਨ

ਵਿਕੀਸਰੋਤ ਤੋਂ

ਆਤਮਾ ਦੇਵੀ ਬਹੁਤ ਦੁਖੀ ਹੈ। ਉਹਦਾ ਜੁਆਈ ਹਮੇਸ਼ਾਂ ਵਾਂਗ ਹੀ ਕੱਲ੍ਹ ਰਾਤ ਫੇਰ ਆਇਆ ਸੀ ਤੇ ਘਰ ਦੇ ਭਾਂਡੇ ਭੰਨ ਕੇ ਤੁਰ ਗਿਆ ਹੈ। ਕਾਫ਼ੀ ਹਨੇਰਾ ਹੋ ਚੁੱਕਿਆ ਸੀ। ਮਾਵਾਂ ਧੀਆਂ ਪਕਾ ਖਾ ਕੇ ਤੇ ਰੋਟੀ ਟੁੱਕ ਦਾ ਸਾਰਾ ਕੰਮ ਨਿਬੇੜ ਕੇ ਟੈਲੀਵਿਜ਼ਨ ਸਾਹਮਣੇ ਬੈਠੀਆਂ ਸੀਰੀਅਲ ਦੇਖ ਰਹੀਆਂ ਸਨ। ਸੀਰੀਅਲ ਤੋਂ ਬਾਅਦ ਬਿਮਲਾ ਨੇ ਆਪਣੇ ਕਮਰੇ ਵਿਚ ਜਾ ਕੇ ਪੜ੍ਹਨ ਬੈਠ ਜਾਣਾ ਸੀ। ਉਹ ਦੀ ਬੀ. ਐੱਸ. ਸੀ. ਦਾ ਇਹ ਆਖ਼ਰੀ ਸਾਲ ਹੈ। ਸਾਲਾਨਾ ਪ੍ਰੀਖਿਆ ਨੇੜੇ ਹੈ। ਉਹ ਬਾਰਾਂ ਵਜੇ ਤੱਕ ਜਾਗਦੀ ਹੈ। ਸਵੇਰੇ ਪੰਜ ਵਜੇ ਹੀ ਫੇਰ ਉੱਠ ਖੜ੍ਹਦੀ ਹੈ। ਬਹੁਤ ਪੜ੍ਹਦੀ ਹੈ। ਉਹਦੀ ਸ਼ਰਤ ਲੱਗੀ ਹੋਈ ਹੈ ਕਿ ਉਹ ਰੇਸ਼ਮ ਨਾਲੋਂ ਵੱਧ ਨੰਬਰ ਲਵੇਗੀ।

ਰੇਸ਼ਮ ਸਿੰਘ ਬਿਮਲਾ ਦਾ ਜਮਾਤੀ ਹੈ। ਉਨ੍ਹਾਂ ਦੇ ਘਰੇ ਹੀ ਰਹਿੰਦਾ ਹੈ। ਆਤਮਾ ਦੇਵੀ ਨੇ ਉਹ ਨੂੰ ਅਲੱਗ ਕਮਰਾ ਦਿੱਤਾ ਹੋਇਆ ਹੈ। ਬਹੁਤ ਸ਼ਰੀਫ਼ ਮੁੰਡਾ ਹੈ। ਉਹ ਦੀਆਂ ਧੀਆਂ ਵਾਂਗ ਹੀ, ਜਿਵੇਂ ਉਹ ਉਹ ਦੀ ਤੀਜੀ ਧੀ ਹੋਵੇ।

ਰੇਸ਼ਮ ਦੀ ਆਦਤ ਹੈ, ਉਹ ਆਥਣ ਦੀ ਰੋਟੀ ਖਾ ਕੇ ਘਰੋਂ ਨਿਕਲ ਜਾਵੇਗਾ। ਉਹ ਨੂੰ ਟੈਲੀਵਿਜ਼ਨ ਦੇਖਣ ਦਾ ਕੋਈ ਖ਼ਾਸ ਸ਼ੌਕ ਨਹੀਂ। ਦਸ ਵਜੇ ਤੱਕ ਆਪਣੇ ਦੋਸਤਾਂ ਕੋਲ ਗੱਪਾਂ ਮਾਰੇਗਾ ਜਾਂ ਕਿਧਰੇ ਘੁੰਮੇ ਫਿਰੇਗਾ। ਫੇਰ ਪਤਾ ਨਹੀਂ ਕਦੋਂ ਘਰ ਆਵੇਗਾ। ਆਤਮਾ ਦੇਵੀ ਤਾਂ ਕਦੋਂ ਦੀ ਸੌਂ ਚੁੱਕੀ ਹੁੰਦੀ ਹੈ। ਬਿਮਲਾ ਆਪਣੇ ਕਮਰੇ ਵਿਚ ਪੜ੍ਹ ਰਹੀ ਹੁੰਦੀ ਹੈ। ਉਹ ਮਲਕੜੇ ਜਿਹੇ ਘਰ ਵੜੇਗਾ। ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਕੇ ਜਿੰਦਰਾ ਲਾ ਦਿੰਦਾ ਹੈ। ਕੋਈ ਆਵਾਜ਼ ਨਹੀਂ, ਕੋਈ ਖੜਕਾ ਨਹੀਂ। ਫੇਰ ਰਸੋਈ ਵਿਚ ਜਾ ਕੇ ਗੈਸ 'ਤੇ ਚਾਹ ਦੇ ਦੋ ਕੱਪ ਬਣਾਏਗਾ। ਬਿਮਲਾ ਦੇ ਕਮਰੇ ਵਿਚ ਚੁੱਪ ਚਾਪ ਆ ਬੈਠੇਗਾ। ਇਸ਼ਾਰੇ ਨਾਲ ਉਹ ਨੂੰ ਚਾਹ ਪੀਣ ਲਈ ਕਹੇਗਾ। ਆਪਣਾ ਕੱਪ ਖ਼ਤਮ ਕਰਕੇ ਆਪਣੇ ਕਮਰੇ ਵਿਚ ਚਲਿਆ ਜਾਵੇਗਾ। ਪੜ੍ਹਨ ਬੈਠ ਜਾਵੇਗਾ। ਹਮੇਸ਼ਾ ਉਹ ਬਿਮਲਾ ਨਾਲੋਂ ਬਾਅਦ ਵਿਚ ਹੀ ਸੌਂਦਾ ਹੈ। ਸਵੇਰੇ ਨਹੀਂ ਉੱਠਦਾ ਉਦੋਂ ਹੀ ਉੱਠਦਾ ਹੈ, ਜਦੋਂ ਰਸੋਈ ਦੇ ਭਾਂਡੇ ਖੜਕ ਰਹੇ ਹੁੰਦੇ ਹਨ ਅਤੇ ਆਤਮਾ ਦੇਵੀ ਸਵੇਰ ਦਾ ਨਾਸ਼ਤਾ ਤਿਆਰ ਕਰ ਰਹੀ ਹੁੰਦੀ ਹੈ।

ਰੇਸ਼ਮ ਸਿੰਘ ਦਾ ਬਾਪ ਆਤਮਾ ਦੇਵੀ ਦੇ ਪਤੀ ਦਾ ਦੋਸਤ ਸੀ। ਦੋਵੇਂ ਏਥੋਂ ਦੇ ਰੇਲਵੇ ਸਟੇਸ਼ਨ 'ਤੇ ਤੇਰਾਂ ਚੌਦਾਂ ਸਾਲ ਇਕਠੇ ਰਹੇ। ਉਨ੍ਹਾਂ ਦਾ ਆਪਸ ਵਿਚ ਸਕੇ ਭਰਾਵਾਂ ਵਰਗਾ ਵਰਤ ਵਿਹਾਰ ਸੀ।ਉਹ ਹਰਿਆਣੇ ਦੇ ਸਨ ਤੇ ਰੇਸ਼ਮ ਦਾ ਪਿਤਾ ਏਧਰ ਪੰਜਾਬ ਦਾ ਹੀ। ਰੇਲਵੇ ਕੁਆਟਰਾਂ ਵਿਚ ਉਹ ਨਾਲ ਨਾਲ ਰਹਿੰਦੇ ਸਨ। ਰੇਸ਼ਮ ਚਾਰ ਸਾਲ ਦਾ ਸੀ, ਜਦੋਂ ਉਹ ਦੀ ਮਾਂ ਮਰ ਗਈ। ਰੇਸ਼ਮ ਦੇ ਪਿਤਾ ਨੇ ਹੋਰ ਵਿਆਹ ਕਰਵਾ ਲਿਆ। ਫੇਰ ਉਹ ਦੀ ਏਥੋਂ ਬਦਲੀ ਹੋ ਗਈ ਸੀ, ਪਰ ਰੇਸ਼ਮ ਆਤਮਾ ਦੇਵੀ ਕੋਲ ਰਹਿ ਗਿਆ। ਆਪਣੇ ਪਿਤਾ ਤੇ ਮਤਰੇਈ ਮਾਂ ਨਾਲ ਗਿਆ ਹੀ ਨਹੀਂ। ਉਹ ਉਹ ਨੂੰ ਬਾਹੋਂ ਫੜ ਕੇ ਘੜੀਸ ਰਹੇ ਸਨ। ਪਰ ਉਹ ਜ਼ਮੀਨ 'ਤੇ ਲਿਟ ਗਿਆ, ਉੱਚੀ ਉੱਚੀ ਬੋਲਣ ਲੱਗਿਆ, ਅੱਖਾਂ ਵਿਚ ਲਹੂ ਦੇ ਹੰਝੂ ਵਗ ਰਹੇ ਸਨ। ਬੱਸ ਉਦੋਂ ਤੋਂ ਉਹ ਆਤਮਾ ਦੇਵੀ ਕੋਲ ਹੈ।

ਆਤਮਾ ਦੇਵੀ ਦਾ ਪਤੀ ਰਿਟਾਇਰ ਹੋਣ ਬਾਅਦ ਦੋ ਸਾਲ ਜਿਉਂਦਾ ਰਿਹਾ। ਰਿਟਾਇਰ ਹੋਣ ਤੋਂ ਚਾਰ ਸਾਲ ਪਹਿਲਾਂ ਉਹ ਨੇ ਏਥੇ ਨਵਾਂ ਪਲਾਟ ਲੈ ਕੇ ਮਕਾਨ ਬਣਾ ਲਿਆ ਸੀ। ਉਹ ਕਹਿੰਦਾ ਹੁੰਦਾ-ਜਦੋਂ ਸਾਰੀ ਉਮਰ ਤਾਂ ਇਸ ਸ਼ਹਿਰ ਵਿਚ ਕੱਢ ਦਿੱਤੀ, ਹੁਣ ਹਰਿਆਣੇ ਜਾ ਕੇ ਕੀ ਕਰਨਾ ਹੈ। ਇਸ ਸ਼ਹਿਰ ਦੇ ਲੋਕ ਹੀ ਹੁਣ ਉਹ ਦੇ ਸੰਗੀ ਸਾਥੀ ਹਨ। ਰਿਸ਼ਤੇਦਾਰਾਂ ਵਰਗੇ ਦੋਸਤ ਹਨ ਏਥੋਂ ਦੇ ਲੋਕ ਤਾਂ।

ਵਧੀਆ ਖੁੱਲ੍ਹਾ ਚੌੜਾ ਮਕਾਨ ਹੈ। ਤਿੰਨ ਵੱਡੇ ਕਮਰੇ, ਵਿਹੜੇ ਵਿਚ ਰਸੋਈ, ਸਟੋਰ, ਲੈਟਰਿਨ ਤੇ ਗੁਸਲਖ਼ਾਨਾ। ਤਿੰਨ ਕਮਰਿਆਂ ਦੇ ਅੱਗੇ ਇੱਕ ਲੰਮਾ ਵਰਾਂਡਾ। ਰਿਟਾਇਰ ਹੋਣ ਤੋਂ ਦੋ ਸਾਲ ਪਹਿਲਾਂ ਏਸ ਮਕਾਨ ਵਿਚ ਵੱਡੀ ਕੁੜੀ ਸ਼ਿਮਲਾ ਦਾ ਵਿਆਹ ਕੀਤਾ। ਪਰ ਉਹ ਨੂੰ ਪਤਾ ਨਹੀਂ ਕਾਹਦਾ ਗ਼ਮ ਖਾ ਗਿਆ। ਰਿਟਾਇਰ ਹੋ ਜਾਣ ਦਾ ਜਾਂ ਸ਼ਾਇਦ ਸ਼ਿਮਲਾ ਦਾ।

ਸ਼ਿਮਲਾ ਦੇ ਸਹੁਰੇ ਦਾ ਹੋਟਲ ਸੀ। ਬਹੁਤ ਆਮਦਨ ਸੀ। ਉਹ ਦੇ ਦੋ ਮੁੰਡੇ ਸਨ। ਵੱਡਾ ਤਾਂ ਹੋਟਲ 'ਤੇ ਹੀ ਬੈਠਦਾ। ਛੋਟਾ ਬੀ. ਏ. ਵਿਚ ਪੜ੍ਹਦਾ ਸੀ। ਏਧਰ ਸ਼ਿਮਲਾ ਬੀ. ਏ ਕਰ ਚੁੱਕੀ ਸੀ। ਬੱਸ ਸੰਜੋਗ ਭਿੜ ਗਏ। ਸ਼ਿਮਲਾ ਦਾ ਸਹੁਰਾ ਉਦੋਂ ਤਾਂ ਕਹਿੰਦਾ ਸੀ, ਉਹ ਆਪਣੇ ਮੁੰਡੇ ਨੂੰ ਪੜ੍ਹਾ ਕੇ ਕੋਈ ਅਫ਼ਸਰ ਬਣਾਏਗਾ। ਪਰ ਉਹ ਨੂੰ ਖ਼ੁਦ ਪਤਾ ਸੀ ਕਿ ਮੁੰਡਾ ਕਾਲਜ ਘਟ ਜਾਂਦਾ ਹੈ ਤੇ ਆਵਾਰਾਗਰਦੀ ਬਹੁਤੀ ਕਰਦਾ ਹੈ। ਅਫ਼ਸਰ ਤਾਂ ਕੀ, ਉਹ ਘਰ ਦੇ ਕੰਮ ਵਿਚ ਵੀ ਸ਼ਾਇਦ ਹੀ ਟਿਕ ਸਕੇ। ਮਾਂ ਨੇ ਉਹ ਨੂੰ ਵਿਆਹ ਲਿਆ। ਸੋਚਦੀ ਹੋਵੇਗੀ, ਬਹੂ ਘਰੇ ਆ ਗਈ ਤਾਂ ਉਹ ਸੁਧਰ ਜਾਏਗਾ। ਸ਼ਾਇਦ ਬਿਗਾਨੀ ਧੀ ਹੀ ਆਖੇ ਲਾ ਲਵੇ। ਹੋਰ ਨਹੀਂ ਤਾਂ ਹੋਟਲ ਦਾ ਕੰਮ ਹੀ ਸੰਭਾਲੇਗਾ। ਵੱਡਾ ਮੁੰਡਾ ਵੀ ਤਾਂ ਕਰਦਾ ਹੈ ਤੇ ਬਾਪ ਵਾਂਗ ਕਮਾਈ ਵੱਲ ਹੀ ਧਿਆਨ ਹੈ।

ਸ਼ਿਮਲਾ ਦੇ ਬਾਪ ਨੇ ਪਹਿਲੇ ਦਿਨਾਂ ਵਿਚ ਹੀ ਉਹਦਾ ਤੱਤ ਕੱਢ ਲਿਆ ਸੀ ਕਿ ਉਹ ਵਿਗੜਿਆ ਹੋਇਆ ਮੁੰਡਾ ਹੈ। ਆਪਣੇ ਬਾਪ ਦਾ ਘਰ ਤਾਂ ਖਰਾਬ ਕਰ ਹੀ ਰਿਹਾ ਹੈ, ਕਿਸੇ ਦਿਨ ਉਹਦਾ ਘਰ ਵੀ ਵੇਚ ਕੇ ਖਾ ਜਾਏਗਾ। ਹਰਾਮਜ਼ਾਦੇ ਦੀ ਟੌਰ ਤਾਂ ਦੇਖੋ ਕੋਈ, ਜਿਵੇਂ ਕੋਈ ਨਵਾਬ ਦਾ ਪੁੱਤ ਹੋਵੇ। ਪੈਂਟ ਦੀਆਂ ਜੇਬਾਂ ਵਿਚ ਰੁਮਾਲ, ਇੱਕ ਮੂੰਹ ਪੂੰਝਣ ਲਈ ਇੱਕ ਬੂਟ ਪੂੰਝਣ ਲਈ। ਘਰ ਵਿਚ ਮੇਜ਼ ਕੁਰਸੀ ਲਾ ਕੇ ਸ਼ਰਾਬ ਪੀਂਦਾ ਹੈ। ਨਿੱਕੀ ਜਿਹੀ ਗੱਲ 'ਤੇ ਵਿਗੜ ਉੱਠੇਗਾ ਪਲੇਟਾਂ ਕੌਲੀਆਂ ਵਿਹੜੇ ਵਿਚ ਵਗਾਹ ਮਾਰਦਾ ਹੈ। ਜੁਆਈ ਹੈ ਮਾਂਚੋ...ਨਹੀਂ ਤਾਂ ਅਜਿਹੇ ਸੂਰ 'ਤੇ ਗੋਲੀ ਠੰਡੀ ਕਰ ਦੇਵੇ ਅਗਲਾ। ਉੱਥੇ ਕੁੜੀ ਨੂੰ ਦੁਖੀ ਰੱਖਦਾ ਹੈ, ਏਥੇ ਕੁੜੀ ਦੀ ਮਾਂ ਨੂੰ। ਕਿਵੇਂ ਹੱਥ ਬੰਨ੍ਹੀ ਖੜ੍ਹੀ ਰਹਿੰਦੀ ਹੈ, ਕੁੱਤੇ ਮੂਹਰੇ। ਅਖੇ-ਰੋਟੀ ਲੈ ਸਾਊ, ਠੰਡੀ ਹੋਜੂਗੀ। ਤੂੰ ਇਹਦੇ ਮੂੰਹ ਵਿਚ ...। ਬਾਮ੍ਹਣ ਦਾ ਪੁੱਤ ਹੋ ਕੇ ਆਹ ਚੱਜ? ਸ਼ਿਮਲਾ ਦਾ ਬਾਪ ਸਨਾਤਨੀ ਬੰਦਾ ਸੀ। ਉਹ ਨੂੰ ਤਾਂ ਧੀ ਦਾ ਗ਼ਮ ਹੀ ਲੈ ਗਿਆ।

ਤੇ ਹੁਣ ਤੱਕ ਜੁਆਈ ਦਾ ਉਹੀ ਹਾਲ ਹੈ। ਉਹ ਚੌਥੇ ਪੰਜਵੇਂ ਮਹੀਨੇ ਏਥੇ ਗੇੜਾ ਮਾਰਦਾ ਹੈ। ਕਦੇ ਸ਼ਿਮਲਾ ਨਾਲ ਹੁੰਦੀ ਹੈ ਤੇ ਕਦੇ ਉਹ ਇਕੱਲਾ ਹੀ ਆ ਧਮਕਦਾ ਹੈ। ਸ਼ਿਮਲਾ ਕੋਲ ਦੋ ਜੁਆਕ ਹੋ ਚੁੱਕੇ ਹਨ। ਉਹ ਆਪਣੀ ਬੀ. ਏ. ਪੂਰੀ ਨਹੀਂ ਕਰ ਸਕਿਆ ਸੀ। ਹੁਣ ਬੱਸ ਹੋਟਲ 'ਤੇ ਕਦੇ ਕਦੇ ਜਾਂਦਾ ਹੈ। ਜਾਂਦਾ ਹੈ ਤਾਂ ਵੱਡੇ ਭਾਈ ਵੱਲ ਅੱਖਾਂ ਹੀ ਕੱਢਦਾ ਰਹੇਗਾ। ਉਹ ਦੇ ਦੁੱਖ ਨੇ ਬਾਪ ਦਾ ਬੁਰਾ ਹਾਲ ਕੀਤਾ ਹੋਇਆ ਹੈ, ਉਹ ਮੁੰਡੇ ਨੂੰ ਤਾਂ ਕੁਝ ਨਹੀਂ ਆਖਦਾ, ਮੁੰਡੇ ਦੀ ਮਾਂ ਨੂੰ ਸੂਲੀ 'ਤੇ ਟੰਗੀ ਰੱਖਦਾ ਹੈ। ਕਹਿੰਦਾ ਹੈ-"ਤੂੰ ਇਹਨੂੰ ਜੰਮਿਆ ਕਾਹਨੂੰ ਸੀ, ਹਰਾਮੀ ਨੂੰ? ਫੇਰ ਏਸ ਲੰਡਰ ਨੂੰ ਵਿਆਹਿਆ ਕਿਉਂ ਬਗਾਨੀ ਧੀ ਦਾ ਪਾਪ ਖੱਟਿਆ।"

ਹਲਵਾਈ ਤਾਂ ਉਹ ਨੂੰ ਬੁਲਾਉਂਦਾ ਤੱਕ ਨਹੀਂ। ਪਰ ਸ਼ਿਮਲਾ ਨੂੰ ਧੀ ਬਣਾ ਕੇ ਰੱਖਦਾ ਹੈ। ਉਹ ਦੋ ਜੁਆਕਾਂ ਨੂੰ ਗੋਦੀ ਵਿਚ ਲੈ ਕੇ ਬੈਠਾ ਰਹੇਗਾ।

ਮਾਂ ਹਾਕ ਮਾਰਦੀ ਹੈ-"ਸ਼ਿਵਚਰਨ, ਉੱਠ ਭਾਈ, ਧੁੱਪਾਂ ਨਿਕਲ ਆਈਆਂ, ਚਾਹ ਪੀ ਲੈ।"

ਹਲਵਾਈ ਖਿੱਝਦਾ ਹੈ-"ਕੁੱਤਾ ਚਰਨ ਕਹਿ ਕਪੂਤ ਨੂੰ ਕੁੱਤਾ ਚਰਨ। ਹੂੰ...ਸ਼ਿਵਚਰਨ! ਬੈੱਡ ਟੀ ਦਿੰਦੀ ਐ, ਸਾਅਬਜ਼ਾਦੇ ਨੂੰ। ਮਾਰ ਘੋੜਿਆਂ ਦਾ ਵਪਾਰ ਕਰਕੇ ਆਇਐ ਜਿਵੇਂ।"

ਸ਼ਿਵਚਰਨ ਜਦੋਂ ਵੀ ਏਥੇ ਆਉਂਦਾ ਹੈ, ਰੇਸ਼ਮ ਉਹਦੀ ਪੂਰੀ ਸੇਵਾ ਕਰਦਾ ਹੈ, ਜਿਵੇਂ ਕੋਈ ਨੌਕਰ ਕਰਦਾ ਹੋਵੇ। ਉਸ ਦਿਨ ਕਾਲਜ ਨਹੀਂ ਜਾਂਦਾ। ਪਰ ਬਿਮਲਾ ਨੇ ਸ਼ਿਵਚਰਨ ਨੂੰ ਕਦੇ ਸਿੱਧੇ ਮੂੰਹ ਨਹੀਂ ਬੁਲਾਇਆ। ਬੱਸ ਇੱਕ ਵਾਰ ਕਹੇਗੀ 'ਨਮਸਤੇ ਜੀਜਾ ਜੀ', ਫੇਰ ਚੁੱਪ। ਉਹ ਉਹ ਦੇ ਸਾਹਮਣੇ ਆਉਣ ਤੋਂ ਵੀ ਗੁਰੇਜ਼ ਕਰਦੀ ਹੈ।

ਸ਼ਿਵਚਰਨ ਆਇਆ ਹੋਵੇ ਤਾਂ ਆਤਮਾ ਦੇਵੀ ਰੇਸ਼ਮ ਨੂੰ ਏਧਰ ਉੱਧਰ ਭਜਾਈ ਰੱਖਦੀ ਹੈ। ਇਹ ਲੈ ਕੇ ਆ, ਉਹ ਲੈ ਕੇ ਆ। ਬਿਸਤਰੇ ਦੀ ਚਾਦਰ ਬਦਲ ਦੇ। ਨ੍ਹਾਉਣੇ ਪ੍ਰਾਹੁਣੇ ਨੇ, ਗੀਜਰ ਚਲਾ ਦੇ। ਉਹ ਦੇ ਬੂਟ ਪਾਲਿਸ਼ ਕਰ ਦੇ। ਉਹ ਦਾ ਸ਼ਰਟ ਪ੍ਰੈੱਸ ਕਰ ਲਿਆ। ਹਾਅ... ਦਹੀਂ ਜਮਾਉਣੀ ਤਾਂ ਭੁੱਲ ਈ ਗਿਆ ਤੂੰ, ਸ਼ਿਵਚਰਨ ਤਾਂ ਸਵੇਰੇ ਈ ਮੰਗੂਗਾ ਦਹੀਂ।"

ਰੇਸ਼ਮ ਆਤਮਾ ਦੇਵੀ ਲਈ ਐਨਾ ਕਰਦਾ ਹੈ, ਜਿਵੇਂ ਉਹ ਉਹ ਦਾ ਢਿੱਡੋਂ ਕੱਢਿਆ ਪੁੱਤ ਹੋਵੇ।

ਉਸ ਦਿਨ ਆਤਮਾ ਦੇਵੀ ਸਾਰਾ ਸਮਾਂ ਚੁੱਪ ਚੁੱਪ ਉੱਠਦੀ ਬੈਠਦੀ ਰਹੀ। ਜਿਵੇਂ ਉਹ ਨੂੰ ਕਿਸੇ ਘੋਰ ਉਦਾਸੀ ਨੇ ਘੇਰ ਰੱਖਿਆ ਹੋਵੇ। ਜਿਵੇਂ ਉਹ ਕਿਸੇ ਡੂੰਘੀ ਸੋਚ ਵਿਚ ਧਸ ਚੁੱਕੀ ਹੋਵੇ। ਜਿਵੇਂ ਉਹ ਕੋਈ ਅਲੋਕਾਰ ਫ਼ੈਸਲਾ ਕਰ ਬੈਠੀ ਹੋਵੇ।

ਦਿਨ ਢਲਿਆ, ਉਹ ਨੇ ਰੋਟੀ ਟੁੱਕ ਦਾ ਆਹਰ ਨਹੀਂ ਕੀਤਾ। ਸ਼ਿਮਲਾ ਦੋ ਵਾਰ ਚੀਕਾਂ ਮਾਰ ਚੁੱਕੀ ਹੈ-"ਮੰਮੀ...ਹਾਏ ਮੇਰਾ ਕਾਲਜਾ! ਮੰਮੀ ਰੋਟੀ...।" ਆਤਮਾ ਦੇਵੀ ਗੁੰਮ ਸੁੰਮ ਬੈਠੀ ਹੋਈ ਹੈ। ਉਹਨੂੰ ਸ਼ਿਮਲਾ ਦੀ ਕੋਈ ਆਵਾਜ਼ ਨਹੀਂ ਸੁਣਦੀ।

ਖ਼ਾਸੀ ਦੇਰ ਬਾਅਦ ਰੇਸ਼ਮ ਬਾਹਰੋਂ ਕਿਧਰੋਂ ਆਇਆ ਹੈ। ਸਾਈਕਲ ਨੂੰ ਟਿਕਾਣੇ 'ਤੇ ਖੜ੍ਹਾ ਕਰਕੇ ਆਤਮਾ ਦੇਵੀ ਦੇ ਗੋਡੇ ਮੁੱਢ ਆ ਬੈਠਾ ਹੈ। ਕਹਿੰਦਾ ਹੈ-"ਰੋਟੀ ਖਾ ਚੁੱਕੇ ਮੰਮੀ, ਤੁਸੀਂ?"

ਆਤਮਾ ਦੇਵੀ ਦਾ ਜਵਾਬ ਉਡੀਕੇ ਬਗ਼ੈਰ ਉਹ ਨੇ ਰਸੋਈ ਖੋਲ੍ਹੀ ਹੈ। ਉਹ ਇਸ ਤਰ੍ਹਾਂ ਹੀ ਕਰਿਆ ਕਰਦਾ ਹੈ। ਭੁੱਖ ਲੱਗੀ ਹੋਵੇ ਤਾਂ ਕਿਸੇ ਨੂੰ ਉਡੀਕਦਾ ਨਹੀਂ। ਖ਼ੁਦ ਹੀ ਕੌਲੀ ਵਿਚ ਸਬਜ਼ੀ ਦੀਆਂ ਦੋ ਕੜਛੀਆਂ ਪਾਵੇਗਾ ਤੇ ਹੱਥ ਵਿਚ ਰੋਟੀਆਂ ਫੜ ਕੇ ਬੈਠ ਜਾਵੇਗਾ। ਫੇਰ ਵਿਚ ਦੀ ਬਿਮਲਾ ਨੂੰ ਹਾਕ ਮਾਰੇਗਾ-"ਬਿਮਲ...!" ਬਿਮਲਾ ਨੂੰ ਪਤਾ ਹੁੰਦਾ ਹੈ ਕਿ ਉਹ ਕਿਉਂ ਉਹਨੂੰ ਬੁਲਾ ਰਿਹਾ ਹੈ। ਉਹ ਅੱਗੋਂ ਹੋਰ ਉੱਚਾ ਬੋਲੇਗੀ-"ਮੰਮੀ... ਪਾਣੀ ਦੇ ਦੇ ਇਹਨੂੰ।"

ਆਤਮਾ ਦੇਵੀ ਖਿਝੇਗੀ-"ਰੋਟੀ ਲੈ ਕੇ ਬੈਠੈਂ, ਤਾਂ ਪਾਣੀ ਲੈਂਦੇ ਨੂੰ ਕੀ ਭਾਰ ਲੱਗਦਾ ਸੀ ਕੋਈ?"

"ਮੰਮੀ ਪਲੀਜ਼। ਉਹ ਫ਼ਿਲਮੀ ਨਖ਼ਰਾ ਕਰੇਗਾ।

ਆਤਮਾ ਦੇਵੀ ਪਾਣੀ ਦੇ ਗਲਾਸ ਨਾਲ ਇੱਕ ਰੋਟੀ ਵੀ ਹੋਰ ਲਿਆ ਦਿੰਦੀ ਹੈ। ਉਹ ਨੂੰ ਪਤਾ ਹੈ, ਉਹ ਦੀ ਭੁੱਖ ਦੋ ਰੋਟੀਆਂ ਨਾਲੋਂ ਵੱਧ ਹੈ। ਸਟੋਵ ਕੋਲ ਬੈਠ ਕੇ ਤੱਤੀ ਤੱਤੀ ਰੋਟੀ ਖਾ ਜਾਵੇਗਾ।

ਸੱਖਣੀ ਰਸੋਈ ਦੇਖ ਕੇ ਰੇਸ਼ਮ ਵਾਪਸ ਆਤਮਾ ਦੇਵੀ ਕੋਲ ਆ ਜਾਂਦਾ ਹੈ। ਉਹ ਪਹਿਲਾਂ ਰੋਂਦੀ ਹੈ, ਫੇਰ ਅੱਖਾਂ ਪੂੰਝ ਕੇ ਰੇਸ਼ਮ ਦੇ ਹੱਥ ਆਪਣੇ ਹੱਥਾਂ ਵਿਚ ਲੈ ਲੈਂਦੀ ਹੈ। ਉਹ ਹੈਰਾਨੀ ਭਰਿਆ ਹਾਸਾ ਹੱਸਦਾ ਹੈ। ਫੇਰ ਉਹ ਬਿਮਲਾ ਨੂੰ ਹਾਕ ਮਾਰਦੀ ਹੈ। ਮਾਂ ਦੀ ਫਟੀ ਫਟੀ ਆਵਾਜ਼ ਸੁਣ ਕੇ ਉਹ ਭੱਜ ਕੇ ਉਹਦੇ ਕੋਲ ਆਉਂਦੀ ਹੈ। ਮਾਂ ਦੇ ਹੱਥ ਵਿਚ ਰੇਸ਼ਮ ਦਾ ਹੱਥ ਦੇਖ ਕੇ ਹੈਰਾਨ ਹੁੰਦੀ ਹੈ। ਦੂਜੇ ਹੱਥ ਨਾਲ ਬਿਮਲਾ ਦਾ ਹੱਥ ਫੜ ਕੇ ਮਾਂ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ ਹੈ। ਬਿਮਲਾ ਤੇ ਰੇਸ਼ਮ ਮੁਸਕਰਾ ਰਹੇ ਹਨ। ਪਰ ਬੜੇ ਹੈਰਾਨ ਹਨ, ਜਿਵੇਂ ਮਾਂ ਨੂੰ ਕੋਈ ਪਾਗਲਪਨ ਚੜ੍ਹ ਰਿਹਾ ਹੋਵੇ।

"ਬਾਮ੍ਹਣ ਦਾ ਪੁੱਤ ਕੀ ਕੋਈ ਫੂਕਣੈ ਮੈਂ?' ਪਹਿਲੇ ਨੇ ਕਿਹੜੇ ਪੰਘੂੜੇ ਝੂਟਾ ਤੇ ਮੈਨੂੰ। ਸੂਲੀ 'ਤੇ ਟੰਗ ਰੱਖਿਐ ਮੇਰੀ ਧੀ ਨੂੰ। ਤਪਾ ਛੱਡੀ ਆਂ ਮੈਂ ਤਾਂ। ਮੈਨੂੰ ਤਾਂ ਪੁੱਤ ਤੂੰ ਚੰਗਾ।" ਆਤਮਾ ਦੇਵੀ ਨੇ ਬਿਮਲਾ ਦਾ ਹੱਥ ਰੇਸ਼ਮ ਦੇ ਹੱਥ ਵਿਚ ਦੇ ਦਿੱਤਾ ਹੈ।

ਹੁਣ ਬਿਮਲਾ ਤੇ ਰੇਸ਼ਮ ਦੀਆਂ ਅੱਖਾਂ ਵਿਚ ਪਾਣੀ ਹੈ, ਪਰ ਇਨ੍ਹਾਂ ਹੰਝੂਆਂ ਦਾ ਹੋਰ ਰੰਗ ਹੈ।  ਤੇ ਫੇਰ ਅੱਧੀ ਰਾਤ ਤੱਕ ਬੈਠੇ ਤਿੰਨੇ ਗੱਲਾਂ ਕਰਦੇ ਰਹਿੰਦੇ ਹਨ। ਭਵਿੱਖ ਦੀਆਂ ਯੋਜਨਾਵਾਂ ਦਾ ਕੋਈ ਅੰਤ ਸ਼ੁਮਾਰ ਨਹੀਂ। ਰੋਟੀ ਪੱਕੀ ਤਾਂ ਹੈ, ਪਰ ਖੁਸ਼ੀ ਐਨੀ ਕਿ ਉਹ ਤਿੰਨੇ ਹੀ ਥੋੜ੍ਹੀ ਥੋੜ੍ਹੀ ਖਾ ਸਕੇ ਹਨ।

ਰੇਸ਼ਮ ਨਾਈਆਂ ਦਾ ਮੁੰਡਾ ਹੈ। ♦