ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇੱਕ ਕੁੜੀ ਤੇ ਕਵੀ

ਵਿਕੀਸਰੋਤ ਤੋਂ

ਉਸ ਕੁੜੀ ਦਾ ਚਿਹਰਾ ਭਰਵਾਂ ਸੀ। ਮੋਟੀਆਂ ਮੋਟੀਆਂ ਅੱਖਾਂ ਤੇ ਦੰਦ ਚਿੱਟੇ ਚਿੱਟੇ। ਕਾਲੀ ਕਸ਼ਮੀਰੀ ਕਮੀਜ਼ ਤੇ ਖੱਟੀ ਘੁੱਟਵੀਂ ਪਜਾਮੀ ਵਿਚ ਉਹਦਾ ਗੋਰਾ ਗਜਰੈਲਾ ਰੰਗ ਬਣ ਬਣ ਉੱਠਦਾ ਸੀ। ਉਹ ਆਪਣੀ ਮਾਂ ਨੂੰ ਨਾਲ ਲੈ ਕੇ ਆਈ ਸੀ ਤੇ ਆਉਣ ਸਾਰ ਬਿਨਾਂ ਝਿਜਕ ਲਾਇਬ੍ਰੇਰੀਅਨ ਨਾਲ ਗੱਲਾਂ ਮਾਰਨ ਲੱਗ ਪਈ ਸੀ। ਚਾਰ ਕਿਤਾਬਾਂ ਉਸ ਨੇ ਮੋੜੀਆਂ ਤੇ ਛੀ ਹੋਰ ਕਿਤਾਬਾਂ ਦੀ ਲਿਸਟ ਉਸ ਨੂੰ ਦੇ ਦਿੱਤੀ। ਚਾਰ ਕਿਤਾਬਾਂ ਜਿਹੜੀਆਂ ਉਸ ਨੇ ਮੋੜੀਆਂ ਸਨ, ਫਟਾ ਫੱਟ ਉਨ੍ਹਾਂ 'ਤੇ ਵਿਚਾਰ ਉਗਲੱਛ ਦਿੱਤੇ।

'ਆਹ ਨਾਵਲ ਤਾਂ ਨਿਰਾ ਬਕਵਾਸ ਐ। ਚੰਗੇ ਭਲੇ ਆਦਮੀ ਦਾ ਸਿਰ ਦੁਖਣ ਲੱਗ ਜਾਂਦੈ, ਏਸ ਨੂੰ ਪੜ੍ਹਨ ਲੱਗੇ ਦਾ। ਨਾ ਕੋਈ ਫ਼ਿਕਰਾ ਸਹੀ ਤੇ ਨਾ ਕਹਾਣੀ ਦੀ ਲੜੀ ਜੁੜਦੀ ਐ।'

'ਤੇ ਐਸ ਨਾਵਲ ਦੀ ਮੁੱਖ ਪਾਤਰ ਬਹੁਤ ਬੇਵਕੂਫ਼ ਕੁੜੀ ਐ।

'ਤੇ ਆਹ ਕਹਾਣੀਆਂ ਦੀ ਕਿਤਾਬ ਜਿਹੜੀ ਤੁਸੀਂ ਦਿੱਤੀ ਸੀ, ਇਹ ਦੀਆਂ ਚਾਰ ਪੰਜ ਕਹਾਣੀਆਂ ਤਾਂ 'ਬਹੁਤ ਹੀ' ਪਿਆਰੀਆਂ ਨੇ।'

'ਕਵਿਤਾ ਦੀ ਕਿਤਾਬ, ਆਹ ਤਾਂ ਐਵੇਂ ਕਿਸੇ ਨੇ ਸ਼ੁਗਲ ਕੀਤੈ। ਇਨ੍ਹਾਂ ਬੇਤੁਕੀਆਂ ਨੂੰ ਵੀ, ਦੇਖੋ, ਲੋਕ ਕਵਿਤਾ ਕਹਿੰਦੇ ਨੇ। ਸੁਪਰਫਲਿਉ।'

ਲਾਇਬ੍ਰੇਰੀਅਨ ਉਸ ਕੁੜੀ ਦੀ ਲਿਸਟ ਵਾਲੀਆਂ ਕਿਤਾਬਾਂ ਦੇ ਨੰਬਰ ਨੋਟ ਕਰਕੇ ਸ਼ੈਲਫਾਂ ਵੱਲ ਚਲਿਆ ਗਿਆ। ਕੁੜੀ ਵੱਡੇ ਮੇਜ਼ ਤੇ ਜਾ ਕੇ ਅਖ਼ਬਾਰ ਪੜ੍ਹਨ ਲੱਗ ਪਈ। ਉਸ ਦੀ ਮਾਂ ਉੱਥੇ ਹੀ ਕੁਰਸੀ 'ਤੇ ਬੈਠੀ ਚਿੱਟੇ ਰੁਮਾਲ ਨਾਲ ਆਪਣੀ ਐਨਕ ਸਾਫ਼ ਕਰਦੀ ਰਹੀ। ਕਮਲਿੰਦਰ ਨੂੰ ਥੋੜ੍ਹੀ ਜਿਹੀ ਖਿਝ ਆਈ। ਸੁੰਨੀਆਂ ਜਾਭਾਂ, ਕਾਲੀ ਪੱਗ, ਖੁੱਲ੍ਹੀ ਦਾੜ੍ਹੀ, ਲੰਮੇ ਕੋਟ ਤੇ ਚਿੱਟੇ ਕੁੜਤੇ ਪਜਾਮੇ ਵਾਲਾ ਲਾਇਬ੍ਰੇਰੀਅਨ ਕਮਲਿੰਦਰ ਦੀ ਗੱਲ ਸੁਣਦਾ ਵਿਚੇ ਛੱਡ ਗਿਆ ਸੀ ਤੇ ਉਸ ਕੁੜੀ ਦੇ ਕੰਮ ਵਿਚ ਰੁੱਝ ਗਿਆ ਸੀ। ਉਹ ਕੁੜੀ ਜੁ ਸੀ। ਕਮਲਿੰਦਰ ਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਓਥੇ ਬੈਠਾ ਹੀ ਨਹੀਂ ਹੁੰਦਾ। ਜਦ ਉਹ ਕੁੜੀ ਆਪਣੀ ਮਾਂ ਨਾਲ ਆ ਗਈ ਸੀ ਤਾਂ ਲਾਇਬ੍ਰੇਰੀਅਨ ਚੰਗਾ ਭਲਾ ਕਮਲਿੰਦਰ ਨਾਲ ਗੱਲਾਂ ਕਰਦਾ ਚੁੱਪ ਹੋ ਗਿਆ ਸੀ ਤੇ ਉਸ ਕੁੜੀ ਵੱਲ ਆਪਣਾ ਸਾਰੇ ਦਾ ਸਾਰਾ ਧਿਆਨ ਲੈ ਗਿਆ ਸੀ। ਕਮਲਿੰਦਰ ਦਾ ਜੀਅ ਕਰਦਾ ਸੀ ਕਿ ਉਹ ਉੱਥੋਂ ਉੱਠ ਕੇ ਚਲਿਆ ਜਾਵੇ। ਕਮਲਿੰਦਰ ਇੱਕ ਕਵੀ ਸੀ। ਰਸਾਲਿਆਂ ਵਿਚ ਤਾਂ ਉਹ ਦੀਆਂ ਕਵਿਤਾਵਾਂ ਬਹੁਤ ਛਪਦੀਆਂ ਸਨ, ਪਰ ਕੋਈ ਪ੍ਰਕਾਸ਼ਕ ਉਹ ਦੀ ਕਿਤਾਬ ਨਹੀਂ ਸੀ ਛਾਪਦਾ। ਉਹ ਪੰਜਾਬੀ ਦੇ ਵੱਡੇ ਵੱਡੇ ਤੇ ਛੋਟੇ ਛੋਟੇ ਸਾਰੇ ਪ੍ਰਕਾਸ਼ਕਾਂ ਕੋਲ ਆਪਣੀ ਕਿਤਾਬ ਦਾ ਖਰੜਾ ਲੈ ਕੇ ਗਿਆ ਸੀ। ਹਰ ਪ੍ਰਕਾਸ਼ਕ ਇਹੀ ਰੋਣਾ ਰੋਂਦਾ ਸੀ ਕਿ ਕਿਤਾਬਾਂ ਛਾਪ ਤਾਂ ਲਈਦੀਆਂ ਹਨ, ਪਰ ਵਿਕਦੀਆਂ ਨਹੀਂ। ਪੰਜਾਬੀ ਵਿਚ ਲਿਖਾਰੀ ਬਹੁਤੇ ਨੇ ਤੇ ਪਾਠਕ ਘੱਟ। ਇੱਕ ਪ੍ਰਕਾਸ਼ਕ ਨੇ ਤਾਂ ਉਸ ਨੂੰ ਇੱਕ ਬਹੁਤ ਵਧੀਆ ਟੋਟਕਾ ਸੁਣਾਇਆ ਸੀ ਕਿ ਪੰਜਾਬੀ ਵਿਚ ਤਾਂ ਮੁੰਡਾ ਜਿਹੜਾ ਗਿਆਨੀ ਪਾਸ ਕਰ ਲਵੇ, ਲਿਖਾਰੀ ਬਣ ਜਾਂਦੈ ਤੇ ਹਰ ਮੁੰਡਾ ਜਿਹੜਾ ਐੱਮ. ਏ. ਕਰ ਲਵੇ, ਆਲੋਚਕ ਬਣ ਜਾਂਦੈ। ਇਸ ਕਿਸਮ ਦੇ ਲਿਖਾਰੀ ਤੇ ਆਲੋਚਕ ਪੰਜ ਪੰਜ ਦਸਤੇ ਕਾਗਜ਼ਾਂ ਦੇ ਖ਼ਰਾਬ ਕਰਕੇ ਕਿਤਾਬਾਂ ਛਾਪਣ ਦੇ ਸੁਪਨੇ ਲੈਂਦੇ ਰਹਿੰਦੇ ਐ। ਇਹ ਲੋਕ ਵੱਡੇ ਲੇਖਕਾਂ ਦੀਆਂ ਕਿਤਾਬਾਂ ਨੂੰ ਅਵਲੀ ਤਾਂ ਪੜ੍ਹਦੇ ਹੀ ਨਹੀਂ, ਜੇ ਪੜ੍ਹਦੇ ਨੇ ਤਾਂ ਲਾਇਬ੍ਰੇਰੀ ਵਿਚੋਂ ਲੈ ਕੇ, ਆਪ ਖ਼ਰੀਦ ਕੇ ਕਿਤਾਬ ਕਦੇ ਨਹੀਂ ਪੜ੍ਹਦੇ। ਪੰਜਾਬ ਦੇ ਬਹੁਤ ਘੱਟ ਲੇਖਕ ਹਨ, ਜਿਹੜੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਆਪ ਖਰੀਦ ਕੇ ਪੜ੍ਹਦੇ ਹੋਣ। ਜਦੋਂ ਲੇਖਕ ਆਪ ਹੀ ਪਾਠਕ ਨਹੀਂ ਤਾਂ ਸਧਾਰਨ ਬੰਦੇ ਕਿਵੇਂ ਪਾਠਕ ਬਣਨੇ ਹੋਏ।

ਕਈ ਪ੍ਰਕਾਸ਼ਕ ਉਸ ਦੀ ਕਿਤਾਬ ਛਾਪਣ ਲਈ ਤਿਆਰ ਤਾਂ ਸਨ, ਪਰ ਉਸ ਤੋਂ ਕਾਗਜ਼ ਤੇ ਜਿਲਦ ਦਾ ਖ਼ਰਚ ਮੰਗਦੇ ਸਨ। ਕਹਿੰਦੇ ਸਨ ਕਿ ਕਿਤਾਬ ਵਿਕਣ ਉਪਰੰਤ ਓਨੇ ਰੁਪਈਏ ਉਸ ਨੂੰ ਮੋੜ ਦੇਣਗੇ। ਕਮਲਿੰਦਰ ਨੂੰ ਇਹ ਗੱਲ ਜਚਦੀ ਨਹੀਂ ਸੀ। ਕਾਗਜ਼ ਤੇ ਜਿਲਦ ਦਾ ਖ਼ਰਚ ਜੇ ਪੱਲੇ ਤੋਂ ਦੇਣਾ ਹੈ ਤਾਂ ਬਾਕੀ ਰਹਿ ਕੀ ਗਿਆ। ਉਸ ਨੇ ਆਪਣੇ ਪੰਜ ਸੱਤ ਦੋਸਤਾਂ ਤੋਂ, ਜਿਹੜੇ ਉਸ ਦੇ ਬਹੁਤੇ ਸ਼ਰਧਾਲੂ ਸੀ, ਸੌ ਸੌ ਰੁਪਈਏ ਹੱਥ ਉਧਾਰ ਫੜਿਆ ਤੇ ਆਪਣੀ ਕਿਤਾਬ ਆਪ ਹੀ ਛਪਵਾ ਲਈ।

ਅੱਧੀਆਂ ਕਿਤਾਬਾਂ ਤਾਂ ਉਸ ਨੇ ਆਪਣੇ ਦਾਇਰੇ ਦੇ ਚਾਲੀ ਪੰਜਾਹ ਦੋਸਤਾਂ ਨੂੰ ਦਸ ਦਸ ਕਰਕੇ ਵੇਚਣ ਲਈ ਦੇ ਦਿੱਤੀਆਂ। ਕੁਝ ਕਿਤਾਬਾਂ ਲਈ ਪ੍ਰਕਾਸ਼ਕਾਂ ਨੂੰ ਅੱਧੀ ਕੀਮਤ 'ਤੇ ਦੇ ਦਿੱਤੀਆਂ। ਕਿਤਾਬ ਉਸ ਦੀ ਲਾਇਬ੍ਰੇਰੀਆਂ ਲਈ ਵੀ ਮਨਜ਼ੂਰ ਹੋ ਗਈ ਸੀ। ਰਹਿੰਦੀਆਂ ਕਿਤਾਬਾਂ ਨੂੰ ਹੁਣ ਉਹ ਆਪ ਹੀ ਸਕੂਲਾਂ, ਕਾਲਜਾਂ ਤੇ ਮਿਉਂਸਪਲ ਕਮੇਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਫਿਰ ਤੁਰ ਕੇ ਲਾ ਰਿਹਾ ਸੀ। ਓਦਣ ਉਹ ਉਥੋਂ ਦੀ ਮਿਉਂਸਪਲ ਕਮੇਟੀ ਦੀ ਲਾਇਬਰੇਰੀ ਵਿਚ ਕੁਝ ਕਿਤਾਬਾਂ ਦੇਣ ਆਇਆ ਸੀ।

ਅਜੀਬ ਚੱਕਰ ਹੈ, ਪਹਿਲਾਂ ਤਾਂ ਆਦਮੀ ਜਿਗਰ ਦਾ ਖੂਨ ਰਿੜਕ ਕੇ ਕਵਿਤਾ ਲਿਖੇ। ਫਿਰ ਆਪ ਹੀ ਕਿਤਾਬ ਛਾਪੇ ਤੇ ਲੋਹੜੇ ਦੀ ਗੱਲ ਕਿ ਛੱਜ ਘਾੜਿਆਂ ਦੇ ਛੱਜ ਵੇਚਣ ਵਾਂਗ ਫਿਰ ਆਪ ਹੀ ਉਸਨੂੰ ਵੇਚਦਾ ਫਿਰੇ।

ਕਮਲਿੰਦਰ ਦਸ ਬਾਰਾਂ ਸਾਲਾਂ ਤੋਂ ਕਵਿਤਾ ਲਿਖਦਾ ਸੀ। ਪੰਜਾਬੀ ਦੇ ਕਵਿਤਾ ਸਾਹਿਤ ਵਿਚ ਉਸ ਦੀ ਥਾਂ ਵੀ ਚੰਗੀ ਬਣ ਗਈ ਸੀ। ਰਸਾਲਿਆਂ ਵਿਚ ਉਹ ਆਮ ਛਪਦਾ ਸੀ। ਉਸ ਦੀ ਕਵਿਤਾ ਨੂੰ ਲੋਕ ਪੜ੍ਹਦੇ ਵੀ ਸ਼ੌਕ ਨਾਲ ਸਨ। ਉਹ ਗ਼ਜ਼ਲ ਲਿਖਦਾ ਸੀ। ਉਹ ਗੀਤ ਲਿਖਦਾ ਸੀ ਤੇ ਉਹ ਲੰਮੀਆਂ ਕਵਿਤਾਵਾਂ ਲਿਖਦਾ ਸੀ। ਕਿਤਾਬ ਛਪਣੀ ਤਾਂ ਇਕ ਪਾਸੇ, ਇੱਕ ਹੋਰ ਗੱਲ ਦਾ ਉਸ 'ਤੇ ਬੜਾ ਕਹਿਰ ਟੁੱਟਿਆ ਸੀ। ਇਹ ਕਹਿਰ ਸੀ ਕਿ ਪੰਜਾਬੀ ਕਵੀਆਂ ਵਿਚ ਬੇਸਿਰ ਪੈਰ ਦੇ ਊਟ ਪਟਾਂਗ ਕਵਿਤਾ ਲਿਖਣ ਦੀ ਐਸੀ ਭੇਡ ਚਾਲ ਪੈ ਗਈ ਸੀ ਕਿ ਰਸਾਲਿਆਂ ਵਿਚ ਵੀ ਗੀਤ ਜਾਂ ਗ਼ਜ਼ਲ ਕਦੇ ਕਦੇ ਛਪਦੀ। ਇਹ ਊਟ ਪਟਾਂਗ ਭਾਵੇਂ ਕੋਈ ਸਮਝਦਾ ਸੀ ਜਾਂ ਨਾ, ਪਰ ਪ੍ਰਚੱਲਤ ਬੜਾ ਹੋ ਗਿਆ ਸੀ। ਉਹ ਨਿਰਾਸ਼ ਸੀ ਕਿ ਪਾਠਕਾਂ ਤੇ ਸਰੋਤਿਆਂ ਨੂੰ ਝੂਮਾਅ ਦੇਣ ਵਾਲੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਛੱਡ ਕੇ ਉਹ ਇਸ ਊਟ ਪਟਾਂਗ ਨੂੰ ਕਿਵੇਂ ਲਿਖੇ। ਖ਼ੈਰ, ਉਹ ਆਪਣੇ ਅੰਦਾਜ਼ ਵਿਚ ਹੀ ਗ਼ਜ਼ਲਾਂ ਤੇ ਗੀਤ ਲਿਖਦਾ ਰਹਿੰਦਾ ਸੀ। ਉਸ ਨੂੰ ਪਸੰਦ ਕਰਨ ਵਾਲੇ ਅਜੇ ਵੀ ਪਸੰਦ ਕਰਦੇ ਸਨ।

ਹਾਂ, ਉਸ ਨੂੰ ਪੂਰੀ ਉਮੀਦ ਸੀ ਕਿ ਮਿਉਂਸਪਲ ਕਮੇਟੀ ਦੇ ਪ੍ਰਧਾਨ ਨੂੰ ਕਹਿ ਕਹਾ ਕੇ ਉਹ ਦਸ ਕਾਪੀਆਂ ਤਾਂ ਜ਼ਰੂਰ ਹੀ ਉਸ ਲਾਇਬ੍ਰੇਰੀ ਨੂੰ ਦੇ ਦੇਵੇਗਾ। ਪ੍ਰਧਾਨ ਨਾਲ ਕੋਈ ਸੰਗਲੀ ਮੇਲਕੇ ਤੇ ਉਸ ਦੀ ਚਿੱਠੀਲੈ ਕੇ ਉਹ ਉਸ ਲਾਇਬ੍ਰੇਰੀਅਨ ਕੋਲ ਪਹੁੰਚ ਗਿਆ ਸੀ। ਉਸ ਨੂੰ ਆਪਣੀ ਕਿਤਾਬ ਅਜੇ ਦਿਖਾਈ ਹੀ ਸੀ ਤੇ ਦਸ ਕਾਪੀਆਂ ਦੇਣ ਦੀ ਗੱਲ ਅਜੇ ਤੋਰੀ ਹੀ ਸੀ ਕਿ ਉਹ ਕੁੜੀ ਆਪਣੀ ਮਾਂ ਨੂੰ ਨਾਲ ਲੈ ਕੇ ਆ ਧਮਕੀ ਸੀ।

ਕਮਲਿੰਦਰ ਅੱਕਿਆ ਬੈਠਾ ਰਿਹਾ ਅਤੇ ਲਾਇਬ੍ਰੇਰੀ ਦੇ ਵੱਡੇ ਹਾਲ ਵਿਚ ਕੰਧਾਂ 'ਤੇ ਲੱਗੀਆਂ ਵੱਡੀਆਂ ਵੱਡੀਆਂ ਤਸਵੀਰਾਂ ਨੂੰ ਬੇਧਿਆਨਾ ਜਿਹਾ ਦੇਖਦਾ ਰਿਹਾ। ਐਨੇ ਨੂੰ ਉਹ ਕੁੜੀ ਅਖ਼ਬਾਰਾਂ ਨੂੰ ਪੜ੍ਹ ਕੇ ਥੋੜ੍ਹਾ ਤੇ ਮੇਜ਼ 'ਤੇ ਖੰਡਿਆਕੇ, ਬਹੁਤਾ, ਲਾਇਬ੍ਰੇਰੀਅਨ ਦੇ ਉੱਚੇ ਲੰਮੇ ਮੇਜ਼ ਉੱਤੇ ਆ ਝੁਕੀ। ਕਮਲਿੰਦਰ ਵੱਲ ਨਿਗਾਹ ਗੱਡ ਕੇ ਉਹ ਝਾਕੀ ਤੇ ਪੁੱਛਿਆ, 'ਵੀਰ ਜੀ, ਤੁਸੀਂ ਕਿਤਾਬਾਂ ਲੈ ਲਈਆਂ?' ਸ਼ਾਇਦ ਉਹ ਸਮਝਦੀ ਸੀ ਕਿ ਉਸ ਵਾਂਗ ਹੀ ਉਹ ਲਾਇਬ੍ਰੇਰੀ ਵਿਚੋਂ ਕਿਤਾਬਾਂ ਲੈਣ ਆਇਆ ਹੈ। ਉਹ ਅਜੇ ਜਵਾਬ ਦੇਣ ਹੀ ਲੱਗਿਆ ਸੀ ਕਿ ਲਾਇਬ੍ਰੇਰੀਅਨ ਉਸ ਦੀ ਲਿਸਟ ਵਾਲੀਆਂ ਛੀ ਕਿਤਾਬਾਂ ਲੈ ਆਇਆ ਤੇ ਆਉਣ ਸਾਰ ਉਸ ਨੇ ਕਮਲਿੰਦਰ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ, 'ਸ਼ਸ਼ੀ ਜੀ, ਇਹ ਕਮਰ ਜੀ ਨੇ, ਪੰਜਾਬੀ ਦੇ ਕਵੀ। ਇਨ੍ਹਾਂ ਦੀ ਕਿਤਾਬ 'ਚਾਨਣ ਦਾ ਪਹਿਰਾ' ਹੁਣੇ ਛਪੀ ਐ ਤੇ ਕਮਲਿੰਦਰ ਦੇ ਹੱਥੋਂ ਕਿਤਾਬ ਲੈ ਕੇ ਉਸ ਕੁੜੀ ਨੂੰ ਫੜਾ ਦਿੱਤੀ। ਕੁੜੀ ਦਾ ਮੱਥਾ ਖਿੜ ਉੱਠਿਆ। ਇੱਕ ਬਿੰਦ ਉਸ ਨੇ ਕਿਤਾਬ ਦਾ ਟਾਈਟਲ ਦੇਖਿਆ ਤੇ ਫਿਰ ਕਮਲਿੰਦਰ ਵੱਲ ਗਹੁ ਨਾਲ ਤੱਕਣ ਲੱਗੀ। ਕਮਲਿੰਦਰ ਨੇ ਦੇਖਿਆ, ਐਤਕੀਂ ਉਸ ਦੀਆਂ ਅੱਖਾਂ ਵਿਚ ਉਦਾਸੀ ਉਤਰੀ ਹੋਈ ਸੀ। ਕਿਤਾਬ ਬਹੁਤ ਸੋਹਣੀ ਛਪੀ ਐ।' ਸ਼ਸ਼ੀ ਨੇ ਤਾਰੀਫ਼ ਕੀਤੀ ਤੇ ਉਸ ਤੋਂ ਪੁੱਛਿਆ-'ਇਹ ਤੁਹਾਡੀ ਪਹਿਲੀ ਕਿਤਾਬ ਐ?' ਕਮਲਿੰਦਰ ਨੇ ਜਵਾਬ ਦਿੱਤਾ-'ਹਾਂ, ਪਹਿਲੀ ਐ।" ਸ਼ਸ਼ੀ ਬੋਲਦੀ ਰਹੀ-'ਰਸਾਲਿਆਂ ਵਿਚ ਤਾਂ ਤੁਹਾਨੂੰ ਬਹੁਤ ਵਾਰੀ ਪੜਿਐ। ਤੁਹਾਡੀ ਉਹ ਗ਼ਜ਼ਲ ਜਿਹੜੀ 'ਰਚਨਾ' ਵਿਚ ਛਪੀ ਸੀ-'ਮੇਰੇ ਦਿਲ ਵਿਚ ਬਹਿਕ ਕੇ ਦੇਖ ਜ਼ਰਾ', ਉਹ ਤਾਂ ਕਾਲਜ ਦੀ ਸਟੇਜ 'ਤੇ ਮੈਂ ਸੌ ਵਾਰੀ ਪੇਸ਼ ਕੀਤੀ ਹੋਣੀ ਐ।'

ਕਮਲਿੰਦਰ ਨੂੰ ਬਹੁਤ ਖੁਸ਼ੀ ਮਿਲ ਰਹੀ ਸੀ। ਕਿਸੇ ਦੀ ਕਵਿਤਾ ਦੀ ਕੋਈ ਤਾਰੀਫ਼ ਕਰ ਦੇਵੇ, ਏਦੂੰ ਵੱਡੀ ਖੁਸ਼ੀ ਉਸ ਲਈ ਕੋਈ ਨਹੀਂ ਹੁੰਦੀ। ਉਂਝ ਤਾਂ ਹਰ ਲੇਖਕ ਪ੍ਰਸ਼ੰਸਾ ਚਾਹੁੰਦਾ ਹੈ, ਪਰ ਕਵੀ ਨੂੰ ਤਾਂ ਦਾਦ ਦੀ ਸਦਾ ਹੀ ਭੁੱਖ ਰਹਿੰਦੀ ਹੈ। ਉਂਝ ਤਾਂ ਸੰਸਾਰ ਦੀ ਹਰ ਸਿਰਜਣਾ ਹੀ ਪ੍ਰਸੰਸਾ ਮੰਗਦੀ ਹੈ, ਪਰ ਸਾਹਿਤ ਲਈ ਤਾਂ ਪ੍ਰਸੰਸਾ ਇਸ ਤਰ੍ਹਾਂ ਹੈ, ਜਿਵੇਂ ਕਿਸੇ ਬੂਟੇ ਲਈ ਧੁੱਪ ਤੇ ਪਾਣੀ। ਕਮਲਿੰਦਰ ਨੂੰ ਐਨੀ ਖੁਸ਼ੀ ਆਪਣੀ ਕਿਤਾਬ ਛਾਪ ਕੇ ਵੀ ਨਹੀਂ ਸੀ ਹੋਈ, ਜਿੰਨੀ ਖੁਸ਼ੀ ਅੱਜ ਉਸ ਨੂੰ ਉਸ ਕੁੜੀ ਦੇ ਮੂੰਹੋਂ ਉਸ ਦੀ ਗ਼ਜ਼ਲ ਨੂੰ ਐਨੀ ਵਾਰ ਪੇਸ਼ ਕੀਤੇ ਜਾਣਾ, ਸੁਣ ਕੇ ਹੋਈ ਸੀ। ਕੁੜੀ ਦੀਆਂ ਗੱਲਾਂ ਵਿਚ ਉਹ ਗਰਕ ਜਿਹਾ ਹੋ ਰਿਹਾ ਸੀ ਕਿ ਕੁੜੀ ਦੀ ਮਾਂ ਨੇ ਕੁਰਸੀ ਤੋਂ ਉੱਠ ਕੇ ਲਾਇਬ੍ਰੇਰੀਅਨ ਦੇ ਕੰਨ ਵਿਚ ਕੁਝ ਕਿਹਾ। ਲਾਇਬ੍ਰੇਰੀਅਨ ਨੇ ਗੱਲ ਦਾ ਰੁੱਖ਼ ਬਦਲਣ ਲਈ ਕਮਲਿੰਦਰ ਨੂੰ ਪੁੱਛਿਆ, 'ਤੁਹਾਡੀ ਕਿਤਾਬ ਦਾ ਮੁੱਲ ਕਿੰਨੈ, ਕਮਲਿੰਦਰ ਜੀ?' ਉਸ ਨੇ ਜਵਾਬ ਦਿੱਤਾ-'ਚਾਰ ਰੁਪਈਏ!' ਲਾਇਬ੍ਰੇਰੀਅਨ ਦੀ ਪੁੱਛ ਦਾ ਜਵਾਬ ਦੇ ਕੇ ਕਮਲਿੰਦਰ ਨੇ ਨਾਲ ਦੀ ਨਾਲ ਸ਼ਸ਼ੀ ਤੋਂ ਪੁੱਛਿਆ, 'ਇਹਦਾ ਮਤਲਬ ਤੁਸੀਂ ਕਵਿਤਾ ਵਿਚ ਕਾਫ਼ੀ ਸ਼ੌਕ ਰੱਖਦੇ ਓ?'

'ਹਾਂ, ਸਭ ਕੁਝ ਈ ਪੜ੍ਹ ਲਈਦੈ, ਕਹਾਣੀਆਂ ਤੇ ਨਾਵਲ ਵੀ। ਤੁਹਾਡੀ ਉਸ ਗ਼ਜ਼ਲ ਨਾਲ ਤਾਂ ਮੇਰੀ ਜ਼ਿੰਦਗੀ ਦਾ ਇੱਕ ਕਾਂਡ ਬੱਝਿਆ ਹੋਇਐ।' ਕੁੜੀ ਆਪਣੀ ਮਾਂ ਵਾਲੀ ਕੁਰਸੀ 'ਤੋਂ ਆ ਕੇ ਕਮਲਿੰਦਰ ਕੋਲ ਬੈਠ ਗਈ। ਮਾਂ ਦੇ ਮੂੰਹ ਨੂੰ ਤੌਣੀ ਆਈ ਹੋਈ ਸੀ। ਉਸ ਦੇ ਬੁੱਲ੍ਹ ਫ਼ਰਕ ਰਹੇ ਸਨ। ਸ਼ਾਇਦ ਉਹ ਕਮਲਿੰਦਰ ਨੂੰ ਕੁਝ ਕਹਿਣਾ ਚਾਹੁੰਦੀ ਸੀ।

ਚਾਹ ਵਾਲਾ ਚਾਹ ਦੀ ਟਰੇਅ ਲੈ ਕੇ ਆਇਆ। ਕਮਲਿੰਦਰ ਜਦ ਆ ਕੇ ਬੈਠਾ ਸੀ ਤੇ ਗੱਲ ਸ਼ੁਰੂ ਹੀ ਕੀਤੀ ਸੀ ਤੇ ਓਦੋਂ ਹੀ ਕੁੜੀ ਤੇ ਕੁੜੀ ਦੀ ਮਾਂ ਆ ਗਈਆਂ ਸਨ ਤਾਂ ਚਾਹ ਦੇ ਚਾਰ ਕੱਪਾਂ ਲਈ ਲਾਇਬ੍ਰੇਰੀਅਨ ਨੇ ਪਤਾ ਨਹੀਂ ਕਦੋਂ ਆਪਣੇ ਅਸਿਸਟੈਂਟ ਨੂੰ ਭੇਜ ਦਿੱਤਾ। ਕਮਲਿੰਦਰ ਦਾ ਨਾਉਂ ਸੁਣਨ ਸਾਰ ਹੀ ਸ਼ਾਇਦ ਉਸ ਦੇ ਮਨ ਵਿਚ ਉਸ ਲਈ ਸਨਮਾਨ ਜਾਗ ਪਿਆ ਸੀ। ਏਸੇ ਲਈ ਸ਼ਾਇਦ ਉਸ ਨੇ ਚਾਹ ਮੰਗਵਾਈ ਸੀ। ਸ਼ਸ਼ੀ ਤੇ ਸ਼ਸ਼ੀ ਦੀ ਮਾਂ ਤਾਂ ਅਕਸਰ ਆਉਂਦੀਆਂ ਹੀ ਰਹਿੰਦੀਆਂ ਸਨ। ਉਨ੍ਹਾਂ ਦੀ ਨਿੱਤ ਦੀ ਜਾਣਕਾਰੀ ਦਾ ਮੁੱਲ ਪਾ ਕੇ ਚਾਹ ਜਦ ਮੰਗਵਾ ਹੀ ਲਈ ਸੀ, ਉਨ੍ਹਾਂ ਨੂੰ ਚਾਹ ਪਿਆਉਣੀ ਵੀ ਜ਼ਰੂਰੀ ਸੀ। ਕਮਲਿੰਦਰ ਸ਼ਾਇਦ ਸੋਚ ਰਿਹਾ ਸੀ ਕਿ ਚਾਹ ਉਨ੍ਹਾਂ ਦੋਵੇਂ ਮਾਵਾਂ ਧੀਆਂ ਲਈ ਮੰਗਵਾਈ ਗਈ ਹੈ, ਪਰ ਚਾਹ ਲਾਇਬ੍ਰੇਰੀਅਨ ਨੇ ਕਮਲਿੰਦਰ ਲਈ ਅਸਲ ਵਿਚ ਮੰਗਵਾਈ ਸੀ।

ਉਨ੍ਹਾਂ ਚਾਰਾਂ ਨੇ ਚਾਹ ਪੀਤੀ। ਲਾਇਬ੍ਰੇਰੀਅਨ ਨੇ ਵੀ ਛੀ ਕਿਤਾਬਾਂ ਸ਼ਸ਼ੀ ਦੇ ਨਾਉਂ ਚਾੜ੍ਹ ਦਿੱਤੀਆਂ। ਮਾਂ ਨੇ ਸ਼ਸ਼ੀ ਨੂੰ ਘਰ ਜਾਣ ਲਈ ਕਿਹਾ। ਸ਼ਸ਼ੀ ਨੇ ਕੁਝ ਦੇਰ ਹੋਰ ਉੱਥੇ ਠਹਿਰਨ ਲਈ ਆਖ ਦਿੱਤਾ। ਮਾਂ ਉਸ ਦੀ ਜ਼ਿੱਦ ਨੂੰ ਜਾਣਦੀ ਸੀ। ਉਹ ਬਹਾਨਾ ਜਿਹਾ ਬਣਾ ਕੇ ਕਿਤਾਬਾਂ ਦੀਆਂ ਸ਼ੈਲਫਾਂ ਵੱਲ ਸ਼ਸ਼ੀ ਨੂੰ ਲੈ ਗਈ। ਸਭ ਤੋਂ ਅਖ਼ੀਰਲੀ ਸ਼ੈਲਫ਼ ਵਿਚ ਪਈਆਂ ਕੀੜੇ ਖਾਧੀਆਂ ਕਿਤਾਬਾਂ ਬਾਰੇ ਉਹ ਸ਼ਸ਼ੀ ਤੋਂ ਕਈ ਗੱਲਾਂ ਪੁੱਛਣ ਲੱਗ ਪਈ। ਐਨੇ ਚਿਰ ਵਿਚ ਲਾਇਬ੍ਰੇਰੀਅਨ ਨੇ ਕਮਲਿੰਦਰ ਤੋਂ ਕਿਤਾਬਾਂ ਲਈਆਂ ਤੇ ਉਸ ਨੂੰ ਪੈਸੇ ਦੇ ਦਿੱਤੇ। ਨਾਲ ਦੀ ਨਾਲ ਲਾਇਬ੍ਰੇਰੀਅਨ ਨੇ ਉਸ ਨੂੰ ਦੱਸਿਆ ਕਿ ਇਸ ਕੁੜੀ ਦੇ ਦਿਮਾਗ ਵਿਚ ਕੁਝ ਨੁਕਸ ਹੈ। ਇਹ ਬੀ. ਏ. ਹੈ। ਐੱਮ. ਏ. ਦੀ ਪੜ੍ਹਾਈ ਨੂੰ ਵਿਚੋਂ ਹੀ ਛੱਡ ਆਈ ਹੈ। ਹੁਣ ਇਸ ਦਾ ਇਹ ਹਾਲ ਹੈ ਕਿ ਜਿਸ ਆਦਮੀ ਨਾਲ ਗੱਲੀਂ ਪੈ ਜਾਵੇ, ਉਸ ਦਾ ਛੇਤੀ ਛੇਤੀ ਖਹਿੜਾ ਨਹੀਂ ਛੱਡਦੀ। ਜਿਸ ਕਿਸੇ ਦੀ ਸਿਆਣੂ ਹੋ ਜਾਵੇ ਤੇ ਉਸ ਦਾ ਅਤਾ ਪਤਾ ਜਾਣ ਲਵੇ ਤਾਂ ਚੋਰੀਓਂ ਘਰੋਂ ਨਿਕਲ ਕੇ ਉਸ ਕੋਲ ਜਾ ਰਹਿੰਦੀ ਹੈ। ਮਾਂ ਇਸ ਦੀ ਜਵਾਕਾਂ ਵਾਂਗ ਸਾਂਭ ਸਾਂਭ ਇਸ ਨੂੰ ਰੱਖਦੀ ਹੈ। ਡਰਦੀ ਹੈ ਕਿ ਪਤਾ ਨਹੀਂ ਇਹ ਕਦੋਂ ਗੱਡੀ ਚੜ੍ਹ ਜਾਵੇ, ਕਦੋਂ ਕਿੱਧਰ ਨੂੰ ਬੱਸ ਜਾ ਚੜ੍ਹੇ। ਕਦੇ ਕਦੇ ਚਲੀ ਜਾਂਦੀ ਹੈ ਤਾਂ ਦੋ ਦੋ ਤਿੰਨ ਤਿੰਨ ਦਿਨ ਨਹੀਂ ਮੁੜਦੀ। ਮੁੜ ਜ਼ਰੂਰ ਆਉਂਦੀ ਹੈ, ਪਤਾ ਨਹੀਂ, ਕਿੱਥੇ ਰਹਿੰਦੀ ਹੈ। ਕਈ ਸਿਆਣੇ ਬੰਦੇ ਏਸੇ ਤੋਂ ਇਸ ਦਾ ਥਹੁ ਪਤਾ ਪੁੱਛ ਕੇ। ਆਪ ਹੀ ਇਹ ਨੂੰ ਏਥੇ ਆ ਕੇ ਛੱਡ ਜਾਂਦੇ ਹਨ। ਇਹ ਦਾ ਪਿਓ ਇੱਕ ਰਿਟਾਇਰਡ ਕੈਪਟਨ ਸੀ। ਚਾਰ ਕੁ ਸਾਲ ਹੋਏ, ਮਰ ਗਿਆ ਹੈ। ਮਾਂ ਇਹਦੀ ਕੋਲ ਨਾਮਾ ਚੰਗਾ ਹੈ। ਧੀ ਪੁੱਤ ਹੋਰ ਕੋਈ ਨਹੀਂ। ਬਸ ਇਹੋ ਕੁੜੀ ਹੈ। ਲਾਇਬ੍ਰੇਰੀਅਨ ਨੇ ਕਮਲਿੰਦਰ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਉਸ ਵੱਲ ਬਹੁਤਾ ਧਿਆਨ ਨਾ ਦੇਵੇ, ਨਹੀਂ ਤਾਂ ਖਹਿੜਾ ਛੁਡਾਉਣਾ ਔਖਾ ਹੋ ਜਾਏਗਾ। ਉਸ ਨੇ ਆਪਣੀਆਂ ਕਿਤਾਬਾਂ ਝੋਲੇ ਵਿਚ ਪਾਈਆਂ ਤੇ ਲਾਇਬ੍ਰੇਰੀਅਨ ਨਾਲ ਹੱਥ ਮਿਲਾ ਕੇ ਲਾਇਬ੍ਰੇਰੀ ਤੋਂ ਬਾਹਰ ਹੋ ਗਿਆ।

ਸ਼ਸ਼ੀ ਤੇ ਸ਼ਸ਼ੀ ਦੀ ਮਾਂ ਵੀ ਘਰ ਨੂੰ ਤੁਰ ਪਈਆਂ। ਮਾਂ ਚਾਹੁੰਦੀ ਸੀ ਕਿ ਉਹ ਕਵੀ ਪਿੱਛੇ ਮੁੜ ਕੇ ਝਾਕੇ ਨਾ ਤੇ ਫਟਾਫੱਟ ਚਲਿਆ ਜਾਵੇ ਤਾਂ ਕਿ ਉਹ ਸ਼ਸ਼ੀ ਨੂੰ ਗੱਲਾਂ ਲਾ ਕੇ ਘਰ ਉਪੜਦੀ ਕਰ ਦੇਵੇ। ਉਸ ਨੂੰ ਡਰ ਭਾਸਿਆ ਕਿ ਕਿਤੇ ਸ਼ਸ਼ੀ ਆਪ ਹੀ ਉਸ ਨੂੰ ਪਿੱਛੋਂ ਹਾਕ ਨਾ ਮਾਰ ਲਵੇ।ਉਹੀ ਗੱਲ ਹੋਈ ਉਹ ਲਾਇਬ੍ਰੇਰੀ ਦਾ ਬਾਰ ਟੱਪੀਆਂ ਹੀ ਸਨ ਕਿ ਕਮਲਿੰਦਰ ਨੂੰ ਅੱਗੇ ਅੱਗੇ ਜਾਂਦੇ ਨੂੰ ਦੇਖ ਸ਼ਸ਼ੀ ਨੇ ਭੱਜ ਕੇ ਉਸਦਾ ਮੋਢਾ ਜਾ ਫੜਿਆ। ਉਸ ਦੇ ਹੱਥੋਂ ਕਿਤਾਬਾ ਵਾਲਾ ਝੋਲਾ ਖੋਹ ਲਿਆ। ਮਾਂ ਨੂੰ ਪਿੱਛੇ ਮੁੜਕੇ ਕਿਹਾ-'ਬੇ ਜੀ ਕਮਲਿੰਦਰ ਜੀ ਨੂੰ ਘਰ ਲੈ ਚੱਲੋ। ਇਨ੍ਹਾਂ ਤੋਂ ਇਨ੍ਹਾਂ ਦੀਆਂ ਨਵੀਆਂ ਕਵਿਤਾਵਾਂ ਸੁਣਾਂਗੀਆਂ।' ਬੁੜ੍ਹੀ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ।

ਇੱਕ ਅਲਹਿਦਾ ਬੈਠਕ ਉਹਦੀ ਬੇਮੁਹਾਰੀਆਂ ਚੀਜ਼ਾਂ ਨਾਲ ਬੂਥੀ ਹੋਈ ਸੀ। ਇੱਕ ਵੱਡਾ ਪਲੰਘ, ਜਿਸ 'ਤੇ ਬਿਸਤਰਾ ਸ਼ਾਇਦ ਸਦਾ ਹੀ ਵਿਛਿਆ ਰਹਿੰਦਾ ਸੀ। ਚਾਦਰ ਤੇ ਸਰ੍ਹਾਣਾ ਸਾਫ਼ ਸਨ। ਇੱਕ ਲੰਮਾ ਸਾਰਾ ਸੋਫ਼ਾ ਤੇ ਦੋ ਅੰਧੋਰਾਣੀਆਂ ਕੁਰਸੀਆਂ, ਇੱਕ ਨੀਵਾਂ ਜਿਹਾ ਲੰਮਾ ਮੇਜ਼, ਮੇਜ਼ ਉੱਤੇ ਘਸਮੈਲਾ ਜਿਹਾ ਮੇਜ਼ ਪੋਸ਼। ਇੱਕ ਲੋਹੇ ਦੀ ਕੁਰਸੀ ਤੇ ਇੱਕ ਆਰਾਮ ਕੁਰਸੀ ਵੱਖਰੀਆਂ ਖੂੰਜੇ ਵਿਚ ਅਣਝਾੜੀਆਂ ਪਈਆਂ ਸਨ। ਬੈਠਕ ਦੀ ਲੰਮੀ ਕੰਧ ਵਿਚ ਬਣੀ ਕਾਰਨਿਸ 'ਤੇ ਸੌ ਨਿੱਕ ਸੁੱਕ ਅਘੜਾ ਦੁਘੜਾ ਖਿਲਰਿਆ ਹੋਇਆ ਸੀ। ਇੱਕ ਅਲਮਾਰੀ, ਜਿਸ ਦੇ ਤਖ਼ਤੇ ਸ਼ਾਇਦ ਹੀ ਖੁੱਲ੍ਹੇ ਰਹਿੰਦੇ ਸਨ, ਕਿਤਾਬਾਂ ਨਾਲ ਮੂੰਹੋਂ ਮੂੰਹ ਭਰੀ ਹੋਈ ਸੀ। ਇੱਕ ਖੂੰਜੇ ਵਿਚ ਟਿਕਾਏ ਹੋਏ ਇੱਕ ਉੱਚੇ ਸਾਰੇ ਮੇਜ਼ 'ਤੇ ਕਿਤਾਬਾਂ ਦਾ ਢੇਰ ਪਿਆ ਹੋਇਆ ਸੀ-ਬੇਤਰਤੀਬਾ। ਕਮਲਿੰਦਰ ਸੋਫ਼ੇ 'ਤੋਂ ਉੱਠਿਆ ਤੇ ਸਾਰੀਆਂ ਕਿਤਾਬਾਂ ਨੂੰ ਚਾਰ ਢੇਰੀਆਂ ਵਿਚ ਸੰਵਾਰ ਕੇ ਚਿਣ ਦਿੱਤਾ। ਨਾਲ ਦੀ ਨਾਲ ਉਹ ਕਿਤਾਬਾਂ ਦੇ ਟਾਈਟਲ ਵੀ ਪੜ੍ਹਦਾ ਰਿਹਾ, ਜਿਨ੍ਹਾਂ ਵਿਚ ਸ਼ੋਲੋਖੋਵ, ਚੈਖ਼ਵ ਤੇ ਗੋਰਕੀ ਦੀਆਂ ਕਹਾਣੀਆਂ ਤੇ ਨਾਵਲਾਂ ਦੇ ਕੁਝ ਪੰਜਾਬੀ ਅਨੁਵਾਦ ਸਨ। ਅੰਮ੍ਰਿਤਾ ਪ੍ਰੀਤਮ ਦੇ ਸਾਰੇ ਨਾਵਲ ਤੇ ਸਾਰੇ ਕਹਾਣੀ ਸੰਗ੍ਰਹਿ ਸਨ। ਅਜੀਤ ਕੌਰ ਤੇ ਦਲੀਪ ਕੌਰ ਟਿਵਾਣਾ ਦੇ ਕਹਾਣੀ ਸੰਗ੍ਰਹਿ ਸਨ। ਉਰਦੂ ਦੀਆਂ ਚਾਰ ਪੰਜ ਕਿਤਾਬਾਂ ਤੇ ਦੋ ਤਿੰਨ ਕਿਤਾਬਾਂ ਅੰਗਰੇਜ਼ੀ ਦੀਆਂ ਸਨ। ਪਲੰਘ ਦੇ ਥੱਲੇ ਲੱਕੜ ਦਾ ਇੱਕ ਸੂਟਕੇਸ ਪਿਆ ਸੀ, ਜਿਸ ਨੂੰ ਕਲਿੱਕ ਦਾ ਜ਼ਿੰਦਾ ਲੱਗਿਆ ਹੋਇਆ ਸੀ।

ਠੰਡ ਵੀ ਉਸ ਦਿਨ ਖ਼ਾਸੀ ਸੀ। ਬੁੱਢੀ ਮਾਂ ਨੇ ਇੱਕ ਨਿੱਗਰ ਰਜ਼ਾਈ ਲਿਆ ਕੇ ਪਲੰਘ 'ਤੇ ਰੱਖ ਦਿੱਤੀ। ਕਮਲਿੰਦਰ ਨੂੰ ਸੌਖਾ ਹੋ ਕੇ ਉਸ ਵਿਚ ਨਿੱਘਾ ਹੋ ਕੇ ਸੌ ਜਾਣ ਲਈ ਆਖਿਆ। ਕੁਝ ਚਿਰ ਬਾਅਦ ਹੀ ਸ਼ਸ਼ੀ ਟਰੇਅ ਵਿਚ ਕੌਫ਼ੀ ਦੇ ਤਿੰਨ ਕੱਪ ਧਰ ਲਿਆਈ। ਬੁੱਢੀ ਮਾਂ ਤੇ ਸ਼ਸ਼ੀ ਤੋਂ ਬਿਨਾਂ ਉਨ੍ਹਾਂ ਦੇ ਘਰ ਵਿਚ ਹੋਰ ਕੋਈ ਨਹੀਂ ਸੀ।

ਮਾਂ ਤਾਂ ਰੋਟੀ ਦਾ ਆਹਰ ਕਰਨ ਲੱਗ ਪਈ ਤੇ ਸ਼ਸ਼ੀ ਬੈਠਕ ਵਿਚ ਕਮਲਿੰਦਰ ਕੋਲ ਬੈਠ ਗਈ। ਉਹ ਰਜ਼ਾਈ ਵਿਚ ਗੁੱਛਾ ਮੁੱਛਾ ਹੋਇਆ ਬੈਠਾ ਸੀ। ਸ਼ਸ਼ੀ ਨੇ ਇੱਕ ਕੰਬਲ ਦੀ ਬੁੱਕਲ ਮਾਰ ਲਈ ਤੇ ਪੰਥੀ ਮਾਰ ਕੇ ਸੋਫ਼ੇ 'ਤੇ ਬੈਠ ਗਈ। ਸਧਾਰਣ ਗੱਲਾਂ ਹੁੰਦੀਆਂ ਰਹੀਆਂ। ਸ਼ਸੀ ਨੇ ਆਪਣੇ ਕਾਲਜ ਦੀਆਂ ਗੱਲਾਂ ਛੇੜ ਲਈਆਂ। ਕਮਲਿੰਦਰ ਦੀ ਉਸ ਗ਼ਜ਼ਲ ਦਾ ਜ਼ਿਕਰ ਫਿਰ ਆ ਗਿਆ। ਸ਼ਸ਼ੀ ਨੇ ਦੱਸਿਆ ਕਿ 'ਮੇਰੇ ਦਿਲ ਵਿਚ ਬਹਿ ਕੇ ਦੇਖ ਜ਼ਰਾ, ਕਾਲਜ ਵਿਚ ਜਦ ਕਦੇ ਮੈਂ ਗੌਂਦੀ ਹੁੰਦੀ ਸੀ ਤਾਂ ਸਾਰਾ ਕਾਲਜ ਝੂਮ ਉੱਠਦਾ ਸੀ। 'ਪਤਾ ਨੀ ਤੁਹਾਡੀ ਗ਼ਜ਼ਲ ਵਿਚ ਕੋਈ ਫੋਰਸ ਸੀ ਜਾਂ ਮੇਰੀ ਆਵਾਜ਼ ਵਿਚ!' ਪ੍ਰੋ: ਵਿਸ਼ਵਕਾਂਤ ਤਾਂ ਬਹੁਤਾ ਪਾਗਲ ਹੋ ਜਾਂਦਾ ਸੀ। ਪਤਾ ਨੀ ਤੁਹਾਡੀ ਗ਼ਜ਼ਲ ਤੇ, ਪਤਾ ਨੀ ਮੇਰੀ ਆਵਾਜ਼ ਉੱਤੇ ਪਤਾ ਨੀ...?' ਕਮਲਿੰਦਰ ਨੇ ਨਾਲ ਦੀ ਨਾਲ ਕਹਿ ਦਿੱਤਾ-'ਤੁਹਾਡੇ ਆਪਣੇ ਉੱਤੇ!' ਸ਼ਸ਼ੀ ਥੋੜ੍ਹਾ ਜਿਹਾ ਸ਼ਰਮਾਅ ਗਈ ਤੇ ਦੱਸਿਆ ਕਿ ਪਿਛਲੀ ਗੱਲ ਸ਼ਾਇਦ ਬਹੁਤੀ ਠੀਕ ਹੈ।

'ਉਹ ਇੰਗਲਿਸ਼ ਦਾ ਪ੍ਰੋਫ਼ੈਸਰ ਸੀ। ਹਰ ਗੱਲ ਵਿਚ ਉਹ ਮੈਨੂੰ ਮੂਹਰੇ ਰੱਖਦਾ। ਡਰਾਮੈਟਿਕ ਕਲੱਬ ਦਾ ਮੈਨੂੰ ਸੈਕਟਰੀ ਬਣਵਾ ਦਿੱਤਾ। ਡੀਬੇਟ ਜਾਂ ਡੈਕਲੇਮੇਸ਼ਨ ਕੰਟੈਸਟ ਵਿਚ ਹਰ ਥਾਂ ਜਾਣ ਲਈ ਉਹ ਮੈਨੂੰ ਹੀ ਸਿਲੈਕਟ ਕਰਵਾ ਕੇ ਭੇਜਦਾ। ਉਹ ਇਕੱਲਾ ਹੀ ਸੀ। ਕਈ ਵਾਰੀ ਉਹ ਮੁੰਡੇ ਕੁੜੀਆਂ ਨੂੰ ਚਾਹ 'ਤੇ ਸੱਦ ਲੈਂਦਾ। ਓਥੇ ਵੀ ਮੈਨੂੰ ਮੂਹਰੇ ਰੱਖਦਾ। ਮੈਂ ਇਕੱਲੀ ਕਦੇ ਕਦੇ ਉਸ ਦੇ ਘਰ ਚਲੀ ਜਾਂਦੀ। ਕਦੇ ਕਦੇ ਡੂੰਘੀ ਸ਼ਾਮ ਓਥੇ ਹੀ ਗੁਜ਼ਰਦੀ...'

ਸ਼ਸ਼ੀ ਨੂੰ ਗੱਲ ਕਰਦੀ ਕਰਦੀ ਨੂੰ ਇੱਕ ਹੱਥੂ ਆਇਆ ਤੇ ਉਹ ਸਣੇ ਕੰਬਲ ਸੋਫ਼ੇ 'ਤੇ ਢੇਰੀ ਹੋ ਗਈ। ਕੁਝ ਨਾ ਬੋਲੀ ਤੇ ਨਾ ਹਿੱਲੀ ਜੂਲੀ। ਉਸ ਸਮੇਂ ਮਾਂ ਕਿਸੇ ਕੰਮ ਬੈਠਕ ਵਿਚ ਆਈ ਸੀ ਤੇ ਸ਼ਸ਼ੀ ਨੂੰ ਲੱਤਾਂ ਨਿਸਾਲੀ ਪਈ ਨੂੰ ਦੇਖ ਕੇ ਉਸ ਵੱਲ ਅਹੁਲੀ ਦੇਖਿਆ, ਉਸ ਦੀ ਦੰਦ ਬੀੜ ਜੁੜੀ ਹੋਈ ਸੀ ਤੇ ਉਹ ਬੇਹੋਸ਼ ਸੀ। ਉਸ ਨੇ ਭੱਜ ਕੇ ਰਸੋਈ ਵਿਚੋਂ ਇੱਕ ਖੁਰਚਣੀ ਲਿਆ ਕੇ ਉਸ ਦੇ ਦੰਦਾ ਵਿਚ ਤ੍ਰੀੜ ਕੇ ਦੰਦ ਬੀੜ ਖੋਲ੍ਹ ਦਿੱਤੀ ਤੇ ਪਾਣੀ ਦੀ ਉਂਜਲ ਭਰਕੇ ਉਸ ਦੇ ਮੂੰਹ ਵਿਚ ਪਾਈ। ਉਸ ਨੇ ਅਲਮਾਰੀ ਵਿੱਚੋਂ ਇੱਕ ਸ਼ੀਸ਼ੀ ਝੱਟ ਦੇ ਕੇ ਨੱਕ ਨੂੰ ਲਾ ਦਿੱਤੀ। ਇੱਕ ਹੋਰ ਦਵਾਈ ਉਸ ਦੇ ਮੱਥੇ 'ਤੇ ਮਲ ਦਿੱਤੀ। ਉਸ ਦੀਆਂ ਤਲੀਆਂ 'ਤੇ ਝੱਸਿਆ। ਇੱਕ ਬਿੰਦ ਸ਼ਸ਼ੀ ਨੇ ਅੱਖਾਂ ਖੋਲ੍ਹ ਲਈਆਂ। ਦੂਜੇ ਬਿੰਦ ਹੀ ਉਹ ਪਾਸਾ ਲੈ ਕੇ ਵੱਖੀ ਪਰਨੇ ਪੈ ਗਈ। ਉਹਦੇ ਮੂੰਹੋਂ 'ਹਾਏ' ਨਿਕਲੀ ਤੇ ਉਹ ਚੁੱਪ ਹੋ ਗਈ। ਮਾਂ ਨੇ ਕਮਲਿੰਦਰ ਨੂੰ ਉਂਗਲ ਦੀ ਸੈਨਤ ਨਾਲ ਸਮਝਾਇਆ ਕਿ ਉਹ ਬੋਲੇ ਨਾ। ਉਹ ਚੁੱਪ ਕੀਤਾ ਬੈਠਾ ਰਿਹਾ। ਮਾਂ ਨੇ ਰੋਟੀ ਜਦ ਤਿਆਰ ਕਰ ਲਈ ਤਾਂ ਉਸ ਨੂੰ ਰਸੋਈ ਵਿਚ ਹੀ ਆਪਣੇ ਕੋਲ ਸੱਦ ਲਿਆ, ਫਿਰ ਅੰਦਰਲੇ ਕਮਰੇ ਵਿਚ ਕੁਰਸੀ ਮੇਜ਼ ਡਾਹ ਕੇ ਉਸ ਨੂੰ ਰੋਟੀ ਪਰੋਸ ਦਿੱਤੀ। ਰੋਟੀ ਖਾਂਦੇ ਕਮਲਿੰਦਰ ਕੋਲ ਉਹ ਅੰਦਰ ਆ ਕੇ ਬੈਠ ਗਈ। ਉਹ ਰੋਟੀ ਖਾਂਦਾ ਰਿਹਾ ਤੇ ਉਹ ਬੋਲਦੀ ਰਹੀ-

'ਬਸ ਏਸ ਗੱਲੋਂ ਮੈਂ ਡਰਦੀ ਸੀ। ਜਦੋਂ ਕਦੇ ਇਹ ਉਹ ਪ੍ਰੋਫ਼ੈਸਰ ਦੀ ਗੱਲ ਕਿਸੇ ਨਾਲ ਛੇੜ ਬੈਠੇ ਤਾਂ ਇਸ ਨੂੰ ਫੱਟ ਦੌਰਾ ਪੈ ਜਾਂਦੈ। ਏਵੇਂ ਜਿਵੇਂ ਬੱਸ ਹੁਣ ਇਹ ਦੋ ਦਿਨ ਬੇਸੁਰਤ ਪਈ ਰਹੂ। ਨਾ ਬੋਲੇ, ਨਾ ਉੱਠੇ, ਨਾ ਖਾਵੇ ਪੀਵੇ।'

'ਪ੍ਰੋਫ਼ੈਸਰ ਉਹ ਹੁਣ ਕਿੱਥੇ ਐ?' ਕਮਲਿੰਦਰ ਨੇ ਉਤਸੁਕ ਹੋ ਕੇ ਪੁੱਛਿਆ।

ਪ੍ਰੋਫ਼ੈਸਰ ਉਹ ਤਾਂ ਪਤਾ ਨੀ ਕਿੱਥੇ ਐ। ਇਹਦੀ ਜ਼ਿੰਦਗੀ ਖ਼ਰਾਬ ਕਰਕੇ ਆਪ ਇੱਕ ਵਜ਼ੀਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਵਜ਼ੀਰ ਨੇ ਤਾਂ ਕਾਰ ਦਿੱਤੀ ਦਾਜ ਵਿਚ। ਕੁੜੀ ਦਸਵੀਂ ਪਾਸ ਸੀ। ਵਿਆਹ ਕਰਵੌਣ ਲੱਗੇ ਨੇ ਇਹਨੂੰ ਦੱਸਿਆ ਵੀ ਨਾ। ਇਹ ਅਜੇ ਐੱਮ. ਏ. 'ਚ ਦਾਖ਼ਲ ਹੋਈ ਈ ਸੀ।ਉਹ ਦਾ ਵਿਆਹ ਸੁਣ ਕੇ ਘਰ ਆ ਬੈਠੀ। ਹੁਣ ਇਹਦੇ ਨਾਲ ਬੱਸ ਮੈਂ ਈ ਕੱਟਦੀ ਆਂ।' ਐਨੀ ਗੱਲ ਕਹਿ ਕੇ ਮਾਂ ਦਾ ਬੋਲ ਰੁਕ ਗਿਆ ਤੇ ਉਹਦੀਆਂ ਅੱਖਾਂ ਪਾਣੀ ਨਾਲ ਪਿਆਲੀਆਂ ਵਾਂਗ ਭਰ ਗਈਆਂ।

'ਤੁਸੀਂ ਕਿਸੇ ਡਾਕਟਰ ਨੂੰ ਦਿਖਾਓ ਇਹ ਨੂੰ ਬੇ ਜੀ।' ਕਮਲਿੰਦਰ ਨੇ ਰੋਟੀ ਖਾ ਹੱਥ ਕੇ ਧੋਣ ਲੱਗੇ ਨੇ ਸੁਝਾਓ ਦਿੱਤਾ।

'ਡਾਕਟਰਾਂ ਦੀ ਕਸਰ ਕਿਹੜਾ ਛੱਡੀਐ। ਹੁਣ ਤਾਂ ਇਹ ਹਾਲ ਹੈ ਕਿ ਜੇ ਕੋਈ ਮੁੰਡਾ ਇਸ ਨੂੰ ਮਖ਼ੌਲ ਕਰ ਬੈਠੇ ਤਾਂ ਲਫੇੜਿਆਂ ਨਾਲ ਉਸ ਦਾ ਮੂੰਹ ਭੰਨ ਦਿੰਦੀ ਐ। ਕੱਲ੍ਹ ਸਵੇਰੇ ਸਵੇਰੇ ਬਜ਼ਾਰ 'ਚੋਂ ਅਸੀਂ ਸਬਜ਼ੀ ਲਈ ਆਉਂਦੀਆਂ ਸੀ। ਇੱਕ ਮੁੰਡਾ ਸਾਈਕਲ 'ਤੇ ਚੜ੍ਹਿਆ ਕਦੇ ਸਾਡੇ ਮੁਹਰੇ ਹੋ ਜਾਵੇ, ਕਦੇ ਮਗਰ ਮਗਰ ਆਵੇ ਤੇ ਕਦੇ ਤੇਜ਼ ਕਰਕੇ ਸਾਈਕਲ ਕੋਲ ਦੀ ਲੰਘਾਵੇ। ਇੱਕ ਵਾਰੀ ਜਦੋਂ ਉਹ ਕੋਲ ਦੀ ਤੇਜ਼ ਤੇਜ਼ ਲੰਘਣ ਲੱਗਿਆ ਤਾਂ ਇਸ ਨੇ ਗਿੱਚਿਓਂ ਫੜ ਲਿਆ ਉਸ ਨੂੰ ਤੇ ਲੱਫੜ ਮਾਰ ਮਾਰ ਉਹਦਾ ਮੂੰਹ ਲਾਲ ਕਰ 'ਤਾ। ਮੈਂ ਡਰਾਂ ਕਿਤੇ ਕੋਈ ਸਿਆਪਾਨਾ ਖੜ੍ਹਾ ਹੋ ਜੇ। ਪਰ ਉਹ ਢੀਠ ਕੱਪੜੇ ਝਾੜ ਕੇ ਔਹ ਗਿਆ।' ♦