ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਗਜ਼ਬ ਸਾਈਂ ਦਾ

ਵਿਕੀਸਰੋਤ ਤੋਂ

ਮੇਰੀ ਉਮਰ ਦੇ ਬੰਦੇ ਪਿੰਡ 'ਚ ਹੁਣ ਥੋੜ੍ਹੇ ਈ ਰਹਿ 'ਗੇ। ਅੱਧੇ ਤਾਂ ਇਨ੍ਹਾਂ 'ਚੋਂ ਮੰਜੇ ਨਾਲ ਮੰਜਾ ਹੋ ਕੇ ਪਏ ਨੇ। ਕੋਈ ਕੋਈ ਐ, ਜੋ ਸੋਟੀ ਫੜ ਕੇ ਬਾਹਰ-ਅੰਦਰ ਜਾ ਸਕਦੇ ਹਨ। ਇੱਕ ਅੱਧਾ ਈ ਕੋਈ ਖੇਤ ਗੇੜਾ ਮਾਰਦਾ ਹੋਊਗਾ। ਸਵੇਰੇ ਸਵੇਰੇ ਖੇਤ ਵਿਚ ਜਾ ਕੇ ਆਉਣਾ ਮੇਰਾ ਨਿੱਤ ਨੇਮ ਐ। ਜੇ ਕਿਸੇ ਦਿਨ ਜਾ ਕੇ ਫ਼ਸਲ ਨਾ ਦੇਖਾਂ ਤਾਂ ਸੰਵਾਰ ਕੇ ਭੁੱਖ ਨ੍ਹੀਂ ਲੱਗਦੀ, ਰਾਤ ਨੂੰ ਚੰਗੀ ਨੀਂਦ ਨ੍ਹੀਂ ਆਉਂਦੀ।

ਘਰੇ ਸਭ ਰੰਗ ਭਾਗ ਲੱਗੇ ਹੋਏ ਨੇ। ਚਾਰੇ ਪੁੱਤਾਂ ਦੇ ਗਹਾਂ ਦੋ ਦੋ, ਤਿੰਨ ਤਿੰਨ ਜੁਆਕ ਨੇ। ਹੁਣ ਤਾਂ ਪੋਤੇ ਪੋਤੀਆਂ ਵੀ ਵਿਆਹੇ ਗਏ। ਉਨ੍ਹਾਂ ਦੇਵੀ ਨਿਆਣੇ-ਨਿੱਕੇ ਹੋਈ ਜਾਂਦੇ ਨੇ, ਮੈਂ ਛੋਟੇ ਮੁੰਡੇ ਦੇ ਚੁੱਲ੍ਹੇ 'ਤੇ ਆਂ। ਖਾਣ ਪੀਣ ਨੂੰ ਖੁੱਲ੍ਹਾ, ਪਰ ਮੈਂ ਸੰਜਮ ਨਾਲ ਈ ਖਾਂਦਾ ਪੀਨਾਂ। ਘਿਓ ਘੰਦੂ ਤਾਂ ਹੁਣ ਹਜਮ ਨ੍ਹੀਂ ਹੁੰਦਾ। ਬਸ ਦੁੱਧ ਪੀਨਾਂ, ਉਹ ਵੀ ਇੱਕ ਵੇਲੇ, ਰਾਤ ਨੂੰ, ਅੱਧੀ ਬਾਟੀ। ਦੁੱਧ ਪੀਣ ਨਾਲ, ਹੋਰ ਤਾਂ ਕੁਸ਼ ਨ੍ਹੀ। ਤੜਕੇ ਜੰਗਲ ਪਾਣੀ ਖੁੱਲ੍ਹ ਕੇ ਆ ਜਾਂਦੈ।

ਪਿੰਡ 'ਚ ਜਾ ਕੇ ਕਦੇ ਕਦੇ ਮੈਂ ਆਪਣੇ ਹਾਣੀ ਬੁੜ੍ਹਿਆਂ ਨੂੰ ਵੀ ਮਿਲ ਆਉਨਾਂ। ਮੈਂ ਗਲ ਆਖੂਗਾ-"ਓਏ ਰਾਮ ਕ੍ਰਿਸ਼ਨਾ, ਕੰਜਰਾ, ਓਹਿਆ ਜ੍ਹਾ ਈ ਪਿਐਂ, ਕੀ ਖਾਨੈਂ?"

ਪਟਵਾਰੀ ਬਹੁਤ ਤਾਰੀਫ਼ ਕਰਦਾ ਰਹਿੰਦੈ, ਜਦੋਂ ਵੀ ਨਿਗ੍ਹਾ ਪੈ ਜਾਂ, ਬੋਲ ਮਾਰ ਕੇ ਖੜ੍ਹਾ ਲੂਗਾ। ਕਹਿੰਦਾ ਐ-"ਬਾਬਾ ਰਾਮ ਕ੍ਰਿਸ਼ਨ ਸਿਆਂ, ਤੂੰ ਈ ਰਹਿ ਗਿਆ ਇੱਕ ਬੱਸ ਪਿੰਡ 'ਚ ਬਾਕੀ ਤੇਰੇ ਹਾਣੀ ਤਾਂ ਸਭ ਹਥਿਆਰ ਸਿੱਟੀ ਬੈਠੇ ਐ।"

ਆਪਣੀ ਉਮਰ 'ਚ ਮੈਂ ਬੜੇ ਦੁੱਖ ਦੇਖੇ। ਮੇਰਾ ਬਾਪ ਪਹਿਲੀ ਵੱਡੀ ਲੜਾਈ 'ਚ ਮਾਰਿਆ ਗਿਆ ਸੀ। ਉਦੋਂ ਮੇਰੀ ਉਮਰ ਚੌਦਾਂ ਪੰਦਰਾਂ ਸਾਲ ਮਸ੍ਹਾਂ ਹੋਊਗੀ। 'ਕੱਲਾ ਈ ਸੀ। ਨਾ ਕੋਈ ਭੈਣ, ਨਾ ਭਰਾ। ਤਾਏ ਚਾਚੇ ਬਥੇਰਾ ਪਿਆਰ ਕਰਦੇ ਸੀ। ਮਾਂ ਨੇ ਪੂਰਾ ਖੁਆਇਆ ਪਿਆਇਆ। ਜੁਆਨ ਹੋ ਗਿਆ। ਫੇਰ ਉਹ ਨੇ ਮੈਨੂੰ ਵਿਆਹ ਲਿਆ। ਵਸਾਖੀ ਦੇ ਨ੍ਹਾਉਣ ਅੰਬਰਸਰ ਅਸੀਂ ਤਿੰਨੇ ਗਏ। ਜਲ੍ਹਿਆਂ ਵਾਲੇ ਬਾਗ ਬੜਾ 'ਕੱਠ ਸੀ। ਅੰਗਰੇਜ਼ ਨੇ ਗੋਲੀ ਚਲਾ 'ਤੀ। ਬੇਬੇ ਤੇ ਬਹੂ ਉੱਥੇ ਮਾਰੀਆਂ ਗਈਆਂ। ਮੈਂ ਬਚ ਗਿਆ, ਨਕੜਮਾ। ਤਾਏ ਚਾਚਿਆਂ ਨੇ ਈ ਗਲ ਲਾਇਆ ਮੈਨੂੰ। ਬਥੇਰਾ ਸਾਂਭਿਆ ਭਾਈ। ਮੇਰਾ ਦੂਜਾ ਵਿਆਹ ਕੀਤਾ। ਵਾਹੀ ਖੇਤੀ 'ਕੱਠੀ ਸੀ। ਸਾਰੀ ਉਮਰ ਈ 'ਕੱਠੇ ਰਹੇ। ਪਰ ਮੁਰੱਬਾਬੰਦੀ ਵੇਲੇ ਟੱਕ ਅੱਡ ਅੱਡ ਕੱਟ 'ਤੇ। ਊਂ ਤਾਂ ਮੇਰੇ ਮੁੰਡੇ ਜੁਆਨ ਹੋ 'ਗੇ ਸੀ, ਪਰ ਪਹਿਲਾ ਧੱਕਾ ਮੈਨੂੰ ਉਦੋਂ ਲੱਗਿਆ, ਜਦੋਂ ਪਹਿਲੇ ਸਾਲ ਮੈਨੂੰ ਤਾਏ ਚਾਚੇ ਦੀ ਢੇਰੀ ਤੋਂ ਅੱਡ ਹੋ ਕੇ ਵਾਹੀ ਕਰਨੀ ਪਈ। ਦੂਜਾ ਧੱਕਾ ਉਦੋਂ ਲੱਗਿਆ ਜਦੋਂ ਮੇਰੇ ਆਵਦੇ ਚਾਰੇ ਮੁੰਡੇ ਅੱਡ ਹੋਗੇ। ਕੀ ਹੋਇਆ ਜੇ ਉਹ ਵਿਆਹੇ ਵਰੇ ਗਏ ਸੀ, ਖੇਤੀ ਤਾਂ 'ਕੱਠੀ ਰੱਖਦੇ। ਮੇਰੇ ਤਾਏ——ਚਾਚੇ 'ਕੱਠੇ ਰਹੇ, ਇਹ ਵੀ ਰਹਿ ਲੈਂਦੇ। ਕੀ ਫ਼ਰਕ ਪੈਂਦਾ ਸੀ? 'ਕੱਠਾ ਟੱਬਰ ਤਾਂ ਇਕ ਗੰਢ ਹੁੰਦੀ ਐ। ਵਿਚੇ ਹਾਰ-ਨਿਵਾਰ ਹੋਈ ਜਾਂਦੈ ਸਭ ਦਾ। ਗੰਢ ਬੱਝੀ ਰਹਿੰਦੀਐ। ਹਵਾ ਬਾਹਰ ਨ੍ਹੀ ਨਿਕਲਦੀ। ਪਰ ਖ਼ੈਰ ...।

ਤੀਜਾ ਧੱਕਾ ਮੈਨੂੰ ਹੁਣ ਲਗਿਐ। ਇਹ ਧੱਕਾ ਸਭ ਤੋਂ ਵੱਡਾ ਐ। ਸਰਪੰਚ ਦੇਵਤਾ ਆਦਮੀ ਸੀ। ਨਾ ਕਿਸੇ ਦੀ ਚੰਗੀ ਨਾ ਮਾੜੀ। ਸੱਚੋ ਸੱਚ ਨਿਤਾਰਿਆ ਸ਼ੇਰ ਨੇ ਸਾਰੀ ਉਮਰ। ਪਿੰਡ ਦਾ ਕਿੰਨਾ ਕੀਤਾ ਲਖਵਿੰਦਰ ਸੂੰ ਨੇ। ਸਕੂਲ, ਡੰਗਰ ਹਸਪਤਾਲ, ਫੇਰ ਭਾਈ ਡਾਕਖਾਨਾ, ਸ਼ਫ਼ਾਖ਼ਾਨਾ, ਟੈਂਕੀ-ਸਾਰੇ ਪਿੰਡ 'ਚ ਘਰ ਘਰ ਟੂਟੀਆਂ ਲਖਾ 'ਤੀਆਂ, ਭਰੀ ਜਾਓ ਬਈ ਤੌੜੇ ਬਾਲਟੀਆਂ, ਅੱਗੇ ਬੁੜ੍ਹੀਆਂ ਦੀਆਂ ਪੰਪ ਗੇੜਦੀਆਂ ਦੀਆਂ ਵੱਖੀਆਂ ਚੜ੍ਹ ਜਾਂਦੀਆਂ। ਕੋਈ ਅੰਤ ਛੱਡਿਆ ਲਖਵਿੰਦਰ ਨੇ। ਕਿੱਧਰੋਂ ਈ ਬਿੱਜ ਪੈ 'ਗੀ ਭਾਈ। ਟੂਮ ਟੱਲਾ ਤੇ ਨੋਟਾਂ ਦੇ ਥੱਬੇ ਸਭ ਲੈ 'ਗੇ। ਇੱਕ ਦਿਨ ਪਹਿਲਾਂ ਨਰਮਾ ਵੇਚਿਆ ਸੀ, ਸਰਪੰਚ ਨੇ। ਪਿੰਡ ਨੇ ਜਮ੍ਹਾਂ ਈ ਕਾਲਖ਼ ਮਲ 'ਲੀ ਮੂੰਹ ਮੱਥੇ। ਇੱਕ ਵੀ ਬੰਦਾ ਨ੍ਹੀ ਕੁਸਕਿਆ। ਬਾਰ ਅੜਾ ਲੇ ਸਗੋਂ। ਕਿਹੜਾ ਰਾਤ ਸੀ, ਚਿੱਟਾ ਦਿਨ ਸੀ। ਗਾਈਆਂ ਦਾ ਵੱਗ ਅਜੇ ਮੁੜਿਆ ਨ੍ਹੀ ਸੀ।

ਉਹ ਪੰਜ ਜਣੇ ਸੀ, ਪੰਜਾ ਕੋਲ ਬੰਦੂਖਾਂ। ਮੋਟਰਸੈਕਲਾਂ 'ਤੇ ਆਏ ਸੀ, ਆਉਣ ਸਾਰ ਦਾੜ ਦਾੜ ਕਰ 'ਤੀ। ਘਰ ਬਾਰ ਸਾਰਾ ਲੁੱਟ ਲਿਆ। ਗੋਲੀਆਂ ਵਰ੍ਹਾਉਂਦੇ ਆਏ ਸੀ, ਗੋਲੀਆਂ ਵਰ੍ਹਾਉਂਦੇ ਔਹ ਗਏ, ਔਹ ਗਏ। ਗਜ਼ਬ ਸਾਈਂ ਦਾ, ਓਹੀ ਪਿੰਡ ਐ।

ਚਾਲੀ ਵਰ੍ਹੇ ਹੋ 'ਗੇ, ਨਾ ਭਾਈ ਉੱਤੇ ਹੋ 'ਗੇ ਹੋਣਗੇ। ਦੂਜੀ ਲੜਾਈ ਲੱਗੀ ਹੋਈ ਸੀ। ਮੈਨੂੰ ਇਉਂ ਜਾਦ ਐ ਨਾ, ਮੁਨਸ਼ੀ ਤਖ਼ਾਣ ਫ਼ੌਜ 'ਚੋਂ ਭਗੌੜਾ ਹੋ ਕੇ ਆ ਗਿਆ ਸੀ। ਪੱਕੀ ਰਫ਼ਲ ਵੀ ਨਾਲ ਈ ਲੈ ਆਇਆ। ਲੁਕਦਾ ਫਿਰਦਾ ਹੁੰਦਾ। ਪਿੰਡ ਆਲੇ ਉਹ ਨੂੰ ਕੁਸ਼ ਨ੍ਹੀਂ ਸੀ ਆਖਦੇ। ਅਸੀਂ ਉਹਨੂੰ ਗਾਲ਼ਾਂ ਜ਼ਰੂਰ ਕੱਢਦੇ-"ਸਾਲਿਆ, ਜੇ ਭੱਜਣਾ ਸੀ ਤਾਂ ਪਹਿਲਾਂ ਭਰਤੀ ਕਾਹਨੂੰ ਹੋਇਆ ਸੀ?"

ਖ਼ੈਰ ਜੀ, ਸ਼ਮਸ਼ੇਰ ਸੂ ਦੀ ਹਵੇਲੀ ਡਾਕਾ ਪਿਆ। ਚਾਰ ਡਾਕੂ ਸੀ। ਦੋਂਹ ਕੋਲ ਬੰਦੂਖ਼ਾਂ, ਇੱਕ ਕੋਲ ਪਸਤੌਲ ਤੇ ਚੌਥੇ ਕੋਲ ਗੰਡਾਸਾ ਸੀ ਬੱਸ। ਸ਼ਮਸ਼ੇਰ ਸਿਉਂ ਦੇ ਦੋ ਵਿਆਹ ਸੀ। ਵੱਡੀ ਬਹੂ ਦੇ ਕੋਈ ਨਿਆਣਾ ਨਿੱਕਾ ਹੈ ਨ੍ਹੀ ਸੀ। ਪਰ ਕੁੰਜੀ ਮੁਖਤਿਆਰ ਉਹ ਸੀ। ਛੋਟੀ ਦੇ ਉਦੋਂ ਪਹਿਲਾ ਜੁਆਕ ਹੋਣਾ ਸੀ। ਫੇਰ ਤਾਂ ਦੇਖ ਲੋ ਚਾਰ ਮੁੰਡੇ ਜੰਮੇ ਉਹਨੇ, ਤਿੰਨ ਕੁੜੀਆਂ।

ਇੱਕ ਡਾਕੂ ਕੋਠੇ 'ਤੇ ਚੜ੍ਹ ਗਿਆ। ਸਿਖ਼ਰ, ਚੁਬਾਰੇ ਦੀ ਛੱਤ 'ਤੇ। ਥੋੜੇ ਜ੍ਹੇ ਚਿਰ ਪਿੱਛੋਂ ਫੈਰ ਕਰ ਦਿਆ ਕਰੇ, ਲਲਕਾਰੇ ਵੀ ਮਾਰੇ-"ਪਿੰਡ ਦਿਆਂ ਨੂੰ ਅਸੀਂ ਕੁਸ਼ ਨ੍ਹੀ ਕਹਿੰਦੇ। ਸਾਡੇ ਨੇੜੇ ਨਾ ਆਇਓ ਕੋਈ। ਭੁੰਨ ਦਿਆਂਗੇ।" ਉਹਦੇ ਮੋਢੇ ਖੱਦਰ ਦਾ ਸਮੋਸਾ ਸੀ। ਉਹ ਸਮੋਸੇ ਦਾ ਇਸ਼ਾਰਾ ਵੀ ਕਰਦਾ। ਜਿਵੇਂ ਕੋਈ ਮਖਿਆਲ ਦੀਆਂ ਮੱਖੀਆਂ ਤੋਂ ਡਰਦਾ ਕਰਦਾ ਹੋਵੇ।

ਸਿਖ਼ਰ ਦੁਪਹਿਰਾ, ਕੋਠਿਆਂ ਦੀਆਂ ਛੱਤਾਂ 'ਤੇ ਖੜ੍ਹੇ ਲੋਕ ਬਸ ਝਾਕੀ ਜਾਣ। ਬੁੜ੍ਹੀਆਂ, ਜੁਆਕ ਤੇ ਬੰਦੇ। ਉਹ 'ਸਮਾਨ ਕੰਨੀ ਫੈਰ ਕਰਦਾ ਸੀ। ਮੈਂ ਅੱਖੀਂ ਦੇਖਿਆ, ਇਹ ਨਜ਼ਾਰਾ। ਉਨ੍ਹਾਂ ਨੇ ਸ਼ਮਸ਼ੇਰ ਸਿਉਂ ਨੂੰ ਇੱਕ ਥਮਲੇ ਨਾਲ ਨੂੜ 'ਤਾ। ਮੂੰਹ 'ਚ ਕੱਪੜਾ ਥੁੰਨ 'ਤਾ। ਛੋਟੀ ਬਹੂ ਨੂੰ ਰੋਟੀ ਟੁੱਕ ਆਲੇ ਕੋਠੜੇ 'ਚ ਬੰਦ ਕਰ ਤਾ ਬਾਹਰੋ ਕੁੰਡਾ ਠੋਕ 'ਤਾ। ਪਤਾ ਹੋਊਗਾ, ਬਈ ਕੁੰਜੀਆਂ ਵੱਡੀ ਬਹੂ ਕੋਲ ਨੇ। ਪਹਿਲਾਂ ਤਾਂ ਉਨ੍ਹਾਂ ਨੇ ਉਹ ਦਾ ਮੂੰਹ ਕੁੱਟਿਆ ਰਖੜਿਆਂ ਨਾਲ, ਫੇਰ ਘਸੁੰਨ ਮੁੱਕੀ ਕੀਤੀ, ਵੱਡੀ ਬਹੁ ਮੰਨੇ ਈ ਨਾ। ਉਨ੍ਹਾਂ ਨੇ ਉਹ ਦੇ ਕੱਪੜੇ ਪਾੜ 'ਤੇ। ਅਲਫ਼ ਨੰਗੀ ਕਰ ਲਿਆ। ਬੰਦੂਖ਼ ਦਾ ਗਜ ਕੱਢ ਕੇ ਡਾਕੂ ਕਹਿੰਦਾ-"ਦੇ ਦੇ ਕੁੰਜੀਆਂ, ਨਹੀਂ ਤਾਂ ਬੁਰੀ ਹਾਲਤ ਕਰੂੰ ਤੇਰੀ।" ਉਹ ਨੇ ਕੁੰਜੀਆਂ ਦੇ 'ਤੀਆਂ। ਬੰਦੂਖ਼ ਆਲਾ ਵੱਡੀ ਬਹੂ ਕੰਨੀ ਨਾਲ਼ ਸਿੰਨ੍ਹੀ ਖੜ੍ਹਾ ਰਿਹਾ, ਦੂਜੇ ਦੋ ਬੰਦਿਆਂ ਨੇ ਵੱਡੀ ਬਹੂ ਦੇ ਦੱਸਣ ਮੂਜਬ ਅਲਮਾਰੀਆਂ ਦੇ ਸੰਦੂਕ ਟਰੰਕ ਖੋਲ੍ਹ ਕੇ ਟੂਮ ਟੱਲਾ ਸਭ ਕੱਢ ਲਿਆ। ਫੇਰ ਗੰਡਾਸੇ ਆਲੇ ਨੇ ਗੰਡਾਸਾ 'ਤਾਹ ਉਲਾਰਿਆ। ਉਹ ਵੱਡੀ ਬਹੂ ਸਾਹਮਣੇ ਕੋਈ ਜਮਦੂਤ ਬਣਿਆ ਖੜ੍ਹਾ ਸੀ। ਜਿਵੇਂ ਗੰਡਾਸਾ ਸਿਰ 'ਚ ਮਾਰ ਕੇ ਸਿਰ ਦੀਆਂ ਦੋ ਫਾੜਾਂ ਕਰ ਦੇਣੀਆਂ ਹੋਣ। ਉਹ ਕੜਕਿਆ-"ਗਾਗਰਾਂ ਦੱਸ ਕਿੱਥੇ ਦੱਬੀਆਂ ਨੇ?"

ਵੱਡੀ ਬਹੂ ਪਹਿਲਾਂ ਈ ਸਹਿਮੀ ਖੜ੍ਹੀ ਸੀ, ਜਿਵੇਂ ਸ਼ਿਕਾਰੀਆਂ ਨੇ ਹਿਰਨੀ ਘੇਰ 'ਲੀ ਹੋਵੇ।ਉਹਨੇ ਉੱਖਲੀ ਕੰਨੀ ਉਂਗਲ ਕਰ 'ਤੀ। ਡਾਕੂਆਂ ਨੇ ਕਹੀ ਲੈ ਕੇ ਉੱਖਲੀ ਉਖੇੜ 'ਲੀ। ਥੱਲਿਓਂ ਦੋ ਗਾਗਰਾਂ ਨਿਕਲੀਆਂ, ਚਾਂਦੀ ਦੇ ਰੁਪਈਏ। ਗੰਡਾਸੇ ਆਲੇ ਨੇ ਦੋੜਾ ਲੈ ਕੇ ਸਾਰੇ ਰੁਪਈਆਂ ਦੀ ਪੰਡ ਬੰਨ੍ਹ 'ਲੀ ਤੇ ਸਿਰ 'ਤੇ ਧਰ 'ਲੀ।

ਇਹ ਸਾਰਾ ਕਾਰਾ ਘੰਟਾ ਹੁੰਦਾ ਰਿਹਾ ਹੋਊ। ਉਹ ਹਵੇਲਿਓਂ ਬਾਹਰ ਹੋਏ ਤਾਂ ਲੋਕ ਮਗਰ ਲੱਗ ਲੈ। ਗੰਡਾਸੇ ਆਲਾ ਸਿਰ ਉਤਲੀ ਪੰਡ 'ਚੋਂ ਰੁਪਈਆਂ ਦੀ ਮੁੱਠੀ ਭਰ ਕੇ ਲੋਕਾਂ ਕੰਨੀ ਸਿੱਟ ਦਿਆ ਕਰੇ। ਲੋਕਾਂ ਨੇ ਉਹ ਰੁਪਈਆਂ ਨੂੰ ਨ੍ਹੀ ਦੇਖਿਆ। ਉਹ ਤਾਂ ਡਾਕੂਆਂ ਨੂੰ ਘੇਰਨਾ ਚਾਹੁੰਦੇ ਸੀ। ਡਾਕੂਆਂ ਨੇ ਪੰਜ ਸੱਤ ਹਵਾਈ ਫੈਰ ਕੀਤੇ। ਆਖ਼ਰ ਐਵੇਂ ਜਿਵੇਂ ਉਹ ਪਿੰਡੋਂ ਨਿਕਲ ਗਏ। ਭੱਜਣ ਲੱਗੇ।

ਮੋਦਨ ਸੂੰ ਨੰਬਰਦਾਰ ਬੜਾ ਦਲੇਰ ਬੰਦਾ ਸੀ। ਪਿੰਡ 'ਚ ਡਾਕੂ ਵੜੇ ਸੁਣ ਕੇ ਉਹ ਨੇ ਸਾਰੇ ਲਸੰਸੀਏ 'ਕੋਠੇ ਕਰ 'ਲੇ। ਹੋਣਗੀਆਂ ਦਸ ਬਾਰਾਂ ਬੰਦੂਖਾਂ ਪਿੰਡ 'ਚ। ਮੁਨਸ਼ੀ ਤਖ਼ਾਣ ਨੇ ਉਸ ਦਿਨ ਬੜਾ ਕੰਮ ਕੀਤਾ। ਤਿੰਨ ਡਾਕੂ ਥਾਂ ਦੀ ਥਾਂ ਸਿੱਟ 'ਲੇ। ਮਾਰ ਤੇ। ਗੰਡਾਸੇ ਆਲੇ ਦੀ ਖੁੱਚ 'ਚ ਮਾਰੀ ਗੋਲੀ। ਜਾਨੋਂ ਨ੍ਹੀ ਮਾਰਿਆ ਉਹੋ। ਮੋਦਨ ਕਹਿੰਦਾ-ਇਹ ਨੂੰ ਰੱਖ ਲੋ। ਇਹ ਤੋਂ ਅਖੇ ਬਿਆਨ ਲਵਾਂਗੇ। ਕੁੱਲ ਟੂੰਮਾਂ ਤੇ ਰੁਪਈਆਂ ਦੀ ਪੰਡ ਸ਼ਮਸ਼ੇਰ ਸੂੰ ਦੀ ਹਵੇਲੀ ਪਹੁੰਚ 'ਗੀ। ਵੀਹੀਆਂ 'ਚ ਡਿੱਗੇ ਰੁਪਈਏ ਲੋਕਾਂ ਨੇ ਚੁਗੇ ਤੇ ਹਵੇਲੀ ਲਿਆ ਫੜਾਏ।

ਸਮਝ ਨ੍ਹੀ ਆਉਂਦੀ, ਉਹ ਪਿੰਡ ਐ, ਹੁਣ ਕੀ ਮੌਤ ਪੈ 'ਗੀ ਪਿੰਡ ਨੂੰ। ਜਮ੍ਹਾਂ ਈ ਮੋੜ੍ਹੀ ਪੁੱਟੀ ਗਈ ਪਿੰਡ ਦੀ। ਐਨਾ ਕਿਉਂ ਡਰ ਗਿਆ ਪਿੰਡ?

ਪਿੰਡ ਤਾਂ ਕੁਸ਼ ਕਰ ਨਾ ਸਕਿਆ, ਸੁਣਿਐ ਉਨ੍ਹਾਂ ਪੰਜਾਂ 'ਚੋਂ ਤਿੰਨ ਜਣੇ ਗਾਹਾਂ ਜਾ ਕੇ ਕਿਸੇ ਪਿੰਡ ਮਾਰ 'ਤੇ। ਕਿਸੇ ਦੇ ਖੇਤ, ਅਖੇ ਮੋਟਰ ਆਲੇ ਕਮਰੇ 'ਚ ਸੁੱਤੇ ਹੋਏ ਸੀ ਉਹੋ। ਪੁਲਸ ਜਾਂ ਸੀ. ਆਰ. ਪੀ. ਦੇ ਹੱਥ ਨ੍ਹੀ ਲੱਗੇ ਉਹੋ, ਹੋਰ ਕਿਸੇ ਨੇ ਈ ਮਾਰ 'ਤੇ।

ਕੀ ਜਾਣੀਏ ਭਾਈ, ਏਸ ਪਿੰਡ ਜਿੰਨ੍ਹਾਂ ਨੇ ਲੁੱਟ ਮਾਰ ਕੀਤੀ, ਉਹ ਕੌਣ ਸੀ ਤੇ ਜਿਨ੍ਹਾਂ ਨੇ ਗਾਹਾਂ ਉਨ੍ਹਾਂ ਨੂੰ ਮਾਰ 'ਤਾ, ਉਹ ਕੌਣ ਸੀ? ਖ਼ੈਰ ਉਨ੍ਹਾਂ ਦੀ ਛੱਡੋ ... ਮੈਨੂੰ ਤਾਂ ਪਿੰਡ ਦੀ ਠੀਕਰੀ 'ਤੇ ਹਰਖ਼ ਆਉਂਦੈ, ਬਈ...। ♦