ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਉਹ ਤਿੰਨ

ਵਿਕੀਸਰੋਤ ਤੋਂ

ਉਸ ਦਿਨ ਸ਼ਹਿਰ ਦੇ ਬੱਸ ਸਟੈਂਡ 'ਤੇ ਮੈਂ ਤੇ ਜਗਦੇਵ ਚਾਣਚੱਕ ਹੀ ਇਕੱਠੇ ਹੋ ਗਏ। ਕਈ ਮਹੀਨਿਆਂ ਬਾਅਦ ਮਿਲੇ ਸਾਂ। ਉਹ ਦੀ ਦਾੜ੍ਹੀ ਵਿਚ ਚਿੱਟੇ ਵਾਲ ਦਿਸਣ ਲੱਗੇ ਸਨ। ਮੈਂ ਚਾਹੇ ਉਹਦੇ ਹਾਣ ਦਾ ਹੀ ਸੀ, ਪਰ ਮੇਰੀ ਦਾੜ੍ਹੀ ਅੱਧੋਂ ਵੱਧ ਬੱਗੀ ਹੋਈ ਪਈ ਸੀ। ਉਹ ਮੈਨੂੰ ਹੱਸਣ ਲੱਗਿਆ-'ਬੁੜ੍ਹਾ ਜ੍ਹਾ ਹੋਈ ਜਾਨੈਂ, ਕੁਛ ਕਰ ਲਿਆ ਕਰ।'

ਮੈਂ ਜਵਾਬ ਦਿੱਤਾ-'ਇਹ ਧੌਲੇ ਤਾਂ ਇੱਕ ਦਿਨ ਆਉਣੇ ਈ ਸੀ, ਬੰਦੇ ਦਾ ਦਿਲ ਜੁਆਨ ਚਾਹੀਦੈ।'

'ਓਏ, ਇਹ ਤਾਂ ਠੀਕ ਐ, ਪਰ ਦੇਖਣ 'ਚ ਵੀ ਜੁਆਨ ਜ੍ਹਾ ਰਹਿਣਾ ਚਾਹੀਦੈ।'

'ਦੇਖਣ ਨੂੰ ਆਪਾਂ ਵੀ ਕਿਹੜਾ ਹੁਣ...'

'ਉਹ ਤਾਂ ਪਹਿਲਾਂ ਵੀ ਕਿੱਥੇ ਸੀ।'

'ਇਹ ਕੰਮ ਤਾਂ ਆਪਾਂ ਤੈਨੂੰ ਈ ਦਿੱਤਾ ਹੋਇਐ, ਕੀ ਹਾਲ ਐ ਉਹਦਾ? ਹੁਣ ਵੀ ਮਿਲਦੀ ਰਹਿੰਦੀ ਐ?' ਮੈਂ ਪੁੱਛਿਆ।

ਉਹਦੀਆਂ ਅੱਖਾਂ ਪਾਸਾ ਵੱਟ ਗਈਆਂ। ਚਿਹਰਾ ਬੇਹੇ ਪੱਤੇ ਜਿਹਾ ਬਣ ਗਿਆ। ਮੈਂ ਫੇਰ ਬੋਲ ਪਿਆ-'ਬੱਸ ਖ਼ਤਮ?'

ਉਹਨੇ ਧੀਮੀ ਆਵਾਜ਼ ਵਿਚ ਦੱਸਿਆ- 'ਨਹੀਂ, ਖ਼ਤਮ ਤਾਂ ਨ੍ਹੀ। ਪਰ ਗੱਲ ਉਹ ਨ੍ਹੀ ਰਹੀ।ਉਹ ਦਾ ਵਿਆਹ ਹੋ ਗਿਆ ਸੀ।'

'ਫੇਰ ਤਾਂ ਬਈ ਤੈਨੂੰ ਵੀ ਸੋਚਣਾ ਚਾਹੀਦੈ। ਹੁਣ ਉਹ ਦੀ ਵੀ ਇੱਕ ਜ਼ਿੰਦਗੀ ਐ। ਉਹ ਨੂੰ ਆਪਣੇ ਰਾਹ 'ਤੇ ਤੁਰਨ ਦੇਹ। ਜਿੰਨਾ ਚਿਰ ਕੁਆਰੀ ਸੀ, ਹੋਰ ਗੱਲ ਸੀ।' ਮੈਂ ਉਹ ਨੂੰ ਮੱਤਾਂ ਦੇਣ ਲੱਗ ਪਿਆ।

'ਨਹੀਂ, ਮੈਂ ਤਾਂ ਕੋਈ ਖਹਿੜਾ ਨ੍ਹੀ ਕਰਦਾ ਉਹਦਾ। ਕਦੇ ਕਦੇ ਮਿਲਦੇ ਆਂ। ਪਰ ਉਹ ਗੱਲ ਨ੍ਹੀ। ਉਹ ਜਦੋਂ ਮਜਬੂਰੀਆਂ ਦੀ ਗਿਣਤੀ ਜ੍ਹੀ ਕਰਨ ਲੱਗ ਪੈਂਦੀ ਐ, ਮੈਨੂੰ ਆਪਣੇ ਆਪ 'ਤੇ ਖਿੱਝ ਚੜ੍ਹਦੀ ਐ।'

"ਤੂੰ ਮਿਲਣਾ ਛੱਡ ਦੇਹ ਉਹ ਨੂੰ।' ਮੈਂ ਫਿਰ ਮੱਤ ਦਿੱਤੀ।

'ਸਾਲਾ ਇਹ ਛੱਡਿਆ ਵੀ ਨ੍ਹੀ ਜਾਂਦਾ। ਕੀ ਕਰੀਏ ਯਾਰ?' ਉਹ ਦੀ ਦੁਚਿੱਤੀ ਨੂੰ ਵੱਟ ਚੜ੍ਹ ਰਿਹਾ ਸੀ।

ਸ਼ੰਕੁਤਲਾ ਦੀ ਮਾਂ ਇੱਕ ਪ੍ਰਾਈਵੇਟ ਕਲੀਨਿਕ ਵਿਚ ਨਰਸ ਸੀ ਤੇ ਜਗਦੇਵ ਤੇ ਗੁਆਂਢ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੁੰਦੀ। ਸ਼ੰਕੁਤਲਾ ਦਾ ਬਾਪ ਫ਼ੌਜ ਵਿਚ ਸੀ। ਸਾਲ ਛੇ ਮਹੀਨੇ ਬਾਅਦ ਕਦੇ ਛੁੱਟੀ ਆਉਂਦਾ। ਉਹਦਾ ਇੱਕ ਛੋਟਾ ਭਰਾ ਵੀ ਸੀ, ਉਹ ਸਕੂਲ ਜਾਂਦਾ। ਉਹ ਆਪ ਬੀ. ਏ. ਦਾ ਸਟੂਡੈਂਟ ਸੀ। ਜਗਦੇਵ ਉੱਥੋਂ ਦੇ ਹੀ ਕਾਲਜ ਵਿਚ ਅੰਗਰੇਜ਼ੀ ਦਾ ਲੈਕਚਰਾਰ ਸੀ। ਗੁਆਂਢ ਮੱਥਾ ਹੋਣ ਕਰਕੇ ਉਹ ਉਹਦੇ ਕੋਲ ਕਦੇ ਕਦੇ ਅੰਗਰੇਜ਼ੀ ਪੜ੍ਹਨ ਚਲੀ ਜਾਂਦੀ। ਬੱਸ ਉੱਥੋਂ ਹੀ ਵਿਗੜੀ ਕਹਾਣੀ।

ਜਗਦੇਵ ਮੇਰਾ ਕਾਲਜ ਵੇਲੇ ਤੱਕ ਦਾ ਮਿੱਤਰ ਸੀ। ਅਸੀਂ ਸਕੂਲ ਤੋਂ ਲੈ ਕੇ ਬੀ. ਏ. ਤੱਕ ਇਕੱਠੇ ਪੜ੍ਹੇ ਸਾਂ। ਹੋਸਟਲ ਵਿਚ ਰਹਿੰਦੇ ਹੁੰਦੇ। ਮੈਂ ਬੀ. ਏ. ਕਰਕੇ ਘਰ ਆ ਗਿਆ ਸੀ। ਕੋਈ ਟ੍ਰੇਨਿੰਗ ਆਦਿ ਨਹੀਂ ਕੀਤੀ ਸੀ। ਉਂਝ ਕੋਈ ਨੌਕਰੀ ਮਿਲੀ ਨਾ। ਘਰ ਦੀ ਜ਼ਮੀਨ ਸੀ। ਬਾਪੂ ਖੇਤੀ ਦਾ ਕੰਮ ਕਰਦਾ। ਮੈਂ ਬਾਪੂ ਨਾਲ ਹੀ ਹੋ ਲਿਆ। ਉਹ ਖੇਤੀ ਛੱਡਣ ਨੂੰ ਫਿਰਦਾ ਸੀ। ਚਾਹੁੰਦਾ ਸੀ, ਮੈਂ ਕੋਈ ਅਫ਼ਸਰ ਬਣ ਜਾਵਾਂ। ਇਕੱਲਾ ਪੁੱਤ ਸੀ। ਦੋ ਤਿੰਨ ਡੰਡਿਆਂ ਵਰਗੇ ਜੁਆਕ ਹੋਣ, ਅਣਘੜ ਜਿਹੇ। ਬਾਕੀ ਜੱਗ ਦੀ ਕੋਈ ਸੁਰਤ ਨਾ ਹੋਵੇ ਉਨ੍ਹਾਂ ਨੂੰ। ਬਾਪੂ ਦਾ ਯਕੀਨ ਸੀ, ਖੇਤੀ ਦਾ ਕੰਮ ਇਕੱਲੇ ਅਕਹਿਰੇ ਬੰਦੇ ਦੇ ਕਰਨ ਦਾ ਨਹੀਂ, ਪਰ ਮੈਂ ਟਰੈਕਟਰ ਲੈ ਲਿਆ। ਫੇਰ ਬੋਰ ਕਰਕੇ ਖੇਤ ਵਿਚ ਇੰਜਣ ਲਾ ਲਿਆ। ਜ਼ਮੀਨ ਇੱਕ ਥਾਂ ਇਕੱਠੀ ਸੀ। ਇੱਕ ਸੀਰੀ ਰੱਖਦਾ, ਇੱਕ ਨੌਕਰ। ਖੇਤੀ ਦੀ ਬੰਬ ਬੁਲਾ ਦਿੱਤੀ। ਬਾਪੂ ਨੇ ਐਨੇ ਦਾਣੇ ਕਦੇ ਦੇਖੇ ਵੀ ਨਹੀਂ ਸੀ। ਫੇਰ ਉਹ ਆਖਦਾ ਹੁੰਦਾ 'ਕੱਲਾ ਮੁੰਡਾ ਸੀ, ਭਾਈ। ਇਹ ਨੌਕਰੀ 'ਤੇ ਜਾਂਦਾ ਤਾਂ ਜਿਮੀਂ ਕੌਣ ਸਾਂਭਦਾ। ਖੇਤੀ ਖ਼ਸਮਾਂ ਸੇਤੀ।'

ਚਾਹੇ ਮੈਂ ਖੇਤੀ ਦੇ ਕੰਮ ਵਿਚ ਬਹੁਤ ਰੁੱਝਿਆ ਰਹਿੰਦਾ, ਸਿਰ ਖੁਰਕਣ ਦੀ ਵਿਹਲ ਨਹੀਂ ਸੀ, ਪਰ ਜਦੋਂ ਕਦੇ ਕੋਈ ਪੁਰਾਣਾ ਯਾਰ ਮਿੱਤਰ ਘਰ ਆ ਜਾਂਦਾ ਤਾਂ ਹਥਲਾ ਕੰਮ ਛੱਡ ਕੇ ਉਹਦੇ ਕੋਲ ਬੈਠਦਾ, ਉਹ ਦੀ ਪੂਰੀ ਟਹਿਲ ਸੇਵਾ ਕਰਦਾ। ਪਿਛਲੇ ਸਮੇਂ ਦੀਆਂ ਊਟ ਪਟਾਂਗ ਗੱਲਾਂ ਮਾਰਦਾ। ਸ਼ਹਿਰ ਕਿਸੇ ਨੇ ਮਿਲ ਜਾਣਾ ਤੇ ਉਹਦੇ ਨਾਲ ਓਧਰ ਕਿਧਰੇ ਹੀ ਤੁਰ ਪੈਂਦਾ। ਯਾਰਾਂ ਮਿੱਤਰਾਂ ਨਾਲ ਰਲ ਕੇ ਆਵਾਰਗਰਦੀ ਕਰਨ ਦਾ ਇੱਕ ਵੱਖਰਾ ਹੀ ਨਸ਼ਾ ਹੁੰਦਾ ਹੈ, ਇੱਕ ਅਕਹਿ ਸੁਆਦ। ਜਗਦੇਵ ਉਨ੍ਹਾਂ ਯਾਰਾਂ ਵਿਚੋਂ ਇੱਕ ਸੀ, ਜੀਹਦੇ ਨਾਲ ਉੱਠ ਕੇ ਕਿਧਰੇ ਵੀ ਮੈਂ ਤੁਰ ਸਕਦਾ ਸੀ। ਇੱਕ ਮਿੱਤਰ ਸਾਡਾ ਹੋਰ ਸੀ, ਦੀਸਾ। ਜਗਦੀਸ ਬਾਣੀਆਂ ਦਾ ਮੁੰਡਾ ਸੀ। ਉਹ ਨੇ ਸਾਡੇ ਨਾਲ ਦਸਵੀਂ ਪਾਸ ਕੀਤੀ ਸੀ। ਉਹ ਕਾਲਜ ਨਹੀਂ ਗਿਆ ਸੀ। ਦਸਵੀਂ ਤੋਂ ਬਾਅਦ ਪਟਵਾਰ ਦਾ ਕੋਰਸ ਕੀਤਾ ਤੇ ਮਾਲ ਪਟਵਾਰੀ ਬਣ ਗਿਆ। ਜੱਟਾਂ ਤੋਂ ਅੰਨ੍ਹਾਂ ਪੈਸਾ ਵੱਢਦਾ। ਜ਼ਮੀਨ ਖਰੀਦ ਲਈ ਤੇ ਫੇਰ ਸ਼ਹਿਰ ਵਿਚ ਵਧੀਆ ਕੋਠੀ ਪਾਈ। ਉਹ ਯਾਰਾਂ ਦਾ ਯਾਰ ਸੀ। ਖ਼ਰਚ ਨੂੰ ਖੁੱਲ੍ਹਾ। ਆਵਾਰਾਗਰਦੀ ਦੇ ਮਾਮਲੇ ਵਿਚ ਸਭ ਦਾ ਉਤਲਾ ਪੱਟ।

ਸ਼ੰਕੁਤਲਾ ਦੀਆਂ ਗੱਲਾਂ ਤੁਰੀਆਂ ਹੀ ਸਨ ਕਿ ਪਿੱਛੋਂ ਦੀ ਮੇਰੇ ਮੌਰਾਂ 'ਤੇ ਜ਼ੋਰ ਦਾ ਧੱਫਾ ਪਿਆ। ਮੈਂ ਤਾਂ ਡਿੱਗ ਹੀ ਪੈਣਾ ਸੀ। ਮੁੜ ਕੇ ਦੇਖਿਆ, ਜਗਦੀਸ਼ ਸੀ। ਮੈਂ ਉਹਨੂੰ ਇੱਕ ਕਰਾਰੀ ਗਾਲ਼ ਕੱਢੀ ਤੇ ਕਿਹਾ, "ਕੰਜਰ ਦਿਆ ਕਰਿਆੜ੍ਹਾ , ਮਾਰ 'ਤਾ ਸੀ ਓਏ। ਮੈਂ ਸਮਝਿਆ, ਬੱਸ ਸਟੈਂਡ ਦੇ ਸ਼ੈੱਡਾਂ ਦਾ ਕੋਈ ਗਾਡਰ ਡਿੱਗ ਪਿਆ, ਮੇਰੇ 'ਤੇ। ਹੇਖਾਂ, ਹੱਥ ਦੇਖ ਸਾਲੇ ਦੇ, ਗਿਰਝਾਂ ਜਿੱਡੇ ਜਿੱਡੇ।' ਉਹ ਨੇ ਜਗਦੇਵ ਨੂੰ ਜੱਫ਼ੀ ਪਾਈ ਤੇ ਫੇਰ ਮੇਰੇ ਨਾਲ ਹੱਥ ਮਿਲਾ ਕੇ ਕਹਿੰਦਾ 'ਕੀ ਹਾਲ ਐ, ਜਗੀਰਦਾਰਾ?' 'ਹਾਹੋ, ਸਾਲਿਆ, ਵੱਢੀ ਜਾਨੈਂ ਲੋਕਾਂ ਨੂੰ। ਐਤਕੀਂ ਕਣਕ ਸਾਰੀ ਗੜਿਆਂ ਨੇ ਮਾਰ 'ਤੀ, ਪਿੱਛੇ ਨਰਮੇ ਨੂੰ ਅਮਰੀਕਨ ਸੁੰਡੀ ਚੱਟ 'ਗੀ ਸੀ। ਅਖੇ ਹੱਥ ਨਾ ਪੱਲੇ, ਬਜ਼ਾਰ ਖੜ੍ਹੀ ਹੱਲੇ। ਅਜੇ ਤੈਨੂੰ ਜਗੀਰਦਾਰ ਦੀਹਨੇ ਆਂ।' ਮੈਂ ਬੋਲ ਰਿਹਾ ਸੀ।

'ਓਏ ਕੋਈ ਨ੍ਹੀ ਬਾਈ, ਰੱਬ ਭਲੀ ਕਰੂ। ਅਗਲੀ ਫ਼ਸਲ ਚੰਗੀ ਹੋਜੂ। ਦਿਲ ਨਾ ਛੱਡ। ਦੁੱਖ ਤਕਲੀਫ਼ ਸਰੀਰਾਂ ਦੇ ਨਾਲ ਈ ਹੁੰਦੀ ਐ।' ਜਗਦੀਸ਼ ਇੱਕ ਤਰ੍ਹਾਂ ਨਾਲ ਮੈਨੂੰ ਧਰਵਾਸ ਦੇ ਗਿਆ। ਅਗਲੇ ਬਿੰਦ ਉਹ ਨੇ ਜਗਦੇਵ ਵੱਲ ਰੁੱਖ ਕੀਤਾ ਤੇ ਬੋਲਿਆ, 'ਕਿਉਂ ਪੁੱਤ ਦੇਬੂ, ਕੀ ਹਾਲ ਐ ਤੇਰੀ ਕੁੰਤੀ ਦਾ? ਦਿੰਦੀ ਐ ਨਜ਼ਾਰੇ?'

ਸੰਕੁਤਲਾ ਬਾਰੇ ਹੋ ਰਹੀ ਗੱਲ ਦੀ ਗੰਭੀਰਤਾ 'ਤੇ ਜਗਦੀਸ ਨੇ ਜਿਵੇਂ ਪੋਚਾ ਫੇਰ ਦਿੱਤਾ ਹੋਵੇ।

ਉਹ ਦੇ ਮਿਜਾਜ਼ ਵਿਚ ਸ਼ੋਖ਼ੀ ਸੀ। ਜਗਦੀਸ ਦਾ ਇਹ ਸੁਭਾਓ ਸੀ, ਉਹ ਹਰ ਗੱਲ ਨੂੰ ਪੇਤਲੀ ਨਜ਼ਰ ਨਾਲ ਦੇਖਦਾ। ਗਹਿਰਾਈ ਤੱਕ ਨਹੀਂ ਜਾਂਦਾ ਸੀ। ਇੰਝ ਉਹ ਦੀ ਕੋਈ ਗੰਭੀਰ ਗੱਲ ਵੀ ਮੁਲੰਮਾ ਹੀ ਲੱਗਦੀ।

'ਤੂੰ ਸੁਣਾਅ?' ਜਗਦੇਵ ਐਨਾ ਹੀ ਬੋਲਿਆ।

'ਅੱਜ ਫੇਰ ਚਲੀਏ ਕਿਧਰੇ?' ਜਗਦੀਸ ਚਾਂਭਲਿਆ ਲੱਗਦਾ ਸੀ।

'ਲੈ ਚੱਲ, ਜਿੱਥੇ ਲਿਜਾਣੈ।' ਜਗਦੇਵ ਆਪ ਚਾਹੁੰਦਾ ਹੋਵੇਗਾ।

'ਕਿਉਂ ਗੁਰੂ?' ਜਗਦੀਸ ਮੈਨੂੰ ਮੁਖਾਤਿਬ ਹੋਇਆ।

'ਯਾਰ, ਪਿੰਡ ਜਾਣ ਦੀ ਕਾਹਲ ਐ।' ਮੈ ਕਿਹਾ। ਅਸਲ ਵਿਚ ਮੈਂ ਉਨ੍ਹਾਂ ਦਿਨਾਂ ਵਿਚ ਬੁਝਿਆ ਬੁਝਿਆ ਸੀ। ਕਣਕ ਦਾ ਪੂਰਾ ਖੇਤ ਗੜਿਆਂ ਦੀ ਮਾਰ ਹੇਠ ਆ ਗਿਆ ਸੀ। ਕਿਧਰੇ ਵੀ ਜੀਅ ਨਹੀਂ ਲੱਗ ਰਿਹਾ ਸੀ।

'ਕਿਉਂ' ਪਿੰਡ ਕੀਹ ਐ, ਪਿੰਡ ਤਾਂ ਨਿੱਤ ਰਹਿਨੈ?' ਜਗਦੀਸ਼ ਖਹਿੜਾ ਕਰਨ ਲੱਗਿਆ।

ਇੱਕ ਗੱਲੋਂ ਮੈਂ ਮਨ ਬਣਾਇਆ, ਇਹ ਸਾਲੇ ਘਰ ਦੇ ਆਰਥਕ ਰੋਣੇ ਧੋਣੇ ਤਾਂ ਮੁੱਕਣੇ ਹੀ ਨਹੀਂ ਕਿਉਂ ਨਾ ਮਿੱਤਰਾਂ ਨਾਲ ਇੱਕ ਰਾਤ ਪਾਸੇ ਕਿਧਰੇ ਕੱਟ ਕੇ ਸਭ ਕੁਝ ਭੁਲਾ ਲਿਆ ਜਾਵੇ? ਮੈਂ ਪੋਲਾ ਜਿਹਾ ਬੋਲ ਕਢਿਆ-'ਚਲੋ ਫੇਰ, ਥੋਡੀ ਸਲਾਹ ਐ, ਦੱਸੋ?'

ਕਈ ਵਰ੍ਹੇ ਪਹਿਲਾਂ ਜਦੋਂ ਇਹ ਇੰਝ ਹੀ ਤਿੰਨੇ ਕਿਧਰੇ ਬਾਹਰ ਜਾ ਕੇ ਰਾਤ ਕੱਟਦੇ ਹੁੰਦੇ ਤਾਂ ਉਹ ਜਗ੍ਹਾ ਸਾਡੀ ਆਪਣੀ ਨਹੀਂ ਹੁੰਦੀ ਸੀ। ਮਤਲਬ ਨਾ ਸਾਡਾ ਪਿੰਡ, ਨਾ ਜਗਦੇਵ ਦਾ ਘਰ ਤੇ ਨਾ ਜਗਦੀਸ਼ ਦਾ। ਜਗਦੀਸ਼ ਦੇ ਘਰ ਤਾਂ ਮਾਹੌਲ ਵੀ ਅਜਿਹਾ ਨਹੀਂ ਸੀ। ਉਹਦੀ ਲਾਲੀ ਸ਼ਰਾਬ ਦਾ ਨਾਉਂ ਸੁਣੇ ਤੋਂ ਬੇਹੋਸ਼ ਹੋ ਜਾਂਦੀ। ਉਹਦੇ 'ਤੇ ਜਗਦੀਸ਼ ਦੇ ਯਾਰਾਂ ਮਿੱਤਰਾਂ ਦਾ ਭੈੜਾ ਪ੍ਰਭਾਵ ਪੈ ਚੁੱਕਿਆ ਸੀ। ਉਹ ਸਾਡੇ ਵਿਚ ਬੈਠ ਕੇ ਉਹ ਨੂੰ ਗਾਲ੍ਹਾਂ ਕੱਢਦਾ। ਘਰ ਜਾ ਕੇ ਉਹਤੋਂ ਡਰਦਾ। ਜਗਦੀਸ਼ ਦੇ ਸਾਲੇ ਤਕੜੇ ਵਪਾਰੀ ਸਨ। ਏਸੇ ਕਰਕੇ ਲਾਲੀ ਜਗਦੀਸ਼ 'ਤੇ ਰੋਅਬ ਰੱਖਦੀ।

ਸ਼ਹਿਰ ਤੋਂ ਵੀਹ ਮੀਲ ਦੂਰ ਮੇਰੀ ਮਾਸੀ ਦਾ ਪਿੰਡ ਸੀ। ਆਖ਼ਰੀ ਬੱਸ, ਬਹੁਤ ਘੱਟ ਸਵਾਰੀਆਂ ਸਨ। ਕਦੇ ਵੇਲਾ ਸੀ, ਆਖ਼ਰੀ ਬੱਸ ਦੇ ਉੱਤੇ ਵੀ ਬੰਦੇ ਬੈਠੇ ਹੁੰਦੇ। ਅੰਦਰ ਤਿਲ ਸੁੱਟਣ ਨੂੰ ਥਾਂ ਨਾ ਰਹਿੰਦੀ। ਹੁਣ ਇਹ ਆਖ਼ਰੀ ਬੱਸ ਤਾਂ ਲੱਗਦੀ ਹੀ ਨਹੀਂ ਸੀ। ਹਰ ਬੱਸ ਨੇ ਛੇ ਵਜੇ ਸ਼ਾਮ ਤੱਮ ਆਪਣੇ ਅੱਡੇ 'ਤੇ ਪਹੁੰਚ ਜਾਣਾ ਹੁੰਦਾ ਸੀ। ਕਿੰਨਾ ਸਹਿਮ ਸਵਾਰ ਹੋ ਗਿਆ ਸੀ, ਜ਼ਿੰਦਗੀ ਦੀ ਰਫ਼ਤਾਰ 'ਤੇ। ਸਹਿਮ ਦੀ ਸੀਮਾ ਕਿੱਥੇ ਤੱਕ ਪਹੁੰਚ ਚੁੱਕੀ ਸੀ ਕਿ ਬੱਸ ਦੀਆਂ ਸਵਾਰੀਆਂ ਮੌਜੂਦਾ ਹਾਲਾਤ 'ਤੇ ਕੋਈ ਟਿੱਪਣੀ ਕਰਦੀਆਂ। ਹੋਰ ਗੱਲਾਂ ਕਰਕੇ ਲੋਕ ਜਿਵੇਂ ਇਸ ਸਹਿਮ ਨੂੰ ਭੁੱਲਣਾ ਚਾਹੁੰਦੇ ਹੋਣ।

ਘਰ ਪਹੁੰਚੇ ਤਾਂ ਮਾਸੀ ਦੀ ਨੂੰਹ ਦਾਲ ਧਰਨ ਲਈ ਸਾਬਤ ਮੂੰਗੀ ਵਿਚੋਂ ਰੋੜ ਚੁਗ ਰਹੀ ਸੀ। ਮਾਸੀ ਘਰ ਨਹੀਂ ਸੀ। ਮਾਸੜ ਮੇਰਾ ਮਰ ਚੁੱਕਿਆ ਸੀ। ਮਾਸੀ ਦਾ ਇੱਕੋ ਮੁੰਡਾ ਸੀ। ਮੁੰਡੇ ਦੇ ਅਗਾਂਹ ਜੁਆਕ ਸਨ। ਮਾਸੀ ਦੀ ਦੇਹ ਤਕੜੀ ਸੀ। ਭਾਬੀ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹ ਮੈਨੂੰ ਸਾਡੇ ਜੁਆਕਾਂ ਦੀ ਸੁੱਖ ਸਾਂਦ ਪੁੱਛਣ ਲੱਗੀ। ਉਹ ਨੇ ਮਾਸੀ ਬਾਰੇ ਦੱਸਿਆ ਕਿ ਉਹ ਅਗਵਾੜ ਵਿਚ ਹੀ ਕਿਸੇ ਦੇ ਘਰ ਗਈ ਹੋਈ ਸੀ।

ਜਗਦੇਵ ਨੇ ਜਗਦੀਸ਼ ਨੂੰ ਤੇ ਮੈਨੂੰ ਬੈਠਕ ਵੱਲ ਇਸ਼ਾਰਾ ਕਰ ਦਿੱਤਾ ਸੀ। ਉਹਨਾਂ ਨੇ ਬਾਰ ਖੋਲ੍ਹਿਆ ਤੇ ਅੰਦਰ ਮੰਜੇ 'ਤੇ ਜਾ ਬੈਠੇ। ਉਨ੍ਹਾਂ ਨੂੰ ਪਾਣੀ ਪਿਆ ਕੇ ਜੱਗ ਗਲਾਸ ਮੈਂ ਰਸੋਈ ਵਿਚ ਵਾਪਸ ਰੱਖਣ ਗਿਆ ਤਾਂ ਭਾਬੀ ਚੁੱਲ੍ਹੇ 'ਚ ਅੱਗ ਬਾਲ ਰਹੀ ਸੀ। ਉਹ ਨੇ ਪਤੀਲੇ ਵਿਚ ਪਾਣੀ ਪਾਇਆ ਤਾਂ ਮੈਂ ਸਮਝ ਗਿਆ ਕਿ ਉਹ ਚਾਹ ਬਣਾ ਰਹੀ ਹੈ। ਪਰ ਉਹਦੇ ਮਨ ਵਿਚ ਪਤਾ ਨਹੀਂ ਕੀ ਆਇਆ, ਪੁੱਛਣ ਲੱਗੀ, 'ਪੰਮੀ, ਦੁੱਧ ਈ ਨਾ ਲਾਹ ਦਿਆਂ, ਤੌੜੀ ਦਾ ਕਿ ਚਾਹ ਧਰਾਂ?'

'ਚੱਲ ਭਾਬੀ, ਦੁੱਧ ਠੀਕ ਐ। ਕਿੱਥੇ ਚਾਹ ਬਣਾਉਂਦੀ ਫਿਰੇਂਗੀ।' ਤੇ ਫੇਰ ਮੈਂ ਕਿਹਾ-'ਦਾਲ ਕਰਾਰੀ ਜ੍ਹੀ ਬਣਾਈਂ।'

ਉਹ ਕਹਿੰਦੀ- 'ਦਾਲ ਨ੍ਹੀ ਖਾਣੀ ਤਾਂ ਆਲੂ ਬਣਾ ਦਿਆਂ?'

'ਨਾਂਹ, ਦਾਲ ਵਧੀਆ ਰਹੂ। ਤੜਕਾ ਤੁੜਕਾ ਚੰਗੂ ਲਾਈਂ।' ਮੈਂ ਕਿਹਾ ਤੇ ਫੇਰ ਪੁੱਛਿਆ, 'ਬਾਈ ਖੇਤੋਂ ਆਇਆ ਨ੍ਹੀ ਹਾਲੇ?'

'ਉਹ ਅੱਜ ਲੌਣੇ ਗਿਆ ਹੋਇਐ। ਜੇ ਈ ਮੁੜੇ।' ਉਹਨੇ ਦੱਸਿਆ।

ਦੁੱਧ ਪੀ ਕੇ ਅਸੀਂ ਤਿੰਨਾਂ ਨੇ ਤੱਤੇ ਪਾਣੀ ਨਾਲ ਹੱਥ ਮੂੰਹ ਧੋ ਲਿਆ। ਦਿਨ ਛਿਪ ਗਿਆ ਸੀ। ਮਾਈ ਸੋਟੀ ਖੜਕਾਉਂਦੀ ਘਰ ਆ ਗਈ ਸੀ। ਮੇਰੇ ਬਾਰੇ ਭਾਬੀ ਤੋਂ ਸੁਣਿਆ ਤਾਂ ਸਿੱਧੀ ਬੈਠਕ ਵਿਚ ਆਈ। ਮੈਂ ਉਹਨੂੰ ਮੱਥਾ ਟੇਕਿਆ। ਉਹਨੇ ਮੇਰਾ ਸਿਰ ਆਪਣੇ ਕਾਲਜੇ ਨਾਲ ਲਾ ਲਿਆ।

'ਹੁਣ ਤਾਂ ਹਾਰ 'ਗੀ ਪਰਾਨੀ ਪੁੱਤ ਵੇ। ਹਾਏ... ਕੋਈ ਦਿਨ ਦਾ ਚਿੰਤਕਾਰੈ, ਪਰਮਜੀਤ ਭਾਈ।' ਉਹ ਦਾ ਬੋਲ ਹੰਝੂਆਂ ਵਿਚ ਭਿੱਜਿਆ ਹੋਇਆ ਸੀ। ਫੇਰ ਉਹ ਨੇ ਪੁੱਛਿਆ, 'ਇਹ ਤੇਰੇ ਨਾਲ ਕੌਣ ਨੇ ਮੁੰਡੇ?'

ਮੈਂ ਦੱਸਿਆ, ਦੁੱਧ ਪੀ ਲਿਆ, ਮਾਸੀ, ਹੁਣ ਦਾਰੂ ਪੀਵਾਂਗੇ।'

'ਕਰਨੈਲ ਤਾਂ ਜਾਣੋ ਅੱਜ ਪਾਸੇ ਗਿਆ ਹੋਇਐ। ਉਹ ਹੁੰਦਾ ਤਾਂ ...' ਮਾਸੀ ਦਾਰੂ ਦਾ ਫ਼ਿਕਰ ਕਰਨ ਲੱਗੀ। ਪੁਛਿਆ, 'ਕਿਵੇਂ ਕਰੋਂਗੇ ਫੇਰ?'

'ਨਹੀਂ ਮਾਸੀ, ਅਸੀਂ ਸ਼ਹਿਰੋਂ ਈ ਲੈ ਕੇ ਆਏ ਆਂ।'

ਉਹ ਕਹਿੰਦੀ, 'ਚੰਗਾ ਭਾਈ ਫੇਰ ਤਾਂ। ਏਸ ਪਿੰਡ ਤਾਂ ਠੇਕਾ ਵੀ ਹੈ ਨ੍ਹੀ ਹੁਣ ਕਰਨੈਲ ਹੁੰਦਾ ਤਾਂ ਝੱਟ ਦੇ ਕੇ...' 'ਨਹੀਂ ਮਾਸੀ, ਠੀਕ ਐ ਬੱਸ।' ਮੈਂ ਕਿਹਾ।

ਦੋ ਮੰਜਿਆਂ ਵਿਚਕਾਰ ਲੰਮਾ ਮੇਜ਼ ਰੱਖ ਕੇ ਅਸੀਂ ਪੀਣ ਲੱਗੇ। ਜਗਦੇਵ ਦੀ ਗੰਭੀਰਤਾ ਖੁੱਲ੍ਹਣ ਲੱਗੀ ਸੀ। ਜਗਦੀਸ਼ ਨੇ ਬੋਲਣਾ ਘੱਟ ਕਰ ਦਿੱਤਾ। ਜਿਵੇਂ ਉਹ ਸਹਿਜ ਹੋ ਗਿਆ ਹੋਵੇ।

ਪਹਿਲਾਂ ਅਸੀਂ ਰੇਡੀਓ ਦੇ ਪ੍ਰਦੇਸ਼ਕ ਸਮਾਚਾਰ ਸੁਣੇ ਤੇ ਫੇਰ ਟੈਲੀਵਿਜ਼ਨ ਤੋਂ ਪੰਜਾਬੀ ਖ਼ਬਰਾਂ ਵੀ। ਲਗਭਗ ਓਹੀ ਖ਼ਬਰਾਂ ਸਨ। ਸੱਤ ਖਾੜਕੂ ਮਾਰ ਦਿੱਤੇ ਗਏ ਸਨ। ਖਾੜਕੂਆਂ ਨੇ ਇੱਕੋ ਪਰਿਵਾਰ ਦੇ ਪੰਜ ਜੀਅ ਮਾਰੇ ਸਨ। ਇੱਕ ਥਾਂ ਇੱਕੋ ਫਿਰਕੇ ਦੇ ਨੌਂ ਆਦਮੀ ਮਰੇ ਸਨ। ਹੋਰ ਵਾਰਦਾਤਾਂ ਵੀ ਸਨ। ਦੋ ਪੁਲਸੀਏ ਮਾਰੇ ਗਏ। ਓਸ ਦਿਨ ਪਿਛਲੇ ਚੌਵੀ ਘੰਟਿਆਂ ਦੌਰਾਨ ਸਤਾਈ ਕਤਲ ਹੋਏ।

'ਕਮਾਲ ਐ, ਯਾਰ, ਸਤਾਈ ਬੰਦੇ ਖ਼ਤਮ ਹੋਗੇ।' ਮੇਰੀ ਉਂਗਲ ਮੱਥੇ 'ਤੇ ਚਲੀ ਗਈ।

'ਐਨਾ ਕੁ ਤਾਂ ਨਿੱਤ ਈ ਹੁੰਦੈ, ਇਹ ਤਾਂ ਨਿੱਤ ਨੇਮ ਹੋ ਗਿਆ ਪੰਜਾਬ ਦਾ।' ਜਗਦੀਸ਼ ਲਈ ਇਹ ਆਮ ਖ਼ਬਰ ਸੀ।

'ਇਹ ਸਿਲਸਿਲਾ ਖ਼ਤਮ ਕਦੋਂ ਹੋਊ ਯਾਰ?' ਮੈਂ ਝੋਰਾ ਕੀਤਾ।

'ਰੱਬ ਜਾਣਦੈ, ਭਾਈ ਕੀ ਪਤੈ?' ਜਗਦੇਵ ਵੀ ਚਿੰਤਾ ਵਿਚ ਉਤਰ ਗਿਆ। ਫੇਰ ਕਹਿੰਦਾ-'ਦਿੱਲੀ ਦੀ ਬਾਣੀਆਂ ਸਰਕਾਰ ਚਾਹੁੰਦੀ ਐ, ਇਹ ਚੱਕਰ ਏਵੇਂ ਈ ਚੰਦਾ ਰਹੇ ਤੇ ਇੱਕ ਦਿਨ ਸਾਰਾ ਪੰਜਾਬ ਖ਼ਤਮ ਹੋ ਜਾਵੇ।'

'ਬਾਣੀਏ ਤੋਂ ਤੇਰਾ ਮਤਲਬ?' ਜਗਦੀਸ਼ ਤਿੱਖਾ ਬੋਲ ਕੱਢ ਕੇ ਜਗਦੇਵ ਵੱਲ ਝਾਕਿਆ।

'ਓਏ, ਬਾਣੀਏ ਦਾ ਮਤਲਬ ਬਾਣੀਏ ਦੀ ਜਾਤ ਤੋਂ ਨ੍ਹੀ, ਸਰਮਾਏਦਾਰ ਜਮਾਤ ਤੋਂ ਐਂ ਇਹਦਾ ਮਤਲਬ।' ਮੈਂ ਉਹਨੂੰ ਸਮਝਾਇਆ।

ਪਰ ਉਹ ਜਗਦੇਵ ਵੱਲ ਕੌੜਾ ਕੌੜਾ ਝਾਕ ਰਿਹਾ ਸੀ। ਫੇਰ ਆਪ ਹੀ ਬੋਲਿਆ-'ਇਹ ਸਾਲੀਆਂ ਜਾਤਾਂ ਜੂਤਾਂ ਜ੍ਹੀਆਂ ਖ਼ਤਮ ਹੋਣੀਆਂ ਚਾਹੀਦੀਆਂ ਨੇ।'

ਦੇਖੋ, ਕਦੋਂ ਖ਼ਤਮ ਹੋਣੀਆਂ ਚਾਹੀਦੀਆਂ ਨੇ।'

'ਦੇਖੋ, ਕਦੋਂ ਖ਼ਤਮ ਹੋਣਗੀਆਂ।' ਜਗਦੇਵ ਨੇ ਕਿਹਾ।

ਬੋਤਲ ਅਸੀਂ ਖ਼ਤਮ ਕਰ ਲਈ ਖ਼ਾਸਾ ਹਨੇਰਾ ਹੋ ਗਿਆ ਸੀ। ਮਾਸੀ ਦੋ ਵਾਰ ਪੁੱਛ ਗਈ ਸੀ-'ਭਾਈ, ਰੋਟੀ ਖਾ ਲੈ ਹੁਣ, ਪਰਮਜੀਤ?'

'ਬੱਸ ਮਾਸੀ ਖਾਨੇ ਆਂ। ਤੂੰ ਪੈ ਜਾ। ਭਾਬੀ ਨੂੰ ਆਖ, ਪਕਾ ਕੇ ਰੱਖ ਦੇਹ ਸਾਡੀਆਂ। ਮੈਂ ਆਪੇ ਚੁੱਕ ਲਿਆਊਂ ਰਸੋਈ 'ਚੋ।' ਮੈਂ ਆਖਦਾ।

ਰੋਟੀ ਖਾ ਲਈ।

ਬੈਠਕ ਵਿਚ ਚਾਰੇ ਮੰਜੇ ਸਨ। ਤਿੰਨ ਅਸੀਂ ਵਿਛਾ ਲਏ। ਗੱਲਾਂ ਕਰਦੇ ਅਸੀਂ ਸੌਣ ਲੱਗੇ। ਮੈਂ ਕੱਲ੍ਹ ਦਾ ਥੱਕਿਆ ਹੋਇਆ ਸੀ। ਉਹ ਦੋਵੇਂ ਗੱਲਾਂ ਕਰ ਰਹੇ ਸਨ। ਕਦੇ ਕਦੇ ਤਲਖ਼ ਹੋ ਪੈਂਦੇ ਤੇ ਉੱਚਾ ਬੋਲਣ ਲੱਗਦੇ। ਕੋਈ ਜਣਾ ਮੈਨੂੰ ਸੁਣਾ ਕੇ ਗੱਲ ਕਰਦਾ ਤਾਂ ਮੈਂ ਹੁੰਗਾਰਾ ਭਰ ਦਿੰਦਾ। ਕਦੇ ਚੁੱਪ ਰਹਿੰਦਾ। ਮੇਰੀਆਂ ਪਲਕਾਂ ਬੋਝਲ ਹੋ ਰਹੀਆਂ ਸਨ। ਪਹਿਲਾਂ ਅਸੀਂ ਜਦੋਂ ਇੰਝ ਕਿਧਰੇ ਬਾਹਰ ਜਾਂਦੇ ਹੁੰਦੇ ਤਾਂ ਦਾਰੂ ਦੀਆਂ ਗੱਲਾਂ ਕਰਦੇ ਆਂ ਔਰਤਾਂ ਦੀਆਂ। ਅੱਜ ਇਹ ਨਹੀਂ ਸੀ। ਉਹ ਦੋਵੇਂ ਪੰਜਾਬ ਮਸਲੇ 'ਤੇ ਹੀ ਬਹਿਸ ਰਹੇ ਸਨ।

ਉਹ ਦਾਰੂ ਪੀ ਕੇ ਲੜਦੇ ਜ਼ਰੂਰ। ਗੁੱਥਮ ਗੁੱਥਾ ਹੋ ਜਾਂਦੇ। ਪਹਿਲਵਾਨਾਂ ਵਾਂਗ ਘੁਲਣ ਲੱਗਦੇ। ਕਦੇ ਉਹ ਉੱਤੇ, ਕਦੇ ਇਹ ਉੱਤੇ। ਜਗਦੇਵ ਦੀ ਇੱਕ ਬਾਂਹ ਬਚਪਨ ਤੋਂ ਕੁਝ ਕਮਜ਼ੋਰ ਸੀ, ਪਰ ਉਹ ਜਗਦੀਸ਼ ਤੋਂ ਤਕੜਾ ਸੀ। ਕੱਦ ਵਿਚ ਵੀ ਲੰਮਾ। ਜਗਦੀਸ਼ ਵੀ ਘੱਟ ਨਹੀਂ ਸੀ। ਝੋਟੇ ਵਰਗਾ ਸਰੀਰ ਸੀ ਉਹਦਾ। ਖਿੱਦੋ ਵਾਂਗ ਮੜ੍ਹਿਆ ਹੋਇਆ। ਉਨ੍ਹਾਂ ਦੀ ਝੂਠ ਮੂਠ ਦੀ ਲੜਾਈ ਸ਼ੁਰੂ ਹੁੰਦੀ ਤਾਂ ਬੱਸ ਏਸੇ ਗੱਲ ਤੋਂ, ਅਖੇ-'ਸਾਲਿਆ, ਤੂੰ ਮਹਾਜਨਾ ਦੀ ਕੰਨਿਆਂ ਖਰਾਬ ਕਰ 'ਤੀ।' ਜਗਦੀਸ਼ ਆਖਦਾ ਤੇ ਜਗਦੇਵ ਨੂੰ ਚਿੰਬੜ ਜਾਂਦਾ। ਉਹ ਢੱਟੇ ਝੋਟਿਆਂ ਵਾਲੀ ਲੜਾਈ ਲੜਦੇ ਤੇ ਹੌਂਕਣ ਲੱਗਦੇ। ਇੱਕ ਵਾਰ ਮੈਂ ਉਨ੍ਹਾਂ ਨੂੰ ਹਟਾਉਣ ਲੱਗਿਆ ਤਾਂ ਦੋਵੇਂ ਆਪ ਲੜਨਾ ਛੱਡ ਕੇ ਮੈਨੂੰ ਕੁੱਟਣ ਪੈ ਗਏ। ਕਹਿੰਦੇ-ਟਤੂੰ ਕੌਣ ਹੁਨੈ ਓਏ, ਸਾਡੀ ਲੜਾਈ 'ਚ ਟੰਗ ਅੜਾਉਣ ਆਲਾ?'

ਮੈਂ ਸੌਂ ਗਿਆ। ਬੈਠਕ ਦੇ ਅੰਦਰਲੇ ਬਾਰ ਦਾ ਅਸੀਂ ਕੁੰਡਾ ਲਾ ਲਿਆ ਸੀ। ਬਾਹਰੋਂ ਜ਼ੋਰ ਜ਼ੋਰ ਦੀ ਕੋਈ ਤਖ਼ਤੇ ਖੜਕਾ ਰਿਹਾ ਸੀ। ਮੈਂ ਉੱਠ ਕੇ ਦੇਖਿਆ, ਬਲ੍ਹਬ ਜਗ ਰਿਹਾ ਸੀ ਤੇ ਜਗਦੇਵ ਜਗਦੀਸ਼ ਦੀ ਹਿੱਕ 'ਤੇ ਬੈਠਾ ਉਹ ਆਖ ਰਿਹਾ ਸੀ-ਹੁਣ ਹਿੱਲ ਕੇ ਦਿਖਾਅ, ਕਰਿਆੜਾ, ਮੇਰਿਆ ਸਾਲਿਆ।' ਫੇਰ ਉਹਦੀ ਹਿੱਕ 'ਤੇ ਬੈਠਾ ਹੀ ਜਗਦੇਵ ਆਪਣੇ ਖੁੱਲ੍ਹੇ ਕੇਸਾਂ ਦਾ ਜੂੜਾ ਬੰਨ੍ਹਣ ਲੱਗਿਆ। ਤਖ਼ਤੇ ਅਜੇ ਵੀ ਖੜਕ ਰਹੇ ਸਨ। ਮੈਂ ਕੁੰਡਾ ਖੋਲ੍ਹ ਦਿੱਤਾ। ਬਾਹਰ ਮਾਸੀ ਖੜ੍ਹੀ ਸੀ। ਬੋਲੀ-'ਭਾਈ, ਆਹ ਬੈਠਕ 'ਚ ਖੜਕਾ ਜ੍ਹਾ ਕਦੋਂ ਦਾ ਹੋਈ ਜਾਂਦੈ। ਕੀ ਗੱਲ ਐ?'

'ਇਹ ਤਾਂ ਕੁਛ ਨੀ ਮਾਸੀ, ਤੂੰ ਪੈ ਜਾ, ਜਾ ਕੇ।' ਮੈਂ ਸ਼ਰਮ ਮੰਨੀ ਤੇ ਉਨ੍ਹਾਂ ਵੱਲ ਖਿੱਝ ਕੇ ਝਾਕਿਆ। ਉਹ ਮਾਸੀ ਦਾ ਬੋਲ ਸੁਣ ਕੇ ਉੱਠ ਬੈਠੇ ਸਨ। ਅਤੇ ਹੁਣ ਥੱਲੇ ਡਿੱਗੀਆਂ ਪਈਆਂ ਆਪਣੀਆਂ ਰਜਾਈਆਂ ਚੁੱਕ ਰਹੇ ਸਨ। ਮੈਂ ਦੋਵਾਂ ਨੂੰ ਗਾਲ਼ ਕੱਢੀ ਆਖਿਆ-'ਸਾਲਿਓ, ਕਰ ਲਿਆ ਸ਼ੁਰੂ ਫੇਰ ਓਹੀ ਕੰਮ? ਪੈ 'ਜੋ ਹੁਣ। ਮਾਸੀ ਅੱਧੀ ਰਾਤ ਉੱਠ ਕੇ ਆਈ, ਸ਼ਰਮ ਨ੍ਹੀ ਆਉਂਦੀ ਥੋਨੂੰ?'

ਜਗਦੀਸ਼ ਕਹਿੰਦਾ, ਹੱਛਿਆ, ਦੱਸੀਏ ਤੈਨੂੰ?'

'ਤੂੰ ਪੈ ਜਾ ਓਏ। ਜਗਦੇਵ ਨੇ ਮੈਨੂੰ ਕਿਹਾ ਤੇ ਆਪਣੀ ਰਜ਼ਾਈ ਪਰ੍ਹਾਂ ਹਟਾ ਕੇ ਜਗਦੀਸ਼ ਦਾ ਗੁੱਟ ਫੜ ਲਿਆ। ਉਹ ਚੀਖ਼ ਰਿਹਾ ਸੀ-'ਓਏ, ਬਾਂਹ ਨਾ ਮਰੋੜ ਓਏ। ਕੰਜਰ ਦਿਆ, ਟੁੱਟ ਜੂ, ਓਏ ਮੇਰੀ ਬਾਂਹ। ਓਏ, ਆਵਦੇ ਅਰਗਾ ਨਾ ਕਰ ਮੈਨੂੰ।'

ਉਹਦੇ ਤਰਲੇ ਸੁਣ ਕੇ ਜਗਦੇਵ ਨੇ ਗੁੱਟ ਛੱਡ ਦਿੱਤਾ ਤੇ ਆਰਾਮ ਨਾਲ ਆਪਣੇ ਮੰਜੇ 'ਤੇ ਜਾ ਪਿਆ। ਮੈਨੂੰ ਫੇਰ ਨੀਂਦ ਦੀ ਘੂਕੀ ਚੜ੍ਹਨ ਲੱਗੀ। ਮੈਂ ਖ਼ਾਸਾ ਸੌਂ ਲਿਆ ਸਾਂ। ਪਾਸਾ ਪਰਤਣ ਲੱਗਿਆ ਤਾਂ ਮੰਜਾ ਜਰਕਣ ਦੀ ਆਵਾਜ਼ ਸੁਣੀ। ਮੂੰਹ ਤੋਂ ਰਜ਼ਾਈ ਪਰ੍ਹਾਂ ਹਟਾ ਕੇ ਦੇਖਿਆ, ਉਹ ਫੇਰ ਗੁੱਥਮ ਗੁੱਥਾ ਸਨ। ਮੈਂ ਬੋਲਿਆ-'ਓਏ ਸਾਲਿਓ, ਮੈਂ ਤਾਂ ਨੀਂਦ ਵੀ ਸਾਰੀ ਲੈ 'ਲੀ, ਤੁਸੀਂ ਸੁੱਤੇ ਨ੍ਹੀ ਹਾਲੇ ਤਾਈਂ। ਛੱਡੋ ਯਾਰ ਹੁਣ।' ਉਹ ਦੋਵੇਂ ਉੱਠੇ ਤੇ ਮੇਰੇ ਵਲ ਹੋ ਗਏ। ਇੱਕ ਨੇ ਮੇਰੀ ਸੱਜੀ ਬਾਂਹ ਫੜ ਲਈ ਤੇ ਦੂਜੇ ਨੇ ਖੱਬੀ। ਮਰੋੜ ਦੇਣ ਲੱਗੇ ਜਗਦੀਸ਼ ਕਹਿ ਰਿਹਾ ਸੀ-'ਹਾਂ, ਤੂੰ ਦੱਸ, ਤੂੰ ਕਿਉਂ ਸੁੱਤਾ ਬਈ?'

ਜਗਦੇਵ ਵੀ ਉਹਦੇ ਮਗਰ ਸੀ। ਕਹਿੰਦਾ-'ਇੱਕ ਸ਼ਰਤ 'ਤੇ ਤੇਰੀ ਰਿਹਾਈ ਕਰ ਸਕਦੇ ਆਂ।'

'ਜੋ ਕਹੋਂਗੇ, ਕਰੂੰਗਾ।' ਮੈਂ ਮਿੰਨਤਾ ਕਰਨ ਲੱਗਿਆ।

'ਉੱਠ, ਚਾਹ ਬਣਾ ਕੇ ਲਿਆ।' ਜਗਦੇਵ ਨੇ ਸ਼ਰਤ ਦੱਸੀ।

'ਛੱਡੋ ਫੇਰ, ਜਾਨਾ ਹੁਣੇ।' ਮੈਨੂੰ ਉਹ ਦੋਵੇਂ ਦਿਓ ਲੱਗ ਰਹੇ ਸਨ। ਰਸੋਈ ਵਿਚ ਜਾ ਕੇ ਮੈਂ ਸਭ ਕੁਝ ਭਾਲ ਲਿਆ। ਭਾਬੀ ਨੂੰ ਏਸ ਵੇਲੇ ਜਗਾਉਣਾ ਠੀਕ ਨਹੀਂ ਸੀ। ਚਾਹ ਦੇ ਤਿੰਨ ਗਲਾਸ ਬਣਾ ਲਿਆਇਆ। ਉਨ੍ਹਾਂ ਨੈ ਪਾਣੀ ਵੀ ਮੰਗਿਆ। ਤ੍ਰੇਹ ਮੈਨੂੰ ਵੀ ਲੱਗੀ ਹੋਈ ਸੀ। ਚਾਹ ਪੀ ਕੇ ਅਸੀਂ ਸੁੱਤੇ ਨਹੀਂ। ਗੱਲਾਂ ਕਰਨ ਲੱਗੇ। ਨੀਂਦ ਟਲ ਚੁੱਕੀ ਸੀ। ਬੇਚੈਨੀ ਸਹਿਜ ਹੋ ਗਈ। ਤਿੰਨੇ ਜਣੇ ਚੁੱਪ ਹੋ ਜਾਂਦੇ। ਲੱਗਦਾ ਜਿਵੇਂ ਹੁਣ ਸੌਂ ਜਾਵਾਂਗੇ, ਪਰ ਵਿਚਦੀ ਇੱਕ ਜਣਾ ਫੇਰ ਬੋਲ ਪੈਂਦਾ। ਇੰਝ ਹੀ ਸਾਰੀ ਰਾਤ ਨਿਕਲ ਗਈ। ਘੜੀਆਂ ਦੇਖੀਆਂ, ਰਾਤ ਮੁੱਕਣ ਵਾਲੀ ਸੀ।

ਤੜਕਾ ਹੋਇਆ ਤਾਂ ਚਾਹ ਪੀ ਕੇ ਬਾਹਰ ਖੇਤਾਂ ਵੱਲ ਨਿਕਲ ਗਏ। ਆ ਕੇ ਨ੍ਹਾ ਲਏ।ਮਖਣੀ ਤੇ ਨੇਂਬੂ ਦੇ ਆਚਾਰ ਨਾਲ ਪਰੌਂਠੇ ਖਾਧੇ। ਰੱਜ ਕੇ ਖੱਟੀ ਲੱਸੀ ਪੀ ਲਈ।

ਹੁਣ ਬੱਸ ਵਿਚ ਮੁੜੇ ਆਉਂਦੇ ਅਸੀਂ ਤਿੰਨੇ ਬਿਲਕੁੱਲ ਚੁੱਪ ਸਾਂ। ਜਿਵੇਂ ਆਪਣੇ ਆਪਣੇ ਅੰਦਰ ਉਤਰ ਗਏ ਹੋਈਏ। ਤਿੰਨਾਂ ਨੂੰ ਆਪਣੇ ਆਪਣੇ ਫ਼ਿਕਰ ਸਨ, ਆਪਣੇ ਆਪਣੇ ਰੁਝੇਵੇਂ। ਕਬੀਲਦਾਰੀ ਦੇ ਝੰਜਟਾਂ ਵਿਚੋਂ ਇਹ ਇੱਕ ਰਾਤ ਜੋ ਅਸੀਂ ਹਾਸਲ ਕੱਢ ਲਈ ਸੀ, ਬੱਸ ਇਹ ਜਿਵੇਂ ਛਪਾਰ ਦਾ ਮੇਲਾ ਸੀ ਸਾਡਾ।

ਸ਼ਹਿਰ ਆ ਕੇ ਬੱਸ ਸਟੈਂਡ 'ਤੇ ਵਿਛੜਣ ਵੇਲੇ ਜਗਦੀਸ਼ ਆਖ ਰਿਹਾ ਸੀ-'ਓਏ ਜਗਦੇਵ, ਕੰਜਰ ਦਿਓ, ਛੇਤੀ ਛੇਤੀ ਮਿਲਿਆ ਕਰੋ ਓਏ। ਮੌਤ ਦਾ ਕੋਈ ਵਸਾਹ ਨ੍ਹੀ, ਚੋਰ ਝਾਤੀਆਂ ਮਾਰਦੀ ਫਿਰਦੀ ਐ।'

'ਮੌਤ ਦਾ ਕੋਈ ਡਰ ਨ੍ਹੀ, ਭਰਾਵਾ। ਜਦੋਂ ਮਰਜ਼ੀ, ਜੀਅ ਸਦਕੇ ਆਵੇ। ਮੌਤ ਤੋਂ ਪਹਿਲਾਂ ਮਰਨ ਦਾ ਅਹਿਸਾਸ ਮੌਤ ਨਾਲੋਂ ਵੀ ਭੈੜਾ ਹੁੰਦੈ।' ਜਗਦੇਵ ਨੇ ਦਾਰਸ਼ਨਿਕ ਉੱਤਰ ਦਿੱਤਾ।

'ਓਏ, ਮੈਨੂੰ ਇਉਂ ਲਗਦੈ...' ਜੋ ਮੈਂ ਕਹਿਣਾ ਚਾਹੁੰਦਾ ਸੀ। ਬੁੱਲ੍ਹਾਂ ਤੱਕ ਨਹੀਂ ਆ ਰਿਹਾ ਸੀ।

'ਕੀ ਲੱਗਦੈ ਤੈਨੂੰ?' ਉਹ ਦੋਵੇਂ ਇਕੱਠੇ ਬੋਲੇ। 'ਮੈਨੂੰ ਤਾਂ ਯਾਰ ਕੁੱਛ ਵੀ ਨ੍ਹੀ ਲੱਗਦਾ।' ਜਿਵੇਂ ਮੈਂ ਕੁਝ ਕਹਿਣ ਤੋਂ ਖਹਿੜਾ ਛੁਡਾਇਆ ਹੋਵੇ।

ਘਰ ਆ ਕੇ ਮੈਨੂੰ ਅਹਿਸਾਸ ਹੋ ਰਿਹਾ ਸੀ, ਜਿਵੇਂ ਪਿੰਡ ਦੀਆਂ ਸੁੰਨੀਆਂ ਸਹਿਮੀਆਂ ਸੱਥਾਂ ਸਾਡੇ ਸਭ ਦੇ ਅੰਦਰ ਕਿਧਰੇ ਟਿਕਾਣਾ ਬਣਾਕੇ ਬੈਠ ਗਈਆਂ ਹੋਣ। ਹਰ ਘਰ ਅੰਦਰ ਜਿਵੇਂ ਮੌਤ ਦਾ ਸੱਥਰ ਵਿਛਿਆ ਹੋਇਆ ਹੋਵੇ। ਹਰ ਰੋਜ਼ ਇੱਕ ਸੋਗੀ ਆਥਣ ਪਿੰਡ ਵਿਚ ਉਤਰਦੀ ਤੇ ਕੰਧਾਂ ਦੇ ਲਿਉੜਾਂ ਨਾਲ ਛਾਪਲ ਕੇ ਬੈਠ ਜਾਂਦੀ। ਸੂਹੀ ਸਵੇਰ ਦਾ ਚਾਨਣ ਵੀ ਕਾਲਾ ਕਾਲਾ। ਘਰੋਂ ਬਾਹਰ ਕੱਟੀਆਂ ਰਾਤਾਂ ਹੀ ਜਿਵੇਂ ਆਪਣੀਆਂ ਰਹਿ ਗਈਆਂ ਹੋਣ। ਆਪੋ ਆਪਣੀਆਂ ਬੁੱਕਲਾਂ ਵਿਚ ਬਹਿ ਕੇ ਕੀਤੀਆਂ ਗੱਲਾਂ ਵਾਲੀਆਂ ਰਾਤਾਂ।